CPI ਵੱਲੋਂ 16 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਮਾਝਾ ਜੋਨ ਦੀ ਰੈਲੀ
ਲਾਲ ਝੰਡੇ ਦੇ ਵਿਛੜ ਚੁੱਕੇ ਨਾਇਕਾਂ ਨੂੰ ਯਾਦ ਕਰਦਿਆਂ ਛੇਹਰਟਾ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਨੇ ਇੱਕ ਖਾਸ ਸਮਾਗਮ ਕੀਤਾ। ਅੰਮ੍ਰਿਤਸਰ ਨੇੜੇ ਛੇਹਰਟਾ ਵਿਖੇ ਸੀ ਪੀ ਆਈ ਵੱਲੋਂ ਕਾਮਰੇਡ ਸਤਪਾਲ ਡਾਂਗ, ਕਾਮਰੇਡ ਵਿਮਲਾ ਡਾਂਗ, ਕਾਮਰੇਡ ਪਰਦੁਮਨ ਸਿੰਘ, ਕਾਮਰੇਡ ਵੀਰਭਾਨ ਭੁੱਲਰ ਅਤੇ ਅੰਮ੍ਰਿਤਸਰ ਸ਼ਹਿਰ ਦੇ ਵਿਛੜੇ ਹੋਰਨਾਂ ਪਾਰਟੀ ਆਗੂਆਂ ਦਾ ਯਾਦਗਾਰੀ ਸਮਾਗਮ ਕਰਾਇਆ ਗਿਆ। ਛੇਹਰਟਾ ਦੇ ਕ੍ਰਿਸ਼ਨਾ ਮੰਦਰ ਹਾਲ ਵਿੱਚ ਕਮਿਊਨਿਸਟ ਕਾਰਕੁੰਨ ਇਸ ਮੌਕੇ ਹੁੰਮਹੁਮਾ ਕੇ ਪੁੱਜੇ ਹੋਏ ਸਨ। ਜਿਹਨਾਂ ਦੀ ਯਾਦ ਵਿੱਚ ਇਹ ਸਮਾਗਮ ਹੋਇਆ ਇਹ ਸਾਰੇ ਆਪਣੇ ਵੇਲਿਆਂ ਦੇ ਜੁਝਾਰੂ ਆਗੂ ਸਨ ਜਿਹਨਾਂ ਨੇ ਪਾਰਟੀ ਦੇ ਸਿਧਾਂਤਾਂ, ਫੈਸਲਿਆਂ ਅਤੇ ਨੀਤੀਆਂ ਰਹਿੰਦਿਆਂ ਨਾਲ ਕੀਤਾ। ਇੱਕ ਪਾਸੇ ਦਹਿਸ਼ਤਗਰਦਾਂ ਦੀਆਂ ਗੋਲੀਆਂ ਸਨ ਅਤੇ ਇੱਕ ਪਾਸੇ ਸਰਕਾਰ ਦੀਆਂ ਸਖਤੀਆਂ। ਕਮਿਊਨਿਸਟ ਲੀਡਰ ਅਤੇ ਵਰਕਰ ਦੋਹਾਂ ਪਾਸਿਉਂ ਹੋ ਰਹੀਆਂ ਵਧੀਕੀਆਂ ਦਾ ਸਾਹਮਣਾ ਕਰ ਰਹੇ ਸਨ।
ਲੋਕਾਂ ਲਈ ਜੂਝਣ ਵਾਲੇ ਉਹਨਾਂ ਬਹਾਦਰ ਜੁਝਾਰੂਆਂ ਨੂੰ ਚੇਤੇ ਕਰਦਿਆਂ ਇਸ ਸਮਾਗਮ ਵਿੱਚ ਮੌਜੂਦਾ ਸਮਿਆਂ ਦੀਆਂ ਚੁਣੌਤੀਆਂ ਬਾਰੇ ਵੀ ਗੱਲ ਕੀਤੀ ਗਈ। ਇਹ ਸਮਾਗਮ ਕਾਮਰੇਡ ਪਵਨ ਕੁਮਾਰ ਅਤੇ ਕਾਮਰੇਡ ਪ੍ਰੇਮ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਜਿਸ ਵਿੱਚ ਦੇਸ਼ ਅਤੇ ਦੁਨੀਆ ਦੀ ਗੱਲ ਕਰਦਿਆਂ ਮੌਜੂਦਾ ਖਤਰਿਆਂ ਅਤੇ ਚੁਣੌਤੀਆਂ ਬਾਰੇ ਵੀ ਵਿਵਹਾਰ ਦਾ ਹੋਇਆ।
