Monday, March 21, 2022

ਸ਼ਹੀਦਾਂ ਦੇ ਮਿਸ਼ਨ ਨੂੰ ਬਚਾਉਣ ਲਈ ਫਿਰ ਮੈਦਾਨ ਵਿੱਚ ਹਨ ਪ੍ਰੋ. ਜਗਮੋਹਨ ਸਿੰਘ

ਇੱਕ ਇੱਕ ਕਰਕੇ ਫਰੋਲੀਆਂ ਇਤਿਹਾਸ ਦੀਆਂ ਪਰਤਾਂ


ਲੁਧਿਆਣਾ: 20 ਮਾਰਚ 2022: (ਕਾਮਰੇਡ ਸਕਰੀਨ ਟੀਮ)::


ਪ੍ਰੋਫੈਸਰ ਜਗਮੋਹਨ ਸਿੰਘ ਬਜ਼ੁਰਗ ਉਮਰੇ ਇੱਕ ਵਾਰ ਫੇਰ ਮੈਦਾਨ ਵਿੱਚ ਸਰਗਰਮ ਹਨ। ਮੈਦਾਨ ਹੈ ਲੋਕਾਂ ਦੇ ਭਲੇ ਵਾਲਾ ਨਵਾਂ ਸਮਾਜ ਸਿਰਜਣ ਦਾ। ਇਸ ਸਿਰਜਨਾਂ ਨਾਲ ਹੀ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਣੇ ਨੇ। ਸੰਨ 1947 ਵਾਲੀ ਆਜ਼ਾਦੀ ਦਾ ਅਸਲੀ ਸੁਖ ਆਮ ਲੋਕਾਂ ਤੱਕ ਪਹੁੰਚਣਾ ਹੈ। ਅੰਗਰੇਜ਼ਾਂ ਵਾਲੇ ਢੰਗ ਤਰੀਕੇ ਅਤੇ ਕਾਨੂੰਨ ਬਦਲਣੇ ਹਨ। ਲੋਕ ਜੁਆਨੀ ਵੇਲੇ ਤੋਂ ਹੀ ਪ੍ਰੋਫੈਸਰ ਸਾਹਿਬ ਨੂੰ ਸਰਗਰਮ ਦੇਖ ਰਹੇ ਹਨ। ਜਦੋਂ ਅਮਰ ਕੋਲ ਸਾਡੇ ਦਰਮਿਆਨ ਸਨ ਉਸ ਵੇਲੇ ਤੋਂ ਹੀ। ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੱਟ ਘੰਟਾਘਰ ਵਾਲੇ ਚੌਂਕ ਵਿੱਚ ਲੱਗਾ ਹੁੰਦਾ ਸੀ ਉਦੋਂ ਤੋਂ ਹੀ। ਸਰਦਾਰ ਭਗਤ ਸਿੰਘ ਦੀ ਸ਼ਹੀਦੀ ਤੋਂ ਬਾਅਦ ਵੀ ਸ਼ਹੀਦ ਦ ਅਪਰਿਵਾਰ ਲਗਾਤਾਰ ਸਰਗਰਮ ਹੈ। ਆਪਣੇ ਸੀਮਿਤ ਸਾਧਨਾਂ ਦੇ ਨਾਲ ਨਾਲ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਨਾਲ ਨਾਲ ਸ਼ਹੀਦਾਂ ਦੀ ਲੜਾਈ ਨੂੰ ਅੱਗੇ ਵੀ ਤੋਰ ਰਿਹਾ ਹੈ। ਇਹ ਲੜਾਈ ਅਜੇ ਕਿਓਂ ਜ਼ਰੂਰੀ ਹੈ ਇਸ ਸੁਆਲ ਦੀ ਚਰਚਾ ਵੀ ਜ਼ਰੂਰੀ ਹੈ।

ਸਮਾਂ ਇੱਕ ਵਾਰ ਫੇਰ ਨਾਜ਼ੁਕ ਹੈ। ਇੰਝ ਲੱਗਦੈ ਜਿਵੇਂ ਬਹੁਤ ਸਾਰੀਆਂ ਪਾਰਟੀਆਂ ਅਤੇ ਲੀਡਰਾਂ ਕੋਲ ਮੁੱਦੇ ਵੀ ਮੁੱਕ ਗਏ ਹਨ, ਵਿਚਾਰ ਵੀ ਅਤੇ ਚਿਹਰੇ ਵੀ। ਲੋਕਾਂ ਵਿੱਚ ਬੇਬਾਕੀ ਨਾਲ ਬਿਨਾ ਕਿਸੇ ਸੁਰੱਖਿਆ ਦੇ ਜਾਣਾ ਹੁਣ ਇਹਨਾਂ ਪਾਰਟੀਆਂ ਦੇ ਆਗੂਆਂ ਨੂੰ ਹੁਣ ਆਸਾਨ ਨਹੀਂ ਲੱਗਦਾ। ਇਹ ਅਖੌਤੀ ਜਿਹੇ ਲੀਡਰ ਆਖਦੇ ਹਨ ਅਸੀਂ ਲੋਕਾਂ ਦਾ ਭਲਾ ਕਰ ਰਹੇ ਹਾਂ ਪਰ ਲੋਕਾਂ ਨੂੰ ਇਹ ਭਲਾ ਹੁੰਦਾ ਕਿਧਰੇ ਨਜ਼ਰ ਨਹੀਂ ਆ ਰਿਹਾ। ਲੋਕ ਪੁੱਛਦੇ ਹਨ ਨਾਮ ਸਦਾ ਅਤੇ ਭਲਾ ਪੂੰਜੀਪਤੀਆਂ ਅਤੇ ਨਿਜੀ ਅਦਾਰਿਆਂ ਦਾ? ਸਾਨੂੰ ਇਹ ਭਲਾ ਸਮਝ ਹੀ ਨਹੀਂ ਆ ਰਿਹਾ। ਲੋਕ ਬਾਰ ਬਾਰ ਕਈ ਕਈ ਕਿਸਮ ਦੇ ਸੁਆਲ ਪੁੱਛਦੇ ਹਨ।

ਲੋਕਾਂ ਦੇ ਸੁਆਲਾਂ ਦਾ ਜੁਆਬ ਦਿੱਤੇ ਬਿਨਾ ਇਹਨਾਂ ਸਿਆਸੀ ਲੀਡਰਾਂ ਦਾ ਖਹਿੜਾ ਵੀ ਨਹੀਂ ਛੁੱਟਦਾ। ਪਰ ਫਿਰ ਵੀ ਨਾ ਇਹ ਲੋਕ ਸੱਤਾ ਨੂੰ ਛੱਡਦੇ ਹਨ ਨਾ ਹੀ ਸਿਆਸਤ ਨੂੰ । ਕੋਈ ਨ ਕੋਈ ਸ਼ੁਰਲੀ ਛੱਡ ਕੇ ਲੋਕਾਂ ਦਾ ਧਿਆਨ ਸਮੱਸਿਆਵਾਂ ਤੋਂ ਲਾਂਭੇ ਲਿਜਾਣ ਵਿਚ ਮਾਹਰ ਹੋਏ ਇਹਨਾਂ ਸਿਆਸੀ ਲੋਕਾਂ ਦੀਆਂ ਹੁਣ ਇਹ ਪੁਰਾਣੀਆਂ ਚਾਲਾਂ ਵੀ ਕੰਮ ਨਹੀਂ ਕਰ ਰਹੀਆਂ।

ਲੋਕਾਂ ਨਾਲ ਰਾਬਤਾ ਮੁਸ਼ਕਿਲ ਹੋਣ ਲੱਗਿਆ ਅਤੇ ਰਿਸ਼ਤੇ ਕਮਜ਼ੋਰ ਹੋਣ ਲੱਗੇ ਤਾਂ ਅਜਿਹੇ ਸਿਆਸਤਦਾਨਾਂ ਨੇ ਸ਼ਹੀਦਾਂ ਦੇ ਨਾਂਵਾਂ ਨੂੰ ਵੀ ਵਰਤਣਾ ਸ਼ੁਰੂ ਕਰ ਦਿੱਤਾ। ਫਿਲਮੀ ਅਦਾਕਾਰਾਂ ਤੋਂ ਬਾਅਦ ਹੁਣ ਸ਼ਹੀਦਾਂ ਦੇ ਨਾਮ ਦਾ ਜਾਪ ਸ਼ੁਰੂ ਹੈ। ਕਿਸੇ ਨੇ ਫਿਲਮੀ ਐਕਟਰਾਂ ਨੂੰ ਆਪਣੇ ਲੀਡਰ ਬਣਾ ਲਿਆ ਅਤੇ ਕਿਸੇ ਨੇ ਸ਼ਾਇਰਾਂ ਅਤੇ ਲੇਖਕਾਂ ਨੂੰ ਜ਼ਾਹਿਰ ਹੈ ਕਿ ਹੁਣ ਲੋਕ ਸਿਆਸਤਦਾਨਾਂ ਤੇ ਯਕੀਨ ਕਰਨੋ ਹਟ ਗਏ ਹਨ। ਇਹਨਾਂ ਪਾਰਟੀਆਂ ਨੂੰ ਹੁਣ ਗੈਰ ਸਿਆਸੀ ਮੋਢਿਆਂ ਦੀ ਲੋੜ ਪੈ ਰਹੀ ਹੈ ਤਾਂ ਇਹ ਨਿਸਚੇ ਹੀ ਇੱਕ ਖਤਰਨਾਕ ਸੰਕੇਤ ਹੈ। ਸਿਆਸਤ ਦੇ ਖੋਖਲਾ ਹੋ ਜਾਣ ਦਾ ਸੰਕੇਤ ਹੈ। ਹੁਣ ਲੋਕ ਡੇਰਿਆਂ ਵਿੱਚ ਜਾ ਕੇ ਸ਼ਾਂਤੀ ਭਾਲਦੇ ਹਨ। ਸਾਧਾਂ ਸੰਤਾਂ ਕੋਲ ਜਾ ਕੇ ਆਪਣੇ ਦੁੱਖਾਂ ਦਾ ਦਾਰੂ ਭਾਲਦੇ ਹਨ। ਜਿਹਨਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਯਾਦ ਵੀ ਲੋਕਾਂ ਨੂੰ ਭੁੱਲਦੀ ਜਾ ਰਹੀ ਹੈ। ਉਹਨਾਂ ਦੇ ਵਿਚਾਰਾਂ ਨਾਲ ਤਾਂ ਸ਼ਾਇਦ ਕੋਈ ਲਗਾਓ ਹੀ ਨਹੀਂ ਰਿਹਾ।

ਜੇ ਕਰ ਜਨਮਦਿਨ ਜਾਂ ਬਰਸੀ ਮਨਾਉਣ ਲਈ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਜਾਂਦੇ ਵੀ ਹਨ ਤਾਂ ਉੱਥੇ ਨੰਗੇ ਨੰਗੇ ਪੈਰੀਂ ਪੂਜਾ ਵਾਲਿਆਂ ਥੈਲੀਆਂ ਸਜਾ ਕੇ ਮੱਥੇ ਟੇਕਣ ਲੱਗ ਜਾਂਦੇ ਹਨ। ਉਹਨਾਂ ਦੇ ਵਿਚਾਰਾਂ ਬਾਰੇ ਗੱਲ ਨਾ ਤਾਂ ਕਰਦੇ ਹਨ ਨਾ ਹੀ ਸੁਣਦੇ ਹਨ। ਉਹਨਾਂ ਆਪਣੀ ਸ਼ਹਾਦਤ ਕਿਓਂ ਦਿੱਤੀ ਇਸ ਬਾਰੇ ਨਹੀਂ ਸੋਚਦੇ। ਜਿਹੜੇ ਕੁਝ ਸ਼ਾਤਰ ਲੋਕ ਹਨ ਉਹ ਇਹਨਾਂ ਖਾਸ ਦਿਨਾਂ ਦੀ ਦੁਰਵਰਤੋਂ ਸ਼ਹੀਦਾਂ ਨੂੰ ਫਿਰਕੂ ਰੰਗ ਵਿੱਚ ਰੰਗਣ ਦੀ ਨਾਪਾਕ ਅਤੇ ਖਤਰਨਾਕ ਸਾਜ਼ਿਸ਼ਾਂ ਤੋਂ ਵੀ ਬਾਜ਼ ਨਹੀਂ ਆਉਂਦੇ। ਉਹਨਾਂ ਨੂੰ ਪੱਗ ਵਾਲੇ ਭਗਤ ਸਿੰਘ ਨਾਲ ਪ੍ਰੇਮ ਹੈ ਜਾਂ ਫਿਰ ਟੋਪੀ ਵਾਲੇ ਨਾਲ। ਇਨਕਲਾਬੀ ਹਬਗਤ ਸਿੰਘ ਤੋਂ ਦੂਰ ਰਹਿਣਾ ਅਤੇ ਦੂਰ ਕਰਨਾ ਹੀ ਇਹਨਾਂ ਦਾ ਇੱਕੋ ਇੱਕ ਮਕਸਦ ਹੈ। ਸ਼ਹੀਦਾਂ ਦੇ ਦਿਨ ਤਿਓਹਾਰ ਮਨਾਉਂਦਿਆਂ ਵੀ ਇਹ ਏਨਾ ਡਰਦੇ ਹਨ ਕਿ ਭੀੜ ਵਿਚੋਂ ਕਿਧਰੇ ਕੋਈ ਭਗਤ ਸਿੰਘ ਸੱਚੀਂ ਮੁੱਚੀਂ ਨਾ ਨਿਕਲ ਆਵੇ। ਜ਼ਾਹਿਰ ਹੈ ਸ਼ਹੀਦਾਂ ਦੇ ਉਪਾਸ਼ਕ ਤਾਂ ਸ਼ਹੀਦਾਂ ਤੋਂ ਨਹੀਂ ਡਰਿਆ ਕਰਦੇ। ਇਹ ਲੋਕ ਸ਼ਹੀਦਾਂ ਦੇ ਪੈਰੋਕਾਰ ਹੀ ਨਹੀਂ ਹਨ। ਇਹਨਾਂ ਦੀ ਸਿਆਸਤ ਬੁਰੀ ਤਰ੍ਹਾਂ ਖੋਖਲੀ ਅਤੇ ਨਾਕਾਮ ਹੋ ਚੁੱਕੀ ਹੈ।

ਇਸਦੇ ਬਾਵਜੂਦ ਅਜਿਹੇ ਲੋਕ ਸਿਆਸਤ ਤੋਂ ਸਨਿਆਸ ਨਹੀਂ ਲੈ ਰਹੇ। ਸੱਤਾ ਦੀ ਕੁਰਸੀ ਨੂੰ ਬੁਰੀ ਤਰ੍ਹਾਂ ਚਿੰਬੜੇ ਹੋਏ ਹਨ ਇਹ ਲੋਕ। ਚਾਹੁੰਦੇ ਹਨ ਕਿ ਸੱਤਾ ਕਿਸੇ ਨ ਕਿਸੇ ਤਰ੍ਹਾਂ ਸਾਡੇ ਕੋਲ ਹੀ ਰਹੇ। ਜਿਹੜੇ ਲੋਕ ਸ਼ਹੀਦਾਂ ਦੇ ਵਿਚਾਰਾਂ ਅਤੇ ਫਲਸਫੇ ਦੇ ਐਨ ਉਲਟ ਚੱਲਦੇ ਹਨ ਉਹ ਵੀ ਸ਼ਹੀਦਾਂ ਦਾ ਨਾਮ ਵਰਤਣ ਤੋਂ ਗੁਰੇਜ਼ ਨਹੀਂ ਕਰਦੇ। ਇਸ ਤਰ੍ਹਾਂ ਇਹ ਲੋਕ ਸ਼ਹੀਦਾਂ ਨੂੰ ਹਾਈਜੈਕ ਕਰ ਕੇ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਵਿੱਚ ਹਨ। ਭਲਾ ਕੋਈ ਪੁਛੇ ਪੂੰਜੀਵਾਦ ਨੂੰ ਗਲ ਨਾਲ ਲਾਉਣ ਵਾਲੇ, ਨਿਜੀਕਰਣ ਦੇ ਰਸਤਿਆਂ ਨੂੰ ਅਪਣਾਉਣ ਵਾਲੇ ਸ਼ਹੀਦ ਭਗਤ ਸਿੰਘ ਦੇ ਪੈਰੋਕਾਰ ਹੋਣ ਦਾ ਦਾਅਵਾ ਕਿਸ ਮੂੰਹ ਨਾਲ ਕਰਦੇ ਹਨ?

