Sunday, October 5, 2025

ਇਤਿਹਾਸ ਦੇ ਪੰਨਿਆਂ ‘ਚੋਂ 53ਵੀਂ ਸ਼ਹੀਦੀ ਵਰ੍ਹੇਗੰਢ ਦੇ ਮੌਕੇ ‘ਤੇ:

Received From Comrade L S Taggar on Wednesday 1st October 2025 at 17:43 Regarding Moga Firing Comrade Screen 

ਕਾਮਰੇਡ ਲਹਿੰਬਰ ਸਿੰਘ ਤੱਗੜ ਵੱਲੋਂ ਵਿਸ਼ੇਸ਼ ਲਿਖਤ ਵਿੱਚ ਵਿਸ਼ੇਸ਼ ਖੁਲਾਸੇ 

ਅੱਜ ਵੀ ਪ੍ਰਸੰਗਿਕ ਹੈ ਇਤਿਹਾਸ ਦਾ ਇਹ ਲਹੂ ਭਿੱਜਿਆ ਯਾਦਗਾਰੀ ਪੰਨਾ 

ਫੋਟੋ- ਮੋਗਾ ਗਰੁੱਪ ਮੀਡੀਆ ਦੇ ਧੰਨਵਾਦ ਸਹਿਤ 
ਤੱਗੜ ਪਿੰਡ ਤੋਂ ਕਾਮਰੇਡ ਤੱਗੜ ਦੀ ਵਿਸ਼ੇਸ਼ ਰਿਪੋਰਟ//ਮੀਡੀਆ ਲਿੰਕ32/ /ਕਾਮਰੇਡ ਸਕਰੀਨ )::

ਅੱਜ ਜਿਸ ਸਮੇਂ ਅਸੀਂ ਮੋਗਾ ਗੋਲੀ ਕਾਂਡ ਵਿਰੁੱਧ ਲੜੇ ਗਏ ਇਤਿਹਾਸਕ ਵਿਦਿਆਰਥੀ ਸੰਘਰਸ਼ ਦੀ 53ਵੀਂ ਵਰ੍ਹੇਗੰਢ ਮਨਾ ਰਹੇ ਹਾਂ ਤਾਂ ਦੇਸ਼ ਦੇ ਹਾਲਾਤ ਉਸ ਸਮੇਂ ਨਾਲੋਂ ਵੀ ਵੱਧ ਗੰਭੀਰ ਅਤੇ ਖਤਰਨਾਕ ਹੋ ਚੁੱਕੇ ਹਨ ਅਤੇ ਅੱਗੇ ਹੋਰ ਬਦਤਰ ਹੋ ਰਹੇ ਹਨ। ਹਿੰਦੂ ਰਾਸ਼ਟਰਵਾਦ, ਭਗਵਾਂਕਰਨ, ਜੰਗੀ ਜਨੂੰਨ ਆਦਿ ਦੇ ਨਾਂ ਤੇ ਫਿਰਕੂ ਫਾਸ਼ੀਵਾਦੀ ਹੜ੍ਹ ਦੀ ਕਾਂਗ ਚੜ੍ਹਦੀ ਆ ਰਹੀ ਹੈ। ਸੁਤੰਤਰਤਾ ਸੰਗਰਾਮ ਦੌਰਾਨ ਪੈਦਾ ਹੋਈਆਂ ਅਤੇ ਮਜ਼ਬੂਤ ਹੋਈਆਂ ਅਤੇ ਸੰਵਿਧਾਨ ਵਿੱਚ ਦਰਜ ਸਾਰੀਆਂ ਉੱਚੀਆਂ ਸੁੱਚੀਆਂ ਅਤੇ ਨਰੋਈਆਂ ਕਦਰਾਂ ਕੀਮਤਾਂ ਜਿਵੇਂ ਕਿ ਧਰਮ ਨਿਰਲੇਪਤਾ, ਫਿਰਕੂ ਇਕਸੁਰਤਾ, ਸੰਘਾਤਮਕ ਰਾਜਨੀਤਕ ਢਾਂਚਾ, ਪਾਰਲੀਮਾਨੀ ਜਮਹੂਰੀਅਤ, ਸਮਾਜਵਾਦ, ਭਾਈਚਾਰਕ ਸਾਂਝ ਆਦਿ ਸਭ ਕੁੱਝ ਖਤਰੇ ’ਚ ਹੈ ਅਤੇ ਇਹਨਾਂ ਤੇ ਨੰਗੇ ਚਿੱਟੇ ਹਮਲੇ ਹੋ ਰਹੇ ਹਨ। ਭਾਰਤ ਦੇ ਸੰਵਿਧਾਨ ਦੀ ਧਾਰਾ 370 ਅਤੇ 35 ਏ ਨੂੰ ਖਤਮ ਕਰਕੇ, ਜੰਮੂ ਕਸ਼ਮੀਰ ਦੇ ਦੋ ਟੁਕੜੇ ਕਰਕੇ ਅਤੇ ਦੋਹਾਂ ਨੂੰ ਕੇਂਦਰੀ ਸ਼ਾਸਤ ਖੇਤਰ ਬਣਾ ਕੇ ਮੋਦੀ-ਅਮਿਤ ਸ਼ਾਹ ਸਰਕਾਰ ਨੇ ਕਸ਼ਮੀਰ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਸੀ। ਅਜਿਹੀਆਂ ਗੰਭੀਰ ਪ੍ਰਸਥਿਤੀਆਂ ਵਿੱਚ ਮੋਗਾ ਗੋਲੀ ਕਾਂਡ ਵਰਗੇ ਇਤਿਹਾਸਕ ਸੰਘਰਸ਼ਾਂ ਨੂੰ ਮੁੜ ਯਾਦ ਕਰਕੇ ਅਤੇ ਇਹਨਾਂ ਤੋਂ ਪ੍ਰੇਰਨਾ ਲੈ ਕੇ ਅੱਜ ਦੇ ਹਾਲਾਤਾਂ ਵਿਰੁੱਧ ਸੰਘਰਸ਼ ਲਾਮਬੰਦ ਕਰਨਾ ਅੱਜ ਦੇ ਸਮੇਂ ਦੀ ਜ਼ਰੂਰੀ ਅਤੇ ਅਣਸਰਦੀ ਲੋੜ ਹੈ।

ਅੱਜ ਤੋਂ ਪੂਰੇ 53 ਸਾਲ ਪਹਿਲਾਂ ਪੰਜਾਬ ਦੀ ਧਰਤੀ ਤੇ ਇੱਕ ਅਜੇਹਾ ਲਾਮਿਸਾਲ ਅਤੇ ਇਤਿਹਾਸਕ ਵਿਦਿਆਰਥੀ ਸੰਘਰਸ਼ ਲੜਿਆ ਗਿਆ ਸੀ ਜਿਸ ਵਿੱਚ ਸਿੱਧੇ ਤੌਰ ਤੇ ਹਿੱਸਾ ਲੈਣ ਵਾਲੇ ਕਈ ਹਜ਼ਾਰਾਂ ਵਿਦਿਆਰਥੀ ਜੋ ਇਸ ਸਮੇਂ ਮੇਰੇ ਵਾਂਗ 70-80 ਸਾਲ ਦੇ ਬਜ਼ੁਰਗ ਬਣ ਚੁੱਕੇ ਹਨ, ਹਰ ਸਾਲ ਇਸ ਸੰਘਰਸ਼ ਨੂੰ ਯਾਦ ਕਰਕੇ ਮੁੜ ਜਜ਼ਬਾਤੀ ਹੋ ਜਾਂਦੇ ਹਨ ਅਤੇ ਜੋਸ਼ ਵਿੱਚ ਆ ਜਾਂਦੇ ਹਨ। ਇਸ ਦਾ ਪ੍ਰਗਟਾਵਾ ਹਰ ਸਾਲ ਇਸ ਸੰਘਰਸ਼ ਬਾਰੇ ਛਪਦੇ ਮੇਰੇ ਆਰਟੀਕਲਾਂ ਤੋਂ ਬਾਅਦ ਮੈਨੂੰ ਆਉਣ ਵਾਲੀਆਂ ਸੈਂਕੜੇ ਫੋਨ ਕਾਲਾਂ ਤੋ ਹੁੰਦਾ ਹੈ। ਹਰ ਫੋਨ ਕਰਨ ਵਾਲਾ ਦਸਦਾ ਹੈ ਕਿ ਉਸਨੇ ਇਸ ਸੰਘਰਸ਼ ਵਿੱਚ ਕਿਸ ਤਰ੍ਹਾਂ ਹਿੱਸਾ ਲਿਆ ਸੀ। ਕੋਈ ਦਸਦਾ ਹੈ ਕਿ ਅਸੀਂ ਵੀ ਬੱਸ ਸਾੜੀ ਸੀ ਜਾਂ ਪੁਲਿਸ ਨਾਲ ਟੱਕਰ ਲਈ ਸੀ ਅਤੇ ਕੋਈ ਦਸਦਾ ਹੈ ਕਿ ਮੈਂ ਵੀ ਇਤਨਾ ਸਮਾਂ ਜੇਲ੍ਹ ’ਚ ਰਿਹਾ ਸੀ ਤੇ ਅਜੇਹਾ ਹੋਰ ਬਹੁਤ ਕੁੱਝ। ਇਸ ਸੰਘਰਸ਼ ਨੇ ਸਮੇਂ ਦੀ ਗਿਆਨੀ ਜ਼ੈਲ ਸਿੰਘ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸਨ।

