Showing posts with label Israel. Show all posts
Showing posts with label Israel. Show all posts

Wednesday, September 10, 2025

ਇਸਰਾਈਲੀ ਵਿੱਤ ਮੰਤਰੀ ਦੇ ਭਾਰਤ ਦੌਰੇ ਦਾ ਤਿੱਖਾ ਵਿਰੋਧ

Received From Rajwinder Rana on Wednesday 10th September 2025 at 13:03 Regarding Protest  

ਦੌਰੇ ਦੇ ਵਿਰੋਧ ਵਿੱਚ ਦੋਵਾਂ ਪ੍ਰਧਾਨ ਮੰਤਰੀਆਂ ਦੇ ਪੁਤਲੇ ਸਾੜੇ 

*ਗਾਜ਼ਾ ਵਿੱਚ ਨਸਲਕੁਸ਼ੀ ਦੇ  ਵਿਰੋਧ ਵਿੱਚ ਭਾਰਤ ਨੇਤਨਯਾਹੂ ਸਰਕਾਰ ਨਾਲੋਂ ਸਾਰੇ ਸਬੰਧ ਖ਼ਤਮ ਕਰੇ 

*ਵਿਖਾਵਾਕਾਰੀਆਂ ਨੇ ਪੰਜਾਬ ਵਿੱਚ ਹੜ੍ਹਾਂ ਦੀ ਤਬਾਹੀ ਦਾ ਮੁੱਦਾ ਵੀ ਚੁੱਕਿਆ 

*ਪ੍ਰਧਾਨ ਮੰਤਰੀ ਦੀ ਰਾਹਤ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਸਖ਼ਤ ਆਲੋਚਨਾ 


ਮਾਨਸਾ
: 10 ਸਤੰਬਰ 2025: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ):: 

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ 'ਤੇ ਇਜ਼ਰਾਇਲ ਦੇ ਵਿੱਤ ਮੰਤਰੀ ਬੇਜਾਲੇਲ ਸਮੋਟਰਿਚ ਦੇ ਭਾਰਤ ਦੌਰੇ ਦੇ ਵਿਰੋਧ ’ਚ ਅੱਜ ਇਥੇ ਸੀਪੀਆਈ (ਐਮ ਐਲ) ਲਿਬਰੇਸ਼ਨ, ਖੱਬੇ ਪੱਖੀ ਸੰਗਠਨਾਂ ਅਤੇ ਮੁਸਲਿਮ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ ਗਿਆ।

ਲਿਬਰੇਸ਼ਨ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਵੱਲੋਂ ਜਾਰੀ ਪ੍ਰੈਸ ਬਿਆਨ ’ਚ ਕਿਹਾ ਕਿ ਇਜ਼ਰਾਇਲ ਨੇ ਸਾਰੇ ਮਾਨਵੀ ਅਤੇ ਜੰਗੀ ਅਸੂਲਾਂ ਦੀ ਘੋਰ ਉਲੰਘਣਾ ਕਰਕੇ ਫਲਸਤੀਨ ਦੀ ਹੋਂਦ ਨੂੰ ਮੂਲੋਂ ਹੀ ਖਤਮ ਕਰਨ ਲਈ ਨਸਲਕੁਸ਼ੀ ਦੀ ਮੁਹਿੰਮ ਵਿੱਢੀ ਹੋਈ ਹੈ। ਇਸਰਾਈਲੀ ਫੌਜ ਹੁਣ ਤੱਕ ਸੱਤਰ ਹਜ਼ਾਰ ਤੋਂ ਵੱਧ ਬੇਕਸੂਰ ਫਿਲਸਤੀਨੀ ਲੋਕਾਂ ਨੂੰ ਕਤਲ ਕਰ ਚੁੱਕੀ ਹੈ। ਅੰਨੇਵਾਹ ਬੰਬਾਰੀ ਕਰਕੇ ਗਾਜ਼ਾ ਪੱਟੀ ਵਿੱਚ ਕੁੱਲ ਘਰਾਂ, ਹਸਪਤਾਲਾਂ, ਸਕੂਲਾਂ ਅਤੇ ਹੋਰ ਪ੍ਰਬੰਧਕੀ ਇਮਾਰਤਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਹੈ। ਜ਼ਖਮੀਆਂ ਤੇ ਬਿਮਾਰਾਂ ਨੂੰ ਉੱਥੇ ਕੋਈ ਇਲਾਜ ਨਹੀਂ ਮਿਲ ਰਿਹਾ। ਹਾਲੇ ਤੱਕ ਬਚੇ ਹੋਏ ਲੋਕਾਂ ਨੂੰ ਖੁਰਾਕ,ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਚੀਜ਼ਾਂ ਤੋਂ ਵਾਂਝੇ ਤੇਜ਼ੀ ਨਾਲ ਭੁੱਖਮਰੀ ਤੇ ਅਕਾਲ ਵੱਲ ਧੱਕੇ ਜਾ ਰਹੇ ਹਨ। 

ਇਸਰਾਈਲ ਨੇ ਬਾਹਰੋਂ ਜਾਣ ਵਾਲੀ ਮਾਨਵੀ ਸਹਾਇਤਾ — ਖੁਰਾਕੀ ਵਸਤਾਂ, ਦਵਾਈਆਂ ਅਤੇ ਪਾਣੀ ਉੱਤੇ ਵੀ ਸਖ਼ਤ ਰੋਕਾਂ ਲਾਈਆਂ ਹੋਈਆਂ ਹਨ। ਇੱਥੋਂ ਤੱਕ ਕਿ ਸ਼ਰਨਾਰਥੀ ਕੈਂਪਾਂ ਤੇ ਹਸਪਤਾਲਾਂ ਉੱਪਰ ਵੀ ਬੰਬਾਰੀ ਕੀਤੀ ਜਾ ਰਹੀ ਹੈ। ਇਹਨਾਂ ਹਮਲਿਆਂ ਦੀ ਹਕੀਕਤ ਪੇਸ਼ ਕਰਨ ਵਾਲੇ ਪੱਤਰਕਾਰਾਂ ਨੂੰ ਗਿਣ-ਮਿਥ ਕੇ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੇ ਅਣਮਨੁੱਖੀ ਕਤਲੇਆਮ ਬਦਲੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਲੋਂ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਿਆ ਜਾ ਚੁੱਕਿਆ ਹੋਇਆ ਹੈ। 

ਇਜ਼ਰਾਇਲ ਦੇ ਇਹਨਾਂ ਘਿਨਾਉਣੇ ਕਾਰਨਾਮਿਆਂ ਖਿਲਾਫ਼ ਦੁਨੀਆਂ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੱਖਾਂ ਦੀ ਗਿਣਤੀ ’ਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਹਨ। ਖੁਦ ਇਜ਼ਰਾਇਲ ਦੇ ਅੰਦਰ ਵੀ ਜੰਗ ਬੰਦ ਕਰਨ ਲਈ ਅਕਸਰ ਨੇਕ ਲੋਕ ਵਿਰੋਧ ਕਰਨ ਲਈ ਸੜਕਾਂ ’ਤੇ ਉੱਤਰਦੇ ਹਨ। ਪਰ  ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ - ਜਿਸ ਖਿਲਾਫ ਅਦਾਲਤ ਵਿੱਚ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਤਹਿਤ ਮੁਕੱਦਮਾ ਚੱਲ ਰਿਹਾ ਹੈ, ਉਹ ਸਜ਼ਾ ਤੋਂ ਬਚਣ ਲਈ ਜਾਣ ਬੁੱਝ ਕੇ ਇਹ ਖੂਨੀ ਜੰਗ ਜਾਰੀ ਰੱਖਣ ਲਈ ਬਾਜ਼ਿੱਦ ਹੈ। 

ਬਿਆਨ ਵਿੱਚ ਕਿਹਾ ਗਿਆ ਹੈ ਕਿ ਅਜਿਹੀ ਸਥਿਤੀ ’ਚ ਇਜ਼ਰਾਇਲ ਦੇ ਵਿੱਤ ਮੰਤਰੀ ਦੀ ਭਾਰਤ ਫੇਰੀ ਅਤੇ ਇਸਰਾਈਲ ਨਾਲ ਵਪਾਰ ਨੂੰ ਵਧਾਉਣ ਦੀਆਂ ਮੋਦੀ ਸਰਕਾਰ ਦੀਆਂ ਸਕੀਮਾਂ ਅਸਲ ਵਿੱਚ ਨਿਰਦੋਸ਼ ਫ਼ਲਸਤੀਨੀ ਲੋਕਾਂ ਦੇ ਕਤਲੇਆਮ ਨੂੰ ਲਗਾਤਾਰ ਜਾਰੀ ਰੱਖਣ ਮੱਦਦਗਾਰ ਹੋਣ ਤੇ ਨੇਤਨਯਾਹੂ ਦੇ ਅਪਰਾਧਿਕ ਮਨਸੂਬਿਆਂ ਦੇ ਪੱਖ ਵਿੱਚ ਖੜ੍ਹਨ ਤੋਂ ਇਲਾਵਾ ਹੋਰ ਕੁਝ ਨਹੀਂ ਹਨ। ਅਸੀਂ ਮੰਗ ਕਰਦੇ ਹਾਂ ਕਿ ਭਾਰਤ ਗਾਜ਼ਾ ਪੱਟੀ ਵਿੱਚ ਫਿਲਸਤੀਨੀ ਲੋਕਾਂ ਦੀ ਮੁਕੰਮਲ ਨਸਲਕੁਸ਼ੀ ਵਰਗਾ ਕੁਕਰਮ ਕਰ ਰਹੀ ਬੁੱਚੜ ਨੇਤਨਯਾਹੂ ਸਰਕਾਰ ਨਾਲੋਂ ਸਾਰੇ ਕੂਟਨੀਤਕ ਤੇ ਵਪਾਰਕ ਸਬੰਧ ਖ਼ਤਮ ਕਰੇ।

ਪ੍ਰਦਰਸ਼ਨਕਾਰੀਆਂ ਨੇ ਮੋਦੀ ਸਰਕਾਰ ਵੱਲੋਂ ਪਹਿਲਾਂ ਵੀ ਯੂ.ਐਨ.ਓ.ਵਿੱਚ ਜੰਗਬੰਦੀ ਲਈ ਪੇਸ਼ ਮਤਿਆਂ ਸਮੇਂ ਗੈਰ-ਹਾਜ਼ਰ ਰਹਿਣ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਇਜ਼ਰਾਇਲ,ਗਾਜ਼ਾ ਪੱਟੀ ਅਤੇ ਪੱਛਮੀ ਕੰਢੇ ਚੋਂ ਫੌਜਾਂ ਬਾਹਰ ਕੱਢੇ ਤੇ ਤੁਰੰਤ ਇਹ ਇਕ ਪਾਸੜ ਜੰਗ ਬੰਦ ਕਰੇ, ਨੇਤਨਯਾਹੂ ਨੂੰ ਉਸ ਦੇ ਜੰਗੀ ਅਪਰਾਧਾਂ ਲਈ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਮਤਾ ਪਾਸ ਕਰਕੇ ਇਥੇ ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਉਤੇ ਦੁੱਖ ਪ੍ਰਗਟ ਕੀਤਾ ਗਿਆ, ਉਥੇ ਪੰਜਾਬ ਦੇ ਅੰਦਰੋਂ ਅਤੇ ਗੁਆਂਢੀ ਸੂਬਿਆਂ ਹਰਿਆਣਾ, ਯੂਪੀ, ਰਾਜਸਥਾਨ ਵਿਚੋਂ ਅਤੇ ਖਾਸ ਕਰ ਮੁਸਲਿਮ ਭਾਈਚਾਰੇ ਵਲੋਂ ਹੜ੍ਹ ਪੀੜਤਾਂ ਲਈ ਭਾਰੀ ਮਾਤਰਾ ਵਿੱਚ ਰਸਦ ਤੇ ਲੋੜੀਂਦਾ ਸਾਮਾਨ ਲਿਆਉਣ ਅਤੇ ਜਾਨ ਜ਼ੋਖਿਮ ਵਿੱਚ ਪਾ ਕੇ ਹੜ੍ਹ ਵਿੱਚ ਘਿਰੇ ਲੋਕਾਂ ਦਾ ਬਚਾਅ ਕਰਨ ਵਾਲੇ ਸਮੂਹ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ। ਇੱਕਠ ਨੇ ਹਾਲੇ ਤੱਕ ਹੜ੍ਹਾਂ ਤੋਂ ਪ੍ਰਭਾਵਿਤ ਸਾਰੇ ਲੋਕਾਂ ਨੂੰ ਕੋਈ ਨਕਦ ਅੰਤਰਿਮ ਰਾਹਤ ਅਦਾ ਨਾ ਕਰਨ ਬਦਲੇ ਮਾਨ ਸਰਕਾਰ ਦੀ ਅਤੇ ਲੰਬਾ ਸਮਾਂ ਪੰਜਾਬ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਨ ਅਤੇ ਹੁਣ ਹੋਏ ਨੁਕਸਾਨ ਦੀ ਤੁਲਨਾ ਵਿਚ ਬਿਲਕੁਲ ਮਾਮੂਲੀ ਰਕਮ ਦੇਣ ਦਾ ਐਲਾਨ ਕਰਨ ਬਦਲੇ ਪ੍ਰਧਾਨ ਮੰਤਰੀ ਮੋਦੀ ਦੀ ਸਖ਼ਤ ਨਿੰਦਾ ਕੀਤੀ ਗਈ।

ਇਸ ਰੋਸ ਵਿਖਾਵੇ ਵਿੱਚ ਮਜ਼ਦੂਰ ਮੁਕਤੀ ਮੋਰਚਾ  ਵੱਲੋਂ ਬਲਵਿੰਦਰ ਸਿੰਘ ਘਰਾਂਗਣਾ, ਲਿਬਰੇਸ਼ਨ ਵਲੋਂ ਨਛੱਤਰ ਸਿੰਘ ਖੀਵਾ, ਵਿਜੇ ਭੀਖੀ, ਗੁਰਸੇਵਕ ਸਿੰਘ ਮਾਨ, ਬੀਕੇਯੂ ਡਕੌਂਦਾ (ਧਨੇਰ) ਵੱਲੋਂ ਜਸਪਾਲ ਸਿੰਘ ਭੈਣੀਬਾਘਾ, ਲਖਵੀਰ ਸਿੰਘ ਅਕਲੀਆ, ਇਨਕਲਾਬੀ ਕੇਂਦਰ ਵੱਲੋਂ ਜਗਮੇਲ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸਿਕੰਦਰ ਸਿੰਘ ਘਰਾਂਗਣਾ, ਜਮਹੂਰੀ ਕਿਸਾਨ ਸਭਾ ਵੱਲੋਂ ਮੇਜਰ ਸਿੰਘ ਦੂਲੋਵਾਲ, ਸੀਪੀਆਈ ਦੇ ਆਗੂ ਕ੍ਰਿਸ਼ਨ ਚੌਹਾਨ, ਏਪਵਾ ਆਗੂ ਜਸਬੀਰ ਕੌਰ ਨੱਤ, ਆਇਸਾ ਆਗੂ ਸੁਖਜੀਤ ਰਾਮਾਨੰਦੀ, ਅਮਨਦੀਪ ਸਿੰਘ ਰਾਮਪੁਰ ਮੰਡੇਰ, ਪੰਜਾਬ ਕਿਸਾਨ ਯੂਨੀਅਨ ਵੱਲੋਂ ਸੁਖਚਰਨ ਸਿੰਘ ਦਾਨੇਵਾਲੀਆ, ਬੀਕੇਯੂ ਕ੍ਰਾਂਤੀਕਾਰੀ ਵੱਲੋਂ ਗੁਰਪ੍ਰਣਾਮ ਸਿੰਘ ਅਤੇ ਮੁਸਲਿਮ ਫਰੰਟ ਵੱਲੋਂ ਮੀਆਂ ਤਰਸੇਮ ਖਾਨ ਅਤੇ ਹੋਰ ਵਰਕਰ ਸ਼ਾਮਲ ਸਨ।

Thursday, November 28, 2024

ਕੂੜ-ਪ੍ਰਚਾਰ ਹੇਠ ਲੁਕ ਨਹੀਂ ਸਕਦਾ ਫ਼ਲਸਤੀਨ ਦਾ ਜ਼ਖ਼ਮ:ਅਰੁੰਧਤੀ ਰਾਏ

Original Arundhati Roy//Punjabi  Translation  Buta Singh Mehmoodpur//Wednesday 27th November 2024 at 8:01 PM

