Sunday, November 28, 2021

ਇਹਨਾਂ ਨੂੰ ਸ਼ਹੀਦ ਕਿਸਾਨਾਂ ਦੇ ਲਹੂ ਨੇ ਆਵਾਜ਼ ਦਿੱਤੀ ਹੈ

ਨੌਜਵਾਨ ਮੁੰਡੇ ਕੁੜੀਆਂ ਵੀ ਵੱਧ ਚੜ੍ਹ ਕੇ ਸ਼ਾਮਲ ਹੋਏ 


ਲੁਧਿਆਣਾ
: 28 ਨਵੰਬਰ 2021: (ਕਾਮਰੇਡ ਸਕਰੀਨ ਟੀਮ):: 

ਲੁਧਿਆਣਾ ਦੀ 28 ਵਾਲੀ ਕਾਰਪੋਰੇਟ ਭਜਾਓ ਰੈਲੀ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਮੈਂਬਰ ਅਤੇ ਅਹੁਦੇਦਾਰ ਵੀ ਵੱਧ ਚੜ੍ਹ ਕੇ ਪਹੁੰਚੇ। ਇਹ ਸਾਰੇ ਕੁੱਛੜ ਚੁੱਕੇ ਹੋਏ ਛੋਟੇ ਛੋਟੇ ਬੱਚਿਆਂ ਸਮੇਤ ਸਰਦੀਆਂ ਦੇ ਕਹਿਰ ਦਾ ਸਾਹਮਣਾ ਕਰਦੇ ਹੋਏ ਦੂਰੋਂ ਦੂਰੋਂ ਇਸ ਰੈਲੀ ਵਿੱਚ ਪੁੱਜੇ ਹੋਏ ਸਨ। ਇਹਨਾਂ ਵਿੱਚ ਕਰਮਵੀਰ ਬੱਧਨੀ ਆਪਣੇ ਪਰਿਵਾਰ ਅਤੇ ਸਾਥਣਾਂ ਸਮੇਤ ਆਈ ਹੋਈ ਸੀ। ਕੁੱਛੜ ਆਪਣੀ ਛੋਟੀ ਜੀ ਧੀ ਚੁੱਕੀ ਹੋਈ ਸੀ। 

ਮੋਗਾ ਵਾਲੇ ਪਾਸਿਓਂ ਫੈਡਰੇਸ਼ਨ ਦੀ ਕੌਮੀ ਗਰਲਜ਼ ਕਨਵੀਨਰ ਕਰਮਵੀਰ ਬੱਧਨੀ ਦੇ ਨਾਲ ਨਵਕਿਰਨ ਕੌਰ ਮੋਗਾ, ਗਗਨਦੀਪ ਕੌਰ, ਸਿਮਰਜੀਤ ਕੌਰ, ਲਵਪ੍ਰੀਤ ਕੌਰ, ਜਸਪ੍ਰੀਤ ਬੱਧਨੀ ਅਤੇ ਹੋਰ ਵੀ ਸ਼ਾਮਲ ਸਨ ਪਰ ਸਰੋਤਿਆਂ ਵਿੱਚ ਜਾ ਚੁੱਕੇ ਸਨ। ਬੱਧਨੀ ਨੇ ਦੱਸਿਆ ਕਿ ਇੱਕ ਛੋਟੀ ਜਿਹੀ ਖੜੋਤ ਤੋਂ ਬਾਅਦ ਹੁਣ ਮੁੰਡੇ ਕੁੜੀਆਂ ਇੱਕ ਵਾਰ ਫੇਰ AISF ਅਤੇ AIYF ਵੱਲ ਖਿੱਚੇ ਚਲੇ ਆ ਰਹੇ ਹਨ। ਇਹਨਾਂ ਨੂੰ ਇੱਕ ਵਾਰ ਫੇਰ ਕਾਰਲ ਮਾਰਕਸ ਨੇ ਆਵਾਜ਼ ਦਿੱਤੀ ਹੈ। ਲੈਨਿਨ ਨੇ ਆਵਾਜ਼ ਦਿੱਤੀ ਹੈ। ਇਹਨਾਂ ਨੂੰ ਸ਼ਹੀਦ ਕਿਸਾਨਾਂ ਦੇ ਲਹੂ ਨੇ ਆਵਾਜ਼ ਦਿੱਤੀ ਹੈ ਅਸੀਂ ਤਾਂ ਸਿਰਫ ਮਾਧਿਅਮ ਬਣੇ ਹਨ। ਅਸੀਂ ਸਿਰਫ ਮੰਚ ਪ੍ਰਦਾਨ ਕੀਤਾ ਹੈ। ਇਹਨਾਂ ਦੇ ਅੰਦਰ ਜੋ ਰੌਸ਼ਨੀ ਜਾਗੀ ਹੈ ਉਹ ਮਾਰਕਸਵਾਦ ਦੀ ਹੈ। ਇਹਨਾਂ ਦੇ ਅੰਦਰ ਜਿਹੜੀ ਅੱਗ ਬਲ ਰਹੀ ਹੈ ਉਹ ਲੋਕਾਂ ਨਾਲ ਪ੍ਰੇਮ ਦੀ ਹੈ। ਲੁੱਟਖਸੁੱਟ ਕਰਨ ਵਾਲਿਆਂ ਦੇ ਖਿਲਾਫ ਵਿਧੇ ਹੋਏ ਸੰਘਰਸ਼ਾਂ ਦੀ ਹੈ। ਸਾਡੀ ਜਿੱਤ ਇਹਨਾਂ ਨੇ ਹੀ ਯਕੀਨੀ ਬਣਾਉਣੀ ਹੈ। ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦਾ ਲਹੂ ਅੰਜਾਈ ਨਹੀਂ ਜਾਏਗਾ। ਇਸ ਦੁਨੀਆ ਨੂੰ ਅਸੀਂ ਕਾਰਪੋਰੇਟਾਂ ਤੋਂ ਮੁਕਤ ਕਰਵਾ ਕੇ ਹੀ ਸਾਹ ਲਵਾਂਗੇ। ਖੇਤੀ ਕਾਨੂੰਨਾਂ ਦੀ ਵਾਪਿਸੀ ਦਾ ਐਲਾਨ ਤਾਂ ਇੱਕ ਪੜਾਅ ਹੈ -ਜੰਗ ਅਜੇ ਜਾਰੀ ਰਹੇਗੀ। 

ਇਸੇ ਤਰ੍ਹਾਂ ਫਾਜ਼ਿਲਕਾ ਤੋਂ ਖਰਾਤ ਨਾਮ ਦਾ ਨੌਜਵਾਨ ਆਪਣੀ ਪਤਨੀ ਅਤੇ ਛੋਟੇ ਜਿਹੇ ਬੱਚੇ ਸਮੇਤ ਪਹੁੰਚਿਆ ਹੋਇਆ ਸੀ। ਇਹ ਨੌਜਵਾਨ ਗਿਆਰਾਂ ਸਾਲ ਤੱਕ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਿੱਚ ਪੂਰੀ ਤਰ੍ਹਾਂ ਸਰਗਰਮ ਰਿਹਾ। ਪੜ੍ਹਾਈ ਮੁੱਕਣ ਤੋਂ ਬਾਅਦ ਇਹ ਨੌਜਵਾਨ ਕਿਸੇ ਹੋਰ ਫੀਲਡ ਵਿੱਚ ਆ ਗਿਆ। ਇਹ ਦੱਸਦਾ ਹੈ ਉਹ ਸੰਘਰਸ਼ਾਂ ਵਾਲਾ ਸਮਾਂ ਅੱਜ ਵੀ ਯਾਦ ਆਉਂਦਾ ਹੈ ਅਤੇ ਸਾਨੂੰ ਨਵੀਂ ਸ਼ਕਤੀ ਦੇ ਜਾਂਦਾ ਹੈ। 

“ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ’’ ਮਹਾਂਰੈਲੀ ਜ਼ਬਰਦਸਤ ਰਹੀ

 ਲਾਲ ਝੰਡਿਆਂ ਦਾ ਸਮੁੰਦਰ ਹੀ ਲਹਿਰ ਰਿਹਾ ਸੀ ਅੱਜ ਲੁਧਿਆਣਾ ਵਿੱਚ 


ਲੁਧਿਆਣਾ
: 28 ਨਵੰਬਰ 2021: (ਕਾਮਰੇਡ ਸਕਰੀਨ ਟੀਮ)::

