Monday, April 7, 2025

ਐਮ ਏ ਬੇਬੀ ਚੁਣੇ ਗਏ CPI (M) ਪਾਰਟੀ ਦੇ ਜਨਰਲ ਸਕੱਤਰ

ਖੱਬੀ ਏਕਤਾ ਦੀਆਂ ਉਮੀਦਾਂ ਹੋਰ ਵਧੀਆਂ 

ਪਾਰਟੀ ਦੇ ਜਨ ਅਧਾਰ ਨੂੰ ਹੋਰ ਮਜ਼ਬੂਤ ਕਾਰਨ ਦੇ ਇੱਛੁਕ ਰਹੇ ਹਨ M A ਬੇਬੀ 

ਨਵੇਂ ਪੋਲਿਟ ਬਿਊਰੋ ਦੇ ਹੁਣ 18 ਮੈਂਬਰ ਹੋਣਗੇ ਜਦਕਿ ਪਹਿਲਾਂ 17 ਹੁੰਦੇ ਸਨ


ਮਦੁਰਾਇ
: 6 ਅਪ੍ਰੈਲ 2025: (ਕਾਮਰੇਡ ਸਕਰੀਨ ਡੈਸਕ)::

ਆਪਣੀ ਸਥਾਪਨਾ ਦੇ ਵੇਲੇ ਤੋਂ ਹੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਤਿੱਖੇ ਫੈਸਲੇ ਲੈਣ ਦੀ ਹਿੰਮਤ ਦਿਖਾਉਂਦੀ ਰਹੀ ਹੈ। ਸਮੇਂ ਸਮੇਂ 'ਤੇ ਵੱਡਿਆਂ ਵੱਡਿਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਵੀ ਪਾਰਟੀ ਨੇ ਫੌਰੀ ਨਫ਼ੇ ਨੁਕਸਾਨਾਂ ਨੂੰ ਕਦੇ ਪਹਿਲ ਨਹੀਂ ਦਿੱਤੀ। ਸਿਧਾਂਤਕ ਤੌਰ ਤੇ ਵਿਚਾਰਧਾਰਕ ਤਰਕ ਨੂੰ ਸਾਹਮਣੇ ਰੱਖਦਿਆਂ ਪਾਰਟੀ ਨੇ ਹਮੇਸ਼ਾਂ ਕਮਿਊਨਿਸਟ ਅਸੂਲਾਂ ਨੂੰ ਹੀ ਚੇਤੇ ਰੱਖਿਆ। ਕਈ ਵਾਰ ਪਾਰਟੀ ਨੂੰ ਨੁਕਸਾਨ ਵੀ ਹੋਇਆ ਪਰ ਪਾਰਟੀ ਨੇ ਆਪਣੇ ਸਿਰੜ ਨੂੰ ਨਹੀਂ ਛੱਡਿਆ। ਸੰਘਰਸ਼ਾਂ ਦੇ ਰਸਤੇ ਵੀ ਆਮ ਤੌਰ ਤੇ ਨਹੀਂ ਬਦਲੇ। ਸਿੰਗੂਰ ਅਤੇ ਨੰਦੀਗ੍ਰਾਮ ਵਰਗੇ ਮੁੱਦਿਆਂ ਤੇ ਪਾਰਟੀ ਦੀ ਤਿੱਖੀ ਆਲੋਚਨਾ ਵੀ ਹੋਈ ਪਰ ਪਾਰਟੀ ਅਡੋਲਤਾ ਦਾ ਪ੍ਰਗਟਾਵਾ ਕਰਦੀ ਰਹੀ। ਬਹੁਤ ਸਾਰੇ ਗੜ੍ਹ ਵੀ ਪਾਰਟੀ ਹੱਥੋਂ ਨਿਕਲ ਗਏ ਪਰ ਪਾਰਟੀ ਨੇ ਕਦੇ ਕੋਈ ਘਬਰਾਹਟ ਨਹੀਂ ਦਿਖਾਈ। 

