Friday, May 20, 2022
ਕਦੇ ਸੁਦਾਮਾ ਦੇ ਘਰ ਕੋਈ ਕ੍ਰਿਸ਼ਨ ਨਹੀਂ ਆਉਂਦਾ
Thursday, May 19, 2022
ਬਹੁਪੱਖੀ ਚਿੰਤਕ ਸ਼ਹੀਦ ਡਾ. ਰਵਿੰਦਰ ਰਵੀ//ਡਾ. ਗੁਲਜ਼ਾਰ ਸਿੰਘ ਪੰਧੇਰ
ਡਾ.ਰਵੀ ਦੀ ਯਾਦ ਵਿੱਚ ਟਰੱਸਟ ਨਿਰੰਤਰ ਕਾਰਜਸ਼ੀਲ ਹੈ
ਸ਼ਹਿਰ ਲੁਧਿਆਣਵੀ ਸਾਹਿਬ ਨੇ ਕੁਝ ਸਤਰਾਂ ਲਿਖੀਆਂ ਸਨ-
ਜੇਲ੍ਹੋਂ ਕੇ ਬਿਨਾ ਜਬ ਦੁਨੀਆ ਕੀ ਸਰਕਾਰ ਚਲਾਈ ਜਾਏਗੀ।
ਵੋਹ ਸੁਬਹ ਕਭੀ ਤੋਂ ਆਏਗੀ!
ਪੂੰਜੀਵਾਦ ਦੀਆਂ ਸਮੱਸਿਆਵਾਂ ਸਮਾਜਵਾਦੀ ਪ੍ਰਬੰਧ ਅਧੀਨ ਹੀ ਦੂਰ ਹੋ ਸਕਦੀਆਂ ਹਨ। ਇਸ ਲਈ ਉਸ ਸੁਬਹ ਨੂੰ ਲਿਆਉਣ ਅਤੇ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਦੇ ਮੁਦਈ ਜਿੱਥੇ ਲਗਾਤਾਰ ਸ ਸੰਘਰਸ਼ਸ਼ੀਲ ਹਨ ਉੱਥੇ ਲੋੜ ਪੈਣ ਤੇ ਕੁਰਬਾਨੀਆਂ ਵੀ ਦੇਂਦੇ ਆ ਰਹੇ ਹਨ। ਡਾਕਟਰ ਗੁਲਯਾਰ ਪੰਧੇਰ ਤੁਹਾਨੂੰ ਦੱਸ ਰਹੇ ਇਸ ਲੰਮੇ ਸਿਲਸਿਲੇ ਵਿੱਚ ਸਿਰਫ ਇੱਕ ਕੁਰਬਾਨੀ ਦੀ ਸੰਖੇਪ ਜਿਹੀ ਦਾਸਤਾਨ। --ਸੰਪਾਦਕ

19 ਮਈ,1989 ਨੂੰ ਡਾ. ਰਵਿੰਦਰ ਰਵੀ ਨੂੰ ਦੁਸ਼ਮਨ ਨੇ ਗੋਲ਼ੀਆਂ ਨਾਲ ਵਿੰਨ ਦਿੱਤਾ....ਅੱਜ 33 ਸਾਲ ਬਾ ਅਦ ਲੱਗਦਾ ਹੈ ਕਿ ਉਹ ਵਿਚਾਰ ਬਣਕੇ ਫੈਲ ਗਿਆ...ਵਿਚਾਰ ਗੱਲੀਆਂ, ਬੰਬ, ਬੰਦੂਕਾਂ ਦੀ ਮਾਰ 'ਚ ਨਹੀਂ ਆਉਂਦੇ...
ਪੰਜਾਬ ਸੰਕਟ ਦੇ ਕਾਲੇ ਦੌਰ ਵਿੱਚ ਖਾਲਿਸਤਾਨ ਮੰਗਦੇ ਦਹਿਸ਼ਤ ਪਸੰਦਾਂ ਨੇ ਬਹੁਤ ਸਾਰੇ ਰਾਜਨੀਤਕ ਨੇਤਾਂਵਾਂ,ਸਾਹਿਤਕ ਸ਼ਖਸੀਅਤਾਂ ਅਤੇ ਆਮ ਲੋਕਾਂ ਨੂੰ ਵਿਚਾਰਾਂ ਦੇ ਵਿਰੋਧ ਕਾਰਨ ਸ਼ਹੀਦ ਕਰ ਦਿੱਤਾ। ਪ੍ਰੀਤ ਲੜੀ' ਮੈਗਜ਼ੀਨ ਦੇ ਸੰਪਾਦਕ ਸੁਮੀਤ ਸਿੰਘ ਤੋਂ ਲੈ ਕੇ ਡਾ.ਰਵਿੰਦਰ ਰਵੀ ਤਕ ਉਹਨਾ ਸਾਹਿਤਕ ਕਾਮਿਆਂ ਦੀ ਲੰਮੀ ਕਤਾਰ ਹੈ। ਡਾ. ਰਵਿੰਦਰ ਰਵੀ ਜੀ ਨੂੰ 19 ਮਈ 1989 ਨੂੰ ਉਹਨਾ ਦੇ ਘਰੋਂ ਧੋਖੇ ਨਾਲ ਬੁਲਾਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਡਾ.ਰਵੀ ਜੀ ਤੋਂ ਪਹਿਲਾਂ 14 ਮਈ ਨੂੰ ਇਹਨਾਂ ਦੇ ਜੱਦੀ ਪਿੰਡ ਕਿਲਾ ਹਾਂਸ ਲਾਗੇ ਲੁਧਿਆਣਾ ਜਿਲ੍ਹੇ ਦੇ ਹੀ ਪਿੰਡ ਪੰਧੇਰ ਖੇੜੀ ਵਿੱਚ ਸਾਥੀ ਗੁਰਮੇਲ ਹੂੰਝਣ ਅਤੇ ਉਸਦੇ ਅੰਗ ਰੱਖਿਅਕ ਜੁਗਿੰਦਰ ਸਿੰਘ ਨੂੰ ਵੀ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਸੀ। ਇਹਨਾਂ ਦੋਹਾਂ ਦੀ ਵਿਚਾਰਧਾਰਕ ਸਾਂਝ ਸੀ ਅਤੇ ਮੇਰੀ ਦੋਹਾਂ ਨਾਲ ਨੇੜਤਾ ਸੀ। ਡਾ. ਰਵੀ ਜੀ ਨਾਲ ਤਾਂ ਮੈਂ ਪੀ.ਐਚ.ਡੀ. ਕਰ ਰਿਹਾ ਸੀ।
ਡਾ. ਰਵੀ ਜੀ ਇਕੋ ਸਮੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚੁਣੇ ਹੋਏ ਫੈਲੋ,ਕੇਂਦਰੀ ਪੰਜਾਬੀ ਲੇਖਕ ਸਭਾ ਰਜਿ.ਦੇ ਜਨਰਲ ਸਕੱਤਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਧਿਆਪਕ ਜੱਥੇਬੰਦੀ ਦੇ ਮੁਹਰਲੀ ਕਤਾਰ ਦੇ ਆਗੂ ਸਨ। ਇਸ ਸਾਰੇ ਦੇ ਨਾਲ ਉਹ ਸਭ ਤੋਂ ਪਹਿਲਾਂ ਇੱਕ ਸੁਹਿਰਦ ਅਧਿਆਪਕ ਸਨ। ਅਧਿਆਪਨ ਕਾਰਜ ਉਹ ਖੁਦ ਡੂੰਘਾ ਅਧਿਐਨ ਕਰਕੇ ਕਰਦੇ ਸਨ। ਮੈਂ ਉਹਨਾਂ ਪਾਸ ਦੋ ਚਾਰ ਵਾਰ ਰਾਤ ਰੁਕਿਆ ਤਾਂ ਮੈਂ ਆਪਣੇ ਸੌਣ ਅਤੇ ਜਾਗਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਪੜ੍ਹਨ-ਮੇਜ ਤੇ ਹੀ ਵੇਖਿਆ ਸੀ। ਉਚੇਰੀ ਸਿਖਿਆ ਦੇ ਵਿਦਿਆਰਥੀ ਉਹਨਾਂ ਦੇ ਕਲਾਸ ਨੋਟਿਸ ਸਾਰੇ ਪੰਜਾਬ ਵਿੱਚ ਲੱਭ ਲੱਭ ਕੇ ਪੜ੍ਹਦੇ ਸਨ। ਉਹਨਾਂ ਵਿਦਿਆਰਥੀ ਲਹਿਰ ਵਿੱਚ ਕੰਮ ਕਰਦੇ ਡਾ. ਤਾਰਾ ਸਿੰਘ ਸੰਧੂ ਵਰਗੇ ਵਿਦਿਆਰਥੀਆਂ ਨੂੰ ਡਾਕਟਰੇਟ ਕਰਵਾਈ। ਡਾ. ਸੁਰਜੀਤ ਸਿੰਘ ਭੱਟੀ ਵਰਗੇ ਉਹਨਾਂ ਦੇ ਵਿਦਿਆਰਥੀ ਸਾਡੇ ਸਮਿਆਂ ਵਿੱਚ ਉੱਘੇ ਚਿੰਤਕ ਹਨ। ਬਲਦੇਵ ਸਿੰਘ ਧਾਲੀਵਾਲ ਵਰਗੇ ਉਹਨਾ ਦੇ ਵਿਦਿਆਰਥੀ ਨਹੀਂ ਸਨ ਪਰ ਉਹਨਾਂ ਨੂੰ ਅਧਿਆਪਕ ਦਾ ਫਰਜ ਨਿਭਾਉਂਣ ਲਈ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਸਟਲ ਵਿੱਚ ਪਹੁੰਚ ਗਏ ਸਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਦੇ ਮੈਂਬਰ ਹੋਣ ਕਰਕੇ ਅਤੇ ਕੇਂਦਰੀ ਸਭਾ ਦੇ ਰੁਝੇਵੇੰ ਕਰਕੇ ਬਾਹਰ ਜਾਣਾ ਪੈਂਦਾ ਸੀ ਪਰ ਉਹ ਇਸ ਗੱਲ ਲਈ ਜਾਣੇ ਜਾਂਦੇ ਸਨ ਕਿ ਉਹ ਆਪਣੀ ਕਲਾਸ ਮਿਸ ਨਹੀਂ ਕਰਦੇ ਸਨ। ਵਿਦਿਆਰਥੀਆਂ ਵਿੱਚ ਮੋਹ ਨਾਲ ਵਿਚਰਨ ਅਤੇ ਬੋਲ ਬਾਣੀ ਕਾਰਨ ਬਹੁਤ ਸਤਿਕਾਰੇ ਜਾਂਦੇ ਸਨ। ਪੰਜਾਬ ਸੰਕਟ ਦੇ ਦਿਨਾਂ ਵਿੱਚ ਸ਼ਹਾਦਤ ਤੋਂ ਕੁਝ ਦੇਰ ਪਹਿਲਾਂ ਉਹਨਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੋਸਟਲਾਂ ਵਿੱਚ ਇਕ ਵਿਚਾਰਧਾਰਕ ਲੈਕਚਰ ਲੜੀ ਵੀ ਸ਼ੁਰੂ ਕੀਤੀ ਸੀ। ਡਾ.ਰਵੀ ਜੀ ਨੇ ਆਪ ਡਾਕਟਰੇਟ ਰਾਮ ਕਾਵਿ ਤੇ ਖੋਜ ਕਰਦਿਆਂ ਡਾ.