Wednesday, January 21, 2026

ਮਾਨਸਾ: ਸ਼ਹੀਦ ਲਾਭ ਸਿੰਘ ਦੀ 45ਵੀਂ ਬਰਸੀ ਮੌਕੇ ਉਠਾਏ ਗਏ ਭਖਵੇਂ ਮੁੱਦੇ

Sukhdarshan Natt on 21st January 2026 at 18:29 Regarding Meet Remembering Comrade Labh Singh

ਖੱਬੀਆਂ ਧਿਰਾਂ ਦੇ ਲੋਕ ਐਕਸ਼ਨ ਹੋਣ ਲੱਗੇ ਹੋਰ ਤੇਜ਼ 


ਮਾਨਸਾ
: 21 ਜਨਵਰੀ 2026: (ਮੀਡੀਆ ਲਿੰਕ 32//ਕਾਮਰੇਡ ਸਕਰੀਨ ਡੈਸਕ)::

ਜਨਤਾ ਤੇ ਇਨਕਲਾਬੀ ਲਹਿਰ ਅਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਦੀ ਹੈ, ਇਸ ਦਾ ਪ੍ਰਮਾਣ ਹੈ ਸੂਬੇ ਵਿੱਚ ਵਧੇ ਹੋਏ ਬੱਸ ਕਿਰਾਏ ਖਿਲਾਫ ਅੰਦੋਲਨ ਵਿੱਚ 21 ਜਨਵਰੀ 1981 ਨੂੰ ਪਿੰਡ ਰੱਲਾ ਵਿਖੇ ਪੁਲਿਸ ਫਾਇਰਿੰਗ ਵਿੱਚ ਸ਼ਹੀਦ ਹੋਏ ਕਾਮਰੇਡ ਲਾਭ ਸਿੰਘ ਦੀ ਇਥੇ ਪੈਨਸ਼ਨਰਜ਼ ਭਵਨ ਵਿਖੇ ਉਤਸ਼ਾਹ ਪੂਰਵਕ ਮਨਾਈ ਗਈ ਪੰਤਾਲੀਵੀਂ ਬਰਸੀ। ਇਸ ਮੌਕੇ ਯਾਦਗਾਰ ਕਮੇਟੀ ਵਲੋਂ ਸ਼ਹੀਦ ਲਾਭ ਸਿੰਘ ਦੀ ਜੀਵਨ ਸਾਥਣ ਅੰਗਰੇਜ਼ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ।

