Monday, May 29, 2023

ਭਲਵਾਨ ਧੀਆਂ 'ਤੇ ਹੋਏ ਜਬਰ ਵਿਰੁੱਧ ਸੀਪੀਆਈ ਲੁਧਿਆਣਾ ਵੀ ਸੜਕਾਂ ਤੇ ਉਤਰੀ

Monday 29th May 2023 at 11:45 AM 

ਕਚਹਿਰੀ ਅਤੇ ਕਮਿਸ਼ਨਰ ਦਫਤਰ ਸਾਹਮਣੇ ਵੀ ਰੋਸ ਵਿਖਾਵਾ ਕੀਤਾ 


ਲੁਧਿਆਣਾ
: 29 ਮਈ 2023: (ਐਮ ਐਸ ਭਾਟੀਆ//ਗੁਰਮੇਲ ਸਿੰਘ ਮੈਲਡੇ//ਕਾਮਰੇਡ ਸਕਰੀਨ ਡੈਸਕ)::

ਭਲਵਾਨੀ ਦੇ ਖੇਤਰ ਵਿਚ ਦੁਨੀਆ ਭਰ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀਆਂ ਕੁੜੀਆਂ 'ਤੇ ਦਿੱਲੀ ਵਿੱਚ ਹੋਏ ਪੁਲਸੀਆ ਜਬਰ ਵਿਰੁੱਧ ਲੋਕ ਰੋਹ ਲਗਾਤਾਰ ਵੱਧ ਰਿਹਾ ਹੈ। ਇਸੇ ਸਿਲਸਿਲੇ ਵਿੱਚ ਸੀਪੀਆਈ ਖੁੱਲ੍ਹ ਕੇ ਮੈਦਾਨ ਵਿਚ ਹੈ। ਸੀਪੀਆਈ ਸ਼ਾਂਤਮਈ ਅਤੇ ਅਨੁਸ਼ਾਸਿਤ ਰੋਹ ਵਿਚ ਸੜਕਾਂ ਤੇ ਉਤਰ ਆਈ ਹੈ। ਲੁਧਿਆਣਾ ਵਿੱਚ ਵੀ ਇਹ ਰੋਹ ਦੇਖਿਆ ਗਿਆ ਰੇ ਅੰਮ੍ਰਿਤਸਰ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਵੀ। ਲੁਧਿਆਣਾ ਵਿਚ ਨਵੀਂ ਕਚਹਿਰੀ ਸਾਹਮਣੇ ਰੋਸ ਵਖਾਵ ਕਰਨ ਮਗਰੋਂ ਇੱਕ ਵਾਰ ਫੇਰ ਪੁਲਿਸ  ਕਮਿਸ਼ਨਰ ਦਫਤਰ ਦੇ ਬਾਹਰ ਪੰਡਤ ਦੇ ਟੀ ਸਟਾਲ ਵਿਖੇ ਵੀ ਰੋਸ ਵਖਾਵ ਕੀਤਾ ਹੈ ਜਿਸ ਵਿਚ ਰਾਹ ਚੋਣ ਲੰਘਦੇ ਲੋਕ ਵੀ ਸ਼ਾਮਿਲ ਹੁੰਦੇ ਰਹੇ। 

ਸੀਪੀਆ ਨੇ ਯਾਦ ਕਰਾਇਆ ਹੈ ਕਿ ਹੁਣ 28 ਮਈ ਨੂੰ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ, ਜਦੋਂ ਆਰ ਐੱਸ ਐੱਸ ਦੀ ਸਰਪ੍ਰਸਤੀ ਵਾਲੀ ਮੋਦੀ ਸਰਕਾਰ ਨੇ ਦਿੱਲੀ ’ਚ ਭਾਰਤੀ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਦੀਆਂ ਬੇਸ਼ਰਮੀ ਨਾਲ ਧੱਜੀਆਂ ਉਡਾਈਆਂ। ਇਹ ਗੱਲ ਗ੍ਰਿਫਤਾਰ ਕੀਤੀਆਂ ਮਹਿਲਾ ਭਲਵਾਨਾਂ ਅਤੇ ਉਨ੍ਹਾਂ ਦੀ ਹਮਾਇਤ ਕਰਨ ਵਾਲੇ ਹੋਰਨਾਂ ਨੂੰ ਰਿਹਾਅ ਕਰਨ ਦੀ ਮੰਗ ਕਰਨ ਵਾਲਿਆਂ ਨੇ ਕਹੀ। ਇਹ ਲੋਕ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੀ ਗਿਰਫਤਾਰੀ ਦੀ ਮੰਗ ਨੂੰ ਲੈ ਕੇ ਰੋਸ ਅਤੇ ਰੋਹ ਦਾ ਪ੍ਰਗਟਾਵਾ ਕਰ ਰਹੇ ਸਨ। ਸੀ ਪੀ ਆਈ ਜ਼ਿਲ੍ਹਾ ਲੁਧਿਆਣਾ ਵੱਲੋਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਬਰਾਬਰ ਜ਼ੁਲਮ ਦਾ ਇੱਕ ਨਵਾਂ ਅਧਿਆਏ ਲਿਖਿਆ ਗਿਆ ਹੈ। ਜਿਸ ਸਮੇਂ ਪ੍ਰਧਾਨ ਮੰਤਰੀ ਪਾਰਲੀਮੈਂਟ ਦੀ ਨਵੀਂ ਇਮਾਰਤ ਦਾ ਉਦਘਾਟਨ ਕਰ ਰਹੇ ਸਨ, ਉਸ ਸਮੇਂ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀਆਂ ਮਹਿਲਾ ਭਲਵਾਨਾਂ ਨੂੰ ਸਰਕਾਰ ਦੇ ਹੁਕਮਾਂ ’ਤੇ ਪੁਲਸ ਨੇ ਜ਼ਬਰਦਸਤੀ ਘੜੀਸ ਕੇ ਗ੍ਰਿਫਤਾਰ ਕਰ ਲਿਆ। ਇਹ ਪੁਲਸੀਆ ਐਕਸ਼ ਸਰਕਾਰ ਦੀਆਂ ਫਾਸ਼ੀ ਨੀਤੀਆਂ ਨੂੰ ਇੱਕ ਵਾਰ ਫੇਰ ਸਾਹਮਣੇ ਲਿਆਇਆ ਹੈ। 

ਕਿੰਨੀ ਸ਼ਰਮ ਦੀ ਗੱਲ ਹੈ ਕਿ ਜਦੋਂ ਮੁਟਿਆਰਾਂ ਨੂੰ ਘਸੀਟ ਕੇ ਗ੍ਰਿਫਤਾਰ ਕੀਤਾ ਜਾ ਰਿਹਾ ਸੀ, ਉਸ ਸਮੇਂ ਅਪਰਾਧੀ ਬ੍ਰਿਜ ਭੂਸ਼ਣ ਸ਼ਰਣ ਸਿੰਘ ਨਵੀਂ ਪਾਰਲੀਮੈਂਟ ਵਿੱਚ ਬੈਠਾ ਸੀ। ਮੋਦੀ ਸਰਕਾਰ ਨੇ ਇਨਸਾਫ ਦੇਣ ਦੀ ਬਜਾਏ ਔਰਤਾਂ ’ਤੇ ਜ਼ੁਲਮ ਢਾਹਿਆ ਹੈ। ਮਹਿਲਾ ਭਲਵਾਨਾਂ ਨੂੰ ਜ਼ਬਰਦਸਤੀ ਖਿੱਚ ਕੇ ਗ੍ਰਿਫਤਾਰ ਕਰ ਲਿਆ। ਹਰਿਆਣਾ ਅਤੇ ਦਿੱਲੀ ਵਿੱਚ ਮਹਿਲਾ ਭਲਵਾਨਾਂ ਦੀ ਹਮਾਇਤ ਲਈ ਜਾਣ ਵਾਲੇ ਕਾਰਕੁਨਾਂ ਦੀਆਂ ਵੀ ਵੱਡੇ ਪੱਧਰ ’ਤੇ ਗਿ੍ਰਫਤਾਰੀਆਂ ਅਤਿ ਨਿੰਦਣਯੋਗ ਹਨ। ਇਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਫਾਸ਼ੀਵਾਦੀ ਪਹੁੰਚ ਦਾ ਪ੍ਰਤੀਬਿੰਬ ਹੈ। 

ਜਦੋਂ ਨਵੀਂ ਸੰਸਦ ਦਾ ਉਦਘਾਟਨ ਕੀਤਾ ਜਾ ਰਿਹਾ ਸੀ, ਉਹ ਸਮਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਚੁਣਿਆ ਗਿਆ। ਇਹ ਸਾਰਾ ਘਟਨਾਕ੍ਰਮ ਅਤੇ ਸਮਾਂ ਸਮਾਂ ਬਿਲਕਿਸ ਬਾਨੋ ਦੇ ਪਰਵਾਰ ਦੀ ਰਿਹਾਈ ਦੇ ਸਮਾਨ ਹੈ। ਹੁਣ ਸਮਾਂ ਆ ਗਿਆ ਹੈ ਕਿ ਰਾਸ਼ਟਰ ਕੇਂਦਰ ਦੀ ਫਾਸ਼ੀਵਾਦੀ ਸਰਕਾਰ ਦੇ ਨਾਪਾਕ ਮਨਸੂਬਿਆਂ ਨੂੰ ਸਮਝੇ, ਜੋ ਕਿਸੇ ਵੀ ਵਿਅਕਤੀ ਨੂੰ ਜੋ ਕਿ ਕੋਈ ਸਵਾਲ ਜਾਂ ਇਨਸਾਫ ਦੀ ਮੰਗ ਕਰਦਾ ਹੈ, ਨੂੰ ਕੁਚਲਣ ਲਈ ਤਿਆਰ ਹੈ। 

ਬੁਲਾਰਿਆਂ ਕਿਹਾ ਕਿ ਇਹ ਘਟਨਾਵਾਂ ਅੱਖਾਂ ਖੋਲ੍ਹਣ ਵਾਲੀਆਂ ਹਨ ਕਿ ਫਾਸ਼ੀਵਾਦੀ ਤਾਕਤਾਂ ਕਿਸੇ ਨੂੰ ਵੀ ਨਹੀਂ ਬਖਸ਼ਦੀਆਂ। ਪ੍ਰਧਾਨ ਮੰਤਰੀ ਨੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਵਾਰਾਂ ਪ੍ਰਤੀ ਕੋਈ ਹਮਦਰਦੀ ਨਹੀਂ ਸੀ ਦਿਖਾਈ ਅਤੇ ਨਾ ਹੀ ਉਨ੍ਹਾ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੀ ਹੱਤਿਆ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦੁਆਰਾ ਕਤਲ ਕੀਤੇ ਗਏ ਲੋਕਾਂ ਲਈ ਇੱਕ ਸ਼ਬਦ ਵੀ ਬੋਲਿਆ। ਬੁਲਾਰਿਆਂ ਕਿਹਾ ਕਿ ਸੰਵਿਧਾਨ ਨੂੰ ਬਚਾਉਣ ਲਈ ਮੋਦੀ ਸਰਕਾਰ ਨੂੰ ਜੜ੍ਹੋਂ ਉਖਾੜਨਾ ਜ਼ਰੂਰੀ ਹੈ। ਇਸ ਮੌਕੇ ਜ਼ੁਲਮ ਦੇ ਪ੍ਰਤੀਕ ਮੋਦੀ ਦਾ ਪੁਤਲਾ ਫੂਕਿਆ ਗਿਆ। 

ਸੰਬੋਧਨ ਕਰਨ ਵਾਲਿਆਂ ਵਿੱਚ ਡੀ ਪੀ ਮੌੜ, ਚਮਕੌਰ ਸਿੰਘ, ਐੱਮ ਐੱਸ ਭਾਟੀਆ, ਰਮੇਸ਼ ਰਤਨ, ਵਿਜੇ ਕੁਮਾਰ, ਕੇਵਲ ਸਿੰਘ ਬਨਵੈਤ, ਚਰਨ ਸਰਾਭਾ, ਗੁਰਮੇਲ ਮੈਲਡੇ, ਭਗਵਾਨ ਸਿੰਘ, ਡ. ਗੁਲਜ਼ਾਰ ਪੰਧੇਰ ਸ਼ਾਮਲ ਸਨ। ਪ੍ਰਦਰਸ਼ਨ ਵਿਚ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਪੰਧੇਰ ਖੇੜੀ, ਗੁਰਮੇਲ ਸਿੰਘ ਮੇਹਲੀ, ਹਰਜਿੰਦਰ ਸਿੰਘ ਸੀਲੋਂ, ਮਨਜੀਤ ਸਿੰਘ ਮੁੱਲਾਂਪਰ, ਵਿਨੋਦ ਕੁਮਾਰ, ਕਾਮੇਸ਼ਵਰ ਯਾਦਵ, ਕੁਲਵੰਤ ਕੌਰ, ਅਵਤਾਰ ਛਿੱਬੜ, ਸਰੋਜ ਕੁਮਾਰ ਅਤੇ ਮਲਕੀਤ ਸਿੰਘ ਮਾਲੜਾ ਆਦਿ ਹਾਜ਼ਰ ਸਨ। ਰਾਹਤ ਇੰਦੌਰੀ ਵੱਜੋਂ ਮਸ਼ਹੂਰ ਹੋਏ ਸ਼ਾਇਰ ਸ਼ਫੀਕ, ਪੰਜਾਬੀ ਭਵਨ ਵਿੱਚ ਹਰ ਮਾਮਲੇ ਤੇ ਖੁੱਲ੍ਹੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੇ ਬਾਪੂ ਬਲਕੌਰ ਸਿੰਘ ਗਿੱਲ, ਸਰਕਾਰਾਂ 'ਤੇ ਵਿਗਿਆਨੀਆਂ ਨਾਲ ਹੁੰਦੀਆਂ ਆ ਰਹੀਆਂ ਬੇਇਨਸਾਫੀਆਂ ਦੇ ਗੰਭੀਰ ਦੋਸ਼ ਲਾਉਣ ਵਾਲੇ ਸਾਇੰਸਦਾਨ ਡਾਕਟਰ ਬਲਵਿੰਦਰ ਔਲਖ, ਕਾਮਰੇਡ ਚਮਕੌਰ ਸਿੰਘ ਅਤੇ ਕਈ ਹੋਰ ਸਰਗਰਮ ਖੱਬੇਪੱਖੀ ਸ਼ਾਮਲ ਸਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Wednesday, May 24, 2023

ਲੁਧਿਆਣਾ ਦੇ ਸਫਾਈ ਸੇਵਕਾਂ ਦੀਆਂ ਮੰਗਾਂ ਮਨਜ਼ੂਰ

ਕਰਮਚਾਰੀ ਸੰਯੁਕਤ ਕਮੇਟੀ ਨੇ ਕੀਤਾ ਕਮਿਸ਼ਨਰ ਮੈਡਮ ਦਾ ਧੰਨਵਾਦ 

ਲੁਧਿਆਣਾ: 24 ਮਈ 2023: (ਰਾਜੇਸ਼ ਕੁਮਾਰ//ਕਾਮਰੇਡ ਸਕਰੀਨ ਡੈਸਕ ):: 

ਸਫਾਈ ਦੀਆਂ ਡਿਊਟੀਆਂ ਨਿਭਾਉਂਦਿਆਂ ਬਹੁਤ ਸਾਰੇ ਕਰਮਚਾਰੀ ਜਾਂ ਤਾਂ ਮੌਤ ਦੇ ਮੂੰਹ ਵਿਚ ਪਹੁੰਚ ਜਾਂਦੇ ਹਨ ਤੇ ਜਾਂ ਫਿਰ ਕਿਸੇ ਨ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਕੇ ਉਮਰ ਭਰ ਲਈ ਅਪਾਹਜ ਵਾਂਗ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੋ ਜਾਂਦੇ ਹਨ। ਗੱਟਰ ਵਿਚਲੀਆਂ ਗੈਸਾਂ ਅਤੇ ਗੱਟਰ ਵਿੱਚ ਅਚਾਨਕ ਹੀ ਬਿਨਾ ਕਿਸੇ ਅਗੋਂ ਸੂਚਨਾ ਦੇ ਛੱਡੇ ਜਾਂਦੇ ਗਰਮ ਪਾਣੀ ਨਾਲ ਬਹੁਤ ਸਾਰੇ ਹਾਦਸੇ ਹੋ ਚੁੱਕੇ ਹਨ। ਏਨੀ ਮੁਸ਼ਕਲਾਂ ਭਰੀ ਜ਼ਿੰਦਗੀ ਦੇ ਬਾਵਜੂਦ ਕਦੇ ਉਹਨਾਂ ਨੂੰ ਤਨਖਾਹਾਂ ਪੂਰੀਆਂ ਨਹੀਂ ਮਿਲਦੀਆਂ ਅਤੇ ਕਦੇ ਸਮੇਂ ਸਿਰ ਨਹੀਂ ਮਿਲਦੀਆਂ। ਇਹਨਾਂ ਦੀਆਂ ਮੰਗਾਂ ਅਤੇ ਅਧਿਕਾਰਾਂ ਲਈ ਲੜਨ ਵਾਲੇ ਲੀਡਰ ਇੱਕ ਵਾਰ ਫੇਰ ਮੈਦਾਨ ਵਿਚ ਹਨ। ਅੱਜ ਨਵੀਆਂ ਜਿੱਤਾਂ ਦੀ ਜਾਣਕਾਰੀ ਵੀ ਮਿਲੀ ਹੈ ਜਿਸ ਨਾਲ ਅਗਲੇ ਸੰਘਰਸ਼ ਵੀ ਤਿੱਖੇ ਹੋਣਗੇ। 

