Monday, March 21, 2022

ਸ਼ਹੀਦਾਂ ਦੇ ਮਿਸ਼ਨ ਨੂੰ ਬਚਾਉਣ ਲਈ ਫਿਰ ਮੈਦਾਨ ਵਿੱਚ ਹਨ ਪ੍ਰੋ. ਜਗਮੋਹਨ ਸਿੰਘ

ਇੱਕ ਇੱਕ ਕਰਕੇ ਫਰੋਲੀਆਂ ਇਤਿਹਾਸ ਦੀਆਂ ਪਰਤਾਂ


ਲੁਧਿਆਣਾ: 20 ਮਾਰਚ 2022: (ਕਾਮਰੇਡ ਸਕਰੀਨ ਟੀਮ)::


ਪ੍ਰੋਫੈਸਰ ਜਗਮੋਹਨ ਸਿੰਘ ਬਜ਼ੁਰਗ ਉਮਰੇ ਇੱਕ ਵਾਰ ਫੇਰ ਮੈਦਾਨ ਵਿੱਚ ਸਰਗਰਮ ਹਨ। ਮੈਦਾਨ ਹੈ ਲੋਕਾਂ ਦੇ ਭਲੇ ਵਾਲਾ ਨਵਾਂ ਸਮਾਜ ਸਿਰਜਣ ਦਾ। ਇਸ ਸਿਰਜਨਾਂ ਨਾਲ ਹੀ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਣੇ ਨੇ। ਸੰਨ 1947 ਵਾਲੀ ਆਜ਼ਾਦੀ ਦਾ ਅਸਲੀ ਸੁਖ ਆਮ ਲੋਕਾਂ ਤੱਕ ਪਹੁੰਚਣਾ ਹੈ। ਅੰਗਰੇਜ਼ਾਂ ਵਾਲੇ ਢੰਗ ਤਰੀਕੇ ਅਤੇ ਕਾਨੂੰਨ ਬਦਲਣੇ ਹਨ। ਲੋਕ ਜੁਆਨੀ ਵੇਲੇ ਤੋਂ ਹੀ ਪ੍ਰੋਫੈਸਰ ਸਾਹਿਬ ਨੂੰ ਸਰਗਰਮ ਦੇਖ ਰਹੇ ਹਨ। ਜਦੋਂ ਅਮਰ ਕੋਲ ਸਾਡੇ ਦਰਮਿਆਨ ਸਨ ਉਸ ਵੇਲੇ ਤੋਂ ਹੀ। ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੱਟ ਘੰਟਾਘਰ ਵਾਲੇ ਚੌਂਕ ਵਿੱਚ ਲੱਗਾ ਹੁੰਦਾ ਸੀ ਉਦੋਂ ਤੋਂ ਹੀ। ਸਰਦਾਰ ਭਗਤ ਸਿੰਘ ਦੀ ਸ਼ਹੀਦੀ ਤੋਂ ਬਾਅਦ ਵੀ ਸ਼ਹੀਦ ਦ ਅਪਰਿਵਾਰ ਲਗਾਤਾਰ ਸਰਗਰਮ ਹੈ। ਆਪਣੇ ਸੀਮਿਤ ਸਾਧਨਾਂ ਦੇ ਨਾਲ ਨਾਲ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਨਾਲ ਨਾਲ ਸ਼ਹੀਦਾਂ ਦੀ ਲੜਾਈ ਨੂੰ ਅੱਗੇ ਵੀ ਤੋਰ ਰਿਹਾ ਹੈ। ਇਹ ਲੜਾਈ ਅਜੇ ਕਿਓਂ ਜ਼ਰੂਰੀ ਹੈ ਇਸ ਸੁਆਲ ਦੀ ਚਰਚਾ ਵੀ ਜ਼ਰੂਰੀ ਹੈ।

