Tuesday, May 27, 2025

ਹੁਣ ਸੋਸ਼ਲ ਮੀਡੀਆ ਦੇ ਜੰਗ-ਏ-ਮੈਦਾਨ ਵਿੱਚ ਵੀ ਤਕੜੀ ਟੱਕਰ ਦੇਵੇਗੀ CPI

From Party Sources On Monday 26th May 2025 at 6:48 PM

ਬਾਕੀ ਖੱਬੀਆਂ ਧਿਰਾਂ ਵੀ ਮੋਰਚਾ ਸੰਭਾਲਣ ਦੀ ਤਿਆਰੀ ਵਿੱਚ


ਨਵੀਂ ਦਿੱਲੀ
:27 ਮਈ 2025: (ਮੀਡੀਆ ਲਿੰਕ 32//ਕਾਮਰੇਡ ਸਕਰੀਨ ਡੈਸਕ)::

ਮਾਮਲਾ ਭਾਵੇਂ ਪੰਜਾਬ ਦਾ ਹੋਵੇ, ਭਾਵੇਂ ਪਹਿਲਗਾਮ ਤੇ ਭਾਵੇਂ ਗੁਆਂਢੀ ਦੇਸ਼ ਪਾਕਿਸਤਾਨ ਨਾਲ ਲੜਨੀ ਪਈ ਜੰਗ ਦਾ ਜਾਂ ਕੁਝ ਵੀ ਹੋਰ ਪਰ ਜੰਗ ਦਾ ਮੈਦਾਨ ਸੋਸ਼ਲ ਮੀਡੀਆ ਹੀ ਬਣਿਆ ਹੁੰਦਾ ਹੈ। ਜਦੋਂ ਵੱਡੇ ਵੱਡੇ ਸਰਕਾਰੀ ਬਿਆਨ ਵੀ ਸੋਸ਼ਲ ਮੀਡੀਆ ਤੇ ਜਾਰੀ ਹੁੰਦੇ ਹੋਣ ਤਾਂ ਇਹ ਕੁਝ ਸਾਹਮਣੇ ਆਉਣਾ ਹੀ ਸੀ। 

ਇਸਦੀ ਦੇਖਾ-ਦੇਖੀ ਇਸ ਰੁਝਾਣ ਨੇ ਜ਼ੋਰ ਵੀ ਫੜਨਾ ਹੀ ਸੀ।  ਕੁਝ ਹਫਤੇ ਪਹਿਲਾਂ ਮੈਂ ਬੜੀ ਸਫਲਤਾ ਨਾਲ ਪੱਤਰਕਾਰੀ ਵਾਲੀਆਂ ਡਿਗਰੀਆਂ ਡਿਪਲੋਮਿਆਂ ਦੀ ਪ੍ਰਾਪਤੀ ਕਰ ਚੁੱਕੇ ਮੁੰਡਿਆਂ ਕੁੜੀਆਂ ਨਾਲ ਅਚਾਨਕ ਮੁਲਾਕਾਤ ਕੀਤੀ ਤਾਂ ਸਹਿਜ ਸੁਭਾਅ ਹੀ ਪੁੱਛ ਲਿਆ ਕਿ ਅੱਜਕਲ੍ਹ ਕਿਹੜੇ ਮੀਡੀਆ ਅਦਾਰਿਆਂ ਨਾਲ ਜੁੜੇ ਹੋਏ ਹੋ ਤਾਂ ਸਭਨਾਂ ਨੇ ਆਪੋ ਆਪਣੇ ਅਦਾਰਿਆਂ ਬਾਰੇ ਦੱਸਿਆ। ਕੁਝ ਕੁ ਮੁੰਡੇ ਕੁੜੀਆਂ ਵੱਡੀਆਂ ਅਖਬਾਰਾਂ ਅਤੇ ਟੀਵੀ ਚੈਨਲਾਂ ਨਾਲ ਜੁੜੇ ਹੋਏ ਸਨਅਤੇ ਕੁਝ ਨੇ ਕੁਝ ਸਿਆਸੀ ਪਾਰਟੀਆਂ ਨਾਲ ਰਾਬਤਾ ਬਣਾਇਆ ਹੋਇਆ ਸੀ। 