       ਮੈਂ ਉਹੀ ਹਾਂ ਜੋ ਮੈਂ ਲਿਖਦੀ ਹਾਂ--ਅਰੁੰਧਤੀ ਰਾਏ     

                                                         ---ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ


ਲੇਖਿਕਾ ਅਤੇ ਕਾਰਕੁਨ ਅਰੁੰਧਤੀ ਰਾਏ ਨੂੰ ਪੈੱਨ ਪਿੰਟਰ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਨਾਟਕਾਰ ਹੈਰੋਲਡ ਪਿੰਟਰ ਦੀ ਯਾਦ ਵਿਚ ਇੰਗਲਿਸ਼ ਪੈੱਨ ਦੁਆਰਾ ਸਥਾਪਤ ਕੀਤਾ ਸਲਾਨਾ ਪੁਰਸਕਾਰ ਹੈ। ਪੁਰਸਕਾਰ ਲਈ ਨਾਮਜ਼ਦ ਕੀਤੇ ਜਾਣ ਤੋਂ ਕੁਝ ਸਮੇਂ ਬਾਅਦ ਰਾਏ ਨੇ ਐਲਾਨ ਕੀਤਾ ਕਿ ਪੁਰਸਕਾਰ ਦੀ ਆਪਣੇ ਹਿੱਸੇ ਦੀ ਰਕਮ ਉਸ ਵੱਲੋਂ ਫ਼ਲਸਤੀਨੀ ਬਾਲ ਰਾਹਤ ਫੰਡ ਨੂੰ ਦੇ ਦਿੱਤੀ ਜਾਵੇਗੀ। ਉਸ ਨੇ ਬਰਤਾਨਵੀ-ਮਿਸਰੀ ਲੇਖਕ ਅਤੇ ਕਾਰਕੁਨ ਆਲਾ ਅਬਦ ਅਲ-ਫ਼ਤਹ ਨੂੰ  'ਰਾਈਟਰ ਆਫ ਕਰੇਜ' (साहस के लेखक) ਨਾਂ ਦਿੱਤਾ, ਜੋ ਉਨ੍ਹਾਂ ਦੇ ਨਾਲ ਇਸ ਪੁਰਸਕਾਰ ਦੇ ਹਿੱਸੇਦਾਰ ਹਨ। 10 ਅਕਤੂਬਰ, 2024 ਦੀ ਸ਼ਾਮ ਨੂੰ  ਬਿ੍ਟਿਸ਼ ਲਾਇਬ੍ਰੇਰੀ ਵਿਖੇ ਪੁਰਸਕਾਰ ਲੈਣ ਸਮੇਂ ਅਰੁੰਧਤੀ ਰਾਏ ਵੱਲੋਂ ਦਿੱਤਾ ਭਾਸ਼ਣ ਇੱਥੇ ਸਾਂਝਾ ਕੀਤਾ ਜਾ ਰਿਹਾ ਹੈ। 

ਮੈਂ ਅੰਗਰੇਜ਼ੀ ਪੈੱਨ ਦੇ ਮੈਂਬਰਾਂ ਅਤੇ ਜਿਊਰੀ ਮੈਂਬਰਾਂ ਦਾ ਮੈਨੂੰ ਪੈੱਨ ਪਿੰਟਰ ਪੁਰਸਕਾਰ ਨਾਲ ਸਨਮਾਨਿਤ ਕਰਨ ਲਈ ਧੰਨਵਾਦ ਕਰਦੀ ਹਾਂ। ਮੈਂ ਇਸ ਸਾਲ ਦੇ ਰਾਈਟਰ ਆਫ ਕਰੇਜ਼ ਦੇ ਨਾਂ ਦਾ ਐਲਾਨ ਕਰਕੇ ਆਪਣੀ ਗੱਲ ਸ਼ੁਰੂ ਕਰਨਾ ਚਾਹਾਂਗੀ ਜਿਸ ਦੇ ਨਾਲ ਮੈਨੂੰ ਇਹ ਪੁਰਸਕਾਰ ਦੇਣ ਲਈ ਚੁਣਿਆ ਗਿਆ ਹੈ।

ਦਲੇਰ ਲੇਖਕ ਅਤੇ ਮੇਰੇ ਸਾਥੀ ਪੁਰਸਕਾਰ ਜੇਤੂ ਆਲਾ ਅਬਦ ਅਲ-ਫ਼ਤਹ, ਤੁਹਾਨੂੰ ਮੇਰੇ ਵੱਲੋਂ ਮੁਬਾਰਕਾਂ। ਸਾਨੂੰ ਉਮੀਦ ਸੀ ਅਤੇ ਅਸੀਂ ਅਰਦਾਸ ਵੀ ਕੀਤੀ ਕਿ ਸਤੰਬਰ ਵਿਚ ਤੁਸੀਂ ਰਿਹਾ ਕਰ ਦਿੱਤੇ ਜਾਓਗੇ, ਪਰ ਮਿਸਰ ਦੀ ਸਰਕਾਰ ਨੇ ਫ਼ੈਸਲਾ ਕੀਤਾ ਕਿ ਤੁਸੀਂ ਬਹੁਤ ਹੀ ਖ਼ੂਬਸੂਰਤ ਲੇਖਕ ਅਤੇ ਬਹੁਤ ਹੀ ਖ਼ਤਰਨਾਕ ਚਿੰਤਕ ਹੋਣ ਕਰਕੇ ਤੁਹਾਨੂੰ ਰਿਹਾ ਨਹੀਂ ਕੀਤਾ ਜਾ ਸਕਦਾ। ਪਰ ਤੁਸੀਂ ਸਾਡੇ ਨਾਲ ਇੱਥੇ ਮੌਜੂਦ ਹੋ। ਤੁਸੀਂ ਐਥੇ ਸਭ ਤੋਂ ਮਹੱਤਵਪੂਰਨ ਵਿਅਕਤੀ ਹੋ। ਜੇਲ੍ਹ ਵਿੱਚੋਂ ਤੁਸੀਂ ਲਿਖਿਆ, ''ਕੋਈ ਤਾਕਤ ਮੇਰੇ ਸ਼ਬਦਾਂ ਤੋਂ ਖੁੱਸ ਗਈ ਅਤੇ ਫਿਰ ਵੀ ਉਹ ਮੇਰੇ ਅੰਦਰੋਂ ਬਾਹਰ ਆਉਂਦੇ ਰਹੇ। ਮੇਰੇ ਕੋਲ ਅਜੇ ਵੀ ਇਕ ਆਵਾਜ਼ ਸੀ, ਭਾਵੇਂ ਸਿਰਫ਼ ਮੁੱਠੀ ਭਰ ਲੋਕ ਹੀ ਸੁਣਨਗੇ। '' ਅਸੀਂ ਸੁਣ ਰਹੇ ਹਾਂ, ਆਲਾ। ਗ਼ੌਰ ਨਾਲ''

ਤੁਹਾਨੂੰ ਵੀ ਵਧਾਈਆਂ, ਮੇਰੀ ਪਿਆਰੀ ਨੈਓਮੀ ਕਲਾਈਨ, ਆਲਾ ਅਤੇ ਮੇਰੀ ਦੋਹਾਂ ਦੀ ਦੋਸਤ | ਅੱਜ ਰਾਤ ਇੱਥੇ ਆਉਣ ਲਈ ਤੇਰਾ ਧੰਨਵਾਦ। ਇਸਦਾ ਭਾਵ ਮੇਰੇ ਲਈ ਦੁਨੀਆ ਹੈ।

ਇੱਥੇ ਜੁੜੇ ਤੁਹਾਡੇ ਸਾਰਿਆਂ ਦੇ ਨਾਲ-ਨਾਲ ਉਨ੍ਹਾਂ ਸਾਰਿਆਂ ਨੂੰ ਵੀ ਸ਼ੁਭਕਾਮਨਾਵਾਂ ਜੋ ਸ਼ਾਇਦ ਇਨ੍ਹਾਂ ਅਦਭੁੱਤ ਸਰੋਤਿਆਂ ਲਈ ਅਦਿੱਖ ਹਨ ਪਰ ਇਸ ਕਮਰੇ ਵਿਚ ਮੌਜੂਦ ਕਿਸੇ ਹੋਰ ਵਿਅਕਤੀ ਵਾਂਗ ਮੈਨੂੰ ਦਿਸ ਰਹੇ ਹਨ। ਮੈਂ ਭਾਰਤ ਦੀਆਂ ਜੇਲ੍ਹਾਂ 'ਚ ਡੱਕੇ ਆਪਣੇ ਦੋਸਤਾਂ ਅਤੇ ਸਾਥੀਆਂ-ਵਕੀਲਾਂ, ਅਕਾਦਮਿਕਾਂ, ਵਿਦਿਆਰਥੀਆਂ, ਪੱਤਰਕਾਰਾਂ-ਉਮਰ ਖ਼ਾਲਿਦ, ਗੁਲਫਿਸ਼ਾ ਫ਼ਾਤਿਮਾ, ਖ਼ਾਲਿਦ ਸੈਫ਼ੀ, ਸ਼ਰਜੀਲ ਇਮਾਮ, ਰੋਨਾ ਵਿਲਸਨ, ਸੁਰਿੰਦਰ ਗਾਡਲਿੰਗ, ਮਹੇਸ਼ ਰਾਵਤ ਦੀ ਗੱਲ ਕਰ ਰਹੀ ਹਾਂ। ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਮੇਰੇ ਦੋਸਤ ਖ਼ੁਰਮ ਪਰਵੇਜ਼, ਮੇਰੀ ਜਾਣ-ਪਛਾਣ ਵਾਲੇ ਸਭ ਤੋਂ ਕਮਾਲ ਦੇ ਲੋਕਾਂ ਵਿੱਚੋਂ ਇਕ, ਤੁਸੀਂ ਤਿੰਨ ਸੋਂ ਜੇਲ੍ਹ ਵਿਚ ਹੋ, ਅਤੇ ਇਰਫ਼ਾਨ ਮਹਿਰਾਜ ਤੁਹਾਡੇ ਨਾਲ ਵੀ ਅਤੇ ਕਸ਼ਮੀਰ ਤੇ ਪੂਰੇ ਮੁਲਕ 'ਚ ਕੈਦ ਹਜ਼ਾਰਾਂ ਲੋਕਾਂ ਨਾਲ ਵੀ ਜਿਨ੍ਹਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਗਈਆਂ ਹਨ। 

ਜਦੋਂ ਇੰਗਲਿਸ਼ ਪੈੱਨ ਐਂਡ ਪਿੰਟਰ ਪੈਨਲ ਦੀ ਚੇਅਰਪਰਸਨ ਰੂਥ ਬੋਰਥਵਿਕ ਨੇ ਪਹਿਲੀ ਵਾਰ ਮੈਨੂੰ ਇਸ ਸਨਮਾਨ ਬਾਰੇ ਲਿਖਿਆ, ਤਾਂ ਉਨ੍ਹਾਂ ਨੇ ਕਿਹਾ ਕਿ ਪਿੰਟਰ ਪੁਰਸਕਾਰ ਇਕ ਅਜਿਹੇ ਲੇਖਕ ਨੂੰ  ਦਿੱਤਾ ਜਾਂਦਾ ਹੈ ਜਿਸ ਨੇ 'ਸਾਡੇ ਜੀਵਨ ਅਤੇ ਸਾਡੇ ਸਮਾਜ ਦੇ ਅਸਲ ਸੱਚ' ਨੂੰ ਨਿਧੜਕ, ਅਡੋਲ, ਜ਼ਬਰਦਸਤ ਬੌਧਿਕ ਦਿ੍ੜਤਾ' ਨਾਲ ਪ੍ਰੀਭਾਸ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਹੈਰੋਲਡ ਪਿੰਟਰ ਦੇ ਨੋਬਲ ਪੁਰਸਕਾਰ ਲੈਣ ਸਮੇਂ ਦੇ ਭਾਸ਼ਣ ਦਾ ਹਵਾਲਾ ਹੈ। 

'ਅਨਫਿੰਚਿੰਗ' ਸ਼ਬਦ ਨਾਲ ਮੈਂ ਪਲ ਕੁ ਲਈ ਰੁਕ ਕੇ ਸੋਚਣ ਲਈ ਮਜਬੂਰ ਹੋ ਗਈ, ਕਿਉਂਕਿ ਮੈਂ ਖੁਦ ਨੂੰ  ਇਕ ਅਜਿਹੇ ਵਿਅਕਤੀ ਦੇ ਰੂਪ ਵਿਚ ਸੋਚਦੀ ਹਾਂ ਜੋ ਲੱਗਭੱਗ ਹਮੇਸ਼ਾ ਹਿਚਕਚਾਉਂਦਾ ਹੈ।

ਮੈਂ 'ਫਲਿੰਚਿੰਗ' ਅਤੇ 'ਅਨਫਲਿੰਚਿੰਗ' ਦੇ ਵਿਸ਼ੇ 'ਤੇ ਥੋੜ੍ਹਾ ਧਿਆਨ ਕੇਂਦਰਤ ਕਰਨਾ ਚਾਹਾਂਗੀ | ਜਿਸ ਨੂੰ  ਖੁਦ ਹੈਰੌਲਡ ਪਿੰਟਰ ਦੁਆਰਾ ਬਿਹਤਰੀਨ ਤਰੀਕੇ ਨਾਲ ਦਰਸਾਇਆ ਜਾ ਸਕਦਾ ਹੈ:

''ਮੈਂ 1980 ਦੇ ਦਹਾਕੇ ਦੇ ਅੰਤ 'ਚ ਲੰਡਨ ਵਿਚ ਅਮਰੀਕੀ ਦੂਤਾਵਾਸ ਵਿਖੇ ਇਕ ਮੀਟਿੰਗ ਵਿਚ ਮੌਜੂਦ ਸੀ। 

''ਸੰਯੁਕਤ ਰਾਜ ਅਮਰੀਕਾ ਦੀ ਕਾਂਗਰਸ ਨੇ ਇਹ ਫ਼ੈਸਲਾ ਲੈਣਾ ਸੀ ਕਿ ਨਿਕਾਰਾਗੂਆ ਰਾਜ ਦੇ ਵਿਰੁੱਧ ਮੁਹਿੰਮ ਵਿਚ ਕੌਂਟਰਾ ਬਾਗ਼ੀਆਂ ਨੂੰ  ਹੋਰ ਧਨ ਦੇਣਾ ਹੈ ਜਾਂ ਨਹੀਂ। ਮੈਂ ਨਿਕਾਰਾਗੂਆ ਵੱਲੋਂ ਬੋਲਣ ਵਾਲੇ ਵਫ਼ਦ ਦਾ ਮੈਂਬਰ ਸੀ ਪਰ ਇਸ ਵਫ਼ਦ ਦੇ ਸਭ ਤੋਂ ਅਹਿਮ ਮੈਂਬਰ ਫਾਦਰ ਜੌਹਨ ਮੈਟਕਾਫ ਸਨ। ਅਮਰੀਕੀ ਅਦਾਰੇ ਦਾ ਆਗੂ ਰੇਮੰਡ ਸੀਟਜ਼ (ਉਸ ਸਮੇਂ ਰਾਜਦੂਤ ਤੋਂ ਅਗਲੀ ਹਸਤੀ, ਬਾਅਦ ਵਿਚ ਖੁਦ ਰਾਜਦੂਤ) ਸੀ। ਫਾਦਰ ਮੈਟਕਾਫ ਨੇ ਕਿਹਾ 'ਸ਼੍ਰੀਮਾਨ ਜੀ, ਮੈਂ ਨਿਕਾਰਾਗੂਆ ਦੇ ਉੱਤਰ ਵਿਚ ਚਰਚ ਦੀ ਪ੍ਰਸ਼ਾਸਨਿਕ ਇਕਾਈ ਦਾ ਮੁਖੀ ਹਾਂ। ਮੇਰੇ ਪਾਦਰੀਆਂ ਨੇ ਇਕ ਸਕੂਲ, ਸਿਹਤ ਕੇਂਦਰ, ਸੱਭਿਆਚਾਰਕ ਕੇਂਦਰ ਬਣਾਇਅ ਸੀ। ਅਸੀਂ ਅਮਨ-ਅਮਾਨ ਨਾਲ ਰਹਿ ਰਹੇ ਹਾਂ। ਕੁਝ ਮਹੀਨੇ ਪਹਿਲਾਂ ਇਕ ਕੌਂਟਰਾ ਦਸਤੇ ਨੇ ਸੰਸਥਾ ਉੱਤੇ ਹਮਲਾ ਕੀਤਾ ਸੀ। ਉਨ੍ਹਾਂ ਨੇ ਸਕੂਲ, ਸਿਹਤ ਕੇਂਦਰ, ਸੱਭਿਆਚਾਰਕ ਕੇਂਦਰ ਸਭ ਕੁਝ ਤਬਾਹ ਕਰ ਦਿੱਤਾ। ਉਨ੍ਹਾਂ ਨੇ ਨਰਸਾਂ ਅਤੇ ਅਧਿਆਪਕਾਵਾਂ ਨਾਲ ਬਲਾਤਕਾਰ ਕੀਤਾ, ਡਾਕਟਰਾਂ ਦਾ ਬੇਰਹਿਮੀ ਨਾਲ ਕਤਲ ਕੀਤਾ, ਬੇਹੱਦ ਕਰੂਰ ਤਰੀਕੇ ਨਾਲ। ਕਿਰਪਾ ਕਰਕੇ ਮੰਗ ਕਰੋ ਕਿ ਅਮਰੀਕਨ ਸਰਕਾਰ ਇਸ ਭਿਆਨਕ ਦਹਿਸ਼ਤਗਰਦ ਸਰਗਰਮੀ ਨੂੰ ਦਿੱਤੀ ਜਾ ਰਹੀ ਹਮਾਇਤ ਵਾਪਸ ਲਵੇ। 

