From Chiranji Lal Kangniwal on Thursday 20th February 2025 at 2:39 PM DBYH Jalandhar
ਡਾ. ਸਰਬਜੀਤ ਸਿੰਘ ਕੰਗਣੀਵਾਲ ਰਚਿਤ ਪੁਸਤਕ ਦੀ ਸਮੀਖਿਆ//ਚਰੰਜੀ ਲਾਲ ਕੰਗਣੀਵਾਲ
'ਖੱਬੀ ਲਹਿਰ ਦੀ ਪਿੱਠ-ਭੁਮੀ' ਨਾਂ ਦੇ ਮੁੱਢਲੇ ਅਧਿਆਏ ਵਿੱਚ ਡਾ. ਸਰਬਜੀਤ ਸਿੰਘ ਨੇ ਪੰਜਾਬ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਬਾਅਦ ਪੰਜਾਬ ਦੇ ਪੁਰਾਣੇ ਢਾਂਚੇ ਨੂੰ ਖ਼ਾਤਮ ਕੀਤੇ ਜਾਣ ਅਤੇ ਸਮਾਜਿਕ, ਆਰਥਿਕ ਤੇ ਸਿਆਸੀ ਹਾਲਤਾਂ ਵਿੱਚ ਹੋਈ ਤਬਦੀਲੀ ਨਾਲ ਨਵੀਂ ਵਿਵਸਥਾ ਦੇ ਪੈਦਾ ਹੋਣ ਦੇ ਨਾਲ ਨਾਲ ਧਾਰਮਿਕ ਲਹਿਰਾਂ ਦੇ ਉਭਾਰ, ਬਰਤਾਨੀਆ ਦੀ ਤਰਜ਼ 'ਤੇ ਸਿੱਖਿਆ ਦੀ ਸ਼ੁਰੂਆਤ, ਖੇਤੀ ਅਤੇ ਉਦਯੋਗ ਸੈਕਟਰ ਵਿੱਚ ਆਏ ਪਰਿਵਰਤਨਾਂ ਦਾ ਉਲੇਖ ਕੀਤਾ ਹੈ | ਤਬਦੀਲੀਆਂ ਦਾ ਕਾਰਨ, ਬਰਤਾਨਵੀ ਰਾਜ ਵਲੋਂ ਦੇਸੀ ਦਸਤਕਾਰੀ ਨੂੰ ਤਬਾਹ ਕਰਕੇ ਹਿੰਦੁਸਤਾਨ ਦੇ ਕੱਚੇ ਮਾਲ ਨੂੰ ਬਰਤਾਨਵੀ ਕਾਰਖਾਨਿਆਂ ਦਾ ਢਿੱਡ ਭਰਨ ਲਈ ਭਾਰਤ ਨੂੰ ਮਾਲ ਦੀ ਮੰਡੀ ਵਿੱਚ ਬਦਲ ਦਿੱਤਾ ਸੀ | ਖੇਤੀਬਾੜੀ ਹੀ ਪੈਦਾਵਾਰ ਦਾ ਮੁੱਖ ਸਾਧਨ ਰਹਿ ਗਈ ਸੀ ਜਿਸ ਕਰਕੇ ਨਿਰਾਸ਼ਾ ਤੇ ਬਦਹਾਲੀ ਦਾ ਹੋਣਾ ਜ਼ਰੂਰੀ ਸੀ | 20ਵੀਂ ਸਦੀ ਦੇ ਸ਼ੁਰੂ ਵਿੱਚ ਵਿਭਿੰਨ ਕਾਰਨਾਂ ਕਰਕੇ ਨਵੇਂ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਣ ਦੇ ਨਤੀਜੇ ਵਜੋਂ 'ਪਗੜੀ ਸੰਭਾਲ ਲਹਿਰ' ਦੇ ਹੇਠ ਰਾਸ਼ਟਰਵਾਦੀ ਲਹਿਰ ਅਤੇ ਗ਼ਦਰ ਲਹਿਰ ਦੀ ਸ਼ੁਰੂਆਤ ਦੇ ਨਾਲ ਨਾਲ ਪੰਜਾਬ ਦੀਆਂ ਬੁਨਿਆਦੀ ਹਾਲਤਾਂ ਵਿੱਚ ਆਈਆਂ ਤਬਦੀਲੀਆਂ ਦਾ ਵੀ ਜ਼ਿਕਰ ਕੀਤਾ ਹੈ |
'ਖੱਬੀ ਲਹਿਰ ਦਾ ਮੁੱਢਲਾ ਦੌਰ' ਨਾਂ ਦੇ ਅਧਿਆਏ ਵਿੱਚ ਕੌਮਾਂਤਰੀ ਮਜ਼ਦੂਰ ਲਹਿਰ ਦੀ ਸ਼ੁਰੂਆਤ, ਗ਼ਦਰ ਅਤੇ ਖਿਲਾਫ਼ਤ ਲਹਿਰ ਤੋਂ ਪ੍ਰਭਾਵਿਤ ਲੋਕਾਂ ਦੇ ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ, ਤਾਸ਼ਕੰਦ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਗਠਨ, ਮੁੱਢਲੇ ਕਮਿਊਨਿਸਟ ਗਰੁੱਪਾਂ ਦੇ ਹੋਂਦ ਵਿੱਚ ਆਉਣ, ਖੱਬੇ ਪੱਖੀਆਂ ਵਿਰੁੱਧ ਪੇਸ਼ਾਵਰ ਸਾਜ਼ਿਸ਼ ਕੇਸ, ਕਾਨਪੁਰ ਸਾਜ਼ਿਸ਼ ਕੇਸ ਦਾ ਵਰਨਣ ਹੈ | ਲੇਖਕ ਨੇ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਨੂੰ ਲੈ ਕੇ ਹੋਏ ਦੋ ਅੱਡ ਪ੍ਰੋਗਰਾਮਾਂ ਦਾ ਵਰਨਣ ਕੀਤਾ ਹੈ ਜਿਨ੍ਹਾਂ ਦੀਆਂ ਨੀਤੀਆਂ ਬਾਰੇ ਸਪੱਸ਼ਟ ਕਰਨਾ ਜ਼ਰੂਰੀ ਹੈ | ਪਹਿਲਾ ਤਾਸ਼ਕੰਦ ਵਿੱਚ ਕਮਿਊਨਿਸਟ ਪਾਰਟੀ ਦਾ ਗਠਨ 19 ਜੁਲਾਈ 1920 ਨੂੰ ਕੌਮਾਂਤਰਨ ਦੀ ਦੂਜੀ ਮਾਸਕੋ ਵਿੱਚ ਹੋਈ ਕਾਨਫਰੰਸ ਵਿਚੋਂ ਪਰਤਦਿਆਂ ਐਮ.ਐਨ.ਰਾਏ, ਅਬਦੁੱਲ ਰੱਬ, ਅਚਾਰੀਆ, ਮੁਹਮੰਦ ਸਫ਼ੀਕ ਅਤੇ ਦੋ ਵਿਦੇਸ਼ੀ ਨਾਗਰਿਕਾਂ ਵਲੋਂ ''ਦੀ ਕਮਿਊਨਿਸਟ ਪਾਰਟੀ ਆਫ਼ ਇੰਡੀਆ'' ਦਾ ਗਠਨ ਕੀਤਾ, ਜਿਸਦਾ ਅਧਾਰ ਕੌਮੰਤਰਨ ਦਾ ਪ੍ਰੋਗਰਾਮ ਸੀ ਅਤੇ ਸੋਵੀਅਤ ਇਨਕਲਾਬ ਦੀਆਂ ਲੋੜਾਂ ਦੇ ਚੌਖਟੇ ਵਿਚੋਂ ਉਠਿਆ ਸੀ | ਭਾਰਤੀ ਕਮਿਊਨਿਸਟ ਪਾਰਟੀ ਦੀ ਕਾਨਪੁਰ ਕਾਨਫਰੰਸ ਅਤੇ ਮੇਰਠ ਸਾਜ਼ਿਸ਼ ਕੇਸ ਸਣੇ ਉਨ੍ਹਾਂ ਵੱਖ ਵੱਖ ਹਾਲਤਾਂ ਦਾ ਪ੍ਰਗਟਾਵਾ ਕੀਤਾ ਹੈ ਜਿਨ੍ਹਾਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਮੁੱਢ ਬੱਝਾ | ਮੀਡੀਆ ਵਿੱਚ ਵੀ ਚਰਚਾ ਰਹੀ
ਇਹ ਤਸਵੀਰ ਵਿੱਚ ਛਪੀ ਸਮੀਖਿਆ ਦੀ ਹੈ
ਇਹ 1920 ਤੋਂ 1925 ਤੱਕ ਦੇ ਸਮੇਂ ਦੇਸ਼ ਅੰਦਰ ਖਾਸ ਕਰ ਪੰਜਾਬ ਵਿੱਚ ਘਟਨਾਵਾਂ ਦਾ ਤਿੱਖਾ ਦੌਰ ਸੀ | ਇਸੇ ਦੌਰਾਨ ਗ਼ਦਰ ਪਾਰਟੀ ਦੇ ਕੇਂਦਰ ਕਾਬਲ ਵਿਚੋਂ ਗ਼ਦਰੀ ਮਾਸਟਰ ਊਧਮ ਸਿੰਘ ਕਸੇਲ, ਬਾਬਾ ਗੁਰਮੁੱਖ ਸਿੰਘ ਲਲਤੋਂ ਮਾਸਕੋ ਨਾਲ ਸੰਪਰਕ ਬਣਾਕੇ ਭਾਰਤੀ ਵਿਵਸਥਾ ਦੇ ਚੌਖਟੇ ਅਨੁਸਾਰ ''ਹਿੰਦੂਤਸਾਨ ਕਮਿਊਨਿਸਟ ਪਾਰਟੀ'' ('ਭਾਰਤ ਸਾਂਝੀਵਾਲ ਐਸੋਸੀਏਸ਼ਨ') ਦਾ ਪ੍ਰੋਗਰਾਮ ਤਿਆਰ ਕਰ ਚੁੱਕੇ ਸਨ | ਇਸ ਤੋਂ ਪਹਿਲਾ 1922 ਵਿੱਚ ਮਾਸਟਰ ਮੋਤਾ ਸਿੰਘ ਕਾਬਲ ਵਿੱਚ ਗਿਆ ਅਤੇ ਰੂਸ ਦੇ ਅਧਿਕਾਰੀਆਂ ਨਾਲ ਮਿਲਕੇ ਪੰਜਾਬ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੀਆਂ ਘਟਨਾਵਾਂ ਅਨੁਸਾਰ ਉਸਨੇ ਬਾਲਸ਼ਵਿਕ ਦੀ ਥਾਂ ਅਕਾਲਸਵਿਜ਼ਮ ਦਾ ਸੰਕਲਪ ਪੇਸ਼ ਕੀਤਾ ਸੀ |
ਕਾਨਪੁਰ ਵਾਲੀ ਕਾਨਫਰੰਸ 26 ਤੋਂ 28 ਦਸੰਬਰ 1925 ਨੂੰ ਸਿੰਗਰਾਵੈਲੂ ਦੀ ਪ੍ਰਧਾਨਗੀ ਹੇਠ ਹੋਈ | ਸੁਆਗਤੀ ਕਮੇਟੀ ਦੇ ਪ੍ਰਧਾਨ ਮੌਲਾਨਾ ਹਸਰਤ ਮੁਹਾਨੀ ਨੇ ਇਤਿਹਾਸ, ਸਭਿਆਚਾਰ ਅਤੇ ਦੇਸ਼ ਦੀਆਂ ਹਾਲਤਾਂ ਦੇ ਅਧਾਰਤ ਕਮਿਊਨਿਸਟ ਪਾਰਟੀ ਬਣਾਉਣ ਦਾ ਸੁਝਾਅ ਦਿੱਤਾ | ਕਮਿਊਨਿਸਟ ਸਥਾਪਤੀ ਦੇ ਪ੍ਰੋਗਰਾਮਾਂ ਵਿੱਚ ਜਾਤਪਾਤ ਅਤੇ ਛੂਆਛਾਤ ਦੇ ਮਸਲੇ ਨੂੰ ਗੰਭੀਰਤਾ ਨਾਲ ਪੇਸ਼ ਕਰਦਿਆਂ ਸਿੰਗਰਾਵੈਲੂ ਨੇ ਕਿਹਾ,''ਅਛੂਤ ਦਾ ਸਵਾਲ ਕਮਿਊਨਿਸਟਾਂ ਦੇ ਨੁਕਤਾ ਖਿਆਲ ਨਾਲ ਨਿਰੋਲ ਸੰਪਤ ਦਾ ਸਵਾਲ ਹੈ | ਲਤਾੜੇ ਹੋਏ ਵਰਨਾ ਦਾ, ਸੰਪਤ ਬਾਰੇ ਪਰਆਸਰੇ ਦਾ ਸਵਾਲ ਜਿੰਨੀ ਜਲਦੀ ਨਜਿਠਿਆ ਜਾਏ, ਭਾਈਚਾਰਕ ਅਛੂਤਾਂ ਦਾ ਕਲੰਕ ਉਹਨਾਂ ਤੋਂ ਉਤਨੀ ਜਲਦੀ ਉਤਰ ਜਾਏਗਾ |''
ਜ਼ਿਕਰਯੋਗ ਹੈ ਸਿੰਗਰਾਵੈਲੂ ਨੇ ਪੈਰੀਆਰ ਦੀ ਸਵੈਮਾਣ ਲਹਿਰ ਨਾਲ ਜੁੜ ਕੇ ਜਾਤਪਾਤ ਦੇ ਖਾਤਮੇ ਲਈ, ਵਿਗਿਆਨਕ ਸੋਚ, ਔਰਤਾਂ ਦੀ ਗ਼ੁਲਾਮੀ ਤੇ ਮੁਕਤੀ ਦੀ ਲੜਾਈ ਦਿੱਤੀ, ਬਾਅਦ 'ਚ ਕਮਿਊਨਿਸਟ ਬਣਿਆ ਸੀ | ਜਾਤਪਾਤ ਦੇ ਸਵਾਲ ਬਾਰੇ ਪਾਰਟੀ ਦੀ ਸਮਝਦਾਰੀ ਬਾਰੇ ਕਾਮਰੇਡ ਆਰ.ਬੀ. ਮੋਰ ਜਿਹੜਾ ਪਹਿਲਾਂ ਡਾ.