Monday, May 19, 2025

ਰਾਤ ਨੂੰ ਮੈਂ ਟੀਵੀ 'ਤੇ ਖ਼ਬਰਾਂ ਅਤੇ ਬਹਿਸਾਂ ਦੇਖਦੀ ਹਾਂ--ਗੁਲਫਿਸ਼ਾਂ ਫਾਤਿਮਾ

 From Surinder Kumari Kochhar19th May 2025 at 07:56 AM Writeup by Buta SIngh NawanShehar

"ਮੈਂ ਆਜ਼ਾਦੀ ਲਈ ਤਾਂਘ ਰਹੀ ਹਾਂ" 

ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ

[ਗੁਲਫ਼ਿਸ਼ਾਂ ਫ਼ਾਤਿਮਾ ਪਿਛਲੇ ਪੰਜ ਸਾਲਾਂ ਤੋਂ ਜੇਲ੍ਹ ਵਿੱਚ ਹੈ। ਹੇਠਾਂ ਉਹ ਖ਼ਤ ਹੈ ਜੋ ਉਸਨੇ ਹਾਲ ਹੀ ਵਿੱਚ ਜੇਲ੍ਹ ਵਿੱਚੋਂ ਆਪਣੇ ਦੋਸਤਾਂ ਨੂੰ ਲਿਖਿਆ, ਜਿਸ ਵਿੱਚ ਉਸਨੇ ਆਪਣਾ ਪੰਜ ਸਾਲ ਦਾ ਅਨੁਭਵ ਸਾਂਝਾ ਕੀਤਾ ਹੈ।]

ਨਮਸਤੇ,

ਰਾਤ ਨੂੰ ਮੈਂ ਟੀਵੀ 'ਤੇ ਖ਼ਬਰਾਂ ਅਤੇ ਬਹਿਸਾਂ ਦੇਖਦੀ ਹਾਂ। ਇਹ ਸਿਰਫ਼ ਦਿਖਾਈ ਨਹੀਂ ਦਿੰਦਾ, ਬਲਕਿ ਕਿਸੇ ਵੀ ਸਮਝਦਾਰ ਵਿਅਕਤੀ ਨੂੰ ਇਹ ਸਪੱਸ਼ਟ ਹੈ ਕਿ ਚੀਕਣ ਵਾਲਾ ਮੁੱਖ ਧਾਰਾ ਮੀਡੀਆ ਜਨਤਾ ਨੂੰ ਇਹ ਅਹਿਸਾਸ ਦਿਵਾਉਣ 'ਤੇ ਤੁਲਿਆ ਹੈ ਕਿ ਤੁਹਾਨੂੰ ਕਿਸੇ ਖ਼ਾਸ ਫਿਰਕੇ ਦੁਆਰਾ ਸ਼ੋਸ਼ਿਤ ਕੀਤਾ, ਅਪਮਾਨਿਤ ਕੀਤਾ ਅਤੇ ਦਬਾਇਆ ਗਿਆ ਹੈ, ਨਾ ਕਿ ਕਿਸੇ ਤਾਨਾਸ਼ਾਹੀ ਰਾਜਨੀਤਿਕ ਵਿਵਸਥਾ ਦੁਆਰਾ। ਪੱਖਪਾਤੀ ਮੀਡੀਆ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਤੁਹਾਡੇ ਨਾਲ ਅੱਜ ਵੀ ਜੋ ਕੁਝ ਬੁਰਾ ਹੁੰਦਾ ਹੈ, ਉਸਦਾ ਇਕੋ ਕਾਰਨ ਇੱਕ ਖ਼ਾਸ ਫਿਰਕਾ ਹੈ। ਹਰ ਘੱਟਗਿਣਤੀ ਨੂੰ ਇਸ ਤਰ੍ਹਾਂ ਖੁੱਲ੍ਹਮ-ਖੁੱਲ੍ਹਾ ਬਦਨਾਮ ਨਹੀਂ ਕੀਤਾ ਜਾਂਦਾ ਜਿਵੇਂ "ਇੱਕ ਖ਼ਾਸ ਫਿਰਕੇ" ਨੂੰ।