ਹੁਣ ਮਦੁਰਾਇ ਵਿੱਚ ਚੱਲੀ ਕਾਂਗਰਸ ਮੌਕੇ ਵੀ ਪਾਰਟੀ ਨੇ ਦ੍ਰਿੜਤਾ ਨਾਲ ਕੁਝ ਆਧੁਨਿਕ ਡੈਸਲੇ ਵੀ ਲਏ ਅਤੇ ਤਬਦੀਲੀਆਂ ਵੀ ਕੀਤੀਆਂ। ਮਦੁਰਾਇ ਕਾਂਗਰਸ ਵਿੱਚ ਲਏ ਗਏ ਫੈਸਲਿਆਂ ਦੇ ਦੂਰਗਾਮੀ ਪ੍ਰਭਾਵ ਵੀ ਨਿਸਚੇ ਹੀ ਚੰਗੇ ਪੈਣਗੇ। ਇਸ ਕਾਂਗਰਸ ਮੌਕੇ ਹੀ ਮਰੀਅਮ ਅਲੈਗਜ਼ੈਂਡਰ ਬੇਬੀ, ਜਿਨ੍ਹਾ ਨੂੰ ਐੱਮ ਏ ਬੇਬੀ ਵਜੋਂ ਜਾਣਿਆ ਜਾਂਦਾ ਹੈ, ਐਤਵਾਰ ਇੱਥੇ ਸੀ ਪੀ ਆਈ (ਐੱਮ) ਦੀ 24ਵੀਂ ਕਾਂਗਰਸ ਵਿੱਚ ਪਾਰਟੀ ਦਾ ਜਨਰਲ ਸਕੱਤਰ ਚੁਣ ਲਿਆ ਗਿਆ। 

ਜ਼ਿਕਰਯੋਗ ਹੈ ਕਿ ਉਹ ਸੀਤਾ ਰਾਮ ਯੇਚੁਰੀ ਦੀ ਥਾਂ ਲੈਣਗੇ, ਜਿਨ੍ਹਾ ਦਾ ਸਤੰਬਰ 2024 ਵਿੱਚ ਦੇਹਾਂਤ ਹੋ ਗਿਆ ਸੀ। ਇਸ ਵੇਲੇ 71 ਸਾਲਾ ਕਾਮਰੇਡ ਬੇਬੀ ਅਸਲ ਵਿੱਚ ਸਵਰਗੀ ਕਾਮਰੇਡ ਈ ਐੱਮ ਐੱਸ ਨੰਬੂਦਰੀਪਾਦ ਤੋਂ ਬਾਅਦ ਤਿੱਖੇ ਫੈਸਲੇ ਲੈਣ ਦੀ ਹਿੰਮਤ ਰੱਖਣ ਵਾਲੇ ਪਾਰਟੀ ਦੇ ਜਨਰਲ ਸਕੱਤਰ ਬਣਨ ਵਾਲੇ ਕੇਰਲਾ ਦੇ ਦੂਜੇ ਆਗੂ ਹਨ। ਕਾਮਰੇਡ ਯੇਚੁਰੀ ਦੀ ਮੌਤ ਤੋਂ ਬਾਅਦ ਪ੍ਰਕਾਸ਼ ਕਰਤ ਕੋਆਰਡੀਨੇਟਰ ਵਜੋਂ ਪਾਰਟੀ ਚਲਾ ਰਹੇ ਸਨ।

ਕੇਰਲਾ ਦੇ ਕੋਲਮ ਜ਼ਿਲ੍ਹੇ ਦੇ ਪਰਾਕੁਲਮ ਦੇ ਬੇਬੀ ਕੇਰਲਾ ਦੇ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਹਨ। ਉਹ ਪਾਰਟੀ ਦੇ ਵਿਦਿਆਰਥੀ ਵਿੰਗ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਰਾਹੀਂ ਸਰਗਰਮ ਸਿਆਸਤ ਵਿੱਚ ਆਏ ਸਨ। ਉਹ 1986 ਤੋਂ 1998 ਤੱਕ ਰਾਜ ਸਭਾ ਦੇ ਲਗਾਤਾਰ ਦੋ ਵਾਰ ਮੈਂਬਰ ਰਹਿ ਚੁੱਕੇ ਹਨ। ਉਹ ਪਾਰਟੀ ਦੇ ਉਸ ਗਰੁੱਪ ਨਾਲ ਸੰਬੰਧ ਰੱਖਦੇ ਹਨ, ਜਿਸ ਦਾ ਵਿਸ਼ਵਾਸ ਹੈ ਕਿ ਪਾਰਟੀ ਨੂੰ ਜਨਤਕ ਆਧਾਰ ਬਣਾਉਣ ਲਈ ਜ਼ੋਰ ਲਾਉਣਾ ਚਾਹੀਦਾ ਹੈ।

