Tuesday, August 26, 2025

'ਲੋਕ ਚੇਤਨਾ ਜੱਥਾ ਮਾਰਚ' ਦਾ ਲੁਧਿਆਣਾ ਵਿਖੇ ਭਰਵਾਂ ਸਵਾਗਤ

 ਹੁਸੈਨੀ ਵਾਲਾ ਤੋਂ ਚੱਲੇ ਪਾਰਟੀ ਦੇ ਇਸ ਜੱਥੇ ਨੇ ਪੁੱਜਣਾ ਹੈ ਸਰਾਭਾ ਪਿੰਡ 

ਪਾਰਟੀ ਦੀ ਕੌਮੀ ਸਕੱਤਰੇਤ ਮੈਂਬਰ ਕਾਮਰੇਡ ਅਮਰਜੀਤ ਕੌਰ ਕਰਨਗੇ ਮਲੌਦ ਤੇ ਸਰਾਭਾ ਰੈਲੀਆਂ ਨੂੰ ਸੰਬੋਧਨ


ਲੁਧਿਆਣਾ
: 26 ਅਗਸਤ 2025: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::

ਭਾਰਤੀ ਕਮਿਊਨਿਸਟ ਪਾਰਟੀ ਦਾ 25ਵਾਂ ਕੌਮੀ ਮਹਾਂਸੰਮੇਲਨ 21 ਤੋਂ 25 ਸਤੰਬਰ 2025 ਨੂੰ ਚੰਡੀਗੜ੍ਹ ਵਿਖੇ ਹੋ ਰਿਹਾ ਹੈ। ਇਸ ਸੰਮੇਲਨ ਵਿੱਚ ਦੇਸ਼ ਅਤੇ ਦੁਨੀਆਂ ਨੂੰ ਦਰਪੇਸ਼ ਮਸਲਿਆਂ ਤੇ ਵਿਚਾਰਾਂ ਕਰਕੇ ਉਹਨਾਂ ਦੇ ਹੱਲ ਲੱਭਣ ਅਤੇ ਆਉਣ ਵਾਲੇ ਸਮੇਂ ਲਈ ਸੰਘਰਸ਼ ਦੀਆਂ ਨੀਤੀਆਂ ਤੈਅ ਕਰਨ ਤੇ ਵਿਚਾਰਾਂ ਹੋਣਗੀਆਂ। 

ਇਸ ਸੰਮੇਲਨ ਦਾ ਮਹੱਤਵ ਇਸ ਲਈ ਹੈ,ਕਿ ਅੱਜ ਦੇਸ਼ ਦੀ ਰਾਜਨੀਤਿਕ ਤੇ ਆਰਥਿਕ ਸਥਿਤੀ ਬਹੁਤ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਹੀ ਹੈ। ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਲੋਕਾਂ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ, ਮਹਿੰਗਾਈ ਲਗਾਤਾਰ ਵਧ ਰਹੀ ਹੈ  ਅਤੇ ਸਿਹਤ ਤੇ ਸਿੱਖਿਆ ਦੀਆਂ ਸਹੂਲਤਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਕਾਰਪੋਰੇਟ ਪੱਖੀ ਅਤੇ ਇੱਕ ਵਿਸ਼ੇਸ਼ ਧਰਮ ਦੇ ਹਿਤਾਂ ਨੂੰ ਸਨਮੁਖ ਰੱਖ ਕੇ ਸਿੱਖਿਆ ਦੀ ਜੋ ਨੀਤੀ ਘੜੀ ਜਾ ਰਹੀ ਹੈ ਅਤੇ ਮਨਘੜਤ ਇਤਿਹਾਸ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ, ਉਸਦੇ ਆਉਣ ਵਾਲੇ ਸਮੇਂ ਵਿੱਚ ਬਹੁਤ ਮਾੜੇ ਪ੍ਰਭਾਵ ਪੈਣਗੇ। 

ਦੁਨੀਆ ਵਿੱਚ ਅਨੇਕਾਂ ਥਾਵਾਂ ਤੇ  ਚੱਲ ਰਹੀਆਂ ਜੰਗਾਂ ਕਰਕੇ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਖਤਰਾ ਵੱਧ ਰਿਹਾ ਹੈ ਅਤੇ ਦੁਨੀਆਂ ਵਿੱਚ ਖ਼ੁਰਾਕ ਦੀ ਸਮੱਸਿਆ ਵੀ ਵਧ ਰਹੀ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ ਤੇ ਮਾਫੀਆਂ ਦਾ ਬੋਲਬਾਲਾ ਹੋ ਰਿਹਾ ਹੈ। ਇਸ ਸੰਦਰਭ ਵਿੱਚ ਪਾਰਟੀ ਦਾ ਜੱਥਾ ਹੁਸੈਨੀਵਾਲਾ ਤੋਂ 21 ਅਗਸਤ ਨੂੰ ਚਲਿਆ ਹੋਇਆ ਹੈ ਤੇ ਉਹ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ  ਦਾਖਲ ਹੋਇਆ ਹੈ। 