ਇਹ ਸਭ ਸੁਣ ਕੇ ਬੜੀ ਹੈਰਾਨੀ ਹੋਈ ਅਤੇ ਪੁੱਛ ਹੀ ਲਿਆ ਕਿ ਤੁਸੀਂ ਲੋਕ ਇਸ ਨਿੱਕੀ ਉਮਰੇ ਸਿਆਸਤ ਵਿੱਚ ਕਿਵੇਂ? ਜੁਆਬ ਨਾਲ ਬੜੇ ਸਦਮੇ ਵਰਗਾ ਅਹਿਸਾਸ ਹੋਇਆ ਜਦੋਂ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਇਹਨਾਂ ਸਿਆਸੀ ਪਾਰਟੀਆਂ ਕੋਲ Job ਕਰਦੇ ਹਾਂ। ਥੋੜਾ ਹੋਰ ਵੇਰਵਾ ਪੁੱਛਣ ਤੇ ਦੱਸਿਆ ਕਿ ਅਸੀਂ ਇਹਨਾਂ ਸਿਆਸੀ ਪਾਰਟੀਆਂ ਦੀ ਸੋਸ਼ਲ ਮੀਡੀਆ ਟੀਮ ਵਿੱਚ ਹਾਂ। ਇਹ ਸਭ ਕੁਝ ਸਾਡੀ ਟੀਮ ਹੀ ਚਲਾਉਂਦੀ ਹੈ। ਜਿੰਨੇ ਕੁ ਪੈਸੇ ਅਖਬਾਰਾਂ ਅਤੇ ਚੈਨਲਾਂ ਵਾਲੇ ਆਪਣੇ ਮੁਲਾਜ਼ਮ ਪੱਤਰਕਾਰਾਂ ਨੂੰ ਦੇਂਦੇ ਹਨ ਸਾਨੂੰ ਉਸ ਰਕਮ ਤੋਂ ਕੁਝ ਵੱਧ ਹੀ ਮਿਲ ਜਾਂਦੇ ਹਨ। ਕਈ ਵਾਰ ਅਸੀਂ Work From Home ਵੀ ਕਰ ਲੈਂਦੇ ਹਾਂ। 

ਦਿਮਾਗ ਵਿੱਚ ਅਜੇ ਤੱਕ ਰੇਡੀਓ, ਟੀਵੀ ਅਤੇ ਅਖਬਾਰਾਂ ਵਾਲੀ ਪੱਤਰਕਾਰੀ ਦਾ ਸਟਾਈਲ ਹੀ ਸੀ। ਵੈਬ ਚੈਨਲਾਂ ਵਾਲੀ ਚਕਾਚੌਂਧ ਨਾਲ ਅਜੇ ਤੱਕ ਅੱਖਾਂ ਚੁੰਧਿਆ ਰਹੀਆਂ ਸਨ ਪਰ ਹੁਣ ਇਹ ਨਵਾਂ ਰੰਗਢੰਗ ਵੀ ਸਾਹਮਣੇ ਆ ਰਿਹਾ ਸੀ। ਸੋਸ਼ਲ ਮੀਡੀਆ ਵਾਲੀਆਂ ਟੀਮਾਂ ਰਾਹੀਂ ਬਹੁਤ ਸਾਰੇ ਨਿਸ਼ਾਨੇ ਇੱਕੋ ਵੇਲੇ ਫੁੰਡੇ ਜਾ ਰਹੇ ਸਨ। ਇਹਨਾਂ ਬਦਲਦੇ ਰੰਗਾਂ ਅਤੇ ਨਵੇਂ ਅੰਦਾਜ਼ਾਂ ਨੇ ਉਹਨਾਂ ਲੋਕ ਪੱਖੀ ਪਾਰਟੀਆਂ ਤੇ ਵੀ ਅਸਰ ਪਾਇਆ ਜਿਹਨਾਂ ਨੇ ਇਸ ਬਾਰੇ ਨਾ ਤਾਂ ਕਦੇ ਸੋਚਿਆ ਸੀ ਅਤੇ ਨਾ ਹੀ ਉਹਨਾਂ ਕੋਲ ਏਨੇ ਫ਼ੰਡ ਸਨ। 

