From Jaswant Zirakh on Friday 30th May 2025 at 4:16 PM Regarding Adiwasi Struggle
ਜ਼ਮੀਨ ਹੇਠਲੇ ਖਣਿਜ ਪਦਾਰਥਾਂ 'ਤੇ ਹੈ ਬਹੁਕੌਮੀ ਕੰਪਨੀਆਂ ਦੀ ਨਜ਼ਰ
ਇਥੇ ਜਮਹੂਰੀ ਅਧਿਕਾਰ ਸਭਾ ਵੱਲੋਂ ਲੁਧਿਆਣੇ ਦੀਆਂ ਵੱਖ-ਵੱਖ ਜਨਤਕ ਜਮਹੂਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਜਲ, ਜੰਗਲ, ਜ਼ਮੀਨ ਦੀ ਰਾਖੀ ਅਤੇ ਆਪਣੀ ਹੋਂਦ ਬਚਾਉਣ ਲਈ ਆਵਾਜ਼ ਬੁਲੰਦ ਕੀਤੀ ਗਈ। ਕਾਰਪੋਰੇਟ ਪੱਖੀ ਸਰਕਾਰੀ ਦਮਨ ਖਿਲਾਫ਼ ਆਦਿਵਾਸੀਆਂ ਦੇ ਸੰਘਰਸ਼ ਨੂੰ ਸਮਝਣ ਲਈ ‘ਆਦਿਵਾਸੀਆਂ ਦੇ ਸਮੂਹਿਕ ਕਤਲ, ਬਹੁਕੌਮੀ ਕੰਪਨੀਆਂ ਅਤੇ ਜਮਹੂਰੀਅਤ’ ਵਿਸ਼ੇ ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਵੀ ਗਿਆ। ਇਸ ਸੈਮੀਨਾਰ ਮੌਕੇ ਬਹੁਤ ਸਾਰੀਆਂ ਸਾਜ਼ਿਸ਼ੀ ਪਰਤਾਂ ਨੂੰ ਫਰੋਲਦਿਆਂ ਇਸ ਮਾਮਲੇ ਦੇ ਹਕੀਕਤ ਨੂੰ ਬੇਨਕਾਬ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਵੀ ਅੱਜ ਵਿਸਥਾਰ ਸਾਹਿਤ ਕਈ ਪਹਿਲੂ ਵਿਚਾਰੇ ਗਏ। ਜਮਹੂਰੀ ਅਧਿਕਾਰ ਸਭਾ ਵੱਲੋਂ ਹੋਰ ਜਨਤਕ ਜਮਹੂਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਮੌਜੂਦਾ ਸਮੇਂ ਵਿੱਚ ਸ਼ਹਿਰੀ ਲੋਕਾਂ ਨੂੰ ਆਦਿਵਾਸੀਆਂ ਦੇ ਸੰਘਰਸ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਉਹ ਆਦਿਵਾਸੀ ਲੋਕ ਸਿਰਫ਼ ਆਪਣੇ ਜਲ-ਜੰਗਲ ਹੀ ਨਹੀਂ ਬਲਕਿ ਆਪਣੀ ਹੋਂਦ ਬਚਾਉਣ ਦੀ ਲੜਾਈ ਵੀ ਲੜ ਰਹੇ ਹਨ। ਜਮੀਨ ਹੇਠ ਮੌਜੂਦ ਖਣਿਜ ਪਦਾਰਥਾਂ ਲਈ ਬਹੁਕੌਮੀ ਕੰਪਨੀਆਂ ਲਗਾਤਾਰ ਸਰਕਾਰ ਤੇ ਦਬਾਅ ਬਣਾ ਕੇ ਆਦਿਵਾਸੀਆਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਹਟਾਉਣਾ ਚਾਹੁੰਦੀਆਂ ਹਨ। ਇਸੇ ਤਹਿਤ ਹੀ ਆਦਿਵਾਸੀਆ ਨੂੰ ਜੰਗਲ ਵਿੱਚੋਂ ਕੱਢਣ ਲਈ ਉਨ੍ਹਾਂ ਦੇ ਘਰ ਵੱਡੀ ਪੱਧਰ ਤੇ ਜਲਾਏ ਜਾ ਰਹੇ ਹਨ ਤੇ ਉਨ੍ਹਾਂ ਦਾ ਸਮੂਹਿਕ ਕਤਲੇਆਮ ਕੀਤਾ ਜਾ ਰਿਹਾ ਹੈ।
ਇਸ ਮੁਹਿੰਮ ਤਹਿਤ ਹੀ ਵੱਡੇ ਪੱਧਰ ਤੇ ਆਦਿਵਾਸੀਆਂ ਦੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਦੀ ਖਬਰ ਵੀ ਬਾਹਰ ਨਹੀਂ ਆਉਣ ਦਿੱਤੀ ਜਾਂਦੀ। ਸ਼ਹਿਰਾਂ ਵਿੱਚ ਵੀ ਜੇ ਕੋਈ ਸਮਾਜਿਕ ਕਾਰਕੁਨ, ਵਕੀਲ, ਬੁੱਧੀਜੀਵੀ, ਪ੍ਰੋਫੈਸਰ,ਲੇਖਕ, ਕਲਾਕਾਰ ਇਸ ਜ਼ੁਲਮ ਖਿਲਾਫ ਆਵਾਜ਼ ਉਠਾਉਂਦੇ ਹਨ ਤਾਂ ਭਾਰਤੀ ਹੁਕਮਰਾਨ ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਸਾਲਾਂ ਤੱਕ ਜੇਲ੍ਹਾਂ ਵਿੱਚ ਡੱਕ ਦਿੰਦੇ ਹਨ ਅਤੇ ਬੋਲਣ-ਲਿਖਣ ਦੀ ਜਮਹੂਰੀ ਆਜ਼ਾਦੀ ਤੇ ਡਾਕਾ ਮਾਰਦੇ ਹਨ।
ਸੈਮੀਨਾਰ ਦੌਰਾਨ ਹੋਏ ਇਸ ਵਿਸ਼ੇਸ਼ ਇਕੱਠ ਨੇ ਆਦਿਵਾਸੀ ਲੋਕਾਂ ਦੇ ਹੱਕੀ ਸੰਘਰਸ਼ ਨੂੰ ਜਾਇਜ਼ ਠਹਿਰਾਉਂਦੇ ਹੋਏ ਮੰਗ ਕੀਤੀ ਕਿ ਆਦਿਵਾਸੀਆਂ ਦੇ ਜਮਹੂਰੀ ਹੱਕ ਬਹਾਲ ਕੀਤੇ ਜਾਣ ਅਤੇ ਬੇਕਸੂਰ ਲੋਕਾਂ ਅਤੇ ਕਾਰਕੁਨਾਂ ਨੂੰ ਰਿਹਾ ਕੀਤਾ ਜਾਵੇ। ਇਸ ਸੈਮੀਨਾਰ ਵਿੱਚ ਰਵਿਤਾ ਅਤੇ ਕਸਤੂਰੀ ਲਾਲ ਨੇ ਇਨਕਲਾਬੀ ਗੀਤ ਵੀ ਪੇਸ਼ ਕੀਤੇ।
ਇਸ ਦੌਰਾਨ ਇਕੱਠ ਨੇ ਦੋ ਮਤੇ ਵੀ ਪਾਸ ਕੀਤੇ। ਇੱਕ ਮਤਾ ਤਾਂ ਅਰਬਨ ਅਸਟੇਟ ਬਣਾਉਣ ਦੇ ਨਾਮ ਤੇ ਲੁਧਿਆਣਾ ਜ਼ਿਲ੍ਹੇ ਅਧੀਨ ਆਉਂਦੇ ਕਈ ਪਿੰਡਾਂ ਦੀ 24331 ਏਕੜ ਖੇਤੀਯੋਗ ਜ਼ਮੀਨ ਦਾ ਉਜਾੜਾ ਕਰਨ ਦੇ ਫੈਸਲੇ ਦੀ ਨਿਖੇਧੀ ਕੀਤੀ ਗਈ ਅਤੇ ਇਸ ਨੂੰ ਰੋਕਣ ਲਈ ਵੀ ਜ਼ੋਰਦਾਰ ਮੰਗ ਵੀ ਕੀਤੀ ਗਈ।