ਇਹਨਾਂ ਲੋਕਾਂ ਨੂੰ ਬੇਨਕਾਬ ਕਰਨ ਲਈ ਮੈਦਾਨ ਵਿੱਚ ਆਏ ਹਨ ਸ਼ਹੀਦ ਭਗਤ ਸਿੰਘ ਹੁਰਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ। ਬਿਨਾ ਕੋਈ ਸ਼ੋਰ ਸ਼ਰਾਬਾ ਕੀਤੇ, ਬਿਨਾ ਕੋਈ ਹੰਗਾਮਾ ਕੀਤੇ, ਬਿਨਾ ਕੋਈ ਰਿਸ਼ਤੇਦਾਰੀ ਜਤਾਏ ਪ੍ਰੋਫੈਸਰ ਜਗਮੋਹਨ ਸਿੰਘ ਨੇ ਨੁੱਕੜ ਮੀਟਿੰਗਾਂ ਵਰਗੇ ਆਯੋਜਨਾਂ ਵਿੱਚ ਇਤਿਹਾਸ ਦੀਆਂ ਅਸਲੀ ਗੱਲਾਂ ਇੱਕ ਇੱਕ ਪਰਤ ਖੋਹਲਦਿਆਂ ਸਭਨਾਂ ਦੇ ਸਾਹਮਣੇ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵਿੱਚੋਂ ਹੀ ਹੋਣ ਕਰਕੇ ਉਹਨਾਂ ਕੋਲ ਤਥਾਂ ਅਤੇ ਅੰਕੜਿਆਂ ਦਾ ਭੰਡਾਰ ਹੈ। ਉਹਨਾਂ ਕੋਲ ਦਸਤਾਵੇਜਾਂ ਦਾ ਭੰਡਾਰ ਪਿਆ ਹੈ। ਉਹਨਾਂ ਦੀਆਂ ਗੱਲਾਂ ਦੀ ਗਵਾਹੀ ਦੇਣ ਵਾਲਿਆਂ ਦੀ ਲਿਸਟ ਵੀ ਬੜੀ ਲੰਮੀ ਹੈ। ਸਲੇਮ ਟਾਬਰੀ ਵਿੱਚ ਹੋਈ ਨੁੱਕੜ ਮੀਟਿੰਗ ਵਰਗੇ ਆਯੋਜਨ ਵਿੱਚ ਆਮ ਲੋਕ ਉਹਨਾਂ ਨੂੰ ਸਾਹ ਰੋਕ ਕੇ ਸੁਣਦੇ ਦੇਖੇ ਗਏ। ਇਹਨਾਂ ਵਿੱਚ ਨੌਜਵਾਨ ਮੁੰਡੇ ਕੁੜੀਆਂ ਵੀ ਹੁੰਦੇ ਸਨ, ਅਧਖੜ ਵੀ ਅਤੇ ਬਜ਼ੁਰਗ ਵੀ।

ਪ੍ਰੋਫੈਸਰ ਜਗਮੋਹਨ ਸਿੰਘ ਇੱਕ ਇੱਕ ਨੁਕਤਾ ਦੱਸ ਰਹੇ ਸਨ। ਇਤਿਹਾਸ ਦੀਆਂ ਪਰਤਾਂ ਫਰੋਲ ਰਹੇ ਸਨ। ਸ਼ਹੀਦਾਂ ਬਾਰੇ ਫੈਲਾਈ ਜਾ ਰਹੀ ਧੁੰਦ ਨੂੰ ਚੀਰ ਰਹੇ ਸਨ। ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਫਿਰਕੂ ਚਾਲਾਂ ਨਾਲ ਰੋਲਣ ਦੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕਰ ਰਹੇ ਸਨ। ਉਹਨਾਂ ਦਾ ਭਾਸ਼ਣ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲਿਆ। ਅਸੀਂ ਆਪਣੇ ਸੀਮਿਤ ਸਾਧਨਾਂ ਕਰ ਕੇ ਪੂਰਾ ਸਮਾਗਮ ਲਾਈਵ ਨਹੀਂ ਦਿਖਾ ਸਕੇ। ਉਸ ਖਾਸ ਭਾਸ਼ਣ ਦੇ ਕੁਝ ਅੰਸ਼ ਅਸੀਂ ਇਥੇ ਵੀ ਦੇ ਰਹੇ ਹਨ ਜਿਹਨਾਂ ਨੂੰ ਤੁਸੀਂ ਵੀਡੀਓ ਰਾਹੀਂ ਦੇਖ ਸੁਣ ਸਕਦੇ ਹੋ ਸਿਰਫ ਇਥੇ ਕਲਿੱਕ ਕਰਕੇ। ਆਪਣੇ ਵਿਚਾਰ ਜ਼ਰੂਰੁ ਦੱਸਣਾ। ਆਪਣੀ ਰਾਏ ਜ਼ਰੂਰ ਭੇਜਣਾ। ਤੁਸੀਂ ਸਾਡੀ ਟੀਮ ਨਾਲ ਜੁੜਨਾ ਚਾਹੋ ਤਾਂ ਵੀ ਦੱਸਣਾ।

ਇਸ ਕਵਰੇਜ ਦਾ ਪ੍ਰਬੰਧ ਕੀਤਾ ਸੀ ਐਮ ਐਸ ਭਾਟੀਆ ਅਤੇ ਅਵਤਾਰ ਛਿੱਬਰ ਹੁਰਾਂ ਨੇ। ਪ੍ਰਬੰਧ ਕਰਨ ਤੋਂ ਤੁਰੰਤ ਬਾਅਦ ਭਾਟੀਆ ਜੀ ਇੱਕ ਜ਼ਰੂਰੀ ਸੰਮੇਲਨ ਲਈ ਤਿਰੂਪਤੀ ਬਾਲਾ ਜੀ ਵੱਲ ਰਵਾਨਾ ਹੋ ਗਏ। ਉਸ ਯਾਤਰਾ ਬਾਰੇ ਅਸੀਂ ਜਲਦੀ ਹੀ ਉਹਨਾਂ ਦੀ ਭੇਜੀ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਕੈਮਰੇ ਵਿੱਚ ਸਹਿਯੋਗ ਦੇਣ ਲਈ ਪਹੁੰਚ ਗਏ ਸਨ ਪ੍ਰਦੀਪ ਸ਼ਰਮਾ ਜੀ। ਕਾਮਰਾਨ ਅਤੇ ਹੋਰ ਸਾਥੀਆਂ ਨੇ ਟ੍ਰਾਂਸਪੋਰੇਸ਼ਨ ਵਿਚ ਸਹਿਯੋਗ ਦਿੱਤਾ। ਕਾਮਰੇਡ ਰਮੇਸ਼ ਰਤਨ ਅਤੇ ´ਕੁਝ ਹੋਰ ਸਾਥੀ ਆਪਣੇ ਬਹੁਤ ਹੀ ਜ਼ਰੂਰੀ ਰੁਝੇਵੇਂ ਛੱਡ ਕੇ ਉਚੇਚ ਆਲ ਪਹੁੰਚੇ ਹੋਏ ਸਨ। ਚਾਹਪਾਣੀ ਅਤੇ ਹੋਰ ਲੁੜੀਂਦੇ ਪ੍ਰਬੰਧਾਂ ਦਾ ਜ਼ਿੰਮਾ ਸਵਰਗੀ ਕਾਮਰੇਡ ਬੂਟਾ ਸਿੰਘ ਹੁਰਾਂ ਦੀ ਬੇਟੀ ਗਗਨ ਦੀਪ ਕੌਰ ਨੇ ਸੰਭਾਲਿਆ ਹੋਇਆ ਸੀ। ਜਿਹੜੇ ਏ ਆਈ ਐਸ ਐਫ ਦੀ ਸਰਗਰਮ ਮੈਂਬਰ ਵੀ ਹੈ। ਪ੍ਰੋਫੈਸਰ ਜਗਮੋਹਨ ਸਿੰਘ ਵੀ ਆਪਣੇ ਭਾਸ਼ਣ ਤੋਂ ਤੁਰੰਤ ਬਾਅਦ ਬੇਗ਼ੁਸਰਾਏ ਬਿਹਾਰ ਵੱਲ ਰਵਾਨਾ ਹੋ ਗਏ। । ਕੋਸ਼ਿਸ਼ ਕਰਾਂਗੇ ਉਥੋਂ ਦੀ ਰਿਪੋਰਟ ਵੀ ਤੁਹਾਡੇ ਸਾਹਮਣੇ ਰੱਖ ਸਕੀਏ। --ਰੈਕਟਰ ਕਥੂਰੀਆ

ਵੀਡੀਓ ਲਿੰਕ ਇਥੇ ਵੀ ਹੈ

Thursday, March 3, 2022

ਜਿਸ ਕਿਸੇ ਨੂੰ ਸੋਵੀਅਤ ਸੰਘ ਦੇ ਟੁੱਟ ਜਾਣ ਦਾ ਦੁਖ ਨਹੀਂ, ਉਸ ਦੇ ਅੰਦਰ ਦਿਲ ਨਹੀਂ ਹੈ

ਜਿਹੜਾ ਇਸਦਾ ਪਹਿਲਾਂ ਵਾਲੇ ਰੂਪ ਵਿੱਚ ਪੁਨਰਜਨਮ ਲੋਚਦਾ ਹੈ ਉਸਦੇ ਕੋਲ ਦਿਮਾਗ਼ ਨਹੀਂ ਹੈ

ਪੁਤਿਨ ਦੇ ਐਕਸ਼ਨ ਨੂੰ ਸਮਝਣ ਲਈ ਦਿਲ ਅਤੇ ਦਿਮਾਗ ਦੋਹਾਂ ਦੀ ਲੋੜ ਹੈ

ਜੰਗ ਬਾਰੇ ਪ੍ਰੋ.ਜਗਮੋਹਨ ਸਿੰਘ ਨੇ ਵੀ ਬੇਨਕਾਬ ਕੀਤੀਆਂ ਅਸਲੀ ਸਾਜ਼ਿਸ਼ਾਂ

ਲੁਧਿਆਣਾ ਵਾਲੇ ਰੋਸ ਮੁਜ਼ਾਹਰੇ ਤੋਂ ਪਰਤ ਕੇ ਕਾਮਰੇਡ ਸਕਰੀਨ ਟੀਮ


ਲੁਧਿਆਣਾ
: 3 ਮਾਰਚ 2022: (ਕਾਮਰੇਡ ਸਕਰੀਨ ਡੈਸਕ)::

ਰੂਸ ਨੂੰ ਯੂਕਰੇਨ 'ਤੇ ਹਮਲਾ ਕਿਓਂ ਕਰਨਾ ਪਿਆ ਇਸ ਦੀ ਸਮਝ ਬੇਹੱਦ ਆਸਾਨੀ ਨਾਲ ਲਾਲ ਝੰਡੇ ਵਾਲਿਆਂ ਨੂੰ ਹੀ ਆ ਸਕਦੀ ਸੀ ਕਿਓਂਕਿ ਉਹ ਰੂਸ ਦੁਆਲੇ ਸਾਮਰਾਜੀ ਘੇਰਾਬੰਦੀ ਨੂੰ 1991 ਤੋਂ ਹੀ ਦੇਖਦੇ ਆ ਰਹੇ ਹਨ। ਕਿਸੇ ਨ ਕਿਸੇ ਦਿਨ ਅਜਿਹਾ ਪ੍ਰਤੀਕਰਮ ਹੋਣਾ ਹੀ ਸੀ ਜੋ ਕਿ ਬਹੁਤ ਦੇਰੀ ਨਾਲ ਹੋਇਆ ਹੈ। ਮੁਨਾਫਾਖੋਰੀ, ਅਜਾਰੇਦਾਰੀ ਅਤੇ ਸੁਪ੍ਰੀਮ ਚੌਧਰ ਦੀ ਭੁੱਖ ਦੇ ਨਤੀਜੇ ਵੱਜੋਂ ਜੰਗ ਹੀ ਆਉਣੀ ਸੀ। ਪੁਤਿਨ ਦੇ ਦਿਲ ਦਾ ਦਰਦ ਸਮਝ ਕੇ ਸਮਝਿਆ ਜਾ ਸਕਦਾ ਹੈ ਯੂਕਰੇਨ 'ਤੇ ਹਮਲੇ ਦਾ ਸੱਚ। ਇਸ ਦਿਲ ਵਿੱਚ ਪੀੜਾ ਹੈ, ਦਰਦ ਹੈ, ਇੱਕ ਸੱਚਾ ਰਾਸ਼ਟਰਵਾਦ ਹੈ। ਲਗਾਤਾਰ ਸੋਵੀਅਤ ਸਿੰਘ 'ਤੇ ਹਮਲਾਵਰ ਹੁੰਦੇ ਆ ਰਹੇ ਦੁਸ਼ਮਣਾਂ ਨਾਲ ਸਿੱਝਣ ਲਈ ਉਸ ਕੋਲ ਹੋਰ ਰਸਤਾ ਵੀ ਕੀ ਸੀ? ਹੁਣ ਉਹ ਖੁੱਲ੍ਹ ਕੇ ਮੈਦਾਨ ਵਿੱਚ ਹੈ। ਕਾਫੀ ਕੁਝ ਬਦਲੇਗਾ ਵੀ।

ਅਸਲ ਵਿੱਚ ਰੂਸ ਦਾ ਯੂਕ੍ਰੇਨ ਤੇ ਹਮਲਾ ਕਿਸੇ ਅਚਾਨਕ ਆਈ ਮੁਸੀਬਤ ਵਾਂਗ ਸਮਝਿਆ ਜਾ ਰਿਹਾ ਜਦਕਿ ਇਹ ਮਾਮਲਾ ਕਾਫੀ ਪੁਰਾਣਾ ਹੈ . ਇਹ ਹਮਲਾ ਬਹੁਤ ਪਹਿਲਾਂ ਵੀ ਹੋ ਸਕਦਾ ਸੀ ਪਰ ਟਲਦਾ ਆ ਰਿਹਾ ਸੀ ਰੂਸ ਨੇ ਅਜਿਹਾ ਕਿਓਂ ਕੀਤਾ? ਝਮੇਲੇ ਵਿੱਚ ਅਮਰੀਕਾ ਦੀ ਕੀ ਭੂਮਿਕਾ ਹੈ? ਨਾਟੋ ਵਾਲਾ ਮਸਲਾ ਕੀ ਹੈ? ਨਾਟੋ ਨੂੰ ਮੋਹਰਾ ਬਣਾ ਕੇ ਰੂਸ ਦੇ ਖਿਲਾਫ ਕਿਹੜਾ ਚੱਕਰਵਿਯੂਹ ਰਚਿਆ ਜਾ ਰਿਹਾ ਸੀ? ਅਜਿਹੇ ਬਹੁਤ ਸਾਰੇ ਸੁਆਲ ਹਨ ਜਿਹਨਾਂ ਬਾਰੇ ਆਮ ਲੋਕਾਂ ਨੂੰ ਨਹੀਂ ਪਤਾ। ਦਾਲ ਰੋਟੀ ਦੇ ਫਿਕਰਾਂ ਅਤੇ ਘਰਾਂ ਤੇ ਚੜ੍ਹੇ ਕਰਜ਼ਿਆਂ ਦੀਆਂ ਚਿਤਾਵਾਂ ਵਿਚ ਡੁੱਬੇ ਮੱਧ ਵਰਗੀ ਲੋਕ ਬਸ ਇਹੀ ਜਾਂਦੇ ਹਨ ਕਿ ਕਿਸੇ ਨ ਕਿਸੇ ਤਰ੍ਹਾਂ ਕਰਜ਼ਾ ਚੁੱਕੀਏ ਤੇ ਬਾਹਰ ਚੱਲੀਏ ਫੇਰ ਸ਼ਾਇਦ ਸਾਡੀ ਗਰੀਬੀ ਕੱਟੀ ਜਾਵੇ। ਇਥੇ ਆਪਣੇ ਦੇਸ਼ ਵਿੱਚ ਉਹਨਾਂ ਨੂੰ ਅਜੇ ਤੱਕ ਕੋਈ ਅਜਿਹੀ ਆਸ ਨਜ਼ਰ ਨਹੀਂ ਆਉਂਦੀ।

