Friday, February 28, 2025

ਪਾਗਲ ਹਾਥੀ ਅਤੇ ਭੂਸਰੇ ਝੋਟੇ ਵਾਂਗ ਚਾਂਭਲੇ ਟਰੰਪ ਸਾਹਮਣੇ ਸਾਡਾ PM ਭਿੱਜੀ ਬਿੱਲੀ?

27th February 2025 at 12:03 PM WhatsApp 

ਕੌਮੀ ਅਤੇ ਕੌਮਾਂਤਰੀ ਸਿਆਸਤ ਬਾਰੇ ਕਾਮਰੇਡ ਲਹਿੰਬਰ ਸਿੰਘ ਤੱਗੜ ਦੀ ਵਿਸ਼ੇਸ਼ ਲਿਖਤ 

ਅਮਰੀਕਾ ਦੇ ਖਰ ਦਿਮਾਗ, ਹੰਕਾਰੇ ਹੋਏ ਅਤੇ ਦੂਸਰੀ ਵਾਰ 47ਵੇਂ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਅਸਲ ਵਿੱਚ ਦੁਨੀਆਂ ਦੇ ਸਭ ਤੋਂ ਵੱਧ ਅਮੀਰ ਕਰੋਨੀ ਕਾਰਪੋਰੇਟੀ ਯਾਰਜੁੰਡੀ ਪੂੰਜੀਪਤੀਆਂ ਐਲਨ ਮਸਕ, ਸੁੰਦਰ ਪਿਚਾਈ, ਟਿਮ ਕੁੱਕ, ਮਾਰਕ ਜ਼ੁਕਰਬਰਗ, ਜੈਫ ਬਿਜ਼ੋਸ, ਮੁਕੇਸ਼ ਅੰਬਾਨੀ ਅਤੇ ਅਜਿਹੇ ਹੋਰਨਾਂ ਦੇ ਢਹੇ ਚੜ੍ਹੇ ਹੋਏ ਹਨ | ਇਹ ਯਾਰਜੁੰਡੀ ਕਾਰਪੋਰੇਟੀ ਘਰਾਣੇ ਸਾਰੀ ਮਨੁੱਖਤਾ ਨੂੰ  ਆਪਣੇ ਸ਼ਿਕੰਜੇ ਵਿੱਚ ਲੈਣ ਲਈ ਡੋਨਾਲਡ ਟਰੰਪ ਨੂੰ  ਆਪਣੇ ਹਥਿਆਰ ਵਜੋਂ ਵਰਤਣਾ ਚਾਹੁੰਦੇ ਹਨ ਅਤੇ ਡੋਨਾਲਡ ਟਰੰਪ ਇਨ੍ਹਾਂ ਅਮੀਰਾਂ ਦੀ ਸਹਾਇਤਾ ਨਾਲ ਅਮਰੀਕਾ ਦਾ ਤੀਸਰੀ ਵਾਰ ਅਤੇ ਜੇ ਹੋ ਸਕੇ ਤਾਂ ਚੌਥੀ ਵਾਰ ਵੀ ਰਾਸ਼ਟਰਪਤੀ ਬਣਨ ਦੇ ਉਦੇਸ਼ ਉੱਪਰ ਚਲ ਰਿਹਾ ਹੈ। ਜੇ ਆਪ ਨਾ ਬਣ ਸਕੇ ਤਾਂ ਉਹ ਆਪਣੇ ਪੁੱਤਰ ਟਰੰਪ ਜੂਨੀਅਰ ਨੂੰ  ਇਸ ਵਾਸਤੇ ਸਥਾਪਤ ਕਰਨਾ ਚਾਹੁੰਦਾ ਹੈ।

ਕਾਮਰੇਡ ਲਹਿੰਬਰ ਸਿੰਘ ਤੱਗੜ 

ਉਪਰੋਕਤ ਦੋਵੇਂ ਧਿਰਾਂ ਆਪੋ ਆਪਣੇ ਉਦੇਸ਼ਾਂ ਨੂੰ  ਪ੍ਰਾਪਤ ਕਰਨ ਲਈ ਸੰਸਾਰ ਭਰ ਵਿੱਚ ਗੜਬੜ ਅਤੇ ਅਸਥਿਰਤਾ ਪੈਦਾ ਕਰਨ ਦੇ ਰਾਹ 'ਤੇ ਚੱਲ ਰਹੇ ਹਨ। ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਅੱਠ ਸਾਲਾਂ ਤੋਂ, ਜਦੋਂ ਟਰੰਪ ਪਹਿਲੀ ਵਾਰ ਰਾਸ਼ਟਰਪਤੀ ਬਣਿਆ ਸੀ, ਟਰੰਪ ਦੀ ਚਾਪਲੂਸੀ ਅਤੇ ਚਮਚਾਗਿਰੀ ਕਰਦਾ ਆ ਰਿਹਾ ਹੈ। ਕਦੇ ਕਹਿੰਦਾ ਹੈ ਕਿ ਟਰੰਪ ਮੇਰਾ ਪੱਕਾ ਦੋਸਤ ਹੈ, ਕਦੇ ਉਸ ਨੂੰ  ਨਿਜੀ ਦੋਸਤ ਦੱਸਦਾ ਹੈ (ਜਿਵੇਂ ਕਿ ਛੋਟਾ ਹੁੰਦਾ ਟਰੰਪ ਨਾਲ ਖੇਡਦਾ ਰਿਹਾ ਹੋਵੇ ਜਾਂ ਪੜ੍ਹਦਾ ਰਿਹਾ ਹੋਵੇ), ਕਦੇ ''ਨਮਸਤੇ ਟਰੰਪ'' ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਕਦੇ ਅਮਰੀਕਾ ਵਿੱਚ ਜਾ ਕੇ ਮੋਦੀ ਵੱਲੋਂ ਚੀਕ ਚੀਕ ਕੇ ਆਖਿਆ ਜਾਂਦਾ ਹੈ, ''ਅੱਬ ਕੀ ਬਾਰ ਟਰੰਪ ਸਰਕਾਰ'' 

ਅੱਠ ਸਾਲ ਦੀ ''ਦੋਸਤੀ'' (ਅਸਲ ਵਿੱਚ ਚਾਪਲੂਸੀ) ਦਾ ਟਰੰਪ ਨੇ ਮੋਦੀ ਨੂੰ  ਇਹ ਸਿਲਾ ਦਿੱਤਾ ਹੈ ਕਿ ਉਸਨੇ ਮੋਦੀ ਨੂੰ  ਆਪਣੇ ਸਹੁੰ ਚੁੱਕ ਸਮਾਗਮ ਲਈ ਵੀ ਸੱਦਾ ਨਹੀਂ ਦਿੱਤਾ। | ਟਰੰਪ ਨੇ ਮੋਦੀ ਨੂੰ  ਉਸਦੀ ਔਕਾਤ ਵਿਖਾਉਣ ਲਈ ਭਾਰਤ ਦੇ ਸਭ ਤੋਂ ਵੱਡੇ ਕਾਰਪੋਰੇਟੀ ਪੂੰਜੀਪਤੀ ਮੁਕੇਸ਼ ਅੰਬਾਨੀ ਅਤੇ ਉਸਦੀ ਪਤਨੀ ਨੀਤਾ ਅੰਬਾਨੀ ਨੂੰ  ਨਾ ਕੇਵਲ ਆਪਣੇ ਸਹੁੰ ਚੁੱਕ ਸਮਾਗਮ ਲਈ ਸੱਦਾ ਹੀ ਦਿੱਤਾ ਬਲਕਿ ਉਨ੍ਹਾਂ ਨਾਲ ਨਿੱਜੀ ਮੁਲਾਕਤ ਵੀ ਕੀਤੀ ਅਤੇ ਉਨ੍ਹਾਂ ਨੂੰ  ਕੈਂਡਲ ਲਾਈਟ ਡੀਨਰ ਦਿੱਤਾ |  ਟਰੰਪ ਅਸਲ ਵਿੱਚ ਮੁਕੇਸ਼ ਅੰਬਾਨੀ ਦੇ ਨਾਲ ਭਾਰਤ ਦੇ ਦੂਸਰੇ ਵੱਡੇ ਕਾਰਪੋਰੇਟੀ ਗੌਤਮ ਅਡਾਨੀ ਨੂੰ  ਵੀ ਇਸ ਮੌਕੇ ਸੱਦਾ ਦੇ ਕੇ ਮੋਦੀ ਨੂੰ  ਇਹ ਅਹਿਸਾਸ ਕਰਵਾਉਣਾ ਚਾਹੁੰਦਾ ਸੀ ਕਿ ਜਦੋਂ ਅੰਬਾਨੀ ਤੇ ਅਡਾਨੀ ਮੇਰੇ ਨਾਲ ਹਨ ਤਾਂ ਫਿਰ ਤੁਹਾਡੀ ਕੋਈ ਅਹਿਮੀਅਤ ਨਹੀਂ ਹੈ | ਪਰ ਇਸ ਸਮਾਗਮ ਤੋਂ ਪਹਿਲਾਂ ਹੀ ਜਦੋਂ ਨਵੰਬਰ 2024 ਵਿੱਚ ਅਮਰੀਕਾ ਵਿੱਚ, ਇੱਕ ਵੱਡੇ ਵਿੱਤੀ ਘਪਲੇ ਕਾਰਨ ਗੌਤਮ ਅਡਾਨੀ ਦੇ ਗਿ੍ਫਤਾਰੀ ਵਾਰੰਟ ਜਾਰੀ ਹੋ ਗਏ ਤਾਂ ਟਰੰਪ ਨੂੰ , ਉਸ ਨੂੰ  ਸੱਦਾ ਪੱਤਰ ਦੇਣ ਦਾ ਖਿਆਲ ਛੱਡਣਾ ਪਿਆ | 