ਰਤਨ ਸਿੰਘ ਜੱਗੀ ਦੀ ਅਗਵਾਈ ਵਿੱਚ ਕੀਤੀ ਤੇ ਰਾਮ ਕਾਵਿ ਦੇ ਧਰਮ ਨਿਰਪੱਖ ਖਾਸੇ ਨੂੰ ਖੋਜਿਆ । ਅਜੋਕੀ ਆਂ ਹਾਲਤਾਂ ਵਿੱਚ ਇਹ ਹੋਰ ਵੀ ਵਧੇਰੇ ਪ੍ਰਸੰਗਿਕ ਹੈ। ਉਹਨਾਂ ਦਾ ਖੋਜ ਪ੍ਰਬੰਧ ਇਸ ਯੂਨੀਵਰਸਿਟੀ ਵਿਚ ਪੰਜਾਬੀ ਦਾ ਪਹਿਲਾਂ ਖੋਜ ਪ੍ਰਬੰਧ ਸੀ। ਉਹਨਾਂ ਦੀਆਂ ਚਾਰ ਅਲੋਚਨਾ ਪੁਸਤਕਾਂ ; ਪੰਜਾਬੀ ਰਾਮ ਕਾਵਿ, ਅਮਰੀਕਾ ਦੀਆਂ ਨਵੀਨ ਅਲੋਚਨਾ ਪ੍ਰਣਾਲੀਆਂ, ਵਿਰਸਾ ਤੇ ਵਰਤਮਾਨ ਅਤੇ 'ਰਵੀ ਚੇਤਨਾ' ਉਹਨਾ ਦੀ ਸ਼ਹੀਦੀ ਤੋਂ ਬਆਦ ਡਾ. ਗੁਰਚਰਨ ਸਿੰਘ ਅਰਸ਼ੀ ਜੀ ਨੇ ਸੰਪਾਦਤ ਕੀਤੀ। ਉਹਨਾ ਦੁਆਰਾ ਸੰਪਾਦਤ ਇਕ ਪੁਸਤਕ ਪ੍ਰਗਤੀਵਾਦ ਅਤੇ ਪੰਜਾਬੀ ਸਾਹਿਤ ਵੀ ਮਿਲਦੀ ਹੈ ਜੋ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਬਰਨਾਲਾ ਵਿਖੇ ਕਰਵਾਏ ਸੈਮੀਨਾਰ ਦੀ ਸੰਪਾਦਨਾ ਹੈ। ਬਰਨਾਲੇ ਦੀ ਸਾਹਿਤਕ ਲਹਿਰ ਦੀ ਵੀ ਇਹ ਗਿਣਨਯੋਗ ਪ੍ਰਾਪਤੀ ਹੈ। ਉਸ ਸਮੇਂ ਲਿਖਾਰੀ ਸਭਾ ਬਰਨਾਲਾ ਦੇ ਪ੍ਰਧਾਨ ਓਮ ਪ੍ਰਕਾਸ਼ ਗਾਸੋ ਅਤੇ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ ਸਨ। ਇਹਨਾਂ ਪੁਸਤਕਾਂ ਦਾ ਸਮੁੱਚਾ ਅਧਿਐਨ ਸਾਨੂੰ ਡਾ.ਰਵੀ ਜੀ ਦਾ ਪੰਜਾਬੀ ਅਲੋਚਨਾ ਵਿੱਚ ਸਥਾਨ ਨਿਸਚਤ ਕਰਨ ਵਿੱਚ ਸਹਾਇਤਾ ਕਰਦਾ ਹੈ।
ਡਾ.ਰਵੀ ਮੁਢਲੇ ਰੂਪ ਵਿੱਚ ਭਾਰਤੀ ਕਮਿਊਨਿਸਟ ਲਹਿਰ ਅਤੇ ਮਾਰਕਸਵਾਦ ਤੋਂ ਪ੍ਰਭਾਵਿਤ ਸਨ। ਉਹ ਅੰਤਮ ਸਮੇ ਤਕ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਅਤੇ ਆਗੂ ਰਹੇ। ਉਹਨਾਂ ਸਂੰਸਾਰ ਕਮਿਊਨਿਸਟ ਲਹਿਰ ਦਾ ਗਹਿਰਾ ਅਧਿਅਨ ਕੀਤਾ ਅਤੇ ਇਸ ਕਾਰਜ ਲਈ ਸੋਵੀਅਤ ਯੂਨੀਅਨ ਗਏ। ਉਹਨਾਂ ਸੰਸਾਰ ਪ੍ਰਸਿੱਧ ਅਲੋਚਕਾਂ ਨੂੰ ਨਿੱਠ ਕੇ ਵਾਚਿਆ ਤੇ ਰੋਲਾਂ ਬਾਰਤ ਵਰਗੇ ਚਿੰਤਕਾਂ ਦੇ ਗੁੰਝਲਦਾਰ ਅਤੇ ਬਾਰੀਕ ਸੰਕਲਪਾਂ ਨੂੰ ਸਮਝਦਿਆਂ ਉਸਨੂੰ ਲੋਕਪੱਖੀ ਦ੍ਰਿਸ਼ਟੀਕੋਨ ਤੋਂ ਵਾਚਿਆ।ਸਾਹਿਤ ਅਧਿਐਨ ਲਈ ਉਹਨਾਂ ਪਿਛੋਕੜ ਦੇ ਮਹਤਵ ਨੂੰ ਪਛਾਣਿਆ ਅਤੇ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਦੇ ਸੰਦਰਬ ਵਿੱਚ ਸੱਭਿਆਚਾਰਕ ਵਿਕਾਸ ਅਤੇ ਸਮਾਜਿਕ ਆਰਥਿਕ ਵਿਕਾਸ ਨੂੰ ਧਿਆਨ ਗੋਚਰੇ ਰੱਖਦਿਆਂ ਇਤਿਹਾਸਕ ਦਵੰਦਵਾਦੀ ਪ੍ਰਸੰਗਾਂ ਦੀ ਸਾਮਿਅਕ ਮਹੱਤਤਾ ਤੇ ਜ਼ੋਰ ਦਿੱਤਾ। ਉਹ ਭਾਰਤੀ ਅਤੇ ਪੱਛਮੀ ਚਿੰਤਨ ਨੂੰ ਸਾਡੀਆਂ ਆਪਣੀਆਂ ਵਿਸ਼ੇਸ਼ ਸਭਿਆਚਾਰਕ ਸਥਿਤੀਆਂ ਅਨੁਸਾਰ ਸਮਝਣ ਦੇ ਮੁਦੱਈ ਸਨ। ਮੱਧਕਾਲੀ ਸਾਹਿਤ ਦਾ ਅਧਿਐਨ ਕਰਦਿਆਂ ਉਹਨਾਂ ਕਿਸ਼ਨ ਸਿੰਘ ਦੀ ਤਰਾਂ ਇਸ ਨੂੰ ਮਹਾਨ ਅਤੇ ਇਨਕਲਾਬੀ ਸਾਹਿਤ ਪ੍ਰਵਾਨਿਆਂ। ਅਧੁਨਿਕ ਪੰਜਾਬੀ ਸਾਹਿਤ ਨੂੰ ਮਾਰਕਸਵਾਦੀ ਤਰਲਤਾ ਅਧੀਨ ਅੰਤਰ ਅਨੁਸ਼ਾਸ਼ਨੀ ਵਿਧੀ ਅਪਣਾ ਕੇ ਅਧੁਨਿਕ ਸੰਧਰਵਾਂ,ਵਿਚਾਰਧਾਰਕ ਪ੍ਰਸੰਗਾਂ, ਵਿਸ਼ਵ ਦ੍ਰਿਸ਼ਟੀਕੋਨ ਅਤੇ ਸੁਹਜ ਜੁਗਤਾਂ ਦੇ ਧਿਆਨ ਗੋਚਰੇ ਵਿਚਾਰਿਆ। ਬਹੁਚਰਚਿਤ ਪੁਸਤਕ 'ਵਿਰਸਾ ਅਤੇ ਵਰਤਮਾਨ ' ਵਿੱਚ ਉਹਨਾਂ ਸਮੁੱਚੀ ਵਿਚਾਰਧਾਰਕ ਵਿਕਾਸ ਪ੍ਰਕਿਰਿਆ ਨੁੰ ਵਿਚਾਰਦਿਆਂ ਪੰਜਾਬੀ ਭਾਸ਼ਾ ਦੀ ਦਿਸ਼ਾ ਤੇ ਦਸ਼ਾ ਤੋਂ ਸ਼ੁਰੂ ਹੋ ਕੇ ਸੱਭਿਆਚਾਰ ਅਤੇ ਉਸਦੇ ਅੰਦਰਲੀ ਤਬਦੀਲੀ ਅਤੇ ਸੱਭਿਆਚਾਰ ਦੇ ਸਹਜ ਸ਼ਾਸਤਰ ਨੂੰ ਆਪਣੇ ਅਧਿਅਨ ਦਾ ਕੇੰਦਰ ਬਣਾਇਆ। ਪੱਛਮੀ ਚਿੰਤਕਾਂ ਤੇ ਖਾਸ ਕਰਕੇ ਰੋਲਾਂ ਬਾਰਤ ਨਾਲ ਸੰਵਾਦ ਰਚਾਉੰਦਿਆਂ ਪੰਜਾਬੀ ਚਿੰਤਨ ਦੇ ਨਵੇਂ ਨਕਸ਼ ਉਭਾਰੇ। ਇਸ ਤੋੰ ਪਹਿਲਾਂ ਅਮਰੀਕਾ ਦੀ ਨਵੀਨ ਅਲੋਚਨਾ ਪ੍ਰਣਾਲੀ ਅਤੇ ਰਾਮ ਕਾਵਿ ਦੇ ਅਧਿਐਨ ਨਾਲ ਸਾਡੀ ਭਾਰਤੀ ਅਤੇ ਪੱਛਮੀ ਪਹੁੰਚ ਨਾਲ ਡੂੰਗੀ ਸਾਂਝ ਪੁਆ ਚੁੱਕੇ ਸਨ। ਡਾ.ਰਵੀ ਜੀ ਦੀ ਸ਼ਹਾਦਤ ਤੋਂ ਬਾਅਦ ਡਾ .ਗੁਰਚਰਨ ਸਿੰਘ ਅਰਸ਼ੀ ਜੀ ਨੇ ਉਹਨਾਂ |ਤੇ ਵੱਖਰੇ ਵੱਖਰੇ ਵਿਸ਼ਿਆਂ ਬਾਰੇ ਲਿਖੇ 18 ਮਜਬੂਨ ਛਾਪੇ ਜਿੰਨ੍ਹਾਂ ਵਿਚ ਰਵੀ ਜੀ ਦੇ ਵਿਚਾਰਧਾਰਕ ,ਆਲੋਚਨਾਤਮਕ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਪੇਸ਼ ਵੰਗਾਰਾਂ ਸਬੰਧੀ ਵਿਚਾਰ ਮਿਲਦੇ ਹਨ।
ਡਾ.ਰਵੀ ਜੀ ਦੀ ਸ਼ਹਾਦਤ ਤੋਂ ਬਾਅਦ ਇਕ ਕਿਤਾਬਚਾ ਲੋਕਗੀਤ ਪ੍ਰਕਾਸ਼ਨ ਵਾਲੇ ਹਰੀਸ਼ ਜੈਨ ਨੇ ਛਾਪਿਆ ਸੀ ਜਿਸਦਾ ਨਾਮ ਸੀ 'ਸੂਰਜ ਕਦੇ ਮਰਦਾ ਨਹੀਂ' । ਇਸ ਵਿੱਚ ਰਵੀ ਜੀ ਦੇ ਸਮਕਾਲੀ ਚਿੰਤਕਾਂ , ਮਿੱਤਰਾਂ ਆਦਿ ਦੇ ਵਿਚਾਰ ਅੰਕਿਤ ਸਨ। ਉੱਘੇ ਅਲੋਚਕ ਡਾ.ਹਰਭਜਨ ਸਿੰਘ ਭਾਟੀਆ ਨੇ ਵੀ ਇਕ ਪੁਸਤਕ 'ਡਾ.ਰਵਿੰਦਰ ਰਵੀ ਦਾ ਚਿੰਤਨ ਸ਼ਾਸਤਰ' ਸਿਰਲੇਖ ਹੇਠ 21 ਖੋਜ ਪੱਤਰਾਂ ਨੂੰ ਸੁਚੱਜੀ ਤਰਤੀਬ ਦੇ ਕੇ ਛਾਪਿਆ ਹੈ। ਉਹਨਾਂ ਦੇ ਜੀਵਨ ਸਰਗਰਮੀਆਂ ਅਤੇ ਅਲੋਨਚਨਾ ਸਬੰਧੀ ਡਾ. ਤੇਜਵੰਤ ਗਿੱਲ, ਸੁਤਿੰਦਰ ਸਿੰਘ ਨੂਰ, ਡਾ. ਸੁਰਜੀਤ ਭੱਟੀ ,ਡਾ.ਹਰਭਜਨ ਸਿੰਘ ਭਾਟੀਆ,ਡਾ ਕਰਨਜੀਤ ਸਿੰਘ ,ਡਾ. ਜਗਬੀਰ ਸਿੱਘ, ਡਾ. ਸੁਰਿੰਦਰ ਦਵੇਸ਼ਵਰ ਆਦਿ ਨੇ ਵਿਸਤਰਿਤ ਪੇਪਰ ਲਿਖੇ ਹਨ ।