''ਬਤੌਰ ਤਰਕਸ਼ੀਲ, ਜ਼ਿੰਮੇਵਾਰ ਅਤੇ ਬੇਹੱਦ ਸੂਝਵਾਨ ਵਿਅਕਤੀ ਰੇਮੰਡ ਸੀਟਜ਼ ਦਾ ਬਹੁਤ ਵਧੀਆ ਵੱਕਾਰ ਸੀ। ਕੂਟਨੀਤਕ ਹਲਕਿਆਂ ਵਿਚ ਉਨ੍ਹਾਂ ਦਾ ਬਹੁਤ ਸਨਮਾਨ ਕੀਤਾ ਜਾਂਦਾ ਸੀ। ਉਨ੍ਹਾਂ ਨੇ ਸੁਣਿਆ, ਰੁਕੇ ਅਤੇ ਫਿਰ ਕੁਝ ਗੰਭੀਰਤਾ ਨਾਲ ਗੱਲ ਕੀਤੀ। ਉਹ ਬੋਲੇ,''ਫਾਦਰ, ਮੈਂ ਤੁਹਾਨੂੰ ਇਕ ਗੱਲ ਦੱਸਦਾ ਹਾਂ। ਜੰਗ ਵਿਚ ਦੁੱਖ ਹਮੇਸ਼ਾ ਬੇਕਸੂਰ ਲੋਕਾਂ ਨੂੰ  ਝੱਲਣੇ ਪੈਂਦੇ ਹਨ। 'ਮੁਰਦਾ ਖ਼ਾਮੋਸ਼ੀ ਛਾ ਗਈ। ਅਸੀਂ ਉਨ੍ਹਾਂ ਦੇ ਮੂੰਹ ਵੱਲ ਦੇਖਦੇ ਰਹੇ। ਉਹ ਧੜਕੇ ਨਹੀਂ।''

ਯਾਦ ਰੱਖੋ ਕਿ ਰਾਸ਼ਟਰਪਤੀ ਰੀਗਨ ਨੇ ਕੌਂਟਰਾ ਨੂੰ ''ਸਾਡੇ ਮੋਢੀ ਪੁਰਖਿਆਂ ਦੇ ਨੈਤਿਕ ਸਮਤੁੱਲ'' ਕਿਹਾ ਸੀ। ਵਾਕੰਸ਼ ਦੀ ਇਕ ਬਣਤਰ ਜੋ ਰੀਗਨ ਨੂੰ  ਸਪੱਸ਼ਟ ਤੌਰ 'ਤੇ ਪਸੰਦ ਸੀ। ਉਸ ਨੇ ਇਸ ਦੀ ਵਰਤੋਂ ਸੀ.ਆਈ.ਏ. ਦੀ ਹਮਾਇਤ ਪ੍ਰਾਪਤ ਅਫ਼ਗਾਨ ਮੁਜਾਹਿਦੀਨਾਂ ਦਾ ਵਰਣਨ ਕਰਨ ਲਈ ਵੀ ਕੀਤੀ, ਜੋ ਫਿਰ ਤਾਲਿਬਾਨ ਬਣ ਗਏ। ਅਤੇ ਇਹੀ ਤਾਲਿਬਾਨ ਅਮਰੀਕੀ ਹਮਲੇ ਅਤੇ ਕਬਜ਼ੇ ਵਿਰੁੱਧ ਵੀਹ ਸਾਲ ਲੰਮੀ ਲੜਾਈ ਲੜਨ ਤੋਂ ਬਾਅਦ ਅੱਜ ਅਫ਼ਗਾਨਿਸਤਾਨ ਉੱਪਰ ਰਾਜ ਕਰ ਰਹੇ ਹਨ। ਕੌਂਟਰਿਆਂ ਅਤੇ ਮੁਜਾਹਿਦੀਨਾਂ ਤੋਂ ਪਹਿਲਾਂ ਵੀਅਤਨਾਮ ਵਿਚ ਯੁੱਧ ਹੋਇਆ ਸੀ ਅਤੇ ਬੇਝਿਜਕ ਅਮਰੀਕਨ ਫ਼ੌਜੀ ਮੱਤ ਨੇ ਆਪਣੇ ਫ਼ੌਜੀਆਂ ਨੂੰ 'ਜੋ ਵੀ ਹਿੱਲਦਾ-ਜੁਲਦਾ ਹੈ ਉਸ ਨੂੰ  ਮਾਰ ਦੇਣ' ਦਾ ਆਦੇਸ਼ ਦਿੱਤਾ ਸੀ। ਜੇ ਤੁਸੀਂ ਵੀਅਤਨਾਮ ਵਿਚ ਅਮਰੀਕੀ ਯੁੱਧ ਦੇ ਉਦੇਸ਼ਾਂ ਬਾਰੇ ਪੈਂਟਾਗਨ ਪੇਪਰਜ਼ ਅਤੇ ਹੋਰ ਦਸਤਾਵੇਜ਼ਾਂ ਨੂੰ ਪੜ੍ਹੋ, ਤਾਂ ਤੁਸੀਂ ਨਸਲਕੁਸ਼ੀ ਕਰਨ ਬਾਰੇ ਕੁਝ ਜੀਵੰਤ ਬੇਝਿਜਕ ਵਿਚਾਰ-ਚਰਚਾਵਾਂ ਦਾ ਆਨੰਦ ਲੈ ਸਕਦੇ ਹੋ-ਕੀ ਲੋਕਾਂ ਨੂੰ  ਸਿੱਧੇ ਤੌਰ 'ਤੇ ਮਾਰਨਾ ਬਿਹਤਰ ਹੈ ਜਾਂ ਉਨ੍ਹਾਂ ਨੂੰ  ਹੌਲੀ-ਹੌਲੀ ਭੁੱਖੇ ਮਾਰਨਾ ਬਿਹਤਰ ਹੈ? ਕਿਹੜਾ ਬਿਹਤਰ ਜਾਪੇਗਾ ? ਪੈਂਟਾਗਨ ਵਿਚ ਦਿਆਲੂ ਉੱਚ ਅਧਿਕਾਰੀਆਂ ਨੂੰ  ਜਿਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਉਹ ਇਹ ਸੀ ਕਿ ਅਮਰੀਕੀਆਂ ਦੇ ਉਲਟ, ਜੋ ਉਨ੍ਹਾਂ ਦੇ ਮੁਤਾਬਿਕ, 'ਜੀਵਨ, ਖ਼ੁਸ਼ੀ, ਦੌਲਤ, ਤਾਕਤ' ਚਾਹੁੰਦੇ ਹਨ, ਏਸ਼ੀਆਈ 'ਦੌਲਤ ਦੇ ਵਿਨਾਸ਼ ਅਤੇ ਜਾਨੀ ਨੁਕਸਾਨ' ਨੂੰ  ਦਿ੍ੜਤਾ ਨਾਲ ਕਬੂਲ ਕਰਦੇ ਹਨ-ਅਤੇ ਅਮਰੀਕਾ ਨੂੰ  ਆਪਣੇ 'ਯੁੱਧਨੀਤਕ ਤਰਕ ਨੂੰ  ਇਸਦੇ ਨਤੀਜੇ' 'ਤੇ ਲਿਜਾਣ ਲਈ ਮਜਬੂਰ ਕਰਦੇ ਹਨ, ਜੋ ਕਿ ਨਸਲਕੁਸ਼ੀ ਹੈ। 'ਇਕ ਭਿਆਨਕ ਬੋਝ ਜਿਸ ਨੂੰ  ਬੇਝਿਜਕ ਸਹਿਣ ਕੀਤਾ ਜਾਣਾ ਹੈ।

ਅਤੇ ਇਸ ਵਕਤ ਸੀਂ, ਐਨੇ ਸਾਲ ਬਾਅਦ, ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਇਕ ਹੋਰ ਨਸਲਕੁਸ਼ੀ ਦਰਮਿਆਨ ਹਾਂ। ਬਸਤੀਵਾਦੀ ਕਬਜ਼ੇ ਅਤੇ ਨਸਲਵਾਦੀ ਰਾਜ ਦੀ ਰਾਖੀ ਲਈ ਗਾਜ਼ਾ ਅਤੇ ਹੁਣ ਲੇਬਨਾਨ ਵਿਚ ਅਮਰੀਕਾ ਤੇ ਇਜ਼ਰਾਈਲ ਵੱਲੋਂ ਬੇਝਿਜਕ ਤੇ ਲਗਾਤਾਰ ਨਸਲਕੁਸ਼ੀ ਕੀਤੀ ਜਾ ਰਹੀ ਹੈ ਜੋ ਟੈਲੀਵਿਜ਼ਨ 'ਤੇ ਪ੍ਰਸਾਰਤ ਕੀਤੀ ਜਾਂਦੀ ਹੈ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਕ ਤੌਰ 'ਤੇ 42,000 ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਇਸ ਵਿਚ ਉਹ ਲੋਕ ਸ਼ਾਮਲ ਨਹੀਂ ਹਨ ਜੋ ਇਮਾਰਤਾਂ, ਆਸ-ਪਾਸ ਦੇ ਮੁਹੱਲਿਆਂ, ਪੂਰੇ ਦੇ ਪੂਰੇ ਸ਼ਹਿਰਾਂ ਦੇ ਮਲਬੇ ਹੇਠ ਦਬੇ ਚੀਕਾਂ ਮਾਰਦੇ ਹੋਏ ਮਾਰੇ ਗਏ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਅਜੇ ਤੱਕ ਨਹੀਂ ਮਿਲੀਆਂ। ਆਕਸਫਾਮ ਦਾ ਇਕ ਤਾਜ਼ਾ ਅਧਿਐਨ ਕਿਸੇ ਵੀ ਹੋਰ ਯੁੱਧ ਨਾਲੋਂ ਐਨੇ ਸਮੇਂ 'ਚ ਗਾਜ਼ਾ ਵਿਚ ਵਧੇਰੇ ਬੱਚੇ ਮਾਰੇ ਗਏ ਹਨ।

ਨਾਜ਼ੀ ਰਾਜ ਵੱਲੋਂ ਲੱਖਾਂ ਯੂਰਪੀਅਨ ਯਹੂਦੀਆਂ ਦੇ ਸਫ਼ਾਏ ਯਾਨੀ ਨਸਲਕੁਸ਼ੀ ਪ੍ਰਤੀ ਆਪਣੀ ਮੁੱਢਲੇ ਸਾਲਾਂ ਦੀ ਉਦਾਸੀਨਤਾ ਦੇ ਸਮੂਹਿਕ ਅਪਰਾਧ-ਬੋਧ ਨੂੰ  ਘਟਾਉਣ ਲਈ ਸੰਯੁਕਤ ਰਾਜ ਅਮਰੀਕਾ ਅਤੇ ਯੂਰਪ ਨੇ ਦੂਜੀ ਨਸਲਕੁਸ਼ੀ ਲਈ ਅਧਾਰ ਤਿਆਰ ਕੀਤਾ ਹੈ। 

ਇਤਿਹਾਸ ਵਿਚ ਨਸਲੀ ਸਫ਼ਾਇਆ ਅਤੇ ਨਸਲਕੁਸ਼ੀ ਕਰਨ ਵਾਲੇ ਹਰ ਰਾਜ ਦੀ ਤਰ੍ਹਾਂ, ਇਜ਼ਰਾਈਲ ਵਿਚ ਵੀ ਜ਼ਾਇਓਨਿਸਟਾਂ ਨੇ-ਜੋ ਆਪਣੇ ਆਪ ਨੂੰ  ''ਚੁਣੇ ਹੋਏ ਲੋਕ'' ਸਮਝਦੇ ਹਨ-ਫ਼ਲਸਤੀਨੀਆਂ ਨੂੰ  ਉਨ੍ਹਾਂ ਦੀ ਧਰਤੀ ਤੋਂ ਖਦੇੜਣ ਅਤੇ ਉਨ੍ਹਾਂ ਦਾ ਕਤਲੇਆਮ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ  ਅਣਮਨੁੱਖੀ ਬਣਾਉਣ ਤੋਂ ਸ਼ੁਰੂਆਤ ਕੀਤੀ। 

ਪ੍ਰਧਾਨ ਮੰਤਰੀ ਮੇਨਾਕੇਮ ਬੇਗਿਨ ਨੇ ਫ਼ਲਸਤੀਨੀਆਂ ਨੂੰ  'ਦੋਪਾਏ ਜਾਨਵਰ' ਕਿਹਾ, ਯਿਤਜ਼ਾਕ ਰਾਬਿਨ ਨੇ ਉਨ੍ਹਾਂ ਨੂੰ  'ਟਿੱਡੇ' ਕਿਹਾ ਜਿਨ੍ਹਾਂ ਨੂੰ  'ਕੁਚਲਿਆ ਜਾ ਸਕਦਾ ਹੈ' ਅਤੇ ਗੋਲਡਾ ਮੇਰ ਨੇ ਕਿਹਾ 'ਫ਼ਲਸਤੀਨੀਆਂ ਵਰਗੀ ਕੋਈ ਸ਼ੈਅ ਹੈ ਹੀ ਨਹੀਂ ਸੀ।' ਫਾਸ਼ੀਵਾਦ ਵਿਰੁੱਧ ਉਸ ਪ੍ਰਸਿੱਧ ਯੋਧੇ ਵਿੰਸਟਨ ਚਰਚਿਲ ਨੇ ਕਿਹਾ, 'ਮੈਂ ਇਹ ਨਹੀਂ ਮੰਨਦਾ ਕਿ ਖੁਰਲੀ ਉੱਪਰ ਕੁੱਤੇ ਦਾ ਅੰਤਮ ਅਧਿਕਾਰ ਹੋ ਗਿਆ, ਭਾਵੇਂ ਉਹ ਉੱਥੇ ਬਹੁਤ ਲੰਮਾ ਸਮਾਂ ਕਿਉਂ ਨਾ ਰਿਹਾ ਹੋਵੇ' ਅਤੇ ਫਿਰ ਇੱਥੋਂ ਤੱਕ ਐਲਾਨ ਕੀਤਾ ਕਿ ਖੁਰਲੀ ਉੱਪਰ ਅੰਤਮ ਅਧਿਕਾਰ 'ਉਚੇਰੀ ਨਸਲ' ਦਾ ਹੈ। ਇਕ ਵਾਰ ਜਦੋਂ ਉਨ੍ਹਾਂ ਦੋਪਾਏ ਜਾਨਵਰਾਂ, ਟਿੱਡਿਆਂ, ਕੁੱਤਿਆਂ ਅਤੇ ਅਣਹੋਏ ਲੋਕਾਂ ਦਾ ਕਤਲ ਕਰ ਦਿੱਤਾ ਗਿਆ, ਨਸਲੀ ਸਫ਼ਾਇਅ ਕੀਤਾ ਗਿਆ ਅਤੇ ਉਨ੍ਹਾਂ ਨੂੰ  ਬੰਦ ਬਸਤੀਆਂ 'ਚ ਡੱਕ ਦਿੱਤਾ ਗਿਆ, ਤਾਂ ਇਕ ਨਵੇਂ ਮੁਲਕ ਦਾ ਜਨਮ ਹੋ ਗਿਆ। ਇਸਦਾ ਜਸ਼ਨ 'ਧਰਤ-ਵਿਹੂਣੇ ਲੋਕਾਂ ਲਈ ਲੋਕ-ਵਿਹੂਣੀ ਧਰਤ' ਵਜੋਂ ਮਨਾਇਆ ਗਿਆ ਸੀ। ਇਜ਼ਰਾਈਲ ਨਾਂ ਦੇ ਪ੍ਰਮਾਣੂ ਤਾਕਤ ਨਾਲ ਲੈਸ ਰਾਜ ਨੇ ਅਮਰੀਕਾ ਅਤੇ ਯੂਰਪ ਲਈ ਫ਼ੌਜੀ ਚੌਕੀ ਅਤੇ ਮੱਧ ਪੂਰਬ ਦੀ ਕੁਦਰਤੀ ਦੌਲਤ ਤੇ ਸਰੋਤਾਂ ਲਈ ਲਾਂਘੇ ਦਾ ਕੰਮ ਕਰਨਾ ਸੀ। ਨਿਸ਼ਾਨਿਆਂ ਅਤੇ ਉਦੇਸ਼ਾਂ ਦਾ ਇਕ ਮਨਮੋਹਣਾ ਸੰਯੋਗ। 

