Saturday 31st August 2024 at 18:27 WhatsApp
ਕੰਗਣਾ ਰਣੌਤ ਵੱਲੋਂ ਬਿਆਨਬਾਜ਼ੀ ਇੱਕ ਏਜੰਡੇ ਤੇ ਸਾਜ਼ਿਸ਼ ਦੇ ਤਹਿਤ
ਚੰਡੀਗੜ੍ਹ: 31ਅਗਸਤ 2024: (ਮੀਡੀਆ ਲਿੰਕ32//ਕਾਮਰੇਡ ਸਕਰੀਨ ਡੈਸਕ)::
ਜਿਹੜੇ ਹਾਲਾਤ ਹੁਣ ਬਣੇ ਹੋਏ ਹਨ ਇਹਨਾਂ ਦੀਆਂ ਸੰਭਾਵਨਾਵਾਂ ਬਹੁਤ ਪਹਿਲਾਂ ਹੀ ਨਜ਼ਰ ਆਉਣ ਲੱਗ ਪਈਆਂ ਸਨ। ਪੰਜ ਛੇ ਦਹਾਕੇ ਪਹਿਲਾਂ ਹੀ ਜਦ ਜਦ ਵੀ ਚੋਣਾਂ ਹੁੰਦੀਆਂ ਜਾਂ ਕੁਝ ਹੋਰ ਸਿਆਸੀ ਇਕੱਠ ਵੀ ਹੁੰਦੇ ਤਾਂ ਲੀਡਰਾਂ ਦੇ ਆਉਣ ਤੱਕ ਲੋਕਾਂ ਨੂੰ ਬਿਠਾਈ ਰੱਖਣ ਗੀਤ ਸੰਗੀਤ ਦੇ ਪ੍ਰੋਗਰਾਮ ਲੰਮੇ ਸਮੇਂ ਤੱਕ ਚੱਲਦੇ ਰਹਿੰਦੇ। ਸੱਤਾਧਾਰੀ ਸੋਚ ਅਤੇ ਲਾਲਚ ਨੂੰ ਪ੍ਰਣਾਈਆਂ ਪਾਰਟੀਆਂ ਵਿੱਚ ਇਹ ਕੁਝ ਜ਼ਿਆਦਾ ਹੁੰਦਾ। ਪਹਿਲਾਂ ਪਹਿਲ ਇਹ ਗੀਤ ਸੰਗੀਤ ਦੇਸ਼ ਭਗਤੀ ਦੀ ਭਾਵਨਾ ਵਾਲਾ ਵੀ ਹੁੰਦਾ ਸੀ ਪਾਰ ਛੇਤੀ ਹੀ ਇਸ ਵਿੱਚ ਸਸਤੀ ਕਿਸਮ ਦਾ ਨਾਚਗਾਣਾ ਵੀ ਸ਼ਾਮਲ ਹੋ ਗਿਆ। ਬਹੁਤ ਸਾਰੇ ਗਾਇਕ-ਗਾਇਕਾਵਾਂ ਦੀ ਵੀ ਚਾਂਦੀ ਬਣਨ ਲੱਗੀ। ਪਰ ਇਹ ਆਰੰਭ ਸੀ ਉਦੋਂ ਹੋਈ ਜਦੋਂ ਫਿਲਮ ਇੰਡਸਟਰੀ ਨਾਲ ਜੁੜੇ ਹੀਰੋ ਹੀਰੋਇਨ ਵੀ ਲੀਡਰਾਂ ਵੱਜੋਂ ਸਾਹਮਣੇ ਆਉਣ ਲੱਗੇ। ਸ਼ਾਇਦ ਸਿਆਸੀ ਪਾਰਟੀਆਂ ਨੂੰ ਸਮਝ ਆਉਣਾ ਲੱਗ ਪਿਆ ਸੀ ਕਿ ਹੁਣ ਉਹਨਾਂ ਕੋਲ ਵਿਚਾਰਧਾਰਾ ਵਾਲੇ ਸਿਆਸੀ ਲੀਡਰ ਮੁੱਕਣ ਲੱਗ ਪਾਏ ਹਨ ਅਤੇ ਨਵੇਂ ਅਜੇ ਬਣ ਨਹੀਂ ਰਹੇ। ਉਹਨਾਂ ਦੀ ਥਾਂ ਨਾਚਗਾਨੇ ਵਾਲੇ ਭਰਤੀ ਕੀਤੇ ਜਾਣ ਲੱਗ ਪਏ ਸਨ। ਸ਼ਾਇਦ ਇਸ ਸੋਚ ਅਧੀਨ ਹੀ ਬਹੁਤ ਸਾਰੇ ਨਾਮ ਸਾਹਮਣੇ ਆਏ ਸਨ। ਕਾਮਰੇਡ ਸੁਖਵਿੰਦਰ ਸੇਖੋਂ ਫਾਈਲ ਫੋਟੋ
ਇਹਨਾਂ "ਕਲਾਕਾਰਾਂ" ਦੀ ਚੜ੍ਹਤ ਨਾ ਕਾਂਗਰਸ ਵੇਲੇ ਘੱਟ ਰਹੀ, ਨਾ ਹੀ ਅਕਾਲੀ ਦਲ ਵੇਲੇ, ਨਾ ਹੀ ਭਾਰਤੀ ਜਨਤਾ ਪਾਰਟੀ ਵੇਲੇ। ਜਿਵੇਂ ਕਣਕ ਦੇ ਨਾਲ ਭੂਸਾ ਪੈਦਾ ਹੋ ਜਾਂਦਾ ਹੈ ਉਵੇਂ ਹੀ ਨਵੀਂ ਕਿਸਮ ਦੇ ਅਖੌਤੀ ਸਿਆਸੀ ਲੀਡਰਾਂ ਦੀ ਇੱਕ ਪੂਰੀ ਨਵੀਂ ਪੀੜ੍ਹੀ ਪੈਦਾ ਹੋ ਗਈ। ਕੰਗਨਾ ਰਣੌਤ ਵੀ ਉਸੇ ਵਰਤਾਰੇ ਤਹਿਤ ਸਾਹਮਣੇ ਲਿਆਂਦੀ ਗਈ।