‘‘ਸਾਰੇ ਮਿਹਨਤਕਸ਼ ਵਰਗਾਂ ਦੇ ਏਕੇ ਅਤੇ ਲਹੂ ਵੀਟਵੇਂ ਸੰਘਰਸ਼ਾਂ ਰਾਹੀਂ ਹੀ ਮੋਦੀ ਸਰਕਾਰ ਦੀਆਂ ਲੋਕ ਮਾਰੂ-ਦੇਸ਼ ਵਿਰੋਧੀ ਨੀਤੀਆਂ ਅਤੇ ਫਿਰਕੂ-ਫਾਸ਼ੀ ਫੁੱਟ ਪਾਊ ਤਾਕਤਾਂ ਦੇ ਦੇਸ਼ ਵਿਰੋਧੀ ਮਨਸੂਬਿਆਂ ਨੂੰ ਭਾਂਜ ਦਿੱਤੀ ਜਾ ਸਕਦੀ ਹੈ। ਸਾਲ ਭਰ ਤੋਂ ਦਿੱਲੀ ਦੀਆਂ ਜੂਹਾਂ ’ਤੇ ਜਾਰੀ ਸਰਵ ਸਾਂਝੇ ਕਿਸਾਨ ਸੰਘਰਸ਼ ਸਦਕਾ ਹਿਟਲਰੀ ਸੋਚ ’ਤੇ ਚਲਦੀ ਮੋਦੀ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਹੋਣ ਤੋਂ ਇਸ ਤੱਥ ਦੀ ਪੁਸ਼ਟੀ ਹੋ ਗਈ ਹੈ।’’

ਇਹ ਗੱਲ ਸਥਾਨਕ ਗਿੱਲ ਰੋਡ ’ਤੇ ਪੈਂਦੀ ਅਨਾਜ ਮੰਡੀ ਵਿਖੇ “ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ’’ ਮਹਾਂਰੈਲੀ ਵਿੱਚ ਪੁੱਜੇ ਹਜਾਰਾਂ ਮਿਹਨਤਕਸ਼ਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ “ਪੰਜਾਬ ਬਚਾਓ ਸੰਯੁਕਤ ਮੋਰਚਾ’’ ਦੇ ਆਗੂਆਂ ਨੇ ਕਹੀ। 

ਕਿਸਾਨ ਅੰਦੋਲਨ ਦੇ ਨਾਇਕ ਵੱਜੋਂ ਉਭਰੇ ਬਲਬੀਰ ਸਿੰਘ ਰਾਜੇਵਾਲ ਅਤੇ ਹੋਰਨਾਂ ਸੀਨੀਅਰ ਲੀਡਰਾਂ ਨੇ ਅੱਜ ਦਾਣਾ ਮੰਡੀ ਵਿੱਚ ਹੋਈ ਰੈਲੀ ਵਿੱਚ ਲੋਕਾਂ ਦੇ ਜੋਸ਼ ਅਤੇ ਉਮਾਹ ਨੂੰ ਦੇਖ ਕੇ ਖੁਸ਼ੀਆਂ ਦਾ ਪ੍ਰਗਟਾਵਾ ਵੀ ਕੀਤਾ ਗਿਆ ਅਤੇ ਅੰਤਿਮ ਜਿੱਤ ਤੱਕ ਅੰਦੋਲਨ ਜਾਰੀ ਰੱਖਣ ਦਾ ਸੰਕਲਪ ਦੀ ਦੁਹਰਾਇਆ ਗਿਆ।

ਸੂਬੇ ਦੀਆਂ ਟਰੇਡ ਯੂਨੀਅਨਾਂ, ਖੇਤ ਮਜ਼ਦੂਰ ਤੇ ਕਿਸਾਨ ਜੱਥੇਬੰਦੀਆਂ, ਸੂਬਾਈ ਕਰਮਚਾਰੀ ਫੈਡਰੇਸ਼ਨਾਂ, ਰੇਲਵੇ ਤੇ,ਬੀਐਸ ਐਨ ਐਲ ਸਮੇਤ ਕੇਂਦਰੀ ਮੁਲਾਜ਼ਮ ਸੰਗਠਨਾਂ, ਟਰਾਂਸਪੋਰਟ ਤੇ ਬਿਜਲੀ ਕਾਮਿਆਂ ਦੀਆਂ ਜੱਥੇਬਸ਼ਦੀਆਂ, ਯੁਵਕ- ਵਿਦਿਆਰਥੀ ਤੇ ਇਸਤਰੀ ਸਭਾਵਾਂ ’ਤੇ ਆਧਾਰਿਤ ਉਕਤ ‘ਮੋਰਚਾ’ ਕਿਸਾਨ ਸੰਘਰਸ਼ ਚੋਂ ਉਪਜੀ ਜਮਹੂਰੀ ਚੇਤਨਾ ਤੇ ਸੰਘਰਸ਼ੀ ਭਾਵਨਾ ਨੂੰ ਹੋਰ ਤਿਖੇਰੀ ਤੇ ਪਰਪੱਕ ਕਰਦਿਆਂ ਲੋਟੂ ਨਿਜ਼ਾਮ ਤੋਂ ਕਿਰਤੀਆਂ ਦੀ ਬੰਦ ਖਲਾਸੀ ਦੇ ਸੰਗਰਾਮਾਂ ਦੀ ਉਸਾਰੀ ਕਰਨ ਵੱਲ ਸਾਬਤ ਕਦਮੀਂ ਅੱਗੇ ਵਧੇਗਾ।

ਬੁਲਾਰਿਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲੋਕਾਂ ਦੀਆਂ ਦੁਸ਼ਵਾਰੀਆਂ ’ਚ ਅੰਤਾਂ ਦਾ ਵਾਧਾ ਕਰਨ ਵਾਲੀਆਂ ਕਾਰਪੋਰੇਟ ਤੇ ਸਾਮਰਾਜ ਪੱਖੀ ਨੀਤੀਆਂ ਦੇ ਪੈਰੋਕਾਰ, ਧਰਮ ਨਿਰਪੱਖਤਾ ਪ੍ਰਤੀ ਸਮਝੌਤਾਵਾਦੀ ਪਹੁੰਚ ਅਪਣਾ ਕੇ ਫਿਰਕੂ-ਫਾਸਿਸਟ ਤਾਕਤਾਂ ਸਾਹਵੇਂ ਗੋਡੇ ਟੇਕ ਦੇਣ ਵਾਲੇ ਅਤੇ ਝੂਠੇ ਲਾਰਿਆਂ ਤੇ ਫੋਕੇ ਵਾਅਦਿਆਂ ਦੇ ਆਸਰੇ ਸੱਤਾ ਪ੍ਰਾਪਤੀ ਲਈ ਤਰਲੋ ਮੱਛੀ ਹੋ ਰਹੇ ਰਾਜਸੀ ਦਲਾਂ ਤੋਂ ਲੋਕ ਭਲਾਈ ਦੀ ਆਸ ਉੱਕਾ ਹੀ ਨਹੀਂ ਕੀਤੀ ਜਾਣੀ ਚਾਹੀਦੀ। ਇਹ ਮੋਰਚਾ ਇਸ ਸੱਚਾਈ ਤੋਂ ਜਨ ਸਮੂਹਾਂ ਨੂੰ ਜਾਗਰੂਕ ਕਰਕੇ ਪ੍ਰਾਂਤ ਅੰਦਰ ਲੋਕ ਹਿਤਾਂ ਦੀ ਰਾਖੀ ਦੇ ਘੋਲ ਉਸਾਰਨ ਲਈ ਹਰ ਸੰਭਵ ਯਤਨ ਕਰੇਗਾ।

ਉਨ੍ਹਾਂ ਕਿਹਾ ਕਿ ਸੰਵਿਧਾਨਕ ਸੰਸਥਾਵਾਂ, ਸੁਤੰਤਰਤਾ ਸੰਗਰਾਮ ਦੀ ਪ੍ਰੇਰਣਾ ਸਦਕਾ ਸਿਰਜੀਆਂ ਗਈਆਂ ਲੋਕ ਰਾਜੀ ਤੇ ਫੈਡਰਲ ਕਦਰਾਂ-ਕੀਮਤਾਂ ਅਤੇ ਭਾਈਚਾਰਕ ਸਾਂਝ ਦੀ ਰਾਖੀ ਦਾ ਸੰਗਰਾਮ ਮਿਹਨਤੀ ਤਬਕਿਆਂ ਦੇ ਫੈਸਲਾਕੁੰਨ ਸੰਘਰਸ਼ਾਂ ਤੋਂ ਬਗੈਰ ਜਿੱਤਿਆ ਜਾਣਾ ਅਸਲੋਂ ਹੀ ਅਸੰਭਵ ਹੈ।

ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ, ਪੀਣ ਵਾਲੇ ਸਵੱਛ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਤੋਂ ਵਾਂਝਿਆ ਕਰਕੇ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਬੇਲਗਾਮ ਵਾਧੇ ਰਾਹੀਂ ਕੰਗਾਲ ਕਰਨ ਵਾਲੀਆਂ, ਜਨਤਕ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਅਡਾਨੀ-ਅੰਬਾਨੀ ਜਿਹੇ ਕਾਰਪੋਰੇਟਾਂ ਤੇ ਉਹਨਾਂ ਦੇ ਸਾਮਰਾਜੀ ਜੋਟੀਦਾਰਾਂ ਦੇ ਹਵਾਲੇ ਕਰਨ ਵਾਲੀਆਂ, ਲੋਕਾਈ ਨੂੰ ਜਲ-ਜੰਗਲ-ਜਮੀਨ ਤੋਂ ਵਿਰਵੇ ਕਰਨ ਵਾਲੀਆਂ, ਕਿਰਤ ਕਾਨੂੰਨਾਂ ਦਾ ਖਾਤਮਾ ਕਰਕੇ ਮਨੁੱਖੀ ਤੇ ਸੰਵਿਧਾਨਕ ਅਧਿਕਾਰਾਂ ਦਾ ਘਾਣ ਕਰਨ ਵਾਲੀਆਂ,  ਨਿੱਜੀਕਰਨ-ਉਦਾਰੀਕਰਨ-ਸੰਸਾਰੀਕਰਨ ਦੀਆਂ ਨੀਤੀਆਂ ਨੂੰ ਭਾਂਜ ਦਿੱਤੇ ਬਗੈਰ ਭਾਰਤੀ ਆਵਾਮ ਰੱਜਵੀਂ ਰੋਟੀ ਖਾਕੇ ਸੁਖ-ਆਰਾਮ ਦੀ ਨੀਂਦ ਨਹੀਂ ਸੌਂ ਸਕਦੇ।

ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਚੌਤਰਫਾ ਨਾਕਾਮੀਆਂ ਅਤੇ ਖੇਤੀ, ਦਰਮਿਆਨੇ ਤੇ ਛੋਟੇ ਉਦਯੋਗਾਂ ਤੇ ਵਿਉਪਾਰ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਖਿਲਾਫ ਦੇਸ਼ ਭਰ ਵਿੱਚ ਉੱਠ ਰਹੇ ਜਨ ਸੰਘਰਸ਼ਾਂ ਨੂੰ ਲੀਹੋਂ ਲਾਹੁਣ ਲਈ ਅਤੇ ਲੋਕਾਈ ਨੂੰ ਸਾਮਰਾਜੀ ਤੇ ਕਾਰਪੋਰੇਟਾਂ ਦੇ ਹਿਤਾਂ ਦੀ ਰਾਖੀ ਲਈ ਘੜੀਆਂ ਗਈਆਂ ਨੀਤੀਆਂ ਖਿਲਾਫ ਸੰਘਰਸ਼ਾਂ ’ਚ ਸ਼ਾਮਲ ਹੋਣੋਂ ਰੋਕਣ ਲਈ ਫਿਰਕੂ ਧਰੁਵੀਕਰਨ ਦੇ ਕੋਝੇ ਉਦੇਸ਼ ਤਹਿਤ ਘੱਟ ਗਿਣਤੀ ਮੁਸਲਿਮ ਭਾਈਚਾਰੇ, ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਤੇ ਇਸਤਰੀਆਂ ਨੂੰ ਅਮਾਨਵੀ ਅੱਤਿਆਚਾਰਾਂ ਦਾ ਨਿਸ਼ਾਨਾ ਬਣਾ ਰਹੀਆਂ ਆਰ ਐਸ ਐਸ ਦੀ ਅਗਵਾਈ ਹੇਠਲੀਆਂ ਮਨੂੰਵਾਦੀ-ਹਿੰਦੂਤਵੀ ਤਾਕਤਾਂ ਵਿਰੁੱਧ ਕਿਰਤੀ ਵਰਗਾਂ ਨੂੰ ਸਪਸ਼ਟ ਜਮਾਤੀ ਨਜ਼ਰੀਏ ਤੋਂ ਸੰਘਰਸ਼ਾਂ ਦੇ ਪਿੜ ਮੱਲਣ ਦੀ ਲੋੜ ਹੈ।

ਆਗੂਆਂ ਨੇ ਕਿਹਾ ਕਿ ਸਾਢੇ ਚਾਰ ਸਾਲ ਲੋਕਾਂ ਦੀ ਸਾਰ ਨਾ ਲੈਣ ਵਾਲੀ, ਹੱਕੀ ਮੰਗਾਂ ਦੀ ਪ੍ਰਾਪਤੀ ਲਈ ਜੂਝ ਰਹੇ ਤਬਕਿਆਂ ਨੂੰ ਅਣਕਿਆਸੇ ਪੁਲਸ ਜਬਰ ਦਾ ਨਿਸ਼ਾਨਾ ਬਣਾਉਣ ਵਾਲੀ ਅਤੇ ਪ੍ਰਾਂਤ ਵਾਸੀਆਂ ਦੀਆਂ ਜ਼ਿੰਦਗੀਆਂ  ਨਰਕ ਬਨਾਉਣ ਵਾਲੇ ਨਸ਼ਾ ਤਸਕਰਾਂ ਤੇ ਵੰਨ ਸਵੰਨੇ ਮਾਫੀਆ ਗਰੋਹਾਂ ਦੀ ਨੰਗੀ-ਚਿੱਟੀ ਪੁਸ਼ਤ ਪਨਾਹੀ ਕਰਨ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨਵੇਂ-ਨਿਵੇਕਲੇ ਲਾਰਿਆਂ ਰਾਹੀਂ ਪੰਜਾਬ ਦੀ ਰਾਜ ਗੱਦੀ ਮੁੜ ਤੋਂ ਹਥਿਆਉਣਾ ਚਾਹੁੰਦੀ ਹੈ। ਉਨ੍ਹਾਂ ਪ੍ਰਾਂਤ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਝੂਠੇ ਲਾਰਿਆਂ ਦੇ ਸਿਰ ਤੇ, ਬੇਲੋੜੇ-ਜ਼ਜ਼ਬਾਤੀ ਮੁੱਦੇ ਉਭਾਰ ਕੇ ਸੱਤਾ ਤੇ ਕਾਬਜ ਹੋਣ ਲਈ ਯਤਨਸ਼ੀਲ ਰਾਜਸੀ ਦਲਾਂ ਨੂੰ ਰੱਦ ਕਰਦਿਆਂ ਆਪਣੇ ਮੰਗਾਂ-ਮਸਲਿਆਂ ਦੇ ਹੱਲ ਲਈ ਲੋਕ ਪੱਖੀ ਸ਼ਕਤੀਆਂ ਦੀ ਅਗਵਾਈ ਵਿੱਚ ਘੋਲਾਂ ’ਚ ਨਿਤਰਣ।

ਦੋਹੇਂ ਹੱਥ ਖੜ੍ਹੇ ਕਰਕੇ ਪਾਸ ਕੀਤੇ ਇੱਕ ਮਤੇ ਰਾਹੀਂ ਸੰਯੁਕਤ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਮੰਗਾ ਮੰਨਣ ਦੀ ਮੰਗ ਕੀਤੀ ਗਈ। ਬੀ.ਐਸ.ਐਫ. ਨੂੰ 15 ਕਿਲੋਮੀਟਰ ਦੀ ਥਾਂ 50 ਕਿਲੋ ਮੀਟਰ ਤੱਕ ਦਾਖਲ ਹੋ ਕੇ ਕਾਰਵਾਈਆਂ ਕਰਨ ਦਾ ਅਧਿਕਾਰ ਦੇਣ ਵਾਲਾ ਨੋਟੀਫਿਕੇਸ਼ਨ ਰੱਦ ਕਰਨ ਦੀ ਵੀ ਮੰਗ ਕੀਤੀ ਗਈ। ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ; ਸੱਨਅਤੀ ਕਾਮਿਆਂ, ਗੈਰ ਜਥੇਬੰਦ ਖੇਤਰ ਦੇ ਕਿਰਤੀਆਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ, ਸਕੀਮ ਵਰਕਰਾਂ ਤੇ ਕੱਚੇ ਕਾਮਿਆਂ ਦੇ ਹੱਕੀ ਸੰਘਰਸ਼ਾਂ ਦੀ ਹਮਾਇਤ ਦੇ ਮਤੇ ਪਾਸ ਕੀਤੇ ਗਏ।  