ਭਾਵੇਂ ਇਸਨੇ ਕੋਈ ਵੀ ਜੁਰਮ ਕੀਤੇ ਹੋਣ,  ਨਵੇਂ ਰਾਜ ਨੂੰ ਬੇਝਿਜਕ ਅਤੇ ਨਿਧੜਕ ਹੋ ਕੇ ਹਥਿਆਰ ਅਤੇ ਪੈਸਾ ਦਿੱਤਾ ਗਿਆ, ਇਸ ਨੂੰ  ਲਾਡ ਨਾਲ ਪਾਲਿਆ ਗਿਆ ਅਤੇ ਵਡਿਆਇਆ ਗਿਆ। ਇਹ ਕਿਸੇ ਅਮੀਰ ਘਰ 'ਚ ਪਲੇ ਐਸੇ ਬੱਚੇ ਵਾਂਗ ਵੱਡਾ ਹੋਇਆ ਜੋ ਜਦੋਂ ਦੁਸ਼ਟ ਦਰ ਦੁਸ਼ਟ ਕਾਰੇ ਕਰਦਾ ਹੈ ਤਾਂ ਮਾਪੇ ਫਖ਼ਰ ਨਾਲ ਮੁਸਕਰਾਉਂਦੇ ਹਨ। ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਅੱਜ ਇਹ ਨਸਲਕੁਸ਼ੀ ਕਰਨ ਬਾਰੇ ਖੁੱਲ੍ਹ ਕੇ ਸ਼ੇਖੀਆਂ ਮਾਰਨ ਲਈ ਸੁਤੰਤਰ ਮਹਿਸੂਸ ਕਰਦਾ ਹੈ। (ਘੱਟੋ ਘੱਟ ਪੈਂਟਾਗਨ ਪੇਪਰ ਗੁਪਤ ਸਨ | ਉਨ੍ਹਾਂ ਨੂੰ  ਚੋਰੀ ਕੀਤਾ ਜਾਣਾ ਸੀ। ਅਤੇ ਉਹ ਲੀਕ ਹੋਣੇ ਸਨ)। 

ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਜ਼ਰਾਈਲੀ ਸਿਪਾਹੀ ਸ਼ਿਸਟਾਚਾਰ ਦੀ ਸਾਰੀ ਭਾਵਨਾ ਨੂੰ  ਤਿਆਗ ਚੁੱਕੇ ਹਨ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਸੋਸ਼ਲ ਮੀਡੀਆ ਉੱਪਰ ਅਜਿਹੀਆਂ ਵੀਡੀਓ ਧੜਾਧੜ ਪਾ ਰਹੇ ਹਨ ਜਿਨ੍ਹਾਂ ਵਿਚ ਉਹ ਉਨ੍ਹਾਂ ਔਰਤਾਂ ਦੇ ਅੰਦਰਲੇ ਕੱਪੜੇ ਪਹਿਨੀਂ ਦਿਸਦੇ ਹਨ ਜਿਹਨਾਂ ਨੂੰ ਉਹਨਾਂ ਮਾਰ ਮੁਕਾਇਆ ਜਾਂ ਉਜਾੜ ਦਿੱਤਾ ਹੈ, ਉਹ ਆਪਣੀਆਂ ਵੀਡੀਓ ਵਿਚ ਮਰ ਰਹੇ ਫ਼ਲਸਤੀਨੀਆਂ ਅਤੇ ਜ਼ਖ਼ਮੀ ਬੱਚਿਆਂ ਤੇ ਉਨ੍ਹਾਂ ਕੈਦੀਆਂ ਦੀਆਂ ਸਾਂਗਾਂ ਲਾਉਂਦੇ ਹਨ ਜਿਨ੍ਹਾਂ ਦਾ ਬਲਾਤਕਾਰ ਕੀਤਾ ਗਿਆ ਅਤੇ ਤਸੀਹੇ ਦਿੱਤੇ ਗਏ ਹਨ | ਇਨ੍ਹਾਂ ਵੀਡੀਓ ਵਿਚ ਉਨ੍ਹਾਂ ਦੀਆਂ ਇਮਾਰਤਾਂ ਨੂੰ  ਉਡਾਉਂਦਿਆਂ ਦੀਆਂ ਤਸਵੀਰਾਂ ਹਨ ਜਦੋਂ ਉਹ ਸਿਗਰਟਾਂ ਪੀ ਰਹੇ ਹੁੰਦੇ ਹਨ ਜਾਂ ਆਪਣੇ ਹੈੱਡਫੋਨ ਉੱਪਰ ਸੰਗੀਤ ਸੁਣ ਰਹੇ ਹੁੰਦੇ ਹਨ। ਇਹ ਲੋਕ ਕੌਣ ਹਨ?

ਇਜ਼ਰਾਈਲ ਜੋ ਕਰ ਰਿਹਾ ਹੈ ਉਸ ਨੂੰ  ਕਿਹੜੀ ਚੀਜ਼ ਜਾਇਜ਼ ਠਹਿਰਾ ਸਕਦੀ ਹੈ?

ਇਜ਼ਰਾਈਲ ਅਤੇ ਇਸ ਦੇ ਜੋਟੀਦਾਰਾਂ, ਅਤੇ ਪੱਛਮੀ ਮੀਡੀਆ ਅਨੁਸਾਰ, ਇਸ ਦਾ ਜਵਾਬ ਹੈ ਪਿਛਲੇ ਸਾਲ 7 ਅਕਤੂਬਰ ਨੂੰ  ਇਜ਼ਰਾਈਲ ਉੱਪਰ ਹਮਾਸ ਦਾ ਹਮਲਾ। ਇਜ਼ਰਾਈਲੀ ਨਾਗਰਿਕਾਂ ਦੇ ਕਤਲ ਅਤੇ ਇਜ਼ਰਾਈਲਆਂ ਨੂੰ ਬੰਧਕ ਬਣਾਉਣਾ। ਉਨ੍ਹਾਂ ਅਨੁਸਾਰ ਇਤਿਹਾਸ ਦੀ ਸ਼ੁਰੂਆਤ ਸਿਰਫ਼ ਇਕ ਸਾਲ ਪਹਿਲਾਂ ਹੀ ਹੋਈ ਸੀ। 

ਇਸ ਲਈ, ਇਹ ਮੇਰੇ ਭਾਸ਼ਣ ਦਾ ਉਹ ਹਿੱਸਾ ਹੈ ਜਿੱਥੇ ਮੇਰੇ ਤੋਂ ਆਪਣੇ ਆਪ ਨੂੰ , ਆਪਣੀ 'ਨਿਰਪੱਖਤਾ', ਆਪਣੇ ਬੌਧਿਕ ਰੁਤਬੇ ਨੂੰ  ਬਚਾਉਣ ਲਈ ਗੋਲਮੋਲ ਗੱਲ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਇਹ ਉਹ ਹਿੱਸਾ ਹੈ ਜਿੱਥੇ ਮੇਰੇ ਤੋਂ ਦੀ ਉਮੀਦ ਕੀਤੀ ਜਾਂਦੀ ਹੈ ਕਿ ਮੈਂ ਨੈਤਿਕ ਸਮਤੋਲ ਬਣਾਵਾਂ ਅਤੇ ਹਮਾਸ ਤੇ ਗਾਜ਼ਾ ਵਿਚਲੇ ਹੋਰ ਖਾੜਕੂ ਗਰੁੱਪਾਂ ਅਤੇ ਲੇਬਨਾਨ ਵਿਚ ਉਨ੍ਹਾਂ ਦੇ ਸੰਗੀ ਹਿਜ਼ਬੁੱਲਾ ਦੀ ਨਾਗਰਿਕਾਂ ਨੂੰ  ਕਤਲ ਕਰਨ ਅਤੇ ਲੋਕਾਂ ਨੂੰ  ਬੰਧਕ ਬਣਾਉਣ ਲਈ ਨਿੰਦਾ ਕਰਨ ਦੀ ਭੁੱਲ ਕਰਾਂ।  ਅਤੇ ਗਾਜ਼ਾ ਦੇ ਲੋਕਾਂ ਦੀ ਨਿੰਦਾ ਕਰਨ ਦੀ ਭੁੱਲ ਕਰਾਂ ਜਿਨ੍ਹਾਂ ਨੇ ਹਮਾਸ ਦੇ ਹਮਲੇ ਦੇ ਜਸ਼ਨ ਮਨਾਏ। ਇਕ ਵਾਰ ਇਸ ਤਰ੍ਹਾਂ ਕਰ ਲੈਣ 'ਤੇ ਇਹ ਸਭ ਸੌਖਾ ਹੋ ਜਾਂਦਾ ਹੈ, ਹੈ ਨਾ? ਆਹ। ਹਰ ਕੋਈ ਭਿਆਨਕ ਹੈ, ਕੋਈ ਕੀ ਕਰ ਸਕਦਾ ਹੈ? ਛੱਡੋ ਪਰਾਂ!, ਆਓ ਆਪਾਂ ਸ਼ਾਪਿੰਗ ਕਰਦੇ ਹਾਂ...!

ਮੈਂ ਨਿੰਦਾ ਦੀ ਖੇਡ ਖੇਡਣ ਤੋਂ ਇਨਕਾਰ ਕਰਦੀ ਹਾਂ। ਮੈਂ ਆਪਣੀ ਗੱਲ ਸਪਸ਼ਟ ਕਰ ਦਿਆਂ। ਮੈਂ ਲਤਾੜੇ ਹੋਏ ਲੋਕਾਂ ਨੂੰ  ਇਹ ਨਹੀਂ ਦੱਸਦੀ ਕਿ ਉਹ ਆਪਣੇ ਉੱਪਰ ਜਬਰ-ਜ਼ੁਲਮ ਦਾ ਵਿਰੋਧ ਕਿਵੇਂ ਕਰਨ ਜਾਂ ਉਨ੍ਹਾਂ ਦੇ ਸੰਗੀ ਕੌਣ ਹੋਣੇ ਚਾਹੀਦੇ ਹਨ। 

ਅਕਤੂਬਰ 2023 'ਚ ਅਮਰੀਕੀ ਰਾਸ਼ਟਰਪਤੀ ਜੋਏ ਬਾਇਡੇਨ ਨੇ ਇਜ਼ਰਾਈਲ ਦਾ ਦੌਰਾ ਕਰਨ ਸਮੇਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਇਜ਼ਰਾਈਲ ਦੀ ਯੁੱਧ ਕੈਬਨਿਟ ਨਾਲ ਮੁਲਾਕਾਤ ਕੀਤੀ ਸੀ ਤਾਂ ਉਸ ਨੇ ਕਿਹਾ ਸੀ, ''ਮੈਂ ਨਹੀਂ ਸਮਝਦਾ ਕਿ ਜ਼ਾਇਓਨਿਸਟ ਬਣਨ ਲਈ ਤੁਹਾਡਾ ਯਹੂਦੀ ਹੋਣਾ ਜ਼ਰੂਰੀ ਹੈ, ਅਤੇ ਮੈਂ ਜ਼ਾਇਓਨਿਸਟ ਹਾਂ।''

ਰਾਸ਼ਟਰਪਤੀ ਜੋਏ ਬਾਇਡਨ ਦੇ ਐਨ ਉਲਟ, ਜੋ ਆਪਣੇ ਆਪ ਨੂੰ  ਗ਼ੈਰ-ਯਹੂਦੀ ਜ਼ਾਇਓਨਿਸਟ ਕਹਿੰਦਾ ਹੈ ਅਤੇ ਜੰਗੀ ਜੁਰਮਾਂ ਨੂੰ  ਅੰਜਾਮ ਦੇ ਰਹੇ ਇਜ਼ਰਾਇਲ ਨੂੰ  ਬੇਝਿਜਕ ਹੋ ਕੇ ਧਨ ਅਤੇ ਹਥਿਆਰ ਦੇ ਰਿਹਾ ਹੈ, ਮੈਂ ਖ਼ੁਦ ਨੂੰ  ਕਿਸੇ ਵੀ ਰੂਪ 'ਚ ਅਜਿਹਾ ਐਲਾਨ ਨਹੀਂ ਕਰਨ ਜਾ ਰਹੀ ਜਾਂ ਪ੍ਰੀਭਾਸ਼ਤ ਨਹੀਂ ਕਰਨ ਜਾ ਰਹੀ ਜੋ ਮੇਰੀ ਲਿਖਤ ਦੇ ਮੁਕਾਬਲੇ ਸੰਕੀਰਣ ਹੋਵੇ।  ਮੈਂ ਉਹੀ ਹਾਂ ਜੋ ਮੈਂ ਲਿਖਦੀ ਹਾਂ।

ਮੈਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਮੈਂ ਜੋ ਲੇਖਿਕਾ ਹਾਂ, ਮੈਂ ਜੋ ਗ਼ੈਰ-ਮੁਸਲਮਾਨ ਹਾਂ ਅਤੇ ਮੈਂ ਜੋ ਔਰਤ ਹਾਂ, ਉਹ ਹੋਣ ਦੇ ਨਾਤੇ ਮੇਰੇ ਲਈ ਹਮਾਸ, ਹਿਜ਼ਬੁੱਲਾ ਜਾਂ ਈਰਾਨੀ ਹਕੂਮਤ ਦੇ ਅਧੀਨ ਬਹੁਤ ਲੰਬੇ ਸਮੇਂ ਤੱਕ ਜ਼ਿੰਦਾ ਰਹਿਣਾ ਬਹੁਤ ਮੁਸ਼ਕਲ, ਸ਼ਾਇਦ ਅਸੰਭਵ ਹੋਵੇਗਾ | ਪਰ ਇੱਥੇ ਮੁੱਦਾ ਇਹ ਨਹੀਂ ਹੈ | ਮੁੱਦਾ ਇਹ ਹੈ ਕਿ ਅਸੀਂ ਆਪਣੇ ਆਪ ਨੂੰ  ਇਤਿਹਾਸ ਅਤੇ ਉਨ੍ਹਾਂ ਹਾਲਾਤ ਬਾਰੇ ਸਿੱਖਿਅਤ ਕਰੀਏ ਜਿਨ੍ਹਾਂ ਦੇ ਤਹਿਤ ਉਹ ਹੋਂਦ ਵਿਚ ਆਏ | ਮੁੱਦਾ ਇਹ ਹੈ ਕਿ ਇਸ ਵੇਲੇ ਉਹ ਇਕ ਚੱਲ ਰਹੀ ਨਲਕੁਸ਼ੀ ਵਿਰੁੱਧ नहीं ਰਹੇ ਹਨ | ਮੁੱਦਾ ਆਪਣੇ ਆਪ ਨੂੰ  ਇਹ ਪੁੱਛਣਾ ਹੈ ਕਿ ਕੀ ਇਕ ਉਦਾਰ, ਧਰਮਨਿਰਪੱਖ ਲੜਾਕੂ ਤਾਕਤ ਇਕ ਨਲਕੁਸ਼ੀ ਕਰਨ ਵਾਲੀ ਜੰਗੀ ਮਸ਼ੀਨ ਦੇ ਵਿਰੁੱਧ ਖੜ੍ਹ ਸਕਦੀ ਹੈ | ਕਿਉਂਕਿ, ਜਦੋਂ ਸੰਸਾਰ ਦੀਆਂ ਸਾਰੀਆਂ ਤਾਕਤਾਂ ਉਨ੍ਹਾਂ ਦੇ ਵਿਰੁੱਧ ਹਨ, ਤਾਂ ਉਹ ਰੱਬ ਤੋਂ ਇਲਾਵਾ ਹੋਰ ਕਿਸ ਕੋਲ ਜਾਣ? ਮੈਂ ਜਾਣਦੀ ਹਾਂ ਕਿ ਹਿਜ਼ਬੁੱਲਾ ਅਤੇ ਈਰਾਨੀ ਹਕੂਮਤ ਦੇ ਉਨ੍ਹਾਂ ਦੇ ਆਪਣੇ ਮੁਲਕਾਂ ਵਿਚ ਖੁੱਲ੍ਹੇ ਆਲੋਚਕ ਹਨ, ਜਿਨ੍ਹਾਂ ਵਿੱਚੋਂ ਕੁਝ ਜੇਲ੍ਹਾਂ ਵਿਚ ਵੀ ਸੜ ਰਹੇ ਹਨ ਜਾਂ ਉਨ੍ਹਾਂ ਨੂੰ  ਬਹੁਤ ਹੀ ਮਾੜੇ ਨਤੀਜੇ ਭੁਗਤਣੇ ਪਏ ਹਨ | ਮੈਂ ਜਾਦੀ ਹਾਂ ਕਿ ਉਨ੍ਹਾਂ ਦੀਆਂ ਕੁਝ ਕਾਰਵਾਈਆਂ - जी ਅਕਤੂਬਰ ਨੂੰ  ਹਮਾਸ ਵੱਲੋਂ ਨਾਗਰਿਕਾਂ ਦੇ ਕਤਲ ਅਤੇ ਉਨ੍ਹਾਂ ਨੂੰ  ਅਗਵਾ ਕਰਨਾ - ਜੰਗੀ ਜੁਰਮ ਹਨ | ਹਾਲਾਂਕਿ, ਇਸ ਨੂੰ  ਅਤੇ ਇਜ਼ਰਾਈਲ ਤੇ ਸੰਯੁਕਤ ਰਾਜ ਅਮਰੀਕਾ ਗਾਜ਼ਾ, ਪੱਛਮੀ ਕੰਢੇ ਅਤੇ ਹੁਣ ਲੇਬਨਾਨ ਵਿਚ ਜੋ ਕਰ ਰਹੇ ਹਨ, ਉਨ੍ਹਾਂ ਨੂੰ  ਇੱਕੋ ਪੱਲੜੇ ਵਿਚ ਨਹੀਂ ਰੱਖਿਆ ਜਾ ਸਕਦਾ | 7 ਅਕਤੂਬਰ ਦੀ ਹਿੰਸਾ ਸਮੇਤ ਸਾਰੀ ਹਿੰਸਾ ਦੀ ਜੜ੍ਹ ਫ਼ਲਸਤੀਨੀ ਜ਼ਮੀਨ ਉੱਪਰ ਇਜ਼ਰਾਈਲ ਦਾ ਕਬਜ਼ਾ ਅਤੇ ਫ਼ਲਸਤੀਨੀ ਲੋਕਾਂ ਨੂੰ  ਆਪਣੇ ਅਧੀਨ ਕਰਨਾ ਹੈ | ਇਤਿਹਾਸ 7 ਅਕਤੂਬਰ 2023 ਨੂੰ  ਸ਼ੁਰੂ ਨਹੀਂ ਸੀ ਹੋਇਆ। 

ਮੈਂ ਤੁਹਾਨੂੰ ਪੁੱਛਦੀ ਹਾਂ ਕਿ ਇਸ ਹਾਲ ਵਿਚ ਮੌਜੂਦ ਸਾਡੇ ਵਿੱਚੋਂ ਕੌਣ ਆਪਣੀ ਇੱਛਾ ਨਾਲ ਉਸ ਅਪਮਾਨ ਨੂੰ  ਸਵੀਕਾਰ ਕਰੇਗਾ ਜੋ ਗਾਜ਼ਾ ਅਤੇ ਪੱਛਮੀ ਕੰਢੇ ਵਿਚ ਫ਼ਲਸਤੀਨੀਆਂ ਨੂੰ  ਦਹਾਕਿਆਂ ਤੋਂ ਝੱਲਣਾ ਪੈ ਰਿਹਾ ਹੈ? ਫ਼ਲਸਤੀਨੀ ਲੋਕਾਂ ਨੇ ਕਿਹੜੇ ਸ਼ਾਂਤੀਪੂਰਨ ਸਾਧਨ ਨਹੀਂ ਅਜ਼ਮਾਏ? ਉਨ੍ਹਾਂ ਨੇ ਕਿਹੜਾ ਸਮਝੌਤਾ ਸਵੀਕਾਰ ਨਹੀਂ ਕੀਤਾ - ਗੋਡਿਆਂ ਭਾਰ ਹੋ ਕੇ ਰੀਂਗਣ ਅਤੇ ਗੰਦਗੀ ਖਾਣ ਤੋਂ ਸਿਵਾਏ?

ਇਜ਼ਰਾਈਲ ਸਵੈ-ਰੱਖਿਆ ਦੀ ਲੜਾਈ ਨਹੀਂ ਲੜ ਰਿਹਾ। ਇਹ ਹਮਲਾਵਰ ਯੁੱਧ ਲੜ ਰਿਹਾ ਹੈ। ਹੋਰ ਜ਼ਿਆਦਾ ਖੇਤਰ ਉੱਪਰ ਕਬਜ਼ਾ ਕਰਨ, ਆਪਣੇ ਰੰਗਭੇਦ ਦੇ ਤੰਤਰ ਨੂੰ  ਮਜ਼ਬੂਤ ਕਰਨ ਅਤੇ ਫ਼ਲਸਤੀਨੀ ਲੋਕਾਂ ਤੇ ਖੇਤਰ ਉੱਪਰ ਆਪਣਾ ਕੰਟਰੋਲ ਮਜ਼ਬੂਤ ਕਰਨ ਲਈ ਯੁੱਧ।

07 ਅਕਤੂਬਰ 2023 ਤੋਂ ਲੈ ਕੇ, ਇਸ ਵੱਲੋਂ ਮਾਰੇ ਗਏ ਦਹਿ-ਹਜ਼ਾਰਾਂ ਲੋਕਾਂ ਤੋਂ ਇਲਾਵਾ, ਇਜ਼ਰਾਈਲ ਨੇ ਗਾਜ਼ਾ ਦੀ ਬਹੁਗਿਣਤੀ ਆਬਾਦੀ ਨੂੰ  ਕਈ ਵਾਰ ਉਜਾੜਿਆ ਹੈ। ਇਸ ਨੇ ਹਸਪਤਾਲਾਂ ਉੱਪਰ ਬੰਬ ਸੁੱਟੇ ਹਨ। ਇਸ ਨੇ ਜਾਣਬੁੱਝ ਕੇ ਡਾਕਟਰਾਂ, ਸਹਾਇਤਾ ਕਰਮਚਾਰੀਆਂ ਅਤੇ ਪੱਤਰਕਾਰਾਂ ਨੂੰ  ਨਿਸ਼ਾਨਾ ਬਣਾਇਆ ਅਤੇ ਮਾਰਿਆ। ਪੂਰੀ ਆਬਾਦੀ ਭੁੱਖ ਨਾਲ ਮਰ ਰਹੀ ਹੈ- ਉਨ੍ਹਾਂ ਦੇ ਇਤਿਹਾਸ ਨੂੰ  ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁਨੀਆ ਦੀਆਂ ਸਭ ਤੋਂ ਅਮੀਰ, ਸਭ ਤੋਂ ਤਾਕਤਵਰ ਸਰਕਾਰਾਂ ਇਸ ਸਭ ਕਾਸੇ ਦੀ ਨੈਤਿਕ ਅਤੇ ਪਦਾਰਥ ਮੱਦਦ ਕਰ ਰਹੀਆਂ ਹਨ। ਅਤੇ ਉਨ੍ਹਾਂ ਦਾ ਮੀਡੀਆ ਵੀ। (ਇਸ ਵਿਚ ਮੈਂ ਆਪਣੇ ਮੁਲਕ, ਭਾਰਤ ਨੂੰ ਵੀ ਸ਼ਾਮਲ ਕਰਦੀ ਹਾਂ ਜੋ ਇਜ਼ਰਾਇਲ ਨੂੰ ਹਥਿਆਰ ਸਪਲਾਈ ਕਰਨ ਦੇ ਨਾਲ-ਨਾਲ ਹਜ਼ਾਰਾਂ ਕਾਮੇ ਵੀ ਭੇਜ ਰਿਹਾ ਹੈ।) ਇਨ੍ਹਾਂ ਮੁਲਕਾਂ ਅਤੇ ਇਜ਼ਰਾਈਲ ਦਰਮਿਆਨ ਕੋਈ ਫ਼ਰਕ ਨਹੀਂ ਸਿਰਫ਼ ਪਿਛਲੇ ਸਾਲ ਵਿਚ ਹੀ ਅਮਰੀਕਾ ਨੇ ਇਜ਼ਰਾਈਲ ਦੀ ਫ਼ੌਜੀ ਮੱਦਦ 'ਚ 17.9 ਅਰਬ ਡਾਲਰ ਖ਼ਰਚ ਕੀਤੇ ਹਨ।  ਇਸ ਲਈ, ਆਓ ਆਪਾਂ ਅਮਰੀਕਾ ਬਾਰੇ ਇਸ ਝੂਠ ਤੋਂ ਹਮੇਸ਼ਾ-ਹਮੇਸ਼ਾ ਲਈ ਖਹਿੜਾ ਛੁਡਾ ਲਈਏ ਕਿ ਇਸ ਦੀ ਭੂਮਿਕਾ ਵਿਚੋਲਗੀ ਕਰਨ ਵਾਲੇ, ਰੋਕਣ ਵਾਲੇ ਰਸੂਖ਼ਵਾਨ, ਜਾਂ 'ਜੰਗਬੰਦੀ ਲਈ ਅਣਥੱਕ ਮਿਹਨਤ ਕਰਨ' ਦੀ ਹੈ ਜਿਵੇਂ ਕਿ ਅਲੈਗਜ਼ੈਂਡਰੀਆ ਓਕਾਸੀਓ-ਕੋਰਟੇਜ ਨੇ ਕਿਹਾ (ਜਿਸ ਨੂੰ  ਮੁੱਖਧਾਰਾ ਦੀ ਅਮਰੀਕਨ ਰਾਜਨੀਤੀ ਦਾ ਅਤਿ ਖੱਬੇਪੱਖੀ ਮੰਨਿਆ ਜਾਂਦਾ ਹੈ)। ਨਸਲਕੁਸ਼ੀ ਦਾ ਹਿੱਸਾ ਬਣੀ ਧਿਰ ਵਿਚੋਲੀ ਨਹੀਂ ਹੋ ਸਕਦੀ। 

ਕੁਲ ਤਾਕਤ ਅਤੇ ਧਨ, ਧਰਤੀ ਉੱਪਰਲੇ ਸਾਰੇ ਹਥਿਆਰ ਅਤੇ ਪ੍ਰਚਾਰ ਹੁਣ ਜ਼ਖ਼ਮ ਨੂੰ  ਲੁਕੋ ਨਹੀਂ ਸਕਦੇ ਜੋ ਫ਼ਲਸਤੀਨ ਹੈ। ਉਹ ਜ਼ਖ਼ਮ ਜਿਸ ਵਿੱਚੋਂ ਇਜ਼ਰਾਈਲ ਸਮੇਤ ਪੂਰੀ ਦੁਨੀਆ ਲਹੂ ਵਹਾ ਰਹੀ ਹੈ।

ਸਰਵੇਖਣ ਦਰਸਾਉਂਦੇ ਹਨ ਕਿ ਜਿਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਨੇ ਇਜ਼ਰਾਈਲ ਨੂੰ  ਨਸਲਕੁਸ਼ੀ ਕਰਨ ਦੇ ਸਮਰੱਥ ਬਣਾਇਆ ਹੈ, ਉਨ੍ਹਾਂ ਦੇ ਬਹੁਗਿਣਤੀ ਨਾਗਰਿਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਸ ਨਾਲ ਸਹਿਮਤ ਨਹੀਂ ਹਨ। ਅਸੀਂ ਲੱਖਾਂ ਲੋਕਾਂ ਦੇ ਜਲੂਸ ਦੇਖੇ ਹਨ–ਜਿਨ੍ਹਾਂ ਵਿਚ ਯਹੂਦੀਆਂ ਦੀ ਨੌਜਵਾਨ ਪੀੜ੍ਹੀ ਵੀ ਸ਼ਾਮਲ ਹੈ ਜੋ ਵਰਤੇ ਜਾਣ ਤੋਂ, ਝੂਠ ਬੋਲਣ ਤੋਂ ਅੱਕ ਗਈ ਹੈ। ਕਿਸ ਨੇ ਕਲਪਨਾ ਕੀਤੀ ਹੋਵੇਗੀ ਕਿ ਅਸੀਂ ਉਹ ਦਿਨ ਦੇਖਣ ਲਈ ਜ਼ਿੰਦਾ ਰਹਾਂਗੇ ਜਦੋਂ ਜਰਮਨ ਪੁਲਿਸ ਇਜ਼ਰਾਈਲ ਅਤੇ ਜ਼ਾਇਓਨਿਜ਼ਮ ਦਾ ਵਿਰੋਧ ਕਰਨ ਬਦਲੇ ਯਹੂਦੀ ਨਾਗਰਿਕਾਂ ਨੂੰ ਗਿ੍ਫ਼ਤਾਰ ਕਰੇਗੀ ਅਤੇ ਉਨ੍ਹਾਂ ਉੱਪਰ ਯਹੂਦੀ-ਵਿਰੋਧੀ ਹੋਣ ਦਾ ਦੋਸ਼ ਲਗਾਏਗੀ? ਕਿਸ ਨੇ ਸੋਚਿਆ ਹੋਵੇਗਾ ਕਿ ਅਮਰੀਕਨ ਸਰਕਾਰ ਇਜ਼ਰਾਈਲੀ ਰਾਜ ਦੀ ਸੇਵਾ 'ਚ, ਫ਼ਲਸਤੀਨ ਪੱਖੀ ਨਾਅਰਿਆਂ 'ਤੇ ਪਾਬੰਦੀ ਲਾ ਕੇ ਸੁਤੰਤਰ ਭਾਸ਼ਣ ਦੇ ਆਪਣੇ ਮੂਲ ਸਿਧਾਂਤ ਨੂੰ ਕਮਜ਼ੋਰ ਕਰ ਦੇਵੇਗੀ? ਕੁਝ ਮਾਣਯੋਗ ਅੱਪਵਾਦਾਂ ਨੂੰ  ਛੱਡ ਕੇ ਪੱਛਮੀ ਲੋਕਤੰਤਰਾਂ ਦਾ ਅਖਾਉਤੀ ਨੈਤਿਕ ਢਾਂਚਾ ਬਾਕੀ ਦੁਨੀਆ ਵਿਚ ਇਕ ਗੰਭੀਰ ਮਜ਼ਾਕ ਦਾ ਵਿਸ਼ਾ ਬਣ ਗਿਆ ਹੈ। 