ਸਮਾਂ ਇੱਕ ਵਾਰ ਫੇਰ ਨਾਜ਼ੁਕ ਹੈ। ਇੰਝ ਲੱਗਦੈ ਜਿਵੇਂ ਬਹੁਤ ਸਾਰੀਆਂ ਪਾਰਟੀਆਂ ਅਤੇ ਲੀਡਰਾਂ ਕੋਲ ਮੁੱਦੇ ਵੀ ਮੁੱਕ ਗਏ ਹਨ, ਵਿਚਾਰ ਵੀ ਅਤੇ ਚਿਹਰੇ ਵੀ। ਲੋਕਾਂ ਵਿੱਚ ਬੇਬਾਕੀ ਨਾਲ ਬਿਨਾ ਕਿਸੇ ਸੁਰੱਖਿਆ ਦੇ ਜਾਣਾ ਹੁਣ ਇਹਨਾਂ ਪਾਰਟੀਆਂ ਦੇ ਆਗੂਆਂ ਨੂੰ ਹੁਣ ਆਸਾਨ ਨਹੀਂ ਲੱਗਦਾ। ਇਹ ਅਖੌਤੀ ਜਿਹੇ ਲੀਡਰ ਆਖਦੇ ਹਨ ਅਸੀਂ ਲੋਕਾਂ ਦਾ ਭਲਾ ਕਰ ਰਹੇ ਹਾਂ ਪਰ ਲੋਕਾਂ ਨੂੰ ਇਹ ਭਲਾ ਹੁੰਦਾ ਕਿਧਰੇ ਨਜ਼ਰ ਨਹੀਂ ਆ ਰਿਹਾ। ਲੋਕ ਪੁੱਛਦੇ ਹਨ ਨਾਮ ਸਦਾ ਅਤੇ ਭਲਾ ਪੂੰਜੀਪਤੀਆਂ ਅਤੇ ਨਿਜੀ ਅਦਾਰਿਆਂ ਦਾ? ਸਾਨੂੰ ਇਹ ਭਲਾ ਸਮਝ ਹੀ ਨਹੀਂ ਆ ਰਿਹਾ। ਲੋਕ ਬਾਰ ਬਾਰ ਕਈ ਕਈ ਕਿਸਮ ਦੇ ਸੁਆਲ ਪੁੱਛਦੇ ਹਨ।

ਲੋਕਾਂ ਦੇ ਸੁਆਲਾਂ ਦਾ ਜੁਆਬ ਦਿੱਤੇ ਬਿਨਾ ਇਹਨਾਂ ਸਿਆਸੀ ਲੀਡਰਾਂ ਦਾ ਖਹਿੜਾ ਵੀ ਨਹੀਂ ਛੁੱਟਦਾ। ਪਰ ਫਿਰ ਵੀ ਨਾ ਇਹ ਲੋਕ ਸੱਤਾ ਨੂੰ ਛੱਡਦੇ ਹਨ ਨਾ ਹੀ ਸਿਆਸਤ ਨੂੰ । ਕੋਈ ਨ ਕੋਈ ਸ਼ੁਰਲੀ ਛੱਡ ਕੇ ਲੋਕਾਂ ਦਾ ਧਿਆਨ ਸਮੱਸਿਆਵਾਂ ਤੋਂ ਲਾਂਭੇ ਲਿਜਾਣ ਵਿਚ ਮਾਹਰ ਹੋਏ ਇਹਨਾਂ ਸਿਆਸੀ ਲੋਕਾਂ ਦੀਆਂ ਹੁਣ ਇਹ ਪੁਰਾਣੀਆਂ ਚਾਲਾਂ ਵੀ ਕੰਮ ਨਹੀਂ ਕਰ ਰਹੀਆਂ।