ਅੰਬੇਡਕਰ ਨਾਲ ਮਹਾਂ ਸਤਿਆਗ੍ਰਹਿ ਵਿੱਚ ਅਹਿਮ ਆਗੂ ਸੀ, ਲਿਖਦਾ: 'ਸਾਡੇ ਪੰਜ ਕ੍ਰੋੜ ਪ੍ਰੋਲੋਤਾਰੀ ਅਛੂਤ ਵਤਨ ਵਾਸੀਆਂ ਦਾ ਮਸਲਾ ਪਾਰਟੀ ਅੱਗੇ ਵੱਡਾ ਮਸਲਾ ਹੈ | ਜਿਸਦਾ ਮਾਰਕਸੀ-ਲੈਨਿਨੀ ਨਜ਼ਰੀਏ ਤੋਂ ਸਹੀ ਵਿਸ਼ਲੇਸ਼ਣ ਨਹੀਂ ਕੀਤਾ, ਸਿੱਟੇ ਵਜੋਂ ਭਾਰੀ ਹਰਜਾ ਹੋਇਆ |' ਗ਼ਦਰੀ ਬਾਬੂ ਮੰਗੂ ਰਾਮ ਵਲੋਂ ਅਧਿ-ਧਰਮ ਮੰਡਲ ਦਾ ਗਠਨ ਤੇ ਇਸ ਦੇ ਸੰਦਰਵ ਵਿੱਚ ਸ਼ਹੀਦ ਭਗਤ ਸਿੰਘ ਦੀ ਰਚਨਾ 'ਅਛੂਤ ਦਾ ਸਵਾਲ' ਇਸ ਦੌਰ ਦੀਆਂ ਮਹੱਤਵਪੂਰਨ ਘਟਨਾਵਾਂ ਵੱਲ ਖੱਬੇ ਪੱਖੀਆਂ ਵਲੋਂ ਗੌਰ ਨਹੀਂ ਕੀਤਾ ਗਿਆ ਸੀ |
ਇਸ ਕਾਨਫੰਰਸ ਵਿੱਚ ਬਹੁਤ ਵਿਸਥਾਰ ਨਾਲ ਹੋਈਆਂ ਵਿਚਾਰਾਂ ਬਾਰੇ ਭਾਈ ਸੰਤੋਖ ਸਿੰਘ ਨੇ 'ਕਿਰਤੀ' ਮੈਗਜ਼ੀਨ ਵਿੱਚ ਛਾਪਿਆ, ਜੋ ਖ਼ੁਦ ਬਾਬਾ ਭਾਗ ਸਿੰਘ ਕਨੇਡੀਅਨ, ਗਿ.ਹੀਰਾ ਸਿੰਘ 'ਦਰਦ' ਅਤੇ ਸ੍ਰੀਮਤੀ ਪਾਰਬਤੀ ਸਮੇਤ ਕਾਨਫ੍ਰੰਸ ਵਿੱਚ ਸ਼ਾਮਿਲ ਸਨ | ਇਹ ਭਾਰਤੀ ਵਿਵਸਥਾ, ਇਤਿਹਾਸ ਤੇ ਸਭਿਆਚਾਰ ਦੇ ਚੋਖਟੇ ਵਿੱਚ ਹਿੰਦੁਸਤਾਨੀ ਕਮਿਊਨਿਸਟ ਪਾਰਟੀ ਦੀ ਨੀਂਹ ਅਰੰਭਕ ਬਿੰਦੂ ਸੀ, ਜਿਥੋਂ ਸਮਾਜਵਾਦੀ ਸੇਧ ਵਿੱਚ ਨਿਕਲਦੇ ਰਸਤਿਆਂ ਦਾ ਅਰੰਭ ਹੋਣਾ ਸੀ ਪਰ ਦੂਜੇ ਪਾਸੇ ਇਸ ਬੁਨਿਆਦ ਨੂੰ ਪੁੱਟਣ ਦੀਆਂ ਕਾਰਵਾਈਆਂ ਨਾਲ ਹੀ ਸ਼ੁਰੂ ਹੋ ਗਈਆਂ ਸਨ |
ਇਸ ਦੇ ਨਾਲ ਹੀ ਇੱਕ ਵੱਖਰੇ ਅਧਿਆਏ ਵਿੱਚ ਕਮਿਊਨਿਸਟ ਪਾਰਟੀ ਦੇ ਸਮਾਨਾਂਤਰ ਖੱਬੀ ਲਹਿਰ ਦੀ ਜੱਦੋ-ਜਹਿਦ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਬੱਬਰ ਅਕਾਲੀ ਧਾਰਾ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸ਼ੀਏਸ਼ਨ ਨੂੰ ਖੱਬੀਆਂ ਜਥੇਬੰਦੀਆਂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ | ਇਸ ਦੇ ਨਾਲ ਹੀ ਉਸ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੇ ਮੁੱਦੇ ਉਤੇ ਮਹਾਤਮਾ ਗਾਂਧੀ ਦੀ ਲਾਈਨ ਦੀ ਵਿਸਤ੍ਰਤ ਪੜਚੋਲ ਕੀਤੀ ਹੈ | ਇਨ੍ਹਾਂ ਦੋਵਾਂ ਪਾਠਾਂ ਵਿੱਚ ਡਾ. ਸਰਬਜੀਤ ਨੇ ਲੈਨਿਨ ਦੇ ਥੀਸਿਸ ਦੇ ਅਨੁਸਾਰ ਖੱਬੀ ਧਿਰ ਵੱਲੋਂ ਕਾਂਗਰਸ ਦੀ ਅਗਵਾਈ ਵਾਲੀ ਕੌਮੀ ਬੁਰਜੁਆਜ਼ੀ ਨੂੰ ਇਨਕਲਾਬੀ ਜਮਾਤ ਪ੍ਰਵਾਨ ਕਰਨ ਅਤੇ ਉਸ ਤੋਂ ਬਾਅਦ ਸਟਾਲਿਨ ਦੇ ਦੌਰ ਵਿੱਚ ਛੇਵੀਂ ਕਮਿਊਨਿਸਟ ਇੰਟਰਨੈਸ਼ਨਲ ਵਿੱਚ ਕਾਂਗਰਸ ਦੀ ਆਜ਼ਾਦੀ ਸੰਘਰਸ਼ ਵਿੱਚ ਇਨਕਲਾਬੀ ਭੂਮਿਕਾ ਨੂੰ ਰੱਦ ਕਰਕੇ ਉਸ ਵਿਰੁੱਧ ਸੰਘਰਸ਼ ਆਰੰਭਣ ਦਾ ਵਿਸਤ੍ਰਤ ਪ੍ਰਗਟਾਵਾ ਕੀਤਾ ਹੈ |
'ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੇ ਗਠਨ ਤੋਂ ਲੋਕ ਯੁੱਧ ਦੀ ਨੀਤੀ ਤੱਕ ਦਾ ਸਫ਼ਰ' ਨਾਂ ਦੇ ਅਧਿਆਏ ਵਿੱਚ ਲੇਖਕ ਨੇ ਸੀ.ਪੀ.ਆਈ. ਦੀ ਪੰਜਾਬ ਇਕਾਈ ਦੇ ਗਠਨ, ਖੱਬੇ ਪੱਖੀ ਜਥੇਬੰਦੀਆਂ 'ਤੇ ਪਾਬੰਦੀ, ਖੱਬੇ ਪੱਖੀ ਸਰਗਰਮੀਆਂ ਚਲਾਉਣ ਲਈ ਸਾਮਰਾਜ ਵਿਰੋਧੀ ਲੀਗ ਸਣੇ ਵਿਭਿਨ ਜਥੇਬੰਦੀਆਂ ਦੇ ਗਠਨ, ਕਮਿਊਨਿਸਟ ਇੰਟਰਨੈਸ਼ਨਲ ਦੀ ਸੱਤਵੀਂ ਕਾਂਗਰਸ ਵਿੱਚ ਜਾਰਜੀ ਦਮਿਰੋਫ ਦੇ ਸਾਂਝੇ ਮੋਰਚੇ ਦੇ ਥੀਸਿਸ ਨੂੰ ਪ੍ਰਵਾਨ ਕਰਨ ਤੋਂ ਬਾਅਦ ਖੱਬੇ ਪੱਖੀਆਂ ਦੇ ਮੁੜ ਕਾਂਗਰਸ ਨੂੰ ਆਜ਼ਾਦੀ ਸੰਘਰਸ਼ ਦੀ ਜਮਾਤ ਪ੍ਰਵਾਨ ਕਰਨ ਪਿੱਛੋਂ ਕਮਿਊਨਿਸਟਾਂ ਅਤੇ ਕਿਰਤੀਆਂ ਵੱਲੋਂ ਕਾਂਗਰਸ ਅਤੇ ਕਾਂਗਰਸ ਸੋਸ਼ਲਿਸਟ ਪਾਰਟੀ ਨਾਲ ਕੰਮ ਕਰਨ ਦੇ ਵੇਰਵੇ ਦਿੱਤੇ ਗਏ ਹਨ | ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੀਆਂ ਪਹਿਲੀਆਂ ਚੋਣਾਂ, ਦੂਸਰੀ ਸੰਸਾਰ ਜੰਗ ਦੇ ਮੁੱਢਲੇ ਦੌਰ ਦੌਰਾਨ ਖੱਬੇ ਪੱਖੀਆਂ 'ਤੇ ਜਬਰ ਅਤੇ ਲੰਬੀਆਂ ਕੈਦ ਬੰਦੀਆਂ ਨਾਲ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਫ਼ਿਰਕਾਪ੍ਰਸਤੀ ਦੇ ਵਧਣ ਦਾ ਪ੍ਰਗਟਾਵਾ ਕੀਤਾ ਗਿਆ ਹੈ |