ਸਰਵ ਸਾਥੀ ਬੰਤ ਬਰਾੜ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖਤਪੁਰ, ਕਿਰਨਜੀਤ ਸਿੰਘ ਸੇਖੋਂ, ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਬਲਵੀਰ ਸਿੰਘ ਰਾਜੇਵਾਲ, ਨਿਰਮਲ ਧਾਲੀਵਾਲ, ਕੁਲਵੰਤ ਸਿੰਘ ਸੰਧੂ, ਭਗਵੰਤਸਿੰਘ ਸਮਾਓਂ, ਗੁਰਨਾਮ ਸਿੰਘ ਬੌਲਦ ਕਲਾਂ, ਭੁਪਿੰਦਰ ਸਾਂਭਰ, ਵਿਜੈ ਮਿਸ਼ਰਾ, ਰੁਲਦੂ ਸਿੰਘ ਮਾਨਸਾ  ਨੇ ਸੰਬੋਧਨ ਕੀਤਾ। ਸਾਥੀ ਸੁਖਦੇਵ ਸ਼ਰਮਾ, ਪਰਗਟ ਸਿੰਘ ਜਾਮਾਰਾਏ, ਰਾਜਵਿੰਦਰ ਸਿੰਘ ਰਾਣਾ ਅਤੇ ਨਰੰਜਣ ਸਿੰਘ ਸਫੀਪੁਰ ਕਲਾਂ ਨੇ ਰੈਲੀ ਦੀ ਪ੍ਰਧਾਨਗੀ ਕੀਤੀ।
ਅਮਰਜੀਤ ਆਸਲ, ਦਰਸ਼ਨ ਨਾਹਰ, ਗੁਰਪ੍ਰੀਤ ਸਿੰਘ ਰੂੜੇਕੇ, ਰਣਜੀਤ ਸਿੰਘ, ਤੀਰਥ ਸਿੰਘ ਬਾਸੀ, ਬਿੰਦਰ ਅਲਖ, ਡੀ.ਪੀ.ਮੌੜ, ਸ਼ਿਵਦੱਤ ਸ਼ਰਮਾ, ਹਰਵਿੰਦਰ ਸਿੰਘ ਸੇਮਾ, ਧਰਮਿੰਦਰ ਸਿੰਘ, ਬਲਕਰਨ ਮੋਗਾ ਨੇ ਵੀ ਵਿਚਾਰ ਰੱਖੇ।
ਮੰਚ ‘ਤੇ ਗੁਰਦੀਪ ਸਿੰਘ ਮੋਤੀ, ਰਤਨ ਸਿੰਘ ਰੰਧਾਵਾ, ਸੁਖਦੇਵ ਸਿੰਘ ਝਾਮਕਾ, ਕਿ੍ਰਸ਼ਨ ਚੌਹਾਨ, ਗੁਰਨਾਮ ਸਿੰਘ ਦਾਊਦ, ਸੁਖਦੇਵ ਸਿੰਘ ਭਾਗੋਕਾਵਾਂ, ਦਰਸ਼ਨ ਸਿੰਘ ਲੁਬਾਣਾ, ਕੁਲਦੀਪ ਸਿੰਘ ਖੰਨਾ, ਜੈ ਪ੍ਰਕਾਸ਼ ਨਾਰਾਇਣ, ਸਵਤੰਤਰ ਕੁਮਾਰ, ਪ੍ਰੋਫੈਸਰ ਸੁਰਿੰਦਰ ਕੌਰ ਜੈਪਾਲ, ਗੁਰਮੀਤ ਸਿੰਘ ਨੰਦਗੜ੍ਹ, ਐਸ ਕੇ ਗੌਤਮ,  ਸੁਖਵਿੰਦਰ ਸਿੰਘ ਚਾਹਲ, ਬੂਟਾ ਸਿੰਘ, ਪਰਮਜੀਤ ਸਿੰਘ, ਕੁਸ਼ਲ ਭੌਰਾ, ਰਜਿੰਦਰ ਪਾਲ ਕੌਰ, ਵਿੱਕੀ ਮਹੇਸ਼ਰੀ, ਵਰਿੰਦਰ ਕੁਮਾਰ ਖੁਰਾਣਾ, ਹਰਭਜਨ ਸਿੰਘ ਪਿਲਖਨੀ, ਗੁਰਵਿੰਦਰ ਸਿੰਘ ਗੋਲਡੀ, ਰਾਧੇ ਸ਼ਾਮ ਵੀ ਸੁਸ਼ੋਭਿਤ ਸਨ।

Thursday, November 25, 2021

ਸੰਯੁਕਤ ਕਿਸਾਨ ਮੋਰਚੇ ਵੱਲੋਂ ਆਖਰੀ ਜਿੱਤ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ

ਡਬਲਯੂ ਟੀ ਓ ਤਹਿਤ ਕੀਤੇ ਗਏ ਸਮਝੌਤਿਆਂ ਨੂੰ ਰੱਦ ਕਰਵਾ ਕੇ ਹੀ ਮੁੜਾਂਗੇ 


ਟਿਕਰੀ ਬਾਰਡਰ : 25 ਨਵੰਬਰ 2021:(ਪਰਮਦੀਪ ਰਾਣਾ//ਕਾਮਰੇਡ ਸਕਰੀਨ ਬਿਊਰੋ)::
ਖਬੀਆਂ ਤਾਕਤਾਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਨ ਅਤੇ ਲਗਾਤਾਰ ਸਰਗਰਮ ਬਣੀਆਂ ਹੋਈਆਂ ਹਨ। ਖੱਬੀਆਂ ਧਿਰਾਂ ਨਾਲ ਜੁੜੇ ਲੀਡਰ ਵੀ ਲਗਾਤਾਰ ਦਿਲ ਆ ਜਾ ਰਹੇ ਹਨ ਅਤੇ ਵਰਕਰ ਵੀ। ਇਸਦੇ ਨਾਲ ਹੀ ਬੁਧੀਜੀਵੀ ਅਤੇ ਪੱਤਰਕਾਰ ਵੀ ਲਗਾਤਾਰ ਅਹਣੀ ਸ਼ਮੂਲੀਅਤ ਦਰਜ ਕਰਵਾ ਰਹੇ ਹਨ। 

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ, ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਮੌਕੇ ਟਿਕਰੀ ਬਾਰਡਰ 'ਤੇ ਖਚਾਖਚ ਭਰੇ ਪੰਡਾਲ 'ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਜੋਸ਼ੀਲੇ ਭਾਸ਼ਣ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਖਰੀ ਜਿੱਤ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਤਿਕੜੀ ਬਾਰਡਰ ਤੋਂ ਪਰਤੇ ਮੀਡੀਆ ਨੇ ਦੱਸਿਆ ਹੈ ਕਿ ਕਿਸਾਨਾਂ ਦਾ ਜੋਸ਼ ਬਰਕਰਾਰ ਹੈ। 

ਪੱਤਰਕਾਰ ਪਰਮਦੀਪ ਰਾਣਾ ਮੁਤਾਬਿਕ ਕਾਮਰੇਡ ਅਰਸ਼ੀ ਨੇ ਕਿਹਾ ਕਿ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਵੱਲੋਂ ਕਰਨਾ ਇਹ ਕੇਵਲ ਸੰਯੁਕਤ ਕਿਸਾਨ ਮੋਰਚੇ ਦੀ ਵਿਸ਼ਾਲ ਏਕਤਾ ਅਤੇ ਸੰਘਰਸ਼ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਅੰਬਾਨੀ, ਅਡਾਨੀ ਦੀ ਜਕੜ ਨੂੰ ਤੋੜਨ ਲਈ ਡਬਲਯੂ ਟੀ ਓ ਤਹਿਤ ਕੀਤੇ ਗਏ ਸਮਝੌਤਿਆਂ ਨੂੰ ਰੱਦ ਕਰਵਾ ਕੇ ਉਹਨਾਂ ਨੂੰ ਚਲਦਾ ਕਰਨ ਤੱਕ ਸੰਘਰਸ਼ ਜਾਰੀ ਰੱਖਾਂਗੇ ਕਿਉਂਕਿ ਇਹਨਾਂ ਕਾਲੇ ਕਾਨੂੰਨਾਂ ਤਹਿਤ ਹੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ, ਬਿਜਲੀ ਸੋਧ ਬਿਲ 2020, ਮਜ਼ਦੂਰ ਵਿਰੋਧੀ ਕਿਰਤ ਕਾਨੂੰਨ ਨੂੰ ਰੱਦ ਕਰਵਾਉਣ ਲੈ ਕੇ ਪੂਰੇ ਦੇਸ਼ ਅੰਦਰ ਲੋਕ ਚੇਤਨਾ ਅਤੇ ਵਿਸ਼ਾਲ ਏਕਤਾ ਦਾ ਨਾਅਰਾ ਦਿੱਤਾ ਜਾਵੇਗਾ। 