ਇਸ ਸਭ ਦੇ ਬਾਵਜੂਦ, ਮੈਨੂੰ ਪੂਰਾ ਯਕੀਨ ਹੈ ਕਿ ਭਾਰਤ ਦੀ ਜਨਤਾ ਅੰਦਰੋਂ ਨਾ ਤਾਂ ਅਸਹਿਣਸ਼ੀਲ ਹੈ ਅਤੇ ਨਾ ਹੀ ਹਿੰਸਕ। ਮੈਂ ਸੁੱਖ ਦਾ ਸਾਹ ਲੈਂਦੀ ਹਾਂ ਜਦੋਂ ਦੇਖਦੀ ਹਾਂ ਕਿ ਇਸ ਐਨੀ ਜ਼ਿਆਦਾ ਧਰੁਵੀਕ੍ਰਿਤ ਹੁੰਦੀ ਜਾ ਰਹੀ ਦੁਨੀਆ ਵਿੱਚ ਲੋਕ ਏਕਤਾ ਅਤੇ ਸਥਿਰਤਾ ਲਈ ਜੂਝ ਰਹੇ ਹਨ। ਇੱਕ ਹੋਰ ਗੱਲ ਜੋ ਮੈਂ ਮਹਿਸੂਸ ਕੀਤੀ ਹੈ, ਉਹ ਇਹ ਹੈ ਕਿ ਧਰਮ ਅਤੇ ਰਾਜਨੀਤੀ ਹਮੇਸ਼ਾ ਨਾਲੋ-ਨਾਲ ਚਲਦੇ ਹਨ।

ਪਿਛਲੀ ਵਾਰ ਕੋਰਟਰੂਮ ਵਿੱਚ, ਮੈਂ ਆਪਣੇ ਪਾਪਾ ਨੂੰ ਹਕਲਾਉਂਦੇ ਹੋਏ ਦੇਖ ਕੇ ਪੁੱਛਿਆ, “ਤੁਹਾਨੂੰ ਇਹ ਤਕਲੀਫ਼ ਕਦੋਂ ਤੋਂ ਹੋਣ ਲੱਗੀ ਹੈ?” ਤਾਂ ਉਹਨਾਂ ਨੇ ਬਹੁਤ ਧੀਮੀ ਆਵਾਜ਼ ’ਚ ਕਿਹਾ , "ਹਮੇਸ਼ਾ ਡਰ ਦਾ ਅਹਿਸਾਸ ਹੁੰਦਾ ਰਹਿੰਦਾ ਹੈ ਜਿਵੇਂ ਹੁਣੇ ਕੁਝ ਮਾੜਾ ਹੋਣ ਵਾਲਾ ਹੈ, ਇਸ ਲਈ ਬੋਲਦੇ-ਬੋਲਦੇ ਅਟਕ ਜਾਂਦਾ ਹਾਂ।" ਉਹਨਾਂ ਦੇ ਇਹ ਸ਼ਬਦ, ਜੋ ਕਿ ਸੱਚ ਹਨ, ਮੇਰੇ ਦਿਮਾਗ ਵਿੱਚ ਵਸ ਗਏ ਹਨ ਅਤੇ ਵਾਰ-ਵਾਰ ਘੁੰਮਦੇ ਰਹਿੰਦੇ ਹਨ।