5 ਅਕਤੂਬਰ 1972 ਵਾਲੇ ਦਿਨ ਮੋਗਾ ਦੇ ਰੀਗਲ ਸਿਨੇਮਾ ਦੇ ਮਾਲਕਾਂ ਦੀ ਗੁੰਡਾਗਰਦੀ ਵਿਰੁੱਧ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਉਪਰ ਅੰਧਾਧੁੰਦ ਫਾਇਰਿੰਗ ਕਰਕੇ ਪੁਲਿਸ ਨੇ ਦੋ ਵਿਦਿਆਰਥੀ ਹਰਜੀਤ ਸਿੰਘ ਚੜਿਕ ਅਤੇ ਸਵਰਨ ਸਿੰਘ ਸ਼ਹੀਦ ਕਰ ਦਿੱਤੇ। ਇਸ ਜ਼ੁਲਮ ਵਿਰੁੱਧ ਰੋਸ ਪ੍ਰਗਟਾਅ ਰਹੇ ਵਿਦਿਆਰਥੀਆਂ ਅਤੇ ਆਮ ਲੋਕਾਂ ਉਪਰ ਮੋਗਾ ਵਿਖੇ ਹੀ 7 ਅਕਤੂਬਰ ਨੂੰ ਫਿਰ ਗੋਲੀ ਚਲਾਈ ਗਈ, ਜਿਸ ਨਾਲ ਇੱਕ ਮਜ਼ਦੂਰ ਔਰਤ ਤੇ ਦੋ ਹੋਰ ਵਿਅਕਤੀ ਸ਼ਹੀਦ ਹੋ ਗਏ। ਅਨੇਕਾਂ ਜ਼ਖਮੀ ਹੋਏ। ਪਹਿਲੇ ਦਿਨ 5 ਅਕਤੂਬਰ ਨੂੰ ਹੀ ਪੰਜਾਬ ਭਰ ਦੇ ਵਿਦਿਆਰਥੀ ਮੋਗਾ ਗੋਲੀ ਕਾਂਡ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਵਿੱਚ ਨਿੱਤਰ ਪਏ। ਪਹਿਲੇ ਹੀ ਦਿਨ ਇਹ ਖਬਰ ਜੰਗਲ ਦੀ ਅੱਗ ਵਾਂਗ ਪੰਜਾਬ ਭਰ ਵਿੱਚ ਫੈਲ ਗਈ। ਵਿਦਿਆਰਥੀ ਜਥੇਬੰਦੀ ਐਸ.ਐਫ.ਆਈ. ਵੱਲੋਂ ਪੰਜ ਅਕਤੂਬਰ ਦੀ ਰਾਤ ਨੂੰ ਹੀ ‘‘ਕਤਲੇਆਮ’’ ਦੇ ਸਿਰਲੇਖ ਹੇਠ ਇੱਕ Çਂੲਸ਼ਤਿਹਾਰ ਛਾਪਕੇ ਵਿਦਿਆਰਥੀਆਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਨਿਤਰਨ ਦਾ ਹੋਕਾ ਦਿੱਤਾ ਗਿਆ।

ਅੱਧੇ ਕੁ ਪੰਜਾਬ ਦੇ ਵਿਦਿਆਰਥੀ ਤਾਂ ਪਹਿਲੇ ਹੀ ਦਿਨ ਅਤੇ ਬਾਕੀ ਸਾਰੇ ਪੰਜਾਬ ਦੇ ਅਗਲੇ ਦਿਨ ਨਾ ਕੇਵਲ ਸੜਕਾਂ ਤੇ ਹੀ ਨਿਕਲ ਆਏ ਸਗੋਂ ਵਿਦਿਆਰਥੀ ਰੋਹ ਸਰਕਾਰੀ ਬੱਸਾਂ ਨੂੰ ਅੱਗਾਂ ਲਾਉਣ, ਸਰਕਾਰੀ ਦਫਤਰਾਂ ਤੇ ਹਮਲਿਆਂ ਅਤੇ ਪੁਲਿਸ ਨਾਲ ਸਿੱਧੀਆਂ ਟੱਕਰਾਂ ਦੇ ਰੂਪ ਵਿੱਚ ਫੁੱਟ ਪਿਆ। ਸਮੁੱਚੇ ਪੰਜਾਬ ਦੇ ਵਿਦਿਅਕ ਅਦਾਰੇ ਸਕੂਲਾਂ ਯੂਨਵਰਸਿਟੀਆਂ ਸਮੇਤ, ਵਿਦਿਆਰਥੀ ਸੰਘਰਸ਼ ਦੇ ਅਖਾੜੇ ਬਣ ਗਏ। ਪੰਜਾਬ ਦੇ ਸਮੂੰਹ ਲੋਕ ਹੀ ਵਿਦਿਆਰਥੀ ਸੰਘਰਸ਼ ਵਿੱਚ ਸ਼ਾਮਲ ਹੋ ਗਏ। ਇਕ ਹਫਤੇ ਦੇ ਅੰਦਰ ਅੰਦਰ ਹੀ ਇੱਕ ਸੌ ਤੋਂ ਵੱਧ ਸਰਕਾਰੀ ਬੱਸਾਂ ਫੂਕ ਦਿੱਤੀਆਂ ਗਈਆਂ। ਥਾਂ ਥਾਂ ਪੁਲਿਸ ਨਾਲ ਵਿਦਿਆਰਥੀਆਂ ਦੀਆਂ ਸਿੱਧੀਆਂ ਟੱਕਰਾਂ ਹੋਣ ਲੱਗੀਆਂ।  ਹਜ਼ਾਰਾਂ ਵਿਦਿਆਰਥੀਆਂ ਅਤੇ ਹਿਮਾਇਤੀ ਆਮ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੋਰ ਹਜ਼ਾਰਾਂ ਦੇ ਵਾਰੰਟ ਕੱਢ ਦਿੱਤੇ ਗਏ। ਇਹ ਹਜ਼ਾਰਾਂ ‘‘ਵਾਰੰਟਡ’’ ਗੁਪਤਵਾਸ ਵਿੱਚ ਰਹਿਕੇ ਸੰਘਰਸ਼ ਦੇ ‘‘ਕੁਲਵਕਤੀ ਸਿਪਾਹੀ’’ ਬਣ ਗਏ।

​ਗਿਆਰਾਂ ਅਕਤੂਬਰ ਨੂੰ ਵਿਦਿਆਰਥੀ ਸੰਘਰਸ਼ ਦੀ ਹਿਮਾਇਤ ਵਿੱਚ ‘‘ਪੰਜਾਬ ਬੰਦ’’ ਕੀਤਾ ਗਿਆ। ਸੱਥਿਤੀ ਕੰਟਰੋਲ ’ਚ ਨਾ ਆਉਂਦੀ ਵੇਖਕੇ ਮੋਗਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਕਈ ਹੋਰ ਸ਼ਹਿਰਾਂ ਵਿੱਚ ਫੌਜ ਦੇ ਫਲੈਗ ਮਾਰਚ ਕੀਤੇ ਗਏ। ਪੰਜਾਬ ਦੀਆਂ ਸਮੂੰਹ ਵਿਦਿਅਕ ਸੰਸਥਾਵਾਂ (ਯੂਨੀਵਰਸਿਟੀਆਂ ਤੋਂ ਲੈਕੇ ਸਕੂਲਾਂ ਤੱਕ) ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀਆਂ ਗਈਆਂ। ਸੈਂਕੜੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਦਿਆਰਥੀ ਸੰਘਰਸ਼ ਦੀ ਹਿਮਾਇਤ ਵਿੱਚ ਰੈਲੀਆਂ, ਜਲਸੇ ਅਤੇ ਮੁਜਾਹਰੇ ਕੀਤੇ ਜਾਣ ਲੱਗੇ।  ਗੱਲ ਕੀ ਕਿ ਸਮੁੱਚਾ ਪੰਜਾਬ ਹੀ ਵਿਦਿਆਰਥੀ ਸੰਘਰਸ਼ ਦਾ ਮੈਦਾਨੇ ਜੰਗ ਬਣ ਗਿਆ।

​ਇਸ ਸੰਘਰਸ਼ ਦੀ ਸ਼ੁਰੂਆਤ ਓਪਰੇ ਤੌਰ ਤੇ ਵੇਖਣ ਨੂੰ ਭਾਵੇਂ ਇੱਕ ਸਿਨਮਾ ਮਾਲਕ ਦੀ ਗੁੰਡਾਗਰਦੀ ਅਤੇ ਪੁਲਿਸ ਵੱਲੋਂ ਗੋਲੀ ਚਲਾਕੇ ਦੋ ਵਿਦਿਆਰਥੀਆਂ ਅਤੇ ਤਿੰਨ ਹੋਰ ਵਿਅਕਤੀਆਂ ਨੂੰ ਸ਼ਹੀਦ ਕਰ ਦੇਣ ਵਿਰੁੱਧ ਹੀ ਹੋਈ ਸੀ ਪਰ ਇਸਦੇ ਪਿਛੋਕੜ ਵਿੱਚ ਉਸ ਸਮੇਂ ਵਿਦਿਆਰਥੀ ਵਰਗ ਵਿੱਚ ਫੈਲੀ ਹੋਈ ਭਾਰੀ ਉਪਰਾਮਤਾ, ਨਿਰਾਸ਼ਤਾ ਅਤੇ ਰੋਹ ਸੀ।  ਇਹ ਬੇਚੈਨੀ ਸਮੇਂ ਦੀਆਂ ਸਰਕਾਰਾਂ ਦੀਆਂ ਉਨ੍ਹਾਂ ਨੀਤੀਆਂ ਵਿੱਚੋਂ ਪੈਦਾ ਹੋਈ ਸੀ ਜਿਨ੍ਹਾਂ ਕਾਰਨ ਨਾ ਕੇੇਵਲ ਪੰਜਾਬ ਦੇ ਹੀ ਸਗੋਂ ਦੇਸ਼ ਭਰ ਦੇ ਵਿਦਿਆਰਥੀਆਂ ਅਤੇ ਨੌਜੁਆਨਾਂ ਦੀਆਂ ਉਹ ਆਸਾਂ ਤੇ ਸੁਪਨੇ ਟੁੱਟ ਗਏ ਸਨ ਜਿਹੜੇ ਉਨ੍ਹਾਂ ਅੰਦਰ ਦੇਸ਼ ਵੱਲੋਂ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਪੈਦਾ ਹੋਏ ਸਨ। ਇਹ ਆਸਾਂ ਤੇ ਸੁਪਨੇ ਸਨ ਕਿ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਹਰ ਇੱਕ ਨੂੰ ਵਿਦਿਆ ਪ੍ਰਾਪਤੀ ਦੇ ਬਰਾਬਰ ਮੌਕੇ ਪ੍ਰਾਪਤ ਹੋਣਗੇ, ਵਿਦਿਆ ਸਸਤੀ ਅਰਥਾਤ ਹਰ ਇਕ ਦੀ ਪਹੁੰਚ ਦੇ ਅੰਦਰ ਹੋਵੇਗੀ ਅਤੇ ਪੜ੍ਹੇ ਲਿਖੇ ਨੌਜੁਆਨਾਂ ਨੂੰ ਰੋਜ਼ਗਾਰ ਪਾਪਤ ਹੋਵੇਗਾ। ਉਸ ਸਮੇਂ ਦੇਸ਼ ਆਜ਼ਾਦ ਹੋਏ ਨੂੰ ਪੂਰੇ ਪੱਚੀ ਸਾਲ ਹੋ ਗਏ ਸਨ ਪਰ ਹਰ ਪਾਸੇ ਬੇਰੁਜ਼ਗਾਰੀ, ਮਹਿੰਗੀ ਵਿਦਿਆ, ਕੁਰੱਪਸ਼ਨ, ਗਰੀਬੀ, ਮਹਿੰਗਾਈ, ਜਮਹੂਰੀ ਹੱਕਾਂ ਤੋਂ ਇਨਕਾਰ ਅਤੇ ਹਰ ਛੋਟੇ ਮੋਟੇ ਰੋਸ ਪਰਗਟਾਵੇ ਨੂੰ ਜ਼ੁਲਮ, ਤਸ਼ੱਦਦ ਨਾਲ ਦਬਾਉਣ ਦੀਆਂ ਨੀਤੀਆਂ ਕਾਰਨ ਸਮੂੰਹ ਵਿਦਿਆਰਥੀਆਂ, ਨੌਜੁਆਨਾਂ ਅਤੇ ਆਮ ਲੋਕਾਂ ਵਿੱਚ ਸਿਰੇ ਦੀ ਬੇਚੈਨੀ, ਨਿਰਾਸ਼ਤਾ ਅਤੇ ਰੋਹ ਫੈਲਿਆ ਹੋਇਆ ਸੀ।  ਵਿਦਿਆਰਥੀਆਂ ਵਿੱਚ ਫੈਲੀ ਇਸ ਉਪਰਾਮਤਾ ਨੂੰ ਲਾਮਬੰਦ ਅਤੇ ਜਥੇਬੰਦ ਕਰਕੇ ਜਮਹੂਰੀ ਲੀਹਾਂ ਤੇ ਸੰਘਰਸ਼ਾਂ ਦੇ ਰਾਹ ਪਾਉਣ ਦੇ ਉਦੇਸ਼ ਨਾਲ ਪਹਿਲਾਂ ਵੱਖ ਵੱਖ ਪ੍ਰਾਤਾਂ ਵਿੱਚ ਅਤੇ ਬਾਅਦ ਵਿੱਚ 1970 ਵਿੱਚ ਦੇਸ਼ ਪੱਧਰ ਉਤੇ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਦਾ ਗਠਨ ਹੋਇਆ ਸੀ। ਮੋਗਾ ਗੋਲੀ ਕਾਂਡ ਅਤੇ ਇਸ ਵਿਰੁੱਧ ਰੋਹ ਭਰਿਆ ਵਿਦਿਆਰਥੀ ਸੰਘਰਸ਼ ਇਸੇ ਪਿੱਠ ਭੂਮੀ ਵਿਚੋਂ ਪੈਦਾ ਹੋਇਆ।

​ਇਹ ਸੰਘਰਸ਼ ਮੁੱਖ ਰੂਪ ਵਿੱਚ ਭਾਵੇਂ ਆਪ ਮੁਹਾਰਾ ਹੀ ਸੀ, ਪਰ ਐਸ.ਐਫ.ਆਈ. ਇੱਕ ਜਥੇਬੰਦੀ ਦੇ ਰੂਪ ਵਿੱਚ ਅਤੇ ਇਸ ਦੇ ਸੈਂਕੜੇ ਸਰਗਰਮ ਵਰਕਰ ਇਸ ਸੰਘਰਸ਼ ਦੀਆਂ ਮੂਹਰਲੀਆਂ ਸਫਾਂ ਵਿੱਚ ਪੇਸ਼ ਪੇਸ਼ ਸਨ। ਇਸ ਸੰਘਰਸ਼ ਨੂੰ ਸਹੀ ਸੇਧ ਦੇਣ ਲਈ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਵਿਸ਼ੇਸ਼ ਤੌਰ ਤੇ ਪੰਜਾਬ ਆਏ ਅਤੇ ਉਹ ਮੈਨੂੰ ਮਿਲਣ ਵਾਸਤੇ ਗੁਪਤ ਤੌਰ ‘ਤੇ ਕਾਮਰੇਡ ਜਗਤਾਰ ਸਿੰਘ ਖਾਂਬੜਾ ਦੇ ਮੋਟਰ ਸਾਈਕਲ ‘ਤੇ ਬੈਠ ਕੇ ਕਾਮਰੇਡ ਖਾਂਬੜਾ ਦੇ ਖੂਹ ‘ਤੇ ਆਏ ਜਿਥੋਂ ਮੈਂ ਗੁਪਤ (ਅੰਡਰ ਗਰਾਉਂਡ) ਤੌਰ ‘ਤੇ ਠਹਿਰਿਆ ਹੋਇਆ ਸੀ ਅਤੇ ਫੰਕਸ਼ਨ ਕਰ ਰਿਹਾ ਸੀ। ਕਾਮਰੇਡ ਸੁਰਜੀਤ ਨੇ ਮੇਰੇ ਨਾਲ ਸੰਘਰਸ਼ ਦੀ ਸਾਰੀ ਸਥਿੱਤੀ ‘ਤੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਗੁਪਤ ਰੂਪ ਵਿੱਚ ਵਿਚਰਕੇ ਸੰਘਰਸ਼ ਚਲਾਉਣ, ਸੰਘਰਸ਼ ਦਾ ਜਨਤਕ ਜਮਹੂਰੀ ਖਾਸਾ ਕਾਇਮ ਰੱਖਣ, ਸਰਕਾਰ ਪੱਖੀ ਭੜਕਾਊ ਏਜੰਟਾਂ, ਮਾਅਰਕੇਬਾਜਾਂ ਅਤੇ ਸਮਝੌਤਾਵਾਦੀਆਂ ਤੋਂ ਸੁਚੇਤ ਰਹਿਣ ਦੀ ਸਿੱਖਿਆ ਦਿੱਤੀ ਅਤੇ ਦਿਨ ਰਾਤ ਇੱਕ ਕਰਕੇ ਸੰਘਰਸ਼ ਨੂੰ ਚਲਾਉਣ ਲਈ ਪ੍ਰੇਰਨਾ ਅਤੇ ਉਤਸ਼ਾਹ ਦਿੱਤਾ।  ਉਨ੍ਹਾਂ ਨੇ ਉਸੇ ਰਾਤ ਪਾਰਟੀ ਦੀ ਜਲੰਧਰ-ਕਪੂਰਥਲਾ ਜ਼ਿਲ੍ਹਾ ਕਮੇਟੀ ਦੀ ਵੀ ਪਿੰਡ ਰੁੜਕਾ ਕਲਾਂ ਵਿਖੇ ਗੁਪਤ ਤੌਰ ‘ਤੇ ਕਾਮਰੇਡ ਕੁਲਵੰਤ ਸਿੰਘ ਸੰਧੂ (ਕਾਂਤੀ) ਦੇ ਖੂਹ ‘ਤੇ ਮੀਟਿੰਗ ਕਰਵਾਈ ਅਤੇ ਸੰਘਰਸ਼ ਪ੍ਰਤੀ ਹਿਦਾਇਤਾਂ ਦਿੱਤੀਆਂ।

ਇਸ ਤੋਂ ਅਗਲੇ ਦਿਨ ਮੈਨੂੰ ਕਾਮਰੇਡ ਜਗਤਾਰ ਸਿੰਘ ਖਾਂਬੜਾ ਨੇ ਕਿਹਾ ਕਿ ‘‘ਚੱਲ ਬਈ ਕਾਮਰੇਡਾ ! ਤੈਨੂੰ ਪਾਰਟੀ ਦਫਤਰ ਬੁਲਾਇਆ ਹੈ’’ ਅਤੇ ਕਾਮਰੇਡ ਖਾਂਬੜਾ ਮੈਨੂੰ ਜਲੰਧਰ ਪਾਰਟੀ ਦਫਤਰ ਲੈ ਗਏ। ਦਫਤਰ ਵਿੱਚ ਕਾਮਰੇਡ ਸੁਰਜੀਤ, ਕਾਮਰੇਡ ਸਤਵੰਤ ਸਿੰਘ, ਕਾਮਰੇਡ ਗੁਰਚਰਨ ਸਿੰਘ ਰੰਧਾਵਾ, ਪੰਡਿਤ ਕਿਸ਼ੋਰੀ ਲਾਲ, ਕਾਮਰੇਡ ਦਲੀਪ ਸਿੰਘ ਜੌਹਲ ਅਤੇ ਕਾਮਰੇਡ ਰਾਜਿੰਦਰ ਸਿੰਘ ਸਰੀਂਹ ਬੈਠੇ ਸਨ। 

ਕਾਮਰੇਡ ਜੌਹਲ ਜੀ ਨੇ ਇਕ ਟਾਈਪ ਕੀਤਾ ਹੋਇਆ ਪ੍ਰੈਸ ਨੋਟ ਮੇਰੇ ਹੱਥ ਵਿੱਚ ਫੜਾ ਦਿੱਤਾ।  ਉਸ ਵਿੱਚ ਲਿਖਿਆ ਹੋਇਆ ਸੀ, ‘‘ਪੀ.ਐਸ.ਯੂ. (ਐਸ.ਐਫ.ਆਈ.) ਦੀ ਸੂਬਾ ਵਰਕਿੰਗ ਕਮੇਟੀ ਦੀ ਇੱਕ ਜ਼ਰੂਰੀ ਮੀਟਿੰਗ ਹੋਈ ਜਿਸ ਵਿੱਚ ਸਰਵਸੰਮਤੀ ਨਾਲ ਕਾਮਰੇਡ ਲਹਿੰਬਰ ਸਿੰਘ ਤੱਗੜ ਨੂੰ ਇਸ ਜਥੇਬੰਦੀ ਦਾ ਐਕਟਿੰਗ ਜਨਰਲ ਸਕੱਤਰ ਚੁਣ ਲਿਆ ਗਿਆ ਹੈ।’’ ਪ੍ਰੈਸ ਨੋਟ ਵਿੱਚ ਦੋ ਚਾਰ ਲਾਈਨਾਂ ਹੋਰ ਲਿਖੀਆਂ ਹੋਈਆਂ ਸਨ। ਮੈਂ ਪ੍ਰੈਸ ਨੋਟ ਪੜ੍ਹ ਕੇ ਹੈਰਾਨ ਹੋ ਗਿਆ। ਉਸ ਸਮੇਂ ਮੈਂ ਜਥੇਬੰਦੀ ਦਾ ਸੂਬਾ ਜੁਆਇੰਟ ਸਕੱਤਰ ਸੀ ਅਤੇ ਇਥੇ ਸੂਬਾ ਦਫਤਰ ਤੋਂ ਫੰਕਸ਼ਨ ਕਰ ਰਿਹਾ ਸੀ। ਮੈਂ ਕਿਹਾ ਕਿ ‘‘ਇਹ ਕਿਵੇਂ ਹੋ ਸਕਦਾ ਹੈ।’’ 

