Friday, December 9, 2022

ਕੌਮੀ ਅਜਲਾਸ ਤੋਂ ਪਹਿਲਾਂ ਏਟਕ ਨੇ ਕੀਤੀ ਸਫਲ ਸੂਬਾਈ ਕਾਨਫਰੰਸ

Friday 9th December 2022 at 06:33 PM

ਏਟਕ ਦੇ ਪਟਿਆਲਾ ਅਜਲਾਸ 'ਚ ਮੌਜੂਦਾ ਚੁਣੌਤੀਆਂ ਬਾਰੇ ਚਰਚਾ 


ਪਟਿਆਲਾ: 9 ਦਸੰਬਰ 2022: (ਕਾਮਰੇਡ ਸਕਰੀਨ ਡੈਸਕ)::

ਅੱਲਾਪੁਜਾ ਕੇਰਲਾ ਵਿੱਚ ਏਟਕ ਦੀ 42ਵੀਂ ਕੌਮੀ ਕਾਨਫਰੰਸ ਦੀਆਂ ਤਿਆਰੀਆਂ ਵੀ ਸਿਖਰਾਂ 'ਤੇ ਹਨ। ਇਸ ਕੌਮੀ ਕਾਨਫਰੰਸ ਤੋਂ ਪਹਿਲਾਂ ਪਟਿਆਲਾ ਵਿਖੇ ਏਟਕ ਦੀ ਸੂਬਾਈ ਕਾਨਫਰੰਸ ਵੀ ਹੋ ਚੁੱਕੀ ਹੈ। ਟਰੇਡ ਯੂਨੀਅਨ ਲਹਿਰ ਲਾਇ ਆਉਣ ਵਾਲਿਆਂ ਲੜਾਈਆਂ ਦੇ ਮੈਦਾਨ ਉਲੀਕੇ ਜਾ ਚੁੱਕੇ ਹਨ ਇਸ ਸੂਬਾਈ ਕਾਨਫਰੰਸ ਤੋਂ ਕੌਮੀ ਕਾਨਫਰੰਸ  ਵਿੱਚ ਵਿਚਾਰੇ ਜਾਣ ਵਾਲੇ ਏਜੰਡਿਆਂ ਦੀ ਵੀ ਇੱਕ ਝਲਕ ਦੇਖੀ ਜਾ ਸਕਦੀ ਹੈ ਅਤੇ ਆਉਣ ਵਾਲੇ ਸੰਘਰਸ਼ਾਂ ਦੀਆਂ ਨੀਤੀਆਂ ਦੀ ਵੀ। ਇਹ ਸੂਬਾਈ ਡੈਲੀਗੇਟ ਅਜਲਾਸ ਇੱਕ ਤਰ੍ਹਾਂ ਨਾਲ ਕੌਮੀ ਅਜਲਾਸ ਦੇ ਭਵਿੱਖ ਦੀ ਝਲਕ ਦੇਖਣ ਵਾਲੀ ਖਿੜਕੀ ਆਖੀ ਸਮਝੀ ਜਾ ਸਕਦੀ ਹੈ। ਉਂਝ ਤਾਂ ਸਾਰੇ ਸੂਬਿਆਂ ਦੀਆਂ ਵੱਖ ਵੱਖ ਰਿਪੋਰਟਾਂ ਹੀ ਕੌਮੀ ਅਜਲਾਸ ਦੀ ਨੀਤੀ ਤੈਅ ਕਰਨ ਵੇਲੇ ਵਿਚਾਰੀਆਂ  ਜਾਂਦੀਆਂ ਹਨ ਪਰ ਸਰਹੱਦੀ ਸੂਬੇ ਪੰਜਾਬ ਨੂੰ ਵਿਸ਼ੇਸ਼ ਦਰਜੇ ਵਾਂਗ ਵੀ ਲਿਆ ਜਾਂਦਾ ਹੈ ਜੋ ਕਿ ਕਾਫੀ ਹੱਦ ਤੱਕ ਠੀਕ ਵੀ ਹੈ। ਟਰੇਡ ਯੂਨੀਅਨ ਲਹਿਰ ਵਿੱਚ ਪੰਜਾਬ ਦੀ ਟਰੇਡ ਯੂਨੀਅਨ ਲਹਿਰ ਨੇ ਖਾੜਕੂ ਇਤਿਹਾਸ ਰਚੇ ਹਨ। 

ਏਟਕ ਦੀ 42ਵੀਂ ਕੌਮੀ ਕਾਨਫਰੰਸ 16 ਤੋਂ 20 ਦਸੰਬਰ ਤੱਕ ਕੇਰਲ ਵਿੱਚ

ਮੁਢਲੇ ਤੌਰ 'ਤੇ ਪਟਿਆਲਾ ਵਿੱਚ ਹੋਏ ਸੂਬਾਈ ਅਜਲਾਸ ਵਿੱਚ ਵੀ ਬਹੁਤ ਸਾਰੀਆਂ ਚੁਣੌਤੀਆਂ ਉਹੀ ਰਹੀਆਂ ਜਿਹੜੀਆਂ 16 ਦਸੰਬਰ ਤੋਂ ਸ਼ੁਰੂ  ਹੋਣ ਵਾਲੀ ਕੌਮੀ ਕਾਨਫਰੰਸ ਵਿੱਚ ਵੀ ਦਰਪੇਸ਼ ਹੋਣਗੀਆਂ। ਮੋਦੀ ਰਾਜ ਤੋਂ ਮੁਕਤੀ ਬਾਰੇ 42ਵੇਂ ਕੌਮੀ ਅਜਲਾਸ ਵਿਚ ਵੀ ਡੂੰਘੀਆਂ ਵਿਚਾਰਾਂ ਹੋਣਗੀਆਂ ਅਤੇ ਪਟਿਆਲਾ ਵਾਲੇ ਸੂਬਾਈ ਅਜਲਾਸ ਵਿੱਚ ਵੀ ਹੋਈਆਂ। ਨਿਜੀਕਰਨ ਦੇ ਵੱਧ ਰਹੇ ਗਲਬੇ ਦੇ ਖਿਲਾਫ ਵੀ ਆਵਾਜ਼ ਹੋਰ ਬੁਲੰਦ ਹੋਵੇਗੀ। ਇਸ ਦੇ ਨਾਲ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਸਥਾਨਕ ਮੁੱਦੇ ਵੀ ਉੱਠਣਗੇ। ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਨਤੀਜਿਆਂ ਨੇ ਖੱਬੀਆਂ ਟਰੇਡ ਯੂਨੀਅਨਾਂ ਦੀ ਧਾਰ ਨੂੰ ਹੁਣ ਕੁਝ ਹੋਰ ਤਿੱਖਾ ਵੀ ਕਰ ਦਿੱਤਾ ਹੈ। ਆਉਣ ਵਾਲੇ ਸਿਆਸੀ ਦੌਰ ਦਾ ਦ੍ਰਿਸ਼ ਕੁਝ ਹੋਰ ਸਾਫ ਸਪਸ਼ਟ ਹੋਣ ਲੱਗ ਪਿਆ ਹੈ। 

ਅੱਠ ਦਸੰਬਰ 2022 ਨੂੰ ਪਟਿਆਲਾ ਵਿੱਚ ਪੰਜਾਬ ਦੀ ਸ਼੍ਰੋਮਣੀ ਜਥੇਬੰਦੀ ਪੰਜਾਬ ਸਟੇਟ ਕਮੇਟੀ, ਏਟਕ ਦੀ 20ਵੀਂ ਕਾਨਫਰੰਸ ਪਟਿਆਲਾ ਵਿਖੇ ਸੰਪੰਨ ਹੋਈ। ਇਸ ਕਾਨਫਰੰਸ ਵਿੱਚ ਸਮੁੱਚੇ ਪੰਜਾਬ ਤੋਂ ਵੱਖ—ਵੱਖ ਜਥੇਬੰਦੀਆਂ ਦੇ 327 ਡੈਲੀਗੇਟ ਚੁਣਕੇ ਆਏ ਸਨ ਜਿਨ੍ਹਾਂ ਨੇ ਕਾਨਫਰੰਸ ਵਿੱਚ ਭਾਗ ਲਿਆ। ਮੁੱਖ ਤੌਰ ਤੇ ਬਿਜਲੀ, ਟਰਾਂਸਪੋਰਟ, ਐਫ.ਸੀ.ਆਈ., ਬੀ.ਬੀ.ਐਮ.ਬੀ., ਨਰੇਗਾ, ਉਸਾਰੀ ਕਿਰਤੀ, ਆਂਗਣਵਾੜੀ, ਆਸ਼ਾ ਕਰਮੀ, ਸਨਅਤੀ ਕਾਮੇ, ਘਰੇਲੂ ਕੰਮ ਕਾਜੀ ਔਰਤਾਂ, ਖੇਤ ਮਜਦੂਰ, ਭੱਠਾ ਵਰਕਰਜ਼, ਪੈਨਸ਼ਨਰਜ਼, ਸਫਾਈ ਕਾਮੇ, ਗੈਰ ਜਥੇਬੰਦ, ਮੰਡੀ ਬੋਰਡ, ਸੀਮੈਂਟ ਸਨਅਤ ਆਦਿ ਅਦਾਰਿਆਂ ਤੋਂ ਡੈਲੀਗੇਟ ਬਣਕੇ ਆਏ ਸਨ।

