Sunday, October 4, 2020

ਸ਼ਹਿਰੀ ਮਜ਼ਦੂਰ ਵੀ ਕਿਸਾਨ ਅੰਦੋਲਨ ਨੂੰ ਹਰ ਗਲੀ ਮੁਹੱਲੇ ਤੱਕ ਲਿਜਾਣ ਲੱਗੇ

 7 ਅਕਤੂਬਰ ਦੀ ਟਰੇਡ ਯੂਨੀਅਨ ਰੈਲੀ ਲਈ ਮਜ਼ਦੂਰਾਂ ਨੇ ਕਮਰ ਕੱਸ ਲਈ 


ਲੁਧਿਆਣਾ
: 4 ਅਕਤੂਬਰ 2020: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::

ਕਿਸਾਨ ਅੰਦੋਲਨ ਦਿਨ-ਬ-ਦਿਨ ਤੇਜ਼ੀ ਪਕੜ ਰਿਹਾ ਹੈ। ਪੇਂਡੂ ਇਲਾਕਿਆਂ ਵਿੱਚ ਕਿਸਾਨੀ ਦੀ ਪੂਰੀ ਤਰਾਂ ਚੜ੍ਹਤ ਹੈ। ਕਿਸਾਨਾਂ ਨਾਲ ਹੇਰਾਫੇਰੀਆਂ ਕਰਨ ਵਾਲੇ ਗੱਦਾਰਾਂ ਨੂੰ ਹੁਣ ਜਿੱਥੇ ਕਿਸਾਨਾਂ ਨੇ ਜਨਤਾ ਦੀ ਅਦਾਲਤ ਵਿੱਚ ਲਿਆ ਕੇ ਭਰੇ ਚੁਰਾਹਿਆਂ ਵਿੱਚ ਬੇਨਕਾਬ ਕਰਨਾ ਹੈ ਉੱਥੇ ਮਜ਼ਦੂਰਾਂ ਨੇ ਵੀ ਇਸ  ਐਕਸ਼ਨ ਵਿੱਚ ਸਰਗਰਮ ਰਹਿਣਾ ਹੈ। ਇਸੇ ਡਰ ਕਾਰਨ ਹੁਣ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ  ਵੀ ਕਿਸਾਨਾਂ ਦੇ ਇਕੱਠ ਵਿੱਚ ਆਉਣ ਤੋਂ ਗੁਰੇਜ਼ ਕਰ ਰਹੇ ਹਨ ਅਤੇ ਚੰਡੀਗੜ੍ਹ ਵਰਗੇ ਸ਼ਹਿਰਾਂ  ਦੇ ਬੰਦ ਕਮਰਿਆਂ ਵਿੱਚ ਹੀ ਮੀਡੀਆ ਰਾਹੀਂ ਆਪਣੀਆਂ ਗੱਲਾਂ ਕਰ ਰਹੇ ਹਨ। ਹੁਣ ਟਰੇਡ ਯੂਨੀਅਨਾਂ ਸੱਤ ਅਕਤੂਬਰ ਨੂੰ ਇਤਿਹਾਸਿਕ ਰੈਲੀ ਕਰ ਕੇ ਇਸ ਅੰਦੋਲਨ ਨੂੰ ਸ਼ਹਿਰਾਂ ਦੇ ਵੀ ਹਰ ਕੋਨੇ ਤੱਕ ਲਿਜਾਣਗੀਆਂ। 

ਕਿਸਾਨਾਂ ਦੇ ਇਸ  ਅੰਦੋਲਨ ਨੂੰ ਸ਼ਹਿਰੀ ਅਤੇ ਸਨਅਤੀ ਇਲਾਕਿਆਂ ਵਿੱਚ ਵੀ ਗਰਮਾਉਣ ਵਾਸਤੇ ਮਜ਼ਦੂਰਾਂ ਨੇ ਵੀ ਕਮਰ ਕਸ ਲਈ ਹੈ। ਸਿਆਸੀ ਪਾਰਟੀਆਂ ਨਾਲ ਜੁੜੀਆਂ ਸਾਰੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਨੇ ਸ਼ਹਿਰਾਂ ਦੇ ਹਰ ਗਲੀ  ਮੋਹੱਲੇ ਤੱਕ ਇਸ ਅੰਦੋਲਨ ਨੂੰ ਪਹੁੰਚਾਉਣ ਦਾ ਸੰਕਲਪ ਫਿਰ ਦੁਹਰਾਇਆ ਹੈ।  ਕਿਸਾਨਾਂ ਉੱਤੇ ਕੀਤਾ ਗਿਆ ਇਹ ਬੇਰਹਿਮੀ ਭਰਿਆ ਵਾਰ ਅਸਲ ਵਿੱਚ ਦੇਸ਼ ਦੇ ਹਰ ਕਿਰਤੀ ਅਤੇ ਮੁਲਾਜ਼ਮ ਨੂੰ ਵੀ  ਭੁਗਤਣਾ ਪੈਣਾ ਹੈ। ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਉੱਤੇ ਮਾਰੇ ਗਏ ਇਸ ਡਕੈਤੀ ਵਰਗੇ ਛਾਪੇ ਦੇ ਖਿਲਾਫ ਹੁਣ ਸ਼ਹਿਰਾਂ ਦੇ ਵੀ ਹਰ ਘਰ ਵਿੱਚੋਂ ਵੀ ਆਵਾਜ਼ ਉੱਠਣ ਲੱਗੀ ਹੈ। 