84 ਮੈਂਬਰੀ ਨਵੀਂ ਕੇਂਦਰੀ ਕਮੇਟੀ ਨੇ ਕਾਮਰੇਡ ਬੇਬੀ ਨੂੰ ਜਨਰਲ ਸਕੱਤਰ ਚੁਣਿਆ। ਉਹ 2012 ਤੋਂ ਪਾਰਟੀ ਦੇ ਪੋਲਿਟ ਬਿਊਰੋ ਵਿੱਚ ਸਨ। ਕਿਸਾਨ ਸਭਾ ਦੇ ਪ੍ਰਧਾਨ ਅਸ਼ੋਕ ਧਵਾਲੇ, ਬੀ ਵੀ ਰਘਾਵੁੱਲੂ ਤੇ ਪੱਛਮੀ ਬੰਗਾਲ ਦੇ ਸਕੱਤਰ ਮੁਹੰਮਦ ਸਲੀਮ ਦੇ ਨਾਵਾਂ ’ਤੇ ਵੀ ਚਰਚਾ ਹੋਈ ਪਰ ਆਖਰ ਕਾਮਰੇਡ ਬੇਬੀ ਹੀ ਚੁਣੇ ਗਏ। 

ਚੇਤੇ ਰਹੇ ਕਿ 72 ਸਾਲਾ ਧਵਾਲੇ ਨੇ ਮਹਾਰਾਸ਼ਟਰ ਵਿੱਚ ਕਿਸਾਨਾਂ ਦਾ ਇਤਿਹਾਸਕ ਲਾਂਗ ਮਾਰਚ ਜਥੇਬੰਦ ਕੀਤਾ ਸੀ ਪਰ ਉਮਰ ਕਰਕੇ ਉਹ ਪੱਛੜ ਗਏ। ਇੱਕ ਵਰਗ ਨੇ 78 ਸਾਲਾ ਬਿ੍ਰੰਦਾ ਕਰਤ ਦੀ ਹਮਾਇਤ ਕੀਤੀ ਸੀ ਜਦਕਿ ਕੁਝ ਹੋਰ ਮਾਣਿਕ ਸਰਕਾਰ ਨੂੰ ਜਨਰਲ ਸਕੱਤਰ ਬਣਾਉਣਾ ਚਾਹੁੰਦੇ ਸੀ ਪਰ ਪਾਰਟੀ ਨੇ ਇਨ੍ਹਾਂ ਨੂੰ ਉਮਰ ਹੱਦ (75) ਵਿੱਚ ਛੋਟ ਨਹੀਂ ਦਿੱਤੀ।

ਨਵੇਂ ਚੁਣੇ ਗਏ ਪੋਲਿਟ ਬਿਊਰੋ ਦੇ 18 ਮੈਂਬਰ ਹੋਣਗੇ। ਪਹਿਲਾਂ 17 ਹੁੰਦੇ ਸਨ। ਪੋਲਿਟ ਬਿਊਰੋ ਵਿੱਚ 8 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਪ੍ਰਕਾਸ਼ ਕਰਤ, ਬਿ੍ਰੰਦਾ ਕਰਤ ਤੇ ਤਿ੍ਰਪੁਰਾ ਦੇ ਸਾਬਕਾ ਮੁੱਖ ਮੰਤਰੀ ਮਾਣਿਕ ਸਰਕਾਰ ਸਣੇ 8 ਮੈਂਬਰਾਂ ਨੂੰ 75 ਸਾਲ ਤੋਂ ਉੱਪਰ ਦੇ ਹੋਣ ਕਰਕੇ ਪੋਲਿਟ ਬਿਊਰੋ ਵਿੱਚੋਂ ਹਟਾਇਆ ਗਿਆ ਹੈ। 