ਕਾਨਫਰੰਸ ਹਾਲ ਦੇ ਬਾਹਰਲੇ ਏਰੀਏ ਨੂੰ ਝੰਡੇ, ਮਾਟੋ ਲਾਕੇ ਸਜਾਇਆ ਗਿਆ ਸੀ। ਬੰਤ ਸਿੰਘ ਬਰਾੜ ਪ੍ਰਧਾਨ ਅਤੇ ਪੰਜਾਬ ਏਟਕ ਦੇ ਸਾਰੇ ਮੀਤ ਪ੍ਰਧਾਨਾਂ ਤੇ ਆਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਬਕਾਇਦਗੀ ਨਾਲ ਅਜਲਾਸ ਸ਼ੁਰੂ ਹੋਇਆ। ਡੈਲੀਗੇਟਾਂ ਨੂੰ ਜੀ ਆਇਆ ਕਹਿਣ ਲਈ ਸਵਾਗਤੀ ਕਮੇਟੀ ਦੇ ਚੇਅਰਮੈਨ, ਸੁਸ਼ੀਲ ਗੌਤਮ ਜੁਆਇੰਟ ਸੈਕਟਰੀ ਏ.ਆਈ.ਬੀ.ਈ.ਏ. ਵਲੋਂ ਸਵਾਗਤੀ ਭਾਸ਼ਣ ਵੀ ਦਿੱਤਾ ਗਿਆ ਅਤੇ ਪਟਿਆਲਾ ਸ਼ਹਿਰ ਦੇ ਸਬੰਧ ਵਿੱਚ ਭਰਪੂਰ ਜਾਣਕਾਰੀ ਵੀ ਦਿੱਤੀ ਗਈ। 