ਲੋਕਾਂ ਨਾਲ ਰਾਬਤਾ ਮੁਸ਼ਕਿਲ ਹੋਣ ਲੱਗਿਆ ਅਤੇ ਰਿਸ਼ਤੇ ਕਮਜ਼ੋਰ ਹੋਣ ਲੱਗੇ ਤਾਂ ਅਜਿਹੇ ਸਿਆਸਤਦਾਨਾਂ ਨੇ ਸ਼ਹੀਦਾਂ ਦੇ ਨਾਂਵਾਂ ਨੂੰ ਵੀ ਵਰਤਣਾ ਸ਼ੁਰੂ ਕਰ ਦਿੱਤਾ। ਫਿਲਮੀ ਅਦਾਕਾਰਾਂ ਤੋਂ ਬਾਅਦ ਹੁਣ ਸ਼ਹੀਦਾਂ ਦੇ ਨਾਮ ਦਾ ਜਾਪ ਸ਼ੁਰੂ ਹੈ। ਕਿਸੇ ਨੇ ਫਿਲਮੀ ਐਕਟਰਾਂ ਨੂੰ ਆਪਣੇ ਲੀਡਰ ਬਣਾ ਲਿਆ ਅਤੇ ਕਿਸੇ ਨੇ ਸ਼ਾਇਰਾਂ ਅਤੇ ਲੇਖਕਾਂ ਨੂੰ ਜ਼ਾਹਿਰ ਹੈ ਕਿ ਹੁਣ ਲੋਕ ਸਿਆਸਤਦਾਨਾਂ ਤੇ ਯਕੀਨ ਕਰਨੋ ਹਟ ਗਏ ਹਨ। ਇਹਨਾਂ ਪਾਰਟੀਆਂ ਨੂੰ ਹੁਣ ਗੈਰ ਸਿਆਸੀ ਮੋਢਿਆਂ ਦੀ ਲੋੜ ਪੈ ਰਹੀ ਹੈ ਤਾਂ ਇਹ ਨਿਸਚੇ ਹੀ ਇੱਕ ਖਤਰਨਾਕ ਸੰਕੇਤ ਹੈ। ਸਿਆਸਤ ਦੇ ਖੋਖਲਾ ਹੋ ਜਾਣ ਦਾ ਸੰਕੇਤ ਹੈ। ਹੁਣ ਲੋਕ ਡੇਰਿਆਂ ਵਿੱਚ ਜਾ ਕੇ ਸ਼ਾਂਤੀ ਭਾਲਦੇ ਹਨ। ਸਾਧਾਂ ਸੰਤਾਂ ਕੋਲ ਜਾ ਕੇ ਆਪਣੇ ਦੁੱਖਾਂ ਦਾ ਦਾਰੂ ਭਾਲਦੇ ਹਨ। ਜਿਹਨਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਯਾਦ ਵੀ ਲੋਕਾਂ ਨੂੰ ਭੁੱਲਦੀ ਜਾ ਰਹੀ ਹੈ। ਉਹਨਾਂ ਦੇ ਵਿਚਾਰਾਂ ਨਾਲ ਤਾਂ ਸ਼ਾਇਦ ਕੋਈ ਲਗਾਓ ਹੀ ਨਹੀਂ ਰਿਹਾ।

ਜੇ ਕਰ ਜਨਮਦਿਨ ਜਾਂ ਬਰਸੀ ਮਨਾਉਣ ਲਈ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਜਾਂਦੇ ਵੀ ਹਨ ਤਾਂ ਉੱਥੇ ਨੰਗੇ ਨੰਗੇ ਪੈਰੀਂ ਪੂਜਾ ਵਾਲਿਆਂ ਥੈਲੀਆਂ ਸਜਾ ਕੇ ਮੱਥੇ ਟੇਕਣ ਲੱਗ ਜਾਂਦੇ ਹਨ। ਉਹਨਾਂ ਦੇ ਵਿਚਾਰਾਂ ਬਾਰੇ ਗੱਲ ਨਾ ਤਾਂ ਕਰਦੇ ਹਨ ਨਾ ਹੀ ਸੁਣਦੇ ਹਨ। ਉਹਨਾਂ ਆਪਣੀ ਸ਼ਹਾਦਤ ਕਿਓਂ ਦਿੱਤੀ ਇਸ ਬਾਰੇ ਨਹੀਂ ਸੋਚਦੇ। ਜਿਹੜੇ ਕੁਝ ਸ਼ਾਤਰ ਲੋਕ ਹਨ ਉਹ ਇਹਨਾਂ ਖਾਸ ਦਿਨਾਂ ਦੀ ਦੁਰਵਰਤੋਂ ਸ਼ਹੀਦਾਂ ਨੂੰ ਫਿਰਕੂ ਰੰਗ ਵਿੱਚ ਰੰਗਣ ਦੀ ਨਾਪਾਕ ਅਤੇ ਖਤਰਨਾਕ ਸਾਜ਼ਿਸ਼ਾਂ ਤੋਂ ਵੀ ਬਾਜ਼ ਨਹੀਂ ਆਉਂਦੇ। ਉਹਨਾਂ ਨੂੰ ਪੱਗ ਵਾਲੇ ਭਗਤ ਸਿੰਘ ਨਾਲ ਪ੍ਰੇਮ ਹੈ ਜਾਂ ਫਿਰ ਟੋਪੀ ਵਾਲੇ ਨਾਲ। ਇਨਕਲਾਬੀ ਹਬਗਤ ਸਿੰਘ ਤੋਂ ਦੂਰ ਰਹਿਣਾ ਅਤੇ ਦੂਰ ਕਰਨਾ ਹੀ ਇਹਨਾਂ ਦਾ ਇੱਕੋ ਇੱਕ ਮਕਸਦ ਹੈ। ਸ਼ਹੀਦਾਂ ਦੇ ਦਿਨ ਤਿਓਹਾਰ ਮਨਾਉਂਦਿਆਂ ਵੀ ਇਹ ਏਨਾ ਡਰਦੇ ਹਨ ਕਿ ਭੀੜ ਵਿਚੋਂ ਕਿਧਰੇ ਕੋਈ ਭਗਤ ਸਿੰਘ ਸੱਚੀਂ ਮੁੱਚੀਂ ਨਾ ਨਿਕਲ ਆਵੇ। ਜ਼ਾਹਿਰ ਹੈ ਸ਼ਹੀਦਾਂ ਦੇ ਉਪਾਸ਼ਕ ਤਾਂ ਸ਼ਹੀਦਾਂ ਤੋਂ ਨਹੀਂ ਡਰਿਆ ਕਰਦੇ। ਇਹ ਲੋਕ ਸ਼ਹੀਦਾਂ ਦੇ ਪੈਰੋਕਾਰ ਹੀ ਨਹੀਂ ਹਨ। ਇਹਨਾਂ ਦੀ ਸਿਆਸਤ ਬੁਰੀ ਤਰ੍ਹਾਂ ਖੋਖਲੀ ਅਤੇ ਨਾਕਾਮ ਹੋ ਚੁੱਕੀ ਹੈ।