ਮਿਊਂਸੀਪਲ ਕਰਮਚਾਰੀ ਸੰਯੁਕਤ ਕਮੇਟੀ ਨਗਰ ਨਿਗਮ ਲੁਧਿਆਣਾ ਵਲੋਂ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਜੀ  ਕਾਮਰੇਡ ਗੁਰਜੀਤ ਜਗਪਾਲ ਸਿੰਘ ਦੀ ਅਗਵਾਈ ਹੇਠ ਵਫਦ ਸ੍ਰੀਮਤੀ ਸ਼ੈਨਾ ਅਗਰਵਾਲ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੂੰ  ਮਿਲਿਆ।  ਇਸ ਮੌਕੇ ਤੇ ਕਾਮਰੇਡ ਵਿਜੈ ਕੁਮਾਰ ਜੀ ਨੇ ਕਿਹਾ ਕੀ ਜੋ ਮਤਾ ਨੰਬਰ 393/394 ਮਿਤੀ 4/10/2022 ਸਰਕਾਰ ਨੂੰ ਭੇਜਿਆ ਗਿਆ ਸੀ ਜਿਸ ਵਿਚ ਸਫਾਈ ਸੇਵਕ / ਸੀਵਰਮੈਨ ਰੈਗੁਲਰ ਕਿਤੇ ਕਰਮਚਾਰੀ ਦੀ ਤਨਖਾਹ ਰੁਕੀ ਹੋਈ ਸੀ ਉਹ ਮਤਾ ਪਾਸ ਹੋ ਗਿਆ ਹੈ। 

ਮੈਡਮ ਕਮਿਸ਼ਨਰ ਨੇ ਮੌਕੇ ਤੇ ਹੀ ਹੈਲਥ ਅਫਸਰ,DCFA ਨੂੰ ਹਦਾਇਤ ਕੀਤੀ ਹੈ ਕਿ ਸਫ਼ਾਈ ਸੇਵਕ ਸੀਵਰਮੈਨ ਜੋ ਕੁੱਲ ਗਿਣਤੀ 3589 ਮੁਲਾਜ਼ਮਾਂ  ਦੀ ਪੁਲਿਸ ਵੈਰੀਫਿਕੇਸ਼ਨ ਹੋ ਗਈ ਹੈ ਉਨ੍ਹਾਂ ਮੁਲਾਜਮਾਂ ਦੀ ਤਨਖਾਹ 18000 ਰੁਪਏ ਦੇ ਅਨੁਸਾਰ ਪਾਈਆਂ ਜਾਣ ਅਤੇ ਇਸ ਦੇ ਨਾਲ ਹੀ 28 ਡਰਾਈਵਰ ਦੀ ਜੋ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਤਨਖਾਹਾਂ ਰੁਕੀਆਂ ਹੋਈਆਂ ਹਨ ਉਨ੍ਹਾਂ ਦਾ ਬਿੱਲ ਬਣਾ ਕੇ ਅੱਜ ਦੀ ਤਨਖਾਹ ਜਾਰੀ ਕੀਤੀ ਜਾਵੇ।  ਇਸਦੇ ਨਾਲ ਹੀ ਜਿਨ੍ਹਾਂ ਮੁਲਾਜ਼ਮਾਂ ਦੀ IHRMS ਦੇ ਕਾਰਨ ਤਨਖਾਹਾਂ ਰਹਿ ਗਈ ਹੈ ਉਹਨਾਂ ਦੀ ਤਨਖਾਹ ਅੱਜ  ਪਾਈ ਜਾਵੇ ਸੰਯੁਕਤ  ਕਮੇਟੀ ਨੇ ਮੈਡਮ ਕਮਿਸ਼ਨਰ ਦਾ ਧੰਨਵਾਦ ਕੀਤਾ। 

ਸੰਯੁਕਤ ਕਮੇਟੀ ਨੇ ਮੈਡਮ ਕਮਿਸ਼ਨਰ ਨੂੰ ਕਿਹਾ ਕਿ ਜੋ ਓ ਐਂਡ ਐਮ ਸੈੱਲ ਦਾ  ਵਿਭਾਗ ਵਰਲਡ ਬੈਂਕ  ਦੀ ਕੰਪਨੀ ਦੇ ਹੈਡ ਓਵਰ ਕਰ ਰਹੇ ਹਨ ਉਹਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਨੋਕਰੀ SAFE ਰੱਖਣ ਲਈ   ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਓਹਨਾ ਸ਼ਰਤਾਂ ਦੀ ਤਫਤੀਸ਼ ਬਨਾਈ ਜਾ ਰਹੀ ਹੈ 

ਇਸ ਮੌਕੇ ਤੇ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਜੀ, ਕਾਮਰੇਡ ਗੁਰਜੀਤ ਜਗਪਾਲ ਸਿੰਘ, ਕਾਮਰੇਡ ਸ਼ਾਮ ਲਾਲ ਜੀ, ਕਾਮਰੇਡ ਪ੍ਰੀਤਮ, ਕਾਮਰੇਡ ਬਲਜੀਤ ਸੁਪਰਵਾਈਜ਼ਰ, ਕਾਮਰੇਡ ਮਹੀਂਪਾਲ ਜੀ, ਅਸ਼ੋਕ ਕੁਮਾਰ, ਵਰਿੰਦਰ ਕੁਮਾਰ, ਅਮਨ ਕੁਮਾਰ, ਜਗਦੀਸ਼, ਰਾਜੇਸ਼ ਕੁਮਾਰ ਆਦਿ ਸ਼ਾਮਲ ਸਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, May 15, 2023

ਸ਼ਹੀਦ ਗੁਰਮੇਲ ਨੂੰ ਸ਼ਰਧਾਂਜਲੀ ਦੇਣ ਲਈ ਇਸ ਵਾਰ ਵੀ ਲੋਕ ਵਹੀਰਾਂ ਘਤ ਕੇ ਪਹੁੰਚੇ

ਸਿਆਸੀ ਲੀਡਰਾਂ ਦੇ ਨਾਲ ਨਾਲ ਲੇਖਕ, ਪੱਤਰਕਾਰ, ਕਲਾਕਾਰ ਵੀ ਪੁੱਜੇ 


ਪੰਧੇਰਖੇੜੀ
(ਲੁਧਿਆਣਾ): 14 ਮਈ 2023: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ)::

ਲੋਕ-ਇਨਕਲਾਬ ਦੀ ਲੜਾਈ ਲੜਦਿਆਂ ਜਦੋਂ ਫਿਰਕੂ ਅਨਸਰਾਂ ਨੇ ਜਦੋਂ ਆਮ ਲੋਕਾਂ ਨੂੰ ਵੀ ਡਰਾਉਣਾ ਧਮਕਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਖਿਲਾਫ ਉੱਠਣ ਵਾਲਿਆਂ ਵਿੱਚ ਕਾਮਰੇਡ ਗੁਰਮੇਲ ਹੂੰਝਣ ਵੀ ਸੀ। ਖਤਰਿਆਂ ਦੇ ਬਾਵਜੂਦ ਉਸਨੇ ਆਮ ਲੋਕਾਂ ਵਿਚ  ਵਿਚਰਨਾ ਨਹੀਂ ਸੀ ਛੱਡਿਆ। ਧਮਕੀਆਂ ਨੂੰ ਉਸਨੇ ਟਿੱਚ ਸਮਝਿਆ ਸੀ। ਹਿੰਸਕ ਵਾਰਦਾਤਾਂ ਦੀ ਹਨੇਰੀ ਉਸਨੂੰ ਆਮ ਲੋਕਾਂ ਨਾਲ ਮਿਲਣ ਗਿਲਣ ਤੋਂ ਰੋਕ ਨਹੀਂ ਸੀ ਸਕੀ। ਇਹ ਉਸਦੀ ਆਪਣੇ ਵਿਲੱਖਣ ਅੰਦਾਜ਼ ਵਿੱਚ ਹੀ ਉਹਨਾਂ ਵੇਲਿਆਂ ਵਿੱਚ ਵੀ ਇੱਕ ਜਨ ਸੰਪਰਕ ਮੁਹਿੰਮ ਹੀ ਸੀ। ਅਜਿਹੀ ਜਨਸੰਪਰਕ ਮੁਹਿੰਮ ਜਿਸ ਲਈ ਨਾ ਪਾਰਟੀ ਦੀ ਸੂਬਾ ਹਾਈ ਕਮਾਨ ਨੇ ਕੋਈ ਮਤਾ ਜਾਂ ਪ੍ਰੋਗਰਾਮ ਭੇਜਿਆ ਸੀ ਤੇ ਨਾ ਹੀ ਕੌਮੀ ਹਾਈ ਕਮਾਨ ਨੇ। ਉਦੋਂ ਗੁਰਮੇਲ ਵਰਗੇ ਬਹਾਦਰ ਸਾਥੀਆਂ ਕਾਰਨ ਹੀ ਭਾਰਤੀ ਕਮਿਊਨਿਸਟ ਪਾਰਟੀ ਵੀ ਆਮ ਲੋਕਾਂ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਸੀ। 

ਇਸ ਹਕੀਕਤ ਦੇ ਬਾਵਜੂਦ ਪਾਰਟੀ ਨਾਲ ਜੁੜੇ ਸਾਥੀਆਂ ਨੂੰ ਕਦਮ ਕਦਮ ਤੇ ਖਤਰਾ ਸੀ। ਡਾਕਟਰ ਜਗਤਾਰ ਹੁਰਾਂ ਦੀਆਂ ਸਤਰਾਂ ਚੇਤੇ ਆ ਰਹੀਆਂ ਹਨ:

ਹਰ ਮੋੜ 'ਤੇ ਸਲੀਬਾਂ, ਹਰ ਪੈਰ ਤੇ ਹਨੇਰਾ 

ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ!

ਇਸੇ ਬੇਖੌਫ਼ੀ ਅਤੇ ਬੇਪਰਵਾਹੀ ਵਾਲੀ ਮੁਸਕਰਾਹਟ ਵੰਡਦਾ ਗੁਰਮੇਲ ਹਰ ਰੋਜ਼ ਸਵੇਰ ਸਾਰ  ਹੀ ਘਰੋਂ ਨਿਕਲਦਾ ਅਤੇ  ਆਪਣੇ ਪਹਿਲਾਂ ਤੋਂ ਹੀ ਉਲੀਕੇ ਜਾਂ ਬਣੇ ਬਣਾਏ ਪ੍ਰੋਗਰਾਮ ਮੁਤਾਬਿਕ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਗਿਲਦਾ। ਇਹਨਾਂ ਵਿੱਚ ਟੀਵੀ, ਫਰਿੱਜ ਅਤੇ ਬਿਜਲੀ ਦੇ ਹੋਰ ਸਾਜ਼ੋ ਸਾਮਾਨ ਵੇਚਣ ਵਾਲੀ ਦੁਕਾਨ ਚਲਾਉਂਦਾ ਮੰਡੀ ਅਹਿਮਦਗੜ੍ਹ ਵਾਲਾ ਜਤਿੰਦਰ ਭੋਲਾ ਵੀ ਸੀ। ਇਹ ਦੁਕਾਨ ਛਪਾਰ ਰੋਡ 'ਤੇ ਸਥਿਤ ਸੀ। ਅਕਸਰ ਇਸ ਦੁਕਾਨ ਵਿੱਚ ਗੁਰਮੇਲ ਹੁਰਾਂ ਦਾ ਸਤਿਸੰਗ ਜੁੜਿਆ ਕਰਦਾ ਸੀ ਜਿਸ ਵਿਚ ਉਹਨਾਂ ਵੇਲਿਆਂ ਦੇ ਸੱਚ ਦੀ ਚਰਚਾ ਹੁੰਦੀ ਸੀ। । 

ਗੁਰਮੇਲ ਹੁਰਾਂ ਦੇ ਮਿੱਤਰਾਂ ਵਿੱਚ ਹੀ ਮੰਡੀ ਅਹਿਮਦਗੜ੍ਹ ਦੀ ਛਪਾਰ ਰੋਡ 'ਤੇ ਹੀ ਟਰੈਕਟਰ ਪਾਰਟਸ ਵੇਚਣ ਦੀ ਦੁਕਾਨ ਚਲਾਉਣ ਦੇ ਨਾਲ ਪੱਤਰਕਾਰੀ ਕਰਨ ਵਾਲਾ ਪਵਨ ਗੁਪਤਾ ਵੀ ਸੀ। ਇਸੇ ਦੁਕਾਨ ਦੇ ਸਾਹਮਣੇ ਚੱਲਦੀ ਪ੍ਰਿੰਟਿੰਗ ਪ੍ਰੈਸ ਦਾ ਸੰਚਾਲਕ ਤੇਜਿੰਦਰ ਬਿੰਝੀ ਵੀ ਸੀ। ਬਹੁਤ ਸਾਰੇ ਹੋਰ ਲੋਕ ਵੀ ਉਸਨੂੰ ਚਾਹੁਣ ਵਾਲੇ ਸਨ। ਦਿਲਚਸਪ ਗੱਲ ਇਹ ਹੈ ਕਿ ਇਹਨਾਂ ਵਿੱਚ ਗੈਰ ਕਮਿਊਨਿਸਟ ਅਤੇ ਵਿਚਾਰਧਾਰਕ ਵਖਰੇਵਿਆਂ ਵਾਲੇ ਲੋਕ ਅਕਸਰ ਜ਼ਿਆਦਾ ਹੁੰਦੇ। ਇਹਨਾਂ ਨਾਲ ਮਿਲਣਾ ਗਿਲਣਾ ਅਸਲ ਵਿੱਚ ਨੁੱਕੜ ਮੀਟਿੰਗਾਂ ਵਰਗਾ ਅਸਰ ਹੀ ਛੱਡ ਰਿਹਾ ਸੀ। 

ਬਿਜਲੀ ਵਾਲਾ ਜਤਿੰਦਰ ਭੋਲਾ ਉਸਦੀ ਜਗਾਈ ਚੇਤਨਾ ਦੇ ਸਿੱਟੇ ਵੱਜੋਂ ਹੀ ਇੱਕ ਦਿਨ ਨਗਰਪਾਲਿਕਾ ਦਾ ਕੌਂਸਲਰ ਮੈਂਬਰ ਵੀ ਬਣਿਆ ਅਤੇ ਫਿਰ ਸ਼ਾਇਦ ਪ੍ਰਧਾਨ ਵੀ। ਇਸੇ ਤਰ੍ਹਾਂ ਪਵਨ ਗੁਪਤਾ ਵਿਚ ਏਨੀ ਜਾਗ੍ਰਤੀ ਅਤੇ ਹਿੰਮਤ ਆ ਗਈ ਕਿ ਉਹ ਨਾ ਵਡੇ ਅਫਸਰ ਦਾ ਲਿਹਾਜ਼ ਕਰਿਆ ਕਰੇ ਅਤੇ ਨਾ ਹੀ ਕਿਸੇ ਲੀਡਰ ਦਾ। ਸੁਆਲ ਪੁੱਛਣ ਲੱਗਿਆਂ ਉਹ ਸਾਹਮਣੇ ਵਾਲੇ ਨੂੰ ਪਸੀਨੇ ਲਿਆ ਦੇਂਦਾ ਸੀ। ਇਲਾਕਾ ਹੈਰਾਨ ਸੀ ਇਹ ਪੱਤਰਕਾਰ ਏਨੇ ਤਿੱਖੇ ਸੁਆਲ ਕਿਵੇਂ ਪੁੱਛ ਲੈਂਦੈ? 

