Friday, December 2, 2022

ਦੋਰਾਹਾ:ਸੂਬਾਈ ਡੈਲੀਗੇਟ ਅਜਲਾਸ ਮਗਰੋਂ MCPI(U) ਨਵੀਆਂ ਪੁਲਾਂਘਾਂ ਲਈ ਤਿਆਰ

17 ਮੈਂਬਰੀ ਸੂਬਾ ਕਮੇਟੀ ਦੀ ਚੋਣ ਨਾਲ ਵਧਣਗੀਆਂ ਪਾਰਟੀ ਸਰਗਰਮੀਆਂ


ਦੋਰਾਹਾ
: 1 ਦਸੰਬਰ 2022: (ਕਾਮਰੇਡ ਸਕਰੀਨ ਡੈਸਕ)::

ਐਮ ਸੀ ਪੀ ਆਈ ਪੰਜਾਬ ਨੇ ਖੱਬੇਪੱਖੀਆਂ ਦੀ ਕਰਮਭੂਮੀ ਵੱਜੋਂ ਚਰਚਿਤ ਰਹੋ ਦੋਰਾਹਾ ਦੀ ਧਰਤੀ 'ਤੇ ਆਪਣੀਆਂ ਸਰਗਰਮੀਆਂ ਨੂੰ  ਵਧਾਉਂਦਿਆਂ ਇਸ ਵਾਰ ਵੀ ਸੂਬਾਈ ਡੈਲੀਗੇਟ ਅਜਲਾਸ ਬੜੀ ਸਫਲਤਾ ਨਾਲ ਕੀਤਾ।  ਦੋਰਾਹਾ ਵਿੱਚ ਹੋਈ ਨਵੀਂ 17 ਮੈਂਬਰੀ ਸੂਬਾ ਕਮੇਟੀ ਦੀ ਚੋਣ ਨਾਲ ਹੁਣ ਪਾਰਟੀ ਦੀਆਂ ਸਰਗਰਮੀਆਂ ਤੇਜ਼ੀ ਨਾਲ ਨਵੀਆਂ ਸਫਲਤਾਵਾਂ ਵੱਲ ਵੱਧ ਸਕਦੀਆਂ ਹਨ। 

ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ (ਯੂਨਾਈਟਡ), ਐਮ ਸੀ ਪੀ ਆਈ (ਯੂ) ਦਾ ਪੰਜਵਾਂ ਡੈਲੀਗੇਟ ਅਜਲਾਸ ਕੁਲਦੀਪ ਸਿੰਘ, ਪ੍ਰੇਮ ਸਿੰਘ ਭੰਗੂ, ਪਵਨ ਕੁਮਾਰ ਸੋਗਲ ਪੁਰ, ਜੋਗਿੰਦਰ ਸਿੰਘ ਸ਼ਹਿਜ਼ਾਦ ਅਤੇ ਮਲਕੀਤ ਸਿੰਘ ਚੰਡੀਗੜ੍ਹ ਤੇ ਅਧਾਰਤ ਪ੍ਰਧਾਨਗੀ ਹੇਠ ਏਥੇ ਕ੍ਰਿਸ਼ਨ ਕੁਮਾਰ ਕੌਸ਼ਲ ਯਾਦਗਾਰੀ ਭਵਨ ਵਿਖੇ 17 ਮੈਂਬਰੀ ਸੂਬਾ ਕਮੇਟੀ ਦੀ ਚੋਣ ਨਾਲ ਖਤਮ ਹੋਇਆ।

ਐਮ ਸੀ ਪੀ ਆਈ (ਯੂ) ਦੇ ਕੌਮੀ ਸਕੱਤਰ ਕਾਮਰੇਡ ਕੁਲਦੀਪ ਸਿੰਘ ਨੇ ਪਾਰਟੀ ਦਾ ਝੰਡਾ ਲਹਿਰਾ ਕੇ ਅਤੇ ਆਪਣੇ ਉਦਘਾਟਨੀ ਭਾਸ਼ਣ ਨਾਲ ਸ਼ੁਰੂਆਤ ਕੀਤੀ। ਕਾਮਰੇਡ ਕੁਲਦੀਪ ਸਿੰਘ ਉਹ ਆਗੂ ਹੈ ਜਿਸਨੇ ਪੰਜਾਬ ਦੇ ਪਿਛਲੇ ਦਹਾਕਿਆਂ ਦੌਰਾਨ ਹੋਏ ਘਟਨਾਕ੍ਰਮ ਨੂੰ ਬੜੇ ਹੀ ਗਹੁ ਨਾਲ ਨੇੜੇ ਹੋ ਕੇ ਵਾਚਿਆ ਹੈ। ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਵਰਗੀਆਂ ਸਿਰਕੱਢ ਸ਼ਖਸੀਅਤਾਂ ਦਾ ਨਿੱਘ ਮਾਣਿਆ ਹੈ। 

