Tuesday, May 27, 2025

ਜ਼ਮੀਨਾਂ ਐਕੁਆਇਰ ਕਰਨ ਵਿਰੁੱਧ ਤਿੱਖੇ ਰੋਸ ਵਿਖਾਵੇ ਸ਼ੁਰੂ

From Raghbir Singh Benipal on Tuesday 27th May 2025 at 4:36 PM Regarding Protest Against Land Requirement

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਗਲਾਡਾ ਸਾਹਮਣੇ ਚੇਤਾਵਨੀ ਰੈਲੀ

*ਪੀੜਤ ਕਿਸਾਨਾਂ ਅਤੇ ਇਲਾਕਾ ਨਿਵਾਸੀਆਂ ਨੇ ਕੀਤੇ ਜੋਸ਼ ਦਾ ਪ੍ਰਗਟਾਵਾ

*ਉਪਜਾਊ ਜਮੀਨਾਂ ਜਬਰੀ ਐਕੁਵਾਇਰ ਕਰਨ ਵਿਰੁੱਧ ਤਿੱਖੇ ਦਾ ਪ੍ਰਗਟਾਵਾ 

*ਗਲਾਡਾ ਦਫਤਰ ਲੁਧਿਆਣਾ ਦੇ ਸਾਹਮਣੇ ਵਿਸ਼ਾਲ ਇਕੱਠ ਕਾਰਨ ਉਪਰੰਤ ਸਰਕਾਰ ਨੂੰ ਭੇਜਿਆ ਮੰਗ ਪੱਤਰ
ਲੁਧਿਆਣਾ ਵਿੱਚ ਗਲਾਡਾ ਸਾਹਮਣੇ ਚੇਤਾਵਨੀ ਰੈਲੀ ਦੇ ਦ੍ਰਿਸ਼ 
ਲੁਧਿਆਣਾ: 27 ਮਈ 2025: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::
ਲੁਧਿਆਣਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਏਕੜ ਉਪਜਾਊ ਜਮੀਨ ਐਕੁਵਾਇਰ ਕਰਕੇ ਅਰਬਨ ਸਟੇਟ ਬਣਾਉਣ ਦੀ ਯੋਜਨਾ ਦਾ ਵਿਰੋਧ ਕਰਦਿਆਂ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਚ’ ਪੀੜਤ ਕਿਸਾਨਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਵਿਸ਼ਾਲ ਚੇਤਾਵਨੀ ਰੈਲੀ ਗਲਾਡਾ ਦਫਤਰ ਲੁਧਿਆਣਾ ਦੇ ਸਾਹਮਣੇ ਕੀਤੀ ਗਈ। ਰੈਲੀ ਚ’ ਸ਼ਾਮਿਲ ਹੋਏ ਪੀੜਤ ਕਿਸਾਨਾਂ ਅਤੇ ਇਲਾਕੇ ਦੇ ਪਿੰਡਾਂ ਵੱਲੋਂ ਮਤੇ ਪਾਸ ਕਰਕੇ ਆਖਿਆ ਗਿਆ ਕਿ  ਪਿੰਡਾਂ ਦੀ ਉਪਜਾਊ ਜਮੀਨ ਕਿਸੇ ਵੀ ਕੀਮਤ ਤੇ ਸਰਕਾਰ ਨੂੰ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਚਰਨ ਸਿੰਘ ਨੂਰਪੁਰਾ, ਭਾਰਤੀ ਕਿਸਾਨ ਯੂਨੀਅਨ ਡਕੌਤਾ (ਧਨੇਰ) ਦੇ ਜਗਰੂਪ ਸਿੰਘ ਹਸਨਪੁਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਰਘਵੀਰ ਸਿੰਘ ਬੈਨੀਪਾਲ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮਨਪ੍ਰੀਤ ਸਿੰਘ, ਆਲ ਇੰਡੀਆ ਕਿਸਾਨ ਸਭਾ (ਹੱਨਨ ਮੁੱਲਾ) ਦੇ ਬਲਦੇਵ ਸਿੰਘ ਲਤਾਲਾ, ਆਲ ਇੰਡੀਆ ਕਿਸਾਨ ਸਭਾ (1936) ਦੇ ਜਸਵੀਰ ਸਿੰਘ ਝੱਜ, ਕਿਰਤੀ ਕਿਸਾਨ ਯੂਨੀਅਨ ਦੇ ਸਾਧੂ ਸਿੰਘ ਅੱਚਰਵਾਲ, ਭਾਰਤੀ ਕਿਸਾਨ ਯੂਨੀਅਨ ਡਕੌਤਾ ਦੇ ਮਹਿੰਦਰ ਸਿੰਘ ਕਮਾਲਪੁਰਾ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਗੁਰਜੀਤ ਸਿੰਘ ਗਿੱਲ, ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਕੁਲਦੀਪ ਸਿੰਘ ਗਰੇਵਾਲ, ਭਾਈ ਲਾਲੋ ਲੋਕ ਮੰਚ ਦੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਆਖਿਆ ਕਿ ਸੂਬਾ ਸਰਕਾਰ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੇ ਖੇਤੀ ਦੇ ਧੰਦੇ ਨੂੰ ਬਚਾਉਣ ਦੀ ਥਾਂ ਕਿਸਾਨਾਂ ਨੂੰ ਖੇਤੀ ਦੇ ਵਿੱਚੋਂ ਬਾਹਰ ਕਰਨ ਦੇ ਰਾਹ ਪਈ ਹੋਈ ਹੈ।