ਜਦੋਂ ਮੇਰੇ ਮਾਤਾ-ਪਿਤਾ ਨੂੰ ਸਾਡੇ ਸੰਘਰਸ਼ ਦੀ ਹਮਾਇਤ ਵਿੱਚ ਜਾਂ ਕਿਸੇ ਸੈਮੀਨਾਰ ਜਾਂ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਜਾਂਦਾ ਹੈ, ਤਾਂ ਉਹ ਦੇਖਦੇ ਹਨ ਕਿ ਲੋਕ ਅਜੇ ਵੀ ਏਕਤਾ, ਸ਼ਾਂਤੀ, ਨਿਆਂ ਲਈ ਅਤੇ ਜਬਰ, ਬਦਨਾਮੀ, ਅਨਿਆਂ ਦੇ ਖਿਲਾਫ਼ ਬੋਲਣ ਦੀ ਹਿੰਮਤ ਕਰਦੇ ਹਨ। ਇਸ ਨਾਲ ਉਹਨਾਂ ਨੂੰ ਥੋੜ੍ਹੀ ਰਾਹਤ ਮਿਲਦੀ ਹੈ, ਚਾਹੇ ਕੁਝ ਸਮੇਂ ਲਈ ਹੀ ਸਹੀ। ਉਹਨਾਂ ਦੇਦੀ ਹਮਾਇਤ ਦਾ ਸਭ ਤੋਂ ਕਾਬਲੇ-ਤਾਰੀਫ਼ ਪਹਿਲੂ ਇਹ ਹੈ ਕਿ ਉਹਨਾਂ ਨੇ ਸਾਨੂੰ ਕਦੇ ਨਹੀਂ ਦੇਖਿਆ, ਨਾ ਹੀ ਨਿੱਜੀ ਤੌਰ 'ਤੇ ਸਾਨੂੰ ਜਾਣਦੇ ਹਨ। ਫਿਰ ਵੀ, ਇੱਕ ਸਾਂਝੇ ਮਕਸਦ ਲਈ ਸਾਡੇ ਨਾਲ ਖੜ੍ਹੇ ਹਨ। ਸੱਚ ਕਹਾਂ ਤਾਂ, ਵੱਖ-ਵੱਖ ਵਿਚਾਰਧਾਰਾਵਾਂ, ਧਾਰਮਿਕ ਵਿਸ਼ਵਾਸਾਂ ਵਾਲੇ ਲੋਕਾਂ ਤੋਂ ਇਹ ਨਿਰਸਵਾਰਥ ਪਿਆਰ ਦੇਖ ਕੇ ਮੈਂ ਭਾਵੁਕ ਹੋ ਜਾਂਦੀ ਹਾਂ।

ਕੁਝ ਲੋਕ ਅਜਿਹੇ ਵੀ ਹਨ ਜੋ ਮਨੁੱਖਤਾ ਅਤੇ ਇੱਕਜੁਟ ਭਾਰਤ ਦੇ ਹਿੱਤ ਵਿੱਚ ਮਤਭੇਦਾਂ ਨੂੰ ਵਿਵਾਦ ਵਿੱਚ ਨਹੀਂ ਬਦਲਣ ਦਿੰਦੇ। ਉਹ "ਇੱਕ ਖ਼ਾਸ ਫਿਰਕੇ" ਦੇ ਵਿਸ਼ੇਸ਼ ਸਨੇਹ ਅਤੇ ਸਨਮਾਨ ਦੇ ਹੱਕਦਾਰ ਹਨ।

