Friday, August 2, 2024

ਫਾਸ਼ੀਵਾਦ ਵਿਰੁੱਧ ਵਿਸ਼ਾਲ ਲੋਕਤੰਤਰਿਕ ਮੋਰਚਾ; ਸਮੇਂ ਦੀ ਪੁਕਾਰ

Thursday 1st August 2024 at 12:50 PM

ਲੁਧਿਆਣਾ ਤੋਂ *ਸੀਨੀਅਰ ਕਾਮਰੇਡ ਰਮੇਸ਼ ਰਤਨ ਦੀ ਵਿਸ਼ੇਸ਼ ਲਿਖਤ 


ਭਾਰਤ ਦੇ ਸਹਿਰਾਂ  ਅਤੇ ਸੜਕਾਂ ਦੇ ਨਾਮ ਬਦਲਣ ਤੋਂ ਸੁਰੂ ਹੋ ਕੇ ਪਾਰਲੀਮੈਂਟ ਦੇ ਹਾਲ ਦੇ ਨਾਮ ਬਦਲਣ ਤੱਕ, ਫੌਜਦਾਰੀ ਕਾਨੂੰਨਾਂ ਵਿਚ ਪੁਲਿਸ ਰਾਜ ਕਾਇਮ ਕਰਨ ਵਾਲੀਆਂ ਲੋਕਤੰਤਰ ਵਿਰੋਧੀ ਧਾਰਾ ਜੋੜਨ ਅਤੇ ਹੁਣ ਧਾਰਮਿਕ ਯਾਤਰਾਵਾਂ ਨੂੰ ਫਿਰਕਾ ਪ੍ਰਸਤੀ ਫੈਲਾਉਣ  ਲਈ ਵਰਤਣ  ਕਾਰਨ 'ਸੰਘੀ' ਸ਼ਬਦ ਦੇ ਮਾਇਨੇ ਵੀ ਉਸੇ ਤਰ੍ਹਾਂ ਬਦਲ ਰਹੇ ਹਨ, ਜਿਵੇਂ   ਹਿਟਲਰ ਅਤੇ ਮੁਸੋਲਿਨੀ ਵਲੋਂ ਅਪਣਾਈ ਨੀਤੀ ਨੇ 'ਫਾਸਿਸਟ' ਸ਼ਬਦ ਨੂੰ ਅੱਜੋਕੀ  ਰਾਜਨੀਤਕ ਭਾਸ਼ਾ ਦਾ ਸਭ ਤੋਂ ਭਿਆਨਕ ਨਫਰਤ ਵਾਲਾ ਸ਼ਬਦ ਬਣਾ ਦਿੱਤਾ ਸੀ। 

ਸ਼ਬਦਾਂ ਦੇ ਅਰਥ ਇਤਿਹਾਸ ਦੇ ਖਾਸ ਮੋੜ ਤੇ ਬਦਲਦੇ ਹਨ।   ਜਿਵੇਂ 1789 ਚ ਫ਼ਰਾਂਸ ਦੇ ਇਨਕਲਾਬ ਨੇ ਰਾਜਨੀਤਕ ਧਰਾਤਲ  ਤੇ 'ਖੱਬੇ' ਦਾ ਅਰਥ ਅੱਗੇਵਧੂ ਅਤੇ 'ਸੱਜੇ' ਦਾ ਅਰਥ ਪਛਾਖੜੀ ਕਰ ਦਿੱਤਾ ਸੀ ।

 ਕਦੇ ਸਾਰਥਕ ਅਰਥਾਂ ਵਿਚ ਏਕੇ ਲਈ ਵਰਤੇ ਜਾਣ ਵਾਲੇ ਇਟਾਲੀਅਨ ਸ਼ਬਦ  'ਫਾਸਿਸਟ'  ਦੇ ਅਜੋਕੇ ਮਾਇਨੇ ਬਿਲਕੁਲ ਉਲਟ ਹੋ ਗਏ ਹਨ। ਅੱਜਕਲ ਔਕਸਫੋਰਡ ਅਤੇ ਕੈਂਬ੍ਰਿਜ ਡਿਕਸ਼ਨਰੀਆਂ ਸਮੇਤ ਹਰ ਥਾਂ ਇਸ ਦਾ ਮਤਲਬ ਸਰੇਆਮ ਧਕੇਸਾਹ ਸਰਕਾਰ ਵਜੋਂ ਹੀ ਲਿਖਿਆ ਹੋਇਆ ਹੈ। ਜਵਾਹਰ ਲਾਲ ਨਹਿਰੂ  ਵੀ ਫਾਸ਼ੀਵਾਦ ਨੂੰ ਸਰਮਾਏ ਦਾ ਸਭ ਤੋਂ ਭੈੜਾ ਰਾਜਨੀਤਕ ਰੂਪ ਆਖਦਾ ਹੈ। 

ਅਸਲ ਵਿਚ ਇਹ ਪੂੰਜੀਵਾਦੀ ਡਿਕਟੇਟਰਸ਼ਿਪ ਦੀ ਸਭ ਤੋਂ ਭਿਆਨਕ ਕਿਸਮ ਹੈ। ਇਸ ਵਿੱਚ ਸਰਕਾਰ, ਨਾਗਰਿਕਾਂ ਦੀ ਆਜ਼ਾਦੀ ਖਤਮ ਕਰਨ  ਤਕ ਸੀਮਤ ਨਹੀ ਰਹਿੰਦੀ।  ਸਰਕਾਰੀ ਨੀਤੀਆਂ ਦੇ ਹੱਕ ਵਿੱਚ ਨਾਗਰਿਕਾਂ ਵਲੋਂ ਗੁਣਗਾਨ ਕਰਵਾਉਣ ਲਈ ਖਾਸ ਜਾਤੀ ਜਾਂ ਧਰਮ ਦੇ ਲੋਕਾਂ ਵਿਚ ਦੂਜਿਆ ਪ੍ਰਤੀ ਨਫਰਤ ਤੇ ਵੈਰਭਾਵ ਫੈਲਾਉਣ ਲਈ ਸਰਕਾਰੀ ਸਹਿ ਅਤੇ ਸਰਪ੍ਰਸਤੀ ਹਾਸਲ ਹੁੰਦੀ ਹੈ ।

ਅੰਧ- ਰਾਸ਼ਟਰਵਾਦ ਨੂੰ ਦੂਜੇ ਦੇਸ਼ਾ ਪ੍ਰਤੀ ਜੰਗੀ ਜਨੂੰਨ ਭੜਕਾਉਣ ਲਈ ਵਰਤਿਆ ਜਾਂਦਾ ਹੈ।  ਚਾਵਾਂ ਨਾਲ ਪਾਲੇ ਪਲੋਸੇ ਕਰੋੜਾਂ ਨੋਜਵਾਨਾ ਤੇ ਮਾਸੂਮ ਵਿਅਕਤੀਆ ਨੂੰ ਮੋਤ ਦੇ ਮੂੰਹ ਧਕੇਲ ਦਿੱਤਾ ਜਾਂਦਾ ਹੈ 

ਇਹ ਤਥ ਫਾਸ਼ੀਵਾਦ ਦੇ ਮੈਨੀਫੇਸਟੋ ਦੀ ਲਿਖਤ ਅਤੇ ਅਮਲ ਵਿੱਚਲੇ ਜਮੀਨ- ਆਸਮਾਨ ਵਰਗੇ ਅੰਤਰ ਤੋਂ ਸਪੱਸ਼ਟ ਹੁੰਦਾ ਹੈ। 

ਇਟਲੀ ਦੇ ਮੁਸੋਲਿਨੀ ਵਲੋਂ ਅਲਸੇਸਟੇ ਅੰਬਰਿਸ ਤੇ ਫਿਲੀਪੋ ਮਾਰੀਨੇਟੀ ਤੋ ਲਿਖਵਾਏ 'ਫਾਸਿਸਟ-ਮੈਨੀਫੈਸਟੋ'  ਵਿਚ  ਸੁਪਨਾ ਤਾਂ 'ਕੌਮੀ- ਸਮਾਜਵਾਦ' ਸਥਾਪਤ ਕਰਨ ਦਾ ਵਿਖਾਇਆ ਗਿਆ।

ਜਦ ਇਟਲੀ ਵਿੱਚ ਫਾਸ਼ੀਵਾਦੀ ਮੁਸੋਲਿਨੀ ਅਤੇ ਜਰਮਨ ਵਿੱਚ ਹਿਟਲਰ ਦੀ ਨਾਜ਼ੀ ਪਾਰਟੀ ਨੇ ਸੱਤਾ ਤੇ ਕਬਜ਼ਾ ਕਰ ਲਿਆ ਤਾਂ ਅਮਲ ਵਿੱਚ ਰਾਸ਼ਟਰ ਦਾ ਮਤਲਬ ਤਾਂ ਚੰਦ ਪੂੰਜੀਪਤੀਆਂ ਦੀ ਸੇਵਾ ਕਰਨ ਵਿਚ ਸਿਮਟ ਗਿਆ ਤੇ ਸਮਾਜਵਾਦ ਦਾ ਤਾਂ ਕੋਈ ਨਾਮੋ-ਨਿਸ਼ਾਨ ਵੀ ਨਜ਼ਰ ਨਹੀ ਆਇਆ ਪਰ ਦੇਸ਼ ਨੂੰ ਜੰਗ ਦੀ ਭੱਠੀ ਵਿਚ ਝੋਂਕ  ਦਿੱਤਾ। 

ਇਹ ਤੱਥ ਹੁਣ ਬਹੁਤ ਲੋਕ ਜਾਣਦੇ ਹਨ ਕਿ ਕੌਮ  ਦੇ ਨਾਮ ਤੇ ਹਿਟਲਰ ਨੇ ਪਹਿਲਾਂ ਯਹੂਦੀਆਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ। ਅਗਲੇ ਦੌਰ ਵਿਚ ਟ੍ਰੇਡ ਯੂਨੀਅਨ ਲੀਡਰ,  ਬੁੱਧੀਜੀਵੀ, ਅਤੇ ਵਿਰੋਧੀ ਪਾਰਟੀਆ ਦੇ ਆਗੂਆਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂ ਸਿੱਧੇ ਹੀ ਮਰਵਾਉਣ ਲਈ ਪ੍ਰਾਈਵੇਟ ਜਥੇਬੰਦ ਫੋਰਸ ਵਰਤੀ ਗਈ।

ਭਾਰਤ ਵਿੱਚ ਵੀ ਨਵਾਂ ਬਣਾਇਆ ਗਿਆ 'ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023  ਦੀ ਧਾਰਾ 148 ਅਤੇ ਇਸ ਦੇ ਨਾਲ ਲੱਗਦੀਆਂ ਧਾਰਾਵਾਂ ਬਹੁਤ ਹੀ ਖਤਰਨਾਕ ਹਨ।  ਪੁਰਾਣੇ ਕਾਨੂੰਨ ਵਿੱਚ ਮੁਜ਼ਾਹਰੇ, ਜਲਸੇ, ਜਲੂਸ ਨੂੰ ਹਿੰਸਕ ਹੋਣ ਤੇ ਖਿਡਾਉਣ ਲਈ ਗੋਲੀ ਚਲਾਉਣ ਦੇ ਆਦੇਸ਼ ਦੇਣ ਲਈ ਮੈਜਿਸਟ੍ਰੇਟ ਪੱਧਰ ਦੇ ਅਧਿਕਾਰੀ ਤੋਂ ਆਗਿਆ ਲੈਣੀ ਹੁੰਦੀ ਸੀ। ਨਵੇਂ ਕਾਨੂੰਨ ਦੀ ਧਾਰਾ 148 ਮੁਤਾਬਿਕ ਕੋਈ ਸਬ-ਇੰਸਪੈਕਟਰ ਕਿਸੇ  ਜਨਤਕ ਇਕੱਠ ਨੂੰ ਮੌਕੇ ਉੱਤੇ ਗੈਰ ਕਾਨੂੰਨੀ ਐਲਾਨ ਕਰ ਸਕਦਾ ਹੈ ।

ਧਾਰਾ 148 (2)  ਮੁਤਾਬਿਕ ਉਹ ਕਿਸੇ ਇਕੱਠ ਜਾਂ ਰੈਲੀ ਨੂੰ ਖਦੇੜਨ ਲਈ ਕਿਸੇ ਵੀ ਵਿਅਕਤੀ ਦੀ ਸਹਾਇਤਾ ਲੈ ਸਕਦਾ ਹੈ । ਇਸ ਉਦੇਸ਼ ਲਈ ਉਹਨਾਂ ਵਿਅਕਤੀਆ ਦਾ ਹਥਿਆਰਬੰਦ ਬਲਾਂ ਦਾ ਮੈਂਬਰ ਹੋਣਾ ਜਰੂਰੀ ਨਹੀਂ।  ਸਪੱਸ਼ਟ ਹੈ ਕਿ ਪੁਲਸ ਨੂੰ ਨਿੱਜੀ ਜਾਂ ਪ੍ਰਾਈਵੇਟ ਹਥਿਆਰਬੰਦ ਗਰੋਹ/ ਸਕੁਐਡ ਦੀ ਵਰਤਣ ਦਾ ਹੱਕ ਹਾਸਲ ਹੋ ਗਿਆ ਹੈ ।

ਚਿੰਤਾ ਦਾ ਵਿਸ਼ਾ ਹੈ ਕਿ ਭਾਰਤ ਵਿੱਚ ਫਾਸਿਸਟ ਰੁਝਾਨ  ਫਿਰਕਾਪ੍ਰਸਤੀ ਦੇ ਰਥ ਤੇ ਸਵਾਰ ਹੋ ਕੇ ਫੈਲ ਰਿਹਾ ਹੈ। 

