ਫ਼ਿਰਕੂ ਤੇ ਫ਼ਾਸ਼ੀਵਾਦੀ ਮੋਦੀ ਸਰਕਾਰ ਨੂੰ ਖਦੇੜਨ ਦੀ ਲੋੜ 'ਤੇ ਵੀ ਜ਼ੋਰ
ਲੁਧਿਆਣਾ: 23 ਮਾਰਚ 2019: (ਕਾਮਰੇਡ ਸਕਰੀਨ ਟੀਮ)::
ਸੀਪੀਆਈ ਨੇ ਅੱਜ ਸ਼ਹੀਦੀ ਦਿਵਸ ਦੇ ਮੌਕੇ 'ਤੇ ਲੋਕ ਸ਼ਕਤੀਆਂ ਨੂੰ ਦਰਪੇਸ਼ ਮਸਲਿਆਂ ਦੇ ਨਾਲ ਨਾਲ ਚੁਣੌਤੀਆਂ ਨੂੰ ਵੀ ਕਬੂਲ ਕੀਤਾ। ਸੀਪੀਆਈ ਲੁਧਿਆਣਾ ਨੇ ਅੱਜ ਸ਼ਹੀਦੀ ਦਿਵਸ ਉਸ ਸੜਕ 'ਤੇ ਮਨਾਇਆ ਜਿਥੋਂ ਦੀ ਝੁੱਗੀ ਝੋਂਪੜੀ ਉੱਤੇ ਇਸ ਮਕਸਦ ਨਾਲ ਬੁਲਡੋਜ਼ਰ ਚਲਾ ਦਿੱਤਾ ਗਿਆ ਸੀ ਕਿ ਅਜਿਹੇ ਐਕਸ਼ਨ ਨਾਲ ਲੋਕ ਸ਼ਕਤੀ ਡਰ ਜਾਏਗੀ ਅਤੇ ਸੀਪੀਆਈ ਦਾ ਅਧਾਰ ਕਮਜ਼ੋਰ ਹੋ ਜਾਏਗਾ। ਪਾਰਟੀ ਨੇ ਇਸ ਘਟਨਾ ਤੋਂ ਕਈ ਮਹੀਨਿਆਂ ਬਾਅਦ ਅੱਜ ਉਸੇ ਮੁਖ ਸੜਕ 'ਤੇ ਸਮਾਗਮ ਕਰਕੇ ਇਹ ਸਾਬਿਤ ਕੀਤਾ ਕਿ ਅਸੀਂ ਅਜੇ ਵੀ ਕਾਇਮ ਹਾਂ। ਇਸ ਸਮਾਗਮ ਦੀ ਸਟੇਜ ਤੋਂ ਜਿੱਥੇ ਮੋਦੀ ਸਰਕਾਰ ਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ ਗਿਆ ਉੱਥੇ ਸਮੇਂ ਸਮੇਂ ਆਈਆਂ ਕਾਂਗਰਸ ਸਰਕਾਰਾਂ ਨੂੰ ਵੀ ਬਰਾਬਰ ਦੇ ਨਿਸ਼ਾਨੇ 'ਤੇ ਰੱਖਿਆ ਗਿਆ। ਪਾਰਟੀ ਦੇ ਸਰਗਰਮ ਆਗੂ ਐਸ ਪੀ ਸਿੰਘ ਨੇ ਬਾਕਾਇਦਾ ਇਹਨਾਂ ਦੋਹਾਂ ਸਰਕਾਰਾਂ ਦਾ ਨਾਮ ਲੈ ਕੇ ਦੱਸਿਆ ਕਿ ਇਹ ਸਾਡੀਆਂ ਹੀ ਗਲਤੀਆਂ ਕਾਰਨ ਬਣੀਆਂ ਸਨ ਇਸ ਲਈ ਇਸ ਵਾਰ ਆਪਣੀ ਵੋਟ ਦੀ ਵਰਤੋਂ ਬੜੀ ਸੋਚ ਸਮਝ ਕੇ ਕੀਤੀ ਜਾਏ।
ਕਾਮਰੇਡ ਰਮੇਸ਼ ਰਤਨ ਨੇ ਕਿਹਾ ਕਿ ਭਗਤ ਸਿੰਘ ਦੇ ਵਿਚਾਰਾਂ ਤੋਂ ਅੱਜ ਵੀ ਮਾਰਗ ਦਰਸ਼ਨ ਮਿਲਦਾ ਹੈ ਇਸ ਲਈ ਇਹ ਮਾਰਗਦਰਸ਼ਨ ਲੈ ਕੇ ਹੀ ਅਸੀਂ ਅਸਲੀ ਆਜ਼ਾਦੀ ਦਾ ਸੁਪਨਾ ਸਾਕਾਰ ਕਰਨ ਵਾਲੇ ਪਾਸੇ ਅੱਗੇ ਵੱਧ ਸਕਦੇ ਹਾਂ। ਜ਼ਿਕਰਯੋਗ ਹੈ ਕਿ ਅਮਰ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਸੁਖਦੇਵ ਜਿਹਨਾਂ ਨੇ ਭਰ ਜਵਾਨੀ ਵਿੱਚ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਆਪਣੇ ਜੀਵਨ ਦਾ ਬਲਿਦਾਨ ਦਿੱਤਾ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਭਾਰਤੀ ਕਮਿਉਨਿਸਟ ਪਾਰਟੀ ਲੁਧਿਆਣਾ ਵਲੋਂ ਅੱਜ ਵਾਈ ਬਲਾਕ ਮੋੜ, ਰਿਸ਼ੀ ਨਗਰ ਵਿਖੇ ਜਨਤਕ ਸਮਾਗਮ ਕੀਤਾ ਗਿਆ।ਇਸ ਵਿੱਚ ਸੈਂਕੜਿਆਂ ਦੇ ਗਿਣਤੀ ਤੀ ਵਿੱਚ ਲੋਕਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਤੇ ਬੋਲਦਿਆਂ ਜ਼ਿਲ੍ਹਾ ਸਹਾਇਕ ਸਕੱਤਰ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਭਗਤ ਸਿੰਘ ਨੂੰ ਸ਼ਹੀਦੇ ਆਜ਼ਮ ਆਖਿਆ ਗਿਆ ਹੈ ਕਿਉਂਕਿ ਉਹਨਾਂ ਦੀ ਸੋਚ ਦੂਰ ਤੱਕ ਜਾਂਦੀ ਸੀ ਤੇ ਉਹਨਾਂ ਤੇ ਉਹਨਾਂ ਦੇ ਇਨਕਲਾਬੀ ਸਾਥੀਆਂ ਨੇ ਅਜ਼ਾਦੀ ਦੇ ਸੰਘਰਸ਼ ਦਾ ਬਰਤਾਨਵੀ ਸਰਕਾਰ ਨੂੰ ਭਜਾਉਣਾ ਇੱਕ ਹਿੱਸਾ ਸੀ ਤੇ ਦੂਜਾ ਭਾਗ ਅਜ਼ਾਦੀ ਉਪਰੰਤ ਦੇਸ਼ ਵਿੱਚ ਲੋਕਾਂ ਦਾ ਨਿਜ਼ਾਮ ਸਥਾਪਿਤ ਕਰਨਾ ਸੀ। ਸਾਡੇ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਹਰ ਵਰਗ ਦੇ ਲੋਕਾਂ, ਇਸਤ੍ਰੀਆਂ ਪੁਰਸ਼ਾਂ, ਕਿਸਾਨਾ, ਮਜ਼ਦੂਰਾਂ, ਖੇਤ ਮਜ਼ਦੂਰਾਂ, ਨੌਜਵਾਨਾ ਤੇ ਵਿਦਿਆਰਥੀਆਂ ਨੇ ਭਰਪੂਰ ਯੋਗਦਾਨ ਪਾਇਆ। ਸ਼ਹੀਦਾਂ ਨੇ ਦੇਸ਼ ਦੀ ਅਜ਼ਾਦੀ ਵਿੱਚ ਕੁਰਬਾਨੀਆਂ ਦੇ ਕੇ ਨੌਜਵਾਨ ਪੀੜ੍ਹੀ ਨੂੰ ਪਰੇਰਿਆ ਤੇ ਇੱਕ ਧਰਮ ਨਿਰਪੱਖ ਨਿਆਂ ਅਤੇ ਬਰਾਬਰੀ ਤੇ ਅਧਾਰਿਤ ਸਮਾਜ ਦੀ ਸਿਰਜਣਾ ਦਾ ਪ੍ਰਣ ਲਿਆ। ਅੱਜ ਦੁੱਖ ਦੀ ਗੱਲ ਹੈ ਕਿ ਉਹ ਲੋਕ ਸੱਤਾ ਵਿੱਚ ਬੈਠੇ ਹਨ ਜਿਹਨਾਂ ਨੇ ਅਜ਼ਾਦੀ ਦੇ ਸੰਘਰਸ਼ ਵਿੱਚ ਇੱਕ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ। ਇਸਦੇ ਉਲਟ ਆਰ ਐਸ ਐਸ ਦੇ ਵਿਚਾਰਕ ਗੋਲਵਲਕਰ ਨੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪੱਥ ਭਿ੍ਰਸ਼ਟ ਦੱਸਿਆ। ਆਰ ਐਸ ਐਸ ਦੀ ਥਾਪੜੀ ਇਹ ਸਰਕਾਰ ਪੂਰੀ ਤਰਾਂ ਕਾਰਪੋਰੇਟ ਪੱਖੀ ਹੈ ਤੇ ਭਗਤ ਸਿੰਘ ਦੇ ਵਿਚਾਰਾਂ ਦੇ ਪੂਰੀ ਤਰਾਂ ਉਲਟ ਹੈ। ਇਹਨਾਂ ਦੀ ਸਮੂਚੀ ਸੋਚ ਸ਼ਹੀਦਾਂ ਦੇ ਸੁਪਨਿਆਂ ਦੇ ਪੂਰੀ ਤਰਾਂ ਉਲਟ ਹੈ ਤੇ ਇਹ ਸਮਾਜ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ।
ਇਹ ਕੌਮੀ ਤੇ ਕੋਮਾਂਤ੍ਰੀ ਕਾਰਪੋਰੇਟ ਜਗਤ ਦੀਆਂ ਸੇਵਾਵਾਂ ਵਿੱਚ ਲੱਗੇ ਹੋਏ ਹਨ ਤੇ ਕਾਮਿਆਂ ਤੇ ਛੋਟੇ ਦੁਕਾਨਦਾਰਾਂ ਤੇ ਉਦਮੀਆਂ ਦੇ ਹਿੱਤਾਂ ਦੇ ਖ਼ਿਲਾਫ਼ ਕੰਮ ਕਰ ਰਹੇ ਹਨ। ਆਉਂਦੀਆਂ ਚੋਣਾ ਵਿੱਚ ਰਾਜਨੀਤਿਕ ਪਰਚਾਰ ਦੇ ਪੱਧਰ ਨੂੰ ਨੀਵਾਂ ਕਰ ਦਿੱਤਾ ਗਿਆ ਹੈ ਤੇ ਇਸਨੂੰ ਜੁਮਲੇਬਾਜ਼ੀ ਤੇ ਮਾਅਰਕੇਬਾਜ਼ੀ ਤੱਕ ਸੀਮਤ ਕਰ ਦਿੱਤਾ ਗਿਅ ਹੈ। ਇਹ ਸਰਕਾਰ ਪਿਛਲੀਆਂ ਚੋਣਾਂ ਦੌਰਾਨ ਕੀਤੇ ਵਾਅਦੇ ਜਿਵੇਂ ਕਿ 15 ਲੱਖ ਰੁਪਏ ਹਰ ਇੱਕ ਦੀ ਜੇਬ ਵਿੱਚ, ਹਰ ਸਾਲ 2 ਕਰੋੜ ਨੌਕਰੀਆਂ, ਪੈਟ੍ਰੋਲ ਤੇ ਡੀਜ਼ਲ ਦਾ ਭਾਅ 25 ਰੁਪਏ ਲੀਟਰ ਕਰਨਾ, ਮਹਿੰਗਾਈ ਤੇ ਨੱਥ ਪਾਉਣੀ, ਇਸਤ੍ਰੀਆਂ ਦੀ ਸੁੱਰਖਿਆ, ਕਿਸਾਨਾਂ ਦੀਆਂ ਜਿਣਸਾਂ ਦੇ ਵਾਜਬ ਭਾਅ ਤੇ ਉਹਨਾਂ ਦੀਆਂ ਆਤਮ ਹੱਤਿਆਵਾਂ ਰੋਕਣੀਆਂ, ਕਾਲਾ ਧਨ ਵਿਦੇਸ਼ਾਂ ਚੋਂ ਵਾਪਸ ਲਿਆਉਣਾ, ਹਰਪ ਾਸੇ ਅਸਫ਼ਲ ਰਹੀ ਹੈ। ਲੋਕਾਂ ਦੀਆਂ ਧਾਰਮਿਕ ਭਾਵਨਵਾਂ ਨੂੰ ਭੜਕਾਇਆ ਜਾ ਰਿਹ ਹੈ ਤੇ ਘੱਟ ਗਿਣਤੀਆਂ ਅਤੇ ਦਲਿਤਾਂ ਤੇ ਹਮਲੇ ਕੀਤੇ ਜਾ ਰਹੇ ਹਨ। ਸਭ ਨੂੰ ਸਮੋਅ ਲੈਣ ਵਾਲੇ ਹਿੰਦੂ ਧਰਮ ਨੂੰ ਵੀ ਸੌੜੀ ਵਿਚਾਰਧਾਰਾ ਵਾਲਾ ਕੀਤਾ ਜਾ ਰਿਹਾ ਹੈ। ਸਾਡੇ ਬਹਾਦੁਰ ਫ਼ੌਜੀਆਂ ਦੀਆਂ ਸ਼ਹੀਦੀਆਂ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਦੇ ਲਈ ਵਰਤਿਆ ਜਾ ਰਿਹਾ ਹੈ।
ਇਹਨਾਂ ਨੂੰ ਹਰਾਉਣਾ ਅੱਜ ਪਰਮੁੱਖ ਰਾਜਨੀਤਿਕ ਤੇ ਸਮਾਜੀ ਜੁੰਮੇਵਾਰੀ ਹੈ। ਹੈ। ਕਾ: ਬਰਾੜ ਨੇ ਕਿਹਾ ਕਿ ਭਾਰਤੀ ਕਮਿਉਨਿਸਟ ਪਾਰਟੀ ਨੇ 1990ਵਿਆਂ ਦੇ ਸਮੇਂ ਨਾ ਹਿੰਦੂ ਰਾਜ ਨਾ ਖਾਲਿਸਤਾਨ ਦਾ ਨਾਅਰਾ ਦਿੱਤਾ ਸੀ ਤੇ ਖਾਲਿਸਤਾਨ ਬਣਾੳਣ ਦੀ ਸਾਮਰਾਜੀ ਸਾਜ਼ਿਸ਼ ਨੂੰ ਪਛਾੜਿਆ ਸੀ। ਅੱਜ ਸਾਡੇ ਸ੍ਹਾਮਣੇ ਫਿਰ ਉਸੇ ਕਿਸਮ ਦੀ ਜਿੰਮੇਵਾਰੀ ਹੈ ਤੇ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਕਰਨਾ ਪਰਮੁੱਖ ਕੰਮ ਹੈ।
ਪਾਰਟੀ ਦੇ ਸ਼ਹਿਰੀ ਸਕੱਤਰ ਕਾ: ਰਮੇਸ਼ ਰਤਨ ਸਕੱਤਰ ਸ਼ਹਿਰੀ ਭਾਰਤੀ ਕਮਿਉਨਿਸਟ ਪਾਰਟੀ ਨੇ ਕਿਹਾ ਕਿ ਗਰੀਬ ਲੋਕਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਜਦੋਂ ਇੱਕ ਪਾਸੇ ਮਾਫ਼ੀਆ ਵੱਲ ਢਿੱਲ ਦਿਖਾਈ ਜਾ ਰਹੀ ਹੈ, ਦੂਜੇ ਪਾਸੇ ਗਰੀਬਾਂ ਦੀਆਂ ਝੁੱਗੀਆਂ ਤੱਕ ਵੀ ਢਾਹੀਆਂ ਜਾ ਰਹੀਆਂ ਹਨ। ਕਾ: ਗੁਰਨਾਮ ਸਿੱਧੂ, ਸਹਾਇਕ ਸ਼ਹਿਰੀ ਸਕੱਤਰ ਨੇ ਕਾਨੂੰਨ ਵਿਵਸਥਾ ਦੀ ਵਿਗੜਦੀ ਹਾਲਤ ਦੇ ਲਈ ਪ੍ਰਸ਼ਾਸਨ ਨੂੰ ਜੁੰਮੇਵਾਰ ਠਹਿਰਾਇਆ। ਕਾ: ਐਮ ਐਸ ਭਾਟੀਆ, ਜ਼ਿਲ੍ਹਾ ਵਿੱਤ ਸਕੱਤਰ ਸੀ ਪੀ ਆਈ ਨੇ ਲੋਕਾਂ ਨੂੰ ਸ਼ਹੀਦਾਂ ਦੀ ਯਾਦ ਨੂੰ ਕੇਵਲ ਰਸਮੀ ਨਹੀਂ ਬਲਕਿ ਉਹਨਾਂ ਦੇ ਦਿਖਾਏ ਰਸਤਿਆਂ ਨੂੰ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਜੋੜ ਕੇ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਕਾ: ਕੁਲਵੰਤ ਕੌਰ ਨੇ ਅਜ਼ਾਦੀ ਸੰਘਰਸ਼ ਵਿੱਚ
ਇਸਤ੍ਰੀਆਂ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਔਰਤਾਂ ਤੇ ਪੁਰਸ਼ਾਂ ਨੂੰ ਦੋਨਾਂ ਨੂੰ ਬਰਾਬਰਤਾ ਦੇ ਅਧਾਰ ਤੇ ਸਮਾਜਿਕ ਪਰੀਵਰਤਨ ਲਿਆਉਣੈ ਚਾਹੀਦੇ ਹਨ। ਇਹਨਾਂ ਤੋ ਇਲਾਵਾ ਪਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਕਾ: ਸਰੋਜ ਕੁਮਾਰ, ਕਾ: ਅਨਿਲ ਕੁਮਾਰ, ਰਾਮਾਧਾਰ ਸਿੰਘ, ਰਣਧੀਰ ਸਿੰਘ ਧੀਰਾ, ਵਿਦਿਆਰਥੀ ਆਗੂ ਕੁਮਾਰੀ ਕਾਰਤਿਕਾ ਨੇ ਗੌਰੀ ਲੰਕੇਸ਼ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਇਨਕਲਾਬੀ ਕਵਿਤਾ ਪੜ੍ਹੀ।
ਇਸਤੋਂ ਇਲਾਵਾ ਪਾਰਟੀ ਕਾਰਕੁਨਾਂ ਨੇ ਜਗਰਾਓਂ ਪੁਲ ਤੇ ਸ਼ਹੀਦਾਂ ਦੇ ਬੁੱਤਾਂ ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਤੇ ਰੈਲੀ ਕਰਕੇ ਉਹਨਾਂ ਦੇ ਦਰਸਾਏ ਰਸਤੇ ਤੇ ਚੱਲਣ ਦਾ ਪਰਣ ਲਿਆ। ਇਸ ਵਿੱਚ ਕਾ: ਗੁਰਨਾਮ ਗਿੱਲ, ਕਾ: ਚਰਨ ਸਰਾਭਾ, ਕਾ: ਵਿਜੈ ਕੁਮਾਰ ਆਦਿ ਸ਼ਾਮਲ ਹੋਏ।
ਇਸਦੇ ਨਾਲ ਨਾਲ ਸਲੇਮ ਟਾਬਰੀ ਇਲਾਕੇ ਵਿੱਚ ਸਵੇਰੇ ਖਜੂਰ ਚੌਕ ਵਿੱਚ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਹਾਰ ਪਾਏ ਗਏ ਤੇ ਰੈਲੀ ਕੀਤੀ ਗਈ। ਇਸ ਵਿੱਚ ਕਾ: ਸ਼ਫ਼ੀਕ, ਕਾ: ਵਿਨੋਦ ਕੁਮਾਰ, ਕਾ: ਮਨਜੀਤ ਸਿੰਘ ਬੂਟਾ ਆਦਿ ਸ਼ਾਮਲ ਸਨ।