ਪੰਡਾਲ ਅੰਦਰ ਹਾਜ਼ਰ ਲੋਕਾਂ ਵੱਲੋਂ ਜਜ਼ਬਾਤ ਅਤੇ ਹੌਸਲੇ ਨੂੰ ਦੇਖਦੇ ਹੋਏ ਮੋਦੀ ਸਰਕਾਰ ਖਿਲਾਫ 'ਮੋਦੀ ਸਰਕਾਰ ਮੁਰਦਾਬਾਦ, ਅੰਬਾਨੀ, ਅਡਾਨੀ ਭਜਾਓ, ਦੇਸ਼ ਬਚਾਓ' ਦੇ ਨਾਅਰਿਆਂ ਨਾਲ ਪੰਡਾਲ ਗੂੰਜ ਰਿਹਾ ਸੀ। ਹੁਣ 26 ਨਵੰਬਰ ਦੀ ਤਿਆਰੀ ਸੰਬੰਧੀ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਕੋਨੇ-ਕੋਨੇ ਤੋਂ ਲੱਖਾਂ ਲੋਕਾਂ ਦੇ ਦਿੱਲੀ ਦੇ ਬਾਰਡਰਾਂ 'ਤੇ ਪੁੱਜਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। 

Friday, November 12, 2021

ਬੀ.ਜੇ.ਪੀ.ਵਾਲੇ ਆਪਣੀਆਂ "ਪ੍ਰਾਪਤੀਆਂ" ਦੀ ਸ਼ੇਖੀ ਮਾਰਨ ਵਿੱਚ ਰੁੱਝੇ ਹੋਏ ਹਨ

12th November 2021 at 9:08 AM

ਜ਼ਮੀਨੀ ਹਕੀਕਤਾਂ ਨੂੰ ਲੁਕਾਉਣਾ ਫਿਰ ਵੀ ਨਾਮੁਮਕਿਨ ਹੈ ਉਨ੍ਹਾਂ ਲਈ 


ਲੁਧਿਆਣਾ: 12 ਨਵੰਬਰ 2021: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::