ਇਹਨਾਂ ਸਾਰੀਆਂ ਹਕੀਕਤਾਂ ਦੇ ਬਾਵਜੂਦ ਇਸੇ ਮਈ ਮਹੀਨੇ ਦੀ 9 ਤਾਰੀਖ ਨੂੰ ਚੰਡੀਗੜ੍ਹ ਦੇ ਸੈਕਟਰ 36-ਬੀ ਵਿੱਚ ਸਥਿਤ ਪੀਪਲਜ਼ ਕਨਵੈਨਸ਼ਨ ਸੈਂਟਰ ਵਿੱਚ ਹੋਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਵੀ ਸੋਸ਼ਲ ਮੀਡੀਆ ਦੇ ਖੇਤਰ ਵਿੱਚ ਸਰਗਰਮੀਆਂ ਵਧਾਉਣ ਬਾਰੇ ਗੱਲ ਤੁਰੀ ਸੀ।  ਮੀਟਿੰਗ ਵਿੱਚ ਮੌਜੂਦ ਸੀਨੀਅਰ ਲੀਡਰਾਂ ਨੇ ਇਸ ਸੰਬੰਧੀ ਹਾਂ ਪੱਖੀ ਹੁੰਗਾਰਾ ਵੀ ਭਰਿਆ ਸੀ। 

ਇਸ ਤੋਂ ਬਾਅਦ ਅਜੋਏ ਭਵਨ, ਨਵੀਂ ਦਿੱਲੀ ਵਿਖੇ ਵੀ 26 ਅਤੇ 27 ਮਈ ਨੂੰ ਇਸ ਸੰਬੰਧੀ ਪਾਰਟੀ ਦੇ ਸੋਸ਼ਲ ਮੀਡੀਆ ਸੈਲ ਦੀ ਵਿਸ਼ੇਸ਼ ਮੀਟਿੰਗ ਹੋਈ। ਸੋਸ਼ਲ ਮੀਡੀਆ ਸੰਬੰਧੀ ਬਣਾਏ ਗਏ ਇਸ ਉਚੇਚੇ ਵਿਭਾਗ ਨੇ ਆਪਣੀਆਂ ਸਰਗਰਮੀਆਂ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ ਪਰ ਇਸ ਮੁਹਿੰਮ ਦਾ ਮਕਸਦ ਉਹਨਾਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਪ੍ਰਚਾਰਨਾ ਰਹੇਗਾ ਜਿਹੜੀਆਂ ਲੋਕਾਂ ਦਰਮਿਆਨ ਆਪਸੀ ਸਦਭਾਵ ਅਤੇ ਸੱਚਾਈ ਵਾਲੇ ਸੰਬੰਧਾਂ ਨੂੰ ਵਧਾਉਣ ਵਾਲੀਆਂ ਹੋਣਗੀਆਂ। 

ਦਿੱਲੀ ਵਾਲੀ ਇਸ ਮੀਟਿੰਗ ਤੋਂ ਪਰਤੇ ਨਵਾਂ ਜ਼ਮਾਨਾ ਅਖਬਾਰ ਦੇ ਸਟਾਫ ਰਿਪੋਰਟਰ ਗਿਆਨ ਸੈਦਪੁਰੀ ਨੇ ਆਪਣੀ ਇੱਕ ਰਿਪੋਰਟ ਵਿੱਚ ਦੱਸਿਆ ਹੈ ਕਿ ‘ਜਿੱਥੇ ਭਾਜਪਾ ਦਾ ਸੋਸ਼ਲ ਮੀਡੀਆ ਕਮਿਊਨਿਸਟਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਡਰ ਦਾ ਮਾਹੌਲ ਬਣਾ ਕੇ ਸਿਆਸਤ ਤੇ ਸਮਾਜ ਵਿੱਚ ਗੰਧਲਾਪਨ ਪੈਦਾ ਕਰ ਰਿਹੈ, ਉੱਥੇ ਸਾਡੇ ਸੋਸ਼ਲ ਮੀਡੀਆ ਨੇ ਦੱਸਣਾ ਹੈ ਕਿ ਸੀ ਪੀ ਆਈ ਨੇ 100 ਸਾਲਾਂ ਵਿੱਚ ਕਿੰਨਾ ਸੰਘਰਸ਼ ਕੀਤਾ, ਕਿੰਨੀਆਂ ਪ੍ਰਾਪਤੀਆਂ ਕੀਤੀਆਂ ਤੇ ਇਹਨਾਂ ਸਾਰੀਆਂ ਪ੍ਰਾਪਤੀਆਂ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ।’ 