ਅੰਮ੍ਰਿਤਸਰ ਦੇ ਇਹਨਾਂ ਆਗੂਆਂ ਦੇ ਸੰਘਰਸ਼ਾਂ ਅਤੇ ਬਹਾਦਰੀ ਨੂੰ ਬਹੁਤ ਨੇੜਿਓਂ ਹੋ ਕੇ ਦੇਖਣ ਵਾਲੇ ਸੀ ਪੀ ਆਈ ਪੰਜਾਬ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਨੇ ਦੇਸ਼ ਦੀ ਆਜ਼ਾਦੀ ਲਈ ਅਥਾਹ ਕੁਰਬਾਨੀਆਂ ਕੀਤੀਆਂ ਹਨ, ਅਜ਼ਾਦੀ ਤੋਂ ਬਾਅਦ ਵੀ ਦੇਸ਼ ਦੀ ਉਸਾਰੀ ਲਈ ਅਤੇ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਵੀ ਲਹੂ ਵੀਟਵੇ ਅੰਦੋਲਨ ਕੀਤੇ ਹਨ। ਅੰਮ੍ਰਿਤਸਰ ਸ਼ਹਿਰ ਦੇ ਕਮਿਊਨਿਸਟ ਆਗੂਆਂ ਅਤੇ ਮੈਂਬਰਾਂ/ਹਮਦਰਦਾਂ ਨੇ ਵੀ ਇਸ ਸਮਾਗਮ ਮੌਕੇ ਆਪਣਾ ਗਿਣਨਯੋਗ ਹਿਸਾ ਪਾਇਆ ਹੈ।
ਅੰਮ੍ਰਿਤਸਰ ਸ਼ਹਿਰ ਦੇ ਕਮਿਊਨਿਸਟ ਆਗੂਆਂ ਨੇ ਮਜ਼ਦੂਰਾਂ ਦੇ ਹੱਕਾਂ ਲਈ ਅਤੇ ਉਨ੍ਹਾਂ ਦੀਆਂ ਭਲਾਈ ਸਕੀਮਾਂ ਬਣਵਾਉਣ ਅਤੇ ਲਾਗੂ ਕਰਵਾਉਣ ਲਈ ਵੱਡੇ ਵੱਡੇ ਅੰਦੋਲਨ ਕੀਤੇ ਹਨ। ਕਾਮਰੇਡ ਸਤਪਾਲ ਡਾਂਗ, ਕਾਮਰੇਡ ਵਿਮਲਾ ਡਾਂਗ ਅਤੇ ਕਾਮਰੇਡ ਪਰਦੁਮਨ ਸਿੰਘ ਨੇ ਆਪਣੀ ਕੀਰਤੀ ਨਾਲ ਅੰਮ੍ਰਿਤਸਰ ਸ਼ਹਿਰ ਦੇ ਮਜ਼ਦੂਰ ਅੰਦੋਲਨ ਨੂੰ ਦੇਸ਼ ਪੱਧਰ ਤੇ ਨਾਮ ਦਿੱਤਾ ਹੈ। ਇਹਨਾਂ ਆਗੂਆਂ ਨਾਲ ਸ਼ਾਮਲ ਦੂਜੀ ਪਾਲ ਦੇ ਆਗੂਆਂ ਦੇ ਕੰਮ ਨੂੰ ਵੀ ਕਿਸੇ ਵੀ ਤਰ੍ਹਾਂ ਘਟਾ ਕੇ ਨਹੀਂ ਵੇਖਿਆ ਜਾ ਸਕਦਾ।