ਇਸਦੇ ਬਾਵਜੂਦ ਅਜਿਹੇ ਲੋਕ ਸਿਆਸਤ ਤੋਂ ਸਨਿਆਸ ਨਹੀਂ ਲੈ ਰਹੇ। ਸੱਤਾ ਦੀ ਕੁਰਸੀ ਨੂੰ ਬੁਰੀ ਤਰ੍ਹਾਂ ਚਿੰਬੜੇ ਹੋਏ ਹਨ ਇਹ ਲੋਕ। ਚਾਹੁੰਦੇ ਹਨ ਕਿ ਸੱਤਾ ਕਿਸੇ ਨ ਕਿਸੇ ਤਰ੍ਹਾਂ ਸਾਡੇ ਕੋਲ ਹੀ ਰਹੇ। ਜਿਹੜੇ ਲੋਕ ਸ਼ਹੀਦਾਂ ਦੇ ਵਿਚਾਰਾਂ ਅਤੇ ਫਲਸਫੇ ਦੇ ਐਨ ਉਲਟ ਚੱਲਦੇ ਹਨ ਉਹ ਵੀ ਸ਼ਹੀਦਾਂ ਦਾ ਨਾਮ ਵਰਤਣ ਤੋਂ ਗੁਰੇਜ਼ ਨਹੀਂ ਕਰਦੇ। ਇਸ ਤਰ੍ਹਾਂ ਇਹ ਲੋਕ ਸ਼ਹੀਦਾਂ ਨੂੰ ਹਾਈਜੈਕ ਕਰ ਕੇ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਵਿੱਚ ਹਨ। ਭਲਾ ਕੋਈ ਪੁਛੇ ਪੂੰਜੀਵਾਦ ਨੂੰ ਗਲ ਨਾਲ ਲਾਉਣ ਵਾਲੇ, ਨਿਜੀਕਰਣ ਦੇ ਰਸਤਿਆਂ ਨੂੰ ਅਪਣਾਉਣ ਵਾਲੇ ਸ਼ਹੀਦ ਭਗਤ ਸਿੰਘ ਦੇ ਪੈਰੋਕਾਰ ਹੋਣ ਦਾ ਦਾਅਵਾ ਕਿਸ ਮੂੰਹ ਨਾਲ ਕਰਦੇ ਹਨ?

