ਲੁਧਿਆਣਾ ਰੇਲਵੇ ਸਟੇਸ਼ਨ ਤੇ ਹੌਜ਼ਰੀ ਮਜ਼ਦੂਰਾਂ ਦੀ ਵਿਸ਼ਾਲ ਰੈਲੀ।
ਰੇਲਵੇ ਸਟੇਸ਼ਨ ਹੋਇਆ ਲਾਲ ਝੰਡਿਆਂ ਨਾਲ ਲਾਲੋ-ਲਾਲ
ਲੁਧਿਆਣਾ: 13 ਮਾਰਚ 2014: (ਰੈਕਟਰ ਕਥੂਰੀਆ//ਕਾਮਰੇਡ ਸਕਰੀਨ):
ਅੱਜ ਲੁਧਿਆਣਾ ਫਿਰ ਲਾਲੋ ਲਾਲ ਸੀ। ਲਾਲ ਝੰਡੇ ਨਾਲ ਇਸ਼ਕ ਕਰਨ ਵਾਲੇ ਕਿਰਤੀ ਰੇਲਵੇ ਸਟੇਸ਼ਨ ਵੱਲ ਵਹੀਰਾਂ ਘੱਤੀ ਤੁਰੀ ਆ ਰਹੇ ਸਨ। ਕੋਈ ਜੱਥਾ ਕਿਸੇ ਪਾਸਿਓਂ ਆ ਰਿਹਾ ਸੀ ਅਤੇ ਕੋਈ ਕਿਸੇ ਪਾਸਿਓਂ। ਦੇਖਦਿਆਂ ਹੀ ਦੇਖਦਿਆਂ ਲੁਧਿਆਣਾ ਦਾ ਰੇਲਵੇ ਸਟੇਸ਼ਨ ਲਾਲ ਝੰਡਿਆਂ ਨਾਲ ਲਾਲੋ-ਲਾਲ ਸੀ। ਜੋਸ਼ੀਲੀ ਨਾਅਰੇਬਾਜੀ ਅਤੇ ਬੁਲੰਦ ਆਵਾਜ਼ਾਂ ਨਾਲ ਸਾਰਾ ਵਾਤਾਵਰਣ ਗੂੰਜ ਰਿਹਾ ਸੀ।
ਅਸਲ ਵਿੱਚ ਅੱਜ ਇੱਥੇ ਕਿਰਤ ਕਨੂੰਨਾਂ ਦੀ ਉਲੰਘਣਾ ਨੂੰ ਰੋਕਣ ਅਤੇ ਇਹਨਾਂ ਦੀ ਸਖਤ ਪਾਲਣਾ ਦੀ ਮੰਗ ਨੂੰ ਲੈ ਕੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਇਕੱਤਰ ਹੋਏ ਹੋਜ਼ਰੀ ਮਜ਼ਦੂਰਾਂ ਨੇ ਰੇਲਵੇ ਸਟੇਸ਼ਨ ਤੇ ਇੱਕ ਵਿਸ਼ਾਲ ਰੈਲੀ ਕਰਨੀ ਸੀ। ਇਹ ਰੈਲੀ ਹੋਜ਼ਰੀ ਵਰਕਰ ਯੂਨੀਅਨ (ਏਟਕ) ਲੁਧਿਆਣਾ ਵੱਲੋਂ ਕੀਤੀ ਗਈ। ਵੱਖ-ਵੱਖ ਇਲਾਕਿਆਂ ਵਿੱਚੋਂ ਮਜ਼ਦੂਰ ਆਪਣੇ ਹੱਥਾਂ ਵਿੱਚ ਆਪਣੀਆਂ ਮੰਗਾਂ ਦੇ ਬੈਨਰ ਅਤੇ ਝੰਡੇ ਲੈ ਕੇ ਨਾਅਰੇ ਮਾਰਦੇ ਹੋਏ ਰੈਲੀ ਵਿੱਚ ਸ਼ਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦੇ ਹੋਏ ਡੀ.ਪੀ. ਮੋੜ ਜਨਰਲ ਸਕੱਤਰ ਜੁਆਇੰਟ ਕੌਂਸਲ ਆਫ ਟਰੇਡ ਯੂਨੀਅਨ, ਲੁਧਿਆਣਾ ਨੇ ਕਿਹਾ ਕਿ ਹੋਜ਼ਰੀ ਅਤੇ ਦੂਜੀ ਇੰਡਸਟਰੀ ਅੰਦਰ ਕਿਰਤ ਕਾਨੂੰਨਾਂ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਹਨ। ਕੰਮ ਕਰਨ ਦਾ ਸਮਾਂ ਨਿਸਚਿਤ ਨਹੀਂ ਹੈ ਅਤੇ ਮਜ਼ਦੂਰਾਂ ਤੋਂ 12 ਤੋਂ 16 ਘੰਟੇ ਪ੍ਰਤੀ ਦਿਨ ਕੰਮ ਲਿਆ ਜਾ ਰਿਹਾ ਹੈ ਜਦੋਂ ਕਿ ਨਿਯਮਾਂ ਅਨੁਸਾਰ ਕਿਸੇ ਵੀ ਮਜ਼ਦੂਰ ਤੋਂ 8 ਘੰਟੇ ਤੋਂ ਵੱਧ ਕੰਮ ਕਰਨ ਤੇ ਓਵਰ ਟਾਇਮ ਦੇਣਾ ਜਰੂਰੀ ਹੈ। ਕਿਸੇ ਵੀ ਮਜ਼ਦੂਰ ਦੀ ਹਾਜ਼ਰੀ ਨਹੀਂ ਲਗਾਈ ਜਾਂਦੀ, ਨਾ ਹੀ ਡਾਕਟਰੀ ਇਲਾਜ਼ ਵਾਸਤੇ ਈ.ਐਸ.ਆਈ. ਦੇ ਕਾਰਡ ਬਣਾਏ ਜਾਂਦੇ ਹਨ। ਮਜ਼ਦੂਰਾਂ ਦਾ ਪ੍ਰੋਬੀਡੈਂਟ ਫੰਡ ਜਮ੍ਹਾਂ ਨਹੀਂ ਕਰਵਾਇਆ ਜਾਂਦਾ ਇਸ ਤਰ੍ਹਾਂ ਮਜ਼ਦੂਰ ਪੈਨਸ਼ਨ ਅਤੇ ਗ੍ਰੇਚੁਟੀ ਤੋਂ ਵਾਂਝੇ ਰਹਿ ਜਾਂਦੇ ਹਨ। ਮਜ਼ਦੂਰਾਂ ਦੀ ਹਾਲਤ ਬੰਦੂਆਂ ਮਜ਼ਦੂਰਾਂ ਵਰਗੀ ਬਣੀ ਹੋਈ ਹੈ। ਆਪਣੇ ਸੰਬੋਧਨ ਵਿੱਚ ਫਿਰੋਜ਼ ਮਾਸਟਰ ਨੇ ਕਿਹਾ ਕਿ ਪਿਛਲੇ 14 ਸਾਲਾਂ ਤੋਂ ਹੋਜ਼ਰੀ ਅੰਦਰ ਪੀਸ ਰੇਟ ਨਹੀਂ ਵਧਾਏ ਗਏ ਭਾਵੇਂ ਮਹਿੰਗਾਈ ਚਾਰ ਗੁਣਾ ਵੱਧ ਗਈ ਹੈ। ਮਜ਼ਦੂਰਾਂ ਕੋਲ ਰਹਿਣ ਵਾਸਤੇ ਨਾ ਤਾਂ ਕੋਈ ਮਕਾਨ ਹੈ ਅਤੇ ਨਾ ਹੀ ਪੀਣ ਲਈ ਸਾਫ ਪਾਣੀ ਹੈ। ਬੱਚਿਆਂ ਦੀ ਪੜ੍ਹਾਈ ਅਤੇ ਡਾਕਟਰੀ ਇਲਾਜ ਦੀ ਵੀ ਕੋਈ ਯੋਗ ਸੁਵਿਧਾ ਨਹੀਂ ਹੈ। ਇਸ ਤਰ੍ਹਾਂ ਮਜ਼ਦੂਰ ਦੀ ਜ਼ਿੰਦਗੀ ਬਹੁਤ ਹੀ ਔਖੀ ਹੈ। ਮਜ਼ਦੂਰਾਂ ਅੰਦਰ ਅਕਰੋਸ਼ ਤਾਂ ਬਹੁਤ ਹੈ ਪ੍ਰੰਤੂ ਇਹ ਪੂੰਜੀਪਤੀਆਂ ਅਤੇ ਪ੍ਰਸ਼ਾਸ਼ਨ ਨੇ ਦਬਾਅ ਕੇ ਰੱਖਿਆ ਹੋਇਆ ਹੈ। ਓਮ ਪ੍ਰਕਾਸ਼ ਮਹਿਤਾ ਐਡਵੋਕੇਟ ਪ੍ਰਧਾਨ ਏਟਕ ਲੁਧਿਆਣਾ ਨੇ ਮਜ਼ਦੂਰਾਂ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਮੁਤਾਬਿਕ ਹਰ ਇੱਕ ਮਜ਼ਦੂਰ ਦੀ ਫੈਕਟਰੀ ਅੰਦਰ ਹਾਜ਼ਰੀ ਲੱਗਣੀ ਚਾਹੀਦੀ ਹੈ ਅਤੇ ਉਸ ਦਾ ਪਹਿਚਾਣ ਪੱਤਰ ਵੀ ਬਣਨਾ ਚਾਹੀਦਾ ਹੈ। ਹਰ ਇੱਕ ਮਜ਼ਦੂਰ ਦਾ ਈ.ਐਸ.