Comrade Screen Desk on Ist November 2026 at 6:30 Regarding Party School at Chandigarh
ਕਾਮਰੇਡ ਸਕਰੀਨ ਬਲਾਗ | ਵਿਸ਼ੇਸ਼ ਮੈਦਾਨੀ ਫੀਚਰ।
ਇਸ ਪਾਸੇ ਵੀ ਸਰਗਰਮ ਹੈ ਕਮਿਊਨਿਸਟ ਅੰਦੋਲਨ ਵਾਲੇ ਸਕੂਲਾਂ ਦਾ ਰੁਝਾਣ
ਚੰਡੀਗੜ੍ਹ: 1 ਨਵੰਬਰ 2026: ਕਾਮਰੇਡ ਸਕਰੀਨ ਡੈਸਕ ਟੀਮ:
ਇਹ ਬੇਹੱਦ ਚਿੰਤਾਜਨਕ ਹੈ ਕਿ ਪਾਰਟੀ ਸਕੂਲਾਂ ਵਿੱਚ ਸਵਾਲ ਕਰਨ ਦਾ ਰੁਝਾਨ ਘਟਦਾ ਕਿਓਂ ਜਾ ਰਿਹਾ ਹੈ? ਇਸੇ ਤਰ੍ਹਾਂ ਸਾਹਿਤਿਕ ਸੰਗਠਨ ਅਤੇ ਅਹੁਦੇਦਾਰੀਆਂ ਵੱਲ ਦਿਲਚਸਪੀ ਭਾਵੇਂ ਵੱਧ ਰਹੀ ਹੋਵੇ ਪਰ ਸਾਹਿਤ ਦੇ ਅਧਿਐਨ ਦਾ ਰੁਝਾਨ ਵੀ ਘਟ ਰਿਹਾ ਹੈ। ਹਾਲਤ ਇਥੋਂ ਤੱਕ ਨਿਘਾਰ ਵਾਲੀ ਹੈ ਕਿ ਲੋਕ ਅਖਬਾਰਾਂ, ਰਸਾਲੇ ਵੀ ਧਿਆਨ ਨਾਲ ਨਹੀਂ ਪੜ੍ਹਦੇ। ਅਜਿਹਾ ਬਹੁਤ ਕੁਝ ਚੰਡੀਗੜ੍ਹ ਵਿੱਚ ਆਯੋਜਿਤ ਪੰਜ ਦਿਨਾਂ ਸਕੂਲ ਵਿੱਚ ਨ ਕੀਤਾ ਗਿਆ।
ਇਹ ਇੱਕ ਚਿੰਤਾਜਨਕ ਗੱਲ ਸੀ ਕਿ ਨਵੀਂ ਪੀੜ੍ਹੀ ਦੀ ਸ਼ਮੂਲੀਅਤ ਵੀ ਘਟੀ , ਚਿੱਟੀਆਂ ਦਾਹੜੀਆਂ ਵਾਲੇ ਬਜ਼ੁਰਗਾਂ ਦੀ ਸ਼ਮੂਲੀਅਤ ਫਿਰ ਵੀ ਠੀਕ ਹੈ ਪਰ ਭਵਿੱਖ ਡਰਾਉਂਦਾ ਹੈ ਇਸ ਹਕੀਕਤ ਨੂੰ ਦੇਖ ਕੇ। ਹੋਲੀ ਬਜ਼ੁਰਗ ਤੁਰਦੇ ਜਾ ਰਹੇ ਹਨ ਅਤੇ ਨੌਜਵਾਨ ਇਸ ਪਾਸੇ ਨਹੀਂ ਆ ਰਹੇ। ਪੁੱਛਣ ਤੇ ਜਵਾਬ ਮਿਲਦਾ ਹੈ ਕਿ ਅਸੀਂ ਤਾਂ ਯੂਥ ਜਾਂ ਵਿਦਿਆਰਥੀਆਂ ਵੇਲੇ ਹੀ ਆਉਂਦੇ ਹਨ। ਕੀ ਇਹਨਾਂ ਕੈਂਪਾਂ ਵਿੱਚ ਉਮਰ ਦੀਆਂ ਬੰਦਸ਼ਾਂ ਹਨ?