ਇਸ ਸਾਰੇ ਘਟਨਾਕ੍ਰਮਨੂੰ ਦੇਖਦਿਆਂ ਅਸੀਂ ਸਾਰੇ ਖੁਸ਼ ਵੀ ਸਾਂ ਪਰ ਹੋਣੀ ਆਪਣੀਆਂ ਚਾਲਾਂ ਚੱਲ ਰਹੀ ਸੀ ਜਿਹਨਾਂ ਨੂੰ ਸਮੇਂ ਸਿਰ ਦੇਖਣ ਵਿਚ ਅਸੀਂ ਨਾਕਾਮ ਰਹੇ। ਕਤਲਾਂ ਨੂੰ ਆਏ ਦਿਨ ਸਕੋਰ ਦਸ ਕੇ ਵਧਾਉਂਦੇ ਆ ਰਹੇ ਕਾਤਲ ਟੋਲਿਆਂ ਦੇ ਮੈਂਬਰ ਲਗਾਤਾਰ ਨੇੜੇ ਹੀ ਨੇੜੇ ਹੁੰਦੇ ਆ ਰਹੇ ਸਨ। ਉਹਨਾਂ ਦੇ ਸੂਹੀਏ ਸ਼ਾਇਦ ਸਾਡੇ ਸਰਕਲਾਂ ਨਾਲੋਂ ਵਧੇਰੇ ਸਨ। ਕਾਮਰੇਡ ਗੁਰਮੇਲ ਦੀ ਇੱਕ ਪਹਿਲਕਦਮੀ ਅਤੇ ਪ੍ਰੋਗਰਾਮ ਦਾ ਪੂਰਾ ਬਿਓਰਾ ਉਹਨਾਂ ਕੋਲ ਪਹੁੰਚ ਰਿਹਾ ਸੀ। ਇੱਕ ਦਿਨ ਇਹਨਾਂ ਕਾਲੇ ਦਿਨਾਂ ਦੇ ਦੌਰ ਨੇ ਹੀ ਸਾਡਾ ਹਰਮਨ ਪਿਆਰਾ ਗੁਰਮੇਲ ਸਾਡੇ ਕੋਲੋਂ ਖੋਹ ਲਿਆ। 

ਉਸਨੇ ਲੋਕਾਂ ਦੇ ਭਲੇ ਹਿੱਤ ਲੜਦਿਆਂ ਆਪਣੀ ਜਾਨ ਵਾਰ ਦਿੱਤੀ। ਉਸ ਸ਼ਹੀਦੀ ਅਸਥਾਨ ਤੇ ਹੁਣ ਬਹੁਤ ਹੀ ਸ਼ਾਨਦਾਰ ਸ਼ਹੀਦੀ ਲਾਟ ਸੁਸ਼ੋਭਿਤ ਹੈ ਜਿਥੇ ਹਰ ਸਾਲ ਭਰਵਾਂ ਮੇਲਾ ਲੱਗਦਾ ਹੈ। ਲੋਕ ਬੜੇ ਅਦਬ ਨਾਲ ਆਪਣਾ ਸਿਰ ਝੁਕਾਉਂਦੇ ਹਨ ਅਤੇ ਉਥੋਂ ਦੀ  ਦੀ ਮਿੱਟੀ ਨੂੰ ਮੱਥੇ ਤੇ ਲਾ ਕੇ ਕਾਮਨਾ ਕਰਦੇ ਹਨ ਕਿ ਸਾਡੇ ਸਭਨਾਂ ਦੇ ਅੰਦਰ ਵੀ ਇਹ ਜੇਰਾ ਹਮੇਸ਼ਾਂ ਬਣਿਆ ਰਹੇ। ਇਸ ਵਾਰ ਵੀ ਬਰਸੀ ਮੌਕੇ ਜੋਸ਼ੀਲਾ ਸਮਾਗਮ ਆਯੋਜਿਤ ਹੋਇਆ ਜਿਸ ਵਿੱਚ ਕਾਮਰੇਡ ਹਰਦੇਵ ਅਰਸ਼ੀ, ਕਾਮਰੇਡ ਡੀ ਪੀ ਮੌੜ, ਡਾਕਟਰ ਅਰੁਣ ਮਿੱਤਰਾ, ਡਾਕਟਰ ਗੁਲਜ਼ਾਰ ਪੰਧੇਰ ਅਤੇ ਕਾਮਰੇਡ ਐਮ ਐਸ ਭਾਟੀਆ ਵੀ ਉਚੇਚ ਨਾਲ ਪੁੱਜੇ। ਕਾਮਰੇਡ ਗੁਰਨਾਮ ਸਿੱਧੂ ਦੀ ਪਤਨੀ ਅਤੇ ਇਸਤਰੀ ਸਭਾ ਭ ਦੀ ਜੁਝਾਰੂ ਲੀਡਰ ਕੁਲਵੰਤ ਵੀ ਆਪਣੀਆਂ ਸਾਥਣਾਂ ਨਾਲ ਪੁੱਜੀ ਹੋਈ ਸੀ। 

ਦੂਰ ਦੁਰਾਡੇ ਇਲਾਕਿਆਂ ਵਿੱਚੋਂ ਬਸਾਂ, ਮਿੰਨੀ ਬਸਾਂ ਅਤੇ ਟੈਂਪੂ ਟਰੱਕ ਵਗੈਰਾ ਉਹਨਾਂ ਲੋਕਾਂ ਨਾਲ ਭਰ ਕੇ ਆਏ ਹੋਏ ਸਨ ਜਿਹੜੇ ਅੱਜ ਵੀ ਉਸੇ ਸੋਚ ਨੂੰ ਪ੍ਰਣਾਏ ਹੋਏ ਹਨ ਜਿਸ ਸੋਚ ਦਾ ਸੂਰਜ ਕਾਮਰੇਡ ਗੁਰਮੇਲ ਦੇ ਮੱਥੇ ਵਿੱਚ ਰੌਸ਼ਨੀ ਵੰਡਦਾ ਸੀ। ਸਥਿਰੀ ਜੰਗ ਵਰਗੀ ਸੀ। ਇੱਕ ਅਜਿਹੀ ਜੰਗ ਜਿਹੜੀ ਆਮ ਕਿਰਤੀ ਲੋਕਾਂ ਨੇ ਕਦੇ ਨਹੀਂ ਸੀ ਚਾਹੀ। ਪਰ ਲੜਨਾ ਵੀ ਜ਼ਰੂਰੀ ਸੀ। ਹੋਰ ਕੋਈ ਚਾਰ ਹੀ ਨਹੀਂ ਸੀ ਬਚਿਆ। ਪਾਸ਼ ਦੀਆਂ ਸਤਰਾਂ ਸੱਚ ਸਾਬਿਤ ਹੋ ਰਹੀਆਂ ਸਨ-ਅਸੀਂ ਲੜਾਂਗੇ ਸਾਥ!

ਜਦੋਂ ਬੂਹੇ ਲੱਗੀ ਜੰਗ ਹੋਵੇ,ਸਿਰਾਂ ਦੀ ਵੀ ਮੰਗ ਹੋਵੇ

ਲੁਕਦੇ ਲੁਕਾਉਂਦੇ ਉਦੋਂ ਹੋਰ ਹੁੰਦੇ ਨੇ!

ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ;

ਉਦੋਂ ਜੰਗ ਵਿਚ ਜਾਣ ਵਾਲੇ ਹੋਰ ਹੁੰਦੇ ਨੇ!

ਅਮਰ ਸ਼ਹੀਦ ਕਾਮਰੇਡ ਗੁਰਮੇਲ ਹੂੰਝਣ ਨੂੰ ਆਪਣੀ ਸ਼ਹਾਦਤ ਵਾਲੀ ਇਸ ਹੋਣੀ ਦਾ ਪਤਾ ਵੀ ਸੀ। ਉਹ ਚਾਹੁੰਦਾ ਤਾਂ ਬਚ ਵੀ ਸਕਦਾ ਸੀ। ਉਸਨੂੰ ਪੁਲਿਸ ਅਤੇ ਪ੍ਰਸ਼ਾਸਨ ਨੇ ਵੀ ਸਲਾਹ ਦਿੱਤੀ ਹੋਈ ਸੀ ਕਿ ਚਾਰ ਪੰਜ ਦਿਨ ਘਰੇ ਨਾ ਵੜੀਂ ਤੈਨੂੰ ਮਾਰਨ ਵਾਲਾ ਕਾਤਲੀ ਟੋਲਾ ਆਪਣੇ ਘੁਰਨੇ ਵਿੱਚੋਂ ਨਿਕਲ ਚੁੱਕਿਆ ਹੈ। ਅਸੀਂ ਪੈੜ ਵੀ ਲਭ ਲਈ ਹੈ ਬਹੁਤ ਜਲਦੀ ਨੱਪ ਵੀ ਲਵਾਂਗੇ ਪਰ ਇਹ ਚਾਰ ਕੂ ਦਿਨ ਔਖੇ ਹਨ ਜ਼ਰਾ ਬਚ ਕੇ ਰਹੀਂ। 

ਕਾਮਰੇਡ ਗੁਰਮੇਲ ਨੇ ਇਹ ਚੇਤਾਵਨੀ ਅਣਸੁਣੀ ਕਰ ਛੱਡੀ। ਉਹ ਆਖ਼ਿਰੀ ਸਾਹਾਂ ਤੀਕ ਬੇਖੌਫ਼ੀ ਨਾਲ ਵਿਚਰਿਆ। ਇਸਦੇ ਬਾਵਜੂਦ ਗੁਰਮੇਲ ਹੂੰਝਣ ਨਿਡਰ ਵੀ ਰਿਹਾ, ਬੇਬਾਕ ਅਤੇ ਬੇਪਰਵਾਹ ਵੀ। ਅਸਲ ਵਿੱਚ ਉਸਦਾ ਯਕੀਨ ਵੀ ਸੀ ਕਿ ਇਹ ਜੰਗਲ ਮੇਰੇ ਲੋਕਾਂ ਦਾ ਹੈ ਜਿਸ ਦੇ ਭਲੇ ਲਈ ਅਸੀਂ ਉਮਰਾਂ ਲਾਈਆਂ ਹਨ। ਲੋਕਾਂ ਦੇ ਇਸ ਅਜਿੱਤ ਇਸ ਕਿਲੇ ਵਿਚ ਕਿਹੜਾ ਮਾਈ ਦਾ ਲਾਲ ਆ ਜਾਊ? ਬਸ ਏਥੇ ਹੀ ਸ਼ਾਇਦ ਗਲਤੀ ਲੱਗ ਗਈ ਸੀ। ਦਨਦਨਾਉਂਦੇ ਫਿਰਦੇ ਕਾਤਲੀ ਟੋਲਿਆਂ ਸਾਹਮਣੇ ਵਿਚਾਰੇ ਲੋਕ ਵੀ ਬੇਬਸ ਜਿਹੇ ਹੋਏ ਪਏ ਸਨ। ਉਹ ਗੁਰਮੇਲ ਦੇ ਨਿਹਚੇ ਤੇ ਪੂਰੇ ਨਹੀਂ ਸਨ ਉਤਰ ਸਕੇ। 

ਕਾਤਲ ਇਕੱਠੇ ਹੋ ਕੇ ਜਦੋਂ ਪਿੰਡ ਵਿਚ ਆਏ ਤਾਂ ਇੱਕ ਨੇੜਲੇ ਧਾਰਮਿਕ ਅਸਥਾਨ ਤੋਂ ਅਚਾਨਕ ਹੀ ਕਿਸੇ ਨੇ ਸਪੀਕਰ ਦੀ ਆਵਾਜ਼ ਪਲ ਭਰ ਲਈ ਬੰਦ ਵਰਗੀ ਹੌਲੀ ਕਰ ਦਿੱਤੀ। ਅਸਲ ਵਿੱਚ ਆਵਾਜ਼ ਹੋਲੀ ਕਰਕੇ ਕਾਤਲੀ ਟੋਲੇ ਨੂੰ ਇਸ਼ਾਰਾ ਦੇ ਦਿੱਤਾ ਗਿਆ ਸੀ  ਕਿ ਕਾਮਰੇਡ ਘਰੋਂ ਬਾਹਰ ਨਿਕਲ ਆਇਆ ਹੈ। ਅੱਛੋਪਲੇ ਹੀ ਕਾਤਲਾਂ ਨੇ ਕਾਮਰੇਡ ਗੁਰਮੇਲ ਅਤੇ ਕਾਮਰੇਡ ਜੋਗਿੰਦਰ ਸਿੰਘ ਨੂੰ ਆਪਣਾ ਨਿਸ਼ਾਨਾ ਬਣਾ ਦਿੱਤਾ।

ਉਦੋਂ ਤੋਂ ਲੈ ਕੇ ਹੁਣ ਤੱਕ ਸ਼ਹਾਦਤ ਵਾਲੇ ਉਸ ਦਿਨ ਨੂੰ ਲਗਾਤਾਰ ਮਨਾਇਆ ਜਾਂਦਾ ਹੈ। ਜਨਮ ਵੇਲੇ ਤਾਂ ਕਾਮਰੇਡ ਗੁਰਮੇਲ ਦਾ ਦੁਨਿਆਵੀ ਜਨਮ ਹੋਇਆ ਸੀ ਪਰ ਇਸ ਸ਼ਹਾਦਤ ਨੇ ਉਸਨੂੰ ਅਮਰ ਬਣਾ ਦਿੱਤਾ। ਉਹ ਲਾਲ ਸਵੇਰੇ ਦੀ ਕਾਮਨਾ ਵਿੱਚ ਲਹਿਰਾਉਂਦੇ ਲਾਲ ਝੰਡੇ ਦਾ ਸਪੁੱਤਰ ਬਣ ਗਿਆ। ਉਸਦਾ ਲਹੂ ਵੀ ਸ਼ਿਕਾਗੋ ਵਾਲੇ ਸ਼ਹੀਦਾਂ ਨਾਲ ਜਾ ਰਲਿਆ। ਉਸਨੇ ਪੰਜਾਬ ਦੇ ਉਹਨਾਂ ਅਮਰ ਸ਼ਹੀਦਾਂ ਵਿੱਚ ਆਪਣਾ ਨਾਮ ਲਿਖਵਾ ਲਿਆ ਜਿਹਨਾਂ ਨੇ ਕਿਸੇ ਵੀ ਹਥਿਆਰਬੰਦ ਟੋਲੇ ਦੀ ਈਨ ਨਹੀਂ ਸੀ ਮੰਨੀ।ਲਾਲ ਝੰਡੇ ਆਸ਼ਕਾਂ ਨੇ ਥਾਂ ਥਾਂ ਆਪਣੀਆਂ ਜਾਣਾ ਵਾਰੀਆਂ ਪਰ ਪਿੱਠ ਨਹੀਂ ਦਿਖਾਈ। 

ਉਹ ਸਾਡੇ ਚੇਤਿਆਂ ਵਿੱਚ ਹਮੇਸ਼ਾਂ ਰਹੇਗਾ।  ਉਹ ਅਮਰ ਹੈ ਜਦਕਿ ਉਸਦੇ ਕਾਤਲ ਚੌਥੇ ਕੂ ਦਿਨ ਹੀ ਮੁਕਾਬਲੇ ਵਿੱਚ ਮਾਰੇ ਗਏ ਸਨ।

ਲੋੜ ਸੀ ਜਿਹਨਾਂ ਹਾਲਾਤਾਂ ਵਿਚ ਜਿਸ ਸੋਚ ਕਾਰਨ ਗੁਰਮੇਲ ਨੇ ਆਪਣੀ ਸ਼ਹਾਦਤ ਦਿੱਤੀ ਉਸ ਭਾਵਨਾ ਨੂੰ ਅਤੇ ਹਾਲਾਤ ਦੇ ਉਸ ਵੇਲੇ ਦੇ ਵੇਰਵੇ ਨੂੰ ਘਰ ਘਰ ਹੀ ਨਹੀਂ ਬਲਕਿ ਹਰ ਦਿਲ ਤੱਕ ਪਹੁੰਚਾਇਆ ਜਾਂਦਾ। ਸਿਰਫ 14 ਮਈ ਹੀ ਨਹੀਂ ਹਰ ਰੋਜ਼ ਹਰ ਪਾਲ ਗੁਰਮੇਲ ਦੀਆਂ ਯਾਦਾਂ ਤਾਜ਼ਾ ਕੀਤੀਆਂ ਜਾਂਦੀਆਂ। ਹੁਣ ਹਰ ਸਾਲ ਮੇਲਾ ਜ਼ਰੂਰ ਲੱਗਦਾ ਹੈ ਪਰ ਉਸ ਮੇਲੇ ਵਿੱਚ ਪਾਰਟੀ ਦਾ ਮੌਜੂਦਾ ਸਿਆਸੀ ਏਜੰਡਾ ਸਾਹਮਣੇ ਆ ਜਾਂਦਾ ਹੈ। ਲੀਡਰਾਂ ਦੇ ਭਾਸ਼ਣ ਸਾਹਮਣੇ ਆ ਜਾਂਦੇ ਹਨ ਅਤੇ ਇਸ ਸਾਰੇ ਭਾਰੀ ਭਰਕਮ ਆਯੋਜਨ ਵਿਚ ਗੁਰਮੇਲ ਦੀ ਗੱਲ ਗੁਆਚ ਜਾਂਦੀ ਹੈ। ਅਜਿਹੇ ਮੌਕੇ ਵੀ ਰਸਮੀ ਜਿਹੇ ਬੋਲਾਂ ਨੂੰ ਛੱਡ ਕੇ ਗੁਰਮੇਲ ਦੀਆਂ ਯਾਦਾਂ ਸਾਂਝੀਆਂ ਨਹੀਂ ਕੀਤੀਆਂ ਜਾਂਦੀਆਂ ਜਦਕਿ ਗੁਰਮੇਲ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰ ਕੇ ਹੀ ਲੋਕਾਂ ਨੂੰ ਉਸ ਸੋਚ ਨਾਲ ਜੋੜਿਆ ਜਾ ਸਕਦਾ ਹੈ ਜਿਸ ਸੋਚ ਲਈ ਗੁਰਮੇਲ ਸ਼ਹੀਦ ਹੋਇਆ।   

ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇ ਅਤੇ ਅਸੀਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਰਹੀਏ ਇਸ ਮਕਸਦ ਲਈ ਸਾਨੂੰ ਸਭਨਾਂ ਨੂੰ ਹਰ ਪਲ ਸੁਚੇਤ ਰਹਿਣਾ ਹੀ ਚਾਹੀਦਾ ਹੈ। ਘਟੋਘਟ ਰੋਜ਼ ਨਹੀਂ ਤਾਂ ਇੱਕੋ  ਬਰਸੀ ਵਾਲਾ ਦਿਨ ਤਾਂ ਸਿਰਫ ਉਸ ਸ਼ਹੀਦ ਨੂੰ ਸਮਰਪਿਤ ਰਹਿਣਾ ਚਾਹੀਦਾ ਹੈ ਜਿਸਦੀ ਯਾਦ ਮਨਾਈ ਜਾ ਰਹੀ ਹੋਵੇ। ਸ਼ਹੀਦਾਂ ਨੂੰ ਭੁੱਲ ਕੇ ਸਦਾ ਕੋਈ ਸਿਆਸੀ ਏਜੰਡਾ ਜਾਂ ਸਮਾਜਕ ਏਜੰਡਾ ਪੂਰਾ ਨਹੀਂ ਹੋ ਸਕਦਾ। ਸ਼ਹੀਦਾਂ ਦੀ ਯਾਦ ਵਿਚ ਡਰਾਮੇ ਵੱਧ ਤੋਂ ਵੱਧ ਹੋਣ, ਸ਼ਾਇਰੀ ਦਾ ਦੌਰ ਵੀ ਉਹਨਾਂ ਨੂੰ ਸਮਰਪਿਤ ਰਹੇ। ਉਹਨਾਂ ਦੀ ਯਾਦ ਵਿਚ ਨਿੱਕੀਆਂ ਨਿੱਕੀਆਂ ਫ਼ਿਲਮਾਂ ਵੀ ਬਣਾਈਆਂ ਜਾਣ।  ਸਿਆਸੀ ਏਜੰਡੇ ਵਾਲੇ ਭਾਸ਼ਣ ਤਾਂ ਹਰ ਰੋਜ਼ ਹੁੰਦੇ ਹੀ ਰਹਿਣੇ ਹਨ। 

ਅਖੀਰ ਵਿੱਚ ਕਾਮਰੇਡ ਗੁਰਮੇਲ ਨੂੰ ਸ਼ਰਧਾਂਜਲੀ ਦੇਂਦਿਆਂ ਇੱਕ ਵਾਰ ਫੇਰ ਪਾਸ਼ ਦੀ ਬਹੁ ਚਰਚਿਤ ਕਵਿਤਾ ਦੀਆਂ ਕੁਝ ਸਤਰਾਂ ਆਓ ਇੱਕ ਵਾਰ ਫੇਰ ਪੜ੍ਹੀਏ:

ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ

ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ

ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ

ਤੇ ਅਸੀਂ ਲੜਾਂਗੇ ਸਾਥੀ………….

ਅਸੀਂ ਲੜਾਂਗੇ

ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ

ਅਸੀਂ ਲੜਾਂਗੇ

ਕਿ ਹਾਲੇ ਤੱਕ ਲੜੇ ਕਿਉਂ ਨਹੀਂ


ਅਸੀਂ ਲੜਾਂਗੇ

ਆਪਣੀ ਸਜ਼ਾ ਕਬੂਲਣ ਲਈ

ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ

ਅਸੀਂ ਲੜਾਂਗੇ ਸਾਥੀ…

ਅੰਤ ਵਿਚ ਇਸ ਲਿਖਤ ਬਾਰੇ ਵੀ:

ਰੈਕਟਰ ਕਥੂਰੀਆ ਅਤੇ ਉਹਨਾਂ ਵੇਲਿਆਂ ਦੇ ਹੋਰ ਪੱਤਰਕਾਰਾਂ ਨਾਲ ਹੋਈ ਗੱਲਬਾਤ ਅਤੇ ਜਾਣਕਾਰੀ ਤੇ ਅਧਾਰਿਤ ਇਹ ਲਿਖਤ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਦੱਸਣਾ!ਛੇਤੀ ਹੀ ਅਸੀਂ ਇਸ ਸੰਬੰਧੀ ਆਪਣੇ ਨਵੇਂ ਪ੍ਰੋਜੈਕਟ ਨੂੰ ਵੀ ਤੁਹਾਡੇ ਸਾਹਮਣੇ ਲਿਆਵਾਂਗੇ। ਜੇ ਤੁਹਾਡੇ ਕੋਲ ਵੀ ਅਜਿਹੀ ਕੋਈ ਜਾਣਕਾਰੀ ਹੈ ਤਾਂ ਸਾਨੂੰ ਜ਼ਰੂਰ ਦੱਸਣਾ! ਸਾਨੂੰ ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ ਹੀ। ਉਸ ਖੌਫਨਾਲ ਦੌਰ ਨਾਲ ਸਬੰਧਤ ਪੁਰਾਣੀਆਂ ਤਸਵੀਰਾਂ, ਵੀਡੀਓ ਅਤੇ ਹੋਰ ਵੇਰਵੇ ਸਾਡੇ ਲਈ ਅੱਜ ਵੀ ਬਹੁਤ ਅਨਮੋਲ ਹਨ। ਸ਼ਹੀਦ ਗੁਰਮੇਲ ਦੇ ਹੋਰਨਾਂ ਸਾਥੀਆਂ ਅਤੇ ਪਰਿਵਾਰਿਕ ਮੈਂਬਰਾਂ ਤੱਕ ਵੀ ਸਾਡੀ ਇਹੀ ਅਪੀਲ ਹੈ ਕਿ ਇਸ ਪਾਸੇ ਗੰਭੀਰ ਹੋਣ। --ਕਾਰਤਿਕਾ ਸਿੰਘ (ਪੀਪਲਜ਼ ਮੀਡੀਆ ਲਿੰਕ)

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, May 1, 2023

ਮੋਦੀ ਸਰਕਾਰ ਨੂੰ ਚੱਲਦਾ ਕਰਨਾ ਸਮੇਂ ਦੀ ਲੋੜ-ਏਟਕ ਲੁਧਿਆਣਾ

Monday 1st May 2023 at 4:05 PM

ਏਟਕ:-ਮੋਦੀ ਸਰਕਾਰ ਲੋਕ-ਵਿਰੋਧੀ,ਮਜ਼ਦੂਰ-ਵਿਰੋਧੀ ਅਤੇ ਦੇਸ਼ ਵਿਰੋਧੀ 

ਗੈਸ ਲੀਕ ਕਾਂਡ ਵਿਚ ਮਾਰੇ ਗਏ ਲੋਕਾਂ ਨੂੰ 20-20 ਲੱਖ ਮੁਆਵਜ਼ੇ ਦੀ ਮੰਗ


ਲੁਧਿਆਣਾ
: 1 ਮਈ 2023: (ਕਾਮਰੇਡ 
ਸਕਰੀਨ ਬਿਊਰੋ)::


ਮੀਂਹ ਹਨੇਰੀ ਵਾਲੇ ਮੌਸਮ ਦੇ ਬਾਵਜੂਦ ਮਈ ਦਿਵਸ ਦੇ ਸ਼ਹੀਦਾਂ ਨੂੰ ਬਹੁਤ ਸਾਰੀਆਂ ਥਾਂਵਾਂ 'ਤੇ ਜੋਸ਼ੋ ਖਰੋਸ਼ ਨਾਲ ਯਾਦ ਕੇਤਾ ਗਿਆ ਅਤੇ ਇਸ ਦਿਨ ਮਜ਼ਦੂਰਾਂ ਦੀ ਇਤਿਹਾਸਿਕ ਜਿੱਤ ਦੀਆਂ ਖੁਸ਼ੀਆਂ ਵੀ ਮਨਾਈਆਂ ਗਈਆਂ। ਲੁਧਿਆਣਾ ਦੇ ਬਸ ਸਟੈਂਡ 'ਤੇ ਵੀ ਏਟਕ ਵੱਲੋਂ ਭਾਰੀ ਇਕੱਤਰਤਾ ਕੀਤੀ ਗਈ ਜਿਸ ਵਿੱਚ ਮੁਖ ਮਹਿਮਾਨ ਸਨ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ। ਉਹਨਾਂ ਦੇ ਨਾਲ ਪੰਜਾਬ ਏਟਕ ਦੇ ਹੀ ਮੀਤ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਵੀ ਮੌਜੂਦਾ ਰਹੇ। ਏਟਕ ਦੇ ਸੰਘਰਸ਼ਾਂ ਵਿੱਚ ਇਤਿਹਾਸਿਕ ਹਿੱਸਾ ਪਾਉਣ ਵਾਲੇ ਕਾਮਰੇਡ ਰਮੇਸ਼ ਰਤਨ, ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਚਰਨ ਸਿੰਘ ਸਰਾਭਾ, ਡਾਕਟਰ ਗੁਲਜ਼ਾਰ ਪੰਧੇਰ ਅਤੇ ਹੋਰ ਬਹੁਤ ਸਾਰੇ ਆਗੂ ਇਸ ਮੌਕੇ ਮੌਜੂਦ ਰਹੇ। ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਹੋਈ ਗੈਸ ਲੀਕ ਵਾਲੀ ਤ੍ਰਾਸਦੀ ਮੁੱਖ ਮੁੱਦਾ ਬਣੀ ਰਹੀ। 


ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਲੁਧਿਆਣਾ ਵੱਲੋਂ ਅੱਜ ਬੱਸ ਸਟੈਂਡ ਵਿਖੇ ਮਈ ਦਿਵਸ ਮਨਾਇਆ ਗਿਆ, ਜਿਸ ਵਿੱਚ ਏਟਕ ਨਾਲ ਸਬੰਧਤ ਸਾਰੀਆਂ ਯੂਨੀਅਨਾਂ ਅਤੇ ਆਜ਼ਾਦ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਨੇ ਹਿੱਸਾ ਲਿਆ। ਰੈਲੀ ਦੇ ਸ਼ੁਰੂ ਵਿਚ 30 ਅਪ੍ਰੈਲ ਨੂੰ ਗਿਆਸਪੁਰਾ ਵਿਖੇ ਗੈਸ ਲੀਕ ਹੋਣ ਨਾਲ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਰੈਲੀ ਨੂੰ  ਸੰਬੋਧਨ ਕਰਦਿਆਂ ਟਰੇੇਡ ਯੂਨੀਅਨ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਅਸਫ਼ਲ, ਕੇਂਦਰ ਵਿੱਚ ਆਰਐਸਐਸ  ਦੀ ਹੱਥ ਠੋਕਾ ਮੋਦੀ ਸਰਕਾਰ  ਲੋਕਾਂ ਦਾ ਧਿਆਨ ਹਟਾਉਣ ਲਈ ਫਿਰਕਾਪ੍ਰਸਤੀ ਦਾ ਸਹਾਰਾ ਲੈ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਵਿਚ ਪੇਸ਼ ਕੀਤਾ ਗਿਆ ਬਜਟ  ਲੋਕ ਵਿਰੋਧੀ ਅਤੇ ਦੇਸ਼  ਵਿਰੋਧੀ ਹੈ। ਇਹ ਕਾਰਪੋਰੇਟਾਂ ਦਾ ਪੱਖ ਪੂਰਦਾ ਹੈ। ਕਿਰਤੀ ਲੋਕਾਂ ਦੇ ਕਿਸੇ ਵੀ ਅਸਲ ਮੁੱਦੇ ਨੂੰ ਸੰਬੋਧਿਤ ਨਹੀਂ ਕੀਤਾ ਗਿਆ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ, ਸਭ ਨੂੰ ਸਮਾਜਿਕ ਸੁਰੱਖਿਆ, ਸਾਰਿਆਂ ਨੂੰ ਪੈਨਸ਼ਨ, ਸਕੀਮ ਵਰਕਰਾਂ ਨੂੰ ਰੈਗੂਲਰ ਕਰਨਾ, ਅਸੰਗਠਿਤ/ਗੈਰ-ਰਸਮੀ, ਸਨਅਤੀ ਅਤੇ ਖੇਤ ਮਜ਼ਦੂਰਾਂ ਲਈ ਘੱਟੋ-ਘੱਟ ਉਜਰਤਾਂ ਵਿੱਚ ਵਾਧਾ, ਕੇਂਦਰ ਅਤੇ ਰਾਜਾਂ ਵਿੱਚ ਮਨਜ਼ੂਰਸ਼ੁਦਾ ਅਸਾਮੀਆਂ ਨੂੰ ਭਰਨਾ ਆਦਿ।ਦੇਸ਼ ਦੀ 94% ਗੈਰ ਰਸਮੀ ਆਰਥਿਕਤਾ ਦੀ ਕਾਰਜ ਸ਼ਕਤੀ ਜੋ ਜੀਡੀਪੀ ਵਿੱਚ 60% ਯੋਗਦਾਨ ਪਾਉਂਦੀ ਹੈ, ਨੂੰ ਪੂਰੀ ਤਰਾਂ ਅਣਗੌਲਿਆ ਗਿਆ ਹੈ। ਸਾਰੀਆਂ ਨੌਕਰੀਆਂ ਨੂੰ ਸੀਮਤ ਸਮੇਂ ਲਈ ਠੇਕੇ ਤੇ ਦਿੱਤਾ ਜਾ ਰਿਹਾ ਹੈ ਜਿਵੇਂ ਕਿ ਫ਼ੌਜ ਵਿਚ ਅਗਨੀਵੀਰਾਂ ਦੀ 4 ਸਾਲ ਲਈ ਭਰਤੀ ਕੀਤੀ ਜਾ ਰਹੀ ਹੈ।


ਇਹਨਾਂ ਆਗੂਆਂ ਨੇ ਕਿਹਾ ਕਿ 1886 ਵਿਚ 8 ਘੰਟੇ ਦੀ ਦਿਹਾੜੀ ਪ੍ਰਾਪਤ ਕਰਨ ਲਈ ਸ਼ਿਕਾਗੋ ਵਿਖੇ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ । ਪਰ ਸਾਡੇ ਦੇਸ਼ ਵਿਚ 150 ਸਾਲਾਂ ਦੇ ਸੰਘਰਸ਼ ਨਾਲ ਪ੍ਰਾਪਤ ਕੀਤੇ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 4 ਕੋਡ ਬਣਾਉਣ ਨਾਲ  ਇਕ ਪਾਸੇ ਮਜ਼ਦੂਰਾਂ ਤੋੰ ਯੂਨੀਅਨ ਬਣਾਉਣ ਦਾ ਹੱਕ ਖੋਹਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਦਿਹਾੜੀ 12 ਘੰਟੇ ਦੀ ਕੀਤੀ ਜਾ ਰਹੀ ਹੈ ਅਤੇ ਦਿਹਾੜੀ ਦੀ ਕੀਮਤ 178/- ਰੁਪਏ ਕਰ ਦਿੱਤੀ ਗਈ ਹੈ।


ਇਹ ਸਰਕਾਰ ਵਿਦੇਸ਼ੀ ਅਤੇ ਭਾਰਤੀ  ਕਾਰਪੋਰੇਟ ਪੱਖੀ ਹੈ ਅਤੇ ਇਹ ਉਸ  ਸਵੈ-ਨਿਰਭਰ ਆਰਥਿਕ ਮਾਡਲ ਨੂੰ ਉਲਟਾ ਰਹੀ ਹੈ  ਜਿਸ ਨੂੰ ਦੇਸ਼ ਨੇ ਆਜ਼ਾਦੀ ਤੋਂ ਬਾਅਦ ਅਪਣਾਇਆ ਸੀ। ਮੌਜੂਦਾ ਸਰਕਾਰ ਦੀਆਂ ਇਹਨਾਂ ਨੀਤੀਆਂ ਦੇ ਨਤੀਜੇ ਵਜੋਂ ਲੋਕਾਂ ਦੇ ਜੀਵਨ ਪੱਧਰ ਵਿੱਚ ਪਾੜੇ ਵਧੇ ਹਨ, ਉਹਨਾਂ ਦਾ ਜਿਊਣਾ  ਹੋਰ ਵੀ ਦੂੱਭਰ  ਹੋ ਗਿਆ ਹੈ।ਆਰਥਿਕਤਾ ਹੋਰ ਵਿਗੜ ਰਹੀ ਹੈ। ਜ਼ਰੂਰੀ ਵਸਤਾਂ, ਅਨਾਜ, ਦਾਲਾਂ, ਕਣਕ ਦਾ ਆਟਾ, ਚੌਲ,  ਤੇਲ, ਰਸੋਈ ਗੈਸ (ਜੋ 2014 ਵਿੱਚ 400/- ਦਾ ਮਿਲਦਾ ਸੀ, ਹੁਣ 1150 ਰੁਪਏ ਪ੍ਰਤੀ ਸਿਲੰਡਰ),ਪੈਟਰੋਲ  ਅਤੇ ਡੀਜ਼ਲ  ਆਦਿ ਦੀਆਂ ਕੀਮਤਾਂ ਲਗਾਤਾਰ  ਵਧ ਰਹੀਆਂ ਹਨ। ਲੋਕਾਂ ਦਾ ਸਿੱਖਿਆ ਅਤੇ ਸਿਹਤ ਸੇਵਾਵਾਂ ਤੇ ਖਰਚ ਵਿੱਚ ਵਾਧਾ ਹੋ ਰਿਹਾ ਹੈ, ਜਦੋਂ ਕਿ ਆਮਦਨ/ਉਜਰਤ ਵਿੱਚ ਵਾਧਾ ਨਹੀਂ ਹੋ ਰਿਹਾ, ਹਰ ਗੁਜ਼ਰਦੇ ਦਿਨ ਦੇ ਨਾਲ ਗਰੀਬ ਕਿਰਤੀ ਜਨਤਾ ਨੂੰ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ।