ਇਸ ਮੁੱਦੇ ਨੂੰ ਲੈ ਕੇ ਜੰਗ ਦੇ ਖਿਲਾਫ ਮੁਜ਼ਾਹਰਿਆਂ ਦਾ ਜ਼ੋਰ ਜਾਰੀ ਹੈ। ਆਈਡੀਪੀਡੀ ਨੇ ਵੀ ਲੁਧਿਆਣਾ ਵਿਚ ਰੋਸ ਮਾਰਚ ਅਤੇ ਰੋਸ ਵਿਖਾਵਾ ਕੀਤਾ। ਇਸ ਮੌਕੇ ਕਾਮਰੇਡ ਐਮ ਐਸ ਭਾਟੀਆ ਅਤੇ ਹੋਰ ਬੁਲਾਰਿਆਂ ਨੇ ਦੱਸਿਆ ਕਿ ਅਸਲ ਵਿੱਚ ਯੂਕਰੇਨ ਜਾ ਕੇ ਐਮ ਬੀ ਬੀ ਐਸ ਸਿਰਫ 15 ਤੋਂ 25 ਲਖ ਰੁਪਏ ਵਿਚ ਹੋ ਜਾਂਦੀ ਹੈ ਜਦਕਿ ਭਾਰਤ ਵਿੱਚ ਇਸਦੀ ਘਟੋਘਟ ਕੀਮਤ ਸਵਾ ਕਰੋੜ ਰੁਪਏ ਹੈ। ਇਸ ਲਈ ਪੜ੍ਹਿਆਂ ਕਰਨ ਦੇ ਮਕਸਦ ਨਾਲ ਗਏ ਯੂਕਰੇਨ ਵਿੱਚ ਐਮ ਬੀ ਬੀ ਐਸ ਕਰਨ ਲਈ ਗਏ ਬਹੁਤ ਨੌਜਵਾਨ ਅਤੇ ਮੁਟਿਆਰਾਂ ਤਾਂ ਅਣਭੋਲ ਫਸੇ ਪੰਛੀਆਂ ਵਾਂਗ ਹਨ। ਉਹਨਾਂ ਚੋਣ ਵੀ ਬਹੁਤੀਆਂ ਨੂੰ ਨਹੀਂ ਪਤਾ ਕਿ ਯੂਕ੍ਰੇਨ ਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ?

ਲਈ ਇਥੇ ਵੀ ਕਲਿੱਕ ਕਰ ਸਕਦੇ ਹੋ ਅਤੇ ਵੀਡੀਓ 'ਤੇ ਵੀ।


ਇਸ ਤਰ੍ਹਾਂ ਇਸ ਸੰਬੰਧੀ ਬਹੁਤ ਸਾਰੇ ਸੁਆਲਾਂ ਬਾਰੇ ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਮਸਲਾ ਹੈ ਕੀ? ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਆਗੂ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਹੁਰਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਨੇ ਇਸ ਸਾਰੇ ਮਾਮਲੇ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਦੱਸਿਆ ਕਿ ਸਾਮਰਾਜੀ ਤਾਕਤਾਂ ਕਿਵੇਂ ਆਪਣੇ ਮੁਨਾਫਿਆਂ ਅਤੇ ਫਾਇਦਿਆਂ ਬਾਰੇ ਪੂਰੀ ਤਰ੍ਹਾਂ ਸੁਚੇਤ ਰਹਿੰਦੀਆਂ ਹਨ। ਉਹਨਾਂ ਇਹ ਵੀ ਸਮਝਾਇਆ ਕਿ ਖੱਬੀਆਂ ਤਾਕਤਾਂ ਰੂਸ ਦਾ ਵਿਰੋਧ ਕਿਓਂ ਕਰ ਰਹੀਆਂ ਹਨ? ਉਹਨਾਂ ਨੇ ਯੂਕ੍ਰੇਨ ਦੀਆਂ ਗਲਤੀਆਂ ਅਤੇ ਅਮਰੀਕਾ ਦੀਆਂ ਸਾਜ਼ਿਸ਼ਾਂ ਬਾਰੇ ਵੀ ਗੱਲ ਕੀਤੀ। ਉਹ ਤਿੰਨ ਮਾਰਚ ਨੂੰ ਆਈਡੀਪੀਡੀ ਵੱਲੋਂ ਦਿੱਤੇ ਰੋਸ ਮੁਯਾਹਰੇ ਦੇ ਸੱਦੇ ਦਾ ਹੁੰਗਾਰਾ ਭਰਦਿਆਂ ਰੋਸ ਮਾਰਚ ਵਿਚ ਸ਼ਾਮਲ ਹੋਣ ਲਈ ਆਏ ਹੋਏ ਸਨ।

ਮੌਜੂਦਾ ਦੌਰ ਵਿੱਚ ਜਿਹੜੇ ਵੀ ਰੂਸ ਨੂੰ ਅੰਨੇਵਾਹ ਭੰਡਣ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਿਲ ਵਿਚਲਾ ਦਰਦ ਵੀ ਸਮਝਣਾ ਚਾਹੀਦਾ ਹੈ। ਇਸ ਦਰਦ ਦਾ ਪ੍ਰਗਟਾਵਾ ਕੀਤਾ ਹੈ ਸਰਬਜੀਤ ਸੋਹੀ ਹੁਰਾਂ ਨੇ ਆਪਣੀ ਇੱਕ ਲਿਖਤ ਰਾਹੀਂ। 


ਕਿਸੇ ਵੇਲੇ ਪੂਤਿਨ ਨੇ ਕਿਹਾ ਸੀ “ਕਿ ਜਿਸ ਕਿਸੇ ਨੂੰ ਸੋਵੀਅਤ ਸੰਘ ਦੇ ਟੁੱਟ ਜਾਣ ਦਾ ਦੁਖ ਨਹੀਂ, ਉਸ ਦੇ ਅੰਦਰ ਦਿਲ ਨਹੀਂ ਹੈ, ਤੇ ਜਿਹੜਾ ਵੀ ਇਸ ਦੇ ਪਹਿਲਾਂ ਵਾਲੇ ਹੀ ਰੂਪ ਵਿਚ ਇਸਦਾ ਪੁਨਰ ਜਨਮ ਲੋਚਦਾ ਹੈ, ਉਸਦੇ ਕੋਲ ਦਿਮਾਗ਼ ਨਹੀਂ ਹੈ” ਕੇ ਜੀ ਬੀ ਦੇ ਸਾਬਕਾ ਮੁੱਖੀ ਨੂੰ 1990 ਵਿਚ ਟੁੱਕੜੇ ਹੋ ਰਹੇ ਸੋਵੀਅਤ ਰੂਸ ਵਿਚ ਕਦੀ ਇਕ ਟੈਕਸੀ ਡਰਾਈਵਰ ਵਜੋਂ ਰੋਜੀ-ਰੋਟੀ ਲਈ ਸੰਘਰਸ਼ ਕਰਨਾ ਪਿਆ ਸੀ। ਅੱਜ ਉਹਦੀ ਅਗਵਾਈ ਵਿਚ ਬੇਸ਼ੱਕ ਰੂਸ ਇਕ ਤਾਕਤਵਰ ਪੂੰਜੀਵਾਦੀ ਦੇਸ਼ ਬਣ ਚੁੱਕਾ ਹੈ, ਪਰ ਅਮਰੀਕਾ ਨੂੰ ਇੰਝ ਵੰਗਾਰਨ ਵਾਲੀ ਪਹੁੰਚ ਅਤੇ ਤਾਕਤ ਸੱਚੇ ਰੂਸੀ ਰਾਸ਼ਟਰਵਾਦ ਤੇ ਖੜੀ ਹੈ। ਯੂਕਰੇਨ ਤਾਂ ਇਕ ਬਹਾਨਾ ਹੈ, ਆਤਮ ਸਨਮਾਨ ਦੀ ਕਸਕ ਬਹੁਤ ਤੀਬਰ ਹੁੰਦੀ ਹੈ। ਯਾਦ ਹੋਵੇਗਾ ਸੋਵੀਅਤ ਰੂਸ ਦੇ ਖਿੰਡ ਜਾਣ ਤੋਂ ਬਾਅਦ ਜਦੋਂ ਰੂਸ ਦੀ ਇਕ ਪਣਡੁੱਬੀ ਬਰਫ਼ੀਲੇ ਪਾਣੀਆਂ ਵਿਚ ਡੁੱਬੀ ਸੀ। ਸੈਂਕੜੇ ਰੂਸੀ ਨੌ ਸੈਨਿਕ ਨਾਲ ਹੀ ਡੁੱਬੇ ਸਨ। ਉਸ ਵਕਤ ਅਮਰੀਕਾ ਨੇ ਮਦਦ ਦੀ ਪੇਸ਼ਕਸ਼ ਕੀਤੀ ਸੀ, ਪਰ ਰੂਸ ਨੇ ਠੁਕਰਾ ਦਿੱਤੀ ਸੀ। ਉਸ ਨਮੋਸ਼ੀ ਵਿੱਚੋਂ ਰੂਸ ਕਦੋਂ ਦਾ ਨਿਕਲ ਚੁੱਕਾ ਹੈ। ਹੁਣ ਉਹ ਅਮਰੀਕਾ ਅਤੇ ਉਸ ਦੇ ਨਾਟੋ ਕਲੱਬ ਮੈਂਬਰਾਂ ਤੋਂ ਡਰਦਾ ਨਹੀਂ। ਹਰ ਜੰਗ ਮਾੜੀ ਹੁੰਦੀ ਹੈ, ਜੰਗ ਬਿਲਕੁਲ ਨਹੀਂ ਹੋਣੀ ਚਾਹੀਦੀ…… ਪਰ ਇਸ ਜੰਗ ਦੇ ਬੀਜ ਬਹੁਤ ਸਮਾਂ ਪਹਿਲਾਂ ਬੀਜੇ ਜਾ ਚੁੱਕੇ ਸਨ। ਇਸ ਸੰਬੰਧੀ ਸਰਗਰਮੀ ਨਾਲ ਲਿਖ ਰਹੇ ਖੱਬੇਪੱਖੀ ਚਿੰਤਕ ਸਰਬਜੀਤ ਸੋਹੀ, ਆਸਟਰੇਲੀਆ ਹੁਰਾਂ ਦੀ ਲਿਖਤ ਇਸ ਬਾਰੇ ਕਾਫੀ ਚਾਨਣਾ ਪਾਉਂਦੀ ਹੈ।

Sunday, February 27, 2022

ਸਾਥੀ ਹਰਕੰਵਲ ਸਿੰਘ ਦੀ ਮਾਤਾ ਦਾ ਦਿਹਾਂਤ

ਪਾਸਲਾ ਅਤੇ ਹੋਰਨਾਂ ਨੇ ਦੁੱਖ ਸਾਂਝਾ ਕੀਤਾ

ਜਲੰਧਰ: 27 ਫਰਵਰੀ 2022: (ਕਾਮਰੇਡ ਸਕਰੀਨ ਬਿਊਰੋ)::
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਦੇ ਮਾਤਾ ਰਤਨ ਕੌਰ(110 ਸਾਲ) ਸਦੀਵੀਂ ਵਿਛੋੜਾ ਦੇ ਗਏ ਹਨ।
ਮਾਤਾ ਜੀ ਦਿਹਾਂਤ 'ਤੇ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੂਬਾ ਪ੍ਰਧਾਨ 'ਤੇ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਅਤੇ ਪਰਗਟ ਸਿੰਘ ਜਾਮਾਰਾਏ, 'ਸੰਗਰਾਮੀ ਲਹਿਰ' ਦੇ ਸੰਪਾਦਕੀ ਮੰਡਲ ਵੱਲੋਂ ਸਾਥੀ ਮਹੀਪਾਲ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਸਾਥੀ ਦਰਸ਼ਨ ਨਾਹਰ ਤੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ, ਸੀਟੀਯੂ ਪੰਜਾਬ ਦੇ ਪ੍ਰਧਾਨ ਵਿਜੈ ਮਿਸ਼ਰਾ ਤੇ ਜਨਰਲ ਸਕੱਤਰ ਸਾਥੀ ਨੱਥਾ ਸਿੰਘ, ਨੌਜਵਾਨ ਆਗੂ ਧਰਮਿੰਦਰ ਸਿੰਘ ਸਿੰਬਲੀ ਅਤੇ ਦਫਤਰ ਇੰਚਾਰਜ ਸਾਥੀ ਗੁਰਦਰਸ਼ਨ ਬੀਕਾ, 'ਮੁਲਾਜ਼ਮ ਲਹਿਰ' ਦੇ ਸੰਪਾਦਕ ਮੰਡਲ ਵੱਲੋਂ ਸਾਥੀ ਵੇਦ ਪ੍ਰਕਾਸ਼ ਸ਼ਰਮਾ, ਪਸਸਫ ਦੇ ਪ੍ਰਧਾਨ ਸਤੀਸ਼ ਰਾਣਾ ਤੇ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਸਮੇਤ ਅਨੇਕਾਂ ਸਿਆਸੀ ਹਸਤੀਆਂ ਤੇ ਜਨਤਕ ਆਗੂਆਂ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਦਾ ਦੁੱਖ ਵੰਡਿਆਇਆ ਹੈ।
ਆਗੂਆਂ ਨੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਜਮਹੂਰੀ ਸੰਘਰਸ਼ਾਂ ਦੀ ਕਾਮਯਾਬੀ ਲਈ ਉਨ੍ਹਾਂ ਦੇ ਯੋਗਦਾਨ ਨੂੰ ਆਦਰ ਸਹਿਤ ਯਾਦ ਕੀਤਾ ਹੈ।
ਮਾਤਾ ਜੀ ਨਮਿੱਤ ਅੰਤਮ ਅਰਦਾਸ 9 ਮਾਰਚ ਨੂੰ ਪਿੰਡ ਮੁਰਾਦਪੁਰ, ਜਿਲ੍ਹਾ ਹੁਸ਼ਿਆਰਪੁਰ ਵਿਖੇ ਹੋਵੇਗੀ।
ਜਾਰੀ ਕਰਤਾ: ਮਹੀਪਾਲ (99153-12806)