ਸ਼ਹੀਦ ਲਾਭ ਸਿੰਘ ਯਾਦਗਾਰ ਕਮੇਟੀ ਮਾਨਸਾ ਵਲੋਂ ਕਾਮਰੇਡ ਲਾਭ ਸਿੰਘ ਦੇ ਸ਼ਹਾਦਤ ਦਿਵਸ ਨੂੰ ਇਕ ਕਨਵੈਨਸ਼ਨ ਦੇ ਰੂਪ ਵਿੱਚ ਮਨਾਇਆ ਗਿਆ। ਇਸ ਕਨਵੈਨਸ਼ਨ ਦੌਰਾਨ ਵਿਸ਼ਾ ਮਾਹਿਰਾਂ ਅਤੇ ਪ੍ਰਮੁੱਖ ਆਗੂਆਂ ਵਲੋਂ ਹਾਜ਼ਰੀਨ ਨੂੰ ਪੰਜ ਵਿਸ਼ਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਦਾਨ ਕੀਤੀ। ਮਹਿਮਾਨ ਬੁਲਾਰੇ ਇੰਜੀ. ਦਰਸ਼ਨ ਸਿੰਘ ਭੁੱਲਰ ਰਿਟਾ. ਡਿਪਟੀ ਚੀਫ਼ ਇੰਜੀਨੀਅਰ ਪੀਐਸਪੀਸੀਐਲ ਨੇ ਬਿਜਲੀ ਸੋਧ ਬਿੱਲ ਬਾਰੇ, ਸੁਖਦਰਸ਼ਨ ਸਿੰਘ ਨੱਤ ਆਗੂ ਸੀਪੀਆਈ ਐਮ ਐਲ ਲਿਬਰੇਸ਼ਨ ਨੇ ਮਨਰੇਗਾ ਦੀ ਜਗ੍ਹਾ ਲਿਆਂਦੇ ਨਵੇਂ ਕਾਨੂੰਨ 'ਵਿਕਸਤ ਭਾਰਤ - ਗ੍ਰਾਮੀਣ ਰੁਜ਼ਗਾਰ ਤੇ ਆਜੀਵਿਕਾ ਮਿਸ਼ਨ' ਬਾਰੇ, ਸੁਖਦੇਵ ਸਿੰਘ ਭੁਪਾਲ ਆਗੂ ਐਨਐਚਸੀਪੀਐਮ ਨੇ ਅਰਾਵਲੀ ਪਰਬਤ ਮਾਲਾ ਅਤੇ ਵਾਤਾਵਰਨ ਦੇ ਵਿਨਾਸ਼ ਬਾਰੇ, ਡਾਕਟਰ ਦਰਸ਼ਨ ਪਾਲ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਨਵੇਂ ਬੀਜ ਐਕਟ ਬਾਰੇ ਅਤੇ ਮੁਖਤਿਆਰ ਸਿੰਘ ਪੂਹਲਾ ਆਗੂ ਇਨਕਲਾਬੀ ਕੇਂਦਰ ਪੰਜਾਬ ਨੇ ਨਵੀਂ ਸਿੱਖਿਆ ਨੀਤੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸਾਰੇ ਬੁਲਾਰਿਆਂ ਦਾ ਸਾਂਝਾ ਮੱਤ ਸੀ ਕਿ ਪੁਰਾਣੇ ਕਾਨੂੰਨਾਂ ਵਿੱਚ ਜੋ ਕੁਝ ਵੀ ਲੋਕਾਈ ਦੇ ਪੱਖ ਵਿੱਚ ਸੀ, ਮੋਦੀ ਸਰਕਾਰ ਉਨ੍ਹਾਂ ਮੱਦਾਂ ਨੂੰ ਖ਼ਾਰਜ ਕਰਕੇ ਉਨਾਂ ਕਾਨੂੰਨਾਂ ਨੂੰ ਕਾਰਪੋਰੇਟ ਕੰਪਨੀਆਂ ਦੇ ਪੱਖ ਵਿੱਚ ਨਵੇਂ ਸਿਰੇ ਤੋਂ ਘੜ ਰਹੀ ਹੈ।

