Monday, October 31, 2022

ਸੀਪੀਆਈ ਲੁਧਿਆਣਾ ਵੱਲੋਂ ਵੀ ਨਵੀਆਂ ਚੁਣੌਤੀਆਂ ਕਬੂਲ

Monday 31st October 2022 at 4:38 PM
ਅਕਤੂਬਰ ਇਨਕਲਾਬ ਦੇ ਨਾਲ ਨਾਲ ਗੁਰੂ ਨਾਨਕ ਦੇ ਵਿਚਾਰਾਂ 'ਤੇ ਵੀ ਫੋਕਸ
ਲੁਧਿਆਣਾ31 ਅਕਤੂਬਰ 2022: (ਕਾਮਰੇਡ ਸਕਰੀਨ ਡੈਸਕ):: 
ਲੈਨਿਨਵਾਦ, ਮਾਰਕਸਵਾਦ ਅਤੇ ਗੁਰੂਨਾਨਕ ਦੇਵ ਜੀ ਦੀ ਵਿਚਾਰਧਾਰਾ ਤੋਂ ਰੌਸ਼ਨੀ ਲੈ ਕੇ ਚੁੱਕੇ ਗਏ ਕਦਮਾਂ ਨਾਲ ਨਿਸਚੇ ਹੀ ਖੱਬੀ ਲਹਿਰ ਨੂੰ ਇੱਕ ਵਾਰ ਫੇਰ ਪੰਜਾਬ ਵਿਚ ਹੁਲਾਰਾ ਮਿਲੇਗਾ। ਲੁਧਿਆਣਾ ਇਕਾਈ ਵੱਲੋਂ ਇਹ ਫੈਸਲਾ ਵਿਜੇਵਾੜਾ (ਆਂਧਰਾ ਪ੍ਰਦੇਸ਼) ਵਿਖੇ ਹੋਈ 24ਵੀਂ ਕੌਮੀ ਕਾਨਫਰੰਸ ਵਿਚ ਸ਼ਾਮਲ ਹੋਏ ਪ੍ਰਤੀਨਿਧਾਂ ਦੇ ਪਰਤਣ ਮਗਰੋਂ ਕੀਤਾ ਗਿਆ ਲੱਗਦਾ ਹੈ। ਇਸ ਤਰ੍ਹਾਂ ਦੇ ਕਦਮ ਚੁੱਕਣ ਦੀ ਲੋੜ ਕਾਫੀ ਲੰਮੇ ਅਰਸੇ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਗਦਰੀ ਬਾਬੇ ਵੀ ਗੁਰਆਂ ਦੀ ਬਾਣੀ ਤੋਂ ਸੇਧ ਅਤੇ ਪ੍ਰੇਰਣਾ ਲੈਂਦੇ ਰਹੇ ਹਨ।   