ਇਥੇ ਇਹ ਨੋਟ ਕਰਨਾ ਵੀ ਮਹੱਤਵਪੂਰਨ ਰਹੇਗਾ ਕਿ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ, ਕਮਿਊਨਿਸਟ ਚੀਨ ਦੇ ਸੁਪਰੀਮ ਆਗੂ ਕਾਮਰੇਡ ਸ਼ੀ ਜ਼ਿੰਨ ਪਿੰਗ ਅਤੇ ਹੋਰ ਕਈ ਦੇਸ਼ਾਂ ਦੇ ਮੁਖੀਆਂ ਨੂੰ  ਆਪ ਟੈਲੀਫੋਨ ਕਰਕੇ ਆਪਣੇ ਸਮਾਗਮ ਲਈ ਸੱਦਿਆ | ਇਨ੍ਹਾਂ ਵਿੱਚੋਂ ਬਹੁਤ ਸਾਰੇ ਪਹੁੰਚੇ ਵੀ ਪਰ ਸ਼ੀ ਜ਼ਿਨ ਪਿੰਗ ਅਤੇ ਪੁਤਿਨ ਸਹੁੰ ਚੁੱਕ ਸਮਾਗਮ 'ਚ ਨਹੀਂ ਆਏ |

ਡੋਨਾਡਲ ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਇਹੋ ਜਿਹੇ ਜੰਗਜੂ, ਭੜਕਾਊ, ਤਬਾਹਕੁੰਨ ਅਤੇ ਬੇਹੂਦਾ ਐਲਾਨ ਕੀਤੇ ਅਤੇ ਬਿਆਨ ਦਿੱਤੇ ਹਨ ਜਿਨ੍ਹਾਂ ਨਾਲ ਸੰਸਾਰ ਭਰ ਵਿੱਚ ਤਰਥੱਲੀ ਜਿਹੀ ਮੱਚ ਗਈ ਹੈ ਅਤੇ ਅਸੱਥਿਰਤਾ ਵਰਗਾ ਮਾਹੌਲ ਪੈਦਾ ਹੋ ਗਿਆ ਹੈ | ਇਨ੍ਹਾਂ ਸਾਰਿਆਂ ਨੂੰ  ਇਸ ਆਰਟੀਕਲ ਵਿੱਚ ਨੋਟ ਕਰਨਾ ਸੰਭਵ ਵੀ ਨਹੀਂ ਅਤੇ ਬਹੁਤੀ ਲੋੜ ਵੀ ਨਹੀਂ | ਅਸੀਂ ਉਨ੍ਹਾਂ ਵਿੱਚੋਂ ਕੁੱਝ ਇੱਕ ਨੂੰ  ਨੋਟ ਕਰ ਰਹੇ ਹਾਂ | ਅਖੇ ਕੈਨੇਡਾ ਨੂੰ  ਅਮਰੀਕਾ ਦਾ 51ਵਾਂ ਪ੍ਰਾਂਤ ਬਣਾ ਲਿਆ ਜਾਏਗਾ | ਗਰੀਨਲੈਂਡ ਨੂੰ  ਖਰੀਦ ਲਿਆ ਜਾਏਗਾ ਅਤੇ ਲੋੜ ਪਈ ਤਾਂ ਫੌਜੀ ਕਾਰਵਾਈ ਰਾਹੀਂ ਕਬਜ਼ਾ ਕਰ ਲਿਆ ਜਾਵੇਗਾ | ਪਾਨਾਮਾ ਨਹਿਰ 'ਤੇ ਵੀ ਅਮਰੀਕਾ ਕਬਜ਼ਾ ਕਰ ਲਵੇਗਾ ਅਤੇ ਲੋੜ ਪੈਣ 'ਤੇ ਫੌਜੀ ਐਕਸ਼ਨ ਵੀ ਕੀਤਾ ਜਾ ਸਕਦਾ ਹੈ | ''ਮੈਕਸੀਕੋ ਦੀ ਖਾੜੀ'' ਦਾ ਨਾਂ ''ਅਮਰੀਕਾ ਦੀ ਖਾੜੀ'' ਰੱਖ ਦਿੱਤਾ ਜਾਵੇਗਾ | ਗਾਜ਼ਾ ਪੱਟੀ 'ਤੇ ਅਮਰੀਕਾ ਕਬਜ਼ਾ ਕਰ ਲਵੇਗਾ | ਟਰੰਪ ਰੂਸ ਅਤੇ ਯੂਕਰੇਨ ਨੂੰ  ਜੰਗ ਬੰਦ ਕਰਨ ਦੇ ਇਸ ਤਰ੍ਹਾਂ ਆਦੇਸ਼ ਦੇ ਰਿਹਾ ਹੈ ਜਿਵੇਂ ਕਿ ਉਹ ਸੱਚ ਮੁੱਚ ਸਾਰੇ ਸੰਸਾਰ ਦਾ ਥਾਣੇਦਾਰ ਹੋਵੇ | ਬਰਿਕਸ ਦੇਸ਼ਾਂ (ਜਿਨ੍ਹਾਂ ਵਿੱਚ ਚੀਨ, ਰੂਸ, ਭਾਰਤ, ਬਰਾਜ਼ੀਲ, ਦੱਖਣੀ ਅਫਰੀਕਾ ਵਰਗੇ ਸੰਸਾਰ ਦੇ ਵੱਡੇ ਦੇਸ਼ ਸ਼ਾਮਲ ਹਨ) ਨੂੰ  ਧਮਕੀਆਂ ਦੇ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਅਮਰੀਕਨ ਪੌਂਡ ਦੀ ਥਾਂ ਕਿਸੇ ਹੋਰ ਮੁਦਰਾ ਵਿੱਚ ਵਪਾਰ ਦਾ ਅਦਾਨ ਪ੍ਰਦਾਨ ਕੀਤਾ ਤਾਂ ਉਨ੍ਹਾਂ 'ਤੇ 100 ਫੀਸਦੀ ਟੈਰਿਫ (ਟੈਕਸ) ਲਾਇਆ ਜਾਏਗਾ | ਟਰੰਪ ਨੇ ਕਮਿਊਨਿਸਟ ਦੇਸ਼ ਕਿਊਬਾ ਨੂੰ  ਮੁੜ ਬਲੈਕ ਲਿਸਟ ਵਿੱਚ ਪਾ ਦਿੱਤਾ ਹੈ | ਟਰੰਪ ਦੀਆਂ, ਸੰਸਾਰ ਭਰ ਦੇ ਦੇਸ਼ਾਂ ਨੂੰ  ਇਸ ਪ੍ਰਕਾਰ ਦੀਆਂ ਧਮਕੀਆਂ ਦੀ ਲਿਸਟ ਬਹੁਤ ਲੰਬੀ ਹੈ ਅਤੇ ਇਸ ਲਿਸਟ ਵਿੱਚ ਹਰ ਆਏ ਦਿਨ ਵਾਧਾ ਹੋ ਰਿਹਾ ਹੈ |