ਗਿਆਨ ਸੈਦਪੁਰੀ ਨੇ ਦੱਸਿਆ ਕਿ ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ ਨੇ ਕੀਤਾ। ਉਹ ਸੋਮਵਾਰ ਇੱਥੇ ਪਾਰਟੀ ਦੇ ਸੋਸ਼ਲ ਮੀਡੀਆ ਵਿਭਾਗ ਦੀ ਦੋ ਦਿਨਾ ਮੀਟਿੰਗ ਦਾ ਉਦਘਾਟਨ ਕਰ ਰਹੇ ਸਨ। ਉਹਨਾਂ  ਕਿਹਾ ਕਿ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸਾਹ ਭਾਜਪਾ ਦਾ ਸੋਸ਼ਲ ਮੀਡੀਆ ਚਲਾਉਣ ਵਾਲਿਆਂ ਨੂੰ ‘ਯੋਧੇ’ ਆਖਦਾ ਹੈ। ਸਾਡੇ ਸੋਸ਼ਲ ਮੀਡੀਆ ਚਲਾਉਣ ਵਾਲੇ ਕਾਰਕੁਨ ਵੀ ਯੋਧੇ ਹਨ। 

ਭਾਜਪਾਈ ਜਿੱਥੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਰਾਹੀਂ ਮੋਦੀ ਨੂੰ ਮਮਤਾ ਬੈਨਰਜੀ ਨਾਲ ਡਾਂਸ ਕਰਦਾ ਦਿਖਾਉਂਦੇ ਹਨ, ਉੱਥੇ ਸਾਡੇ ਸੋਸ਼ਲ ਮੀਡੀਆ ਨੇ ਦੱਸਣਾ ਹੈ ਕਿ ਕਮਿਊਨਿਸਟ ਕੌਣ ਹਨ, ਉਨ੍ਹਾਂ ਦੀ ਵਿਚਾਰਧਾਰਾ ਕੀ ਹੈ। ਇਹ ਵੀ ਦੱਸਣਾ ਹੈ ਕਿ ਪਾਰਟੀ ਨਿੱਜੀ ਖੇਤਰ ਵਿੱਚ ਰਾਖਵਾਂਕਰਨ ਚਾਹੁੰਦੀ ਹੈ, ਲੋਕਾਂ ਦੀਆਂ ਮੰਗਾਂ ਤੇ ਮਸਲੇ ਕੀ ਹਨ। ਡੀ. ਰਾਜਾ ਨੇ 16-17 ਰਾਜਾਂ ਤੋਂ ਆਏ ਸੋਸ਼ਲ ਮੀਡੀਆ ਕਾਰਕੁਨਾਂ ਨੂੰ ਤਗੀਦ ਕੀਤੀ ਕਿ ਨਾ ਤਾਂ ਇਸ ਮੰਚ ਨੂੰ ਨਿੱਜ ਦੇ ਪ੍ਰਚਾਰ ਲਈ ਵਰਤਣਾ ਹੈ ਤੇ ਨਾ ਹੀ ਪਾਰਟੀ ਨੂੰ ਕਿਸੇ ਕਿਸਮ ਦੀ ਢਾਹ ਲੱਗੇ। ਇਸ ਤਰ੍ਹਾਂ ਪਾਰਟੀ ਨੇ ਸਿਧਾਂਤਕ ਤੌਰ ਤੇ ਵੀ ਸੋਸ਼ਲ ਮੀਡੀਆ ਸੰਚਾਲਨ ਦੇ ਬਾਵਜੂਦ ਅਸੂਲਾਂ ਅਤੇ ਨੀਤੀਆਂ ਦੀ ਬਾਕਾਇਦਾ ਰਾਖੀ ਵੀ ਕਰਨੀ ਹੈ। ਇਸ ਲਈ ਸੋਸ਼ਲ ਮੀਡੀਆ ਵਿੱਚ ਵੀ ਪਾਰਟੀ ਦੇ ਇਹ ਯੋਧੇ ਗੰਭੀਰ ਬਣੇ ਰਹਿਣਗੇ।ਨਿਸਚੇ ਹੀ ਸੀਪੀਆਈ ਨੇ ਸੋਸ਼ਲ ਮੀਡੀਆ ਨੂੰ ਲੋਕਾਂ ਦੇ ਹੱਕ ਵਿੱਚ ਹੀ ਲਾਮਬੰਦ ਕਰਨਾ ਹੈ।  