ਸਭ ਤੋਂ ਪਹਿਲਾਂ  ਜਗਰਾਉਂ ਵਿਖੇ ਬੱਸ ਅੱਡੇ ਤੇ ਇੱਕ ਰੈਲੀ ਕੀਤੀ ਗਈ।ਉਸ ਉਪਰੰਤ ਜੱਥਾ ਲੁਧਿਆਣਾ ਸ਼ਹਿਰ ਪਹੁੰਚਿਆ ਤੇ ਉਸ ਦਾ ਐਮਬੀਡੀ ਮਾਲ ਦੇ ਸਾਹਮਣੇ ਪੁੱਲ ਦੇ ਥੱਲੇ ਸੁਆਗਤ  ਕੀਤਾ ਗਿਆ। ਇਸ ਮੌਕੇ ਤੇ ਕੌਮੀ ਕੌਂਸਲ ਮੈਂਬਰ ਡਾਕਟਰ ਅਰੁਣ ਮਿੱਤਰਾ ਨੇ ਜੱਥੇ ਨੂੰ ਜੀ ਆਇਆ ਕਿਹਾ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸ਼ਵਰੀ ਨੇ ਸੰਬੋਧਨ ਕਰਦੇ ਹੋਏ ਦੇਸ਼ ਦੇ ਹਾਲਾਤ ਬਾਰੇ ਵਿਸਥਾਰ ਨਾਲ ਜਾਨਣਾ ਪਾਇਆ। 

ਜੱਥੇ ਨੂੰ ਕਾਮਰੇਡ ਚਮਕੌਰ ਸਿੰਘ, ਵਿਜੇ ਕੁਮਾਰ, ਡਾ ਰਜਿੰਦਰ ਪਾਲ ਸਿੰਘ ਔਲਖ , ਜਗਦੀਸ਼ ਰਾਏ ਬੋਬੀ, ਦੀਪਕ ਕੁਮਾਰ,ਨਰੇਸ਼ ਗੌੜ ,ਐਮ ਐਸ ਭਾਟੀਆ, ਕੇਵਲ ਸਿੰਘ ਬਨਵੈਤ, ਕਾਮਰੇਡ ਭਰਪੂਰ ਸਿੰਘ ਆਦਿ ਨੇ ਸੰਬੋਧਨ ਕੀਤਾ ਉਪਰੰਤ ਘੁੰਮਾਰ ਮੰਡੀ ਵਿੱਚ ਦੀ ਹੁੰਦਾ ਹੋਇਆ ਇਹ ਜੱਥਾ ਜਗਰਾਉਂ ਪੁੱਲ ਤੇ ਪੁੱਜਿਆ ਜਿੱਥੇ  ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਬੁੱਤਾਂ ਨੂੰ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈਅਗਲੇ ਦਿਨ 27 ਤਰੀਕ ਨੂੰ ਲਾਲ ਝੰਡਿਆਂ ਵਾਲਾ ਇਹ ਜੱਥਾ ਸਵੇਰੇ 9 ਵਜੇ ਲੁਧਿਆਣਾ ਤੋਂ  ਦੋਰਾਹਾ ਪਹੁੰਚੇਗਾ। 

ਉਸ ਤੋਂ ਬਾਅਦ  ਪਿੰਡਾਂ ਵਿੱਚੋਂ ਹੁੰਦਾ ਹੋਇਆ ਮਲੌਦ ਪਹੁੰਚੇਗਾ ਜਿੱਥੇ ਵਿਸ਼ਾਲ ਰੈਲੀ ਕਰਨ ਉਪਰੰਤ 3 ਵਜੇ ਪਿੰਡ ਸਰਾਭਾ ਪਹੁੰਚ ਕੇ  ਜੱਥੇ ਦੀ ਸਮਾਪਤੀ ਹੋਏਗੀ। ਇਸ ਜੱਥੇ ਦੀ ਅਗਵਾਈ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਡੀ ਪੀ ਮੌੜ, ਸਹਾਇਕ ਸਕੱਤਰ ਕਾਮਰੇਡ ਚਮਕੌਰ ਸਿੰਘ ਤੇ ਸ਼ਹਿਰੀ ਸਕੱਤਰ ਕਾਮਰੇਡ ਐਮ ਐਸ ਭਾਟੀਆ ਕਰਨਗੇ। ਪਾਰਟੀ ਦੇ ਕੌਮੀ ਸਕੱਤਰੇਤ ਦੇ ਮੈਂਬਰ ਕਾਮਰੇਡ ਅਮਰਜੀਤ ਕੌਰ ਉਚੇਚੇ ਤੌਰ ਤੇ ਦਿੱਲੀ ਤੋਂ ਇਸ ਜੱਥੇ ਵਿੱਚ ਸ਼ਾਮਿਲ ਹੋਣਗੇ ਤੇ ਉਹ 27 ਤਰੀਕ ਨੂੰ ਮਲੌਦ ਤੇ ਸਰਾਭਾ ਵਿਖੇ ਰੈਲੀਆਂ ਨੂੰ ਸੰਬੋਧਿਤ ਕਰਨਗੇ। 

No comments:

Post a Comment