ਆਉਣ ਵਾਲੀ ਈਦ-ਉਲ-ਫਿਤਰ ਮੇਰੀ 6ਵੀਂ ਈਦ ਹੋਵੇਗੀ ਜੋ ਮੈਂ ਇੱਥੇ (ਜੇਲ੍ਹ ਵਿਚ) ਮਨਾਵਾਂਗੀ। ਉਸ ਦਿਨ ਲਈ ਮੈਂ ਸਿਲਾਈ ਸੈਂਟਰ ਤੋਂ ਕੁਝ ਗਹਿਣੇ ਅਤੇ ਕਾਜਲ ਖ਼ਰੀਦ ਲਏ ਹਨ। ਮੈਂ ਕੋਈ ਵੀ ਤਿਉਹਾਰ ਮਨਾਉਣ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦੀ, ਚਾਹੇ ਇਹ ਰੱਖੜੀ ਹੋਵੇ, ਮਹਿਲਾ ਦਿਵਸ, ਹੋਲੀ, ਈਸਟਰ, ਵਗੈਰਾ। ਜਦੋਂ ਮੈਂ ਰੱਖੜੀ ਬੰਨ੍ਹਦੀ ਹਾਂ, ਤਾਂ ਮੈਂ ਆਪਣੀਆਂ ਸਹਿ-ਕੈਦਣਾਂ ਨੂੰ ਕਹਿੰਦੀ ਹਾਂ ਕਿ ਇਸ ਰੱਖੜੀ ਦੇ ਬਦਲੇ ਮੈਨੂੰ ......... ਤੋਂ ਬਚਾਓ। ਹੇਹੇਹੇ… ਦਰਅਸਲ, ਮੈਂ ਹਰ ਮੌਕੇ ਨੂੰ ਭਰਪੂਰ ਜੀਣ ਦੀ ਕੋਸ਼ਿਸ਼ ਕਰਦੀ ਹਾਂ। ਕਿਉਂਕਿ ਮੈਂ ਹਕੀਕਤ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨ ਵਿੱਚ ਵਿਸ਼ਵਾਸ ਰੱਖਦੀ ਹਾਂ, ਫਿਰ ਬਹੁਤ ਚਿੰਤਾ ਕਿਉਂ ਕੀਤੀ ਜਾਵੇ? “ਜੇਕਰ ਮੈਂ ਬਾਹਰ ਹੁੰਦੀ ਤਾਂ ਮੈਂ ਇਹ ਕਰਦੀ, ਉਹ ਕਰਦੀ।” ਸੋਚਣ ਦਾ ਕੀ ਫ਼ਾਇਦਾ। ਹਕੀਕਤ ਇਹ ਹੈ ਕਿ ਮੈਂ ਜੇਲ੍ਹ ਵਿੱਚ ਹਾਂ। ਹੁਣ ਇਹ ਪੂਰੀ ਤਰ੍ਹਾਂ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਮਨ ਅਤੇ ਰੂਹ ਨੂੰ ਕਿਸ ਦਿਸ਼ਾ ‘ਚ ਲੈ ਕੇ ਜਾਣਾ ਹੈ। ਕਈ ਵਾਰ, ਮੈਂ ਆਪਣੇ ਆਪ ਨੂੰ ਦਾਰਸ਼ਨਿਕ ਲੱਗਦੀ ਹਾਂ, ਪਰ ਅਨਜਾਣੇ ਹੀ ਇਹ ਸੱਚ ਹੈ ਕਿ ਕੈਦ ਨੇ ਮੈਨੂੰ ਹੋਰ ਵੀ ਅਧਿਆਤਮਕ ਬਣਾ ਦਿੱਤਾ ਹੈ। ਮੈਂ ਚਾਹੁੰਦੀ ਹਾਂ ਕਿ ਜੋ ਲੋਕ ਆਪਣੇ ਆਪ ਨੂੰ ਧਾਰਮਿਕ ਮੰਨਦੇ ਹਨ, ਉਹ ਵੀ ਆਪਣੀ ਆਤਮਾ ਨੂੰ ਅਧਿਆਤਮਕਤਾ ਦੇ ਰਸਤੇ 'ਤੇ ਚੱਲਣ ਦਾ ਮੌਕਾ ਦੇਣ। ਅਧਿਆਤਮਕ ਤੌਰ 'ਤੇ ਜਾਗਰੂਕ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਦੁੱਖ, ਨਿਰਾਸ਼ਾ, ਜਾਂ ਭਟਕਣ ਦਾ ਅਨੁਭਵ ਬੰਦ ਹੋ ਜਾਂਦਾ ਹੈ। ਇਹ ਸਭ ਤਾਂ ਹੁੰਦਾ ਹੈ। ਮੈਂ ਆਜ਼ਾਦੀ ਲਈ ਤੜਫਦੀ ਹਾਂ ਅਤੇ ਰਿਹਾਈ ਦੀ ਅਨੰਤ ਅਨਿਸ਼ਚਿਤਤਾ ਬਹੁਤ ਡੂੰਘੀ ਲੱਗਦੀ ਹਾਂ। ਪਰ ਇਸ ਨੇ ਮੈਨੂੰ ਜੀਵਨ ਦੀ ਨਾਜ਼ੁਕਤਾ ਦਾ ਅਹਿਸਾਸ ਕਰਾਇਆ ਹੈ।