ਕਾਮਰੇਡ ਸੁਰਜੀਤ ਹੱਸ ਪਏ ਅਤੇ ਕਿਹਾ, ‘‘ਸੂਬਾ ਸਕੱਤਰੇਤ ਨੇ ਫੈਸਲਾ ਕਰ ਲਿਆ ਹੈ ਅਤੇ ਤੈਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਹੁਣ ਤਕੜਾ ਹੋ ਕੇ ਕੰਮ ਕਰ ਅਤੇ ਜ਼ਿੰਮੇਵਾਰੀ ਨਿਭਾਅ।’’ ਮੈਂ ਫਿਰ ਕਿਹਾ ਕਿ, ‘‘.....ਪਰ ਇਹ ਫੈਸਲਾ ਤਾਂ ਪੀ.ਐਸ.ਯੂ. (ਐਸ.ਐਫ.ਆਈ.) ਦੀ ਵਰਕਿੰਗ ਕਮੇਟੀ ਮੀਟਿੰਗ ਵਿੱਚ ਹੋਣਾ ਚਾਹੀਦਾ ਹੈ।’’ 

ਕਾਮਰੇਡ ਸੁਰਜੀਤ ਨੇ ਫਿਰ ਹੱਸ ਕੇ ਕਿਹਾ, ‘‘ਆਪਣੀ ਵਰਕਿੰਗ ਕਮੇਟੀ ਦੀਆਂ ਮੀਟਿੰਗਾਂ ਹੁਣ ਤੂੰ ਆਪ ਹੀ ਕਰੀ ਜਾਈਂ।  ਪਾਰਟੀ ਨੇ ਜੋ ਫੈਸਲਾ ਕਰਨਾ ਸੀ, ਕਰ ਦਿੱਤਾ।’’ ਮੈਨੂੰ ਉਥੇ ਹੀ ਦੱਸਿਆ ਗਿਆ ਕਿ ਇਹ ਪ੍ਰੈਸ ਨੋਟ ਵੰਡਿਆ ਵੀ ਜਾ ਚੁੱਕਾ ਹੈ।  ਥੋੜੇ ਸਮੇਂ ਬਾਅਦ ਪੀ.ਐਸ.ਯੂ (ਐਸ.ਐਫ.ਆਈ) ਦੇ ਉਸ ਵੇਲੇ ਦੇ ਜਨਰਲ ਸਕੱਤਰ ਕਾਮਰੇਡ ਬਲਦੇਵ ਸਿੰਘ ਸਰੀਂਹ ਵੀ ਦਫਤਰ ਪਹੁੰਚ ਗਏ। ਪਾਰਟੀ ਵੱਲੋ ਉਨ੍ਹਾਂ ਨੂੰ ਵੀ ਦਫਤਰ ਬੁਲਾਇਆ ਗਿਆ ਸੀ।  ਪ੍ਰੈਸ ਨੋਟ ਕਾਮਰੇਡ ਬਲਦੇਵ ਸਿੰਘ ਸਰੀਂਹ ਨੂੰ ਵੀ ਦੇ ਦਿੱਤਾ ਗਿਆ।  ਕਾਮਰੇਡ ਬਲਦੇਵ ਸਿੰਘ ਸਰੀਂਹ ਨੇ ਪ੍ਰੈਸ ਨੋਟ ਪੜ੍ਹ ਕੇ ਕਿਹਾ, ‘‘ਬਹੁਤ ਵਧੀਆ ਫੈਸਲਾ ਹੈ’’ ਅਤੇ ਮੈਨੂੰ ਗਲਵਕੜੀ ਪਾ ਲਈ ਅਤੇ ਨਾਲ ਹੀ ਕਿਹਾ, ‘‘ਮੈਂ ਤੇਰੇ ਨਾਲ ਹਾਂ। ਮੇਰਾ ਸਹਿਯੋਗ ਹਮੇਸ਼ਾਂ ਤੇਰੇ ਨਾਲ ਰਹੇਗਾ।’’ ਅਤੇ ਇਹ ਸਹਿਯੋਗ ਹਮੇਸ਼ਾਂ ਮੈਨੂੰ ਮਿਲਿਆ ਅਤੇ ਅੱਜ ਤੱਕ ਮਿਲ ਰਿਹਾ ਹੈ। ਕਾਮਰੇਡ ਬਲਦੇਵ ਸਿੰਘ ਸਰੀਂਹ ਬਹੁਤ ਚੰਗਾ ਕਾਮਰੇਡ ਹੈ। ਇਸ ਪ੍ਰਕਾਰ ਪਾਰਟੀ ਵੱਲੋਂ ਮੈਨੂੰ ਪੀ.ਐਸ.ਯੂ.(ਐਸ.ਐਫ.ਆਈ.) ਦੇ ਜਨਰਲ ਸਕੱਤਰ ਦੀ ਡਿਊਟੀ ਸੰਭਾਲੀ ਗਈ ਜਿਸ ਨੂੰ ਮੈਂ 1981 ਤੱਕ ਪੂਰੀ ਈਮਾਨਦਾਰੀ, ਮਿਹਨਤ, ਯੋਗਤਾ ਅਤੇ ਸਮਰੱਥਾ ਅਨੁਸਾਰ ਨਿਭਾਇਆ।  

​ਉਨ੍ਹਾਂ ਹੀ ਦਿਨਾਂ ਵਿੱਚ ਸੀ.ਪੀ.ਆਈ.(ਐਮ) ਦੀ ਕੇਂਦਰੀ ਕਮੇਟੀ ਦੀ ਇੱਕ ਤਿੰਨਾਂ ਦਿਨਾਂ ਮੀਟਿੰਗ ਚੰਡੀਗੜ੍ਹ ਵਿਖੇ ਹੋਈ। ਇਸ ਮੀਟਿੰਗ ਵਿੱਚ ਕੇਂਦਰੀ ਕਮੇਟੀ ਵੱਲੋਂ ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ, ਪੁਲਿਸ ਫਾਇਰਿੰਗ ਅਤੇ ਜ਼ੁਲਮ ਤਸ਼ੱਦਦ ਦੀ ਨਿਖੇਧੀ ਕੀਤੀ ਗਈ ਅਤੇ ਵਿਦਿਆਰਥੀ ਸੰਘਰਸ਼ ਦੀ ਹਿਮਾਇਤ ਕੀਤੀ ਗਈ। ਇਸ ਮੀਟਿੰਗ ਵਿੱਚ ਕਾਮਰੇਡ ਪੀ.ਸੁੰਦਰੱਈਆ, ਈ.ਐਮ.ਐਸ. ਨਬੂੰਦਰੀਪਾਦ, ਬੀ.ਟੀ.ਰੰਧੀਵੇ, ਏ.ਕੇ.ਗੋਪਾਲਨ, ਜੋਤੀ ਬਾਸੂ, ਪਰੋਮੋਦ ਦਾਸਗੁਪਤਾ, ਪੀ.ਰਾਮਾ ਮੂਰਤੀ, ਐਮ.ਬਸਾਵਾਪੁੱਨਈਆ ਅਤੇ ਹਰਕਿਸ਼ਨ ਸਿੰਘ ਸੁਰਜੀਤ ਸਮੇਤ ਸਾਰੇ ਮਹਾਨ ਕਮਿਊਨਿਸਟ ਆਗੂ ਸ਼ਾਮਲ ਸਨ।

​ਇਸ ਸੰਘਰਸ਼ ਦੌਰਾਨ ਹਜ਼ਾਰਾਂ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹਜ਼ਾਰਾਂ ਨੂੰ ਕੇਸ ਬਣਾਕੇ ਵਾਰੰਟਡ ਕੀਤਾ ਗਿਆ। ਐਸ.ਐਫ.ਆਈ. ਦੇ ਆਗੂਆਂ ਅਤੇ ਵਰਕਰਾਂ ਨੂੰ ਵਿਸ਼ੇਸ਼ ਨਿਸ਼ਾਨਾ ਬਣਾਇਆ ਗਿਆ। ਐਸ.ਐਫ.ਆਈ. ਦੇ ਸੂਬਾ ਪ੍ਰਧਾਨ ਕਾਮਰੇਡ ਜਸਵਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੇ ਬਦਨਾਮ ਇੰਟੈਰੋਗੇਸ਼ਨ ਸੈਂਟਰ ਵਿੱਚ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਉਸਦੇ ਬਾਪ ਕਾਮਰੇਡ ਜਗਜੀਤ ਸਿੰਘ ਪੱਖੋਕੇ ਨੂੰ ਵੀ ਉਸਦੇ ਨਾਲ ਹੀ ਗ੍ਰਿਫਤਾਰ ਕਰਕੇ ਸੈਂਕੜੇ ਹੋਰ ਵਿਦਿਆਰਥੀਆਂ ਨਾਲ ਜੇਲ੍ਹ ਵਿੱਚ ਰੱਖਿਆ ਗਿਆ।  

ਐਸ.ਐਫ.ਆਈ. ਦੇ ਲੁਧਿਆਣਾ ਜ਼ਿਲ੍ਹੇ ਦੇ ਆਗੂਆਂ ਮਨਜੀਤ ਸਿੰਘ (ਹੁਣ ਰਾਜਸੀ ਮਾਹਿਰ ਪ੍ਰੋ: ਮਨਜੀਤ ਸਿੰਘ) ਅਤੇ ਰਮੇਸ਼ ਕੌਸ਼ਲ (ਜੀ.ਜੀ.ਐਨ.ਖਾਲਸਾ ਕਾਲਜ) ਨੂੰ ਕਾਲੇ ਕਾਨੂੰਨ ‘‘ਮੀਸਾ’’ ਤਹਿਤ ਗ੍ਰਿਫਤਾਰ ਕਰਕੇ ਮਹੀਨਿਆਂ ਬੱਧੀ ਜੇਲ੍ਹ ਵਿੱਚ ਰੱਖਿਆ ਗਿਆ। ਜੰਡਿਆਲਾ, ਫਗਵਾੜਾ, ਨਕੋਦਰ, ਤਰਨ ਤਾਰਨ, ਪੱਟੀ, ਅੰਮ੍ਰਿਤਸਰ, ਰਾਜਪੁਰਾ, ਨਵਾਂਸ਼ਹਿਰ, ਜਲੰਧਰ, ਪਟਿਆਲਾ, ਸੰਗਰੂਰ, ਬਰਨਾਲਾ, ਲੁਧਿਆਣਾ ਆਦਿ ਦਰਜਨਾਂ ਕਾਲਜਾਂ ਦੇ ਸੈਂਕੜੇ ਐਸ.ਐਫ.ਆਈ. ਆਗੂ ਅਤੇ ਵਰਕਰ ਗ੍ਰਿਫਤਾਰ ਕੀਤੇ ਗਏ ਅਤੇ ਜੇਲ੍ਹਾਂ ’ਚ ਰੱਖੇ ਗਏ। ਖੁੱਦ ਮੈਨੂੰ ‘‘ਮੀਸਾ’’ ਤਹਿਤ ਇਸ਼ਤਿਹਾਰੀ ਮੁਜ਼ਰਮ ਐਲਾਨਿਆ ਗਿਆ, ਘਰ ਤੇ ਸਰਕਾਰੀ ਨੋਟਿਸ ਚਿਪਕਾਏ ਗਏ ਅਤੇ ਮੇਰੇ ਬਾਪ, ਮਾਮੇ ਅਤੇ 80 ਸਾਲਾ ਨਾਨੇ ਨੂੰ ਗੈਰਕਾਨੂੰਨੀ ਤੌਰ ਤੇ ਹਫਤਿਆਂ ਬੱਧੀ ਥਾਣਿਆਂ ਵਿੱਚ ਬੈਠਾਈ ਰੱਖਿਆ ਗਿਆ।