ਇਹਨਾਂ ਲੋਕਾਂ ਨੂੰ ਬੇਨਕਾਬ ਕਰਨ ਲਈ ਮੈਦਾਨ ਵਿੱਚ ਆਏ ਹਨ ਸ਼ਹੀਦ ਭਗਤ ਸਿੰਘ ਹੁਰਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ। ਬਿਨਾ ਕੋਈ ਸ਼ੋਰ ਸ਼ਰਾਬਾ ਕੀਤੇ, ਬਿਨਾ ਕੋਈ ਹੰਗਾਮਾ ਕੀਤੇ, ਬਿਨਾ ਕੋਈ ਰਿਸ਼ਤੇਦਾਰੀ ਜਤਾਏ ਪ੍ਰੋਫੈਸਰ ਜਗਮੋਹਨ ਸਿੰਘ ਨੇ ਨੁੱਕੜ ਮੀਟਿੰਗਾਂ ਵਰਗੇ ਆਯੋਜਨਾਂ ਵਿੱਚ ਇਤਿਹਾਸ ਦੀਆਂ ਅਸਲੀ ਗੱਲਾਂ ਇੱਕ ਇੱਕ ਪਰਤ ਖੋਹਲਦਿਆਂ ਸਭਨਾਂ ਦੇ ਸਾਹਮਣੇ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵਿੱਚੋਂ ਹੀ ਹੋਣ ਕਰਕੇ ਉਹਨਾਂ ਕੋਲ ਤਥਾਂ ਅਤੇ ਅੰਕੜਿਆਂ ਦਾ ਭੰਡਾਰ ਹੈ। ਉਹਨਾਂ ਕੋਲ ਦਸਤਾਵੇਜਾਂ ਦਾ ਭੰਡਾਰ ਪਿਆ ਹੈ। ਉਹਨਾਂ ਦੀਆਂ ਗੱਲਾਂ ਦੀ ਗਵਾਹੀ ਦੇਣ ਵਾਲਿਆਂ ਦੀ ਲਿਸਟ ਵੀ ਬੜੀ ਲੰਮੀ ਹੈ। ਸਲੇਮ ਟਾਬਰੀ ਵਿੱਚ ਹੋਈ ਨੁੱਕੜ ਮੀਟਿੰਗ ਵਰਗੇ ਆਯੋਜਨ ਵਿੱਚ ਆਮ ਲੋਕ ਉਹਨਾਂ ਨੂੰ ਸਾਹ ਰੋਕ ਕੇ ਸੁਣਦੇ ਦੇਖੇ ਗਏ। ਇਹਨਾਂ ਵਿੱਚ ਨੌਜਵਾਨ ਮੁੰਡੇ ਕੁੜੀਆਂ ਵੀ ਹੁੰਦੇ ਸਨ, ਅਧਖੜ ਵੀ ਅਤੇ ਬਜ਼ੁਰਗ ਵੀ।

ਪ੍ਰੋਫੈਸਰ ਜਗਮੋਹਨ ਸਿੰਘ ਇੱਕ ਇੱਕ ਨੁਕਤਾ ਦੱਸ ਰਹੇ ਸਨ। ਇਤਿਹਾਸ ਦੀਆਂ ਪਰਤਾਂ ਫਰੋਲ ਰਹੇ ਸਨ। ਸ਼ਹੀਦਾਂ ਬਾਰੇ ਫੈਲਾਈ ਜਾ ਰਹੀ ਧੁੰਦ ਨੂੰ ਚੀਰ ਰਹੇ ਸਨ। ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਫਿਰਕੂ ਚਾਲਾਂ ਨਾਲ ਰੋਲਣ ਦੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕਰ ਰਹੇ ਸਨ। ਉਹਨਾਂ ਦਾ ਭਾਸ਼ਣ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲਿਆ। ਅਸੀਂ ਆਪਣੇ ਸੀਮਿਤ ਸਾਧਨਾਂ ਕਰ ਕੇ ਪੂਰਾ ਸਮਾਗਮ ਲਾਈਵ ਨਹੀਂ ਦਿਖਾ ਸਕੇ। ਉਸ ਖਾਸ ਭਾਸ਼ਣ ਦੇ ਕੁਝ ਅੰਸ਼ ਅਸੀਂ ਇਥੇ ਵੀ ਦੇ ਰਹੇ ਹਨ ਜਿਹਨਾਂ ਨੂੰ ਤੁਸੀਂ ਵੀਡੀਓ ਰਾਹੀਂ ਦੇਖ ਸੁਣ ਸਕਦੇ ਹੋ ਸਿਰਫ ਇਥੇ ਕਲਿੱਕ ਕਰਕੇ। ਆਪਣੇ ਵਿਚਾਰ ਜ਼ਰੂਰੁ ਦੱਸਣਾ। ਆਪਣੀ ਰਾਏ ਜ਼ਰੂਰ ਭੇਜਣਾ। ਤੁਸੀਂ ਸਾਡੀ ਟੀਮ ਨਾਲ ਜੁੜਨਾ ਚਾਹੋ ਤਾਂ ਵੀ ਦੱਸਣਾ।

ਇਸ ਕਵਰੇਜ ਦਾ ਪ੍ਰਬੰਧ ਕੀਤਾ ਸੀ ਐਮ ਐਸ ਭਾਟੀਆ ਅਤੇ ਅਵਤਾਰ ਛਿੱਬਰ ਹੁਰਾਂ ਨੇ। ਪ੍ਰਬੰਧ ਕਰਨ ਤੋਂ ਤੁਰੰਤ ਬਾਅਦ ਭਾਟੀਆ ਜੀ ਇੱਕ ਜ਼ਰੂਰੀ ਸੰਮੇਲਨ ਲਈ ਤਿਰੂਪਤੀ ਬਾਲਾ ਜੀ ਵੱਲ ਰਵਾਨਾ ਹੋ ਗਏ। ਉਸ ਯਾਤਰਾ ਬਾਰੇ ਅਸੀਂ ਜਲਦੀ ਹੀ ਉਹਨਾਂ ਦੀ ਭੇਜੀ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਕੈਮਰੇ ਵਿੱਚ ਸਹਿਯੋਗ ਦੇਣ ਲਈ ਪਹੁੰਚ ਗਏ ਸਨ ਪ੍ਰਦੀਪ ਸ਼ਰਮਾ ਜੀ। ਕਾਮਰਾਨ ਅਤੇ ਹੋਰ ਸਾਥੀਆਂ ਨੇ ਟ੍ਰਾਂਸਪੋਰੇਸ਼ਨ ਵਿਚ ਸਹਿਯੋਗ ਦਿੱਤਾ। ਕਾਮਰੇਡ ਰਮੇਸ਼ ਰਤਨ ਅਤੇ ´ਕੁਝ ਹੋਰ ਸਾਥੀ ਆਪਣੇ ਬਹੁਤ ਹੀ ਜ਼ਰੂਰੀ ਰੁਝੇਵੇਂ ਛੱਡ ਕੇ ਉਚੇਚ ਆਲ ਪਹੁੰਚੇ ਹੋਏ ਸਨ। ਚਾਹਪਾਣੀ ਅਤੇ ਹੋਰ ਲੁੜੀਂਦੇ ਪ੍ਰਬੰਧਾਂ ਦਾ ਜ਼ਿੰਮਾ ਸਵਰਗੀ ਕਾਮਰੇਡ ਬੂਟਾ ਸਿੰਘ ਹੁਰਾਂ ਦੀ ਬੇਟੀ ਗਗਨ ਦੀਪ ਕੌਰ ਨੇ ਸੰਭਾਲਿਆ ਹੋਇਆ ਸੀ। ਜਿਹੜੇ ਏ ਆਈ ਐਸ ਐਫ ਦੀ ਸਰਗਰਮ ਮੈਂਬਰ ਵੀ ਹੈ। ਪ੍ਰੋਫੈਸਰ ਜਗਮੋਹਨ ਸਿੰਘ ਵੀ ਆਪਣੇ ਭਾਸ਼ਣ ਤੋਂ ਤੁਰੰਤ ਬਾਅਦ ਬੇਗ਼ੁਸਰਾਏ ਬਿਹਾਰ ਵੱਲ ਰਵਾਨਾ ਹੋ ਗਏ। । ਕੋਸ਼ਿਸ਼ ਕਰਾਂਗੇ ਉਥੋਂ ਦੀ ਰਿਪੋਰਟ ਵੀ ਤੁਹਾਡੇ ਸਾਹਮਣੇ ਰੱਖ ਸਕੀਏ। --ਰੈਕਟਰ ਕਥੂਰੀਆ

ਵੀਡੀਓ ਲਿੰਕ ਇਥੇ ਵੀ ਹੈ

No comments:

Post a Comment