ਇਤਹਾਸ ਗਵਾਹ ਹੈ ਕਿ  ਫਿਰਕਾਪ੍ਰਸਤੀ ਦਾ ਜ਼ਹਿਰ ਬਹੁਤ ਹੀ ਤੇਜੀ ਨਾਲ ਫੈਲ ਜਾਂਦਾ ਹੈ।

ਭਾਰਤ ਦੇ ਅਜ਼ਾਦੀ ਸੰਗਰਾਮ ਸਮੇਂ ਪੰਜਾਬ ਦੇ ਲੋਕ, ਸੈਫੂਦੀਨ ਕਿਚਲੂ ਅਤੇ ਡਾਕਟਰ ਸਤਪਾਲ ਦੀ ਅਗਵਾਈ ਚ ਸੰਘਰਸ਼ ਕਰ ਰਹੇ ਸਨ। ਜਲਿਆਂਵਾਲੇ ਬਾਗ ਦੀ ਜ਼ਮੀਨ ਸਾਂਝੇ ਖੂਨ ਨਾਲ ਲਾਲ ਹੋਈ ਸੀ। ਫਿਰ ਅੰਗਰੇਜੀ ਸਹਿ ਨਾਲ ਫਿਰਕਾਪ੍ਰਸਤੀ ਪਰੋਸੀ ਗਈ। ਇਸ ਦੇ ਡੰਗ ਨੇ ਲੋਕਾਂ ਨੂੰ ਗੁਰੂਆਂ ਅਤੇ ਪੀਰਾਂ ਦਾ ਵਿਰਸਾ ਭੁਲਾ ਦਿੱਤਾ ਅਤੇ 1947 ਦੇ ਕੁਝ ਹੀ ਸਮੇ ਵਿਚ ਲੱਖਾਂ ਲੋਕ ਇੱਕ ਦੂਜੇ ਦੇ ਕਾਤਲ ਬਣ ਗਏ ਸਨ।

ਅਜਿਹੇ ਜਨੂੰਨ ਚੋਂ ਮੁੜ ਹੋਸ਼ ਆਉਣ ਤੱਕ ਭਿਆਨਕ ਤਬਾਹੀ ਹੋ ਚੁੱਕੀ ਹੁੰਦੀ ਹੈ। 

ਬੁੱਧੀਮਤਾ ਚ ਅਬੱਲ ਮੰਨੇ ਜਾਣ ਵਾਲੇ ਜਰਮਨਾਂ ਨੂੰ ਵੀ ਨਾਜ਼ੀਵਾਦ ਸਮਝਣ ਲਈ  ਦੇਸ਼ ਦੀ ਲਗਭਗ ਇਕ ਪੂਰੀ ਨੋਜਵਾਨ ਪੀੜੀ ਨੂੰ ਜੰਗ ਦੀ ਬਲੀਵੇਦੀ ਤੇ ਝੋਕਣਾ ਪਿਆ ਸੀ।

ਇਟਲੀ, ਜਰਮਨ ਤੇ ਜਪਾਨ ਵਲੋ ਸ਼ੁਰੂ ਕੀਤੀ ਦੂਜੀ ਸੰਸਾਰ ਜੰਗ ਦੌਰਾਨ ਲਗਭਗ ਪੰਜ ਕਰੋੜ ਲੋਕਾਂ ਨੂੰ ਆਪਣੀ ਜਾਨ ਗੁਆਣੀ ਪਈ। ਦਸ ਕਰੋੜ ਤੋ ਵੱਧ ਇਨਸਾਨ ਜਖ਼ਮੀ ਹੋਣ ਦਾ ਸੰਤਾਪ ਝਲਦੇ ਰਹੇ । ਹੀਰੋਸੀਮਾ ਤੇ ਨਾਗਾਸਾਕੀ ਵਾਲੇ ਜਪਾਨੀਆਂ ਦੀਆ  ਕਿੰਨੀਆਂ ਹੀ ਪੀੜੀਆਂ ਐਟਮੀ ਰੇਡੀਏਸਨ ਕਾਰਨ ਸਰੀਰਕ ਤੇ ਮਾਨਸਿਕ ਪੀੜਾਂ ਭੁਗਤਦੀਆਂ ਰਹੀਆ ਹਨ । 

ਬੁਲਗਾਰੀਆ ਦੇ ਪ੍ਰਧਾਨ ਮੰਤਰੀ ਅਤੇ ਕਮਿਉਨਿਸਟ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਦਮਿਤਰੋਵ ਨੇ ਚੇਤਾਵਨੀ ਦਿੱਤੀ ਸੀ ਕਿ ਫਾਸ਼ੀਵਾਦ ਇਕ ਬੁਰਜੁਆ ਸਰਕਾਰ ਵਲੋ ਦੂਜੀ ਬੁਰਜੁਆ ਸਰਕਾਰ ਵਿਚ ਤਬਦੀਲ ਹੋਣ ਨਾਲੋ ਬੁਨਿਆਦੀ ਤੌਰ ਤੇ ਵੱਖਰਾ ਅਮਲ ਹੈ । ਇਹ ਖੁਲਾ, ਸਰੇਆਮ ਦਹਿਸ਼ਤ ਅਤੇ ਨਾਗਰਿਕਾਂ ਵਿੱਚ ਨਫ਼ਰਤ ਦੀ ਰਾਜਨੀਤੀ ਤੇ ਅਧਾਰਿਤ ਡਿਕਟੇਟਰਸ਼ਿਪ ਵਲ ਵਧਣ ਦਾ ਸਿਲਸਲਾ ਹੈ। ਸਮਾਜ, ਖਾਸਕਰ ਰਾਜਨੀਤਕ ਲੋਕਾਂ ਵਲੋ ਇਸ ਅੰਤਰ ਨੂੰ ਨਾ ਸਮਝਣਾ ਬਜੱਰ ਗਲਤੀ ਸਿੱਧ ਹੁੰਦੀ ਹੈ। 

ਉਸ ਨੇ ਇਹ ਵੀ ਦੱਸਿਆ ਸੀ ਕਿ ਅਜਿਹੇ ਕਾਰੇ ਕਰਵਾਉਣ ਵਾਲਾ ਫਾਸ਼ੀਵਾਦ ਆਮ ਤੌਰ ਤੇ ਡੇਮੋਕ੍ਰੇਟਿਕ ਦੇਸ਼ਾਂ ਅੰਦਰ ਦੂਜੀਆ ਸਰਮਾਏਦਾਰ ਪੱਖੀ ਪਾਰਟੀਆ ਨੂੰ ਇੱਕ ਹੱਦ ਤਕ ਆਪਣੀਆ ਰਾਜਨੀਤਕ ਗਤੀਵਿਧੀਆ ਜਾਰੀ ਰੱਖਣ ਦੀ ਇਜਾਜ਼ਤ ਵੀ ਜਾਰੀ ਰੱਖਦਾ ਹੈ ਤਾਂ ਕਿ ਉਨ੍ਹਾਂ ਦੇ ਅਸਲੀ ਚੇਹਰੇ ਦਾ ਪਰਦਾਫਾਸ਼ ਨਾ ਹੋਏ। 