​ਵਿਦਿਆਰਥੀ ਸੰਘਰਸ਼ ਸ਼ੁਰੂ ਹੋਣ ਤੋਂ ਡੇਢ ਮਹੀਨਾ ਬਾਅਦ ਪੰਜਾਬ ਸਰਕਾਰ ਨੇ ਇਹ ਸੋਚ ਕੇ ਕਿ ਲੰਬਾ ਸਮਾਂ ਪੈ ਜਾਣ ਕਰਕੇ ਵਿਦਿਆਰਥੀਆਂ ਦਾ ਰੋਹ ਮੱਠਾ ਪੈ ਗਿਆ ਹੋਵੇਗਾ, 18 ਨਵੰਬਰ 1972 ਨੂੰ ਵਿਦਿਅਕ ਸੰਸਥਾਵਾਂ ਨੂੰ ਖੋਲ੍ਹਣ ਦਾ ਐਲਾਨ ਕਰ ਦਿੱਤਾ। ਐਸ.ਐਫ.ਆਈ. ਨੇ ਗੁਪਤ ਤੌਰ ਤੇ ਸੂਬਾਈ ਮੀਟਿੰੰਗ ਕਰਕੇ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ। ਮੈਂ ਉਸ ਸਮੇਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਦਾ ਵਿਦਿਆਰਥੀ ਸਾਂ। ਕਾਲਜ ਖੁਲ੍ਹਣ ਤੇ ਓਪਨ ਏਅਰ ਥੀਏਟਰ ਵਿੱਚ 18 ਨਵੰਬਰ ਨੂੰ ਸਮੂੰਹ ਵਿਦਿਆਰਥੀਆਂ ਦਾ ਵਿਸ਼ਾਲ ਇਕੱਠ ਹੋਇਆ। ਇਸ ਇਕੱਠ ਦੀ ਸਟੇਜ ਤੇ ਮੇਰੇ ਸਮੇਤ ਕਾਲਜ ਦੇ ਦੂਸਰੀਆਂ ਵਿਦਿਆਰਥੀਆਂ ਜੱਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ। 

ਚਾਪਲੂਸ ਕਿਸਮ ਦੇ ਅਖਾਉਤੀ ਅਤੇ ਸਮਝੌਤਾਵਾਦੀ ਵਿਦਿਆਰਥੀ ਆਗੂਆਂ ਨੇ ਇਧਰ ਉਧਰ ਦੀਆਂ ਮਾਰ ਕੇ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਜਾਣ ਦੀ ਅਪੀਲ ਕੀਤੀ। ਸਟੇਜ ਉਪਰ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਕਾਂਗਰਸੀ ਆਗੂ ਸ: ਬਲਬੀਰ ਸਿੰਘ ਜੋ ਉਸ ਸਮੇਂ ਗਿਆਨੀ ਜ਼ੈਲ ਸਿੰਘ ਸਰਕਾਰ ਵਿੱਚ ਡਿਪਟੀ ਮਨਿਸਟਰ ਸਨ, ਵੀ ਹਾਜ਼ਰ ਸਨ। ਆਪਣੇ ਬੋਲਣ ਤੋਂ ਬਾਅਦ ਚਾਪਲੂਸ ਕਿਸਮ ਦੇ ਆਗੂਆਂ ਨੇ ਸੱਥਿਤੀ ਨੂੰ ਉਨ੍ਹਾਂ ਅਨੁਸਾਰ ਸਾਜ਼ਗਾਰ ਸਮਝ ਕੇ ਸ: ਬਲਬੀਰ ਸਿੰਘ ਦਾ ਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਪੇਸ਼ ਕਰ ਦਿੱਤਾ। 

ਜਿਉਂ ਹੀ ਸ: ਬਲਬੀਰ ਸਿੰਘ ਨੇ ਮਾਈਕ ਫੜ ਕੇ ਬੋਲਣਾ ਸ਼ੁਰੂ ਕੀਤਾ, ਮੈਂ ਉੱਠਕੇ ਮਾਈਕ ਉਨ੍ਹਾਂ ਦੇ ਹੱਥ ਵਿੱਚੋਂ ਖੋਹ ਲਿਆ ਅਤੇ ਵਿਦਿਆਰਥੀਆਂ ਨੂੰ ਸ: ਬਲਬੀਰ ਸਿੰਘ ਨੂੰ ਨਾ ਸੁਣਨ, ਕਲਾਸਾਂ ’ਚ ਨਾ ਜਾਣ, ਸੰਘਰਸ਼ ਜਾਰੀ ਰੱਖਣ ਅਤੇ ਥੀਏਟਰ ਚੋਂ ਬਾਹਰ ਚਲਣ ਦਾ ਸੱਦਾ ਦੇ ਦਿੱਤਾ। ਸਮੂੰਹ ਵਿਦਿਆਰਥੀ ਨਾਅਰੇ ਮਾਰਦੇ ਹੋਏ ਮੇਰੇ ਪਿੱਛੇ ਥੀਏਟਰ ਚੋਂ ਬਾਹਰ ਆ ਗਏ।  ਸ: ਬਲਬੀਰ ਸਿੰਘ ਅਤੇ ਅਖਾਉਤੀ ਵਿਦਿਆਰਥੀ ਆਗੂਆਂ ਨੂੰ ਭੱਜਣ ਲਈ ਰਾਹ ਨਾ ਲੱਭੇ। ਜੋ ਕੁੱਝ ਉਸ ਦਿਨ ਸਾਡੇ ਕਾਲਜ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਵਾਪਰਿਆ, ਉਸ ਦਿਨ ਅਰਥਾਤ 18 ਨਵੰਬਰ 1972 ਨੂੰ ਸਾਰੇ ਪੰਜਾਬ ਦੀਆਂ ਲੱਗ ਪੱਗ ਸਾਰੀਆਂ ਵਿਦਿਅਕ ਸੰਸਥਾਵਾਂ ਵਿੱਚ ਵੀ ਲੱਗ ਪੱਗ ਇਹੋ ਕੁੱਝ ਹੀ ਵਾਪਰਿਆ। ਸਾਰੇ ਪੰਜਾਬ ਦੇ ਵਿਦਿਆਰਥੀ ਮੁੜ ਸੜਕਾਂ ਤੇ ਨਿਕਲ ਤੁਰੇ। ਗ੍ਰਿਫਤਾਰੀਆਂ, ਲਾਠੀਚਾਰਜਾਂ ਅਤੇ ਪੁਲਿਸ ਨਾਲ ਟੱਕਰਾਂ ਦਾ ਦੌਰ ਮੁੜ ਸ਼ੁਰੂ ਹੋ ਗਿਆ। ਵਿਦਿਆਰਥੀ ਰੋਹ ਦਾ ਹੜ੍ਹ ਮੁੜ ਪਹਿਲੇ ਹੀ ਵੇਗ ਵਿੱਚ ਵਹਿ ਤੁਰਿਆ। ਦੋ ਦਿਨਾਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਮੁੜ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀਆਂ।

​ਸਰਕਾਰੀ ਜ਼ਬਰ ਦੇ ਨਾਲ ਨਾਲ ਇਸ ਸੰਘਰਸ਼ ਨੂੰ ਸਾਬੋਤਾਜ਼ ਕਰਕੇ ਫੇਲ੍ਹ ਕਰਨ ਲਈ ਹੋਰ ਵੀ ਅਨੇਕਾਂ ਹੋਛੇ ਹੱਥਕੰਡੇ ਸਮੇਂ ਦੀ ਸਰਕਾਰ ਵੱਲੋਂ ਵਰਤੇ ਗਏ। ਸੰਘਰਸ਼ ਸ਼ੁਰੂ ਹੋਣ ਦੇ ਪਹਿਲੇ ਦੋ ਚਾਰ ਦਿਨਾਂ ਦੇ ਅੰਦਰ ਹੀ ਮੋਗੇ ਦੇ ਵਿਦਿਆਰਥੀਆਂ ਦੀ ਕਿਸੇ ਨਾਮ ਨਿਹਾਦ ‘‘ਐਕਸ਼ਨ ਕਮੇਟੀ’’ ਨਾਲ ਸਮਝੌਤਾ ਹੋਣ ਦਾ ਢੌਂਗ ਰਚਕੇ ਸੰਘਰਸ਼ ਨੂੰ ਵਾਪਸ ਕਰਵਾਉਣ ਲਈ ‘‘ਸਮਝੌਤਾ ਹੋ ਗਿਆ’’ ਦਾ ਗੁੰਮਰਾਹਕੁੰਨ ਪਰਚਾਰ ਕੀਤਾ ਗਿਆ। 