ਡਾ.ਰਵੀ ਦੀ ਯਾਦ ਵਿੱਚ ਬਣਿਆ ਹੋਇਆ ਟਰੱਸਟ ਲਗਾਤਾਰ ਕਾਰਜਸ਼ੀਲ ਹੈ। ਹਰ ਸਾਲ ਟਰੱਸਟ ਵਲੋਂ ਉਹਨਾਂ ਦੀ ਯਾਦ ਵਿੱਚ ਸਨਮਾਨ ਅਤੇ ਸਮਾਗਮ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਉਹਨਾਂ ਦੇ ਜੱਦੀ ਪਿੰਡ ਕਿਲਾ ਹਾਂਸ ਜਿਲ੍ਹਾ ਲੁਧਿਆਣਾ ਵਿਖੇ ਹਰ ਸਾਲ ਯਾਦਗਾਰੀ ਸਮਾਗਮ ਕਰਾਇਆ ਜਾਂਦਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਵਲੋਂ ਅਤੇ ਪੰਜਾਬੀ ਸਾਹਿਬ ਅਕਾਡਮੀ ਲੁਧਿਆਣਾ ਵਲੋਂ ਵੀ ਬਾਕਾਇਦਾ ਸਨਮਾਨ ਸਮਾਗਮ ਕੀਤੇ ਜਾਂਦੇ ਹਨ।
ਐਤਕੀਂ ਕਰੋਨਾ ਵਾਇਰਸ ਦੇ ਦੌਰ ਵਿੱਚ ਜਿਹੜੀਆਂ ਸਮਾਜਿਕ ਆਰਥਿਕ ਅਤੇ ਸੱਭਿਆਚਾਰਕ ਵੰਗਾਰਾਂ ਲਈ ਉਹ ਤਾਅ ਉਮਰ ਸੰਘਰਸ਼ ਕਰਦੇ ਰਹੇ , ਸ਼ਹਾਦਤ ਦਿੱਤੀ ਉਹ ਹੋਰ ਵੀ ਵਿਰਾਟ ਰੂਪ ਧਾਰ ਕੇ ਸਾਡੇ ਸਨਮੁਖ ਹਨ। ਉਹਨਾ ਦੀ ਸੰਘਰਸ਼ ਭਰਪੂਰ ਜ਼ਿੰਦਗੀ ਅਤੇ ਚਿੰਤਨ ਸਾਨੂੰ ਹਮੇਸ਼ਾ ਇਹਨਾ ਚੁਣੌਤੀਆਂ ਖਿਲਾਫ਼ ਸੰਘਰਸ਼ ਲਈ ਪ੍ਰੇਰਨਾ ਦਿੰਦਾ ਰਹੇਗਾ..। ਹੁਣ ਜਦੋੰ ਹਰ ਸਾਲ ਉਹਨਾ ਦਾ ਸ਼ਹੀਦੀ ਦਿਨ ਆਉਂਦਾ ਹੈ ਤਾਂ ਉਹਨਾ ਦੀ ਸਹਾਦਤ ਦੇ ਨਾਲ ਵਿਚਾਰ ਵੀ ਯਾਦ ਆਉਂਦੇ ਹਨ । ਪਿਛਲੇ ਸਮੇੰ ਵਿੱਚ ਚੱਲੇ ਕਿਸਾਨ ਅੰਦੋਲਨ ਨੇ ਉਹਨਾ ਦੀ ਵਿਚਾਰਧਾਰਕ ਦਰੁਸਤੀ ਤੇ ਇਕ ਬਾਰ ਫਿਰ ਮੋਹਰ ਲਾਈ ਹੈ।
ਦੇਸ਼ ਵਿਚ ਫੈਲੀਆਂ ਬੇਰੋਜ਼ਗਾਰੀ,ਮਹਿੰਗਾਈ,ਭਰਿਸ਼ਟਾਚਾਰ ਵਰਗੀਆਂ ਸਮੱਸਿਆਵਾਂ ਵਿੱਚ ਸਰਕਾਰਾਂ ਬਦਲ ਜਾਣ ਦੇ ਬਾਵਜੂਦ ਲਗਾਤਾਰ ਵਾਧਾ ਇਹ ਵਿਸ਼ਵਾਸ ਪੱਕਾ ਕਰਾਉਂਦਾ ਹੈ ਇਹਨਾਂ ਸਮੱਸਿਆਵਾਂ ਦਾ ਹੱਲ ਸਮਾਜਵਾਦੀ ਪ੍ਰਬੰਧ ਵਿਚ ਹੀ ਸੰਭਵ ਹੈ। ਕਾਰਪੋਰੇਟ ਜਗਤ ਵਲੋੰ ਫੈਲਾਇਆ ਮੁਨਾਫੇ ਦਾ ਪ੍ਰਬੰਧ ਵਧੇਰੇ ਗੈਰ ਮਨੁੱਖੀ ਵਰਤਾਰੇ ਪੈਦਾ ਕਰ ਰਿਹਾ ਹੈ...ਸਮੁੱਚਾ ਸੰਸਾਰ ਆਤਮਘਾਤੀ ਹੋ ਵਿਨਾਸ ਵਲ ਜਾ ਰਿਹਾ ਹੈ। ਡਾ ਰਵਿੰਦਰ ਰਵੀ ਹੋਰਾਂ ਆਪਣੀਆ ਲਿਖਤਾਂ, ਭਾਸ਼ਣਾਂ ਜੀਵਨ ਵਿਧੀ ਵਿਚ ਪ੍ਰਗਟਾਏ ਵਿਚਾਰ ਇਕ ਸੱਚੇ ਮਾਰਕਸਵਾਦੀ ਦੀ ਤਰਾਂ ਅੱਜ ਵੀ ਸਿਧਾਤਕ ਪੱਖੋਂ ਅਜੋਕੇ ਸਮੇਂ ਦੇ ਹਾਣ ਦੀ ਪਹੁੰਚ ਅਪਣਾਉਂਦੇ ਹਨ।ਡਾ ਰਵੀ ਜੀ ਦਾ ਚਿੰਤਨ ਸਰਮਾਏ ਦੀ ਦੁਨੀਆਂ ਵਲੋਂ ਪੈਦਾ ਕੀਤੇ ਨਵੇਂ ਮੁਸ਼ਕਲ ਪ੍ਰਸ਼ਨਾ ਦਾ ਜਬਾਬ ਵੀ ਦਿੰਦਾ ਹੈ। ਅੱਜ ਉਹਨਾਂ ਦੇ ਸ਼ਹੀਦੀ ਦਿਨ ਤੇ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦੀਆਂ ਲਿਖਤਾਂ ਨੂੰ ਬਾਰ ਬਾਰ ਪੜ੍ਹਨਾ ਬਣਦਾ ਹੈ।
ਡਾ. ਗੁਲਜ਼ਾਰ ਸਿੰਘ ਪੰਧੇਰ
ਮੋਬਾਈਲ ਨੰਬਰ ਸੰਪਰਕ> 7009966188
Saturday, May 14, 2022
ਕਾਮਰੇਡ ਗੁਰਮੇਲ ਹੂੰਝਣ ਨੂੰ ਯਾਦ ਕਰਦਿਆਂ//*ਡਾ. ਗੁਲਜ਼ਾਰ ਸਿੰਘ ਪੰਧੇਰ
ਖਾਲਿਸਤਾਨੀਆਂ ਨੇ ਸ਼ਹੀਦ ਕੀਤਾ ਸੀ ਕਾਮਰੇਡ ਗੁਰਮੇਲ ਹੂੰਝਣ
ਲੁਧਿਆਣਾ: 13 ਮਈ 2022: (ਡਾ. ਗੁਲਜ਼ਾਰ ਪੰਧੇਰ//ਕਾਮਰੇਡ ਸਕਰੀਨ)::
ਸਾਥੀ ਗੁਰਮੇਲ ਸਿੰਘ ਹੂੰਝਣ ਦਾ ਜਨਮ 15 ਨਵੰਬਰ 1951 ਨੂੰ ਉੱਘੇ ਅਜ਼ਾਦੀ ਸੰਗਰਾਮੀਏ ਕਾਮਰੇਡ ਚੰਨਣ ਸਿੰਘ ਵਰੋਲਾ ਦੇ ਸਪੁੱਤਰ ਵਜੋਂ ਮਾਤਾ ਜਸਵੰਤ ਕੌਰ ਦੀ ਕੁੱਖੋਂ ਪਿੰਡ ਪੰਧੇਰ ਖੇੜੀ, ਜਿਲ੍ਹਾ ਲੁਧਿਆਣਾ ਹੋਇਆ, ਮੁੱਢਲੀ ਵਿੱਦਿਆ ਨਾਲ ਦੇ ਕਸਬੇ ਮਲੋਦ ਤੋਂ ਪ੍ਰਾਪਤ ਕੀਤੀ ਤੇ ਉੱਚ ਵਿੱਦਿਆ ਐਮ.ਏ.ਰਾਜਨੀਤੀ ਸ਼ਾਸ਼ਤਰ ਆਰੀਆਂ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ। ਸਕੂਲੀ ਪੜ੍ਹਾਈ ਸਮੇਂ ਹੀ ਉਹ ਹੁਸ਼ਿਆਰ ਵਿਦਿਆਰਥੀ ਦੇ ਨਾਲ ਨਾਲ ਕਬੱਡੀ ਦਾ ਦਰਸ਼ਨੀ ਖਿਡਾਰੀ ਸੀ। ਮੇਰੇ ਤੋਂ ਚਾਰ ਸਾਲ ਉਮਰ ਵੱਡੀ ਸੀ ਤੇ ਮੈਂ ਉਸ ਨੂੰ ਆਪਣੇ ਪਿੰਡ ਦੇ ਟੂਰਨਾਮੈਂਟਾਂ ਵਿੱਚ ਕਬੱਡੀ ਖੇਡਦਿਆਂ ਮੇਲਾ ਲੁੱਟਦੇ ਖੁਦ ਵੇਖਿਆ ਹੈ। ਬੀ.ਏ. ਤੱਕ ਦੀ ਪੜ੍ਹਾਈ ਉਸਨੇ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਪ੍ਰਾਪਤ ਕੀਤੀ। ਉੱਥੇ ਪੜ੍ਹਦਿਆ ਹੀ ਉਹ ਉਸ ਸਮੇਂ ਵਿਦਿਆਰਥੀਆਂ ਦੀ ਹਰਮਨ ਪਿਆਰੀ ਜੱਥੇਬੰਦੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਸੂਬਾਈ ਆਗੂ ਬਣ ਗਿਆ ਸੀ। ਉਸ ਸਮੇਂ ਵਿਦਿਆਰਥੀ ਘੋਲ ਦੀ ਪ੍ਰਸਿੱਧ ਘਟਨਾ ਮੋਗਾ ਗੋਲੀ ਕਾਂਡ ਤੋਂ ਬਾਅਦ ਉਹ ਕਾਮਰੇਡ ਬੰਤ ਸਿੰਘ ਬਰਾੜ ਦੀ ਅਗਵਾਈ ਵਿੱਚ ਕਾਮਰੇਡ ਕਰਤਾਰ ਬੁਆਣੀ ਦੀ ਸੱਜੀ ਬਾਂਹ ਬਣ ਕੇ ਉਭਰਿਆ ਸੀ। ਮੇਰਾ ਪਿੰਡ ਸਿਆੜ੍ਹ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੈ। ਉਹਨਾਂ ਦਿਨਾਂ ਵਿੱਚ ਮੈਂ ਸਰਕਾਰੀ ਕਾਲਜ ਕਰਮਸਰ ਦਾ ਵਿਦਿਆਰਥੀ ਸੀ। ਪਹਿਲਾਂ ਪਹਿਲ ਵਿਚਾਰਧਾਰਕ ਸਹਿਮਤੀ ਨਾ ਹੋਣ ਦੇ ਬਾਵਜੂਦ ਵੀ ਉਹਦੀ ਮਿਕਨਾਤੀਸੀ ਸ਼ਖ਼ਸੀਅਤ ਨੇ ਇਸ ਕਦਰ ਪ੍ਰਭਾਵਤ ਕੀਤਾ ਕਿ ਉਸ ਦੇ ਬਹੁਤ ਨੇੜੇ ਹੋ ਗਿਆ ਤੇ ਵਿਦਿਆਰਥੀ ਜੱਥੇਬੰਦੀ ਵਿਚ ਸ਼ਾਮਿਲ ਹੋ ਕੇ ਬਹਿਸ ਮੁਬਾਸਿਆਂ ਤੋਂ ਬਾਅਦ ਵਿਚਾਰਧਾਰਕ ਸਹਿਮਤੀ ਵੀ ਹੋ ਗਈ। 