ਪਰ ਕਈ ਦੇਸ਼ਾਂ ਅੰਦਰ ਉਹ ਇਕ ਹੀ ਝਟਕੇ ਵਿੱਚ ਜਿਵੇਂ ਕਿ ਫ਼ੋਜੀ ਰਾਜਪਲਟੇ ਆਦਿ ਰਾਹੀਂ ਸੱਤਾ ਤੇ ਕਾਬਜ ਹੋ ਜਾਂਦੇ ਹਨ। 

ਉਹ ਰਾਵਣ ਵਲੋਂ ਸਾਧੂ ਦਾ ਭੇਸ ਧਾਰਨ ਅਤੇ ਮਾਰੀਚ ਦੇ ਸੋਨੇ ਦਾ ਹਿਰਨ ਬਨਣ ਵਾਂਗ ਆਮ ਲੋਕਾਂ ਨੂੰ ਭਰਮਾਉਣ ਲਈ ਛਲ ਕਰਦੇ ਹੁੰਦੇ ਹਨ।ਫਾਸ਼ੀਵਾਦੀ ਝੂਠੇ ਹੁੰਦੈ ਹਨ। ਉਹਨਾ  ਦੀ ਕਹਿਣੀ ਕੋਈ 'ਰਘੁਕੁਲ ਰੀਤ' ਵਾਲਾ ਪ੍ਰਾਣਾ ਤੋ ਵੀ ਵੱਧ ਮਹੱਤਵ ਰਖਣ ਵਾਲਾ ਬਚਨ ਨਹੀ ਹੁੰਦੀ। 

ਇਹ ਜੁਮਲੇਬਾਜ਼ ਲੀਡਰਾਂ ਵਰਗੇ ਹੁੰਦੇ ਹਨ ਜੋ ਰਿਆਸਤ ਦੇ ਕਿਲੇ ਦੀ ਦੀਵਾਰ ਤੇ ਖਲੋ ਔਰਤ ਜਾਤ ਦੀ ਇਜ਼ਤ ਦੀਆਂ ਗਲਾਂ ਕਰਦੇ ਪਰ ਅਮਲ ਵਿੱਚ ਬਲਾਤਕਾਰੀਆਂ ਤੇ ਬੱਚੀਆਂ  ਦੇ ਕਾਤਲਾਂ ਨਾਲ ਜਾ ਭੁਗਤਦੇ ਹਨ। 

ਕਮਿਉਨਿਸਟ ਇੰਟਰਨੈਸ਼ਨਲ ਦੀ 7ਵੀ ਕਾਂਗਰਸ ਨੇ ਨੋਟ ਕੀਤਾ ਸੀ ਕਿ ਫਾਸ਼ੀਵਾਦੀ ਅਲੱਗ ਅਲੱਗ ਦੇਸ਼ਾਂ ਵਿੱਚ ਵੱਖਰੇ ਵੱਖਰੇ ਰੂਪ ਬਦਲ ਕੇ ਆਉਂਦੇ ਹਨ। 

ਇੰਗਲੈਂਡ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਰਜਨੀ ਪਾਮ ਦੱਤ ਨੇ ਸਾਮਰਾਜੀ ਦੇਸ਼ਾਂ ਦੀ ਜਮਹੂਰੀਅਤ ਦੇ ਦੋਗਲੇ ਚਰਿੱਤਰ ਨੂੰ ਨੰਗਾ ਕੀਤਾ ਹੈ । 

ਉਸ ਅਨੁਸਾਰ ਫਾਸ਼ੀਵਾਦ  ਨਿਰਾਪੁਰਾ ਇਟਲੀ ਤੇ ਜਰਮਨ ਦੇ ਵਹਿਸ਼ੀਆਨਾ ਰਾਜਨੀਤਕ ਰੂਪ ਤੱਕ ਸੀਮਤ ਨਹੀਂ ਸੀ ਸਗੋਂ ਤਾਨਾਸ਼ਾਹੀ ਦੇ ਰੁਝਾਨ ਕੁਝ ਕੁ ਅੰਤਰਾ ਨਾਲ ਯੂਰੋਪ ਦੇ ਕਈ ਹੋਰ ਦੇਸਾਂ ਵਿਚ ਵੀ ਸਨ। 

ਉਹ ਤਿੱਖੇ ਸਵਾਲ ਉਠਾਉਂਦਾ ਹੈ ਕਿ,

ਕੀ ਇੰਗਲੈਂਡ, ਫਰਾਂਸ ਤੇ ਅਮਰੀਕਾ ਦੇ ਆਗੂ ਜੰਗ ਸਮੇਂ ਕੋਈ ਭੋਲੈਭਾਲੇ ਸਾਂਤੀਦੂਤ ਸਨ ?

ਕੀ ਇੰਗਲੈਂਡ ਵਿਚ ਫਾਸ਼ੀਵਾਦ ਦੇ ਵੱਡੇ ਅਲੰਬਰਦਾਰ, 'ਔਸਵਾਲਡ ਮੋਸਲੇ' ਦੀ ਸਾਰੀ ਸਿਖਿਆ ਦਾ ਆਧਾਰ ਮਸੋਲੀਨੀ ਦੀ 'ਕਾਲੀ ਕਮੀਜ' ਵਾਲੀ ਲਹਿਰ ਹੀ ਸੀ ਜਾਂ ਉਸ ਦੀ ਸੋਚ, ਜਲੀਆਂਵਾਲੇ ਬਾਗ ਚ ਭਾਣਾ ਵਰਤਾਉਣ ਵਾਲੇ ਜਰਨੈਲ ਵਾਂਗ ਇੰਗਲੈਂਡ ਸਰਕਾਰ ਦੀਆਂ ਨੀਤੀਆਂ ਤੋਂ ਵੀ ਪ੍ਰਭਾਵਿਤ ਸੀ ? 

ਕੀ 30ਵਿਆਂ ਚ ਇੰਗਲੈਂਡ ਸਰਕਾਰ ਵਲੋਂ  ਕੈਰੀਵਿਅਨ ਦੇਸ਼ਾਂ ਦੇ ਮਜਦੂਰਾਂ ਅਤੇ ਸਰਕਾਰ ਵਿਰੁੱਧ ਆਵਾਜ ਬੁਲੰਦ ਕਰਨ ਵਾਲਿਆ ਨੂੰ ਕੋਹ ਕੋਹ ਕੇ ਮਾਰਨਾ  ਹਿਟਲਰੀ ਫੋਜ ਵਲੋਂ ਦੂਜੀਆ ਨਸਲ ਵਾਲਿਆ ਨੂੰ ਮਾਰਨ ਨਾਲੋ  ਵੱਖਰਾ ਸੀ ?

ਕੀ ਅਮਰੀਕਨ ਸਾਮਰਾਜ ਨੇ ਸਵਾ ਕਰੋੜ ਨੀਗਰੋ ਇੰਨਸਾਨਾ ਨੂੰ ਗੁਲਾਮ ਬਣਾਉਣ ਸਮੇਂ ਘੱਟ ਗੁਜਾਰੀ ਸੀ ?  ਆਦਿ  ਕਈ ਹਵਾਲੇ ਦੇ ਕੇ ਉਸ ਨੇ ਫਾਸਿਸਟ ਢੰਗ ਅਤੇ  ਅਮਲ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ । 

ਅਜੋਕੇ ਸਮੇਂ ਵਿਚ ਫਾਸ਼ੀਵਾਦ:- 

 20ਵੀਂ ਸਦੀ ਵਿਚ ਫਾਸ਼ੀਵਾਦ ਕਈ ਦੇਸ਼ਾਂ ਵਿੱਚ ਅਲੱਗ ਅਲੱਗ ਰੂਪਾਂ ਵਿਚ ਸਾਡੇ ਸਾਹਮਣੇ ਆਇਆ, ਪਰੰਤੂ ਇਹਨਾਂ ਵਿੱਚ ਕੁਝ ਪਹਿਲੂ ਸਾਂਝੇ ਸਨ। ਜਿਵੇਂ ਕਿ ਇਕ ਖ਼ਾਸ ਲੀਡਰ ਨੂੰ ਸਰਬੋਤਮ ਸ਼ਕਤੀਮਾਨ ਵਜੋਂ ਪੇਸ਼ ਕਰਨਾ , ਅਰਧ ਸੈਨਿਕ ਅਧਾਰ ਤੇ ਜਥੇਬੰਦੀ ਖੜੀ ਕਰਨਾ, ਅੰਧ- ਰਾਸ਼ਟਰਵਾਦ ਨੂੰ ਫੈਲਾਉਣਾ ਅਤੇ ਰੰਗ, ਨਸਲ , ਧਰਮ ਭੇਦ ਆਦਿ ਆਧਾਰ ਤੇ ਇੱਕ ਖਾਸ ਤਬਕੇ ਨੂੰ ਵਿਸ਼ੇਸ਼  ਮਹੱਤਵ ਦੇਣਾ ।

ਭਾਂਵੇ ਇਤਿਹਾਸ ਵਿੱਚੋਂ ਬਹੁਤ ਕੁਝ ਸਿੱਖਣ ਲਈ ਹੁੰਦਾ ਹੈ ਪਰ ਅਜੋਕੇ ਸਮੇਂ ਵਿੱਚ ਹਰ ਵਰਤਾਰੇ ਵਾਂਗ  ਫਾਸਿਸਟ ਰੁਝਾਨਾਂ ਵਿਚ ਆਈ ਤਬਦੀਲੀ ਨੂੰ ਸਮਝਣਾ  ਜਰੂਰੀ ਹੈ। 

 ਅਜਕਲ ਫਾਸਿਸਟ ਧੜੇ ਦੇਸ਼ ਦੇ ਸੰਵਿਧਾਨ, ਕਾਨੂੰਨ ਅਤੇ ਜਮਹੂਰੀਅਤ ਨੂੰ ਵਰਤ ਕੇ ਅੱਗੇ ਵਧ ਰਹੇ ਹਨ। ਇਹ ਬਹੁਤ ਹੀ ਬਿਉਂਤਮਈ ਢੰਗਾਂ ਨਾਲ ਉਦਾਰਵਾਦੀ ਡੈਮੋਕਰੇਸੀ ਨੂੰ ਕਮਜ਼ੋਰ ਕਰਦੇ ਹਨ ਅਤੇ ਦੇਸ਼ ਦੀਆਂ ਸੰਸਥਾਵਾਂ ਨੂੰ ਅਧੀਨ ਕਰਕੇ ਆਪਣੀ ਅੱਤਿਆਚਾਰੀ ਅਤੇ ਏਕਾਧਿਕਾਰ ਹਕੂਮਤ ਕਾਇਮ ਕਰਦੇ ਹਨ।  ਭਾਰਤ ਵਿਚ ਸੱਤਾ ਅਜਿਹੇ ਹੀ ਢੰਗ ਤਰੀਕੇ ਵਰਤ ਕੇ ਵਿਰੋਧੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।  ਲੋਕਾਂ ਦੀ ਸਮਝ ਨੂੰ ਸਰਕਾਰੀ ਨੀਤੀਆਂ ਦੇ ਸਮਰਥਨ ਵਾਸਤੇ ਮੋੜਨ ਲਈ ਇਹ ਪਹਿਲਾਂ ਵੀ ਪ੍ਰਪੇਗੰਡੇ ਦੇ ਸਾਧਨਾ ਦਾ ਇਸਤੇਮਾਲ ਕਰਦੇ ਸਨ ਪਰ ਹੁਣ ਮੀਡੀਆ ਦਾ ਇਸਤੇਮਾਲ ਅਨੇਕਾਂ ਗੁਣਾ ਵੱਧ ਗਿਆ ਹੈ। 

ਉਹ ਸੱਤਾ ਹਾਸਲ ਕਰਨ ਉਪਰੰਤ ਸ਼ਾਂਤ ਨਹੀਂ ਹੁੰਦੇ ਸਗੋਂ ਖ਼ਾਸ ਬਹੁਸੰਮਤੀ ਤਬਕੇ ਦੀ ਸਹਿਮਤੀ ਨਾਲ  ਤਾਨਾਸ਼ਾਹੀ ਨੂੰ ਹੋਰ ਵਧਾਉਂਦੇ ਹਨ। 

ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕ ਉਸ ਦੀਆਂ ਤਾਨਾਸ਼ਾਹੀ ਨੀਤੀਆਂ ਨੂੰ ਸਿਰਫ ਬਰਦਾਸ਼ਤ ਹੀ ਨਾ ਕਰਨ ਸਗੋਂ ਪੂਰੇ ਜੋਸ਼ ਨਾਲ ਇਸ ਦਾ ਸਮਰਥਨ ਵੀ ਕਰਨ। 

ਲੋਕ ਸੱਚਾਈ ਤੋਂ ਦੂਰ ਰਹਿਣ ਅਤੇ ਭਰਮ ਵਿੱਚ ਜੀ ਕੇ ਖੁਸ਼ੀ ਮਹਿਸੂਸ ਕਰਨ। 

ਕਾਰਨ:- 

ਫਾਸ਼ੀਵਾਦ ਦੇ ਅਮਲ ਨੂੰ ਸਮੁੱਚੇ ਤੌਰ ਚ ਸਮਝਣ ਲਈ ਅਨੇਕ ਮਾਹਿਰਾਂ ਨੇ ਇਸ ਦੇ ਰਾਜਸੀ, ਆਰਥਿਕ, ਇਤਿਹਾਸਕ , ਸਮਾਜਿਕ ਤੇ ਮਾਨਸਿਕ ਖੇਤਰ ਆਦਿ ਦਾ ਅਧਿਅਨ ਕੀਤਾ ਹੈ। ਉਨ੍ਹਾਂ ਨੇ ਇਸ ਦੇ ਬੀਜ, ਜੜ੍ਹ, ਰੂਪਾਂ ਦੇ ਨਾਲ ਹੀ ਸਮਾਜਿਕ ਮੂਰਖਪਣੇ ਅਤੇ ਪਿਸ਼ਾਚਕ ਵਿਰਤੀਆਂ ਤੇ ਵੀ ਝਾਤ ਪਵਾਈ ਹੈ । 