ਲੁਧਿਆਣਾ ਸ਼ਹਿਰ ਵਿੱਚ ਰਹਿੰਦੇ ਉਸ ਸਮੇਂ ਦੇ ਪੰਜਾਬ ਦੇ ਕੈਂਬਨਿੱਟ ਮਨਿਸਟਰ ਕੈਪਟਨ ਰਤਨ ਸਿੰਘ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚਲੇ ਵਿਦਿਆਰਥੀ ਆਗੂਆਂ ਨੂੰ ਪਤਿਆਉਣ, ਪਲੋਸਣ, ਡਰਾਉਣ, ਧਮਕਾਉਣ ਅਤੇ ਇਥੋਂ ਤੱਕ ਕਿ ਖਰੀਦਣ ਤੱਕ ਦੀਆਂ ਜ਼ਬਰਦਸਤ ਕੋਸ਼ਿਸ਼ਾਂ ਕੀਤੀਆਂ ਗਈਆਂ। ਅਜਿਹੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਹੀ ਇੱਕ ‘ਵਿਅਕਤੀ’ ਜਰਨੈਲ ਸਿੰਘ ਰੰਗੀ ਨੂੰ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਖੁੱਦ ਰਾਤੋ ਰਾਤ ਇੱਕ ਨਾਮ ਨਿਹਾਦ ਵਿਦਿਆਰਥੀ ਜੱਥੇਬੰਦੀ ‘‘ਪੰਜਾਬ ਸਟੂਡੈਂਟਸ ਐਸੋਸੀਏਸ਼ਨ’’ ਦਾ ਪ੍ਰਧਾਨ ਗਰਦਾਨ ਕੇ ਅਤੇ ਸਰਕਾਰੀ ਕਾਰ ਅਤੇ ਹੋਰ ਕਈ ਸਾਧਨ ਦੇ ਕੇ ਵਿਦਿਆਰਥੀ ਸੰਘਰਸ਼ ਨੂੰ ਸਾਬੋਤਾਜ਼ ਕਰਨ ਲਈ ਪੰਜਾਬ ਭਰ ਵਿੱਚ ਭੇਜਿਆ ਗਿਆ। ਇਹ ਵਿਅਕਤੀ ਕਈ ਵਿਦਿਆਰਥੀ ਆਗੂਆਂ ਕੋਲ ਘੁੰਮਦਾ ਰਿਹਾ ਅਤੇ ਇੱਕ ਦਿਨ ਕਿਸੇ ਨਾ ਕਿਸੇ ਤਰੀਕੇ ਰਾਹੀਂ ਮੇਰੇ ਕੋਲ ਵੀ ਆ ਪਹੁੰਚਿਆ। ਪਰ ਮੈਂ ਉਸਦੇ ਇਰਾਦਿਆਂ ਨੂੰ ਜਲਦੀ ਹੀ ਭਾਂਪ ਗਿਆ ਅਤੇ ਬੇਰੰਗ ਵਾਪਸ ਭੇਜ ਦਿੱਤਾ। ਗੱਲ ਕੀ ਕਿ ਸਰਕਾਰ ਦੇ ਸਾਰੇ ਹਰਵੇ, ਹੱਥਕੰਡੇ ਫੇਲ੍ਹ ਹੋ ਗਏ ਅਤੇ ਵਿਦਿਆਰਥੀ ਸੰਘਰਸ਼ ਜਾਰੀ ਰਿਹਾ।

​ਪੰਜਾਬ ਸਰਕਾਰ ਨੇ ਮੋਗਾ ਗੋਲੀ ਕਾਂਡ ਦੀ ਮੈਜਿਸਟਰੇਟ ਤੋਂ ਜਾਂਚ ਕਰਵਾਉਣ ਦਾ ਐਲਾਨ ਤਾਂ ਮੁੱਢਲੇ ਦਿਨੀਂ ਹੀ ਕਰ ਦਿੱਤਾ ਸੀ। ਥੋੜ੍ਹੇ ਦਿਨਾਂ ਬਾਅਦ ਜੁਡੀਸ਼ੀਅਲ ਜਾਂਚ ਦਾ ਐਲਾਨ ਵੀ ਹੋ ਗਿਆ ਸੀ। ਦੋਸ਼ੀ ਅਧਿਕਾਰੀਆਂ ਦੇ ਤਬਾਦਲੇ ਵੀ ਕਰ ਦਿੱਤੇ ਗਏ। ਗੁੰਡਿਆਂ ਵਿਰੁੱਧ ਮੁਕੱਦਮੇ ਵੀ ਦਰਜ ਹੋ ਗਏ। ਪਰ ਪੰਜਾਬ ਦੇ ਵਿਦਿਆਰਥੀਆਂ ਦੇ ਜਜ਼ਬਾਤ ਰੀਗਲ ਸਿਨਮੇ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਯਾਦ ਵਜੋਂ ਪੱਕੇ ਤੌਰ ਤੇ ਬੰਦ ਕਰਵਾਉਣ ਦੀ ਜਜ਼ਬਾਤੀ ਮੰਗ ਨਾਲ ਜੁੜੇ ਹੋਏ ਸਨ। ਉਹ ਇਸ ਸਿਨਮੇ ਨੂੰ ਖੂੰਨੀ ਸਿਨਮਾ ਕਹਿੰਦੇ ਸਨ ਅਤੇ ਕਿਸੇ ਵੀ ਕੀਮਤ ਤੇ ਇਸ ਸਿਨਮੇ ਦਾ ਚਲਣਾ ਜਾਂ ਮੁੜ ਚਲਣਾ ਉਹ ਬਰਦਾਸ਼ਤ ਕਰ ਹੀ ਨਹੀਂ ਸਕਦੇ ਸਨ। ਅੰਤ ਤਿੰਨ ਮਹੀਨੇ ਲੰਬੇ ਵਿਦਿਆਰਥੀ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਨੂੰ ਇਸ ਸਿਨਮੇ ਨੂੰ ਪੱਕੇ ਤੌਰ ਤੇ ਬੰਦ ਕਰਨ ਦਾ ਐਲਾਨ ਕਰਨਾ ਪਿਆ।

​ਅੱਜ 53 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਖੂੰਨੀ ਸਿਨਮਾ ਉਸੇ ਤਰ੍ਹਾਂ ਬੰਦ ਹੈ ਅਤੇ ਉਸ ਵਿੱਚ ਸਰਕਾਰੀ ਲਾਇਬਰੇਰੀ ਸਥਾਪਤ ਹੈ।  ਬੀਤੇ 53 ਸਾਲਾਂ ਦੇ ਸਮੇਂ ਦੌਰਾਨ ਇਸ ਸਿਨਮੇ ਨੂੰ ਮੁੜ ਚਾਲੂ ਕਰਨ ਦੀਆਂ ਦਰਜਣਾਂ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਪਰ ਹਰ ਮੌਕੇ ਤੇ ਰੋਹ ਭਰੇ ਵਿਦਿਆਰਥੀ ਵਿਰੋਧ ਕਾਰਨ ਇਹ ਕੋਸ਼ਿਸ਼ਾਂ ਅੱਜ ਤੱਕ ਵੀ ਸਫਲ ਨਹੀਂ ਹੋ ਸਕੀਆਂ। ਅੱਜ ਕਲ ਫਿਰ ਕੁੱਝ ਰੀਪੋਰਟਾਂ ਆ ਰਹੀਆਂ ਹਨ ਕਿ ਪੰਜਾਬ ਸਰਕਾਰ ਇਸ ਸਿਨਮੇ ਦੀ ਬਿਲਡਿੰਗ ਨਾਲ ਕੋਈ ਛੇੜ ਛਾੜ ਕਰ ਰਹੀ ਹੈ। ਅਸੀਂ ਮੰਗ ਕਰਦੇ ਹਾਂ ਕਿ ਅਜੇਹਾ ਕਰਨਾ ਬੰਦ ਕੀਤਾ ਜਾਵੇ ਅਤੇ ਇਸ ਬਿਲਡਿੰਗ ਨੂੰ ਇਸੇ ਰੂਪ ਵਿੱਚ ਵਿਦਿਆਰਥੀ ਸ਼ਹੀਦਾਂ ਦੀ ਯਾਦਗਾਰ ਵਜੋਂ ਸਾਂਭਿਆ ਅਤੇ ਵਿਕਸਤ ਕੀਤਾ ਜਾਵੇ। ਰੀਗਲ ਸਿਨਮੇ ਨੂੰ ਪੱਕੇ ਤੌਰ ਤੇ ਬੰਦ ਕਰਨ ਦਾ ਐਲਾਨ ਕਰਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਨਵਰੀ 1973 ਵਿੱਚ ਵਿਦਿਅਕ ਸੰਸਥਾਵਾਂ ਮੁੜ ਖੋਲ੍ਹੀਆਂ ਗਈਆਂ, ਤਾਂ ਜਾ ਕੇ ਇਹ ਵਿਦਿਆਰਥੀ ਸੰਘਰਸ਼ ਸਮਾਪਤ ਹੋਇਆ।

​ਇਸ ਇਤਿਹਾਸਕ ਵਿਦਿਆਰਥੀ ਲਹਿਰ ਦੀ ਪੰਜਾਬ ਦੀ ਕਮਿਊਨਿਸਟ, ਖੱਬੀ ਅਤੇ ਜਮਹੂਰੀ ਲਹਿਰ ਨੂੰ ਬਹੁਪੱਖੀ ਦੇਣ ਹੈ। ਇਸ ਸੰਘਰਸ਼ ਨੇ ਇੱਕ ਵਾਰ ਫਿਰ ਇਸ ਇਤਿਹਾਸਕ ਸਚਾਈ ਨੂੰ ਸਾਬਤ ਕਰ ਦਿੱਤਾ ਕਿ ਜਦੋਂ ਜਨਤਾ ਦਾ ਕੋਈ ਵੀ ਵਰਗ ਇੱਕਮੁੱਠ ਹੋ ਕੇ ਸੰਘਰਸ਼ਾਂ ਦੇ ਰਾਹਾਂ ਤੇ ਚਲਦਾ ਹੈ ਤਾਂ ਉਹ ਆਪਣੀਆਂ ਮੰਗਾਂ ਮੰਨਵਾ ਲੈਂਦਾ ਹੈ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਝੁਕਣ ਲਈ ਮਜ਼ਬੂਰ ਵੀ ਕਰ ਦਿੰਦਾ ਹੈ।  ਇਸ ਸੰਘਰਸ਼ ਕਾਰਨ ਪੰਜਾਬ ਦਾ ਸਮੁੱਚਾ ਰਾਜਸੀ ਮਹੌਲ ਹੀ ਸੰਘਰਸ਼ਮਈ ਬਣ ਗਿਆ ਅਤੇ ਪੰਜਾਬ ਵਿੱਚ ਜਮਹੂਰੀ ਲਹਿਰ ਦੇ ਵਿਕਾਸ ਲਈ ਮਹੌਲ ਸਾਜ਼ਗਾਰ ਹੋ ਗਿਆ। ਇਸ ਸੰਘਰਸ਼ ਦੌਰਾਨ ਹੀ ਪੰਜਾਬ ਦੇ ਪ੍ਰਾਈਵੇਟ ਕਾਲਜਾਂ ਦੇ ਟੀਚਰਾਂ, ਨਾਨ ਟੀਚਿੰਗ ਸਟਾਫ ਅਤੇ ਅਖਬਾਰੀ ਕਾਮਿਆਂ ਦੇ ਸੰਘਰਸ਼ ਸ਼ੁਰੂ ਹੋ ਗਏ ਅਤੇ ਸਫਲਤਾਵਾਂ ਹਾਸਲ ਕੀਤੀਆਂ। ਥੋੜੇ ਸਮੇਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਲੜੇ ਗਏ ਅਤੇ ਸਫਲ ਹੋਏ ਸੰਘਰਸ਼ ਦੀ ਪਿੱਠਭੂਮੀ ਵੀ ਇਸ ਇਤਿਹਾਸਕ ਵਿਦਿਆਰਥੀ ਸੰਘਰਸ਼ ਵਿੱਚ ਹੀ ਸੀ।

