Thursday, November 28, 2024

ਕੂੜ-ਪ੍ਰਚਾਰ ਹੇਠ ਲੁਕ ਨਹੀਂ ਸਕਦਾ ਫ਼ਲਸਤੀਨ ਦਾ ਜ਼ਖ਼ਮ:ਅਰੁੰਧਤੀ ਰਾਏ

Original Arundhati Roy//Punjabi  Translation  Buta Singh Mehmoodpur//Wednesday 27th November 2024 at 8:01 PM

       ਮੈਂ ਉਹੀ ਹਾਂ ਜੋ ਮੈਂ ਲਿਖਦੀ ਹਾਂ--ਅਰੁੰਧਤੀ ਰਾਏ     

                                                         ---ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ


ਲੇਖਿਕਾ ਅਤੇ ਕਾਰਕੁਨ ਅਰੁੰਧਤੀ ਰਾਏ ਨੂੰ ਪੈੱਨ ਪਿੰਟਰ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਨਾਟਕਾਰ ਹੈਰੋਲਡ ਪਿੰਟਰ ਦੀ ਯਾਦ ਵਿਚ ਇੰਗਲਿਸ਼ ਪੈੱਨ ਦੁਆਰਾ ਸਥਾਪਤ ਕੀਤਾ ਸਲਾਨਾ ਪੁਰਸਕਾਰ ਹੈ। ਪੁਰਸਕਾਰ ਲਈ ਨਾਮਜ਼ਦ ਕੀਤੇ ਜਾਣ ਤੋਂ ਕੁਝ ਸਮੇਂ ਬਾਅਦ ਰਾਏ ਨੇ ਐਲਾਨ ਕੀਤਾ ਕਿ ਪੁਰਸਕਾਰ ਦੀ ਆਪਣੇ ਹਿੱਸੇ ਦੀ ਰਕਮ ਉਸ ਵੱਲੋਂ ਫ਼ਲਸਤੀਨੀ ਬਾਲ ਰਾਹਤ ਫੰਡ ਨੂੰ ਦੇ ਦਿੱਤੀ ਜਾਵੇਗੀ। ਉਸ ਨੇ ਬਰਤਾਨਵੀ-ਮਿਸਰੀ ਲੇਖਕ ਅਤੇ ਕਾਰਕੁਨ ਆਲਾ ਅਬਦ ਅਲ-ਫ਼ਤਹ ਨੂੰ  'ਰਾਈਟਰ ਆਫ ਕਰੇਜ' (साहस के लेखक) ਨਾਂ ਦਿੱਤਾ, ਜੋ ਉਨ੍ਹਾਂ ਦੇ ਨਾਲ ਇਸ ਪੁਰਸਕਾਰ ਦੇ ਹਿੱਸੇਦਾਰ ਹਨ। 10 ਅਕਤੂਬਰ, 2024 ਦੀ ਸ਼ਾਮ ਨੂੰ  ਬਿ੍ਟਿਸ਼ ਲਾਇਬ੍ਰੇਰੀ ਵਿਖੇ ਪੁਰਸਕਾਰ ਲੈਣ ਸਮੇਂ ਅਰੁੰਧਤੀ ਰਾਏ ਵੱਲੋਂ ਦਿੱਤਾ ਭਾਸ਼ਣ ਇੱਥੇ ਸਾਂਝਾ ਕੀਤਾ ਜਾ ਰਿਹਾ ਹੈ। 

ਮੈਂ ਅੰਗਰੇਜ਼ੀ ਪੈੱਨ ਦੇ ਮੈਂਬਰਾਂ ਅਤੇ ਜਿਊਰੀ ਮੈਂਬਰਾਂ ਦਾ ਮੈਨੂੰ ਪੈੱਨ ਪਿੰਟਰ ਪੁਰਸਕਾਰ ਨਾਲ ਸਨਮਾਨਿਤ ਕਰਨ ਲਈ ਧੰਨਵਾਦ ਕਰਦੀ ਹਾਂ। ਮੈਂ ਇਸ ਸਾਲ ਦੇ ਰਾਈਟਰ ਆਫ ਕਰੇਜ਼ ਦੇ ਨਾਂ ਦਾ ਐਲਾਨ ਕਰਕੇ ਆਪਣੀ ਗੱਲ ਸ਼ੁਰੂ ਕਰਨਾ ਚਾਹਾਂਗੀ ਜਿਸ ਦੇ ਨਾਲ ਮੈਨੂੰ ਇਹ ਪੁਰਸਕਾਰ ਦੇਣ ਲਈ ਚੁਣਿਆ ਗਿਆ ਹੈ।

ਦਲੇਰ ਲੇਖਕ ਅਤੇ ਮੇਰੇ ਸਾਥੀ ਪੁਰਸਕਾਰ ਜੇਤੂ ਆਲਾ ਅਬਦ ਅਲ-ਫ਼ਤਹ, ਤੁਹਾਨੂੰ ਮੇਰੇ ਵੱਲੋਂ ਮੁਬਾਰਕਾਂ। ਸਾਨੂੰ ਉਮੀਦ ਸੀ ਅਤੇ ਅਸੀਂ ਅਰਦਾਸ ਵੀ ਕੀਤੀ ਕਿ ਸਤੰਬਰ ਵਿਚ ਤੁਸੀਂ ਰਿਹਾ ਕਰ ਦਿੱਤੇ ਜਾਓਗੇ, ਪਰ ਮਿਸਰ ਦੀ ਸਰਕਾਰ ਨੇ ਫ਼ੈਸਲਾ ਕੀਤਾ ਕਿ ਤੁਸੀਂ ਬਹੁਤ ਹੀ ਖ਼ੂਬਸੂਰਤ ਲੇਖਕ ਅਤੇ ਬਹੁਤ ਹੀ ਖ਼ਤਰਨਾਕ ਚਿੰਤਕ ਹੋਣ ਕਰਕੇ ਤੁਹਾਨੂੰ ਰਿਹਾ ਨਹੀਂ ਕੀਤਾ ਜਾ ਸਕਦਾ। ਪਰ ਤੁਸੀਂ ਸਾਡੇ ਨਾਲ ਇੱਥੇ ਮੌਜੂਦ ਹੋ। ਤੁਸੀਂ ਐਥੇ ਸਭ ਤੋਂ ਮਹੱਤਵਪੂਰਨ ਵਿਅਕਤੀ ਹੋ। ਜੇਲ੍ਹ ਵਿੱਚੋਂ ਤੁਸੀਂ ਲਿਖਿਆ, ''ਕੋਈ ਤਾਕਤ ਮੇਰੇ ਸ਼ਬਦਾਂ ਤੋਂ ਖੁੱਸ ਗਈ ਅਤੇ ਫਿਰ ਵੀ ਉਹ ਮੇਰੇ ਅੰਦਰੋਂ ਬਾਹਰ ਆਉਂਦੇ ਰਹੇ। ਮੇਰੇ ਕੋਲ ਅਜੇ ਵੀ ਇਕ ਆਵਾਜ਼ ਸੀ, ਭਾਵੇਂ ਸਿਰਫ਼ ਮੁੱਠੀ ਭਰ ਲੋਕ ਹੀ ਸੁਣਨਗੇ। '' ਅਸੀਂ ਸੁਣ ਰਹੇ ਹਾਂ, ਆਲਾ। ਗ਼ੌਰ ਨਾਲ''

ਤੁਹਾਨੂੰ ਵੀ ਵਧਾਈਆਂ, ਮੇਰੀ ਪਿਆਰੀ ਨੈਓਮੀ ਕਲਾਈਨ, ਆਲਾ ਅਤੇ ਮੇਰੀ ਦੋਹਾਂ ਦੀ ਦੋਸਤ | ਅੱਜ ਰਾਤ ਇੱਥੇ ਆਉਣ ਲਈ ਤੇਰਾ ਧੰਨਵਾਦ। ਇਸਦਾ ਭਾਵ ਮੇਰੇ ਲਈ ਦੁਨੀਆ ਹੈ।

ਇੱਥੇ ਜੁੜੇ ਤੁਹਾਡੇ ਸਾਰਿਆਂ ਦੇ ਨਾਲ-ਨਾਲ ਉਨ੍ਹਾਂ ਸਾਰਿਆਂ ਨੂੰ ਵੀ ਸ਼ੁਭਕਾਮਨਾਵਾਂ ਜੋ ਸ਼ਾਇਦ ਇਨ੍ਹਾਂ ਅਦਭੁੱਤ ਸਰੋਤਿਆਂ ਲਈ ਅਦਿੱਖ ਹਨ ਪਰ ਇਸ ਕਮਰੇ ਵਿਚ ਮੌਜੂਦ ਕਿਸੇ ਹੋਰ ਵਿਅਕਤੀ ਵਾਂਗ ਮੈਨੂੰ ਦਿਸ ਰਹੇ ਹਨ। ਮੈਂ ਭਾਰਤ ਦੀਆਂ ਜੇਲ੍ਹਾਂ 'ਚ ਡੱਕੇ ਆਪਣੇ ਦੋਸਤਾਂ ਅਤੇ ਸਾਥੀਆਂ-ਵਕੀਲਾਂ, ਅਕਾਦਮਿਕਾਂ, ਵਿਦਿਆਰਥੀਆਂ, ਪੱਤਰਕਾਰਾਂ-ਉਮਰ ਖ਼ਾਲਿਦ, ਗੁਲਫਿਸ਼ਾ ਫ਼ਾਤਿਮਾ, ਖ਼ਾਲਿਦ ਸੈਫ਼ੀ, ਸ਼ਰਜੀਲ ਇਮਾਮ, ਰੋਨਾ ਵਿਲਸਨ, ਸੁਰਿੰਦਰ ਗਾਡਲਿੰਗ, ਮਹੇਸ਼ ਰਾਵਤ ਦੀ ਗੱਲ ਕਰ ਰਹੀ ਹਾਂ। ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਮੇਰੇ ਦੋਸਤ ਖ਼ੁਰਮ ਪਰਵੇਜ਼, ਮੇਰੀ ਜਾਣ-ਪਛਾਣ ਵਾਲੇ ਸਭ ਤੋਂ ਕਮਾਲ ਦੇ ਲੋਕਾਂ ਵਿੱਚੋਂ ਇਕ, ਤੁਸੀਂ ਤਿੰਨ ਸੋਂ ਜੇਲ੍ਹ ਵਿਚ ਹੋ, ਅਤੇ ਇਰਫ਼ਾਨ ਮਹਿਰਾਜ ਤੁਹਾਡੇ ਨਾਲ ਵੀ ਅਤੇ ਕਸ਼ਮੀਰ ਤੇ ਪੂਰੇ ਮੁਲਕ 'ਚ ਕੈਦ ਹਜ਼ਾਰਾਂ ਲੋਕਾਂ ਨਾਲ ਵੀ ਜਿਨ੍ਹਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਗਈਆਂ ਹਨ। 

ਜਦੋਂ ਇੰਗਲਿਸ਼ ਪੈੱਨ ਐਂਡ ਪਿੰਟਰ ਪੈਨਲ ਦੀ ਚੇਅਰਪਰਸਨ ਰੂਥ ਬੋਰਥਵਿਕ ਨੇ ਪਹਿਲੀ ਵਾਰ ਮੈਨੂੰ ਇਸ ਸਨਮਾਨ ਬਾਰੇ ਲਿਖਿਆ, ਤਾਂ ਉਨ੍ਹਾਂ ਨੇ ਕਿਹਾ ਕਿ ਪਿੰਟਰ ਪੁਰਸਕਾਰ ਇਕ ਅਜਿਹੇ ਲੇਖਕ ਨੂੰ  ਦਿੱਤਾ ਜਾਂਦਾ ਹੈ ਜਿਸ ਨੇ 'ਸਾਡੇ ਜੀਵਨ ਅਤੇ ਸਾਡੇ ਸਮਾਜ ਦੇ ਅਸਲ ਸੱਚ' ਨੂੰ ਨਿਧੜਕ, ਅਡੋਲ, ਜ਼ਬਰਦਸਤ ਬੌਧਿਕ ਦਿ੍ੜਤਾ' ਨਾਲ ਪ੍ਰੀਭਾਸ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਹੈਰੋਲਡ ਪਿੰਟਰ ਦੇ ਨੋਬਲ ਪੁਰਸਕਾਰ ਲੈਣ ਸਮੇਂ ਦੇ ਭਾਸ਼ਣ ਦਾ ਹਵਾਲਾ ਹੈ। 

'ਅਨਫਿੰਚਿੰਗ' ਸ਼ਬਦ ਨਾਲ ਮੈਂ ਪਲ ਕੁ ਲਈ ਰੁਕ ਕੇ ਸੋਚਣ ਲਈ ਮਜਬੂਰ ਹੋ ਗਈ, ਕਿਉਂਕਿ ਮੈਂ ਖੁਦ ਨੂੰ  ਇਕ ਅਜਿਹੇ ਵਿਅਕਤੀ ਦੇ ਰੂਪ ਵਿਚ ਸੋਚਦੀ ਹਾਂ ਜੋ ਲੱਗਭੱਗ ਹਮੇਸ਼ਾ ਹਿਚਕਚਾਉਂਦਾ ਹੈ।

ਮੈਂ 'ਫਲਿੰਚਿੰਗ' ਅਤੇ 'ਅਨਫਲਿੰਚਿੰਗ' ਦੇ ਵਿਸ਼ੇ 'ਤੇ ਥੋੜ੍ਹਾ ਧਿਆਨ ਕੇਂਦਰਤ ਕਰਨਾ ਚਾਹਾਂਗੀ | ਜਿਸ ਨੂੰ  ਖੁਦ ਹੈਰੌਲਡ ਪਿੰਟਰ ਦੁਆਰਾ ਬਿਹਤਰੀਨ ਤਰੀਕੇ ਨਾਲ ਦਰਸਾਇਆ ਜਾ ਸਕਦਾ ਹੈ:

''ਮੈਂ 1980 ਦੇ ਦਹਾਕੇ ਦੇ ਅੰਤ 'ਚ ਲੰਡਨ ਵਿਚ ਅਮਰੀਕੀ ਦੂਤਾਵਾਸ ਵਿਖੇ ਇਕ ਮੀਟਿੰਗ ਵਿਚ ਮੌਜੂਦ ਸੀ। 

''ਸੰਯੁਕਤ ਰਾਜ ਅਮਰੀਕਾ ਦੀ ਕਾਂਗਰਸ ਨੇ ਇਹ ਫ਼ੈਸਲਾ ਲੈਣਾ ਸੀ ਕਿ ਨਿਕਾਰਾਗੂਆ ਰਾਜ ਦੇ ਵਿਰੁੱਧ ਮੁਹਿੰਮ ਵਿਚ ਕੌਂਟਰਾ ਬਾਗ਼ੀਆਂ ਨੂੰ  ਹੋਰ ਧਨ ਦੇਣਾ ਹੈ ਜਾਂ ਨਹੀਂ। ਮੈਂ ਨਿਕਾਰਾਗੂਆ ਵੱਲੋਂ ਬੋਲਣ ਵਾਲੇ ਵਫ਼ਦ ਦਾ ਮੈਂਬਰ ਸੀ ਪਰ ਇਸ ਵਫ਼ਦ ਦੇ ਸਭ ਤੋਂ ਅਹਿਮ ਮੈਂਬਰ ਫਾਦਰ ਜੌਹਨ ਮੈਟਕਾਫ ਸਨ। ਅਮਰੀਕੀ ਅਦਾਰੇ ਦਾ ਆਗੂ ਰੇਮੰਡ ਸੀਟਜ਼ (ਉਸ ਸਮੇਂ ਰਾਜਦੂਤ ਤੋਂ ਅਗਲੀ ਹਸਤੀ, ਬਾਅਦ ਵਿਚ ਖੁਦ ਰਾਜਦੂਤ) ਸੀ। ਫਾਦਰ ਮੈਟਕਾਫ ਨੇ ਕਿਹਾ 'ਸ਼੍ਰੀਮਾਨ ਜੀ, ਮੈਂ ਨਿਕਾਰਾਗੂਆ ਦੇ ਉੱਤਰ ਵਿਚ ਚਰਚ ਦੀ ਪ੍ਰਸ਼ਾਸਨਿਕ ਇਕਾਈ ਦਾ ਮੁਖੀ ਹਾਂ। ਮੇਰੇ ਪਾਦਰੀਆਂ ਨੇ ਇਕ ਸਕੂਲ, ਸਿਹਤ ਕੇਂਦਰ, ਸੱਭਿਆਚਾਰਕ ਕੇਂਦਰ ਬਣਾਇਅ ਸੀ। ਅਸੀਂ ਅਮਨ-ਅਮਾਨ ਨਾਲ ਰਹਿ ਰਹੇ ਹਾਂ। ਕੁਝ ਮਹੀਨੇ ਪਹਿਲਾਂ ਇਕ ਕੌਂਟਰਾ ਦਸਤੇ ਨੇ ਸੰਸਥਾ ਉੱਤੇ ਹਮਲਾ ਕੀਤਾ ਸੀ। ਉਨ੍ਹਾਂ ਨੇ ਸਕੂਲ, ਸਿਹਤ ਕੇਂਦਰ, ਸੱਭਿਆਚਾਰਕ ਕੇਂਦਰ ਸਭ ਕੁਝ ਤਬਾਹ ਕਰ ਦਿੱਤਾ। ਉਨ੍ਹਾਂ ਨੇ ਨਰਸਾਂ ਅਤੇ ਅਧਿਆਪਕਾਵਾਂ ਨਾਲ ਬਲਾਤਕਾਰ ਕੀਤਾ, ਡਾਕਟਰਾਂ ਦਾ ਬੇਰਹਿਮੀ ਨਾਲ ਕਤਲ ਕੀਤਾ, ਬੇਹੱਦ ਕਰੂਰ ਤਰੀਕੇ ਨਾਲ। ਕਿਰਪਾ ਕਰਕੇ ਮੰਗ ਕਰੋ ਕਿ ਅਮਰੀਕਨ ਸਰਕਾਰ ਇਸ ਭਿਆਨਕ ਦਹਿਸ਼ਤਗਰਦ ਸਰਗਰਮੀ ਨੂੰ ਦਿੱਤੀ ਜਾ ਰਹੀ ਹਮਾਇਤ ਵਾਪਸ ਲਵੇ। 

''ਬਤੌਰ ਤਰਕਸ਼ੀਲ, ਜ਼ਿੰਮੇਵਾਰ ਅਤੇ ਬੇਹੱਦ ਸੂਝਵਾਨ ਵਿਅਕਤੀ ਰੇਮੰਡ ਸੀਟਜ਼ ਦਾ ਬਹੁਤ ਵਧੀਆ ਵੱਕਾਰ ਸੀ। ਕੂਟਨੀਤਕ ਹਲਕਿਆਂ ਵਿਚ ਉਨ੍ਹਾਂ ਦਾ ਬਹੁਤ ਸਨਮਾਨ ਕੀਤਾ ਜਾਂਦਾ ਸੀ। ਉਨ੍ਹਾਂ ਨੇ ਸੁਣਿਆ, ਰੁਕੇ ਅਤੇ ਫਿਰ ਕੁਝ ਗੰਭੀਰਤਾ ਨਾਲ ਗੱਲ ਕੀਤੀ। ਉਹ ਬੋਲੇ,''ਫਾਦਰ, ਮੈਂ ਤੁਹਾਨੂੰ ਇਕ ਗੱਲ ਦੱਸਦਾ ਹਾਂ। ਜੰਗ ਵਿਚ ਦੁੱਖ ਹਮੇਸ਼ਾ ਬੇਕਸੂਰ ਲੋਕਾਂ ਨੂੰ  ਝੱਲਣੇ ਪੈਂਦੇ ਹਨ। 'ਮੁਰਦਾ ਖ਼ਾਮੋਸ਼ੀ ਛਾ ਗਈ। ਅਸੀਂ ਉਨ੍ਹਾਂ ਦੇ ਮੂੰਹ ਵੱਲ ਦੇਖਦੇ ਰਹੇ। ਉਹ ਧੜਕੇ ਨਹੀਂ।''

ਯਾਦ ਰੱਖੋ ਕਿ ਰਾਸ਼ਟਰਪਤੀ ਰੀਗਨ ਨੇ ਕੌਂਟਰਾ ਨੂੰ ''ਸਾਡੇ ਮੋਢੀ ਪੁਰਖਿਆਂ ਦੇ ਨੈਤਿਕ ਸਮਤੁੱਲ'' ਕਿਹਾ ਸੀ। ਵਾਕੰਸ਼ ਦੀ ਇਕ ਬਣਤਰ ਜੋ ਰੀਗਨ ਨੂੰ  ਸਪੱਸ਼ਟ ਤੌਰ 'ਤੇ ਪਸੰਦ ਸੀ। ਉਸ ਨੇ ਇਸ ਦੀ ਵਰਤੋਂ ਸੀ.ਆਈ.ਏ. ਦੀ ਹਮਾਇਤ ਪ੍ਰਾਪਤ ਅਫ਼ਗਾਨ ਮੁਜਾਹਿਦੀਨਾਂ ਦਾ ਵਰਣਨ ਕਰਨ ਲਈ ਵੀ ਕੀਤੀ, ਜੋ ਫਿਰ ਤਾਲਿਬਾਨ ਬਣ ਗਏ। ਅਤੇ ਇਹੀ ਤਾਲਿਬਾਨ ਅਮਰੀਕੀ ਹਮਲੇ ਅਤੇ ਕਬਜ਼ੇ ਵਿਰੁੱਧ ਵੀਹ ਸਾਲ ਲੰਮੀ ਲੜਾਈ ਲੜਨ ਤੋਂ ਬਾਅਦ ਅੱਜ ਅਫ਼ਗਾਨਿਸਤਾਨ ਉੱਪਰ ਰਾਜ ਕਰ ਰਹੇ ਹਨ। ਕੌਂਟਰਿਆਂ ਅਤੇ ਮੁਜਾਹਿਦੀਨਾਂ ਤੋਂ ਪਹਿਲਾਂ ਵੀਅਤਨਾਮ ਵਿਚ ਯੁੱਧ ਹੋਇਆ ਸੀ ਅਤੇ ਬੇਝਿਜਕ ਅਮਰੀਕਨ ਫ਼ੌਜੀ ਮੱਤ ਨੇ ਆਪਣੇ ਫ਼ੌਜੀਆਂ ਨੂੰ 'ਜੋ ਵੀ ਹਿੱਲਦਾ-ਜੁਲਦਾ ਹੈ ਉਸ ਨੂੰ  ਮਾਰ ਦੇਣ' ਦਾ ਆਦੇਸ਼ ਦਿੱਤਾ ਸੀ। ਜੇ ਤੁਸੀਂ ਵੀਅਤਨਾਮ ਵਿਚ ਅਮਰੀਕੀ ਯੁੱਧ ਦੇ ਉਦੇਸ਼ਾਂ ਬਾਰੇ ਪੈਂਟਾਗਨ ਪੇਪਰਜ਼ ਅਤੇ ਹੋਰ ਦਸਤਾਵੇਜ਼ਾਂ ਨੂੰ ਪੜ੍ਹੋ, ਤਾਂ ਤੁਸੀਂ ਨਸਲਕੁਸ਼ੀ ਕਰਨ ਬਾਰੇ ਕੁਝ ਜੀਵੰਤ ਬੇਝਿਜਕ ਵਿਚਾਰ-ਚਰਚਾਵਾਂ ਦਾ ਆਨੰਦ ਲੈ ਸਕਦੇ ਹੋ-ਕੀ ਲੋਕਾਂ ਨੂੰ  ਸਿੱਧੇ ਤੌਰ 'ਤੇ ਮਾਰਨਾ ਬਿਹਤਰ ਹੈ ਜਾਂ ਉਨ੍ਹਾਂ ਨੂੰ  ਹੌਲੀ-ਹੌਲੀ ਭੁੱਖੇ ਮਾਰਨਾ ਬਿਹਤਰ ਹੈ? ਕਿਹੜਾ ਬਿਹਤਰ ਜਾਪੇਗਾ ? ਪੈਂਟਾਗਨ ਵਿਚ ਦਿਆਲੂ ਉੱਚ ਅਧਿਕਾਰੀਆਂ ਨੂੰ  ਜਿਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਉਹ ਇਹ ਸੀ ਕਿ ਅਮਰੀਕੀਆਂ ਦੇ ਉਲਟ, ਜੋ ਉਨ੍ਹਾਂ ਦੇ ਮੁਤਾਬਿਕ, 'ਜੀਵਨ, ਖ਼ੁਸ਼ੀ, ਦੌਲਤ, ਤਾਕਤ' ਚਾਹੁੰਦੇ ਹਨ, ਏਸ਼ੀਆਈ 'ਦੌਲਤ ਦੇ ਵਿਨਾਸ਼ ਅਤੇ ਜਾਨੀ ਨੁਕਸਾਨ' ਨੂੰ  ਦਿ੍ੜਤਾ ਨਾਲ ਕਬੂਲ ਕਰਦੇ ਹਨ-ਅਤੇ ਅਮਰੀਕਾ ਨੂੰ  ਆਪਣੇ 'ਯੁੱਧਨੀਤਕ ਤਰਕ ਨੂੰ  ਇਸਦੇ ਨਤੀਜੇ' 'ਤੇ ਲਿਜਾਣ ਲਈ ਮਜਬੂਰ ਕਰਦੇ ਹਨ, ਜੋ ਕਿ ਨਸਲਕੁਸ਼ੀ ਹੈ। 'ਇਕ ਭਿਆਨਕ ਬੋਝ ਜਿਸ ਨੂੰ  ਬੇਝਿਜਕ ਸਹਿਣ ਕੀਤਾ ਜਾਣਾ ਹੈ।

ਅਤੇ ਇਸ ਵਕਤ ਸੀਂ, ਐਨੇ ਸਾਲ ਬਾਅਦ, ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਇਕ ਹੋਰ ਨਸਲਕੁਸ਼ੀ ਦਰਮਿਆਨ ਹਾਂ। ਬਸਤੀਵਾਦੀ ਕਬਜ਼ੇ ਅਤੇ ਨਸਲਵਾਦੀ ਰਾਜ ਦੀ ਰਾਖੀ ਲਈ ਗਾਜ਼ਾ ਅਤੇ ਹੁਣ ਲੇਬਨਾਨ ਵਿਚ ਅਮਰੀਕਾ ਤੇ ਇਜ਼ਰਾਈਲ ਵੱਲੋਂ ਬੇਝਿਜਕ ਤੇ ਲਗਾਤਾਰ ਨਸਲਕੁਸ਼ੀ ਕੀਤੀ ਜਾ ਰਹੀ ਹੈ ਜੋ ਟੈਲੀਵਿਜ਼ਨ 'ਤੇ ਪ੍ਰਸਾਰਤ ਕੀਤੀ ਜਾਂਦੀ ਹੈ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਕ ਤੌਰ 'ਤੇ 42,000 ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਇਸ ਵਿਚ ਉਹ ਲੋਕ ਸ਼ਾਮਲ ਨਹੀਂ ਹਨ ਜੋ ਇਮਾਰਤਾਂ, ਆਸ-ਪਾਸ ਦੇ ਮੁਹੱਲਿਆਂ, ਪੂਰੇ ਦੇ ਪੂਰੇ ਸ਼ਹਿਰਾਂ ਦੇ ਮਲਬੇ ਹੇਠ ਦਬੇ ਚੀਕਾਂ ਮਾਰਦੇ ਹੋਏ ਮਾਰੇ ਗਏ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਅਜੇ ਤੱਕ ਨਹੀਂ ਮਿਲੀਆਂ। ਆਕਸਫਾਮ ਦਾ ਇਕ ਤਾਜ਼ਾ ਅਧਿਐਨ ਕਿਸੇ ਵੀ ਹੋਰ ਯੁੱਧ ਨਾਲੋਂ ਐਨੇ ਸਮੇਂ 'ਚ ਗਾਜ਼ਾ ਵਿਚ ਵਧੇਰੇ ਬੱਚੇ ਮਾਰੇ ਗਏ ਹਨ।

ਨਾਜ਼ੀ ਰਾਜ ਵੱਲੋਂ ਲੱਖਾਂ ਯੂਰਪੀਅਨ ਯਹੂਦੀਆਂ ਦੇ ਸਫ਼ਾਏ ਯਾਨੀ ਨਸਲਕੁਸ਼ੀ ਪ੍ਰਤੀ ਆਪਣੀ ਮੁੱਢਲੇ ਸਾਲਾਂ ਦੀ ਉਦਾਸੀਨਤਾ ਦੇ ਸਮੂਹਿਕ ਅਪਰਾਧ-ਬੋਧ ਨੂੰ  ਘਟਾਉਣ ਲਈ ਸੰਯੁਕਤ ਰਾਜ ਅਮਰੀਕਾ ਅਤੇ ਯੂਰਪ ਨੇ ਦੂਜੀ ਨਸਲਕੁਸ਼ੀ ਲਈ ਅਧਾਰ ਤਿਆਰ ਕੀਤਾ ਹੈ। 

ਇਤਿਹਾਸ ਵਿਚ ਨਸਲੀ ਸਫ਼ਾਇਆ ਅਤੇ ਨਸਲਕੁਸ਼ੀ ਕਰਨ ਵਾਲੇ ਹਰ ਰਾਜ ਦੀ ਤਰ੍ਹਾਂ, ਇਜ਼ਰਾਈਲ ਵਿਚ ਵੀ ਜ਼ਾਇਓਨਿਸਟਾਂ ਨੇ-ਜੋ ਆਪਣੇ ਆਪ ਨੂੰ  ''ਚੁਣੇ ਹੋਏ ਲੋਕ'' ਸਮਝਦੇ ਹਨ-ਫ਼ਲਸਤੀਨੀਆਂ ਨੂੰ  ਉਨ੍ਹਾਂ ਦੀ ਧਰਤੀ ਤੋਂ ਖਦੇੜਣ ਅਤੇ ਉਨ੍ਹਾਂ ਦਾ ਕਤਲੇਆਮ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ  ਅਣਮਨੁੱਖੀ ਬਣਾਉਣ ਤੋਂ ਸ਼ੁਰੂਆਤ ਕੀਤੀ। 

ਪ੍ਰਧਾਨ ਮੰਤਰੀ ਮੇਨਾਕੇਮ ਬੇਗਿਨ ਨੇ ਫ਼ਲਸਤੀਨੀਆਂ ਨੂੰ  'ਦੋਪਾਏ ਜਾਨਵਰ' ਕਿਹਾ, ਯਿਤਜ਼ਾਕ ਰਾਬਿਨ ਨੇ ਉਨ੍ਹਾਂ ਨੂੰ  'ਟਿੱਡੇ' ਕਿਹਾ ਜਿਨ੍ਹਾਂ ਨੂੰ  'ਕੁਚਲਿਆ ਜਾ ਸਕਦਾ ਹੈ' ਅਤੇ ਗੋਲਡਾ ਮੇਰ ਨੇ ਕਿਹਾ 'ਫ਼ਲਸਤੀਨੀਆਂ ਵਰਗੀ ਕੋਈ ਸ਼ੈਅ ਹੈ ਹੀ ਨਹੀਂ ਸੀ।' ਫਾਸ਼ੀਵਾਦ ਵਿਰੁੱਧ ਉਸ ਪ੍ਰਸਿੱਧ ਯੋਧੇ ਵਿੰਸਟਨ ਚਰਚਿਲ ਨੇ ਕਿਹਾ, 'ਮੈਂ ਇਹ ਨਹੀਂ ਮੰਨਦਾ ਕਿ ਖੁਰਲੀ ਉੱਪਰ ਕੁੱਤੇ ਦਾ ਅੰਤਮ ਅਧਿਕਾਰ ਹੋ ਗਿਆ, ਭਾਵੇਂ ਉਹ ਉੱਥੇ ਬਹੁਤ ਲੰਮਾ ਸਮਾਂ ਕਿਉਂ ਨਾ ਰਿਹਾ ਹੋਵੇ' ਅਤੇ ਫਿਰ ਇੱਥੋਂ ਤੱਕ ਐਲਾਨ ਕੀਤਾ ਕਿ ਖੁਰਲੀ ਉੱਪਰ ਅੰਤਮ ਅਧਿਕਾਰ 'ਉਚੇਰੀ ਨਸਲ' ਦਾ ਹੈ। ਇਕ ਵਾਰ ਜਦੋਂ ਉਨ੍ਹਾਂ ਦੋਪਾਏ ਜਾਨਵਰਾਂ, ਟਿੱਡਿਆਂ, ਕੁੱਤਿਆਂ ਅਤੇ ਅਣਹੋਏ ਲੋਕਾਂ ਦਾ ਕਤਲ ਕਰ ਦਿੱਤਾ ਗਿਆ, ਨਸਲੀ ਸਫ਼ਾਇਅ ਕੀਤਾ ਗਿਆ ਅਤੇ ਉਨ੍ਹਾਂ ਨੂੰ  ਬੰਦ ਬਸਤੀਆਂ 'ਚ ਡੱਕ ਦਿੱਤਾ ਗਿਆ, ਤਾਂ ਇਕ ਨਵੇਂ ਮੁਲਕ ਦਾ ਜਨਮ ਹੋ ਗਿਆ। ਇਸਦਾ ਜਸ਼ਨ 'ਧਰਤ-ਵਿਹੂਣੇ ਲੋਕਾਂ ਲਈ ਲੋਕ-ਵਿਹੂਣੀ ਧਰਤ' ਵਜੋਂ ਮਨਾਇਆ ਗਿਆ ਸੀ। ਇਜ਼ਰਾਈਲ ਨਾਂ ਦੇ ਪ੍ਰਮਾਣੂ ਤਾਕਤ ਨਾਲ ਲੈਸ ਰਾਜ ਨੇ ਅਮਰੀਕਾ ਅਤੇ ਯੂਰਪ ਲਈ ਫ਼ੌਜੀ ਚੌਕੀ ਅਤੇ ਮੱਧ ਪੂਰਬ ਦੀ ਕੁਦਰਤੀ ਦੌਲਤ ਤੇ ਸਰੋਤਾਂ ਲਈ ਲਾਂਘੇ ਦਾ ਕੰਮ ਕਰਨਾ ਸੀ। ਨਿਸ਼ਾਨਿਆਂ ਅਤੇ ਉਦੇਸ਼ਾਂ ਦਾ ਇਕ ਮਨਮੋਹਣਾ ਸੰਯੋਗ। 

ਭਾਵੇਂ ਇਸਨੇ ਕੋਈ ਵੀ ਜੁਰਮ ਕੀਤੇ ਹੋਣ,  ਨਵੇਂ ਰਾਜ ਨੂੰ ਬੇਝਿਜਕ ਅਤੇ ਨਿਧੜਕ ਹੋ ਕੇ ਹਥਿਆਰ ਅਤੇ ਪੈਸਾ ਦਿੱਤਾ ਗਿਆ, ਇਸ ਨੂੰ  ਲਾਡ ਨਾਲ ਪਾਲਿਆ ਗਿਆ ਅਤੇ ਵਡਿਆਇਆ ਗਿਆ। ਇਹ ਕਿਸੇ ਅਮੀਰ ਘਰ 'ਚ ਪਲੇ ਐਸੇ ਬੱਚੇ ਵਾਂਗ ਵੱਡਾ ਹੋਇਆ ਜੋ ਜਦੋਂ ਦੁਸ਼ਟ ਦਰ ਦੁਸ਼ਟ ਕਾਰੇ ਕਰਦਾ ਹੈ ਤਾਂ ਮਾਪੇ ਫਖ਼ਰ ਨਾਲ ਮੁਸਕਰਾਉਂਦੇ ਹਨ। ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਅੱਜ ਇਹ ਨਸਲਕੁਸ਼ੀ ਕਰਨ ਬਾਰੇ ਖੁੱਲ੍ਹ ਕੇ ਸ਼ੇਖੀਆਂ ਮਾਰਨ ਲਈ ਸੁਤੰਤਰ ਮਹਿਸੂਸ ਕਰਦਾ ਹੈ। (ਘੱਟੋ ਘੱਟ ਪੈਂਟਾਗਨ ਪੇਪਰ ਗੁਪਤ ਸਨ | ਉਨ੍ਹਾਂ ਨੂੰ  ਚੋਰੀ ਕੀਤਾ ਜਾਣਾ ਸੀ। ਅਤੇ ਉਹ ਲੀਕ ਹੋਣੇ ਸਨ)। 

ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਜ਼ਰਾਈਲੀ ਸਿਪਾਹੀ ਸ਼ਿਸਟਾਚਾਰ ਦੀ ਸਾਰੀ ਭਾਵਨਾ ਨੂੰ  ਤਿਆਗ ਚੁੱਕੇ ਹਨ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਸੋਸ਼ਲ ਮੀਡੀਆ ਉੱਪਰ ਅਜਿਹੀਆਂ ਵੀਡੀਓ ਧੜਾਧੜ ਪਾ ਰਹੇ ਹਨ ਜਿਨ੍ਹਾਂ ਵਿਚ ਉਹ ਉਨ੍ਹਾਂ ਔਰਤਾਂ ਦੇ ਅੰਦਰਲੇ ਕੱਪੜੇ ਪਹਿਨੀਂ ਦਿਸਦੇ ਹਨ ਜਿਹਨਾਂ ਨੂੰ ਉਹਨਾਂ ਮਾਰ ਮੁਕਾਇਆ ਜਾਂ ਉਜਾੜ ਦਿੱਤਾ ਹੈ, ਉਹ ਆਪਣੀਆਂ ਵੀਡੀਓ ਵਿਚ ਮਰ ਰਹੇ ਫ਼ਲਸਤੀਨੀਆਂ ਅਤੇ ਜ਼ਖ਼ਮੀ ਬੱਚਿਆਂ ਤੇ ਉਨ੍ਹਾਂ ਕੈਦੀਆਂ ਦੀਆਂ ਸਾਂਗਾਂ ਲਾਉਂਦੇ ਹਨ ਜਿਨ੍ਹਾਂ ਦਾ ਬਲਾਤਕਾਰ ਕੀਤਾ ਗਿਆ ਅਤੇ ਤਸੀਹੇ ਦਿੱਤੇ ਗਏ ਹਨ | ਇਨ੍ਹਾਂ ਵੀਡੀਓ ਵਿਚ ਉਨ੍ਹਾਂ ਦੀਆਂ ਇਮਾਰਤਾਂ ਨੂੰ  ਉਡਾਉਂਦਿਆਂ ਦੀਆਂ ਤਸਵੀਰਾਂ ਹਨ ਜਦੋਂ ਉਹ ਸਿਗਰਟਾਂ ਪੀ ਰਹੇ ਹੁੰਦੇ ਹਨ ਜਾਂ ਆਪਣੇ ਹੈੱਡਫੋਨ ਉੱਪਰ ਸੰਗੀਤ ਸੁਣ ਰਹੇ ਹੁੰਦੇ ਹਨ। ਇਹ ਲੋਕ ਕੌਣ ਹਨ?

ਇਜ਼ਰਾਈਲ ਜੋ ਕਰ ਰਿਹਾ ਹੈ ਉਸ ਨੂੰ  ਕਿਹੜੀ ਚੀਜ਼ ਜਾਇਜ਼ ਠਹਿਰਾ ਸਕਦੀ ਹੈ?

ਇਜ਼ਰਾਈਲ ਅਤੇ ਇਸ ਦੇ ਜੋਟੀਦਾਰਾਂ, ਅਤੇ ਪੱਛਮੀ ਮੀਡੀਆ ਅਨੁਸਾਰ, ਇਸ ਦਾ ਜਵਾਬ ਹੈ ਪਿਛਲੇ ਸਾਲ 7 ਅਕਤੂਬਰ ਨੂੰ  ਇਜ਼ਰਾਈਲ ਉੱਪਰ ਹਮਾਸ ਦਾ ਹਮਲਾ। ਇਜ਼ਰਾਈਲੀ ਨਾਗਰਿਕਾਂ ਦੇ ਕਤਲ ਅਤੇ ਇਜ਼ਰਾਈਲਆਂ ਨੂੰ ਬੰਧਕ ਬਣਾਉਣਾ। ਉਨ੍ਹਾਂ ਅਨੁਸਾਰ ਇਤਿਹਾਸ ਦੀ ਸ਼ੁਰੂਆਤ ਸਿਰਫ਼ ਇਕ ਸਾਲ ਪਹਿਲਾਂ ਹੀ ਹੋਈ ਸੀ। 

ਇਸ ਲਈ, ਇਹ ਮੇਰੇ ਭਾਸ਼ਣ ਦਾ ਉਹ ਹਿੱਸਾ ਹੈ ਜਿੱਥੇ ਮੇਰੇ ਤੋਂ ਆਪਣੇ ਆਪ ਨੂੰ , ਆਪਣੀ 'ਨਿਰਪੱਖਤਾ', ਆਪਣੇ ਬੌਧਿਕ ਰੁਤਬੇ ਨੂੰ  ਬਚਾਉਣ ਲਈ ਗੋਲਮੋਲ ਗੱਲ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਇਹ ਉਹ ਹਿੱਸਾ ਹੈ ਜਿੱਥੇ ਮੇਰੇ ਤੋਂ ਦੀ ਉਮੀਦ ਕੀਤੀ ਜਾਂਦੀ ਹੈ ਕਿ ਮੈਂ ਨੈਤਿਕ ਸਮਤੋਲ ਬਣਾਵਾਂ ਅਤੇ ਹਮਾਸ ਤੇ ਗਾਜ਼ਾ ਵਿਚਲੇ ਹੋਰ ਖਾੜਕੂ ਗਰੁੱਪਾਂ ਅਤੇ ਲੇਬਨਾਨ ਵਿਚ ਉਨ੍ਹਾਂ ਦੇ ਸੰਗੀ ਹਿਜ਼ਬੁੱਲਾ ਦੀ ਨਾਗਰਿਕਾਂ ਨੂੰ  ਕਤਲ ਕਰਨ ਅਤੇ ਲੋਕਾਂ ਨੂੰ  ਬੰਧਕ ਬਣਾਉਣ ਲਈ ਨਿੰਦਾ ਕਰਨ ਦੀ ਭੁੱਲ ਕਰਾਂ।  ਅਤੇ ਗਾਜ਼ਾ ਦੇ ਲੋਕਾਂ ਦੀ ਨਿੰਦਾ ਕਰਨ ਦੀ ਭੁੱਲ ਕਰਾਂ ਜਿਨ੍ਹਾਂ ਨੇ ਹਮਾਸ ਦੇ ਹਮਲੇ ਦੇ ਜਸ਼ਨ ਮਨਾਏ। ਇਕ ਵਾਰ ਇਸ ਤਰ੍ਹਾਂ ਕਰ ਲੈਣ 'ਤੇ ਇਹ ਸਭ ਸੌਖਾ ਹੋ ਜਾਂਦਾ ਹੈ, ਹੈ ਨਾ? ਆਹ। ਹਰ ਕੋਈ ਭਿਆਨਕ ਹੈ, ਕੋਈ ਕੀ ਕਰ ਸਕਦਾ ਹੈ? ਛੱਡੋ ਪਰਾਂ!, ਆਓ ਆਪਾਂ ਸ਼ਾਪਿੰਗ ਕਰਦੇ ਹਾਂ...!