ਜਦੋਂ ਬੈਂਜਾਮਿਨ ਨੇਤਨਯਾਹੂ ਮੱਧ ਪੂਰਬ ਦਾ ਇਕ ਨਕਸ਼ਾ ਪੇਸ਼ ਕਰਦਾ ਹੈ ਜਿਸ ਵਿਚ ਫ਼ਲਸਤੀਨ ਨੂੰ  ਮਿਟਾ ਦਿੱਤਾ ਗਿਆ ਹੈ ਅਤੇ ਇਜ਼ਰਾਈਲ ਨਦੀ ਤੋਂ ਸਮੁੰਦਰ ਤੱਕ ਫੈਲਿਆ ਹੋਇਆ ਹੈ, ਤਾਂ ਉਸ ਨੂੰ  ਅਜਿਹੇ ਦੂਰਅੰਦੇਸ਼ ਵਜੋਂ ਵਡਿਆਇਆ ਜਾਂਦਾ ਹੈ ਜੋ ਯਹੂਦੀ ਵਤਨ ਦਾ ਸੁਪਨਾ ਸਾਕਾਰ ਕਰਨ ਲਈ ਕੰਮ ਕਰ ਰਿਹਾ ਹੈ।

ਪਰ ਜਦੋਂ ਫ਼ਲਸਤੀਨੀ ਅਤੇ ਉਨ੍ਹਾਂ ਦੇ ਹਮਾਇਤੀ 'ਨਦੀ ਤੋਂ ਲੈ ਕੇ ਸਮੁੰਦਰ ਤੱਕ, ਫ਼ਲਸਤੀਨ ਹੋਵੇਗਾ ਆਜ਼ਾਦ' ਦਾ ਨਾਅਰਾ ਲਾਉਂਦੇ ਹਨ ਤਾਂ ਉਨ੍ਹਾਂ ਉੱਪਰ ਯਹੂਦੀਆਂ ਦੀ ਨਲਕੁਸ਼ੀ ਦਾ ਖੁੱਲ੍ਹੇਆਮ ਸੱਦਾ ਦੇਣ ਦਾ ਦੋਸ਼ ਲਗਾਇਆ ਜਾਂਦਾ ਹੈ |

ਕੀ ਉਹ ਸੱਚਮੁੱਚ ਹਨ? ਜਾਂ ਕੀ ਇਹ ਇਕ ਰੋਗੀ ਕਲਪਨਾ ਹੈ ਜੋ ਆਪਣਾ ਹਨੇਰਾ ਦੂਜਿਆਂ ਉੱਪਰ ਪਾ ਰਹੀ ਹੈ? ਕਲਪਨਾ ਜੋ ਵੰਨ-ਸੁਵੰਨਤਾ ਨੂੰ  ਸਵੀਕਾਰ ਨਹੀਂ ਕਰ ਸਕਦੀ, ਉਹ ਬਰਾਬਰ ਹੱਕਾਂ ਤਹਿਤ ਹੋਰ ਲੋਕਾਂ ਦੇ ਨਾਲ ਇਕ ਮੁਲਕ ਵਿਚ ਰਹਿਣ ਦੇ ਵਿਚਾਰ ਨੂੰ ਸਵੀਕਾਰ ਨਹੀਂ ਕਰ ਸਕਦੀ। ਜਿਵੇਂ ਦੁਨੀਆ ਵਿਚ ਹਰ ਕੋਈ ਸਵੀਕਾਰ ਕਰਦਾ ਹੈ। ਅਜਿਹੀ ਕਲਪਨਾ ਜੋ ਇਹ ਸਵੀਕਾਰ ਕਰਨ ਜੋਗੀ ਨਹੀਂ ਹੈ ਕਿ ਫ਼ਲਸਤੀਨੀ ਆਜ਼ਾਦ ਹੋਣਾ ਚਾਹੁੰਦੇ ਹਨ, ਦੱਖਣੀ ਅਫ਼ਰੀਕਾ ਦੀ ਤਰ੍ਹਾਂ, ਭਾਰਤ ਦੀ ਤਰ੍ਹਾਂ, ਹੋਰ ਸਾਰੇ ਮੁਲਕਾਂ ਦੀ ਤਰ੍ਹਾਂ ਜਿਨ੍ਹਾਂ ਨੇ ਬਸਤੀਵਾਦ ਦਾ ਜੂਲਾ ਲਾਹ ਸੁੱਟਿਆ ਹੈ। ਮੁਲਕ ਜੋ ਵੰਨਸੁਵੰਨਤਾ ਵਾਲੇ, ਗਹਿਰਾਈ 'ਚ, ਹੋ ਸਕਦਾ ਹੈ ਘਾਤਕ ਰੂਪ 'ਚ ਨੁਕਸਦਾਰ ਹੋਣ, ਪਰ ਆਜ਼ਾਦ ਹਨ। ਜਦੋਂ ਦੱਖਣੀ ਅਫ਼ਰੀਕੀ ਆਪਣਾ ਹਰਮਨ ਪਿਆਰਾ ਇਕਜੁੱਟਤਾ ਨਾਅਰਾ, ਅਮੰਡਲਾ! ਸੱਤਾ ਲੋਕਾਂ ਨੂੰ , ਲਗਾ ਰਹੇ ਸਨ, ਕੀ ਉਹ ਗੋਰੇ ਲੋਕਾਂ ਦੀ ਨਲਕੁਸ਼ੀ ਦਾ ਸੱਦਾ ਦੇ ਰਹੇ ਸਨ? ਉਹ ਨਹੀਂ ਦੇ ਰਹੇ ਸਨ। ਉਹ ਨਸਲੀ ਰੰਗਭੇਦੀ ਰਾਜ ਨੂੰ  ਖ਼ਤਮ ਕਰਨ ਦੀ ਮੰਗ ਕਰ ਰਹੇ ਸਨ। ਜਿਵੇਂ ਫ਼ਲਸਤੀਨੀ ਕਰ ਰਹੇ ਹਨ। 

ਹੁਣ ਜੋ ਯੁੱਧ ਸ਼ੁਰੂ ਹੋ ਚੁੱਕਾ ਹੈ, ਉਹ ਭਿਆਨਕ ਹੋਵੇਗਾ। ਪਰ ਆਿਖ਼ਰਕਾਰ ਇਹ ਇਜ਼ਰਾਈਲ ਦੇ ਰੰਗਭੇਦ ਨੂੰ  ਖ਼ਤਮ ਕਰ ਦੇਵੇਗਾ। ਸਾਰੀ ਦੁਨੀਆ ਸਾਰਿਆਂ ਲਈ ਕਿਤੇ ਜ਼ਿਆਦਾ ਸੁਰੱਖਿਅਤ ਹੋਵੇਗੀ-ਜਿਸ ਵਿਚ ਯਹੂਦੀ ਲੋਕ ਵੀ ਸ਼ਾਮਲ ਹਨ-ਅਤੇ ਕਿਤੇ ਜ਼ਿਆਦਾ ਨਿਆਂਪੂਰਨ ਵੀ। ਇਹ ਸਾਡੇ ਜ਼ਖ਼ਮੀਂ ਦਿਲ 'ਚੋਂ ਤੀਰ ਕੱਢਣ ਸਮਾਨ ਹੋਵੇਗਾ।

ਜੇ ਅਮਰੀਕਨ ਸਰਕਾਰ ਇਜ਼ਰਾਈਲ ਨੂੰ ਦਿੱਤੀ ਜਾ ਰਹੀ ਹਮਾਇਤ ਵਾਪਸ ਲੈ ਲੈਂਦੀ ਹੈ, ਤਾਂ ਯੁੱਧ ਅੱਜ ਹੀ ਬੰਦ ਹੋ ਸਕਦਾ ਹੈ। ਇਸੇ ਪਲ ਹੀ ਦੁਸ਼ਮਣੀਆਂ ਖ਼ਤਮ ਹੋ ਸਕਦੀਆਂ ਹਨ। ਇਜ਼ਰਾਈਲੀ ਬੰਧਕਾਂ ਨੂੰ ਰਿਹਾ ਕਰਾਇਆ ਜਾ ਸਕਦਾ ਹੈ, ਫ਼ਲਸਤੀਨੀ ਕੈਦੀਆਂ ਨੂੰ ਰਿਹਾ ਕਰਾਇਆ ਜਾ ਸਕਦਾ ਹੈ। ਹਮਾਸ ਅਤੇ ਹੋਰ ਫ਼ਲਸਤੀਨੀ ਹਿੱਸੇਦਾਰਾਂ ਨਾਲ ਜੋ ਗੱਲਬਾਤ ਯੁੱਧ ਤੋਂ ਬਾਅਦ ਲਾਜ਼ਮੀ ਤੌਰ 'ਤੇ ਹੋਣੀ ਹੈ, ਉਹ ਹੁਣ ਹੋ ਸਕਦੀ ਹੈ ਅਤੇ ਲੱਖਾਂ ਲੋਕਾਂ ਦੇ ਸੰਤਾਪ ਨੂੰ  ਰੋਕ ਸਕਦੀ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਜ਼ਿਆਦਾਤਰ ਲੋਕ ਇਸ ਨੂੰ ਇਕ ਸਿੱਧੜ, ਹਾਸੋਹੀਣੀ ਤਜਵੀਜ਼ ਮੰਨਣਗੇ। 

ਆਲਾ ਅਬਦ ਅਲ-ਫਤਾਹ, ਆਪਣੀ ਗੱਲ ਸਮੇਟਦੇ ਹੋਏ ਮੈਨੂੰ ਆਪਣੀ ਜੇਲ੍ਹ 'ਚ ਲਿਖੀ ਕਿਤਾਬ आप अभी तक पराजित नहीं हुए हैं (ਤੁਸੀਂ ਅਜੇ ਤੱਕ ਹਾਰੇ ਨਹੀਂ ਹੋ) ਦੇ ਸ਼ਬਦਾਂ ਵੱਲ ਮੁੜਨ ਦੀ ਇਜਾਜ਼ਤ ਦਿਓ। ਮੈਂ ਜਿੱਤ ਅਤੇ ਹਾਰ ਦੇ ਅਰਥ-ਅਤੇ ਅੱਖਾਂ ਵਿਚ ਈਮਾਨਦਾਰੀ ਨਾਲ ਨਿਰਾਸ਼ਾ ਨੂੰ ਦੇਖਣ ਦੀ ਰਾਜਨੀਤਕ ਜ਼ਰੂਰਤ ਬਾਰੇ ਅਜਿਹੇ ਖ਼ੂਬਸੂਰਤ ਸ਼ਬਦ ਘੱਟ ਹੀ ਪੜ੍ਹੇ ਹਨ। ਮੈਂ ਅਜਿਹਾ ਲਿਖਿਆ ਘੱਟ ਹੀ ਦੇਖਿਆ ਹੈ ਜਿਸ ਵਿਚ ਇਕ ਨਾਗਰਿਕ ਆਪਣੇ ਆਪ ਨੂੰ  ਰਾਜ ਤੋਂ, ਜਰਨੈਲਾਂ ਤੋਂ ਅਤੇ ਇੱਥੋਂ ਤੱਕ ਕਿ ਚੌਕ ਦੇ ਨਾਅਰਿਆਂ ਤੋਂ ਟੱਲੀ ਵਰਗੀ ਟੁਣਕਾਰ ਨਾਲ ਵੱਖ ਕਰਦਾ ਹੈ। 

''ਕੇਂਦਰ ਵਿਸ਼ਵਾਸਘਾਤ ਹੈ ਕਿਉਂਕਿ ਇਸ ਵਿਚ ਜਗਾ੍ਹ ਸਿਰਫ਼ ਜਰਨੈਲ ਲਈ ਹੈ...ਕੇਂਦਰ ਵਿਸ਼ਵਾਸਘਾਤ ਹੈ ਅਤੇ ਮੈਂ ਕਦੇ ਵੀ ਗ਼ੱਦਾਰ ਨਹੀਂ ਰਿਹਾ। ਉਹ ਸੋਚਦੇ ਹਨ ਕਿ ਉਨ੍ਹਾਂ ਨੇ ਸਾਨੂੰ ਹਾਸ਼ੀਏ 'ਤੇ ਧੱਕ ਦਿੱਤਾ ਹੈ। ਉਨ੍ਹਾਂ ਨੂੰ  ਇਹ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਇਸ ਨੂੰ ਕਦੇ ਵੀ ਨਹੀਂ ਛੱਡਿਆ, ਬਸ ਥੋੜ੍ਹੇ ਚਿਰ ਲਈ ਇਹ ਸਾਡੇ ਤੋਂ ਖੁੱਸ ਗਿਆ। ਨਾ ਵੋਟ ਬਕਸੇ, ਨਾ ਮਹਿਲ, ਨਾ ਮੰਤਰਾਲੇ, ਨਾ ਹੀ ਜੇਲ੍ਹਾਂ, ਇੱਥੋਂ ਤੱਕ ਕਿ ਕਬਰਾਂ ਵੀ ਸਾਡੇ ਸੁਪਨਿਆਂ ਨੂੰ  ਪੂਰਾ ਕਰਨ ਲਈ ਕਾਫ਼ੀ ਵੱਡੀਆਂ ਹਨ। ਅਸੀਂ ਕਦੇ ਵੀ ਕੇਂਦਰ ਨਹੀਂ ਚਾਹਿਆ ਕਿਉਂਕਿ ਇਸ ਵਿਚ ਸੁਪਨਾ ਤਿਆਗ ਦੇਣ ਵਾਲਿਆਂ ਤੋਂ ਸਿਵਾਏ ਹੋਰ ਕਿਸੇ ਲਈ ਜਗ੍ਹਾ ਨਹੀਂ ਹੈ। ਇੱਥੋਂ ਤੱਕ ਕਿ ਚੌਕ ਵੀ ਸਾਡੇ ਲਈ ਏਨਾ ਵੱਡਾ ਨਹੀਂ ਸੀ, ਇਸ ਲਈ ਇਨਕਲਾਬ ਦੀਆਂ ਜ਼ਿਆਦਾਤਰ ਲੜਾਈਆਂ ਇਸ ਦੇ ਬਾਹਰ ਹੋਈਆਂ, ਅਤੇ ਜ਼ਿਆਦਾਤਰ ਨਾਇਕ ਫਰੇਮ ਤੋਂ ਬਾਹਰ ਰਹੇ। 

ਜੋ ਭਿਆਨਕਤਾ ਅਸੀਂ ਗਾਜ਼ਾ ਅਤੇ ਹੁਣ ਲੇਬਨਾਨ ਵਿਚ ਦੇਖ ਰਹੇ ਹਾਂ, ਉਹ ਤੇਜ਼ੀ ਨਾਲ ਖੇਤਰੀ ਯੁੱਧ 'ਚ ਬਦਲਦੀ ਜਾ ਰਹੀ ਹੈ, ਇਸਦੇ ਅਸਲ ਨਾਇਕ ਫਰੇਮ ਤੋਂ ਬਾਹਰ ਰਹਿੰਦੇ ---

ਨਦੀ ਤੋਂ ਸਮੁੰਦਰ ਤੱਕ

ਫ਼ਲਸਤੀਨ ਆਜ਼ਾਦ ਹੋਵੇਗਾ। 

ਇਹ ਹੋਵੇਗਾ। 

ਨਜ਼ਰ ਆਪਣੇ ਕੈਲੰਡਰ 'ਤੇ ਰੱਖੋ।  ਆਪਣੀ ਘੜੀ 'ਤੇ ਨਹੀਂ। 

ਜਰਨੈਲ ਨਹੀਂ, ਲੋਕ, ਆਪਣੀ ਮੁਕਤੀ ਲਈ ਲੜ ਰਹੇ ਲੋਕ ਸਮੇਂ ਨੂੰ  ਇਸ ਤਰ੍ਹਾਂ ਮਾਪਦੇ ਹਨ। 

Tuesday, August 6, 2024

ਫ਼ਲਸਤੀਨੀਆਂ ਦੀ ਨਸਲਕੁਸ਼ੀ ਪਿੱਛੇ ਅਮਰੀਕੀ ਸਾਮਰਾਜੀ ਜੁੰਡਲੀ ਦਾ ਹੱਥ

 Tuesday 6th August 2024 at 19:09 WhatsApp

ਰੈਲੀ ਵਿੱਚ ਪੁੱਛਿਆ ਗਿਆ ਕਿ ਕੀ ਜੰਗ ਕਿਸੇ ਮਸਲੇ ਦਾ ਹੱਲ ਹੈ? 