Sunday, February 20, 2022

ਇਹ ਹੁੰਦੀ ਹੈ ਅਸਲੀ ਕਾਮਰੇਡੀ ਹਿੰਮਤ

ਇਹ ਹੁੰਦਾ ਹੈ ਅਸਲੀ ਕਾਮਰੇਡੀ ਰੰਗ 

ਬਿਮਾਰੀ ਦੇ ਬਾਵਜੂਦ ਚੜ੍ਹਦੀਕਲਾ ਵਿੱਚ ਕਾਮਰੇਡ ਗੁਰਨਾਮ ਸਿੱਧੂ ਰਿਸ਼ੀ ਨਗਰ ਵਿੱਚ ਆਪਣੇ ਨਿਵਾਸ ਵਿਖੇ 

ਲੁਧਿਆਣਾ: 19 ਫਰਵਰੀ 2022: (ਕਾਮਰੇਡ ਸਕਰੀਨ ਬਿਊਰੋ):: 

ਜ਼ਿੰਦਗੀ ਦੀਆਂ ਗਰਦਿਸ਼ਾਂ ਦਾ ਸਾਹਮਣਾ ਮੁਸਕਰਾ ਕੇ ਕਰਨਾ ਕੋਈ ਸੌਖਾ ਨਹੀਂ ਹੁੰਦਾ ਪਰ ਮੈਂ ਅਜਿਹੇ ਕਈ ਕਾਮਰੇਡ ਦੇਖੇ ਹਨ ਜਿਹਨਾਂ ਨੇ ਨਾ ਸਿਰਫ ਹੱਸ ਕੇ ਮੁਸੀਬਤਾਂ ਝੱਲੀਆਂ ਬਲਕਿ ਮੁਸੀਬਤਾਂ ਦੀਆਂ ਹਨੇਰੀਆਂ ਨੂੰ ਬਾਜ਼ ਵਾਂਗ ਆਪਣੀ ਸਵਾਰੀ ਵੀ ਬਣਾਇਆ। ਅਜਿਹੇ ਕਾਮਰੇਡਾਂ ਵਿੱਚੋਂ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਵੀ ਸਨ, ਕਾਮਰੇਡ ਮਦਨ ਲਾਲ ਦੀਦੀ ਵੀ ਅਤੇ ਕੁਝ ਹੋਰ ਵੀ। ਮੌਜੂਦਾ ਦੌਰ ਵਿਚ ਜੇ ਲੁਧਿਆਣਾ ਵੱਲ ਨਜ਼ਰ ਮਾਰੀਏ ਤਾਂ ਕਾਮਰੇਡ ਕਰਤਾਰ ਬੁਆਣੀ, ਡਾਕਟਰ ਅਰੁਣ ਮਿੱਤਰਾ, ਕਾਮਰੇਡ ਰਮੇਸ਼ ਰਤਨ ਅਤੇ ਕਾਮਰੇਡ ਗੁਰਨਾਮ ਸਿੱਧੂ ਹੁਰਾਂ ਵਿੱਚ ਵੀ ਇਹੀ ਖੂਬੀਆਂ ਹਨ। ਨਿਊਰੋ ਸਰਜਰੀ ਮਗਰੋਂ ਪੈਦਾ ਹੋਈ ਬੇਬਸੀ ਵੀ ਕਾਮਰੇਡ ਗੁਰਨਾਮ ਸਿੱਧੂ ਹੁਰਾਂ ਦੀ ਮੁਸਕਰਾਹਟ ਅਤੇ ਹਿੰਮਤ ਨੂੰ ਨਹੀਂ ਖੋਹ ਸਕੀ। ਉਹ ਹੁਣ ਵੀ ਸ਼ਾਇਰੀ ਦੀ ਗੱਲ ਕਰਦੇ ਹਨ। ਗੀਤ ਦੀ ਗੱਲ ਕਰਦੇ ਹਨ। ਜ਼ਫ਼ਰਨਾਮੇ ਦੀ ਗੱਲ ਕਰਦੇ ਹਨ। ਕਵਿਤਾ ਦਾ ਜ਼ਿਕਰ ਛਿੜਦਿਆਂ ਹੀ ਉਹ ਯਾਦ ਕਰਾਉਂਦੇ ਹਨ ਹਰਿਭਜਨ ਸਿੰਘ (ਡਾ.) ਦੀ ਗੱਲ ਅਤੇ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਦੀ ਇੱਕ ਲਿਖਤ। 

ਪ੍ਰਿੰਸੀਪਲ ਸਰਵਣ ਸਿੰਘ ਇਸ ਮਹਾਨ ਸ਼ਾਇਰ ਦੀ ਗੱਲ ਕਰਦਿਆਂ ਆਪਣੀ ਲਿਖਤ ਵਿੱਚ ਦੱਸਦੇ ਹਨ-ਏਨਾ ਕੁਝ ਛਪਵਾ ਲੈਣ ਦੇ ਬਾਵਜੂਦ ਉਹ ਦੱਸਦਾ ਹੁੰਦਾ ਸੀ ਕਿ ਉਹਦਾ ਲਿਖਿਆ ਬਹੁਤ ਕੁਝ ਗੁਆਚ ਗਿਆ ਤੇ ਕੁਝ ਲਿਖਿਆ ਹੋਇਆ ਛਪਣ ਖੁਣੋਂ ਰਹਿ ਗਿਆ! ਉਹ ਲਿਖਦਾ ਹੈ, “ਬਹੁਤ ਕੁਝ ਤਾਂ ਮੈਂ ਲਾਹੌਰ ਹੀ ਛੱਡ ਆਇਆ ਸਾਂ, ਆਪਣੇ ਨਾਲ ਦਿੱਲੀ ਲਿਆਉਣ ਦੀ ਲੋੜ ਮਹਿਸੂਸ ਨਾ ਕੀਤੀ। ਇਕ ਤਾਂ ਆਪਣੀ ਯਾਦ-ਸ਼ਕਤੀ ਹੀ ਮੈਨੂੰ ਪੂਰਬ-ਲਿਖੇ ਦੀ ਸੰਭਾਲ ਵੱਲ ਧਿਆਨ ਨਹੀਂ ਸੀ ਦੇਣ ਦੇਂਦੀ। ਦੂਜੇ ਅਚੇਤ ਜਿਹਾ ਅਹਿਸਾਸ ਸੀ ਕਿ ਗੁਆਚ ਗਏ ਦਾ ਫਿਕਰ ਨਾ ਕਰ, ਹੋਰ ਰਚ ਲਵਾਂਗਾ: 

ਡੁਲ੍ਹ ਜਾਣ ਦੇ, ਰੁਲ ਜਾਣ ਦੇ, ਗੁਮਦਾ ਹੈ ਜੋ ਗੁਮ ਜਾਣ ਦੇ

ਮੁਕਣੀ ਨਹੀਂ ਇਹ ਦਾਸਤਾਂ, ਹਰ ਦਮ ਕਹਾਣੀ ਹੋਰ ਹੈ। 

ਦਰਿਆ ਤੋਂ ਪਹਿਲਾਂ ਦੌੜ ਕੇ ਪਹੁੰਚਾਂਗੇ ਸਾਗਰ ‘ਤੇ ਅਸੀਂ

ਇਸ ਦੇ ਕਦਮ ਵੀ ਤੇਜ਼ ਪਰ ਆਪਣੀ ਰਵਾਨੀ ਹੋਰ ਹੈ। 

ਕਿਉਂ ਰੋਕਦੈਂ ਨਾਦਾਨੀਆਂ, ਨਾਸਮਝ ਨਾਫ਼ਰਮਾਨੀਆਂ

ਉਮਰਾ ਸਿਆਣੀ ਵਾਲਿਆ ਉਮਰਾ ਅੰਝਾਣੀ ਹੋਰ ਹੈ। 

ਕਲ੍ਹ ਵੀ ਗੁਨਾਹ ਕਰਨੇ ਅਸੀਂ, ਉਸ ਤੋਂ ਵਧ ਅੱਜ ਕਰਨ ਦੇ

ਬੀਬਾ ਜਵਾਨੀ ਹੋਰ ਹੈ ਚੜ੍ਹਦੀ ਜਵਾਨੀ ਹੋਰ ਹੈ। 

ਲੈ ਤਾਰਿਆਂ ਦੀ ਮੁੱਠ ਲੈ ਜਾ ਆਪਣੇ ਘਰ ਵਾਸਤੇ

ਸਾਡਾ ਫਿ਼ਕਰ ਨਾ ਕਰ ਕਿ ਦੌਲਤ ਆਸਮਾਨੀ ਹੋਰ ਹੈ।

ਏਨੀ ਸਮਰਥ ਸ਼ਾਇਰੀ ਵਾਲੇ ਸ਼ਾਇਰ ਦੀਆਂ ਕਿਤਾਬਾਂ ਛਪਣਾ ਵੀ ਸੌਖਾ ਨਹੀਂ ਸੀ। ਪ੍ਰਿੰਸੀਪਲ,ਸ੍ਰਵਨ ਸਿੰਘ ਇਸ ਸਬੰਧੀ ਦੱਸਦਿਆਂ ਲਿਖਦੇ ਹਨ-ਧੁਰੋਂ ਵਰੋਸਾਏ ਇਸ ਕਵੀ/ਲੇਖਕ ਦੀਆਂ ਪਹਿਲੀਆਂ ਪੁਸਤਕਾਂ ਸੌਖੀਆਂ ਨਹੀਂ ਸਨ ਛਪੀਆਂ। ਮੁਫ਼ਤ ਕਿਤਾਬ ਛਾਪਣ ਵਾਲਾ ਪ੍ਰਕਾਸ਼ਕ ਤਾਂ ਕੋਈ ਹੈ ਨਹੀਂ ਸੀ। ਪਹਿਲੀ ਕਿਤਾਬ ਛਪਵਾਉਣ ਦਾ ਖਰਚਾ 1956 ਵਿਚ ਚਾਰ-ਪੰਜ ਸੌ ਰੁਪਏ ਦਾ ਸੀ। ਉਹਨੀ ਦਿਨੀਂ ਏਨੀ ਰਕਮ ‘ਕੱਠੀ ਕਰਨੀ ਸੌਖੀ ਨਹੀਂ ਸੀ। ਦੋ ਸੌ ਦੋਸਤਾਂ ਤੋਂ ਫੜੇ ਤੇ ਤਿੰਨ ਸੌ ਪ੍ਰਾਵੀਡੈਂਟ ਫੰਡ ‘ਚੋਂ ਕਢਾਏ। ਦੂਜੀ ਕਿਤਾਬ ‘ਤਾਰ-ਤੁਪਕਾ’ ਵੀ ਆਪਣੇ ਖਰਚ ‘ਤੇ ਛਾਪਣੀ ਪਈ। ਦੁਬਾਰਾ ਮੰਗ-ਪਿੰਨ ਕੇ ਪੈਸਿਆਂ ਦਾ ਜੁਗਾੜ ਕੀਤਾ। ਤੀਜੀ ਕਿਤਾਬ ‘ਅਧਰੈਣੀ’ ਮੋਹਨ ਸਿੰਘ ਨੇ ਮੁਫ਼ਤ ਛਾਪੀ ਤਾਂ ਅਗਲੀਆਂ ਪੁਸਤਕਾਂ ਛਪਣ ਦਾ ਰਾਹ ਹਮਵਾਰ ਹੋ ਗਿਆ। ਉਸ ਦਾ ਕਥਨ ਹੈ, “ਪੰਜਾਬੀ ਕਵਿਤਾ ਕਮਾਈ ਵਾਲਾ ਧੰਦਾ ਨਹੀਂ, ਫ਼ਕੀਰੀ ਦੀ ਮੌਜ ਹੈ।”

ਉਹਦੀਆਂ ਕਵਿਤਾ ਦੀਆਂ ਲਗਭਗ ਸਾਰੀਆਂ ਹੀ ਕਿਤਾਬਾਂ ਭਾਪਾ ਪ੍ਰੀਤਮ ਸਿੰਘ ਨੇ ਛਾਪੀਆਂ। ‘ਟੁੱਕੀਆਂ ਜੀਭਾਂ ਵਾਲੇ’ ਸੰਗ੍ਰਹਿ ਐਮਰਜੈਂਸੀ ਦੀਆਂ ਕਵਿਤਾਵਾਂ ਨਾਲ ਸੰਬੰਧਿਤ ਸੀ। ਇਹ ਸੰਗ੍ਰਹਿ ਛਾਪਣ ਬਾਰੇ ਉਸ ਨੇ ਭਾਪੇ ਨੂੰ ਬੇਨਤੀ ਕਰਨੀ ਉਚਿਤ ਨਾ ਸਮਝੀ। ਇਕ ਤਾਂ ਉਹ ਭਾਪੇ ਤੋਂ ਨਾਂਹ ਨਹੀਂ ਸੀ ਕਹਾਉਣੀ ਚਾਹੁੰਦਾ, ਦੂਜੇ ਉਹਨੂੰ ਕਿਸੇ ਸੰਕਟ ਵਿਚ ਨਹੀਂ ਸੀ ਪਾਉਣਾ ਚਾਹੁੰਦਾ। ਸੰਨ ਚੁਰਾਸੀ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਛਾਪਣ ਲਈ ਵੀ ਉਹ ਭਾਪਾ ਪ੍ਰੀਤਮ ਸਿੰਘ ਨੂੰ ਨਾ ਕਹਿ ਸਕਿਆ ਜੋ ਅਜੇ ਤਕ ਅਣਛਪਿਆ ਪਿਆ ਹੈ।

ਉਸ ਨੇ ਲਿਖਿਆ, “ਮੇਰੀ ਕਵਿਤਾ ਦਾ ਮੂਲ ਆਧਾਰ ਬਿੰਬ ਹੈ। ਇਹੋ ਮੇਰੀ ਸ਼ਕਤੀ ਹੈ ਤੇ ਸ਼ਾਇਦ ਇਹੋ ਮੇਰੀ ਸੀਮਾ ਹੈ। ਮੈਂ ਸਿਧਾਂਤ ਦੀ ਨੀਂਹ ਉਪਰ ਆਪਣੀ ਕਵਿਤਾ ਦੀ ਉਸਾਰੀ ਨਹੀਂ ਕਰ ਸਕਦਾ। ਮੈਂ ਬਿੰਬ ਨੂੰ ਉਡੀਕਦਾ ਹਾਂ...ਮੇਰੇ ਬਿੰਬ ਦਾ ਸੁਭਾਅ ਨਾਟਕੀ ਹੈ...ਮੈਂ ਮਾਂਗਵੇਂ ਸਿਧਾਂਤ ਨੂੰ ਆਪਣੀ ਕਵਿਤਾ ਦਾ ਆਧਾਰ ਨਹੀਂ ਬਣਾ ਸਕਦਾ, ਉਹ ਭਾਵੇਂ ਕਿੰਨਾ ਵੀ ਮੁੱਲਵਾਨ ਕਿਉਂ ਨਾ ਹੋਵੇ।”