ਇਸ ਦੇ ਨਾਲ ਹੀ ਜੇ ਨਜ਼ਰ ਮਾਰੀਏ ਤਾਂ ਹਾਲਾਤ ਇੱਕ ਵਾਰ ਫੇਰ ਨਾਜ਼ੁਕ ਹੁੰਦੇ ਨਜ਼ਰ ਆ ਰਹੇ ਹਨ। ਆਮ ਜਨਤਾ ਦੇ ਨਾਲ ਨਾਲ ਖਾਸ ਕਰ ਤੌਰ 'ਤੇ ਕਮਿਊਨਿਸਟਾਂ ਲਈ ਇੱਕ ਵਾਰ ਫੇਰ ਗੰਭੀਰਤਾ ਨਾਲ ਸੋਚਣ ਦਾ ਵੇਲਾ ਦੋਬਾਰਾ ਆ ਗਿਆ ਹੈ। ਅੱਸੀਵਿਆਂ ਵਿਚ ਵੀ ਸਭ ਕੁਝ ਇਸੇ ਤਰ੍ਹਾਂ ਸ਼ੁਰੂ ਹੋਇਆ ਸੀ ਪਰ ਉਸ ਵੇਲੇ ਕੇਂਦਰ ਸਰਕਾਰ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਸੀ ਜਦਕਿ ਹੁਣ ਦੇ ਹਾਲਾਤ ਬਿਲਕੁਲ ਹੀ ਹੋਰ ਹਨ। ਇਸ ਹਕੀਕਤ ਦੇ ਬਾਵਜੂਦ ਕਮਿਊਨਿਸਟ ਮੌਜੂਦਾ ਚੁਣੌਤੀਆਂ ਦੇ ਸਾਹਮਣੇ ਲਈ ਵੀ ਤਿਆਰ ਹਨ। ਕਮਿਊਨਿਸਟਾਂ ਦੀਆਂ ਇਨਡੋਰ ਮੀਟਿੰਗਾਂ ਵੀ ਜਾਰੀ ਹਨ ਅਤੇ ਖੁਲ੍ਹੀਆਂ ਜਨਤਕ ਸਰਗਰਮੀਆਂ ਵੀ। ਸਥਾਨਕ ਮਸਲੇ ਵੀ ਤੇਜ਼ੀ ਨਾਲ ਚੁੱਕੇ ਜਾਣ ਲੱਗ ਪਏ ਹਨ ਅਤੇ ਸਾਹਿਤ ਦੇ ਖੇਤਰ ਵਿੱਚ ਵੀ ਖੱਬੀ ਸਰਗਰਮੀ ਇੱਕ ਵਾਰ ਫੇਰ ਵੱਧ ਰਹੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੀ 18 ਦਸੰਬਰ ਨੂੰ ਹੋਣ ਵਾਲੀ ਚੋਣ ਦੇ ਨਤੀਜਿਆਂ ਵਿਚ ਇਹ ਗੱਲ ਉਭਰ ਕੇ ਸਾਹਮਣੇ ਵੀ ਆਏਗੀ।

ਦਸੰਬਰ ਮਹੀਨਾ ਚੜ੍ਹਨ ਤੋਂ ਪਹਿਲਾਂ ਹੁਣ ਕੁਝ ਘੰਟਿਆਂ ਦੇ ਅੰਦਰ ਹੀ ਨਵੰਬਰ ਦਾ ਮਹੀਨਾ ਆ ਰਿਹਾ ਹੈ। ਨਵੰਬਰ ਮਹੀਨੇ ਦੀ ਸੱਤ ਤਰੀਕ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ ਅਕਤੂਬਰ ਇਨਕਲਾਬ ਦਾ ਦਿਨ। ਬਾਅਦ ਵਿਚ ਇਸਨੂੰ ਨਵੰਬਰ ਇਨਕਲਾਬ ਵੀ ਆਖਿਆ ਜਾਣ ਲੱਗ ਪਿਆ ਪਰ ਅਜੇ ਤੀਕ ਅਕਤੂਬਰ ਇਨਕਲਾਬ ਹੀ ਜ਼ਿਆਦਾ ਪ੍ਰਚੱਲਿਤ ਹੈ। ਇਸ ਮਹਾਨ ਕ੍ਰਾਂਤੀ ਨੇ ਉਹਨਾਂ ਦਾਅਵਿਆਂ ਅਤੇ ਸੰਕਲਪਾਂ ਨੂੰ ਦੁਨੀਆ ਭਰ ਦੇ ਸਾਹਮਣੇ ਸਾਬਿਤ ਕੀਤਾ ਸੀ ਜਿਹਨਾਂ ਬਾਰੇ ਜਨਾਬ ਫ਼ੈਜ਼ ਅਹਿਮਦ ਫ਼ੈਜ਼ ਸਾਹਿਬ ਨੇ ਆਖਿਆ ਸੀ--

ਐ ਖ਼ਾਕ-ਨਸ਼ੀਨੋਂ ਉਠ ਬੈਠੋ, ਵੋ ਵਕਤ ਕਰੀਬ ਆ ਪਹੁੰਚਾ ਹੈ
ਜਬ ਤਖ਼ਤ ਗਿਰਾਏ ਜਾਏਂਗੇ, ਜਬ ਤਾਜ ਉਛਾਲੇ ਜਾਏਂਗੇ!

ਅਬ ਟੂਟ ਗਿਰੇਂਗੀ ਜ਼ੰਜੀਰੇਂ, ਅਬ ਜ਼ਿੰਦਾਨੋਂ ਕੀ ਖ਼ੈਰ ਨਹੀਂ
ਜੋ ਦਰਿਯਾ ਝੂਮ ਕੇ ਉੱਠੇ ਹੈਂ, ਤਿਨਕੋਂ ਸੇ ਨ ਟਾਲੇ ਜਾਏਂਗੇ!

ਕਟਤੇ ਭੀ ਚਲੋ,ਬੜ੍ਹਤੇ ਭੀ ਚਲੋ,ਬਾਜ਼ੂ ਭੀ ਬਹੁਤ ਹੈਂ ਸਰ ਭੀ ਬਹੁਤ
ਚਲਤੇ ਭੀ ਚਲੋ ਕਿ ਅਬ ਡੇਰੇ ਮੰਜਿਲ ਹੀ ਪੇ ਡਾਲੇ ਜਾਏਂਗੇ!

ਐ ਜ਼ੁਲਮ ਕੇ ਮਾਤੋ, ਲਬ ਖੋਲੋ, ਚੁਪ ਰਹਨੇ ਵਾਲੋ, ਚੁਪ ਕਬ ਤਕ
ਕੁਛ ਹਸ਼ਰ ਤੋ ਇਨਸੇ ਉੱਠੇਗਾ, ਕੁਛ ਦੂਰ ਤੋ ਨਾਲੇ ਜਾਏਂਗੇ!

ਸੀਪੀਆਈ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਇਹਨਾਂ ਸਤਰਾਂ ਨੂੰ ਚੇਤੇ ਕਰਦਿਆਂ ਅਤੇ ਕਰਾਉਂਦਿਆਂ ਇਸ ਵਾਰ ਵੀ ਸੱਤ ਨਵੰਬਰ ਨੂੰ ਮਹਾਨ ਅਕਤੂਬਰ ਇਨਕਲਾਬ ਦਾ ਦਿਨ ਮਨਾ ਰਹੀ ਹੈ।  ਇਸ ਦਿਨ ਨੂੰ ਮਨਾਉਣ ਦਾ ਮਕਸਦ ਮੌਜੂਦਾ ਚੁਣੌਤੀਆਂ ਦੇ ਦਲੇਰਾਨਾ ਸਾਹਮਣੇ ਦਾ ਸਪਸ਼ਟ ਐਲਾਨ ਹੈ। 
 
ਚੇਤੇ ਰਹੇ ਕਿ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ, ਰੂਸੀ ਇਨਕਲਾਬ, ਲਾਲ ਅਕਤੂਬਰ, ਅਕਤੂਬਰ ਵਿਦਰੋਹ ਅਤੇ ਬਾਲਸ਼ਵਿਕ ਇਨਕਲਾਬ ਵੀ ਕਿਹਾ ਜਾਂਦਾ ਹੈ। ਇਹ ਮਹਾਨ ਕ੍ਰਾਂਤੀ ਲੈਨਿਨ ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਵੱਲੋਂ  ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਾਬਜ ਹੋਣ ਦੀ ਕਾਰਵਾਈ ਸੀ। ਇਹ 20ਵੀਂ ਸਦੀ ਦੀਆਂ ਸਭ ਤੋਂ ਵੱਡੀਆਂ ਰਾਜਨੀਤਕ ਘਟਨਾਵਾਂ ਵਿੱਚੋਂ ਇੱਕ ਹੈ ਜੋ ਅਕਤੂਬਰ 1917 ਵਿੱਚ (ਨਵੇਂ ਕੈਲੰਡਰ ਅਨੁਸਾਰ ਨਵੰਬਰ 1917 ਵਿੱਚ) ਵਾਪਰੀ। ਇਸਨੇ ਵਿਸ਼ਵ ਇਤਿਹਾਸ ਦੇ ਅਗਲੇ ਰੁਖ ਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਤ ਕੀਤਾ। 

ਇਸ ਕ੍ਰਾਂਤੀ ਦੇ ਸਿੱਟੇ ਵਜੋਂ, ਰੂਸ ਵਿੱਚ ਘਰੇਲੂ ਯੁੱਧ ਛਿੜ ਪਿਆ, ਆਰਜ਼ੀ ਸਰਕਾਰ ਨੂੰ ਹਟਾ ਦਿੱਤਾ ਗਿਆ ਅਤੇ ਸੋਵੀਅਤਾਂ ਦੀ ਦੂਜੀ ਕੁੱਲ-ਰੂਸੀ ਕਾਂਗਰਸ ਦੁਆਰਾ ਸਰਕਾਰ ਬਣਾਈ ਗਈ, ਜਿਸ ਵਿੱਚ ਪ੍ਰਤਿਨਿਧਾਂ ਦੀ ਭਾਰੀ ਬਹੁਗਿਣਤੀ ਬੋਲਸ਼ਿਵਿਕਾਂ (ਆਰਐਸਡੀਐਲਪੀ ਦੀ ਸੀ ਅਤੇ ਉਹਨਾਂ ਦੇ ਸਹਿਯੋਗੀਆਂ ਵਿੱਚ ਖੱਬੇ ਸਮਾਜਵਾਦੀ-ਕ੍ਰਾਂਤੀਕਾਰੀ ਅਤੇ ਕੁਝ ਕੌਮੀ ਸੰਗਠਨ ਸ਼ਾਮਲ ਸਨ।

ਅਸਥਾਈ ਸਰਕਾਰ ਨੂੰ 25-26 ਅਕਤੂਬਰ (7-8 ਨਵੰਬਰ, ਨਵਾਂ ਕੈਲੰਡਰ) ਹਥਿਆਰਬੰਦ ਵਿਦਰੋਹ ਰਾਹੀਂ ਹਟਾ ਦਿੱਤਾ ਗਿਆ, ਜਿਸਦੇ ਮੁੱਖ ਆਗੂ ਆਯੋਜਕ ਵੀ ਆਈ ਲੈਨਿਨ, ਲਿਓਨ ਟਰਾਟਸਕੀ, ਸਵਿਰਦਲੋਵ ਆਦਿ ਸਨ। ਪੀਤਰੋਗਰਾਦ ਸੋਵੀਅਤ ਦੀ ਫੌਜੀ ਇਨਕਲਾਬੀ ਕਮੇਟੀ, ਜਿਸ ਵਿੱਚ ਖੱਬੇ ਸਮਾਜਵਾਦੀ-ਕ੍ਰਾਂਤੀਕਾਰੀ ਵੀ ਸ਼ਾਮਲ ਸਨ. ਨੇ ਇਸ ਵਿਦਰੋਹ ਦੀ ਸਿੱਧੀ ਅਗਵਾਈ ਕੀਤੀ। ਲੋਕਾਂ ਦੇ ਇੱਕ ਵੱਡੇ ਹਿੱਸੇ ਦੇ ਸਮਰਥਨ, ਅਸਥਾਈ ਸਰਕਾਰ ਦੀ ਅਯੋਗਤਾ, ਮੈਨਸ਼ਵਿਕ ਅਤੇ ਸੱਜੇ-ਪੱਖੀ ਸਮਾਜਵਾਦੀ-ਕ੍ਰਾਂਤੀਕਾਰੀਆਂ ਦੀ ਬੋਲਸ਼ੇਵਿਕਾਂ ਦਾ ਇੱਕ ਅਸਲੀ ਬਦਲ ਪੇਸ਼ ਕਰਨ ਦੀ ਅਸਮਰਥਤਾ ਨੇ ਇਸ ਵਿਦਰੋਹ ਦੀ ਸਫਲਤਾ ਪਹਿਲਾਂ ਹੀ ਨਿਸ਼ਚਿਤ ਕਰ ਦਿੱਤੀ ਹੋਈ ਸੀ।

ਇਥੇ ਇਸ ਕ੍ਨਾਰਾਂਤੀ ਦੇ ਮ ਬਾਰੇ ਵੀ ਜ਼ਿਕਰ ਜ਼ਰੂਰੀ ਹੈ। ਪਹਿਲਾਂ ਪਹਿਲ, ਇਸ ਘਟਨਾ ਨੂੰ ਅਕਤੂਬਰ ਪਲਟਾ ਜਾਂ ਤੀਜੇ ਵਿਦਰੋਹ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ, ਜਿਵੇਂ ਕਿ ਸਮਕਾਲੀ ਦਸਤਾਵੇਜ਼ਾਂ ਵਿੱਚ ਵੇਖਿਆ ਗਿਆ ਹੈ (ਉਦਾਹਰਨ ਲਈ, ਵਲਾਦੀਮੀਰ ਲੈਨਿਨ ਦੀਆਂ ਸਮੁਚੀਆਂ ਲਿਖਤਾਂ ਦੇ ਪਹਿਲੇ ਸੰਸਕਰਣਾਂ ਵਿੱਚ)। ਸਮੇਂ ਦੇ ਨਾਲ, ਅਕਤੂਬਰ ਇਨਕਲਾਬ ਦੀ ਵਰਤੋਂ ਪ੍ਰਚਲਿਤ ਹੋ ਗਈ ਸੀ। ਇਹ ਇਨਕਲਾਬ ਗਰੈਗਰੀਅਨ ਕੈਲੰਡਰ ਦੇ ਅਨੁਸਾਰ ਨਵੰਬਰ ਵਿੱਚ ਹੋਇਆ ਸੀ ਇਸ ਲਈ ਇਸ ਨੂੰ "ਨਵੰਬਰ ਇਨਕਲਾਬ" ਵਜੋਂ ਵੀ ਜਾਣਿਆ ਜਾਂਦਾ ਹੈ।

ਇਸ ਅਕਤੂਬਰ ਇਨਕਲਾਬ ਨੇ ਬਾਅਦ ਦੇ ਦਹਾਕਿਆਂ ਦੌਰਾਨ ਵੀ ਪੂਰੀ ਦੁਨੀਆ ਵਿੱਚ ਲੋਕ ਪੱਖੀ ਸਰਗਰਮੀਆਂ ਦੀ ਸਫਲਤਾ ਲਈ ਬਹੁਤ ਕੁਝ ਕੀਤਾ। ਸੋਵੀਅਤ ਸਿੰਘ ਦੇ ਢਹਿਢੇਰੀ ਹੋਣ ਤੋਂ ਬਾਅਦ ਵੀ ਇਹ ਕੋਸ਼ਿਸ਼ਾਂ ਜਾਰੀ ਹਨ। 

ਇਸੇ ਦੌਰਾਨ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਨਵੀਆਂ ਚੁਣੌਤੀਆਂ ਵੀ ਸਵੀਕਾਰ ਕੀਤੀਆਂ ਜਾ ਰਹੀਆਂ ਹਨ।  ਸੀਪੀਆਈ ਲੁਧਿਆਣਾ ਇਕਾਈ ਵੱਲੋਂ ਵੀ ਅਕਤੂਬਰ ਇਨਕਲਾਬ ਮੌਕੇ ਸਮਾਗਮ ਇੱਕ ਬਹੁਤ ਹੀ ਚੰਗਾ ਸ਼ਗਨ ਹੈ। ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਮੋਦੀ ਸਰਕਾਰ ਦੀਆਂ ਸਮਾਜ ਨੂੰ ਫਿਰਕੂ ਲੀਹਾਂ ਤੇ ਵੰਡਣ ਦੀਆਂ ਸਾਜਿਸ਼ਾਂ  ਅਤੇ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਖਿਲਾਫ਼ ਅੰਦੋਲਨ ਵਿੱਢਣ ਦਾ ਸੱਦਾ ਵੀ ਦਿੱਤਾ ਗਿਆ ਹੈ। ਇਹ ਸੱਦਾ ਇੱਕ ਇਤਿਹਾਸਿਕ ਅੰਦੋਲਨ ਸਿਰਜੇਗਾ। 

ਪਿਛਲੇ ਸਾਲਾਂ ਦੇ ਵਿੱਚ ਬੇਹਿਸਾਬੀ ਵਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਕਾਰਨ ਸਮਾਜ ਵਿਚ ਹਾਹਾਕਾਰ ਮਚੀ ਹੋਈ ਹੈ। ਇਹ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਲੋਕ ਦੋਖੀ  ਆਰਥਿਕ ਨੀਤੀਆਂ ਦਾ ਨਤੀਜਾ ਹੈ। ਲੋਕਾਂ ਵਿਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਲੋਕਾਂ ਦੇ ਸੁਆਲਾਂ ਦਾ ਮੋਦੀ ਸਰਕਾਰ ਕੋਲ ਕੋਈ ਜਵਾਬ ਨਹੀਂ । ਇਸ ਲਈ ਉਹ ਸਮਾਜ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਫਿਰਕੂ ਲੀਹਾਂ ਤੇ ਦੰਗੇ ਕਰਵਾਉਣ ਦੀਆਂ ਸਾਜ਼ਿਸ਼ਾਂ ਰਚ ਗਈ ਹੈ।  ਅੱਜ ਇੱਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ  ਭਾਰਤੀ ਕਮਿਊਨਿਸਟ  ਪਾਰਟੀ ਦੀ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰਨੀ ਦੀ  ਮੀਟਿੰਗ ਵਿੱਚ ਇਨ੍ਹਾਂ ਉਪਰੋਕਤ ਮੁੱਦਿਆਂ ਤੇ ਲੋਕ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ  ਕਾਮਰੇਡ  ਚਮਕੌਰ ਸਿੰਘ ਨੇ ਕੀਤੀ।  

ਕਾਮਰੇਡ ਡੀ.ਪੀ. ਮੌੜ, ਜ਼ਿਲ੍ਹਾ ਸਕੱਤਰ ਨੇ ਦੱਸਿਆ ਕਿ ਹੁਣੇ ਹੁਣੇ ਵਿਜੇਵਾੜਾ ਵਿਖੇ ਹੋਈ ਪਾਰਟੀ ਦੀ 24ਵੀਂ ਕੌਮੀ ਕਾਂਗਰਸ ਨੇ ਇਨ੍ਹਾਂ ਮੁੱਦਿਆਂ ਉੱਪਰ ਡੂੰਘੀ ਵਿਚਾਰ ਚਰਚਾ ਕਰਨ ਤੋਂ ਬਾਅਦ ਜਮੀਨੀ ਪੱਧਰ ਤੇ ਲੋਕਾਂ ਨੂੰ ਇਕੱਤਰ ਕਰ ਕੇ ਅੰਦੋਲਨ ਚਲਾਉਣ ਦਾ ਫ਼ੈਸਲਾ ਲਿਆ ਹੈ। ਇਸ ਸੰਬੰਧ ਵਿੱਚ ਪਾਰਟੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ 16 ਨਵੰਬਰ ਨੂੰ  ਭਾਈ ਬਾਲਾ ਚੌਕ ਵਿਖੇ ਸਥਿਤ ਉਨ੍ਹਾਂ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਹਿਨਾ ਕੇ ਇੱਕ ਰੈਲੀ ਕੀਤੀ ਜਾਵੇਗੀ। 

ਪਾਰਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦੀ ਸਹੀ ਢੰਗ ਨਾਲ ਵਿਆਖਿਆ ਕਰਨ ਦਾ ਵੀ ਫ਼ੈਸਲਾ ਲਿਆ ਹੈ ਇਸ ਬਾਰੇ ਮੀਟਿੰਗਾ ਕੀਤੀਆਂ ਜਾਣਗੀਆਂ। ਉਨ੍ਹਾਂ ਦੇ ਆਰਥਿਕ ਤੇ ਸਮਾਜਿਕ ਨਿਆਂ ਦੇ ਵਿਚਾਰ ਅੱਜ ਵੀ ਬਹੁਤ ਸਾਰਥਿਕ ਹਨ ਅਤੇ ਇਨ੍ਹਾਂ ਵਿਚਾਰਾਂ ਤੋਂ ਦੁਨੀਆ ਦੀ ਅਗਾਂਹਵਧੂ  ਲਹਿਰ ਨੇ ਬਹੁਤ ਪ੍ਰਭਾਵ ਲਿਆ ਹੈ। 

7 ਨਵੰਬਰ ਨੂੰ ਪਹਿਲੇ ਸਮਾਜਵਾਦੀ ਇਨਕਲਾਬ ਨੂੰ ਯਾਦ ਕਰਦਿਆਂ ਵਿਚਾਰ ਗੋਸ਼ਟੀ ਕੀਤੀ ਜਾਏਗੀ। ਇਸਤਰੀਆਂ ਦੇ ਉਪਰ ਹੋ ਰਹੇ ਅੱਤਿਆਚਾਰਾਂ ਦੇ ਵਿਰੁੱਧ ਅਤੇ ਉਨ੍ਹਾਂ ਦੇ ਬਰਾਬਰਤਾ ਦੇ ਅਧਿਕਾਰਾਂ ਦੇ ਸੰਘਰਸ਼ ਨੂੰ ਅੱਗੇ ਵਧਾਉਣ ਦੇ ਲਈ  ਇਸਤਰੀਆਂ ਦੀ ਕਾਨਫਰੰਸ ਕੀਤੀ ਜਾਏਗੀ।

ਮੀਟਿੰਗ ਵਿੱਚ ਡਾਕਟਰ ਅਰੁਣ  ਮਿੱਤਰਾ,  ਰਮੇਸ਼ ਰਤਨ,  ਐਮ ਐਸ ਭਾਟੀਆ,  ਵਿਜੇ ਕੁਮਾਰ , ਨਵਲ ਛਿੱਬੜ ,  ਕੇਵਲ ਸਿੰਘ ਬਣਵੈਤ,  ਗੁਲਜ਼ਾਰ ਪੰਧੇਰ,  ਜਸਵੀਰ ਝੱਜ,  ਕੁਲਵੰਤ ਕੌਰ, ਅਮਰਜੀਤ ਕੌਰ ਗੋਰੀਆ, ਭਗਵਾਨ ਸਿੰਘ ਸੋਮਲ ਖੇੜੀ, ਜਗਦੀਸ਼ ਰਾਏ ਬੌਬੀ,ਚਰਨ ਸਿੰਘ ਸਰਾਭਾ  , ਦੀਪਕ ਕੁਮਾਰ ਅਤੇ ਗੁਰਵੰਤ ਸਿੰਘ ਨੇ ਚਰਚਾ ਵਿੱਚ ਹਿੱਸਾ ਲਿਆ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments:

Post a Comment