ਪਰ ਇਹ ਬਹੁਤ ਵੱਡੀ ਤਸੱਲੀ ਦੀ ਗੱਲ ਹੈ ਕਿ ਸੰਸਾਰ ਦੇ ਸਾਰੇ ਦੇਸ਼ਾਂ ਨੇ ਟਰੰਪ ਦੀਆਂ ਧਮਕੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ | ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵੱਖ ਵੱਖ ਪ੍ਰਾਂਤਾਂ ਦੇ (ਮੁੱਖ ਮੰਤਰੀਆਂ) ਪ੍ਰੀਮੀਅਰਜ਼ ਨੇ ਇੱਕ ਆਵਾਜ਼ ਹੋ ਕੇ ਟਰੰਪ ਦੇ ਕਦਮਾਂ ਦਾ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਇਰਾਦਾ ਪ੍ਰਗਟਾਇਆ ਹੈ | ਪਨਾਮਾ ਨੇ ਕਿਹਾ ਹੈ ''ਪਨਾਮਾ ਨਹਿਰ'' ਪਨਾਮਾ ਦੀ ਕੇਵਲ ਮਾਲਕੀ ਹੀ ਨਹੀਂ ਬਲਕਿ ਸਾਡੀ ਪਹਿਚਾਣ ਅਤੇ ਸਾਡਾ ਗੌਰਵ ਹੈ | ਮੈਕਸੀਕੋ ਦੀ ਰਾਸ਼ਟਰਪਤੀ ਮੈਡਮ ਕਲੌਡੀਆ ਸ਼ੀਆਨਬੌਮ ਪਾਰਡੋ ਨੇ ਵਿਅੰਗ ਨਾਲ ਕਿਹਾ ਹੈ ਕਿ ਜੇਕਰ ''ਮੈਕਸੀਕੋ ਦੀ ਖਾੜੀ'' ਦਾ ਨਾਂ ''ਅਮਰੀਕਾ ਦੀ ਖਾੜੀ'' ਰੱਖਿਆ ਜਾਂਦਾ ਹੈ ਤਾਂ ਅਸੀਂ ਅਮਰੀਕਾ ਦਾ ਨਾਂ ''ਮੈਕਸੀਕਨ ਅਮਰੀਕਾ'' ਰੱਖ ਦਿਆਂਗੇ | ਗਰੀਨਲੈਂਡ, ਜਿਸ ਦੀ ਆਬਾਦੀ ਸਿਰਫ 55 ਕੁ ਹਜ਼ਾਰ ਹੈ ਨੇ ਠੋਕ ਕੇ ਕਿਹਾ ਕਿ ''ਗਰੀਨਲੈਂਡ ਵਿਕਾਊ ਨਹੀਂ ਹੈ'' | ਗਰੀਨਲੈਂਡ ਹਰ ਹਾਲਤ 'ਚ ਯੂਰਪੀਅਨ ਯੂਨੀਅਨ ਦਾ ਅਟੁੱਟ ਅੰਗ ਬਣਿਆ ਰਹਿਣਾ ਚਾਹੁੰਦਾ ਹੈ | ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਡਮ ਮੈਟੇ ਫਰੈਡਰਿਕਸਨ ਨੇ ਯੂਰਪੀਨ ਯੂਨੀਅਨ ਦੇ ਦੇਸ਼ਾਂ ਨੂੰ  ਅਮਰੀਕਾ ਦੇ ਸਾਮਰਾਜੀ ਪ੍ਰਸਾਰ ਵਿਰੁੱਧ ਇੱਕਮੁੱਠ ਹੋਣ ਦਾ ਸੱਦਾ ਦਿੱਤਾ ਹੈ | ਯੂਰਪੀਨ ਯੂਨੀਅਨ ਦੇ ਕੁਲ 27 ਦੇਸ਼ਾਂ ਨੇ ਠੋਕਵਾਂ ਐਲਾਨ ਕੀਤਾ ਹੈ ਕਿ ਗਰੀਨਲੈਂਡ ਯੂਰਪ ਦਾ ਹੀ ਅਨਿਖੜਵਾਂ ਹਿੱਸਾ ਰਹੇਗਾ |  2 ਫਰਵਰੀ 2025 ਵਾਲੇ ਦਿਨ ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੀਆਂ ਦਰਾਮਦੀ ਵਸਤੂਆਂ 'ਤੇ 25 ਫੀਸਦੀ ਅਤੇ ਚੀਨ ਤੋਂ ਆਉਣ ਵਾਲੀਆਂ 'ਤੇ 10ਫੀ ਸਦੀ ਟੈਰਿਫ ਲਗਾਉਣ ਦਾ ਹੁਕਮ ਚਾੜ੍ਹ ਦਿੱਤਾ | ਇਨ੍ਹਾਂ ਤਿੰਨਾਂ ਦੇਸ਼ਾਂ ਨੇ ਵੀ ਤੁਰੰਤ ''ਜੈਸੇ ਕੋ ਤੈਸਾ'' ਜਵਾਬ ਦਿੰਦੇ ਹੋਏ ਅਮਰੀਕਾ ਤੋਂ ਆਉਣ ਵਾਲੀਆਂ ਵਸਤੂਆਂ ਤੇ ਬਰਾਬਰ ਦਾ ਟੈਰਿਫ ਲਾ ਦਿੱਤਾ  | ਫਿਰ ਟਰੰਪ ਨੂੰ  ਮਜ਼ਬੂਰਨ ਆਪਣੇ ਫੈਸਲੇ ਨੂੰ  ਮੁਲਤਵੀ ਕਰਨ ਦਾ ਐਲਾਨ ਕਰਨਾ ਪਿਆ ਹੈ |

ਇੱਥੇ ਹੀ ਬੱਸ ਨਹੀਂ, ਟਰੰਪ ਨਿੱਤ ਨਵੇਂ ਤੋਂ ਨਵੇਂ ਫੈਸਲੇ ਕਰ ਰਿਹਾ ਹੈ, ਜਿਨ੍ਹਾਂ ਤੋਂ ਸਪਸ਼ਟ ਹੋ ਰਿਹਾ ਹੈ ਕਿ ਉਹ ਪੂਰੀ ਤਰ੍ਹਾਂ ਅਜਿਹੀਆਂ ਗੈਰ ਜ਼ਿੰਮੇਵਾਰ, ਲਾਪ੍ਰਵਾਹ ਅਤੇ ਤਬਾਹਕੁੰਨ ਨੀਤੀਆਂ 'ਤੇ ਚਲ ਰਿਹਾ ਹੈ ਜੋ ਸਾਰੇ ਸੰਸਾਰ ਨੂੰ  ਸੰਕਟ ਅਤੇ ਬਿਪਤਾ ਵਿੱਚ ਪਾਉਣ ਵਾਲੀਆਂ ਹਨ | ਉਸਨੇ ਅਮਰੀਕਾ ਨੂੰ  ਸੰਸਾਰ ਸਿਹਤ ਸੰਸਥਾ ਚੋਂ ਬਾਹਰ ਕੱਢ ਲਿਆ ਹੈ | ਸੰਸਾਰ ਦੀ ਜਮਹੂਰੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਸੰਸਥਾ ਅਤੇ ਧਰਤੀ ਦਾ ਜਲਵਾਯੂ ਠੀਕ ਰੱਖਣ ਵਾਲੇ ਪੈਰਿਸ ਸਮਝੌਤੇ ਤੋਂ ਵੀ ਅਮਰੀਕਾ ਨੂੰ  ਬਾਹਰ ਕਰ ਲਿਆ ਹੈ | ਅੰਤਰਰਾਸ਼ਟਰੀ ਨਿਆਂ ਅਦਾਲਤ (93•) ਜਿਸ ਦਾ ਹੈਡ ਕੁਆਰਟਰ ਹੇਗ (ਨੀਦਰਲੈਂਡ) ਵਿੱਚ ਹੈ, ਨੂੰ  ਵੀ ਟਰੰਪ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇਸ ਦੀਆਂ ਕਾਰਵਾਈਆਂ ਉੱਪਰ ਪਾਬੰਦੀ ਲਾ ਦਿੱਤੀ ਹੈ  | ਅਜਿਹੇ ਹੋਰ ਅਨੇਕਾਂ ਕਦਮ, ਹਰ ਆਏ ਦਿਨ ਟਰੰਪ ਪ੍ਰਸ਼ਾਸਨ ਵੱਲੋਂ ਉਠਾਏ ਜਾ ਰਹੇ ਹਨ, ਜਿੰਨਾਂ ਤੋਂ ਸਪਸ਼ਟ ਹੁੰਦਾ ਹੈ ਕਿ ਟਰੰਪ ਨੇ ਉਨ੍ਹਾਂ ਸਾਰੀਆਂ ਅੰਤਰਰਾਸ਼ਟਰੀ ਸਮੱਸਿਆਵਾਂ ਅਤੇ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਲਿਆ ਹੈ ਜਿਨ੍ਹਾਂ ਨੂੰ  ਹੱਲ ਕਰਨ ਲਈ ਅਤੇ ਨਿਪਟਾਉਣ ਲਈ ਸੰਸਾਰ ਦੇ ਸਾਰੇ ਵੱਡੇ ਛੋਟੇ ਦੇਸ਼ਾਂ ਦੇ ਸਹਿਯੋਗ ਤੋਂ ਬਿਨਾਂ ਨਜਿੱਠਿਆ ਨਹੀਂ ਜਾ ਸਕਦਾ | ਇਥੇ ਇਹ ਵੀ ਦੱਸਣਾ ਅਤੇ ਸਮਝਣਾ ਜ਼ਰੂਰੀ ਹੈ ਕਿ ਉਪਰੋਕਤ ਅੰਤਰਰਾਸ਼ਟਰੀ ਸਮੱਸਿਆਵਾਂ ਜਿਵੇਂ ਕਿ ਘਾਤਕ ਬੀਮਾਰੀਆਂ, ਜਮਹੂਰੀ ਅਧਿਕਾਰਾਂ ਦਾ ਹਨਨ, ਧਰਤੀ ਅਤੇ ਅਸਮਾਨ ਦੇ ਪ੍ਰਦੂਸ਼ਨ, ਅੰਤਰਰਾਸ਼ਟਰੀ ਅਪਰਾਧਕ ਗਤੀਵਿਧੀਆਂ ਆਦਿ ਲਈ ਅਮਰੀਕਾ ਹੀ ਸਭ ਤੋਂ ਵੱਧ ਦੋਸ਼ੀ ਅਤੇ ਜ਼ਿੰਮੇਵਾਰ ਹੈ | 