ਇਹਨਾਂ ਨਵੇਂ ਬਣੇ ਲੀਡਰਾਂ ਨੂੰ ਆਮ ਤੌਰ ਤੇ ਨਾ ਸੱਤਾ ਦੀ ਸਮਝ ਹੁੰਦੀ, ਨਾ ਹੀ ਕਿਸੇ ਵਿਚਾਰਧਾਰਾ ਦੀ ਅਤੇ ਨਾ ਹੀ ਇਹਨਾਂ ਦਾ ਆਪੋ ਆਪਣੇ ਹਲਕਿਆਂ ਦੇ ਲੋਕਾਂ ਨਾਲ ਕੋਈ ਬਹੁਤ ਰਾਬਤਾ ਹੁੰਦਾ ਹੈ। ਹੁਣ ਕੰਗਣਾ ਰਣੌਤ ਨੂੰ ਇੱਕ ਫਿਲਮ ਨਿਰਮਾਤਾ ਵੱਜੋਂ ਵੀ ਸਾਹਮਣੇ ਲਿਆਂਦਾ ਗਿਆ ਹੈ। ਇਸਦਾ ਰੀਮੋਟ ਕਿਸਦੇ ਹੱਥ ਹੈ ਇਸਦਾ ਅੰਦਾਜ਼ਾ ਵੀ ਕੋਈ ਔਖਾ ਨਹੀਂ ਹੋਣਾ ਚਾਹੀਦਾ ਹੈ ਪਰ ਉਸਦੀ ਫਿਲਮ "ਐਮਰਜੰਸੀ" ਨੂੰ ਲੈਕੇ ਪੰਜਾਬ ਵਿੱਚ ਰੌਲਾਰੱਪਾ ਕਾਫੀ ਵਧਿਆ ਹੋਇਆ ਹੈ। ਫਿਲਮ ਰਿਲੀਜ਼ ਹੁੰਦੀ ਹੈ ਤਾਂ ਇਹ ਕਲੇਸ਼ ਸੜਕਾਂ ਤੱਕ ਪਹੁੰਚਦਿਆਂ ਵੀ ਦੇਰ ਨਹੀਂ ਲੱਗਣੀ।
ਇਸੇ ਮਾਹੌਲ ਦੌਰਾਨ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕੰਗਣਾਂ ਰਣੌਤ ਵਾਲੇ ਵਰਤਾਰੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਉਹਨਾਂ ਕਿਹਾ ਕਿ ਭਾਜਪਾ ਦੀ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਦੇ ਵਿਵਾਦਿਤ ਬਿਆਨ ਅਤਿ ਨਿਖੇਧੀਯੋਗ ਹਨ।
ਕਾਮਰੇਡ ਸੇਖੋਂ ਨੇ ਕਿਹਾ ਕਿ ਕੰਗਣਾ ਰਣੌਤ ਨੇ ਪਿਛਲੇ ਦਿਨੀਂ ਕਿਸਾਨ ਮੋਰਚੇ ਬਾਰੇ ਦਿੱਤੇ ਬਿਆਨ 'ਚ ਸਾਰੇ ਹੱਦਾਂ-ਬੰਨੇ ਪਾਰ ਕਰ ਦਿੱਤੇ। ਦਿੱਲੀ ਦੀਆਂ ਬਰੂਹਾਂ 'ਤੇ ਚੱਲੇ ਸੰਯੁਕਤ ਕਿਸਾਨ ਮੋਰਚੇ ਨੂੰ ਦੇਸ਼-ਵਿਦੇਸ਼ ਤੋਂ ਭਰਵੀਂ ਹਮਾਇਤ ਮਿਲੀ ਤੇ ਇਸ ਮੋਰਚੇ ਵਿੱਚ ਹਰੇਕ ਵਰਗ ਨੇ ਸ਼ਮੂਲੀਅਤ ਕੀਤੀ। ਕਾਮਰੇਡ ਸੇਖੋਂ ਨੇ ਕਿਹਾ ਕਿ ਕਿਸਾਨ ਮੋਰਚੇ ਦੀ ਕਾਮਯਾਬੀ ਪਿੱਛੇ ਕਿਸਾਨਾਂ ਦਾ ਏਕਾ ਸੀ। ਇਹ ਮੋਰਚਾ ਜਿਸ ਤਰ੍ਹਾਂ ਇੱਕ ਮਰਿਯਾਦਾ ਵਿੱਚ ਚੱਲਿਆ ਤੇ ਕਿਸਾਨੀ ਮੰਗਾਂ ਉਭਾਰੀਆਂ, ਉਸ ਲਈ ਕਿਸੇ ਦੇ ਵੀ ਸਰਟੀਫਿਕੇਟ ਦੀ ਕੋਈ ਲੋੜ ਹੀ ਨਹੀਂ ਹੈ। ਕੰਗਣਾ ਰਣੌਤ ਫਾਈਲ ਫੋਟੋ
ਇਸ ਸਿਲਸਿਲੇ ਵਿੱਚ ਹੀ ਕਾਮਰੇਡ ਸੇਖੋਂ ਨੇ ਕਿਹਾ ਕਿ ਕੰਗਣਾ ਰਣੌਤ ਨੇ ਬਿਆਨ ਵਿੱਚ ਕਿਹਾ ਹੈ ਕਿ ਕਿਸਾਨ ਮੋਰਚੇ ਵਿੱਚ ਬਲਾਤਕਾਰ ਤੇ ਕਤਲ ਹੋਏ। ਕੀ ਕੰਗਣਾ ਰਣੌਤ ਇਸ ਬਾਰੇ ਸਬੂਤ ਪੇਸ਼ ਕਰ ਸਕਦੀ ਹੈ? ਉਨ੍ਹਾਂ ਕਿਹਾ ਕਿ ਕੰਗਣਾ ਰਣੌਤ ਵੱਲੋਂ ਬਿਆਨਬਾਜ਼ੀ ਇੱਕ ਏਜੰਡੇ ਤੇ ਸਾਜ਼ਿਸ਼ ਦੇ ਤਹਿਤ ਕੀਤੀ ਜਾ ਰਹੀ ਹੈ।
ਭਾਜਪਾ ਨੇ ਤਾਂ ਇਸ ਤੋਂ ਨਿਜੀ ਬਿਆਨ ਹੋਣ ਦਾ ਕਹਿ ਕੇ ਪੱਲਾ ਝਾੜ ਲਿਆ ਹੈ ਪਰ ਅਸਲੀਅਤ ਸਭ ਨੂੰ ਪਤਾ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਕੰਗਣਾ ਰਣੌਤ ਦੇ ਬਿਆਨ ਨਫ਼ਰਤੀ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜੋ ਕਿ ਤੰਗੀਆਂ-ਤੁਰਸ਼ੀਆਂ ਵਿੱਚ ਰਹਿੰਦਾ ਹੋਇਆ ਹੱਡ-ਭੰਨਵੀ ਮਿਹਨਤ ਨਾਲ ਦੇਸ਼ ਲਈ ਅਨਾਜ ਪੈਦਾ ਕਰਦਾ ਹੈ, ਉਸ ਬਾਰੇ ਇੱਕ ਮੈਂਬਰ ਪਾਰਲੀਮੈਂਟ ਵੱਲੋਂ ਘਟੀਆ ਤੇ ਮਨਘੜਤ ਬਿਆਨਬਾਜ਼ੀ ਕਰਨਾ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਕੰਗਣਾ ਰਣੌਤ ਦੀ ਬਿਆਨਬਾਜ਼ੀ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਵਾਲੀ ਹੈ। ਉਨ੍ਹਾਂ ਕਿਹਾ ਕਿ ਜਿਸ ਮੈਂਬਰ ਪਾਰਲੀਮੈਂਟ ਦੀ ਨਫ਼ਰਤ ਨਾਲ ਭਰੀ ਬਿਆਨਬਾਜ਼ੀ ਹੋਵੇ, ਉਸ ਤੋਂ ਪਾਰਲੀਮੈਂਟ ਵਿੱਚ ਲੋਕਾਂ ਦੇ ਮੁੱਦੇ ਉਠਾਉਣ ਦੀ ਕੀ ਆਸ ਰੱਖੀ ਜਾ ਸਕਦੀ ਹੈ?
ਕਾਮਰੇਡ ਸੇਖੋਂ ਨੇ ਕਿਹਾ ਭਾਜਪਾ ਨੂੰ ਕੰਗਣਾ ਰਣੌਤ ਤੋਂ ਲੋਕ ਸਭਾ ਮੈਂਬਰ ਵਜੋਂ ਤੁਰੰਤ ਅਸਤੀਫ਼ਾ ਲੈਣਾ ਚਾਹੀਦੀ ਹੈ ਤੇ ਉਸ ਨੂੰ ਪਾਰਟੀ ਵਿੱਚੋਂ ਬਾਹਰ ਕਰਨਾ ਚਾਹੀਦਾ ਹੈ।
No comments:
Post a Comment