ਪਿਛਲੇ ਮਹੀਨੇ ਮੈਂ ਹਿੰਦੀ ਵਿੱਚ ਵਿਵੇਕਾਨੰਦ ਸਾਹਿਤ ਪੜ੍ਹ ਰਹੀ ਸੀ। ਮੈਨੂੰ ਉਹਨਾਂ ਦੇ ਬਹੁਤ ਸਾਰੇ ਵਿਚਾਰ ਮਹਾਨ ਲੱਗੇ। ਸਾਨੂੰ ਉਹਨਾਂ ਦੇ ਨਜ਼ਰੀਏ ਨੂੰ ਵਿਸ਼ਾਲ ਪ੍ਰਸੰਗ ਵਿੱਚ ਸਮਝਣ ਦੀ ਲੋੜ ਹੈ, ਜੋ ਆਮ ਲੋਕਾਂ ਨੂੰ ਫ਼ਰਕਾਂ ਅਤੇ ਵੰਨ-ਸੁਵੰਨਤਾ ਦੀ ਖੂਬਸੂਰਤੀ ਬਾਰੇ ਸਮਝਾ ਸਕਦੇ ਹਨ।

ਅੰਤ ਵਿੱਚ, ਮੈਂ ਆਪਣੇ ਪਰਿਵਾਰ, ਦੋਸਤਾਂ, ਵਕੀਲਾਂ ਅਤੇ ਹਰ ਉਸ ਵਿਅਕਤੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਨਹੀਂ ਛੱਡਿਆ, ਬਲਕਿ ਪੰਜ ਸਾਲਾਂ ਦੀ ਇਸ ਬੇਵਜ੍ਹਾ ਕੈਦ ਦੌਰਾਨ ਮੇਰੇ ਸਾਥ ਨਾਲ ਡੱਟ ਕੇ ਖੜ੍ਹੇ ਰਹੇ, ਮੈਨੂੰ ਸਹਾਰਾ ਦਿੱਤਾ, ਇਕਜੁੱਟਤਾ ਦਿਖਾਈ ਅਤੇ ਹੌਸਲਾ ਦਿੱਤਾ। ਉਹਨਾਂ ਦੇ ਪਿਆਰ ਅਤੇ ਸਾਥ ਤੋਂ ਬਿਨਾਂ, ਇਹ ਸਫ਼ਰ ਬੇਹੱਦ ਦੁਖਦਾਈ ਹੁੰਦਾ।