ਦੂਸਰੇ ਮਤੇ ਵਿੱਚ ਇਸ ਸੈਮੀਨਾਰ ਨੇ ਲੁਧਿਆਣਾ ਵਿਚਲੇ ਦਹਾਕਿਆਂ ਪੁਰਾਣੇ ਕਾਲਜ ਦੀ ਜ਼ਮੀਨ ਤੇ ਕਬਜ਼ੇ ਕਰਨ ਕਰਾਉਣ ਦੀਆਂ ਸਾਜ਼ਿਸ਼ਾਂ ਦੀ ਵੀ ਨਿਖੇਧੀ ਕੀਤੀ। ਜ਼ਿਕਰਯੋਗ ਹੈ ਕਿ ਲੜਕੀਆਂ ਦਾ ਇਹ ਸਰਕਾਰੀ ਕਾਲਜ ਭਾਰਤ ਨਗਰ ਚੌਂਕ ਨੇੜੇ ਸਥਿਤ ਹੈ। ਇਸ ਕਾਲਜ ਦੀ ਜ਼ਮੀਨ ਉੱਤੇ ਕਬਜ਼ੇ ਦੀਆਂ ਨੀਅਤਾਂ ਵੀ ਚਿਰਾਂ ਤੋਂ ਚਲੀਆਂ ਆ ਰਹੀਆਂ ਹਨ। ਤਕਰੀਬਨ 45 ਏਕੜ ਥਾਂ ਤੇ ਬਣੇ ਇਸ ਇਤਿਹਾਸਿਕ ਕਾਲਜ ਵਿੱਚ ਖੇਡ ਦਾ ਮੈਦਾਨ ਵੀ ਬਹੁਤ ਵੱਡਾ ਹੈ। ਖੇਡ ਦਾ ਇਹ ਮੈਦਾਨ ਜਗਰਾਓਂ ਪੁਲ ਵਾਲੇ ਪਾਸਿਓਂ ਫਵਾਰਾ ਚੌਂਕ ਵੱਲ ਜਾਂਦਾ ਹੈ। ਇਸੇ ਸੜਕ ਤੇ ਹੀ ਇੱਕ ਮੰਦਿਰ ਵੀ ਹੈ ਜਿਸਦੇ ਸਾਹਮਣੇ ਕਾਲਜ ਦੀ ਇੱਕ ਦੀਵਾਰ ਵੀ ਹੈ ਅਤੇ ਇੱਕ ਦਰਵਾਜ਼ਾ ਵੀ ਹੈ। ਸੈਮੀਨਾਰ ਵਿੱਚ ਬਾਕਾਇਦਾ ਨਾਮ ਲੈਕੇ ਦੋਸ਼ ਲਾਇਆ ਗਿਆ ਕਿ ਇੱਕ ਮੌਜੂਦਾ ਐਮ ਪੀ ਜਿਹੜਾ ਹੁਣ ਸਿਆਸੀ ਕਾਰਨਾਂ ਕਰਕੇ ਐਮ ਐਲੇ ਏ ਦੀ ਚੋਣ ਲੜ ਰਿਹਾ ਹੈ। ਉਹੀ ਇਸ ਵਾਰ ਕਾਲਜ ਦੀ ਜ਼ਮੀਨ ਤੇ ਕਬਜ਼ਾ ਕਰਵਾ ਰਿਹਾ ਹੈ। ਲੜਕੀਆਂ ਦੇ ਖੇਡ ਦੇ ਮੈਦਾਨ ਵਿੱਚ ਲੀਡਰ ਦੀ ਸਿਆਸੀ ਸ਼ਹਿ ਤੇ ਮੰਦਰ ਵੱਲੋਂ ਕਾਲਜ ਦੀ ਕੰਧ ਤੋੜ ਕੇ ਦਿਨ ਦਿਹਾੜੇ ਐਂਕਰੋਚਮੈਂਟ ਕੀਤੀ ਗਈ। ਮੰਦਰ ਵੱਲੋਂ ਕਾਰਾਂ ਦੀ ਪਾਰਕਿੰਗ ਦੇ ਬਹਾਨੇ ਗ਼ੈਰਕਾਨੂੰਨੀ ਉਸਾਰੀ ਹੋਣ ਦੀ ਖਬਰ ਸ਼ਹਿਰ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਜਦੋਂ ਇਹ ਖਬਰ ਆਲੇ ਦੁਆਲ਼ੇ ਦੇ ਕਾਲਜਾਂ ਤੱਕ ਪਹੁੰਚੀ ਤਾਂ ਸਤੀਸ਼ ਚੰਦਰ ਧਵਨ ਕਾਲਜ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਤੁਰੰਤ ਕੁੜੀਆਂ ਦੇ ਕਾਲਜ ਪੁੱਜ ਗਏ ਅਤੇ ਕਬਜ਼ੇ ਦੇ ਮਕਸਦ ਨਾਲ ਕੀਤੀਆਂ ਸਾਰੀਆਂ ਉਸਾਰੀਆਂ ਮਿੱਟੀ ਵਿੱਚ ਮਿਲਾ ਦਿੱਤੀਆਂ। ਵਿਦਿਆਰਥੀਆਂ ਦੀ ਇਸ ਯੁਵਾ ਸ਼ਕਤੀ ਨੇ ਨਜਾਇਜ਼ ਉਸਾਰੀ ਲਈ ਵਰਤਿਆ ਸਾਰਾ ਸਮਾਂ ਵੀ ਜ਼ਬਤ ਕਰ ਲਿਆ ਅਤੇ ਸਾਰਾ ਸਾਮਾਨ ਕਾਲਜ ਦੀ ਪ੍ਰਿੰਸੀਪਲ ਸੁਮਨ ਲਤਾ ਦੀ ਨਿਗਰਾਨੀ ਹੇਠ ਇੱਕ ਕਮਰੇ ਵਿਚ ਰਖਵਾ ਦਿੱਤਾ ਅਤੇ ਉਸਦੀਆਂ ਚਾਬੀਆਂ ਪ੍ਰਿੰਸੀਪਲ ਦੇ ਹਵਾਲੇ ਕਰ ਦਿੱਤੀਆਂ। ਹੁਣ ਦੇਖਣਾ ਹੈ ਕਿ ਲੜਕੀਆਂ ਦੇ ਇਸ ਸਰਕਾਰੀ ਕਾਲਜ ਦੀ ਜ਼ਮੀਨ ਤੇ ਲੰਮੇ ਸਮੇਂ ਤੋਂ ਪੈ ਰਹੀਆਂ ਇਹ ਲਲਚਾਈਆਂ ਹੋਈਆਂ ਨਜ਼ਰਾਂ ਦੇ ਮੂੰਹ ਮੋੜਣ ਦੀ ਕੋਸ਼ਿਸ਼ ਵਿੱਚ ਲੱਗੇ ਸੰਗਠਨਾਂ ਨੂੰ ਕਿੰਨੀ ਕੁ ਸਫਲਤਾ ਮਿਲਦੀ ਹੈ।
ਇਸ ਸੈਮੀਨਾਰ ਵਿੱਚ ਇਨਕਲਾਬੀ ਮਜ਼ਦੂਰ ਕੇਂਦਰ, ਮੋਲਡਰ ਐਂਡ ਸਟੀਲ ਵਰਕਰ ਯੂਨੀਅਨ, ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਕਾਰਕੁਨ ਸ਼ਾਮਲ ਹੋਏ। ਇਸ ਮੌਕੇ ਡਾ ਹਰਬੰਸ ਗਰੇਵਾਲ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਪ੍ਰੋ. ਏ ਕੇ ਮਲੇਰੀ,ਇਨਕਲਾਬੀ ਮਜ਼ਦੂਰ ਕੇਂਦਰ ਦੇ ਸੁਰਿੰਦਰ ਸਿੰਘ ਮੋਲਡਰ ਸਟੀਲ ਵਰਕਰ ਯੂਨੀਅਨ ਦੇ ਹਰਜਿੰਦਰ ਸਿੰਘ ਮੁਲਾਜ਼ਮ ਆਗੂ ਰਮਨਜੀਤ ਸੰਧੂ ਪ੍ਰਧਾਨ ਡੀ ਟੀ ਐਫ ਤੇ ਸੁਖਵਿੰਦਰ ਲੀਲ ਡੀ ਐਮ ਐਫ , ਐਡਵੋਕੇਟ ਹਰਪ੍ਰੀਤ ਜੀਰਖ, ਜਗਜੀਤ ਸਿੰਘ,ਰਾਕੇਸ਼ ਆਜ਼ਾਦ, ਐਡਵੋਕੇਟ ਗੁਰਵਿੰਦਰ ਸਿੰਘ, ਡਾਕਟਰ ਮੋਹਨ ਸਿੰਘ ਮਾਸਟਰ ਜਰਨੈਲ, ਬਲਵਿੰਦਰ ਲਾਲ ਬਾਗ , ਮਾਸਟਰ ਸੁਰਜੀਤ ਸਿੰਘ, ਸਤਨਾਮ ਦੁੱਗਰੀ ਅਜਮੇਰ ਦਾਖਾ , ਹਰਸਾ ਦੁੱਗਰੀ ਅਤੇ ਮਜ਼ਦੂਰ ਆਗੂ ਬਲਦੇਵ ਬਿੱਲੂ ਆਦਿ ਹਾਜ਼ਰ ਸਨ।
No comments:
Post a Comment