ਫਾਈਲ ਫੋਟੋ
ਉਹਨਾਂ ਦੇ ਪਿਤਾ ਕਾਮਰੇਡ ਚੰਨਣ ਸਿੰਘ ਵਰੋਲਾ ਉਹਨਾਂ ਦਿਨਾਂ ਵਿੱਚ ਸਾਡੇ ਇਲਾਕੇ ਦੇ ਵਿਰਲੇ ਵਿਰਲੇ ਕਮਿਊਨਿਸਟ ਆਗੂਆਂ ਵਿੱਚੋਂ ਸਨ। ਕਮਿਊਨਿਸਟ ਮੋਰਚਿਆਂ ਅਤੇ ਕਾਮਰੇਡਾਂ ਵੱਲੋਂ ਇਲਾਕੇ ਵਿੱਚ ਕੀਤੇ ਜਾਂਦੇ ਉਪੇਰੇ ਨਾਟਕ ਅਤੇ ਜਲਸਿਆਂ ਕਰਕੇ ਜਾਣੇ ਜਾਂਦੇ ਸੀ। ਇਕ ਹੋਰ ਜਿਹੜਾ ਮਾਨਵਦੀ ਕਾਰਜ ਇਹਨਾਂ ਨੇ ਕੀਤਾ ਸੀ ਉਹ ਇਹ ਸੀ ਕਿ 1947 ਦੇ ਫਸਾਦਾਂ ਸਮੇਂ ਬਹੁਤ ਸਾਰੇ ਮੁਸਲਮਾਨ ਪਰਿਵਾਰਾਂ ਨੂੰ ਇਹਨਾਂ ਨੇ ਰਾਮਗੜ੍ਹ ਸਰਦਾਰਾਂ ਦੇ ਸਾਥੀਆਂ ਨਾਲ ਮਿਲ ਕੇ ਮਲੇਰਕੋਟਲਾ ਰਿਆਸਤ ਜੋ 10-11 ਕਿਲੋਮੀਟਰ ਪੈਂਦੀ ਸੀ ਦੀ ਹੱਦ ਵਿੱਚ ਪੁਚਾ ਕ ਰੱਖਿਆ ਕੀਤੀ | ਅਜਾਦੀ ਸੰਗਰਾਮ ਸਮੇਂ ਕਾਮਰੇਡ ਬਰੋਲਾ ਜੀ ਪਹਿਲਾਂ ਕਾਂਗਰਸ ਪਾਰਟੀ ਵਿੱਚ ਰਹੇ ਤੇ ਫੇਰ ਜੇਲ੍ਹ ਵਿੱਚ ਹੁੰਦੀਆਂ ਬਹਿਸਾਂ ਤੋਂ ਬਾਅਦ ਕਮਿਊਨਿਸਟ ਗਰੁੱਪ ਵਿੱਚ ਸ਼ਾਮਿਲ ਹੋ ਗਏ | ਉਹ ਦੱਸਦੇ ਹੁੰਦੇ ਸੀ ਕਿ ਉਹਨਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਲਿਖਤ, 'ਗਲਿੰਪਸਿਜ ਆਫ਼ ਦੀ ਵਰਲਡ ਹਿਸਟਰੀ, ਅਤੇ 'ਡਿਸਕਵਰੀ ਆਫ਼ ਇੰਡੀਆ, ਪੜ੍ਹਨ ਤੋਂ ਬਾਅਦ ਕਮਿਊਨਿਸਟ ਵਿਚਾਰਧਾਰਾ ਵੱਲ ਝੁਕਣਾ ਸ਼ੁਰੂ ਕੀਤਾ | ਉਹਨਾਂ ਤੋਂ ਸੁਣੇ ਲੈਕਚਰਾਂ ਨੇ ਮੈਨੂੰ ਆਪਣੀ ਪੜ੍ਹਾਈ ਵਿੱਚ ਵੀ ਕਾਫੀ ਮੱਦਦ ਕੀਤੀ ਤੇ ਇਹ ਕਾਮਰੇਡ ਚੰਨਣ ਸਿੰਘ ਬਰੋਲਾ ਅਤੇ ਕਾਮਰੇਡ ਗੁਰਮੇਲ ਹੂੰਝਣ ਦੀ ਸ਼ਖਸੀਅਤ ਸੀ ਜਿਸ ਕਰਕੇ ਵਧੇਰੇ ਸਮਾਜਿਕ ਜਿੰਮੇਵਾਰੀ ਵਾਲਾ ਸੁਭਾਅ ਬਣਿਆ | ਮਾਰਕਸਵਾਦ ਦੇ ਲੈਕਚਰਾਂ ਨੇ ਤਾਂ ਮੇਰੀ ਲੇਖਣੀ ਵਿੱਚ ਵੀ ਬੜਾ ਨਿਖਾਰ ਲਿਆਂਦਾ |
ਕਾਮਰੇਡ ਗੁਰਮੇਲ ਹੂੰਝਣ ਉੱਚ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਥੋੜੀ ਦੇਰ ਕੋਅਪਰੇਟਿਵ ਬੈਂਕ ਵਿੱਚ ਨੌਕਰੀ ਪਰ ਛੇਤੀ ਹੀ ਭਾਰਤੀ ਕਮਿਊਨਿਸਟ ਪਾਰਟੀ ਵਿਚ ਕੁਲ ਵਕਤੀ ਦੇ ਤੌਰ ਤੇ ਕੰਮ ਕਰਨ ਲੱਗ ਗਏ ਸਨ। ਪਾਰਟੀ ਵਿੱਚ ਕੰਮ ਕਰਦਿਆਂ ਉਹ ਲੁਧਿਆਣਾ ਜਿਲ੍ਹੇ ਦੇ ਸੰਯੁਕਤ ਸਹਾਇਕ ਸਕੱਤਰ ਅਤੇ ਸੂਬਾ ਕੌਂਸਲ ਪੰਜਾਬ ਦੇ ਮੈਂਬਰ ਬਣੇ. ਬਹੁਤਾ ਸਮਾਂ ਉਹਨਾਂ ਸਰਵ ਭਾਰਤ ਨੌਜਵਾਨ ਸਭਾ ਵਿੱਚ ਕੰਮ ਕੀਤਾ, ਪਿੰਡ ਪਿੰਡ ਨੌਜਵਾਨ ਸਭਾ ਦੀਆਂ ਬਰਾਂਚਾਂ ਬਣਾਈਆ ਵਿਸ਼ੇਸ ਕਰਕੇ ਸਾਡੇ ਇਲਾਕੇ ਵਿੱਚ ਨੌਜਵਾਨਾਂ ਨੂੰ ਖੇਡਾਂ ਅਤੇ ਖੇਡ ਮੇਲਿਆ ਵੱਲ ਪ੍ਰੇਰਿਆ। ਨਾਲ ਰਹਿੰਦਿਆ ਉਹ ਅਕਸਰ ਕਹਿੰਦੇ ਸਨ ਕਿ ਨੌਜਵਾਨਾਂ ਨੂੰ ਬਹੁ-ਪੱਖੀ ਸਰਗਰਮੀਆਂ ਵਿੱਚ ਪਾਉਣਾ ਚਾਹੀਦਾ ਹੈ ਨਹੀਂ ਤਾਂ ਨੌਜਵਾਨ ਨਸ਼ਿਆ ਵੱਲ ਖਿੱਚੇ ਜਾਣਗੇ। ਉਹਨਾਂ ਦਿਨਾਂ ਵਿੱਚ ਨੌਜਵਾਨਾਂ ਵਿੱਚ ਨਸ਼ੇ ਇੰਨ੍ਹੇ ਜਿਆਦਾ ਨਹੀਂ ਸੀ ਹੁੰਦੇ ਪਰ ਅੱਜ ਦੇ ਹਾਲਾਤ ਵੇਖਦਿਆਂ ਲਗਦਾ ਹੈ ਕਿ ਉਹ ਅਗਾਊਂ ਹੀ ਜਾਣਦੇ ਸਨ। ਉਹ ਭਾਵੇਂ ਘਰੋਂ ਬਹੁਤੇ ਸਰਦੇ ਪੁਜਦੇ ਨਹੀਂ ਸਨ ਪਰ ਫੇਰ ਵੀ ਜਦੋਂ ਉਹ ਇਮਾਨਦਾਰੀ ਨਾਲ ਲੋਕਾਂ ਲਈ ਕੰਮ ਕਰਦੇ ਸੀ ਲੋਕ ਪਾਰਟੀ ਲਈ ਉਹਨਾਂ ਰਾਂਹੀ ਖੁੱਲ੍ਹ ਕੇ ਸਹਾਇਤਾ ਵੀ ਦਿੰਦੇ ਸਨ।
ਪਾਰਟੀ ਵਾਸਤੇ ਸਾਧਨ ਪੈਦਾ ਕਰਨ ਵਾਲਿਆਂ ਵਿੱਚੋਂ ਉਹ ਪਹਿਲੇ ਨੰਬਰ ਤੇ ਗਿਣੇ ਜਾਂਦੇ ਸਨ। ਮਜ਼ਦੂਰ ਜਮਾਤ ਲਈ ਹਮਦਰਦੀ ਉਹਨਾਂ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਸੀ। ਸਰਵ ਭਾਰਤ ਨੌਜਵਾਨ ਸਭਾ ਅਤੇ ਪਾਰਟੀ ਲਈ ਕੰਮ ਕਰਦਿਆ ਉਹਨਾਂ ਨੇ ਅਹਿਮਦਗੜ੍ਹ, ਮਲੋਦ, ਡੇਹਲੋਂ ਲੁਧਿਆਣਾ ਆਦਿ ਸ਼ਹਿਰਾਂ ਨੂੰ ਆਪਣਾ ਕੇਂਦਰ ਬਣਾਇਆ। ਇਹਨਾਂ ਸ਼ਹਿਰਾਂ ਕਸਬਿਆਂ ਵਿੱਚ ਉਹਨੀ ਦਿਨੀਂ ਪੱਲੇਦਾਰ ਮਜ਼ਦੂਰ ਵੱਡੀ ਗਿਣਤੀ ਵਿੱਚ ਪੈਦਾ ਹੋਏ ਸਨ। ਉਹਨਾਂ ਆਪਣੇ ਇਲਾਕੇ ਵਿੱਚ ਪੱਲੇਦਾਰ ਦੀ ਮਜਬੂਤ ਜੱਥੇਬੰਦੀ ਨੂੰ ਅਗਵਾਈ ਦਿੱਤੀ। ਅਹਿਮਦਗੜ੍ਹ ਭਾਵੈਂ ਜਿਲ੍ਹਾ ਸੰਗਰੂਰ ਵਿੱਚ ਪੈਂਦਾ ਸੀ ਤਾਂ ਵੀ ਉਥੋਂ ਦੇ ਤਾਂ ਉਹ ਪ੍ਰਵਾਨਤ ਆਗੂ ਵਜੋਂ ਉੱਭਰ ਚੁੱਕੇ ਸਨ।
ਜਦੋਂ ਇਲਾਕੇ ਵਿੱਚ ਕਮਿਊਨਿਸਟ ਪਾਰਟੀ ਅਤੇ ਸਾਥੀ ਗੁਰਮੇਲ ਹੂੰਝਣ ਰੋਜ਼ ਤਰੱਕੀ ਕਰ ਰਹੇ ਸੀ ਤਾਂ ਪੰਜਾਬ ਵਿੱਚ ਖਾਲਿਸਤਾਨ ਦੀ ਲਹਿਰ ਨੇ ਜ਼ੋਰ ਪਕੜਨਾਂ ਸ਼ੁਰੂ ਕਰ ਦਿੱਤਾ। ਕਿਓਂਕਿ ਇਸ ਲਹਿਰ ਦਾ ਸੁਭਾਅ ਫਿਰਕੂ ਅਤੇ ਤਾਨਾਸ਼ਾਹੀ ਵਾਲਾ ਸੀ ਤਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਲੋਕ ਪੱਖੀ ਨੀਤੀ ਅਨੁਸਾਰ ਉਸਨੇ ਡਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਅੱਸੀਵਿਆਂ ਵਿਚ ਜਦੋਂ ਬਹੁਤ ਸਾਰੇ ਕਮਿਊਨਿਸਟਾਂ ਨੂੰ ਖਾਲਿਸਤਾਨੀਆਂ ਵੱਲੋਂ ਸ਼ਹੀਦ ਕੀਤਾ ਗਿਆ ਤਾਂ ਕਾਮਰੇਡ ਗੁਰਮੇਲ ਹੂੰਝਣ, ਕਾਮਰੇਡ ਕਰਤਾਰ ਸਿੰਘ ਬੁਆਣੀ ਅਤੇ ਡਾ. ਅਰੁਣ ਮਿੱਤਰਾ ਦੀ ਅਗਵਾਈ ਹੇਠਲੀ ਟੀਮ ਫਿਰਕੂ ਏਕਤਾ ਲਈ ਸਾਰੀਆਂ ਸੰਭਾਵਨਵਾਂ ਝੋਕ ਕੇ ਕੰਮ ਕਰਦੀ ਰਹੀ। ਕਾਮਰੇਡ ਗੁਰਮੇਲ ਹੂੰਝਣ ਅਕਸਰ ਸਾਡੇ ਇਲਾਕੇ ਵਿੱਚ ਵੀ ਕਾਨਫਰੰਸ ਵਿੱਚ ਕਾਮਰੇਡ ਸਤਪਾਲ ਡਾਂਗ ਅਤੇ ਜਗਜੀਤ ਸਿੰਘ ਅਨੰਦ ਵਰਗੇ ਆਗੂਆਂ ਨੂੰ ਬੁਲਾ ਕੇ ਪ੍ਰੋਗਰਾਮ ਕਰਵਾਉਂਦੇ ਰਹੇ।