​ਮੇਰੇ ਐਸ.ਐਫ.ਆਈ. ਦਾ ਸੂਬਾ ਸਕੱਤਰ ਹੋਣ ਦੇ ਲੱਗ ਪੱਗ 10 ਸਾਲਾਂ ਦੇ ਦੌਰ ਦੋਰਾਨ ਐਸ.ਐਫ.ਆਈ. ਦੀ ਅਗਵਾਈ ਹੇਠ ਲੜੇ ਅਤੇ ਜਿੱਤੇ ਗਏ ਮਹਾਨ ਅਤੇ ਇਤਿਹਾਸਕ ਵਿਦਿਆਰਥੀ ਸੰਘਰਸ਼ ਜੋ ਸਮੂਹ ਵਿਦਿਆਰਥੀਆਂ ਨੂੰ ਰੇਲਵੇ ਬਰਾਬਰ ਰਿਆਇਤੀ ਦਰਾਂ ਤੇ ਬੱਸ ਪਾਸ ਬਣਾਉਣ ਦੀ ਸਹੂਲਤ ਦੇਣ ਦੀਆਂ ਮੰਗਾਂ ਵਾਸਤੇ ਲੜਿਆ ਗਿਆ ਸੀ, ਦੇ ਪਿਛੋਕੜ ਵਿੱਚ ਵੀ ਮੋਗਾ ਵਿਦਿਆਰਥੀ ਸੰਘਰਸ਼ ਹੀ ਸੀ।  ਬੱਸ ਪਾਸਾਂ ਦੇ ਸੰਘਰਸ਼ ਦੀ ਜਿੱਤ ਨਾਲ ਪੰਜਾਬ ਦੇ ਵਿਦਿਆਰਥੀਆਂ ਨੂੰ ਰਿਆਇਤੀ ਬੱਸ ਪਾਸ ਬਣਵਾਉਣ ਦੀ ਜੋ ਸਹੂਲਤ ਪ੍ਰਾਪਤ ਹੋਈ ਉਹ ਅੱਜ ਤੱਕ ਅੱਧੀ ਸਦੀ (ਪੰਜਾਹ ਸਾਲਾਂ) ਤੋਂ ਵੀ ਵਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜਾਰੀ ਹੈ ਅਤੇ ਇਹ ਵੀ ਇੱਕ ਤੱਥ ਹੈ ਕਿ ਇਤਨੀ ਵੱਡੀ ਰਿਆਇਤ ਅਤੇ ਸਹੂਲਤ ਅੱਜ ਤੱਕ ਵੀ ਦੇਸ਼ ਦੇ ਕਿਸੇ ਹੋਰ ਪ੍ਰਾਂਤ ਦੇ ਵਿਦਿਆਰਥੀਆਂ ਨੂੰ ਪ੍ਰਾਪਤ ਨਹੀਂ ਹੋਈ ਹੈ।

​1974 ਵਿੱਚ ਐਸ.ਐਫ.ਆਈ.ਦੀ ਅਗਵਾਈ ਵਿੱਚ ਬੱਸ ਪਾਸਾਂ ਦੀ ਸਹੂਲਤ ਲੈਣ ਲਈ ਲੜੇ ਗਏ ਇਤਿਹਾਸਕ ਵਿਦਿਆਰਥੀ ਸੰਘਰਸ਼ ਦੀ ਸਫਲਤਾ ਵਿੱਚ ਵੀ ਇਸ ਸੰਘਰਸ਼ ਦਾ ਪਰਭਾਵ ਸੀ। ਸੰਨ 1972 ਦੇ ਇਸ ਮਹਾਨ ਵਿਦਿਆਰਥੀ ਸੰਘਰਸ਼ ਤੋਂ ਡਰੀ ਹੋਈ ਗਿਆਨੀ ਜ਼ੈਲ ਸਿੰਘ ਦੀ ਸਰਕਾਰ 1974 ਦੇ ਬੱਸ ਪਾਸ ਬਣਾਉਣ ਲਈ ਚਲਾਏ ਗਏ ਵਿਦਿਆਰਥੀ ਸੰਘਰਸ਼ ਸਾਹਮਣੇ ਬਹੁਤਾ ਚਿਰ ਟਿਕ ਨਾ ਸਕੀ। ਬਾਅਦ ਵਿੱਚ ਆਈ.ਟੀ.ਆਈ. ਸਿਖਿਆਰਥੀਆਂ ਅਤੇ ਪਾਲੀਟਿਕਨਿਕ ਵਿਦਿਆਰਥੀਆਂ ਦੇ ਅਤੇ ਸਸਤੀਆਂ ਕਿਤਾਬਾਂ ਅਤੇ ਕਾਪੀਆਂ ਲਈ ਪੰਜਾਬ ਦੇ ਵਿਦਿਆਰਥੀਆਂ ਦੇ ਐਸ.ਐਫ.ਆਈ. ਵੱਲੋਂ ਲੜੇ ਗਏ ਸਫਲ ਵਿਦਿਆਰਥੀ ਸੰਘਰਸ਼ ਵੀ ਇਸੇ ਲੜੀ ਦਾ ਹਿੱਸਾ ਹੀ ਸਨ। ਥੋੜ੍ਹੇ ਸਮੇਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਚਲੇ ਰੋਹ ਭਰੇ ਸੰਘਰਸ਼ ਦੀਆਂ ਜੜ੍ਹਾਂ ਵੀ ਇਸੇ ਮੋਗਾ ਸੰਘਰਸ਼ ਵਿੱਚ ਹੀ ਸਨ। 

1975 ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਲਾਈ ਗਈ ਅੰਦਰੂਨੀ ਐਂਮਰਜੈਂਸੀ ਦਾ 19 ਮਹੀਨੇ ਦਾ ਕਾਲਾ ਦੌਰ ਵੀ ਇਸ ਸੰਘਰਸ਼ ਸਦਕੇ ਉਸਰੇ ਸੰਘਰਸ਼ਮਈ ਮਹੌਲ ਨੂੰ ਖਤਮ ਨਾ ਕਰ ਸਕਿਆ ਅਤੇ ਐਂਮਰਜੈਂਸੀ ਦੇ ਦੌਰ ਵਿਚ ਵੀ ਵਿਦਿਆਰਥੀਆਂ ਦੇ ਤੇ ਹੋਰ ਜਨਤਕ ਸੰਘਰਸ਼ ਚਲਦੇ ਰਹੇ ਅਤੇ ਐਮਰਜੈਂਸੀ ਦਾ ਵਿਰੋਧ ਕਰਦੇ ਰਹੇ। ਇਸੇ ਸੰਘਰਸ਼ ਸਦਕਾ ਪੰਜਾਬ ਵਿੱਚ ਜਮਹੂਰੀ ਵਿਦਿਆਰਥੀ ਲਹਿਰ ਖਾਸ ਕਰਕੇ ਵਿਦਿਆਰਥੀ ਜੱਥੇਬੰਦੀ ਐਸ.ਐਫ.ਆਈ ਇੱਕ ਬਹੁਤ ਹੀ ਮਜ਼ਬੂਤ ਅਤੇ ਸ਼ਕਤੀਸ਼ਾਲੀ ਜੱਥੇਬੰਦੀ ਵਜੋਂ ਉਭਰ ਕੇ ਸਾਹਮਣੇ ਆ ਗਈ। ਲੱਗ ਪੱਗ ਸਮੁੱਚਾ ਪੰਜਾਬ ਹੀ ਐਸ.ਐਫ.ਆਈ. ਦੇ ਪਰਭਾਵ ਖੇਤਰ ਵਿੱਚ ਆ ਗਿਆ ਅਤੇ ਡੇਢ ਦਹਾਕਾ ਬਾਅਦ ਤੱਕ ਵੀ ਇਹ ਪ੍ਰਭਾਵ ਬਣਿਆ ਰਿਹਾ। ਇਸ ਇਤਿਹਾਸਕ ਵਿਦਿਆਰਥੀ ਅੰਦੋਲਨ ਦੀ ਪੰਜਾਬ ਦੀ ਜਮਹੂਰੀ ਲਹਿਰ ਖਾਸ ਕਰਕੇ ਕਮਿਊਨਿਸਟ ਅਤੇ ਖੱਬੇ ਪੱਖੀ ਲਹਿਰ ਲਈ ਸਭ ਤੋਂ ਵੱਡੀ ਦੇਣ ਇਹ ਬਣੀ ਕਿ ਇਸ ਅੰਦੋਲਨ ਚੋਂ ਪੈਦਾ ਹੋਏ ਹਜ਼ਾਰਾਂ ਵਿਦਿਆਰਥੀ ਆਉਣ ਵਾਲੇ ਸਮੇਂ ਲਈ ਇਨ੍ਹਾਂ ਪਾਰਟੀਆਂ ਦੇ ਕਾਰਕੁੰਨਾਂ ਅਤੇ ਆਗੂਆਂ ਵਜੋਂ ਵਿਕਸਤ ਹੋਏ। ਜੇਕਰ ਇਹ ਕਹਿ ਲਿਆ ਜਾਵੇ ਕਿ ਪੰਜਾਬ ਦੀਆਂ ਕਮਿਊਨਿਸਟ ਅਤੇ ਖੱਬੀਆਂ ਪਾਰਟੀਆਂ ਦੇ ਕਾਰਕੁੰਨਾਂ ਅਤੇ ਆਗੂਆਂ ਦੀ ਇੱਕ ਪੂਰੀ ਦੀ ਪੂਰੀ ਨਵੀਂ ਪੀੜ੍ਹੀ ਹੀ ਇਸ ਸੰਘਰਸ਼ ਵਿੱਚੋਂ ਪੈਦਾ ਹੋਈ, ਜੋ ਕਿ ਅੱਜ ਵੀ ਸਰਗਰਮ ਹੈ ਤਾਂ ਇਹ ਕੋਈ ਅੱਤਕਥਨੀ ਨਹੀਂ ਹੋਵੇਗੀ।

