Wednesday, January 1, 2020

CPI ਵੱਲੋਂ 8 ਜਨਵਰੀ ਨੂੰ ਹੋਣ ਵਾਲੀ ਹੜਤਾਲ ਦੀ ਹਮਾਇਤ ਦਾ ਐਲਾਨ

Wednesday:1st  January 2020 at 6:59 PM
ਪਾਰਟੀ ਵੱਲੋਂ ਬਿਜਲੀ ਦਰਾਂ 'ਚ ਵਾਧੇ ਦੀ ਵੀ ਨਿਖੇਧੀ
ਲੁਧਿਆਣਾ: 1 ਜਨਵਰੀ 2020: (*ਐਮ ਐਸ ਭਾਟੀਆ//ਕਾਮਰੇਡ ਸਕਰੀਨ)::
ਅੱਜ ਇੱਥੇ ਲੁਧਿਆਣਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਹੋਈ ਜਿਸ ਵਿੱਚ 8 ਜਨਵਰੀ ਨੂੰ ਮਜ਼ਦੂਰਾਂ ਦੇ ਹੱਕਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ  ਦੀ ਭਰਪੂਰ ਹਮਾਇਤ ਕਰਨ ਦਾ ਫੈਸਲਾ ਲਿਆ ਗਿਆ। ਪਾਰਟੀ ਦੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਘੋਰ ਆਰਥਿਕ ਮੰਦੀ ਵਿੱਚ ਧੱਕ ਦਿੱਤਾ ਹੈ। ਸਰਕਾਰ  ਵੱਲੋਂ ਲਗਾਤਾਰ ਲੋਕਾਂ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਵਿਸ਼ੇਸ਼ ਕਰ ਜੋ ਮਜ਼ਦੂਰ ਜਮਾਤ ਹੈ ਉਸ ਦੇ ਲੰਮੇ ਸਮੇਂ ਤੋਂ ਸੰਘਰਸ਼ ਕਰਨ ਉਪਰੰਤ ਪ੍ਰਾਪਤ ਕੀਤੇ ਅਧਿਕਾਰ ਖੋਹੇ ਜਾ ਰਹੇ ਹਨ। ਇਸਦੇ ਵਿਰੋਧ ਵਿੱਚ ਕੇਂਦਰੀ ਟ੍ਰੇਡ ਯੂਨੀਅਨਾਂ ਨੇ 8 ਜਨਵਰੀ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ। ਮੋਦੀ ਸਰਕਾਰ ਲੋਕਾਂ ਦੀਆਂ ਮੰਗਾਂ ਅਤੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਜਿਸ ਦਾ ਪ੍ਰਗਟਾਵਾ ਝਾਰਖੰਡ ਵਿਖੇ ਉਸ ਦਾ ਚੋਣਾਂ ਵਿੱਚ ਬੁਰੀ ਤਰਾਂ ਹਾਰਨਾ ਅਤੇ ਇਸ ਤੋਂ ਪਹਿਲਾਂ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਵੀ ਨਤੀਜੇ ਇਸ ਸਰਕਾਰ ਦੇ ਉਲਟ ਆਉਣਾ ਇਸਦਾ ਸਬੂਤ ਹੈ। ਇਸ ਤੋਂ ਬੌਖਲਾ ਕੇ ਲੋਕਾਂ ਦਾ ਧਿਆਨ ਵੰਡਣ ਲਈ ਹੁਣ ਉਹ ਸਮਾਜ ਨੂੰ ਤੇ ਦੇਸ਼ ਨੂੰ ਫਿਰਕੂ ਲੀਹਾਂ ਤੇ ਵੰਡਣ ਦੀਆਂ ਸਾਜਸ਼ਾਂ ਰਚਣ ਵਿੱਚ ਹੋਰ ਤਿੱਖੀ ਹੋ ਗਈ ਹੈ। ਨਾਗਰਿਕਤਾ ਸੋਧ ਕਾਨੂੰਨ, ਐੱਨ ਪੀ ਆਰ ਅਤੇ ਐੱਨ ਆਰ ਸੀ ਜਿਨ੍ਹਾਂ ਵਿੱਚ ਸਿੱਧਮ ਸਿੱਧਾ ਮੁਸਲਮਾਨਾਂ ਦੇ ਉੱਪਰ ਹਮਲੇ ਅਤੇ ਉਨ੍ਹਾਂ ਤੋਂ ਨਾਗਰਿਕਤਾ ਦੇ ਹੱਕ ਖੋਹਣ ਲਈ ਜੋ ਕਦਮ ਸਰਕਾਰ ਵੱਲੋਂ ਪੁੱਟੇ ਜਾ ਰਹੇ ਹਨ ਇਹ ਅਤੀ ਘਾਤਕ ਹਨ ਅਤੇ ਇਹ ਸਾਡੇ ਸੰਵਿਧਾਨ ਦੇ ਉੱਪਰ ਸਿੱਧਾ ਹਮਲਾ ਹਨ। ਭਾਰਤ ਦਾ ਧਰਮ ਨਿਰਪੱਖ ਅਤੇ ਲੋਕਤੰਤਰਿਕ ਸੰਵਿਧਾਨ ਕਿਸੇ ਵੀ ਧਰਮ ਜਾਤੀ ਦੇ ਆਧਾਰ ਤੇ ਨਾਗਰਿਕਤਾ ਵਿੱਚ ਵਖਰੇਵਾਂ ਨਹੀਂ ਕਰਦਾ । ਪਾਰਟੀ ਦੀ ਮੀਟਿੰਗ ਨੇ ਨੋਟ ਕੀਤਾ ਕਿ ਲੋਕਾਂ ਨੇ ਉਨ੍ਹਾਂ ਦੀ ਇਸ ਸਾਜ਼ਿਸ਼ ਨੂੰ ਪਛਾੜਿਆ ਹੈ ਅਤੇ ਉਨ੍ਹਾਂ ਦੀਆਂ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਫਿਰਕੂ ਦੰਗੇ ਨਹੀਂ ਹੋਏ । ਨੌਜਵਾਨ ਪੀੜ੍ਹੀ ਖਾਸ ਤੌਰ ਤੇ ਵਿਦਿਆਰਥੀਆਂ ਨੇ ਇਸ ਦੌਰਾਨ ਬਹੁਤ ਹੀ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ । ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ ਉੱਥੇ ਹੀ ਅਮਨ ਪਸੰਦ ਪ੍ਰਦਰਸ਼ਨਕਾਰੀਆਂ ਦੇ ਉੱਪਰ ਪੁਲਿਸ ਦੁਆਰਾ ਦਮਨ ਕੀਤੇ ਗਏ ਹਨ ਤੇ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ । ਸੰਪਤੀ ਨੂੰ ਨੁਕਸਾਨ ਪੁਚਾਉਣ ਦੇ ਮੁਆਵਜੇ ਲੋਕਾਂ ਤੋਂ ਤਾਂ ਇਕੱਠੇ ਕੀਤੇ ਜਾ ਰਹੇ ਹਨ ਪਰ ਜੋ ਨੁਕਸਾਨ ਪੁਲਿਸ ਵਾਲਿਆਂ ਅਤੇ ਪੁਲਿਸ ਦੇ ਭੇਸ ਵਿੱਚ ਆਰ ਐਸ ਐਸ ਵਾਲਿਆਂ ਨੇ ਕੀਤਾ ਹੈ,  ਲੋਕਾਂ ਦੀਆਂ ਜਾਨਾਂ ਲਈਆਂ ਹਨ ਅਤੇ ਲੋਕਾਂ ਦੀਆਂ ਸੰਪਤੀ ਨੂੰ ਵੀ ਨੁਕਸਾਨ ਪੁਚਾਇਆ ਹੈ ਉਸ ਬਾਰੇ ਕੋਈ ਗੱਲ ਨਹੀਂ ਕਹੀ ਜਾ ਰਹੀ।  ਯੂਪੀ ਦਾ ਮੁੱਖ ਮੰਤਰੀ ਯੋਗੀ ਬਦਲਾ ਲੈਣ ਦੀਆਂ ਅਤੇ ਦੰਡ ਦੇਣ ਦੀਆਂ ਗੱਲਾਂ ਕਰਦਾ ਹੈ । ਮੋਦੀ ਵੱਲੋਂ ਕੱਪੜੇ ਦੇਖ ਕੇ ਪਛਾਣਨ ਦੀ ਗੱਲ ਕਹਿ ਕੇ ਦੰਗਈਆਂ ਨੂੰ ਹੌਸਲਾ ਦਿੱਤਾ ਗਿਆ ਅਤੇ ਪ੍ਰਦਰਸ਼ਨਕਾਰੀਆਂ ਦੇ ਉੱਪਰ ਪੁਲਿਸ ਦੁਆਰਾ ਦਮਨ ਕੀਤਾ ਗਿਆ । ਇਹ ਅਤਿ ਨਿੰਦਣਯੋਗ ਹਨ । ਪਾਰਟੀ ਨੇ ਕਿਹਾ ਕਿ ਅੱਜ ਮਜਦੂਰਾਂ ਸਾਹਮਣੇ ਆਪਣੇ ਹੱਕਾਂ ਦੀ ਰਾਖੀ ਲਈ  ਸੰਘਰਸ਼ ਕਰਨ ਦੇ ਨਾਲ ਨਾਲ  ਦੇਸ਼ ਦੀ ਏਕਤਾ ਅਖੰਡਤਾ ਤੇ ਫਿਰਕੂ ਸਦਭਾਵਨਾ ਨੂੰ ਬਚਾਉਣਾ ਬਹੁਤ ਹੀ ਵੱਡਾ ਕੰਮ ਆ ਗਿਆ ਹੈ।