ਚੰਡੀਗੜ੍ਹ: 06 ਅਗਸਤ 2024: (ਕਰਮ ਵਕੀਲ//ਕਾਮਰੇਡ ਸਕਰੀਨ)::

ਫ਼ਲਸਤੀਨੀ ਲੋਕਾਂ ਦੀ ਬੇਰਹਿਮੀ ਨਾਲ ਹੋ ਰਹੀ ਨਸਲਕੁਸ਼ੀ ਖਿਲਾਫ਼ ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ), ਭਾਰਤੀ ਕਮਿਊਨਿਸਟ ਪਾਰਟੀ (ਐਮ. ਐਲ. ਲਿਬਰੇਸ਼ਨ)  ਆਇਲੂ, ਐਪਸੋ, ਸੀਟੂ, ਏਟਕ ਅਤੇ ਈਅਲ  ਵਲੋਂ ਪਲਾਜ਼ਾ, ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਗਈ। 

ਇਸ ਰੈਲੀ ਨੂੰ ਬੰਤ ਬਰਾੜ, ਸੂਬਾ ਸਕੱਤਰ, ਸੀਪੀਆਈ ਨੇ ਸੰਬੋਧਨ ਕਰਦੇ ਕਿਹਾ ਕਿ ਇਜ਼ਰਾਈਲੀ ਸਰਕਾਰ ਅਤੇ ਇਜ਼ਰਾਈਲੀ ਫੌਜ ਨੇ ਫ਼ਲਸਤੀਨੀ ਲੋਕਾਂ ਦੇ ਮਾਨਵੀ ਅਧਿਕਾਰਾਂ ਨੂੰ ਮਧੋਲ ਕੇ ਰੱਖ ਦਿੱਤਾ ਹੈ। ਨਿਹੱਥੇ ਹਜ਼ਾਰਾਂ ਬੱਚੇ ਅਤੇ ਔਰਤਾਂ ਦਾ ਬੇਰਹਿਮੀ ਨਾਲ ਲੋਕ ਮਾਰੂ ਬੰਬ ਦਾਗ਼ ਦਾਗ਼ ਕੇ ਕਤਲ ਕੀਤਾ ਗਿਆ ਹੈ। ਹਸਪਤਾਲ ਅਤੇ ਸ਼ਰਨਾਰਥੀ ਕਾਫਲੇ ਵੀ ਨਹੀਂ ਬਖਸ਼ੇ ਗਏ ਇਹ ਕਿੱਥੋਂ ਦੀ ਇਨਸਾਨੀਅਤ ਅਤੇ ਇਨਸਾਫ਼ ਦਾ ਪਾਠ ਜੰਗੀ ਖੇਮਿਆਂ ਦੇ ਸਰਦਾਰ ਮਾਨਵਤਾ ਨੂੰ ਪੜ੍ਹਾ ਰਹੇ ਹਨ? ਕੀ ਜਿਊਣ ਦਾ ਹੱਕ ਸਿਰਫ਼ ਹੈਕੜਬਾਜ ਜੰਗ-ਜੂਆਂ ਨੂੰ ਹੀ ਹੈ? ਕੀ ਜੰਗ ਕਿਸੇ ਮਸਲੇ ਦਾ ਹੱਲ ਹੈ? ਆਮ ਜਨਤਾ ਨੂੰ ਘਰੋਂ ਉਜਾੜਨਾ ਤੇ ਨਸਲਕੁਸ਼ੀ ਕਰਦੇ ਹੋਏ ਫ਼ਲਸਤੀਨੀਆਂ ਦਾ ਮੁਲਕ ਹੀ ਬਰਬਾਦ ਕਰਨਾ ਕਿਸੇ ਤਰਾਂ ਵੀ ਜਾਇਜ਼ ਨਹੀਂ। ਅਸੀਂ ਸਾਰੇ ਫ਼ਲਸਤੀਨੀ ਜਨਤਾ ਨਾਲ ਗਹਿਰੀ ਸੰਵੇਦਨਾ ਵਿਅਕਤ ਕਰਦੇ ਹਾਂ। 

ਦੇਵੀ ਦਿਆਲ ਸ਼ਰਮਾ ਸਾਬਕਾ ਸਕੱਤਰ ਸੀਪੀਆਈ, ਜਸਪਾਲ ਦੱਪਰ (ਵਕੀਲ ਨੇਤਾ), ਕਰਮ ਸਿੰਘ ਵਕੀਲ ਪ੍ਰਧਾਨ ਆਲ ਇੰਡੀਆ ਲਾਇਰਜ਼ ਯੂਨੀਅਨ, ਐਂਨ ਡੀ ਤਿਵਾੜੀ - ਸਕੱਤਰ (ਪੀਐਸ ਐੱਸ ਵਿਗਿਆਨਕ), ਆਸ਼ਾ ਰਾਣਾ ਐਡਵਾ ਸੂਬਾ ਉਪ ਪ੍ਰਧਾਨ, ਬਲਕਾਰ ਸਿੱਧੂ ਰੰਗਕਰਮੀ, ਜੋਬੀ ਰਫੈਲ, ਰਾਜ ਕੁਮਾਰ ਸਕੱਤਰ ਸੀਪੀਆਈ, ਮੁਹੰਮਦ ਸ਼ਹਿਨਾਜ਼ ਗੋਰਸੀ ਸਕੱਤਰ, ਸੀਪੀਆਈ (ਐਮ), ਆਰ ਐੱਲ ਮੋਦਗਿਲ ਜਨਰਲ ਸਕੱਤਰ- ਐਪਸੋ, ਸਤੀਆਵੀਰ ਸਕੱਤਰ ਏਟਕ ਅਤੇ ਸਗੀਰ ਅਹਿਮਦ ਆਇਲੂ ਨੇਤਾ ਨੇ ਹਾਜ਼ਰ ਇਕਠ ਨੂੰ ਸੰਬੋਧਨ ਕਰਦੇ ਹੋਏ ਫ਼ਲਸਤੀਨੀ ਲੋਕਾਂ ਲਈ ਹਾਅ ਦਾ ਨਾਅਰਾ ਮਾਰੀਆ ਅਤੇ ਹਮਲਾਵਰ ਇਜ਼ਰਾਈਲ ਦੀ ਨਿੰਦਾ ਕੀਤਾ।  

ਅੰਤ ਵਿੱਚ ਫ਼ਲਸਤੀਨੀ ਲੋਕਾਂ ਉਤੇ ਥੋਪੀ ਬੇਲੋੜੀ ਜੰਗ ਬੰਦ ਕਰਨ ਅਤੇ ਫ਼ਲਸਤੀਨ ਵਿਚ ਅਮਨ ਸ਼ਾਂਤੀ ਬਹਾਲ ਕਰਨ ਦੀ ਮੰਗ ਕਰਦੇ ਅਕਾਸ਼ ਗੁੰਜਾਊ ਨਾਅਰੇ ਲਾ ਕੇ ਰੈਲੀ ਦੀ ਸਮਾਪਤੀ ਕੀਤੀ ਗਈ। ਮੰਚ ਸੰਚਾਲਨ ਕਰਮ ਸਿੰਘ ਵਕੀਲ ਨੇ ਕੀਤਾ। 

Wednesday, December 27, 2023

ਗਾਜ਼ਾ ਵਿੱਚ ਇਜ਼ਰਾਈਲੀ ਨਸਲਕੁਸ਼ੀ 82ਵੇਂ ਦਿਨ ਵੀ ਜਾਰੀ ਰਹੀ

 ਇਜ਼ਰਾਈਲੀ ਹਮਲਿਆਂ ਦੌਰਾਨ  20,915 ਫਲਸਤੀਨੀ ਮਾਰੇ ਗਏ 


ਗਾਜ਼ਾ ਤੋਂ ਮਿਲੀ ਨਵੀਂ ਰਿਪੋਰਟ:ਬੁੱਧਵਾਰ 27-ਦਸੰਬਰ-2023: (ਕਾਮਰੇਡ ਸਕਰੀਨ ਗਾਜ਼ਾ ਡੈਸਕ)::

ਗਾਜ਼ਾ ਦੀ ਸਥਿਤੀ ਲਗਾਤਾਰ ਭਿਆਨਕ ਬਣੀ ਹੋਈ ਹੈ। ਵਿਕਾਸ, ਸ਼ਾਂਤੀ ਅਤੇ ਸੱਭਿਆਚਾਰ ਵਰਗੀਆਂ ਸਾਰੀਆਂ ਗੱਲਾਂ ਖੋਖਲੀਆਂ ਸਾਬਿਤ ਹੋ ਰਹੀਆਂ ਹਨ। ਬੰਬਾਰੀ ਜਾਰੀ ਹੈ। ਬੰਦੂਕਾਂ, ਰਾਈਫਲਾਂ ਅਤੇ ਤੋਪਾਂ ਵੀ ਲਗਾਤਾਰ ਅੱਗ ਉਗਲ ਰਹੀਆਂ ਹਨ। ਕੀ ਬੱਚੇ, ਕੀ ਬਜ਼ੁਰਗ, ਕੀ ਲੇਖਕ, ਕੀ ਪੱਤਰਕਾਰ-ਕਿਸੇ ਦਾ ਵੀ ਲਿਹਾਜ਼ ਨਹੀਂ ਕਰ ਰਹੀ ਇਸਰਾਈਲੀਆਂ ਦੀ ਗੋਲੀ। 

ਜਿਵੇਂ ਕਿ ਗਾਜ਼ਾ ਪੱਟੀ 'ਤੇ ਅਮਰੀਕਾ-ਸਮਰਥਿਤ ਇਜ਼ਰਾਈਲੀ ਨਸਲਕੁਸ਼ੀ ਯੁੱਧ ਬੁੱਧਵਾਰ ਨੂੰ 82ਵੇਂ ਦਿਨ ਦਾਖਲ ਹੋਇਆ, ਵੱਡੇ ਹਵਾਈ ਅਤੇ ਤੋਪਖਾਨੇ ਦੇ ਹਮਲੇ ਪੂਰੇ ਬਲਾਕਾਂ ਅਤੇ ਘਰਾਂ ਨੂੰ ਬੁਰੀ ਤਰ੍ਹਾਂ ਤਬਾਹ ਕਰਦੇ ਹੋਏ ਕਬਰਿਸਤਾਨ ਵਾਂਗ ਬਣਾਉਣ ਵਿਚ ਹੀ ਸਰਗਰਮ ਰਹੇ। ਨਾਗਰਿਕਾਂ ਦਾ ਕਤਲੇਆਮ ਲਗਾਤਾਰ ਜਾਰੀ ਰਿਹਾ। ਇਹਨਾਂ ਹਮਲਿਆਂ ਸਮੇਂ  ਜ਼ਿਆਦਾਤਰ ਬੱਚਿਆਂ ਅਤੇ  ਅਤੇ ਔਰਤਾਂ ਦਾ ਵੀ ਲਿਹਾਜ਼ ਨਹੀਂ ਕੀਤਾ ਗਿਆ। 

ਫਲਸਤੀਨੀ ਸੂਚਨਾ ਕੇਂਦਰ (ਪੀਆਈਸੀ) ਦੇ ਇੱਕ ਰਿਪੋਰਟਰ ਨੇ ਕਿਹਾ ਕਿ ਇਜ਼ਰਾਈਲੀ ਕਬਜ਼ੇ ਵਾਲੀ ਫੌਜ ਨੇ ਬੀਤੀ ਰਾਤ ਅਤੇ ਬੁੱਧਵਾਰ ਸਵੇਰੇ ਗਾਜ਼ਾ ਦੇ ਵੱਖ-ਵੱਖ ਖੇਤਰਾਂ 'ਤੇ ਹਮਲਾ ਕਰਨਾ ਜਾਰੀ ਰੱਖਿਆ, ਘਰਾਂ, ਨਾਗਰਿਕ ਇਕੱਠਾਂ ਨੂੰ ਬੜੇ ਹੀ ਸਾਜ਼ਿਸ਼ੀ ਢੰਗ ਨਾਲ ਨਿਸ਼ਾਨਾ ਬਣਾਇਆ।  ਆਸਰਾ ਕੇਂਦਰ ਨੂੰ ਵੀ ਨਹੀਂ ਛੱਡਿਆ ਗਿਆ। ਇਸ ਤਰ੍ਹਾਂ ਦਰਜਨਾਂ ਹੋਰ ਨਾਗਰਿਕਾਂ ਦਾ ਕਤਲੇਆਮ ਕੀਤਾ ਗਿਆ। 

ਇਜ਼ਰਾਈਲੀ ਤੋਪਖਾਨੇ ਨੇ ਖਾਨ ਯੂਨਿਸ ਸ਼ਹਿਰ ਦੇ ਖੇਤਰਾਂ 'ਤੇ ਵੀ ਬੰਬਾਰੀ ਜਾਰੀ ਰੱਖੀ, ਜਦੋਂ ਕਿ ਹਿੰਸਕ ਝੜਪਾਂ ਦੀਆਂ ਆਵਾਜ਼ਾਂ ਵੀ ਦੂਰ ਦੂਰ ਤੱਕ ਸੁਣੀਆਂ ਗਈਆਂ। 

ਸਥਾਨਕ ਸੂਤਰਾਂ ਨੇ ਸ਼ੇਖ ਰਾਦਵਾਨ ਦੇ ਖੇਤਰਾਂ ਅਤੇ ਪੱਛਮੀ ਅਤੇ ਮੱਧ ਜਬਾਲੀਆ ਦੇ ਖੇਤਰਾਂ ਵਿੱਚ ਝੜਪਾਂ ਅਤੇ ਇਜ਼ਰਾਈਲੀ ਤੋਪਖਾਨੇ ਦੀ ਗੋਲਾਬਾਰੀ ਦੇ ਨਤੀਜੇ ਵਜੋਂ ਧਮਾਕਿਆਂ ਦੀਆਂ ਆਵਾਜ਼ਾਂ ਸੁਣਨ ਦੀ ਵੀ ਰਿਪੋਰਟ ਦਿੱਤੀ। 

ਜੰਗ ਦੇ ਨੇਮਾਂ ਦੀਆਂ ਧੱਜੀਆਂ ਉਡਾਉਂਦਿਆਂ ਇਜ਼ਰਾਈਲੀ ਜਹਾਜ਼ ਨੇ ਰਫਾਹ ਸ਼ਹਿਰ ਦੇ ਪੂਰਬ ਵੱਲ ਅਬੂ ਅਡਵਾਨ ਪਰਿਵਾਰ ਲਈ ਇੱਕ ਘਰ 'ਤੇ ਵੀ ਬੰਬ ਸੁੱਟਿਆ। 

ਉਨ੍ਹਾਂ ਖੇਤਰਾਂ ਵਿੱਚ ਹੋ ਰਹੀਆਂ ਭਿਆਨਕ ਝੜਪਾਂ ਦੇ ਵਿਚਕਾਰ, ਕਾਬਜ਼ ਫੋਰਸਾਂ ਨੇ ਗਾਜ਼ਾ ਪੱਟੀ ਦੇ ਕਈ ਖੇਤਰਾਂ ਵਿੱਚ ਆਪਣੀ  ਘੁਸਪੈਠ ਵਾਲਾ ਸਾਜ਼ਿਸ਼ੀ ਰੁਝਾਣ ਜਾਰੀ ਰੱਖਿਆ। 