ਬਾਹਰ ਹੋਣ ਵਾਲਿਆਂ ਵਿੱਚ ਸੂਰੀਆਕਾਂਤ ਮਿਸ਼ਰਾ, ਸੁਭਾਸਨੀ ਅਲੀ, ਸ੍ਰੀਨਿਵਾਸ ਰਾਓ ਤੇ ਜੀ ਰਾਮਾਕ੍ਰਿਸ਼ਨਨ ਵੀ ਹਨ। ਵਿਸ਼ੇਸ਼ ਗੱਲ ਇਹ ਵੀ ਕਿ 75 ਸਾਲ ਦੀ ਹੱਦ ਤੋਂ ਸਿਰਫ ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ (79) ਨੂੰ ਛੋਟ ਦਿੱਤੀ ਗਈ ਹੈ। ਨਵੇਂ ਪੋਲਿਟ ਬਿਊਰੋ ਮੈਂਬਰਾਂ ਵਿੱਚ ਪਿਨਾਰਾਈ ਵਿਜਯਨ, ਬੀ ਵੀ ਰਘਾਵੁੱਲੂ, ਤਪਨ ਸੇਨ, ਨਿਲੋਤਪਲ ਬਾਸੂ, ਮੁਹੰਮਦ ਸਲੀਮ, ਏ ਵਿਜੇਰਾਘਵਨ, ਅਸ਼ੋਕ ਧਵਾਲੇ, ਰਾਮਚੰਦਰ ਡੋਮੇ, ਐੱਮ ਵੀ ਗੋਵਿੰਦਨ, ਕਿਸਾਨ ਸਭਾ ਦੇ ਜਨਰਲ ਸਕੱਤਰ ਵਿਜੂ ਕ੍ਰਿਸ਼ਨਨ, ਆਲ ਇੰਡੀਆ ਡੈਮੋਕਰੇਟਿਕ ਵੋਮੈਨਜ਼ ਐਸੋਸੀਏਸ਼ਨ ਦੀ ਜਨਰਲ ਸਕੱਤਰ ਮਰੀਅਮ ਧਵਾਲੇ, ਲੋਕ ਸਭਾ ਮੈਂਬਰ ਅਮਰਾ ਰਾਮ, ਅਰੁਣ ਕੁਮਾਰ, ਯੂ ਵਾਸੂਕੀ, ਕੇ ਬਾਲਾਕ੍ਰਿਸ਼ਨਨ, ਜਤਿੰਦਰ ਚੌਧਰੀ, ਸ੍ਰੀਦੀਪ ਭੱਟਾਚਾਰੀਆ, ਅਰੁਣ ਕੁਮਾਰ ਤੇ ਐੱਮ ਏ ਬੇਬੀ ਸ਼ਾਮਲ ਹਨ।

ਐਤਕੀਂ 85 ਮੈਂਬਰੀ ਕੇਂਦਰੀ ਕਮੇਟੀ ਵਿੱਚ 17 ਮਹਿਲਾਵਾਂ ਸਣੇ 30 ਨਵੇਂ ਮੈਂਬਰ ਪਾਏ ਗਏ ਹਨ। ਪ੍ਰਕਾਸ਼ ਕਰਤ, ਬ੍ਰਿੰਦਾ ਕਰਾਤ, ਮਾਣਿਕ ਸਰਕਾਰ, ਸੁਭਾਸਨੀ ਅਲੀ, ਐੱਸ ਰਾਮਾਚੰਦਰਨ ਪਿੱਲੈ, ਬਿਮਾਨ ਬਾਸੂ ਤੇ ਹਨਨ ਮੋਲ੍ਹਾ ਕੇਂਦਰੀ ਕਮੇਟੀ ਵਿੱਚ ਸਪੈਸ਼ਲ ਇਨਵਾਇਟੀ ਹੋਣਗੇ। ਰਾਜ ਸਭਾ ਮੈਂਬਰ ਜੌਹਨ ਬਿ੍ਰਟਸ, ਸੁਧਾਨਵਾ ਦੇਸ਼ਪਾਂਡੇ, ਬਾਲ ਸਿੰਘ ਤੇ ਸੁਦੀਪ ਦੱਤਾ ਕੇਂਦਰੀ ਕਮੇਟੀ ਦੇ ਪਰਮਾਨੈਂਟ ਇਨਵਾਇਟੀ ਬਣਾਏ ਗਏ ਹਨ।

ਪਾਰਟੀ ਢਾਂਚੇ ਵਿੱਚ ਇਹ ਤਬਦੀਲੀਆਂ ਉਦੋਂ ਹੋਈਆਂ ਹਨ, ਜਦੋਂ ਪਾਰਟੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਖੁਸਦੇ ਜਾ ਰਹੇ ਜਨਤਕ ਆਧਾਰ ਨੂੰ ਬਚਾਉਣ ਲਈ ਯਤਨਸ਼ੀਲ ਹੈ। ਇਸ ਵੇਲੇ ਪਾਰਟੀ ਸਿਰਫ ਕੇਰਲਾ ਵਿੱਚ ਖੱਬੇ ਭਾਈਵਾਲਾਂ ਨਾਲ ਮਿਲ ਕੇ ਸਰਕਾਰ ਚਲਾ ਰਹੀ ਹੈ।

No comments:

Post a Comment