ਉਹਨਾਂ ਦੀ 14 ਮਈ 1989 ਨੂੰ ਆਪਣੇ ਪਿੰਡ ਪੰਧੇਰ ਖੇੜੀ ਵਿੱਖੇ ਹੀ ਆਪਣੇ ਗੰਨਮੈਨ ਸਾਥੀ ਜੁਗਿੰਦਰ ਸਿੰਘ ਨਾਲ ਖਾਲਿਸਤਾਨੀਆਂ ਹੱਥੋਂ ਸ਼ਹਾਦਤ ਹੋਈ। ਮਹੀਨਾ ਕੁ ਪਹਿਲਾਂ ਹੀ ਉਹਨਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਪ੍ਰਸ਼ਾਸਨ ਨੇ ਉਹਨਾਂ ਨੂੰ ਗੰਨਮੈਨ ਦਿੱਤੇ ਸਨ ਅਤੇ ਕੁਝ ਦਿਨ ਪਹਿਲਾਂ ਹੀ ਅਸੀ ਰਲ ਕੇ ਉਹਨਾਂ ਲਈ ਗੱਡੀ ਲੈਣ ਹਿਤ ਸਾਧਨ ਇਕਠੇ ਕਰਨੇ ਸ਼ੁਰੂ ਕਰ ਦਿੱਤੇ ਸਨ। ਬਾਅਦ ਵਿੱਚ ਭਾਵੇ ਕਾਤਲ ਵੀ ਮਾਰੇ ਗਏ ਪਰ ਉਹਨਾਂ ਸਾਡੇ ਸਮਾਜ ਦੇ ਹੀਰੇ ਨੂੰ ਸਾਥੋਂ ਹਮੇਸ਼ਾਂ ਲਈ ਖੋਹ ਲਿਆ।
ਉਸਦੇ ਅੰਤਿਮ ਸੰਸਕਾਰ ਸਮੇਂ ਵੱਡੀ ਗਿਣਤੀ ਵਿਚ ਲੋਕ ਇੱਕਠੇ ਹੋਏ। ਉਹਨਾਂ ਦੇ ਪਿਤਾ ਕਾਮਰੇਡ ਚੰਨਣ ਸਿੰਘ ਵਰੋਲਾ ਜੀ ਨੇ ਬੋਲਦਿਆ ਕਿਹ ਕਿ ਗੁਰਮੇਲ ਸੂਰਮਾ ਸੀ 'ਦਾਤਾ ਤੇ ਭਗਤ, ਸੁਰਮਾ ਤਿੰਨੇ ਜੱਗ ਰਹਿੰਦੇ ਨੇਂ, |ਲੋਕਾਂ ਨੇ ਪੈਦਾ ਕੀਤਾ ਸੀ ਤੇ ਲੋਕਾਂ ਲਈ ਜੀਵਿਆ ਤੇ ਸ਼ਹੀਦ ਹੋਇਆ ਹੈ। ਉਸਤੋਂ ਬਾਅਦ ਲਗਾਤਾਰ ਹਰ ਸਾਲ 14 ਮਈ ਨੂੰ ਪਿੰਡ ਪੰਧੇਰ ਖੇੜੀ ਵਿਖੇ ਲੋਕਾਂ ਦਾ ਇੱਕ ਵੱਡਾ ਇੱਕਠ ਸਾਥੀ ਗੁਰਮੇਲ ਹੂੰਝਣ ਅਤੇ ਜੁਗਿੰਦਰ ਸਿੰਘ ਨੂੰ ਸਰਧਾ ਭੇਟ ਕਰਨ ਲਈ ਪੁਜਦਾ ਹੈ ਤੇ ਸਮਾਜ ਨੂੰ ਦਰਪੇਸ਼ ਚੁਣੌਤੀਆਂ ਵਿਰੁਧ ਸੰਘਰਸ਼ ਲਈ ਪ੍ਰੇਰਨਾ ਲੈਂਦਾ ਹੈ।
ਪਿਛਲੀ ਵਾਰ ਵੀ ਕਰੋਨਾ ਮਾਹਾਂਮਾਰੀ ਕਾਰਨ ਲਾਕਡਾਊਨ ਦੇ ਹਲਾਤ ਸਨ ਤੇ ਪੰਧੇਰ ਖੇੜੀ ਵਿਖੇ ਪਹਿਲਾਂ ਵਰਗਾ ਵੱਡਾ ਇਕੱਠ ਨਹੀਂ ਸੀ ਹੋ ਸਕਿਆ। ਪ੍ਰੰਤੂ 'ਨਵਾਂ ਜ਼ਮਾਨਾ, ਰਾਂਹੀ ਉਹਨਾਂ ਨੂੰ ਯਾਦ ਕਰਦਿਆ ਅਸੀ ਮਾਹਾਮਾਰੀ ਦੌਰਾਨ ਅਤੇ ਇਸ ਤੋਂ ਬਾਅਦ ਵਾਲੀਆਂ ਹਾਲਤਾਂ ਅਤੇ ਚੁਣੌਤੀਆਂ ਖਿਲਾਫ਼ ਸੰਗਰਾਮੀ ਪ੍ਰੇਰਨਾ ਸਾਥੀ ਗੁਰਮੇਲ ਹੂੰਝਣ ਅਤੇ ਜੁਗਿੰਦਰ ਸਿੰਘ ਦੀ ਸ਼ਹਾਦਤ ਤੋਂ ਲੈਂਦੇ ਰਹਾਂਗੇ।
*ਡਾ. ਗੁਲਜ਼ਾਰ ਸਿੰਘ ਪੰਧੇਰ ਉਘੇ ਲੇਖਕ ਹੋਣ ਦੇ ਨਾਲ ਨਾਲ ਸ਼ਹੀਦ ਕਾਮਰੇਡ ਗੁਰਮੇਲ ਦੇ ਨੇੜਲੇ ਸਾਥੀ ਵੀ ਰਹੇ
Sunday, May 1, 2022
ਮਈ ਦਿਵਸ-2022 ਦੀ ਸਹੁੰ//*ਅਮਰਜੀਤ ਕੌਰ
ਸ਼ਿਕਾਗੋ-ਸੰਘਰਸ਼ ਦੇ ਕਈ ਅਹਿਮ ਪਹਿਲੂਆਂ ਤੋਂ ਜਾਣੂੰ ਕਰਵਾਉਂਦੀ ਲਿਖਤ
ਮਈ ਦਿਵਸ ਸਾਨੂੰ ਮਜ਼ਦੂਰ ਜਮਾਤ ਦੇ ਅਤਿ ਸ਼ੋਸ਼ਣ 'ਤੇ ਧਿਆਨ ਕੇਂਦਰਿਤ ਕਰਨ ਲਈ ਵਿਸ਼ਵ ਭਰ ਦੇ ਮਜ਼ਦੂਰਾਂ ਦੀਆਂ ਮਹਾਨ ਕੁਰਬਾਨੀਆਂ ਦੇ ਇਤਿਹਾਸ ਨੂੰ ਯਾਦ ਦਿਵਾਉਂਦਾ ਹੈ, ਕਿ ਉਹਨਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਗਿਆ, ਕੰਮ ਦੇ ਨਿਸ਼ਚਿਤ ਘੰਟੇ ਨਹੀਂ ਸਨ, ਉਹਨਾਂ ਦੀ ਮਿਹਨਤ ਦਾ ਕੋਈ ਜਾਇਜ਼ ਮੁਆਵਜਾ ਨਹੀਂ ਸੀ, ਕੋਈ ਪੇਸ਼ੇਵਰ ਸੁਰੱਖਿਆ ਨਹੀਂ ਸੀ ਅਤੇ ਕੰਮ ਵਾਲੀਆਂ ਥਾਵਾਂ 'ਤੇ ਅਤੇ ਸਮਾਜਿਕ ਸੁਰੱਖਿਆ ਲਈ ਕੁਝ ਨਹੀਂ ਸੀ।
![]() |
| ਕਾਮਰੇਡ ਅਮਰਜੀਤ ਕੌਰ |
ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕਰਦੀ ਨਿਰਮਲ ਸਿੰਘ ਧਾਲੀਵਾਲ ਦੀ ਵਿਸ਼ੇਸ਼ ਲਿਖਤ
30th April 2022 at 07:37 PM
ਮੌਜੂਦਾ ਵਿਕਰਾਲ ਚੁਣੌਤੀਆਂ ਨਾਲ ਸਿਝਣ ਦੀ ਵਿਉਤਬੰਦੀ ਦਾ ਵੀ ਵੇਲਾ
ਅੱਜ ਪਹਿਲੀ ਮਈ 2022 ਦੇ ਦਿਨ ਅਸੀਂ 04 ਮਈ 1886 ਨੂੰ ਅਮਰੀਕਾ ਦੀ ਜਾਬਰ ਹਕੂਮਤ ਵਲੋਂ ਸ਼ਿਕਾਗੋ ਸ਼ਹਿਰ ਦੀ ਹੇਅ ਮਾਰਕੀਟ ਵਿੱਚ ਹੱਕ ਮੰਗਦੇ ਕਿਰਤੀਆਂ ਉਪਰ ਗੋਲੀਆਂ ਦਾ ਮੀਂਹ ਵਰ੍ਹਾ ਕੇ ਖੂਨ ਦੀ ਖੇਡੀ ਗਈ ਹੋਲੀ ਨਾਲ ਸ਼ਹੀਦ ਹੋਏ ਕਿਰਤੀਆਂ ਅਤੇ ਮਜਦੂਰਾਂ ਦੇ ਆਗੂਆਂ ਤੇ ਝੂਠੇ ਮੁਕੱਦਮੇ ਬਣਾਕੇ ਫਾਂਸੀ ਲਾਏ ਗਏ ਮਹਾਨ ਸ਼ਹੀਦਾ ਨੂੰ ਸਿਜਦਾ ਕਰਦੇ ਹੋਏ ਉਹਨਾਂ ਦੀ ਯਾਦ ਨੂੰ ਤਾਜਾ ਵੀ ਕਰ ਰਹੇ ਹਾਂ ਅਤੇ ਸਾਡੇ ਇਨ੍ਹਾਂ ਸ਼ਹੀਦਾਂ ਵੱਲੋਂ ਸਿਰਜੇ ਇਤਿਹਾਸ ਤੋਂ ਪ੍ਰੇਰਨਾ ਲੈਂਦੇ ਹੋਏ ਮਜਦੂਰ ਜਮਾਤ ਨੂੰ ਦਰਪੇਸ਼ ਵਿਕਰਾਲ ਰੂਪ ਧਾਰਨ ਕਰਦੀਆਂ ਜਾ ਰਹੀਆਂ ਵਰਤਮਾਨ ਚੁਣੌਤੀਆਂ ਨਾਲ ਸਿੱਝਣ ਦਾ ਅਹਿਦ ਕਰਦੇ ਹੋਏ ਕਿਰਤੀਆਂ ਦੀ ਮਜਬੂਤ ਲਹਿਰ ਖੜੀ ਕਰਨ ਦੇ ਕਾਰਜ ਨੂੰ ਤੇਜ਼ ਰਫਤਾਰ ਨਾਲ ਕਰਨ ਦਾ ਪ੍ਰਣ ਵੀ ਕਰਾਂਗੇ।
![]() |
| ਕਾਮਰੇਡ ਨਿਰਮਲ ਸਿੰਘ ਧਾਲੀਵਾਲ |
ਮਜ਼ਦੂਰ ਦਿਵਸ ਨਾਲ ਜੁੜੀਆਂ ਸੰਖੇਪ ਘਟਨਾਵਾਂ ਦਾ ਵਰਨਣ