ਮੈਂ ਨਿੰਦਾ ਦੀ ਖੇਡ ਖੇਡਣ ਤੋਂ ਇਨਕਾਰ ਕਰਦੀ ਹਾਂ। ਮੈਂ ਆਪਣੀ ਗੱਲ ਸਪਸ਼ਟ ਕਰ ਦਿਆਂ। ਮੈਂ ਲਤਾੜੇ ਹੋਏ ਲੋਕਾਂ ਨੂੰ  ਇਹ ਨਹੀਂ ਦੱਸਦੀ ਕਿ ਉਹ ਆਪਣੇ ਉੱਪਰ ਜਬਰ-ਜ਼ੁਲਮ ਦਾ ਵਿਰੋਧ ਕਿਵੇਂ ਕਰਨ ਜਾਂ ਉਨ੍ਹਾਂ ਦੇ ਸੰਗੀ ਕੌਣ ਹੋਣੇ ਚਾਹੀਦੇ ਹਨ। 

ਅਕਤੂਬਰ 2023 'ਚ ਅਮਰੀਕੀ ਰਾਸ਼ਟਰਪਤੀ ਜੋਏ ਬਾਇਡੇਨ ਨੇ ਇਜ਼ਰਾਈਲ ਦਾ ਦੌਰਾ ਕਰਨ ਸਮੇਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਇਜ਼ਰਾਈਲ ਦੀ ਯੁੱਧ ਕੈਬਨਿਟ ਨਾਲ ਮੁਲਾਕਾਤ ਕੀਤੀ ਸੀ ਤਾਂ ਉਸ ਨੇ ਕਿਹਾ ਸੀ, ''ਮੈਂ ਨਹੀਂ ਸਮਝਦਾ ਕਿ ਜ਼ਾਇਓਨਿਸਟ ਬਣਨ ਲਈ ਤੁਹਾਡਾ ਯਹੂਦੀ ਹੋਣਾ ਜ਼ਰੂਰੀ ਹੈ, ਅਤੇ ਮੈਂ ਜ਼ਾਇਓਨਿਸਟ ਹਾਂ।''

ਰਾਸ਼ਟਰਪਤੀ ਜੋਏ ਬਾਇਡਨ ਦੇ ਐਨ ਉਲਟ, ਜੋ ਆਪਣੇ ਆਪ ਨੂੰ  ਗ਼ੈਰ-ਯਹੂਦੀ ਜ਼ਾਇਓਨਿਸਟ ਕਹਿੰਦਾ ਹੈ ਅਤੇ ਜੰਗੀ ਜੁਰਮਾਂ ਨੂੰ  ਅੰਜਾਮ ਦੇ ਰਹੇ ਇਜ਼ਰਾਇਲ ਨੂੰ  ਬੇਝਿਜਕ ਹੋ ਕੇ ਧਨ ਅਤੇ ਹਥਿਆਰ ਦੇ ਰਿਹਾ ਹੈ, ਮੈਂ ਖ਼ੁਦ ਨੂੰ  ਕਿਸੇ ਵੀ ਰੂਪ 'ਚ ਅਜਿਹਾ ਐਲਾਨ ਨਹੀਂ ਕਰਨ ਜਾ ਰਹੀ ਜਾਂ ਪ੍ਰੀਭਾਸ਼ਤ ਨਹੀਂ ਕਰਨ ਜਾ ਰਹੀ ਜੋ ਮੇਰੀ ਲਿਖਤ ਦੇ ਮੁਕਾਬਲੇ ਸੰਕੀਰਣ ਹੋਵੇ।  ਮੈਂ ਉਹੀ ਹਾਂ ਜੋ ਮੈਂ ਲਿਖਦੀ ਹਾਂ।

ਮੈਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਮੈਂ ਜੋ ਲੇਖਿਕਾ ਹਾਂ, ਮੈਂ ਜੋ ਗ਼ੈਰ-ਮੁਸਲਮਾਨ ਹਾਂ ਅਤੇ ਮੈਂ ਜੋ ਔਰਤ ਹਾਂ, ਉਹ ਹੋਣ ਦੇ ਨਾਤੇ ਮੇਰੇ ਲਈ ਹਮਾਸ, ਹਿਜ਼ਬੁੱਲਾ ਜਾਂ ਈਰਾਨੀ ਹਕੂਮਤ ਦੇ ਅਧੀਨ ਬਹੁਤ ਲੰਬੇ ਸਮੇਂ ਤੱਕ ਜ਼ਿੰਦਾ ਰਹਿਣਾ ਬਹੁਤ ਮੁਸ਼ਕਲ, ਸ਼ਾਇਦ ਅਸੰਭਵ ਹੋਵੇਗਾ | ਪਰ ਇੱਥੇ ਮੁੱਦਾ ਇਹ ਨਹੀਂ ਹੈ | ਮੁੱਦਾ ਇਹ ਹੈ ਕਿ ਅਸੀਂ ਆਪਣੇ ਆਪ ਨੂੰ  ਇਤਿਹਾਸ ਅਤੇ ਉਨ੍ਹਾਂ ਹਾਲਾਤ ਬਾਰੇ ਸਿੱਖਿਅਤ ਕਰੀਏ ਜਿਨ੍ਹਾਂ ਦੇ ਤਹਿਤ ਉਹ ਹੋਂਦ ਵਿਚ ਆਏ | ਮੁੱਦਾ ਇਹ ਹੈ ਕਿ ਇਸ ਵੇਲੇ ਉਹ ਇਕ ਚੱਲ ਰਹੀ ਨਲਕੁਸ਼ੀ ਵਿਰੁੱਧ नहीं ਰਹੇ ਹਨ | ਮੁੱਦਾ ਆਪਣੇ ਆਪ ਨੂੰ  ਇਹ ਪੁੱਛਣਾ ਹੈ ਕਿ ਕੀ ਇਕ ਉਦਾਰ, ਧਰਮਨਿਰਪੱਖ ਲੜਾਕੂ ਤਾਕਤ ਇਕ ਨਲਕੁਸ਼ੀ ਕਰਨ ਵਾਲੀ ਜੰਗੀ ਮਸ਼ੀਨ ਦੇ ਵਿਰੁੱਧ ਖੜ੍ਹ ਸਕਦੀ ਹੈ | ਕਿਉਂਕਿ, ਜਦੋਂ ਸੰਸਾਰ ਦੀਆਂ ਸਾਰੀਆਂ ਤਾਕਤਾਂ ਉਨ੍ਹਾਂ ਦੇ ਵਿਰੁੱਧ ਹਨ, ਤਾਂ ਉਹ ਰੱਬ ਤੋਂ ਇਲਾਵਾ ਹੋਰ ਕਿਸ ਕੋਲ ਜਾਣ? ਮੈਂ ਜਾਣਦੀ ਹਾਂ ਕਿ ਹਿਜ਼ਬੁੱਲਾ ਅਤੇ ਈਰਾਨੀ ਹਕੂਮਤ ਦੇ ਉਨ੍ਹਾਂ ਦੇ ਆਪਣੇ ਮੁਲਕਾਂ ਵਿਚ ਖੁੱਲ੍ਹੇ ਆਲੋਚਕ ਹਨ, ਜਿਨ੍ਹਾਂ ਵਿੱਚੋਂ ਕੁਝ ਜੇਲ੍ਹਾਂ ਵਿਚ ਵੀ ਸੜ ਰਹੇ ਹਨ ਜਾਂ ਉਨ੍ਹਾਂ ਨੂੰ  ਬਹੁਤ ਹੀ ਮਾੜੇ ਨਤੀਜੇ ਭੁਗਤਣੇ ਪਏ ਹਨ | ਮੈਂ ਜਾਦੀ ਹਾਂ ਕਿ ਉਨ੍ਹਾਂ ਦੀਆਂ ਕੁਝ ਕਾਰਵਾਈਆਂ - जी ਅਕਤੂਬਰ ਨੂੰ  ਹਮਾਸ ਵੱਲੋਂ ਨਾਗਰਿਕਾਂ ਦੇ ਕਤਲ ਅਤੇ ਉਨ੍ਹਾਂ ਨੂੰ  ਅਗਵਾ ਕਰਨਾ - ਜੰਗੀ ਜੁਰਮ ਹਨ | ਹਾਲਾਂਕਿ, ਇਸ ਨੂੰ  ਅਤੇ ਇਜ਼ਰਾਈਲ ਤੇ ਸੰਯੁਕਤ ਰਾਜ ਅਮਰੀਕਾ ਗਾਜ਼ਾ, ਪੱਛਮੀ ਕੰਢੇ ਅਤੇ ਹੁਣ ਲੇਬਨਾਨ ਵਿਚ ਜੋ ਕਰ ਰਹੇ ਹਨ, ਉਨ੍ਹਾਂ ਨੂੰ  ਇੱਕੋ ਪੱਲੜੇ ਵਿਚ ਨਹੀਂ ਰੱਖਿਆ ਜਾ ਸਕਦਾ | 7 ਅਕਤੂਬਰ ਦੀ ਹਿੰਸਾ ਸਮੇਤ ਸਾਰੀ ਹਿੰਸਾ ਦੀ ਜੜ੍ਹ ਫ਼ਲਸਤੀਨੀ ਜ਼ਮੀਨ ਉੱਪਰ ਇਜ਼ਰਾਈਲ ਦਾ ਕਬਜ਼ਾ ਅਤੇ ਫ਼ਲਸਤੀਨੀ ਲੋਕਾਂ ਨੂੰ  ਆਪਣੇ ਅਧੀਨ ਕਰਨਾ ਹੈ | ਇਤਿਹਾਸ 7 ਅਕਤੂਬਰ 2023 ਨੂੰ  ਸ਼ੁਰੂ ਨਹੀਂ ਸੀ ਹੋਇਆ। 

ਮੈਂ ਤੁਹਾਨੂੰ ਪੁੱਛਦੀ ਹਾਂ ਕਿ ਇਸ ਹਾਲ ਵਿਚ ਮੌਜੂਦ ਸਾਡੇ ਵਿੱਚੋਂ ਕੌਣ ਆਪਣੀ ਇੱਛਾ ਨਾਲ ਉਸ ਅਪਮਾਨ ਨੂੰ  ਸਵੀਕਾਰ ਕਰੇਗਾ ਜੋ ਗਾਜ਼ਾ ਅਤੇ ਪੱਛਮੀ ਕੰਢੇ ਵਿਚ ਫ਼ਲਸਤੀਨੀਆਂ ਨੂੰ  ਦਹਾਕਿਆਂ ਤੋਂ ਝੱਲਣਾ ਪੈ ਰਿਹਾ ਹੈ? ਫ਼ਲਸਤੀਨੀ ਲੋਕਾਂ ਨੇ ਕਿਹੜੇ ਸ਼ਾਂਤੀਪੂਰਨ ਸਾਧਨ ਨਹੀਂ ਅਜ਼ਮਾਏ? ਉਨ੍ਹਾਂ ਨੇ ਕਿਹੜਾ ਸਮਝੌਤਾ ਸਵੀਕਾਰ ਨਹੀਂ ਕੀਤਾ - ਗੋਡਿਆਂ ਭਾਰ ਹੋ ਕੇ ਰੀਂਗਣ ਅਤੇ ਗੰਦਗੀ ਖਾਣ ਤੋਂ ਸਿਵਾਏ?

ਇਜ਼ਰਾਈਲ ਸਵੈ-ਰੱਖਿਆ ਦੀ ਲੜਾਈ ਨਹੀਂ ਲੜ ਰਿਹਾ। ਇਹ ਹਮਲਾਵਰ ਯੁੱਧ ਲੜ ਰਿਹਾ ਹੈ। ਹੋਰ ਜ਼ਿਆਦਾ ਖੇਤਰ ਉੱਪਰ ਕਬਜ਼ਾ ਕਰਨ, ਆਪਣੇ ਰੰਗਭੇਦ ਦੇ ਤੰਤਰ ਨੂੰ  ਮਜ਼ਬੂਤ ਕਰਨ ਅਤੇ ਫ਼ਲਸਤੀਨੀ ਲੋਕਾਂ ਤੇ ਖੇਤਰ ਉੱਪਰ ਆਪਣਾ ਕੰਟਰੋਲ ਮਜ਼ਬੂਤ ਕਰਨ ਲਈ ਯੁੱਧ।

07 ਅਕਤੂਬਰ 2023 ਤੋਂ ਲੈ ਕੇ, ਇਸ ਵੱਲੋਂ ਮਾਰੇ ਗਏ ਦਹਿ-ਹਜ਼ਾਰਾਂ ਲੋਕਾਂ ਤੋਂ ਇਲਾਵਾ, ਇਜ਼ਰਾਈਲ ਨੇ ਗਾਜ਼ਾ ਦੀ ਬਹੁਗਿਣਤੀ ਆਬਾਦੀ ਨੂੰ  ਕਈ ਵਾਰ ਉਜਾੜਿਆ ਹੈ। ਇਸ ਨੇ ਹਸਪਤਾਲਾਂ ਉੱਪਰ ਬੰਬ ਸੁੱਟੇ ਹਨ। ਇਸ ਨੇ ਜਾਣਬੁੱਝ ਕੇ ਡਾਕਟਰਾਂ, ਸਹਾਇਤਾ ਕਰਮਚਾਰੀਆਂ ਅਤੇ ਪੱਤਰਕਾਰਾਂ ਨੂੰ  ਨਿਸ਼ਾਨਾ ਬਣਾਇਆ ਅਤੇ ਮਾਰਿਆ। ਪੂਰੀ ਆਬਾਦੀ ਭੁੱਖ ਨਾਲ ਮਰ ਰਹੀ ਹੈ- ਉਨ੍ਹਾਂ ਦੇ ਇਤਿਹਾਸ ਨੂੰ  ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁਨੀਆ ਦੀਆਂ ਸਭ ਤੋਂ ਅਮੀਰ, ਸਭ ਤੋਂ ਤਾਕਤਵਰ ਸਰਕਾਰਾਂ ਇਸ ਸਭ ਕਾਸੇ ਦੀ ਨੈਤਿਕ ਅਤੇ ਪਦਾਰਥ ਮੱਦਦ ਕਰ ਰਹੀਆਂ ਹਨ। ਅਤੇ ਉਨ੍ਹਾਂ ਦਾ ਮੀਡੀਆ ਵੀ। (ਇਸ ਵਿਚ ਮੈਂ ਆਪਣੇ ਮੁਲਕ, ਭਾਰਤ ਨੂੰ ਵੀ ਸ਼ਾਮਲ ਕਰਦੀ ਹਾਂ ਜੋ ਇਜ਼ਰਾਇਲ ਨੂੰ ਹਥਿਆਰ ਸਪਲਾਈ ਕਰਨ ਦੇ ਨਾਲ-ਨਾਲ ਹਜ਼ਾਰਾਂ ਕਾਮੇ ਵੀ ਭੇਜ ਰਿਹਾ ਹੈ।) ਇਨ੍ਹਾਂ ਮੁਲਕਾਂ ਅਤੇ ਇਜ਼ਰਾਈਲ ਦਰਮਿਆਨ ਕੋਈ ਫ਼ਰਕ ਨਹੀਂ ਸਿਰਫ਼ ਪਿਛਲੇ ਸਾਲ ਵਿਚ ਹੀ ਅਮਰੀਕਾ ਨੇ ਇਜ਼ਰਾਈਲ ਦੀ ਫ਼ੌਜੀ ਮੱਦਦ 'ਚ 17.9 ਅਰਬ ਡਾਲਰ ਖ਼ਰਚ ਕੀਤੇ ਹਨ।  ਇਸ ਲਈ, ਆਓ ਆਪਾਂ ਅਮਰੀਕਾ ਬਾਰੇ ਇਸ ਝੂਠ ਤੋਂ ਹਮੇਸ਼ਾ-ਹਮੇਸ਼ਾ ਲਈ ਖਹਿੜਾ ਛੁਡਾ ਲਈਏ ਕਿ ਇਸ ਦੀ ਭੂਮਿਕਾ ਵਿਚੋਲਗੀ ਕਰਨ ਵਾਲੇ, ਰੋਕਣ ਵਾਲੇ ਰਸੂਖ਼ਵਾਨ, ਜਾਂ 'ਜੰਗਬੰਦੀ ਲਈ ਅਣਥੱਕ ਮਿਹਨਤ ਕਰਨ' ਦੀ ਹੈ ਜਿਵੇਂ ਕਿ ਅਲੈਗਜ਼ੈਂਡਰੀਆ ਓਕਾਸੀਓ-ਕੋਰਟੇਜ ਨੇ ਕਿਹਾ (ਜਿਸ ਨੂੰ  ਮੁੱਖਧਾਰਾ ਦੀ ਅਮਰੀਕਨ ਰਾਜਨੀਤੀ ਦਾ ਅਤਿ ਖੱਬੇਪੱਖੀ ਮੰਨਿਆ ਜਾਂਦਾ ਹੈ)। ਨਸਲਕੁਸ਼ੀ ਦਾ ਹਿੱਸਾ ਬਣੀ ਧਿਰ ਵਿਚੋਲੀ ਨਹੀਂ ਹੋ ਸਕਦੀ। 

ਕੁਲ ਤਾਕਤ ਅਤੇ ਧਨ, ਧਰਤੀ ਉੱਪਰਲੇ ਸਾਰੇ ਹਥਿਆਰ ਅਤੇ ਪ੍ਰਚਾਰ ਹੁਣ ਜ਼ਖ਼ਮ ਨੂੰ  ਲੁਕੋ ਨਹੀਂ ਸਕਦੇ ਜੋ ਫ਼ਲਸਤੀਨ ਹੈ। ਉਹ ਜ਼ਖ਼ਮ ਜਿਸ ਵਿੱਚੋਂ ਇਜ਼ਰਾਈਲ ਸਮੇਤ ਪੂਰੀ ਦੁਨੀਆ ਲਹੂ ਵਹਾ ਰਹੀ ਹੈ।

ਸਰਵੇਖਣ ਦਰਸਾਉਂਦੇ ਹਨ ਕਿ ਜਿਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਨੇ ਇਜ਼ਰਾਈਲ ਨੂੰ  ਨਸਲਕੁਸ਼ੀ ਕਰਨ ਦੇ ਸਮਰੱਥ ਬਣਾਇਆ ਹੈ, ਉਨ੍ਹਾਂ ਦੇ ਬਹੁਗਿਣਤੀ ਨਾਗਰਿਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਸ ਨਾਲ ਸਹਿਮਤ ਨਹੀਂ ਹਨ। ਅਸੀਂ ਲੱਖਾਂ ਲੋਕਾਂ ਦੇ ਜਲੂਸ ਦੇਖੇ ਹਨ–ਜਿਨ੍ਹਾਂ ਵਿਚ ਯਹੂਦੀਆਂ ਦੀ ਨੌਜਵਾਨ ਪੀੜ੍ਹੀ ਵੀ ਸ਼ਾਮਲ ਹੈ ਜੋ ਵਰਤੇ ਜਾਣ ਤੋਂ, ਝੂਠ ਬੋਲਣ ਤੋਂ ਅੱਕ ਗਈ ਹੈ। ਕਿਸ ਨੇ ਕਲਪਨਾ ਕੀਤੀ ਹੋਵੇਗੀ ਕਿ ਅਸੀਂ ਉਹ ਦਿਨ ਦੇਖਣ ਲਈ ਜ਼ਿੰਦਾ ਰਹਾਂਗੇ ਜਦੋਂ ਜਰਮਨ ਪੁਲਿਸ ਇਜ਼ਰਾਈਲ ਅਤੇ ਜ਼ਾਇਓਨਿਜ਼ਮ ਦਾ ਵਿਰੋਧ ਕਰਨ ਬਦਲੇ ਯਹੂਦੀ ਨਾਗਰਿਕਾਂ ਨੂੰ ਗਿ੍ਫ਼ਤਾਰ ਕਰੇਗੀ ਅਤੇ ਉਨ੍ਹਾਂ ਉੱਪਰ ਯਹੂਦੀ-ਵਿਰੋਧੀ ਹੋਣ ਦਾ ਦੋਸ਼ ਲਗਾਏਗੀ? ਕਿਸ ਨੇ ਸੋਚਿਆ ਹੋਵੇਗਾ ਕਿ ਅਮਰੀਕਨ ਸਰਕਾਰ ਇਜ਼ਰਾਈਲੀ ਰਾਜ ਦੀ ਸੇਵਾ 'ਚ, ਫ਼ਲਸਤੀਨ ਪੱਖੀ ਨਾਅਰਿਆਂ 'ਤੇ ਪਾਬੰਦੀ ਲਾ ਕੇ ਸੁਤੰਤਰ ਭਾਸ਼ਣ ਦੇ ਆਪਣੇ ਮੂਲ ਸਿਧਾਂਤ ਨੂੰ ਕਮਜ਼ੋਰ ਕਰ ਦੇਵੇਗੀ? ਕੁਝ ਮਾਣਯੋਗ ਅੱਪਵਾਦਾਂ ਨੂੰ  ਛੱਡ ਕੇ ਪੱਛਮੀ ਲੋਕਤੰਤਰਾਂ ਦਾ ਅਖਾਉਤੀ ਨੈਤਿਕ ਢਾਂਚਾ ਬਾਕੀ ਦੁਨੀਆ ਵਿਚ ਇਕ ਗੰਭੀਰ ਮਜ਼ਾਕ ਦਾ ਵਿਸ਼ਾ ਬਣ ਗਿਆ ਹੈ। 

ਜਦੋਂ ਬੈਂਜਾਮਿਨ ਨੇਤਨਯਾਹੂ ਮੱਧ ਪੂਰਬ ਦਾ ਇਕ ਨਕਸ਼ਾ ਪੇਸ਼ ਕਰਦਾ ਹੈ ਜਿਸ ਵਿਚ ਫ਼ਲਸਤੀਨ ਨੂੰ  ਮਿਟਾ ਦਿੱਤਾ ਗਿਆ ਹੈ ਅਤੇ ਇਜ਼ਰਾਈਲ ਨਦੀ ਤੋਂ ਸਮੁੰਦਰ ਤੱਕ ਫੈਲਿਆ ਹੋਇਆ ਹੈ, ਤਾਂ ਉਸ ਨੂੰ  ਅਜਿਹੇ ਦੂਰਅੰਦੇਸ਼ ਵਜੋਂ ਵਡਿਆਇਆ ਜਾਂਦਾ ਹੈ ਜੋ ਯਹੂਦੀ ਵਤਨ ਦਾ ਸੁਪਨਾ ਸਾਕਾਰ ਕਰਨ ਲਈ ਕੰਮ ਕਰ ਰਿਹਾ ਹੈ।

ਪਰ ਜਦੋਂ ਫ਼ਲਸਤੀਨੀ ਅਤੇ ਉਨ੍ਹਾਂ ਦੇ ਹਮਾਇਤੀ 'ਨਦੀ ਤੋਂ ਲੈ ਕੇ ਸਮੁੰਦਰ ਤੱਕ, ਫ਼ਲਸਤੀਨ ਹੋਵੇਗਾ ਆਜ਼ਾਦ' ਦਾ ਨਾਅਰਾ ਲਾਉਂਦੇ ਹਨ ਤਾਂ ਉਨ੍ਹਾਂ ਉੱਪਰ ਯਹੂਦੀਆਂ ਦੀ ਨਲਕੁਸ਼ੀ ਦਾ ਖੁੱਲ੍ਹੇਆਮ ਸੱਦਾ ਦੇਣ ਦਾ ਦੋਸ਼ ਲਗਾਇਆ ਜਾਂਦਾ ਹੈ |

ਕੀ ਉਹ ਸੱਚਮੁੱਚ ਹਨ? ਜਾਂ ਕੀ ਇਹ ਇਕ ਰੋਗੀ ਕਲਪਨਾ ਹੈ ਜੋ ਆਪਣਾ ਹਨੇਰਾ ਦੂਜਿਆਂ ਉੱਪਰ ਪਾ ਰਹੀ ਹੈ? ਕਲਪਨਾ ਜੋ ਵੰਨ-ਸੁਵੰਨਤਾ ਨੂੰ  ਸਵੀਕਾਰ ਨਹੀਂ ਕਰ ਸਕਦੀ, ਉਹ ਬਰਾਬਰ ਹੱਕਾਂ ਤਹਿਤ ਹੋਰ ਲੋਕਾਂ ਦੇ ਨਾਲ ਇਕ ਮੁਲਕ ਵਿਚ ਰਹਿਣ ਦੇ ਵਿਚਾਰ ਨੂੰ ਸਵੀਕਾਰ ਨਹੀਂ ਕਰ ਸਕਦੀ। ਜਿਵੇਂ ਦੁਨੀਆ ਵਿਚ ਹਰ ਕੋਈ ਸਵੀਕਾਰ ਕਰਦਾ ਹੈ। ਅਜਿਹੀ ਕਲਪਨਾ ਜੋ ਇਹ ਸਵੀਕਾਰ ਕਰਨ ਜੋਗੀ ਨਹੀਂ ਹੈ ਕਿ ਫ਼ਲਸਤੀਨੀ ਆਜ਼ਾਦ ਹੋਣਾ ਚਾਹੁੰਦੇ ਹਨ, ਦੱਖਣੀ ਅਫ਼ਰੀਕਾ ਦੀ ਤਰ੍ਹਾਂ, ਭਾਰਤ ਦੀ ਤਰ੍ਹਾਂ, ਹੋਰ ਸਾਰੇ ਮੁਲਕਾਂ ਦੀ ਤਰ੍ਹਾਂ ਜਿਨ੍ਹਾਂ ਨੇ ਬਸਤੀਵਾਦ ਦਾ ਜੂਲਾ ਲਾਹ ਸੁੱਟਿਆ ਹੈ। ਮੁਲਕ ਜੋ ਵੰਨਸੁਵੰਨਤਾ ਵਾਲੇ, ਗਹਿਰਾਈ 'ਚ, ਹੋ ਸਕਦਾ ਹੈ ਘਾਤਕ ਰੂਪ 'ਚ ਨੁਕਸਦਾਰ ਹੋਣ, ਪਰ ਆਜ਼ਾਦ ਹਨ। ਜਦੋਂ ਦੱਖਣੀ ਅਫ਼ਰੀਕੀ ਆਪਣਾ ਹਰਮਨ ਪਿਆਰਾ ਇਕਜੁੱਟਤਾ ਨਾਅਰਾ, ਅਮੰਡਲਾ! ਸੱਤਾ ਲੋਕਾਂ ਨੂੰ , ਲਗਾ ਰਹੇ ਸਨ, ਕੀ ਉਹ ਗੋਰੇ ਲੋਕਾਂ ਦੀ ਨਲਕੁਸ਼ੀ ਦਾ ਸੱਦਾ ਦੇ ਰਹੇ ਸਨ? ਉਹ ਨਹੀਂ ਦੇ ਰਹੇ ਸਨ। ਉਹ ਨਸਲੀ ਰੰਗਭੇਦੀ ਰਾਜ ਨੂੰ  ਖ਼ਤਮ ਕਰਨ ਦੀ ਮੰਗ ਕਰ ਰਹੇ ਸਨ। ਜਿਵੇਂ ਫ਼ਲਸਤੀਨੀ ਕਰ ਰਹੇ ਹਨ। 

ਹੁਣ ਜੋ ਯੁੱਧ ਸ਼ੁਰੂ ਹੋ ਚੁੱਕਾ ਹੈ, ਉਹ ਭਿਆਨਕ ਹੋਵੇਗਾ। ਪਰ ਆਿਖ਼ਰਕਾਰ ਇਹ ਇਜ਼ਰਾਈਲ ਦੇ ਰੰਗਭੇਦ ਨੂੰ  ਖ਼ਤਮ ਕਰ ਦੇਵੇਗਾ। ਸਾਰੀ ਦੁਨੀਆ ਸਾਰਿਆਂ ਲਈ ਕਿਤੇ ਜ਼ਿਆਦਾ ਸੁਰੱਖਿਅਤ ਹੋਵੇਗੀ-ਜਿਸ ਵਿਚ ਯਹੂਦੀ ਲੋਕ ਵੀ ਸ਼ਾਮਲ ਹਨ-ਅਤੇ ਕਿਤੇ ਜ਼ਿਆਦਾ ਨਿਆਂਪੂਰਨ ਵੀ। ਇਹ ਸਾਡੇ ਜ਼ਖ਼ਮੀਂ ਦਿਲ 'ਚੋਂ ਤੀਰ ਕੱਢਣ ਸਮਾਨ ਹੋਵੇਗਾ।

ਜੇ ਅਮਰੀਕਨ ਸਰਕਾਰ ਇਜ਼ਰਾਈਲ ਨੂੰ ਦਿੱਤੀ ਜਾ ਰਹੀ ਹਮਾਇਤ ਵਾਪਸ ਲੈ ਲੈਂਦੀ ਹੈ, ਤਾਂ ਯੁੱਧ ਅੱਜ ਹੀ ਬੰਦ ਹੋ ਸਕਦਾ ਹੈ। ਇਸੇ ਪਲ ਹੀ ਦੁਸ਼ਮਣੀਆਂ ਖ਼ਤਮ ਹੋ ਸਕਦੀਆਂ ਹਨ। ਇਜ਼ਰਾਈਲੀ ਬੰਧਕਾਂ ਨੂੰ ਰਿਹਾ ਕਰਾਇਆ ਜਾ ਸਕਦਾ ਹੈ, ਫ਼ਲਸਤੀਨੀ ਕੈਦੀਆਂ ਨੂੰ ਰਿਹਾ ਕਰਾਇਆ ਜਾ ਸਕਦਾ ਹੈ। ਹਮਾਸ ਅਤੇ ਹੋਰ ਫ਼ਲਸਤੀਨੀ ਹਿੱਸੇਦਾਰਾਂ ਨਾਲ ਜੋ ਗੱਲਬਾਤ ਯੁੱਧ ਤੋਂ ਬਾਅਦ ਲਾਜ਼ਮੀ ਤੌਰ 'ਤੇ ਹੋਣੀ ਹੈ, ਉਹ ਹੁਣ ਹੋ ਸਕਦੀ ਹੈ ਅਤੇ ਲੱਖਾਂ ਲੋਕਾਂ ਦੇ ਸੰਤਾਪ ਨੂੰ  ਰੋਕ ਸਕਦੀ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਜ਼ਿਆਦਾਤਰ ਲੋਕ ਇਸ ਨੂੰ ਇਕ ਸਿੱਧੜ, ਹਾਸੋਹੀਣੀ ਤਜਵੀਜ਼ ਮੰਨਣਗੇ। 

ਆਲਾ ਅਬਦ ਅਲ-ਫਤਾਹ, ਆਪਣੀ ਗੱਲ ਸਮੇਟਦੇ ਹੋਏ ਮੈਨੂੰ ਆਪਣੀ ਜੇਲ੍ਹ 'ਚ ਲਿਖੀ ਕਿਤਾਬ आप अभी तक पराजित नहीं हुए हैं (ਤੁਸੀਂ ਅਜੇ ਤੱਕ ਹਾਰੇ ਨਹੀਂ ਹੋ) ਦੇ ਸ਼ਬਦਾਂ ਵੱਲ ਮੁੜਨ ਦੀ ਇਜਾਜ਼ਤ ਦਿਓ। ਮੈਂ ਜਿੱਤ ਅਤੇ ਹਾਰ ਦੇ ਅਰਥ-ਅਤੇ ਅੱਖਾਂ ਵਿਚ ਈਮਾਨਦਾਰੀ ਨਾਲ ਨਿਰਾਸ਼ਾ ਨੂੰ ਦੇਖਣ ਦੀ ਰਾਜਨੀਤਕ ਜ਼ਰੂਰਤ ਬਾਰੇ ਅਜਿਹੇ ਖ਼ੂਬਸੂਰਤ ਸ਼ਬਦ ਘੱਟ ਹੀ ਪੜ੍ਹੇ ਹਨ। ਮੈਂ ਅਜਿਹਾ ਲਿਖਿਆ ਘੱਟ ਹੀ ਦੇਖਿਆ ਹੈ ਜਿਸ ਵਿਚ ਇਕ ਨਾਗਰਿਕ ਆਪਣੇ ਆਪ ਨੂੰ  ਰਾਜ ਤੋਂ, ਜਰਨੈਲਾਂ ਤੋਂ ਅਤੇ ਇੱਥੋਂ ਤੱਕ ਕਿ ਚੌਕ ਦੇ ਨਾਅਰਿਆਂ ਤੋਂ ਟੱਲੀ ਵਰਗੀ ਟੁਣਕਾਰ ਨਾਲ ਵੱਖ ਕਰਦਾ ਹੈ। 

''ਕੇਂਦਰ ਵਿਸ਼ਵਾਸਘਾਤ ਹੈ ਕਿਉਂਕਿ ਇਸ ਵਿਚ ਜਗਾ੍ਹ ਸਿਰਫ਼ ਜਰਨੈਲ ਲਈ ਹੈ...ਕੇਂਦਰ ਵਿਸ਼ਵਾਸਘਾਤ ਹੈ ਅਤੇ ਮੈਂ ਕਦੇ ਵੀ ਗ਼ੱਦਾਰ ਨਹੀਂ ਰਿਹਾ। ਉਹ ਸੋਚਦੇ ਹਨ ਕਿ ਉਨ੍ਹਾਂ ਨੇ ਸਾਨੂੰ ਹਾਸ਼ੀਏ 'ਤੇ ਧੱਕ ਦਿੱਤਾ ਹੈ। ਉਨ੍ਹਾਂ ਨੂੰ  ਇਹ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਇਸ ਨੂੰ ਕਦੇ ਵੀ ਨਹੀਂ ਛੱਡਿਆ, ਬਸ ਥੋੜ੍ਹੇ ਚਿਰ ਲਈ ਇਹ ਸਾਡੇ ਤੋਂ ਖੁੱਸ ਗਿਆ। ਨਾ ਵੋਟ ਬਕਸੇ, ਨਾ ਮਹਿਲ, ਨਾ ਮੰਤਰਾਲੇ, ਨਾ ਹੀ ਜੇਲ੍ਹਾਂ, ਇੱਥੋਂ ਤੱਕ ਕਿ ਕਬਰਾਂ ਵੀ ਸਾਡੇ ਸੁਪਨਿਆਂ ਨੂੰ  ਪੂਰਾ ਕਰਨ ਲਈ ਕਾਫ਼ੀ ਵੱਡੀਆਂ ਹਨ। ਅਸੀਂ ਕਦੇ ਵੀ ਕੇਂਦਰ ਨਹੀਂ ਚਾਹਿਆ ਕਿਉਂਕਿ ਇਸ ਵਿਚ ਸੁਪਨਾ ਤਿਆਗ ਦੇਣ ਵਾਲਿਆਂ ਤੋਂ ਸਿਵਾਏ ਹੋਰ ਕਿਸੇ ਲਈ ਜਗ੍ਹਾ ਨਹੀਂ ਹੈ। ਇੱਥੋਂ ਤੱਕ ਕਿ ਚੌਕ ਵੀ ਸਾਡੇ ਲਈ ਏਨਾ ਵੱਡਾ ਨਹੀਂ ਸੀ, ਇਸ ਲਈ ਇਨਕਲਾਬ ਦੀਆਂ ਜ਼ਿਆਦਾਤਰ ਲੜਾਈਆਂ ਇਸ ਦੇ ਬਾਹਰ ਹੋਈਆਂ, ਅਤੇ ਜ਼ਿਆਦਾਤਰ ਨਾਇਕ ਫਰੇਮ ਤੋਂ ਬਾਹਰ ਰਹੇ। 

ਜੋ ਭਿਆਨਕਤਾ ਅਸੀਂ ਗਾਜ਼ਾ ਅਤੇ ਹੁਣ ਲੇਬਨਾਨ ਵਿਚ ਦੇਖ ਰਹੇ ਹਾਂ, ਉਹ ਤੇਜ਼ੀ ਨਾਲ ਖੇਤਰੀ ਯੁੱਧ 'ਚ ਬਦਲਦੀ ਜਾ ਰਹੀ ਹੈ, ਇਸਦੇ ਅਸਲ ਨਾਇਕ ਫਰੇਮ ਤੋਂ ਬਾਹਰ ਰਹਿੰਦੇ ---

ਨਦੀ ਤੋਂ ਸਮੁੰਦਰ ਤੱਕ

ਫ਼ਲਸਤੀਨ ਆਜ਼ਾਦ ਹੋਵੇਗਾ। 

ਇਹ ਹੋਵੇਗਾ। 

ਨਜ਼ਰ ਆਪਣੇ ਕੈਲੰਡਰ 'ਤੇ ਰੱਖੋ।  ਆਪਣੀ ਘੜੀ 'ਤੇ ਨਹੀਂ। 

ਜਰਨੈਲ ਨਹੀਂ, ਲੋਕ, ਆਪਣੀ ਮੁਕਤੀ ਲਈ ਲੜ ਰਹੇ ਲੋਕ ਸਮੇਂ ਨੂੰ  ਇਸ ਤਰ੍ਹਾਂ ਮਾਪਦੇ ਹਨ। 

Tuesday, November 19, 2024

ਕਾਮਰੇਡ ਕਰਤਾਰ ਸਿੰਘ ਬੁਆਣੀ ਦਾ ਸਦੀਵੀ ਵਿਛੋੜਾ-ਇੱਕ ਹੋਰ ਥੰਮ ਡਿੱਗ ਪਿਆ

Sent By M S Bhatia on Tuesday 19th November 2024 at 19:49 Regarding Demise of Comarde K S Buyani 

ਅੰਤਿਮ ਸਸਕਾਰ ਉਹਨਾਂ ਦੇ ਪਿੰਡ ਬੁਆਣੀ ਵਿਖੇ 20 ਨਵੰਬਰ ਨੂੰ 11 ਵਜੇ 

ਲੁਧਿਆਣਾ: 19 ਨਵੰਬਰ 2024: (ਐਮ ਐਸ ਭਾਟੀਆ//ਇਨਪੁਟ-ਮੀਡੀਆ ਲਿੰਕ//ਕਾਮਰੇਡ ਸਕਰੀਨ ਡੈਸਕ)::


ਸਾਰੀ ਉਮਰ ਲਾਲ ਝੰਡੇ ਨਾਲ ਨਿਭਾਉਣ ਵਾਲੇ ਕਾਮਰੇਡ ਕਰਤਾਰ ਸਿੰਘ ਬੁਆਣੀ ਹੁਣ ਨਹੀਂ ਰਹੇ।
ਸਾਰੇ ਸਾਥੀਆਂ ਨੂੰ ਦੁਖੀ ਹਿਰਦੇ ਨਾਲ ਸੁਚਿਤ ਕੀਤਾ ਜਾਂਦਾ ਹੈ ਕਿ  ਕਾਮਰੇਡ ਕਰਤਾਰ ਸਿੰਘ ਬੁਆਣੀ ਸਦੀਵੀ ਵਿਛੋੜਾ ਦੇ ਗਏ ਹਨ।

ਕਾਮਰੇਡ  ਕਰਤਾਰ ਸਿੰਘ ਬੁਆਣੀ ਆਪਣੇ ਸਮਿਆਂ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਪੰਜਾਬ ਦੇ ਮੋਢੀ ਆਗੂਆਂ ਵਿੱਚੋਂ ਸਨ। ਉਹਨਾਂ ਨੇ ਵਿਦਿਆਰਥੀਆਂ ਦੇ ਲਈ ਅਨੇਕਾਂ ਅੰਦੋਲਨ ਕੀਤੇ ਤੇ ਅਨੇਕਾਂ ਵਾਰ ਇਹਨਾਂ ਅੰਦੋਲਨਾਂ ਦੇ ਦੌਰਾਨ ਜੇਲ ਵਿੱਚ ਗਏ। ਵਿਦਿਆਰਥੀ ਆਗੂ ਹੁੰਦੇ ਹੋਏ ਹੀ ਉਹ ਸਰਬਸੰਮਤੀ ਦੇ ਨਾਲ ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਸਕੱਤਰ ਚੁਣੇ ਗਏ। 

ਉਹਨਾਂ ਦੇ ਕਾਲਜ ਦੇ ਸਾਥੀ ਪ੍ਰਦੀਪ ਸ਼ਰਮਾ ਦੱਸਦੇ ਹਨ ਕਿ ਉਹਨਾਂ ਨੇ ਪਹਿਲੀ ਵਾਰ ਕਾਮਰੇਡ ਕਰਤਾਰ ਸਿੰਘ ਬੁਆਣੀ ਨੂੰ ਪਹਿਲੀ ਵਾਰ ਆਰੀਆ ਕਾਲਜ ਵਿੱਚ ਦੇਖਿਆ। ਪ੍ਰਦੀਪ ਸ਼ਰਮਾ ਸੰਨ 1972 ਵਿੱਚ ਆਰੀਆ ਕਾਲਜ ਵਿਛ ਦਾਖਲ ਹੋਣ ਲਈ ਗਏ ਤਾਂ ਕਾਲਜ ਵਿਚ ਵਧੀਆਂ ਹੋਈਆਂ ਫੀਸਾਂ ਦੇ ਮੁੱਦੇ ਨੂੰ ਲੈ ਕੇ ਅੰਦੋਲਨ  ਜਿਸ ਦੀ ਅਗਵਾਈ ਕਾਮਰੇਡ ਕਰਤਾਰ ਸਿੰਘ ਬੁਆਣੀ ਕਰ ਰਹੇ। ਸਨ ਸ਼ਰਮਾ ਜੀ ਦੱਸਦੇ ਹਨ ਕਿ ਪਹਿਲਾਂ ਤਾਂ ਅਸੀਂ ਘਬਰਾਏ ਅਤੇ ਸੋਚਿਆ ਕਿ ਇਹਨਾਂ ਅੰਦੋਲਨਕਾਰੀਆਂ ਤੋਂ ਦੂਰ ਹੀ ਰਹੀਏ।  ਇਹ ਨਾ ਹੋਵੇ ਕਿ ਕਾਲਜ ਦੀ ਮੈਨੇਜਮੈਂਟ ਗੁੱਸੇ ਵਿੱਚ ਆ ਕੇ ਸਾਨੂੰ ਕਾਲਜ ਵਿੱਚੋਂ ਹੀ ਕੱਢ ਦੇਵੇ। ਪਰ ਵਿਦਿਆਰਥੀਆਂ ਦੀ ਲਹਿਰ ਤੋਂ ਵੱਖ ਹੋਣਾ ਵੀ ਸੌਖਾ ਨਹੀਂ ਸੀ। ਜਦੋਂ ਇਹਨਾਂ ਘਬਰਾਏ ਹੋਏ ਵਿਦਿਆਰਥੀਆਂ ਨੇ ਕਾਮਰੇਡ ਬੁਆਣੀ  ਸਪੀਚਾਂ ਸੁਣੀਆਂ ਤਾਂ ਇਹ ਸਾਰੇ ਬਾਣੀ ਸਾਹਿਬ ਦੇ ਮੁਰੀਦ ਬਣ ਗਏ। ਕਰਤਾਰ ਬੁਆਣੀ ਦੇ ਭਾਸ਼ਣਾਂ ਵਿੱਚ ਵਧੀਆਂ ਹੋਈਆਂ ਫੀਸਾਂ ਦੇ ਖਿਲਾਫ ਬੜੇ ਹੀ ਤਰਕਪੂਰਨ ਵਿਚਾਰ ਸਨ। 

ਫਿਰ ਜਦੋਂ ਮੋਗਾ ਗੋਲੀਕਾਂਡ ਦੀ ਅੱਗ ਭਖੀ ਤਾਂ ਬਹੁਤ ਵੱਡਾ ਅੰਦੋਲਨ ਲੁਧਿਆਣਾ ਵਿੱਚ ਵੀ ਹੋਇਆ।  ਲੁਧਿਆਣਾ ਦੇ ਘੰਟਾਘਰ ਚੌਂਕ ਵਿੱਚ ਬਾਕਾਇਦਾ ਵਿਦਿਆਰਥੀਆਂ ਅਤੇ ਹੋਰਨਾਂ ਸਾਥੀਆਂ ਨੇ ਭੁੱਖ ਹੜਤਾਲ ਵੀ ਰੱਖੀ। ਕਾਮਰੇਡ ਕਰਤਾਰ ਬੁਆਣੀ ਦੀ ਹਿੰਮਤ ਅਤੇ ਪ੍ਰੇਰਨਾ ਸਦਕਾ ਪ੍ਰਦੀਪ ਸ਼ਰਮਾ ਵੀ ਭੁੱਖ ਹੜਤਾਲ ਵਿੱਚ ਬੈਠੇ ਅਤੇ ਉਹਨਾਂ ਨੂੰ ਅੰਦੋਲਨਾਂ ਵਾਲੀ ਅਸਲੀ ਜ਼ਿੰਦਗੀ ਦਾ ਅਸਲੀ ਸੁਆਦ ਪਤਾ ਲੱਗਿਆ।   ਇਸਦੇ ਮੋਗਾ ਅੰਦੋਲਨ ਦੇ ਨਾਲ ਨਾਲ ਇਪਟਾ ਦਾ ਪ੍ਰੇਮ ਵੀ ਸੀ ਅਤੇ ਪ੍ਰਦੀਪ ਸ਼ਰਮਾ ਲਾਲ ਝੰਡੇ ਦੇ ਨੇੜੇ ਆਉਂਦੇ ਚਲੇ ਗਏ। ਕਾਮਰੇਡ ਬਾਣੀ ਦੇ ਤੁਰ ਜਾਣ ਦੀ ਖਬਰ ਸੁਣ ਕੇ  ਹੋਏ ਪ੍ਰਦੀਪ ਸ਼ਰਮਾ ਨੇ ਉਹਨਾਂ ਨਾਲ ਜੁੜੀਆਂ ਬਹੁਤ ਸਾਰੀਆਂ ਹੋਰ ਯਾਦਾਂ ਵੀ ਚੇਤੇ ਕਰਾਈਆਂ। 