ਪ੍ਰਿੰਸੀਪਲ ਸ੍ਰਵਨ ਸਿੰਘ ਦੀ ਲਿਖਤ ਬਾਰੇ ਪਤਾ ਲੱਗਣ ਤੇ ਮੈਨੂੰ ਇਹੀ ਮਹਿਸੂਸ ਹੋਇਆ ਕਿ ਡਾ. ਹਰਿਭਜਨ ਸਿੰਘ ਵਿੱਚ ਵੀ ਕਾਮਰੇਡੀ ਹਿੰਮਤ ਸੀ। ਬਾਕਾਇਦਾ ਇੱਕ ਕਾਮਰੇਡੀ ਰੰਗ ਸੀ। ਅਜਿਹਾ ਰੰਗ ਜਿਹੜਾ ਸਾਰੀ ਸਾਰੀ ਉਮਰ ਕਾਮਰੇਡ ਰਹਿ ਕਿ ਵੀ ਬਹੁਤਿਆਂ ਵਿੱਚ ਨਹੀਂ ਸੀ ਆ ਸਕਿਆ।  ਬਹੁਤੇ ਤਾਂ ਐਵੇਂ ਹੀ ਕਾਮਰੇਡ ਬਣ ਗਏ ਸਨ। ਉਹਨਾਂ ਦੇ ਰੰਗ ਢੰਗ ਨਹੀਂ ਸਨ ਬਦਲੇ।   ਬਿੱਲੀ ਵੱਲੋਂ ਰਸਤਾ ਕੱਟ ਜਾਣ ਤੇ ਉਹ ਕੁਝ ਦੇਰ ਰੁਕ ਜਾਂਦੇ, ਘਰੋਂ ਨਿਕਲਣ ਲਗਿਆ ਨਿੱਛ ਆ ਜਾਣ ਤੇ ਵੀ ਉਹ ਰੁਕਣਾ ਠੀਕ ਸਮਝਦੇ। ਕੋਈ ਸ਼ਰਾਰਤੀ ਜੇ ਕਰ ਘਰ ਅੱਗੇ ਟੂਣਾ ਟਾਣਾ ਕਰ ਜਾਏ ਤਾਂ ਘਬਰਾ ਜਾਂਦੇ। ਵਿਆਹ ਸ਼ਾਦੀਆਂ ਦੀਆਂ ਰਸਮਾਂ ਜੋਤਸ਼ੀਆਂ ਤੋਂ ਪੁਛੇ ਬਿਨਾ ਕਦੇ ਨ ਕਰਦੇ। 

ਇਹਨਾਂ ਨਾਮ ਦੇ ਕਾਮਰੇਡਾਂ ਨੂੰ ਜਗਾਉਣ ਲਈ ਇਥੇ ਦਿੱਤੀ ਜਾ ਰਹੀ ਹੈ ਹਰਿਭਜਨ ਸਿੰਘ (ਡਾ.) ਹੁਰਾਂ ਦੀ ਇੱਕ ਕਾਵਿ ਰਚਨਾ-ਸ਼ਾਇਦ ਇਹਨਾਂ ਦੇ ਦਿਲਾਂ ਵਿੱਚੋਂ ਕਿਸੇ ਅਣਦਿੱਸਦੀ ਸ਼ਕਤੀ ਦਾ ਡਰ ਨਿਕਲ ਸਕੇ। ਜ਼ਰਾ ਪੜ੍ਹੋ ਇਹ ਰਚਨਾ-

ਅੱਧੀ ਤੋਂ ਵੀ ਬਹੁਤੀ

ਉਸ ਤੋਂ ਵੀ ਬਹੁਤੀ ਉਮਰਾ ਬੀਤ ਗਈ ਹੈ

ਰੱਬ ਨੇ ਮੈਨੂੰ ਤੇ ਮੈਂ ਰੱਬ ਨੂੰ

ਯਾਦ ਕਦੇ ਨਹੀਂ ਕੀਤਾ

ਉਸ ਨੂੰ ਪਤਾ ਨਹੀਂ ਕਿ ਮੈਂ ਹਾਂ

ਮੈਨੂੰ ਪਤਾ ਨਹੀਂ ਕਿ ਉਹ ਹੈ

ਕਦੀ ਕਦਾਈਂ ਭੁੱਲ ਭੁਲੇਖੇ

ਇਕ ਦੂਜੇ ਨੂੰ ਮਿਲੇ ਸੜਕ ’ਤੇ ਝੂਠ ਵਾਂਗਰਾਂ

ਇਕ ਦੂਜੇ ਨੂੰ ਪਿੱਠਾਂ ਦੇ ਕੇ ਲੰਘ ਜਾਵਾਂਗੇ

ਰੱਬ ਨੇ ਮੈਥੋਂ ਕੀ ਲੈਣਾ ਏਂ

ਤੇ ਮੈਂ ਰੱਬ ਤੋਂ ਕੀ ਲੈਣਾ ?

ਕਿਵੇਂ ਲੱਗੀ ਇਹ ਕਾਵਿ ਰਚਨਾ? ਇੰਝ ਨਹੀਂ ਲੱਗਿਆ ਕਿ ਇਹ ਹੁੰਦੀ ਹੈ ਅਸਲੀ ਕਾਮਰੇਡੀ ਹਿੰਮਤ! 

ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। 

Monday, February 7, 2022

ਜੰਗ ਦੇ ਖਿਲਾਫ ਅਮਨ ਦਾ ਹੋਕਾ ਦੇਣ ਵਾਲੀ ਇੱਕ ਹੋਰ ਸ਼ਖ਼ਸੀਅਤ ਚਲੀ ਗਈ

ਸੇਠੀ ਪਰਿਵਾਰ ਨੂੰ ਡੂੰਘਾ ਸਦਮਾ//ਨਹੀਂ ਰਹੇ ਸ਼੍ਰੀਮਤੀ ਕਿਰਪਾਲ ਕੌਰ 
ਅੰਮ੍ਰਿਤਸਰ: 7 ਫਰਵਰੀ 2022: (*ਰੈਕਟਰ ਕਥੂਰੀਆ//ਕਾਮਰੇਡ ਸਕਰੀਨ ਬਿਊਰੋ)::
ਜਿਹਨਾਂ ਸ਼ਖ਼ਸੀਅਤਾਂ ਨੇ ਚੜ੍ਹਦੀ ਜਵਾਨੀ ਤੋਂ ਲੈ ਕੇ ਆਖ਼ਿਰੀ ਸਾਹਾਂ ਤੱਕ ਇੱਕ ਅਜਿਹੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਲਗਾ ਦਿੱਤੀ ਜਿਸ ਵਿਚ ਹਰ ਕਿਰਤੀ, ਹਰ ਮਿਹਨਤਕਸ਼ ਖੁਸ਼ਹਾਲ ਹੋਵੇ ਉਹਨਾਂ ਵਿੱਚੋਂ ਇੱਕ ਹੋਰ ਸ਼ਖ਼ਸੀਅਤ ਕਿਰਪਾਲ ਕੌਰ ਵੀ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਨੇ ਇਸਤਰੀ ਸਭਾ ਅਤੇ ਹੋਰ ਮੋਰਚਿਆਂ ਦੇ ਨਾਲ ਨਾਲ ਕਈ ਸਕੂਲ ਚਲਾ ਕੇ ਉਹਨਾਂ ਬੱਚਿਆਂ ਤੱਕ ਵੀ ਵਿੱਦਿਆਂ ਪਹੁੰਚਾਈ ਜਿਹਨਾਂ ਤੱਕ ਕਿਸੇ ਨ ਕਿਸੇ ਕਾਰਨ ਵਿੱਦਿਆਂ ਨਹੀਂ ਸੀ ਪਹੁੰਚ ਰਹੀ। ਗਰੀਬੀ ਦੇ ਝੰਬੇ ਹੋਏ ਇਹਨਾਂ ਬੱਚਿਆਂ ਲਈ ਕਿਤਾਬਾਂ ਦਾ ਪ੍ਰਬੰਧ, ਵਰ੍ਦੀਆਂ ਦਾ ਪ੍ਰਬੰਧ, ਲੁੜੀਂਦੇ ਭੋਜਨ ਦਾ ਪ੍ਰਬੰਧ ਅਤੇ ਉਹਨਾਂ ਪਰਿਵਾਰਾਂ ਦੇ ਬਾਲਗ ਮੈਂਬਰਾਂ ਲਈ ਰੋਜ਼ਗਾਰ ਅਤੇ ਨੌਕਰੀਆਂ ਦਾ ਪ੍ਰਬੰਧ ਉਹਨਾਂ ਦੇ ਮਿਸ਼ਨ ਵਿੱਚ ਉਸ ਵੇਲੇ ਸ਼ਾਮਿਲ ਸੀ ਜਦੋਂ ਸਰਕਾਰਾਂ ਨੇ ਵੀ ਇਸ ਮਕਸਦ ਦੀਆਂ ਸਕੀਮਾਂ ਨਹੀਂ ਸਨ ਕਢੀਆਂ। ਉਹਨਾਂ ਨੇ ਆਪਣੀ ਹਿੰਮਤ ਨਾਲ ਸੰਸਥਾਵਾਂ ਅਤੇ ਸਰਕਾਰਾਂ ਦਾ ਕੰਮ ਕੀਤਾ।
ਬਿਨਾ ਕਿਸੇ ਸਰਕਾਰੀ ਸਹਾਇਤਾ ਦੇ ਲੋਕਾਂ ਨੂੰ ਆਪਣੇ ਪੈਰਾਂ ਸਿਰ ਖੜਾ ਕਰਨਾ ਅਤੇ ਉਹਨਾਂ ਦੇ ਬੱਚਿਆਂ ਤੱਕ ਵਿੱਦਿਆਂ ਦਾ ਚਾਨਣ ਪਹੁੰਚਾਉਣ ਲਈ ਉਹਨਾਂ ਬਹੁਤ ਸਾਰੇ ਹੀਲੇ ਵਸੀਲੇ ਕੀਤੇ।
ਇਸ ਮਿਸ਼ਨ ਨੂੰ ਸਫਲ ਬਨਾਉਣ ਲਈ ਉਹਨਾਂ ਰੰਗਮੰਚ ਨੂੰ ਵੀ ਮਾਧਿਅਮ ਬਣਾਇਆ। ਇਪਟਾ ਅਤੇ ਇਸਕਸ ਦੀ ਚੜ੍ਹਤ ਵਾਲੇ ਜ਼ਮਾਨੇ ਵਿੱਚ ਵੀ ਦੁਨੀਆ ਭਰ ਵਿੱਚ ਸਾਮਰਾਜੀ ਤਾਕਤਾਂ ਨੇ ਜੰਗ ਦੀਆਂ ਅਗਨੀਆਂ ਭੜਕਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ। 
ਜੰਗ ਨੁੰ ਹੀ ਇੱਕੋ ਇੱਕੋ ਰੋਜ਼ਗਾਰ ਬਣਾ ਦਿੱਤਾ ਗਿਆ ਸੀ। ਉਦੋਂ ਸਾਹਿਰ ਲੁਧਿਆਣਵੀ ਸਾਹਿਬ ਦੀ ਇੱਕ ਰਚਨਾ ਜੰਗ ਦੇ ਖਿਲਾਫ ਸਾਹਮਣੇ ਆਈ ਸੀ ਜਿਸਨੂੰ ਰੰਗਮੰਚ ਤੇ ਲਿਆਂਦਾ ਪ੍ਰਿੰਸੀਪਲ ਕਿਰਪਾਲ ਕੌਰ ਨੇ। ਇਹ ਕੰਮ ਬੜੀ ਮਿਹਨਤ ਦਾ ਸੀ ਪਰ ਉਹਨਾਂ ਬੜੀ ਸਹਿਜਤਾ ਨਾਲ ਕੀਤਾ।
ਸਕੂਲ ਦੇ ਬੱਚਿਆਂ ਅਤੇ ਸਟਾਫ ਵਿੱਚੋਂ ਹੀ ਕਲਾਕਾਰਾਂ ਦੀ ਚੋਣ ਕਰਨੀ, ਜਾਣਕਾਰ ਗੀਤਕਾਰਾਂ, ਸੰਗੀਤਕਾਰਾਂ, ਡਰਾਮਾ ਨਿਰਦੇਸ਼ਕਾਂ ਦੀ ਸਹਾਇਤਾ ਨਾਲ ਅੰਮ੍ਰਿਤਸਰ ਦੀ ਰੋਡਵੇਜ਼ ਕਲੋਨੀ ਵਾਲੇ ਸਕੂਲ ਦੇ ਗਰਾਊਂਡ ਵਿੱਚ ਇਹਨਾਂ ਦਾ ਸ਼ਾਨਦਾਰ ਮੰਚਨ ਹੁੰਦਾ ਸੀ।

ਫਿਰ ਰਾਮਲੀਲਾ ਅਤੇ ਹੋਰ ਰਾਤ ਦੇ ਪ੍ਰੋਗਰਾਮਾਂ ਵਾਲੇ ਵੀ ਇਸ ਸਕੂਲ ਦੀਆਂ ਟੀਮਾਂ ਕੋਲੋਂ ਅਮਨ ਸ਼ਾਂਤੀ ਦਾ ਸੁਨੇਹਾ ਦੇਣ ਵਾਲੇ ਇਹਨਾਂ ਪ੍ਰੋਗਰਾਮਾਂ ਦੇ ਸ਼ੋਅ ਕਰਾਉਣ ਦੀ ਮੰਗ ਕਰਨ ਲੱਗੇ। ਇਹ ਸ਼ਾਇਦ ਪਹਿਲੀ ਵਾਰ ਸੀ ਕਿ ਅਮਨ ਸ਼ਾਂਤੀ ਦੇ ਇਸ ਸੁਨੇਹੇ ਕਾਰਣ ਰਾਮਲੀਲਾ ਵਾਲੇ, ਮੰਦਰਾਂ ਵਾਲੇ, ਗੁਰਦੁਆਰਿਆਂ ਵਾਲੇ ਲਾਲ ਝੰਡੇ ਦੇ ਨੇੜੇ ਆਉਣ ਲੱਗ ਪਏ ਸਨ।
ਉਹਨਾਂ ਦਿਨਾਂ ਵਿਚ ਹੀ  ਅਮਰਜੀਤ ਗੁਰਦਾਸਪੁਰੀ ਹੁਰਾਂ ਦਾ ਇੱਕ ਗੀਤ ਆਇਆ ਸੀ-
ਮੁੜਿਆ ਲਾਮਾਂ ਤੋਂ
ਸਾਡੇ ਘਰੀਂ ਬੜਾ ਰੁਜ਼ਗਾਰ
ਮੁੜਿਆ ਲਾਮਾਂ ਤੋਂ
ਕਿ ਕਣਕਾਂ ਨਿੱਸਰ ਪਈਆਂ 
ਘਰ ਆਏ ਕੇ ਝਾਤੀ ਮਾਰ
ਮੁੜਿਆ ਲਾਮਾਂ ਤੋਂ!
ਉਹਨਾਂ ਦਿਨਾਂ ਵਿੱਚ ਇਸ ਗੀਤ ਤੇ ਅਧਾਰਿਤ ਸੰਗੀਤ ਨਾਟਕ ਰਿਕਾਰਡ ਤੋੜ ਗਿਣਤੀ ਤੱਕ ਖੇਡੇ ਗਏ। ਇਹਨਾਂ ਪ੍ਰੋਗਰਾਮਾਂ ਦੀ ਪ੍ਰਸੰਸਾ ਸੁਣ ਕੇ ਉੱਘੀ ਚਿੱਤਰਕਾਰ ਫੁੱਲਾਂ ਰਾਣੀ ਉਚੇਚੇ ਤੌਰ ਤੇ ਪ੍ਰਿੰਸੀਪਲ ਕਿਰਪਾਲ ਕੌਰ ਨੂੰ ਮਿਲਣ ਆਈ। ਉਹਨਾਂ ਦੇ ਨਾਲ ਉੱਘੀ ਲੇਖਿਕਾ ਅਤੇ ਮਾਸਿਕ ਕੰਵਲ ਦੀ ਸੰਪਾਦਕਾ ਅਨਵੰਤ ਕੌਰ ਅਤੇ ਕੁਝ ਹੋਰ ਸ਼ਖ਼ਸੀਅਤਾਂ ਵੀ ਸਨ।