ਆਕਸਫੈਮ ਇੰਡੀਆ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਉਪਰਲੀ ਸਿਰਫ਼ 5 ਫ਼ੀਸਦੀ ਵੱਸੋਂ 60 ਫ਼ੀਸਦੀ ਤੋਂ ਵੱਧ ਦੌਲਤ ਦੀ ਮਾਲਕ ਹੈ, ਜਦੋਂ ਕਿ ਹੇਠਲੇ 50 ਫ਼ੀਸਦੀ ਲੋਕਾਂ ਕੋਲ ਸਿਰਫ਼ 3 ਫ਼ੀਸਦੀ ਦੌਲਤ ਹੈ।


ਭਾਰਤ ਦਾ ਭੁੱਖਮਰੀ ਸੂਚਕ ਅੰਕ ਹੋਰ ਵੀ ਖ਼ਰਾਬ ਹੋ ਗਿਆ ਹੈ ਅਤੇ ਦੇਸ਼ 122 ਦੇਸ਼ਾਂ ਵਿੱਚੋਂ 107ਵੇਂ ਸਥਾਨ 'ਤੇ ਹੈ। ਮਹਾਂਮਾਰੀ ਤੋਂ ਪਹਿਲਾਂ, 2019 ਵਿੱਚ, ਕੇਂਦਰ ਸਰਕਾਰ ਨੇ ਕਾਰਪੋਰੇਟ ਟੈਕਸ ਸਲੈਬਾਂ ਨੂੰ 30 ਪ੍ਰਤੀਸ਼ਤ ਤੋਂ ਘਟਾ ਕੇ 22 ਪ੍ਰਤੀਸ਼ਤ ਕਰ ਦਿੱਤਾ ਸੀ, ਜਿਸ ਵਿੱਚ ਨਵੀਆਂ ਸ਼ਾਮਲ ਕੰਪਨੀਆਂ 15 ਪ੍ਰਤੀਸ਼ਤ ਦਾ ਭੁਗਤਾਨ ਕਰਦੀਆਂ ਸਨ। ਇਸ ਨਵੀਂ ਟੈਕਸ ਨੀਤੀ ਦੇ ਨਤੀਜੇ ਵਜੋਂ ਕੁੱਲ  1.84 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 


ਇਸ ਰੈਲੀ ਨੂੰ ਏਟਕ ਪੰਜਾਬ ਦੇ ਪ੍ਰਧਾਨ ਕਾਮਰੇਡ ਬੰਤ ਬਰਾੜ, ਜੁਆਇੰਟ ਕੌਂਸਲ ਆਫ ਟਰੇਡ ਯੂਨੀਅਨ ਦੇ ਜਨਰਲ ਸਕੱਤਰ ਡੀ ਪੀ ਮੌੜ  ਨੇ ਸੰਬੋਧਨ ਕੀਤਾ। ਏਟਕ ਜਿਲਾ ਲੁਧਿਆਣਾ ਦੇ ਪ੍ਰਧਾਨ ਰਮੇਸ਼ ਰਤਨ ਅਤੇ ਜਨਰਲ ਸਕੱਤਰ ਵਿਜੇ ਕੁਮਾਰ ਨੇ  ਮੰਗ ਕੀਤੀ ਕਿ ਗਿਆਸਪੁਰਾ ਵਿਖੇ ਗੈਸ ਲੀਕ ਕਾਂਡ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਮਾਰੇ ਗਏ ਲੋਕਾਂ ਨੂੰ 20-20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ । ਇਕ ਮਤਾ ਪਾਸ ਕਰਕੇ ਦਿੱਲੀ ਜੰਤਰ-ਮੰਤਰ ਤੇ ਧਰਨੇ ਤੇ ਬੈਠੇ ਪਹਿਲਵਾਨਾਂ ਦੀ ਮੰਗ ਦਾ ਸਮਰਥਨ ਕੀਤਾ ਅਤੇ ਫੈਡਰੇਸ਼ਨ ਦੇ ਪ੍ਰਧਾਨ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਕ ਹੋਰ ਮਤੇ ਰਾਂਹੀ ਸੂਬੇ ਦੀਆਂ ਸਾਰੀਆਂ ਖਾਲੀ ਅਸਾਮੀਆਂ ਨੂੰ ਠੇਕੇ ਤੇ ਕੰਮ ਕਰ ਰਹੇ ਮੁਲਾਜਮਾਂ ਨੂੰ ਪੱਕੇ ਕਰਕੇ ਭਰਨ ਦੀ ਮੰਗ ਕੀਤੀ। 


ਹੋਰਨਾਂ ਤੋਂ ਇਲਾਵਾ ਜਿਹਨਾਂ ਆਗੂਆਂ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ ਉਨ੍ਹਾਂ ਵਿੱਚ ਚਰਨ ਸਰਾਭਾ, ਗੁਰਮੇਲ ਮੈਲਡੇ, ਐਮ ਐਸ ਭਾਟੀਆ,ਚਮਕੌਰ ਸਿੰਘ, ਹਰਬੰਸ ਸਿੰਘ, ਕੇਵਲ ਬਣਵੈਤ, ਸੁਰਿੰਦਰ ਸਿੰਘ ਬੈਂਸ, ਐਸ ਪੀ ਸਿੰਘ, ਦਲਜੀਤ ਸਿੰਘ, ਕਾਮੇਸ਼ਵਰ ਯਾਦਵ, ਅਰਜਨ ਪ੍ਰਸ਼ਾਦ,ਸਰੋਜ ਕੁਮਾਰ, ਅਤੇ ਵਿਨੋਦ ਕੁਮਾਰ ਸ਼ਾਮਿਲ ਸਨ।


ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, March 14, 2023

MCL: ਕੰਮ ਕਰਕੇ ਵੀ ਨਹੀਂ ਮਿਲਦੀਆਂ ਕਈ ਕਈ ਮਹੀਨੇ ਤਨਖਾਹਾਂ

Tuesday14th March 2023 at 03:39 PM

ਮੁਲਾਜ਼ਮ ਵਫਦ ਮਿਲਿਆ ਕਮਿਸ਼ਨਰ ਮੈਡਮ ਨੂੰ ਅਤੇ ਦੱਸੀ ਸਾਰੀ ਦਾਸਤਾਨ 


ਲੁਧਿਆਣਾ: 15 ਮਾਰਚ 2023: (ਕਾਰਤਿਕਾ ਸਿੰਘ//ਮੁਲਾਜ਼ਮ ਸਕਰੀਨ):: 
ਕਹਿਣ ਨੂੰ ਸਰਕਾਰੀ ਨੌਕਰੀਆਂ ਪਰ ਕਈ ਕਈ ਮਹੀਨੇ ਜਦੋਂ ਤਨਖਾਹ ਨਾ ਮਿਲੇ ਤਾਂ ਸਮਝ ਨਹੀਂ ਆਉਂਦਾ ਕਿ ਸੱਜੀ ਕਮਾਉਣ ਵਾਲਾ ਕਿਰਤੀ ਮਜ਼ਦੂਰ ਕਿੱਧਰ ਜਾਵੇ? ਕਿਰਤ ਦੀ ਕਮਾਈ ਕਰ ਕੇ ਜ਼ਿੰਦਗੀ ਦਾ ਗੁਜ਼ਾਰਾ ਤੋਰਨ ਵਾਲੇ ਇਹਨਾਂ ਮਜ਼ਦੂਰਾਂ ਦੀ ਸਾਰ ਕੌਣ ਲਵੇ? ਦਿਨ ਰਾਤ ਹੱਦ ਭੰਨਵੀਂ ਮਿਹਨਤ ਕਰ ਕੇ ਵੀ ਦੋ ਵੇਲਿਆਂ ਦੀ ਰੋਟੀ ਤੋਂ ਆਤੁਰ ਰਹਿਣ ਵਾਲੇ ਇਹਨਾਂ ਮਜ਼ਦੂਰਾਂ ਨੂੰ ਨੂੰ ਤਾਂ ਇਹ ਯਾਦ ਵੀ ਨਹੀਂ ਰਹਿੰਦਾ ਕਿ ਹੁਣ ਸੱਤਾ ਕਿਸਦੀ ਹੈ ਅਤੇ ਜੇ ਇਹ ਬਦਲੀ ਤਾਂ ਕਿਸ ਦੀ ਆਉਣੀ ਹੈ? ਰੋਜ਼ੀ ਰੋਟੀ ਦੇ ਨ ਸਕੇ ਜੋ ਵੋਹ ਸਰਕਾਰ ਨਿਕੰਮੀ ਹੈ ਦੇ ਨਾਅਰੇ ਲਾਉਂਦਿਆਂ ਇਹਨਾਂ ਵਿਚਾਰਿਆਂ ਨੂੰ ਹੁਣ ਇਹ ਸਮਝਣਾ ਵੀ ਔਖਾ ਹੋ ਗਿਆ ਹੈ ਕਿ ਉਹ ਸਰਕਾਰ ਕਿਸ ਦੀ ਹੋਵੇਗੀ ਜਿਹੜੀ ਨਿਕੰਮੀ ਨਹੀਂ ਬਲਕਿ ਸੁਚੱਜੀ ਹੋਵੇਗੀ। ਸਾਰੀਆਂ ਸਿਆਸੀ ਪਾਰਟੀਆਂ ਦੇ ਰੰਗ ਢੰਗ ਦੇਖ ਚੁਕੇ ਇਹਨਾਂ ਕਿਰਤੀਆਂ ਦੀ ਨਿਰਾਸ਼ਾ ਵਧਦੀ ਜਾ ਰਹੀ ਹੈ। ਇਸਦੇ ਬਾਵਜੂਦ ਇਹਨਾਂ ਦੇ ਲੀਡਰ ਇਹਨਾਂ ਦੇ ਹੱਕਾਂ ਲਈ ਸਰਗਰਮ ਹਨ। 

ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਅਤੇ ਜਨਤਾ ਨਾਲ ਹੁੰਦੇ ਵਾਅਦੇ ਵੀ ਲਟਕਦੇ ਰਹਿੰਦੇ ਹਨ। ਮਸਲੇ ਉਵੇਂ ਦੇ ਉਵੇਂ ਬਣੇ ਰਹਿੰਦੇ ਹਨ।  ਇਹਨਾਂ ਵਿੱਚ ਜ਼ਿਆਦਾਤਰ ਮਸਲੇ ਕੱਚੀਆਂ ਨੌਕਰੀਆਂ ਪੱਕੀਆਂ ਕਰਨ ਅਤੇ ਰਹਿੰਦੀਆਂ ਤਨਖਾਹਾਂ ਦੀ ਅਦਾਇਗੀ ਨਾਲ ਜੁੜੇ ਹੁੰਦੇ ਹਨ। ਮੁਲਾਜ਼ਮਾਂ ਨੂੰ ਪੱਕੀਆਂ ਕਰਨ ਦੇ ਲਾਰੇ ਲਗਾਤਾਰ ਹੁੰਦੇ ਰਹਿੰਦੇ ਹਨ ਅਤੇ ਇਹਨਾਂ ਲਾਰਿਆਂ ਦੇ ਨਾਲ ਹੀ ਕਰਮਚਾਰੀਆਂ ਦੀ ਉਮਰ ਵੀ ਵਧਦੀ ਰਹਿੰਦੀ ਹੈ। ਜਦੋਂ ਉਮਰ ਵਧਦੀ ਹੋਈ ਨਿਯਮਾਂ ਦੀ ਹੱਦ ਟੱਪਣ ਲੱਗਦੀ ਹੈਂ ਤਾਂ ਹੋਰ ਨਵੀਆਂ ਉਲਝਣਾਂ ਪੈਦਾ ਹੋਣ ਲੱਗਦੀਆਂ ਹਨ। ਇਸ ਤਰ੍ਹਾਂ ਦੋ ਡੰਗ ਦੀ ਰੋਟੀ ਦੇ ਫਿਕਰਾਂ ਵਿੱਚ ਉਲਝੇ ਹੋਏ ਕਿਰਤੀ ਮਜ਼ਦੂਰ ਇੱਕ ਦਿਨ ਛੋਟੀਆਂ ਉਮਰਾਂ ਵਿਚ ਹੀ ਇਸ ਦੁਨੀਆ ਤੋਂ ਤੁਰ ਜਾਂਦੇ ਹਨ। 

ਇਹਨਾਂ ਹਾਲਤਾਂ ਵਿਚ ਸੁਧਾਰ ਲਿਆਉਣ ਲਈ ਜਿਹੜੇ ਸੰਗਠਨ ਸਰਗਰਮ ਹਨ ਉਹਨਾਂ ਵਿਚ ਮਿਊਂਸਪਲ ਕਰਮਚਾਰੀ ਸੰਯੁਕਤ  ਕਮੇਟੀ ਵੀ ਇੱਕ ਹੈ। ਇਸਦੇ ਸਰਗਮ ਆਗੂਆਂ ਵਿੱਚ ਕਾਮਰੇਡ ਵਿਜੇ ਕੁਮਾਰ, ਕਾਮਰੇਡ ਗੁਰਜੀਤ ਜਗਪਾਲ, ਭਗੀਰਥ ਪਾਲੀਵਾਲ, ਕਾਮਰੇਡ ਮਹੀਪਾਲ ਅਤੇ ਦੀਪਕ ਹੰਸ ਵੀ ਸ਼ਾਮਲ ਹਨ। ਇਹਨਾਂ ਆਗੂਆਂ 'ਤੇ ਅਧਾਰਿਤ ਇੱਕ ਵਫਦ ਨੇ ਨਗਰ ਨਿਗਮ ਕਮਿਸ਼ਨਰ ਮੈਡਮ ਸ਼ੇਨ ਅੱਗਰਵਾਲ ਆਈ ਏ ਐਸ ਨਾਲ ਇੱਕ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਦੱਸਿਆ ਕਿ ਕਈ ਮੁਲਾਜ਼ਮਾਂ ਨੂੰ ਪੱਕਿਆਂ ਹੋਣ ਦੇ ਬਾਵਜੂਦ ਅਜੇ ਤੱਕ ਕਈ ਕਈ ਮਹੀਨਿਆਂ ਦੀਆਂ ਤਨਖਾਹਾਂ ਨਹੀਂ ਮਿਲੀਆਂ। 

ਮਿਉਂਸਿਪਲ ਕਰਮਚਾਰੀ ਸਯੁਕਤ ਕਮੇਟੀ ਵੱਲੋਂ ਅੱਜ ਕਮਿਸ਼ਨਰ ਮੈਡਮ ਨਾਲ ਕੀਤੀ ਗਈ ਮੁਲਾਕਾਤ ਦੌਰਾਨ ਦੱਸਿਆ ਗਿਆ ਕਿ ਤਨਖਾਹਾਂ ਨਾ  ਮਿਲਣ ਦਾ ਮਾਮਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਮੁਲਾਕਾਤ ਵਿੱਚ ਵੀ ਚਾਰ ਪੰਜ ਮਹੀਨਿਆਂ ਤੋਂ ਪੱਕੇ ਕੀਤੇ ਗਏ ਕਰਮਚਾਰੀਆਂ ਨੂੰ ਅਜੇ ਤੱਕ ਤਨਖਾਹ ਨਾ  ਮਿਲਣ ਦੇ ਸਬੰਧ ਵਿਚ ਗੱਲ ਮੁੱਖ ਨੁਕਤੇ ਵੱਜੋਂ ਕੀਤੀ ਗਈ। ਅੱਜ ਦੀ ਇਸ ਮੁਲਾਕਾਤ ਮੌਕੇ ਸ਼ਾਮਲ ਪ੍ਰਧਾਨ ਕਾਮਰੇਡ ਵਿਜੇ ਕੁਮਾਰ, ਕਾਮਰੇਡ ਗੁਰਜੀਤ ਜਗਪਾਲ ਸਿੰਘ, ਬਲਜੀਤ ਸਿੰਘ ਸੁਪਰਵਾਈਜ਼ਰ,  ਕਾਮਰੇਡ ਪ੍ਰੀਤਮ ਅਤੇ ਕਾਮਰੇਡ ਰਾਜੇਸ਼ ਕੁਮਾਰ ਵੀ ਮੌਜੂਦ ਰਹੇ। 

Monday, February 6, 2023

ਸੀਪੀਆਈ ਪੰਜਾਬ ਨੇ ਕਬੂਲ ਕੀਤੀਆਂ ਸਾਰੀਆਂ ਚੁਣੌਤੀਆਂ

Monday 6th February 2023 at 5:21 PM

 ਕੌਮੀ ਜਨਰਲ ਸਕੱਤਰ ਡੀ ਰਾਜਾ ਵੱਲੋਂ ਫੈਡਰਲ ਢਾਂਚੇ ਦੀ ਰਾਖੀ 'ਤੇ ਵੀ ਜ਼ੋਰ 


ਚੰਡੀਗੜ੍ਹ: 06 ਫਰਵਰੀ 2023:(ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ)::