ਕਾਮਰੇਡ ਰਮੇਸ਼ ਰਤਨ ਦੱਸਦੇ ਹਨ ਕਿ ਉਮਰ ਅਤੇ ਬਿਮਾਰੀਆਂ ਦੇ ਝੰਬੇ ਹੋਏ ਕਾਮਰੇਡ ਕਰਤਾਰ ਸਿੰਘ ਬੁਆਣੀ ਸਾਨੂੰ ਜਲਦੀ ਵਿਛੋੜਾ ਦੇ ਗਏ। ਜੇਕਰ ਉਹ ਬਿਮਾਰੀ ਦੇ ਬਾਵਜੂਦ ਪਾਰਟੀ ਨਾਲ ਜੁੜੇ ਕੰਮਾਂ ਵਿਚ ਸਰਗਰਮ ਰਹਿੰਦੇ ਤਾਂ ਉਹਨਾਂ ਨੇ ਇਹਨਾਂ ਬਿਮਾਰੀਆਂ ਤੇ ਵੀ ਜਿੱਤ ਪ੍ਰਾਪਤ ਕਰ ਲੈਣੀ ਸੀ। ਸਾਰੀ ਉਮਰ ਲੋਕਾਂ ਦੇ ਲਾਇ ਸਰਗਰਮ ਰਹਿਣ ਵਾਲੇ ਲੀਡਰ ਜਦੋਂ ਘਰਾਂ ਵਿੱਚ ਕੱਲੇ ਰਹੀ ਜਾਂਦੇ ਹਨ ਤਾਂ ਉਹਨਾਂ ਨੰ ਨਿਰਾਸ਼ਾ ਅਤੇ ਚਿੰਤਾਵਾਂ ਵੀ ਘੇਰ ਲੈਂਦੀਆਂ ਹਨ। ਇਹਨਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਜਦੋਂ ਇੱਕ ਵਾਰ ਆਪਣੀ ਜਿੰਦ ਲੋਕਾਂ ਦੇ ਨਾਮ ਕਰੋ ਤਾਂ ਫਿਰ ਆਖ਼ਿਰੀ ਦਮ ਤਕ ਲੋਕਾਂ ਲਈ ਹੀ ਜਿਊਣਾ ਜ਼ਰੂਰੀ ਹੈ। ਫਿਰ ਨਾ ਕੋਈ ਬਿਮਾਰੀ ਨੇੜੇ ਆਉਂਦੀ ਹੈ ਅਤੇ ਨਾ ਹੀ ਕਿ ਚਿੰਤਾ ਨਿਰਾਸ਼ਾ। ਕਾਮਰੇਡ ਰਮੇਸ਼ ਰਤਨ ਗਾਹੇ-ਬਗਾਹੇ ਕਾਮਰਦੇ ਬੁਆਣੀ ਦੇ ਘਰ ਜਾ ਕੇ ਉਹਨਾਂ ਨੂੰ  ਲੋਕਾਂ ਦੇ ਖੁੱਲੇ ਵਿਹੜਿਆਂ ਵਿੱਚ ਪਰਤਣ ਲਈ ਪ੍ਰੇਰਦੇ ਵੀ ਰਹਿੰਦੇ ਸਨ। ਆਪਣੀਆਂ ਇਹਨਾਂ ਖੂਬੀਆਂ ਕਰਕੇ ਹੀ ਕਾਮਰੇਡ ਰਮੇਸ਼ ਰਤਨ ਨੇ ਜ਼ਿੰਦੇਗੀ ਦੇ ਬਹੁਤ ਸਾਰੇ ਭੇਦਾਂ ਅਤੇ ਨਿਯਮਾਂ ਨੂੰ ਬੜਾ ਨੇੜੇ ਹੋ ਕੇ ਦੇਖਿਆ ਹੈ। 

ਸੀਪੀਆਈ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਵੀ ਕਾਮਰੇਡ ਬਾਣੀ ਦੇ ਤੁਰ ਜਾਣ ਦੀ ਮੰਦਭਾਗੀ ਖਬਰ ਦੀ ਚਰਚਾ ਬੜੇ ਹੀ ਉਦਾਸ ਮਨ ਨਾਲ।  ਉਹਨਾਂ ਕਿਹਾ ਕਿ ਬੁਆਣੀ ਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਮਨਾਂ ਵਿੱਚ ਲਾਲ ਝੰਡੇ ਨਾਲ ਇਸ਼ਕ ਦੀ ਜਿਹੜੀ ਚਿਣਗ ਬਾਲੀ ਸੀ ਉਹ ਹੁਣ ਤੱਕ ਮਘਦੀ ਚਲੀ ਆ ਰਹੀ ਹੈ। ਕਾਮਰੇਡ ਬੁਆਣੀ ਦਾ ਛੇਤੀ ਤੁਰ ਜਾਣਾ ਲਾਲ ਝੰਡੇ ਦੇ ਕਾਫ਼ਿਲੇ ਲਈ ਇੱਕ ਵੱਡਾ ਘਾਟਾ ਹੈ।   

ਉਹ ਪਾਰਟੀ ਦੇ ਸੂਬਾਈ ਆਗੂ ਵੀ ਰਹੇ ਤੇ ਲੰਮੇ ਸਮੇਂ ਤੱਕ ਪਾਰਟੀ ਦੇ ਸੂਬਾ ਸਕਤਰੇਤ ਦੇ ਮੈਂਬਰ ਵੀ ਰਹੇ। ਪਾਰਟੀ ਆਗੂ ਦੇ ਤੌਰ ਤੇ ਉਹਨਾਂ ਨੇ ਅਨੇਕਾਂ ਅੰਦੋਲਨ ਵੀ ਲੜੇ, ਜੇਲਾਂ  ਕੱਟੀਆਂ ਅਤੇ ਵਿਸ਼ੇਸ਼ ਕਰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਾਰਟੀ ਨੂੰ ਬਹੁਤ ਮਜਬੂਤ ਲੀਹਾਂ ਤੇ ਖੜਾ ਕੀਤਾ। ‌ ਉਹ ਆਪਣੇ ਇਲਾਕੇ ਵਿੱਚ ਹਰਮਨ ਪਿਆਰੇ ਆਗੂ ਸਨ ਅਤੇ ਉਹਨਾਂ ਨੇ ਤਿੰਨ ਵਾਰ ਅਸੈਂਬਲੀ ਦੀ ਚੋਣ ਵੀ ਲੜੀ। ਉਹਨਾਂ ਦਾ ਵਿਛੋੜਾ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਕਾਮਰੇਡ ਐਮ ਐਸ ਭਾਟੀਆ ਨੇ ਵੀ ਕਾਮਰੇਡ ਕਰਤਾਰ ਸਿੰਘ ਬੁਆਣੀ ਹੁਰਾਂ ਦੀਆਂ ਬਹੁਤ ਸਾਰੀਆਂ ਯਾਦਾਂ ਤਾਜ਼ਾ ਕਰਾਉਂਦਿਆਂ ਦੱਸਿਆ ਕਿ ਕਿਵੇਂ  ਕਾਮਰੇਡ ਬੁਆਣੀ ਪੰਜਾਬ ਦੇ ਨਾਜ਼ੁਕ ਵੇਲਿਆਂ ਦੌਰਾਨ ਵੀ ਬੜੇ ਜੋਸ਼ ਅਤੇ ਦ੍ਰਿੜਤਾ ਨਾਲ ਡਟੇ ਰਹੇ। ਅੱਤਵਾਦ ਅਤੇ ਸਰਕਾਰੀ ਜਬਰ ਦੇ ਖਿਲਾਫ ਉਹ ਆਏ ਦਿਨ ਕਿਸ ਨ ਕਿਸ ਮਾਮਲੇ ਵਿੱਚ ਸਰਗਰਮ ਰਹਿੰਦੇ। ਕਾਮਰੇਡ ਭਾਟੀਆ ਨੇ ਕੁਝ ਸਮਾਂ ਪਹਿਲਾਂ ਕਾਮਰੇਡ ਬੁਆਣੀ ਨਾਲ ਇੱਕ  ਮੁਲਾਕਾਤ ਵੀ ਰਿਕਾਰਡ ਕੀਤੀ ਸੀ। ਇਹ ਮੁਲਾਕਾਤ ਕਾਮਰੇਡ ਸਕਰੀਨ ਦੇ ਸਹਿਯੋਗੀ ਮੰਚ ਪੰਜਾਬ ਸਕਰੀਨ ਵੱਲੋਂ ਤਿਆਰ ਕੀਤੀ ਗਈ ਸੀ। ਉਹ ਵੀਡੀਓ ਅਸੀਂ ਇਥੇ ਵੀ ਦੇ ਰਹੇ ਹਾਂ। ਤੁਹਾਡੇ ਵਿਚਾਰਾਂ ਦੀ ਉਡੀਕ ਇਸ ਸਬੰਧੀ ਵੀ ਰਹੇਗੀ।

ਏਟਕ ਨਾਲ ਸਬੰਧਤ ਕਾਮਰੇਡ ਵਿਜੇ ਕੁਮਾਰ ਨੇ ਵੀ ਕਾਮਰੇਡ ਬੁਆਣੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਪਾਰਟੀ ਲਗਾਈ ਸਾਰੀ ਉਮਰ ਲਾਈ। ਕਾਮਰੇਡ ਵਿਜੇ ਕੁਮਾਰ ਵੀ ਆਪਣੇ ਸਾਥੀਆਂ ਨਾਲ ਕਾਮਰੇਡ ਬੁਆਣੀ ਦੀ ਸਿਹਤ ਦਾ ਪਤਾ ਲੈਣ ਲਈ ਅਕਸਰ ਜਾਂਦੇ ਰਹੇ ਹਨ। 

ਉਹਨਾਂ ਦਾ ਸਸਕਾਰ 20 ਨਵੰਬਰ 2024 ਦਿਨ ਬੁੱਧਵਾਰ ਨੂੰ ਉਹਨਾਂ ਦੇ ਪਿੰਡ ਬੁਆਣੀ, ਨੇੜੇ ਦੋਰਾਹਾ ਵਿੱਖੇ ਸਵੇਰੇ 11 ਵਜੇ ਕੀਤਾ ਜਾਏਗਾ।

ਲਾਲ ਝੰਡੇ ਦੇ ਵਿਛੜ ਚੁੱਕੇ ਨਾਇਕਾਂ ਨੂੰ ਯਾਦ ਕਰਦਿਆਂ ਛੇਹਰਟਾ ਵਿੱਚ ਖਾਸ ਸਮਾਗਮ

CPI ਵੱਲੋਂ 16 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਮਾਝਾ ਜੋਨ ਦੀ ਰੈਲੀ 


ਛੇਹਰਟਾ (ਅੰਮ੍ਰਿਤਸਰ): 18 ਨਵੰਬਰ 2024: (ਮੀਡੀਆ ਲਿੰਕ//ਕਾਮਰੇਡ ਸਕਰੀਨ ਡੈਸਕ)::

ਲਾਲ ਝੰਡੇ ਦੇ ਵਿਛੜ ਚੁੱਕੇ ਨਾਇਕਾਂ  ਨੂੰ ਯਾਦ ਕਰਦਿਆਂ ਛੇਹਰਟਾ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਨੇ ਇੱਕ ਖਾਸ ਸਮਾਗਮ ਕੀਤਾ। ਅੰਮ੍ਰਿਤਸਰ ਨੇੜੇ ਛੇਹਰਟਾ ਵਿਖੇ ਸੀ ਪੀ ਆਈ ਵੱਲੋਂ ਕਾਮਰੇਡ ਸਤਪਾਲ ਡਾਂਗ, ਕਾਮਰੇਡ ਵਿਮਲਾ ਡਾਂਗ, ਕਾਮਰੇਡ ਪਰਦੁਮਨ ਸਿੰਘ, ਕਾਮਰੇਡ ਵੀਰਭਾਨ  ਭੁੱਲਰ ਅਤੇ ਅੰਮ੍ਰਿਤਸਰ ਸ਼ਹਿਰ ਦੇ ਵਿਛੜੇ ਹੋਰਨਾਂ ਪਾਰਟੀ ਆਗੂਆਂ ਦਾ ਯਾਦਗਾਰੀ ਸਮਾਗਮ ਕਰਾਇਆ ਗਿਆ। ਛੇਹਰਟਾ ਦੇ ਕ੍ਰਿਸ਼ਨਾ ਮੰਦਰ ਹਾਲ ਵਿੱਚ ਕਮਿਊਨਿਸਟ ਕਾਰਕੁੰਨ  ਇਸ ਮੌਕੇ ਹੁੰਮਹੁਮਾ ਕੇ ਪੁੱਜੇ ਹੋਏ ਸਨ। ਜਿਹਨਾਂ ਦੀ ਯਾਦ ਵਿੱਚ ਇਹ ਸਮਾਗਮ ਹੋਇਆ ਇਹ ਸਾਰੇ ਆਪਣੇ ਵੇਲਿਆਂ ਦੇ ਜੁਝਾਰੂ ਆਗੂ ਸਨ ਜਿਹਨਾਂ ਨੇ ਪਾਰਟੀ ਦੇ ਸਿਧਾਂਤਾਂ, ਫੈਸਲਿਆਂ ਅਤੇ ਨੀਤੀਆਂ  ਰਹਿੰਦਿਆਂ  ਨਾਲ  ਕੀਤਾ। ਇੱਕ ਪਾਸੇ ਦਹਿਸ਼ਤਗਰਦਾਂ ਦੀਆਂ ਗੋਲੀਆਂ ਸਨ ਅਤੇ ਇੱਕ ਪਾਸੇ ਸਰਕਾਰ ਦੀਆਂ ਸਖਤੀਆਂ। ਕਮਿਊਨਿਸਟ ਲੀਡਰ ਅਤੇ ਵਰਕਰ ਦੋਹਾਂ ਪਾਸਿਉਂ ਹੋ ਰਹੀਆਂ ਵਧੀਕੀਆਂ ਦਾ ਸਾਹਮਣਾ ਕਰ ਰਹੇ ਸਨ। 

ਲੋਕਾਂ ਲਈ ਜੂਝਣ ਵਾਲੇ ਉਹਨਾਂ ਬਹਾਦਰ ਜੁਝਾਰੂਆਂ ਨੂੰ ਚੇਤੇ ਕਰਦਿਆਂ ਇਸ ਸਮਾਗਮ ਵਿੱਚ ਮੌਜੂਦਾ ਸਮਿਆਂ ਦੀਆਂ ਚੁਣੌਤੀਆਂ ਬਾਰੇ ਵੀ ਗੱਲ ਕੀਤੀ ਗਈ। ਇਹ ਸਮਾਗਮ ਕਾਮਰੇਡ ਪਵਨ ਕੁਮਾਰ ਅਤੇ ਕਾਮਰੇਡ ਪ੍ਰੇਮ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਜਿਸ ਵਿੱਚ ਦੇਸ਼ ਅਤੇ ਦੁਨੀਆ ਦੀ ਗੱਲ ਕਰਦਿਆਂ ਮੌਜੂਦਾ ਖਤਰਿਆਂ ਅਤੇ ਚੁਣੌਤੀਆਂ ਬਾਰੇ ਵੀ ਵਿਵਹਾਰ ਦਾ ਹੋਇਆ। 

ਅੰਮ੍ਰਿਤਸਰ ਦੇ ਇਹਨਾਂ ਆਗੂਆਂ ਦੇ ਸੰਘਰਸ਼ਾਂ ਅਤੇ ਬਹਾਦਰੀ ਨੂੰ ਬਹੁਤ ਨੇੜਿਓਂ ਹੋ ਕੇ ਦੇਖਣ ਵਾਲੇ ਸੀ ਪੀ ਆਈ ਪੰਜਾਬ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਨੇ ਦੇਸ਼ ਦੀ ਆਜ਼ਾਦੀ ਲਈ ਅਥਾਹ ਕੁਰਬਾਨੀਆਂ ਕੀਤੀਆਂ ਹਨ, ਅਜ਼ਾਦੀ ਤੋਂ ਬਾਅਦ ਵੀ ਦੇਸ਼ ਦੀ ਉਸਾਰੀ ਲਈ ਅਤੇ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਵੀ ਲਹੂ ਵੀਟਵੇ ਅੰਦੋਲਨ ਕੀਤੇ ਹਨ। ਅੰਮ੍ਰਿਤਸਰ ਸ਼ਹਿਰ ਦੇ ਕਮਿਊਨਿਸਟ ਆਗੂਆਂ ਅਤੇ ਮੈਂਬਰਾਂ/ਹਮਦਰਦਾਂ ਨੇ ਵੀ ਇਸ ਸਮਾਗਮ ਮੌਕੇ ਆਪਣਾ ਗਿਣਨਯੋਗ ਹਿਸਾ ਪਾਇਆ ਹੈ। 

ਅੰਮ੍ਰਿਤਸਰ ਸ਼ਹਿਰ ਦੇ ਕਮਿਊਨਿਸਟ ਆਗੂਆਂ ਨੇ ਮਜ਼ਦੂਰਾਂ ਦੇ ਹੱਕਾਂ ਲਈ ਅਤੇ ਉਨ੍ਹਾਂ ਦੀਆਂ  ਭਲਾਈ ਸਕੀਮਾਂ ਬਣਵਾਉਣ ਅਤੇ ਲਾਗੂ ਕਰਵਾਉਣ ਲਈ ਵੱਡੇ ਵੱਡੇ ਅੰਦੋਲਨ ਕੀਤੇ ਹਨ। ਕਾਮਰੇਡ ਸਤਪਾਲ ਡਾਂਗ, ਕਾਮਰੇਡ ਵਿਮਲਾ ਡਾਂਗ ਅਤੇ ਕਾਮਰੇਡ ਪਰਦੁਮਨ ਸਿੰਘ ਨੇ ਆਪਣੀ ਕੀਰਤੀ ਨਾਲ ਅੰਮ੍ਰਿਤਸਰ ਸ਼ਹਿਰ ਦੇ ਮਜ਼ਦੂਰ ਅੰਦੋਲਨ ਨੂੰ ਦੇਸ਼ ਪੱਧਰ ਤੇ ਨਾਮ ਦਿੱਤਾ ਹੈ। ਇਹਨਾਂ ਆਗੂਆਂ ਨਾਲ ਸ਼ਾਮਲ ਦੂਜੀ ਪਾਲ ਦੇ  ਆਗੂਆਂ ਦੇ ਕੰਮ ਨੂੰ ਵੀ ਕਿਸੇ ਵੀ ਤਰ੍ਹਾਂ ਘਟਾ ਕੇ ਨਹੀਂ ਵੇਖਿਆ ਜਾ ਸਕਦਾ। 

ਉਹਨਾਂ ਅੱਗੇ ਕਿਹਾ ਕਿ ਅੱਜ ਦੇਸ਼ ਦੇ ਮਜ਼ਦੂਰਾਂ ਅਤੇ ਲੋਕਾਂ ਸਾਹਮਣੇ ਜੋ ਖ਼ਤਰੇ ਹਨ, ਇਹਨਾਂ ਆਗੂਆਂ ਦੀਆਂ ਕੀਤੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਹੀ ਅਸੀਂ ਇਹਨਾਂ ਖ਼ਤਰਿਆਂ ਦਾ ਮੁਕਾਬਲਾ ਕਰ ਸਕਦੇ ਹਾਂ ਅਤੇ ਅੱਗੇ ਵੱਧ ਸਕਦੇ ਹਾਂ। ਉਹਨਾਂ ਕਿਹਾ ਕਿ ਕੇਂਦਰ ਦੀ ਬੀ ਜੇ ਪੀ ਸਰਕਾਰ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡ ਕੇ ਅਤੇ ਫਿਰਕੂ ਦੰਗੇ ਕਰਵਾ ਕੇ ਰਾਜ ਕਰਨ ਵਾਲੀ ਨੀਤੀ ਤੇ ਕੰਮ ਕਰ ਰਹੀ ਹੈ ਜੋ ਦੇਸ਼ ਦੀ ਬਰਬਾਦੀ ਦਾ ਰਸਤਾ ਹੈ। 

ਕਾਮਰੇਡ ਬਰਾੜ ਨੇ ਚੇਤੇ ਕਰਵਾਇਆ ਕਿ ਦੇਸ਼ ਦਾ ਵਿਕਾਸ ਅਤੇ ਦੇਸ਼ ਦੇ ਲੋਕਾਂ ਦੀ ਭਲਾਈ ਆਪਸੀ ਭਾਈਚਾਰਕ ਸਾਂਝ ਨਾਲ ਹੀ ਹੋ ਸਕਦੀ ਹੈ। ਦੇਸ਼ ਦੀ ਦੌਲਤ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀ ਜਾ ਰਹੀ ਹੈ। ਪਾਰਲੀਮੈਂਟ ਚੋਣਾਂ ਦੇ ਨਤੀਜਿਆਂ ਨਾਲ ਬੀ ਜੇ ਪੀ ਦੀ ਇਕੱਲੀ ਪਾਰਟੀ ਦੇ ਬਹੁਮਤ ਵਾਲੀ ਸਰਕਾਰ ਨਹੀਂ ਬਣੀ ਹੈ। ਅਗਲੀਆ ਪਾਰਲੀਮੈਂਟ ਚੋਣਾਂ ਵਿੱਚ ਲੋਕ ਇਹਨਾਂ ਪਾਸੋਂ ਖਹਿੜਾ ਛੁਡਵਾ ਲੈਣਗੇ, ਪ੍ਰੰਤੂ ਇਸ ਸਮੇਂ ਦੌਰਾਨ ਇਹ ਲੋਕਾਂ ਦਾ ਜ਼ਿਆਦਾ ਨੁਕਸਾਨ ਨਾ ਕਰਨ ਇਸ ਲਈ ਮਜ਼ਬੂਤ ਅੰਦੋਲਨ ਕੀਤੇ ਜਾਣੇ ਚਾਹੀਦੇ ਹਨ। 

ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ, ਪੰਜਾਬ ਦੇ ਲੋਕਾਂ ਦੇ ਮਸਲੇ ਜਿਓਂ ਦੇ ਤਿਓ ਹੀ ਲਟਕੇ ਪਏ ਹਨ। ਇਹਨਾਂ ਮਸਲਿਆਂ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਸੰਜੀਦਾ ਨਹੀਂ ਹੈ। ਅਮਨ ਕਾਨੂੰਨ ਅਤੇ ਨਸ਼ਿਆਂ ਦੇ ਮਾਮਲੇ ਵਿਗੜਦੇ ਹੀ ਜਾ ਰਹੇ ਹਨ, ਭ੍ਰਿਸ਼ਟਾਚਾਰ ਸਿਖਰਾਂ ਵੱਲ ਹੈ, ਚੰਡੀਗੜ੍ਹ ਦਾ ਮਸਲਾ ਸਰਕਾਰ ਜਾਣਬੁਝ ਕੇ ਉਲਝਾ ਰਹੀ ਹੈ। 

ਕਾਮਰੇਡ ਬਰਾੜ ਨੇ ਕਿਹਾ ਕਿ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ 16 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਮਾਝਾ ਜੋਨ ਦੀ ਰੈਲੀ ਕੀਤੀ ਜਾਵੇਗੀ। ਇਹ ਰੈਲੀ ਵੀ ਇੱਕ ਨਵਾਂ ਇਤਿਹਾਸ ਰਚੇਗੀ। 

ਕਾਮਰੇਡ   ਬਰਾੜ ਤੋਂ ਇਲਾਵਾ ਅਮਰਜੀਤ ਸਿੰਘ ਆਸਲ, ਲਖਬੀਰ ਸਿੰਘ ਨਿਜ਼ਾਮਪੁਰ, ਵਿਜੇ ਕੁਮਾਰ, ਰਾਜਿੰਦਰ ਪਾਲ ਕੌਰ, ਦਸਵਿੰਦਰ ਕੌਰ, ਬਲਦੇਵ ਸਿੰਘ ਵੇਰਕਾ, ਬਲਵਿੰਦਰ ਕੌਰ,ਗੁਰਦਿਆਲ ਸਿੰਘ, ਮਹਾਂਬੀਰ ਸਿੰਘ ਗਿੱਲ ਆਦਿ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।ਇਸ ਮੌਕੇ ਉਪਰ ਕੁਲਵੰਤ ਰਾਏ ਬਾਵਾ, ਰਕੇਸ਼ ਕਾਂਡਾਂ, ਬ੍ਰਹਮਦੇਵ ਸ਼ਰਮਾ, ਜਸਬੀਰ ਸਿੰਘ,ਜੈਮਲ ਸਿੰਘ,ਹਰੀਸ਼ ਕੈਲੇ,ਮੋਹਨ ਲਾਲ, ਰਾਜੇਸ਼ ਕੁਮਾਰ, ਪਰਮਜੀਤ ਸਿੰਘ, ਸਤਨਾਮ ਸਿੰਘ, ਸੁਖਵੰਤ ਸਿੰਘ, ਗੁਰਬਖ਼ਸ਼ ਕੌਰ ਆਦਿ ਹਾਜ਼ਰ ਸਨ।

ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਹੋ ਨਿੱਬੜਿਆ ਜਿਸ ਨੇ  ਢਾਈ ਤਿੰਨ ਦਹਾਕੇ ਪੁਰਾਣੇ ਉਹਨਾਂ ਵੇਲਿਆਂ  ਦੀਆਂ ਯਾਦਾਂ ਤਾਜ਼ਾ ਕਰਾਈਆਂ ਜਦੋਂ ਹਾਲਾਤ ਨਾਜ਼ੁਕ ਸਨ ਪਰ ਲਾਲ ਝੰਡੇ ਵਾਲੇ ਕਾਫ਼ਿਲੇ ਫਿਰ ਵੀ  ਸਨ। ਬਕੌਲ  ਡਾ- ਜਗਤਾਰ:  

ਹਰ ਮੋੜ 'ਤੇ ਸਲੀਬਾਂ;ਹਰ ਪੈਰ 'ਤੇ ਹਨੇਰਾ!

ਫਿਰ ਵੀ  ਅਸੀਂ ਰੁਕੇ ਨਾ; ਸਦਾ ਵੀ ਦੇਖ ਜੇਰਾ!


Monday, November 18, 2024

ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਸੀਪੀਆਈ ਵੱਲੋਂ ਵਿਸ਼ਾਲ ਰੈਲੀ

Sent By M S Bhatia From Ludhiana on Monday 18th November 2024 at 12:12 WhatsApp

ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਸੀਪੀਆਈ ਵੱਲੋਂ ਵਿਸ਼ਾਲ ਰੈਲੀ

ਸਰਾਭਾ ਪਿੰਡ ਵਿੱਚ ਦੇਸ਼ ਅਤੇ ਆਜ਼ਾਦੀ ਦੀ ਅਜੋਕੀ ਸਥਿਤੀ ਬਾਰੇ ਹੋਈ ਚਰਚਾ 

ਮੋਦੀ ਸਰਕਾਰ ਦੁਆਰਾ ਸੰਵਿਧਾਨ ਦੇ ਅਪਮਾਨ ਅਤੇ ਕਾਰਪੋਰੇਟ ਸੈਕਟਰ ਨਾਲ ਮਿਲੀਭੁਗਤ ਦੀ ਨਿਖੇਧੀ 

*ਸਿਹਤ, ਸਿੱਖਿਆ ਅਤੇ ਰੋਜ਼ਗਾਰ  ਨੂੰ ਮੌਲਿਕ ਅਧਿਕਾਰ ਬਣਾਉਣ ਦੀ ਮੰਗ 

*ਪੰਜਾਬ ਨਾਲ ਸਬੰਧਤ ਮਸਲਿਆਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ


ਪਿੰਡ ਸਰਾਭਾ
(
ਲੁਧਿਆਣਾ): 17 ਨਵੰਬਰ 2024: (ਸਾਥੀ ਐਮ ਐਸ ਭਾਟੀਆ//ਇਨਪੁਟ-ਕਾਮਰੇਡ ਸਕਰੀਨ ਡੈਸਕ)::

ਅਮਨ ਕਾਨੂੰਨ ਦੀ ਵਿਗੜਦੀ ਸਥਿਤੀ, ਫਿਰਕੂ ਪ੍ਰਚਾਰ ਵਿੱਚ ਲਗਾਤਾਰ ਹੋ ਰਹੇ ਵਾਧੇ, ਆਰਥਿਕ ਪਾੜਿਆਂ ਕਾਰਣ ਵੱਧ ਰਹੀਆਂ ਸਮਸਿਆਵਾਂ ਵੀ ਜ਼ੋਰਾਂ ਤੇ ਹਨ। ਅਧਿਆਪਕਾਂ ਦੇ ਨਾਲ ਨਾਲ ਵਿਦਿਆਰਥੀ ਵਰਗ ਵਿੱਚ ਵੀ ਬੇਚੈਨੀ ਸਿਖਰਾਂ ਤੇ ਹੈ। ਪੰਜਾਬੀਆਂ ਅਤੇ ਗ਼ੈਰਪੰਜਾਬੀਆਂ ਦਰਮਿਆਨ ਵੀ ਖਿਚਾਅ ਵਧੀਆ  ਹੈ। ਪ੍ਰਵਾਸੀਆਂ ਹੱਥੋਂ ਪੰਜਾਬੀਆਂ ਦੇ ਕਤਲਾਂ ਨੇ ਵੀ ਅਮਨ ਕਾਨੂੰਨ ਦੀ ਭਿਆਨਕ ਤਸਵੀਰ ਸਾਹਮਣੇ ਲਿਆਂਦੀ ਹੈ। ਜਿਹਨਾਂ ਦੇਸ਼ਭਗਤਾਂ ਨੇ ਆਜ਼ਾਦੀ ਅਤੇ  ਵਾਰੀਆਂ ਉਹਨਾਂ ਦੇ ਪੈਰੋਕਾਰ ਫਿਰ ਚਿੰਤਾ ਵਿੱਚ ਹਨ ਕਿ ਕੀ  ਅਜਿਹੀ ਆਜ਼ਾਦੀ ਦਾ ਹੀ  ਸੁਪਨਾ ਦੇਖਿਆ ਸੀ ਸਾਡੇ ਗਦਰੀ ਬਾਬਿਆਂ, ਸਾਡੇ ਦੇਸ਼ਭਗਤਾਂ ਅਤੇ ਸਾਡੇ ਵੱਡੇ ਵਡੇਰਿਆਂ ਨੇ? ਸੱਤਾ ਦੀ ਲਲਚਾਈ ਸਿਆਸਤ ਨੇ ਸਾਡੇ ਪਿਆਰੇ ਦੇਸ਼ ਦਾ ਕੀ ਹਾਲ ਕਰ ਦਿੱਤਾ ਹੈ?  ਅਜਿਹੇ ਬਹੁਤ ਸਾਰੇ ਸੁਆਲਾਂ ਅਤੇ ਮੁੱਦਿਆਂ ਨੂੰ ਲੈ ਕੇ ਭਾਰਤੀ ਕਮਿਊਨਿਸਟ ਪਾਰਟੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਅਤੇ ਸੱਤਾ ਵਾਲਿਆਂ ਨੂੰ ਤਿੱਖੇ ਸੁਆਲ  ਪੁੱਛੇ। ਪਾਰਟੀ ਨੇ ਸੰਵਿਧਾਨ ਦੇ ਅਪਮਾਨ ਦਾ ਸੁਆਲ ਵੀ ਉਠਾਇਆ ਅਤੇ ਕਾਰਪੋਰੇਟ ਘਰਾਣਿਆਂ ਨਾਲ ਪਾਈਆਂ ਜਾ ਰਹੀਆਂ ਪੀਂਘਾਂ ਬਾਰੇ ਵੀ ਡੂੰਘੀ ਚਿੰਤਾ ਪ੍ਰਗਟਾਈ। 

ਭਾਰਤੀ ਕਮਿਊਨਿਸਟ ਪਾਰਟੀ ਨੇ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਉਹਨਾਂ ਦੇ ਜੱਦੀ ਪਿੰਡ ਵਿੱਚ ਇੱਕ ਰੈਲੀ ਕੀਤੀ। ਸਾਡਾ ਇਹ ਨੌਜਵਾਨ ਕਰਤਾਰ ਸਿੰਘ ਸਰਾਭਾ ਉਹੀ ਸੀ ਜਿਸਨੂੰ ਉਸਦੇ ਹੁੰਦਿਆਂ ਹੀ ਉਸਦੇ ਸਾਥੀ ਨਾਇਕ ਮੰਨਦੇ ਸਨ।  ਸ਼ਹੀਦ ਭਗਤ ਸਿੰਘ  ਸ਼ਹੀਦ ਸਰਾਭਾ ਨੂੰ  ਆਪਣਾ ਗੁਰੂ ਮੰਨਦਾ ਸੀ। ਬੜੀ ਛੋਟੀ ਜਿਹੀ ਉਮਰ ਵਾਲੇ ਸਾਡੇ ਇਸ ਗਦਰੀ ਬਾਬੇ ਨੂੰ ਬ੍ਰਿਟਿਸ਼ ਬਸਤੀਵਾਦੀ ਸੱਤਾ ਦੁਆਰਾ ਛੇ ਹੋਰ ਗ਼ਦਰੀਆਂ ਨਾਲ ਫਾਂਸੀ ਦੇ ਦਿੱਤੀ ਗਈ ਸੀ। ਇਸ ਵਾਰ ਉਸਦਾ ਸ਼ਹੀਦੀ ਦਿਨ ਐਤਵਾਰ ਨੂੰ ਆਇਆ ਸੀ 17 ਨਵੰਬਰ ਵਾਲੇ ਦਿਨ। ਇਸ ਲਈ ਸ਼ਹੀਦ ਸਰਾਭੇ ਦੇ ਉਪਾਸ਼ਕ ਆਪੋ ਆਪਣੇ ਜੱਥੇ ਲੈ ਕੇ ਦੂਰ ਦੁਰਾਡਿਓਂ ਪਿੰਡ ਸਰਾਭਾ ਪੁੱਜੇ ਸਨ। ਉਸ ਮਹਾਨ ਸ਼ਹੀਦ ਨੂੰ ਸਜਦਾ ਕਰਨ ਲਈ ਬਹੁਤ ਭੀੜ ਜੁੜੀ ਸੀ।  

ਇਹ ਰੈਲੀ ਪੰਜਾਬ ਵਿੱਚ ਹੋਣ ਵਾਲੀਆਂ ਪੰਜ ਜ਼ੋਨਲ ਰੈਲੀਆਂ ਦਾ ਹਿੱਸਾ ਵੀ ਸੀ ਜਿਸ ਵਿੱਚ ਸਿਹਤ, ਸਿੱਖਿਆ, ਰੋਜ਼ਗਾਰ, ਸਮਾਜਿਕ-ਆਰਥਿਕ ਨਿਆਂ, ਔਰਤਾਂ ਦੇ ਅਧਿਕਾਰਾਂ ਅਤੇ ਸੁਰੱਖਿਆ, ਦਲਿਤਾਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਅਤੇ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਮੋਦੀ ਸਰਕਾਰ ਦੀ ਅਸਫਲਤਾ ਅਤੇ ਦੇਸ਼ ਦੇ ਸੰਘੀ ਢਾਂਚੇ ਨੂੰ ਮਜ਼ਬੂਤ ​​ਕਰਨ ਦੇ ਵਿਸ਼ਿਆਂ ਨੂੰ ਉਜਾਗਰ ਕੀਤਾ ਗਿਆ। 

ਕਾਮਰੇਡ ਐਮ ਐਸ ਭਾਟੀਆ ਨੇ ਸਾਰੇ ਆਏ ਸਾਥੀਆਂ ਦਾ ਸਵਾਗਤ ਕੀਤਾ। ਇਸ ਰੈਲੀ ਵਿੱਚ ਦੂਰੋਂ ਦੂਰੋਂ ਪੁੱਜੇ ਜੱਥਿਆਂ ਨੂੰ ਜੀ ਆਈਆਂ ਆਖਦਿਆਂ ਸਾਥੀ ਭਾਟੀਆ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨੇ ਅਜੇ ਅਧੂਰੇ ਹਨ। ਉਹਨਾਂ  ਸੁਪਨਿਆਂ ਨੂੰ ਸਾਕਾਰ ਕਰਨ ਲਈ ਲੋਕਾਂ ਦਾ ਲਾਮਬੰਦ ਹੋਣਾ ਬਹੁਤ ਜ਼ਰੂਰੀ ਹੈ। 

ਇਸ ਮੌਕੇ ਤੇ ਸੀ ਪੀ ਆਈ ਦੀ ਕੌਮੀ ਸਕੱਤਰੇਤ ਦੀ ਮੈਂਬਰ ਕਾਮਰੇਡ ਐਨੀ ਰਾਜਾ ਨੇ ਕਿਹਾ ਕਿ ਕੇਂਦਰ ਸਰਕਾਰ ਬੇਸ਼ਰਮੀ ਨਾਲ ਕਾਰਪੋਰੇਟ ਸੈਕਟਰ ਦਾ ਪੱਖ ਪੂਰ ਰਹੀ ਹੈ, ਉਨ੍ਹਾਂ ਨੂੰ ਟੈਕਸਾਂ ਵਿੱਚ ਰਿਆਇਤਾਂ ਦੇ ਰਹੀ ਹੈ,   ਕੌਮੀ ਬੈਂਕਾਂ ਤੋਂ ਕਾਰਪੋਰੇਟ ਅਦਾਰਿਆਂ ਵੱਲੋਂ ਲਏ ਗਏ ਕਰਜ਼ੇ ਇਹ ਸਰਕਾਰ ਬੜੀ ਢੀਠਤਾਈ ਅਤੇ ਬੇਸ਼ਰਮੀ ਨਾਲ ਮੁਆਫ਼ ਕਰ ਰਹੀ ਹੈ। ਸਾਰੀਆਂ ਆਮ ਲੋੜਾਂ ਦੀਆਂ ਵਸਤੂਆਂ ’ਤੇ ਵੱਧ ਚੜ੍ਹ ਕੇ ਟੈਕਸ ਲਗਾ ਰਹੀ ਹੈ, ਜਿਸ ਨਾਲ ਗਰੀਬ ਅਤੇ ਮੱਧ ਵਰਗ ਨਾਲ ਸਬੰਧਤ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਉਹਨਾਂ ਦਾ ਖੂਨ ਚੂਸਿਆ ਜਾ ਰਿਹਾ ਹੈ। 

ਹੁਣ ਤਾਂ ਸਿਹਤ ਅਤੇ ਸਿੱਖਿਆ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ ਕਿਉਂਕਿ ਦੋਵਾਂ ਖੇਤਰਾਂ ਵਿੱਚ ਨਿੱਜੀਕਰਨ ਅਤੇ ਧਨ ਕੁਬੇਰਾਂ ਦੀ ਦਖਲ ਅੰਦਾਜ਼ੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 

ਇਸ ਲੋਕ ਵਿਰੋਧੀ ਵਿਰੋਧੀ ਸੱਤਾ ਵੱਲੋਂ ਪੈਦਾ ਕੀਤੀਆਂ ਇਹਨਾਂ ਮੁਸ਼ਕਲਾਂ ਦੇ ਨਤੀਜੇ ਵਜੋਂ ਲੋਕ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਪਰ ਸਰਕਾਰ ਲੋਕਾਂ ਦੀਆਂ ਮੰਗਾਂ ਨੂੰ ਕੁਚਲਣ ਲਈ ਈ ਡੀ, ਸੀ ਬੀ ਆਈ ਅਤੇ ਪੁਲਿਸ ਸਮੇਤ ਸਮੁੱਚੀ ਰਾਜ ਮਸ਼ੀਨਰੀ ਦੀ ਵਰਤੋਂ ਕਰ ਰਹੀ ਹੈ। ਲੋਕਾਂ ਖਿਲਾਫ ਇਹ ਦਮਨ ਚੱਕਰ ਵਧਦਾ ਹੀ ਜਾ ਰਿਹਾ ਹੈ। 

ਇਸ ਤਰ੍ਹਾਂ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ, ਇੱਥੋਂ ਤੱਕ ਕਿ ਨਿਆਂਪਾਲਿਕਾ ਵੀ ਦਬਾਅ ਹੇਠ ਹੈ। ਲੋਕਾਂ ਦੇ ਪ੍ਰਤੀਕਰਮ ਤੋਂ ਬਚਣ ਲਈ ਉਹ ਸਮਾਜ ਨੂੰ ਵੰਡਣ ਲਈ, ਝੂਠ ਬੋਲ ਕੇ, ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਅਤੇ ਸਕੂਲਾਂ ਵਿੱਚ ਸਿੱਖਿਆ ਦੇ ਸਿਲੇਬਸ ਨੂੰ ਬਦਲ ਕੇ ਭਾਰਤੀ ਜਨਤਾ ਨੂੰ ਫਿਰਕੂ ਲੀਹਾਂ 'ਤੇ ਬਹੁਤ ਜ਼ਿਆਦਾ ਧਰੁਵੀਕਰਨ ਕਰਕੇ ਵੰਡਣ ਵਿਚ ਲੱਗੇ ਹੋਏ ਹਨ।  ਫੁੱਟਪਾਊ ਸਿਆਸਤ ਸਿਖਰਾਂ ਛੂਹ ਰਹੀ ਹੈ। 

ਪਾਰਟੀ ਦੀ ਕੇਂਦਰੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ ਦਲਿਤਾਂ ਅਤੇ ਸਮਾਜ ਦੇ ਹੋਰ ਹਾਸ਼ੀਏ ’ਤੇ ਪਏ ਵਰਗਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਮਨਰੇਗਾ ਸਮੇਤ ਵਾਂਝੇ ਲੋਕਾਂ ਲਈ ਸਕੀਮਾਂ ਦੇ ਬਜਟ ਵਿੱਚ ਕਟੌਤੀ ਕੀਤੀ ਗਈ ਹੈ। ਨਤੀਜੇ ਵਜੋਂ ਮਜ਼ਦੂਰਾਂ, ਖੇਤ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਧਣ ਦੀਆਂ ਰਿਪੋਰਟਾਂ ਲਗਾਤਾਰ ਆ ਰਹੀਆਂ ਹਨ। 

ਸੀ.ਪੀ.ਆਈ. ਦੀ ਪੰਜਾਬ ਸੂਬਾ ਇਕਾਈ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਦੇ ਸੰਘੀ ਢਾਂਚੇ 'ਤੇ ਸਿੱਧਾ ਹਮਲਾ ਹੋ ਰਿਹਾ  ਹੈ ਅਤੇ ਇਕਹਿਰੇ ਸਮਾਜ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਨਾਲ ਸਬੰਧਤ ਮੁੱਦੇ ਜਿਵੇਂ ਪਾਣੀਆਂ ਦਾ ਮੁੱਦਾ, ਚੰਡੀਗੜ੍ਹ ਦੀ 10 ਏਕੜ ਜ਼ਮੀਨ ਹਰਿਆਣਾ ਨੂੰ ਸੌਂਪਣਾ, ਸਰਹੱਦ ਤੋਂ 50 ਕਿਲੋਮੀਟਰ ਤੱਕ ਸਰਹੱਦ ਦੀ ਸੁਰੱਖਿਆ ਸੰਭਾਲਣਾ ਇਸ ਦੀਆਂ ਕੁਝ ਗੰਭੀਰ ਉਦਾਹਰਣਾਂ ਹਨ। 