ਇੰਜੀ: ਦਰਸ਼ਨ ਸਿੰਘ ਭੁੱਲਰ ਨੇ ਇਥੇ ਬੋਲਦਿਆਂ ਕਿਹਾ ਕਿ ਬਿਜਲੀ ਖੇਤਰ ਦਾ ਨਿੱਜੀਕਰਨ ਦਰਅਸਲ ਸੰਸਾਰ ਬੈਂਕ ਦਾ ਅਜੰਡਾ ਹੈ, ਜਦੋਂ ਕਿ ਇਹ ਪਹਿਲਾਂ ਹੀ 13 ਦੇਸ਼ਾਂ ਵਿੱਚ ਬੁਰੀ ਤਰ੍ਹਾਂ ਅਸਫਲ ਹੋ ਚੁੱਕਾ ਹੈ। ਸਰਕਾਰ ਪੰਜ ਸਾਲਾਂ ਵਿਚ ਕਰਾਸ ਸਬਸਿਡੀ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗੀ, ਸਿੱਟੇ ਵਜੋਂ ਘਰੇਲੂ ਬਿਜਲੀ ਦਾ ਰੇਟ ਵੀ ਕਮਰਸੀਅਲ ਬਿਜਲੀ ਦੇ ਬਰਾਬਰ ਹੋਣ ਕਰਕੇ ਬਿਜਲੀ ਮਹਿੰਗੀ ਹੋ ਜਾਵੇਗੀ। ਉਨ੍ਹਾਂ ਦਸਿਆ ਕਿ ਮੋਦੀ ਸਰਕਾਰ ਵਲੋਂ ਕੋਲਾ ਸਪਲਾਈ ਵਿੱਚ ਪਾਏ ਵੱਡੇ ਵਿਚੋਲਿਆਂ ਕਰਕੇ ਇੰਡੋਨੇਸ਼ੀਆ ਤੋਂ ਸਾਡੇ ਤੱਕ ਪਹੁੰਚਦੇ ਕੋਲੇ ਦੀ ਕੀਮਤ ਵਿੱਚ ਤਿੰਨ ਗੁਣਾ ਵਾਧਾ ਹੋ ਰਿਹਾ ਹੈ। ਉਨ੍ਹਾਂ ਇਹ ਹੈਰਾਨੀਜਨਕ ਤੱਥ ਵੀ ਸਾਂਝਾ ਕੀਤਾ ਕਿ ਦੂਜੇ ਸੂਬਿਆਂ ਤੋਂ ਲਈ ਜਾਣ ਵਾਲੀ ਸੋਲਰ ਬਿਜਲੀ 2.77 ਪੈਸੇ ਪ੍ਰਤੀ ਯੂਨਿਟ ਮਿਲ਼ਦੀ ਹੈ, ਜਦੋਂ ਕਿ ਖੁਦ ਪੰਜਾਬ ਦੇ ਅੰਦਰੋਂ ਇਹ ਪ੍ਰਤੀ ਯੂਨਿਟ 5.29 ਪੈਸੇ ਖਰੀਦੀ ਜਾ ਰਹੀ ਹੈ। ਇਹ ਚਮਤਕਾਰ ਸਰਕਾਰਾਂ ਵਲੋਂ ਕਮਿਸ਼ਨ ਖਾ ਕੇ ਕੀਤੇ ਗ਼ਲਤ ਸੌਦਿਆਂ ਦਾ ਹੀ ਨਤੀਜਾ ਹੈ। ਇਸੇ ਤਰ੍ਹਾਂ ਪ੍ਰਾਈਵੇਟ ਸੋਲਰ ਪਾਵਰ ਪਲਾਂਟਾਂ ਤੋਂ ਮਹਿੰਗੀ ਬਿਜਲੀ ਖਰੀਦਣ ਲਈ ਕੇਂਦਰ ਸਰਕਾਰ ਸੂਬਿਆਂ ਲਈ ਜਬਰੀ ਕੋਟੇ ਤਹਿ ਕਰ ਰਹੀ ਹੈ। ਇਹ ਕੁਝ ਕਰਨ ਲਈ ਹੀ ਕੇਂਦਰੀ ਇਲੈਕਟਰੀਸਟੀ ਕੌਂਸਲ ਵਿੱਚ ਨਾ ਕਿਸੇ ਮਾਹਿਰ ਇੰਜੀਨੀਅਰ ਦੀ ਰਾਏ ਲਈ ਜਾਂਦੀ ਹੈ ਤੇ ਨਾ ਹੀ ਉਨ੍ਹਾਂ ਨੂੰ ਕੌਂਸਿਲ ਵਿੱਚ ਮੈਂਬਰ ਲਿਆ ਜਾਂਦਾ ਹੈ।

ਉੱਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਰੱਲੇ ਦੀ ਲੜਕੀ ਐਡਵੋਕੇਟ ਦਿਲਜੋਤ ਸ਼ਰਮਾ ਦੀ ਭੇਤਭਰੀ ਮੌਤ ਬਾਰੇ ਲੁਧਿਆਣਾ ਪੁਲਿਸ ਵਲੋਂ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਕੱਲ ਨੂੰ ਐਸਐਸਪੀ ਮਾਨਸਾ ਦੇ ਦਫ਼ਤਰ ਸਾਹਮਣੇ ਦਿੱਤੇ ਜਾ ਰਹੇ ਰੋਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਹੋਣ। 