ਕਈ ਦਹਾਕਿਆਂ ਤੋਂ ਕਮਿਊਨਿਸਟ ਤਾਕਤਾਂ ਇੱਕ ਅਜਿਹੇ ਸਮਾਜ ਦੀ ਸਥਾਪਨਾ ਲਈ ਸੰਘਰਸ਼ ਕਰਦੀਆਂ ਆ ਰਹੀਆਂ ਹਨ ਜਿਸ ਵਿੱਚ ਸਭਨਾਂ ਨੂੰ ਅਮਨ ਅਮਾਨ ਨਾਲ ਕੰਮ ਕਰਦਿਆਂ ਦੋ ਵੇਲਿਆਂ ਦੀ ਰੋਟੀ ਵੀ ਨਸੀਬ ਹੋ ਸਕੇ ਅਤੇ ਸਾਹਿਤ ਸੱਭਿਆਚਾਰ ਵਰਗੀਆਂ ਮਾਨਸਿਕ ਲੋੜਾਂ ਲਈ ਵੀ ਲੁੜੀਂਦਾ ਸਮਾਂ ਮਿਲ ਸਕੇ। ਸਾਹਿਰ ਲੁਧਿਆਣਾ ਸਾਹਿਬ ਨੇ ਕਮਿਊਨਿਸਟ ਫਲਸਫੇ ਅਤੇ ਨਿਸ਼ਾਨਿਆਂ ਤੋਂ ਪ੍ਰਭਾਵਿਤ ਹੋ ਕੇ ਹੀ ਕਿਸੇ ਵੇਲੇ ਲਿਖਿਆ ਸੀ:

ਜੇਲ੍ਹੋਂ ਕੇ ਬਿਨਾ ਜਬ ਦੁਨੀਆ ਕੀ ਸਰਕਾਰ ਚਲਾਈ ਜਾਏਗੀ, ਵੋਹ ਸੁਬਹ ਕਭੀ ਤੋਂ ਆਏਗੀ 

ਪਰ ਹੱਕ ਮੰਗਦੇ ਲੋਕਾਂ ਨੂੰ ਦਬਾਉਣ ਲਈ ਵਰ੍ਹਦੀਆਂ ਡਾਂਗਾਂ ਵੀ ਵੱਡੀਆਂ ਹੁੰਦੀਆਂ ਚਲੀਆਂ ਗਈਆਂ ਅਤੇ ਜੇਹਲਾਂ ਦੀਆਂ ਕੰਧਾਂ ਵੀ ਉੱਚੀਆਂ ਹੁੰਦੀਆਂ ਗਈਆਂ। ਸ਼ਹਿਰ ਸਾਹਿਬ ਦੇ ਸੁਪਨਿਆਂ ਨੂੰ ਟੁੱਟਦਿਆਂ ਉਹਨਾਂ ਦੇ ਬਹੁਤ ਸਾਰੇ ਨੇੜਲੇ  ਸਾਥੀਆਂ ਨੇ ਵੀ ਦੇਖਿਆ। ਇਸ ਸਾਰੇ ਵਰਤਾਰੇ ਦੇ ਖਿਲਾਫ ਸੰਘਰਸ਼ ਕਰਦਿਆਂ ਕਮਿਊਨਿਸਟਾਂ ਨੇ ਨਾ ਸਿਰਫ ਜੇਲ੍ਹਾਂ ਕੱਟੀਆਂ ਅਤੇ ਡਾਂਗਾਂ ਖਾਧੀਆਂ ਬਲਕਿ ਆਪਣੀਆਂ ਜਾਨਾਂ ਵੀ ਵਾਰੀਆਂ। ਇਹਨਾਂ ਸਾਰੀਆਂ ਹਕੀਕਤਾਂ ਦੇ ਬਾਵਜੂਦ ਅੱਜ ਵੀ ਕਮਿਊਨਿਸਟ ਸ਼ਕਤੀਆਂ ਸਮਾਜ ਦੀ ਤਬਦੀਲੀ ਵਾਲੇ ਮਿਸ਼ਨ'ਤੇ ਅਡੋਲ ਖੜੋਤੀਆਂ ਹਨ। ਸੀਪੀਆਈ ਪੰਜਾਬ ਦੀ ਚੰਡੀਗੜ੍ਹ ਵਿੱਚ ਹੋਈ ਸੂਬਾਈ ਮੀਟਿੰਗ ਨੇ ਸਾਰੀਆਂ ਮੌਜੂਦਾ ਸਥਿਤੀਆਂ ਦਾ ਜਾਇਜ਼ਾ ਪੂਰਤੀ ਤਰ੍ਹਾਂ ਬੇਬਾਕ ਅਤੇ ਨਿਰਪੱਖ ਹੋ ਕੇ ਲਿਆ। ਇਹਨਾਂ ਜਾਇਜ਼ਿਆਂ ਅਤੇ ਵਿਸ਼ਲੇਸ਼ਣਾਂ ਵਾਲੀ ਇਸ ਮੀਟਿੰਗ ਵਿੱਚ ਬਹੁਤ ਹੀ ਹਿੰਮਤ ਭਰੇ ਫੈਸਲੇ ਵੀ ਲਏ ਗਏ। ਸੀਪੀਆਈ ਪੰਜਾਬ ਨੇ ਮੌਜੂਦਾ ਦੌਰ ਦੀਆਂ ਚੁਣੌਤੀਆਂ ਨੂੰ ਕਬੂਲ ਕਰਨ ਦੀ ਹਿੰਮਤ ਦਿਖਾਈ ਹੈ। 

ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ  ਦੀ ਪੰਜਾਬ ਸੂਬਾ ਕੌਂਸਲ ਨੇ ਪੰਜਾਬ ਵਿਚ ਨਿਘਰਦੀ ਅਮਨ-ਕਾਨੂੰਨ ਦੀ ਹਾਲਤ, ਵੱਧਦੀਆਂ ਲੁੱਟਾਂ-ਖੋਹਾਂ, ਗੈਗਸਟਰਾਂ ਦੇ ਦਬਦਬੇ, ਵੱਖ-ਵੱਖ ਮਾਫੀਆ, ਨਿੱਘਰਦੀ ਸਿੱਖਿਆ ਅਤੇ ਖੋਖਲੇ ਸਰਕਾਰੀ ਦਾਅਵਿਆਂ ਵਿਚ ਰੁਲਦੀ ਜਾਂਦੀ ਆਮ ਲੋਕਾਂ ਦੀ ਸਿਹਤ ਵਾਲੀ ਹਾਲਤ ਉਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। 

ਇਹਨਾਂ ਮੁੱਦਿਆਂ ਦੇ ਨਾਲ ਨਾਲ ਸੀਪੀਆਈ ਪੰਜਾਬ ਨੇ ਅਤੇ ਆਪਣੀਆਂ ਲੰਮੀਆਂ ਕੈਦ ਸਜ਼ਾਵਾਂ ਭੁਗਤ ਚੁਕੇ ਪੰਜਾਬੀਆਂ, ਜਿਹਨਾਂ ਵਿਚ ਬੰਦੀ ਸਿੰਘ ਅਤੇ ਦੇਸ਼  ਦੇ ਹੋਰ ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਸਮਾਜ ਸੇਵਕ ਕਾਰਕੁਨ ਵੀ ਸ਼ਾਮਲ ਹਨ, ਦੀ ਰਿਹਾਈ ਲਈ ਆਵਾਜ਼ ਵੀ ਚੁੱਕੀ ਹੈ। ਪੰਜਾਬ ਸਰਕਾਰ ਦੀ ਇਹਨਾਂ ਮੁੱਦਿਆਂ ਤੇ ਕੀਤੀ ਜਾ ਰਹੀ ਅਣਗਹਿਲੀ ਅਤੇ ਗੱਲੀਬਾਤੀˆਹਵਾਈ ਕਿਲੇ ਬਣਾਉਣ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।

4 ਅਤੇ 5 ਫਰਵਰੀ 2023 ਨੂੰ ਸੂਬਾ ਦਫਤਰ ਚੰਡੀਗੜ੍ਹ ਵਿਖੇ ਹੋਈ ਸੂਬਾ ਕੌਂਸਲ ਦੀ ਦੋ-ਰਾਜ਼ਾ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕੌਂਸਲ ਨੂੰ ਵੱਖ ਵੱਖ ਮਤੇ ਪਾਸ ਕਰਕੇ ਪੰਜਾਬ ਦੇ ਭਖਦੇ ਸਵਾਲਾਂ ਉਤੇ ਆਪਣਾਂ ਪੱਖ ਅਤੇ ਦੁੱਖ ਪ੍ਰਗਟ ਕੀਤਾ। ਮੀਟਿੰਗ ਸਰਵਸਾਥੀ ਹਰਦੇਵ ਸਿੰਘ ਅਰਸ਼ੀ, ਬਲਦੇਵ ਸਿੰਘ ਨਿਹਾਲਗੜ੍ਹ ਅਤੇ ਸੁਖਜਿੰਦਰ ਮਹੇਸ਼ਰੀ ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿਚ ਹੋਈ।

ਮੀਟਿੰਗ ਨੂੰ ਆਰੰਭ ਵਿਚ ਸੀਪੀਆਈ ਦੇ ਕੌਮੀ ਜਨਰਲ ਸਕੱਤਰ ਸਾਥੀ ਡੀ. ਰਾਜਾ ਨੇ ਮੁਖਾਤਬ ਕੀਤਾ ਅਤੇ 24ਵੀˆ ਪਾਰਟੀ ਕਾਂਗਰਸ ਦੇ ਨਿਰਣਿਆਂ ਦੀ ਰੋਸ਼ਨੀ ਵਿਚ ਕੌਮੀ ਪ੍ਰਸਥਿਤੀ ਦਾ ਵਿਸ਼ਲੇਸ਼ਣ ਕੀਤਾ ਅਤੇ ਰਿਪੋਰਟਿੰਗ ਕੀਤੀ। ਉਹਨਾਂ ਕਿਹਾ ਕਿ ਪਾਰਟੀ ਦਾ ਮੁੱਖ ਕਾਰਜ ਭਾਜਪਾ-ਆਰ ਐਸ ਐਸ ਨੂੰ ਗੱਦੀਓˆ ਲਾਹ ਕੇ ਧਰਮ-ਨਿਰਪੱਖਤਾ, ਜਮਹੂਰੀਅਤ, ਸੰਵਿਧਾਨ ਤੇ ਫੈਡਰਲ ਢਾਂਚੇ ਦੀ ਰਾਖੀ ਕਰਨਾ ਹੈ ਜਿਸ ਵਾਸਤੇ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੀ ਵਿਸਥਾਰਤ ਏਕਤਾ ਕਾਇਮ ਕਰਨੀ ਹੈ। ਇਸ ਵਾਸਤੇ ਉਹਨਾਂ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿਤਾ।

ਸੂਬਾ ਸਕੱਤਰ ਸਾਥੀ ਬੰਤ ਬਰਾੜ ਵਲੋˆ ਪੰਜਾਬ ਦੀ ਸਿਆਸੀ ਆਰਥਿਕ ਸਥਿਤੀ ਉਤੇ ਪੇਸ਼ ਕੀਤੀ ਰਿਪੋਰਟ ਉਤੇ ਹੋਈ ਬਹਿਸ ਵਿਚ 30 ਸਾਥੀਆਂ ਨੇ ਹਿਸਾ ਲਿਆ ਜਿਸਨੂੰ ਅੰਤ ਉਤੇ ਕੁੱਝ ਵਾਧਿਆਂ ਸਮੇਤ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।

ਕੌਂਸਲ ਨੇ 10 ਮਾਰਚ ਨੂੰ ਫਾਸ਼ੀਵਾਦ-ਵਿਰੋਧੀ ਫਰੰਟ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਆਯੋਜਨ ਦੀ ਵੀ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਇਸ ਸੱਦੇ ਦਾ ਹੁੰਗਾਰਾ ਭਰਦਿਆਂ ਜਲੰਧਰ ਵਿਚ ਵਿਸ਼ਾਲ ਰੈਲੀ ਵੀ ਕੀਤੀ ਜਾਣੀ ਹੈ ਅਤੇ ਮਾਰਚ ਵੀ ਹੋਣਾ ਹੈ। ਇਸ ਨੂੰ ਸਫਲ ਕਰਨ ਲਈ ਵੀ ਫੈਸਲੇ ਲਏ ਗਏ ਅਤੇ ਵੱਖ—ਵੱਖ ਜ਼ਿਲਿਆਂ ਨੂੰ ਕੋਟੇ ਵੀ ਲਾਏ ਗਏ।

ਕੌਂਸਲ ਨੇ 13 ਫਰਵਰੀ ਨੂੰ ਕੇਂਦਰੀ  ਬਜਟ-ਵਿਰੋਧੀ ਦਿਨ ਮਨਾਉਣ ਦਾ ਸੱਦਾ ਦਿਤਾ ਕਿਉˆਕਿ ਇਹ ਬਜਟ ਗਰੀਬ-ਵਿਰੋਧੀ ਅਤੇ ਕਾਰਪੋਰੇਟ-ਪੱਖੀ ਹੈ ਅਤੇ ਸਿੱਖਿਆ ਤੇ ਸਿਹਤ, ਸਨਅਤ ਨੂੰ ਅਣਗੌਲਾ ਕੀਤਾ ਹੈ।

ਪਾਰਟੀ ਨੇ ਪੰਜਾਬ ਨਾਲ ਕੀਤੀ ਜਾ ਰਹੀ ਬੇਇਨਸਾਫੀ ਉਤੇ ਤਿੱਖੇ ਗੁੱਸੇ ਦਾ ਇਜ਼ਹਾਰ ਕੀਤਾ। ਪਾਰਟੀ ਨੇ ਕਿਹਾ ਕਿ ਇਸ ਤਰ੍ਹਾਂ ਫੈਡਰਲ ਢਾਂਚਾ ਸਾਬੋਤਾਜ ਕੀਤਾ ਜਾ ਰਿਹਾ ਹੈ। ਗਣਰਾਜ ਦਿਵਸ ਉਤੇ ਵੀ ਪੰਜਾਬ ਦੀ ਝਾਕੀ ਪੇਸ਼ ਨਹੀˆ ਹੋਣ ਦਿੱਤੀ। ਬੀਬੀਐਮਬੀ ਵਿਚ ਧੱਕਾ ਕੀਤਾ ਹੈ। ਬੀਐਸਐਫ ਨੂੰ 50 ਕਿਲੋਮੀਟਰ ਅੰਦਰ ਤੱਕ ਅਧਿਕਾਰ ਦੇ ਦਿਤੇ ਹਨ। ਕੇਂਦਰ ਦੇ ਇਸ਼ਾਰੇ ਤੇ ਰਾਜਪਾਲ ਵਾਰ-ਵਾਰ ਪ੍ਰਸ਼ਾਸਨ ਵਿਚ ਦਖਲ ਦਿੰਦਾ ਹੈ।

ਮੀਟਿੰਗ ਨੇ ਆਰੰਭ ਵਿਚ ਉਹਨਾਂ ਸਾਰੇ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਜਿਹੜੇ ਪਿਛਲੇ ਚਾਰ ਮਹੀਨਿਆਂ ਵਿਚ ਸਾਥੋਂ ਵਿਛੜ ਗਏ ਹਨ। ਇਹਨਾਂ ਵਿਚ ਸਰਵ ਸਾਥੀ ਰਣਧੀਰ ਗਿੱਲ, ਗਿਆਨੀ ਗੁਰਦੇਵ ਸਿੰਘ ਨਿਹਾਲਸਿੰਘ ਵਾਲਾ, ਖੇਤ ਮਜ਼ਦੂਰ ਸਭਾ ਆਗੂ ਸੰਤੋਖ ਸੰਘੇੜਾ, ਤਰਲੋਚਨ ਰਾਣਾ ਆਦਿ ਸ਼ਾਮਲ ਹਨ। ਸ਼ੋਕ ਮਤਾ ਸਾਥੀ ਪਿਰਥੀਪਾਲ  ਸਿੰਘ ਮਾੜੀਮੇਘਾ ਨੇ ਪੇਸ਼ ਕੀਤੀ।

ਇਸ ਸੂਬਾਈ ਮੀਟਿੰਗ ਮੌਕੇ ਜਥੇਬੰਦਕ ਫੈਸਲੇ ਵੀ ਲਏ ਗਏ। 

ਮੀਟਿੰਗ ਨੇ ਇਸ ਮੌਕੇ ਮਹੱਤਵਪੂਰਨ ਜਥੇਬੰਦਕ ਕਾਰਜ ਨੇਪਰੇ ਚਾੜ੍ਹੇ। ਇਸਨੇ 27 ਮੈˆਬਰੀ ਨਵੀਂ  ਸੂਬਾ ਕਾਰਜਕਾਰਣੀ ਦੀ ਚੋਣ ਸਰਬਸੰਮਤੀ ਨਾਲ ਕੀਤੀ। ਇਸ ਵਿਚ 7-8 ਨਵੇˆ ਚਿਹਰੇ ਪਾਏ ਕਿਓਂਕਿ ਏਨੇ ਕੁ ਹੀ ਵੈਟਰਨ ਮੈˆਬਰਾਂ ਨੇ ਆਪਣੇ ਆਪ ਨੂੰ ਪਾਏ ਨਾ ਜਾਣ ਲਈ ਫੈਸਲਾ ਕੀਤਾ ਸੀ। 