ਮਜ਼ਦੂਰ ਵਰਗ ਦੇ ਇਸ ਫੈਸਲੇ ਨੂੰ ਅਮਲੀ ਰੂਪ ਦੇਣ ਲਈ ਪ੍ਰਮੁੱਖ ਟਰੇਡ ਯੂਨੀਅਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਇੰਟਕ ਦੇ ਸਰਗਰਮ ਆਗੂ ਗੁਰਜੀਤ ਸਿੰਘ ਜਗਪਾਲ, ਏਟਕ ਦੇ ਕਾਮਰੇਡ  ਵਿਜੇ ਕੁਮਾਰ, ਜਮਹੂਰੀ ਅਧਿਕਾਰ ਸਭਾ ਵੱਲੋਂ ਕਾਮਰੇਡ ਜਸਵੰਤ ਸਿੰਘ ਜੀਰਖ,ਸੀਟੂ ਦੇ ਕਾਮਰੇਡ  ਲਾਲ, ਸੀਟੀਯੂ ਦੇ ਕਾਮਰੇਡ ਜਗਦੀਸ਼,  ਸਟੀਲ ਵਰਕਰਜ਼ ਯੂਨੀਅਨ ਦੇ ਕਾਮਰੇਡ ਹਰਜਿੰਦਰ ਸਿੰਘ, ਇਨਕਲਾਬੀ ਮਜ਼ਦੂਰ ਸੰਗਠਨ ਦੇ ਕਾਮਰੇਡ ਸੁਰਿੰਦਰ ਸਿੰਘ, ਲੋਕ ਏਕਤਾ ਮੰਚ ਦੇ ਕਾਮਰੇਡ  ਚੌਹਾਨ ਅਤੇ ਕਈ ਹੋਰਾਂ ਨੇ ਵੀ ਭਾਗ ਲਿਆ। ਕਾਮਰੇਡ ਡੀ ਪੀ ਮੌੜ, ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਪਰਮਜੀਤ ਸਿੰਘ, ਕਾਮਰੇਡ ਬਲਦੇਵ ਮੌਦਗਿਲ ਅਤੇ ਬਹੁਤ ਸਾਰੇ ਹੋਰ ਮਜ਼ਦੂਰ ਆਗੂਆਂ ਨੇ ਵੀ ਸ਼ਿਰਕਤ ਕੀਤੀ।  

ਸੱਤ ਅਕਤੂਬਰ ਨੂੰ ਹੋਣ ਵਾਲੀ ਰੈਲੀ ਦੀ ਪੁਰਜ਼ੋਰ ਸਫਲਤਾ ਲਈ  ਪੂਰੇ ਵਿਸਥਾਰ ਨਾਲ ਵਿਚਾਰਾਂ ਹੋਈਆਂ ਅਤੇ ਪ੍ਰੋਗਰਾਮ ਉਲੀਕੇ ਗਏ। ਸ਼ਹਿਰੀ ਖੇਤਰਾਂ ਵਿੱਚ ਬੈਠ ਕੇ  ਦਾਅਵਿਆਂ ਵਾਲੀਆਂ ਬਿਆਨਬਾਜ਼ੀਆਂ ਰਹੇ ਭਾਜਪਾ ਲੀਡਰਾਂ ਨੂੰ ਆਮ ਲੋਕਾਂ ਦੇ ਸਾਹਮਣੇ ਬੇਨਕਾਬ ਕਰਨਾ ਵੀ ਹੁਣ ਟਰੇਡ ਯੂਨੀਅਨਾਂ ਦੇ ਏਜੰਡੇ ਵਿੱਚ ਹੈ। ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਇਹਨਾਂ ਮਜ਼ਦੂਰਾਂ ਨੇ ਵੀ ਕਿਸਾਨੀ ਲੀਡਰਸ਼ਿਪ ਦੇ ਪ੍ਰੋਗਰਾਮ ਮੁਤਾਬਿਕ ਮੋਦੀ ਸਰਕਾਰ ਦੇ ਲੋਕ ਵਿਰੋਧੀ ਕਦਮਾਂ ਕਦਮਾਂ ਅਤੇ ਕਾਨੂੰਨਾਂ ਨੂੰ ਪਿੱਛੇ ਹਟਵਾਉਣ ਲਈ ਪੂਰੇ ਖਰੋਸ਼ ਨਾਲ ਕਦਮ ਚੁੱਕ ਲਏ ਹਨ। ਸੱਤ ਦੀ ਰੈਲੀ ਭਾਜਪਾ ਨੂੰ ਸ਼ਹਿਰਾਂ ਵਿੱਚੋਂ ਦੌੜਨ ਲਈ ਵੀ ਮਜਬੂਰ ਕਰ ਦੇਵੇਗੀ। 

No comments:

Post a Comment