ਇਸੇ ਤਰ੍ਹਾਂ ਔਰਤਾਂ ਦੀ ਗਿਣਤੀ ਵਿੱਚ ਵੀ ਬਹੁਤ ਕਮੀ ਆਈ ਹੈ। ਬਸ ਉਂਗਲਾਂ ਤੇ ਗਿਣੀਆਂ ਜਾ ਸਕਣ ਜੋਗੀਆਂ ਔਰਤਾਂ ਹੀ ਸਨ। ਉਹ ਵੀ ਰਸੋਈ ਦੇ ਕੰਮਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਉਲਝੀਆਂ ਹੋਇਆਂ ਸਨ। ਇਸ ਬਾਰੇ ਪੁੱਛਣ ਤੇ ਪਤਾ ਲੱਗਿਆ ਕਿ ਰਸੋਈ ਲਈ ਕੁਝ ਬਾਹਰਲੀਆਂ ਇਸਤਰੀਆਂ ਵੀ ਲਿਆਂਦੀਆਂ ਗਈਆਂ ਹਨ ਜਿਹਨਾਂ ਨੂੰ ਬਣਦੇ ਮਾਨ ਸਨਮਾਨ ਮੁਤਾਬਿਕ ਕੁੱਖ ਪੈਸੇ ਵੀ ਮਾਣ ਭੱਤੇ ਵੱਜੋਂ ਦਿੱਤੇ ਜਾਂਦੇ ਹਨ।
ਇਹ ਇੱਕ ਤਸਵੀਰ ਸੀ ਜਿਹੜੀ ਚੰਡੀਗੜ੍ਹ ਵਾਲੇ ਪਾਰਟੀ ਦਫਤਰ ਅਜੈ ਭਵਨ ਵਿੱਚ ਬਣੇ ਡਾਕਟਰ ਜੋਗੋਂਦਰ ਦਿਆਲ ਮੈਮੋਰੀਅਲ ਹਾਲ ਵਿੱਚ ਦਾਖਲ ਹੁੰਦਿਆਂ ਸਾਰ ਹੀ ਪਹਿਲੀ ਨਜ਼ਰੇ ਮਹਿਸੂਸ ਹੁੰਦੀ ਸੀ। ਹਾਲ ਅੱਧੇ ਤੋਂ ਵੱਧ ਖਾਲੀ ਸੀ ਪਰ ਜਿਹੜੇ ਇਸ ਮੌਕੇ ਮੌਜੂਦ ਸਨ ਉਹ ਬੜੇ ਧਿਆਨ ਨਾਲ ਸੁਣ ਰਹੇ ਸਨ।ਕੌਣ ਕੌਣ ਹਾਜ਼ਰ ਸੋ ਉਹਨਾਂ ਦੇ ਨਾਵਾਂ ਦੀ ਚਰਚਾ ਵੀ ਅਸੀਂ ਕਰਾਂਗੇ ਪਰ ਕੌਣ ਕੌਣ ਨਹੀਂ ਸਨ ਪੁੱਜੇ ਉਹਨਾਂ ਦਾ ਸਹੀ ਸਹੀ ਪਤਾ ਸਾਡੇ ਕੋਲ ਵੀ ਨਹੀਂ। ਉਂਝ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਨੂੰ ਸ਼ਬਦਾਂ ਰਾਹੀਂ ਪ੍ਰੋਗਰਾਮ ਦੀ ਪੂਰੀ ਤਸਵੀਰ ਨਹੀਂ ਤਾਂ ਸੁਨੇਹਾ ਜ਼ਰੂਰ ਦਿਖਾ ਜਾਂ ਪਹੁੰਚਾ ਸਕੀਏ। ਅਸੀਂ ਗੈਰ ਹਾਜ਼ਰ ਰਹਿਣ ਵਾਲਿਆਂ ਬਾਰੇ ਵੀ ਨਿਜੀ ਤੌਰ ਤੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਹਨਾਂ ਦੀਆਂ ਸੱਚਮੁੱਚ ਹੀ ਮਜਬੂਰੀਆਂ ਸਨ।
ਇਸ ਮੌਕੇ ਵੀ ਸਾਡੀ ਟੀਮ ਦੇ ਨਿਰੀਖਣ ਅਨੁਸਾਰ ਤਿੰਨ ਗੱਲਾਂ ਵਿਸ਼ੇਸ਼ ਧਿਆਨ ਮੰਗਦੀਆਂ ਸਨ।
1. ਨਵੀਂ ਪੀੜ੍ਹੀ ਦੀ ਘਟਦੀ ਸ਼ਮੂਲੀਅਤ ਸਾਨੂੰ ਵੀ ਚਿੰਤਾਜਨਕ ਲੱਗੀ।
ਚਿੱਟੀਆਂ ਦਾਹੜੀਆਂ ਵਾਲੇ ਬਜ਼ੁਰਗ ਸਾਥੀਆਂ ਦੀ ਮੌਜੂਦਗੀ ਤਾਂ ਐਤਕੀਂ ਵੀ ਸੀ ਪਰ ਇਸ ਨਾਲ ਸਾਡੀ ਚਿੰਤਾ ਨਹੀਂ ਸੀ ਮੁਕ ਰਹੀ। ਨੌਜਵਾਨਾਂ ਦੀ ਗਿਣਤੀ ਘੱਟ ਦਿਖਾਈ ਦੇ ਰਹੀ ਹੈ। ਇਹ ਸਿਰਫ਼ ਉਮਰ ਦਾ ਅੰਤਰ ਨਹੀਂ, ਸਗੋਂ ਅਗਲੀ ਪੀੜ੍ਹੀ ਤੱਕ ਵਿਚਾਰਧਾਰਕ ਸਿੱਖਿਆ ਅਤੇ ਜਥੇਬੰਦਕ ਤਜਰਬਾ ਪਹੁੰਚਾਉਣ ਦਾ ਸਵਾਲ ਵੀ ਹੈ।
2. ਔਰਤਾਂ ਦੀ ਘੱਟ ਹਾਜ਼ਰੀ
ਇਹ ਵੀ ਨਜ਼ਰ ਆਇਆ ਕਿ ਔਰਤਾਂ ਦੀ ਗਿਣਤੀ ਇਸ ਵਿਸ਼ੇਸ਼ ਆਯੋਜਨ ਮੌਕੇ ਵੀ ਉਂਗਲਾਂ ’ਤੇ ਗਿਣਨ ਜੋਗੀ ਸੀ। ਇਹ ਵੀ ਧਿਆਨਯੋਗ ਹੈ ਕਿ ਉਹਨਾਂ ਵਿੱਚੋਂ ਕੁਝ ਔਰਤਾਂ ਵਿਚਾਰਧਾਰਕ ਕਲਾਸਾਂ ਵਿੱਚ ਸ਼ਾਮਲ ਹੋਣ ਦੀ ਬਜਾਏ ਰਸੋਈ ਦੇ ਪ੍ਰਬੰਧ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੀਆਂ ਸਨ। ਨਿਸਚੇ ਹੀ ਉਹਨਾਂ ਨੂੰ ਇਸ ਸਕੂਲ ਦਾ ਪੂਰਾ ਲਾਭ ਨਹੀਂ ਸੀ ਮਿਲ ਰਿਹਾ।