ਸੀਪੀਆਈ ਦੇ ਲੁਧਿਆਣਾ ਜ਼ਿਲ੍ਹਾ ਸਕੱਤਰ ਕਾਮਰੇਡ ਡੀ ਪੀ ਮੌੜ ਨੇ ਸੁਚੇਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਦੇ ਸੌਦਾਗਰਾਂ, ਭੂਮੀ ਅਤੇ ਰੇਤ ਮਾਫ਼ੀਆ ਸਮੇਤ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਸਰਕਾਰੀ ਨੌਕਰੀਆਂ ਵਿੱਚ ਬਹੁਤ ਘੱਟ ਭਰਤੀ ਹੈ ਅਤੇ ਸੇਵਾਮੁਕਤ ਮੁਲਾਜ਼ਮਾਂ ਦੀ ਪੈਨਸ਼ਨ ਵਿੱਚ ਕਟੌਤੀ ਕੀਤੀ ਜਾ ਰਹੀ ਹੈ।  ਪਿਛਲੇ 12 ਸਾਲਾਂ ਤੋਂ ਉਜਰਤਾਂ ਨਹੀਂ ਸੋਧੀਆਂ ਗਈਆਂ। ਉਹਨਾਂ ਕਿਹਾ ਕਿ ਆਸ਼ਾ, ਆਂਗਨਵਾੜੀ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ। ਘੱਟੋ-ਘੱਟ ਉਜਰਤ ਨੂੰ ਸੋਧ ਕੇ 26000/- ਪ੍ਰਤੀ ਮਹੀਨਾ ਕੀਤਾ ਜਾਵੇ।  

ਇਸ ਰੈਲੀ ਵਿੱਚ ਲੋਕ ਕਈ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਪੁੱਜੇ ਹੋਏ ਸਨ। ਰੋਪੜ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ ਅਤੇ ਕਪੂਰਥਲਾ ਤੋਂ ਸਾਥੀਆਂ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਦਵਿੰਦਰ ਨੰਗਲੀ, ਰਛਪਾਲ ਸਿੰਘ, ਜੈਪਾਲ ਸਿੰਘ, ਨਿਰੰਜਨ ਦਾਸ ਮੇਹਲੀ ਨੇ ਰੈਲੀ ਨੂੰ ਸੰਬੋਧਨ ਕੀਤਾ।  

ਇਸ ਮੌਕੇ ਤੇ ਪੰਜਾਬ ਦੀ  ਪਾਰਟੀ ਦੇ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਕਾਮਰੇਡ ਰਮੇਸ਼ ਰਤਨ ਉਚੇਚੇ ਤੌਰ ਤੇ ਸ਼ਾਮਿਲ ਹੋਏ। ਉਹੀ  ਜਿਹਨਾਂ ਨੇ ਦਹਾਕਿਆਂ ਲੰਮੇ ਅਰਸੇ ਦੌਰਾਨ ਇਹਨਾਂ ਜਨਤਕ ਮੁਹਿੰਮਾਂ ਨੰ ਬਹੁਤ ਨੇੜਿਉਂ ਹੋ ਕੇ ਦੇਖਿਆ ਹੈ। 

ਇਸ ਇਤਿਹਾਸਿਕ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਅਤੇ ਉਚੇਚੇ ਤੌਰ ਤੇ ਸ਼ਾਮਿਲ ਹੋਣ ਵਾਲਿਆਂ ਵਿੱਚ ਸਨ ਕਾਮਰੇਡ  ਵਿਜੇ ਕੁਮਾਰ, ਕੇਵਲ ਸਿੰਘ ਬਨਵੈਤ, ਅਵਤਾਰ ਛਿੱਬਰ, ਐਸ ਪੀ ਸਿੰਘ, ਵਿਨੋਦ ਕੁਮਾਰ, ਜਗਦੀਸ਼ ਬੌਬੀ, ਭਗਵਾਨ ਸਿੰਘ ਸੋਮਲ ਖੇੜੀ, ਗੁਰਨਾਮ ਸਿੰਘ ਬਹਾਦਰਕੇ, ਨਿਰੰਜਨ ਸਿੰਘ ਦੋਰਾਹਾ, ਗੁਰਮੀਤ ਸਿੰਘ ਖੰਨਾ, ਸੁਰਿੰਦਰ ਸਿੰਘ ਜਲਾਲਦੀਵਾਲ, ਕਰਤਾਰ ਰਾਮ ਆਦਿ ਸ਼ਾਮਲ ਸਨ।  ਡਾ: ਰਜਿੰਦਰਪਾਲ ਸਿੰਘ ਔਲਖ ਨੇ ਮੰਚ ਸੰਚਾਲਨ ਕੀਤਾ।

ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਲੜਦਿਆਂ ਸ਼ਹੀਦ ਹੋਏ ਜ਼ਿਲ੍ਹਾ ਲੁਧਿਆਣਾ ਦੇ  ਸਾਥੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਵਿੱਚ ਕਾਮਰੇਡ ਗੁਰਮੇਲ ਸਿੰਘ ਹੁੰਜਣ ਅਤੇ ਜੋਗਿੰਦਰ ਸਿੰਘ, ਹਰਪਾਲ ਸਿੰਘ ਮਜਾਲੀਆਂ, ਲਾਭ ਸਿੰਘ ਰੌੜ ਅਤੇ ਉਨ੍ਹਾਂ ਦੇ ਪੁੱਤਰ ਸਰਵਣ ਸਿੰਘ, ਵਰਿਆਮ ਸਿੰਘ ਓਬਰਾਏ ਦੇ ਪਰਿਵਾਰ ਸ਼ਾਮਲ ਸਨ।

ਇਸ ਮੌਕੇ ਪਿੰਡ ਦੀ ਸਰਪੰਚ ਸ੍ਰੀਮਤੀ ਕਮਲਜੀਤ ਕੌਰ, ਉਨ੍ਹਾਂ ਦੇ ਪਤੀ ਕਰਨਲ (ਸੇਵਾਮੁਕਤ) ਮਨਦੀਪ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਮੋਗਾ ਤੋਂ ਆਈ ਟੀਮ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। 

ਕਾਮਰੇਡ ਚਮਕੌਰ ਸਿੰਘ ਦੀ ਅਗਵਾਈ ਵਿੱਚ ਪਾਵਰ ਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਸਬੰਧਤ  ਏਟਕ ਵੱਲੋਂ ਚਾਹ ਪਾਣੀ ਦੇ ਲੰਕਰ ਦਾ ਬਹੁਤ ਸੁਚੱਜਾ ਇੰਤਜਾਮ ਕੀਤਾ ਗਿਆ।

ਕੁਲ ਮਿਲਾ ਕੇ ਇਹ ਰੈਲੀ ਸ਼ਹੀਦਾਂ ਦੇ ਸੁਪਨਿਆਂ ਅਤੇ ਅਕੀਦਿਆਂ ਨਾਲ ਹੋ ਰਹੇ ਖਿਲਵਾੜ ਵਾਲੀ ਇਸ ਮੌਜੂਦਾ ਸਥਿਤੀ ਨੂੰ ਲੋਕਾਂ ਸਾਹਮਣੇ ਰੱਖਣ ਵਿਚ ਸਫਲ ਰਹੀ। ਹੁਣ ਦੇਖਣਾ ਹੈ ਕਿ ਸ਼ਹੀਦਾਂ ਦੇ ਅਧੂਰੇ ਪਏ ਸੁਪਨਿਆਂ ਨੂੰ ਪੂਰਿਆਂ ਕਰਨ ਲਈ ਲੋਕ ਕਦੋਂ ਅਤੇ ਕਿਵੇਂ ਅੱਗੇ ਆਉਂਦੇ ਹਨ?

ਪੱਤਰਕਾਰ ਅਤੇ ਸੀਨੀਅਰ ਕਮਿਊਨਿਸਟ ਆਗੂ ਕਾਮਰੇਡ ਐਮ ਐਸ ਭਾਟੀਆ ਨਾਲ ਸੰਪਰਕ ਕਰਨ ਲਈ ਉਹਨਾਂ ਦਾ ਮੋਬਾਈਲ ਨੰਬਰ ਹੈ: +91 9988491002

Thursday, November 7, 2024

ਮਹਾਨ ਰੂਸੀ ਕ੍ਰਾਂਤੀ:ਅਜੋਕੇ ਵਿਸ਼ਵ ਅਤੇ ਭਾਰਤ ਲਈ ਇਸਦੇ ਸਬਕ-ਡੀ ਰਾਜਾ

Tuesday 5th November 2024 at 16:19//WhatsApp//M S Bhatia

ਅਕਤੂਬਰ ਇਨਕਲਾਬ ਦੇ ਦਿਨ ਤੇ ਵਿਸ਼ੇਸ਼//ਮੂਲ ਲੇਖਕ ਡੀ ਰਾਜਾ ਜਨਰਲ ਸਕੱਤਰ ਸੀ.ਪੀ.ਆਈ.

ਅਨੁਵਾਦ:ਐਮ ਐਸ ਭਾਟੀਆ

ਇਹ ਤਸਵੀਰ Verso Books ਤੋਂ ਧੰਨਵਾਦ ਸਹਿਤ 

ਅਜੋਕੇ ਸਮੇਂ ਵਿੱਚ ਦੁਨੀਆ ਦੇ ਵਿੱਚ ਵੱਖ ਵੱਖ ਥਾਵਾਂ ਤੇ ਯੁੱਧ ਚੱਲ ਰਹੇ ਹਨ ਅਤੇ ਕਈ ਕਿਸਮ ਦੇ ਗੁੱਟ ਬਣ ਕੇ ਸਾਹਮਣੇ ਆ ਰਹੇ ਹਨ: ਇਹਨਾਂ ਹਾਲਾਤਾਂ ਦੇ ਵਿੱਚ ਅਮਰੀਕਨ ਸਾਮਰਾਜਵਾਦ ਅਸਥਿਰਤਾ ਫੈਲਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ। ਇਸ ਦੀ   ਦਖਲਅੰਦਾਜ਼ੀ ਵਾਲੀ ਵਿਦੇਸ਼ ਨੀਤੀ -ਜੋ ਫੌਜੀ ਦਖਲਅੰਦਾਜ਼ੀ, ਆਰਥਿਕ ਪਾਬੰਦੀਆਂ ਅਤੇ ਸੱਤਾ ਪ੍ਰੀਵਰਤਣ ਨੂੰ ਉਤਸ਼ਾਹਿਤ ਕਰਨ ਵਾਲੀ ਨੀਤੀ ਹੈ - ਨੇ ਖੇਤਰੀ ਅਸਥਿਰਤਾਵਾਂ, ਖਾਸ ਤੌਰ 'ਤੇ ਮੱਧ ਪੂਰਬ ਅਤੇ ਦੱਖਣੀ ਏਸ਼ੀਆ ਵਿੱਚ ਵਧਾਇਆ ਹੈ।  

ਅੰਗਰੇਜ਼ੀ ਵਿੱਚ ਮੂਲ ਲੇਖਕ ਕਾਮਰੇਡ ਡੀ. ਰਾਜਾ 
ਇਹ ਸਾਮਰਾਜਵਾਦੀ ਪਹੁੰਚ ਅੰਤਰਰਾਸ਼ਟਰੀ ਭੂ-ਰਾਜਨੀਤਿਕ ਦ੍ਰਿਸ਼ਟੀਕੋਣ ਨੂੰ ਗੁੰਝਲਦਾਰ ਬਣਾਉਂਦੀ ਹੈ ਅਤੇ ਸੰਯੁਕਤ ਰਾਸ਼ਟਰ ਦੀ ਭੂੰਮਿਕਾ ਨੂੰ ਕਮਜ਼ੋਰ ਕਰਦੀ ਹੈ। ਇਹ ਇੱਕ ਬਹੁਧਰੁਵੀ ਸੰਸਾਰ ਵਿੱਚ ਤਣਾਅ ਨੂੰ ਵੀ ਵਧਾਉਂਦੀ ਹੈ ਅਤੇ ਇੱਕ ਸਥਿਰ ਅਤੇ ਨਿਰਪੱਖ ਵਿਸ਼ਵ ਵਿਵਸਥਾ  ਨੂੰ ਚੁਣੌਤੀ ਦਿੰਦੀ ਹੈ। 

ਇਸ ਸੰਦਰਭ ਵਿੱਚ, 1917 ਦੀ ਰੂਸੀ ਕ੍ਰਾਂਤੀ ਦੇ ਸਬਕ ਅੰਤਰਰਾਸ਼ਟਰੀ ਅਤੇ ਘਰੇਲੂ ਮਾਮਲਿਆਂ ਵਿੱਚ, ਖਾਸ ਕਰਕੇ ਭਾਰਤ ਵਿੱਚ ਸ਼ਾਂਤੀ, ਸਥਿਰਤਾ, ਆਪਸੀ ਸਨਮਾਨ ਅਤੇ ਸਦਭਾਵਨਾ ਲਿਆਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ  । ਸ਼ਾਂਤੀ ਬਾਰੇ ਲੈਨਿਨ ਦਾ  26 ਨਵੰਬਰ, 1917 ਨੂੰ ਜਾਰੀ ਕੀਤਾ ਗਿਆ ਫ਼ਰਮਾਨ, ਪਹਿਲੇ ਵਿਸ਼ਵ ਯੁੱਧ ਅਤੇ ਵਿਆਪਕ ਅੰਤਰਰਾਸ਼ਟਰੀ ਰਾਜਨੀਤਿਕ ਦ੍ਰਿਸ਼ ਦੇ ਸੰਦਰਭ ਵਿੱਚ ਇੱਕ ਮਹੱਤਵਪੂਰਨ ਪਲ ਸੀ।  

ਬੋਲਸ਼ੇਵਿਕ ਕ੍ਰਾਂਤੀ ਤੋਂ ਉੱਭਰ ਕੇ, ਇਸ ਫ਼ਰਮਾਨ ਨੇ ਦੁਸ਼ਮਣੀ ਨੂੰ ਤੁਰੰਤ ਖਤਮ ਕਰਨ ਦੀ ਮੰਗ ਕੀਤੀ ਅਤੇ ਬਿਨਾਂ ਕਿਸੇ ਸ਼ਮੂਲੀਅਤ ਜਾਂ ਮੁਆਵਜ਼ੇ ਦੇ ਸ਼ਾਂਤੀ ਵਾਰਤਾ ਦੀ ਵਕਾਲਤ ਕੀਤੀ।

ਇਹ ਮਨੁੱਖਤਾ 'ਤੇ ਪਹਿਲੇ ਵਿਸ਼ਵ ਯੁੱਧ ਦੇ ਬੇਰਹਿਮ ਕਤਲੇਆਮ ਦਾ ਸਿੱਧਾ ਅਤੇ ਦਲੇਰਾਨਾ ਜਵਾਬ ਸੀ, ਜੋ ਕਿ ਯੁੱਧ ਨੂੰ ਖਤਮ ਕਰਨ ਦੀ ਵਿਆਪਕ ਇੱਛਾ ਨੂੰ ਦਰਸਾਉਂਦਾ ਹੈ। 

ਲੈਨਿਨ ਨੇ ਆਪਣੇ ਆਪ ਨੂੰ ਅਤੇ ਪਾਰਟੀ ਨੂੰ ਲੋਕਾਂ ਦੀਆਂ ਚਿੰਤਾਵਾਂ ਦੇ ਨਾਲ ਸ਼ਾਂਤੀ ਦੇ ਚੈਂਪੀਅਨ ਵਜੋਂ ਸਥਾਪਿਤ ਕਰਕੇ, ਯੁੱਧ ਵਿੱਚ ਸ਼ਾਮਲ ਦੂਜੀਆਂ ਸ਼ਕਤੀਆਂ ਦੀਆਂ ਸਾਮਰਾਜਵਾਦੀ ਇੱਛਾਵਾਂ ਦਾ ਤਿੱਖਾ ਵਿਰੋਧ ਕਰਦੇ ਹੋਏ ਬਾਲਸ਼ਵਿਕਾਂ ਲਈ ਭਾਰੀ ਸਮਰਥਨ ਇਕੱਠਾ ਕੀਤਾ।

ਲੈਨਿਨ ਨੇ ਪੂੰਜੀਵਾਦ ਦੇ ਸਾਮਰਾਜੀ ਪੜਾਅ ਦਾ ਵਿਸ਼ਲੇਸ਼ਣ ਕੀਤਾ ਅਤੇ ਦੱਸਿਆ ਕਿ ਸਮਾਜਵਾਦ ਹੀ ਇਸ ਦਾ ਬਦਲ ਹੈ।  

ਸਮਾਜਵਾਦ ਵਿਸ਼ਵ ਵਿੱਚ ਸ਼ਾਂਤੀ ਅਤੇ ਵਿਕਾਸ ਅਤੇ ਸਾਰਿਆਂ ਲਈ ਸਾਂਝੇ ਭਲੇ ਅਤੇ ਖੁਸ਼ਹਾਲੀ ਲਈ ਹੈ। ਇਹ ਹਰ ਤਰ੍ਹਾਂ ਦੇ ਸ਼ੋਸ਼ਣ ਅਤੇ ਗੁਲਾਮੀ ਨੂੰ ਖਤਮ ਕਰਦਾ ਹੈ ਅਤੇ ਲੋਕਾਂ ਨੂੰ ਸਾਰੇ ਵਿਤਕਰੇ ਅਤੇ ਅਨਿਆਂ ਤੋਂ ਮੁਕਤ ਕਰਦਾ ਹੈ।

ਉਸ ਸਮੇਂ ਦੌਰਾਨ ਬਸਤੀਵਾਦੀ ਦੇਸ਼ਾਂ ਵਿੱਚ, ਜਿਨ੍ਹਾਂ ਦੇ ਸਰੋਤਾਂ ਅਤੇ ਆਬਾਦੀ ਦਾ ਯੂਰਪੀਅਨ ਸ਼ਕਤੀਆਂ ਦੇ ਫਾਇਦੇ ਲਈ ਸ਼ੋਸ਼ਣ ਕੀਤਾ ਗਿਆ ਸੀ, ਵਿਸ਼ਵਵਿਆਪੀ ਯੁੱਧ ਦੇ ਨਾਲ ਵਿਆਪਕ ਨਿਰਾਸ਼ਾ ਦੁਆਰਾ ਚਿੰਨ੍ਹਿਤ ਕੀਤਾ ਗਿਆ ਸੀ, ਖਾਸ ਤੌਰ 'ਤੇ ਸ਼ਾਂਤੀ ਦਾ ਸੱਦਾ ਨਾ ਸਿਰਫ਼ ਰੂਸ ਵਿੱਚ ਸਗੋਂ ਵੱਖ-ਵੱਖ ਗੁਲਾਮ ਦੇਸ਼ਾਂ   ਵਿੱਚ ਵੀ ਗੂੰਜਿਆ ਜਿੱਥੇ ਸਾਮਰਾਜ ਵਿਰੋਧੀ ਸੰਘਰਸ਼ ਵਧ ਰਹੇ ਸਨ। 

ਲੈਨਿਨ ਦੇ ਫ਼ਰਮਾਨ ਨੇ ਬਸਤੀਵਾਦੀ ਲੋਕਾਂ ਵਿੱਚ ਉਮੀਦ ਜਗਾਈ ਕਿ ਉਹ ਸਵੈ-ਨਿਰਣੇ ਅਤੇ ਆਜ਼ਾਦੀ ਦੀ ਮੰਗ ਕਰਨ ਲਈ ਸਾਮਰਾਜੀ ਸ਼ਕਤੀਆਂ ਦੇ ਕਮਜ਼ੋਰ ਹੋਣ ਦਾ ਲਾਭ ਉਠਾ ਸਕਦੇ ਹਨ।

ਪੰਜਾਬੀ ਅਨੁਵਾਦ ਐਮ ਐਸ ਭਾਟੀਆ 
ਸੋਵੀਅਤਾਂ ਦੇ ਸਾਮਰਾਜ ਵਿਰੋਧੀ ਰੁਖ ਅਤੇ ਸ਼ਾਂਤੀ ਲਈ ਵਕਾਲਤ ਦਾ ਏਸ਼ੀਆ, ਅਫਰੀਕਾ ਅਤੇ ਮੱਧ ਪੂਰਬ ਵਿੱਚ ਇੱਕ ਵਿਆਪਕ ਇਨਕਲਾਬੀ ਲਹਿਰ ਨੂੰ ਮਜਬੂਤ ਕਰਨ  ਅਤੇ ਬਸਤੀਵਾਦੀ ਸ਼ਾਸਨ ਨੂੰ ਤੋੜਨ ਲਈ ਯਤਨਸ਼ੀਲ ਕਈ ਦੇਸ਼ਾਂ ਦੀਆਂ ਇੱਛਾਵਾਂ 'ਤੇ ਡੂੰਘਾ ਪ੍ਰਭਾਵ ਪਿਆ।ਲੈਨਿਨ ਦੇ ਫ਼ਰਮਾਨ ਦੇ ਪ੍ਰਭਾਵ ਰੂਸ ਤੋਂ ਬਹੁਤ ਦੂਰ ਤੱਕ ਫੈਲ ਗਏ ਅਤੇ ਅੰਤਰਰਾਸ਼ਟਰੀ ਰਾਜਨੀਤੀ ਨੂੰ ਮਹੱਤਵਪੂਰਨ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ। 

ਬਸਤੀਵਾਦੀ ਦੇਸ਼ਾਂ ਦੇ ਨਾਗਰਿਕਾਂ ਨੇ ਸ਼ਾਂਤੀ ਅਤੇ ਸਵੈ-ਨਿਰਣੇ ਦੇ ਸੱਦੇ ਨੂੰ ਆਪਣੇ ਸੰਘਰਸ਼ਾਂ  ਵਜੋਂ ਸਮਝਣਾ ਸ਼ੁਰੂ ਕੀਤਾ। ਇਸਨੇ ਵਿਸ਼ਵ ਭਰ ਵਿੱਚ ਰਾਸ਼ਟਰਵਾਦੀ ਅੰਦੋਲਨਾਂ ਦੇ ਉਭਾਰ ਵਿੱਚ ਯੋਗਦਾਨ ਪਾਇਆ। 

ਭਾਰਤ ਅਤੇ ਮਿਸਰ ਵਰਗੇ ਦੇਸ਼ਾਂ ਨੇ ਕ੍ਰਾਂਤੀਕਾਰੀ ਤਬਦੀਲੀ ਦੇ ਬੋਲਸ਼ੇਵਿਕ ਮਾਡਲ ਨੂੰ ਅਪਨਾ ਕੇ ਬਸਤੀਵਾਦ ਵਿਰੋਧੀ ਸਰਗਰਮੀ ਵਿੱਚ ਵਾਧਾ ਦੇਖਿਆ।  

ਇਸ ਤੋਂ ਇਲਾਵਾ, ਸਵੈ-ਨਿਰਣੇ ਦੀ ਧਾਰਨਾ ਨੇ ਜੰਗ ਤੋਂ ਬਾਅਦ ਦੇ ਬੰਦੋਬਸਤ ਵਿੱਚ, ਖਾਸ ਤੌਰ 'ਤੇ ਪੈਰਿਸ ਸਾ਼ਤੀ ਕਾਨਫਰੰਸ ਵਿੱਚ ਜਾਨ ਪਾਈ, ਹਾਲਾਂਕਿ ਸਾਮਰਾਜੀ ਸ਼ਕਤੀਆਂ ਨੇ ਇਹਨਾਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਨ ਦਾ ਪੂਰਾ ਜੋਰ ਲਾਇਆ  ।

ਇਸ ਤਰ੍ਹਾਂ, ਸ਼ਾਂਤੀ ਬਾਰੇ ਲੈਨਿਨ ਦੇ ਫ਼ਰਮਾਨ ਨੇ ਨਾ ਸਿਰਫ਼ ਰੂਸੀ ਇਤਿਹਾਸ ਨੂੰ ਬਦਲਿਆ, ਸਗੋਂ ਇੱਕ ਪਰਿਵਰਤਨਸ਼ੀਲ ਲਹਿਰ ਵੀ ਸਥਾਪਿਤ ਕੀਤੀ ਜਿਸ ਨੇ ਸੰਸਾਰ ਭਰ ਵਿੱਚ ਬਸਤੀਵਾਦ ਦੀਆਂ ਬੁਨਿਆਦਾਂ ਨੂੰ ਚੁਣੌਤੀ ਦਿੱਤੀ ਅਤੇ ਸਾਮਰਾਜਵਾਦੀ ਹਫੜਾ-ਦਫੜੀ ਅਤੇ ਸ਼ੋਸ਼ਣ ਦੇ ਵਿਚਕਾਰ ਵਿਸ਼ਵ ਸ਼ਾਂਤੀ ਦੀ ਉਮੀਦ ਜਗਾਈ।

ਉਸੇ ਸਮੇਂ, ਰਾਸ਼ਟਰੀ ਸਵੈ-ਨਿਰਣੇ ਲਈ ਲੈਨਿਨ ਦਾ ਸੱਦਾ ਬਸਤੀਵਾਦੀ ਦੇਸ਼ਾਂ ਵਿੱਚ ਗੂੰਜਿਆ, ਬਸਤੀਵਾਦੀ ਸ਼ਾਸਨ ਤੋਂ ਆਜ਼ਾਦੀ ਦੀ ਮੰਗ ਕਰਨ ਵਾਲੀਆਂ ਅਤੇ ਬਸਤੀਵਾਦੀ ਵਿਰੋਧੀ ਲਹਿਰਾਂ ਲਈ ਇੱਕ ਸ਼ਕਤੀਸ਼ਾਲੀ ਮਾਡਲ ਪੇਸ਼ ਕੀਤਾ। 

ਰਾਸ਼ਟਰਾਂ ਦੇ ਆਪਣੀ ਕਿਸਮਤ ਦਾ ਫੈਸਲਾ ਆਪ ਕਰਨ ਦੇ ਅਧਿਕਾਰ 'ਤੇ ਲੈਨਿਨ ਦੇ ਜ਼ੋਰ ਨੇ ਏਸ਼ੀਆ ਅਤੇ ਅਫਰੀਕਾ ਦੇ ਬਹੁਤ ਸਾਰੇ ਨੇਤਾਵਾਂ ਅਤੇ ਕਾਰਕੁਨਾਂ ਨੂੰ ਪ੍ਰੇਰਿਤ ਕੀਤਾ, ਜੋ ਉਸ ਦੇ ਵਿਚਾਰਾਂ ਨੂੰ ਬਸਤੀਵਾਦੀ ਜ਼ੁਲਮ ਵਿਰੁੱਧ ਆਪਣੇ ਸੰਘਰਸ਼ਾਂ ਦੀ ਪ੍ਰਮਾਣਿਕਤਾ ਵਜੋਂ ਦੇਖਦੇ ਸਨ। ਭਾਰਤ ਵਿੱਚ, ਇਸ ਭਾਵਨਾ ਨੂੰ ਵੱਖ-ਵੱਖ ਅੰਦੋਲਨਾਂ ਵਿੱਚ ਪ੍ਰਗਟ ਕੀਤਾ ਗਿਆ।  ਭਾਰਤੀ ਸੁਤੰਤਰਤਾ ਅੰਦੋਲਨ ਦੇ ਵਿਚਾਰਧਾਰਕ ਵਿਕਾਸ ਵਿੱਚ ਲੈਨਿਨ ਦੇ ਸਿਧਾਂਤ ਦਾ ਪ੍ਰਭਾਵ ਸਪੱਸ਼ਟ ਸੀ।

ਜਵਾਹਰ ਲਾਲ ਨਹਿਰੂ ਵਰਗੇ ਨੇਤਾਵਾਂ ਨੇ ਵੱਖ-ਵੱਖ ਭਾਰਤੀ ਭਾਈਚਾਰਿਆਂ ਵਿੱਚ ਏਕਤਾ ਦੀ ਮਹੱਤਤਾ ਨੂੰ ਪਛਾਣਦੇ ਹੋਏ, ਆਪਣੇ ਸਿਆਸੀ ਏਜੰਡੇ ਵਿੱਚ ਸਵੈ-ਨਿਰਣੇ ਅਤੇ ਸਾਮਰਾਜ ਵਿਰੋਧੀ ਵਿਚਾਰਾਂ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ। 

1925 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਉਭਾਰ ਲੋਕਾਂ ਵਿੱਚ ਲੈਨਿਨਵਾਦੀ ਵਿਚਾਰਾਂ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ, ਕਿਉਂਕਿ ਇਸਨੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਨੂੰ ਵਿਸ਼ਵ ਦੀ ਇਨਕਲਾਬੀ ਲਹਿਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ। ਇਹ ਅੰਦੋਲਨ ਅਤੇ ਉਨ੍ਹਾਂ ਦੇ ਆਗੂ ਨਾ ਸਿਰਫ਼ ਲੈਨਿਨ ਦੇ ਸੱਦੇ ਤੋਂ ਪ੍ਰਭਾਵਿਤ ਹੋਏ ਸਨ, ਸਗੋਂ ਉਹਨਾਂ ਨੇ ਵਿਰੋਧ ਦੇ ਇੱਕ ਵਿਆਪਕ ਬਿਰਤਾਂਤ ਵਿੱਚ ਵੀ ਯੋਗਦਾਨ ਪਾਇਆ ਸੀ ਜੋ ਆਖਿਰਕਾਰ 1947 ਵਿੱਚ ਭਾਰਤ ਦੀ ਆਜ਼ਾਦੀ ਵਿੱਚ ਸਮਾਪਤ ਹੋਇਆ। ਇਹ ਬਸਤੀਵਾਦੀ ਸੰਦਰਭ ਵਿੱਚ ਰਾਸ਼ਟਰੀ ਸਵੈ-ਨਿਰਣੇ ਬਾਰੇ ਲੈਨਿਨ ਦੇ ਵਿਚਾਰਾਂ ਦੀ ਪਰਿਵਰਤਨਸ਼ੀਲ ਸ਼ਕਤੀ ਨੂੰ ਉਜਾਗਰ ਕਰਦਾ ਹੈ।

ਸੋਵੀਅਤ ਗਣਰਾਜ ਦੀ ਧਾਰਨਾ ਇਸ ਵਿਭਿੰਨਤਾ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਸੀ। ਕੌਮੀਅਤਾਂ ਦੇ ਮੁੱਦੇ 'ਤੇ ਲੈਨਿਨ ਦੀ ਪਹੁੰਚ ਨੇ ਵੱਖ-ਵੱਖ ਨਸਲੀ ਸਮੂਹਾਂ ਦੇ ਸਵੈ-ਨਿਰਣੇ ਦੇ ਅਧਿਕਾਰ 'ਤੇ ਜ਼ੋਰ ਦਿੱਤਾ, ਜੋ ਭਾਰਤ ਵਰਗੇ ਬਹੁ-ਭਾਸ਼ਾਈ, ਬਹੁ-ਨਸਲੀ ਦੇਸ਼ ਲਈ ਮਹੱਤਵਪੂਰਨ ਪ੍ਰਸੰਗਿਕਤਾ ਰੱਖਦਾ ਹੈ। 

ਭਾਰਤ, ਕਈ ਭਾਸ਼ਾਵਾਂ, ਧਰਮਾਂ ਅਤੇ ਨਸਲੀ ਪਿਛੋਕੜਾਂ ਨੂੰ ਸ਼ਾਮਲ ਕਰਨ ਵਾਲੀ ਇਸ ਦੀ ਵਿਭਿੰਨ ਆਬਾਦੀ ਦੇ ਨਾਲ, ਇਹ ਵਿਚਾਰ ਇੱਕ ਮਜ਼ਬੂਤ ​​ਸੰਘੀ ਢਾਂਚੇ ਦੀ ਆਗਿਆ ਦਿੰਦੇ ਹੋਏ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਾਰਗਦਰਸ਼ਕ ਸਿਧਾਂਤ ਵਜੋਂ ਕੰਮ ਕਰ ਸਕਦਾ ਹੈ। 

ਦੱਬੀਆਂ-ਕੁਚਲੀਆਂ ਕੌਮੀਅਤਾਂ ਦੇ ਅਧਿਕਾਰਾਂ ਲਈ ਲੈਨਿਨ ਦੀ ਵਕਾਲਤ ਇੱਕ ਢਾਂਚੇ ਨੂੰ ਉਤਸ਼ਾਹਿਤ ਕਰਦੀ ਹੈ ਜਿੱਥੇ ਘੱਟ-ਗਿਣਤੀਆਂ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ ਅਤੇ ਸ਼ਾਸਨ ਪ੍ਰਕਿਰਿਆ ਵਿੱਚ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ, ਜਿਸ ਨਾਲ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਵੱਖ-ਵੱਖ ਭਾਈਚਾਰਿਆਂ ਵਿੱਚ ਆਪਸੀ ਸਾਂਝ ਦੀ ਭਾਵਨਾ ਪੈਦਾ ਹੁੰਦੀ ਹੈ।  

 ਇੱਕ ਵਿਆਪਕ ਰਾਸ਼ਟਰੀ ਢਾਂਚੇ ਦੇ ਅੰਦਰ ਸਥਾਨਕ ਪਛਾਣਾਂ ਦੀ ਮਹੱਤਤਾ ਦੀ ਕਦਰ ਕਰਦੇ ਹੋਏ, ਭਾਰਤ ਇੱਕ ਹੋਰ ਸਮਾਵੇਸ਼ੀ ਸਮਾਜ ਵੱਲ ਕੰਮ ਕਰ ਸਕਦਾ ਹੈ ਜੋ ਨਾ ਸਿਰਫ਼ ਆਪਣੀ ਵਿਭਿੰਨਤਾ ਨੂੰ ਸਵੀਕਾਰ ਕਰਦਾ ਹੈ, ਸਗੋਂ ਇਸ ਨੂੰ ਭਰਪੂਰ ਮਾਨਤਾ ਵੀ ਦਿੰਦਾ ਹੈ।  

ਕੌਮੀਅਤਾਂ ਬਾਰੇ ਲੈਨਿਨ ਦੀ ਸੂਝ ਇਸ ਤਰ੍ਹਾਂ ਇੱਕ ਇਤਿਹਾਸਕ ਸਮਝ ਪ੍ਰਦਾਨ ਕਰਦੀ ਹੈ ਜਿਸ ਰਾਹੀਂ ਭਾਰਤ ਆਪਣੀ ਗੁੰਝਲਦਾਰ ਪਛਾਣ ਨੂੰ ਬਰਕਰਾਰ ਰੱਖਦੇ ਹੋਏ ਵਿਭਿੰਨਤਾ ਵਿੱਚ ਏਕਤਾ ਦੇ ਟੀਚੇ ਨੂੰ ਅਤੇ ਭਵਿੱਖ ਵਿੱਚ ਸਾਰੇ ਸਮੂਹਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਂਦਾ ਹੈ ।

ਸਾਨੂੰ ਇਸ ਤੱਥ ਤੋਂ ਸੁਚੇਤ ਹੋਣਾ ਚਾਹੀਦਾ ਹੈ ਕਿ 1917 ਦੀ ਰੂਸੀ ਕ੍ਰਾਂਤੀ ਦਾ ਭਾਰਤ ਦੀ ਆਜ਼ਾਦੀ ਦੇ ਸੰਘਰਸ਼ 'ਤੇ ਡੂੰਘਾ ਪ੍ਰਭਾਵ ਪਿਆ ਸੀ, ਜਿਸ ਨੇ ਵੱਖ-ਵੱਖ ਰਾਸ਼ਟਰਵਾਦੀ ਧੜਿਆਂ ਵਿਚ ਸਿਆਸੀ ਚੇਤਨਾ ਦੀ ਨਵੀਂ ਲਹਿਰ ਨੂੰ ਪ੍ਰੇਰਿਤ ਕੀਤਾ ਸੀ।

ਬੋਲਸ਼ੇਵਿਕਾਂ ਦੁਆਰਾ ਜ਼ਾਰਸਾ਼ਹੀ ਸ਼ਾਸਨ ਦਾ ਸਫਲ ਤਖਤਾ ਪਲਟਣਾ ਅਤੇ ਸਾਮਰਾਜ ਵਿਰੋਧੀ ਉਹਨਾਂ ਦਾ ਵਿਚਾਰ ਭਾਰਤੀ ਨੇਤਾਵਾਂ ਅਤੇ ਕਾਰਕੁੰਨਾਂ, ਖਾਸ ਤੌਰ 'ਤੇ ਦੇਸ਼ ਵਿੱਚ ਉੱਭਰ ਰਹੀਆਂ ਖੱਬੇਪੱਖੀ ਲਹਿਰਾਂ ਵਿੱਚ ਡੂੰਘਾਈ ਨਾਲ ਗੂੰਜਿਆ।

ਇਸ ਇਨਕਲਾਬੀ  ਵਿਚਾਰ ਨੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਤੋਂ ਲਗਾਤਾਰ ਨਿਰਾਸ਼ ਹੋ ਰਹੇ ਦੱਬੇ-ਕੁਚਲੇ ਲੋਕਾਂ ਦੇ ਅਧਿਕਾਰਾਂ ਨੂੰ ਤਰਜੀਹ ਦਿੱਤੀ ਅਤੇ ਸਵੈ-ਨਿਰਣੇ ਦੀ ਲੋੜ ਨੇ ਭਾਰਤੀ ਰਾਸ਼ਟਰਵਾਦੀਆਂ ਲਈ ਇੱਕ ਮਜਬੂਤ ਢਾਂਚਾ ਪ੍ਰਦਾਨ ਕੀਤਾ । 

ਇਸ ਨਾਲ 1925 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਗਠਨ ਹੋਇਆ, ਜਿਸ ਨੇ ਸਾਮਰਾਜਵਾਦ ਵਿਰੁੱਧ ਵੱਖ-ਵੱਖ ਸਮਾਜਿਕ ਜਮਾਤਾਂ ਨੂੰ ਇੱਕਜੁੱਟ ਕਰਨ ਅਤੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਦੀ ਵਕਾਲਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਟਰੇਡ ਯੂਨੀਅਨ ਗਤੀਵਿਧੀਆਂ ਅਤੇ ਕਿਸਾਨ ਅੰਦੋਲਨਾਂ ਵਿੱਚ ਕਮਿਊਨਿਸਟ ਪਾਰਟੀ ਦੀ ਸ਼ਮੂਲੀਅਤ ਨੇ ਵਿਆਪਕ ਬਸਤੀਵਾਦ-ਵਿਰੋਧੀ ਸੰਘਰਸ਼ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ, ਜਿਸ ਨਾਲ ਜਮਾਤੀ ਸੰਘਰਸ਼ ਅਤੇ ਰਾਸ਼ਟਰੀ ਮੁਕਤੀ ਅੰਦੋਲਨ ਵਿਚਕਾਰ ਇੱਕ ਮਹੱਤਵਪੂਰਨ ਸਬੰਧ ਬਣਿਆ।

ਇਸ ਸਮੇਂ ਦੌਰਾਨ ਭਾਰਤੀ ਕਮਿਊਨਿਸਟਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਨੇ ਆਜ਼ਾਦੀ ਦੇ ਉਦੇਸ਼ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਮਿਸਾਲ ਪੇਸ਼ ਕੀਤੀ। ਭਗਤ ਸਿੰਘ ਵਰਗੇ ਕ੍ਰਾਂਤੀਕਾਰੀ, ਜੋ ਮਾਰਕਸਵਾਦੀ ਵਿਚਾਰਧਾਰਾ ਤੋਂ ਡੂੰਘੇ ਪ੍ਰਭਾਵਿਤ ਸਨ, ਬ੍ਰਿਟਿਸ਼ ਜ਼ੁਲਮ ਦੇ ਵਿਰੁੱਧ ਲੜਾਈ ਵਿੱਚ ਮਹਾਨ ਸ਼ਹੀਦ ਬਣ ਗਏ। 

1931 ਵਿਚ ਉਨ੍ਹਾਂ ਦੀ ਫਾਂਸੀ ਨੇ ਦੇਸ਼ ਭਰ ਵਿਚ ਨੌਜਵਾਨਾਂ ਨੂੰ ਬੁਲੰਦ ਕੀਤਾ ਅਤੇ ਇਸ ਵਿਚਾਰ ਨੂੰ ਮਜ਼ਬੂਤ ​​​​ਕੀਤਾ ਕਿ ਸੱਚੀ ਆਜ਼ਾਦੀ ਲਈ ਇਨਕਲਾਬ ਜ਼ਰੂਰੀ ਸੀ। 

ਇਸ ਤੋਂ ਇਲਾਵਾ, 1940 ਦੇ ਦਹਾਕੇ ਦੇ ਅਖੀਰ ਵਿੱਚ ਤੇਲੰਗਾਨਾ ਵਿਦਰੋਹ ਵਿੱਚ ਬਹੁਤ ਸਾਰੇ ਕਮਿਊਨਿਸਟਾਂ ਦੇ ਯਤਨਾਂ ਨੇ ਨਿਆਂ ਦੀ ਭਾਲ ਵਿੱਚ ਵੱਡੀ ਨਿੱਜੀ ਕੀਮਤ 'ਤੇ ਹਥਿਆਰ ਚੁੱਕਣ ਲਈ ਆਪਣੀ ਤਿਆਰੀ ਦਾ ਪ੍ਰਦਰਸ਼ਨ ਕੀਤਾ । 

ਇਨ੍ਹਾਂ ਸ਼ਖ਼ਸੀਅਤਾਂ ਦੀਆਂ ਕੁਰਬਾਨੀਆਂ ਅਤੇ ਵਿਆਪਕ ਕਮਿਊਨਿਸਟ ਲਹਿਰ ਨੇ ਨਾ ਸਿਰਫ਼ ਭਾਰਤੀ ਸੁਤੰਤਰਤਾ ਸੰਗਰਾਮ ਨੂੰ ਅਮੀਰ ਬਣਾਇਆ ਸਗੋਂ ਜਮਾਤੀ ਅਤੇ ਕੌਮੀ ਸੰਘਰਸ਼ਾਂ ਦੇ ਆਪਸੀ ਸਬੰਧਾਂ ਨੂੰ ਵੀ ਉਜਾਗਰ ਕੀਤਾ। 

ਉਨ੍ਹਾਂ ਦੀ ਵਿਰਾਸਤ ਭਾਰਤ ਵਿੱਚ ਸਮਾਜਿਕ ਨਿਆਂ ਅਤੇ ਬਰਾਬਰੀ 'ਤੇ ਸਮਕਾਲੀ ਵਿਚਾਰ-ਵਟਾਂਦਰੇ ਨੂੰ ਪ੍ਰਭਾਵਤ ਕਰਨਾ ਜਾਰੀ ਰੱਖਦੀ ਹੈ, ਰਾਸ਼ਟਰ ਦੀ ਆਜ਼ਾਦੀ ਦੇ ਮਾਰਗ 'ਤੇ ਰੂਸੀ ਕ੍ਰਾਂਤੀ ਦੇ ਸਥਾਈ ਪ੍ਰਭਾਵ ਨੂੰ ਰੇਖਾਂਕਿਤ ਕਰਦੀ ਹੈ ਅਤੇ ਇੱਕ ਨਵੇਂ ਭਾਰਤ - ਇੱਕ ਸਮਾਜਵਾਦੀ ਭਾਰਤ ਦਾ ਨਿਰਮਾਣ ਕਰਦੀ ਹੈ।

ਅਨੁਵਾਦ:ਪ੍ਰਸਿੱਧ ਟਰੇਡ  ਪੱਤਰਕਾਰ ਐਮ ਐਸ ਭਾਟੀਆ ਨੇ ਅਤੇ ਉਹਨਾਂ ਦਾ ਸੰਪਰਕ ਨੰਬਰ :99884-91002

Thursday, October 24, 2024

ਗੋਲਵਰਕਰ ਦੇ ਜੀਵਨ ਬਾਰੇ ਪਿੱਛੇ ਜਹੇ ਛਪੀ ਇਕ ਅਹਿਮ ਪੁਸਤਕ ਦੀ ਪੜਚੋਲ

 Thursday 24th October 2024 at 21:35//Sukhdarshan Natt//WhatsApp: Book Review 

RSS ਦੇ ਮੋਹਰੀ ਸਿਧਾਂਤ ਘਾੜੇ ਸੰਬੰਧੀ ਪ੍ਰਕਾਸ਼ਿਤ ਇਸ ਪੁਸਤਕ ਬਾਰੇ ਖਾਸ ਚਰਚਾ 

'ਗੋਲਵਲਕਰ: ਦ ਮਿਥ ਬਿਹਾਈਂਡ ਦ ਮੈਨ, ਦ ਮੈਨ ਬਿਹਾਈਂਡ ਦ ਮਸ਼ੀਨ'- ਲੇਖਕ:ਧੀਰੇਂਦਰ ਝਾਅ

ਰੀਵਿਊਕਾਰ:ਪ੍ਰੋ. ਅਪੂਰਵਾ ਨੰਦ

ਪ੍ਰੋਫੈਸਰ ਧੀਰੇਂਦਰ ਝਾਅ ਨੇ ਗੋਲਵਲਕਰ ਦੀ ਜੀਵਨੀ ਰਾਹੀਂ ਦਰਅਸਲ ਭਾਰਤੀ ਫਾਸ਼ੀਵਾਦ ਦੀ ਜੀਵਨੀ ਲਿਖੀ ਹੈ। ਧੀਰੇਂਦਰ ਕੁਮਾਰ ਝਾਅ ਦੀ ਕਿਤਾਬ *'ਗੋਲਵਲਕਰ: ਦ ਮਿਥ ਬਿਹਾਈਂਡ ਦ ਮੈਨ, ਦ ਮੈਨ ਬਿਹਾਈਂਡ ਦ ਮਸ਼ੀਨ'* ਇਹ ਸਪੱਸ਼ਟ ਕਰਦੀ ਹੈ ਕਿ ਸਾਵਰਕਰ ਦੇ ਨਾਲ-ਨਾਲ ਐਮ.ਐਸ. ਗੋਲਵਲਕਰ ਨੂੰ ਭਾਰਤੀ ਫਾਸ਼ੀ
ਵਾਦ ਦਾ ਪਿਤਾਮਾ ਕਿਉਂ ਕਿਹਾ ਜਾ ਸਕਦਾ ਹੈ। ਇਸ ਨੂੰ ਪੜ੍ਹ ਕੇ ਅਸੀਂ ਇਹ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ ਕਿ ਭਾਰਤ ਦੇ ਸਧਾਰਨ ਹਿੰਦੂਆਂ ਵਿੱਚ ਫਾਸ਼ੀਵਾਦ ਦੇ ਇਸ ਰੂਪ ਪ੍ਰਤੀ ਸਹਿਣਸ਼ੀਲਤਾ ਕਿਉਂ ਹੈ?