'ਕਿਰਤੀ-ਕਮਿਊਨਿਸਟ ਏਕਤਾ ਦਾ ਦੌਰ' ਨਾਂ ਦੇ ਅਧਿਆਏ ਵਿੱਚ ਲੇਖਕ ਨੇ ਦੂਸਰੀ ਸੰਸਾਰ ਜੰਗ ਦੌਰਾਨ ਜਰਮਨੀ ਵੱਲੋਂ ਸੋਵੀਅਤ ਸੰਘ ਉਤੇ ਹਮਲਾ ਕਰਨ ਪਿੱਛੋਂ ਖੱਬੇ ਪੱਖੀਆਂ ਵੱਲੋਂ 'ਸਾਮਰਾਜੀ ਜੰਗ' ਨੂੰ 'ਲੋਕ ਯੁੱਧ' ਦਾ ਨਾਂ ਦੇਣ ਦੇ ਨਤੀਜੇ ਵਜੋਂ ਇਨ੍ਹਾਂ ਦੀ ਨੀਤੀ ਵਿੱਚ ਆਏ ਪਰਿਵਰਤਨ ਅਤੇ ਇਸ ਦਾ ਲਾਭ ਉਠਾ ਕੇ ਕਾਂਗਰਸ ਵੱਲੋਂ 'ਭਾਰਤ ਛੱਡੋ' ਅੰਦੋਲਨ ਸ਼ੁਰੂ ਕਰਨ ਦੀ ਵਿਸ਼ੇਸ਼ ਚਰਚਾ ਕੀਤੀ ਹੈ | ਲੇਖਕ ਨੇ ਵੱਖ ਵੱਖ ਹਵਾਲਿਆਂ ਨਾਲ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਖੱਬੇ ਪੱਖੀ ਬਸਤੀਵਾਦੀ ਸਰਕਾਰ ਵਿਰੁੱਧ ਤਿੱਖਾ ਹਮਲਾ ਬੋਲਦੇ ਸਨ ਤਾਂ ਕਾਂਗਰਸ ਦੜ ਵੱਟ ਜਾਂਦੀ ਸੀ ਅਤੇ ਜਦੋਂ ਖੱਬੇ ਪੱਖੀਆਂ ਦੀ ਸਰਕਾਰ ਵਿਰੁੱਧ ਸਰਗਰਮੀ ਘਟਦੀ ਸੀ ਤਾਂ ਕਾਂਗਰਸ ਆਪਣਾ ਸੰਘਰਸ਼ ਤੇਜ਼ ਕਰ ਦਿੰਦੀ ਸੀ | ਜਿਵੇਂ ਉਸ ਨੇ ਮੇਰਠ ਸਾਜ਼ਿਸ਼ ਕੇਸ, ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਅਤੇ ਦੂਸਰੀ ਸੰਸਾਰ ਜੰਗ ਦੇ ਮੁੱਢਲੇ ਸਮੇਂ ਦਾ ਵਿਸ਼ੇਸ਼ ਹਵਾਲੇ ਦਿੱਤੇ | ਇਸੇ ਹੀ ਅਧਿਆਏ ਵਿੱਚ ਉਸ ਨੇ ਕਿਰਤੀਆਂ ਅਤੇ ਕਮਿਊਨਿਸਟਾਂ ਵਿੱਚ ਏਕੇ ਦੇ ਬਾਵਜੂਦ ਅੰਦਰੂਨੀ ਖਿੱਚੋਤਾਣ ਜਾਰੀ ਰਹਿਣ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ | ਤੀਜੀ ਕਮਿਊਨਿਸਟ ਇੰਟਰਨੈਸ਼ਨਲ ਦੇ ਭੰਗ ਹੋਣ ਅਤੇ ਮਾਓ ਜੇ ਤੁੰਗ ਵੱਲੋਂ ਭਾਰਤੀ ਖੱਬੇ ਪੱਖੀਆਂ ਨੂੰ ਆਪਣੀਆਂ ਹਾਲਤਾਂ ਦੇ ਮੁਤਾਬਿਕ ਸੰਸਾਰ ਜੰਗ ਦੇ ਸਬੰਧ ਵਿੱਚ ਫੈਸਲਾ ਲੈਣ ਦਾ ਪੱਤਰ ਭੇਜਣ ਦਾ ਜ਼ਿਕਰ ਕਰਦੇ ਹੋਏ ਲੇਖਕ ਅਨੁਸਾਰ ਇਹ ਸੁਨਹਿਰੀ ਮੌਕਾ ਸੀ ਜਦੋਂ ਖੱਬੇ ਪੱਖੀ 'ਲੋਕ ਯੁੱਧ' ਦੀ ਨੀਤੀ ਨੂੰ ਤਿਆਗ ਕੇ ਬਸਤੀਵਾਦੀ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਛੇੜ ਦਿੰਦੇ, ਕਿਉਂਕਿ ਇਸ ਨੀਤੀ ਨੇ ਖੱਬੇ ਪੱਖੀਆਂ ਨੂੰ ਹਾਸ਼ੀਏ ਤੇ ਭੇਜ ਦਿੱਤਾ ਸੀ | ਇਸ ਦੌਰਾਨ ਜਰਮਨੀ ਪਹੁੰਚਣ ਤੋਂ ਬਾਅਦ ਸੁਭਾਸ਼ ਚੰਦਰ ਬੋਸ ਬਾਰੇ ਖੱਬੇ ਪੱਖੀਆਂ ਵੱਲੋਂ ਅਪਣਾਈ ਨੀਤੀ 'ਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ |
'ਬਸਤੀਵਾਦ ਤੋਂ ਛੁਟਕਾਰੇ ਦੇ ਆਖ਼ਰੀ ਵਰ੍ਹੇ' ਨਾਂ ਦੇ ਅਧਿਆਏ ਵਿੱਚ ਲੇਖਕ ਨੇ ਹਿੰਦੁਸਤਾਨ ਦੀ ਬਣਤਰ ਦਾ ਸਵਾਲ ਅਤੇ ਕੌਮੀਅਤ ਦਾ ਸਵਾਲ ਬਾਰੇ ਵਿਸ਼ੇਸ਼ ਉਲੇਖ ਕੀਤਾ ਗਿਆ ਹੈ | ਸੀ.ਪੀ.ਆਈ. ਆਗੂ ਡਾ. ਗੰਗਾਧਰ ਅਧਿਕਾਰੀ ਦੇ ਥੀਸਿਸ ਦੇ ਤਿੰਨ ਪ੍ਰਮੁੱਖ ਭਾਗਾਂ ਵਿੱਚ ਇੱਕ 'ਰਾਜ ਬਣਤਰ ਅਸੈਂਬਲੀਆਂ', ਦੂਜਾ ਬਾਲਗ ਵੋਟ ਰਾਹੀਂ ਚੁਣੀਆਂ ਗਈਆਂ ਅਸੈਂਬਲੀਆਂ ਵੱਲੋਂ ਜਮਹੂਰੀਅਤ ਦੇ ਆਧਾਰ 'ਤੇ ਫ਼ੈਸਲਾ ਲੈਣ ਅਤੇ ਆਖ਼ਰ ਵਿੱਚ ਧਰਮ ਦੇ ਆਧਾਰ 'ਤੇ ਕੌਮੀਅਤ ਨੂੰ ਪ੍ਰਵਾਨ ਕਰਨਾ, ਜਿਹੜੇ ਖੱਬੇ ਪੱਖੀਆਂ ਲਈ ਸਭ ਤੋਂ ਵਿਵਾਦਪੂਰਨ ਮੁੱਦਾ ਰਿਹਾ | ਕੌਮੀਅਤ ਦੇ ਮਾਮਲੇ ਵਿੱਚ ਧਰਮ ਦੇ ਕਾਰਕ ਨੂੰ ਭਾਵੇਂ ਕਮਿਊਨਿਸਟ ਪਾਰਟੀ ਨੇ ਕੁੱਝ ਕੁ ਮਹੀਨਿਆਂ ਵਿੱਚ ਹੀ ਰੱਦ ਕਰ ਦਿੱਤਾ ਸੀ ਪਰ ਹਿੰਦੁਸਤਾਨ ਦੀ ਬਣਤਰ ਦੇ ਸਵਾਲ ਵਿੱਚ ਅਧਿਕਾਰੀ ਵੱਲੋਂ ਜਮਹੂਰੀ ਰਾਹ ਅਪਣਾਏ ਜਾਣ ਦੇ ਸਬੰਧ ਵਿੱਚ ਲੇਖਕ ਨੇ ਆਪਣੀ ਜ਼ੋਰਦਾਰ ਰਾਇ ਦਿੱਤੀ ਹੈ | ਪੁਸਤਕ ਦੇ ਪੰਨਾ 576 'ਤੇ ਲੇਖਕ ਨੇ ਤਰਕ ਦਿੱਤਾ ਹੈ, ''ਸਿਧਾਂਤਿਕ ਅਤੇ ਅਮਲੀ ਤੌਰ 'ਤੇ ਇਹ ਉਸ ਸਮੇਂ ਦੀ ਬਣਦੀ ਜਮਹੂਰੀ ਲਾਈਨ ਸੀ ਪਰ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਮੁਸਲਿਮ ਲੀਗ ਨੇ ਆਪਣੀ ਸੱਤਾ ਦੀ ਲਾਲਸਾ ਵਿੱਚ ਲੋਕ ਜਮਹੂਰੀਅਤ ਵੱਲ ਕੋਈ ਧਿਆਨ ਨਹੀਂ ਦਿੱਤਾ ਸਗੋਂ ਕਾਂਗਰਸ ਲੀਡਰਸ਼ਿਪ ਨੇ ਲੋਕ ਜਮਹੂਰੀਅਤ ਨੂੰ ਦਰਕਿਨਾਰ ਕਰਕੇ ਮੁਸਲਿਮ ਲੀਗ ਦੀ ਧਰਮ ਦੇ ਆਧਾਰ 'ਤੇ ਪਾਕਿਸਤਾਨ ਦੀ ਮੰਗ ਨੂੰ ਪ੍ਰਵਾਨ ਕਰ ਲਿਆ | ਜਿਸ ਨਾਲ ਸਭ ਤੋਂ ਵੱਡਾ ਨੁਕਸਾਨ ਸਿੰਧੀ, ਬਲੋਚੀ, ਕਸ਼ਮੀਰੀ ਅਤੇ ਪੰਜਾਬੀ ਕੌਮਾਂ ਨੂੰ ਹੋਇਆ | ਕਾਂਗਰਸ ਇਨ੍ਹਾਂ ਕੌਮਾਂ ਨੂੰ ਨਵੇਂ ਮੂਲਵਾਦੀ ਦੇਸ਼ ਦੇ ਹੱਥਾਂ ਵਿੱਚ ਸੌਂਪਣ ਤੋਂ ਹਿਚਕਚਾਹਟ ਕਰਦੀ ਤਾਂ ਬਲੋਚਸਤਾਨ, ਕਸ਼ਮੀਰ, ਸਿੰਧ ਅਤੇ ਸਰਹੱਦੀ ਸੂਬੇ ਦੇ ਲੋਕਾਂ ਦੀ ਇਹ ਸਥਿਤੀ ਨਹੀਂ ਸੀ ਹੋਣੀ ਜੋ ਇਸ ਸਮੇਂ ਹੋਈ ਪਈ ਹੈ | ਇਨ੍ਹਾਂ ਕੌਮਾਂ ਦੇ ਇੱਕ ਮੂਲਵਾਦੀ ਦੇਸ਼ ਹੇਠ ਚਲੇ ਜਾਣ ਨਾਲ ਨਾ ਸਿਰਫ਼ ਇਨ੍ਹਾਂ ਦਾ ਘਾਣ ਹੋਇਆ ਸਗੋਂ ਇਨ੍ਹਾਂ ਕੌਮਾਂ ਦੇ ਵਿਕਾਸ ਦੇ ਨਾਲ-ਨਾਲ ਸਮੁੱਚੇ ਦੱਖਣ ਏਸ਼ੀਆਂ ਦੇ ਵਿਕਾਸ ਨੂੰ ਵੀ ਢਾਹ ਲੱਗੀ ਹੈ |U ਇਸ ਦੇ ਨਾਲ ਹੀ ਉਸ ਨੇ ਬਸਤੀਵਾਦੀ ਛੁਟਕਾਰੇ ਤੋਂ ਐਨ ਪਹਿਲਾਂ ਦੀਆਂ ਚੋਣਾਂ, ਫ਼ਿਰਕਾਪ੍ਰਸਤੀ ਦੀ ਚੜ੍ਹ੍ਹਤ, ਸੀ.ਪੀ.ਆਈ. 'ਚ ਅੰਤਰ ਪਾਰਟੀ ਘੋਲ, ਆਜ਼ਾਦੀ ਤੋਂ ਪਹਿਲਾਂ ਹੀ ਕਿਰਤੀ ਧੜੇ ਵੱਲੋਂ ਪਾਕਿਸਤਾਨ ਕਮਿਊਨਿਸਟ ਪਾਰਟੀ ਦਾ ਗਠਨ ਕਰਨ ਅਤੇ ਪੰਜਾਬ ਦੀ ਵੰਡ ਵੇਲੇ ਫ਼ਿਰਕੂ ਹਨੇਰੀ 'ਚ ਖੱਬੇ ਪੱਖੀਆਂ ਦੀ ਭੂਮਿਕਾ ਦਾ ਜ਼ਿਕਰ ਕੀਤਾ ਹੈ | ਪੁਸਤਕ ਦੇ ਅੰਤ ਵਿੱਚ ਲੇਖਕ ਨੇ ਇਸ ਲਹਿਰ ਵਿੱਚ ਹਿੱਸਾ ਪਾਉਣ ਵਾਲਿਆਂ ਦੇ ਜੀਵਨਮੂਲਕ ਹਵਾਲੇ ਦਿੱਤੇ ਹਨ |
ਪੰਜਾਬ ਦੀ ਕਮਿਊਨਿਸਟ ਲਹਿਰ 'ਤੇ ਕੇਂਦਰਿਤ ਇਹ ਵੱਡਅਕਾਰੀ ਪੁਸਤਕ, ਜਿਸ ਵਿੱਚ ਡਾ. ਸਰਬਜੀਤ ਕੰਗਣੀਵਾਲ ਨੇ ਪੰਜਾਬ ਦੀ ਕਮਿਊਨਿਸਟ ਲਹਿਰ ਦੀ ਸਥਾਪਨਾ ਤੋਂ ਦੇਸ਼ ਦੀ ਵੰਡ ਤੱਕ ਦੀ ਕਾਰਗੁਜ਼ਾਰੀ ਦਾ ਤਨਦੇਹੀ ਨਾਲ ਮੁਤਾਲਿਆ ਕੀਤਾ ਹੈ | ਉਮੀਦ ਹੈ ਕਿ ਅਜੋਕੀ ਖੱਬੇ ਲਹਿਰ ਦੇ ਕਾਰਕੁੰਨਾਂ ਤੇ ਹਮਦਰਦੀ ਰੱਖਣ ਵਾਲਿਆਂ ਲਈ ਇਹ ਪੁਸਤਕ ਲਾਹੇਬੰਦ ਹੋ ਸਕਦੀ ਹੈ |
-ਚਰੰਜੀ ਲਾਲ ਕੰਗਣੀਵਾਲ
97806 02066
No comments:
Post a Comment