ਇਸੇ ਤਰ੍ਹਾਂ ਕੌਂਸਲ ਨੇ 9 ਮੈˆਬਰੀ ਸਕੱਤਰੇਤ ਦੀ ਚੋਣ ਵੀ ਕੀਤੀ ਗਈ। ਚੇਤੇ ਰਹੇ ਕਿ ਪਿਛਲੀ ਟਰਮ ਵਿਚ ਸਕੱਤਰੇਤ ਨਹੀ ਸੀ ਅਤੇ ਦੋ ਸਹਾਇਕ ਸਕੱਤਰ ਸਨ।  ਕਾਰਜਕਾਰੀ ਵਿਚ 2 ਅਤੇ ਸਕੱਤਰੇਤ ਵਿਚ ਇਕ ਪੱਕਾ ਨਿਮੰਤ੍ਰਤ ਨਾਮਜ਼ਦ ਕੀਤਾ ਗਿਆ। (ਪੂਰੀ ਸੂਚੀ ਨਾਲ ਨੱਥੀ ਹੈ)। 


ਕੌਂਸਲ ਨੇ ਸਾਥੀ ਗੁਰਨਾਮ ਕੰਵਰ ਨੂੰ ਫਿਰ ਸਰਬਸੰਮਤੀ ਨਾਲ ਖਜ਼ਾਨਜੀ ਚੁਣ ਲਿਆ ਅਤੇ ਡੀ.ਪੀ.ਮੌੜ, ਵੇਦ  ਪ੍ਰਕਾਸ਼ ਅਤੇ ਮਹਿੰਦਰਪਾਲ ਸਿੰਘ ਤੇ ਆਧਾਰਤ ਆਡਿਟ ਕਮਿਸ਼ਨ ਚੁਣਿਆ, ਇਸਦੇ ਮੁਖੀ ਸਾਥੀ ਡੀ.ਪੀ. ਮੌੜ ਹੋਣਗੇ। ਕੌਂਸਲ ਨੇ 2 ਖਾਲੀ ਸੀਟਾਂ ਲਈ ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ ਅਤੇ ਹੁਸ਼ਿਆਰਪੁਰ ਦੇ ਸਕੱਤਰ ਅਮਰਜੀਤ ਸਿੰਘ ਨੂੰ ਸੂਬਾ ਕੌਂਸਲ ਦਾ ਮੈˆਬਰ ਚੁਣ ਲਿਆ ਗਿਆ। ਇਸਤੋˆ ਇਲਾਵਾ ਕੌਂਸਲ ਨੇ 7 ਮੈˆਬਰਾਂ ਨੂੰ ਪੱਕੇ ਨਿਮੰਤ੍ਰਤ ਚੁਣਿਆ। ਇਸਨੇ ਭੂਪਿੰਦਰ ਸਾਂਬਰ ਸਣੇ ਵੈਟਰਨ ਸਾਥੀਆਂ ਅਤੇ ਕੌਮੀ ਕੌਂਸਲ ਮੈˆਬਰਾਂ ਨੂੰ ਮੀਟਿੰਗਾਂ ਵਿਚ ਹਾਜ਼ਰ ਹੋਣ ਦਾ ਪੱਕਾ ਸੱਦਾ ਦਿਤਾ।

ਕੌਂਸਲ ਨੇ ਸਾਲ 2023 ਲਈ ਮੈˆਬਰਸ਼ਿਪ ਦੇ ਨਵੀਨੀਕਰਨ ਲਈ ਦਿਸ਼ਾ ਨਿਰਦੇਸ਼ ਤੈਅ ਕੀਤੇ।

ਨਵੀ ਸੂਬਾ ਕਾਰਜਕਾਰਣੀ ਦੇ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ:

(1) ਬੰਤ ਸਿੰਘ ਬਰਾੜ (2) ਹਰਦੇਵ ਅਰਸ਼ੀ (3) ਜਗਰੂਪ ਸਿੰਘ (4) ਨਿਰਮਲ ਸਿੰਘ ਧਾਲੀਵਾਲ (5) ਪਿਰਥੀਪਾਲ ਮਾੜੀਮੇਘਾ (6) ਅਮਰਜੀਤ  ਆਸਲ (7) ਨਰਿੰਦਰ ਸੋਹਲ (8) ਗੁਰਨਾਮ ਕੰਵਰ (9) ਬਲਦੇਵ ਸਿੰਘ ਨਿਹਾਲਗੜ੍ਹ (10) ਕੁਲਦੀਪ ਭੋਲਾ (11) ਹੰਸਰਾਜ ਗੋਲਡਨ (12) ਕਿਸ਼ਨ ਚੌਹਾਨ (13) ਕਸ਼ਮੀਰ ਸਿੰਘ ਗਦਾਈਆ (14) ਕਸ਼ਮੀਰ ਸਿੰਘ ਫਿਰੋਜ਼ਪੁਰ (15) ਕੁਲਵੰਤ ਸਿੰਘ ਮੌਲਵੀਵਾਲਾ (16) ਸੁਖਦੇਵ ਸਿੰਘ ਸਿਰਸਾ (17) ਦੇਵੀ ਕੁਮਾਰੀ (18) ਦੇਵਿੰਦਰ ਸੋਹਲ  (19) ਹਰਲਾਭ ਸਿੰਘ (20) ਲਖਬੀਰ ਸਿੰਘ ਨਿਜ਼ਾਮਪੁਰ (21) ਬਲਕਰਨ ਸਿੰਘ ਬਰਾੜ (22) ਡੀ.ਪੀ. ਮੌੜ (23) ਰਾਜਿੰਦਰਪਾਲ ਕੌਰ (24) ਸੁਖਦੇਵ ਸ਼ਰਮਾ (25) ਗੁਲਜ਼ਾਰ ਸਿੰਘ (ਗੁਰਦਾਸਪੁਰ) (26) ਦਸਵਿੰਦਰ ਕੌਰ (27) ਅਸ਼ੋਕ ਕੌਸ਼ਲ (28) ਰਮੇਸ਼ ਕੌਸ਼ਲ (ਕੰਟਰੋਲ ਕਮਿਸ਼ਨ ਦੇ ਚੇਅਰਮੈਨ) 

ਪੱਕਾ ਨਿਮੰਤ੍ਰਤ :  (1) ਸੁਖਜਿੰਦਰ ਮਹੇਸ਼ਰੀ (2) ਮਹਿੰਦਰਪਾਲ ਸਿੰਘ।

 ਜ਼ਿਕਰਯੋਗ ਹੈ ਕਿ ਬਹੁਤ ਸਾਰੀਆਂ ਚੁਣੌਤੀਆਂ ਅਤੇ ਜ਼ਿੰਮੇਦਾਰੀਆਂ ਹਨ ਇਸ ਨਵੇਂ ਸਕੱਤਰੇਤ ਦੇ ਸਾਹਮਣੇ "ਕਾਮਰੇਡ ਸਕਰੀਨ" ਵਿੱਚ ਇਸ ਨਾਲ ਸਬੰਧਤ ਵੱਖਰੀਆਂ ਲਿਖਤਾਂ ਅਤੇ ਰਿਪੋਰਟਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਅਤੇ ਕੁਝ ਹੋਰ ਵੀ ਜਲਦੀ ਹੀ ਛਾਪੀਆਂ ਜਾਣੀਆਂ ਹਨ।  

ਇਸ ਨਵੀਂ ਸਕੱਤਰੇਤ ਵਿੱਚ (1) ਬੰਤ ਸਿੰਘ ਬਰਾੜ (2) ਹਰਦੇਵ ਸਿੰਘ ਅਰਸ਼ੀ (3) ਜਗਰੂਪ ਸਿੰਘ (4) ਨਿਰਮਲ ਸਿੰਘ ਧਾਲੀਵਾਲ (5) ਪਿਰਥੀਪਾਲ ਸਿੰਘ ਮਾੜੀਮੇਘਾ (6) ਅਮਰਜੀਤ ਸਿੰਘ ਆਸਲ  (7) ਨਰਿੰਦਰ ਸੋਹਲ (8)  ਬਲਦੇਵ ਸਿੰਘ ਨਿਹਾਲਗੜ੍ਹ  (9) ਦੇਵੀ ਕੁਮਾਰੀ

ਪੱਕਾ ਨਿਮੰਤ੍ਰਤ : (1) ਕਸ਼ਮੀਰ ਸਿੰਘ ਗਦਾਈਆ

ਇਸ ਨਵੀਂ ਸਕੱਤਰੇਤ ਦੀ ਚੋਣ ਇਹ ਸਪਸ਼ਰ ਦੱਸ ਰਹੀ ਹੈ ਕਿ ਨਵੀਂ ਉਮਰ ਦੇ ਮੈਂਬਰ ਹੁਣ ਬਹੁਤ ਸਾਰੇ ਨਵੇਂ ਤਜਰਬੇ ਕਰਨਗੇ ਜਿਹਨਾਂ ਸਦਕਾ ਪਾਰਟੀ ਦੀ ਪੁਰਾਣੀ ਸ਼ਾਨ ਬਹੁਤ ਜਲਦੀ ਫਿਰ ਬਹਾਲ ਹੋਵੇਗੀ। ਇਸ ਬਾਰੇ ਵੱਖਰੀ ਪੋਸਟ ਵੀ ਦਿਤੀ ਜਾ ਰਹੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Tuesday, January 31, 2023

ਸੀਪੀਆਈ-ਮਹਾਤਮਾ ਗਾਂਧੀ ਅਤੇ ਗਾਂਧੀ ਜੀ ਦਾ ਸਾਹਿਤ

ਗਾਂਧੀ ਜੀ ਦੇ ਵਿਚਾਰਾਂ ਦਾ ਜਾਦੂ ਫਿਰ ਜਗਾਉਣਾ ਜ਼ਰੂਰੀ ਹੈ  


ਲੁਧਿਆਣਾ: 30 ਜਨਵਰੀ 2023: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ)::
ਮੌਜੂਦਾ ਦੌਰ ਜ਼ਿਆਦਾ ਨਾਜ਼ੁਕ ਹੈ। ਆਉਣ ਵਾਲਾ ਸਮਾਂ ਵੀ ਕਾਫੀ ਭਿਣਕ ਲੱਗ ਰਿਹਾ ਹੈ। ਸੀਪੀਆਈ ਸਮੇਤ ਮਹਾਤਮਾ ਗਾਂਧੀ ਜੀ ਦੇ ਸਮੂਹ ਹਮਾਇਤੀਆਂ ਨੂੰ ਗਾਂਧੀ ਜੀ ਦਾ ਫਲਸਫਾ ਤੇਜ਼ੀ ਨਾਲ ਲੋਕਾਂ ਦੇ ਦਿਲਾਂ ਤੱਕ ਲਿਜਾਣਾ ਚਾਹੀਦਾ ਹੈ। ਗਾਂਧੀ ਜੀ ਦੇ ਨਾਂਵਾਂ ਹੇਠ ਕੰਮ ਕਰਦੇ ਅਦਾਰਿਆਂ ਨੂੰ ਵੀ ਪੂਰੀ ਤਰ੍ਹਾਂ ਨਾਲ ਅਤੇ ਤੇਜ਼ੀ ਨਾਲ ਗਾਂਧੀ ਜੀ ਦੇ ਰੰਗ ਵਿਚ ਰੰਗਿਆ ਜਾਣਾ ਚਾਹੀਦਾ ਹੈ। ਇਹਨਾਂ ਸੰਗਠਨਾਂ ਅਤੇ ਅਦਾਰਿਆਂ ਵਿੱਚ ਗਾਂਧੀ ਜੀ ਦਾ ਫਲਸਫਾ ਬੜੇ ਅਸਰਦਾਇਕ ਢੰਗ ਨਾਲ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਵਪਾਰਕ ਲਾਭਾਂ ਅਤੇ ਫਾਇਦਿਆਂ ਤੋਂ ਉੱਪਰ ਉੱਠ ਕੇ ਇਥੋਂ ਗਾਂਧੀਵਾਦ ਦੀ ਇੱਕ ਲਹਿਰ ਖੜੀ ਹੋ ਸਕਦੀ ਹੈ। ਇਹ ਸਿਰਫ ਰਵਾਇਤੀ ਜਿਹੇ ਬੇਅਸਰ ਮਿਊਜ਼ੀਅਮ ਵਾਂਗ ਨਹੀਂ ਰਹਿਣੇ ਚਾਹੀਦੇ ਬਲਕਿ ਜਿਊਂਦੀਆਂ ਜਾਗਦੀਆਂ  ਯਾਦਗਾਰੀ ਨਿਸ਼ਾਨੀਆਂ ਵਾਂਗ ਸਰਗਰਮ ਹੋਣੇ ਚਾਹੀਦੇ ਹਨ। ਇਹਨਾਂ ਇਮਾਰਤਾਂ ਵਿਚ ਦਾਖਲ ਹੁੰਦਿਆਂ ਹੀ ਵਿਅਕਤੀ ਦੇ ਦਿਲ ਦਿਮਾਗ 'ਤੇ ਗਾਂਧੀ ਜੀ ਦੇ ਰੰਗ ਦਾ ਨਸ਼ਾ ਛਾ ਜਾਣਾ ਚਾਹੀਦਾ ਹੈ। ਇਹ ਇੱਕ ਹਕੀਕਤ ਹੈ ਕਿ ਗਾਂਧੀ ਜੀ ਦੇ ਵਿਚਾਰਾਂ ਵਿਚ ਉਹ ਸ਼ਕਤੀ ਅਜੇ ਵੀ ਮੌਜੂਦ ਹੈ। ਜਿਹੜੀ ਹਲੂਣਾ ਦੇ ਸਕਦੀ ਹੈ। ਜਿਹੜੀ ਅੱਜ ਵੀ ਅਹਿੰਸਾ ਦੀ ਸ਼ਕਤੀ ਦੇ ਚਮਤਕਾਰਾਂ ਨੂੰ ਲੋਕਾਂ ਸਾਹਮਣੇ ਲਿਆ ਸਕਦੀ ਹੈ। 

ਮਹਾਤਮਾ ਗਾਂਧੀ ਜੀ ਦੀ ਦੇਣ ਵੀ ਬਹੁਤ ਵੱਡੀ ਹੈ ਅਤੇ ਉਹਨਾਂ ਦਾ ਫਲਸਫਾ ਵੀ ਬਹੁਤ ਵੱਡਾ ਹੈ। ਇਸ ਫਲਸਫੇ ਨੇ ਕਿੰਨਾ ਸਦਮਾ ਪਹੁੰਚਾਇਆ ਹੋਵੇਗਾ ਉਹਨਾਂ ਦੇ ਵਿਰੋਧੀਆਂ ਨੂੰ ਕਿ ਉਹਨਾਂ ਦੇ ਵਿਰੋਧੀਆਂ ਨੇ ਉਹਨਾਂ ਦਾ ਕਤਲ ਤੱਕ ਕਰ ਦਿੱਤਾ। ਦੂਜੇ ਪਾਸੇ ਉਹਨਾਂ ਦੇ ਹਮਾਇਤੀਆਂ ਨੇ ਬਸ ਉਹਨਾਂ ਦੇ ਨਾਮ ਦੀ ਮਾਲਾ ਬਹੁਤ ਜਪੀ ਅਤੇ ਉਹਨਾਂ ਦੇ ਨਾਮ 'ਤੇ ਆਪਣੇ ਸੰਗਠਨਾਂ ਅਤੇ ਅਦਾਰਿਆਂ ਦੇ ਨਾਮ ਵੀ ਰੱਖੇ ਪਰ ਗਾਂਧੀ ਦੇ ਵਿਚਾਰਾਂ ਦਾ ਜਿਹੜਾ ਜਾਦੂ ਸੀ ਉਸ ਦੇ ਮਰਮ ਤੱਕ ਨਹੀਂ ਪੁੱਜ ਸਕੇ। ਇਸ ਸਚਾਈ ਦੇ ਬਾਵਜੂਦ ਵੀ ਗਾਂਧੀ ਜੀ ਦੇ ਫਲਸਫੇ ਨੂੰ ਲੋਕਾਂ ਦੇ ਦਿਲਾਂ ਵਿਚ ਉਤਾਰਨ ਦਾ ਕੰਮ ਓਨਾ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ। ਹੁਣ ਸੀ ਪੀ ਆਈ ਨੇ ਮਹਾਤਮਾ ਗਾਂਧੀ ਜੀ ਦੇ ਕਾਤਲ ਨੱਥੂਰਾਮ ਗੋਡਸੇ ਦੇ ਪ੍ਰਸੰਸਕਾਂ ਦੀ ਤਿੱਖੀ ਆਲੋਚਨਾ ਕਰ ਕੇ ਇਸ ਦਿਸ਼ਾ ਵੱਲ ਜਾਣੇ ਅਣਜਾਣੇ ਕਦਮ ਜ਼ਰੂਰ ਪੁੱਟੇ ਹਨ। ਇਹ ਸ਼ੁਰੂਆਤ ਬਹੁਤ ਜਲਦੀ ਹਾਂ ਪੱਖੀ ਨਤੀਜੇ ਲਿਆਏਗੀ। ਇਥੇ ਕਲਿੱਕ ਕਰ ਕੇ ਪੜ੍ਹ ਸਕਦੇ ਹੋ ਪੂਰੀ ਖਬਰ। 