20 ਅਗਸਤ 1886 ਨੂੰ ਮਜਦੂਰਾਂ ਦੇ ਅੱਠ ਲੀਡਰਾਂ ਵਿਰੁੱਧ ਝੂਠੀਆਂ ਗਵਾਹੀਆਂ ਨਾਲ ਪ੍ਰਵਾਨ ਚੜਾਏ ਮੁਕਦਮੇ ਦਾ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਸੱਤ ਆਗੂਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਅਤੇ ਇੱਕ ਆਗੂ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਹ ਕ੍ਰਾਂਤੀਕਾਰੀ ਆਗੂ ਸਨ। ਅਲਬਰਟ ਪਾਰਸਨਜ਼, ਅਗਸਤ ਸਪਾਈਜ਼, ਸੈਮੂਅਲ ਫੀਲਡਨ, ਮਿਖਾਈਲ ਸਕਵਾਬ, ਜਾਰਜ਼ ਏਂਗਲ, ਅਡਾਲਫ ਫਿਸ਼ਰ ਅਤੇ ਲੂਈ ਲਿੰਗ। ਆਸਕਰ ਨੀਬੇ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਦੁਨੀਆ ਭਰ ਵਿਚੋਂ ਇਨਸਾਫ ਪਸੰਦ ਲੋਕਾਂ ਵਲੋਂ ਅਮਰੀਕੀ ਹਾਕਮਾਂ ਕੋਲ ਰੋਸ ਜਤਾਇਆ ਗਿਆ। ਸੁਪਰੀਮ ਕੋਰਟ ਅਤੇ ਫੈਡਰਲ ਕੋਰਟ ਵਿੱਚ ਅਪੀਲਾਂ ਵੀ ਦਾਇਰ ਕੀਤੀਆਂ ਗਈਆਂ। ਪਰ ਪਤਾ ਹੀ ਸੀ ਕਿ ਅਪੀਲਾਂ ਰੱਦ ਹੋਣਗੀਆਂ। ਜਿਨ੍ਹਾਂ ਆਗੂਆਂ ਨੂੰ ਫਾਂਸੀ ਦੇ ਦਿੱਤੀ ਗਈ ਉਹ ਸਨ ਪਾਰਸਨਜ਼, ਸਪਾਈਜ਼, ਅਡਾਲਡ ਫਿਸ਼ਰ ਅਤੇ ਜਾਰਜ ਏਂਗਲ, ਸੈਮੂਅਲ ਫੀਲਡਨ ਅਤੇ ਮਿਖਾਈਲ ਸਕਵਾਬ ਦੀ ਫਾਂਸੀ ਦੀ ਸਜ਼ਾ ਗਵਰਨਰ ਵੱਲੋਂ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ। ਲੂਈ ਲਿੰਗ 10 ਨਵੰਬਰ 1887 ਦੀ ਰਾਤ ਨੂੰ ਜੇਲ੍ਹ ਵਿੱਚ ਭੇਦਭਰੀ ਹਾਲਤ ਵਿੱਚ ਮ੍ਰਿਤਕ ਪਾਇਆ ਗਿਆ। ਮੁਕਦਮੇ ਦੌਰਾਨ ਬਿਆਨ ਦਰਜ ਕਰਵਾਉਂਦਿਆਂ ਅਗਸਤ ਸਪਾਈਜ ਨੇ ਕਿਹਾ ਕਿ ਪੂੰਜੀਪਤੀ ਭੁਲੇਖੇ ਵਿੱਚ ਹਨ ਕਿ ਮਜਦੂਰ ਆਗੂਆਂ ਨੂੰ ਫਾਂਸੀ ਦੇਣ ਨਾਲ ਮਜ਼ਦੂਰਾਂ ਦੀਆਂ ਜਦੋ ਜਹਿਦਾਂ ਦਾ ਅੰਤ ਹੋ ਜਾਵੇਗਾ। ਸਗੋਂ ਹੁਣ ਤਾਂ ਇਹ ਜਦੋ ਜਹਿਦ ਇੱਕ ਮਜਬੂਤ ਜਨਤਕ ਅੰਦੋਲਨ ਬਣ ਚੁੱਕੀ ਹੈ ਅਤੇ ਇਸਨੂੰ ਕਿਸੇ ਵੀ ਸੂਰਤ ਵਿੱਚ ਦਬਾਇਆ ਨਹੀਂ ਜਾ ਸਕੇਗਾ। ਫਾਂਸੀ ਦਾ ਨਕਾਬ ਪਾਉਣ ਸਮੇਂ ਅਲਬਰਟ ਪਾਰਸਨਜ਼ ਨੇ ਗਰਜਵੀਂ ਅਵਾਜ਼ ਵਿੱਚ ਸੁਚੇਤ ਕਰਦਿਆਂ ਕਿਹਾ ਕਿ ਐ ਅਮਰੀਕਾ ਦੇ ਮਿਹਨਤਕਸ਼ ਲੋਕੋਂ ਮਜਦੂਰਾਂ ਦਾ ਅੰਦੋਲਨ ਦਬਣਾ ਨਹੀਂ ਚਾਹੀਦਾ।
26 ਜੁਲਾਈ 1893 ਨੂੰ ਸੱਤ ਸਾਲਾਂ ਬਾਅਦ ਗਵਰਨਰ ਜ਼ੋਹਨ ਪੀ. ਐਲਟੇਗੋਲਡ ਨੇ ਫੀਲਡਨ ਅਤੇ ਸਕਵਾਬ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ ਅਤੇ ਇਸ ਹੁਕਮ ਵਿੱਚ ਇਹ ਵੀ ਲਿਖਿਆ ਸੀ ਕਿ ਮੁਕਦਮਾ ਝੂਠੇ ਗਵਾਹਾਂ ਦੀਆਂ ਗਵਾਹੀਆਂ ਦੇ ਅਧਾਰ ਤੇ ਚਲਾਇਆ ਗਿਆ ਸੀ ਅਤੇ ਗਵਰਨਰ ਨੇ ਇਸ ਨੂੰ ਇਨਸਾਫ ਦੇ ਅਮਲ ਦੀ ਭਾਰੀ ਉਲੰਘਣਾ ਕਿਹਾ ਸੀ। ਇਕ ਪ੍ਰਸਿੱਧ ਅਮਰੀਕੀ ਲੇਖਕ ਵਿਲੀਅਮ ਡੀਲ ਜਾਵੇਲਸ ਨੇ ਨਿਊਯਾਰਕ ਟ੍ਰਿਬਿਊਨ ਵਿੱਚ ਲਿਖਿਆ ਸੀ ਕਿ ਇੱਕ ਅਜ਼ਾਦ ਅਤੇ ਖੁਦਮਖਤਿਆਰ ਦੇਸ਼ ਦੇ ਪੰਜ ਬੇਗੁਨਾਹ ਲੋਕਾਂ ਨੂੰ ਉਹਨਾਂ ਦੇ ਵਿਚਾਰਾਂ ਕਾਰਨ ਫਾਂਸੀ ਦੇ ਕੇ ਮਾਰ ਦਿੱਤਾ ਗਿਆ ਹੈ।
ਇਹ ਸਾਰਾ ਕੁੱਝ ਪੂੰਜੀਪਤੀਆਂ ਦਾ ਹੀ ਕੀਤਾ ਕਰਾਇਆ ਇੱਕ ਕੋਝਾ ਜਤਨ ਸੀ। ਉਨ੍ਹਾਂ ਨੂੰ ਭਰਮ ਸੀ ਕਿ ਤਾਕਤ ਅਤੇ ਜਬਰ ਨਾਲ ਮਜ਼ਦੂਰਾਂ ਨੂੰ ਅਤੇ ਉਹਨਾਂ ਦੀਆਂ ਜਦੋ ਜਹਿਦਾਂ ਨੂੰ ਕੁਚਲ ਦਿੱਤਾ ਜਾਵੇਗਾ। ਮਜ਼ਦੂਰਾਂ ਦਾ ਅੰਦੋਲਨ ਕੋਈ ਅਚਾਨਕ ਭੜਕਿਆ ਦਿਸ਼ਾਹੀਣ ਅੰਦੋਲਨ ਨਹੀਂ ਸੀ। ਸਗੋਂ ਇਹ ਅੰਦੋਲਨ ਪੂੰਜੀਪਤੀਆਂ ਵਲੋਂ ਮਜ਼ਦੂਰ ਜਮਾਤ ਦਾ ਜਾਲਮਾਨਾ ਤਰੀਕੇ ਨਾਲ ਕੀਤੇ ਜਾ ਰਹੇ ਸ਼ੋਸ਼ਣ ਦੇ ਖਾਤਮੇ ਦਾ ਸੰਕਲਪ ਸੀ।
ਅਮਰੀਕਾ ਦਾ ਸ਼ਿਕਾਗੋ ਸ਼ਹਿਰ ਉਸ ਵੇਲੇ ਇੱਕ ਮੁੱਖ ਸਨਅਤੀ ਕੇਂਦਰ ਸੀ। ਮਜ਼ਦੂਰਾਂ ਵਿਰੁੱਧ ਦਮਨਕਾਰੀ ਨੀਤੀਆਂ ਦਾ ਬੋਲਬਾਲਾ ਸੀ। ਕੰਮ ਦੇ ਘੰਟੇ ਕੋਈ ਨਿਸ਼ਚਿਤ ਨਹੀਂ ਸਨ। ਕੰਮ ਘੰਟੇ 14, 16, 18 ਤੱਕ ਰੋਜਾਨਾ ਮਜਦੂਰਾਂ ਤੋਂ ਕੰਮ ਲੈਣਾ ਇੱਕ ਦਸਤੂਰ ਬਣਿਆ ਹੋਇਆ ਸੀ। ਇਸੇ ਦਮਨਕਾਰੀ ਸ਼ੋਸ਼ਣ ਦੇ ਵਿਰੁੱਧ ਹੀ ਮਜ਼ਦੂਰਾਂ ਨੇ 8 ਘੰਟੇ ਕੰਮ ਦਿਹਾੜੀ ਦਾ ਨਾਅਰਾ ਬੁਲੰਦ ਕੀਤਾ। ਇਹ ਮੰਗ ਉਸ ਵੇਲੇ ਦੀ ਇੱਕ ਜਬਰਦਸਤ ਤਹਿਰੀਕ ਬਣ ਚੁੱਕੀ ਸੀ। ਇਸੇ ਤਹਿਰੀਕ ਦਾ ਹੀ ਸਿੱਟਾ ਸੀ ਕਿ ‘ਅਮਰੀਕਨ ਫੈਡਰੇਸ਼ਨ ਆਫ ਲੇਬਰ’ ਨਾਂ ਦੀ ਜਥੇਬੰਦੀ ਹੋਂਦ ਵਿੱਚ ਆਈ। ਇਸ ਜਥੇਬੰਦੀ ਦੀ ਸਲਾਨਾ ਕਾਨਫਰੰਸ 1884 ਵਿੱਚ ਹੋਈ। ਇਸ ਕਾਨਫਰੰਸ ਨੇ ਫੈਸਲਾ ਲਿਆ ਕਿ ਪਹਿਲੀ ਮਈ 1886 ਤੋਂ ਕੰਮ ਦੇ 8 ਘੰਟੇ ਦਾ ਕਾਨੂੰਨ ਬਣਵਾ ਕੇ ਅਮਲ ਵਿੱਚ ਲਿਆਂਦਾ ਜਾਵੇ। ਮਜ਼ਦੂਰਾਂ ਵਿੱਚ ਅਤੀਤ ਵਿੱਚ ਹੋਏ ਸੰਘਰਸ਼ਾਂ ਤੋਂ ਉਤਸ਼ਾਹ ਦੀ ਭਾਵਨਾ ਵੀ ਸੀ ਅਤੇ ਪੂੰਜੀਪਤੀਆਂ ਵੱਲੋਂ ਕੀਤੇ ਜੁਲਮਾਂ ਪ੍ਰਤੀ ਨਫਰਤ ਅਤੇ ਗੁੱਸਾ ਵੀ ਸੀ, ਕਿਉਂਕਿ 1875 ਵਿੱਚ ਪੈਨਸ਼ਲਵਾਨੀਆਂ *ਚ ਕੋਇਲੇ ਦੀਆਂ ਖਾਣਾਂ ਦਾ ਮਜ਼ਦੂਰਾਂ ਦੀ ਲੰਬੀ ਹੜਤਾਲ ਨੂੰ ਪੁਲਿਸ ਜਬਰ ਅਤੇ ਮਾਲਕਾਂ ਵੱਲੋਂ ਕੀਤੀ ਗੁੰਡਾਗਰਦੀ ਰਾਹੀਂ ਕੁਚਲ ਦਿੱਤਾ ਗਿਆ ਸੀ। ਝੂਠੇ ਮੁਕਦਮੇ ਚਲਾਕੇ 19 ਮਜਦੂਰ ਲੀਡਰ ਫਾਂਸੀ ਲਾ ਦਿੱਤੇ ਗਏ। ਇਸ ਘਟਨਾ ਵਿੱਚ 50 ਮਜ਼ਦੂਰਾਂ ਦੀਆਂ ਜਾਨਾ ਕੁਰਬਾਨ ਹੋ ਗਈਆਂ ਸਨ। ਇਸ ਇੱਕ ਦਹਾਕੇ ਦੀਆਂ ਹੜਤਾਲਾਂ, ਝੜਪਾਂ ਅਤੇ ਘੋਲਾਂ ਵਿਚੋਂ ਪੈਦਾ ਹੋਈ ਚੇਤਨਾ ਨਾਲ ਮਜ਼ਦੂਰਾਂ ਦੇ ਹੌਂਸਲੇ ਬੁਲੰੰਦ ਸਨ। ਸਰਕਾਰ ਅਤੇ ਕਾਰਖਾਨਿਆਂ ਦੇ ਮਾਲਕ ਇਨ੍ਹਾਂ ਘਟਨਾਵਾਂ ਦੇ ਅਸਰ ਤੋਂ ਬਾਖੂਬੀ ਵਾਕਫ ਸਨ ਅਤੇ ਉਹ ਚਿੰਤਾ ਗ੍ਰਸਤ ਵੀ ਸਨ।
