ਸਾਰੀ ਜ਼ਿੰਦਗੀ ਲੋਕਾਂ ਲੇਖੇ ਲਾਉਣ ਵਾਲਾ ਕਾਮਰੇਡ ਦਰਸ਼ਨ ਸਿੰਘ ਕੂਹਲੀ
ਬਠਿੰਡਾ//ਲੁਧਿਆਣਾ: 20 ਨਵੰਬਰ 2019: (ਕਾਮਰੇਡ ਸਕਰੀਨ ਬਿਊਰੋ)::
ਸਵਰਗੀ ਕਾਮਰੇਡ ਦਰਸ਼ਨ ਸਿੰਘ ਕੂਹਲੀ |
ਪੂੰਜੀਵਾਦ ਦੀ ਚਾਕਰੀ ਕਰਨ ਵਾਲੇ ਸਿਆਸੀ ਸਿਸਟਮ ਨਾਲ ਮੱਥਾ ਲਾਉਣਾ ਅਤੇ ਇਨਕਲਾਬ ਲਈ ਕੰਮ ਕਰਨਾ ਕੋਈ ਸੌਖਾ ਨਹੀਂ ਸੀ। ਸਿਰ ਤਲੀ ਤੇ ਧਰਨਾ ਹਰ ਕਿਸੇ ਦੇ ਵੱਸ ਦੀ ਗੱਲ ਵੀ ਨਹੀਂ ਸੀ। ਸਟੇਟ ਦਾ ਦਾਬਾ ਕਈ ਦਹਾਕੇ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਇਹ ਗੱਲ ਵੱਖਰੀ ਹੈ ਕਿ ਇਸ ਬਾਰੇ ਖੱਬੀਆਂ ਧਿਰਾਂ ਵੀ ਇੱਕ ਮਤ ਨਹੀਂ ਸਨ ਹੋਈਆਂ। ਇਹਨਾਂ ਵਖਰੇਵਿਆਂ ਨੇ ਹੀ ਲੋਕਪੱਖੀ ਲਹਿਰਾਂ ਨੂੰ ਕਮਜ਼ੋਰ ਕੀਤਾ ਅਤੇ ਪੂੰਜੀਵਾਦ ਨੂੰ ਤਕੜਿਆਂ ਕਰਨ ਵਾਲੇ ਸਿਸਟਮ ਨੂੰ ਹੋਰ ਮਜ਼ਬੂਤ ਕੀਤਾ। ਇਹਨਾਂ ਨਿਰਾਸ਼ਨਜਨਕ ਹਾਲਤਾਂ ਦੇ ਬਾਵਜੂਦ ਕਾਮਰੇਡ ਦਰਸ਼ਨ ਸਿੰਘ ਕੂਹਲੀ ਪੂਰੇ ਜੋਸ਼ੋ ਖਰੋਸ਼ ਨਾਲ ਸਰਗਰਮ ਰਿਹਾ। ਵਿਚਾਰਾਂ ਨਾਲ ਪੱਕੀ ਪ੍ਰਤੀਬੱਧਤਾ ਦੇ ਬਾਵਜੂਦ ਸਾਰੀਆਂ ਖੱਬੀਆਂ ਪਾਰਟੀਆਂ ਦੇ ਕਾਮਰੇਡਾਂ ਨਾਲ ਪ੍ਰੇਮ ਪਿਆਰ ਅਤੇ ਮੇਲਜੋਲ ਕਾਮਰੇਡ ਕੂਹਲੀ ਨੇ ਅੰਤਲੇ ਸਮਿਆਂ ਤੱਕ ਨਿਭਾਇਆ।
ਆਪਣੀ ਸਾਰੀ ਜ਼ਿੰਦਗੀ ਖੱਬੇ ਪੱਖੀ ਸਿਆਸਤ ਰਾਹੀਂ ਲੋਕਾਂ ਲੇਖੇ ਲਾਉਣ ਵਾਲੇ ਕਾਮਰੇਡ ਦਰਸ਼ਨ ਸਿੰਘ ਕੂਹਲੀ ਹੁਣ ਨਹੀਂ ਰਹੇ। ਹੁਣ ਜਦੋਂ ਕਿ ਉਹਨਾਂ ਵਰਗੇ ਖਾੜਕੂ ਅਤੇ ਦੂਰ ਅੰਦੇਸ਼ ਯੋਧਿਆਂ ਦੀ ਲੋੜ ਹੋਰ ਵੱਧ ਗਈ ਸੀ ਉਸ ਵੇਲੇ ਉਹਨਾਂ ਦਾ ਸਦੀਵੇ ਵਿਛੋੜਾ ਇੱਕ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ। ਉਹਨਾਂ ਨੇ ਅੰਤਲੇ ਸਾਹਾਂ ਤੱਕ ਆਪਣੇ ਵਿਚਾਰਾਂ 'ਤੇ ਪਹਿਰਾ ਦਿੱਤਾ। ਜਦੋਂ ਆਈ ਤਾਂ ਉਸ ਵੇਲੇ ਵੀ ਚਿੰਤਾ ਸਿਰਫ ਲਹਿਰ ਦੀ ਹੀ ਰਹੀ। ਉਹਨਾਂ ਦੇ ਤੁਰ ਜਾਣ ਮਗਰੋਂ ਖੱਬੀ ਸਿਆਸਤ ਦੇ ਸਮੂਹ ਧੜਿਆਂ ਵਿੱਚ ਸੋਗ ਪਾਇਆ ਗਿਆ। ਉਹਨਾਂ ਨੂੰ ਸੂਹੀ ਸ਼ਰਧਾਂਜਲੀ ਦੇਣ ਵੇਲੇ ਜਿਸ ਜਿਸ ਨੂੰ ਵੀ ਪਤਾ ਲੱਗਿਆ ਉਹ ਤੁਰੰਤ ਪਹੁੰਚਿਆ। ਮੌਤ ਮਗਰੋਂ ਉਹਨਾਂ ਦੀ ਦੇਹ ਨੂੰ ਵਿਗਿਆਨਕ ਖੋਜਾਂ ਲਈ ਅਰਪਿਤ ਕੀਤੇ ਜਾਣਾ ਉਹਨਾਂ ਦੇ ਵਿਚਾਰਾਂ ਦਾ ਹੀ ਪ੍ਰਤੀਕ ਹੈ।
ਕਾਮਰੇਡ ਦਰਸ਼ਨ ਸਿੰਘ ਕੂਹਲੀ ਨੂੰ ਸੂਹੀ ਵਿਦਾਇਗੀ ਪਿੰਡ ਵਾਸੀਆਂ ਤੇ ਇਨਕਲਾਬੀ ਕਾਫ਼ਲੇ ਦੇ ਸੰਗੀਆਂ ਨੇ ਉਨ੍ਹਾਂ ਦੇ ਘਰ ਇਕੱਤਰ ਹੋ ਕੇ, ਨਾਅਰਿਆਂ ਦੀ ਗੂੰਜ ਦਰਮਿਆਨ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸੀ ਐੱਮ ਸੀ ਲੁਧਿਆਣਾ ਲਈ ਵਿਦਾ ਕੀਤਾ। ਇਸ ਮੌਕੇ ਸੁਰਖ ਲੀਹ ਦੇ ਸੰਪਾਦਕ ਪਾਵੇਲ ਕੁੱਸਾ ਤੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸ਼ਰਧਾਂਜਲੀਆਂ ਭੇਂਟ ਕਰਦਿਆਂ ਉਨ੍ਹਾਂ ਵੱਲੋਂ ਇਨਕਲਾਬੀ ਲਹਿਰ 'ਚ ਨਿਭਾਏ ਰੋਲ ਬਾਰੇ ਸੰਖੇਪ ਚਰਚਾ ਕੀਤੀ।