ਪਾਰਟੀ ਨੇ 8 ਜਨਵਰੀ ਨੂੰ ਮਜ਼ਦੂਰਾਂ ਅਤੇ ਮੁਲਾਜ਼ਮਾਂ ਵਲੋਂ ਕੀਤੀ ਜਾ ਰਹੀ ਹੜਤਾਲ ਦੀ ਹਿਮਾਇਤ ਕਰਦੇ ਹੋਏ ਉਹਨਾਂ ਦੀਆਂ ਮੰਗਾਂ ਜਿਵੇਂ ਕਿ  ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਫੌਰੀ ਤੌਰ ਤੇ ਬੰਦ ਕੀਤਾ ਜਾਵੇ, ਘੱਟੋ ਘੱਟ ਉਜਰਤ 21000 ਰੁਪਏ ਮਹੀਨਾ ਅਤੇ ਦਿਹਾੜੀ 700 ਰੁਪਏ ਰੋਜ਼ਾਨਾ ਕੀਤੀ ਜਾਏ, ਆਂਗਨਵਾੜੀ ਆਸ਼ਾ ਵਰਕਰ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਪੱਕਾ ਕੀਤੇ ਜਾਣ, ਬਰਾਬਰ ਕੰਮ ਬਾਰੇ ਬਰਾਬਰ ਤਨਖਾਹ ਦੀ ਮੰਗ,   ਦੀ ਹਿਮਾਇਤ ਕੀਤੀ । ਮੀਟਿੰਗ ਵਿੱਚ ਬੋਲਦਿਆਂ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਕਿਰਤ ਕਾਨੂੰਨਾਂ ਵਿੱਚ ਮਜਦੂਰ ਵਿਰੋਧੀ ਜੋ ਧਾਰਾਵਾਂ ਲਿਆਂਦੀਆਂ ਗਈਆਂ ਹਨ ਉਨ੍ਹਾਂ ਨੂੰ ਵਾਪਸ ਲਿਆ ਜਾਏ । ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸਨ ਸਕੀਮ ਹੀ ਲਾਗੂ ਕੀਤੀ ਜਾਏ । ਕਿਸਾਨਾਂ ਵੱਲੋਂ ਪੇਂਡੂ ਬੰਦ ਦੀ ਹਮਾਇਤ ਕਰਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਵਾਮੀਨਾਥਨ ਕਮੀਸਨ ਦੀਆਂ ਸਿਫਾਰਸ਼ਾਂ ਫੌਰਨ ਲਾਗੂ ਕੀਤੀਆਂ ਜਾਣ । ਛੋਟੇ ਕਾਰੋਬਾਰੀਆਂ ਅਤੇ ਵਪਾਰੀਆਂ ਦੀ ਹਮਾਇਤ ਕਰਦੇ ਉਹਨਾਂ ਕਿਹਾ ਕਿ ਖੁਦਰਾ ਵਪਾਰ ਦੇ ਵਿੱਚ ਐਫ਼ ਡੀ ਆਈ ਫ਼ੌਰੀ ਤੌਰ ਤੇ  ਬੰਦ ਕੀਤੀ ਜਾਏ ।