ਉਪਰੋਕਤ ਸਭ ਕੁੱਝ ਦੇ ਦੌਰਾਨ ਹੀ, ਟਰੰਪ ਪ੍ਰਸ਼ਾਸਨ ਨੇ ਆਪਣੇ ਸਾਰੇ ਦੇਸ਼ ਵਿੱਚ ਹੀ ਸੰਸਾਰ ਭਰ ਦੇ ਵੱਖ ਵੱਖ ਦੇਸ਼ਾਂ 'ਚੋਂ ਗੈਰਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਆਏ ਪਰਵਾਸੀਆਂ ਵਿਰੁੱਧ ਫੜੋ ਫੜੀ ਅਤੇ ਅਮਰੀਕਾ ਵਿਚੋਂ ਜਬਰਦਸਤੀ ਬਾਹਰ ਕੱਢਣ ਦਾ ਜ਼ਾਬਰ ਚੱਕਰ ਚਲਾ ਦਿੱਤਾ ਹੈ। ਇਨ੍ਹਾਂ ਨੂੰ ਫੜਨ ਲਈ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ, ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਗਿਰਜਾਘਰਾਂ ਅਤੇ ਅਨੇਕਾਂ ਹੋਰ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਇਨ੍ਹਾਂ ਨੂੰ  ਆਪੋ ਆਪਣੇ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ।   

5 ਫਰਵਰੀ ਵਾਲੇ ਦਿਨ, ਅਮਰੀਕਾ ਦਾ ਇੱਕ ਫੌਜੀ ਹਵਾਈ ਜਹਾਜ਼ ਭਾਰਤ ਤੋਂ ਅਮਰੀਕਾ ਗਏ 104 ਗੈਰਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ  ਅੰਮਿ੍ਤਸਰ ਦੇ ਹਵਾਈ ਅੱਡੇ ਤੇ ਛੱਡ ਕੇ ਵਾਪਸ ਪਰਤ ਗਿਆ ਹੈ | ਕਿਸੇ ਪੱਤਰਕਾਰ ਨੂੰ  ਜਹਾਜ ਦੇ ਅੰਦਰ ਤਾਂ ਕੀ, ਨੇੜੇ ਵੀ ਨਹੀਂ ਜਾਣ ਦਿੱਤਾ ਗਿਆ | ਜਿਉਂ ਹੀ ਵਾਪਸ ਭੇਜੇ ਗਏ ਵਿਅਕਤੀ ਪੱਤਰਕਾਰਾਂ, ਹੋਰ ਸਬੰਧਤ ਵਿਅਕਤੀਆਂ, ਅਧਿਕਾਰੀਆਂ, ਰਿਸ਼ਤੇਦਾਰਾਂ ਸਾਹਮਣੇ ਆਏ ਅਤੇ ਉਨ੍ਹਾਂ ਨੇ ਆਪਣੇ ਨਾਲ ਹੋਏ ਗੈਰ ਮਨੁੱਖੀ ਸਲੂਕ ਬਾਰੇ ਦਸਿਆ ਤਾਂ ਇੱਕ ਦਮ ਸਭ ਪਾਸੇ ਰੋਸ ਅਤੇ ਗੱੁਸੇ ਦੀ ਲਹਿਰ ਫੈਲ ਗਈ | ਸਾਹਮਣੇ ਆਏ ਤੱਥਾਂ ਅਨੁਸਾਰ, ਸਾਰੇ 104 ਵਿਅਕਤੀਆਂ ਜਿਨਾਂ ਵਿੱਚ 13 ਔਰਤਾਂ ਅਤੇ 4 ਨਬਾਲਿਗ ਬੱਚੇ ਵੀ ਸਨ, ਨੂੰ  ਹੱਥਕੜੀਆਂ ਅਤੇ ਬੇੜੀਆਂ ਵਿੱਚ ਨੂੜ ਕੇ ਪਸ਼ੂਆਂ ਵਾਂਗ ਜਹਾਜ਼ ਵਿੱਚ ਤੂੜ ਦਿੱਤਾ ਗਿਆ | ਇਹ ਤੱਥ ਵੀ ਸਾਹਮਣੇ ਆਇਆ ਕਿ ਇਹ ਬੇੜੀਆਂ ਅਤੇ ਕੜੀਆਂ ਲੋਹੇ ਦੀਆਂ ਨਹੀਂ ਸਨ ਬਲਕਿ ਪਲਾਸਟਿਕ ਦੀਆਂ ਸਨ, ਜਿਹੜੀਆਂ ਨਿਰਜੀਵ ਚੀਜ਼ਾਂ, ਵਸਤੂਆਂ, ਮਰੇ ਹੋਏ ਪਸ਼ੂਆਂ ਜਾਂ ਹੋਰ ਜਾਨਵਰਾਂ ਨੂੰ  ਇਧਰੋਂ ਉਧਰ ਘੜੀਸਨ, ਖਿਚਣ, ਧੂਣ ਲਈ ਵਰਤੀਆਂ ਜਾਂਦੀਆਂ ਹਨ | ਇਹ ਬੇੜੀਆਂ, ਹੱਥਕੜੀਆਂ ਖੁਲਣ ਵਾਲੀਆਂ ਨਹੀਂ ਸਨ ਬਲਕਿ ਇਨ੍ਹਾਂ ਨੂੰ  ਕੱਟ ਕੇ ਉਤਾਰਿਆ ਗਿਆ | ਜਹਾਜ਼ ਵਿੱਚ ਕੋਈ ਕੁਰਸੀ ਜਾਂ ਸੀਟ ਆਦਿ ਨਹੀਂ ਸੀ | ਸਿਰਫ ਇੱਕ ਵਾਸ਼ਰੂਮ ਸੀ | ਖਾਣ ਪੀਣ ਅਤੇ ਪਾਣੀ ਆਦਿ ਦਾ ਪ੍ਰਬੰਧ ਬਹੁਤ ਹੀ ਘਟੀਆ ਸੀ | ਅਸਲ ਵਿੱਚ ਇਹ ਅਮਰੀਕਨ ਹਵਾਈ ਸੈਨਾ ਦਾ ਮਾਲ ਢੋਣ ਵਾਲਾ ਜਹਾਜ਼ ਸੀ | 

