Monday 14th October 2024 at 4:38 PM Sahit Screen Punjabi Ludhiana//Peoples Media Link
ਮਨੁੱਖੀ ਅਧਿਕਾਰਾਂ ਦੇ ਸਰਗਰਮ ਯੋਧੇ ਸਨ ਪ੍ਰੋਫੈਸਰ ਜੀ ਐਨ ਸਾਈਬਾਬਾ
![]() |
ਉੱਘੇ ਲੋਕ ਸ਼ਾਇਰ ਗੁਰਦਿਆਲ ਰੌਸ਼ਨ ਵੱਲੋਂ ਕਾਵਿ ਸ਼ਰਧਾਂਜਲੀ |
ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ ਐਨ ਸਾਈਬਾਬਾ ਜਿਹਨਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਦਰਜ ਇੱਕ ਕੇਸ ਵਿੱਚ 10 ਸਾਲਾਂ ਦੀ ਜੇਲ੍ਹ ਤੋਂ ਬਾਅਦ ਬਰੀ ਹੋਏ ਸਨ, ਕਿਉਂਕਿ ਉਹਨਾਂ ਖਿਲਾਫ ਕੋਈ ਵੀ ਦੋਸ਼ ਸਾਬਤ ਕਰਨ ਲਈ ਕੋਈ ਸਬੂਤ ਨਾ ਮਿਲਿਆ। ਜੇਲ੍ਹ ਵਿੱਚ ਭਾਰਤੀ ਹਾਕਮਾਂ ਵੱਲੋਂ ਇਲਾਜ ਵਿੱਚ ਜਾਣ ਬੁੱਝ ਕੇ ਕੀਤੀ ਕੁਤਾਹੀ ਕਾਰਨ ਉਹ ਗੰਭੀਰ ਬਿਮਾਰੀਆਂ ਦੀ ਜਕੜ ਵਿੱਚ ਆ ਗਏ ਸਨ, ਜਿਸ ਕਾਰਣ ਸਮਾਜ ਲਈ ਜਮਹੂਰੀ ਹੱਕਾਂ ਦੀ ਆਵਾਜ ਬੁਲੰਦ ਕਰਨ ਵਾਲਾ ਸਾਈਬਾਬਾ ਜਮਹੂਰੀ ਅਤੇ ਇਨਸਾਫ਼ ਪਸੰਦ ਹਲਕਿਆਂ ਨੂੰ ਵਿਛੋੜਾ ਦੇ ਗਏ। ਸਥਾਨਕ ਜਨਤਕ ਜਮਹੂਰੀ ਜੱਥੇਬੰਦੀਆਂ ਜਿਹਨਾਂ ਵਿੱਚ ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਜਮਹੂਰੀ ਅਧਿਕਾਰ ਸਭਾ,ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ, ਇਨਕਲਾਬੀ ਮਜਦੂਰ ਕੇਂਦਰ ਸ਼ਾਮਲ ਹਨ,ਦੇ ਆਗੂਆਂ ਨੇ ਇਸ ਨੂੰ ਸਰਕਾਰੀ ਅਣ-ਦੇਖੀ ਕਾਰਣ ਰਾਜਸੀ ਕਤਲ ਕਰਾਰ ਦਿੱਤਾ ਹੈ।