ਪੰਜਾਬ ਸਰਕਾਰ ਦੀ ਆਲੋਚਨਾ ਕਰਦੇ ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀਆਂ ਵਧਾਈ ਹੋਈਆਂ ਦਰਾਂ ਫੌਰਨ ਵਾਪਸ ਕੀਤੀਆਂ ਜਾਣ ਜਿਸ ਦੇ ਨਾਲ ਆਮ ਲੋਕਾਂ ਤੇ ਬਹੁਤ ਭਾਰੀ  ਬੋਝ ਪੈ ਰਿਹਾ ਹੈ ।

ਮੁਲਾਜਮਾਂ ਨੂੰ ਤੁਰੰਤ 1 ਜਨਵੀ 2016 ਤੋਂ ਪੇ ਰਿਵੀਜ਼ਨ ਦਿੱਤੀ ਜਾਏ;  ਡੀ ਏ ਦੀਆਂ ਕਿਸਤਾਂ ਫੋਰਨ ਰਿਲੀਜ ਕੀਤੀਆਂ ਜਾਣ ਅਤੇ ਤਨਖਾਹ ਸਮੇਂ ਸਿਰ ਮਿਲਨਾਂ ਯਕੀਨੀ ਬਣਾਇਆ ਜਾਵੇ। ਸਰਕਾਰੀ ਵਿਭਾਗਾਂ ਵਿੱਚ ਪਈਆਂ ਖਾਲੀ ਅਸਾਮੀਆਂ ਫੌਰੀ ਤੌਰ ਤੇ ਭਰੀਆਂ ਜਾਣ ਤਾਂ ਕਿ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ ਤੇ ਚੋਣਾ ਵਿੱਚ ਘਰ ਘਰ ਨੌਕਰੀ ਦਾ ਕੀਤਾ ਵਾਅਦਾ ਪੂਰਾ ਕੀਤਾ ਜਾਏੇ।

ਥਾਮਰੇਡ ਬੰਤ ਬਰਾੜ ਨੇ ਪੰਜਾਬ ਦੇ ਵਾਸੀਆਂ ਨੂੰ ਇਸ ਹੜਤਾਲ ਦੀ ਹਿਮਾਇਤ ਕਰਨ ਦੀ ਅਪੀਲ ਕੀਤੀ।   ਮੀਟਿੰਗ ਦੀ ਪਰਧਾਨਗੀ ਕਾ: ਕਿ੍ਰਸ਼ਨ ਚੌਹਾਨ ਨੇ ਕੀਤੀ।
*ਐਮ ਐਸ ਭਾਟੀਆ ਸੀਪੀਆਈ ਦੀ ਲੁਧਿਆਣਾ ਇਕਾਈ ਦੇ ਵਿੱਤ ਸਕੱਤਰ ਵੀ ਹਨ। 

No comments:

Post a Comment