11 ਨਵੰਬਰ 2021 ਨੂੰ
ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਕੇਂਦਰੀ ਮਜ਼ਦੂਰ ਸੰਗਠਨ ਅਤੇ ਸੁਤੰਤਰ ਫੈਡਰੇਸ਼ਨਾਂ/ਐਸੋਸੀਏਸ਼ਨਾਂ ਦੁਆਰਾ ਸਾਂਝੇ ਤੌਰ 'ਤੇ ਵਰਕਰਾਂ ਦੀ ਰਾਸ਼ਟਰੀ ਕਨਵੈਨਸ਼ਨ ਦਾ ਆਯੋਜਨ  ਕੀਤਾ ਗਿਆ ਸੀ। ਸਰਵਸ਼੍ਰੀ ਸੰਜੇ ਸਿੰਘ (ਇੰਟਕ), ਸੁਕੁਮਾਰ ਦਾਮਲੇ (ਏ.ਆਈ.ਟੀ.ਯੂ.ਸੀ.), ਰਾਜਾ ਸ੍ਰੀਧਰ (ਹਿੰਦ ਮਜ਼ਦੂਰ ਸਭਾ), ਹੇਮਲਤਾ (ਸੀਟੂ), ਆਰ. ਪਰਾਸ਼ਰ (ਏ.ਆਈ.ਯੂ.ਟੀ.ਯੂ.ਸੀ), ਸ਼ਿਵਸ਼ੰਕਰ (ਟੀ.ਯੂ.ਸੀ.ਸੀ), ਫਰੀਦਾ ਜਲਿਸ (ਸੇਵਾਵਾਂ), ਸ਼ੈਲੇਂਦਰ ਕੇ ਸ਼ਰਮਾ (ਏ.ਆਈ.ਸੀ.ਟੀ.ਯੂ), ਆਰ. ਦੇ. ਮੌਰੀਆ (ਐਲ.ਪੀ.ਐਫ), ਨਜ਼ੀਰ ਹੁਸੈਨ (ਯੂ.ਟੀ.ਯੂ.ਸੀ)।
ਕਨਵੈਨਸ਼ਨ ਦੀ ਸ਼ੁਰੂਆਤ ਪਿਛਲੀ ਕਨਵੈਨਸ਼ਨ ਤੋਂ ਬਾਅਦ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਕਾਮਰੇਡਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ- ਜਿਸ ਵਿੱਚ 800 ਦੇ ਕਰੀਬ ਕਿਸਾਨ ਸਾਥੀ ਹਨ ਜੋ ਉਹਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਸ਼ਹੀਦ ਹੋਏ ਸਨ, ਬਹੁਤ ਸਾਰੇ ਕਾਮਰੇਡ ਜੋ ਕਰੋਨਾ ਦੇ ਦੌਰ ਵਿੱਚ ਸ਼ਹੀਦ ਹੋਏ ਸਨ (ਹਾਲ ਹੀ ਵਿੱਚ ਸਾਥੀ ਵੀ. ਸੁੱਬੂਰਾਮਨ, ਐਲ.ਪੀ.ਐਫ.ਪੀ - ਪ੍ਰਧਾਨ) ਜਾਂ ਹੜ੍ਹਾਂ ਜਾਂ ਪਹਾੜੀ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਿੱਚ ਮਾਰੇ ਗਏ ਅਤੇ ਜੋ ਬੇਲੋੜੇ ਤੌਰ 'ਤੇ ਲਿੰਚਿੰਗ ਵਰਗੀਆਂ ਘਟਨਾਵਾਂ ਦਾ ਸ਼ਿਕਾਰ ਹੋਏ। 
ਕਨਵੈਨਸ਼ਨ 'ਚ ਭਾਰਤ ਸਰਕਾਰ ਵੱਲੋਂ ਮੁੱਖ ਤੌਰ 'ਤੇ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ, ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਜਿਸ ਕਾਰਨ ਦੇਸ਼ ਦੀ ਬਹੁਗਿਣਤੀ ਗਰੀਬੀ ਅਤੇ ਭੁੱਖਮਰੀ ਦੇ ਕੰਢੇ 'ਤੇ ਹੈ ਅਤੇ ਦੇਸ਼ ਦੀ ਆਰਥਿਕਤਾ ਡਗਮਗਾ ਰਹੀ ਹੈ | ਇਸ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਵਿਸ਼ੇਸ਼ ਤੌਰ 'ਤੇ ਕਿਹਾ ਗਿਆ ਕਿ ਸੰਘਰਸ਼ ਦਾ ਘੇਰਾ ਸਿਰਫ ਲੋਕਾਂ ਦੀ ਰੋਜ਼ੀ-ਰੋਟੀ ਤੱਕ ਸੀਮਤ ਨਹੀਂ ਰਿਹਾ, ਹੁਣ ਲੋੜ ਹੈ ਸਮੁੱਚੀ ਆਰਥਿਕਤਾ ਨੂੰ ਢਹਿ-ਢੇਰੀ ਹੋਣ ਤੋਂ ਰੋਕਣ, ਦੇਸ਼ ਦੀ ਜਮਹੂਰੀ ਵਿਵਸਥਾ ਨੂੰ ਬਚਾਉਣ ਅਤੇ ਦੇਸ਼ ਦੀ ਵਾਗਡੋਰ ਲੋਕਾਂ ਦੇ ਹੱਥਾਂ 'ਚ ਜਾਣ ਦੀ। ਦੇਸੀ ਅਤੇ ਵਿਦੇਸ਼ੀ ਪ੍ਰਾਈਵੇਟ ਕਾਰਪੋਰੇਟ ਕੰਪਨੀਆਂ ਨੂੰ ਰੋਕਣ ਲਈ ਸਾਨੂੰ ਵੀ ਕਰਨਾ ਪਵੇਗਾ। ਕੰਨਵੈਂਨਸ਼ਨ ਵਿੱਚ ਬੋਲਦਿਆਂ ਅਸ਼ੋਕ ਸਿੰਘ (ਇੰਟਕ), ਅਮਰਜੀਤ ਕੌਰ (ਏ.ਆਈ.ਟੀ.ਯੂ.ਸੀ.), ਹਰਭਜਨ ਸਿੰਘ ਸਿੱਧੂ (ਹਿੰਦ ਮਜ਼ਦੂਰ ਸਭਾ), ਤਪਨ ਸੇਨ (ਸੀਟੂ), ਸਤਿਆਵਾਨ (ਏ.ਆਈ.ਯੂ.ਟੀ.ਯੂ.ਸੀ.), ਜੀ. ਦੇਵਰਾਜਨ (ਟੀ.ਯੂ.ਸੀ.ਸੀ.), ਸੋਨੀਆ ਜਾਰਜ (ਸੇਵਾ), ਸਮੇਤ ਸਾਰੇ ਬੁਲਾਰਿਆਂ ਨੇ ਡਾ. ਰਾਜੀਵ ਡਿਮਰੀ (ਏ.ਆਈ.ਸੀ.ਸੀ.ਟੀ.ਯੂ.), ਜੇ.ਪੀ. ਸਿੰਘ (ਐਲ.ਪੀ.ਐਫ.), ਸ਼ਤਰੂਜੀਤ ਸਿੰਘ (ਯੂ.ਟੀ.ਯੂ.ਸੀ.) ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੋਰੋਨਾ ਮਹਾਂਮਾਰੀ ਵਿਚ ਜਿਸ ਲਾਪਰਵਾਹੀ ਨਾਲ ਵਿਵਹਾਰ ਕੀਤਾ, ਜਦੋਂ ਜਨਤਾ ਉਸ ਸੰਕਟ ਦਾ ਸਾਹਮਣਾ ਕਰ ਰਹੀ ਸੀ, ਉਦੋਂ ਜਲਦੀ ਨਾਲ ਲੋਕ ਸਭਾ ਵਿਚ ਬਿਨਾਂ ਕਿਸੇ ਚਰਚਾ ਦੇ ਚਾਰ ਲੇਬਰ ਕੋਡ ਅਤੇ ਤਿੰਨ ਕਾਲੇ ਖੇਤੀ ਕਨੂੰਨ  ਪਾਸ ਕਰ ਦਿੱਤੇ ਗਏ ਸਨ ਅਤੇ ਹੁਣ ਨਿੱਜੀਕਰਨ ਦੀ ਦੌੜ ਵਿਚ ਲੱਗ ਗਏ ਹਨ - ਜਨਤਕ ਪੈਸੇ ਨਾਲ ਪਿਛਲੇ ਸੱਤਰ ਸਾਲਾਂ ਵਿਚ ਸਥਾਪਿਤ ਕੀਤੇ ਗਏ ਜਨਤਕ ਉਦਯੋਗਾਂ ਨੂੰ ਵੇਚ ਕੇ, ਜਾਂ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਦੇ ਨਾਮ 'ਤੇ ਕਿਰਾਏ 'ਤੇ ਦਿੱਤਾ ਜਾ ਰਿਹਾ ਹੈ। ਇਸ ਦਾ ਆਮ ਲੋਕਾਂ 'ਤੇ ਬਹੁਤ ਬੁਰਾ ਪ੍ਰਭਾਵ ਪਵੇਗਾ- ਇਕ ਤਾਂ ਮਹਿੰਗਾਈ ਬੇਹਿਸਾਬ ਵਧੇਗੀ ਅਤੇ ਪੱਛੜੀਆਂ ਜਾਤੀਆਂ ਅਤੇ ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ ਘਟ ਜਾਣਗੇ।
ਹੁਣ ਕਈ ਰਾਜਾਂ ਵਿੱਚ ਚੋਣਾਂ ਆ ਰਹੀਆਂ ਹਨ, ਇਸ ਲਈ ਬੀ.ਜੇ.ਪੀ.ਵਾਲੇ ਆਪਣੀਆਂ "ਪ੍ਰਾਪਤੀਆਂ" ਦੀ ਸ਼ੇਖੀ ਮਾਰਨ ਵਿੱਚ ਰੁੱਝੇ ਹੋਏ ਹਨ। ਜਦੋਂ ਕਿ ਜ਼ਮੀਨੀ ਪੱਧਰ ਦੀ ਅਸਲੀਅਤ ਨੂੰ ਛੁਪਾਉਣਾ ਉਨ੍ਹਾਂ ਲਈ ਅਸੰਭਵ ਹੈ-ਜਿਵੇਂ ਕਿ ਭੁੱਖਮਰੀ ਦੇ ਮਾਮਲੇ ਵਿੱਚ, ਭਾਰਤ ਗਲੋਬਲ ਹੰਗਰ ਇੰਡੈਕਸ ਵਿੱਚ 106 ਦੇਸ਼ਾਂ ਦੀ ਸੂਚੀ ਵਿੱਚ 101 ਨੰਬਰ 'ਤੇ ਹੈ। ਅੱਜ ਦੇਸ਼ ਵਿੱਚ ਜਾਤ-ਪਾਤ ਦੇ ਨਾਂ ’ਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਜਾਣ ਬੁੱਝ ਕੇ ਇਸ ਨੂੰ ਅਣਗੌਲਿਆ ਕਰ ਰਹੀ ਹੈ। ਇਹ ਸਾਡੇ ਦੇਸ਼ ਲਈ ਇੱਕ ਨਵਾਂ ਸੰਕਟ ਹੈ, ਜਿਸਦਾ ਅਸੀਂ ਪਹਿਲਾਂ ਅਨੁਭਵ ਨਹੀਂ ਕੀਤਾ ਸੀ।
ਕਨਵੈਨਸ਼ਨ ਨੇ ਉਨ੍ਹਾਂ ਮੰਗਾਂ ਨੂੰ ਦੁਹਰਾਇਆ ਜੋ ਇਸ ਤੋਂ ਪਹਿਲਾਂ ਕੀਤੀਆਂ ਗਈਆਂ ਸਨ, ਪਰ ਜਨਤਕ ਮਹੱਤਤਾ ਵਾਲੀਆਂ ਹਨ। ਜਿਵੇਂ ਕਿ - ਲੇਬਰ ਕੋਡ ਨੂੰ ਖਤਮ ਕਰਨਾ, ਖੇਤੀਬਾੜੀ ਐਕਟ ਅਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਨਾ, ਕਿਸੇ ਵੀ ਰੂਪ ਵਿੱਚ ਨਿੱਜੀਕਰਨ ਦੇ ਵਿਰੁੱਧ ਅਤੇ ਐਨ.ਐਮ.ਪੀ., ਆਮਦਨ ਕਰ ਭੁਗਤਾਨ ਦੇ ਦਾਇਰੇ ਤੋਂ ਬਾਹਰ ਪਰਿਵਾਰਾਂ ਨੂੰ 7500 ਰੁਪਏ ਪ੍ਰਤੀ ਮਹੀਨਾ ਆਮਦਨ ਅਤੇ ਭੋਜਨ ਸਹਾਇਤਾ, ਮਨਰੇਗਾ ਲਈ ਅਲਾਟਮੈਂਟ ਵਿੱਚ ਵਾਧਾ ਅਤੇ ਸ਼ਹਿਰੀ ਖੇਤਰਾਂ ਵਿੱਚ ਰੁਜ਼ਗਾਰ ਗਾਰੰਟੀ ਯੋਜਨਾ ਦਾ ਵਿਸਤਾਰ, ਸਾਰੇ ਗੈਰ ਰਸਮੀ ਖੇਤਰ ਦੇ ਵਰਕਰਾਂ ਲਈ ਵਿਸ਼ਵਵਿਆਪੀ ਸਮਾਜਿਕ ਸੁਰੱਖਿਆ, ਆਂਗਣਵਾੜੀ ਸੰਵਿਧਾਨਕ ਘੱਟੋ-ਘੱਟ ਉਜਰਤ ਅਤੇ ਆਸ਼ਾ ਲਈ ਸਮਾਜਿਕ ਸੁਰੱਖਿਆ। ਮਿਡ-ਡੇ-ਮੀਲ ਸਕੀਮ ਵਰਕਰ, ਮਹਾਂਮਾਰੀ ਦੌਰਾਨ ਲੋਕਾਂ ਦੀ ਸੇਵਾ ਕਰਨ ਵਾਲੇ ਫਰੰਟ ਲਾਈਨ ਵਰਕਰਾਂ ਲਈ ਸੁਰੱਖਿਆ ਬੀਮਾ ਸਹੂਲਤਾਂ, ਰਾਸ਼ਟਰੀ ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਅਤੇ ਸੁਧਾਰਨ ਲਈ ਅਮੀਰਾਂ 'ਤੇ ਟੈਕਸ, ਆਦਿ। ਖੇਤੀਬਾੜੀ, ਸਿੱਖਿਆ, ਸਿਹਤ ਅਤੇ ਹੋਰ ਮਹੱਤਵਪੂਰਨ ਜਨਤਕ ਸਹੂਲਤਾਂ ਵਿੱਚ ਜਨਤਕ ਨਿਵੇਸ਼ ਨੂੰ ਵਧਾਉਣਾ , ਪੈਟਰੋਲੀਅਮ ਉਤਪਾਦਾਂ 'ਤੇ ਕੇਂਦਰੀ ਆਬਕਾਰੀ ਡਿਊਟੀ ਵਿੱਚ ਕਮੀ ਅਤੇ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਲਈ ਠੋਸ ਉਪਚਾਰਕ ਉਪਾਅ ਆਦਿ।
ਕਨਵੈਨਸ਼ਨ ਵਿੱਚ ਉਨ੍ਹਾਂ ਦੇਸ਼ ਦੇ ਵਰਕਰਾਂ ਨੂੰ ਇਸ ਕਨਵੈਨਸ਼ਨ ਦਾ ਸੁਨੇਹਾ ਹਰ ਪਿੰਡ ਅਤੇ ਕਸਬੇ ਵਿੱਚ ਮਿਹਨਤ ਅਤੇ ਲਗਨ ਨਾਲ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। "ਲੋਕ ਬਚਾਓ, ਦੇਸ਼ ਬਚਾਓ" ਦਾ ਨਾਅਰਾ ਬੁਲੰਦ ਕਰਨ ਲਈ ਸਾਲ 2022 ਵਿੱਚ ਲੋਕ ਸਭਾ ਦੇ ਬਜਟ ਸੈਸ਼ਨ ਵਿੱਚ ਦੋ ਦਿਨ ਦੀ ਮੁਕੰਮਲ ਹੜਤਾਲ ਦੀ ਤਿਆਰੀ ਕਰੋ।