ਗੋਲਵਲਕਰ: ਦ ਮਿੱਥ ਬਿਹਾਈਂਡ ਦ ਮੈਨ, ਦ ਮੈਨ ਬਿਹਾਈਂਡ ਦ ਮਸ਼ੀਨ, ਧੀਰੇਂਦਰ ਕੇ. ਝਾਅ ਦੀ ਨਵੀਂ ਛਪੀ ਕਿਤਾਬ ਹੈ। ਧੀਰੇਂਦਰ ਝਾਅ ਸਾਲਾਂ ਤੋਂ ਹਿੰਦੂਤਵੀ ਵਿਚਾਰਧਾਰਾ ਅਤੇ ਸੰਗਠਨ ਦਾ ਅਧਿਐਨ ਕਰ ਰਹੇ ਹਨ। ਉਸਦੀ ਪਿਛਲੀ ਕਿਤਾਬ ਮਹਾਤਮਾ ਗਾਂਧੀ ਦੇ ਕਾਤਲ ਗੋਡਸੇ ਦੀ ਜੀਵਨੀ ਸੀ। ਇਸ ਤੋਂ ਪਹਿਲਾਂ ਉਹ ਸਾਧਾਂ ਅਤੇ ਅਖਾੜਿਆਂ ਬਾਰੇ ਕਿਤਾਬਾਂ ਲਿਖ ਚੁੱਕੇ ਹਨ ਜੋ ਹਿੰਦੂਤਵ ਦੀਆਂ ਤਾਕਤਾਂ ਹਨ। ਇਹ ਤਾਜ਼ਾ ਕਿਤਾਬ ਮਾਧਵ ਸਦਾਸ਼ਿਵ ਰਾਓ ਗੋਲਵਲਕਰ ਦੀ ਜੀਵਨੀ ਹੈ। ਗੋਲਵਲਕਰ ਨੂੰ ਲੋਕ ਸਿਰਫ਼ ਇਸ ਪ੍ਰਸੰਗ ਵਿੱਚ ਜਾਣਦੇ ਹਨ ਕਿਉਂਕਿ ਉਹ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਦੂਜੇ ਮੁਖੀ ਸਨ। ਭਾਰਤ ਲਈ ਉਸ ਦਾ ਹੋਰ ਕੋਈ ਵੀ ਯੋਗਦਾਨ ਨਹੀਂ ਹੈ। ਤਾਂ ਫਿਰ ਗੋਲਵਲਕਰ ਦਾ ਕੀ ਮਹੱਤਵ ਹੈ? ਯਾਨੀ ਗੋਲਵਲਕਰ ਉਸ ਸ਼ਖਸ ਦਾ ਨਾਂ ਹੈ, ਜਿਸ ਨੇ ਨਫ਼ਰਤ ਅਤੇ ਹਿੰਸਾ ਦੀ ਇੱਕ ਲਗਾਤਾਰ ਚੱਲਣ ਵਾਲੀ ਮਸ਼ੀਨ ਬਣਾਈ। ਉਹ ਮਸ਼ੀਨ ਹੈ RSS. ਕਿਹਾ ਜਾ ਸਕਦਾ ਹੈ ਕਿ ਆਰਐਸਐਸ ਦੀ ਸਥਾਪਨਾ ਹੇਡਗੇਵਾਰ ਨੇ ਕੀਤੀ ਸੀ ਪਰ ਇਹ ਸੱਚ ਹੈ ਕਿ ਇਸ ਸੰਗਠਨ - ਜਿਸ ਤਰ੍ਹਾਂ ਦਾ ਇਹ ਅੱਜ ਹੈ - ਨੂੰ ਇਸ ਰੂਪ ਵਿੱਚ ਢਾਲਣ ਦੀ ਜ਼ਿੰਮੇਵਾਰੀ ਗੋਲਵਲਕਰ ਨੂੰ ਜਾਂਦੀ ਹੈ। ਗੋਲਵਲਕਰ ਨੇ  ਆਰ.ਐਸ.ਐਸ. ਨੂੰ ਇੱਕ ਸੰਗਠਨ ਤੋਂ ਸੈਂਕੜੇ ਮੂੰਹਾਂ ਵਾਲੇ ਸ਼ੇਸ਼ਨਾਗ ਜਾਂ ਇੱਕ ਦੁਸ਼ਟ ਮਸ਼ੀਨ ਵਿੱਚ ਬਦਲਣ ਦਾ ਕੰਮ ਕੀਤਾ।

RSS ਅੱਜ ਦੇ ਭਾਰਤ ਦੀ ਸਭ ਤੋਂ ਅਹਿਮ ਤੇ ਵੱਡੀ ਸੰਸਥਾ ਹੈ। ਇਸ ਦੇ ਟਰੇਂਡ ਕੀਤੇ ਲੋਕ ਅੱਜ ਭਾਰਤ ਦੀ ਕੇਂਦਰ ਸਰਕਾਰ ਚਲਾ ਰਹੇ ਹਨ। ਉਹ ਭਾਰਤ ਦੇ ਕਈ ਰਾਜਾਂ ਵਿੱਚ ਸੂਬਾ ਸਰਕਾਰਾਂ ਚਲਾ ਰਹੇ ਹਨ। ਭਾਰਤੀ ਜਨਤਾ ਪਾਰਟੀ - ਜ਼ੋ RSS ਦਾ ਸਿਆਸੀ ਵਿੰਗ ਹੈ, ਅੱਜ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਅਤੇ ਸਭ ਤੋਂ ਅਮੀਰ ਸਿਆਸੀ ਪਾਰਟੀ ਹੈ। ਭਾਰਤ ਦੀ ਲਗਭਗ ਹਰ ਮਹੱਤਵਪੂਰਨ ਸੰਸਥਾ 'ਤੇ RSS ਦਾ ਕੰਟਰੋਲ ਹੈ। ਯੂਨੀਵਰਸਿਟੀਆਂ ਤੋਂ ਲੈ ਕੇ ਵਿਗਿਆਨ, ਸਮਾਜਿਕ ਵਿਗਿਆਨ ਅਤੇ ਸੱਭਿਆਚਾਰ ਨਾਲ ਸਬੰਧਤ ਸਾਰੀਆਂ ਸੰਸਥਾਵਾਂ ਇਸ ਵੇਲੇ ਆਰਐਸਐਸ ਦੇ ਸਿੱਧੇ ਜਾਂ ਅਸਿੱਧੇ ਕੰਟਰੋਲ ਹੇਠ ਹਨ। ਹੁਣ ਇਹ ਸੰਸਥਾ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਕਈ ਨਾਵਾਂ ਨਾਲ ਕੰਮ ਕਰ ਰਹੀ ਹੈ। ਇਸ ਲਈ, ਇਹ ਉਚਿਤ ਹੀ ਹੈ ਕਿ ਅਸੀਂ ਉਸ ਵਿਅਕਤੀ ਬਾਰੇ ਜਾਣੀਏ ਜਿਸ ਨੇ ਇੰਨੀ ਵੱਡੀ ਸੰਸਥਾ ਦੀ ਕਲਪਨਾ ਕੀਤੀ ਸੀ.

ਇਸ ਸੰਗਠਨ ਦਾ ਮਕਸਦ ਹਿੰਦੂਆਂ ਨੂੰ ਜਥੇਬੰਦ ਕਰਨਾ ਹੈ, ਪਰ ਅਜਿਹੀ ਲਾਮਬੰਦੀ ਦਾ ਮਨੋਰਥ RSS ਮੁਤਾਬਿਕ ਹਿੰਦੂਆਂ ਨੂੰ ਤਿੰਨ ਪੱਕੇ ਦੁਸ਼ਮਣਾਂ ਤੋਂ ਬਚਾਉਣ ਲਈ ਕੀਤਾ ਜਾਣਾ ਹੈ। ਉਹ ਤਿੰਨ ਦੁਸ਼ਮਣ ਹਨ : ਮੁਸਲਮਾਨ, ਈਸਾਈ ਅਤੇ ਕਮਿਊਨਿਸਟ। ਇਹ ਗੱਲ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਆਰ.ਐਸ.ਐਸ. ਨੂੰ ਹਿੰਦੂਆਂ ਦੇ ਅਧਿਆਤਮਿਕ ਜੀਵਨ ਦੀ ਕੋਈ ਚਿੰਤਾ ਨਹੀਂ ਹੈ। ਉਸ ਨੂੰ ਹਿੰਦੂਆਂ ਦੇ ਸਮਾਜਿਕ ਜੀਵਨ ਵਿੱਚ ਊਚ-ਨੀਚ, ਛੂਤਛਾਤ ਦੀ ਭਾਵਨਾ ਨੂੰ ਖਤਮ ਕਰਨ ਨਾਲ ਵੀ ਕੋਈ ਸਰੋਕਾਰ ਨਹੀਂ ਹੈ, ਜੋ ਕੋਹੜ ਜਾਤ-ਪਾਤ ਦੀ ਸਨਾਤਨ ਸੰਸਥਾ ਰਾਹੀਂ ਸਾਰੇ ਸਮਾਜ ਵਿੱਚ ਫੈਲਿਆ ਹੋਇਆ ਹੈ। ਅੰਬੇਡਕਰ ਵਾਂਗ, RSS ਨੇ ਕਦੇ ਵੀ ਜਾਤ-ਪਾਤ ਦੇ ਵਿਨਾਸ਼ ਜਾਂ ਖਾਤਮੇ ਦਾ ਉਦੇਸ਼ ਨਹੀਂ ਰੱਖਿਆ। ਗਾਂਧੀ ਵਾਂਗ, ਇਸਨੇ ਕਦੇ ਵੀ ਛੂਤ-ਛਾਤ ਦੇ ਖਾਤਮੇ ਲਈ ਅੰਦੋਲਨ ਸ਼ੁਰੂ ਨਹੀਂ ਕੀਤਾ। ਇਸ ਨੇ ਬਾਲ ਵਿਆਹ ਵਿਰੁੱਧ ਜਾਗਰੂਕਤਾ ਲਈ ਵੀ ਕੋਈ ਕੰਮ ਨਹੀਂ ਕੀਤਾ। ਆਰਐਸਐਸ ਅੰਤਰ-ਜਾਤੀ ਵਿਆਹਾਂ ਜਾਂ ਰਿਸ਼ਤਿਆਂ ਜਾਂ ਹਿੰਦੂ ਸਮਾਜ ਦੀਆਂ ਹੋਰ ਬੁਰਾਈਆਂ ਜਿਵੇਂ ਕਿ ਦਾਜ ਪ੍ਰਥਾ ਦੇ ਖਾਤਮੇ ਲਈ ਕੋਈ ਅੰਦੋਲਨ ਜਾਂ ਮੁਹਿੰਮਾਂ ਨਹੀਂ ਚਲਾਉਂਦੀ।

ਇਹ ਹਮੇਸ਼ਾ ਹਿੰਦੂਆਂ ਨੂੰ ਬਾਹਰੀ ਦਿੱਖ ਪ੍ਰਤੀ ਸੁਚੇਤ ਰਹਿਣ ਲਈ ਤਿਆਰ ਕਰਦਾ ਹੈ। ਇਸ ਦਾ ਪੂਰਾ ਜ਼ੋਰ ਹੈ ਕਿ ਹਿੰਦੂਆਂ ਨੂੰ ਬਾਹਰੀ ਦੁਸ਼ਮਣਾਂ - ਜੋ ਕਿ ਮੁਸਲਮਾਨ, ਈਸਾਈ ਅਤੇ ਕਮਿਊਨਿਸਟ ਹਨ, ਤੋਂ ਚੌਕਸ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਹਿੰਦੂ ਸਮਾਜ ਨੂੰ ਸਦਾ ਲਈ ਡਰ ਦਾ ਸ਼ਿਕਾਰ, ਅਸੁਰੱਖਿਅਤ ਅਤੇ ਸ਼ੱਕੀ ਸਮਾਜ ਵਿੱਚ ਬਦਲ ਦਿੰਦਾ ਹੈ। ਇਸ ਦੇ ਨਾਲ ਹੀ ਇਹ ਹਿੰਦੂਆਂ ਵਿੱਚ ਕਾਲਪਨਿਕ 'ਉੱਤਮਤਾ' ਦੀ ਭਾਵਨਾ ਵੀ ਪੈਦਾ ਕਰਦਾ ਹੈ। ਇਸ ਦਾ ਪ੍ਰਚਾਰ ਹੈ ਕਿ ਹਿੰਦੂ ਇਸ ਸੰਸਾਰ ਜਾਂ ਬ੍ਰਹਿਮੰਡ ਦੇ ਸਭ ਤੋਂ ਉੱਤਮ ਜੀਵ ਹਨ, ਉਹਨਾਂ ਨੂੰ ਪਰਮਾਤਮਾ ਨੇ ਖੁਦ ਆਪਣੇ ਰੂਪ ਵਿੱਚ ਬਣਾਇਆ ਹੈ, ਉਹ ਸੁਭਾਅ ਦੁਆਰਾ ਸਹਿਣਸ਼ੀਲ ਅਤੇ ਉਦਾਰ ਹਨ। ਅਜਿਹੇ ਗੁਣ ਕਿਸੇ ਹੋਰ ਧਰਮ ਵਿੱਚ ਨਹੀਂ ਪਾਏ ਜਾਂਦੇ। ਹਿੰਦੂ ਹੀ ਇਸ ਬ੍ਰਹਿਮੰਡ ਦੇ ਪਹਿਲੇ ਜੀਵ ਹਨ। ਜਦੋਂ ਕੁਝ ਨਹੀਂ ਸੀ, ਉਦੋਂ ਵੀ ਹਿੰਦੂ ਧਰਮ ਸੀ। ਇਹੀ ਸਭ ਤੋਂ ਪੁਰਾਣਾ, ਉੱਤਮ ਅਤੇ ਸਦੀਵੀ ਭਾਵ ਸਨਾਤਨ ਧਰਮ ਹੈ। ਰੱਬ ਨੇ ਇਸ ਧਰਮ ਲਈ ਭਾਰਤ ਦੀ ਧਰਤੀ ਨੂੰ ਚੁਣਿਆ। ਇਸ ਜ਼ਮੀਨ 'ਤੇ ਹਿੰਦੂਆਂ ਦਾ ਹੀ ਪਹਿਲਾ ਅਤੇ ਅੰਤਮ ਹੱਕ ਹੈ।  ਇਸ ਤਰ੍ਹਾਂ ਹਿੰਦੂ ਧਰਮ, ਧਰਮ ਤੋਂ ਉਤੇ ਹੋ ਕੇ ਇਕ ਕੌਮ ਜਾਂ ਰਾਸ਼ਟਰ ਵਿੱਚ ਬਦਲ ਜਾਂਦਾ ਹੈ। ਹਿੰਦੂ ਅਤੇ ਭਾਰਤ ਇੱਕੋ ਹਨ। ਹਿੰਦੂ ਦਾ ਅਰਥ ਹੈ ਪਹਿਲਾ ਭਾਰਤੀ। ਹੋਰਨਾਂ ਨੂੰ ਆਪਣੇ ਆਪ ਨੂੰ ਭਾਰਤੀ ਕਹਾਉਣ ਲਈ ਹਿੰਦੂਆਂ ਤੋਂ ਇਜਾਜ਼ਤ ਲੈਣੀ ਪਵੇਗੀ।

ਆਰਐਸਐਸ ਦਾ ਹਿੰਦੂ ਹਮੇਸ਼ਾ ਦੂਜਿਆਂ ਦੀ ਤੁਲਨਾ ਵਿੱਚ ਪਰਿਭਾਸ਼ਿਤ ਹੁੰਦਾ ਹੈ। ਇਹ ਸਵੈ-ਨਿਰਭਰ ਨਹੀਂ ਹੈ. RSS ਦਾ ਹਿੰਦੂ ਉਹ ਹੈ ਜੋ ਮੁਸਲਮਾਨਾਂ, ਈਸਾਈਆਂ ਅਤੇ ਕਮਿਊਨਿਸਟਾਂ ਤੋਂ ਡਰਦਾ ਹੈ ਜਾਂ ਨਫ਼ਰਤ ਕਰਦਾ ਹੈ। ਇਸ ਤਰ੍ਹਾਂ ਇਹ ਤਿੰਨੇ ਤਬਕੇ ਆਰ.ਐਸ.ਐਸ. ਦੇ ਹਿੰਦੂ ਦੇ ਜ਼ਰੂਰੀ ਹਵਾਲਾ ਬਿੰਦੂ ਹਨ। ਆਰ.ਐੱਸ.ਐੱਸ. ਮਾਰਕਾ ਹਿੰਦੂ ਕੋਲ ਆਤਮ-ਪੜਚੋਲ ਕਰਨ ਦੀ ਕੋਈ ਸਮਰੱਥਾ ਨਹੀਂ ਹੈ ਕਿਉਂਕਿ ਉਸ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਹੀ ਸਭ ਤੋਂ ਉੱਤਮ ਹੈ। ਜੇਕਰ ਕੋਈ ਉਸ ਦੇ ਸਮਾਜਿਕ ਜੀਵਨ ਵਿੱਚ ਕੋਈ ਕਮੀਆਂ ਉਘਾੜਦਾ ਹੈ ਤਾਂ ਉਹ RSS ਮਾਰਕਾ ਹਿੰਦੂਆਂ ਨੂੰ ਬੁਰਾ ਲੱਗਦਾ ਹੈ।

ਗੋਲਵਲਕਰ ਨੇ ਸਾਵਰਕਰ ਤੋਂ ਪ੍ਰੇਰਨਾ ਲਈ ਅਤੇ ਹਿੰਦੂ ਨੂੰ ਅਪਣੀ ਕਿਤਾਬ-‘ਅਸੀਂ ਅਤੇ ਸਾਡਾ ਰਾਸ਼ਟਰ ਪਰਿਭਾਸ਼ਿਤ’ (We and our nationhood difined) ਵਿੱਚ ਹਿੰਦੂ ‘ਅਸੀਂ’ ਜਾਂ 'ਹਮ' ਨੂੰ ਇਸੇ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਹੈ। ਕਿਹਾ ਜਾ ਸਕਦਾ ਹੈ ਕਿ ਇਹੀ ਧਾਰਨਾਵਾਂ ਆਰ.ਐਸ.ਐਸ. ਦਾ ਸਿਧਾਂਤਕ ਆਧਾਰ ਬਣ ਚੁੱਕੀਆਂ ਹਨ। 

ਗੋਲਵਲਕਰ ਦੀ ਮਹੱਤਤਾ ਕੇਵਲ ਆਰ.ਐਸ.ਐਸ. ਦੇ ਵਿਚਾਰਧਾਰਕ ਗੁਰੂ ਹੋਣ ਕਰਕੇ ਹੀ ਨਹੀਂ ਹੈ, ਸਗੋਂ  ਆਰਐਸਐਸ ਦੇ ਅੱਜ ਦੇ ਸੰਗਠਨ ਦੇ ਰੂਪ ਦੀ ਕਲਪਨਾ ਵੀ ਗੋਲਵਲਕਰ ਨੇ ਹੀ ਕੀਤੀ ਸੀ। ਇਸ ਲਈ ਇਹ ਸਿਰਫ ਕੋਈ ਇੱਕ ਸੰਗਠਨ ਨਹੀਂ ਹੈ: ਬਲਕਿ ਇਹ ਸੰਗਠਨਾਂ ਦਾ ਸੰਗਠਨ ਹੈ।

ਧੀਰੇਂਦਰ ਝਾਅ ਦੀ ਕਿਤਾਬ ਵਿੱਚ ਗੋਲਵਲਕਰ ਦੀ ਤਸਵੀਰ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਉੱਭਰਦੀ ਹੈ ਜੋ ਆਤਮ ਕੇਂਦਰਤ, ਸ਼ੱਕੀ, ਸਾਜ਼ਿਸ਼ੀ ਹੈ ਅਤੇ ਜਿਸਦਾ ਅਪਣਾ ਜੀਵਨ ਝੂਠ ਉੱਤੇ ਆਧਾਰਿਤ ਹੈ। ਜਿਸ ਦੀ ਜ਼ਿੰਦਗੀ ਦੀ ਚਾਲਕ ਸ਼ਕਤੀ ਪਿਆਰ ਨਹੀਂ, ਬਲਕਿ ਨਫ਼ਰਤ ਅਤੇ ਕੇਵਲ ਨਫ਼ਰਤ ਹੈ। ਉਹ ਆਪਣੇ ਬਾਰੇ ਝੂਠ ਪੈਦਾ ਕਰਦਾ ਅਤੇ ਪ੍ਰਚਾਰਦਾ ਹੈ। ਨਮੂਨੇ ਵਜੋਂ ਇਸ ਕਿਤਾਬ ਦੇ ਰੀਲੀਜ਼ ਸਮਾਰੋਹ ਤੋਂ ਬਾਹਰ ਆ ਕੇ ਇੱਕ ਨੌਜਵਾਨ ਨੇ ਕਿਹਾ ਕਿ 'ਆਖਿਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਗੁਰੂ ਗੋਲਵਲਕਰ ਜੀ ਇੱਕ ਪ੍ਰੋਫੈਸਰ ਸਨ।' ਪਰ ਇਹ ਕਿਤਾਬ ਦਸਦੀ ਹੈ ਕਿ ਆਪਣੇ ਨਿੱਜ ਲਈ ਇੱਜ਼ਤ ਪੈਦਾ ਕਰਨ ਲਈ ਇਹ ਉਹ ਸਭ ਤੋਂ ਵੱਡਾ ਝੂਠ ਸੀ, ਜੋ ਗੋਲਵਲਕਰ ਨੇ ਖੁਦ ਘੜਿਆ ਅਤੇ ਫੈਲਾਇਆ।  ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਗੋਲਵਲਕਰ ਦਾ ਅਹੁਦਾ ਪ੍ਰੋਫ਼ੈਸਰ ਦਾ ਨਹੀਂ, ਬਲਕਿ ਇੱਕ ਡੈਮੋਂਸਟੇਟਰ ਦਾ ਸੀ, ਪਰ ਪ੍ਰਚਾਰਿਆ ਇਹ ਗਿਆ ਸੀ ਕਿ ਗੋਲਵਲਕਰ ਨੂੰ ਯੂਨੀਵਰਸਿਟੀ ਵਲੋਂ ਛੋਟੀ ਉਮਰ ਵਿੱਚ ਹੀ ਪ੍ਰੋਫੈਸਰ ਬਣਾ ਦਿੱਤਾ ਗਿਆ ਸੀ।

ਇਸੇ ਤਰ੍ਹਾਂ ਬਾਅਦ ਵਿੱਚ ਉਸਨੇ ਆਪਣੀ ਕਿਤਾਬ ‘ਵੀ ਐਂਡ ਅਵਰ ਨੇਸ਼ਨਹੁੱਡ ਡੀਫਾਇਨਡ' ਬਾਰੇ ਵੀ ਝੂਠ ਦਾ ਪ੍ਰਚਾਰ ਕੀਤਾ। ਇਹ ਕਿਤਾਬ ਖੁਦ ਗੋਲਵਲਕਰ ਨੇ ਲਿਖੀ ਸੀ ਪਰ ਜਦੋਂ ਉਸ ਨੂੰ ਇਸ ਕਾਰਨ ਆਪਣੇ ਆਪ ਲਈ ਖ਼ਤਰਾ ਮਹਿਸੂਸ ਹੋਇਆ ਤਾਂ ਉਹ ਕਹਿਣ ਲੱਗਿਆ ਕਿ ਇਹ ਮੇਰੀ ਕਿਤਾਬ ਨਹੀਂ, ਇਹ ਤਾਂ ਅਨੁਵਾਦ ਹੈ। ਪ੍ਰੋਫੈਸਰ ਧੀਰੇਂਦਰ ਦੀ ਕਿਤਾਬ ਦੱਸਦੀ ਹੈ ਕਿ ਗੋਲਵਲਕਰ, ਜੋ ਕਿ ਝੂਠ ਘੜਨ ਵਿੱਚ ਮਾਹਰ ਸੀ, ਦੀ ਅਗਵਾਈ ਵਿੱਚ ਆਰਐਸਐਸ ਨੇ ਇਸ ਝੂਠ ਦਾ ਵੀ ਪ੍ਰਚਾਰ ਕੀਤਾ ਕਿ ਗਾਂਧੀ ਦੇ ਕਾਤਲ ਨੱਥੂਰਾਮ ਗੌਡਸੇ ਦਾ ਆਰਐਸਐਸ ਨਾਲ ਕੋਈ ਸਬੰਧ ਨਹੀਂ ਹੈ, ਜਦੋਂ ਕਿ ਗੌਂਡਸੇ ਅਪਣੇ ਜੀਵਨ ਦੇ ਅੰਤ ਤੱਕ ਆਪਣੇ ਆਪ ਨੂੰ ਆਰਐਸਐਸ ਦਾ ਮੈਂਬਰ ਮੰਨਦਾ ਸੀ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਗਾਂਧੀ ਦੇ ਕਤਲ ਤੋਂ ਬਾਅਦ ਜਾਂਚ ਦੌਰਾਨ ਸਾਜ਼ਿਸ਼ ਦੀ ਜ਼ਿੰਮੇਵਾਰੀ ਤੈਅ ਕਰਨ ਵਿੱਚ ਆਰਐਸਐਸ ਨੂੰ ਕੋਈ ਨੁਕਸਾਨ ਨਾ ਪਹੁੰਚੇ। ਹਾਲਾਂਕਿ ਗੋਲਵਲਕਰ, ਗਾਂਧੀ ਖਿਲਾਫ ਇੰਨੇ ਗੁੱਸੇ ਵਿਚ ਸੀ ਕਿ ਦਸੰਬਰ 1947 ਵਿਚ, ਦਿੱਲੀ ਦੇ ਰੋਹਤਕ ਰੋਡ 'ਤੇ ਇਕ ਮੀਟਿੰਗ ਵਿਚ ਉਸ ਨੇ ਧਮਕੀ ਦਿੱਤੀ ਕਿ ਜੇਕਰ ਗਾਂਧੀ ਨੇ ਮੁਸਲਮਾਨਾਂ ਨੂੰ ਭਾਰਤ ਵਿਚ ਰੱਖਣ ਦੀ ਆਪਣੀ ਜ਼ਿੱਦ ਨਾ ਛੱਡੀ, ਤਾਂ ਉਹ ਸੰਘ ਵਲੋਂ ਗਾਂਧੀ ਖਿਲਾਫ 13 ਦਿਨਾਂ ਦੇ ਸੋਗ ਦਾ ਐਲਾਨ ਕਰ ਦੇਵੇਗਾ। ਉਂਝ ਇਹ ਹੈਰਾਨੀ ਜਨਕ ਪੱਖ ਹੈ ਕਿ ਜਿਸ ਗਾਂਧੀ ਨੂੰ ਆਰਐਸਐਸ ਵਿਚ ਹਰ ਕੋਈ ਨਫ਼ਰਤ ਕਰਦਾ ਹੈ, ਤਦ ਵੀ ਉਸ ਨੂੰ ਸੰਘ ਵਲੋਂ ਅਕਸਰ ਯਾਦ ਕੀਤਾ ਜਾਂਦਾ ਹੈ।

ਕੀ ਗੋਲਵਲਕਰ ਦੁਆਰਾ ਬਣਾਈ ਗਈ ਆਰ.ਐਸ.ਐਸ., ਅਜਿਹੇ ਝੂਠ ਦੇ ਸਹਾਰੇ ਆਪਣੇ ਆਪ ਨੂੰ ਧੋਖਾ ਦੇ ਰਹੀ ਹੈ ਜਾਂ ਦੂਜਿਆਂ ਨੂੰ ਧੋਖਾ ਦੇ ਰਹੀ ਹੈ? ਜਿਸ ਤਰ੍ਹਾਂ ਗੋਲਵਲਕਰ ਵਲੋਂ ਦਿੱਤੀ ਹਿੰਦੂਆਂ ਦੀ ਅਤੇ ਭਾਰਤ ਦੀ ਪਰਿਭਾਸ਼ਾ ਝੂਠੀ ਹੈ, ਉਸੇ ਤਰ੍ਹਾਂ ਗੋਲਵਲਕਰ ਨੇ ਆਪਣੇ ਜੀਵਨ ਦੀ ਕਹਾਣੀ - ਜਿਸ ਨੂੰ ਖੁਦ ਗੋਲਵਲਕਰ ਨੇ ਪ੍ਰਚਾਰਿਆ,  ਵਿੱਚ ਵੀ ਬਹੁਤ ਸਾਰਾ ਝੂਠ ਹੈ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਅੱਜ ਗੋਲਵਲਕਰ ਵਰਗੇ ਵਿਅਕਤੀ ਦੀ ਜੀਵਨੀ ਲਿਖੇ ਜਾਣ ਦੀ ਜ਼ਰੂਰਤ ਹੀ ਕੀ ਹੈ? ਉਹ ਇਸ ਲਈ ਕਿ ਪ੍ਰਚਾਰ ਸਾਧਨਾਂ ਰਾਹੀਂ ਗੋਲਵਲਕਰ ਦੀ ਲਗਾਤਾਰ ਵਡਿਆਈ ਕਰਨ ਕਾਰਨ ਅਸੀਂ ਇਹ ਨਹੀਂ ਜਾਣ ਪਾ ਰਹੇ ਹਾਂ ਕਿ ਭਾਰਤੀ ਫਾਸ਼ੀਵਾਦ ਦੇ ਬੀਜ ਕਦੋਂ ਤੇ ਕਿਸ ਤਰ੍ਹਾਂ ਬੀਜੇ ਗਏ ਅਤੇ ਇਸ ਦਾ ਜ਼ਿੰਮੇਵਾਰ ਕੌਣ ਹੈ? ਧੀਰੇਂਦਰ ਦੀ ਕਿਤਾਬ ਪੜ੍ਹਦਿਆਂ ਇਹ ਸਵਾਲ ਵੀ ਉੱਠਦਾ ਹੈ ਕਿ ਜੇਕਰ ਪਹਿਲਾਂ ਤੋਂ ਗੋਲਵਲਕਰ ਜਾਂ ਸਾਵਰਕਰ ਝੂਠ ਬੋਲ ਰਹੇ ਸਨ ਜਾਂ ਕੋਈ ਮਿੱਥ ਰਚ ਰਹੇ ਸਨ, ਤਾਂ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਉਹ ਆਪਣੇ ਬਾਰੇ ਜਾਣਬੁੱਝ ਕੇ ਭੰਬਲਭੂਸਾ ਪੈਦਾ ਕਰਨਾ ਚਾਹੁੰਦੇ ਸਨ। ਇਹ ਭਰਮ ਜ਼ਰੂਰੀ ਸੀ ਤਾਂ ਜੋ ਉਹ ਕਾਨੂੰਨ ਤੋਂ ਬਚ ਸਕਣ। ਉਦਾਹਰਣ ਵਜੋਂ, ਜੇਕਰ ਇਹ ਸਾਬਤ ਹੋ ਜਾਂਦਾ ਕਿ ਗੋਡਸੇ ਆਰਐਸਐਸ ਦਾ ਮੈਂਬਰ ਸੀ, ਤਾਂ ਇਸ ਦੇ ਨਤੀਜੇ ਆਰਐਸਐਸ ਲਈ ਲਾਜ਼ਮੀ ਬਹੁਤ ਮਾੜੇ ਹੁੰਦੇ। ਇਸੇ ਲਈ ਗੋਲਵਰਕਰ ਨੂੰ ਝੂਠ ਬੋਲਣਾ ਪਿਆ ਕਿ ਸੰਘ ਦਾ ਗੋਡਸੇ ਨਾਲ ਕੋਈ ਸਬੰਧ ਨਹੀਂ ਸੀ।

ਇਸੇ ਤਰ੍ਹਾਂ ਜੇਕਰ ਆਰਐਸਐਸ ਨੇ ਝੂਠ ਬੋਲਿਆ ਕਿ ਉਹ ਭਾਰਤ ਦੇ ਸੰਵਿਧਾਨ ਵਿੱਚ ਵਿਸ਼ਵਾਸ ਕਰਦਾ ਹੈ, ਤਾਂ ਉਹ ਵੀ ਜਾਇਜ਼ ਸੀ ਕਿਉਂਕਿ ਉਸ ਨੇ ਆਪਣੇ ਆਪ 'ਤੇ ਪਾਬੰਦੀਆਂ ਲਾਏ ਜਾਣ ਤੋਂ ਬਚਣਾ ਸੀ। ਜੇ ਕਿਸੇ ਦੇ ਵਿਸ਼ਵਾਸ ਬਾਰੇ ਝੂਠ ਬੋਲ ਕੇ ਜਾਂ ਝੂਠੀ ਸਹੁੰ ਖਾ ਕੇ ਅਜਿਹਾ ਕੀਤਾ ਜਾ ਸਕਦਾ ਹੈ, ਤਾਂ ਇਸ ਵਿੱਚ ਕੀ ਹਰਜ ਹੈ? ਇੰਝ ਆਰ.ਐਸ.ਐਸ. ਦੇ ਆਗੂਆਂ ਦੇ ਵਲੋਂ ਬੋਲੇ ਝੂਠਾਂ ਦੀ ਹਕੀਕਤ ਨੂੰ ਤਾਂ ਸਮਝਿਆ ਜਾ ਸਕਦਾ ਹੈ ਪਰ ਅਸਲ ਸਵਾਲ ਇਹ ਹੈ ਕਿ ਭਾਰਤ ਦੇ ਸਿਆਸੀ, ਕੁਲੀਨ ਅਤੇ ਬੁੱਧੀਜੀਵੀ ਵਰਗ ਦਾ ਇੱਕ ਵੱਡਾ ਹਿੱਸਾ ਉਨ੍ਹਾਂ ਦੇ ਝੂਠ ਨੂੰ ਕਿਉਂ ਮੰਨਦਾ ਰਹਿੰਦਾ ਹੈ? ਭਾਰਤ ਦਾ ਪ੍ਰਭਾਵਸ਼ਾਲੀ ਵਰਗ RSS ਦੇ ਝੂਠ ਨੂੰ ਸੱਚ ਮੰਨਣ 'ਤੇ ਕਿਉਂ ਜ਼ੋਰ ਦੇ ਰਿਹਾ ਹੈ? ਉਦਾਹਰਣ ਵਜੋਂ, ਅਜੋਕੇ ਸਮੇਂ ਵਿੱਚ ਸਾਡੇ ਅਨੇਕਾਂ ਸੰਪਾਦਕ ਅਤੇ ਵਿਸ਼ਲੇਸ਼ਕ ਵਾਰ-ਵਾਰ ਇਹ ਕਿਉਂ ਕਹਿ ਰਹੇ ਹਨ ਕਿ ਆਰਐਸਐਸ ਮੁਖੀ ਦੇ ਇਰਾਦੇ ਨੇਕ ਹਨ ਅਤੇ ਉਹ ਸਿਰਫ ਕੁਝ ਸ਼ਰਾਰਤੀ ਵਿਅਕਤੀ ਹਨ ਜੋ ਹਫੜਾ-ਦਫੜੀ ਮਚਾ ਰਹੇ ਹਨ? ਟਾਟਾ ਤੋਂ ਲੈ ਕੇ ਵੱਖ ਵੱਖ ਖੇਤਰਾਂ ਦੇ ਹੋਰਾਂ ਅਨੇਕਾਂ ਪ੍ਰਭਾਵਸ਼ਾਲੀ ਲੋਕ ਹੇਡਗੇਵਾਰ ਭਵਨ ਵਿੱਚ ਮੌਜੂਦ ਹੋਣਾ ਜ਼ਰੂਰੀ ਕਿਉਂ ਸਮਝਦੇ ਹਨ? ਭਾਰਤ ਦੇ ਕੁਲੀਨ ਵਰਗ ਦਾ ਇੱਕ ਵੱਡਾ ਹਿੱਸਾ ਸੰਘ ਦੀ ਨਫ਼ਰਤ ਅਧਾਰਤ ਹਿੰਸਕ ਵਿਚਾਰਧਾਰਾ ਨੂੰ ਹਿੰਸਕ ਮੰਨਣ ਤੋਂ ਇਨਕਾਰ ਕਿਉਂ ਕਰਦਾ ਆ ਰਿਹਾ ਹੈ?

ਅਨੇਕਾਂ ਹਵਾਲੇ ਹਨ ਕਿ ਗਾਂਧੀ ਅਤੇ ਨਹਿਰੂ ਹਮੇਸ਼ਾ RSS ਨੂੰ ਭਾਰਤ ਲਈ ਖਤਰਨਾਕ ਮੰਨਦੇ ਰਹੇ। ਪਰ ਗਾਂਧੀ ਦੇ ਨਜ਼ਦੀਕੀ ਚੇਲਿਆਂ ਅਤੇ ਦੋਸਤਾਂ ਨੇ RSS ਦੇ ਮੁੱਦੇ 'ਤੇ ਉਨ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕਿਉਂ ਕੀਤਾ? ਨਹਿਰੂ ਦੇ ਵਾਰ-ਵਾਰ ਬੇਨਤੀਆਂ ਦੇ ਬਾਵਜੂਦ, ਵੱਲਭਭਾਈ ਪਟੇਲ ਜਾਂ ਗੋਵਿੰਦ ਵੱਲਭ ਪੰਤ ਵਰਗੇ ਨੇਤਾਵਾਂ ਨੇ ਸੰਘ ਦੇ ਖਿਲਾਫ ਫੈਸਲਾਕੁੰਨ ਕਾਰਵਾਈ ਕਰਨ ਤੋਂ ਲਗਾਤਾਰ ਝਿਜਕ ਕਿਉਂ ਦਿਖਾਈ? ਜਦੋਂ ਖੁਫੀਆ ਏਜੰਸੀਆਂ ਵੀ ਪੰਤ ਅਤੇ ਪਟੇਲ ਨੂੰ ਲਗਾਤਾਰ ਦੱਸ ਰਹੀਆਂ ਸਨ ਕਿ ਆਰਐਸਐਸ ਹਿੰਸਕ ਕਾਰਵਾਈਆਂ ਵਿੱਚ ਸ਼ਾਮਲ ਹੈ ਪਰ ਉਨ੍ਹਾਂ ਵਰਗੇ ਲੋਕਾਂ ਨੇ ਇਸ ਨੂੰ ਗੰਭੀਰਤਾ ਨਾਲ ਲੈਣ ਤੋਂ ਇਨਕਾਰ ਕਿਉਂ ਕਰ ਦਿੱਤਾ? ਧੀਰੇਂਦਰ ਝਾਅ ਦੀ ਕਿਤਾਬ ਇੱਕ ਤਣਾਅਪੂਰਨ ਘਟਨਾ ਦਾ ਵਰਣਨ ਕਰਦੀ ਹੈ, ਜਿਥੇ ਉਹ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਹਵਾਲਾ ਦਿੰਦਾ ਹੈ :

"ਇਹ ਦਸੰਬਰ 1947 ਦੀ ਦਿੱਲੀ ਹੈ। ਦਿੱਲੀ 'ਚ ਮੁਸਲਮਾਨਾਂ ਵਿਰੁੱਧ ਹਿੰਸਾ ਆਪਣੇ ਸਿਖਰ 'ਤੇ ਹੈ। ਦਿਨ-ਦਿਹਾੜੇ ਹਮਲਿਆਂ, ਅੱਗਜ਼ਨੀ, ਲੁੱਟ-ਖੋਹ ਅਤੇ ਕਤਲਾਂ ਦਾ ਸਿਲਸਿਲਾ ਜਾਰੀ ਹੈ। ਗਾਂਧੀ ਦੇ ਨਾਲ-ਨਾਲ ਪਟੇਲ, ਨਹਿਰੂ ਅਤੇ ਆਜ਼ਾਦ ਵੀ ਉਸ ਸਥਿਤੀ 'ਤੇ ਵਿਚਾਰ ਕਰ ਰਹੇ ਹਨ। ਨਹਿਰੂ ਗਾਂਧੀ ਜੀ ਨੂੰ ਕਹਿ ਰਹੇ ਹਨ ਕਿ ਸਥਿਤੀ ਬਹੁਤ ਗੰਭੀਰ ਹੈ ਅਤੇ ਮੁਸਲਮਾਨਾਂ ਵਿਰੁੱਧ ਵਿਆਪਕ ਹਿੰਸਾ ਭੜਕ ਰਹੀ ਹੈ। ਉਹ ਦੁਖੀ ਅਤੇ ਸ਼ਰਮਿੰਦਾ ਹਨ ਕਿ ਉਹ ਕੁਝ ਕਰਨ ਦੇ ਯੋਗ ਨਹੀਂ ਹਨ। ਪਰ ਪਟੇਲ ਦਾ ਚਿਹਰਾ ਨਿਰਲੇਪ ਅਤੇ ਸਖ਼ਤ ਹੈ। ਉਹ ਇਹ ਕਹਿ ਕੇ ਨਹਿਰੂ ਦਾ ਵਿਰੋਧ ਕਰਦਾ ਹੈ ਕਿ ਉਹ ਨਹੀਂ ਜਾਣਦਾ ਕਿ ਨਹਿਰੂ ਅਜਿਹਾ ਕਿਉਂ ਕਹਿ ਰਿਹਾ ਹੈ। ਹਿੰਸਾ ਦੀਆਂ  ਛੋਟੀਆਂ ਮੋਟੀਆਂ ਘਟਨਾਵਾਂ ਹੋਈਆਂ ਹਨ ਅਤੇ ਇਨ੍ਹਾਂ ਨੂੰ ਵਧਾ ਚੜ੍ਹਾ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ।

 ਇਹ ਸੁਣ ਕੇ ਨਹਿਰੂ ਦੰਗ ਰਹਿ ਗਏ। ਉਨ੍ਹਾਂ ਗਾਂਧੀ ਜੀ ਨੂੰ ਕਿਹਾ ਕਿ ਜੇਕਰ ਪਟੇਲ ਦੇ ਇਹ ਵਿਚਾਰ ਹਨ ਤਾਂ ਮੈਂ ਹੋਰ ਕੁਝ ਨਹੀਂ ਕਹਿ ਸਕਦਾ!"