1 ਅਤੇ 2 ਮਈ 1886 ਨੂੰ ਕੰਮ ਦਿਹਾੜੀ 8 ਘੰਟੇ ਦੀ ਮੰਗ ਨੂੰ ਲੈ ਕੇ ਅਮਰੀਕਾ ਦੇ ਲਗਪਗ ਸਾਰੇ ਸ਼ਹਿਰਾਂ, ਕਸਬਿਆਂ ਵਿੱਚ ਮਜ਼ਦੂਰਾਂ ਨੇ ਹੜਤਾਲ ਕੀਤੀ। ਇਹ ਕੌਮੀ ਪੱਧਰ ਦੀ ਪਹਿਲੀ ਹੜਤਾਲ ਸੀ। ਇਸ ਵਿੱਚ 5 ਲੱਖ ਤੋਂ ਵੱਧ ਮਜਦੂਰਾਂ ਨੇ ਹਿੱਸਾ ਲਿਆ। ਸ਼ਿਕਾਗੋ ਸ਼ਹਿਰ ਦੇ 65 ਫੀਸਦੀ ਤੋਂ ਵੱਧ ਕਾਰਖਾਨੇ ਬੰਦ ਰਹੇ। ਸਾਰਾ ਰੇਲਵੇ ਸਿਸਟਮ ਠੱਪ ਹੋ ਗਿਆ। ਸਾਰਾ ਦਿਨ ਜਲਸੇ, ਜਲੂਸ, ਪੁਰਅਮਨ ਤਰੀਕੇ ਨਾਲ ਹੁੰਦੇ ਰਹੇ। ਤੀਸਰੇ ਦਿਨ 3 ਮਈ 1886 ਨੂੰ ਮਾਲਕਾਂ ਵੱਲੋਂ ਜਵਾਬੀ ਹਮਲਾ ਸ਼ੁਰੂ ਹੋਇਆ। ਮਜ਼ਦੂਰਾਂ ਨੂੰ ਨੌਕਰੀਆਂ ਤੋਂ ਕੱਢਣ ਦੀਆਂ ਧਮਕੀਆਂ ਅਤੇ ਹੋਰ ਕਾਰਵਾਈ ਕਰਨ ਦਾ ਡਰ ਖੜਾ ਕੀਤਾ ਗਿਆ। ਮੈਕਾਰਮਿਕ ਇੱਕ ਬਦਨਾਮ ਕਿਸਮ ਦਾ ਕਾਰਖਾਨੇਦਾਰ ਸੀ। ਉਸ ਦੇ ਕਾਰਖਾਨੇ ਵਿੱਚ ਤਾਲਾਬੰਦੀ ਚਲ ਰਹੀ ਸੀ। ਇਸ ਦਿਨ ਉਸਨੇ 300 ਦੇ ਕਰੀਬ ਭਾੜੇ ਦੇ ਗੈਰ ਹੜ੍ਹਤਾਲੀ ਮਜਦੂਰਾਂ ਦੀ ਮਦਦ ਨਾਲ ਕਾਰਖਾਨਾ ਚਾਲੂ ਕਰਨ ਦੀ ਕੋਸ਼ਿਸ਼ ਕੀਤੀ। ਭਾਰੀ ਪੁਲਿਸ ਫੋਰਸ ਵੀ ਤਾਇਨਾਤ ਸੀ। ਕਾਰਖਾਨੇ ਦੇ ਸਾਥੀ ਮਜ਼ਦੂਰਾਂ ਨੇ ਹੜ੍ਹਤਾਲ ਨਾਲ ਜ਼ੋੜਕੇ ਇਸ ਦਿਨ ਕਾਰਖਾਨੇ ਦੇ ਗੇਟ ਉਪਰ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ, ਆਲੇ ਦੁਆਲੇ ਤੋਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਜਬਰਦਸਤ ਮੁਜ਼ਾਹਰਾ ਕੀਤਾ। ਪੁਲੀਸ ਨੇ ਸ਼ਾਂਤਮਈ ਤਰੀਕੇ ਨਾਲ ਪੋ੍ਰਟੈਸਟ ਕਰ ਰਹੇ ਮਜ਼ਦੂਰਾਂ ਤੇ ਗੋਲੀ ਚਲਾ ਦਿੱਤੀ ਜਿਸ ਨਾਲ 6 ਮਜ਼ਦੂਰ ਮੌਕੇ ਤੇ ਮਾਰੇ ਗਏ ਅਤੇ 50 ਤੋਂ ਵੱਧ ਜਖਮੀ ਹੋ ਗਏ।
3 ਮਈ ਦੇ ਇਸ ਵਹਿਸ਼ੀ ਕਾਰਨਾਮੇ ਦੇ ਵਿਰੋਧ ਵਿੱਚ 4 ਮਈ ਨੂੰ ਸ਼ਿਕਾਗੋ ਦੀ ਹੇਅ ਮਾਰਕੀਟ ਵਿੱਚ ਭਾਰੀ ਜਲਸਾ ਰਖਿਆ ਗਿਆ। ਪੁਰਅਮਨ ਚਲਦੇ ਜਲਸੇ ਵਿੱਚ ਮਾਲਕਾਂ ਦੇ ਕਿਸੇ ਏਜੰਟ ਵੱਲੋਂ ਬੰਬ ਸੁਟਿਆ ਗਿਆ। ਜਿਸ ਨਾਲ ਸੱਤ ਪੁਲੀਸ ਵਾਲੇ ਮਾਰੇ ਗਏ ਅਤੇ ਇੱਕ ਮਜ਼ਦੂਰ ਮਾਰਿਆ ਗਿਆ। ਪੁਲੀਸ ਵੱਲੋਂ ਕੀਤੀ ਅੰਨੇਵਾਹ ਗੋਲੀਬਾਰੀ ਨਾਲ ਚਾਰ ਸਿਵਲੀਅਨ ਮਾਰੇ ਗਏ ਅਤੇ 70 ਤੋਂ ਵੱਧ ਹੋਰ ਲੋਕ ਜਖਮੀ ਹੋ ਗਏ। ਹੇਅ ਮਾਰਕਿਟ ਦੇ ਇਸ ਸਾਕੇ ਨੂੰ ਅਧਿਕਾਰੀਆਂ ਵੱਲੋਂ ਹੇਅ ਮਾਰਕੀਟ ਦਾ ਦੰਗਾ ਗਰਦਾਨਿਆ ਗਿਆ। ਇਸ ਸਬੰਧ ਵਿੱਚ ਮਜ਼ਦੂਰਾਂ ਦੇ ਅੱਠ ਆਗੂਆਂ ਉਪਰ ਮੁਕਦਮੇ ਬਣਾਕੇ ਗ੍ਰਿਫਤਾਰ ਕੀਤਾ ਗਿਆ। ਝੂਠੇ ਮੁਕਦਮੇ ਨੂੰ ਅੰਜਾਮ ਦੇ ਕੇ ਇਨ੍ਹਾਂ ਆਗੂਆਂ ਨੂੰ ਪਹਿਲਾਂ ਵਰਣਨ ਕੀਤੇ ਅਨੁਸਾਰ ਫਾਂਸੀ ਦੀ ਸਜ਼ਾ ਅਤੇ ਹੋਰ ਸਜਾਵਾਂ ਦਿੱਤੀਆਂ ਗਈਆਂ। 11 ਨਵੰਬਰ 1887 ਨੂੰ ਚਾਰ ਪ੍ਰਮੁੱਖ ਨੇਤਾਵਾਂ ਨੂੰ ਫਾਂਸੀ ਚਾੜਕੇ ਸਰਕਾਰ ਦੇ ਮਜ਼ਦੂਰ ਅੰਦੋਲਨ ਨੂੰ ਕੁਚਲਣ ਦੇ ਮਨਸੂਬੇ ਪੂਰੇ ਨਹੀਂ ਹੋਏ ਸਗੋਂ 12 ਨਵੰਬਰ 1887 ਨੂੰ ਆਪਣੇ ਹਰਮਨ ਪਿਆਰੇ ਆਗੂਆਂ ਦੀ ਅੰਤਮ ਯਾਤਰਾ ਵਿੱਚ 6 ਲੱਖ ਤੋਂ ਵੱਧ ਮਜਦੂਰ ਇਕੱਤਰ ਹੋਏ। ਆਖਰ 8 ਘੰਟੇ ਕੰਮ ਦਿਹਾੜੀ ਦਾ ਕਾਨੂੰਨ ਹੋਂਦ ਵਿੱਚ ਆਇਆ ਅਤੇ ਹੋਰ ਸਹੂਲਤਾਂ ਦਾ ਮਜ਼ਦੂਰਾਂ ਲਈ ਮੁੱਢ ਬੱਝਿਆ।
ਸੋ ਅੱਜ ਸਮੇਂ ਦੀ ਲੋੜ ਹੈ ਕਿ ਸ਼ਿਕਾਗੋ ਦੇ ਸ਼ਹੀਦਾਂ ਦੇ ਸਿਰਜੇ ਹੋਏ ਗੌਰਵਮਈ ਇਤਿਹਾਸ ਨੂੰ ਹੋਰ ਅੱਗੇ ਵਧਾਈਏ। ਮਜ਼ਦੂਰ ਅੰਦੋਲਨਾਂ ਨੂੰ ਵਿਸਥਾਰਦੇ ਹੋਏ ਮਜ਼ਦੂਰ ਜਮਾਤ ਦੀ ਏਕਤਾ ਮਜ਼ਬੂਤ ਕਰਕੇ, ਜਮਾਤੀ ਚੇਤਨਾ ਪੈਦਾ ਕਰਕੇ ਅਤੇ ਮਜ਼ਦੂਰ ਜਮਾਤ ਦੇ ਸਨਮੁੱਖ ਖੜੀਆਂ ਮੁਸੀਬਤਾਂ ਨੂੰ ਚੁਣੌਤੀ ਦੇ ਰੂਪ ਵਿੱਚ ਵੇਖਦੇ ਹੋਏ ਮਜ਼ਦੂਰ ਅੰਦੋਲਨਾਂ ਨੂੰ ਜਿੱਤ ਤੱਕ ਲੈ ਕੇ ਜਾਈਏ। ਮਜ਼ਦੂਰ ਦੀ ਮਿਹਨਤ ਦੀ ਲੁੱਟ ਰੋਕੀਏ, ਪੂੰਜੀਪਤੀਆਂ ਦੇ ਅੰਨੇ ਮੁਨਾਫੇ ਦੀ ਹਵਸ ਨੂੰ ਮਜ਼ਦੂਰਾਂ ਦੀ ਨਿਰਦਈ ਲੁੱਟ ਬਣਨ ਤੋਂ ਰੋਕੀਏ। ਅੱਜ ਦੇ ਇਸ ਕੋਮਾਂਤਰੀ ਮਜ਼ਦੂਰ ਦਿਹਾੜੇ ਦੇ ਮੌਕੇ ਤੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸਾਡੀ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।
ਨਿਰਮਲ ਸਿੰਘ ਧਾਲੀਵਾਲ,
ਜਨਰਲ ਸਕੱਤਰ: ਪੰਜਾਬ ਸਟੇਟ ਕਮੇਟੀ, ਏਟਕ
Saturday, April 30, 2022
ਮਈ ਦਿਵਸ ਦੀ ਰਾਤ ਨੂੰ ਹੋਣਗੇ ਪੰਜਾਬੀ ਭਵਨ ਲੁਧਿਆਣਾ ਵਿੱਚ ਸ਼ਾਨਦਾਰ ਸਮਾਗਮ
30th April 2022 at 03:39 PM
ਇਸ ਵਾਰ ਵੀ ਹੋਣਗੀਆਂ ਲੋਕ ਘੋਲਾਂ ਨੂੰ ਪ੍ਰਣਾਈਆਂ ਯਾਦਗਾਰੀ ਆਈਟਮਾਂ
Thursday, April 28, 2022
ਮਈ ਦਿਵਸ ਮੌਕੇ ਜਿਹਨਾਂ ਨੇ ਮਜ਼ਦੂਰ ਹੱਕਾਂ ਲਈ ਸ਼ਹਾਦਤਾਂ ਦਿੱਤੀਆਂ
ਅੱਜ ਕਿਸ ਨੂੰ ਖਿਆਲ ਹੈ ਕਿ ਉਹਨਾਂ ਵਿਛੜੇ ਪਰਿਵਾਰਾਂ ਦਾ ਕੀ ਬਣਿਆ!