ਇਹਨਾਂ ਜਮਹੂਰੀ ਜੱਥੇਬੰਦੀਆਂ ਦੇ ਆਗੂਆਂ ਪ੍ਰੋ ਏ ਕੇ ਮਲੇਰੀ, ਜਸਵੰਤ ਜ਼ੀਰਖ, ਡਾ ਹਰਬੰਸ ਗਰੇਵਾਲ, ਕਾ ਸੁਰਿੰਦਰ ਨੇ ਕਿਹਾ ਕਿ ਅੰਗਰੇਜ਼ ਰਾਜ ਵੇਲੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਏ ਗਦਰੀ ਬਾਬਿਆਂ , ਭਗਤ - ਸਰਾਭਿਆਂ ਨਾਲ ਵੀ ਅੰਗਰੇਜ਼ ਹਕੂਮਤ ਜੇਲ੍ਹਾਂ ਵਿੱਚ ਇਸੇ ਤਰ੍ਹਾਂ ਦਾ ਵਰਤਾਓ ਕਰਦੀ ਸੀ। ਅੱਜ ਭਾਰਤੀ ਹਕੂਮਤ ਵੱਲੋਂ ਵੀ ਅੰਗਰੇਜਾਂ ਦੇ ਹੀ ਪਦਚਿੰਨ੍ਹਾਂ ‘ਤੇ ਚਲਦਿਆਂ ਮਨੁੱਖੀ ਹੱਕਾਂ ਲਈ ਆਵਾਜ ਉਠਾਉਣ ਵਾਲਿਆਂ ਨੂੰ ਜੇਲ੍ਹ ਵਿੱਚ ਕਥਿਤ ਤਸ਼ੱਦਦ ਰਾਹੀਂ ਉਹਨਾਂ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਾਂਦਾ ਹੈ।ਜੇਲ੍ਹ ਦੌਰਾਨ ਪ੍ਰੋ. ਸਾਈਬਾਬਾ ਵੀ ਗਾਲ ਬਲੈਡਰ ਅਤੇ ਪੈਨਕ੍ਰੀਅਸ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਹੋ ਗਏ ਸਨ।
58 ਸਾਲਾ ਸਾਈਬਾਬਾ ਇੱਕ ਵਿਦਵਾਨ, ਲੇਖਕ, ਅਤੇ ਮਨੁੱਖੀ ਅਧਿਕਾਰਾਂ ਦੇ ਉੱਘੇ ਕਾਰਕੁਨ ਸਨ। ਉਹਨਾਂ ਨੇ ਨਾਗਪੁਰ ਕੇਂਦਰੀ ਜੇਲ੍ਹ ‘ਚੋਂ ਰਿਹਾਈ ਤੋਂ ਇੱਕ ਦਿਨ ਬਾਅਦ (8 ਮਾਰਚ ਨੂੰ) ਕਿਹਾ ਸੀ ਕਿ “ਪੋਲੀਓ ਨੂੰ ਛੱਡ ਕੇ ਜੋ ਮੈਨੂੰ ਬਚਪਨ ਤੋਂ ਸੀ, ਮੈਂ ਬਿਨਾਂ ਕਿਸੇ ਸਿਹਤ ਸਮੱਸਿਆ ਦੇ ਜੇਲ੍ਹ ਗਿਆ ਸੀ ਪਰ ਅੱਜ, ਮੈਂ ਤੁਹਾਡੇ ਸਾਹਮਣੇ ਭਾਵੇਂ ਜ਼ਿੰਦਾ ਹਾਂ, ਪਰ ਮੇਰਾ ਹਰ ਅੰਗ ਫੇਲ ਹੋ ਰਿਹਾ ਹੈ,”।