ਖ਼ੁਸ਼ਕਿਸਮਤੀ ਨਾਲ, 16 ਅਪ੍ਰੈਲ 2025 ਨੂੰ ਮੇਰੀ ਜੇਲ੍ਹ ਜ਼ਿੰਦਗੀ ਦੇ ਪੰਜ ਸਾਲ ਪੂਰੇ ਹੋ ਜਾਣਗੇ। ਮੈਂ ਇਸ ਦਿਨ ਨੂੰ ਵੀ ਤਿਓਹਾਰ ਵਾਂਗ ਮਨਾਵਾਂਗੀ, ਆਪਣੇ ਸੰਘਰਸ਼ ਦੇ ਵਿਚਿੱਤਰ ਹਾਲਾਤਾਂ ਵਿੱਚ ਬਚੇ ਰਹਿਣ ਦੀ ਪ੍ਰਾਪਤੀ ਦੇ ਰੂਪ ‘ਚ। ਹਾਲਾਂਕਿ ਕੈਦ ਨੇ ਮੇਰੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ, ਪਰ ਇਸਦਾ ਮੇਰੀ ਮਾਨਸਿਕ ਸਿਹਤ 'ਤੇ ਜ਼ਰੂਰ ਅਸਰ ਪਿਆ ਹੈ। ਯਾਦਦਾਸ਼ਤ ਏਨੀ ਕਮਜ਼ੋਰ ਹੋ ਗਈ ਹੈ ਕਿ ਮੈਂ ਅਕਸਰ ਆਪਣੀ ਮਾਂ ਨੂੰ ਫੋਨ ਕਰਨਾ ਵੀ ਭੁੱਲ ਜਾਂਦੀ ਹਾਂ। ਕੁਝ ਕਰਨ ਲਈ ਕਿਤੇ ਜਾਂਦੀ ਹਾਂ ਤਾਂ ਰਾਹ ਵਿੱਚ ਹੀ ਭੁੱਲ ਜਾਂਦੀ ਹਾਂ ਕਿ ਮੈਂ ਕਿੱਥੇ ਜਾ ਰਹੀ ਸੀ ਅਤੇ ਕਿਉਂ। ਫਿਰ ਮੈਂ ਕੀ ਕਰਦੀ ਹਾਂ, ਬਸ ਆਪਣੀ ਇਸ ਹਾਲਤ 'ਤੇ ਹੱਸ ਪੈਂਦੀ ਹਾਂ। ਸੱਚਮੁੱਚ, ਮੈਨੂੰ ਬਹੁਤ ਹਾਸਾ ਆਉਂਦਾ ਹੈ। ਹਾਹਾਹਾ... ਖ਼ੈਰ!

ਫ਼ੈਜ਼ ਦੀ ਸ਼ਾਇਰੀ ਮੇਰੇ ਲਈ ਅਚਾਨਕ ਰਾਹਤ ਬਣ ਗਈ ਹੈ। ਜਦੋਂ ਵੀ ਮੈਂ ਬਹੁਤ ਉਦਾਸ ਮਹਿਸੂਸ ਕਰਦੀ ਹਾਂ, ਤਾਂ ਦੋ-ਤਿੰਨ ਦਿਨ ਲਈ ਉਸਦੀ ਸ਼ਾਇਰੀ ਪੜ੍ਹਨ ਲੱਗ ਜਾਂਦੀ ਹਾਂ, ਫਿਰ ਤਾਂ ਜਿਵੇਂ ਸਭ ਕੁਝ ਹਵਾ ਵਿੱਚ ਉੱਡ ਜਾਂਦਾ ਹੈ। ਧੰਨਵਾਦ, ਫੈਜ਼ ਤੁਹਾਡੀ ਵਿਰਾਸਤ ਲਈ।

ਮੈਂ ਫ਼ੈਜ਼ ਦੇ ਲਿਖੇ ਦੋ ਸ਼ੇਅਰਾਂ ਨਾਲ ਤੁਹਾਡੇ ਤੋਂ ਵਿਦਾ ਹੁੰਦੀ ਹਾਂ:

ਚਲੋ ਆਓ ਤੁਮਕੋ ਦਿਖਾਏਂ ਹਮ ਜੋ ਬਚਾ ਹੈ ਮਕਤਲ-ਏ-ਸ਼ਹਰ ਮੇਂ


ਯੇ ਮਜ਼ਾਰ ਅਹਲ-ਏ-ਸਫ਼ਾ ਕੇ ਹੈਂ ਯੇ ਅਹਲ-ਏ-ਸਿਦਕ ਕੀ ਤੁਰਬਤੇਂ

ਮੇਰੀ ਜਾਨ ਆਜ ਕਾ ਗਮ ਨ ਕਰ ਕਿ ਨ ਜਾਨੇ ਕਾਤਿਬ-ਏ-ਵਕਤ ਨੇ

ਕਿਸੀ ਅਪਨੇ ਕਲ ਮੇਂ ਭੀ ਭੂਲਕਰ ਕਹੀਂ ਲਿਖ ਰਹੀ ਹੋ ਮਸਰਤੇਂ।

No comments:

Post a Comment