Wednesday, December 27, 2023

ਇਸਰਾਈਲ ਦੇ ਹਮਲਿਆਂ ਖਿਲਾਫ ਫਿਰ ਗੂੰਜੇਗੀ ਲੁਧਿਆਣਾ ਵਿੱਚ ਆਵਾਜ਼

Wednesday 27th December 2023 at 10:53 AM 

ਫਲਸਤੀਨ ਨੂੰ ਕਬਰਿਸਤਾਨ 'ਚ ਬਦਲਣ ਦਾ ਨਾਪਾਕ ਜੰਗੀ ਅਪਰਾਧ ਜਾਰੀ 


ਲੁਧਿਆਣਾ
: 27 ਦਸੰਬਰ 2023: (ਕਾਰਤਿਕਾ ਕਲਿਆਣੀ ਸਿੰਘ//ਕਾਮਰੇਡ ਸਕਰੀਨ ਡੈਸਕ)::

ਫਲਸਤੀਨ ਦੇ ਖਿਲਾਫ ਇਸਰਾਈਲ ਦੇ ਐਕਸ਼ਨ ਲੰਮੇ ਅਰਸੇ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸਰਾਈਲ ਦੇ ਫੌਜੀ ਅਤੇ ਦੂਜੇ ਮਾਰੂ ਦਸਤੇ ਲਗਾਤਾਰ ਫਲਸਤੀਨ ਦੇ ਬੱਚਿਆਂ, ਬਜ਼ੁਰਗਾਂ, ਔਰਤਾਂ ਅਤੇ ਇਥੋਂ ਤੀਕ ਕਿ ਲੇਖਕਾਂ ਅਤੇ ਪੱਤਰਕਾਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ। ਇਸ ਬਰਬਰਤਾ ਦੇ ਖਿਆਲ ਦੁਨੀਆ ਭਰ ਵਿੱਚ ਹਾਹਾਕਾਰ ਮੱਚੀ ਹੋਈ ਹੈ। ਹਿੰਦੋਸਤਾਨ ਦੇ ਸਚਾਈ ਪਸੰਦ ਅਤੇ ਮਨੁੱਖਤਾਵਾਦੀ ਹਲਕੇ ਵੀ ਇਸਦਾ ਵਿਰੋਧ ਕਰ ਰਹੇ ਹਨ। 

ਭਾਵੇਂ ਮੌਜੂਦਾ ਦੌਰ ਦੇ ਸੰਕਟਾਂ ਭਰੇ ਇਸ ਨਾਜ਼ੁਕ ਹਾਲਾਤ ਵਿੱਚ ਵੀ ਖੱਬੀਆਂ ਧਿਰਾਂ ਇੱਕ ਨਹੀਂ ਹੋ ਰਹੀਆਂ ਪਰ ਫਿਰ ਵੀ ਇਹਨਾਂ ਦੇ ਕੁਝ ਸਾਂਝੇ ਐਕਸ਼ਨ ਜਾਰੀ ਹਨ ਜਿਹੜੇ ਅਜੇ ਵੀ ਆਸ ਬਨ੍ਹਾਉਂਦੇ ਹਨ ਕਿ ਇਹ ਏਕਤਾ ਅਜੇ ਵੀ ਸੰਭਵ ਹੈ। ਇਸਦਾ ਐਲਾਨ ਕਦੋਂ ਹੁੰਦਾ ਹੈ ਇਸਦੀ ਉਡੀਕ ਬੜੀ ਬੇਸਬਰੀ ਨਾਲ ਸਾਰੇ ਉਹ ਲੋਕ ਕਰ ਰਹੇ ਹਨ ਜਿਹੜੇ ਖੱਬੀਆਂ ਧਿਰਾਂ ਵਾਲੇ ਵਿਚਾਰਾਂ ਨੂੰ ਪ੍ਰਣਾਏ ਹੋਏ ਹਨ। ਪੰਜਾਬ ਦੀਆਂ ਸੱਤ ਖੱਬੀਆਂ  ਇਨਕਲਾਬੀ ਪਾਰਟੀਆਂ ਅਤੇ ਜਥੇਬੰਦੀਆਂ ਵਲੋਂ ਇੱਕ ਵਾਰ ਫੇਰ ਸਥਾਨਕ ਅਤੇ ਕੌਮਾਂਤਰੀ ਮੁੱਦਿਆਂ  ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਗਈ ਹੈ। ਇਜ਼ਰਾਇਲ ਦੇ ਬਰਬਰਤਾਪੂਰਨ ਹਮਲਿਆਂ ਦੇ ਖਿਲਾਫ ਖੱਬੀਆਂ ਧਿਰਾਂ ਫਿਰ ਮੈਦਾਨ ਵਿੱਚ ਨਿੱਤਰੀਆਂ ਹਨ। ਹੁਣ 31 ਦਸੰਬਰ ਨੂੰ ਲੁਧਿਆਣਾ ਵਿਚ ਫਿਰ ਜ਼ੋਰਦਾਰ ਮੁਜ਼ਾਹਰਾ ਕੀਤਾ ਜਾਣਾ ਹੈ। ਪੰਜਾਬ ਦੀਆਂ ਸੱਤ ਖੱਬੀਆਂ  ਇਨਕਲਾਬੀ ਪਾਰਟੀਆਂ ਅਤੇ ਜਥੇਬੰਦੀਆਂ ਵਲੋਂ ਐਲਾਨ ਧਿਰਾਂ ਵੱਲੋਂ ਅਹਿਮ ਐਲਾਨ 