ਕਮੇਟੀ ਮੈਂਬਰ ਸੁਰਿੰਦਰ ਪਾਲ ਸ਼ਰਮਾ ਵਲੋਂ ਪੰਜ ਮਤੇ ਪੇਸ਼ ਕਰਕੇ ਪ੍ਰਵਾਨਗੀ ਲਈ ਗਈ। ਇੰਨਾਂ ਮਤਿਆਂ ਵਿਚ ਮੰਗ ਕੀਤੀ ਗਈ ਕਿ ਪੁਲਿਸ ਐਡਵੋਕੇਟ ਦਿਲਜੋਤ ਕੌਰ ਦੀ ਮੌਤ ਬਾਰੇ ਨਿਰਪੱਖਤਾ ਨਾਲ ਜਾਂਚ ਕਰੇ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ ਨੂੰ ਰਿਹਾਅ ਕੀਤਾ ਜਾਵੇ, ਪੰਜਾਬ ਸਰਕਾਰ ਸੁਆਲ ਪੁੱਛਣ ਬਦਲੇ ਪੱਤਰਕਾਰਾਂ ਤੇ ਐਕਟਵਿਸਟਾਂ ਖਿਲਾਫ ਦਰਜ ਕੇਸ ਵਾਪਸ ਲਵੇ, ਲੋਕ ਆਵਾਜ਼ ਟੀਵੀ ਚੈਨਲ ਦਾ ਫੇਸਬੁੱਕ ਪੇਜ ਬਹਾਲ ਕੀਤਾ ਜਾਵੇ, ਸਿੱਖ ਬੰਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਅਤੇ ਉਮਰ ਖ਼ਾਲਿਦ ਵਾਂਗ ਝੂਠੇ ਕੇਸਾਂ ਵਿੱਚ ਜੇਲ੍ਹਾਂ ਵਿੱਚ ਬੰਦ ਸਾਰੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ। ਕਨਵੈਨਸ਼ਨ ਦਾ ਮੰਚ ਸੰਚਾਲਨ ਜਗਰਾਜ ਸਿੰਘ ਰੱਲਾ ਨੇ ਕੀਤਾ। ਇਨਕਲਾਬੀ ਗਾਇਕਾਂ ਅਜਮੇਰ ਅਕਲੀਆ ਅਤੇ ਜਗਦੇਵ ਭੁਪਾਲ ਨੇ ਜ਼ੋਸ਼ੀਲੇ ਗੀਤ ਸੁਣਾ ਕੇ ਮਾਹੌਲ ਨੂੰ ਗਰਮਾਇਆ। 

ਇਸ ਕਨਵੈਨਸ਼ਨ ਵਿੱਚ ਯਾਦਗਾਰ ਕਮੇਟੀ ਦੇ ਕਨਵੀਨਰ ਹਰਗਿਆਨ ਢਿੱਲੋਂ, ਮਨਿੰਦਰ ਸਿੰਘ, ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਨਛੱਤਰ ਸਿੰਘ ਖੀਵਾ, ਆਈਡੀਪੀ ਆਗੂ ਕਰਨੈਲ ਸਿੰਘ ਜਖੇਪਲ, ਤਾਰਾ ਚੰਦ ਬਰੇਟਾ, ਭਜਨ ਸਿੰਘ ਘੁੰਮਣ, ਬੀਕੇਯੂ ਡਕੌਂਦਾ ਦੇ ਆਗੂ ਮੱਖਣ ਸਿੰਘ ਭੈਣੀਬਾਘਾ, ਮਨਜੀਤ ਮਾਨ, ਕੌਰ ਸਿੰਘ, ਆਇਸਾ ਆਗੂ ਸੁਖਜੀਤ ਰਾਮਾਨੰਦੀ, ਮਜ਼ਦੂਰ ਮੁਕਤੀ ਮੋਰਚਾ ਦੇ ਬਲਵਿੰਦਰ ਘਰਾਂਗਣਾਂ, ਅਜੈਬ ਸਿੰਘ, ਸੁਖਦੇਵ ਪਾਂਧੀ, ਗੁਰਲਾਭ ਸਿੰਘ, ਡੀਟੀਐਫ ਦੇ ਪ੍ਰਧਾਨ ਅਮੋਲਕ ਡੇਲੂਆਣਾ ਸਮੇਤ ਸੈਂਕੜੇ ਆਗੂ ਤੇ ਵਰਕਰ ਹਾਜ਼ਰ ਸਨ। ਅੰਤ ਵਿੱਚ ਪੈਨਸ਼ਨਰਜ਼ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਸਿਕੰਦਰ ਸਿੰਘ ਘਰਾਂਗਣਾਂ ਵਲੋਂ ਸਾਰੇ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।

No comments:

Post a Comment