ਇਸ ਰੈਲੀ ਦੌਰਾਨ ਸਪਸ਼ਟ ਆਖਿਆ ਗਿਆ ਕਿ ਕਾਰਪੋਰੇਟ ਵੱਡੀਆਂ ਕੰਪਨੀਆਂ ਦੇ ਦਬਾਅ ਅਧੀਨ ਇਲਾਕੇ ਦੀ ਹਜ਼ਾਰਾਂ ਏਕੜ ਉਪਜਾਊ ਜਮੀਨ ਐਕੁਵਾਇਰ ਕਰਕੇ ਜੋ ਅਰਬਨ ਸਟੇਟ ਬਣਾਉਣ ਦੀ ਯੋਜਨਾ ਸਰਕਾਰ ਨੇ ਬਣਾਈ ਹੈ, ਉਹ ਕਿਸੇ ਵੀ ਤਰ੍ਹਾਂ ਕਿਸਾਨਾਂ ਅਤੇ ਇਲਾਕੇ ਦੇ ਲੋਕਾਂ ਅਤੇ ਖੇਤੀ ਦੇ ਧੰਦੇ ਵਾਸਤੇ  ਲਾਹੇ ਬੰਦ ਨਹੀਂ ਹੈ। ਉਨਾਂ ਆਖਿਆ ਕਿ ਉਹ ਕਿਸੇ ਵੀ ਕੀਮਤ ਤੇ ਆਪਣੀ ਜ਼ਮੀਨ ਨਹੀਂ ਛੱਡਣਗੇ। 

ਉਨਾਂ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਉਹ ਆਪਣੀ ਇਸ ਯੋਜਨਾ ਨੂੰ ਰੱਦ ਕਰੇ ਅਤੇ ਲੋਕਾਂ ਤੋਂ ਮੁਆਫ਼ੀ ਮੰਗੇ। ਉਹਨਾਂ ਕਿਹਾ ਕਿ ਉਹ ਪਹਿਲਾਂ ਹੀ ਤਿੰਨ ਕਾਲੇ ਕਾਨੂੰਨ ਜਿਹੜੇ ਕਿ ਰੱਦ ਕਰਵਾ ਚੁੱਕੇ ਹਨ ਉਹਨਾਂ ਵਰਗਾ ਹੀ ਇਹ ਅਗਲਾ ਕਦਮ ਹੈ। ਇਸ ਲਈ ਉਹ ਕਿਸੇ ਵੀ ਕੀਮਤ ਤੇ ਆਪਣੀ ਜਮੀਨ ਨਹੀਂ ਛੱਡਣਗੇ| 

ਸਟੇਜ ਦੀ ਕਾਰਵਾਈ ਹਰਨੇਕ ਸਿੰਘ ਗੁੱਜਰਵਾਲ ਨੇ ਚਲਾਈ ਅਤੇ ਧੰਨਵਾਦ ਚਮਕੌਰ ਸਿੰਘ ਬਰਮੀ ਨੇ ਕੀਤਾ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਅਮਨਦੀਪ ਸਿੰਘ ਲੱਲਤੋ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜਸਦੇਵ ਸਿੰਘ ਲੱਲਤੋ, ਗੁਰਦੀਪ ਸਿੰਘ ਅਲੀਗੜ੍ਹ, ਸਟੀਲ ਐਡ ਮੋਲਡ ਯੂਨੀਅਨ ਦੇ ਹਰਜਿੰਦਰ ਸਿੰਘ, ਡਾ. ਸੁਖਪਾਲ ਸਿੰਘ ਸੇਖੋ, ਡਾ. ਰਜਿੰਦਰਪਾਲ ਸਿੰਘ ਔਲ਼ਖ, ਡਾ. ਗੁਰਪ੍ਰੀਤ ਸਿੰਘ ਰਤਨ, ਕਸਤੂਰੀ ਲਾਲ, ਦਲਵੀਰ ਸਿੰਘ ਜੋਧਾਂ, ਜਥੇਦਾਰ ਅਜਮੇਰ ਸਿੰਘ ਰਤਨ, ਰਾਜਵੀਰ ਸਿੰਘ ਘੁਡਾਣੀ ਨੇ ਵੀ ਸੰਬੋਧਨ ਕੀਤਾ। ਰੈਲੀ ਤੋਂ ਉਪਰੰਤ ਗਲਾਡਾ ਦੇ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਭੇਜਿਆ। 

ਹੁਣ ਦੇਖਣਾ ਹੈ ਕਿ ਸਰਕਾਰ ਨੂੰ ਇਸ ਚੇਤਾਵਨੀ ਰੈਲੀ ਦੀ ਸੁਰ ਕਿੰਨੀ ਜਲਦੀ ਸਮਝ ਆਉਂਦੀ ਹੈ। ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਲੀ ਕਿਸਾਨ ਸ਼ਕਤੀ ਨੂੰ ਦਬਾਅ ਸਕਣਾ ਸੂਬਾ ਸਰਕਾਰ ਦੇ ਵੱਸ ਦੀ ਗੱਲ ਵੀ ਨਹੀਂ। 

No comments:

Post a Comment