ਪਹਿਲਾਂ ਹਰ ਕੋਈ ਇਹ ਸਮਝਦਾ ਸੀ ਕਿ ਇਨ੍ਹਾਂ ਵਾਪਸ ਆਏ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚ ਵੱਡੀ ਬਹੁ ਗਿਣਤੀ ਪੰਜਾਬੀਆਂ ਦੀ ਹੋਵੇਗੀ, ਇਸੇ ਲਈ ਹੀ ਜਹਾਜ਼ ਨੂੰ  ਅੰਮਿ੍ਤਸਰ (ਪੰਜਾਬ) ਵਿੱਚ ਉਤਾਰਿਆ ਜਾ ਰਿਹਾ ਹੈ | ਪਰ ਜਦੋਂ ਇਹ ਤੱਥ ਸਾਹਮਣੇ ਆਇਆ ਕਿ ਇਨ੍ਹਾਂ 104 ਵਿਅਕਤੀਆਂ ਚੋਂ ਸਿਰਫ 30 ਜਣੇ ਹੀ ਪੰਜਾਬੀ ਹਨ, ਮੋਦੀ ਦੇ ਗੁਜਰਾਤ ਤੋਂ 33 ਹਨ, ਹਰਿਆਣਾ ਤੋਂ ਵੀ 33 ਅਤੇ 5 ਹੋਰ ਪ੍ਰਾਂਤਾਂ ਦੇ ਹਨ ਤਾਂ ਸਮੂਹ ਪੰਜਾਬੀਆਂ, ਪੰਜਾਬ ਦੀਆਂ ਸਾਰੀਆਂ ਪਾਰਟੀਆਂ (ਬੀਜੇਪੀ ਨੂੰ  ਛੱਡ ਕੇ) ਅਤੇ ਹੋਰ ਸਾਰੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਵਿੱਚ ਇੱਕ ਰੋਸ ਅਤੇ ਰੋਹ ਦੀ ਲਹਿਰ ਪੈਦਾ ਹੋ ਗਈ ਕਿ ਬਾਕੀ ਸਾਰੇ ਭਾਰਤ ਨੂੰ  ਛੱਡ ਕੇ ਸਿਰਫ ਅੰਮਿ੍ਤਸਰ ਵਿੱਚ ਹੀ ਜ਼ਹਾਜ਼ ਨੂੰ  ਕਿਉਂ ਉਤਾਰਿਆ ਗਿਆ, ਗੁਜਰਾਤ ਵਿੱਚ ਕਿਉਂ ਨਹੀਂ ਉਤਾਰਿਆ ਗਿਆ | ਸਮੁੱਚੇ ਪੰਜਾਬ ਅਤੇ ਪੰਜਾਬੀਆਂ ਵੱਲੋਂ ਦੋਸ਼ ਲਾਇਆ ਗਿਆ ਅਤੇ ਅਸੀਂ ਵੀ ਇਸ ਵਿਚਾਰ ਦੇ ਹਾਂ ਕਿ ਮੋਦੀ ਸਰਕਾਰ ਨੇ ਸਿਰਫ ਪੰਜਾਬ ਅਤੇ ਪੰਜਾਬੀਆਂ ਨੂੰ  ਬਦਨਾਮ ਕਰਨ ਲਈ ਹੀ ਜਹਾਜ਼ ਨੂੰ  ਅੰਮਿ੍ਤਸਰ ਵਿਖੇ ਲੈਂਡ ਕਰਵਾਇਆ ਹੈ | ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਸਾਰੇ ਦੇਸ਼ ਅਤੇ ਦੁਨੀਆ ਵਿੱਚ ਇਹ ਪ੍ਰਭਾਵ ਜਾਵੇ ਕਿ ਕੇਵਲ ਪੰਜਾਬ ਵਿਚੋਂ ਹੀ ਵੱਡੀ ਗਿਣਤੀ ਵਿੱਚ ਨੌਜੁਆਨ ਗੈਰ ਕਾਨੂੰਨੀ ਤੌਰ 'ਤੇ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ  ਜਾਂਦੇ ਹਨ |   

ਸਮੁੱਚੇ ਭਾਰਤ ਵਾਸੀਆਂ ਲਈ ਇਹ ਸ਼ਰਮ ਦੀ ਗੱਲ ਹੈ ਕਿ ਟਰੰਪ ਦੇ ਪਹਿਲੇ ਦਬਕੇ ਨਾਲ ਹੀ ਭਾਰਤ ਸਰਕਾਰ ਨੇ ਆਪਣੇ ਦੇਸ਼ 'ਚੋ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ  ਅਮਰੀਕਾ 'ਚੋਂ ਅਪਮਾਨਜਨਕ ਢੰਗ ਨਾਲ ਬਾਹਰ ਕੱਢ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ | ਹਜ਼ੂਰੇਵਾਲਾ ਟਰੰਪ ਸਾਹਿਬ ਨੂੰ  ਖੁਸ਼ ਕਰਨ ਲਈ ਸਾਡੀ ਮੋਦੀ ਸਰਕਾਰ ਨੇ ਅਮਰੀਕਾ ਤੋਂ ਭਾਰਤ ਆਉਣ ਵਾਲੇ ਹਾਰਲੇ-ਡੇਵਿਡਸਨ ਮੋਟਰ ਸਾਈਕਲ ਉਤੇ ਲਾਇਆ ਜਾਂਦਾ ਟੈਕਸ 20 ਫੀਸਦੀ ਘਟ ਕਰ ਦਿੱਤਾ ਪਰ ਹੰਕਾਰ ਦੇ ਘੋੜੇ ਤੇ ਚੜ੍ਹੇ ਹੋਏ ''ਹਜ਼ੂਰੇਵਾਲਾ'' 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ |

ਅਸੀਂ ਸਮਝਦੇ ਹਾਂ ਕਿ ਕਿਸੇ ਵੀ ਦੇਸ਼ ਦੇ ਫੌਜੀ ਹਵਾਈ ਜਹਾਜ਼ ਨੂੰ  ਆਪਣੇ ਦੇਸ਼ ਵਿੱਚ ਉਤਾਰਨ ਦੀ ਆਗਿਆ ਦੇਣਾ ਅਤੇ ਉਹ ਵੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਬਹੁਤ ਹੀ ਨਜ਼ਦੀਕ, ਇਹ ਦੇਸ਼ ਦੀ ਪ੍ਰਭੂਸਤਾ ਦੀ ਉਲੰਘਣਾ ਹੈ ਜੋ ਟਰੰਪ ਨੇ ਕੀਤੀ ਹੈ ਅਤੇ ਮੋਦੀ ਨੇ ਕਰਨ ਦੀ ਇਜਾਜ਼ਤ ਦਿੱਤੀ ਹੈ |  ''56 ਇੰਚ ਦੀ ਛਾਤੀ ਵਾਲਾ'' ''ਵਿਸ਼ਵਗੁਰੂ'' ''ਟਰੰਪ ਦਾ ਪੱਕਾ ਯਾਰ'', 140 ਕਰੋੜ ਲੋਕਾਂ ਤੋਂ ਵੱਧ ਲੋਕਾਂ ਚੁਣਿਆ ਹੋਇਆ ਪ੍ਰਧਾਨ ਮੰਤਰੀ ਅਮਰੀਕਾ ਸਾਹਮਣੇ ਇਸ ਤਰ੍ਹਾਂ ਭੀਗੀ ਬਿੱਲੀ ਬਣ ਜਾਏਗਾ, ਇਹ ਤਾਂ ਕਿਸੇ ਨੇ ਸੋਚਿਆ ਤੱਕ ਨਹੀਂ ਹੋਣਾ | ਸਾਡੇ ਨਾਲੋਂ ਤਾਂ ਕੋਲੰਬੀਆ ਅਤੇ ਮੈਕਸੀਕੋ ਵਰਗੇ ਦੇਸ਼ ਹੀ ਸਵੈਮਾਣ ਵਾਲੇ ਨਿਕਲੇ, ਜਿਨ੍ਹਾਂ ਨੇ ਅਮਰੀਕਨ ਫੌਜ ਦੇ ਜੰਗੀ ਹਵਾਈ ਜਹਾਜ਼ਾਂ ਨੂੰ  ਆਪਣੀ ਧਰਤੀੇ 'ਤੇ ਉਤਰਨ ਦੀ ਆਗਿਆ ਨਹੀਂਾ ਦਿੱਤੀ | ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਐਫ ਪੈਟਰੋ ਉਰੀਗੋ ਨੂੰ  ਜਦੋਂ ਪਤਾ ਲੱਗਾ ਕਿ ਕੋਲੰਬੀਆ ਦੇ ਗੈਰ ਕਾਨੂੰਨੀ ਤੌਰ 'ਤੇ ਅਮਰੀਕਾ ਗਏ ਪ੍ਰਵਾਸੀਆਂ ਨੂੰ  ਹੱਥਕੜੀਆਂ, ਬੇੜੀਆਂ ਵਿੱਚ ਨੂੜ ਕੇ ਅਮਰੀਕੀ ਫੌਜ ਦਾ ਜਹਾਜ਼ ਆ ਰਿਹਾ ਹੈ ਤਾਂ ਉਸਨੇ ਇਸ ਜਹਾਜ਼ ਨੂੰ  ਆਪਣੀ ਧਰਤੀ ਤੇ ਉਤਰਨ ਨਹੀਂ ਦਿੱਤਾ | ਕੰਲੰਬੀਆ ਨੇ ਆਪਣੇ ਹਵਾਈ ਜਹਾਜ਼ ਅਮਰੀਕਾ ਭੇਜੇ, ਜੋ ਪੂਰੇ ਮਾਣ ਸਤਿਕਾਰ ਨਾਲ ਆਪਣੇ ਨਾਗਰਿਕਾਂ ਨੂੰ  ਵਾਪਸ ਲੈ ਕੇ ਆਏ ਹਨ | ਇਹ ਜਹਾਜ਼ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਸ਼ਹਿਰ ਦੇ ਏਅਰਪੋਰਟ ਤੇ ਉਤਰੇ ਅਤੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਖੁਦ ਆਪ ਉਨ੍ਹਾਂ ਦੇ ਸਵਾਗਤ ਲਈ ਏਅਰ ਪੋਰਟ ਤੇ ਆਏ | 