ਮੁਸਲਮਾਨਾਂ ਵਿਰੁੱਧ ਹਿੰਸਾ ਨਾ ਰੁਕਦੀ ਦੇਖ, ਗਾਂਧੀ ਨੇ ਵਰਤ ਰੱਖਣ ਦਾ ਐਲਾਨ ਕਰ ਦਿੱਤਾ। ਪਰ ਇੰਨਾ ਨਾਜ਼ੁਕ ਪਲਾਂ ਵਿੱਚ ਵੀ ਪਟੇਲ ਆਪਣੇ ਗੁਰੂ ਨੂੰ ਨਿਆਸਰਾ ਛੱਡ ਕੇ ਅਪਣੀ ਪਹਿਲਾਂ ਤੋਂ ਤਹਿ  ਯਾਤਰਾ 'ਤੇ ਤੁਰ ਜਾਂਦਾ ਹੈ। ਉਵੇਂ ਹੀ ਉੱਤਰ ਪ੍ਰਦੇਸ਼ ਦੇ ਮੁਖੀ ਗੋਵਿੰਦ ਵੱਲਭ ਪੰਤ ਹਿੰਸਾ ਭੜਕਾਉਣ ਦੇ ਸਾਰੇ ਸਬੂਤ ਹੋਣ ਦੇ ਬਾਵਜੂਦ ਆਰਐਸਐਸ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕਰਦੇ ਅਤੇ ਗੋਲਵਲਕਰ ਨੂੰ ਬਚ ਕੇ ਖਿਸਕ ਜਾਣ ਦਿੰਦੇ ਹਨ।

'ਦਾ ਵਾਇਰ' ਹਿੰਦੀ ਤੋਂ ਅਨੁਵਾਦ: ਸੁਖਦਰਸ਼ਨ ਸਿੰਘ ਨੱਤ
ਇਹ ਕਿਤਾਬ ਇਸ ਦਿਸ਼ਾ ਵਿੱਚ ਚਾਹੇ ਵਿਸਤਾਰ ਵਿੱਚ ਤਾਂ ਨਹੀਂ ਦੱਸਦੀ, ਪਰ ਇਹ ਪਟੇਲ, ਪੰਤ ਜਾਂ ਕਾਂਗਰਸ ਦੇ ਕੁਝ ਹੋਰ ਵੱਡੇ ਨੇਤਾਵਾਂ ਦੇ ਮੁਸਲਮਾਨਾਂ ਪ੍ਰਤੀ ਰਵੱਈਏ ਵੱਲ ਇਸ਼ਾਰਾ ਜ਼ਰੂਰ ਕਰਦੀ ਹੈ। ਸਰਦਾਰ ਪਟੇਲ, ਭਾਰਤੀ ਮੁਸਲਮਾਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ ਅਤੇ ਉਨ੍ਹਾਂ ਨੂੰ ਵਾਰ-ਵਾਰ ਭਾਰਤ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰਨ ਲਈ ਕਹਿੰਦੇ ਹਨ। ਜੇਕਰ ਕਰੋੜਾਂ ਮੁਸਲਮਾਨ ਕਿਸੇ ਕਾਰਨ ਭਾਰਤ ਵਿੱਚ ਰਹਿ ਗਏ ਹਨ ਅਤੇ ਉਹ ਸ਼ੱਕੀ ਹਨ, ਤਾਂ ਜ਼ਾਹਿਰ ਹੈ ਕਿ ਉਨ੍ਹਾਂ ਦੀ ਨਜ਼ਰ ਵਿੱਚ ਆਰਐਸਐਸ ਵਰਗੀ ਸੰਸਥਾ ਬਹੁਤ ਜ਼ਰੂਰੀ ਅਤੇ ਉਪਯੋਗੀ ਹੈ। ਇਸ ਤੱਥ ਦੇ ਬਾਵਜੂਦ ਕਿ ਆਰਐਸਐਸ ਦੀਆਂ ਹਿੰਸਕ ਗਤੀਵਿਧੀਆਂ ਦੇ ਸਬੂਤ ਸਭ ਦੇ ਸਾਹਮਣੇ ਸਨ, ਉਨ੍ਹਾਂ ਨੂੰ ਇਸ ਦਲੀਲ ਨਾਲ ਨਜ਼ਰਅੰਦਾਜ਼ ਕਰ ਦਿੱਤਾ ਗਿਆ ਕਿ  ਆਖਿਰਕਾਰ ਆਰਐਸਐਸ ਦੇਸ਼ ਭਗਤਾਂ ਦੀ ਇੱਕ ਅਨੁਸ਼ਾਸਿਤ ਸੰਸਥਾ ਹੈ ਅਤੇ ਉਨ੍ਹਾਂ ਨੂੰ ਧੁਰ ਅੰਦਰੋਂ ਅਜਿਹੀ ਸੰਸਥਾ ਦੀ ਲੋੜ ਜਾਪਦੀ ਸੀ ਜੋ ਮੁਸਲਮਾਨਾਂ ਅਤੇ ਈਸਾਈਆਂ ਨੂੰ ਕਾਬੂ ਵਿੱਚ ਰੱਖਣ ਦੇ ਯੋਗ ਹੋਵੇ।

ਜ਼ਾਹਰ ਹੈ ਕਿ ਸਾਵਰਕਰ ਦੇ ਨਾਲ-ਨਾਲ ਗੋਲਵਲਕਰ ਨੂੰ ਭਾਰਤੀ ਫਾਸ਼ੀਵਾਦ ਦਾ ਪਿਤਾਮਾ ਕਿਹਾ ਜਾ ਸਕਦਾ ਹੈ। ਧੀਰੇਂਦਰ ਝਾਅ ਨੇ ਗੋਲਵਲਕਰ ਦੀ ਜੀਵਨੀ ਰਾਹੀਂ ਦਰਅਸਲ ਭਾਰਤੀ ਫਾਸ਼ੀਵਾਦ ਦੀ ਪੈਦਾਇਸ਼ ਦੀ ਜੀਵਨੀ ਲਿਖੀ ਹੈ। ਇਸ ਨੂੰ ਪੜ੍ਹ ਕੇ ਅਸੀਂ ਇਹ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ ਕਿ ਭਾਰਤ ਦੇ ਹਿੰਦੂਆਂ ਵਿੱਚ ਫਾਸ਼ੀਵਾਦ ਦੇ ਇਸ ਰੂਪ ਪ੍ਰਤੀ ਸਹਿਣਸ਼ੀਲਤਾ ਕਿਉਂ ਹੈ? ਪੁਸਤਕ ਦਾ ਇਹ ਪ੍ਰਗਟਾਵਾ ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਹੈ। 

*(ਪ੍ਰੋ਼ ਅਪੂਰਵਾ ਨੰਦ , ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ।)*

ਧੰਨਵਾਦ ਸਹਿਤ 'ਦਾ ਵਾਇਰ' ਹਿੰਦੀ ਤੋਂ ਅਨੁਵਾਦ : ਸੁਖਦਰਸ਼ਨ ਸਿੰਘ ਨੱਤ-24/10/2024

Monday, October 14, 2024

ਪ੍ਰੋਫੈਸਰ ਜੀ ਐਨ ਸਾਈਬਾਬਾ ਦੀ ਮੌਤ ਰਾਜਸੀ ਕਤਲ- ਜਮਹੂਰੀ ਜੱਥੇਬੰਦੀਆਂ

 Monday 14th October 2024 at 4:38 PM Sahit Screen Punjabi Ludhiana//Peoples Media Link 

 ਮਨੁੱਖੀ ਅਧਿਕਾਰਾਂ ਦੇ ਸਰਗਰਮ ਯੋਧੇ ਸਨ ਪ੍ਰੋਫੈਸਰ ਜੀ ਐਨ ਸਾਈਬਾਬਾ 


ਲੁਧਿਆਣਾ: 14 ਅਕਤੂਬਰ 2024: (ਕਾਮਰੇਡ ਸਕਰੀਨ ਡੈਸਕ)::

ਉੱਘੇ ਲੋਕ ਸ਼ਾਇਰ ਗੁਰਦਿਆਲ ਰੌਸ਼ਨ ਵੱਲੋਂ ਕਾਵਿ ਸ਼ਰਧਾਂਜਲੀ 
ਵੱਖ ਵੱਖ ਜਮਹੂਰੀ ਜਥੇਬੰਦੀਆਂ ਨਾਲ ਜੁੜੇ ਹੋਏ ਕਈ ਸਰਗਰਮ ਅਤੇ ਸੀਨੀਅਰ ਆਗੂਆਂ ਨੇ ਪ੍ਰੋਫੈਸਰ ਜੀ ਐਨ ਸਾਈਬਾਬਾ ਦੇ ਦੇਹਾਂਤ ਨੂੰ ਇੱਕ ਸਿਆਸੀ ਕਤਲ ਦੱਸਦਿਆਂ ਸਰਕਾਰ ਨੂੰ ਇਸ ਲਈ ਸਿਧੇ ਤੌਰ 'ਤੇ ਜ਼ਿੰਮੇਦਾਰ ਠਹਿਰਾਇਆ ਹੈ। ਉਹਨਾਂ ਇਸ ਸੰਬੰਧੀ ਕਈ ਅਹਿਮ ਖੁਲਾਸੇ ਵੀ ਕੀਤੇ ਹਨ। 

ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ ਐਨ ਸਾਈਬਾਬਾ ਜਿਹਨਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਦਰਜ ਇੱਕ ਕੇਸ ਵਿੱਚ 10 ਸਾਲਾਂ ਦੀ ਜੇਲ੍ਹ ਤੋਂ ਬਾਅਦ ਬਰੀ ਹੋਏ ਸਨ, ਕਿਉਂਕਿ ਉਹਨਾਂ ਖਿਲਾਫ ਕੋਈ ਵੀ ਦੋਸ਼ ਸਾਬਤ ਕਰਨ ਲਈ ਕੋਈ ਸਬੂਤ ਨਾ ਮਿਲਿਆ। ਜੇਲ੍ਹ ਵਿੱਚ ਭਾਰਤੀ ਹਾਕਮਾਂ ਵੱਲੋਂ ਇਲਾਜ ਵਿੱਚ ਜਾਣ ਬੁੱਝ ਕੇ ਕੀਤੀ ਕੁਤਾਹੀ ਕਾਰਨ ਉਹ ਗੰਭੀਰ ਬਿਮਾਰੀਆਂ ਦੀ ਜਕੜ ਵਿੱਚ ਆ ਗਏ ਸਨ, ਜਿਸ ਕਾਰਣ ਸਮਾਜ ਲਈ ਜਮਹੂਰੀ ਹੱਕਾਂ ਦੀ ਆਵਾਜ ਬੁਲੰਦ ਕਰਨ ਵਾਲਾ ਸਾਈਬਾਬਾ ਜਮਹੂਰੀ ਅਤੇ ਇਨਸਾਫ਼ ਪਸੰਦ ਹਲਕਿਆਂ ਨੂੰ ਵਿਛੋੜਾ ਦੇ ਗਏ। ਸਥਾਨਕ ਜਨਤਕ ਜਮਹੂਰੀ ਜੱਥੇਬੰਦੀਆਂ ਜਿਹਨਾਂ ਵਿੱਚ ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਜਮਹੂਰੀ ਅਧਿਕਾਰ ਸਭਾ,ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ, ਇਨਕਲਾਬੀ ਮਜਦੂਰ ਕੇਂਦਰ ਸ਼ਾਮਲ ਹਨ,ਦੇ ਆਗੂਆਂ ਨੇ ਇਸ ਨੂੰ ਸਰਕਾਰੀ ਅਣ-ਦੇਖੀ ਕਾਰਣ ਰਾਜਸੀ ਕਤਲ ਕਰਾਰ ਦਿੱਤਾ ਹੈ।

ਇਹਨਾਂ ਜਮਹੂਰੀ ਜੱਥੇਬੰਦੀਆਂ ਦੇ ਆਗੂਆਂ ਪ੍ਰੋ ਏ ਕੇ ਮਲੇਰੀ, ਜਸਵੰਤ ਜ਼ੀਰਖ, ਡਾ ਹਰਬੰਸ ਗਰੇਵਾਲ, ਕਾ ਸੁਰਿੰਦਰ ਨੇ ਕਿਹਾ ਕਿ ਅੰਗਰੇਜ਼ ਰਾਜ ਵੇਲੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਏ ਗਦਰੀ ਬਾਬਿਆਂ , ਭਗਤ - ਸਰਾਭਿਆਂ ਨਾਲ ਵੀ ਅੰਗਰੇਜ਼ ਹਕੂਮਤ ਜੇਲ੍ਹਾਂ ਵਿੱਚ ਇਸੇ ਤਰ੍ਹਾਂ ਦਾ ਵਰਤਾਓ ਕਰਦੀ ਸੀ। ਅੱਜ ਭਾਰਤੀ ਹਕੂਮਤ ਵੱਲੋਂ ਵੀ ਅੰਗਰੇਜਾਂ ਦੇ ਹੀ ਪਦਚਿੰਨ੍ਹਾਂ ‘ਤੇ ਚਲਦਿਆਂ ਮਨੁੱਖੀ ਹੱਕਾਂ ਲਈ ਆਵਾਜ ਉਠਾਉਣ ਵਾਲਿਆਂ ਨੂੰ ਜੇਲ੍ਹ ਵਿੱਚ ਕਥਿਤ ਤਸ਼ੱਦਦ ਰਾਹੀਂ ਉਹਨਾਂ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਾਂਦਾ ਹੈ।ਜੇਲ੍ਹ ਦੌਰਾਨ  ਪ੍ਰੋ. ਸਾਈਬਾਬਾ ਵੀ ਗਾਲ ਬਲੈਡਰ ਅਤੇ ਪੈਨਕ੍ਰੀਅਸ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਹੋ ਗਏ ਸਨ।

58 ਸਾਲਾ ਸਾਈਬਾਬਾ ਇੱਕ ਵਿਦਵਾਨ, ਲੇਖਕ, ਅਤੇ ਮਨੁੱਖੀ ਅਧਿਕਾਰਾਂ ਦੇ ਉੱਘੇ ਕਾਰਕੁਨ ਸਨ। ਉਹਨਾਂ ਨੇ ਨਾਗਪੁਰ ਕੇਂਦਰੀ ਜੇਲ੍ਹ ‘ਚੋਂ ਰਿਹਾਈ ਤੋਂ ਇੱਕ ਦਿਨ ਬਾਅਦ (8 ਮਾਰਚ ਨੂੰ) ਕਿਹਾ ਸੀ ਕਿ “ਪੋਲੀਓ ਨੂੰ ਛੱਡ ਕੇ ਜੋ ਮੈਨੂੰ ਬਚਪਨ ਤੋਂ ਸੀ, ਮੈਂ ਬਿਨਾਂ ਕਿਸੇ ਸਿਹਤ ਸਮੱਸਿਆ ਦੇ ਜੇਲ੍ਹ ਗਿਆ ਸੀ ਪਰ ਅੱਜ, ਮੈਂ ਤੁਹਾਡੇ ਸਾਹਮਣੇ ਭਾਵੇਂ ਜ਼ਿੰਦਾ ਹਾਂ, ਪਰ ਮੇਰਾ ਹਰ ਅੰਗ ਫੇਲ ਹੋ ਰਿਹਾ ਹੈ,”।

ਪ੍ਰੋਫੈਸਰ, ਸਾਈਬਾਬਾ ਨੂੰ ਮਈ 2014 ਵਿੱਚ ਮਾਓਵਾਦੀ ਸਬੰਧਾਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਬੰਬੇ ਹਾਈ ਕੋਰਟ ਨੇ ਜੂਨ 2015 ਵਿੱਚ ਮੈਡੀਕਲ ਆਧਾਰ 'ਤੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ ਅਤੇ 2017 ਵਿੱਚ ਫਿਰ  ਮਾਓਵਾਦੀ ਜੱਥੇਬੰਦੀ ਨਾਲ ਸਬੰਧਾਂ ਲਈ ਦੋਸ਼ੀ ਠਹਿਰਾਇਆ ਗਿਆ ।ਅਕਤੂਬਰ, 2022 ਵਿੱਚ ਦੋਸ਼ ਸਿੱਧ ਨਾ ਹੋਣ ‘ਤੇ ਬਰੀ ਕੀਤਾ ਗਿਆ। 

ਪ੍ਰੋਫੈਸਰ ਸਾਈਬਾਬਾ ਦੀ ਮਾਂ ਕੈਂਸਰ ਨਾਲ ਪੀੜਿਤ ਸੀ;
ਉਸਦੇ ਅੰਤਿਮ ਸੰਸਕਾਰ ਵਿੱਚ ਵੀ ਪ੍ਰੋ. ਸਾਈਬਾਬਾ ਨੂੰ 
ਸ਼ਾਮਲ ਨਹੀਂ ਸੀ ਹੋਣ ਦਿੱਤਾ ਗਿਆ 
ਦੋਸ਼ੀ ਘੋਸ਼ਤ ਕਰਨ ਲਈ ਭਾਵੇਂ ਉਹਨਾਂ ਖਿਲਾਫ ਕੋਈ ਸਬੂਤ ਨਾ ਮਿਲਿਆ ਪਰ ਉਹਨਾਂ ਨੂੰ ਸਜਾ ਸੁਣਾਉਣ ਸਮੇਂ , ਜੱਜ ਵਲੋਂ ਕੀਤੀ ਟਿੱਪਣੀ ਕਿ, ਇਸ ਨੂੰ ਹੋਰ ਵੱਧ ਸਜਾ ਦੇਣੀ ਬਣਦੀ ਸੀ ਕਿਉਂਕਿ ਇਹਨਾਂ ਕਾਰਣ ਦੇਸ਼ ਵਿੱਚ ਵਿਦੇਸ਼ੀ ਪੂੰਜੀ ਨਿਵੇਸ਼ ਨਹੀਂ ਹੋ ਰਹੀ ਅਤੇ ਇਹ ਕਹਿਣਾ ਕਿ ਇਹਨਾਂ ਦਾ ਸਰੀਰ ਭਾਵੇਂ ਕੰਮ ਨਹੀਂ ਕਰ ਰਿਹਾ ਪਰ ਦਿਮਾਗ ਬਹੁਤ ਕੰਮ ਕਰਦਾ ਹੈ, ਕੀ ਸੰਦੇਸ਼ ਦਿੰਦਾ ਹੈ? 

ਉਹਨਾਂ ਵੱਲੋਂ ਆਦੀ ਵਾਸੀ ਲੋਕਾਂ ‘ਤੇ ਹੁੰਦੇ ਹਕੂਮਤੀ ਜਬਰ ਖਿਲਾਫ ਅਤੇ ਮਨੁੱਖੀ ਹੱਕਾਂ ਲਈ ਲਗਾਤਾਰ ਆਵਾਜ ਉਠਾਈ ਜਾਂਦੀ ਰਹੀ ਹੈ, ਜਿਸ ਕਾਰਣ ਮਾਓਵਾਦੀ ਸੰਗਠਨਾਂ ਨਾਲ ਸਬੰਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਜੇਲ੍ਹ ਦੌਰਾਨ ਉਹਨਾਂ ਨਾਲ ਕੀਤੇ ਅਣ ਮਨੁੱਖੀ ਵਤੀਰੇ ਕਾਰਣ ਉਹਨਾਂ ਨੂੰ ਕਈ ਹੋਰ ਗੰਭੀਰ ਬਿਮਾਰੀਆਂ ਨੇ ਘੇਰ ਲਿਆ। ਇੱਥੋਂ ਤੱਕ ਕਿ ਉਹਨਾਂ ਨੂੰ ਕੈਂਸਰ ਨਾਲ ਪੀੜਤ ਆਪਣੀ ਮਾਂ ਨੂੰ ਮਿਲਣ ਅਤੇ ਉਸਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਸੀ।

ਭਾਵੇਂ ਸਾਈਬਾਬਾ ਅਤੇ ਪੰਜ ਹੋਰਾਂ ਨੂੰ ਅਕਤੂਬਰ 2022 ਵਿੱਚ ਬਰੀ ਕਰ ਦਿੱਤਾ ਗਿਆ ਸੀ ਪਰ ਜੇਲ੍ਹ ਵਿੱਚ ਰਹਿੰਦਿਆਂ ਜਿਹੜੀਆਂ ਬਿਮਾਰੀਆਂ ਨਾਲ ਉਹ ਪੀੜਤ ਹੋਏ ਉਹਨਾਂ ਤੋਂ ਬਰੀ ਨਹੀਂ ਹੋ ਸਕੇ, ਜਿਹਨਾਂ ਲਈ ਸਰਕਾਰੀ ਤੰਤਰ ਜ਼ੁੰਮੇਵਾਰ ਹੈ। ਇਸ ਲਈ ਇਹ ਇੱਕ ਕੁਦਰਤੀ ਮੌਤ ਨਹੀਂ , ਬਲਕਿ ਇਹ ਭਾਰਤੀ ਰਾਜ ਪ੍ਰਬੰਧ ਵੱਲੋਂ ਕੀਤਾ ਗਿਆ ਇੱਕ ਰਾਜਸੀ ਕਤਲ ਹੈ। 

ਇਹਨਾਂ ਤੋਂ ਪਹਿਲਾਂ ਜਮਹੂਰੀ ਹੱਕਾਂ ਲਈ ਆਵਾਜ ਉਠਾਉਣ ਵਾਲੇ ਸਟੈਨ ਸਵਾਮੀ ਨਾਲ ਵੀ ਜੇਲ੍ਹ ਅੰਦਰ ਅਜਿਹਾ ਹੀ ਵਾਪਰਿਆ ਜਿਸ ਕਾਰਣ ਉਹ ਵੀ ਸਦੀਵੀ ਵਿਛੋੜਾ ਦੇ ਗਏ ਸਨ। ਮਨੁੱਖੀ ਅਧਿਕਾਰਾਂ ਦੇ ਉੱਘੇ ਕਾਰਕੁੰਨਾਂ ਤੇ ਇੱਕ ਪ੍ਰੋਫੈਸਰ ਨੂੰ   ਇੰਝ ਸਾਡੀਆਂ ਅੱਖਾਂ ਸਾਹਮਣੇ ਖੋਹ ਲਿਆ ਜਾਣਾ ਭਾਰਤੀ ਸਮਾਜ ਲਈ ਬੇਹੱਦ ਗੰਭੀਰ ਤੇ ਚਿੰਤਾਜਨਕ ਸਵਾਲ ਹੈ। 

ਇਹਨਾਂ ਆਗੂਆਂ ਨੇ ਕਿਹਾ ਕਿ ਜਿਸ ਸਮਾਜਿਕ ਪ੍ਰਬੰਧ ਅੰਦਰ ਮਨੁੱਖੀ ਅਧਿਕਾਰਾਂ ਦੇ ਰਾਖੇ, ਲੇਖਕ, ਅਧਿਆਪਕ, ਵਿਦਵਾਨ ਆਦਿ ਸੁਰੱਖਿਅਤ ਨਹੀਂ ਹਨ, ਉਸ ਨੂੰ ਮਨੁੱਖ-ਵਾਦੀ ਬਣਾਉਣ ਲਈ ਅਜਿਹੇ ਵਰਤਾਰਿਆਂ ਵਿਰੁੱਧ ਇਨਸਾਫ਼ ਅਤੇ ਜਮਹੂਰੀਅਤ ਪਸੰਦ ਲੋਕਾਂ ਵੱਲੋਂ ਵੱਡੀ ਪੱਧਰ ਤੇ ਅੱਗੇ ਆਉਣਾ ਬੇਹੱਦ ਜ਼ਰੂਰੀ ਹੈ।

ਹੁਣ ਦੇਖਣਾ ਹੈ ਕਿ ਬੌਧਿਕ ਹਲਕਿਆਂ ਵਿੱਚ ਇਸ ਸਾਈਬਾਬਾ ਦੇ ਤੁਰ ਜਾਣ ਮਗਰੋਂ ਕੀ ਪ੍ਰਤੀਕ੍ਰਿਆ ਕਿਵੇਂ ਉੱਠਦੀ ਹੈ? ਸਾਈ ਬਾਬਾ ਨਾਲ ਜੋ ਕੁਝ ਹੋਇਆ ਉਸਨੇ ਸਾਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਕਿ ਜਮਹੂਰੀ ਕਦਰਾਂ ਕੀਮਤਾਂ ਵਾਲੇ ਸਾਡੇ ਬੁਧੀਜੀਵੀ ਕਿਸੀ ਸੱਭਿਅਕ ਸਮਾਜ ਵਿੱਚ ਹੀ ਰਹੀ ਰਹੇ ਹਨ? ਇਸ ਵਰਤਾਰੇ ਨਾਲ ਇਨਸਾਫ ਲਈ ਜੂਝ ਰਹੇ ਲੋਕਾਂ ਸਾਹਮਣੇ ਚਣੌਤੀਆਂ ਹੋਰ ਵੀ ਗੰਭੀਰ ਹੋ ਗਈਆਂ ਹਨ। 

 

Tuesday, September 17, 2024

ਜਮਹੂਰੀ ਆਵਾਜ਼ਾਂ ਨੂੰ ਸਰਕਾਰੀ ਦਮਨ ਬੰਦ ਨਹੀਂ ਕਰ ਸਕਦਾ

Tuesday:17th September 2024 at 16:10

ਮਾਲਵਿੰਦਰ ਮਾਲੀ ਨੂੰ ਤੁਰੰਤ ਰਿਹਾਅ ਕਰੋ:ਸੀਪੀਆਈ

ਚੰਡੀਗੜ੍ਹ: 17 ਸਤੰਬਰ 2024: (ਮੀਡੀਆ ਲਿੰਕ//ਕਾਮਰੇਡ ਸਕਰੀਨ ਡੈਸਕ)::

ਪੰਜਾਬ ਅਤੇ ਪੰਜਾਬੀਆਂ ਦੇ ਨਾਲ ਨਾਲ ਪੂਰੇ ਦੇਸ਼ ਅਤੇ ਸੰਸਾਰ ਦੀ ਚਿੰਤਾ ਕਰਨ ਵਾਲੇ ਉਘੇ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਚੁਫੇਰਿਓਂ ਨਿੰਦਾ ਨਿਖੇਧੀ ਦਾ ਸਿਲਸਿਲਾ ਜਾਰੀ ਹੈ। ਜ਼ਿਕਰਯੋਗ ਹੈ ਕਿ ਮਾਲਵਿੰਦਰ ਮਾਲੀ ਲਗਾਤਾਰ ਬੜੀ ਬੇਬਾਕੀ ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਇਸ ਸਰਕਾਰ ਦੇ ਫੈਸਲਿਆਂ ਨੂੰ ਵੀ ਆਪਣੀ ਅਲੋਚਨਾਂ ਦਾ ਨਿਸ਼ਾਨਾ ਬਣਾ ਰਹੇ ਸਨ। 

ਅੱਜ ਇਥੇ ਪੰਜਾਬ ਸੀਪੀਆਈ ਨੇ ਵੀ ਮਾਲਵਿੰਦਰ ਸਿੰਘ ਮਾਲੀ ਨੂੰ ਮੋਹਾਲੀ ਪੁਲੀਸ ਵਲੋਂ ਗ੍ਰਿਫਤਾਰ ਕੀਤੇ ਜਾਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪੰਜਾਬ ਸੀਪੀਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਕਿ ਮਾਲਵਿੰਦਰ ਸਿੰਘ ਮਾਲੀ ਇਕ ਆਜ਼ਾਦ ਰਾਜਨੀਤਕ ਵਿਸ਼ਲੇਸ਼ਕ ਹੈ ਤੇ ਉਹ ਲਗਾਤਾਰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕਰਕੇ ਸੰਵਿਧਾਨ ਦੁਆਰਾ ਪ੍ਰਦਾਨ ਕੀਤੇ ਹੋਏ ਆਪਣੇ ਬੋਲਣ ਦੇ ਅਧਿਕਾਰ ਦੀ ਵਰਤੋਂ ਕਰਦੇ ਰਹਿੰਦੇ ਹਨ। ਉਹਨਾਂ ਨੂੰ ਇਸ ਪ੍ਰਕਾਰ ਬਿਨਾਂ ਕਿਸੇ ਕਾਰਣ ਗ੍ਰਿਫਤਾਰ ਕਰਨਾ ਜਮਹੂਰੀਅਤ ਅਤੇ ਸੰਵਿਧਾਨਕ ਮੂਲ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਸਾਥੀ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਨਿਘਰ ਰਹੀ ਅਮਨ ਕਾਨੂੰਨ ਦੀ ਹਾਲਤ ਵੱਲ ਧਿਆਨ ਦੇਣਾ ਚਾਹੀਦਾ ਹੈ।

ਬੜੀ ਬੇਬਾਕੀ ਨਾਲ ਸਰਕਾਰ ਦੇ ਫੈਸਲਿਆਂ ਦੀ ਆਲੋਚਨਾ ਕਰਨ ਵਾਲੇ ਮਾਲਵਿੰਦਰ ਸਿਘ ਮਾਲੀ ਨੂੰ ਇਨਫਰਮੇਸ਼ਨ ਟੈਕਨਾਲੋਜੀ ਦੀ ਵਿਸ਼ੇਸ਼ ਧਾਰਾ ਅਧੀਨ ਗ੍ਰਿਫਤਾਰ ਸੋਮਵਾਰ 16 ਸਤੰਬਰ ਦੀ ਰਾਤ ਨੂੰ ਕੀਤਾ ਗਿਆ ਹੈ। ਸਾਥੀ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮੋਦੀ ਦੀ ਫਿਰਕੂ ਅਤੇ ਤਾਨਾਸ਼ਾਹੀ ਸਰਕਾਰ ਵਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਸੰਵਿਧਾਨਕ ਅਧਿਕਾਰਾਂ ਦੀਆਂ ਧੱਜੀਆਂ ਉਡਾ ਕੇ ਜੇਲ੍ਹਾਂ ਵਿਚ ਬੰਦ ਕਰਨ ਦੀ ਨਕਲ ਨਹੀਂ ਕਰਨੀ ਚਾਹੀਦੀ।

ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਦੋਸ਼ ਲਾਉਂਦਿਆਂ ਆਖਿਆ ਕਿ ਇਹ ਬੜੀ ਅਜੀਬ ਗੱਲ ਹੈ ਕਿ ਜਦੋਂ ਮੋਦੀ ਸਰਕਾਰ ਨੇ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੂੰ ਜੇੇਲ੍ਹੀਂ ਡੱਕਿਆ ਸੀ ਤਾਂ ਇਹਨਾਂ ਨੇ ਕੇਂਦਰ ਤੇ ਜਮਹੂਰੀਅਤ ਨੂੰ ਕਤਲ ਕਰਨ ਦਾ ਇਲਜ਼ਾਮ ਲਾਇਆ ਸੀ ਪਰ ਹੁਣ ਪੰਜਾਬ ਵਿਚ ਆਪ ਵੀ ਉਨ੍ਹਾਂ ਰਾਹਾਂ ਤੇ ਤੁਰ ਪਈ ਹੈ। ਸਾਥੀ ਬਰਾੜ ਨੇ ਆਸ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਵਿਰੋਧੀ ਧਿਰਾਂ ਦੇ ਆਗੂਆਂ ਜਾਂ ਆਜ਼ਾਦ ਰਾਜਨੀਤਕ ਅਲੋਚਕਾਂ ਵਿਰੁਧ ਸਰਕਾਰੀ ਦਮਨ ਦੀਆਂ ਨੀਤੀਆਂ ਬੰਦ ਕਰਕੇ ਪ੍ਰਾਂਤ ਦੀ ਹਰ ਪੱਖ ਤੋਂ ਵਿਗੜ ਰਹੀ ਹਾਲਤ ਨੂੰ ਸੁਧਾਰਨ ਵੱਲ ਤਵੱਜੋ  ਕੇਂਦਰਿਤ ਕਰੇਗੀ।

Monday, September 16, 2024

ਕਾਮਰੇਡ ਦਰਸ਼ਨ ਸਿੰਘ ਬਾਗੀ ਦੇ ਇਤਿਹਾਸਕ ਯੋਗਦਾਨ ਨੂੰ ਯਾਦ ਕਰਦਿਆਂ

Monday 16th September 2024 at 10:09 AM WhatsApp//Lehmber Singh Taggar

ਬਾਗੀ ਨੇ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਤਜਿੰਦਰ ਖੰਨਾ ਦੇ ਮੂੰਹ ਤੇ ਥੱਪੜ ਜੜ ਦਿੱਤਾ ਸੀ

ਪੰਜਾਬ ਦੀ ਇਨਕਲਾਬੀ ਜਮਹੂਰੀ ਵਿਦਿਆਰਥੀ ਲਹਿਰ ਵਿੱਚ ਪਾਈ ਸੀ ਜਾਨ

ਲਹਿੰਬਰ ਸਿੰਘ ਤੱਗੜ ਦੱਸ ਰਹੇ ਹਨ ਆਪਣੀ ਲਿਖਤ ਵਿੱਚ ਖੋਜ ਭਰਪੂਰ ਤੱਥ 

ਕਾਮਰੇਡ ਦਰਸ਼ਨ ਸਿੰਘ ਬਾਗੀ ਮੇਰੇ ਤੋਂ ਪਹਿਲੀ ਪੀੜ੍ਹੀ ਦਾ ਪੰਜਾਬ ਦੀ ਵਿਦਿਆਰਥੀ ਲਹਿਰ ਦਾ ਸਿਰਮੌਰ ਵਿਦਿਆਰਥੀ ਆਗੂ ਸੀ ਜਿਸ ਦੀ ਪਹਿਲ ਕਦਮੀ ਅਤੇ ਅਗਵਾਈ ਵਿੱਚ 1960 ਵਿਆਂ ਵਿੱਚ ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਪੰਜਾਬ ਵਿੱਚ ਇੱਕ ਇਨਕਲਾਬੀ, ਲੜਾਕੂ ਅਤੇ ਇਤਿਹਾਸਕ ਵਿਦਿਆਰਥੀ ਲਹਿਰ ਪੈਦਾ ਹੋਈ ਅਤੇ ਸਿਖਰਾਂ ਤੇ ਪੁੱਜੀ। ਭਾਵੇਂ ਅਖੀਰ ਵਿੱਚ ਉਹ ਆਪਣੀਆਂ ਦੋਹਾਂ ਪਹਿਚਾਣਾਂ ‘ਕਾਮਰੇਡ’ ਅਤੇ ‘ਬਾਗੀ’ ਨੂੰ ਤਿਲਾਂਜਲੀ ਦੇ ਕੇ ਦਰਸ਼ਨ ਸਿੰਘ ਖਹਿਰਾ ਬਣ ਗਿਆ ਅਤੇ ਦੇਸ਼ ਨੂੰ ਵੀ ਛੱਡ ਕੇ ਕੈਨੇਡਾ ਜਾ ਵਸਿਆ, ਪਰ ਅੱਜ ਜਿਸ ਵੇਲੇ ਅਸੀਂ ਉਸ ਦੇ 86 ਸਾਲ ਦੀ ਉਮਰ ਵਿੱਚ ਪਏ ਸਦੀਵੀ ਵਿਛੋੜੇ ’ਤੇ ਕੁੱਝ ਸ਼ਬਦ ਲਿਖਣ ਲੱਗੇ ਹਾਂ ਤਾਂ ਅਸੀਂ ਉੁਸ ਨੂੰ ‘ਕਾਮਰੇਡ ਦਰਸ਼ਨ ਸਿੰਘ ਬਾਗੀ’ ਕਹਿ ਕੇ ਹੀ ਗੱਲ ਕਰਾਂਗੇ ‘ਖਹਿਰਾ’ ਕਹਿਕੇ ਨਹੀਂ। ਉਹ ਇਸ ਲਈ ਕਿਉਂਕਿ ਅਸੀਂ ਉਸਦੀ ਜਿੰਦਗੀ ਦੇ ਜਿਹੜੇ ਪੰਜ ਛੇ ਵਰਿ੍ਹਆਂ ਦੀ ਗੱਲ ਕਰਨੀ ਹੈ ਉਨ੍ਹਾਂ ਸਮਿਆਂ ਵਿੱਚ ਉਹ ‘ਕਾਮਰੇਡ ਦਰਸ਼ਨ ਸਿੰਘ ਬਾਗੀ’ ਹੀ ਸੀ ‘ਖਹਿਰਾ’ ਨਹੀਂ ਸੀ। 

ਜਿਹਨਾਂ ਸਮਿਆਂ ਵਿੱਚ ਕਾਮਰੇਡ ਦਰਸ਼ਨ ਸਿੰਘ ਬਾਗੀ ਦੀ ਅਗਵਾਈ ਵਿੱਚ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਇਨਕਲਾਬੀ ਵਿਦਿਆਰਥੀ ਲਹਿਰ ਚਲ ਰਹੀ ਸੀ, ਵਿਕਸਤ ਹੋ ਰਹੀ ਸੀ ਅਤੇ ਸਿਖਰਾਂ ਨੂੰ ਪਹੁੰਚ ਰਹੀ ਸੀ, ਉਨ੍ਹਾਂ ਸਮਿਆਂ ਵਿੱਚ ਮੈਂ ਰਾਮਗੜ੍ਹੀਆ ਕਾਲਜ ਫਗਵਾੜਾ ਵਿੱਚ ਬੀ.ਏ. ਦਾ ਵਿਦਿਆਰਥੀ ਸੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਥਾਨਕ ਯੂਨਿਟ ਵਿੱਚ ਪੂਰੀ ਤਰ੍ਹਾਂ ਸੁਚੇਤ ਤੌਰ ’ਤੇ ਸਰਗਰਮ ਸੀ। 

ਦਰਸ਼ਨ ਸਿੰਘ ਬਾਗੀ ਦਾ ਸਾਡੇ ਕਾਲਜ ਵਿੱਚ ਆਉਣਾ ਜਾਣਾ ਬਣਿਆ ਹੀ ਰਹਿੰਦਾ ਸੀ ਅਤੇ ਮੈਨੂੰ ਉਨ੍ਹਾਂ ਨਾਲ ਮਿਲਣ ਦਾ ਮੌਕਾ ਮਿਲਦਾ ਰਹਿੰਦਾ ਸੀ। ਹਾਲਾਤ ਇਹ ਸਨ ਕਿ ਪੰਜਾਬ ਵਿੱਚ ਲੱਗਪੱਗ ਰੋਜ਼ ਕਿਤੇ ਨਾ ਕਿਤੇ ਵਿਦਿਆਰਥੀ ਸੰਘਰਸ਼ ਚਲ ਰਹੇ ਸਨ। ਪੁਲਿਸ ਨਾਲ ਟੱਕਰਾਂ ਹੋ ਰਹੀਆਂ ਸਨ। ਲਾਠੀਚਾਰਜਾਂ, ਪੁਲਿਸ ਫਾਇਰਿੰਗ, ਗ੍ਰਿਫਤਾਰੀਆਂ ਦਾ ਦੌਰ ਚਲ ਰਿਹਾ ਸੀ। ਹਰ ਆਏ ਦਿਨ ਕਿਸੇ ਨਾ ਕਿਸੇ ਮਸਲੇ ਤੇ ਹੜਤਾਲਾਂ ਹੋ ਰਹੀਆਂ ਸਨ। ਰੋਹ ਭਰੇ ਮੁਜ਼ਾਹਰੇ ਹੋ ਰਹੇ ਸਨ ਅਤੇ ਕਿਤੇ ਕਿਤੇ ਗੁਸੇ ਵਿੱਚ ਭੜਕਾਊ ਅਤੇ ਹਿੰਸਕ ਵਾਰਦਾਤਾਂ ਵੀ ਹੋ ਜਾਂਦੀਆਂ ਸਨ। 

ਇੱਕ ਦਿਨ ਸਾਡੇ ਕਾਲਜ ਦੇ ਵਿਦਿਆਰਥੀਆਂ ਨੇ ਰੇਲਵੇ ਪੁਲਿਸ ਨਾਲ ਕਿਸੇ ਝਗੜੇ ਤੋਂ ਰੋਹ ਵਿੱਚ ਆ ਕੇ ਫਗਵਾੜੇ ਦੇ ਰੇਲਵੇ ਸਟੇਸ਼ਨ ਨੂੰ ਹੀ ਫੂਕ ਦਿੱਤਾ। ਤਿੰਨ ਚਾਰ ਘੰਟੇ ਸਟੇਸ਼ਨ ਤੇ ਵਿਦਿਆਰਥੀਆਂ ਦਾ ਹੀ ‘ਰਾਜ’ ਰਿਹਾ। ਇੱਕ ਹੋਰ ਦਿਨ ਸਾਡੇ ਫਗਵਾੜੇ ਦੇ ਵਿਦਿਆਰਥੀਆਂ ਨੇ ਵਿਦਿਆਰਥੀ ਲਹਿਰ ਦੇ ਹਮਦਰਦ ਪਰੋਫੈਸਰ ਕਸ਼ਮੀਰਾ ਸਿੰਘ ਨੂੰ ਨਕਸਲੀ ਹੋਣ ਦਾ ਬਹਾਨਾ ਲਾ ਕੇ ਹਿਰਾਸਤ ਵਿੱਚ ਲੈਣ ਵਿਰੁੱਧ ਹੜਤਾਲ ਤੇ ਮੁਜ਼ਾਹਰਾ ਕਰਕੇ ਪੁਲਿਸ ਦੇ ਥਾਣੇ ਤੇ ਹੀ ਹਮਲਾ ਕਰ ਦਿੱਤਾ ਅਤੇ ਪ੍ਰੋਫੈਸਰ ਸਾਹਿਬ ਨੂੰ ਪੁਲਿਸ ਹਿਰਾਸਤ ਵਿੱਚੋਂ ਖੋਹ ਕੇ ਹੀ ਲੈ ਗਏ। 

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਲਗਾਤਾਰ ਹੜਤਾਲਾਂ ਮੁਜ਼ਾਹਰਿਆਂ ਦੇ ਸੱਦੇ ਆਉਂਦੇ ਤੇ ਬਾਕੀ ਸਾਰੇ ਪੰਜਾਬ ਵਾਂਗ ਫਗਵਾੜੇ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਵੀ ਇਹ ਸੱਦੇ ਸਫਲ ਹੁੰਦੇ। ਦਰਸ਼ਨ ਸਿੰਘ ਬਾਗੀ ਦੇ ਨਾਂ ਤੇ ਪੋਸਟਰ ਨਿਕਲਦੇ, ਰਾਤੋ ਰਾਤ ਸਾਰੇ ਪੰਜਾਬ ਵਿੱਚ ਲਗ ਜਾਂਦੇ। ਅਖਬਾਰਾਂ ਪੰਜਾਬ ਸਟੂਡੈਂਟਸ ਯੂਨੀਅਨ ਦੀਆਂ ਖਬਰਾਂ ਨਾਲ ਭਰੀਆਂ ਪਈਆਂ ਹੁੰਦੀਆਂ ਅਤੇ ਦਰਸ਼ਨ ਸਿੰਘ ਬਾਗੀ ਦਾ ਨਾਂ ਦੰਦ ਕਥਾਵਾਂ ਦੇ ਜਨਨਾਇਕ ਵਰਗਾ ਬਣ ਕੇ ਉਭਰ ਰਿਹਾ ਸੀ ਅਤੇ ਪੂਰੇ ਚਾਰ ਪੰਜ ਸਾਲ (1963 ਤੋਂ 1968) ਤੱਕ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਛਾਇਆ ਰਿਹਾ। 