ਕਾਨਫਰੰਸ ਦਾ ਉਦਘਾਟਨ ਕਾਮਰੇਡ ਵਿਦਿਆ ਸਾਗਰ ਗਿਰੀ, ਕੌਮੀ ਸਕੱਤਰ ਏਟਕ ਨੇ ਕੀਤਾ। ਜਿਨ੍ਹਾਂ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਦੇਸ਼ ਦੇ ਵਰਤਮਾਨ ਆਰਥਕ—ਸਮਾਜਿਕ ਹਾਲਾਤਾਂ ਉਪਰ ਬੋਲਦਿਆਂ ਕਿਹਾ ਕਿ ਮੋਦੀ ਦੇ 8 ਸਾਲ ਦੇ ਸ਼ਾਸ਼ਨ ਦੌਰਾਨ ਜਿਥੇ ਦੇਸ਼ ਦੇ ਆਰਥਕ ਹਾਲਤ ਬਦ ਤੋਂ ਬਦਤਰ ਹੋਏ ਹਨ ਉੱਥੇ ਦੇਸ਼ ਦੇ ਮਜ਼ਦੂਰ  ਵਰਗ ਦੀ ਆਮਦਨ ਨੂੰ ਭਾਰੀ ਖੋਰਾ ਲੱਗਿਆ ਹੈ। ਮਹਿੰਗਾਈ ਨੇ ਗਰੀਬ ਆਦਮੀ ਨੂੰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਤੋਂ ਵੀ ਮੁਥਾਜ ਕਰ ਦਿੱਤਾ ਹੈ। ਦੇਸ਼ ਦੀ ਲਗਭਗ ਅੱਧੀ ਅਬਾਦੀ ਗਰੀਬੀ ਰੇਖਾ ਤੋਂ ਥੱਲੇ ਜੀਵਨ ਬਸਰ ਕਰ ਰਹੀ ਹੈ। ਨਵੇਂ ਰੁਜਗਾਰ ਪੈਦਾ ਨਹੀਂ ਹੋ ਰਹੇ। ਕੰਮ ਤੇ ਲੱਗੇ ਮਜਦੂਰਾਂ ਦੀ ਛਾਂਟੀ ਹੋ ਰਹੀ ਹੈ। ਲੇਬਰ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡਜ਼ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਨਾਲ ਕਾਰਪੋਰੇਟਾਂ ਨੂੰ ਮਜਦੂਰਾਂ ਦਾ ਆਰਥਕ ਸ਼ੋਸ਼ਣ ਕਰਨ ਦਾ ਛਾਂਟੀ ਕਰਨ ਦਾ ਅਤੇ ਸਮਾਜਿਕ ਸੁਰੱਖਿਆ ਖਤਮ ਕਰਨ ਦੀ ਖੁਲੀ ਛੁੱਟੀ ਦੇ ਦਿੱਤੀ ਗਈ ਹੈ। ਦੇਸ਼ ਦੀ ਤਰੱਕੀ ਵਿੱਚ ਬੇਸ਼ੁਮਾਰ ਯੋਗਦਾਨ ਪਾਉਣ ਵਾਲੇ ਪਬਲਿਕ ਸੈਕਟਰ ਦੇ ਅਦਾਰਿਆਂ ਦਾ ਤੇਜੀ ਨਾਲ ਨਿਜੀਕਰਨ ਕੀਤਾ ਜਾ ਰਿਹਾ ਹੈ ਅਤੇ ਇਸਨੂੰ ਕੋਡੀਆਂ ਦੇ ਭਾਅ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਦੇਸ਼ ਦੇ ਕੁਦਰਤੀ ਸੋਮੇ ਜਲ, ਜੰਗਲ, ਜਮੀਨ ਨੂੰ ਵੀ ਕਾਰਪੋਰੇਟਾਂ ਦੀ ਭੇਂਟ ਚੜਾਇਆ ਜਾ ਰਿਹਾ ਹੈ। ਕਾਰਪੋਰੇਟਾਂ ਦੇ ਲੁੱਟ ਦੇ ਅਜੰਡੇ ਨੂੰ ਲਾਗੂ ਕਰਨ ਲਈ ਸਰਕਾਰ ਹਰ ਹਰਬਾ ਵਰਤ ਰਹੀ ਹੈ। ਭਾਰਤੀ ਲੋਕਾਂ ਨੂੰ ਧਰਮ, ਜਾਤ—ਪਾਤ, ਖੇਤਰਵਾਦ ਆਦਿ ਦੇ ਨਾਂ ਤੇ ਵੰਡਕੇ ਵੋਟਾਂ ਦਾ ਧਰੁਵੀਕਰਨ ਕਰਨ ਦੀ ਗੰਦੀ ਖੇਡ ਸਤਾ ਤੇ ਕਾਬਜ ਬੀ.ਜੇ.ਪੀ. ਬੇਸਰਮੀ ਨਾਲ ਖੇਡ ਰਹੀ ਹੈ। ਕਾਮਰੇਡ ਗਿਰੀ ਨੇ ਡੇਲੀਗੇਟਾਂ ਨੂੰ ਮਜ਼ਦੂਰ ਜਮਾਤ ਨੂੰ ਦਰਪੇਸ਼ ਚੁਣੌਤੀਆਂ ਪ੍ਰਤੀ ਸੁਚੇਤ ਰੂਪ ਵਿੱਚ ਮਜਬੂਤ ਲਹਿਰ ਖੜੀ ਕਰਨ ਦਾ ਸੱਦਾ ਦਿੱਤਾ।