ਆਪ ਸਾਰੀ ਉਮਰ ਲਾਲ ਝੰਡੇ ਅਤੇ ਕਿਰਤੀ ਵਰਗ ਦੇ ਭਲੇ ਲਈ ਸਮਰਪਿਤ ਰਹਿਣ ਵਾਲੇ ਉੱਘੇ ਕਮਿਊਨਿਸਟ ਆਗੂ ਕਾਮਰੇਡ ਪ੍ਰਦੁਮਣ ਸਿੰਘ ਦੀ ਧਰਮਪਤਨੀ ਅਤੇ ਰਿਟਾਇਰਡ ਸਿਵਲ ਸਰਜਨ ਡਾ. ਆਰ ਐਸ ਸੇਠੀ ਦੀ ਮਾਤਾ ਜੀ ਸਨ। ਉਹਨਾਂ ਦੇ ਦੋ ਬੇਟਿਆਂ ਦੇ ਵਿਦੇਸ਼ ਤੋਂ ਪਰਤਣ ਮਗਰੋਂ ਅੱਜ ਅੰਮ੍ਰਿਤਸਰ ਦੇ ਸ੍ਰੀ ਦੁਰਗਿਆਣਾ ਤੀਰਥ ਵਾਲੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਸ਼ਾਮ ਸਾਢੇ ਚਾਰ ਵਜੇ ਕੀਤਾ ਜਾਣਾ ਹੈ।

ਇਹਨਾਂ ਦੇ ਦੋ ਬੇਟਿਆਂ ਵਿੱਚੋਂ ਇੱਕ ਭੁਪਿੰਦਰ ਸੇਠੀ ਵੱਖ ਵੱਖ ਮੁਲਕਾਂ ਵਿੱਚ ਰਹਿੰਦੇ ਅਮਨ ਪਸੰਦ ਲੋਕਾਂ ਦਰਮਿਆਨ ਰਾਬਤਾ ਮਜ਼ਬੂਤ ਬਣਾਉਣ ਲਈ ਸਰਗਰਮ ਰਹਿੰਦਾ ਹੈ ਜਦਕਿ ਕੰਵਲ ਸੇਠੀ ਲੋਕਾਂ ਦੇ ਬੇਹਦ ਸੂਖਮ ਜਜ਼ਬਾਤਾਂ ਨੂੰ ਅਤੇ ਇਹਨਾਂ ਵਿਚਲੀਆਂ ਉਲਝਣਾਂ ਨੂੰ ਸਾਹਮਣੇ ਲਿਆਉਣ ਲਈ ਕਈ ਫ਼ਿਲਮਾਂ ਬਣਾ ਚੁੱਕਿਆ ਹੈ ਅਤੇ ਕਈ ਅਜੇ ਹੋਰ ਪ੍ਰੋਡਕਸ਼ਨ ਅਧੀਨ ਹਨ। 

ਉਹਨਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਦੀ ਤਾਰੀਖ ਵੀ ਕਿਸੇ ਵੱਖਰੀ ਪੋਸਟ ਵਿੱਚ ਜਲਦੀ ਹੀ ਦੱਸੀ ਜਾਵੇਗੀ।
ਅਖੀਰ ਵਿੱਚ ਇੱਕ ਗੱਲ ਹੋਰ ਕਈ ਲਾਲ ਝੰਡੇ ਵਾਲਾ ਪਰਿਵਾਰ ਹੋਣ ਦੇ ਬਾਵਜੂਦ ਪ੍ਰਿੰਸੀਪਲ ਕਿਰਪਾਲ ਕੌਰ ਹੁਰਾਂ ਦਾ ਗੁਰਬਾਣੀ ਅਤੇ ਗੁਰੂ ਘਰ ਨਾਲ ਬਹੁਤ ਪ੍ਰੇਮ ਸੀ। ਉਹ ਖੁਦ ਵੀ ਸਾਹਿਤ ਰਚਨਾ ਕਰੀਏ ਕਰਦੇ ਸਨ ਪਰ ਕਦੇ ਇਹਨਾਂ ਰਚਨਾਵਾਂ ਨੀਂ ਛਪਵਾਇਆ ਨਹੀ ਗਿਆ। ਕੋਸ਼ਿਸ਼ ਹੈ ਉਹਨਾਂ ਦੀਆਂ ਡਾਇਰੀਆਂਵਿੱਚੋਂ ਉਹਨਾਂ ਦੀਆਂ ਕਾਵਿ ਰਚਨਾਵਾਂ ਦਾ ਸੰਕਲਨ ਤਿਆਰ ਹੋ ਸਕੇ।
*ਰੈਕਟਰ ਕਥੂਰੀਆ ਸਵਰਗੀ ਪ੍ਰਿੰਸੀਪਲ ਕਿਰਪਾਲ ਕੌਰ ਹੁਰਾਂ ਦਾ ਭਤੀਜਾ ਹੈ

Tuesday, February 1, 2022

ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਦੇ ਹੱਕ ਵਿੱਚ ਦੋਰਾਹਾ ਦੇ ਲੋਕ ਪੂਰੇ ਜੋਸ਼ ਵਿੱਚ

1st February 2022 at 3:33 PM

 ਦੋਰਾਹਾ ਵਿਖੇ ਸੀਪੀਆਈ ਦਾ ਚੋਣ ਦਫਤਰ ਖੁਲ੍ਹੇਗਾ ਤਿੰਨ ਫਰਵਰੀ ਨੂੰ 


ਦੋਰਾਹਾ
: 1 ਫਰਵਰੀ 2022: (ਐਮ ਐਸ ਭਾਟੀਆ//ਹਰਮਿੰਦਰ ਸੇਠ//ਕਾਮਰੇਡ ਸਕਰੀਨ)::

ਦੋਰਾਹਾ ਉਹਨਾਂ ਇਲਾਕਿਆਂ ਵਿੱਚ ਰਿਹਾ ਹੈ ਜਿਹਨਾਂ ਨੇ ਖੱਬੀਆਂ ਤਾਕਤਾਂ ਦੀ ਚੜ੍ਹਤ ਲਈ ਹਰ ਹਾਲਤ ਵਿੱਚ ਆਪਣਾ ਯੋਗਦਾਨ ਦਿੱਤਾ। ਖੱਬੀਆਂ ਪਾਰਟੀਆਂ ਵੱਖ ਵੱਖ ਬੈਨਰਾਂ ਦੇ ਬਾਵਜੂਦ ਇਸ ਇਲਾਕੇ ਵਿੱਚ ਕਾਮਯਾਬ ਰਹੀਆਂ। ਸੰਘਰਸ਼ਾਂ ਦੀ ਲੋੜ ਪਈ ਤਾਂ ਦੋਰਾਹੇ ਦੇ ਲੋਕ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਰਹੇ। ਇਸ ਵਾਰ ਫੇਰ ਦੋਰਾਹੇ ਦੇ ਲੋਕਾਂ ਨੇ ਜ਼ੋਰ ਪਾ ਕੇ ਸੀਪੀਆਈ ਕੋਲੋਂ ਦੋਰਾਹੇ ਦੀਆਂ ਸਰਗਰਮੀਆਂ ਦੀ ਮੰਗ ਮਨਵਾਈ ਹੈ। ਕਾਮਰੇਡ ਭਗਵਾਨ ਸਿੰਘ ਸੋਮਲ ਨੂੰ ਖੜਾ ਕਰਨ ਦਾ ਫੈਸਲਾ ਦੋਰਾਹਾ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਵੀ ਕੀਤਾ ਗਿਆ। ਭਗਵਾਨ ਸੋਮਲ ਦੇ ਹੱਕ ਵਿੱਚ ਦੋਰਾਹਾ ਵਿਖੇ ਹੋਈ ਪਹਿਲੀ ਮੀਟਿੰਗ ਦੌਰਾਨ ਲੋਕਾਂ ਨੇ  ਭਾਰੀ ਉਤਸ਼ਾਹ ਦਿਖਾਇਆ। 

ਅੱਜ ਹਲਕਾ ਪਾਇਲ ਦੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਆਗੂਆਂ ਅਤੇ ਵਰਕਰਾਂ ਦੀ ਇਕ ਮੀਟਿੰਗ ਮੇਨ ਬਾਜ਼ਾਰ ਦੋਰਾਹਾ ਵਿਖੇ ਹੋਈ । ਇਸ ਵਿਚ ਹਲਕਾ ਪਾਇਲ ਦੇ ਬਲਾਕ ਦੋਰਾਹਾ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਕਾਮਰੇਡ ਭਗਵਾਨ ਸਿੰਘ ਦਾ ਚੋਣ ਦਫ਼ਤਰ 3 ਤਰੀਕ ਨੂੰ 12.00 ਵਜੇ  ਦੋਰਾਹਾ ਦੇ ਮੇਨ ਬਾਜ਼ਾਰ ਵਿਚ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਅੱਜ ਦੀ ਮੀਟਿੰਗ ਵਿਚ ਆਗੂਆਂ ਅਤੇ ਵਰਕਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਚੋਣ ਮੁਹਿੰਮ ਨੂੰ ਘਰ ਘਰ ਲੈ ਕੇ ਜਾਣਗੇ ਅਤੇ ਪਾਰਟੀ ਦੇ ਉਮੀਦਵਾਰ ਕਾਮਰੇਡ ਭਗਵਾਨ ਸਿੰਘ ਸੋਮਲਖੇੜੀ ਨੂੰ ਵੱਡੇ ਫ਼ਰਕ ਨਾਲ ਇਸ ਹਲਕੇ ਤੋਂ ਜਿਤਾਉਣਗੇ। 

ਮੀਟਿੰਗ ਵਿਚ ਉਮੀਦਵਾਰ ਕਾਮਰੇਡ ਭਗਵਾਨ ਸਿੰਘ ਤੋਂ ਇਲਾਵਾ ਲੁਧਿਆਣਾ ਤੋਂ  ਪਾਰਟੀ ਆਗੂ ਡਾ ਅਰੁਣ ਮਿੱਤਰਾ,  ਗੁਲਜ਼ਾਰ ਗੋਰੀਆ, ਚਮਕੌਰ ਸਿੰਘ ,ਐੱਮ ਐੱਸ ਭਾਟੀਆ ,ਚਰਨ ਸਰਾਭਾ ਅਤੇ ਵਿਜੇ ਕੁਮਾਰ ਨੇ ਹਿੱਸਾ ਲਿਆ।  ਦੋਰਾਹਾ  ਦੇ ਬਲਾਕ ਸਕੱਤਰ ਨਿਰੰਜਣ ਸਿੰਘ, ਹਰਵਿੰਦਰ ਸੇਠ, ਪਰਮਜੀਤ ਸਿੰਘ ਸਿਹੌੜਾ ਅਤੇ ਐਸ ਐਸ ਮਣਕੂ ਨੇ ਹਿੱਸਾ ਲਿਆ। ਸਮਰਾਲਾ ਬਲਾਕ ਤੋਂ ਕਾਮਰੇਡ ਕੇਵਲ  ਸਿੰਘ ਮਜਾਲੀਆ ਅਤੇ ਖੰਨਾ ਬਲਾਕ ਤੋਂ ਕਾਮਰੇਡ ਗੁਰਮੀਤ ਸਿੰਘ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਕਾਮਰੇਡ ਰਾਮਆਧਾਤਰ ਸਿੰਘ ਅਤੇ ਰਾਮ ਚੰਦ ਵੀ ਸ਼ਾਮਲ ਹੋਏ।

Monday, January 10, 2022

ਸੰਯੁਕਤ ਸਮਾਜ ਮੋਰਚਾ ਅਤੇ ਕਿਸਾਨ ਸੰਘਰਸ਼ ਦੇ ਤੌਖਲੇ//ਰਮੇਸ਼ ਰਤਨ

ਸੁਆਲਾਂ/ਖਦਸ਼ਿਆਂ/ਸਾਜ਼ਿਸ਼ਾਂ ਅਤੇ ਸੰਭਾਵਨਾਵਾਂ ਦੀ ਗੱਲ ਕਰਦੀ ਖਾਸ ਲਿਖਤ


ਚਮਕੌਰ ਸਾਹਿਬ ਦੀ ਗੜੀ ਦੇ ਸਬਕ ਪਿਛੇ ਹਟਣ ਦੇ ਪੱਖ ਵਿੱਚ ਨਹੀ ਹਨ 

ਲੁਧਿਆਣਾ: 9 ਜਨਵਰੀ 2022: (ਰਮੇਸ਼ ਰਤਨ//ਕਾਮਰੇਡ ਸਕਰੀਨ)::

ਸੰਯੁਕਤ ਸਮਾਜ  ਮੋਰਚੇ ਦੇ ਗਠਨ ਸਮੇਂ ਤੋਂ ਹੀ ਕਿਸਾਨ ਅੰਦੋਲਨ ਅਤੇ ਸਮਾਜਿਕ ਇਨਸਾਫ  ਦੇ ਸੰਘਰਸ਼ਾਂ  ਵਾਸਤੇ ਫ਼ਿਕਰ ਰੱਖਣ ਵਾਲੇ ਦੋ ਹਿੱਸਿਆਂ ਵਿੱਚ ਵੰਡੇ ਗਏ ਹਨ।  ਜਿਹੜੇ ਲੋਕਾਂ ਨੇ ਕਿਸਾਨਾਂ ਦੇ ਆਰਥਕ ਅੰਦੋਲਨ ਦੀ ਵੱਡੀ ਜਿੱਤ ਤੋਂ ਬਾਅਦ ਰਾਜਨੀਤੀ ਵਾਲੀ ਅਗਲੀ ਪਉੜੀ ਉੱਤੇ ਆਪਣਾ ਪੈਰ ਰੱਖਿਆ ਉਹਨਾਂ ਦੇ ਇਸ ਕਦਮ ਦੇ ਪੱਖ ਅਤੇ ਇਸ ਨੂੰ ਕਾਹਲੀ ਵਿੱਚ ਚੁੱਕਿਆ ਗਿਆ ਕਦਮ ਕਹਿਣ ਵਾਲਿਆਂ ਦੀਆਂ ਦਲੀਲਾਂ ਲਗਭਗ ਬਰਾਬਰ ਭਿੜ ਰਹੀਆਂ ਹਨ। ਕਿਸਾਨ ਅੰਦੋਲਨ ਦੀ ਏਕਤਾ ਨੂੰ ਧਿਆਨ ਵਿੱਚ ਰੱਖਣ ਵਾਲੇ ਜਦੋਂ 22 ਜਥੇਬੰਦੀਆਂ ਵੱਲੋਂ ਚੁੱਕੇ ਗਏ ਰਾਜਸੀ ਕਦਮ ਤੇ ਮੁੜ ਵਿਚਾਰ ਕਰਨ ਲਈ ਆਖਦੇ ਹਨ ਤਾਂ ਉਹਨਾਂ ਦੀਆਂ ਦਲੀਲਾਂ ਮਾਪਿਆਂ ਵਾਗੂੰ ਫ਼ਿਕਰ  ਕਰਨ ਵਰਗੀਆਂ ਅਤੇ ਸਤਿਕਾਰਤ ਹਨ ਕਿਉਂਕਿ ਉਹਨਾਂ ਦਾ ਫ਼ਿਕਰ ਦੋ ਪਾਸਿਓਂ ਹੈ। ਕਿਸਾਨ ਸੰਘਰਸ਼ ਨੂੰ ਫੁਟ ਤੋਂ ਬਚਾਉਣ ਦਾ ਵੀ ਅਤੇ ਨਵੇਂ ਅਕੁੰਰਿਤ ਹੋਏ ਸੰਯੁਕਤ ਸਮਾਜ ਮੋਰਚੇ ਵਾਲਿਆਂ  ਨੂੰ ਪੁਰਾਣੇ ਰਾਜਨੀਤਕ ਘਾਗਾਂ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਲਾ ਵੀ। 