ਸਾਡੇ ਰਾਮਗੜ੍ਹੀਆ ਕਾਲਜ ਫਗਵਾੜਾ ਬਾਰੇ ਉਹ ਆਪਣੀ ਕਿਤਾਬ ‘ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ’ ਦੇ ਸਫਾ ਨੰਬਰ 73 ’ਤੇ ਲਿਖਦਾ ਹੈ, ‘‘ਰਾਮਗੜ੍ਹੀਆ ਕਾਲਜ ਫਗਵਾੜਾ-ਇਸ ਕਾਲਜ ਵਿੱਚ 10 ਵਿਦਿਆਰਥੀਆਂ ਦਾ ਬਹੁਤ ਤਕੜਾ ਸਿਧਾਂਤਕ ਪਕਿਆਈ ਵਾਲਾ ਮਾਰਕਸਵਾਦੀ ਯੂਨਿਟ ਸੀ। ਇਸ ਯੂਨਿਟ ਦੀ ਅਗਵਾਈ ਨਿਰਮਲ ਸਿੰਘ ਢੀਂਡਸਾ, ਲਹਿੰਬਰ ਸਿੰਘ ਤੱਗੜ ਕਰਦੇ ਸਨ। ਮਾਹਿਲ ਗਹਿਲਾਂ ਵਾਲੇ ਸਕੂਲ ਤੋਂ ਇਕ ਹਫਤੇ ਮਗਰੋਂ ਦਰਸ਼ਨ ਸਿੰਘ ਬਾਗੀ ਨੇ ਰਾਮਗੜ੍ਹੀਆ ਕਾਲਜ ਦੇ ਹੋਸਟਲ ਵਿੱਚ 5 ਦਿਨ ਵਾਸਤੇ ਮਾਰਕਸਵਾਦ, ਦਵੰਦਵਾਦੀ ਪਦਾਰਥਵਾਦ ਅਤੇ ਇਤਿਹਾਸਕ ਪਦਾਰਥਵਾਦ ਤੇ ਸਕੂਲ ਲਾਇਆ ਤੇ ਇਸ ਸਕੂਲ ਵਿੱਚ 10 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ਮਾਰਕਸਵਾਦੀ ਯੂਨਿਟ ਦਾ ਮੁੱਖ ਸਰਗਰਮ ਵਿਦਿਆਰਥੀ ਨਿਰਮਲ ਸਿੰਘ ਢੀਂਡਸਾ ਸੀ ਤੇ ਇਹ ਯੂਨਿਟ ਪੀ.ਐਸ.ਯੂ. ਦਾ ਬੜਾ ਸਰਗਰਮ ਅੰਗ ਸੀ। ਸਰਕਾਰੀ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਦੇ ਸੰਘਰਸ਼ ਦੀ ਹਿਮਾਇਤ ਵਿੱਚ ਰਾਮਗੜ੍ਹੀਆ ਕਾਲਜ ਨੇ ਸਾਰੇ ਕਾਲਜਾਂ ਵਿੱਚ ਹੜਤਾਲ ਕਰਵਾ ਕੇ ਜਲੂਸ ਕੱਢਿਆ ਸੀ। ਇਸ ਯੂਨਿਟ ਨਾਲ ਦਰਸਨ ਸਿੰਘ ਬਾਗੀ ਦਾ ਬਹੁਤ ਨੇੜਤਾ ਦਾ ਰਿਸ਼ਤਾ ਰਿਹਾ ਤੇ ਲੱਗ ਪੱਗ ਹਰ ਮਹੀਨੇ ਪਿੱਛੋਂ ਇਸ ਯੂਨਿਟ ਦੀ ਮੀਟਿੰਗ ਹੁੰਦੀ ਰਹਿੰਦੀ ਸੀ’’।  

ਕਾਮਰੇਡ ਦਰਸ਼ਨ ਸਿੰਘ ਬਾਗੀ ਸੰਗਰੂਰ ਜ਼ਿਲ੍ਹੇ ਦੀ ਸੰਗਰੂਰ ਤਹਿਸੀਲ ਦੇ ਪਿੰਡ ਬੀਂਬੜੀ ਦਾ ਰਹਿਣ ਵਾਲਾ ਸੀ ਅਤੇ ਸਰਦਾਰ ਲਾਭ ਸਿੰਘ ਖਹਿਰਾ ਦਾ ਵੱਡਾ ਸਪੁੱਤਰ ਸੀ। ਸੰਗਰੂਰ ਜ਼ਿਲ੍ਹੇ ਵਿੱਚ ਕਮਿਊਨਿਸਟ ਲਹਿਰ ਦੇ ਬਹੁਤ ਮਜ਼ਬੂਤ ਹੋਣ ਕਾਰਨ ਉਹ ਕਮਿਊਨਿਸਟ ਵਿਚਾਰਾਂ ਦਾ ਧਾਰਨੀ ਬਣ ਚੁੱਕਾ ਸੀ। ਵਿਦਿਆਰਥੀ ਲਹਿਰ ਵਿੱਚ ਸਰਗਰਮ ਹੋਣ ਤੋਂ ਪਹਿਲਾਂ ਉਹ ਪੰਚਾਇਤ ਵਿਭਾਗ ਵਿੱਚ ‘ਗਰਾਮ ਸੇਵਕ’ ਦੇ ਤੌਰ ਤੇ ਸਰਵਿਸ ਕਰ ਰਿਹਾ ਸੀ।  ਉਨ੍ਹਾਂ ਦਿਨਾਂ ਵਿੱਚ ਦੇਸ਼ ਭਰ ਵਿੱਚ ਸੀ.ਪੀ.ਆਈ. ਵਿੱਚ ਦੋ ਗਰੁੱਪ ਬਣ ਚੁੱਕੇ ਸਨ ਪਰ ਅਜੇ ਸੀ.ਪੀ.ਆਈ.(ਐਮ) ਦੀ ਵੱਖਰੀ ਸਥਾਪਨਾ ਨਹੀਂ ਹੋਈ ਸੀ।  

ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਗ੍ਰਿਫਤਾਰੀ ਦਾ ਲਾਹਾ ਲੈਂਦਿਆਂ ਕਾਮਰੇਡ ਅਵਤਾਰ ਸਿੰਘ ਮਲਹੋਤਰਾ ਧੱਕੇ ਨਾਲ ਪੰਜਾਬ ਦਾ ਸਕੱਤਰ ਬਣ ਚੁੱਕਾ ਸੀ ਅਤੇ ਤੇਜ਼ੀ ਨਾਲ ਪਾਰਟੀ ਦੀ ਸਾਰੀ ਮਸ਼ੀਨਰੀ ’ਤੇ ਕਬਜ਼ਾ ਕਰ ਰਿਹਾ ਸੀ। ਵਿਦਿਆਰਥੀ ਫਰੰਟ ਨੂੰ ਵੀ ਸਰਗਰਮ ਕਰਨ ਦੇ ਮੰਤਵ ਨਾਲ ਕਾਮਰੇਡ ਮਲਹੋਤਰਾ ਨੇ 15 ਮਾਰਚ 1963 ਵਾਲੇ ਦਿਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵਿਦਿਆਰਥੀਆਂ ਦੀ ਇੱਕ ਮੀਟਿੰਗ ਸੱਦੀ ਜਿਸ ਵਿੱਚ ਦਰਸ਼ਨ ਸਿੰਘ ਬਾਗੀ ਵੀ ਨੂੰ ਸੱਦਿਆ ਗਿਆ।  

ਦਰਸ਼ਨ ਸਿੰਘ ਬਾਗੀ ਸੋਧਵਾਦੀ ਵਿਚਾਰਾਂ ਦਾ ਵਿਰੋਧੀ ਸੀ ਅਤੇ ਮਾਰਕਸਵਾਦੀ ਵਿਚਾਰਾਂ ਤੋਂ ਪ੍ਰਭਾਵਤ ਸੀ। ਕਾਮਰੇਡ ਦਰਸ਼ਨ ਸਿੰਘ ਬਾਗੀ ਦੀ ਪਹਿਲ ਕਦਮੀ ਕਾਰਨ ਮੀਟਿੰਗ ਵਿੱਚ ਸ਼ਾਮਲ ਬਹੁਗਿਣਤੀ ਵਿਦਿਆਰਥੀਆਂ ਨੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਮੀਟਿੰਗ ਵਿੱਚੋਂ ਬਾਹਰ ਆ ਗਏ। ਪਰ ਇਸ ਮੀਟਿੰਗ ਵਿੱਚ ਹੋਈਆਂ ਗੱਲਾਂਬਾਤਾਂ ਅਤੇ ਵਿਚਾਰ ਵਟਾਂਦਰਿਆਂ ਦਾ ਨਤੀਜਾ ਇਹ ਨਿਕਲਿਆ ਕਿ ਕਾਮਰੇਡ ਦਰਸ਼ਨ ਸਿੰਘ ਬਾਗੀ ਦੇ ਮਨ ਮਸਤਕ ਵਿੱਚ ਪੰਜਾਬ ਵਿੱਚ ਇਨਕਲਾਬੀ ਵਿਦਿਆਰਥੀ ਲਹਿਰ ਜਥੇਬੰਦ ਕਰਨ ਦੀਆਂ ਚਿਣਗਾਂ ਫੁੱਟ ਪਈਆਂ। ਉਸ ਨੇ ਆਪਣੇ ਇਕ ਹੋਰ ਸਾਥੀ ਰਾਜਿੰਦਰ ਸਿੰਘ ਢੀਂਡਸਾ ਨੂੰ ਨਾਲ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਦਾਖਲਾ ਲੈ ਲਿਆ। ਦਾਖਲਾ ਲੈਣ ਦਾ ਇੱਕ ਮਾਤਰ ਉਦੇਸ਼ ਪੰਜਾਬ ਵਿੱਚ ਇਨਕਲਾਬੀ ਵਿਦਿਆਰਥੀ ਲਹਿਰ ਜਥੇਬੰਦ ਕਰਨਾ ਹੀ ਸੀ।

ਬਸ ਫਿਰ ਕੀ ਸੀ, ਚੱਲ ਸੋ ਚੱਲ।  ਸਤੰਬਰ 1963 ਵਿੱਚ ਚੰਡੀਗੜ੍ਹ ਸਟੂਡੈਂਟਸ ਯੂਨੀਅਨ ਸਥਾਪਤ ਕੀਤੀ ਗਈ। ਗੁੰਡਾ ਅਨਸਰਾਂ ਦੀ ਗੁੰਡਾਗਰਦੀ ਵਿਰੁੱਧ ਜਬਰਦਸਤ ਸੰਘਰਸ਼ ਲੜਿਆ ਗਿਆ। ਚੰਡੀਗੜ੍ਹ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਵਿੱਚ ਹੜਤਾਲ ਕਰਕੇ ਪੰਜ ਹਜ਼ਾਰ ਤੋਂ ਵੱਧ ਵਿਦਿਆਰਥੀ ਅਤੇ ਵਿਦਿਆਰਥਣਾਂ ਰੋਹ ਭਰੇ ਮੁਜ਼ਾਹਰੇ ਵਿੱਚ ਸ਼ਾਮਲ ਹੋਏ। ਬਹੁਤ ਰੋਹ ਭਰਿਆ ਸੰਘਰਸ਼ ਸੀ। ਭੁੱਖ ਹੜਤਾਲਾਂ ਵੀ ਹੋਈਆਂ। ਸਰਕਾਰ ਇੱੱਕ ਦਮ ਘਬਰਾ ਗਈ। 

ਗ੍ਰਹਿ ਮੰਤਰੀ ਦਰਬਾਰਾ ਸਿੰਘ ਨੇ ਵਿਦਿਆਰਥੀਆਂ ਨੂੰ ਸੱਦ ਕੇ ਉਨ੍ਹਾਂ ਦੀਆਂ ਸਾਰੀਆਂ ਹੀ ਮੰਗਾਂ ਪ੍ਰਵਾਨ ਕਰ ਲਈਆਂ। ਇਹ ਵਿਦਿਆਰਥੀ ਸੰਘਰਸ਼ ਦੇ ਮੈਦਾਨ ਦੀ ਪਹਿਲ ਪਲੇਠੀ ਲਲਕਾਰ ਅਤੇ ਜਿੱਤ ਸੀ। ਇਸ ਸੰਘਰਸ਼ ਤੋਂ ਤੁਰੰਤ ਬਾਅਦ ਖੇਤਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਦਾ ਬਹੁਤ ਹੀ ਜਬਰਦਸ਼ਤ ਸੰਘਰਸ਼ ਚਲਿਆ ਜਿਸ ਵਿੱਚ ਚੰਡੀਗੜ੍ਹ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀਆਂ ਅਤੇ ਆਗੂਆਂ ਨੇ ਲੁਧਿਆਣਾ ਜਾ ਕੇ ਸਰਗਰਮ ਸ਼ਮੂਲੀਅਤ ਕੀਤੀ। ਇਸ ਤੋਂ ਬਾਅਦ 15 ਜੁਲਾਈ 1964 ਵਾਲੇ ਦਿਨ 15 ਸੈਕਟਰ ਚੰਡੀਗੜ੍ਹ ਵਿਖੇ ਸੂਬਾ ਪੱਧਰ ਦੀ ਵਿਦਿਆਰਥੀ ਕਾਨਫਰੰਸ ਕਰਕੇ ‘ਪੰਜਾਬ ਸਟੂਡੈਂਟਸ ਯੂਨੀਅਨ’ ਦੀ ਸਥਪਾਨਾ ਕੀਤੀ ਗਈ।  

ਇਸ ਕਾਨਫੰਰਸ ਦਾ ਉਦਘਾਟਨ ਕਰਨ ਲਈ ਦੇਸ਼ ਦੇ ਪ੍ਰਸਿੱਧ ਸੋਸ਼ਲਿਸਟ ਆਗੂ ਡਾਕਟਰ ਰਾਮ ਮਨੋਹਰ ਲੋਹੀਆ ਨੂੰ ਸੱਦਿਆ ਗਿਆ ਸੀ। ਕਿਸੇ ਕਮਿਊਨਿਸਟ ਆਗੂ ਨੂੰ ਇਹ ਵਿਚਾਰਕੇ ਨਾ ਸੱਦਿਆ ਗਿਆ ਤਾਂ ਜੋ ਸਥਾਪਤ ਕੀਤੀ ਜਾਣ ਵਾਲੀ ਜਥੇਬੰਦੀ ਉਪਰ ਪਹਿਲੇ ਹੀ ਦਿਨ ਕਮਿਊਨਿਸਟ ਹੋਣ ਦਾ ਠੱਪਾ ਨਾ ਲੱਗ ਜਾਵੇ। 

ਸਾਰੇ ਪੰਜਾਬ ਵਿੱਚੋਂ ਲੱਗ ਪੱਗ 1000 ਤੋਂ ਵੱਧ ਵਿਦਿਆਰਥੀ ਡੈਲੀਗੇਟ/ਪ੍ਰਤੀਨਿੱਧ ਪਹੁੰਚੇ। ਪੰਜਾਬ ਸਟੂਡੈਂਟਸ ਯੂਨੀਅਨ ਦੇ ਨਾਂ ਵਾਲੀ ਇਤਿਹਾਸਕ ਵਿਦਿਆਰਥੀ ਜਥੇਬੰਦੀ ਦੀ ਸਥਾਪਨਾ ਹੋ ਗਈ।  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਮਿਸਟਰੀ ਡੀਪਾਰਟਮੈਂਟ ਦੇ ਬਹੁਤ ਹੀ ਸਰਗਰਮ ਵਿਦਿਆਰਥੀ ਕ੍ਰਿਸ਼ਨ ਮੁਰਾਰੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਪਹਿਲੇ ਪ੍ਰਧਾਨ ਅਤੇ ਸੋਸ਼ਿਆਲੋਜੀ ਡੀਪਾਰਟਮੈਂਟ ਦੇ ਦਰਸ਼ਨ ਸਿੰਘ ਬਾਗੀ ਪਹਿਲੇ ਜਨਰਲ ਸਕੱਤਰ ਚੁਣੇ ਗਏ। 

ਪੀ.ਐਸ.ਯੂ. ਦੀ ਸਥਪਾਨਾ ਤੋਂ ਬਾਅਦ ਸਮੁੱਚੇ ਪੰਜਾਬ ਵਿੱਚ ਵਿਦਿਆਰਥੀ ਸੰਘਰਸ਼ਾਂ ਦੀਆਂ ਸੂਹੀਆਂ ਲਾਟਾਂ ਜ਼ੋਰ ਸ਼ੋਰ ਨਾਲ ਉਠਣ ਲੱਗੀਆਂ। ਇਨ੍ਹਾਂ ਸੰਘਰਸ਼ਾਂ ਵਿੱਚ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ ਸਥਾਨਕ ਸੰਘਰਸ਼ ਵੀ ਸ਼ਾਮਲ ਸਨ ਜੋ ਆਮ ਤੌਰ ਤੇ ਕਾਲਜ ਪ੍ਰਬੰਧਕਾਂ, ਨੌਕਰਸ਼ਾਹੀ, ਪੁਲਿਸ ਵਧੀਕੀਆਂ ਆਦਿ ਵਿਰੁੱਧ ਹੁੰਦੇ। ਜਿਸ ਵੀ ਵਿਦਿਅਕ ਸੰਸਥਾ ਦਾ ਮਸਲਾ ਹੁੰਦਾ ਵਿਦਿਆਰਥੀ ਹੜਤਾਲਾਂ ਕਰਕੇ ਸੈਂਕੜਿਆਂ, ਹਜ਼ਾਰਾਂ ਦੀ ਗਿਣਤੀ ਵਿੱਚ ਸੜਕਾਂ ਤੇ ਨਿਕਲ ਪੈਂਦੇ। ਕਈ ਸਥਾਨਕ ਸੰਘਰਸ਼ਾਂ ਦੀ ਹਿਮਾਇਤ ਵਿੱਚ ਦੂਸਰੀਆਂ ਸੰਸਥਾਵਾਂ ਦੇ ਵਿਦਿਆਰਥੀ ਵੀ ਉਠ ਪੈਂਦੇ ਅਤੇ ਸੰਘਰਸ਼ ਸੂਬਾ ਪੱਧਰੀ ਰੂਪ ਧਾਰਨ ਕਰ ਜਾਂਦੇ। ਕਈ ਥਾਵਾਂ ਤੇ ਪੁਲਿਸ ਨਾਲ ਟੱਕਰਾਂ ਵੀ ਹੁੰਦੀਆਂ, ਲਾਠੀਚਾਰਜ ਹੁੰਦੇ, ਸਾਹਮਣਿਉਂ ਵਿਦਿਆਰਥੀ ਵੀ ਮੁਕਾਬਲਾ ਕਰਦੇ। ਕਈ ਥਾਵਾਂ ਤੇ ਵਿਦਿਆਰਥੀ ਵੀ ਅਤੇ ਪੁਲਿਸ ਵਾਲੇ ਵੀ ਜ਼ਖਮੀ ਹੁੰਦੇ। ਕੇਸ ਬਣਦੇ, ਗ੍ਰਿਫਤਾਰੀਆਂ ਹੁੰਦੀਆਂ, ਫਿਰ ਮੁਜ਼ਾਹਰੇ ਹੁੰਦੇ, ਫਿਰ ਟੱਕਰਾਂ ਹੁੰਦੀਆਂ.. .. .. ..  ਇਹ ਸਿਲਸਿਲਾ ਮਹੀਨਿਆਂ ਬੱਧੀ ਚਲਦਾ ਰਹਿੰਦਾ। ‘ਪੰਜਾਬ ਸਟੂਡੈਂਟਸ ਯੂਨੀਅਨ ਜ਼ਿੰਦਾਬਾਦ’, ‘ਵਿਦਿਆਰਥੀ ਏਕਤਾ ਜ਼ਿੰਦਾਬਾਦ’, ਪੰਜਾਬ ਪੁਲਿਸ ਮੁਰਦਾਬਾਦ ਅਤੇ ਅਜਿਹੇ ਹੋਰ ਅਨੇਕਾਂ ਨਾਅਰੇ ਪੰਜਾਬ ਭਰ ਵਿੱਚ ਗੂੰਜਦੇ ਹੀ ਰਹਿੰਦੇ। ਸਾਰੀਆਂ ਅਖਬਾਰਾਂ ਵਿਦਿਆਰਥੀ ਸੰਘਰਸ਼ਾਂ ਦੀਆਂ ਖਬਰਾਂ ਸੁਰਖੀਆਂ ਨਾਲ ਭਰੀਆਂ ਪਈਆਂ ਹੁੰਦੀਆਂ। ਸਭ ਦਾ ਵੇਰਵਾ ਦੇਣਾ ਸੰਭਵ ਨਹੀਂ। ਆਪਣੀਆਂ ਹੋਰ ਲਿਖਤਾਂ ਵਿੱਚ ਅਸੀਂ ਘੱਟੋ ਘੱਟ 50 ਵਿੱਦਿਅਕ ਸੰਸਥਾਵਾਂ ਦੇ ਨਾਂ ਲਿਖੇ ਹਨ ਜਿਥੇ ਇਨ੍ਹਾਂ ਸਮਿਆਂ ਵਿੱਚ ਬਾਰ ਬਾਰ ਤੇ ਲਗਾਤਾਰ ਸੰਘਰਸ਼ ਹੁੰਦੇ ਰਹਿੰਦੇ।  

ਗੁਰੂ ਨਾਨਕ ਇੰਜਨੀਅਰਰਿੰਗ ਕਾਲਜ ਲੁਧਿਆਣਾ ਵਿਦਿਆਰਥੀ ਲਹਿਰ ਦਾ ਗੜ੍ਹ ਸੀ ਜਿਸ ਨੂੰ ਪੰਜਾਬ ਦੀ ਵਿਦਿਆਰਥੀ ਲਹਿਰ ਦਾ ‘ਲੈਨਿਨਗਾਰਡ’ ਕਿਹਾ ਜਾਂਦਾ ਸੀ।  ਗੌਰਮਿੰਟ ਕਾਲਜ ਲੁਧਿਆਣਾ ਦੇ ਤਾਨਾਸ਼ਾਹ ਪ੍ਰਿੰਸੀਪਲ ਓ.ਪੀ.ਭਾਰਦਵਾਜ ਵਿਰੁੱਧ 1968 ਵਿੱਚ ਪੰਜਾਬ ਭਰ ਵਿੱਚ ਮਹੀਨਿਆਂ ਬੱਧੀ ਸੰਘਰਸ਼ ਚਲਦਾ ਰਿਹਾ।  ਰੋਸ, ਮੁਜ਼ਾਹਰੇ, ਪੁਲਿਸ ਨਾਲ ਟੱਕਰਾਂ, ਲਾਠੀਚਾਰਜਾਂ ਦਾ ਦੌਰ ਜਾਰੀ ਰਿਹਾ। 

ਗੁਰੂਸਰ ਸੁਧਾਰ ਕਾਲਜ ਦਾ ਇੱਕ ਹੋਣਹਾਰ ਵਿਦਿਆਰਥੀ ਜਗਤਾਰ ਸਿੰਘ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ। ਫਿਰ ਰੋਹ ਭਰੇ ਮੁਜ਼ਾਹਰੇ, ਗ੍ਰਿਫਤਾਰੀਆਂ, ਹੋਰ ਸਭ ਕੁੱਝ ਹੋਇਆ।  ਅੰਤ ਪੀ.ਐਯ.ਯੂ. ਆਗੂਆਂ ਦੀ ਗਵਰਨਰ ਪੰਜਾਬ ਸ਼੍ਰੀ ਪਾਵਟੇ ਨਾਲ ਮੀਟਿੰਗ ਹੋਈ। ਪ੍ਰਿੰਸੀਪਲ ਦੀ ਬਦਲੀ ਕਰ ਦਿੱਤੀ ਗਈ, ਗ੍ਰਿਫਤਾਰ ਵਿਦਿਆਰਥੀ ਰਿਹਾਅ ਹੋਏ ਅਤੇ ਸਾਰੇ ਕੇਸ ਵਾਪਸ ਲਏ ਗਏ। ਤਰਨਤਾਰਨ ਕਾਲਜ ਦੇ ਵਿਦਿਆਰਥੀਆਂ ਉਪਰ ਗੋਲੀ ਚਲੀ ਜਿਸ ਵਿੱਚ ਕਈ ਵਿਦਿਆਰਥੀ ਜ਼ਖਮੀ ਹੋਏ।  ਇਸ ਮੌਕੇ 20 ਦੇ ਲੱਗ ਪੱਗ ਗ੍ਰਿਫਤਾਰ ਹੋਏ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਲਗਾਤਾਰ ਅੱਠ ਘੰਟੇ ਗਹਿ ਗੱਚ ਯੁੱਧ ਹੋਇਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਬਿਸ਼ਨ ਸਿੰਘ ਸਮੁੰਦਰੀ ਜੀ ਆਪ ਮੁਹਾਰੇ ਹੀ ਕਹਿ ਉਠੇ, ‘‘.. .. .. ਪਰ ਮੇਰੇ ਪੁੱਤਰਾਂ ਨੇ ਨਜ਼ਾਰੇ ਲਿਆ ਦਿੱਤੇ, ਪੁਲਿਸ ਦੀ ਭੂਤਨੀ ਭੁਲਾ ਦਿੱਤੀ, ਇੱਕ ਵਾਰ ਤਾਂ ਮੇਰੀ ਪੱਗ ਦੀ ਲਾਜ ਰੱਖ ਲਈ ਏ, ਸ਼ਾਬਾਸ਼ੇ ਪੁੱਤਰੋ’’। 

ਕਾਮਰੇਡ ਦਰਸ਼ਨ ਸਿੰਘ ਬਾਗੀ ਦੀ ਇਹ ਸਿਫਤ ਸੀ ਕਿ ਉਹ ਲੱਗ ਪੱਗ ਹਰ ਉਸ ਕਾਲਜ ਜਾਂ ਵਿਦਿਅਕ ਸੰਸਥਾ ਵਿੱਚ ਆਪ ਪਹੁੰਚਦਾ ਸੀ ਜਿੱਥੇ ਕਿਤੇ ਕੋਈ ਸੰਘਰਸ਼ ਫੁੱਟ ਪਵੇ, ਕਿਤੇ ਪੀ.ਐਸ.ਯੂ. ਦਾ ਨਵਾਂ ਯੂਨਿਟ ਬਣਿਆ ਜਾਂ ਬਣਨਾ ਹੋਵੇ ਕਾਮਰੇਡ ਦਰਸ਼ਨ ਸਿੰਘ ਬਾਗੀ ਉਥੇ ਹੀ ਹਾਜ਼ਰ ਹੁੰਦਾ ਸੀ। ਸੰਘਰਸ਼ਾਂ ਨੂੰ ਅਗਵਾਈ ਤਾਂ ਦਿੰਦਾ ਹੀ ਸੀ ਉਹ ਕਈ ਵਾਰ ਸਿੱਧੇ ਤੌਰ ਤੇ ਵੀ ਸੰਘਰਸ਼ਾਂ ਵਿੱਚ ਸ਼ਾਮਲ ਹੁੰਦਾ।  ਕਈ ਵਾਰ ਮੁਜ਼ਾਹਰਿਆਂ ਸਮੇਂ ਪੁਲਿਸ ਨਾਲ ਹੱਥੋ ਪਾਈ ਵੀ ਹੋ ਪੈਂਦਾ ਸੀ ਅਤੇ ਉਹ ਆਪ ਵੀ ਲਾਠੀਚਾਰਜਾਂ ਦਾ ਸ਼ਿਕਾਰ ਹੋਇਆ। 

ਗੌਰਮਿੰਟ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਓ.ਪੀ. ਭਾਰਦਵਾਜ ਵਿਰੁੱਧ ਸੰਘਰਸ਼ ਦੌਰਾਨ ਇੱਕ ਮੁਜ਼ਾਹਰੇ ਵਿੱਚ ਦਰਸ਼ਨ ਸਿੰਘ ਬਾਗੀ ਨੇ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਤਜਿੰਦਰ ਖੰਨਾ ਦੇ ਮੂੰਹ ਤੇ ਥੱਪੜ ਜੜ ਦਿੱਤਾ ਸੀ ਜਿਸ ਨੇ ਹੰਕਾਰੇ ਹੋਏ ਨੇ ਪੀ.ਐਸ.ਯੂ. ਨੂੰ ਗਾਲ ਕੱਢ ਦਿੱਤੀ ਸੀ। ਇਹ ਉਹੋ ਤਜਿੰਦਰ ਖੰਨਾ ਸੀ ਜਿਹੜਾ ਬਾਅਦ ਵਿੱਚ ਪੰਜਾਬ ਦਾ ਚੀਫ ਸੈਕਟਰੀ ਅਤੇ ਦੋ ਵਾਰ ਦਿੱਲੀ ਦਾ ਲੈਫਟੀਨੈਂਟ ਗਵਰਨਰ ਵੀ ਰਿਹਾ ਅਤੇ ਅੱਜ ਕੱਲ੍ਹ ਰਿਟਾਇਰਡ ਜੀਵਨ ਬਤੀਤ ਕਰ ਰਿਹਾ ਹੈ। ਇਸੇ ਤਰ੍ਹਾਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਵਿਰੁੱਧ ਸੰਘਰਸ਼ ਦੌਰਾਨ ਇੱਕ ਮੁਜ਼ਾਹਰੇ ਵਿੱਚ ਦਰਸ਼ਨ ਸਿੰਘ ਬਾਗੀ ਦਾ ਮੌਕੇ ਦੇ ਪੁਲਿਸ ਕਪਤਾਨ ਨਾਲ ਜੱਫਾ ਲੱਗ ਗਿਆ ਜਿਹੜਾ ਸ਼ਕਤੀ ਦੇ ਸਰੂਰ ਵਿੱਚ ਗਾਲਾਂ ਕੱਢਣ ਲੱਗ ਪਿਆ ਸੀ। 

ਉਹ ਮਾਰਕਸਵਾਦ-ਲੈਨਿਨਵਾਦ, ਦਵੰਦਵਾਦੀ ਪਦਾਰਥਵਾਦ, ਵਿਰੋਧ ਵਿਕਾਸੀ ਪਦਾਰਥਵਾਦ ਆਦਿ ਵਿਸ਼ਿਆਂ ਬਾਰੇ ਸਕੂਲਿੰਗ ਕਰਨ ਦਾ ਵੀ ਵੱਡਾ ਮਾਹਰ ਸੀ ਅਤੇ ਇਸ ਸਕੂਲਿੰਗ ਦੀ ਮਹੱਤਤਾ ਤੋਂ ਵੀ ਜਾਣੂ ਸੀ। ਉਨ੍ਹਾਂ ਸਮਿਆਂ ਵਿੱਚ ਉਸਨੇ ਦਰਜਨਾਂ ਵਿਦਿਅਕ ਸੰਸਥਾਵਾਂ ਵਿੱਚ ਸਕੂਲ ਲਾਏ ਅਤੇ ਵਿਦਿਆਰਥੀਆਂ ਨੂੰ ਮਾਰਕਸਵਾਦ-ਲੈਨਿਨਵਾਦ ਦੀ ਸਿੱਖਿਆ ਦਿੱਤੀ। ਸੰਨ 1968 ਵਿੱਚ ਰਾਮਗੜੀਆ ਕਾਲਜ ਫਗਵਾੜਾ ਦੇ ਹੋਸਟਲ ਵਿੱਚ ਉਸ ਵੱਲੋਂ ਲਾਏ ਗਏ ਪੰਜ ਦਿਨਾਂ ਸਕੂਲ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ।

ਗੌਰਮਿੰਟ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਵਿਰੁੱਧ ਲੜੇ ਗਏ ਜੇਤੂ ਸੰਘਰਸ਼ ਤੋਂ ਥੋੜਾ ਸਮਾਂ ਬਾਅਦ ਹੀ ਪੰਜਾਬ ਸਟੂਡੈਂਟਸ ਯੂਨੀਅਨ ਦੀ ਦੂਸਰੀ ਸੂਬਾਈ ਕਾਨਫਰੰਸ ਕੀਤੀ ਗਈ ਜਿਸ ਵਿੱਚ ਪੰਜਾਬ ਭਰ ਚੋਂ 1500 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਕਾਨਫਰੰਸ ਦੀ ਪ੍ਰਧਾਨਗੀ ਅਤੇ ਉਦਘਾਟਨ ਪੰਜਾਬੀ ਬੋਲੀ ਦੇ ਸਿਰਮੌਰ ਸਾਹਿਤਕਾਰ ਅਤੇ ਨਾਵਲਕਾਰ ਜਸਵੰਤ ਸਿੰਘ ਕੰਵਲ ਨੇ ਕੀਤੀ। ਇਸ ਕਾਨਫਰੰਸ ਵਿੱਚ ਸ਼ਮਸੇਰ ਸਿੰਘ ਸ਼ੇਰੀ ਨੂੰ ਸੂਬਾ ਪ੍ਰਧਾਨ ਅਤੇ ਦਰਸ਼ਨ ਸਿੰਘ ਬਾਗੀ ਨੂੰ ਦੂਸਰੀ ਵਾਰ ਪੰਜਾਬ ਸਟੂਡੈਂਟਸ ਯੂਨੀਅਨ ਦਾ ਜਨਰਲ ਸਕੱਤਰ ਚੁਣਿਆ ਗਿਆ। 

ਇਨ੍ਹਾਂ ਸਮਿਆਂ ਵਿੱਚ ਵੀਅਤਨਾਮ ਦੇ ਕੌਮੀ ਮੁਕਤੀ ਸੰਘਰਸ਼ ਦਾ ਮਸਲਾ ਸੰਸਾਰ ਸਿਆਸਤ ਦੇ ਚਿੱਤਰਪੱਟ ਤੇ ਪੂਰੀ ਤਰ੍ਹਾਂ ਛਾਇਆ ਹੋਇਆ ਸੀ। ਵੀਅਤਨਾਮ ਦੇ ਸੂਰਮੇ ਲੋਕ ਚੇਅਰਮੈਨ ਕਾਮਰੇਡ ਹੋ ਚੀ ਮਿੰਨ੍ਹ ਅਤੇ ਜਨਰਲ ਵੋ ਨਗੁਇਨ ਗਿਆਪ ਦੀ ਅਗਵਾਈ ਵਿੱਚ ਵੀਅਤਨਾਮ ਤੇ ਹਮਲਵਾਰ ਅਮਰੀਕਨ ਸਾਮਰਾਜੀ ਫੌਜਾਂ ਨੂੰ ਨੱਕ ਚਣੇ ਚਬਾ ਰਹੇ ਸਨ।  ਸੰਸਾਰ ਭਰ ਵਿੱਚੋਂ ਵੀਅਤਨਾਮੀ ਯੋਧਿਆਂ ਦੇ ਹੱਕ ਵਿੱਚ ਰੋਹ ਭਰੀਆਂ ਆਵਾਜ਼ਾਂ ਉਠ ਰਹੀਆਂ ਸਨ। 

ਸਾਰੇ ਭਾਰਤ ਵਿੱਚ ਵੀ ‘‘ਤੇਰਾ ਨਾਮ ਮੇਰਾ ਨਾਮ, ਵੀਅਤਨਾਮ ਵੀਅਤਨਾਮ’’, ‘‘ਵੀਅਤਨਾਮ ਲਾਲ ਸਲਾਮ’’, ‘‘ਅਮਰੀਕਨ ਸਾਮਰਾਜਵਾਦ ਮੁਰਦਾਬਾਦ ਮੁਰਦਾਬਾਦ’’ ਦੇ ਨਾਅਰੇ ਗੂੰਜ ਰਹੇ ਸਨ। ਪੰਜਾਬ ਦੇ ਵਿਦਿਆਰਥੀ ਸੰਘਰਸ਼ਾਂ ਦੌਰਾਨ ਵੀ ਇਹ ਨਾਅਰੇ ਲਗਦੇ ਸਨ। ਇਨ੍ਹਾਂ ਹੀ ਦਿਨਾਂ ਵਿੱਚ ਵੀਅਤਨਾਮ ਦੇ ਕੌਮੀ ਮੁਕਤੀ ਸੰਘਰਸ਼ ਦੇ ਇੱਕ ਵਫਦ ਨੇ ਭਾਰਤ ਦਾ ਦੌਰਾ ਕੀਤਾ। ਇਹ ਵਫਦ ਪੰਜਾਬ ਵੀ ਆਇਆ। ਪੀ.ਐਸ.ਯੂ. ਵੀ ਇਸ ਵਫਦ ਦੇ ਸਵਾਗਤੀ ਸਮਾਗਮਾਂ ਵਿੱਚ ਸ਼ਾਮਲ ਹੋਈ। ਇਹ ਵਫਦ ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ ਤੇ ਹੋਰ ਥਾਵਾਂ ਤੇ ਵੀ ਗਿਆ। ਹਰ ਥਾਂ ਇਨ੍ਹਾਂ ਦਾ ਭਰਪੂਰ ਸਵਾਗਤ ਹੋਇਆ। ਜਲੰਧਰ ਵਿਖੇ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਪੀ.ਐਸ.ਯੂ. ਦੀ ਅਗਵਾਈ ਵਿੱਚ ਵਫਦ ਨੂੰ ਉਨ੍ਹਾਂ ਸਮਿਆਂ ਵਿੱਚ 10,000 ਰੁਪਏ ਇੱਕਮੁਠਤਾ ਵਜੋਂ ਭੇਂਟ ਕੀਤੇ। ਇਸੇ ਤਰ੍ਹਾਂ ਅਸੀਂ ਵੀ ਆਪਣੇ ਰਾਮਗੜ੍ਹੀਆ ਕਾਲਜ ਫਗਵਾੜਾ ਦੇ ਪੀ.ਐਸ.ਯੂ. ਯੂਨਿਟ ਵੱਲੋਂ 10,000 ਰੁਪਏ ਵੀਅਤਨਾਮੀ ਵਫਦ ਨੂੰ ਭੇਂਟ ਕੀਤੇ। 

ਵੀਅਤਨਾਮੀ ਵਫਦ ਨੇ ਵੀ ਯਾਦਗਾਰੀ ਤੋਹਫਿਆਂ ਵੱਜੋਂ ਚਾਕੂ, ਛੁਰੀਆਂ, ਕਰਦਾਂ ਆਦਿ ਭੇਂਟ ਕੀਤੀਆਂ। ਆਪਣੇ ਸੰਬੋਧਨ ਵਿੱਚ ਵੀਅਤਨਾਮੀ ਵਫਦ ਨੇ ਦਸਿਆ ਕਿ ਇਹ ਚਾਕੂ, ਛੁਰੀਆਂ, ਕਰਦਾਂ ਆਦਿ ਅਸੀਂ ਅਮਰੀਕਨ ਹਵਾਈ ਸੈਨਾ ਦੇ ਉਸ ਹਵਾਈ ਜਹਾਜ਼ ਦੇ ਮਲਬੇ ਤੋਂ ਬਣਾਈਆਂ ਹਨ, ਜਿਸ ਨੂੰ ਵੀਅਤਨਾਮੀ ਲੜਾਕੂਆਂ ਨੇ ਧਰਤੀ ਤੋਂ ਫੁੰਡਕੇ ਹੇਠਾਂ ਸੁਟ ਲਿਆ ਸੀ। ਵੀਅਤਨਾਮ ਦੇ ਕੌਮੀ ਮੁਕਤੀ ਸੰਘਰਸ਼ ਨਾਲ ਮੁਕੰਮਲ ਇਕਮੁੱਠਤਾ ਦਾ ਪ੍ਰਗਟਾਵਾ ਕਰਨਾ ਉਸ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਤੈਅ ਸ਼ੁਦਾ ਕਾਰਜਾਂ ਵਿੱਚ ਸ਼ਾਮਲ ਸੀ।  

ਪੰਜਾਬ ਦੀ ਵਿਦਿਆਰਥੀ ਲਹਿਰ ਦੇ ਇਤਿਹਾਸ ਵਿੱਚ 1963 ਤੋਂ ਲੈ ਕੇ 1968 ਤੱਕ ਦਾ ਪੰਜ ਸਾਲ ਦਾ ਸਮਾਂ ਬਹੁਤ ਹੀ ਮਹੱਤਵਪੂਰਨ ਅਤੇ ਵਿਸ਼ਾਲ ਰੋਹ ਭਰੇ ਲੜਾਕੂ ਸੰਘਰਸ਼ਾਂ, ਸ੍ਰਿੜ ਅਤੇ ਦ੍ਰਿੜ੍ਹਤਾ, ਮਿਹਨਤ, ਕੁਰਬਾਨੀਆਂ, ਇਥੋਂ ਤੱਕ ਕਿ ਸ਼ਹੀਦੀਆਂ ਦਾ ਸਮਾਂ ਸੀ। ਪੰਜਾਬ ਦੇ ਲੱਖਾਂ ਵਿਦਿਆਰਥੀਆਂ ਨੇ ਇਨ੍ਹਾਂ ਸੰਘਰਸ਼ਾਂ ਵਿੱਚ ਹਿੱਸਾ ਲਿਆ। ਸਿੱਟੇ ਵਜੋਂ ਪੰਜਾਬ ਸਟੂਡੈਂਟਸ ਯੂਨੀਅਨ ਵਿਦਿਆਰਥੀਆਂ ਦੀ ਇੱਕ ਬਹੁਤ ਹੀ ਹਰਮਨ ਪਿਆਰੀ ਅਤੇ ਸੰਘਰਸ਼ਸ਼ੀਲ ਜਥੇਬੰਦੀ ਦੇ ਤੌਰ ’ਤੇ ਸਥਾਪਤ ਹੋ ਗਈ। ਜਥੇਬੰਦੀ ਦਾ ਨਾਂ ਪੰਜਾਬ ਦੇ ਵਿਦਿਆਰਥੀਆਂ ਵਿੱਚ ਬਹੁਤ ਹੀ ਹਰਮਨ ਪਿਆਰਾ ਹੋ ਗਿਆ। ਪੰਜ ਸਾਲਾਂ ਦੇ ਇਸ ਇਤਿਹਾਸ ਵਿੱਚ ਕਾਮਰੇਡ ਦਰਸ਼ਨ ਸਿੰਘ ਬਾਗੀ ਦਾ ਰੋਲ ਹੋਰ ਸਾਰੇ ਆਗੂਆਂ ਦੇ ਨਾਲ ਨਾਲ ਸਭ ਤੋਂ ਵਧ ਅਤੇ ਮਹੱਤਵਪੂਰਨ ਸੀ। ਉਨ੍ਹਾਂ ਦੀ ਇਸੇ ਇਤਿਹਾਸਕ ਦੇਣ ਅਤੇ ਘਾਲਣਾਂ ਸਦਕਾ ਹੀ ਅਸੀਂ ਅੱਜ ਉਨ੍ਹਾਂ ਦੇ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਸਿਜਦਾ ਕਰ ਰਹੇ ਹਾਂ। 

ਮਾਰਚ 1967 ਵਿੱਚ ਪੱਛਮੀ ਬੰਗਾਲ ਵਿੱਚ ਅੱਤ ਖੱਬੇ ਕੁਰਾਹੇ ਦੀ ਨਕਸਲਵਾੜੀ ਲਹਿਰ ਫੁੱਟ ਪਈ।  ਇਸ ਨੂੰ ਸਮੇਂ ਦਾ ਦੁਖਾਂਤਕ ਕਾਲ ਚੱਕਰ ਹੀ ਕਿਹਾ ਜਾ ਸਕਦਾ ਹੈ ਕਿ ਦਰਸ਼ਨ ਸਿੰਘ ਬਾਗੀ ਸਮੇਤ ਪੀ.ਐਸ.ਯੂ. ਦੀ ਲੱਗ ਪੱਗ ਸਾਰੀ ਸੂਬਾਈ ਲੀਡਰਸ਼ਿਪ ਨਕਸਲਵਾੜ੍ਹੀ ਲਹਿਰ ਦੇ ਪ੍ਰਭਾਵ ਹੇਠ ਆ ਗਈ। ਸੀ.ਪੀ.ਆਈ.(ਐਮ) ਨੇ ਇਨ੍ਹਾਂ ਸਾਰੇ ਵਿਦਿਆਰਥੀ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਪਾਰਟੀ ਸਕੂਲਾਂ ਦਾ ਪ੍ਰਬੰਧ ਕੀਤਾ ਪਰ ਇਨ੍ਹਾਂ ਨੂੰ ਸੰਤੁਸ਼ਟ ਨਾ ਕੀਤਾ ਜਾ ਸਕਿਆ।  ਦਰਸ਼ਨ ਸਿੰਘ ਬਾਗੀ ਨੂੰ ਪੰਜਾਬ ਸਰਕਾਰ ਨੇ 7 ਸਤੰਬਰ 1968 ਵਾਲੇ ਦਿਨ ਗ੍ਰਿਫਤਾਰ ਕਰਕੇ ਪਰੀਵੈਂਟਿਵ ਡਿਟੈਨਸ਼ਨ ਐਕਟ (ਪੀ.ਡੀ.ਐਕਟ) ਤਹਿਤ ਬਿਨਾਂ ਮੁਕੱਦਮਾ ਚਲਾਏ ਇੱਕ ਸਾਲ ਲਈ ਨਜ਼ਰਬੰਦ ਕਰ ਦਿੱਤਾ।  ਪੀ.ਐਸ.ਯੂ. ਦੇ ਬਾਕੀ ਸੂਬਾਈ ਲੀਡਰਾਂ ਚੋਂ ਬਹੁਤੇ ਅੰਡਰਗਰਾਉਂਡ ਹੋ ਕੇ ਹਥਿਆਰਬੰਦ ਸੰਘਰਸ਼ ਦੇ ਰਾਹ ਪੈ ਗਏ।  ਕੁੱਝ ਨਿਰਾਸ਼ ਹੋ ਕੇ ਘਰਾਂ ਵਿੱਚ ਬੈਠ ਗਏ ਅਤੇ ਪਰਿਵਾਰਕ ਕੰਮਾਂ ’ਚ ਰੁਝ ਗਏ।  ਦਰਸ਼ਨ ਸਿੰਘ ਬਾਗੀ ਦੇ ਕਹਿਣ ਮੁਤਾਬਿਕ ਪੀ.ਐਸ.ਯੂ. ਲਾਵਾਰਿਸ ਹੋ ਗਈ। ਇਸ ਸਥਿਤੀ ਬਾਰੇ ਉਹ ਲਿਖਦਾ ਹੈ, ‘‘ਅੱਜ ਉਸ ਮਹਾਨ ਸ਼ਕਤੀਸ਼ਾਲੀ ਜਥੇਬੰਦੀ (ਪੰਜਾਬ ਸਟੂਡੈਂਟਸ ਯੂਨੀਅਨ) ਦੇ ਵਜੂਦ ਦੀ ਹੋਂਦ ਮਿਟ ਰਹੀ ਸੀ’’। 