ਇਸ ਦੇ ਉਲਟ ਅਮਰੀਕੀ ਅਧਿਕਾਰੀਆਂ ਨੇ ਪਲਾਸਟਿਕ ਦੀਆਂ ਬੇੜੀਆਂ ਅਤੇ ਕੜੀਆਂ ਵਿੱਚ ਜਕੜੇ ਹੋਏ ਫੌਜੀ ਜਹਾਜ਼ ਵੱਲ ਜਾਂਦੇ ਹੋਏ ਭਾਰਤੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਜਾਰੀ ਕਰਕੇ ਅਪਮਾਨਜਨਕ ਟਿੱਪਣੀਆਂ ਲਿਖੀਆਂ ਹਨ | ਅਖੇ ''ਦੇਸ਼ ਨਿਕਾਲੇ ਦੀਆਂ ਉਡਾਣਾਂ ਸ਼ੁਰੂ ਹੋ ਚੁਕੀਆਂ ਹਨ | ਰਾਸ਼ਟਰਪਤੀ ਟਰੰਪ ਸਾਰੀ ਦੁਨੀਆਂ ਨੂੰ  ਇੱਕ ਸਖਤ ਸੁਨੇਹਾ ਦੇ ਰਹੇ ਹਨ ਕਿ ਜੇਕਰ ਤੁਸੀਂ ਨਾਜਾਇਜ਼ ਤੌਰ 'ਤੇ ਅਮਰੀਕਾ ਵਿੱਚ ਘੁਸਦੇ ਹੋ ਤਾਂ ਤੁਹਾਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ |'' ਇਕ ਹੋਰ ਅਧਿਕਾਰੀ ਨੇ ਲਿਖਿਆ ਹੈ ''ਯੂਐਸਬੀਪੀ ਨੇ ਨਾਜਾਇਜ਼ ਏਲੀਅਨਜ਼ (ਦੂਸਰੇ ਗ੍ਰਹਿ ਦੇ ਵਾਸੀਆਂ) ਨੂੰ  ਵਾਪਸ ਭਾਰਤ ਭੇਜ ਦਿੱਤਾ ਹੈ'' |

ਜਿਸ ਦਿਨ ਉਪਰੋਕਤ ਫੌਜੀ ਹਵਾਈ ਜਹਾਜ਼ ਅੰਮਿ੍ਤਸਰ ਏਅਰਪੋਰਟ ਤੇ ਉਤਰਨਾ ਸੀ ਉਸ ਦਿਨ ਕਿਸਮਤ ਦੇ ਮਾਰੇ ਉਪਰੋਕਤ ਭਾਰਤੀਆਂ ਦਾ ਸਵਾਗਤ ਕਰਨ ਦੀ ਥਾਂ ਸਾਡਾ ਪ੍ਰਧਾਨ ਮੰਤਰੀ ਕੁੰਭ ਦੇ ਮੇਲੇ ਵਿੱਚ ਡੁਬਕੀਆਂ ਲਾ ਕੇ ਆਪਣੇ ਹੁਣ ਤੱਕ ਦੇ ਕੀਤੇ ਸਾਰੇ ਪਾਪਾਂ ਤੋਂ ਛੁਟਕਾਰਾ ਹਾਸਲ ਕਰਨ ਲਈ ਗੰਗਾ ਮਾਈ ਅੱਗੇ ਅਰਜੋਈਆਂ ਕਰ ਰਿਹਾ ਸੀ | ਮੋਦੀ ਨਾਲੋਂ ਤਾਂ ਸਾਡਾ ਭਗਵੰਤ ਮਾਨ ਹੀ ਚੰਗਾ ਨਿਕਲਿਆ ਜਿਸਨੇ ਆਪਣੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ  ਆਪਣੇ ਦੇਸ਼ ਵਾਸੀ ਪ੍ਰਵਾਸੀਆਂ ਦਾ ਸਵਾਗਤ ਕਰਨ ਲਈ ਰਾਤ ਸਾਢੇ ਗਿਆਰਾਂ ਵਜੇ ਏਅਰਪੋਰਟ 'ਤੇ ਭੇਜਿਆ | ਹਰਿਆਣੇ ਦੀ ਬੀਜੇਪੀ ਸਰਕਾਰ ਨੇ ਹਰਿਆਣੇ ਦੇ ਪਰਵਾਸੀਆਂ ਨੂੰ  ਲੈ ਕੇ ਜਾਣ ਲਈ 'ਕੈਦੀਆਂ ਨੂੰ  ਇੱਧਰ ਉੱਧਰ ਲੈ ਕੇ ਜਾਣ ਵਾਲੀ ਬੱਸ' ਭੇਜੀ ਅਤੇ ਉਨ੍ਹਾਂ ਨੂੰ  ਇਹ ਅਹਿਸਾਸ ਕਰਵਾਇਆ ਕਿ ''ਤੁਸੀਂ ਦੋਸ਼ੀ ਹੋ ਇਸ ਲਈ ਤੁਸੀਂ ਕੈਦੀ ਹੋ |''

ਉਪਰੋਕਤ ਸਾਰੇ ਨਮੋਸ਼ੀਜਨਕ ਘਟਨਾਕਰਮ ਤੋਂ ਬਾਅਦ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਸਾਰੇ ਦੇਸ਼ ਵਿੱਚ ਗੱੁਸੇ ਅਤੇ ਰੋਸ ਦੀ ਲਹਿਰ ਉਠ ਪਈ | ਪਾਰਲੀਮੈਂਟ ਵਿੱਚ ਵਿਰੋਧੀ ਪਾਰਟੀਆਂ ਨੇ ਜ਼ੋਰਦਾਰ ਆਵਾਜ਼ ਚੁੱਕੀ | ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਸਾਡੇ ਨੌਜੁਆਨਾਂ ਨਾਲ ਉਪਰੋਕਤ ਕਰੂਰਤਾ ਭਰੇ ਵਰਤਾਓ ਦੀ ਨਿੰਦਿਆ ਕੀਤੀ ਜਾਵੇ, ਅਮਰੀਕੀ ਸਰਕਾਰ ਨਾਲ ਇਹ ਮਸਲਾ ਉਠਾਇਆ ਜਾਵੇ ਅਤੇ ਪ੍ਰਧਾਨ ਮੰਤਰੀ 12 ਫਰਵਰੀ ਤੋਂ ਆਪਣਾ ਪ੍ਰਸਤਾਵਤ ਅਮਰੀਕੀ ਦੌਰਾ ਰੱਦ ਜਾਂ ਮੁਲਤਵੀ ਕਰੇ | ਪਰ ਟਰੰਪ ਦੇ ਥੱਲੇ ਲੱਗੀ ਮੋਦੀ ਸਰਕਾਰ ਉੱਪਰ ਨਾ ਕੋਈ ਅਸਰ ਹੋਣਾ ਸੀ ਤੇ ਨਾ ਹੀ ਹੋਇਆ | ਸਗੋਂ ਉਲਟਾ ਵਿਦੇਸ਼ ਮੰਤਰੀ ਐਸ. ਜੈ. ਸ਼ੰਕਰ ਨੇ ਪਾਰਲੀਮੈਂਟ ਵਿੱਚ ਇਹ ਬਿਆਨ ਦੇ ਕੇ ਕਿ ''ਇਹ ਸਾਰਾ ਕੁੱਝ ਅਮਰੀਕਾ ਦੇ ਕਾਨੂੰਨ ਅਨੁਸਾਰ ਹੋ ਰਿਹਾ ਹੈ |'' ਦੇਸ਼ ਦੇ ਜ਼ਖਮਾਂ 'ਤੇ ਲੂਣ ਛਿੜਕਿਆ  | ਮੋਦੀ ਸਾਹਿਬ 12 ਫਰਵਰੀ ਨੂੰ  ਪੈਰਿਸ ਤੋਂ ਸਿੱਧੇ ਟਰੰਪ ਨਾਲ ਮੁਲਾਕਾਤ ਕਰਨ ਲਈ ਅਮਰੀਕਾ ਪੁੱਜ ਗਏ | ਮੋਦੀ ਨੂੰ  ਏਅਰਪੋਰਟ ਤੋਂ ਲੈਣ ਵਾਸਤੇ ਟਰੰਪ ਨੇ ਆਪ ਤਾਂ ਕੀ ਆਉਣਾ ਸੀ, ਕੋਈ ਛੋਟਾ ਮੋਟਾ ਮੰਤਰੀ ਵੀ ਨਾ ਭੇਜਿਆ  | ਸਿਰਫ ਅਧਿਕਾਰੀਆਂ ਨੇ ਮੋਦੀ ਜੀ ਦਾ ''ਭਰਵਾਂ ਸਵਾਗਤ'' ਕੀਤਾ | ਇਸ ਦੋ ਦਿਨਾਂ ਦੌਰੇ ਦੌਰਾਨ ਮੋਦੀ ਨੇ ਟਰੰਪ ਨਾਲ ਭਾਰਤ ਭੇਜੇ ਜਾ ਰਹੇ ਗੈਰ ਕਾਨੂੰਨੀ ਪਰਵਾਸੀਆਂ ਬਾਰੇ ਜਾਂ ਉਨ੍ਹਾਂ ਨਾਲ ਕੀਤੇ ਜਾ ਰਹੇ ਅਣਮਨੱੁਖੀ ਸਲੂਕ ਬਾਰੇ ਗੱਲ ਤੱਕ ਵੀ ਨਾ ਕੀਤੀ | 