Saturday, October 16, 2021

ਮੋਦੀ, ਅਮਿੱਤ ਸ਼ਾਹ, ਯੋਗੀ ਸਮੇਤ ਸਹਿਯੋਗੀਆਂ ਦਾ ਪੁਤਲੇ ਫੂਕੇ

16 October 2021 at  5:11 PM

ਸੰ. ਕਿਸਾਨ ਮੋਰਚੇ ਦੇ ਸੱਦੇ ਤੇ ਮਨਾਇਆ ਗਿਆ ਅਜੋਕੇ ਸਮੇਂ ਦਾ ਦੁਸਹਿਰਾ


ਲੁਧਿਆਣਾ
: 16 ਅਕਤੂਬਰ 2021: (ਕਾਮਰੇਡ ਸਕਰੀਨ ਬਿਊਰੋ)::

ਕਾਮਰੇਡ ਆਮ ਤੌਰ ਤੇ ਧਾਰਮਿਕ ਸਮਾਗਮਾਂ ਨੂੰ ਬਹੁਤ ਰੀਝ ਨਾਲ ਨਹੀਂ ਮਨਾਉਂਦੇ। ਬਹੁਤ ਦੇਰ ਤੱਕ ਉਹਨਾਂ ਨੂੰ ਇਹ ਸਭ ਅਡੰਬਰ ਲੱਗਦੇ ਰਹੇ। ਧਰਮ ਦੇ ਵਿਰੋਧੀ ਹੋਣ ਦਾ ਲੇਬਲ ਲਵਾ ਕੇ ਵੀ ਕਾਮਰੇਡ ਆਪਣੀ ਅੜੀ ਛੱਡਣ ਤੇ ਨਾ ਆਏ। ਫਿਰ ਦੌਰ ਬਦਲਿਆ। ਉਘੇ ਸ਼ਾਇਰ ਸੰਤ ਰਾਮ ਉਦਾਸੀ ਨੇ ਲਿਖਿਆ:

ਐਵੇਂ ਕਾਗਜਾਂ ਦੇ ਰਾਵਣਾ ਨੂੰ ਸਾੜ ਕੀ ਬਣੇ।
ਤੀਰ ਤੀਲਾਂ ਦੇ ਕਮਾਨ ਵਿਚ ਚਾੜ੍ਹ ਕੀ ਬਣੇ।
ਕੋਈ ਉੱਠੇ ਹਨੂੰਮਾਨ, ਕਰੇ ਯੁੱਧ ਦਾ ਐਲਾਨ।
ਮੂਹਰੇ ਆਉਣ ਵਾਲੇ ਸਾਗਰਾਂ ਦੀ ਹਿੱਕ ਪਾੜੀਏ।
ਏਸ ਯੁੱਗ ਦਿਆਂ ਰਾਵਣਾ ਦੀ ਹਿੱਕ ਸਾੜੀਏ।

ਅੱਜ ਸੈਂਕੜੇ ਹੀ ਰਾਖਸ਼ਾਂ ਦੀ ਧਾੜ ਆ ਗਈ।
ਅੱਗ-ਬਰਛੀ ਵੀ ਜਾਤੀਆਂ ਨੂੰ ਸਾੜ ਆ ਗਈ।
ਅੱਜ ਮੇਘਨਾਥ ਹੱਸੇ, ਕੁੰਭਕਰਨ ਵੀ ਵੱਸੇ।
ਕਿਓਂ ਨਾਂ ਜਿਉਂਦਿਆਂ ਦੇ ਧੌਲਰਾਂ 'ਚ ਤੀਰ ਮਾਰੀਏ।
ਏਸ ਯੁੱਗ ਦਿਆਂ ਰਾਵਣਾ ਦੀ ਹਿੱਕ ਸਾੜੀਏ।

ਫੇਰ 'ਭੀਲਣੀ' ਤੇ 'ਰਾਮ' ਦਾ ਪਿਆਰ ਨਾ ਮੁੜੇ।
ਵਾਂਗ 'ਬਾਨਰਾਂ' ਦੇ ਕਿਰਤੀ ਕਿਸਾਨ ਜੇ ਜੁੜੇ।
ਮੁੱਕ ਜਾਣ 'ਬਣਵਾਸ', 'ਸੀਤਾ' ਰਹੇ ਨਾ 'ਉਦਾਸ'।
ਅਸੀਂ ਵਰਾਂ ਤੇ ਸਰਾਪਾਂ ਦਾ ਅਹਿਦ ਪਾੜੀਏ।
ਏਸ ਯੁੱਗ ਦਿਆਂ ਰਾਵਣਾ ਦੀ ਹਿੱਕ ਸਾੜੀਏ।
ਸੰਤ ਰਾਮ ਉਦਾਸੀ ਨੇ ਸਿੱਖ ਧਰਮ ਨਾਲ ਸਬੰਧਤ ਗੱਲਾਂ ਨੂੰ ਵੀ ਪ੍ਰਤੀਕਾਂ ਵਾਂਗ ਬੜੇ ਹੀ ਖੂਬਸੂਰਤ ਢੰਗ ਨਾਲ ਵਰਤਿਆ। ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਨਾਲ ਇਨਕਲਾਬੀ ਗੱਲਾਂ ਆਖੀਆਂ। ਫਿਰ ਵੀ ਸਾਡੇ ਕਾਮਰੇਡ "ਸੈਕੂਲਰ" ਬਣੇ ਰਹੇ। ਦੂਜੇ ਪਾਸੇ ਬੀਜੇਪੀ ਨੇ ਰਾਮ ਮੰਦਿਰ ਨਾਲ ਚੋਣਾਂ ਜਿੱਤ ਲਈਆਂ। ਸੰਤ ਰਾਮ ਉਦਾਸੀ ਦੀਆਂ ਜਿਹਨਾਂ ਰਮਜ਼ਾਂ ਅਤੇ ਨਾਲ ਹੀ ਭਾਜਪਾਈ ਚਾਲਾਂ ਨੂੰ ਸਮਝਣ ਵਿੱਚ ਸਾਡੇ ਸ਼ਹਿਰੀ ਕਾਮਰੇਡ ਤਾਂ ਨਾਕਾਮ ਹੀ ਬਣੇ ਰਹੇ ਪਰ ਕਿਸਾਨ ਮੋਰਚੇ ਦੇ ਆਗੂਆਂ ਨੇ ਇਸ ਦਾ ਅਹਿਸਾਸ ਕੀਤਾ। ਉਹਨਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਦਿੱਤਾ ਕਿ ਇਸ ਵਾਰ ਦੁਸਹਿਰੇ ਤੇ ਰਵਾਇਤੀ ਪੁਤਲੇ ਨਹੀਂ ਬਲਕਿ ਅੱਜ ਦੀਆਂ ਰਾਵਣਾਂ ਦੇ ਪੁਤਲੇ ਸਾਡੇ ਜਾਣ।  ਭਾਜਪਾ ਵਾਲਿਆਂ ਨੇ ਇਸ ਦਾ ਤਿੱਖਾ ਪ੍ਰਤੀਕਰਮ ਵੀ ਕੀਤਾ। ਇਹ ਬੋਲੀ ਉਹਨਾਂ ਨੂੰ ਬੜੀ ਛੇਤੀ ਸਮਝ ਆਈ ਕਿਓਂਕਿ ਇਹ ਉਹਨਾਂ ਦੇ ਹਿੰਦੂਤਵ ਵਾਲੇ ਚਿਹਰੇ ਨੂੰ ਨਿਸ਼ਾਨਾ ਬਣਾਉਂਦੀ ਸੀ। 
ਅੱਜ ਇਨਕਲਾਬੀ- ਜਮਹੂਰੀ ਜੱਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਦਿੰਦਿਆਂ ਭਾਜਪਾ ਦੀ ਫਿਰਕੂ ਸਰਕਾਰ ਦੇ ਮੋਦੀ, ਅਮਿੱਤ ਸ਼ਾਹ, ਅਦਿਤਿਆ ਨਾਥ ਯੋਗੀ ਸਮੇਤ ਸਹਿਯੋਗੀਆਂ ਦਾ ਪੁਤਲਾ ਸਾੜਿਆ ਗਿਆ। ਇਨਕਲਾਬੀ ਕੇਂਦਰ ਪੰਜਾਬ ( ਇਕਾਈ ਲੁਧਿਆਣਾ ) , ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨਾਂ ਨੇ ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਪੂੰਜੀਪਤੀਆਂ ਦੀ ਰਖੇਲ ਕਰਾਰ ਦਿੰਦਿਆਂ ਇਸ ਦੀ ਗੁੰਡਾਗਰਦੀ ਖ਼ਿਲਾਫ਼ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਪੁਤਲਾ ਫੂਕਿਆ ।ਲਖੀਮਪੁਰ ਖੀਰੀ ਵਿੱਖੇ ਸਰਕਾਰੀ ਸ਼ਹਿ ਹੇਠ ਕਿਸਾਨਾਂ ਨੂੰ ਗੱਡੀ ਹੇਠ ਦਰੜਕੇ ਸ਼ਹੀਦ ਕਰਨ ਵਾਲੇ ਗੁੰਡਾ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ ਅਤੇ ਅੱਧੇ ਪੰਜਾਬ ਨੂੰ ਬੀ ਐਸ ਐਫ ਦੇ ਹਵਾਲੇ ਕਰਕੇ ਲੋਕਾਂ ਉੱਪਰ ਦਹਿਸਤ ਪਾਉਣ ਦੀ ਨੀਤੀ ਖਿਲਾਫ ਲੋਕਾਂ ਨੂੰ ਜੱਥੇਬੰਦ ਹੋਣ ਦਾ ਸੱਦਾ ਦਿੱਤਾ ਗਿਆ।ਇਸ ਸਮੇਂ ਜਸਵੰਤ ਜੀਰਖ, ਰਾਜਿੰਦਰ ਸਿੰਘ, ਸਤੀਸ਼ ਸੱਚਦੇਵਾ,ਡਾ ਹਰਬੰਸ ਗਰੇਵਾਲ਼ , ਟੇਕ ਚੰਦ ਕਾਲੀਆ, ਅਰੁਣ ਕੁਮਾਰ, ਡਾ ਮੋਹਨ ਸਿੰਘ, ਸਤਨਾਮ ਸਿੰਘ ਦੁੱਗਰੀ, ਕਾ ਸੁਰਿੰਦਰ ਸਿੰਘ, ਵਿਨੋਦ ਕੁਮਾਰ ਦੁੱਗਰੀ, ਕਮਲਜੀਤ ਠੇਕੇਦਾਰ, ਮੈਡਮ ਮਧੂ ਅਤੇ ਹਰਜਿੰਦਰ ਕੌਰ ਸਮੇਤ ਸੂਝਵਾਨ ਲੋਕ ਹਾਜ਼ਰ ਸਨ। 