ਮਿਥਿਹਾਸਕ ਜਾਂ ਇਤਿਹਾਸਕ ਬੋਧ ਕਿਤੇ ਨਾ ਕਿਤੇ ਕੰਮ ਕਰ ਰਿਹਾ ਹੁੰਦਾ ਹੈ। ਬਹੁਤ ਸਾਰੀ ਜਾਣਕਾਰੀ  ਦੇ ਬਾਵਜੂਦ ਅਭਿਮਨਿਊ ਵਾਂਗ ਰਾਜਨੀਤੀ  ਦੇ ਘੇਰੇ ਵਿਚੋਂ ਬਾਹਰ ਨਿਕਲਣਾ ਅਸੰਭਵ ਹੁੰਦਾ ਹੈ।

ਇਤਿਹਾਸ ਵਿਚਲੇ ਚਮਕੌਰ ਸਾਹਿਬ ਦੀ ਗੜੀ ਦੇ ਸਬਕ ਪਿਛੇ ਹਟਣ ਦੇ ਪੱਖ ਵਿੱਚ ਨਹੀ ਹਨ।  ਭਾਰਤ ਦੀ ਆਜ਼ਾਦੀ ਦਾ ਇਤਿਹਾਸ ਵੀ ਮਾਫੀਆਂ ਮੰਗਣ ਅਤੇ ਮੌਤ ਵਿਚਕਾਰ ਕੋਈ ਫਰਕ ਨਹੀ ਕਰਦਾ। ਸ਼ਹੀਦਾਂ ਦੀ ਸ਼ਾਨ ਵੱਖਰੀ ਹੁੰਦੀ ਹੈ।

ਇਸ ਲਈ ਸਾਰੀਆਂ ਚਿੰਤਾਵਾਂ ਨੂੰ ਸਤਿਕਾਰ ਸਹਿਤ ਪਾਸੇ ਰੱਖ ਲਿਆ ਜਾਏ।

ਸੰਜੀਦਾ ਫ਼ਿਕਰਮੰਦੀ ਉਸ ਸਥਿਤੀ ਨੂੰ ਯਾਦ ਰੱਖਣ ਦੀ ਕਰਨੀ ਬਣਦੀ ਹੈ ਜਦੋਂ ਕਿਸਾਨ ਦਿੱਲੀ ਅੰਦੋਲਨ ਦੀ ਵੱਡੀ  ਜਿੱਤ ਤੋ ਬਾਅਦ ਘਰਾਂ ਨੂੰ ਵਾਪਸ ਮੁੜ ਹੀ ਰਹੇ ਸਨ, ਉਹਨਾ ਨੇ ਆਪਣੇ ਘਰਾਂ ਦੀ ਦਹਿਲੀਜ਼ ਵਿੱਚ ਪੈਰ ਵੀ ਨਹੀ ਰੱਖਿਆ ਸੀ ਕਿ ਇਸ ਜਿੱਤ ਦੇ ਪ੍ਰਭਾਵ ਨੂੰ ਗੰਧਲਾ ਅਤੇ ਕਮਜ਼ੋਰ ਕਰਨ ਦੀਆ ਕੋਝੀਆਂ ਸਾਜ਼ਿਸ਼ਾਂ ਸੁਰੂ ਹੋ ਗਈਆਂ ਸਨ। ਮਲੇਰਕੋਟਲੇ ਅਤੇ ਲੁਧਿਆਣੇ ਗਾਂ ਦੇ ਅੰਗ ਸੁਟਣ ਤੇ ਧਾਰਮਿਕ ਫਿਰਕਾਪ੍ਰਸਤੀ ਫੈਲਾਉਣ ਦੀ ਕੋਸ਼ਿਸ਼ ਤੋਂ ਲੁਧਿਆਣਾ ਕਚਿਹਰੀ ਵਿੱਚ ਬੰਬ ਚਲਾ ਕੇ ਦਹਿਸ਼ਤ ਪੈਦਾ ਕਰਨ ਦਾ ਸਭ ਤੋਂ ਵੱਧ ਲਾਭ ਕਿਸਾਨ ਅੰਦੋਲਨ ਵਿਰੋਧੀ ਤਾਕਤਾਂ ਨੂੰ ਹੀ ਹੋਣਾ ਸੁਭਾਵਿਕ ਹੈ। ਹੁਣ ਰਹਿੰਦੀ ਕਸਰ ਸ੍ਰੀ ਮੋਦੀ ਸਾਹਿਬ ਨੇ ਪੂਰੀ ਕਰਨ ਲਈ ਬਿਆਨ ਦਾਗ ਦਿੱਤਾ ਕਿ ਉਹ ਆਪਣੀ ਜਾਨ ਬਚਾ ਕੇ ਵਾਪਸ ਜਾ ਰਿਹਾ ਹੈ।

ਸਥਾਪਿਤ ਰਾਜਸੀ ਧਿਰਾਂ ਆਪਣੇ ਮੀਡੀਆ ਪ੍ਰਬੰਧ ਅਤੇ ਸਾਧਨਾਂ ਦੇ ਜੋਰ ਨਾਲ ਅਨੇਕ ਪ੍ਰਕਾਰ  ਇਸ ਸਥਿਤੀ ਨੂੰ ਨੁਕਸਾਨ ਪਹੁੰਚਾਉਣ ਵਿੱਚ ਸਮਰੱਥ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਅਜਿਹੀਆਂ ਕਈ ਹੋਰ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਹਨ।

ਸੰਯੁਕਤ ਸਮਾਜ ਮੋਰਚੇ ਕਾਰਨ ਕਿਸਾਨ ਅੰਦੋਲਨ ਵਿੱਚ ਫੁੱਟ ਪੈਣ ਦਾ ਤਰਕ ਨਿਰਅਧਾਰ ਹੈ।

ਜੇਕਰ ਸੰਯੁਕਤ ਸਮਾਜ ਮੋਰਚੇ ਨੂੰ ਨਾ ਵੀ ਸਿਰਜਿਆ ਗਿਆ ਹੁੰਦਾ, ਤਾਂ ਕੀ ਪੰਜਾਬ ਵਿਚਲੀਆਂ ਪਾਰਟੀਆ ਦੇ ਆਗੂਆਂ ਨੇ ਕਿਸਾਨ ਸੰਘਰਸ਼ ਦੌਰਾਨ ਆਪਣੇ ਸਹਿਯੋਗ ਨੂੰ ਵਧਾ ਚੜ੍ਹਾ ਕੇ ਵੋਟ ਮੰਗਣ ਲਈ ਪੇਸ਼ ਨਹੀ ਕਰਨਗੇ?  ਉਸ ਸਮੇ ਕੀ ਸਾਰੇ ਕਿਸਾਨ ਇਕਮੁੱਠ ਰਹਿਣਗੇ?

ਕੀ ਇਹ 22 ਜਥੇਬੰਦੀਆਂ ਨੇ ਕਦੇ ਵੀ ਕਿਸੇ ਤਰਾਂ ਵੀ ਆਪਣੇ-ਆਪ ਨੂੰ ਸੰਯੁਕਤ ਕਿਸਾਨ ਮੋਰਚੇ ਤੋ ਵੱਖ ਕਰਨ ਦਾ ਵਿਚਾਰ ਵੀ ਕੀਤਾ ਹੈ?

ਬੇਸ਼ਕ ਕਿਸਾਨ ਸੰਘਰਸ਼ ਦਾ ਮੁੱਖ ਉਦੇਸ਼ ਖੇਤੀ ਨਾਲ ਸਬੰਧਤ ਤਿੰਨ ਕਾਨੂੰਨ ਰੱਦ ਕਰਾਉਣਾ ਸੀ ਪਰ ਸਮਾਜ ਦੇ ਅਨੇਕ ਤਬਕਿਆਂ ਨੇ ਇਸ ਅੰਦੋਲਨ ਰਾਹੀ ਆਪਣੇ ਮਸਲਿਆਂ ਦੇ ਹੱਲ ਲਈ ਰਾਹ ਖੁੱਲ੍ਹਣ ਦੀ ਉਮੀਦ ਵੀ ਲਗਾਈ ਹੋਈ ਸੀ।

ਪਿੰਡਾਂ ਦੇ ਖੇਤ ਮਜਦੂਰ , ਸਨਅਤੀ ਮਜਦੂਰ, ਮੁਲਾਜ਼ਮ, ਰਿਟਾਇਰਡ ਕਰਮਚਾਰੀ, ਇਸਤਰੀਆ, ਨੋਜਵਾਨ, ਵਿਦੇਸ਼ ਬੈਠੇ ਸਾਡੇ ਲੋਕ, ਵਿਉਪਾਰ ਅਤੇ ਸਨਅਤ ਨਾਲ ਸਬੰਧਤ ਜਥੇਬੰਦੀਆ  ਅਤੇ ਅਨੇਕ ਪ੍ਰਕਾਰ ਦੇ ਸਮਾਜ ਸੇਵਕ ਜੋ ਕਿਸਾਨੀ ਸੰਘਰਸ਼ ਵਿਚ ਡਟ ਕੇ ਸਾਥ ਦਿੰਦੇ ਰਹੇ ਹਨ, ਕੀ ਉਨ੍ਹਾ ਦੇ ਮੁੱਦੇ ਨਹੀ ਹਨ ਜਿੰਨਾ ਦੇ ਹੱਲ ਲੱਭਣ ਲਈ ਰਾਜਸੀ ਫੈਸਲੇ ਲੈਣ ਦੀ ਜ਼ਰੂਰਤ ਹੈ? ਕੀ ਕਿਸਾਨ ਇਹਨਾਂ ਤਮਾਮ ਸਹਿਯੋਗ ਦੇਣ ਵਾਲਿਆਂ ਅਤੇ ਉਮੀਦ ਲਾਈ ਬੈਠੇ ਲੋਕਾਂ ਵੱਲ ਪਿੱਠ ਮੋੜ ਸਕਦੇ ਹਨ? ਕੀ ਪੰਜਾਬ ਦੀਆਂ  ਸਥਾਪਿਤ ਪਾਰਟੀਆ ਤੋ ਇਹ ਮਸਲੇ ਹੱਲ ਕਰਨ ਲਈ ਉਮੀਦ ਕੀਤੀ ਜਾ ਸਕਦੀ ਹੈ?

ਸੰਯੁਕਤ ਸਮਾਜ ਮੋਰਚਾ ਕਿਸੇ ਤਰਾਂ ਵੀ ਕਿਸਾਨ ਏਕਤਾ ਦੇ ਵਿਰੋਧ ਵਿੱਚ ਤਾਂ ਨਹੀ ਲੱਗਦਾ ਬਲਕਿ ਇਸ ਨਾਲ ਕਿਸਾਨ ਅੰਦੋਲਨ ਨੂੰ ਹੋਰ ਵਿਆਪਕ ਪੱਧਰ ਤੇ ਅਸਰਦਾਰ ਬਣਾਇਆ ਜਾ ਸਕਦਾ ਹੈ।

ਰਹੀ ਗੱਲ ਸੰਯੁਕਤ ਸਮਾਜ ਮੋਰਚੇ ਦਾ ਨਿਰਮਾਣ ਕਰਨ ਵਾਲਿਆ ਸਾਹਮਣੇ ਉਦੇਸ਼ਾਂ ਅਤੇ ਉਠ ਰਹੇ ਪ੍ਰਸ਼ਨਾਂ ਦੀ, ਇਹ ਉਹਨਾਂ ਨੂੰ ਸਪੱਸ਼ਟ ਕਰਨੇ ਪੈਣੇ ਹਨ।

ਪਹਿਲਾ ਪ੍ਰਸ਼ਨ ਹੀ ਇਹ ਹੈ, ਉਹ ਜਿਸ ਰਾਜਨੀਤਕ ਮੋਰਚੇ ਦਾ ਨਿਰਮਾਣ ਕਰ ਰਹੇ ਹਨ ਜਾਂ ਕੋਸ਼ਿਸ਼ ਕਰ ਰਹੇ ਹਨ, ਕੀ ਉਹ  ਪੰਜਾਬ ਵਿਚ ਲੋਕਤੰਤਰ ਦੀ ਰਾਖੀ ਅਤੇ ਵਿਕਾਸ ਵਾਸਤੇ ਸੱਚ ਹੀ ਕੁੱਝ ਨਵਾਂ ਪੇਸ਼ ਕਰ ਸਕਣਗੇ ?

ਉਹ , ਹੁਣ ਤੱਕ ਦੀਆ ਚੋਣਾਂ ਵਿੱਚ ਭਾਗ ਲੈਣ ਵਾਲੀਆਂ ਸਥਾਪਿਤ ਪਾਰਟੀਆ ਤੋਂ ਕੀ ਵੱਖਰਾ ਪੇਸ਼ ਕਰ ਰਹੇ ਹਨ ?

ਉਹ ਸਾਡੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਇਸ ਨੂੰ ਸਿਰਫ ਵੋਟ ਪਾਉਣ ਤੱਕ ਦੀ ਸੀਮਤ ਰਾਜਨੀਤੀ ਤੋਂ ਅੱਗੇ ਵਧਾ ਕੇ ਲੋਕਾਂ ਦੀ ਭਾਗੀਦਾਰੀ ਵਾਲਾ ਲੋਕਤੰਤਰ ਕਿੰਝ ਕਾਇਮ ਕਰਨਗੇ ?

ਕੀ ਉਹ ਸੰਯੁਕਤ ਕਿਸਾਨ ਮੋਰਚੇ ਵਿਚ ਅਪਣਾਇਆ ਅਤੇ ਕਾਮਯਾਬੀ ਤਕ ਲੈ ਜਾਣ ਵਾਲੇ,  ਫੈਸਲੇ ਲੈਣ ਵਿੱਚ ਸਭ ਨੂੰ  ਭਾਗੀਦਾਰ ਬਣਾਉਣ ਵਾਲੇ ਸਬਕ ਨੂੰ ਰਾਜਨੀਤੀ ਵਿੱਚ ਵੀ ਪੂਰੀ ਤਰਾਂ  ਕਾਇਮ ਰੱਖ ਸਕਣਗੇ?  ਆਪਣੇ ਆਗੂਆਂ ਦੀਆਂ  ਵਿਅਕਤੀਗਤ ਇੱਛਾਵਾਂ ਦੇ ਰੁਝਾਨ ਨੂੰ ਕਾਬੂ ਰੱਖਣ ਲਈ ਕਿਸ ਵਿਧੀ ਦਾ ਇਸਤੇਮਾਲ ਕਰਨਗੇ ?