ਸਾਡੇ ਪੱਤਰਕਾਰਾਂ ਨੇ ਦੱਸਿਆ ਕਿ ਇਜ਼ਰਾਈਲੀ ਕਬਜ਼ੇ ਵਾਲਿਆਂ ਫੋਰਸਾਂ ਘੁਸਪੈਠ ਵਾਲੇ ਖੇਤਰਾਂ ਦੇ ਅੰਦਰ ਭਿਆਨਕ ਜੰਗੀ ਅਪਰਾਧ ਕਰ ਰਹੀਆਂ ਹਨ, ਜਿਸ ਵਿੱਚ ਖੇਤ ਵਿੱਚ ਫਾਂਸੀ, ਛਾਪੇਮਾਰੀ, ਲੁੱਟਮਾਰ ਅਤੇ ਘਰਾਂ ਅਤੇ ਸਹੂਲਤਾਂ ਨੂੰ ਤਬਾਹ ਕਰਨਾ ਸ਼ਾਮਲ ਹੈ।  ਹਜ਼ਾਰਾਂ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਘੇਰ ਲਿਆ ਅਤੇ ਉਨ੍ਹਾਂ ਨੂੰ ਭੋਜਨ, ਪਾਣੀ ਜਾਂ ਸਿਹਤ ਸੇਵਾਵਾਂ ਤੋਂ ਵਾਂਝਾ ਕਰ ਦਿੱਤਾ। ਘਰਾਂ ਅਤੇ ਗਲੀਆਂ ਵਿੱਚ ਬੁਰੀ ਤਰ੍ਹਾਂ ਜ਼ਖਮੀ ਅਤੇ ਸ਼ਹੀਦ ਹਨ ਜਿਹਨਾਂ ਦਾ ਕੋਈ ਸੁਰ ਪਤਾ ਵੀ ਨਹੀਂ ਲੱਗ ਰਿਹਾ।  ਮੈਡੀਕਲ ਟੀਮਾਂ ਉਨ੍ਹਾਂ ਤੱਕ ਨਾ ਪਹੁੰਚ ਸਕਣ ਕਾਰਨ ਉਹਨਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਵੀ ਨਹੀਂ ਪਹੁੰਚ ਪਾ ਰਹੀਆਂ।  ਕਬਜ਼ਾਧਾਰੀ ਫੋਰਸਾਂ ਨਾਗਰਿਕਾਂ ਵਿਰੁੱਧ ਬੇਤਰਤੀਬੇ ਅਤੇ ਵਹਿਸ਼ੀ ਢੰਗ ਨਾਲ ਗ੍ਰਿਫਤਾਰੀਆਂ ਕਰਦਿਆਂ ਜਾ ਰਹੀਆਂ ਹਨ। ਇਹਨਾਂ ਗ੍ਰਿਫਤਾਰੀਆਂ ਦੌਰਾਨ ਨਾਗਰਿਕਾਂ ਅਤੇ ਹੋਰਨਾਂ ਨੂੰ ਵੀ ਸ਼ਰਮਨਾਕ ਢੰਗ ਨਾਲ ਜ਼ਲੀਲ ਵੀ ਕੀਤਾ ਜਾ ਰਿਹਾ ਹੈ। 

ਹੁਣ ਦੇਖਣਾ ਹੈ ਕਿ ਵਹਿਸ਼ਤ ਦਾ ਇਹ ਨੰਗਾ ਨਾਚ ਕਦੋਂ ਤੀਕ ਜਾਰੀ ਰਹਿਣਾ ਹੈ। ਤਮਾਸ਼ਬੀਨ  ਬਣੀਆਂ ਹੋਈਆਂ ਵੱਡਿਆਂ ਤਾਕਤਾਂ ਨੇ ਕਦੋਂ ਲੁੜੀਂਦਾ ਦਖਲ ਦੇ ਕੇ ਇਸ ਕਤਲੇਆਮ ਨੂੰ ਰੁਕਵਾਉਣ ਲਈ ਅੱਗੇ ਆਉਣਾ ਹੈ?ਇਸ ਕਤਲੇਆਮ ਨਾਲ ਕਿਸ ਸ਼ਾਂਤੀ ਅਤੇ ਕਿਸ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ?

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਇਸਰਾਈਲ ਦੇ ਹਮਲਿਆਂ ਖਿਲਾਫ ਫਿਰ ਗੂੰਜੇਗੀ ਲੁਧਿਆਣਾ ਵਿੱਚ ਆਵਾਜ਼

Wednesday 27th December 2023 at 10:53 AM 

ਫਲਸਤੀਨ ਨੂੰ ਕਬਰਿਸਤਾਨ 'ਚ ਬਦਲਣ ਦਾ ਨਾਪਾਕ ਜੰਗੀ ਅਪਰਾਧ ਜਾਰੀ 


ਲੁਧਿਆਣਾ
: 27 ਦਸੰਬਰ 2023: (ਕਾਰਤਿਕਾ ਕਲਿਆਣੀ ਸਿੰਘ//ਕਾਮਰੇਡ ਸਕਰੀਨ ਡੈਸਕ)::

ਫਲਸਤੀਨ ਦੇ ਖਿਲਾਫ ਇਸਰਾਈਲ ਦੇ ਐਕਸ਼ਨ ਲੰਮੇ ਅਰਸੇ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸਰਾਈਲ ਦੇ ਫੌਜੀ ਅਤੇ ਦੂਜੇ ਮਾਰੂ ਦਸਤੇ ਲਗਾਤਾਰ ਫਲਸਤੀਨ ਦੇ ਬੱਚਿਆਂ, ਬਜ਼ੁਰਗਾਂ, ਔਰਤਾਂ ਅਤੇ ਇਥੋਂ ਤੀਕ ਕਿ ਲੇਖਕਾਂ ਅਤੇ ਪੱਤਰਕਾਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ। ਇਸ ਬਰਬਰਤਾ ਦੇ ਖਿਆਲ ਦੁਨੀਆ ਭਰ ਵਿੱਚ ਹਾਹਾਕਾਰ ਮੱਚੀ ਹੋਈ ਹੈ। ਹਿੰਦੋਸਤਾਨ ਦੇ ਸਚਾਈ ਪਸੰਦ ਅਤੇ ਮਨੁੱਖਤਾਵਾਦੀ ਹਲਕੇ ਵੀ ਇਸਦਾ ਵਿਰੋਧ ਕਰ ਰਹੇ ਹਨ। 

ਭਾਵੇਂ ਮੌਜੂਦਾ ਦੌਰ ਦੇ ਸੰਕਟਾਂ ਭਰੇ ਇਸ ਨਾਜ਼ੁਕ ਹਾਲਾਤ ਵਿੱਚ ਵੀ ਖੱਬੀਆਂ ਧਿਰਾਂ ਇੱਕ ਨਹੀਂ ਹੋ ਰਹੀਆਂ ਪਰ ਫਿਰ ਵੀ ਇਹਨਾਂ ਦੇ ਕੁਝ ਸਾਂਝੇ ਐਕਸ਼ਨ ਜਾਰੀ ਹਨ ਜਿਹੜੇ ਅਜੇ ਵੀ ਆਸ ਬਨ੍ਹਾਉਂਦੇ ਹਨ ਕਿ ਇਹ ਏਕਤਾ ਅਜੇ ਵੀ ਸੰਭਵ ਹੈ। ਇਸਦਾ ਐਲਾਨ ਕਦੋਂ ਹੁੰਦਾ ਹੈ ਇਸਦੀ ਉਡੀਕ ਬੜੀ ਬੇਸਬਰੀ ਨਾਲ ਸਾਰੇ ਉਹ ਲੋਕ ਕਰ ਰਹੇ ਹਨ ਜਿਹੜੇ ਖੱਬੀਆਂ ਧਿਰਾਂ ਵਾਲੇ ਵਿਚਾਰਾਂ ਨੂੰ ਪ੍ਰਣਾਏ ਹੋਏ ਹਨ। ਪੰਜਾਬ ਦੀਆਂ ਸੱਤ ਖੱਬੀਆਂ  ਇਨਕਲਾਬੀ ਪਾਰਟੀਆਂ ਅਤੇ ਜਥੇਬੰਦੀਆਂ ਵਲੋਂ ਇੱਕ ਵਾਰ ਫੇਰ ਸਥਾਨਕ ਅਤੇ ਕੌਮਾਂਤਰੀ ਮੁੱਦਿਆਂ  ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਗਈ ਹੈ। ਇਜ਼ਰਾਇਲ ਦੇ ਬਰਬਰਤਾਪੂਰਨ ਹਮਲਿਆਂ ਦੇ ਖਿਲਾਫ ਖੱਬੀਆਂ ਧਿਰਾਂ ਫਿਰ ਮੈਦਾਨ ਵਿੱਚ ਨਿੱਤਰੀਆਂ ਹਨ। ਹੁਣ 31 ਦਸੰਬਰ ਨੂੰ ਲੁਧਿਆਣਾ ਵਿਚ ਫਿਰ ਜ਼ੋਰਦਾਰ ਮੁਜ਼ਾਹਰਾ ਕੀਤਾ ਜਾਣਾ ਹੈ। ਪੰਜਾਬ ਦੀਆਂ ਸੱਤ ਖੱਬੀਆਂ  ਇਨਕਲਾਬੀ ਪਾਰਟੀਆਂ ਅਤੇ ਜਥੇਬੰਦੀਆਂ ਵਲੋਂ ਐਲਾਨ ਧਿਰਾਂ ਵੱਲੋਂ ਅਹਿਮ ਐਲਾਨ 

ਦੁਨੀਆ ਭਰ ਵਿਚ ਜਾਰੀ ਵਰਤਾਰਿਆਂ ਪ੍ਰਤੀ ਦੇਸ਼ ਦੀ ਖੱਬੀ ਲਹਿਰ ਅਜੇ ਵੀ ਪੂਰੀ ਤਰ੍ਹਾਂ ਜਾਗਰੂਕ ਹੈ। ਸੰਸਾਰ ਪੱਧਰ ਤੇ ਹੋ ਰਹੇ ਫਾਸ਼ੀ ਹਮਲਿਆਂ ਵਿਰੁੱਧ, ਇਸਰਾਇਲ ਵੱਲੋਂ ਫਲਸਤੀਨ ਦੇ   ਲੋਕਾਂ ਦੀ ਕੀਤੀ ਜਾ ਰਹੀ  ਕਤਲੋਗਾਰਤ ਦੇ ਖਿਲਾਫ, ਸੂਬੇ ਭਰ ਵਿੱਚ ਵਧੇ ਹੋਏ ਫਾਸ਼ੀਵਾਦ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਸੱਦੇ ਨੂੰ ਹੁੰਗਾਰਾ ਭਰਦਿਆਂ ਅੱਜ ਵੀ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਇੱਕ ਜ਼ਰੂਰੀ ਮੀਟਿੰਗ ਕੀਤੀ ਗਈ। 

ਅੱਜ ਲੁਧਿਆਣਾ ਜ਼ਿਲ੍ਹੇ ਦੀਆਂ ਖੱਬੀਆਂ ਤੇ ਜਮੂਹਰੀ ਪਾਰਟੀਆਂ ਅਤੇ ਜਥੇਬੰਦੀਆਂ ਜਿਹਨਾਂ ਵਿੱਚ ਸੀਪੀਆਈ, ਆਰਐਮਪੀਆਈ, ਮੁਕਤੀ ਸੰਗਰਾਮ ਮਜਦੂਰ ਮੰਚ ਅਤੇ ਇਨਕਲਾਬੀ ਕੇਂਦਰ ਪੰਜਾਬ ਸ਼ਾਮਲ ਸਨ, ਵੱਲੋਂ ਡਾਕਟਰ ਅਰੁਣ ਮਿੱਤਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ  ਰੈਲੀ ਅਤੇ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ। ਪਾਰਟੀ ਬੁਲਾਰਿਆਂ ਮੁਤਾਬਿਕ ਇਹ ਰੋਸ ਵਿਖਾਵਾ ਲੋਕ ਚੇਤਨਾ ਨੂੰ ਵੱਡੀ ਪੱਧਰ ਤੇ ਬੁਲੰਦ ਕਰੇਗਾ। 

ਖੱਬੀਆਂ ਧਿਰਾਂ ਦੇ ਇਹਨਾਂ ਆਗੂਆਂ ਨੇ ਇਸ ਮੀਟਿੰਗ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪਿਛਲੇ ਢਾਈ ਮਹੀਨਿਆਂ ਤੋਂ ਫਲਸਤੀਨ ਨੂੰ ਕਬਰਿਸਤਾਨ 'ਚ ਬਦਲਣ ਲਈ  ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੀ ਸ਼ਹਿ ਤੇ ਇਜਰਾਇਲ ਵੱਲੋਂ ਫਲਸਤੀਨੀ ਲੋਕਾਂ ਨੂੰ ਉਹਨਾਂ ਦੇ ਆਪਣੇ ਹੀ ਦੇਸ਼ ਚੋਂ ਕੱਢਣ ਲਈ ਹਮਲੇ ਕੀਤੇ ਜਾ ਰਹੇ ਹਨ ਜਿਸ ਦੇ ਖਿਲਾਫ ਦੁਨੀਆਂ ਭਰ ਵਿੱਚ ਆਵਾਜ਼ ਉਠਾਈ ਜਾ ਰਹੀ ਹੈ। 

ਇਹਨਾਂ ਆਗੂਆਂ ਨੇ ਕਿਹਾ ਕਿ ਯੂਐਨਓ ਅਤੇ ਸੰਸਾਰ ਭਰ ਦੇ ਜ਼ਬਰਦਸਤ ਵਿਰੋਧ ਨੂੰ  ਅੱਖੋ ਪਰੋਖੇ ਕਰਨ ਵਾਲੇ ਇਸਰਾਇਲ ਦੇ ਪ੍ਰਧਾਨ ਮੰਤਰੀ ਬੈੰਜਾਮਿਨ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਿਆ ਜਾਣਾ ਚਾਹੀਦਾ ਹੈ। ਮੋਦੀ ਦੇ ਇਸਰਾਇਲ ਦੇ ਹੱਕ ਵਿੱਚ +ਖਲੋਣ ਦੀ  ਜ਼ਬਰਦਸਤ ਨਿੰਦਾ ਵੀ ਕੀਤੀ ਗਈ। 

31 ਦਸੰਬਰ ਦਿਨ ਐਤਵਾਰ ਨੂੰ ਰੈਲੀ ਦਾ ਵੀ ਐਲਾਨ 

ਮੀਟਿੰਗ ਤੋਂ ਬਾਅਦ ਪ੍ਰੈਸ ਦੇ ਨਾਂ ਜਾਰੀ  ਬਿਆਨ ਵਿੱਚ ਕਿਹਾ ਗਿਆ  ਹੈ ਕਿ ਇਹ ਰੈਲੀ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ, ਭਾਈ ਬਾਲਾ ਚੌਂਕ ਵਿਖੇ 31 ਦਸੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਕੀਤੀ ਜਾਵੇਗੀ। ਇਸ ਵਿੱਚ ਵੱਖ ਵੱਖ ਪਾਰਟੀਆਂ ਦੇ ਆਗੂ ਫਾਸ਼ੀਵਾਦ ਦੇ ਖਿਲਾਫ਼ ਅਤੇ ਫਲਸਤੀਨ ਦੇ ਹੱਕ ਵਿੱਚ ਆਪਣੇ ਵਿਚਾਰ ਪ੍ਰਗਟ ਕਰਨਗੇ। ਉਪਰੰਤ ਮਾਰਚ ਕੱਢਿਆ ਜਾਵੇਗਾ। 

ਜਾਰੀ ਬਿਆਨ ਵਿੱਚ ਸਭਨਾਂ ਜਮੂਹਰੀ ਅਤੇ ਇਨਸਾਫ ਪਸੰਦ ਜਥੇਬੰਦੀਆਂ ਅਤੇ ਲੋਕਾਂ ਨੂੰ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦੀ ਜੋਰਦਾਰ ਅਪੀਲ ਕੀਤੀ ਗਈ ਹੈ। ਮੀਟਿੰੰਗ ਵਿੱਚ ਕਾਮਰੇਡ ਡੀ ਪੀ ਮੌੜ, ਪ੍ਰੋਫੈਸਰ ਜੈਪਾਲ ਸਿੰਘ, ਲਖਵਿੰਦਰ ਸਿੰਘ, ਸੁਰਿੰਦਰ ਸਿੰਘ, ਡਾਕਟਰ ਅਰੁਣ ਮਿਤਰਾ, ਕਾਮਰੇਡ ਪਰਮਜੀਤ ਸਿੰਘ, ਗਗਨਦੀਪ ਕੌਰ, ਸਤਨਾਮ ਸਿੰਘ, ਐਮ ਐਸ ਭਾਟੀਆ, ਜਗਦੀਸ਼ ਚੰਦ, ਡਾਕਟਰ ਗੁਲਜਾਰ ਪੰਧੇਰ, ਰਘਬੀਰ ਸਿੰਘ ਬੈਨੀਪਾਲ, ਚਰਨ ਸਰਾਭਾ, ਬਲਕੌਰ ਸਿੰਘ ਗਿੱਲ ਅਤੇ ਡਾਕਟਰ ਬਲਵਿੰਦਰ ਸਿੰਘ ਔਲਖ ਸ਼ਾਮਿਲ ਹੋਏ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।