ਇੱਥੇ ਇੱਕ ਹੋਰ ਸਵਾਲ ਵੀ ਉੱਠਦਾ ਹੈ ਕਿ ਸ਼ਾਮਲ ਕੌਣ ਕੌਣ ਸੀ। ਜਿਹੜੀਆਂ ਔਰਤਾਂ ਮਜ਼ਦੂਰਾਂ, ਕਿਸਾਨਾਂ ਅਤੇ ਦਲਿਤਾਂ ਦੀ ਬਰਾਬਰੀ ਦੀ ਗੱਲ ਕਰਨ ਵਾਲੀ ਲਹਿਰ ਦਾ ਹਿੱਸਾ ਹਨ, ਕੀ ਉਨ੍ਹਾਂ ਨੂੰ ਪਾਰਟੀ ਸਕੂਲਾਂ ਵਿੱਚ ਬਰਾਬਰ ਦੇ ਵਿਦਿਆਰਥੀ, ਵਿਚਾਰਕ ਅਤੇ ਅਧਿਆਪਕ ਵਜੋਂ ਥਾਂ ਮਿਲ ਰਹੀ ਹੈ? ਇਸ ਵੱਲ ਉਚੇਚ ਨਾਲ ਧਿਆਨ ਦਿੱਤਾ ਜਾਂਦਾ ਹੈ। ਐਤਕੀਂ ਦੇ ਇਸ ਪਾਰਟੀ ਸਕੂਲ ਵਿੱਚ ਖੇਤ ਮਜ਼ਦੂਰਾਂ ਦੇ ਕੌਮੀ ਆਗੂ ਕਾਮਰੇਡ ਗੁਲਜ਼ਾਰ ਗੋਰਿਆਂ ਅਤੇ ਦੇਵੀ ਕੁਮਾਰੀ ਨੇ ਬੜੇ ਉਚੇਚ ਨਾਲ ਧਿਆਨ ਦਿੱਤਾ। ਦੇਵੀ ਕੁਮਾਰੀ ਨੇ ਮੀਡੀਆ ਕਵਰੇਜ ਵਾਲੇ ਪਾਸੇ ਵੀ ਹੱਥ ਵਟਾਇਆ।
ਰਸੋਈ ਦਾ ਕੰਮ ਵੀ ਜ਼ਰੂਰੀ ਹੈ, ਪਰ ਜੇ ਇਹ ਕੰਮ ਮੁੱਖ ਤੌਰ ’ਤੇ ਔਰਤਾਂ ਦੇ ਹਿੱਸੇ ਆਵੇ ਅਤੇ ਮਰਦ ਵਿਚਾਰਧਾਰਕ ਕਲਾਸਾਂ ਵਿੱਚ ਬੈਠਣ, ਤਾਂ ਇਹ ਖੁਦ ਇੱਕ ਸਮਾਜਿਕ ਸਵਾਲ ਬਣ ਜਾਂਦਾ ਹੈ।
3. ਸਿੱਖਿਆ ਅਤੇ ਜਥੇਬੰਦਕ ਭਵਿੱਖ ਦਾ ਸਵਾਲ ਵੀ ਉਭਰਿਆ। ਹਾਲਾਂਕਿ ਇਹ ਵਿਸ਼ੇ ਅਤੇ ਵਿਚਾਰਾਂ ਇਸ ਸਕੂਲ ਵਾਲੇ ਆਯੋਜਨ ਦਾ ਹਿੱਸਾ ਨਹੀਂ ਸਨ ਪਰ ਸਮਾਜਿਕ ਮਸਲਿਆਂ ਅਤੇ ਮੁੱਦਿਆਂ ਨੂੰ ਛੋਹਾਂ ਜ਼ਰੂਰ ਦਿੱਤੀਆਂ ਗਈਆਂ। ਆਯੋਜਨ ਤੋਂ ਬਾਹਰ ਵੱਖਰੇ ਤੌਰ ਤੇ ਸਮਾਜ ਵਿੱਚ ਫੈਲੀਆਂ ਊਣਤਾਈਆਂ, ਅਮਨ ਕਾਨੂੰਨ ਦੀ ਸਥਿਤੀ ਪੁਲਿਸ ਅਤੇ ਪ੍ਰਸ਼ਾਸਨ ਦਾ ਰਵਈਆ ਵਰਗੇ ਪਹਿਲੂ ਵੀ ਮੀਡੀਆ ਨਾਲ ਹੋਈਆਂ ਗੈਰ ਰਸਮੀ ਗੱਲਾਂ ਦੌਰਾਨ ਛੋਹੇ ਗਏ। ਇਹਨਾਂ ਮੁੱਦਿਆਂ ਬਾਰੇ ਚਿੰਤਾ ਵੀ ਜਤਾਈ ਗਈ ਪਰ ਪਾਰਟੀ ਇਸ ਪਾਸੇ ਸਰਗਰਮ ਨਹੀਂ ਹੈ। ਇਹ ਬੇਬਸੀ ਵਰਗੀ ਹਾਲਤ ਲੱਗਦੀ ਸੀ।
ਮੀਡੀਆ ਵਾਲਿਆਂ ਨੂੰ ਵੀ ਇਹ ਮਹਿਸੂਸ ਹੋ ਰਿਹਾ ਸੀ ਕਿ ਔਰਤਾਂ ਦੀ ਭਾਗੀਦਾਰੀ ਅਤੇ ਅਗਵਾਈ ਹੋਰ ਵਿਕਸਿਤ ਕੀਤੇ ਜਾਣ ਦੀ ਲੋੜ ਹੈ। ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਇਸ ਨਾਲ ਸਮੁੱਚੀ ਖੱਬੀ ਧਿਰ ਅਤੇ ਪਾਰਟੀ ਦੀ ਤਾਕਤ ਹਰ ਪੱਖ ਤੋਂ ਕਈ ਗੁਣਾਂ ਵਧੇਗੀ। ਜ਼ਿਕਰਯੋਗ ਹੈ ਕਿ ਕਿਸੇ ਵੇਲੇ ਇਸਤਰੀ ਸਭਾ ਪੰਜਾਬ ਦਾ ਵੀ ਪੂਰਾ ਦਬਦਬਾ ਹੁੰਦਾ ਸੀ।
“ਕਿਸੇ ਵੀ ਵਿਚਾਰਧਾਰਕ ਲਹਿਰ ਦੀ ਤਾਕਤ ਸਿਰਫ਼ ਉਸ ਦੇ ਪੁਰਾਣੇ ਸਾਥੀਆਂ ਦੇ ਤਜਰਬੇ ਨਾਲ ਨਹੀਂ ਮਾਪੀ ਜਾਂਦੀ ਹੈ। ਇਹ ਵੀ ਦੇਖਣਾ ਪੈਂਦਾ ਹੈ ਕਿ ਉਸ ਦੇ ਭਵਿੱਖ ਨੂੰ ਕਿੰਨੇ ਨੌਜਵਾਨ ਅਤੇ ਕਿੰਨੀਆਂ ਔਰਤਾਂ ਆਪਣੇ ਮੋਢਿਆਂ ’ਤੇ ਚੁੱਕਣ ਲਈ ਤਿਆਰ ਹੋ ਰਹੇ ਹਨ।” ਇਹਨਾਂ ਦੇ ਕਦਮਾਂ ਨਾਲ ਕਦਮ ਮਿਲਾ ਕੇ ਚੱਲਣ ਦੀ ਤਾਲ ਇਹਨਾਂ ਕਾਫਲਿਆਂ ਦੀ ਸ਼ਕਤੀ ਕਈ ਕਈ ਗੁਣਾਂ ਵਧ ਦੇਂਦੀਆਂ ਹਨ। ਸਿੱਖ ਧਰਮ, ਹਿੰਦੂ ਧਰਮ ਅਤੇ ਹੋਰਨਾਂ ਸੰਗਠਨਾਂ ਵਿੱਚ ਵੀ ਨਾਰੀ ਸ਼ਕਲਟੀ ਕਾਫੀ ਭੂਮਿਕਾ ਨਿਭਾਉਂਦੀ ਰਹੀ ਹੈ।