ਜਿਸ ਵੇਲੇ ਮੋਦੀ ਸਾਹਿਬ 13 ਫਰਵਰੀ ਨੂੰ  ਆਪਣੀ ਭਾਰਤ ਵਾਪਸੀ ਦੀ ਤਿਆਰੀ ਕਰ ਰਹੇ ਸਨ, ਬਿਲਕੁਲ ਉਸੇ ਸਮੇਂ ਟਰੰਪ ਸਰਕਾਰ ਹੋਰ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ  ਬੇੜੀਆਂ ਅਤੇ ਹੱਥਕੜੀਆਂ ਨਾਲ ਨੂੜ ਰਹੀ ਸੀ | ਜਿਉਂ ਹੀ ਮੋਦੀ ਦਾ ਜਹਾਜ਼ ਅਮਰੀਕਾ ਤੋਂ ਭਾਰਤ ਲਈ ਉਡਿਆ ਟਰੰਪ ਸਰਕਾਰ ਨੇ ਮਗਰ ਹੀ 104 ਗੈਰ ਕਾਨੂੰਨੀ ਪਰਵਾਸੀਆਂ ਦਾ ''ਗਿਫਟ (ਤੋਹਫਾ)'' ਭਾਰਤ ਨੂੰ  ਹੋਰ ਭੇਜ ਦਿੱਤਾ | ਦੂਸਰੇ ਜਹਾਜ਼ ਵਿੱਚ 14 ਫਰਵਰੀ ਰਾਤ ਨੂੰ  ਆਏ ਇਨ੍ਹਾਂ ਪਰਵਾਸੀਆਂ ਨਾਲ ਕੀਤੀ ਗਈ ਇਕ ਹੋਰ ਇਹ ਵਧੀਕੀ ਸਾਹਮਣੇ ਆਈ ਕਿ ਪਗੜੀ ਬੰਨਣ ਵਾਲੇ ਵਿਅਕਤੀਆਂ ਦੀਆਂ ਪਗੜੀਆਂ ਉਤਰਵਾ ਦਿੱਤੀਆਂ ਅਤੇ ਉਨ੍ਹਾਂ ਨੂੰ  ਨੰਗੇ ਸਿਰ ਭੇਜਿਆ ਗਿਆ | ਇਥੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੁਰਜ਼ੋਰ ਸ਼ਲਾਘਾ ਕਰਦੇ ਹਾਂ ਜਿਸ ਨੇ ਨਾ ਕੇਵਲ ਨੰਗੇ ਸਿਰ ਵਾਲੇ ਨੌਜੁਆਨਾਂ ਲਈ ਤੁਰੰਤ ਹੀ ਪਗੜੀਆਂ ਦਾ ਪ੍ਰਬੰਧ ਕੀਤਾ, ਬਲਕਿ ਉਸੇ ਦਿਨ ਤੋਂ ਏਅਰਪੋਰਟ ਤੇ ''ਗੁਰੂ ਦਾ ਲੰਗਰ'' ਦਾ ਵੀ ਪ੍ਰਬੰਧ ਕੀਤਾ ਹੋਇਆ ਹੈ | ਇਸ ਜਹਾਜ਼ 'ਚ ਆਏ ਭਾਰਤੀ ਨੌਜਵਾਨਾਂ ਨੂੰ  ਰਸੀਵ ਕਰਨ ਲਈ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਦੋ ਕੈਂਬਨਿਟ ਮੰਤਰੀਆਂ ਨੂੰ  ਏਅਰ ਪੋਰਟ 'ਤੇ ਭੇਜਿਆ | 

16 ਫਰਵਰੀ ਨੂੰ ਤੀਸਰਾ ਜਹਾਜ਼ ਅੰਮਿ੍ਤਸਰ ਵਿਖੇ ਉਤਾਰਿਆ ਗਿਆ ਜਿਸ ਵਿੱਚ 112 ਭਾਰਤੀ ਵਾਪਸ ਆਏ | ਇਨ੍ਹਾਂ ਵਿਚੋਂ 44 ਹਰਿਆਣੇ ਦੇ, 33 ਗੁਜਰਾਤ ਦੇ ਅਤੇ 31 ਪੰਜਾਬ ਦੇ ਸਨ | ਇਸ ਜਹਾਜ਼ ਦੇ ਮੁਸਾਫਰਾਂ ਨੇ ਹੋਰ ਇਨਕਸ਼ਾਫ ਕੀਤਾ ਕਿ ਕੇਵਲ ਸਾਡੇ ਹੱਥਾਂ ਪੈਰਾਂ ਨੂੰ  ਹੀ ਹੱਥਕੜੀਆਂ ਅਤੇ ਬੇੜੀਆਂ ਨਹੀਂ ਲਾਈਆਂ ਸਗੋਂ ਲੱਕ ਨੂੰ  ਵੀ ਸੰਗਲੀਆਂ ਨਾਲ ਬੰਨਿਆ ਗਿਆ | ਪੱਗਾਂ ਸਿਰਫ ਲੁਹਾਈਆਂ ਹੀ ਨਹੀਂ ਗਈਆਂ ਸਗੋਂ ਡਸਟ ਬਿੰਨਾਂ ਵਿੱਚ ਸੁੱਟ ਦਿੱਤੀਆਂ ਗਈਆਂ | 

ਇਸ ਮੌਕੇ 'ਤੇ ਇਹ ਵਿਚਾਰਨਾ ਵੀ ਪੂਰੀ ਤਰ੍ਹਾਂ ਪ੍ਰਸੰਗਕ ਹੈ ਕਿ ਮੋਦੀ ਅਮਰੀਕਾ ਗਏ ਕੀ ਕਰਨ ਸੀ, ਉਥੇ ਕਰਕੇ ਕੀ ਆਏ ਹਨ ਅਤੇ ਉਥੋਂ ਲੈ ਕੇ ਕੀ ਆਏ ਹਨ | ਮੋਦੀ ਗਏ ਤਾਂ ਇਹ ਪ੍ਰਭਾਵ ਦੇਣ ਲਈ ਸਨ ਕਿ ਟਰੰਪ ਉਨ੍ਹਾਂ ਦਾ ਦੋਸਤ ਹੈ ਪਰ ਇਹ ਗੱਲ ਬਣੀ ਨਹੀਂ |  ਹੋਇਆ ਇਹ ਕਿ ਟਰੰਪ ਨੇ ਮੋਦੀ 'ਤੇ ਦਬਾਅ ਪਾਇਆ ਕਿ ਭਾਰਤ ਅਮਰੀਕਾ ਤੋਂ ਮਹਿੰਗੀ ਕੀਮਤ ਦੇ ਐਮ-35 ਜੰਗੀ ਹਵਾਈ ਜਹਾਜ਼ ਖਰੀਦੇ, ਜਿਨ੍ਹਾਂ ਨੂੰ  ਅਮਰੀਕਾ ਅਤੇ ਐਲਨ ਮਸਕ ਪਹਿਲਾਂ ਹੀ ਕਵਾੜ ਕਰਾਰ ਦੇ ਚੁੱਕੇ ਹਨ | ਮਹਿੰਗਾ ਤੇਲ ਅਤੇ ਗੈਸ ਖਰੀਦੇ | ਮੋਦੀ ਸਾਹਿਬ ਇਹ ਸਾਰਾ ਕੁੱਝ ਮੰਨਕੇ ਆਏ ਹਨ | ਭਾਰਤ, ਇਜ਼ਰਾਈਲ, ਇਟਲੀ ਅਤੇ ਅਮਰੀਕਾ ਨੂੰ  ਜੋੜਨ ਵਾਲਾ ਆਵਾਜਾਈ ਮਾਰਗ (ਕਾਰੀਡੋਰ) ਬਣਾਉਣ ਦੇ ਅਮਰੀਕੀ ''ਹੁਕਮ'' ਨੂੰ  ਵੀ ਮੋਦੀ ਪ੍ਰਵਾਨ ਕਰਕੇ ਆਇਆ ਹੈ | ਟਰੰਪ ਨੇ ਮੋਦੀ ਦੀ ਸਿਰਫ ਇੱਕ ਬੇਨਤੀ ਹੀ ਪ੍ਰਵਾਨ ਕੀਤੀ ਹੈ ਕਿ ਮੋਦੀ ਦੇ ਯਾਰਜੁੰਡੀ ਦੋਸਤ ਗੌਤਮ ਅਡਾਨੀ ਵਿਰੱੁਧ 2200 ਕਰੋੜ ਦੀ ਰਿਸ਼ਵਤ ਦੇਣ ਦੇ ਕੇਸ ਵਿੱਚ ਨਿਕਲੇ ਹੋਏ ਗਿ੍ਫਤਾਰੀ ਦੇ ਵਾਰੰਟ ਅਮਰੀਕਾ ਦੇ ਕਾਨੂੰਨ ਵਿੱਚ ਤਬਦੀਲੀ ਕਰਕੇ ਰੱਦ ਕਰ ਦਿੱਤੇ ਹਨ | ''ਅਡਾਨੀ ਦੇ ਗਿ੍ਫਤਾਰੀ ਵਾਰੰਟ ਮਨਸੂਖ ਕਰਵਾਉਣਾ'' ਬੱਸ ਇਹੋ ਮੋਦੀ ਦੇ ਅਮਰੀਕੀ ਦੌਰੇ ਦੀ ''ਪ੍ਰਾਪਤੀ'' ਹੈ  | 