ਆਈ. ਕਾਰਡ ਵੀ ਬਣਾਇਆ ਜਾਵੇ, ਪ੍ਰੋਵੀਡੈਂਟ ਫੰਡ ਵੀ ਜਮ੍ਹਾਂ ਕਰਵਾਇਆ ਜਾਵੇ ਅਤੇ ਕਿਸੇ ਵੀ ਮਜ਼ਦੂਰ ਤੋਂ ੮ ਘੰਟੇ ਤੋਂ ਵੱਧ ਕੰਮ ਲੈਂਦੇ ਸਮੇਂ ਉਸ ਨੂੰ ਉਸ ਦਾ ਬਣਦਾ ਓਵਰ ਟਾਈਮ ਦਿੱਤਾ ਜਾਵੇ। ਕਾਮਰੇਡ ਕਰਤਾਰ ਸਿੰਘ ਬੁਆਣੀ ਅਤੇ ਡਾ. ਅਰੁਣ ਮਿੱਤਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਰਹਿਣ ਵਾਸਤੇ ਸਾਫ ਸੁਥਰੀਆਂ ਕਲੌਨੀਆਂ ਬਣਾਈਆਂ ਜਾਣ ਜਿਸ ਵਿੱਚ ਸਾਫ ਅਤੇ ਸਵੱਸ ਪਾਣੀ ਪੀਣ ਦਾ ਪ੍ਰਬੰਧ ਅਤੇ ਬੱਚਿਆਂ ਦੀ ਪੜ੍ਹਾਈ ਵਾਸਤੇ ਸਕੂਲ ਵੀ ਖੋਲ੍ਹੇ ਜਾਣ । ਉਪਰੋਕਤ ਮੰਗਾਂ ਸਬੰਧੀ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਦੇ ਕੇ ਕਿਰਤ ਕਾਨੂੰਨਾ ਦੀ ਸਖਤ ਪਾਲਣਾ ਦੀ ਮੰਗ ਕੀਤੀ ਗਈ।
ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕਾਮਰੇਡ ਬੂਟਾ ਸਿੰਘ, ਗੁਰਨਾਮ ਸਿੰਘ ਸਿੱਧੂ, ਕੇਵਲ ਸਿੰਘ ਬਨਵੇਤ, ਰਾਮ ਪ੍ਰਤਾਪ, ਗੁਰਮੇਲ ਸਿੰਘ, ਕੁਲਦੀਪ ਬਿੰਦਰ, ਲਲਿੱਤ ਕੁਮਾਰ, ਮੁਹਿੰਮਦ ਸ਼ਹਾਬੂਦੀਨ ਆਦਿ ਨੇ ਵੀ ਸੰਬਧਨ ਕੀਤਾ। ਇਸ ਰੈਲੀ ਵਿੱਚ ਹੀ ਉੱਠਿਆ 17 ਸਾਲਾਂ ਦੇ ਨੌਜਵਾਨ ਸੁਮੀਤ ਦੇ ਕਤਲ ਦਾ ਮਾਮਲਾ ਜਿਸ ਦੀ ਖਬਰ ਵੱਖਰੇ ਤੌਰ ਤੇ ਦਿੱਤੀ ਜਾ ਰਹੀ ਹੈ।
ਅੱਜ ਲੁਧਿਆਣਾ ਫਿਰ ਲਾਲੋ ਲਾਲ ਸੀ। ਲਾਲ ਝੰਡੇ ਨਾਲ ਇਸ਼ਕ ਕਰਨ ਵਾਲੇ ਕਿਰਤੀ ਰੇਲਵੇ ਸਟੇਸ਼ਨ ਵੱਲ ਵਹੀਰਾਂ ਘੱਤੀ ਤੁਰੀ ਆ ਰਹੇ ਸਨ। ਕੋਈ ਜੱਥਾ ਕਿਸੇ ਪਾਸਿਓਂ ਆ ਰਿਹਾ ਸੀ ਅਤੇ ਕੋਈ ਕਿਸੇ ਪਾਸਿਓਂ। ਦੇਖਦਿਆਂ ਹੀ ਦੇਖਦਿਆਂ ਲੁਧਿਆਣਾ ਦਾ ਰੇਲਵੇ ਸਟੇਸ਼ਨ ਲਾਲ ਝੰਡਿਆਂ ਨਾਲ ਲਾਲੋ-ਲਾਲ ਸੀ। ਜੋਸ਼ੀਲੀ ਨਾਅਰੇਬਾਜੀ ਅਤੇ ਬੁਲੰਦ ਆਵਾਜ਼ਾਂ ਨਾਲ ਸਾਰਾ ਵਾਤਾਵਰਣ ਗੂੰਜ ਰਿਹਾ ਸੀ।
No comments:
Post a Comment