60ਵਿਆਂ ਦੇ ਅਖੀਰ 'ਚ ਨਕਸਲਬਾੜੀ ਦੀ ਬਗਾਵਤ ਦੇ ਦੌਰ ਅੰਦਰ ਕਮਿਊਨਿਸਟ ਇਨਕਲਾਬੀ ਲਹਿਰ 'ਚ ਕੁੱਲਵਕਤੀ ਵਜੋਂ ਸਰਗਰਮ ਹੋਏ। ਕਾਮਰੇਡ ਦਰਸ਼ਨ ਸਿੰਘ ਕੂਹਲੀ ਨੇ ਦਹਾਕਾ ਭਰ ਕਮਿਊਨਿਸਟ ਇਨਕਲਾਬੀ ਲਹਿਰ ਦੀਆਂ ਆਗੂ ਸਫ਼ਾਂ ਚ ਰੋਲ ਨਿਭਾਇਆ ਸੀ। ਜ਼ਿੰਦਗੀ ਦੇ ਮਗਰਲੇ ਦੋ ਦਹਾਕੇ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ 'ਚ ਜ਼ਿਲ੍ਹਾ ਲੁਧਿਆਣਾ ਦੇ ਆਗੂ ਵਜੋਂ ਰੋਲ ਨਿਭਾਉਂਦੇ ਰਹੇ। ਇਸ ਸਾਰੇ ਅਰਸੇ ਦੌਰਾਨ ਉਨ੍ਹਾਂ ਨੇ ਜਨਤਕ ਇਨਕਲਾਬੀ ਲਹਿਰ ਵੱਲੋਂ ਕਈ ਸਿਆਸੀ ਜਨਤਕ ਮੁਹਿੰਮਾਂ ਨੂੰ ਜਥੇਬੰਦ ਕਰਨ ਚ ਵੀ ਹਿੱਸਾ ਪਾਇਆ, ਜਿੰਨਾਂ 'ਚ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਯਾਦ 'ਚ 1994 'ਚ ਰਾਜੇਆਣਾ ( ਮੋਗਾ) 'ਚ ਕੀਤਾ ਸ਼ਰਧਾਂਜਲੀ ਸਮਾਗਮ ਵਿਸ਼ੇਸ਼ ਕਰਕੇ ਉੱਭਰਵਾਂ ਹੈ। ਉਹ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਟੀਮ ਦੇ ਮੈਂਬਰ ਵੀ ਸਨ। ਉਨ੍ਹਾਂ ਨੂੰ ਅੰਤਿਮ ਵਿਦਾਇਗੀ ਵੇਲੇ ਇਨਕਲਾਬੀ ਜਮਹੂਰੀ ਲਹਿਰ ਦੇ ਕਈ ਆਗੂ ਤੇ ਕਾਰਕੁੰਨ ਹਾਜ਼ਰ ਸਨ। ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਲੇ ਇਹਨਾਂ ਸੱਜਣਾਂ ਮਿੱਤਰਾਂ ਵਿੱਚ ਨੌਜਵਾਨ ਉਮਰ ਵਾਲੇ ਲੜਕੇ ਵੀ ਸਨ ਅਤੇ ਬਜ਼ੁਰਗ ਕਾਮਰੇਡ ਵੀ। ਇਸ ਤੋਂ ਉਹਨਾਂ ਦੇ ਉਸ ਪ੍ਰੇਮ ਸਰਕਲ ਦਾ ਪਤਾ ਲੱਗਦਾ ਸੀ ਜਿਹੜਾ ਉਹਨਾਂ ਆਪਣੇ ਲੋਕਾਂ ਵਿੱਚ ਬਣਾਇਆ ਹੋਇਆ ਸੀ।
ਹਮਾਰੇ ਸਾਮਨੇ ਬਸ ਇਕ ਆਫਤਾਬ ਰਹਾ;
ਕਿ ਦਿਲ ਮੇਂ ਆਖ਼ਿਰੀ ਦਮ ਤਕ, ਬਸ ਇਨਕਲਾਬ ਰਹਾ!