ਉਹਨਾਂ ਅੱਗੇ ਕਿਹਾ ਕਿ ਅੱਜ ਦੇਸ਼ ਦੇ ਮਜ਼ਦੂਰਾਂ ਅਤੇ ਲੋਕਾਂ ਸਾਹਮਣੇ ਜੋ ਖ਼ਤਰੇ ਹਨ, ਇਹਨਾਂ ਆਗੂਆਂ ਦੀਆਂ ਕੀਤੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਹੀ ਅਸੀਂ ਇਹਨਾਂ ਖ਼ਤਰਿਆਂ ਦਾ ਮੁਕਾਬਲਾ ਕਰ ਸਕਦੇ ਹਾਂ ਅਤੇ ਅੱਗੇ ਵੱਧ ਸਕਦੇ ਹਾਂ। ਉਹਨਾਂ ਕਿਹਾ ਕਿ ਕੇਂਦਰ ਦੀ ਬੀ ਜੇ ਪੀ ਸਰਕਾਰ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡ ਕੇ ਅਤੇ ਫਿਰਕੂ ਦੰਗੇ ਕਰਵਾ ਕੇ ਰਾਜ ਕਰਨ ਵਾਲੀ ਨੀਤੀ ਤੇ ਕੰਮ ਕਰ ਰਹੀ ਹੈ ਜੋ ਦੇਸ਼ ਦੀ ਬਰਬਾਦੀ ਦਾ ਰਸਤਾ ਹੈ।
ਕਾਮਰੇਡ ਬਰਾੜ ਨੇ ਚੇਤੇ ਕਰਵਾਇਆ ਕਿ ਦੇਸ਼ ਦਾ ਵਿਕਾਸ ਅਤੇ ਦੇਸ਼ ਦੇ ਲੋਕਾਂ ਦੀ ਭਲਾਈ ਆਪਸੀ ਭਾਈਚਾਰਕ ਸਾਂਝ ਨਾਲ ਹੀ ਹੋ ਸਕਦੀ ਹੈ। ਦੇਸ਼ ਦੀ ਦੌਲਤ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀ ਜਾ ਰਹੀ ਹੈ। ਪਾਰਲੀਮੈਂਟ ਚੋਣਾਂ ਦੇ ਨਤੀਜਿਆਂ ਨਾਲ ਬੀ ਜੇ ਪੀ ਦੀ ਇਕੱਲੀ ਪਾਰਟੀ ਦੇ ਬਹੁਮਤ ਵਾਲੀ ਸਰਕਾਰ ਨਹੀਂ ਬਣੀ ਹੈ। ਅਗਲੀਆ ਪਾਰਲੀਮੈਂਟ ਚੋਣਾਂ ਵਿੱਚ ਲੋਕ ਇਹਨਾਂ ਪਾਸੋਂ ਖਹਿੜਾ ਛੁਡਵਾ ਲੈਣਗੇ, ਪ੍ਰੰਤੂ ਇਸ ਸਮੇਂ ਦੌਰਾਨ ਇਹ ਲੋਕਾਂ ਦਾ ਜ਼ਿਆਦਾ ਨੁਕਸਾਨ ਨਾ ਕਰਨ ਇਸ ਲਈ ਮਜ਼ਬੂਤ ਅੰਦੋਲਨ ਕੀਤੇ ਜਾਣੇ ਚਾਹੀਦੇ ਹਨ।
ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ, ਪੰਜਾਬ ਦੇ ਲੋਕਾਂ ਦੇ ਮਸਲੇ ਜਿਓਂ ਦੇ ਤਿਓ ਹੀ ਲਟਕੇ ਪਏ ਹਨ। ਇਹਨਾਂ ਮਸਲਿਆਂ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਸੰਜੀਦਾ ਨਹੀਂ ਹੈ। ਅਮਨ ਕਾਨੂੰਨ ਅਤੇ ਨਸ਼ਿਆਂ ਦੇ ਮਾਮਲੇ ਵਿਗੜਦੇ ਹੀ ਜਾ ਰਹੇ ਹਨ, ਭ੍ਰਿਸ਼ਟਾਚਾਰ ਸਿਖਰਾਂ ਵੱਲ ਹੈ, ਚੰਡੀਗੜ੍ਹ ਦਾ ਮਸਲਾ ਸਰਕਾਰ ਜਾਣਬੁਝ ਕੇ ਉਲਝਾ ਰਹੀ ਹੈ।