ਦੁਨੀਆ ਭਰ ਵਿਚ ਜਾਰੀ ਵਰਤਾਰਿਆਂ ਪ੍ਰਤੀ ਦੇਸ਼ ਦੀ ਖੱਬੀ ਲਹਿਰ ਅਜੇ ਵੀ ਪੂਰੀ ਤਰ੍ਹਾਂ ਜਾਗਰੂਕ ਹੈ। ਸੰਸਾਰ ਪੱਧਰ ਤੇ ਹੋ ਰਹੇ ਫਾਸ਼ੀ ਹਮਲਿਆਂ ਵਿਰੁੱਧ, ਇਸਰਾਇਲ ਵੱਲੋਂ ਫਲਸਤੀਨ ਦੇ   ਲੋਕਾਂ ਦੀ ਕੀਤੀ ਜਾ ਰਹੀ  ਕਤਲੋਗਾਰਤ ਦੇ ਖਿਲਾਫ, ਸੂਬੇ ਭਰ ਵਿੱਚ ਵਧੇ ਹੋਏ ਫਾਸ਼ੀਵਾਦ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਸੱਦੇ ਨੂੰ ਹੁੰਗਾਰਾ ਭਰਦਿਆਂ ਅੱਜ ਵੀ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਇੱਕ ਜ਼ਰੂਰੀ ਮੀਟਿੰਗ ਕੀਤੀ ਗਈ। 

ਅੱਜ ਲੁਧਿਆਣਾ ਜ਼ਿਲ੍ਹੇ ਦੀਆਂ ਖੱਬੀਆਂ ਤੇ ਜਮੂਹਰੀ ਪਾਰਟੀਆਂ ਅਤੇ ਜਥੇਬੰਦੀਆਂ ਜਿਹਨਾਂ ਵਿੱਚ ਸੀਪੀਆਈ, ਆਰਐਮਪੀਆਈ, ਮੁਕਤੀ ਸੰਗਰਾਮ ਮਜਦੂਰ ਮੰਚ ਅਤੇ ਇਨਕਲਾਬੀ ਕੇਂਦਰ ਪੰਜਾਬ ਸ਼ਾਮਲ ਸਨ, ਵੱਲੋਂ ਡਾਕਟਰ ਅਰੁਣ ਮਿੱਤਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ  ਰੈਲੀ ਅਤੇ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ। ਪਾਰਟੀ ਬੁਲਾਰਿਆਂ ਮੁਤਾਬਿਕ ਇਹ ਰੋਸ ਵਿਖਾਵਾ ਲੋਕ ਚੇਤਨਾ ਨੂੰ ਵੱਡੀ ਪੱਧਰ ਤੇ ਬੁਲੰਦ ਕਰੇਗਾ। 

ਖੱਬੀਆਂ ਧਿਰਾਂ ਦੇ ਇਹਨਾਂ ਆਗੂਆਂ ਨੇ ਇਸ ਮੀਟਿੰਗ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪਿਛਲੇ ਢਾਈ ਮਹੀਨਿਆਂ ਤੋਂ ਫਲਸਤੀਨ ਨੂੰ ਕਬਰਿਸਤਾਨ 'ਚ ਬਦਲਣ ਲਈ  ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੀ ਸ਼ਹਿ ਤੇ ਇਜਰਾਇਲ ਵੱਲੋਂ ਫਲਸਤੀਨੀ ਲੋਕਾਂ ਨੂੰ ਉਹਨਾਂ ਦੇ ਆਪਣੇ ਹੀ ਦੇਸ਼ ਚੋਂ ਕੱਢਣ ਲਈ ਹਮਲੇ ਕੀਤੇ ਜਾ ਰਹੇ ਹਨ ਜਿਸ ਦੇ ਖਿਲਾਫ ਦੁਨੀਆਂ ਭਰ ਵਿੱਚ ਆਵਾਜ਼ ਉਠਾਈ ਜਾ ਰਹੀ ਹੈ। 