-ਰੈਕਟਰ ਕਥੂਰੀਆ
(ਕਾਮਰੇਡ ਦਰਸ਼ਨ ਸਿੰਘ ਕੂਹਲੀ ਦੀ ਜ਼ਿੰਦਗੀ ਅਤੇ ਸੰਘਰਸ਼ ਨੂੰ ਸਮਰਪਿਤ ਸਤਰਾਂ)
ਕਾਮਰੇਡ ਦਰਸ਼ਨ ਸਿੰਘ ਕੂਹਲੀ ਹੁਰਾਂ ਦੇ ਇਸ ਜਿਸਮਾਨੀ ਵਿਛੋੜੇ ਦੇ ਬਾਵਜੂਦ ਉਹਨਾਂ ਦਾ ਅਹਿਸਾਸ ਸੰਘਰਸ਼ਾਂ ਵੇਲੇ ਸਾਡੇ ਨਾਲ ਰਹੇਗਾ। ਉਸਦਾ ਜੋਸ਼ ਅਤੇ ਅੰਦਾਜ਼ ਸਾਨੂੰ ਪ੍ਰੇਰਨਾ ਦੇਂਦੇ ਰਹਿਣਗੇ। ਜਦੋਂ ਤੱਕ ਉਸਦਾ ਸੁਪਨੇ ਸਾਕਾਰ ਨਹੀਂ ਹੁੰਦੇ ਉਸ ਦੀ ਸੋਚ ਵਾਲੇ ਸੰਘਰਸ਼ ਚੱਲਦੇ ਰਹਿਣਗੇ। ਇਸੇ ਤਰਾਂ ਪਹਿਲਾਂ ਨਾਲੋਂ ਵੀ ਵਧੇਰੇ ਜੋਸ਼ੋ ਖਰੋਸ਼ ਨਾਲ।
ਪੈਰਾਂ 'ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ ,ਕਿਉਂ ਵੇਖ ਵੇਖ ਉਡਦੈ, ਚਿਹਰੇ ਦਾ ਰੰਗ ਤੇਰਾ। --(ਡਾਕਟਰ ਜਗਤਾਰ)
ਕਾਮਰੇਡ ਦਰਸ਼ਨ ਸਿੰਘ ਕੂਹਲੀ ਹੁਰਾਂ ਦੇ ਇਸ ਜਿਸਮਾਨੀ ਵਿਛੋੜੇ ਦੇ ਬਾਵਜੂਦ ਉਹਨਾਂ ਦਾ ਅਹਿਸਾਸ ਸੰਘਰਸ਼ਾਂ ਵੇਲੇ ਸਾਡੇ ਨਾਲ ਰਹੇਗਾ। ਉਸਦਾ ਜੋਸ਼ ਅਤੇ ਅੰਦਾਜ਼ ਸਾਨੂੰ ਪ੍ਰੇਰਨਾ ਦੇਂਦੇ ਰਹਿਣਗੇ। ਜਦੋਂ ਤੱਕ ਉਸਦਾ ਸੁਪਨੇ ਸਾਕਾਰ ਨਹੀਂ ਹੁੰਦੇ ਉਸ ਦੀ ਸੋਚ ਵਾਲੇ ਸੰਘਰਸ਼ ਚੱਲਦੇ ਰਹਿਣਗੇ। ਇਸੇ ਤਰਾਂ ਪਹਿਲਾਂ ਨਾਲੋਂ ਵੀ ਵਧੇਰੇ ਜੋਸ਼ੋ ਖਰੋਸ਼ ਨਾਲ।
ਪੈਰਾਂ 'ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ ,ਕਿਉਂ ਵੇਖ ਵੇਖ ਉਡਦੈ, ਚਿਹਰੇ ਦਾ ਰੰਗ ਤੇਰਾ। --(ਡਾਕਟਰ ਜਗਤਾਰ)
------------0---------------
ਵੈਬ ਪਰਚਾ ਨਕਸਲਬਾੜੀ ਅਤੇ ਕਾਮਰੇਡ ਸਕਰੀਨ ਵੀ ਦੇਖੋ
ਕਾਮਰੇਡ ਦਰਸ਼ਨ ਸਿੰਘ ਕੋਹਲੀ ਬਾਰੇ ਹੋਰ ਲਿਖਤਾਂ ਦੇ ਲਿੰਕ ਹੇਠਾਂ ਦਿਤੇ ਜਾ ਰਹੇ ਹਨ:
ਕਿ ਦਿਲ ਮੈਂ ਆਖ਼ਿਰੀ ਦਮ ਤੱਕ ਬਸ ਇਨਕਲਾਬ ਰਹਾ....!
ਕਾਮਰੇਡ ਦਰਸ਼ਨ ਸਿੰਘ ਕੋਹਲੀ ਬਾਰੇ ਹੋਰ ਲਿਖਤਾਂ ਦੇ ਲਿੰਕ ਹੇਠਾਂ ਦਿਤੇ ਜਾ ਰਹੇ ਹਨ:
ਕਿ ਦਿਲ ਮੈਂ ਆਖ਼ਿਰੀ ਦਮ ਤੱਕ ਬਸ ਇਨਕਲਾਬ ਰਹਾ....!
--------------------------------------------------------------
No comments:
Post a Comment