ਪ੍ਰੋਫੈਸਰ, ਸਾਈਬਾਬਾ ਨੂੰ ਮਈ 2014 ਵਿੱਚ ਮਾਓਵਾਦੀ ਸਬੰਧਾਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਬੰਬੇ ਹਾਈ ਕੋਰਟ ਨੇ ਜੂਨ 2015 ਵਿੱਚ ਮੈਡੀਕਲ ਆਧਾਰ 'ਤੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ ਅਤੇ 2017 ਵਿੱਚ ਫਿਰ ਮਾਓਵਾਦੀ ਜੱਥੇਬੰਦੀ ਨਾਲ ਸਬੰਧਾਂ ਲਈ ਦੋਸ਼ੀ ਠਹਿਰਾਇਆ ਗਿਆ ।ਅਕਤੂਬਰ, 2022 ਵਿੱਚ ਦੋਸ਼ ਸਿੱਧ ਨਾ ਹੋਣ ‘ਤੇ ਬਰੀ ਕੀਤਾ ਗਿਆ।
![]() |
ਪ੍ਰੋਫੈਸਰ ਸਾਈਬਾਬਾ ਦੀ ਮਾਂ ਕੈਂਸਰ ਨਾਲ ਪੀੜਿਤ ਸੀ; ਉਸਦੇ ਅੰਤਿਮ ਸੰਸਕਾਰ ਵਿੱਚ ਵੀ ਪ੍ਰੋ. ਸਾਈਬਾਬਾ ਨੂੰ ਸ਼ਾਮਲ ਨਹੀਂ ਸੀ ਹੋਣ ਦਿੱਤਾ ਗਿਆ |
ਉਹਨਾਂ ਵੱਲੋਂ ਆਦੀ ਵਾਸੀ ਲੋਕਾਂ ‘ਤੇ ਹੁੰਦੇ ਹਕੂਮਤੀ ਜਬਰ ਖਿਲਾਫ ਅਤੇ ਮਨੁੱਖੀ ਹੱਕਾਂ ਲਈ ਲਗਾਤਾਰ ਆਵਾਜ ਉਠਾਈ ਜਾਂਦੀ ਰਹੀ ਹੈ, ਜਿਸ ਕਾਰਣ ਮਾਓਵਾਦੀ ਸੰਗਠਨਾਂ ਨਾਲ ਸਬੰਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਜੇਲ੍ਹ ਦੌਰਾਨ ਉਹਨਾਂ ਨਾਲ ਕੀਤੇ ਅਣ ਮਨੁੱਖੀ ਵਤੀਰੇ ਕਾਰਣ ਉਹਨਾਂ ਨੂੰ ਕਈ ਹੋਰ ਗੰਭੀਰ ਬਿਮਾਰੀਆਂ ਨੇ ਘੇਰ ਲਿਆ। ਇੱਥੋਂ ਤੱਕ ਕਿ ਉਹਨਾਂ ਨੂੰ ਕੈਂਸਰ ਨਾਲ ਪੀੜਤ ਆਪਣੀ ਮਾਂ ਨੂੰ ਮਿਲਣ ਅਤੇ ਉਸਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਸੀ।
ਭਾਵੇਂ ਸਾਈਬਾਬਾ ਅਤੇ ਪੰਜ ਹੋਰਾਂ ਨੂੰ ਅਕਤੂਬਰ 2022 ਵਿੱਚ ਬਰੀ ਕਰ ਦਿੱਤਾ ਗਿਆ ਸੀ ਪਰ ਜੇਲ੍ਹ ਵਿੱਚ ਰਹਿੰਦਿਆਂ ਜਿਹੜੀਆਂ ਬਿਮਾਰੀਆਂ ਨਾਲ ਉਹ ਪੀੜਤ ਹੋਏ ਉਹਨਾਂ ਤੋਂ ਬਰੀ ਨਹੀਂ ਹੋ ਸਕੇ, ਜਿਹਨਾਂ ਲਈ ਸਰਕਾਰੀ ਤੰਤਰ ਜ਼ੁੰਮੇਵਾਰ ਹੈ। ਇਸ ਲਈ ਇਹ ਇੱਕ ਕੁਦਰਤੀ ਮੌਤ ਨਹੀਂ , ਬਲਕਿ ਇਹ ਭਾਰਤੀ ਰਾਜ ਪ੍ਰਬੰਧ ਵੱਲੋਂ ਕੀਤਾ ਗਿਆ ਇੱਕ ਰਾਜਸੀ ਕਤਲ ਹੈ।