ਇਸੇ  ਦੌਰਾਨ ਭਾਰਤੀ ਔਰਤਾਂ ਦੀ ਨੈਸ਼ਨਲ ਫੈਡਰੇਸਨ ਦੀ ਜਨਰਲ ਸਕੱਤਰ ਐਨੀ ਰਾਜਾ ਨੇ ਕਿਹਾ ਕਿ ਬੁਰਜੂਆ ਸਿਆਸੀ ਪਾਰਟੀਆਂ ਦੇ ਮੁਕਾਬਲੇ ਸਾਡੇ ਕੋਲ ਬਹੁਤ ਹੀ ਸੀਮਤ ਆਰਥਕ ਸਾਧਨ ਹਨ। ਸਾਡੇ ਪ੍ਰਤੀਬੱਧ ਕਾਡਰ ਨੇ ਆਪਣੇ ਸੀਮਤ ਸਾਧਨਾਂ ਨਾਲ ਹੀ ਉਹਨਾਂ ਦਾ ਕੁਚੱਜ ਨੰਗਾ ਕਰਨਾ ਹੈ ਤੇ ਕਮਿਊਨਿਸਟਾਂ ਦੀ ਵੱਖਰੀ ਨਿਆਰੀ ਤੇ ਲੋਕ-ਪੱਖੀ ਸੋਚ ਨੂੰ ਲੋਕਾਂ ਦੇ ਸਨਮੁੱਖ ਰੱਖਣਾ ਹੈ। ਸੋਸ਼ਲ ਮੀਡੀਆ ਰਾਹੀਂ ਅਸੀਂ ਸਮਾਜਿਕ ਸੱਚਾਈਆਂ ਬਾਰੇ ਵੀ ਜਾਣੂ ਕਰਾਉਣਾ ਹੈ ਤੇ ਆਪਣੀ ਸੱਭਿਅਤਾ ਵੀ ਪੇਸ਼ ਕਰਨੀ ਹੈ। ਉਹਨਾ ਕਿਹਾ ਕਿ ਸੀ ਪੀ ਆਈ ਦਾ ਕੋਈ ਰੋਜ਼ਾਨਾ ਅਖਬਾਰ ਨਾ ਹੋਣਾ ਵੀ ਸਾਡੇ ਦ੍ਰਿਸ਼ਟੀਕੋਣ ਨੂੰ ਲੋਕਾਂ ਵਿੱਚ ਲਿਜਾਣ ਲਈ ਦਿੱਕਤ ਹੈ। ਸਾਡੇ ਮੀਡੀਆ ਕਾਰਕੁਨਾਂ ਨੂੰ ਇਹ ਕਸਾਰਾ ਵੀ ਪੂਰਾ ਕਰਨਾ ਹੈ। 

ਜ਼ਿਕਰਯੋਗ ਹੈ ਕਿ ਕੁਝ ਦਹਾਕੇ ਪਹਿਲਾਂ ਦਿੱਲੀ ਤੋਂ ਹੀ ਪਾਰਟੀ ਦਾ ਇੱਕ ਰੋਜ਼ਾਨਾ ਅਖਬਾਰ ਹਿੰਦੀ ਵਿੱਚ ਛਪਿਆ ਕਰਦਾ ਸੀ ਜਿਹੜਾ ਦਿੱਖ ਅਤੇ ਪੇਸ਼ਕਾਰੀ ਪੱਖੋਂ ਵੱਡੀਆਂ ਕੌਮੀ ਅਖਬਾਰਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸੀ। ਇਸ ਦੇ ਬਾਵਜੂਦ ਜਨਯੁਗ ਨਾਮ ਦਾ ਇਹ ਅਖਬਾਰ ਫੰਡਾਂ ਦੀ ਘਾਟ ਕਾਰਨ ਬੰਦ ਹੋ ਗਿਆ। ਮੁੜਕੇ ਇਸ ਅਖਬਾਰ ਨੂੰ ਦੋਬਾਰਾ ਸ਼ੁਰੂ ਨਹੀਂ ਕੀਤਾ ਜਾ ਸਕਿਆ।  ਹੁਣ ਇਸ ਰੋਜ਼ਾਨਾ ਅਖਬਾਰ ਦੀ ਕਮੀ ਵੀ ਇਸ ਸੋਸ਼ਲ ਮੀਡੀਆ ਰਾਹੀਂ ਹੀ ਪੂਰੀ ਕੀਤੀ ਜਾਣੀ ਸੀ। 