ਇਸ ਮਕਸਦ ਲਈ ਸੈਮੀਨਾਰ ਅਤੇ ਨੁੱਕੜ ਮੀਟਿੰਗਾਂ ਦੇ ਨਾਲ ਨਾਲ ਨੁੱਕੜ ਨਾਟਕ ਵੀ ਖੇਡੇ ਜਾਣਾ ਤਾਂ ਬਹੁਤ ਚੰਗਾ ਹੋਵੇ। ਇਪਟਾ ਅਤੇ ਪ੍ਰਗਤੀਸ਼ੀਲ ਵਿਚਾਰਾਂ ਵਾਲੇ ਸੰਗਠਨ ਇਸ ਪਾਸੇ ਚੰਗਾ ਯੋਗਦਾਨ ਪਾ ਸਕਦੇ ਹਨ। ਲੋੜ ਪਵੇ ਤਾਂ ਗੋਡਸੇ ਅਤੇ ਗਾਂਧੀ ਜੀ ਦੇ ਵਿਚਾਰਾਂ ਬਾਰੇ ਖੁਲ੍ਹੇ ਸੈਮੀਨਾਰ ਵੀ ਕਰਾਏ ਜਾਣੇ ਚਾਹੀਦੇ ਹਨ। ਗਾਂਧੀ ਜੀ ਦੇ ਹਮਾਇਤੀਆਂ ਨੂੰ ਆਪੋ ਆਪਣੇ 

ਅੱਜ ਦੇ ਦੌਰ ਵਿੱਚ ਕਮਿਊਨਿਸਟ ਲਹਿਰ ਨਾਲ ਜੁੜੇ ਪੁਰਾਣੇ ਬਜ਼ੁਰਗਾਂ ਨੂੰ  ਜ਼ਿਆਦਾ ਸਰਗਰਮ ਹੋਣ ਦੀ ਲੋੜ ਹੈ ਕਿਓਂਕਿ ਉਹ ਜਾਂਦੇ ਹਨ ਕਿ ਕਿਵੇਂ ਬਹੁਤ ਸਾਰੇ ਪ੍ਰਗਤੀਸ਼ੀਲ ਸੋਚ ਵਾਲੇ ਲੋਕ ਗਾਂਧੀ ਜੀ ਤੋਂ ਪ੍ਰੇਰਿਤ ਹੋ ਕੇ ਦੇਸ਼ ਭਗਤੀ ਵਾਲੀ ਜਜ਼ਬਿਆਂ ਨਾਲ ਰੰਗੇ ਗਏ ਅਤੇ ਫਿਰ ਖੱਬੀਆਂ ਧਿਰਾਂ ਵਿਚ ਵੀ ਸਰਗਰਮ ਹੋਏ। 

ਲੁਧਿਆਣਾ ਦੇ ਇੱਕ ਸਰਗਰਮ ਸਿਆਸੀ ਆਗੂ ਅਤੇ ਵਕੀਲ ਗੁਰਿੰਦਰ ਸੂਦ ਗਾਂਧੀ ਜੀ ਦੇ ਜਨਮਦਿਨ ਅਤੇ ਸ਼ਹੀਦੀ ਦਿਵਸ ਮੌਕੇ ਗਾਂਧੀ ਜੀ ਦੇ ਵਿਚਾਰਾਂ ਵਾਲਾ ਸਾਹਿਤ, ਪੁਸਤਕਾਂ ਅਤੇ ਤਸਵੀਰਾਂ ਕਈ ਸਾਲ ਵੰਡਦੇ ਰਹੇ। ਹੋ ਸਕਦਾ ਹੈ ਕੀ ਬਹੁਤ ਸਾਰੇ ਲੋਕਾਂ ਨੇ ਇਹ ਸਾਹਿਤ ਅਤੇ ਕਿਤਾਬਾਂ ਕੇਵਲ ਆਪਣੀਆਂ ਸ਼ੈਲਫਾਂ 'ਤੇ ਸਜਾ ਕੇ ਰੱਖ ਦਿੱਤੀਆਂ ਹੋਣ ਪਰ ਬਹੁਤ ਸਾਰੇ ਲੋਕ ਪੜ੍ਹਨ ਵਾਲੇ ਵੀ ਸਨ। ਇਹਨਾਂ ਪੜ੍ਹਨ ਵਾਲੇ ਲੋਕਾਂ ਨੇ ਗਾਂਧੀ ਦੇ ਵਿਚਾਰਾਂ ਨੂੰ ਪੜ੍ਹਿਆ ਅਤੇ ਪ੍ਰਭਾਵਿਤ ਵੀ ਹੋਏ। ਇਹਨਾਂ ਨੇ ਹੀ ਗੁਰਿੰਦਰ ਸੂਦ ਹੁਰਾਂ ਕੋਲੋਂ ਪ੍ਰੇਰਨਾ ਲੈ ਕੇ ਇਹਨਾਂ ਕਿਤਾਬਾਂ ਦੇ ਕਈ ਕਈ ਸੈਟ ਉਹਨਾਂ ਵਾਂਗ ਹੀ ਵੰਡੇ। 

ਗਾਂਧੀ ਜੀ ਦੀ ਜੀਵਨੀ ਸੱਚ ਨਾਲ ਮੇਰੇ ਤਜਰਬੇ ਬਹੁਤ ਹੀ ਵਿਸ਼ੇਸ਼ ਰਚਨਾ ਹੈ ਜਿਹੜੀ ਛੇ ਭਾਗਾਂ ਵਿੱਚ ਹੈ। ਕੁਝ ਪ੍ਰਕਾਸ਼ਕਾਂ ਨੇ ਹਿੰਦੀ ਵਿੱਚ ਸੰਪਾਦਨ ਕਰ ਕੇ ਇਸਦੇ ਸਾਰਾਂਸ਼ ਨੂੰ ਇੱਕ ਭਾਗ ਵਿਚ ਵੀ ਛਾਪਿਆ ਹੈ ਪਰ ਸਾਰੇ ਛੇ ਭਾਗ ਪੜ੍ਹਨ ਵਾਲੇ ਹਨ ਜਿਹੜੇ ਅੰਗਰੇਜ਼ੀ ਅਤੇ ਹਿੰਦੀ ਵਿਚ ਮਿਲ ਜਾਂਦੇ ਹਨ। ਇਹਨਾਂ ਵਿਚ ਬਹੁਤ ਸਾਰੀਆਂ ਗੱਲਾਂ ਪੂਰੀ ਤਰ੍ਹਾਂ ਗੈਰ ਸਿਆਸੀ ਹੈ। ਇੱਕ ਸ਼ੁੱਧ ਲਾਈਫ ਸਟਾਈਲ ਵੀ ਕਿਹਾ ਜਾ ਸਕਦਾ ਹੈ। ਆਪਣੇ ਇਹਨਾਂ ਤਜਰਬਿਆਂ ਬਾਰੇ ਜਿੰਨਾ ਸੱਚ ਗਾਂਧੀ ਜੀ ਨੇ ਆਪਣੀ ਇਸ ਸਵੈ ਜੀਵਨੀ ਵਿਚ ਬੋਲੀ ਹੈ ਉਸਨੂੰ ਜ਼ੁਬਾਨ 'ਤੇ ਲਿਆਉਣਾ ਆਸਾਨ ਨਹੀਂ ਹੁੰਦਾ। 

ਅਸਲ ਵਿੱਚ ਸੱਚ ਨਾਲ ਮੇਰੇ ਤਜਰਬੇ ਮਹਾਤਮਾ ਗਾਂਧੀ ਜੀ ਦੀ ਅਜਿਹੀ ਆਤਮਕਥਾ ਹੈ ਜਿਸਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਮੂਲ ਰੂਪ ਵਿੱਚ ਇਹ ਆਤਮਕਥਾ ਉਨ੍ਹਾਂ ਨੇ ਗੁਜਰਾਤੀ ਵਿੱਚ ਲਿਖੀ ਸੀ। ਉਸ ਵੇਲੇ ਇਸ ਨੂੰ ਹਫਤਾਵਾਰ ਕਿਸਤਾਂ ਵਿੱਚ ਲਿਖਿਆ ਅਤੇ ਛਾਪਿਆ ਗਿਆ ਸੀ। ਉਦੋਂ ਇਹ ਜੀਵਨੀ ਉਨ੍ਹਾਂ ਦੇ ਰਸਾਲੇ ਨਵਜੀਵਨ ਵਿੱਚ 1925 ਤੋਂ 1929 ਤੱਕ ਛਪੀ ਸੀ। ਅੰਗਰੇਜ਼ੀ ਅਨੁਵਾਦ ਉਨ੍ਹਾਂ ਦੇ ਦੂਜੇ ਰਸਾਲੇ ਯੰਗ ਇੰਡੀਆ ਵਿੱਚ ਵੀ ਇਹ ਕਿਸ਼ਤਵਾਰ ਛਪੀ ਸੀ।

ਇਹ ਸਵਾਮੀ ਆਨੰਦ ਅਤੇ ਗਾਂਧੀ ਜੀ ਦੇ ਹੋਰ ਸਹਿ-ਕਰਮੀਆਂ ਵਲੋਂ ਉਨ੍ਹਾਂ ਨੂੰ ਆਪਣੀਆਂ ਜਨ-ਮਹਿੰਮਾਂ ਦੀ ਪਿੱਠਭੂਮੀ ਦੀ ਵਿਆਖਿਆ ਕਰਨ ਲਈ ਜੋਰ ਦੇਣ ਉੱਤੇ ਲਿਖੀ ਗਈ ਸੀ। ਸੰਨ 1999 ਵਿੱਚ ਗਲੋਬਲ ਰੂਹਾਨੀ ਅਤੇ ਧਾਰਮਿਕ ਅਥਾਰਟੀਜ ਦੀ ਇੱਕ ਕਮੇਟੀ ਨੇ ਇਸ ਕਿਤਾਬ ਨੂੰ "20ਵੀਂ ਸਦੀ ਦੀਆਂ 100 ਸਭ ਤੋਂ ਵਧੀਆ ਕਿਤਾਬਾਂ" ਵਿੱਚੋਂ ਇੱਕ ਵਜੋਂ ਚੁਣਿਆ। ਜਿਸ ਜਿਸ ਨੇ ਵੀ ਇਸ ਨੂੰ ਬਿਨਾ ਕਿਸੇ ਲੱਗ ਲਪੇਟ ਦੇ ਪੜ੍ਹਿਆ ਹੈ ਉਹ ਇਸਤੋਂ ਪ੍ਰਭਾਵਿਤ ਹੋਇਆ ਹੈ। 

ਇਥੇ ਇੱਕ ਵਿਸ਼ੇਸ਼ ਆਯੋਜਨ ਦਾ ਜ਼ਿਕਰ ਵੀ ਜ਼ਰੂਰੀ ਲੱਗਦਾ ਹੈ। ਨਾਮਧਾਰੀਆਂ ਨੇ ਇੱਕ ਵਾਰ ਦਿੱਲੀ ਦੇ ਵਿਗਿਆਨ ਭਵਨ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਕੀਤਾ ਤਾਂ ਉਸ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਦੇ ਕੁਝ ਚੋਣਵੇਂ ਲੇਖਕਾਂ ਅਤੇ ਪੱਤਰਕਾਰਾਂ ਨੂੰ ਵੀ ਲਿਜਾਇਆ ਗਿਆ। ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਦੀ ਅਗਵਾਈ ਹੇਠਾਂ ਡਾਕਟਰ ਗੁਲਜ਼ਾਰ ਪੰਧੇਰ, ਜਸਵੀਰ ਝੱਜ, ਕੁਲਵਿੰਦਰ ਕੌਰ ਕਿਰਨ, ਗੁਰਸੇਵਕ ਢਿੱਲੋਂ ਅਤੇ ਕੁਝ ਹੋਰ ਕਲਮਕਾਰ ਵੀ ਇਸ ਟੀਮ ਵਿਚ ਸਨ। ਇਹਨਾਂ ਸਾਰੀਆਂ ਨੂੰ ਗਾਂਧੀ ਧਾਮ ਵਿਖੇ ਰਾਤ ਰੁਕਵਾਇਆ ਗਿਆ। ਇਥੋਂ ਦਾ ਮਾਹੌਲ ਤਾਂ ਬਹੁਤ ਹੀ ਸ਼ਾਂਤ ਅਤੇ ਗਾਂਧੀ ਦੀ ਯਾਦ ਦੁਆਉਣ ਵਾਲਾ ਹੈ ਪਰ ਸਿਆਸੀ ਰੰਗਤ ਕਾਰਨ ਗਾਂਧੀ ਜੀ ਦੇ ਸੁਨੇਹੇ ਵੀ ਆਪਣੇ ਅਸਲ ਰੰਗ ਵਿਚ ਨਜ਼ਰ ਨਹੀਂ ਆਉਂਦੇ। ਅਜਿਹੇ ਮਾਹੌਲ ਵਿੱਚ ਪ੍ਰੋਫੈਸ ਜਗਮੋਹਨ ਸਿੰਘ ਹੁਰਾਂ ਨੇ ਮੀਡੀਆ ਨਾਲ ਕਈ ਗੱਲਾਂ ਕੀਤੀਆਂ ਜਿਹੜੀਆਂ ਮੌਜੂਦਾ ਦੌਰ ਵਿੱਚ ਵੀ ਗਾਂਧੀ ਜੀ ਦੀ ਮੌਜੂਦਗੀ ਨੂੰ ਉੱਥੇ ਸਾਕਾਰ ਕਰਦੀਆਂ  ਸਨ। ਇੰਝ ਲੱਗਦਾ ਸੀ ਜਿਵੇਂ ਗਾਂਧੀ ਜੀ ਅਦ੍ਰਿਸ਼ ਰੂਪ ਵਿਚ ਇਥੇ ਸਾਡੇ ਕੋਲ ਆ ਗਏ ਹੋਣ। ਅਜਿਹੇ ਜਾਦੂਈ ਤਜਰਬੇ ਸਾਨੂੰ ਪੰਜਾਬ ਅਤੇ ਹੋਫਰਨਾਂ ਥਾਂਵਾਂ 'ਤੇ ਵੀ ਕਰਨੇ ਚਾਹੀਦੇ ਹਨ। 

ਐਫ ਆਈ ਬੀ ਵਾਲੇ ਡਾਕਟਰ ਭਾਰਤ ਰਾਮ ਤਾਂ ਹੁਣ ਇਸ ਦੁਨੀਆ ਵਿਚ ਨਹੀਂ ਰਹੇ ਲੇਕਿਨ ਤਿਰੰਗੇ ਦੇ ਨਾਲ ਨਾਲ ਉਹਨਾਂ ਦਾ ਗਾਂਧੀ ਜੀ ਨਾਲ ਵੀ ਬਹੁਤ ਇਸ਼ਕ ਸੀ। ਉਹ ਗਾਂਧੀ ਜੀ ਦੇ ਵਿਚਾਰਾਂ ਨੂੰ ਬਹੁਤ ਹੀ ਅਸਰਦਾਇਕ ਢੰਗ ਨਾਲ ਤਕਰੀਬਨ ਹਰ ਰੋਜ਼ ਲੋਕਾਂ ਸਾਹਮਣੇ ਰੱਖਦੇ ਸਨ। ਗਾਂਧੀ ਜੀ ਦੀ ਅਹਿੰਸਾ ਨਾਲ ਪ੍ਰਤੀਬੱਧਤਾ, ਮਾਨਸਿਕ ਸ਼ਕਤੀਆਂ ਦੇ ਤਜਰਬੇ, ਵਰਤ-ਉਪਵਾਸ ਵਾਲੇ ਤਜਰਬੇ, ਤਾਂ ਅਤੇ ਮਨ ਨੂੰ ਕਾਬੂ ਰੱਖਣ ਵਾਲੇ ਫਾਰਮੂਲੇ ਆਦਿ ਬਹੁਤ ਕੁਝ ਹੈ ਉਸ ਸਵੈ ਜੀਵਨੀ ਵਿੱਚ। ਖੁਦ ਦਾ ਲਿਹਾਜ਼ ਕੀਤੇ ਬਿਨਾ ਉਹਨਾਂ ਬਹੁਤ ਕੁਝ ਖੋਹਲ ਕੇ ਦੱਸਿਆ ਹੈ ਇਹਨਾਂ ਪੁਸਤਕਾਂ ਵਿੱਚ। 

ਇਹ ਲਿਖਤ ਵੀ ਜ਼ਰੂਰ ਦੇਖੋ ਪੰਜਾਬ ਸਕਰੀਨ ਵਿੱਚ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।