ਇਹਨਾਂ ਤੋਂ ਪਹਿਲਾਂ ਜਮਹੂਰੀ ਹੱਕਾਂ ਲਈ ਆਵਾਜ ਉਠਾਉਣ ਵਾਲੇ ਸਟੈਨ ਸਵਾਮੀ ਨਾਲ ਵੀ ਜੇਲ੍ਹ ਅੰਦਰ ਅਜਿਹਾ ਹੀ ਵਾਪਰਿਆ ਜਿਸ ਕਾਰਣ ਉਹ ਵੀ ਸਦੀਵੀ ਵਿਛੋੜਾ ਦੇ ਗਏ ਸਨ। ਮਨੁੱਖੀ ਅਧਿਕਾਰਾਂ ਦੇ ਉੱਘੇ ਕਾਰਕੁੰਨਾਂ ਤੇ ਇੱਕ ਪ੍ਰੋਫੈਸਰ ਨੂੰ ਇੰਝ ਸਾਡੀਆਂ ਅੱਖਾਂ ਸਾਹਮਣੇ ਖੋਹ ਲਿਆ ਜਾਣਾ ਭਾਰਤੀ ਸਮਾਜ ਲਈ ਬੇਹੱਦ ਗੰਭੀਰ ਤੇ ਚਿੰਤਾਜਨਕ ਸਵਾਲ ਹੈ।
ਇਹਨਾਂ ਆਗੂਆਂ ਨੇ ਕਿਹਾ ਕਿ ਜਿਸ ਸਮਾਜਿਕ ਪ੍ਰਬੰਧ ਅੰਦਰ ਮਨੁੱਖੀ ਅਧਿਕਾਰਾਂ ਦੇ ਰਾਖੇ, ਲੇਖਕ, ਅਧਿਆਪਕ, ਵਿਦਵਾਨ ਆਦਿ ਸੁਰੱਖਿਅਤ ਨਹੀਂ ਹਨ, ਉਸ ਨੂੰ ਮਨੁੱਖ-ਵਾਦੀ ਬਣਾਉਣ ਲਈ ਅਜਿਹੇ ਵਰਤਾਰਿਆਂ ਵਿਰੁੱਧ ਇਨਸਾਫ਼ ਅਤੇ ਜਮਹੂਰੀਅਤ ਪਸੰਦ ਲੋਕਾਂ ਵੱਲੋਂ ਵੱਡੀ ਪੱਧਰ ਤੇ ਅੱਗੇ ਆਉਣਾ ਬੇਹੱਦ ਜ਼ਰੂਰੀ ਹੈ।
ਹੁਣ ਦੇਖਣਾ ਹੈ ਕਿ ਬੌਧਿਕ ਹਲਕਿਆਂ ਵਿੱਚ ਇਸ ਸਾਈਬਾਬਾ ਦੇ ਤੁਰ ਜਾਣ ਮਗਰੋਂ ਕੀ ਪ੍ਰਤੀਕ੍ਰਿਆ ਕਿਵੇਂ ਉੱਠਦੀ ਹੈ? ਸਾਈ ਬਾਬਾ ਨਾਲ ਜੋ ਕੁਝ ਹੋਇਆ ਉਸਨੇ ਸਾਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਕਿ ਜਮਹੂਰੀ ਕਦਰਾਂ ਕੀਮਤਾਂ ਵਾਲੇ ਸਾਡੇ ਬੁਧੀਜੀਵੀ ਕਿਸੀ ਸੱਭਿਅਕ ਸਮਾਜ ਵਿੱਚ ਹੀ ਰਹੀ ਰਹੇ ਹਨ? ਇਸ ਵਰਤਾਰੇ ਨਾਲ ਇਨਸਾਫ ਲਈ ਜੂਝ ਰਹੇ ਲੋਕਾਂ ਸਾਹਮਣੇ ਚਣੌਤੀਆਂ ਹੋਰ ਵੀ ਗੰਭੀਰ ਹੋ ਗਈਆਂ ਹਨ।
No comments:
Post a Comment