ਇਹਨਾਂ ਆਗੂਆਂ ਨੇ ਕਿਹਾ ਕਿ ਯੂਐਨਓ ਅਤੇ ਸੰਸਾਰ ਭਰ ਦੇ ਜ਼ਬਰਦਸਤ ਵਿਰੋਧ ਨੂੰ  ਅੱਖੋ ਪਰੋਖੇ ਕਰਨ ਵਾਲੇ ਇਸਰਾਇਲ ਦੇ ਪ੍ਰਧਾਨ ਮੰਤਰੀ ਬੈੰਜਾਮਿਨ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਿਆ ਜਾਣਾ ਚਾਹੀਦਾ ਹੈ। ਮੋਦੀ ਦੇ ਇਸਰਾਇਲ ਦੇ ਹੱਕ ਵਿੱਚ +ਖਲੋਣ ਦੀ  ਜ਼ਬਰਦਸਤ ਨਿੰਦਾ ਵੀ ਕੀਤੀ ਗਈ। 

31 ਦਸੰਬਰ ਦਿਨ ਐਤਵਾਰ ਨੂੰ ਰੈਲੀ ਦਾ ਵੀ ਐਲਾਨ 

ਮੀਟਿੰਗ ਤੋਂ ਬਾਅਦ ਪ੍ਰੈਸ ਦੇ ਨਾਂ ਜਾਰੀ  ਬਿਆਨ ਵਿੱਚ ਕਿਹਾ ਗਿਆ  ਹੈ ਕਿ ਇਹ ਰੈਲੀ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ, ਭਾਈ ਬਾਲਾ ਚੌਂਕ ਵਿਖੇ 31 ਦਸੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਕੀਤੀ ਜਾਵੇਗੀ। ਇਸ ਵਿੱਚ ਵੱਖ ਵੱਖ ਪਾਰਟੀਆਂ ਦੇ ਆਗੂ ਫਾਸ਼ੀਵਾਦ ਦੇ ਖਿਲਾਫ਼ ਅਤੇ ਫਲਸਤੀਨ ਦੇ ਹੱਕ ਵਿੱਚ ਆਪਣੇ ਵਿਚਾਰ ਪ੍ਰਗਟ ਕਰਨਗੇ। ਉਪਰੰਤ ਮਾਰਚ ਕੱਢਿਆ ਜਾਵੇਗਾ। 

ਜਾਰੀ ਬਿਆਨ ਵਿੱਚ ਸਭਨਾਂ ਜਮੂਹਰੀ ਅਤੇ ਇਨਸਾਫ ਪਸੰਦ ਜਥੇਬੰਦੀਆਂ ਅਤੇ ਲੋਕਾਂ ਨੂੰ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦੀ ਜੋਰਦਾਰ ਅਪੀਲ ਕੀਤੀ ਗਈ ਹੈ। ਮੀਟਿੰੰਗ ਵਿੱਚ ਕਾਮਰੇਡ ਡੀ ਪੀ ਮੌੜ, ਪ੍ਰੋਫੈਸਰ ਜੈਪਾਲ ਸਿੰਘ, ਲਖਵਿੰਦਰ ਸਿੰਘ, ਸੁਰਿੰਦਰ ਸਿੰਘ, ਡਾਕਟਰ ਅਰੁਣ ਮਿਤਰਾ, ਕਾਮਰੇਡ ਪਰਮਜੀਤ ਸਿੰਘ, ਗਗਨਦੀਪ ਕੌਰ, ਸਤਨਾਮ ਸਿੰਘ, ਐਮ ਐਸ ਭਾਟੀਆ, ਜਗਦੀਸ਼ ਚੰਦ, ਡਾਕਟਰ ਗੁਲਜਾਰ ਪੰਧੇਰ, ਰਘਬੀਰ ਸਿੰਘ ਬੈਨੀਪਾਲ, ਚਰਨ ਸਰਾਭਾ, ਬਲਕੌਰ ਸਿੰਘ ਗਿੱਲ ਅਤੇ ਡਾਕਟਰ ਬਲਵਿੰਦਰ ਸਿੰਘ ਔਲਖ ਸ਼ਾਮਿਲ ਹੋਏ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments:

Post a Comment