ਸਿਆਸੀ ਸੰਘਰਸ਼ਾਂ ਦਾ ਸਮਾਜਿਕ ਤਬਦੀਲੀਆਂ ਤੇ ਵੀ ਪੂਰਾ ਅਸਰ ਪੈਂਦਾ ਹੈ। ਇਹਨਾਂ ਸੰਘਰਸ਼ਾਂ ਨੂੰ ਪਾਰਟੀ ਸਕੂਲ ਜ਼ਬਰਦਸਤ ਮਾਰਗ-ਦਰਸ਼ਨ ਦੇਂਦੇ ਹਨ। ਵਿਚਾਰ ਵੀ, ਸਵਾਲ ਵੀ—ਅਤੇ ਸੰਵਾਦ ਵੀ! ਇਹਨਾਂ ਆਯੋਜਨਾਂ ਨਾਲ ਤਿੱਖੇ ਹੋ ਕੇ ਸਾਹਮਣੇ ਆਉਂਦੇ ਹਨ ਅਤੇ ਸਿੱਧਾ ਦਿਲ ਦਿਮਾਗ ਵਿੱਚ ਉਤਰਦੇ ਹਨ।
ਅੱਜ ਫਿਰ ਲੋੜ ਹੈ ਕਿ ਜਿਵੇਂ ਕਦੇ ਕੇਰਲ ਨੇ ਸਾਬਿਤ ਕੀਤਾ ਸੀ ਉਵੇਂ ਹੀ ਪੰਜਾਬ, ਚੰਡੀਗੜ੍ਹ ਅਤੇ ਨੇੜਲੇ ਇਲਾਕਿਆਂ ਵਿੱਚ ਵੀ ਇਹਨਾਂ ਪਾਰਟੀ ਸਕੋਲਲਾਂ ਵੱਲੋਂ ਜਗਾਈ ਜਾ ਰਹੀ ਚੇਤਨਾ ਦੀ ਜੋਤ ਹਰ ਦਿਲ ਅਤੇ ਹਰ ਘਰ ਤੱਕ ਪਹੁੰਚਣੀ ਚਾਹੀਦੀ ਹੈ। ਕਮਿਊਨਿਸਟ ਪਾਰਟੀ ਸਕੂਲ: ਸਿੱਖਿਆ, ਸੰਘਰਸ਼ ਦੇ ਖੇਤਰ ਵਿੱਚ ਨਵੀਆਂ ਲੀਹਾਂ ਪਾਵੇ ਅਤੇ ਕੇਵਲ ਰਸਮੀ ਕਾਰਵਾਈ ਬਣ ਕੇ ਨਾ ਰਹੀ ਜਾਵੇ। ਪੂਰਾ ਤੂਫ਼ਾਨ ਵੀ ਸਾਹਮਣੇ ਆ ਜਾਵੇ ਤਾਂ ਇਹ ਟਰੇਂਡ ਕੀਤੇ ਵਰਕਰ ਉਹਨਾਂ ਚੜ੍ਹੇ ਆ ਰਹੇ ਤੂਫ਼ਾਨਾਂ ਸਾਹਮਣੇ ਪਹਾੜ ਬਣ ਕੇ ਖੜੋ ਜਾਂਦੇ ਹਨ ਅਤੇ ਤੂਫ਼ਾਨਾਂ ਦੇ ਮੂੰਹ ਮੋੜ ਦੇਂਦੇ ਹਨ।
ਇਸ ਫੀਚਰ ਦਾ ਮਕਸਦ ਕਿਸੇ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਨਹੀਂ, ਸਗੋਂ ਇੱਕ ਅਹਿਮ ਸਵਾਲ ਰਾਹੀਂ ਆਤਮ-ਪੜਚੋਲ ਅਤੇ ਸੰਵਾਦ ਨੂੰ ਉਤਸ਼ਾਹਿਤ ਕਰਨਾ ਹੈ।
ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ।