ਅਗਲੀ ਗਲ ਪੰਜਾਬ ਦੇ ਲੋਕਾਂ ਨਾਲ ਸਬੰਧਤ ਮਾਮਲਿਆਂ ਦੇ ਉਹ ਕਿਹੜੇ ਯਥਾਰਥਕ ਹਲ ਪੇਸ਼ ਕਰਨਗੇ?  ਸਾਡੇ ਬੱਚਿਆਂ ਦੀ ਸਿੱਖਿਆ, ਨੌਜਵਾਨਾਂ ਵਾਸਤੇ ਰੁਜ਼ਗਾਰ, ਖੇਤੀਬਾੜੀ  ਨੂੰ ਲਾਹੇਵੰਦ ਧੰਦਾ ਬਣਾਉਣ, ਸ਼ਹਿਰਾਂ ਵਿਚ ਚਲਾਏ ਜਾ ਰਹੇ ਕਾਰੋਬਾਰਾਂ, ਅਮਨ ਅਤੇ ਕਾਨੂੰਨ,  ਸ਼ਹਿਰਾਂ ਅੰਦਰ ਸੜਕਾਂ , ਟਰਾਂਸਪੋਰਟ, ਪਾਣੀ ,ਸੀਵਰੇਜ ਅਤੇ ਸਫਾਈ ਆਦਿ ਦੇ ਸੁਚੱਜੇ ਪ੍ਰਬੰਧ,  ਪੰਜਾਬ ਦੇ ਲੋਕਾਂ ਦੀ ਸਿਹਤ ਦੀ ਸੰਭਾਲ  ਦੇ ਨਾਲ-ਨਾਲ ਪੰਜਾਬ ਅੰਦਰ ਕੌਆਪਰੇਟਿਵ ਸੁਸਾਇਟੀਆਂ ਦੀ ਲਹਿਰ ਦੇ ਵਿਕਾਸ ਅਤੇ ਮੋਜੂਦਾ ਸੋਸਾਇਟੀਆਂ ਦੀਆ ਸਮੱਸਿਆਵਾਂ ਦੇ ਹੱਲ ਲੱਭਣ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬ ਦੀ ਧਰਤੀ ਵਿਚੋਂ ਪਾਣੀ ਦੇ ਨੀਵੇਂ ਹੁੰਦੇ ਜਾ ਰਹੇ ਪੱਧਰ  ਤੋਂ ਰੋਕਣ ਅਤੇ ਵਾਤਾਵਰਨ ਦੀ ਸੰਭਾਲ ਆਦਿ ਬਾਰੇ ਮਾਮਲਿਆਂ ਦੇ ਹੱਲ ਪੇਸ਼ ਕਰਨੇ ਪੈਣੇ ਹਨ।

ਉਹ ਲੋਕ ਵੀ  ਗਲਤ ਫਹਿਮੀ ਵਿਚ ਲਗਦੇ ਹਨ ਜਿਨ੍ਹਾਂ ਦੇ ਵਿਚਾਰ ਵਿਚ ਕਿਸੇ ਇਕ ਵਿਅਕਤੀ ਜਾਂ ਕੁਝ ਵਿਅਕਤੀਆਂ ਦੇ ਛੋਟੇ ਸਮੂਹ ਦੇ ਮਨ ਵਿਚ ਉਪਜਿਆ ਖਿਆਲ ਕਿਸੇ ਸਮਾਜਕ ਲਹਿਰ ਲਈ ਆਧਾਰ ਬਣ ਜਾਏਗਾ।  ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਸੇ ਵਿਚਾਰ ਦਾ ਬੀਜ ਤਾਂ ਹੀ ਪ੍ਰਫੁੱਲਤ ਹੁੰਦਾ ਹੈ ਜੇਕਰ ਉਸ ਦੇ ਬਾਹਰ-ਮੁੱਖੀ ਸਮਾਜਿਕ ਤੇ ਰਾਜਨੀਤਕ ਹਲਾਤ ਸਾਜ਼ਗਾਰ ਹੋਣ ।

ਸਮਾਜ ਵਿਗਿਆਨ ਵਾਲੇ ਸੰਯੁਕਤ ਸਮਾਜ ਮੋਰਚੇ ਦੀ ਸਮਾਜਿਕ ਮਹੱਤਤਾ, ਲੋੜ ਅਤੇ ਭਵਿੱਖ ਵਾਰੇ ਪੰਜਾਬ ਦੀਆ ਸਥਿਤੀਆਂ ਦੇ ਸੰਦਰਭ ਵਿੱਚ ਘੋਖਣ ਨਾਲ ਹੀ ਕਿਸੇ ਸਹੀ ਸੇਧ  ਦਾ ਇਸ਼ਾਰਾ ਕਰ ਸਕਦੇ ਹਨ। 

ਅਜੋਕੀ ਚੋਣ ਅਜਿਹੇ ਰਾਜਸੀ ਸੰਦਰਭ ਵਿੱਚ ਹੋ ਰਹੀ  ਹੈ ਜਦੋ ਭਾਰਤ ਦੀ  ਚੁਣੀ ਹੋਈ ਕੇਂਦਰੀ  ਸਰਕਾਰ ਸੱਤਾ ਦੇ ਏਕਾ ਅਧਿਕਾਰ ਵੱਲ ਵਧ ਰਹੀ ਹੈ। ਉਹ ਆਮ ਲੋਕਾਂ ਦੇ ਹਿੱਤਾਂ ਪ੍ਰਤੀ ਉਦਾਸੀਨ ਹੀ ਨਹੀਂ ਸਗੋ  ਉਨ੍ਹਾਂ ਦੇ ਅਧਿਕਾਰ ਘੱਟ ਕਰਨ ਦੀ ਕੋਸ਼ਿਸ਼ ਕਰ  ਰਹੀ ਹੈ । ਇਸ ਕਾਰਨ ਆਮ ਲੋਕਾਂ ਦੀ ਬੇਚੈਨੀ ਵਧ ਰਹੀ ਹੈ।  

ਦੂਜੀ ਗੱਲ ਪੰਜਾਬ ਵਿੱਚ ਪਿਛਲੇ ਪੰਜ ਦਹਾਕਿਆਂ ਤੋਂ ਕਾਂਗਰਸ ਅਤੇ ਅਕਾਲੀ ਪਾਰਟੀ ਜਾਂ ਇਨ੍ਹਾਂ ਦੇ ਗੱਠਜੋੜ ਹੀ ਵਾਰੀ ਨਾਲ ਰਾਜ ਕਰਦੇ ਰਹੇ ਹਨ।  ਪਿਛਲੇ ਦੋ ਤਿੰਨ ਦਹਾਕਿਆਂ ਤੋਂ ਦੋਵਾਂ ਪਾਰਟੀਆਂ ਵਿੱਚ ਫ਼ਰਕ  ਇਹਨਾਂ ਦੇ ਪਹਿਰਾਵਿਆਂ ਦੇ ਰੰਗ ਤੱਕ ਹੀ ਸਿਮਟ ਗਿਆ ਹੈ।  

ਨਸ਼ਿਆਂ ਦੀ  ਤਸਕਰੀ ਤੋਂ ਜ਼ਮੀਨਾਂ ਤੇ ਕਬਜ਼ੇ ਕਰਨ ਵਾਲੇ ਮਾਫੀਆ ਨੂੰ ਸਹਿ ਦੇਣ, ਟਰਾਂਸਪੋਰਟ ਤੋਂ ਲੈ ਕੇ ਸ਼ਰਾਬ ਦੇ ਠੇਕਿਆਂ ਤੱਕ, ਭਰਤੀਆਂ ਤੇ ਬਦਲੀਆਂ ਦੀ ਕਮਾਈ ,  ਪੁਲਿਸ ਥਾਣਿਆਂ ਦੀ ਕਮਾਈ ਤੋਂ ਲੈ ਕੇ ਪੁਲਿਸ ਥਾਣਿਆਂ ਨੂੰ ਆਪਣੀ ਪਾਰਟੀ ਦੇ ਹਿੱਤਾਂ  ਲਈ ਵਰਤਣ ਅਤੇ ਕਾਨੂੰਨ ਦੇ ਰਾਜ  ਨੂੰ ਰਾਜ ਦੇ ਕਾਨੂੰਨ ਵਿੱਚ ਬਦਲਣ ਵਿੱਚ ਦੋਵੇਂ ਪਾਰਟੀਆਂ ਇਕ ਦੂਜੇ ਨਾਲ ਮੁਕਾਬਲੇ ਵਿੱਚ ਹੀ ਹਨ।

ਨਵੇਂ ਦੀ  ਭਾਲ ਕੀਤੀ ਜਾ ਰਹੀ ਸੀ। ਲੋਕਾਂ ਨੇ 2017 ਦੀਆਂ  ਚੋਣਾਂ ਸਮੇਂ ਆਪ ਪਾਰਟੀ ਵਾਲਿਆ ਤੋ  ਉਮੀਦਾਂ ਲਗਾਈਆ ਅਤੇ  ਬਹੁਤ ਵੱਡਾ ਹੁੰਗਾਰਾ ਮਿਲਿਆ , ਪਰ  ਹੋਇਆ ਕੀ?  ਇਹ ਤਾਂ ਆਪਸ ਵਿੱਚ ਹੀ ਪਾਟੋ ਧਾੜ ਹੋ ਗਏ। ਇਨ੍ਹਾਂ ਦੇ  ਸਭ ਤੋਂ ਵੱਡੇ ਆਗੂ ਦੀ ਹਉਮੈ ਅਗੇ  ਆ ਗਈ।  ਉਹ ਕਿਸੇ ਦੂਜੇ ਦੀ ਅੱਖ ਵਿਚ ਅੱਖ ਪਾ ਕੇ ਗਲ ਕਰਨ ਵਾਲੇ ਨੂੰ ਬਰਦਾਸ਼ਤ ਹੀ ਨਹੀ ਕਰਦਾ।  ਲੋਕਾਂ ਦੇ ਮਸਲਿਆ ਦਾ ਹੱਲ ਲੱਭਣ ਦੀ ਬਜਾਏ ਉਹ ਵੀ ਮੋਦੀ ਵਾਂਗ ਮੁਫਤ ਵਾਲੇ ਸੁਪਨੇ ਵੇਚਣ ਵਾਲਾ ਨਿਕਲਿਆ। ਲੋਕਤੰਤਰ, ਸਮਾਜਿਕ ਏਕਤਾ ,ਘੱਟ ਗਿਣਤੀਆਂ ਦੀ ਰਾਖੀ, ਪੰਜਾਬ ਦੇ ਵਿਕਾਸ ਲਈ ਸਾਡੀ ਆਪਣੇ ਗੁਆਂਢੀ ਦੇਸ਼ਾਂ ਨਾਲ ਵਪਾਰਕ ਸਾਂਝ ਵਧਾਉਣ ਵਾਸਤੇ  ਉਹ ਚੁੱਪ ਧਾਰੀ ਰੱਖਦਾ ਹੈ।

ਇਸ ਨਿਰਾਸ਼ਾ ਭਰੇ ਰਾਜਸੀ ਮਾਹੌਲ ਨੇ ਕਿੱਧਰ ਨੂੰ ਰੁਖ਼ ਕਰ ਲੈਣਾ ਹੈ ਇਸ ਬਾਰੇ ਅੰਦਾਜ਼ੇ  ਡਰਾਉਣੇ  ਲਗਦੇ ਹਨ। 

ਉਪਰੋਕਤ ਸੰਧਰਭ ਵਿੱਚ ਦੀ ਵੇਖਿਆ ਜਾਏ ਤਾਂ ਲੱਗਦਾ ਹੈ ਕਿ

ਕਿਸਾਨ ਜਥੇਬੰਦੀਆਂ ਦੇ ਇਕ ਵੱਡੇ ਹਿੱਸੇ ਨੇ ਆਮ ਲੋਕਾਂ ਦੀਆਂ ਲੋੜਾਂ ਅਤੇ ਭਾਵਨਾਵਾਂ ਦੇ ਸਨਮੁੱਖ ਹੀ ਇਕ ਰਾਜਸੀ ਪਲੇਟਫਾਰਮ ਪੇਸ਼ ਕਰ ਕੇ  ਸਮੇਂ ਦੀ ਲੋੜ ਅਨੁਸਾਰ ਕਦਮ ਚੁੱਕਿਆ ਹੈ।  

ਜੇਕਰ ਸੰਯੁਕਤ ਸਮਾਜ ਮੋਰਚਾ ਆਪਣੇ ਘੇਰੇ ਨੂੰ ਵਿਸ਼ਾਲ ਕਰਦਾ ਹੋਇਆ ਸਮਾਜ ਦੇ ਬਾਕੀ ਤਬਕਿਆਂ ਨੂੰ ਆਪਣੇ ਨਾਲ  ਸੁਮੇਲ ਕੇ ਪੰਜਾਬ ਦੀਆ ਸਮੱਸਿਆਵਾਂ ਦੇ ਕੋਈ ਵਧੀਆ ਹੱਲ ਪੇਸ਼ ਕਰਦਾ ਹੈ ਤਾਂ  ਕਿਸਾਨਾਂ ਦੀਆਂ ਉਹ ਜਥੇਬੰਦੀਆਂ ਜੋ ਹਾਲੇ ਤੱਕ ਇਸ ਮੋਰਚੇ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖ ਰਹੀਆਂ ਹਨ, ਉਹ ਵੀ ਇਸ ਵੱਲ  ਆਪਣਾ ਹੱਥ ਵਧਾਉਂਦੇ ਨਜ਼ਰ ਆ ਜਾਣਗੇ ਅਤੇ ਸਮਾਜ ਦੇ ਅਨੇਕਾਂ ਹੀ ਹੋਰ ਸੰਗਠਨ ਅਤੇ ਤਬਕੇ ਵੀ ਇਨ੍ਹਾਂ ਵੱਲ ਖਿੱਚੇ ਜਾ ਸਕਦੇ ਹਨ । 

ਸੰਯੁਕਤ ਕਿਸਾਨ ਅੰਦੋਲਨ ਨੇ ਜੱਥੇਬੰਦੀਆ ਵਲੋ ਜਮਹੂਰੀ ਢੰਗ ਨਾਲ ਸਾਂਝੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਦੇ ਰੁਝਾਨ ਨੂੰ ਤਸੱਲੀਬਖਸ਼  ਅਤੇ ਸਪਸ਼ਟ ਢੰਗ ਨਾਲ ਉਭਾਰਿਆ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਸੰਯੁਕਤ ਸਮਾਜ ਮੋਰਚੇ ਵਲੋ ਇਸ ਰੁਝਾਨ ਨੂੰ ਹੋਰ ਮਜ਼ਬੂਤ ਕਰ ਕੇ ਪੰਜਾਬ ਦੇ ਵਿਕਾਸ ਲਈ  ਕੁਝ ਨਵਾਂ ਕੀਤਾ ਜਾਏ ਅਤੇ ਪੂਰੇ ਭਾਰਤ ਵਾਸਤੇ ਲੋਕਤੰਤਰ ਦੀ ਰਾਖੀ ਤੇ ਉੱਨਤੀ ਵਾਸਤੇ ਨਵੀ ਪੈੜ ਪਾਈ ਜਾ ਸਕੇ। ਚੋਣ ਮੈਦਾਨ ਵਿੱਚ ਨਿਤਰਨ ਦੀ ਤਿਆਰੀ ਕਰਨ ਦਾ ਸਮਾ ਇਸ ਮੋਰਚੇ ਵਾਲਿਆ ਪਾਸ ਨਾ ਦੇ ਬਰਾਬਰ ਹੈ। ਜਾਹਨ ਰੀਡ ਨੇ ਉਹ ਦਸ ਦਿਨਾ ਦਾ ਇਤਿਹਾਸ ਲਿਖਿਆ ਹੈ ਜਦੋਂ ਦੁਨੀਆ ਹਿਲ ਗਈ ਸੀ। ਸੰਯੁਕਤ ਸਮਾਜ ਮੋਰਚੇ ਵਾਲੇ ਵਾਲਿਆ ਨੂੰ ਆਪਣੇ ਫੈਸਲੇ ਪ੍ਰਤੀ ਪੈਦਾ ਹੋ ਗਏ ਤੌਖਲੇਆਂ ਨੂੰ ਛੱਡਣ ਅਤੇ ਕਾਮਯਾਬ ਹੋਣ ਲਈ ਬਿਜਲੀ ਦੀ ਰਫਤਾਰ ਨਾਲ ਚੱਲਣ ਦੀ ਲੋੜ ਹੈ ।

ਮੋਬਾਈਲ ਨੰਬਰ: 98142-73870