ਆਪਣੇ ੳੇਦਘਾਟਣੀ ਭਾਸ਼ਣ ਵਿੱਚ ਕਾਮਰੇਡ ਕੁਲਦੀਪ ਸਿੰਘ ਨੇ ਕੌਮਾਂਤਰੀ ਕੌਮੀ ਅਤੇ ਸੂਬਾਈ ਪੱਧਰ ਉੱਪਰ ਵਾਪਰ ਰਹੀਆਂ ਘਟਨਾਵਾਂ ਦਾ ਵਿਸਥਾਰ ਪੂਰਬਕ ਵਰਨਣ ਵੀ ਕੀਤਾ ਅਤੇ ਦੇਸ਼ ਅੰਦਰ ਖੱਬੇ ਪੱਖੀ ਸ਼ਕਤੀਆਂ ਦੇ ਏਕੇ ਉਪੱਰ ਵੀ ਜ਼ੋਰ ਦਿੱਤਾ।ਅਜਲਾਸ ਦੇ ਸ਼ੁਰੂ ਵਿੱਚ ਪਾਰਟੀ ਦੇ ਵਿਛੜ ਗਏ ਸੰਘਰਸ਼ੀਲ ਸਾਥੀਆਂ ਨੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ।

ਪਿਛਲੇ ਡੈਲੀਗੇਟ ਅਜਲਾਸ ਤੋਂ ਬਾਅਦ ਕੌਮਾਂਤਰੀ, ਕੌਮੀ ਅਤੇ ਸੁਬਾਈ ਪੱਧਰ ਤੇ ਹਾਲਾਤ ਅੰਦਰ ਆਈਆਂ ਤਬਦੀਲੀਆਂ, ਵਾਪਰੀਆਂ ਘਟਨਾਵਾਂ ਅਤੇ ਐਮ ਸੀ ਪੀ ਆਈ (ਯੂ) ਪੰਜਾਬ ਦੀਆਂ ਸਰਗਰਮੀਆਂ, ਇਸਦੀਆਂ ਸਹਾਇਕ ਜਨਤਕ ਜਥੇਬੰਦੀਆਂ ਦੀਆਂ ਸਰਗਰਮੀਆਂ ਬਾਰੇ ਸੀਨੀਅਰ ਕਾਮਰੇਡ ਪਵਨ ਕੁਮਾਰ ਕੌਸ਼ਲ ਨੇ ਆਪਾ ਪੜਚੋਲ ਅਤੇ ਬਹਿਸ ਲਈ ਰਿਪੋਰਟ ਪੇਸ਼ ਕੀਤੀ। ਬਜ਼ੁਰਗ ਉਮਰ ਅਤੇ ਖਰਾਬ ਸਿਹਤ ਦੇ ਬਾਵਜੂਦ ਪੇਸ਼  ਰਿਪੋਰਟ ਵਿੱਚ ਕਾਮਰੇਡ ਪਵਨ ਕੁਮਾਰ ਕੌਸ਼ਲ ਨੇ ਬਹੁਤ ਸਾਰੇ ਅਹਿਮ ਨੁਕਤੇ ਦਰਜ ਕੀਤੇ ਹਨ। ਇਸਦਾ ਵੇਰਵਾ ਵੱਖਰੀ ਪੋਸਟ ਵਿੱਚ ਦਿੱਤਾ ਗਿਆ ਹੈ। 

ਬਹਿਸ ਤੋਂ ਪਹਿਲਾਂ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਕੁੱਲ ਹਿੰਦ ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਖੇਤੀ ਸੰਬਧੀ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਇੱਕ ਮਹਤੱਵ ਪੂਰਨ ਘਟਕ ਵੱਜੋਂ ਮੋਰਚੇ ਅੰਦਰ ਕਿਸਾਨ ਫੈਡਰੇਸ਼ਨ ਵਲੋਂ ਨਿਭਾਈ ਗਈ ਭੂਮਿਕਾ ਦਾ ਵੀ ਵਿਸਥਾਰਪੂਰਵਕ ਵਰਨਣ ਕੀਤਾ। 