ਨਜ਼ਰਬੰਦੀ ਦਾ ਇੱਕ ਸਾਲ ਪੂਰਾ ਹੋਣ ਪਿਛੋਂ 6 ਸਤੰਬਰ 1969 ਨੂੰ ਕਾਮਰੇਡ ਦਰਸ਼ਨ ਸਿੰਘ ਬਾਗੀ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਈ ਤੋਂ ਬਾਅਦ ਉਸਨੇ ਜਥੇਬੰਦੀ ਨੂੰ ਪੈਰਾਂ ਸਿਰ ਕਰਨ ਲਈ ਕੁੱਝ ਹੱਥ ਪੈਰ ਮਾਰੇ। ਆਪਣੇ ਪੁਰਾਣੇ ਸਾਥੀਆਂ ਨੂੰ ਲੱਭਣ ਮਿਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸਦੇ ਹੱਥ ਪਲੇ ਕੁੱਝ ਨਾ ਪਿਆ। ਕੋਈ ਉਸ ਨੂੰ ਮਿਲਿਆ ਨਾ। ਅਖੀਰ ਪੂਰੀ ਤਰ੍ਹਾਂ ਨਿਰਾਸ਼ ਹੋ ਕੇ ‘‘ਕਾਮਰੇਡ ਦਰਸ਼ਨ ਸਿੰਘ ਬਾਗੀ’’ ਸਭ ਕੁੱਝ ਛੱਡ ਛਡਾ ਕੇ ਕੈਨੇਡਾ ਚਲੇ ਗਿਆ। ਆਪਣੀ ਪਹਿਚਾਣ ‘‘ਕਾਮਰੇਡ’’ ਅਤੇ ਤਖੱਲਸ ‘‘ਬਾਗੀ’’ ਉਹ ਜਾਂਦਾ ਹੋਇਆ ਸਦਾ ਸਦਾ ਲਈ ਅੰਧ ਮਹਾਂ ਸਾਗਰ ਦੇ ਡੂੰਘੇ ਪਾਣੀਆਂ ਵਿੱਚ ਦਫਨ ਕਰ ਗਿਆ ਅਤੇ ਆਪਣੀ ਬਾਕੀ ਸਾਰੀ ਜਿੰਦਗੀ ਦਰਸ਼ਨ ਸਿੰਘ ਖਹਿਰਾ ਬਣ ਕੇ ਜੀਵਿਆ। ਪਰ ਜਾਂਦਾ-ਜਾਂਦਾ ਉਹ ਫਿਰ ਵੀ ਇੱਕ ਬਹੁਤ ਸ਼ਲਾਘਾ ਯੋਗ ਇਤਿਹਾਸਕ ਕੰਮ ਕਰ ਗਿਆ। ਭਾਵੇਂ ਦਰਸ਼ਨ ਖਹਿਰਾ ਦੇ ਨਾਂ ਤੇ ਹੀ ਸਹੀ ਪਰ ਉਹ ‘‘ਪੰਜਾਬ ਸਟੂਡੈਂਟਸ ਯੂਨੀਅਨ’’ ਦਾ ਇਤਿਹਾਸ’’ ਨਾਂ ਦੀ ਪੁਸਤਕ ਲਿਖਕੇ ਇਤਿਹਾਸ ਨੂੰ ਸਾਂਭ ਗਿਆ। 

ਅੱਜ ਜਿਸ ਸਮੇਂ ਅਸੀਂ ਕਾਮਰੇਡ ਦਰਸ਼ਨ ਸਿੰਘ ਬਾਗੀ ਵੱਲੋਂ ਪੰਜਾਬ ਦੀ ਇਨਕਲਾਬੀ ਵਿਦਿਆਰਥੀ ਲਹਿਰ ’ਚ ਪਾਏ ਗਏ ਉਪਰੋਕਤ ਇਤਿਹਾਸਕ ਯੋਗਦਾਨ ਨੂੰ ਯਾਦ ਅਤੇ ਰਿਕਾਰਡ (ਦਰਜ) ਕਰਦੇ ਹੋਏ ਉਸ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ ਤਾਂ ਅਸੀਂ ਇੱਕ ਵੱਡੇ ਭਰਮ ਭੁਲੇਖੇ ਅਤੇ ਗੁੰਮਰਾਹਕੁੰਨ ਪ੍ਰਚਾਰ ਅਤੇ ਸਮਝ ਬਾਰੇ ਕੁੱਝ ਸਪਸ਼ਟੀਕਰਨ ਕਰਨੇ ਵੀ ਜ਼ਰੂਰੀ ਅਤੇ ਸਮੇਂ ਅਨੁਸਾਰ ਸਮਝਦੇ ਹਾਂ। 

ਕਈ ਨਕਸਲੀ ਵਿਚਾਰਧਾਰਾ ਵਾਲੇ ਲੇਖਕਾਂ ਅਤੇ ਵਿਅਕਤੀਆਂ ਨੇ ਇਹ ਪ੍ਰਚਾਰ ਕੀਤਾ ਹੋਇਆ ਅਤੇ ਅੱਜ ਵੀ ਕਰੀ ਜਾ ਰਹੇ ਹਨ ਕਿ ਕਾਮਰੇਡ ਦਰਸ਼ਨ ਸਿੰਘ ਬਾਗੀ ਦੀ ਅਗਵਾਈ ਵਿੱਚ ਪੈਦਾ ਹੋਈ ਅਤੇ ਸਿਖਰਾਂ ਤੇ ਪਹੁੰਚੀ ਪੰਜਾਬ ਦੀ ਇਨਕਲਾਬੀ ਅਤੇ ਜਮਹੂਰੀ ਵਿਦਿਆਰਥੀ ਲਹਿਰ ਇੱਕ ਨਕਸਲੀ ਵਿਚਾਰਧਾਰਾ ਤੋਂ ਪ੍ਰੇਰਤ ਅਤੇ ਨਕਸਲੀ ਪਾਰਟੀ ਦੀ ਅਗਵਾਈ ਵਿੱਚ ਚਲਣ ਵਾਲੀ ਲਹਿਰ ਸੀ ਅਤੇ ਇਹ ਪੰਜਾਬ ਦੀ ਨਕਸਲੀ ਲਹਿਰ ਦਾ ਹੀ ਹਿੱਸਾ ਸੀ। 

ਅਸੀਂ ਇਸ ਸੋਚ ਅਤੇ ਵਿਚਾਰ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ ਅਤੇ ਪੂਰੇ ਆਤਮ ਵਿਸ਼ਵਾਸ ਨਾਲ ਐਲਾਨ ਕਰਦੇ ਹਾਂ ਕਿ ਇਹ ਲਹਿਰ ਸੀ.ਪੀ.ਆਈ.(ਐਮ) ਦੀ ਵਿਚਾਰਧਾਰਾ ਅਨੁਸਾਰ, ਸੀ.ਪੀ.ਆਈ.(ਐਮ) ਦੀ ਅਗਵਾਈ ਵਿੱਚ ਅਤੇ ਸੀ.ਪੀ.ਆਈ.(ਐਮ) ਨਾਲ ਸਬੰਧਤ ਵਿਦਿਆਰਥੀਆਂ ਵੱਲੋਂ ਆਰੰਭ ਅਤੇ ਜਥੇਬੰਦ ਕੀਤੀ ਗਈ ਅਤੇ ਸਿਖਰਾਂ ਤੇ ਪਹੁੰਚਾਈ ਗਈ ਸੀ। ਆਪਣੇ ਇਸ ਦਾਅਵੇ ਦੀ ਪੁਸ਼ਟੀ ਲਈ ਅਸੀਂ ਦਰਸ਼ਨ ਸਿੰਘ ਬਾਗੀ ਵੱਲੋਂ ਲਿਖੀ ਗਈ ਅਤੇ 2018 ਵਿੱਚ ਪ੍ਰਕਾਸ਼ਤ ਹੋਈ ਪੁਸਤਕ ‘‘ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ’’ ਵਿੱਚੋਂ ਹੀ ਹਵਾਲੇ ਅਤੇ ਟੂਕਾਂ ਦਿਆਂਗੇ। 

ਭਾਰਤ ਚੀਨ ਦੀ 1962 ਵਿੱਚ ਸਰਹੱਦੀ ਝਗੜੇ ਸਬੰਧੀ ਹੋਈ ਜੰਗ ਦੇ ਬਹਾਨੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਗ੍ਰਿਫਤਾਰੀ ਤੋਂ ਬਾਅਦ ਕਾਮਰੇਡ ਅਵਤਾਰ ਸਿੰਘ ਮਲਹੋਤਰਾ ਵੱਲੋਂ ਧੱਕੇ ਨਾਲ ਸੀ.ਪੀ.ਆਈ. ਦਾ ਸੂਬਾ ਸਕੱਤਰ ਬਣਕੇ ਉਨ੍ਹਾਂ ਵੱਲੋਂ 15 ਮਾਰਚ 1963 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵਿਦਿਆਰਥੀਆਂ ਦੀ ਮੀਟਿੰਗ ’ਚੋਂ ਦਰਸ਼ਨ ਸਿੰਘ ਬਾਗੀ ਵੱਲੋਂ ਬਾਹਰ ਆ ਜਾਣ ਦਾ ਜਿਕਰ ਅਸੀਂ ਇਸ ਲਿਖਤ ਵਿੱਚ ਪਹਿਲਾਂ ਕਰ ਚੁੱਕੇ ਹਾਂ। ਸੀ.ਪੀ.ਆਈ. ਦੇ ਅੱਜ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਦੇ ਦੱਸਣ ਅਨੁਸਾਰ ਇਸ ਮੀਟਿੰਗ ਵਿੱਚ ਉਹ (ਕਾਮਰੇਡ ਬੰਤ ਸਿੰਘ ਬਰਾੜ) ਵੀ ਸ਼ਾਮਲ ਸੀ ਅਤੇ ਦਰਸ਼ਨ ਸਿੰਘ ਬਾਗੀ ਦੇ ਨਾਲ ਹੀ ਮੀਟਿੰਗ ’ਚੋਂ ਬਾਹਰ ਆ ਗਿਆ ਸੀ ਪਰ ਬਾਕੀ ਦੇ ਸੀਨੀਅਰ ਸਾਥੀ ਉਸ ਨੂੰ ਵਾਪਸ ਮੀਟਿੰਗ ਵਿੱਚ ਲੈ ਗਏ ਸਨ।

ਇਸ ਮੀਟਿੰਗ ਤੋਂ ਬਾਅਦ 1963 ਵਿੱਚ ਹੀ ਦਰਸ਼ਨ ਸਿੰਘ ਬਾਗੀ ਨੇ ਆਪਣੇ ਇੱਕ ਸਾਥੀ ਰਾਜਿੰਦਰ ਸਿੰਘ ਢੀਂਡਸਾ ਨੂੰ ਨਾਲ ਲਿਆ ਅਤੇ ਦੋਹਾਂ ਸਾਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਦਾਖਲਾ ਲੈ ਲਿਆ। ਇਥੇ ਉਨ੍ਹਾਂ ਨੇ ‘ਮਾਰਕਸਵਾਦੀ ਗਰੁੱਪ’ ਜਥੇਬੰਦ ਕੀਤਾ ਅਤੇ ਸਤੰਬਰ 1963 ਵਿੱਚ ‘ਚੰਡੀਗੜ੍ਹ ਸਟੂਡੈਂਟਸ ਯੂਨੀਅਨ’ ਦੀ ਸਥਾਪਨਾ ਕੀਤੀ।  ‘ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ’ ਨਾਮੀ ਪੁਸਤਕ ਵਿੱਚ ਦਰਸ਼ਨ ਸਿੰਘ ਬਾਗੀ ਸਫਾ 42 ’ਤੇ ਲਿਖਦਾ ਹੈ, ‘‘ਚੰਡੀਗੜ੍ਹ ਮਾਰਕਸਵਾਦੀ ਗਰੁੱਪ ਦੇ ਸਾਰੇ ਸਾਥੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਨਿਰਣੇ ਨਾਲ ਸਹਿਮਤ ਸਨ ਕਿ ਭਾਰਤੀ ਕਮਿਊਨਿਸਟ ਪਾਰਟੀ ਸੋਧਵਾਦੀ ਹੋ ਗਈ ਹੈ ਤੇ ਇਨਕਲਾਬ ਦੇ ਰਾਹ ਤੋਂ ਥਿੜਕ ਗਈ ਹੈ। ਇਸ ਨਿਰਣੇ ਨਾਲ ਸਹਿਮਤ ਹੁੰਦਿਆਂ ਦਰਸ਼ਨ ਸਿੰਘ ਬਾਗੀ ਨੇ ਮਤਾ ਪੇਸ਼ ਕੀਤਾ ਕਿ ਸਰਬਸੰਮਤੀ ਨਾਲ ਪਾਸ ਕੀਤਾ ਜਾਵੇ ਕਿ ਚੰਡੀਗੜ੍ਹ ਮਾਰਕਸਵਾਦੀ ਗਰੁੱਪ ਆਪਣਾ ਸਬੰਧ ਕਮਿਊਨਿਸਟ ਪਾਰਟੀ (ਐਮ) ਨਾਲ ਜੋੜਦਾ ਹੈ। ਇਸ ਮਤੇ ਦੀ ਪ੍ਰੋੜਤਾ ਸਾਥੀ ਕਸ਼ਮੀਰਾ ਸਿੰਘ ਨੇ ਕੀਤੀ ਤੇ ਇਹ ਮਤਾ ਸਰਵਸੰਮਤੀ ਨਾਲ ਪਾਸ ਹੋ ਗਿਆ ਤੇ ਚੰਡੀਗੜ੍ਹ ਮਾਰਕਸਵਾਦੀ ਗਰੁੱਪ ਕਮਿਊਨਿਸਟ ਪਾਰਟੀ (ਐਮ) ਦਾ ਅੰਗ ਬਣ ਗਿਆ’’। 

ਸੰਨ 1966 ਵਿੱਚ ਪੰਜਾਬ ਯੂਨੀਵਰਸਿਟੀ ਨੇ ਦਰਸ਼ਨ ਸਿੰਘ ਬਾਗੀ ਨੂੰ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਉਪਰੋਕਤ ਕਿਤਾਬ ਦੇ ਸਫਾ 54 ਅਤੇ 55 ਤੇ ਦਰਸ਼ਨ ਬਾਗੀ ਲਿਖਦਾ ਹੈ, ‘‘ਪੀ.ਐਸ.ਯੂ. ਦੇ ਚੰਡੀਗੜ੍ਹ ਦੇ ਮਾਰਕਸਵਾਦੀ ਗਰੁੱਪ ਦੀ ਮੀਟਿੰਗ ਕੀਤੀ ਗਈ ਤੇ ਫੈਸਲਾ ਕੀਤਾ ਗਿਆ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਮਿਲਕੇ ਬੇਨਤੀ ਕੀਤੀ ਜਾਵੇ ਕਿ ਕਾਮਰੇਡ ਸੁਰਜੀਤ ਪੰਜਾਬ ਦੇ ਐਜੂਕੇਸ਼ਨ ਮੰਤਰੀ ਬਲਦੇਵ ਪ੍ਰਕਾਸ਼ ਨੂੰ ਮਿਲ ਕੇ ਦਰਸ਼ਨ ਸਿੰਘ ਬਾਗੀ ਨੂੰ ਐਲ.ਐਲ.ਬੀ. ਦੇ ਆਖਰੀ ਸਾਲ ਵਿੱਚ ਦਾਖਲਾ ਦੁਆਵੇ। ਇਸ ਮੰਤਵ ਲਈ ਚੰਡੀਗੜ੍ਹ ਦੇ ਮਾਰਕਸਵਾਦੀ ਵਿਦਿਆਰਥੀਆਂ ਦਾ 4 ਜਣਿਆਂ ਦਾ ਡੈਪੂਟੇਸ਼ਨ ਕਾਮਰੇਡ ਸੁਰਜੀਤ ਨੂੰ ਮਿਲਿਆ। ਕਾਮਰੇਡ ਸੁਰਜੀਤ ਐਜੂਕੇਸ਼ਨ ਮਨਿਸਟਰ ਬਲਦੇਵ ਪ੍ਰਕਾਸ਼ ਜਿਹੜਾ ਜਨ ਸੰਘ ਦਾ ਐਮ.ਐਲ.ਏ. ਸੀ ਨੂੰ ਮਿਲਿਆ ਪਰ ਕਾਮਰੇਡ ਸੁਰਜੀਤ ਕੋਆਰਡੀਨੇਸ਼ਨ ਕਮੇਟੀ ਦਾ ਕਨਵੀਨਰ ਹੁੰਦਾ ਹੋਇਆ ਵੀ ਆਪਣੇ ਯੂਥ ਫਰੰਟ ਦੇ ਕੁਲਵਕਤੀ ਨੂੰ ਦਾਖਲਾ ਨਾ ਦੁਆ ਸਕਿਆ’’।

ਇਸ ਤੋਂ ਬਾਅਦ ਆਪਣੀ ਕਿਤਾਬ ਦੇ ਚੈਪਟਰ ‘‘ਦਰਸ਼ਨ ਸਿੰਘ ਬਾਗੀ ਦਾ ਸੂਹੇ ਰਾਹ ਦੀ ਚੋਣ ਦਾ ਫੈਸਲਾ’’ ਵਿੱਚ ਸਫਾ 64 ਅਤੇ 65 ਤੇ ਲਿਖਦਾ ਹੈ, ‘‘ਅੰਬਾਲਾ ਜੇਲ੍ਹ ਤੋਂ ਰਿਹਾ ਹੋਣ ਤੋਂ 2 ਕੁ ਹਫਤੇ ਮਗਰੋਂ ਦਰਸ਼ਨ ਸਿੰਘ ਬਾਗੀ ਨੂੰ, ਜਲੰਧਰ ਪੰਚਾਇਤੀ ਰਾਜ ਟਰੇਨਿੰਗ ਸੈਂਟਰ ਵਿੱਚ ਟਰੇਨਿੰਗ ਅਧਿਆਪਕ ਦੀ ਪਦਵੀ ਦੀ ਚਿੱਠੀ ਆ ਗਈ ਤੇ ਅਗਲੀ ਸਵੇਰ ਆਪਣਾ ਬਿਸਤਰਾ ਬੰਨ੍ਹ ਕੇ ਦਰਸ਼ਨ ਸਿੰਘ ਬਾਗੀ ਜਲੰਧਰ ਆ ਪੁੱਜਾ .. .. .. ..  ਨੌਕਰੀ ਤੇ ਹਾਜ਼ਰ ਹੋ ਗਿਆ। 

ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਦਰਸ਼ਨ ਸਿੰਘ ਬਾਗੀ ਨੂੰ ਪੰਜਾਬ ਪੱਧਰ ਤੇ ਵਿਦਿਆਰਥੀ ਫਰੰਟ ਤੋਂ ਕੁਲਵਕਤੀ ਆਰਗੇਨਾਈਜ਼ਰ ਦੇ ਰੂਪ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ ਸੀ’’।  ਉਸ ਰਾਤ ਨੌਕਰੀ ਤੇ ਹਾਜ਼ਰ ਹੋਣ ਪਿੱਛੋਂ ਉਹ ਸਾਰੀ ਰਾਤ ਸੋਚਦਾ ਰਿਹਾ, ਪ੍ਰੇਸ਼ਾਨ ਰਿਹਾ ਅਤੇ ਜਾਗਦਾ ਰਿਹਾ ਕਿ ਕਿਹੜੇ ਪਾਸੇ ਦੀ ਚੋਣ ਕਰੇ, ਪਰਿਵਾਰਕ ਜ਼ਿੰਮੇਵਾਰੀਆਂ ਦੀ ਜਾਂ ਇਨਕਲਾਬ ਦੇ ਰਾਹ ’ਤੇ ਚਲਣ ਦੀ ?  ਉਹ ਅੱਗੇ ਲਿਖਦਾ ਹੈ, ‘‘ਰਾਤ ਬੀਤੀ, ਪਹੁਫੁਟਾਲਾ ਹੋਇਆ, .. .. .. ਪੰਚਾਇਤੀ ਰਾਜ ਟਰੇਨਿੰਗ ਸੈਂਟਰ ਜਾ ਕੇ ਨੌਕਰੀ ਤੋਂ ਜੁਆਬ ਦੇ ਕੇ, ਕਮਿਊਨਿਸਟ ਪਾਰਟੀ (ਐਮ) ਦੇ ਦਫਤਰ (ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਜਲੰਧਰ) ਜਾ ਕੇ ਪੰਜਾਬ ਪੱਧਰ ਦੀ ਕੁਲਵਕਤੀ ਵਿਦਿਆਰਥੀ ਫਰੰਟ ਦੀ ਵਾਗਡੋਰ ਸੰਭਾਲ ਕੇ .. .. .. ਚੰਡੀਗੜ੍ਹ ਵਾਪਸ ਆ ਗਿਆ। ਇਹ ਦਰਸ਼ਨ ਬਾਗੀ ਦਾ 1967 ਦੀਆਂ ਗਰਮੀਆਂ ਦਾ ਫੈਸਲਾ ’ਤੇ ਇਸ ਫੈਸਲੇ ਨਾਲ ਨਵੇਂ ਦੌਰ ਦਾ ਆਗਾਜ਼ ਹੋਇਆ’’। 

ਸੰਨ 1968 ਵਿੱਚ ਪਿੰਡ ਮਾਹਿਲ ਗਹਿਲਾਂ ਵਿੱਚ ਇੱਕ ਹਫਤਾ ਲੰਬੇ ਸਟੱਡੀ ਸਰਕਲ ਦਾ ਪ੍ਰੋਗਰਾਮ ਵੀ ਸੀ.ਪੀ.ਆਈ.(ਐਮ) ਦੇ ਸੂਬਾ ਦਫਤਰ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਜਲੰਧਰ ਵਿੱਚ ਹੀ ਉਲੀਕਿਆ ਗਿਆ ਸੀ।  ਇਸ ਬਾਰੇ ਦਰਸ਼ਨ ਸਿੰਘ ਬਾਗੀ ਸਫਾ 70 ’ਤੇ ਲਿਖਦਾ ਹੈ ਕਿ, ‘‘ਕਾਮਰੇਡ ਜਗਜੀਤ ਸਿੰਘ ਪਿੰਡ ਮਾਹਿਲ ਗਹਿਲਾਂ ਇੰਗਲੈਂਡ ਤੋਂ ਮੁੜਿਆ ਸੀ ਤੇ ਉਸਦਾ ਸਬੰਧ ਸੀ.ਪੀ.ਆਈ.(ਐਮ) ਨਾਲ ਸੀ। ਇੱਕ ਦਿਨ ਜੂਨ-ਜੁਲਾਈ 1968 ਵਿੱਚ ਕਾਮਰੇਡ ਜਗਜੀਤ ਸਿੰਘ ਮਾਹਿਲ ਨਾਲ ਮੁਲਾਕਾਤ ਜਲੰਧਰ ਪਾਰਟੀ (ਸੀ.ਪੀ.ਆਈ.(ਐਮ) ਦੇ ਦਫਤਰ ਵਿੱਚ ਹੋ ਗਈ ਤੇ ਇਸ ਮੁਲਾਕਾਤ ਵਿੱਚ ਦਰਸ਼ਨ ਸਿੰਘ ਬਾਗੀ ਨੇ ਐਸ.ਐਨ.ਕਾਲਜ ਬੰਗਾ ਦੇ ਵਿਦਿਆਰਥੀਆਂ ਦੇ ਮਾਰਕਸਵਾਦ ਤੇ ਸਟੱਡੀ ਸਰਕਲ ਲਾਉਣ ਦਾ ਸੁਝਾ ਦਿੱਤਾ।  ਕਾਮਰੇਡ ਜਗਜੀਤ ਸਿੰਘ ਮਾਹਿਲ ਨੇ ਤੁਰੰਤ ਹੀ ਦਰਸ਼ਨ ਸਿੰਘ ਬਾਗੀ ਦਾ ਸੁਝਾਅ ਕਬੂਲ ਕਰ ਲਿਆ ਅਤੇ ਆਪਣੇ ਖੂਹ ਤੇ ਪਿੰਡ ਮਾਹਿਲ ਗਹਿਲਾਂ ਬੰਗਾ ਕਾਲਜ ਦੇ ਵਿਦਿਆਰਥੀਆਂ ਨੂੰ ਇਕੱਠੇ ਕਰਨ ਦੀ ਜ਼ਿੰਮੇਵਾਰੀ ਲੈ ਲਈ’’, ਅਤੇ ਇਹ ਸਕੂਲ ਲੱਗਾ।

ਮਾਹਿਲ ਗਹਿਲਾਂ ਸਕੂਲ ਤੋਂ ਬਾਅਦ ਰਾਮਗੜ੍ਹੀਆ ਕਾਲਜ ਫਗਵਾੜਾ ਦੇ ਹੋਸਟਲ ਵਿੱਚ 5 ਦਿਨਾਂ ਲਈ ਲੱਗੇ ਸਕੂਲ ਦਾ ਪ੍ਰਬੰਧ ਸਥਾਨਕ ਪੀ.ਐਸ.ਯੂ. ਯੂਨਿਟ ਵੱਲੋਂ ਕੀਤਾ ਗਿਆ ਜਿਸ ਦੇ ਸਾਰੇ ਸਾਥੀ ਜਥੇਬੰਦਕ ਅਤੇ ਵਿਚਾਰਧਾਰਕ ਤੌਰ ’ਤੇ ਸੀ.ਪੀ.ਆਈ.(ਐਮ)  ਦੇ ਹੀ ਨਾਲ ਸਨ ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਸੀ। 

ਪੁਸਤਕ ‘‘ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ’’ ਦੇ ਸਫਾ 81 ਤੇ ਦਰਸ਼ਨ ਸਿੰਘ ਬਾਗੀ ਲਿਖਦਾ ਹੈ, ‘‘ਜੁਲਾਈ 1966 ਤੋਂ ਮਾਰਚ ਅਪਰੈਲ 1967 ਤੱਕ ਕਾਮਰੇਡ ਦਰਸ਼ਨ ਬਾਗੀ ਵਿਦਿਆਰਥੀ ਫਰੰਟ ਦਾ ਆਰਗੇਨਾਈਜ਼ਰ ਬਣ ਕੇ ਪੰਜਾਬ ਪੱਧਰ ’ਤੇ ਵਿਦਿਆਰਥੀਆਂ ਨੂੰ ਪੀ.ਐਸ.ਯੂ ਦੇ ਝੰਡੇ ਹੇਠ ਜਥੇਬੰਦ ਕਰਨ ਲਈ ਟੁਰਿਆ ਸੀ। ਮਾਰਚ-ਅਪਰੈਲ 1967 ਤੱਕ ਪੰਜਾਬ ਦੇ ਮੁੱਖ ਕਾਲਜਾਂ ਤੇ ਹਰਿਆਣਾ ਵਿੱਚ ਹਿਸਾਰ ਤੋਂ ਰੋਹਤਕ, ਕਰਨਾਲ ਤੇ ਕੁਰੂਕੁਸ਼ੇਤਰ ਯੂਨੀਵਰਸਿਟੀ ਤੱਕ ਮਾਰਕਸਵਾਦੀ ਵਿਦਿਆਰਥੀ ਯੂਨਿਟ ਕਾਇਮ ਹੋ ਚੁੱਕੇ ਸਨ’’। 

‘‘ਕਮਿਊਨਿਸਟ ਪਾਰਟੀ (ਐਮ) ਦੇ ਸਹਿਯੋਗ ਨਾਲ ਦਰਸ਼ਨ ਬਾਗੀ ਤੇ ਭੂਪਿੰਦਰ ਸਿੰਘ ਦੇ ਯਤਨਾਂ ਨਾਲ ਚੰਡੀਗੜ੍ਹ ਜਸਟਿਸ ਅਜੀਤ ਸਿੰਘ ਬੈਂਸ ਦੀ ਕੋਠੀ ਵਿੱਚ .. .. .. .. .. ਪੀ.ਐਸ.ਯੂ. ਵੱਲੋਂ ਇੱਕ ਹਫਤੇ, 15 ਜੁਲਾਈ ਤੋਂ 22 ਜੁਲਾਈ 1967 ਤੱਕ ਸੂਬਾ ਪੱਧਰ ਦਾ ਸਟੱਡੀ ਸਰਕਲ ਜਥੇਬੰਦ ਕੀਤਾ ਗਿਆ। ਇਹ ਸਟੱਡੀ ਸਰਕਲ ਕਮਿਊਨਿਸਟ ਪਾਰਟੀ (ਐਮ) ਦੇ ਪੋਲਿਟ ਬਿਊਰੋ ਦੇ ਮੈਂਬਰ ਪੀ. ਰਾਮਾਮੂਰਤੀ ਨੇ ਇਕ ਹਫਤੇ ਲਈ ਲਾਇਆ ਸੀ ’’। 

ਇਸੇ ਪੁਸਤਕ ਦੇ ਸਫਾ 91 ਤੇ ਦਰਸ਼ਨ ਸਿੰਘ ਬਾਗੀ ਲਿਖਦੇ ਹਨ, ‘‘ਸੀ.ਪੀ.ਆਈ.(ਐਮ) ਦੀ ਲੀਡਰਸ਼ਿਪ ਨੇ ਮਹਿਸੂਸ ਕੀਤਾ ਕਿ ਮਾਰਕਸਵਾਦੀ ਨੌਜੁਆਨ ਵਿਦਿਆਰਥੀਆਂ ਵਿੱਚ ਨਕਸਲਬਾੜੀ ਵਿਚਾਰਧਾਰਾ ਦਾ ਪ੍ਰਭਾਵ ਵਧ ਰਿਹਾ ਹੈ ਤੇ ਇਸ ਪ੍ਰਭਾਵ ਨੂੰ ਘਟਾਉਣ ਲਈ ਤੇ ਮਾਰਕਸਵਾਦੀ ਵਿਦਿਆਰਥੀਆਂ ਨੂੰ ਸੀ.ਪੀ.ਆਈ.(ਐਮ) ਦੀ ਵਿਚਾਰਧਾਰਾ ਨਾਲ ਸਿੱਖਿਅਤ ਕਰਨ ਦੇ ਮੰਤਵ ਨਾਲ ਅਪਰੈਲ 1968 ਦੇ ਪਹਿਲੇ ਹਫਤੇ ਦਿੱਲੀ ਵਿੱਚ ਕਾਮਰੇਡ ਏ.ਕੇ ਗੋਪਾਲਨ ਦੀ ਕੋਠੀ ਵਿੱਚ ਇੱਕ ਹਫਤੇ ਦਾ ਸਕੂਲ ਲਾਇਆ ਗਿਆ। ਇਸ ਸਕੂਲ ਵਿੱਚ ਦਰਸ਼ਨ ਬਾਗੀ, ਭੁਪਿੰਦਰ ਸਿੰਘ, ਹਰਭਜਨ ਹਲਵਾਰਵੀ, ਇੰਦਰਜੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਚਾਹਲ, ਗੁਰਦਿਆਲ ਸਿੰਘ ਨੇ ਸ਼ਮੂਲੀਅਤ ਕੀਤੀ।  ਸਕੂਲ ਤੋਂ ਦੂਜੇ ਦਿਨ ਹਰਭਜਨ ਸਿੰਘ ਸੋਹੀ ਅਤੇ ਹਾਕਮ ਸਿੰਘ ਸਮਾਂਓ ਵੀ ਸਕੂਲ ਵਿੱਚ ਪਹੁੰਚ ਗਏ ਪਰ ਉਨ੍ਹਾਂ ਨੂੰ ਸਕੂਲ ਵਿੱਚ ਬੈਠਣ ਦੀ ਆਗਿਆ ਨਹੀਂ ਸੀ ਦਿੱਤੀ ਗਈ ਤੇ ਉਹ ਵਾਪਸ ਪੰਜਾਬ ਚਲੇ ਗਏ’’।  

ਸਾਡੇ ਵੱਲੋਂ ਕਾਮਰੇਡ ਦਰਸ਼ਨ ਸਿੰਘ ਬਾਗੀ ਵੱਲੋਂ ਲਿਖੀ ਅਤੇ 2018 ਵਿੱਚ ਪ੍ਰਕਾਸ਼ਤ ਹੋਈ ਕਿਤਾਬ, ‘‘ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ’’ ਨਾਂ ਦੀ ਪੁਸਤਕ ਵਿੱਚੋਂ ਦਿੱਤੇ ਗਏ ਉਪਰੋਕਤ ਹਵਾਲਿਆਂ ਅਤੇ ਟੂਕਾਂ ਤੋਂ ਇਹ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ 1963 ਤੋਂ ਲੈ ਕੇ 1968 ਤੱਕ ਪੂਰੇ ਪੰਜ ਸਾਲ ਪੰਜਾਬ ਦੀ ਧਰਤੀ ਤੇ ਪੈਦਾ ਹੋਈ ਅਤੇ ਸਿਖਰਾਂ ਤੇ ਪੁੱਜੀ ਇਤਿਹਾਸਕ ਵਿਦਿਆਰਥੀ ਲਹਿਰ ਪੂਰੀ ਤਰ੍ਹਾਂ ਸੀ.ਪੀ.ਆਈ.(ਐਮ) ਵੱਲੋਂ, ਸੀ.ਪੀ.ਆਈ.(ਐਮ) ਦੀ ਵਿਚਾਰਧਾਰਾ ਅਨੁਸਾਰ ਅਤੇ ਸੀ.ਪੀ.ਆਈ.(ਐਮ) ਦੇ ਵਿਦਿਆਰਥੀਆਂ ਵੱਲੋਂ ਹੀ ਜਥੇਬੰਦ ਕੀਤੀ ਗਈ ਸੀ। 

ਨਕਸਲਬਾੜੀ ਲਹਿਰ ਭਾਵੇਂ ਮਈ 1967 ਵਿੱਚ ਸ਼ੁਰੂ ਹੋ ਗਈ ਸੀ ਪਰ ਦਰਸ਼ਨ ਸਿੰਘ ਬਾਗੀ ਅਤੇ ਉਸਦੇ ਸਾਥੀ ਜੁਲਾਈ 1968 ਤੱਕ ਸੀ.ਪੀ.ਆਈ.(ਐਮ) ਦੇ ਜਥੇਬੰਦਕ ਘੇਰੇ ਵਿੱਚ ਹੀ ਸਨ ਅਤੇ ਸੀ.ਪੀ.ਆਈ.(ਐਮ) ਦੇ ਦਫਤਰਾਂ ਵਿੱਚ ਆਉਂਦੇ ਜਾਂਦੇ ਸਨ।  ਇਨ੍ਹਾਂ ਵਿਦਿਆਰਥੀਆਂ ਵੱਲੋਂ ਜੁਲਾਈ 1967 ਵਿੱਚ ਚੰਡੀਗੜ੍ਹ ਵਿਖੇ ਕਾਮਰੇਡ ਪੀ. ਰਾਮਾਮੂਰਤੀ ਦਾ ਹਫਤਾ ਲੰਬਾ ਸਕੂਲ ਲਾਉਣਾ, ਅਪਰੈਲ 1968 ਵਿੱਚ ਨਵੀਂ ਦਿੱਲੀ ਵਿਖੇ ਕਾਮਰੇਡ ਗੋਪਾਲਨ ਦੀ ਕੋਠੀ (4 ਅਸ਼ੋਕਾ ਰੋਡ) ਵਿੱਚ ਸੱਤ ਦਿਨਾਂ ਸਕੂਲ ਵਿੱਚ ਹਾਜ਼ਰ ਹੋਣਾ, ਦਰਸ਼ਨ ਸਿੰਘ ਬਾਗੀ ਵੱਲੋਂ ਜੁਲਾਈ 1968 ਵਿੱਚ ਮਾਹਿਲ ਗਹਿਲਾਂ ਸਕੂਲ ਦੀ ਪਲੈਨਿੰਗ ਵੀ ਸੀ.ਪੀ.ਆਈ.(ਐਮ) ਦੇ ਸੂਬਾ ਦਫਤਰ (ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ) ਵਿੱਚ ਵੀ ਕਰਨਾ ਆਦਿ ਤੋਂ ਪੂਰੀ ਤਰ੍ਹਾਂ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਸਮਿਆਂ ਤੱਕ ਕਾਮਰੇਡ ਦਰਸ਼ਨ ਸਿੰਘ ਬਾਗੀ ਅਤੇ ਹੋਰ ਵਿਦਿਆਰਥੀ ਆਗੂ ਜਥੇਬੰਦਕ ਤੌਰ ਤੇ ਸੀ.ਪੀ.ਆਈ.(ਐਮ) ਦੇ ਹੀ ਨਾਲ ਸਨ ਅਤੇ ਵਿਦਿਆਰਥੀ ਸੰਘਰਸ਼ ਨੂੰ ਚਲਾ ਰਹੇ ਸਨ।  

ਹਾਂ ਇਤਨਾ ਜ਼ਰੂਰ ਸੀ ਕਿ ਇਹ ਸਾਥੀ ਪਾਰਟੀ ਦੇ ਹੋਰ ਬਹੁਤ ਸਾਰੇ ਕਾਮਰੇਡਾਂ ਵਾਂਗ ਹੀ ਨਕਸਲੀ ਲਹਿਰ ਕਾਰਨ ਭੰਬਲਭੂਸੇ ਵਿੱਚ ਜ਼ਰੂਰ ਪਏ ਹੋਏ ਸਨ। ਪਾਰਟੀ ਸਕੂਲਾਂ ਵਿੱਚ ਇਨ੍ਹਾਂ ਸਾਥੀਆਂ ਦੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਹੀ ਪਾਰਟੀ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਸਨ ਅਤੇ ਇਹ ਵੀ ਸੱਚ ਹੀ ਹੈ ਕਿ ਅੰਤ ਵਿੱਚ ਇਹ ਸਾਥੀ ਨਕਸਲੀ ਲਹਿਰ ਵਿੱਚ ਸ਼ਾਮਲ ਹੋ ਗਏ।   7 ਸਤੰਬਰ 1968 ਨੂੰ ਕਾਮਰੇਡ ਦਰਸ਼ਨ ਸਿੰਘ ਬਾਗੀ ਨੂੰ ਸਰਕਾਰ ਵੱਲੋਂ ਗ੍ਰਿਫਤਾਰ ਕਰਕੇ ਇੱਕ ਸਾਲ ਵਾਸਤੇ ਪੀ.ਡੀ.ਐਕਟ ਅਧੀਨ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਬਾਕੀ ਸਾਥੀ ਅੰਡਰਗਰਾਊਂਡ (ਗੁਪਤਵਾਸ) ਹੋ ਕੇ ਹਥਿਆਰਬੰਦ ਸੰਘਰਸ਼ ਦੇ ਰਾਹ ਤੇ ਪੈ ਗਏ। ਪਿਛਲੇ ਪੰਜ ਸਾਲ ਵਿੱਚ ਦਿਨ ਰਾਤ ਇੱਕ ਕਰਕੇ ਉਸਾਰੀ ਗਈ ਮਹਾਨ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਬਾਕੀ ਜਨਤਕ ਜਥੇਬੰਦੀਆਂ ਵਾਂਗ ਹੀ ਬੇਲੋੜੀ ਕਰਾਰ ਦੇ ਕੇ ਲਾਵਾਰਸ ਛੱਡ ਗਏ, ਖਤਮ ਕਰ ਗਏ। 

ਅੰਤ ਵਿੱਚ ਅਸੀਂ ਦਾਅਵੇ ਨਾਲ ਇਹ ਕਹਿੰਦੇ ਹਾਂ ਕਿ 1963 ਤੋਂ ਸ਼ੁਰੂ ਹੋਈ 1968 ਤੱਕ ਦੀ ਇਤਿਹਾਸਕ ਵਿਦਿਆਰਥੀ ਲਹਿਰ ਸੀ.ਪੀ.ਆਈ.(ਐਮ) ਦੀ ਅਗਵਾਈ ਵਿੱਚ ਪਾਰਟੀ ਦੀ ਨੀਤੀ ਅਨੂਸਾਰ ਉਸਰੀ ਤੇ ਜਥੇਬੰਦ ਕੀਤੀ ਗਈ ਲਹਿਰ ਸੀ। ਇਹ ਨਕਸਲੀ ਵਿਚਾਰਧਾਰਾ ਵਾਲੀਆਂ ਪਾਰਟੀਆਂ, ਜਥੇਬੰਦੀਆਂ ਜਾਂ ਵਿਅਕਤੀਆਂ ਦੀ ਲਹਿਰ ਨਹੀਂ ਸੀ। ਹਕੀਕਤ ਤਾਂ ਇਹ ਹੈ ਕਿ ਨਕਸਲੀ ਵਿਚਾਰਧਾਰਾ ਵਾਲੀਆਂ ਧਿਰਾਂ ਅਤੇ ਵਿਅਕਤੀਆਂ ਨੇ ਇਸ ਮਹਾਨ ਅਤੇ ਇਤਿਹਾਸਕ ਜਥੇਬੰਦੀ ਪੰਜਾਬ ਸਟੂਡੈਂਟਸ਼ ਯੂਨੀਅਨ ਨੂੰ ਖਤਮ ਕਰ ਦਿੱਤਾ। 

ਸੀ.ਪੀ.ਆਈ.(ਐਮ) ਨੇ 1969-70 ਵਿੱਚ ਮੁੜ ਕੋਸ਼ਿਸ਼ ਕਰਕੇ ਦਸੰਬਰ-1970 ਇਸ ਜਥੇਬੰਦੀ ਨੂੰ ਮੁੜ ਜਥੇਬੰਦ ਕੀਤਾ। ਇਨ੍ਹਾਂ ਸ਼ਬਦਾਂ ਨਾਲ ਅਸੀਂ ਕਾਮਰੇਡ ਦਰਸ਼ਨ ਸਿੰਘ ਬਾਗੀ ਨੂੰ ਪੰਜਾਬ ਦੀ ਇਨਕਲਾਬੀ, ਜਮਹੂਰੀ ਅਤੇ ਮਾਰਕਸਵਾਦੀ ਵਿਦਿਆਰਥੀ ਲਹਿਰ ਵਿੱਚ ਪਾਏ ਗਏ ਇਤਿਹਾਸਕ ਯੋਗਦਾਨ ਲਈ ਯਾਦ ਕਰਦੇ ਹਾਂ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਹਾਂ। 

ਲੇਖਕ:ਕਾਮਰੇਡ ਲਹਿੰਬਰ ਸਿੰਘ ਤੱਗੜ//ਮੋਬਾਇਲ ਨੰ: 94635-42023//ਚੰਡੀਗੜ੍ਹ