Wednesday, October 6, 2021

ਲਖੀਮਪੁਰ ਖੀਰੀ ਮਾਮਲੇ ਤੇ ਹੁਣ ਪ੍ਰਧਾਨ ਮੰਤਰੀ ਚੁੱਪ ਕਿਉਂ

6th October 2021 at 3:57 PM

ਸੀਪੀਆਈ ਲੁਧਿਆਣਾ ਨੇ ਜ਼ੋਰਦਾਰ ਮੁਜ਼ਾਹਰਾ ਕਰਕੇ ਪੁਛੇ ਤਿੱਖੇ ਸੁਆਲ 


ਲੁਧਿਆਣਾ
: 5 ਅਕਤੂਬਰ 2021: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::
ਪੀਪਲਜ਼ ਮੀਡੀਆ ਲਿੰਕ ਨਾਲ ਜੁੜੇ ਹੋਏ ਦੋ ਸੀਨੀਅਰ ਪੱਤਰਕਾਰ
ਐਮ ਐਸ ਭਾਟੀਆ ਅਤੇ ਸਤੀਸ਼ ਸਚਦੇਵਾ ਜੋ
ਰੋਜ਼ਾਨਾ ਨਵਾਂ ਜ਼ਮਾਨਾ ਟੀਮ ਦੇ ਵੀ ਸਰਗਰਮ ਮੈਂਬਰ ਹਨ-
ਸੱਤਾਸ਼ਾਹੀ ਦੀ ਤਾਨਾਸ਼ਾਹੀ ਦੇ ਖਿਲਾਫ ਚੱਲਦੇ ਅੰਦੋਲਨਾਂ ਦੀ
ਕਵਰੇਜ ਹਮੇਸ਼ਾਂ ਹੀ ਇਹਨਾਂ ਦਾ ਪਹਿਲਾ ਫਰਜ਼ ਰਹਿੰਦਾ ਹੈ 
ਕਿਸਾਨ ਅੰਦੋਲਨ ਨੇ ਜਿੱਥੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ਤੇ
 ਕੇਂਦਰ ਦੀ ਮੋਦੀ ਸਰਕਾਰ ਨੂੰ ਲਲਕਾਰਾ ਮਾਰਿਆ ਹੈ ਉੱਥੇ ਸਹਿਣਸ਼ੀਲਤਾ ਅਤੇ ਲਗਾਤਾਰਤਾ ਦਾ ਇਤਿਹਾਸ ਵੀ ਰਚਿਆ ਹੈ। ਇਸਤੋਂ ਬੁਖਲਾਏ ਹੋਈ ਭਾਰਤੀ ਜਨਤਾ ਪਾਰਟੀ ਦੇ ਜ਼ਿੰਮੇਵਾਰ ਆਗੂ ਵੀ ਗੁੰਡਾਗਰਦੀ ਵਾਲਿਆਂ ਹਰਕਤਾਂ ਤੇ ਉਤਰ ਆਏ ਹਨ। ਸ਼ਾਂਤਮਈ ਕਿਸਾਨਾਂ ਉੱਤੇ ਪਿੱਛਿਓਂ ਦੀ ਤੇਜ਼ ਰਫਤਾਰ ਗੱਡੀਆਂ ਚੜ੍ਹਾਉਣੀਆਂ ਅਤੇ ਨਾਲ ਹੀ ਫਾਇਰਿੰਗ ਦੀ ਘਟਨਾ ਨੇ ਬੀਜੇਪੀ ਨੂੰ ਬੁਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ। ਜਿਹੜਾ ਗੋਦੀ ਮੀਡੀਆ ਅਤੇ ਜਿਹੜੇ ਲੋਕ ਹੁਣ ਵੀ ਚੁੱਪ ਹਨ ਉਹ ਵੀ ਆਪਣੇ ਆਉਣ ਵਾਲੇ ਇਤਿਹਾਸ ਨੂੰ ਕਲੰਕਿਤ ਕਰ ਰਹੇ ਹਨ। ਗੋਦੀ ਮੀਡੀਆ ਦੀ ਇਸ ਚੁੱਪ ਨੂੰ ਤੋੜਿਆ ਹੈ ਲੁਧਿਆਣਾ ਤੋਂ ਰੋਜ਼ਾਨਾ ਨਵਾਂ ਜ਼ਮਾਨਾ ਅਖਬਾਰ ਦੇ ਬਿਊਰੋ ਚੀਫ ਐਮ ਐਸ ਭਾਟੀਆ ਨੇ। ਉਹ ਇਸ ਮੁੱਦੇ ਤੇ ਲਗਾਤਾਰ ਸਰਗਰਮ ਹਨ। ਖਰਾਬ ਸਿਹਤ ਸਿਹਤ ਦੇ ਬਾਵਜੂਦ ਉਹ ਰੋਸ ਮੁਜ਼ਾਹਰਿਆਂ ਅਤੇ ਮੀਟਿੰਗਾਂ ਲਈ ਸਰਗਰਮ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲਾ ਇਕਾਈ ਦੇ ਵਿੱਤ ਸਕੱਤਰ ਵੀ ਹਨ। ਡਾਕਟਰ ਅਰੁਣ ਮਿੱਤਰਾ ਕੋਲੋਂ ਉਹ ਆਪਣੇ ਸਿਆਸੀ ਗੁਰੂ ਵਾਂਗ ਸਲਾਹ ਲਿਆ ਕਰਦੇ ਹਨ। ਅੱਜ ਵੀ ਉਹ ਸੀਪੀਆਈ ਵੱਲੋਂ ਕੀਤੇ ਰੋਸ ਮੁਜ਼ਾਹਰੇ ਵਿਚ ਸਰਗਰਮ ਰਹੇ। ਉਹਨਾਂ ਦੇ ਨਾਲ ਬਜ਼ੁਰਗ ਪੱਤਰਕਾਰ ਸਤੀਸ਼ ਸਚਦੇਵਾ ਅਤੇ ਟੀਮ ਦੇ ਹੋਰ ਮੈਂਬਰ ਵੀ ਸਨ। ਉਹਨਾਂ ਮੀਡੀਆ ਨੂੰ ਵੀ ਇਸ ਬਾਰੇ ਰਿਪੋਰਟ ