Wednesday, April 17, 2024

ਫਰੀਦਕੋਟ, ਅੰਮ੍ਰਿਤਸਰ ਅਤੇ ਖਡੂਰ ਸਾਹਿਬ ਵਿੱਚ ਦਿਖਾਏਗਾ ਲਾਲ ਝੰਡਾ ਆਪਣਾ ਜਲਵਾ

Tuesday17th April 2024

ਸੀਪੀਆਈ ਵੱਲੋਂ ਪੰਜਾਬ ਵਿੱਚ ਤਿੰਨ ਸੀਟਾਂ 'ਤੇ ਚੋਣ ਲੜਣ ਦਾ ਐਲਾਨ  

ਲੁਧਿਆਣਾ: 17 ਅਪ੍ਰੈਲ 2024: (ਕਾਮਰੇਡ ਸਕਰੀਨ ਡੈਸਕ):: 

ਉੱਤੋੜਿੱਤੀ ਹੋਈਆਂ ਦਲ ਬਦਲੀਆਂ ਨੇ ਨਾ ਸਿਰਫ ਇੱਕ ਸ਼ਰਮਨਾਕ ਇਤਿਹਾਸ ਸਿਰਜਿਆ ਹੈ ਬਲਕਿ ਸਿਆਸੀ ਮਾਹੌਲ ਨੂੰ ਵੀ ਬੁਰੀ ਤਰ੍ਹਾਂ ਗੰਧਲਾ ਜਿਹਾ ਕਰ ਦਿੱਤਾ ਗਿਆ ਹੈ। ਇਸ ਸਾਰੇ ਵਰਤਾਰੇ ਨੇ ਵਿਚਾਰਾਂ ਅਤੇ ਵਿਚਾਰਧਾਰਾ ਦੇ ਰੰਗ ਨੂੰ ਕਾਫੀ ਹੱਦ ਤੱਕ ਮੱਧਮ ਕਰਦਿਆਂ ਸਿਰਫ ਅਤੇ ਸਿਰਫ ਸੱਤਾ-ਪ੍ਰੇਮ ਵਾਲੇ ਰੰਗ ਨੂੰ ਹੀ ਉਭਾਰਿਆ ਹੈ। ਇਸਦੇ ਬਾਵਜੂਦ ਖੱਬੀਆਂ ਧਿਰਾਂ ਆਪਣੇ ਵਿਚਾਰਧਾਰਕ ਸਟੈਂਡ ਤੇ ਅਜੇ ਵੀ ਪੂਰੀ ਤਰ੍ਹਾਂ ਲਹਿਰ ਦੇ ਰਹੀਆਂ ਹਨ। ਵਿਰੋਧੀ ਵਰਤਾਰਿਆਂ ਅਤੇ ਮੁਹਿੰਮਾਂ ਦੇ ਬਾਵਜੂਦ ਕਮਿਊਨਿਸਟ ਅਜੇ ਵੀ ਆਪਣੀ ਵਿਚਾਰਧਾਰਕ ਪਹੁੰਚ 'ਤੇ ਕਾਇਮ ਹਨ। ਬੁਰੀ ਤਰ੍ਹਾਂ ਪ੍ਰਦੂਸ਼ਿਤ ਅਤੇ ਵਿਰੋਧੀ ਮਹਲ ਦੇ ਬਾਵਜੂਦ ਕਮਿਊਨਿਸਟ ਪਾਰਟੀਆਂ ਚੋਣਾਂ ਲੜ ਰਹੀਆਂ ਹਨ। ਭਾਰਤੀ ਕਮਊਨਿਸਟ ਪਾਰਟੀ ਵੱਲੋਂ ਸੰਸਦ ਦੀਆਂ ਚੋਣਾਂ ਮੌਕੇ ਪੰਜਾਬ ਵਿੱਚ ਤਿੰਨ ਸੀਟਾਂ ਲੜਨ ਦਾ ਐਲਾਨ ਕੀਤਾ ਗਿਆ ਹੈ। 

ਅੱਜ ਇੱਥੇ ਲੁਧਿਆਣਾ ਵਿਖੇ ਭਾਰਤੀ ਕਮਊਨਿਸਟ ਪਾਰਟੀ ਦੀ ਸੂਬਾ ਐਗਜੈਕਟਿਵ ਦੀ ਮੀਟਿੰਗ ਕਾਮਰੇਡ ਡੀ ਪੀ ਮੌੜ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪਾਰਲੀਮੈਂਟ ਦੀਆਂ  ਆਉਂਦੀਆਂ ਚੋਣਾਂ ਬਾਰੇ ਵੇਰਵੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਮੌਕੇ ਸਭ ਤੋਂ ਪਹਿਲਾਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਚੋਣਾਂ ਵਿੱਚ ਪਾਰਟੀ ਦੇ ਸਟੈਂਡ ਦੀ ਵਿਸਥਾਰ ਨਾਲ ਵਿਆਖਿਆ ਕੀਤੀ। 

ਇਸ ਉਪਰੰਤ ਫੈਸਲਾ ਹੋਇਆ ਕਿ ਪੰਜਾਬ ਵਿੱਚ ਪਾਰਟੀ ਤਿੰਨ ਸੀਟਾਂ ਤੇ ਚੋਣ ਲੜੇਗੀ ਜਿਨ੍ਹਾਂ ਵਿੱਚ ਫਰੀਦਕੋਟ, ਅੰਮ੍ਰਿਤਸਰ ਅਤੇ ਖਡੂਰ ਸਾਹਿਬ ਸ਼ਾਮਿਲ ਹਨ। ਇਸ ਤੋਂ ਇਲਾਵਾ ਜਲੰਧਰ ਵਿਖੇ ਸੀ ਪੀ ਆਈ (ਐਮ) ਦੇ ਉਮੀਦਵਾਰ ਦਾ ਸਮਰਥਨ ਕੀਤਾ ਜਾਏਗਾ। 