ਰਜਨੀ ਪਾਮ ਦੱਤ  ਦੀ ਖੋਜ ਫਾਸ਼ੀਵਾਦ ਦੀਆਂ ਇਤਿਹਾਸਕ ਜੜਾਂ ਨੂੰ ਸਾਮਰਾਜੀ ਦੇਸ਼ਾਂ ਦੀ ਲੁਟ ਅਤੇ ਮੰਡੀਆ ਖਾਤਰ ਜੰਗ ਨਾਲ ਜੁੜਿਆ ਵੇਖਦੀ ਹੈ । 

ਫਾਸ਼ੀਵਾਦ ਵਧਣ ਦੇ ਰਾਜਸੀ ਤੇ ਆਰਥਿਕ ਖੇਤਰ ਦੇ ਕਾਰਨ ਤਾਂ ਸਿੱਧੇ ਹੀ ਮੰਡੀਆ ਅਤੇ ਕੱਚੇ ਮਾਲ ਦੀ ਲੁੱਟ ਦੇ ਵਟਵਾਰੇ ਵਿੱਚ ਅਸਾਨੀ ਨਾਲ ਹੀ ਲਭ ਜਾਂਦੇ ਹਨ । 

ਮਾਨਸਿਕ ਕਾਰਨ:- 

ਫਾਸ਼ੀਵਾਦ ਵਿਰੁੱਧ ਲੜਨ ਲਈ  ਉਹ ਪ੍ਰਕਿਆ ਨੂੰ ਵੀ ਖੋਜਣਾ ਤੇ ਸਮਝਣਾ  ਜਰੂਰੀ ਹੈ, ਜਿਸ ਕਾਰਨ ਘਰਾਂ ਵੱਲ ਪੈਦਲ ਪਰਤ ਰਹੇ, ਭੁੱਖੇ ਪਿਆਸੇ ਲੋਕ ਸਿਰਾਂ ਉਪਰ ਡੰਡੈ ਖਾਂਦੇ, ਆਪਣੇ ਇਨਸਾਨੀ ਤੇ ਜਮਹੂਰੀ ਅਧਿਕਾਰਾਂ ਨੂੰ ਹੁਕਮਰਾਨਾਂ ਦੇ ਬੁਟਾਂ ਹੇਠ ਕੁਚਲਿਆ ਜਾਂਦਾ ਅਣਡਿੱਠ ਕਰ ਛੱਤਾਂ ਤੇ ਚੜ ਤਾੜਿਆ ਵਜਾਉਣ ਲੱਗ ਪੈਂਦੇ ਹਨ ਤੇ ਮੁੜ ਉਹਨਾਂ ਨੂੰ ਹੀ ਸੱਤਾ ਦੀ ਵਾਗਡੋਰ ਸੰਭਾਲ ਦੇਂਦੇ ਹਨ।

ਇਸ ਸਬੰਧੀ ਬੁੱਧੀਜੀਵੀ ਦੋ ਤਰ੍ਹਾਂ ਦੇ ਵਿਚਾਰ ਪੇਸ਼ ਕਰਦੇ ਹਨ। 

ਇਕ ਤਾਂ ਚੇਮਬਰਲੇਨ ਤੇ ਲੇਂਗਬਿਹੇਨ ਵਰਗੇ  ਵਿਚਾਰਵਾਨਾਂ, ਲੇਖਕਾ, ਕਲਾਕਾਰਾਂ, ਪ੍ਰਚਾਰਕਾਂ ਆਦਿ ਦੀ ਵਡੀ ਗਿਣਤੀ ਹੈ ਜੋ ਸਮਾਜਿਕ ਬਰਾਬਰੀ ਦੇ ਹੀ ਵਿਰੁੱਧ ਹਨ। 

ਭਾਰਤ ਦੇ ਅਨੇਕਾਂ ਖਿੱਤਿਆਂ ਅੰਦਰ ਜਾਤੀ ਦੇ ਆਧਾਰ ਤੇ ਕਿਸੇ ਦੂਜੀ ਜਾਤੀ ਦੇ ਨੋਜਵਾਨ ਵਲੋ ਘੋੜੀ ਤੇ ਚੜ੍ਹਨ ਜਾਂ ਮੁਛਾਂ ਰਖਣ ਕਾਰਨ ਅਤੇ ਕਈ ਥਾਵਾਂ ਤੇ ਔਰਤਾਂ ਵਲੋ ਪੈਰ ਵਿਚ ਜੁਤੀ ਪਾਉਣ ਤੇ ਸਰੇਆਮ ਬੇਇੱਜ਼ਤੀ ਅਤੇ ਕਤਲ ਤੱਕ ਕਰ ਦਿੱਤੇ ਜਾਂਦੇ ਹਨ । 

ਅਜਿਹੇ ਲੋਕ ਵੀ ਹਨ ਜੋ ਕਠੂਆ ਵਿੱਚ ਅੱਠ ਸਾਲ ਦੀ ਬੱਚੀ ਨਾਲ ਰੇਪ ਅਤੇ ਕਤਲ ਕਰਨ ਨੂੰ ਨਿੰਦਣਯੋਗ ਅਪਰਾਧ ਮੰਨਣ ਦੀ ਵਜਾਏ ਜ਼ਾਲਮ ਮੁਜਰਮਾਂ ਦੇ ਹਕ ਵਿੱਚ ਪੰਚਾਇਤਾਂ ਕਰਦੇ ਹਨ। ਮਨੀਪੁਰ ਵਿੱਚ ਇਸਤਰੀਆਂ ਦੀ ਬੇਇਜਤੀ ਕਰਨ ਵਰਗੇ ਅਨੇਕ ਘਿਨਾਉਣੇ ਅਪਰਾਧਾਂ ਦੀ ਸਮਰਥਕ ਮਾਨਸਿਕਤਾ ਵਾਲੇ ਲੋਕ ਫਾਸ਼ੀਵਾਦ ਪਾਸੇ ਜਾਣ ਲਈ  'ਚੋਰ ਨਾਲੋ ਪੰਡ ਕਾਹਲੀ' ਦੀ ਤਰਾਂ ਪਹਿਲਾਂ ਹੀ ਫਾਸਿਸਟ ਸ਼ਕਤੀਆਂ ਲਈ ਤਿਆਰ ਮਾਲ ਹੁੰਦੇ ਹਨ ।

ਦੂਜੇ  ਵਿਲਹੇਮ ਰੀਸ ਤੇ ਰੋਬਰਟ ਕੋਲਸ  ਵਰਗੇ ਮਨੋਵਿਗਿਆਨਕ ਆਖਦੇ ਹਨ ਕਿ ਫਾਸ਼ੀਵਾਦ ਉਸ ਸੋਚ ਚੋ ਪੈਦਾ ਹੁੰਦਾ ਹੈ ਜੋ ਸਾਡੇ  ਦਿਮਾਗਾਂ, ਮਨ ਤੇ ਰੂਹ ਅੰਦਰ ਸਥਾਪਤ ਕਰ ਦਿੱਤੀ ਗਈ ਹੈ । 

 ਇਸ  ਆਧਾਰ ਤੇ ਹੀ ਉਸਾਰਿਆ ਮਰਦ ਪ੍ਰਧਾਨਗੀ ਵਰਗਾ ਸੰਕਲਪ ਹੈ। ਜਿਸ ਕਾਰਨ ਅਸੀ ਸ੍ਰੇਸ਼ਟ ਅਤੇ ਅਧੀਨਗੀ ਆਦਿ ਵੰਡੀਆ ਨੂੰ ਧੁਰੋਂ ਲਿਖਿਆ ਮੰਨਣ ਲੱਗ ਪਏ ਹਾਂ । 

ਹੁਕਮਰਾਨਾਂ ਦੀ ਸੋਭਾ ਤੇ  ਸਹੂਲਤਾਂ ਸਬੰਧੀ ਗੁਣਗਾਨ ਸੁਣਨ ਵਾਲਾ ਆਮ ਵਿਅਕਤੀ ਆਪਣੇ ਹੁਕਮਰਾਨ ਵਰਗਾ ਬਨਣ ਲਈ ਬੇਤਾਬ ਹੋ ਜਾਂਦਾ ਹੈ । ਯਥਾ ਰਾਜਾ ਤਥੀ ਪ੍ਰਜਾ ਦੇ ਕਥਨ ਅਨੁਸਾਰ ਉਸ ਵਿੱਚ ਵੀ ਦੋਹਰਾ ਚਰਿੱਤਰ ਪੈਦਾ ਹੋ ਜਾਂਦਾ ਹੈ ।

   ਕਾਰਪੋਰੇਟ ਘਰਾਣਿਆ ਦੇ ਕੰਟਰੋਲ ਅਧੀਨ ਅਨੇਕਾਂ ਟੀ ਵੀ ਚੈਨਲ ਵਿਚੋਂ ਬਹੁਤੇ  ਸਾਰਾ ਸਮਾਂ ਫਿਰਕਾਪ੍ਰਸਤੀ ਹੀ ਪਰੋਸਦੇ ਹਨ । ਉਹ ਲੋਕਾਂ ਦੀ ਸਮਝਣ ਸਕਤੀ ਦਾ ਵੀ ਘਾਣ ਕਰ ਰਹੇ ਹਨ।

 ਇਸ ਪ੍ਰਭਾਵ ਅਧੀਨ ਦੋਗਲਾ ਚਰਿੱਤਰ ਸਿਰਫ ਮੁੱਠੀ ਭਰ ਰਾਜਨੀਤਕ ਲੋਕਾਂ ਤੱਕ ਸੀਮਤ ਨਹੀ ਰਹਿ ਗਿਆ । ਸਮਾਜ  ਦੇ ਕਰੋੜਾਂ ਵਿਅਕਤੀ ਅਤੇ ਅਨੇਕ ਸੰਸਥਾਵਾਂ ਦੋਹਰਾ ਵਿਵਹਾਰ ਕਰਨ ਲੱਗ ਪਏ ਹਨ।  ਸਵੇਰੇ ਮਹਾਤਮ ਗਾਂਧੀ ਦੀ ਸਮਾਧੀ ਤੇ ਫੁੱਲ ਭੇਂਟ ਕਰਨ ਵਾਲੇ ਸਾਮ ਨੂੰ ਗੋਡਸੇ ਦੇ ਹੱਕ ਵਿਚ ਸਮਾਗਮਾਂ ਚ ਸਾਮਿਲ ਮਿਲ ਜਾਂਦੇ ਹਨ।  

 ਦਮਿਤਰੋਵ ਵੀ ਆਖਦਾ ਸੀ ਕਿ ਫਾਸ਼ੀਵਾਦ ਪਹਿਲਾਂ ਤੋਂ ਹੀ ਮੌਜੂਦ ; ਨਸਲ, ਰੰਗ, ਧਰਮ , ਉਮਰ, ਭਾਸਾ, ਲਿੰਗ ਅਤੇ ਆਰਥਿਕ ਵਖਰੇਵਿਆਂ ਆਦਿ ਦੇ ਮੋਢਿਆਂ ਤੇ ਚੜ੍ਹ ਕੇ ਅੱਗੇ ਵਧਦਾ ਹੈ । 

ਫਾਸ਼ੀਵਾਦੀ ਪ੍ਰਾਪੇਗੰਡਾ ਸਭ ਸਮੱਸਿਆਵਾਂ ਦਾ ਦੋਸ਼ ਦੂਜੀ ਜਾਤੀ, ਧਰਮ, ਲਿੰਗ ਆਦਿ ਸਿਰ ਮੜ੍ਹਦੇ ਹੈ। 

ਉਹ ਸਭ ਮਸਲਿਆ ਦੇ ਹੱਲ ਲਈ ਖਾਸ ਵਿਅਕਤੀ ਨੂੰ ਫਿਲਮੀ ਅੰਦਾਜ ਵਿਚ ਅਵਤਾਰ ਵਾਂਗ ਪੇਸ਼ ਕਰਦੇ ਹਨ।  ਵਿਰੋਧੀਆਂ ਤੇ ਇਹ ਹਰ ਸਮੇਂ ਕਿਸੇ ਨਾ ਕਿਸੇ ਵੱਖਰੇ ਪੱਖ ਤੋਂ ਵਾਰ ਕਰਦੇ ਰਹਿੰਦੇ ਹਨ। 

ਫਾਸ਼ੀਵਾਦ ਵਿਰੁੱਧ ਮੁਹਿੰਮ :-   ਅਜਿਹੀ ਮੁਹਿੰਮ ਜਥੇਬੰਦ ਕਰਨ ਲਈ ਦਮਿਤਰੋਵ ਵੱਲੋ ਸੁਝਾਏ ਕਈ ਢੰਗ ਅਜ ਵੀ ਸਾਰਥਕ ਹਨ। ਉਸ ਦਾ ਕਹਿਣਾ ਹੈ ਕਿ 