ਕਾਮਰੇਡ ਬਰਾੜ ਨੇ ਕਿਹਾ ਕਿ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ 16 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਮਾਝਾ ਜੋਨ ਦੀ ਰੈਲੀ ਕੀਤੀ ਜਾਵੇਗੀ। ਇਹ ਰੈਲੀ ਵੀ ਇੱਕ ਨਵਾਂ ਇਤਿਹਾਸ ਰਚੇਗੀ।
ਕਾਮਰੇਡ ਬਰਾੜ ਤੋਂ ਇਲਾਵਾ ਅਮਰਜੀਤ ਸਿੰਘ ਆਸਲ, ਲਖਬੀਰ ਸਿੰਘ ਨਿਜ਼ਾਮਪੁਰ, ਵਿਜੇ ਕੁਮਾਰ, ਰਾਜਿੰਦਰ ਪਾਲ ਕੌਰ, ਦਸਵਿੰਦਰ ਕੌਰ, ਬਲਦੇਵ ਸਿੰਘ ਵੇਰਕਾ, ਬਲਵਿੰਦਰ ਕੌਰ,ਗੁਰਦਿਆਲ ਸਿੰਘ, ਮਹਾਂਬੀਰ ਸਿੰਘ ਗਿੱਲ ਆਦਿ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।ਇਸ ਮੌਕੇ ਉਪਰ ਕੁਲਵੰਤ ਰਾਏ ਬਾਵਾ, ਰਕੇਸ਼ ਕਾਂਡਾਂ, ਬ੍ਰਹਮਦੇਵ ਸ਼ਰਮਾ, ਜਸਬੀਰ ਸਿੰਘ,ਜੈਮਲ ਸਿੰਘ,ਹਰੀਸ਼ ਕੈਲੇ,ਮੋਹਨ ਲਾਲ, ਰਾਜੇਸ਼ ਕੁਮਾਰ, ਪਰਮਜੀਤ ਸਿੰਘ, ਸਤਨਾਮ ਸਿੰਘ, ਸੁਖਵੰਤ ਸਿੰਘ, ਗੁਰਬਖ਼ਸ਼ ਕੌਰ ਆਦਿ ਹਾਜ਼ਰ ਸਨ।
ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਹੋ ਨਿੱਬੜਿਆ ਜਿਸ ਨੇ ਢਾਈ ਤਿੰਨ ਦਹਾਕੇ ਪੁਰਾਣੇ ਉਹਨਾਂ ਵੇਲਿਆਂ ਦੀਆਂ ਯਾਦਾਂ ਤਾਜ਼ਾ ਕਰਾਈਆਂ ਜਦੋਂ ਹਾਲਾਤ ਨਾਜ਼ੁਕ ਸਨ ਪਰ ਲਾਲ ਝੰਡੇ ਵਾਲੇ ਕਾਫ਼ਿਲੇ ਫਿਰ ਵੀ ਸਨ। ਬਕੌਲ ਜਗਤਾਰ:
ਹਰ ਮੋੜ 'ਤੇ ਸਲੀਬਾਂ;ਹਰ ਪੈਰ 'ਤੇ ਹਨੇਰਾ!
ਫਿਰ ਵੀ ਅਸੀਂ ਰੁਕੇ ਨਾ; ਸਦਾ ਵੀ ਦੇਖ ਜੇਰਾ!
No comments:
Post a Comment