ਇਸ ਰਿਪੋਰਟ ਉੱਪਰ ਹੋਈ ਭਰਪੂਰ ਤੇ ਉਸਾਰੂ ਬਹਿਸ ਵਿੱਚ 15 ਡੈਲੀਗਟਾਂ ਨੇ ਭਾਗ ਲਿਆ। ਰਿਪੋਰਟ ਉੱਪਰ ਹੋਈ ਬਹਿਸ ਦੌਰਾਨ ਡੈਲੀਗੇਟਾਂ ਵਲੋਂ ਉਠਾਏ ਗਏ ਸੁਆਲਾਂ ਦੇ ਪਵਨ ਕੁਮਾਰ ਕੌਸ਼ਲ ਵਲੋਂ ਦਿੱਤੇ ਤਸੱਲੀਬਖ਼ਸ਼ ਜਵਾਬ ਦੇਣ ਤੋਂ ਬਾਅਦ ਕੁੱਝ ਵਾਧਿਆਂ ਨਾਲ ਰਿਪੋਰਟ ਸਰਬਸੰਮਤੀ ਨਾਲ ਪਾਸ ਕਰ ਦਿੱਤੀ ਗਈ ਅਤੇ ਆਊਣ ਵਾਲੇ ਸਮੈਂ ਅੰਦਰ ਪਾਰਟੀ ਦੀਆਂ ਸਰਗਰਮੀਆਂ ਵਧਾਉਣ ਦਾ ਫੇਸਲਾ ਵੀ ਕੀਤਾ ਗਿਆ। 

ਇਸ ਉਪਰੰਤ ਪ੍ਰਧਾਨਗੀ ਮੰਡਲ ਵਲੋਂ ਸੁਝਾਈ 17 ਮੈਂਬਰੀ ਸੂਬਾ ਕਮੇਟੀ ਲਈ ਅਜਲਾਸ ਵਿੱਚ ਸਰਬਸੰਮਤੀ ਨਾਲ ਸਹਿਮਤੀ ਪਰਗਟ ਕੀਤੀ ਗਈ ਅਤੇ ਸੂਬਾ ਸਕੱਤਰ ਦੀ ਚੋਣ ਨਵੀ ਬਣੀ ਸੂਬਾ ਕਮੇਟੀ ਆਪਣੀ ਅਗਲੀ ਮੀਟਿੰਗ ਵਿੱਚ ਕਰਨ  ਦਾ ਫੈਸਲਾ ਲਿਆ ਗਿਆ।

ਅਜਲਾਸ ਦੇ ਅੰਤ ਵਿੱਚ ਦੇਸ਼ ਅੰਦਰ ਫੈਲ ਰਹੀ ਫਿਰਕਾਪ੍ਰਸਤੀ, ਵੱਧ ਰਹੀ ਬੇਰੋਜਗਾਰੀ, ਮਹਿੰਗਾਈ, ਗਰੀਬੀ, ਅਨ੍ਹੇਵਾਹ ਜਨਤਕ ਖੇਤਰ ਦਾ ਨਿੱਜੀਕਰਨ ਦੀ ਸਖਤ ਨਿਖੇਧੀ ਕੀਤੀ ਗਈ। ਪੰਜਾਬ ਅੰਦਰ ਲਗਾਤਾਰ ਵਿਗੜਦੀ ਜਾ ਰਹੀ ਅਮਨ ਕਾਨੂੰਨ ਦੀ ਸਥਿਤੀ, ਪੰਜਾਬ ਅੰਦਰ ਪਾਣੀਆਂ ਦੇ ਮੁੱਦੇ ਨੰ ਮੁੜ ਤੋਂ ਉੱਠਾ ਕੇ ਅਤੇ ਏਜੰਸੀਆਂ ਵਲੋਂ ਮੂਲਵਾਦੀ-ਵੱਖਵਾਦੀ ਅਤੇ ਖਾਲਿਸਤਾਨੀਆਂ ਵਲੋਂ  ਪੰਜਾਬ ਦੇ ਅਮਨ ਸ਼ਾਂਤੀ , ਫਿਰਕੂ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਦੇ ਯਤਨਾ ਦਾ ਗੰਭੀਰ ਨੋਟਿਸ ਲੈਂਦਿਆ ਇਸ ਵਿੱਰੁਧ ਕਿਸਾਨ ਜਥੇਬੰਦੀਆਂ ਅਤੇ ਹੋਰ ਜਮਹੂਰੀ ਸ਼ਕਤੀਆਂ ਵਲੋਂ ਕੀਤੇ ਜਾਣ ਵਾਲੇ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ ਕੀਤਾ।

ਹੁਣ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਐਮ ਸੀ ਪੀ ਆਈ (ਯੂ) ਕਿੰਨੀ ਜਲਦੀ ਕਮਿਊਨਿਸਟ ਲਹਿਰ ਦੀ ਚੜ੍ਹਤ ਲਈ ਆਪਣਾ ਨਵਾਂ ਯੋਗਦਾਨ ਦੇਣ ਵਿਚ ਸਫਲ ਰਹਿੰਦੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments:

Post a Comment