ਪਹਿਲਾਂ ਤਾਂ ਫਾਸ਼ੀਵਾਦ ਵਿਰੁੱਧ ਲਾਮਬੰਦੀ ਕਰਨ ਲਈ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਤੌਰ ਤੇ ਵੱਖਰੇ ਵੱਖਰੇ ਵਿਸ਼ਾਲ ਪਲੈਟਫਾਰਮਾਂ ਨੂੰ ਇਨਸਾਨੀ ਅਤੇ ਜਮਹੂਰੀ ਕਦਰਾਂ ਦੀ ਰਾਖੀ ਲਈ ਤਿਆਰ ਕਰਨਾ ਪੈਂਦਾ ਹੈ ।

ਦੂਜੇ ਫਾਸ਼ੀਵਾਦ ਨੂੰ ਸਹਿਯੋਗ ਦੇਣ ਵਾਲੇ ਤਬਕਿਆਂ, ਧਾਰਮਿਕ ਤੇ ਵਿਚਾਰਧਾਰਕ ਸੋਮਿਆਂ ਦਾ ਸਮੁਚਿਤ ਅਧਿਅਨ ਕਰ ਕੇ ਇਸ ਅੰਦਰਲੇ ਚੰਗੇ, ਗੈਰਜਰੂਰੀ, ਅਪ੍ਰਸੰਗਿਕ, ਸਮੇਂ ਦੇ ਵਿਰੁੱਧ ਜਾ ਰਹੇ ਆਦਿ ਦਾ ਵਿਖਰੇਵਾਂ ਕਰਨਾ ਲਾਜਮੀ  ਹੈ ।

ਸਾਨੂੰ ਆਪਣੇ ਇਤਿਹਾਸ, ਮਿਥਿਹਾਸ , ਧਰਮਾਂ ਤੇ ਸੱਭਿਆਚਾਰ ਦੇ ਨਾਲ ਨਾਲ ਸਮਾਜਿਕ ਤਬਕਿਆਂ,  ਰਾਜਨੀਤਕ ਪਾਰਟੀਆ,  ਸਮਾਜਿਕ ਸੰਗਠਨਾ ਦੇ ਤਤਾਂ ਵਿੱਚੋ ਕਾਂਟ ਛਾਂਟ ਕਰਨੀ ਚਾਹੀਦੀ ਹੈ ।

ਦਮਿਤਰੋਵ ਦਾ ਮੰਨਣਾ ਹੈ ਕਿ ਅਜਿਹਾ ਕੋਈ ਸਮਾਜਿਕ ਸੰਗਠਨ ਜਾਂ ਪਾਰਟੀ ਨਹੀਂ ਹੈ ਜਿਸ ਵਿੱਚਲੇ ਸਾਰੇ ਲੋਕ ਇਕੋ ਜਿਹੇ ਚੰਗੇ ਜਾਂ ਮਾੜੇ ਹੋਣ। 

ਫਾਸ਼ੀਵਾਦ ਵਿਰੋਧੀ ਪਲੈਟਫਾਰਮ ਨੂੰ ਤਾਂ ਆਪਣੀ ਵਿਸ਼ਾਲਤਾ ਵਿਚ ਸਭ ਥਾਂਈ ਬੈਠੇ ਉਹਨਾ ਸਧਾਰਨ  ਵਿਅਕਤੀਆ ਤਕ ਵੀ ਪਹੁੰਚਣ ਦੀ ਕੋਸ਼ਿਸ਼ ਕਰਨੀ ਚਹੀਦੀ ਹੈ ਜੋ ਦੰਗਾਈ ਤੇ ਜੰਗਲੀ ਪਿਸ਼ਾਚਪੁਣੇ ਦਾ ਤਾਂ ਹਿੱਸਾ ਨਹੀ ਬਨਣਾ ਚਾਹੰਦੇ ਪ੍ਰੰਤੂ ਕਿਸੇ ਪ੍ਰਭਾਵ ਵਸ ਉਹਨਾ ਦੇ ਸੰਗਠਨ ਵਿਚ ਸ਼ਾਮਲ ਹੋ ਗਏ ਹਨ। 

ਫਾਸ਼ੀਵਾਦ ਵਿਰੁੱਧ  ਨਿਸਚਿਤ ਕਾਮਯਾਬੀ ਪ੍ਰਾਪਤ ਕਰਨ ਲਈ ਵਿਸ਼ਾਲ ਲਹਿਰ ਚਲਾ ਕੇ ਹੀ ਜਮਹੂਰੀਅਤ ਤੇ ਸੰਵਿਧਾਨਿਕ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਜਾ ਸਕਦੀ ਹੈ । 

ਸਮਾਜ ਨੂੰ ਬਰਾਬਰੀ, ਇਨਸਾਫ ਤੇ ਇਨਸਾਨੀਅਤ ਵਲ ਦੇ ਪਾਸੇ ਦਾ ਮੋੜਾ ਦੇ ਕੇ ਹੀ ਜੰਗ ਦੇ ਖਤਰੇ ਘੱਟਾਏ ਜਾ ਸਕਦੇ ਹਨ ।  ਕੁਦਰਤੀ ਸਰੋਤਾ ਦਾ ਵੀ ਧਿਆਨ ਰੱਖਿਆ ਜਾ ਸਕਦਾ ਹੈ।

ਆਉਣ ਵਾਲੀਆ ਨਸਲਾਂ ਤੇ ਬਚਿਆਂ ਲਈ ਸੁਨਿਹਰੀ ਭਵਿੱਖ ਦੇ ਚਾਹਵਾਨਾਂ ਨੂੰ ਭਿਆਨਕ- ਫਿਰਕੂ ਨਫਰਤ ਫੈਲਾਉਣ ਵਾਲਿਆ ਵਿਰੁੱਧ  ਮੁਹਿੰਮ ਵਿਚ ਖੱਬੀਆਂ ਪਾਰਟੀਆਂ, ਡੈਮੋਕ੍ਰੇਟਿਕ ਪਾਰਟੀਆਂ, ਡੈਮੋਕਰੇਟਿਕ ਬੁੱਧੀਜੀਵੀਆਂ, ਜੰਗ ਵਿਰੋਧੀ ਤਬਕਿਆਂ, ਵਾਤਾਵਰਨ ਪ੍ਰੇਮੀਆਂ ਦੇ  ਨਾਲ ਨਾਲ ਮਿਹਨਤਕਸ਼ ਲੋਕਾਂ,ਇਸਤਰੀਆਂ, ਕਿਸਾਨਾਂ, ਮਜ਼ਦੂਰਾਂ, ਨੋਜਵਾਨਾਂ ਦੇ ਸੰਗਠਨ ਆਦਿ ਨੂੰ ਫਾਸ਼ਿਸਟਾਂ ਵਿਰੁੱਧ ਸਾਂਝੀ ਮੁਹਿੰਮ ਵਿੱਚ ਸ਼ਾਮਲ ਕਰਵਾਉਣਾ ਸਮੇਂ ਦੀ ਪੁਕਾਰ ਹੈ ।

*ਕਾਮਰੇਡ ਰਮੇਸ਼ ਰਤਨ ਸੀਪੀਆਈ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਹਨ

98142 73870

No comments:

Post a Comment