ਸ਼ਹੀਦ ਕੀ ਜੋ ਮੌਤ ਹੈ ਵੋਹ ਕੌਮ ਕਿ ਹਯਾਤ ਹੈ! ਅਸੀਂ ਸਭਨਾਂ ਨੇ ਇਹ ਸ਼ਬਦ ਬਹੁਤ ਵਾਰ ਗਏ ਹਨ। ਪਰ ਕੀ ਅਸੀਂ ਕਦੇ ਸੋਚਿਆ ਜਿਹੜੇ ਮਹਾਨ ਸ਼ਹੀਦ ਆਪਣੇ ਬੱਚਿਆਂ ਨੂੰ , ਪਰਿਵਾਰਾਂ ਨੂੰ ਲੋਕ ਸ਼ਕਤੀ ਦੇ ਹਵਾਲੇ ਕਰ ਗਏ ਉਹਨਾਂ ਦਾਸ ਕੀ ਬਣਿਆ? ਇਹ ਸੁਆਲ ਮਈ ਦਿਵਸ ਦੇ ਸ਼ਹੀਦਾਂ ਵੇਲੇ ਵੀ ਸਾਰਥਕ ਸੀ ਹੁਣ ਕਿਸਾਨ ਅੰਦੋਲਨ ਦੇ ਸ਼ਹੀਦਾਂ ਵਿੱਚ ਵੀ ਬੇਹੱਦ ਗੰਭੀਰ ਹੈ। ਮਈ ਦਿਵਸ ਦੇ ਮੌਕੇ 'ਤੇ ਕਾਮਰੇਡ ਹਰ ਭਗਵਾਨ ਭੀਖੀ ਇੱਕ ਲਿਖਤ ਲੱਭ ਕੇ ਲਿਆਏ ਹਨ ਜਿਹੜੀ ਅੱਜ ਵੀ ਸਾਡੇ ਸਭਨਾਂ ਦੇ ਸਾਹਮਣੇ ਸੁਆਲ ਖੜੇ ਕਰਦੀ ਹੈ।ਮੌਤ ਕੰਧ ਤੇ ਲਿਖੀ ਲਿਖਤ ਬਣ ਜਾਵੇਗੀ--ਹਰਭਗਵਾਨ ਭੀਖੀ
ਮਈ ਦਿਵਸ ਦੇ ਅਮਰ ਸ਼ਹੀਦ ਐਲਬਰਟ ਪਾਰਸਨ ਦੁਆਰਾ ਪਤਨੀ ਅਤੇ ਬੱਚਿਆਂ ਨੂੰ ਲਿਖੀਆਂ ਦੋ ਚਿੱਠੀਆਂ:
ਐਲਬਰਟ ਪਾਰਸਨ ਦੀ ਪਤਨੀ ਲੂਸੀ ਨੂੰ ਚਿੱਠੀ
ਪਤਨੀ ਲੂਸੀ
ਮੇਰੀ ਪਿਆਰੀ ਪਤਨੀ:
ਦੁਨੀਆਂ ਭਰ ਦੇ ਜ਼ਾਲਮ ਸਾਡੇ ਬਾਰੇ ਅੱਜ ਸਵੇਰ ਦੇ ਫੈਸਲੇ 'ਤੇ ਖੁਸ਼ ਹੋਏ ਹਨ ਅਤੇ ਸ਼ਿਕਾਗੋ ਤੋਂ ਸੇਂਟ ਪੀਟਰਸਬਰਗ ਤੱਕ ਦੇ ਸਰਮਾਏਦਾਰ ਅੱਜ ਦਾਅਵਤਾਂ ਵਿੱਚ ਸ਼ਰਾਬ ਦੀਆਂ ਨਦੀਆਂ ਵਹਾਉਣਗੇ। ਪਰ, ਸਾਡੀ ਮੌਤ ਇੱਕ ਕੰਧ ਤੇ ਲਿਖੀ ਇਬਾਰਤ ਬਣ ਜਾਵੇਗੀ ਜੋ ਨਫ਼ਰਤ, ਦੁਸ਼ਮਣੀ, ਪਾਖੰਡ, ਅਦਾਲਤੀ ਕਤਲ, ਜ਼ੁਲਮ, ਅਤੇ ਮਨੁੱਖੀ ਗੁਲਾਮੀ ਦੇ ਅੰਤ ਦੀ ਭਵਿੱਖਬਾਣੀ ਕਰਦੀ ਹੈ। ਦੁਨੀਆਂ ਭਰ ਦੇ ਦੱਬੇ-ਕੁਚਲੇ ਲੋਕ ਆਪਣੇ ਕਾਨੂੰਨੀ ਸ਼ਿਕੰਜੇ ਵਿੱਚ ਫਸੇ ਹੋਏ ਹਨ। ਵਿਸ਼ਾਲ ਮਜ਼ਦੂਰ ਜਮਾਤ ਜਾਗ ਰਹੀ ਹੈ। ਜੋ ਲੋਕ ਗੂੜ੍ਹੀ ਨੀਂਦ ਤੋਂ ਜਾਗਦੇ ਹਨ, ਉਹ ਆਪਣੀਆਂ ਜ਼ੰਜੀਰਾਂ ਨੂੰ ਤੂਫਾਨ ਵਿੱਚ ਨਰਕ ਦੇ ਟੁੱਟਣ ਵਾਂਗ ਤੋੜ ਦਿੰਦੇ ਹਨ।
ਅਸੀਂ ਸਾਰੇ ਹਾਲਾਤਾਂ ਦੇ ਅਧੀਨ ਹਾਂ। ਅਸੀਂ ਉਹ ਹਾਂ ਜੋ ਹਾਲਾਤ ਨੇ ਸਾਨੂੰ ਬਣਾਇਆ ਹੈ। ਇਹ ਸੱਚਾਈ ਦਿਨੋ-ਦਿਨ ਸਪੱਸ਼ਟ ਹੁੰਦੀ ਜਾ ਰਹੀ ਹੈ।
![]() |
| ਇਸ ਲਿਖਤ ਨੂੰ ਲਭਣ ਅਤੇ ਭੇਜਣ ਵਾਲੇ ਹਰਭਗਵਾਨ ਭੀਖੀ |
ਮੇਰੀ ਪਿਆਰੀ ਪਤਨੀ, ਮੈਨੂੰ ਤੁਹਾਡੇ ਅਤੇ ਸਾਡੇ ਛੋਟੇ ਬੱਚਿਆਂ ਲਈ ਤਰਸ ਆਉਂਦਾ ਹੈ।
ਮੈਂ ਤੁਹਾਨੂੰ ਲੋਕਾਂ ਦੇ ਹਵਾਲੇ ਕਰਦਾ ਹਾਂ, ਕਿਉਂਕਿ ਤੁਸੀਂ ਆਮ ਲੋਕਾਂ ਵਿੱਚੋਂ ਇੱਕ ਹੋ। ਮੇਰੀ ਤੁਹਾਨੂੰ ਇੱਕ ਬੇਨਤੀ ਹੈ - ਮੇਰੀ ਗੈਰ-ਹਾਜ਼ਰੀ ਵਿੱਚ ਜਲਦਬਾਜ਼ੀ ਵਿੱਚ ਕੁਝ ਨਾ ਕਰੋ, ਪਰ ਜਿੱਥੇ ਮੈਂ ਸਮਾਜਵਾਦ ਦੇ ਮਹਾਨ ਆਦਰਸ਼ਾਂ ਨੂੰ ਛੱਡਣ ਲਈ ਪਾਬੰਦ ਹਾਂ, ਤੁਸੀਂ ਉਨ੍ਹਾਂ ਨੂੰ ਉੱਚਾ ਚੁੱਕੋ।
ਮੇਰੇ ਬੱਚਿਆਂ ਨੂੰ ਦੱਸਣਾ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਜ਼ਾਦੀ ਅਤੇ ਖੁਸ਼ਹਾਲੀ ਦੇਣ ਦੀ ਕੋਸ਼ਿਸ਼ ਕਰਦੇ ਹੋਏ ਮਰਨਾ ਬਿਹਤਰ ਸਮਝਿਆ ਸੀ ਕਿ ਅਜਿਹੇ ਸਮਾਜ ਵਿੱਚ ਸੰਤੁਸ਼ਟੀ ਨਾਲ ਜਿਉਣ ਨਾਲੋਂ ਜਿੱਥੇ ਦਸ ਵਿੱਚੋਂ ਨੌ ਬੱਚੇ ਗੁਲਾਮੀ ਅਤੇ ਗਰੀਬੀ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਅਸੀਸ; ਗਰੀਬ ਛੰਨੇ, ਮੈਂ ਉਸ ਨੂੰ ਪਿਆਰਾ ਪਿਆਰ ਕਰਦਾ ਹਾਂ। ਆਹ, ਮੇਰੇ ਪਿਆਰੇ, ਮੈਂ ਜਿਉਂਦਾ ਹਾਂ ਜਾਂ ਨਹੀਂ, ਅਸੀਂ ਇੱਕ ਹਾਂ। ਤੁਹਾਡੇ ਲਈ, ਜਨਤਾ ਲਈ ਅਤੇ ਮਨੁੱਖਤਾ ਲਈ ਮੇਰਾ ਪਿਆਰ ਹਮੇਸ਼ਾ ਰਹੇਗਾ। ਮੇਰੇ ਇਸ ਕੋਠੜੀ ਤੋਂ ਮੈਂ ਬਾਰ ਬਾਰ ਪੁਕਾਰਦਾ ਹਾਂ: ਆਜ਼ਾਦੀ! ਇਨਸਾਫ਼! ਬਰਾਬਰੀ!
-ਐਲਬਰਟ ਪਾਰਸਨਜ਼
ਕੁੱਕ ਕਾਉਂਟੀ ਬਸਤੀਆ ਜੇਲ੍ਹ, ਸੈੱਲ ਨੰ. 29, ਸ਼ਿਕਾਗੋ, 20 ਅਗਸਤ, 1886
ਐਲਬਰਟ ਪਾਰਸਨ ਵੱਲੋਂ ਆਪਣੇ ਬੱਚਿਆਂ ਨੂੰ ਚਿੱਠੀਆਂ
ਮੇਰੇ ਪਿਆਰੇ ਬੱਚਿਓ,
ਅਲਬਰਟ ਆਰ. ਪਾਰਸਨਜ਼ (ਜੂਨੀਅਰ) ਅਤੇ ਧੀ ਲੂਲੂ ਅਦਾ ਪਾਰਸਨਜ਼,
ਮੈਂ ਇਹ ਸ਼ਬਦ ਲਿਖ ਰਿਹਾ ਹਾਂ ਅਤੇ ਮੇਰੇ ਹੰਝੂ ਤੇਰਾ ਨਾਮ ਮਿਟਾ ਰਹੇ ਹਨ। ਅਸੀਂ ਦੁਬਾਰਾ ਕਦੇ ਨਹੀਂ ਮਿਲਾਂਗੇ। ਮੇਰੇ ਪਿਆਰੇ ਬੱਚਿਓ, ਤੁਹਾਡੇ ਪਿਤਾ ਤੁਹਾਨੂੰ ਬਹੁਤ ਪਿਆਰ ਕਰਦੇ ਹਨ। ਅਸੀਂ ਆਪਣੇ ਅਜ਼ੀਜ਼ਾਂ ਲਈ ਉਨ੍ਹਾਂ ਲਈ ਜੀ ਕੇ ਅਤੇ ਲੋੜ ਪੈਣ 'ਤੇ ਉਨ੍ਹਾਂ ਲਈ ਮਰ ਕੇ ਵੀ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹਾਂ। ਤੁਸੀਂ ਦੂਜੇ ਲੋਕਾਂ ਤੋਂ ਮੇਰੀ ਜ਼ਿੰਦਗੀ ਅਤੇ ਮੇਰੀ ਅਸਾਧਾਰਨ ਅਤੇ ਬੇਰਹਿਮ ਮੌਤ ਬਾਰੇ ਜਾਣੋਗੇ। ਤੁਹਾਡੇ ਪਿਤਾ ਨੇ ਆਪਣੇ ਆਪ ਨੂੰ ਆਜ਼ਾਦੀ ਅਤੇ ਖੁਸ਼ੀ ਦੀ ਵੇਦੀ 'ਤੇ ਕੁਰਬਾਨ ਕੀਤਾ ਹੈ। ਤੁਹਾਡੇ ਲਈ ਮੈਂ ਇਮਾਨਦਾਰੀ ਅਤੇ ਫਰਜ਼ ਦੀ ਵਿਰਾਸਤ ਛੱਡ ਰਿਹਾ ਹਾਂ। ਇਸ ਨੂੰ ਜਾਰੀ ਰੱਖੋ, ਅਤੇ ਇਸ ਮਾਰਗ 'ਤੇ ਜਾਰੀ ਰੱਖੋ। ਆਪਣੇ ਲਈ ਸੱਚਾ ਹੋਣਾ, ਤਾਂ ਹੀ ਤੁਸੀਂ ਕਦੇ ਵੀ ਕਿਸੇ ਹੋਰ ਦੇ ਦੋਸ਼ੀ ਨਹੀਂ ਬਣ ਸਕੋਗੇ। ਮਿਹਨਤੀ, ਗੰਭੀਰ ਅਤੇ ਹੱਸਮੁੱਖ ਬਣੋ। ਅਤੇ ਤੁਹਾਡੀ ਮਾਂ! ਉਹ ਬਹੁਤ ਮਹਾਨ ਹੈ। ਉਸਨੂੰ ਪਿਆਰ ਕਰਨਾ, ਉਸਦਾ ਸਤਿਕਾਰ ਕਰਨਾ ਅਤੇ ਉਸਦਾ ਪਾਲਣ ਕਰਨਾ।
ਮੇਰੇ ਬੱਚੇ! ਮੇਰੇ ਪਿਆਰੇ! ਮੈਂ ਤੁਹਾਨੂੰ ਮੇਰੀ ਹਰ ਵਰ੍ਹੇਗੰਢ 'ਤੇ ਇਹ ਵਿਦਾਇਗੀ ਸੰਦੇਸ਼ ਪੜ੍ਹਨ ਲਈ ਬੇਨਤੀ ਕਰਦਾ ਹਾਂ, ਅਤੇ ਮੇਰੇ ਵਿੱਚ ਇੱਕ ਅਜਿਹੇ ਵਿਅਕਤੀ ਨੂੰ ਯਾਦ ਰੱਖੋ ਜਿਸ ਨੇ ਨਾ ਸਿਰਫ਼ ਤੁਹਾਡੇ ਲਈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਰਬਾਨੀ ਦਿੱਤੀ।
ਖੁਸ਼ ਰਹੋ, ਮੇਰੇ ਪਿਆਰੇ!
ਤੁਹਾਡੇ ਪਿਤਾ
ਅਲਬਰਟ ਆਰ. ਪਾਰਸਨ
ਡੰਜੀਅਨ ਨੰਬਰ-7, ਕੁੱਕ ਕਾਉਂਟੀ ਜੇਲ੍ਹ, ਸ਼ਿਕਾਗੋ, 9 ਨਵੰਬਰ, 1887