ਏਟਕ ਦੀ 42ਵੀਂ ਕੌਮੀ ਕਾਨਫਰੰਸ 16 ਤੋਂ 20 ਦਸੰਬਰ ਤੱਕ ਕੇਰਲ ਵਿੱਚ

ਅਜਲਾਸ ਦੇ ਸਨਮੁੱਖ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਨੇ ਵਿਆਪਕ ਰਿਪੋਰਟ ਪੇਸ਼ ਕੀਤੀ। ਜਿਸ ਨੂੰ ਡੇਲੀਗੇਟਾਂ ਨੇ ਸਰਬ ਸੰਮਤੀ ਨਾਲ ਪਾਸ ਕੀਤਾ। ਕਾਨਫਰੰਸ ਵਿੱਚ ਦਰਜਨ ਤੋਂ ਵੱਧ ਮਤੇ ਲੇਬਰ ਕੋਡਜ਼, ਪਬਲਿਕ ਸੈਕਟਰ, ਨਿਜੀਕਰਨ, ਸਿਹਤ, ਸਿੱਖਿਆ, ਮਹਿੰਗਾਈ, ਬੇਰੁਜਗਾਰੀ, ਸਕੀਮ ਵਰਕਰਾਂ ਸਬੰਧੀ, ਉਸਾਰੀ ਕਿਰਤੀਆਂ, ਖੇਤ ਮਜਦੂਰਾਂ ਅਤੇ ਮਜਦੂਰਾਂ ਦੀਆਂ ਮੰਗਾਂ ਸਬੰਧੀ ਵੱਖ—ਵੱਖ ਮਤੇ ਪੇਸ਼ ਕੀਤੇ ਗਏ ਅਤੇ ਪਾਸ ਕੀਤੇ ਗਏ।

ਏਟਕ ਦੀ 42ਵੀਂ ਕੌਮੀ ਕਾਨਫਰੰਸ 16 ਤੋਂ 20 ਦਸੰਬਰ ਤੱਕ ਕੇਰਲ ਵਿੱਚ

ਕਾਨਫਰੰਸ ਵਿੱਚ ਜੁੜੇ ਡੈਲੀਗੇਟਾਂ ਨੇ ਅਗਲੇ ਤਿੰਨ ਸਾਲਾਂ ਲਈ ਅਹੁਦੇਦਾਰਾਂ ਦੀ ਚੋਣ ਸਰਬ ਸੰਮਤੀ ਨਾਲ ਕੀਤੀ। ਜਿਸ ਅਨੁਸਾਰ ਕਾਮਰੇਡ ਬੰਤ ਸਿੰਘ ਬਰਾੜ ਪ੍ਰਧਾਨ, ਸੁਖਦੇਵ ਸ਼ਰਮਾ ਵਰਕਿੰਗ ਪ੍ਰਧਾਨ, ਕਾਮਰੇਡ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਅਤੇ ਅਮਰਜੀਤ ਆਸਲ ਡਿਪਟੀ ਜਨਰਲ ਸਕੱਤਰ ਚੁਣੇ ਗਏ। ਮੋਹਿੰਦਰਪਾਲ ਸਿੰਘ ਮੋਹਾਲੀ ਵਿੱਤ ਸਕੱਤਰ ਚੁਣੇ ਗਏ। ਇਨ੍ਹਾਂ ਤੋਂ ਇਲਾਵਾ 20 ਹੋਰ ਅਹੁਦੇਦਾਰ ਚੁਣੇ ਗਏ ਅਤੇ 36 ਮੈਂਬਰੀ ਵਰਕਿੰਗ ਕਮੇਟੀ ਦੀ ਚੋਣ ਕੀਤੀ ਗਈ।

ਅੰਤ ਵਿੱਚ ਕਾਮਰੇਡ ਬੰਤ ਬਰਾੜ ਪ੍ਰਧਾਨ ਵਲੋਂ ਡੇਲੀਗੇਟਾਂ ਦਾ ਕਾਨਫਰੰਸ ਨੂੰ ਸ਼ਾਨਦਾਰ ਤਰੀਕੇ ਨਾਲ ਸੰਪੰਨ ਕਰਨ ਵਿੱਚ ਪਾਏ ਭਰਪੂਰ ਯੋਗਦਾਨ ਲਈ ਧੰਨਵਾਦ ਕੀਤਾ ਗਿਆ। 

ਏਟਕ ਦੀ 42ਵੀਂ ਕੌਮੀ ਕਾਨਫਰੰਸ 16 ਤੋਂ 20 ਦਸੰਬਰ ਤੱਕ ਕੇਰਲ ਵਿੱਚ

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments:

Post a Comment