ਮੋਦੀ ਦੇ ਇਸ ਵਾਰ ਦੇ ਅਮਰੀਕੀ ਦੌਰੇ ਨੂੰ  ਜੇਕਰ ਸਮੁੱਚੇ ਤੌਰ 'ਤੇ ਵੇਖੀਏ ਤਾਂ ਇਹ ਪ੍ਰਭਾਵ ਬਣਦਾ ਹੈ ਕਿ ਉਹ ਸਿਰਫ ਡੋਨਾਲਡ ਟਰੰਪ ਨੂੰ  ਖੁਸ਼ ਕਰਨ ਅਤੇ ਉਸਦੀ ਉਹ ਨਾਰਾਜ਼ਗੀ ਦੂਰ ਕਰਨ ਗਏ ਸਨ ਜਿਸ ਕਰਕੇ ਟਰੰਪ ਨੇ ਮੋਦੀ ਨੂੰ  ਆਪਣੇ ਸਹੁੰ ਚੁੱਕ ਸਮਾਗਮ ਲਈ ਨਾ ਸੱਦ ਕੇ ਅਪਮਾਨਤ ਕੀਤਾ ਸੀ | ਮੋਦੀ ਨੇ ਟਰੰਪ ਸਾਹਮਣੇ ਭਾਰਤ ਦੀ ਕੋਈ ਮੰਗ ਨਹੀਂ ਰੱਖੀ ਅਤੇ ਸਿਰਫ ਟਰੰਪ ਵੱਲੋਂ ਥੋਪੀਆਂ ਹੋਈਆਂ ਸ਼ਰਤਾਂ ਨੂੰ  ਪ੍ਰਵਾਨ ਕਰਕੇ ਹੀ ਆ ਗਏ ਹਨ | ਟਰੰਪ ਦੇ ਕਿਸੇ ਆਦੇਸ਼ ਤੇ ਕੋਈ ਕਿੰਤੂ ਪ੍ਰੰਤੂ ਤੱਕ ਵੀ ਨਹੀਂ ਕੀਤਾ | ਟਰੰਪ ਨੂੰ  ਖੁਸ਼ ਕਰਨ ਲਈ ਮੋਦੀ ਨੇ ਟਰੰਪ ਦੇ ਇਸ ਸਮੇਂ ਦੇ ਸਭ ਤੋਂ ਵੱਡੇ ਸਲਾਹਕਾਰ ਐਲਨ ਮਸਕ ਜੋ ਇਸ ਸਮੇਂ ਸੰਸਾਰ ਦੇ ਸਭ ਤੋਂ ਵੱਡੇ ਧਨ ਕੁਬੇਰ ਹਨ ਅਤੇ ਜਿਸਨੇ 2027 ਵਿੱਚ ਸਾਡੇ ਇਸ ਪਲੈਨਿਟ (ਗ੍ਰਹਿ) ਧਰਤੀ ਦੇ ਪਹਿਲੇ ਟਰਿਲੀਅਨ ਡਾਲਰ ਦੇ ਧਨ ਕੁਬੇਰ ਬਣਨ ਦਾ ਏਜੰਡਾ ਰੱਖਿਆ ਹੋਇਆ ਹੈ, ਨਾਲ ਵੀ ਮੁਲਾਕਾਤ ਕੀਤੀ | ਇਹ ਮੀਟਿੰਗ ਕਰਕੇ ਵੀ ਮੋਦੀ ਨੇ ਸਾਡੇ ਦੇਸ਼ ਦੇ ਮਾਨ ਸਨਮਾਨ ਨੂੰ  ਸੱਟ ਹੀ ਮਾਰੀ ਹੈ | ਮੀਟਿੰਗ ਦਾ ਪ੍ਰੋਗਰਾਮ ਇਸ ਤਰ੍ਹਾਂ ਚਲਿਆ ਜਿਵੇਂ ਕਿ ਐਲਨ ਮਸਕ ਬਿਜ਼ਨਸਮੈਨ ਨਾ ਹੋ ਕੇ ਸੰਸਾਰ ਦੇ ਕਿਸੇ ਵੱਡੇ ਰਾਸ਼ਟਰ ਦੇ ਮੁੱਖੀ ਹੋਣ | ਮੋਦੀ ਇਸ ਮੀਟਿੰਗ ਵਿੱਚ ਆਪਣਾ ਪੂਰਾ ਲਾਮ ਲਸ਼ਕਰ ਲੈ ਕੇ ਗਏ ਜਿਸ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈ. ਸ਼ੰਕਰ, ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਇੱਕ ਦਰਜਣ ਦੇ ਕਰੀਬ ਵੱਡੇ ਅਧਿਕਾਰੀ ਸ਼ਾਮਲ ਸਨ |  ਤੇ ਐਲਨ ਮਸਕ ਨਾਲ ਭਲਾ ਕੌਣ ਸਨ? ਉਸਦੇ ਤਿੰਨ ਬੱਚੇ, ਇੱਕ ਔਰਤ ਦੋਸਤ ਅਤੇ ਹੋਰ ਬੱਸ | ਕੀ ਅਜਿਹਾ ਸੋਚਿਆ ਜਾਂ ਕਿਆਸਿਆ ਜਾ ਸਕਦਾ ਸੀ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕ ਤੰਤਰ ਅਤੇ 140 ਕਰੋੜ ਤੋਂ ਵੱਧ ਵਸੋਂ ਵਾਲੇ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਮਾਣ ਸਨਮਾਨ ਨੂੰ  ਇਥੋਂ ਤੱਕ ਗਿਰਾ ਸਕਦਾ ਹੈ |   

ਮੋਦੀ ਦੇ ਇਸ ਸਾਰੇ ਦੌਰੇ ਦੌਰਾਨ ਹਰ ਮੌਕੇ 'ਤੇ, ਚਾਹੇ ਉਹ ਮੌਕਾ ਟਰੰਪ ਨਾਲ ਮੀਟਿੰਗ ਦਾ ਹੋਵੇ, ਸਾਂਝੀ ਪ੍ਰੈਸ ਕਾਨਫਰੰਸ ਦਾ ਹੋਵੇ, ਐਲਨ ਮਸਕ ਨਾਲ ਮੁਲਾਕਾਤ ਦਾ ਹੋਵੇ, ਮੋਦੀ ਦਾ ਹਾਵ-ਭਾਵ ਇੱਕ ਯਰਕਦੇ, ਝਿਜਕਦੇ, ਤਰੱਭਕਦੇ ਅਤੇ ਘਬਰਾਉਂਦੇ ਵਿਅਕਤੀ ਵਾਲ ਸੀ |

ਉਪਰੋਕਤ ਸਮੁੱਚੇ ਵਿਰਤਾਂਤ ਤੋਂ ਇਸ ਤਰਾਂ ਭਾਸਰਦਾ ਹੈ ਜਿਵੇਂ ਕਿ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਪਗਲਾਏ ਹੋਏ ਹਾਥੀ ਅਤੇ ਭੂਸਰੇ ਹੋਏ ਝੋਟੇ ਵਾਂਗ ਚਾਂਭਲਿਆ ਹੋਇਆ ਹੈ ਅਤੇ ਸਾਡਾ ਵਿਸ਼ਵ ਗੁਰੂ  ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਉਸ ਸਾਹਮਣੇ ਭੀਗੀ ਬਿੱਲੀ ਬਣ ਕੇ ਹੀ ਰਹਿ ਗਿਆ ਹੈ | --- ਰੱਬ ਖੈਰ ਰੱਖੇ ! 

ਕਾਮਰੇਡ ਲਹਿੰਬਰ ਸਿੰਘ ਤੱਗੜ 

ਮੋਬਾਇਲ : 94635-42023

 


No comments:

Post a Comment