ਮੀਟਿੰਗ ਵਿੱਚ ਵੱਖ ਵੱਖ ਸਾਥੀਆਂ ਨੇ ਇਹਨਾਂ ਵਿਚਾਰਾਂ ਦੀ ਰੌਸ਼ਨੀ ਵਿੱਚ ਹੀ ਕਿਹਾ ਕਿ ਅੱਜ ਦੇਸ਼ ਦੀ ਸਥਿਤੀ ਬਹੁਤ ਹੀ ਨਾਜ਼ੁਕ ਦੌਰ ਤੇ ਖੜੀ ਹੈ ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਆਰ ਐਸ ਐਸ ਦੀ ਵਿਚਾਰਧਾਰਾ ਨੂੰ ਪ੍ਰਣਾਈ  ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਦੇ ਦੌਰਾਨ ਦੇਸ਼ ਵਿੱਚ ਸਮਾਜਿਕ ਸਦਭਾਵਨਾ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ, ਕਾਮਿਆਂ ਦੇ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ, ਕਿਸਾਨਾਂ ਦੇ ਉੱਪਰ ਲਗਾਤਾਰ ਜੁਲਮ ਢਾਏ ਗਏ ਹਨ ਤੇ ਮੰਗੀਆਂ ਹੋਈਆਂ ਮੰਗਾਂ ਤੋਂ ਸਰਕਾਰ ਪੂਰੀ ਤਰ੍ਹਾਂ  ਮੁੱਕਰ ਗਈ ਹੈ। 

ਜਿਸ ਤਰੀਕੇ ਨਾਲ ਬਿਲਕਿਸ ਬਾਨੋ ਦੇ ਹਤਿਆਰਿਆਂ ਤੇ ਬਲਾਤਕਾਰੀਆਂ ਨੂੰ ਰਿਹਾ ਕੀਤਾ ਗਿਆ ਜਾਂ ਫਿਰ ਇਸੇ ਸਮੇਂ ਦੌਰਾਨ ਹੀ  ਇਸਤਰੀ ਪਹਿਲਵਾਨਾਂ ਦੇ ਦੋਸ਼ੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਦਾ ਬਚਾਓ ਕਰਕੇ ਔਰਤ ਪਹਿਲਵਾਨਾਂ ਤੇ ਜੁਲਮ ਢਾਏ ਗਏ ਇਹ ਅਤੀ ਨਿਖੇਧੀ ਯੋਗ ਘਟਨਾਵਾਂ ਹਨ। 

ਬੇਰੋਜ਼ਗਾਰੀ ਤੇ ਮਹਿੰਗਾਈ ਦੇ ਕਾਰਨ ਅੱਜ ਹਾਹਾਕਾਰ ਮਚਿਆ ਹੋਇਆ ਹੈ। ਸਿੱਖਿਆ ਤੇ  ਸਿਹਤ ਸੇਵਾਵਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਹਰ ਪੱਖੋਂ ਅਸਫਲ ਭਾਜਪਾ ਸਰਕਾਰ ਲੋਕਾਂ ਵਿੱਚ ਵੰਡੀਆਂ ਪਾ ਕੇ ਤੇ ਧਰਮ ਤੇ ਰਾਜਨੀਤੀ ਨੂੰ ਰਲਗਢ ਕਰਕੇ ਮੁੜ ਸੱਤਾ ਵਿੱਚ ਆਉਣ ਦੀ ਫਿਰਾਕ ਵਿੱਚ ਹੈ। ਜਿਸ ਤਰੀਕੇ ਨਾਲ ਪਰਮਾਣੂ ਬੰਬਾਂ ਬਾਰੇ ਨਰਿੰਦਰ ਮੋਦੀ ਨੇ ਬਿਆਨ ਦਿੱਤਾ ਹੈ ਉਹ ਬਹੁਤ ਹੀ ਖਤਰਨਾਕ ਗੱਲ ਹੈ।

ਇਸ ਲਈ ਇਹ ਜ਼ਰੂਰੀ ਹੈ ਕਿ ਭਾਜਪਾ ਦੀ ਸਰਕਾਰ ਨੂੰ ਗੱਦੀਓਂ ਲਾਇਆ ਜਾਏ  ਤਾਂ ਜੋ ਦੇਸ਼ ਵਿੱਚ ਸਦਭਾਵਨਾ ਦਾ ਮਾਹੌਲ ਬਣੇ ਅਤੇ ਲੋਕ ਹਿਤੂ ਸਰਕਾਰ ਦਾ ਗਠਨ ਹੋਵੇ। ਇਸ ਬਾਰੇ ਭਾਰਤੀ ਕਮਿਊਨਿਸਟ ਪਾਰਟੀ ਇੰਡੀਆ ਗਠਬੰਧਨ ਦੇ ਨਾਲ ਪੂਰੀ ਤਰ੍ਹਾਂ ਡੱਟ ਕੇ ਖੜੀ ਹੈ।  

ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ  ਜਗਰੂਪ ਸਿੰਘ ਅਤੇ   ਕਾਮਰੇਡ ਹਰਦੇਵ ਅਰਸ਼ੀ ਨੇ ਆਪਣੇ ਵਿਚਾਰ ਦਿੱਤੇ।

No comments:

Post a Comment