​ਪੰਜਾਬ ਵਿੱਚ ਤੇਜ਼ੀ ਨਾਲ ਵਿਕਸਤ ਹੋ ਰਹੀ ਖੱਬੀ ਜਮਹੂਰੀ ਲਹਿਰ ਦਾ ਰਾਹ ਰੋਕਣ ਲਈ ਸਾਮਰਾਜਵਾਦੀ ਸ਼ਕਤੀਆਂ ਵੱਲੋਂ ਕਾਂਗਰਸ ਅਤੇ ਅਕਾਲੀ ਪਾਰਟੀ ਦੋਹਾਂ ਦੇ ਸਹਿਯੋਗ ਨਾਲ ਪੈਦਾ ਕੀਤੀ ਗਈ ਅੱਤਵਾਦੀ ਲਹਿਰ ਦੇ ਪੰਦਰਾਂ ਸਾਲਾਂ ਦੇ ਕਾਲੇ ਦੌਰ ਨੇ ਮੋਗਾ ਗੋਲੀ ਕਾਂਡ ਵਿਰੋਧੀ ਸੰਘਰਸ਼ ਨਾਲ ਵਿਕਸਤ ਹੋਈ ਜਮਹੂਰੀ ਵਿਦਿਆਰਥੀ ਲਹਿਰ ਨੂੰ ਭਾਵੇਂ ਕਾਫੀ ਹੱਦ ਤੱਕ ਕੰਮਜ਼ੋਰ ਕਰ ਦਿੱਤਾ ਪਰ ਅਜੋਕੀਆਂ ਗੰਭੀਰ ਵਿਦਿਆਰਥੀ ਸਮੱਸਿਆਵਾਂ ਦੇ ਮੱਦੇ ਨਜ਼ਰ ਪੰਜਾਬ ਵਿੱਚ ਮੁੜ ਤੋਂ ਖੱਬੀ ਤੇ ਜਮਹੂਰੀ ਵਿਦਿਆਰਥੀ ਲਹਿਰ ਉਸਾਰਨ ਦੀ ਲੋੜ ਹੈ। ਅਜੇਹੀ ਲਹਿਰ ਦੀ ਮੁੜ ਉਸਾਰੀ ਲਈ ਪੰਜਾਬ ਦੀ ਕਮਿਊਨਿਸਟ ਅਤੇ ਖੱਬੀ ਜਮਹੂਰੀ ਲਹਿਰ ਨੂੰ ਮੁੜ ਉਸੇ ਤਰ੍ਹਾਂ ਆਪਣਾ ਰੋਲ ਅਦਾ ਕਰਨਾ ਹੋਵੇਗਾ, ਜਿਸ ਤਰ੍ਹਾਂ 1970 ਵਿਆਂ ਵਿੱਚ ਉਸ ਸਮੇਂ ਦੀ ਲਹਿਰ ਨੇ ਅਦਾ ਕੀਤਾ ਸੀ। ਅਜੇਹਾ ਰੋਲ ਅਦਾ ਕਰਨ ਲਈ ਕਮਿਊਨਿਸਟ ਅਤੇ ਖੱਬੀ ਜਮਹੂਰੀ ਲਹਿਰ ਨੂੰ ਆਪਣੇ ਆਪ ਨੂੰ ਵੀ ਮਜ਼ਬੂਤ ਕਰਨਾ ਹੋਵੇਗਾ ਅਤੇ ਸਮੇਂ ਦੇ ਹਾਣ ਦੀ ਹੋਣਾ ਹੋਏਗਾ। ਅਜੇਹੀ ਲਹਿਰ ਦੀ ਉਸਾਰੀ ਲਈ ਮੋਗਾ ਗੋਲੀ ਕਾਂਡ ਵਿਰੁੱਧ ਇਤਿਹਾਸਕ ਸੰਘਰਸ਼, ਇਸ ਸੰਘਰਸ਼ ਦਾ ਇਤਿਹਾਸ, ਇਸ ਦੀਆਂ ਰਵਾਇਤਾਂ, ਇਸ ਦੀ ਵਿਰਾਸਤ ਅਤੇ ਇਸਦੇ ਸ਼ਹੀਦ ਪ੍ਰੇਰਨਾ ਅਤੇ ਉਤਸ਼ਾਹ ਦਾ ਇੱਕ ਵੱਡਾ ਸਰੋਤ ਹਨ ਅਤੇ ਹਮੇਸ਼ਾਂ ਹਮੇਸ਼ਾਂ ਲਈ ਬਣੇ ਰਹਿਣਗੇ।

​ਅੱਜ ਦੇ ਹਾਲਾਤ ਮੋਗਾ ਗੋਲੀ ਕਾਂਡ ਵੇਲੇ ਦੇ ਹਾਲਾਤਾਂ ਨਾਲੋਂ ਬਹੁਤ ਜ਼ਿਆਦਾ ਗੰਭੀਰ ਅਤੇ ਪੇਚੀਦਾ ਹਨ। ਉਸ ਸਮੇਂ ਦੀਆਂ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਗਿਆਨੀ ਜ਼ੈਲ ਸਿੰਘ ਦੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਆਪਣੀਆਂ ਲੋਕ ਵਿਰੋਧੀ ਨੀਤੀਆਂ, ਵਧੀਕੀਆਂ ਅਤੇ ਜ਼ਬਰਾਂ ਜ਼ੁਲਮਾਂ ਕਾਰਨ ਲੋਕਾਂ ਵਿਚੋਂ ਨਿਖੜ ਚੁੱਕੀਆਂ ਸਨ ਅਤੇ ਉਹਨਾਂ ਵਿਰੁੱਧ ਲੋਕਾਂ ਨੂੰ ਸੰਘਰਸ਼ ਦੇ ਰਾਹਾਂ ਤੇ ਪਾਉਣਾ ਸਾਫ, ਸਪੱਸ਼ਟ ਅਤੇ ਸੌਖਾ ਸੀ। ਪਰ ਅੱਜ ਦੀ ਮੋਦੀ ਸਰਕਾਰ ਬੀ.ਜੇ.ਪੀ. ਅਤੇ ਭਗਵੇਂ ਬਰਗੇਡ ਦੀਆਂ ਹਿੰਦੂਤਵਵਾਦੀ ਫਿਰਕੂ ਅਤੇ ਫਾਸ਼ੀਵਾਦੀ ਸ਼ਕਤੀਆਂ ਤਾਂ ਸਾਡੇ ਦੇਸ਼ ਦੇ ਲੋਕਾਂ ਵਿੱਚ ਫਿਰਕਾਪ੍ਰਸਤੀ, ਅੰਧਰਾਸ਼ਟਰਵਾਦ, ਸ਼ਾਵਨਵਾਦ, ਹਿੰਦੂ ਰਾਸ਼ਟਰਵਾਦ, ਜੰਗੀ ਜਨੂੰਨ, ਘੱਟ ਗਿਣਤੀਆਂ ਅਤੇ ਕਸ਼ਮੀਰੀ ਲੋਕਾਂ ਵਿਰੋਧੀ ਫਿਰਕੂ ਜ਼ਹਿਰ ਨਾਲ ਭਰੀਆਂ ਹੋਈਆਂ ਭਾਵਨਾਵਾਂ ਨੂੰ ਭੜਕਾਅ ਕੇ ਅਤੇ ਗੁੰਮਰਾਹ ਕਰਕੇ ਆਪਣੇ ਪਿੱਛੇ ਲਾਮਬੰਦ ਕਰਨ ਵਿੱਚ ਸਫਲ ਹੋ ਚੁੱਕੀਆਂ ਹਨ। 

ਇਨ੍ਹਾਂ ਬੇਹੱਦ ਗੰਭੀਰ ਅਤੇ ਖਤਰਨਾਕ ਪ੍ਰਸਥਿੱਤੀਆਂ ਵਿੱਚ ਨਰੋਈਆਂ ਕਦਰਾਂ ਕੀਮਤਾਂ ਦੀ ਰਾਖੀ ਲਈ ਅਤੇ ਬਹਾਲੀ ਲਈ ਸੰਘਰਸ਼ ਕਰਨਾ ਬਹੁਤ ਜ਼ਰੂਰੀ ਹੋ ਚੁੱਕਾ ਹੈ। ਇਹ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਅਗੇ ਵਧ ਰਿਹਾ ਹੈ। ਅੱਜ ਦੀਆਂ ਫਿਰਕੂ ਫਾਸ਼ੀਵਾਦੀ ਸ਼ਕਤੀਆਂ ਨੂੰ ਹਰਾਉਣ ਲਈ ਅੱਜ ਉਸੇ ਤਰ੍ਹਾਂ ਦਾ ਵਿਆਪਕ ਅਤੇ ਵਿਸ਼ਾਲ ਮੋਰਚਾ ਉਸਾਰਨਾ ਹੋਵੇਗਾ ਜਿਹੋ ਜਿਹਾ ਸਾਡੇ ਮਹਾਨ ਲੋਕਾਂ ਵੱਲੋਂ ਸਾਡੇ ਮਹਾਨ ਸੁਤੰਤਰਤਾ ਸੰਗਰਾਮ ਦੌਰਾਨ ਅੰਗਰੇਜ਼ ਸਾਮਰਾਜਵਾਦ ਵਿਰੁੱਧ, ਐਮਰਜੈਂਸੀ ਵਿਰੁੱਧ ਲੜਨ ਲਈ ਇੰਦਰਾ ਗਾਂਧੀ ਅਤੇ ਉਸਦੀ ਕਾਂਗਰਸ ਪਾਰਟੀ ਅਤੇ ਸਰਕਾਰ ਵਿਰੁੱਧ ਅਤੇ ਮੋਗਾ ਗੋਲੀ ਕਾਂਡ ਸਮੇਂ ਗਿਆਨੀ ਜ਼ੈਲ ਸਿੰਘ ਸਰਕਾਰ ਵਿਰੁੱਧ ਉਸਾਰਿਆ ਗਿਆ ਸੀ। ਮੋਗਾ ਗੋਲੀ ਕਾਂਡ ਵਿਰੋਧੀ ਇਤਿਹਾਸਕ ਸੰਘਰਸ਼ ਤੋਂ ਪ੍ਰੇਰਨਾ ਲੈ ਕੇ ਵਰਤਮਾਨ ਹਿੰਦੂ ਰਾਸ਼ਟਰਵਾਦੀ, ਫਿਰਕੂ ਫਾਸ਼ੀਵਾਦੀ ਹਮਲੇ ਵਿਰੁੱਧ ਸੰਘਰਸ਼ ਕਰਨਾ ਹੀ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸਹੀ ਸ਼ਰਧਾਂਜ਼ਲੀ ਹੋਵੇਗੀ। ਸੰਭਾਵਨਾਵਾਂ ਮੌਜੂਦ ਹਨ ਅਤੇ ਸਾਨੂੰ ਆਪਣੇ ਮਹਾਨ ਲੋਕਾਂ ਤੇ ਅਟੱਲ ਵਿਸਵਾਸ਼ ਹੈ।

ਸੰਪਰਕ 94635-42023