ਸੋਸ਼ਲ ਮੀਡੀਆ ਬਾਰੇ ਦਿੱਲੀ ਵਾਲੇ ਇਸ ਵਿਸ਼ੇਸ਼ ਸੰਮੇਲਨ ਦੌਰਾਨ ਡਾਕਟਰ ਕਾਂਗੋ ਨੇ ਵੀ ਸੋਸ਼ਲ ਮੀਡੀਆ ਦੇ ਮਹੱਤਵ ਦਾ ਵਿਸਥਾਰ ਨਾਲ ਵਰਣਨ ਕੀਤਾ। ਇਸ ਮੀਟਿੰਗ ਦਾ ਇਹ ਵੀ ਨਿਸ਼ਾਨਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਪਾਰਟੀ ਨੂੰ ਮਜ਼ਬੂਤੀ ਵੱਲ ਲਿਜਾਇਆ ਜਾਵੇ। ਸਾਬਕਾ ਐੱਮ ਪੀ ਅਜ਼ੀਜ਼ ਪਾਸ਼ਾ ਨੇ ਕਿਹਾ ਕਿ ਭਾਜਪਾ ਦੀ ‘ਝੂਠ ਯੂਨੀਵਰਸਿਟੀ’ ਬੜੀ ਅੱਗੇ ਵਧ ਚੁੱਕੀ ਹੈ। ਉਸ ਦੇ ਗੁੰਮਰਾਹਕੁਨ ਪ੍ਰਚਾਰ ਦੀ ਕਾਟ ਲਈ ਸੀ ਪੀ ਆਈ ਦਾ ਸੋਸ਼ਲ ਮੀਡੀਆ ਤਾਕਤਵਰ ਬਣਾਉਣਾ ਕਾਫੀ ਸਮੇਂ ਤੋਂ ਖੱਬੀ ਲਹਿਰ ਦੀ ਲੋੜ ਬਣ ਚੁੱਕੀ ਹੈ।

ਦੋ ਦਿਨਾਂ ਤੀਕ ਚੱਲੀ ਇਸ ਮੀਟਿੰਗ ਨੂੰ ਪਾਰਟੀ ਦੇ ਸਕੱਤਰ ਪੱਲਵ ਸੈਨ ਗੁਪਤਾ ਤੇ ਸੋਸ਼ਲ ਮੀਡੀਆ ਦੇ ਕੋਆਰਡੀਨੇਟਰ ਵਿਵੇਕ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਦੌਰਾਨ ਹੋਏ ਫੈਸਲਿਆਂ ਦੀ ਰੌਸ਼ਨੀ ਵਿੱਚ ਪੁੱਟੇ ਜਾਣ ਵਾਲੇ ਕਦਮਾਂ ਦੀ ਜਾਣਕਾਰੀ ਵੀ ਆਮ ਜਨਤਾ ਤੱਕ ਪਹੁੰਚਦੀ ਰਹੇਗੀ। ਇਸੇ ਸਿਲਸਿਲੇ ਅਧੀਨ ਇੱਕ ਵਿਸ਼ੇਸ਼ ਵਟਸਪ ਚੈਨਲ ਵੀ ਬਣਾਇਆ ਗਿਆ ਹੈ। ਵੱਡੀ ਗੱਲ ਇਹ ਵੀ ਕਿ ਖੱਬੀਆਂ ਧਿਰਾਂ ਕੋਈ ਸ਼ਾਇਰੀ, ਲੇਖ, ਖਬਰਾਂ ਅਤੇ ਕੰਟੈਂਟ ਰਾਈਟਰ ਵੱਜੋਂ ਮੌਲਿਕ ਰਚਨਾਕਾਰਾਂ ਦੀ ਵੀ ਲੰਮੀ ਕਤਾਰ ਹੈ। ਇਹ ਲਹਿਰ ਨਾਲ ਜੁੜੇ ਕਲਾਕਾਰ ਅਤੇ ਲੇਖਕ ਕਿਸੇ ਲਾਲਚ ਲਈ ਨਹੀਂ ਬਲਕਿ ਜਜ਼ਬਾਤੀ ਤੌਰ ਤੇ ਜੁੜੇ ਹੋਏ ਹੋਣ ਕਾਰਣ ਬੜੇ ਜਜ਼ਬੇ ਨਾਲ ਕੰਮ ਕਰਦੇ ਹਨ। ਇਸ ਹਕੀਕਤ ਦਾ ਸੀਪੀਆਈ ਨੂੰ ਵੀ ਬਹੁਤ ਫਾਇਦਾ ਹੋਏਗਾ। 

No comments:

Post a Comment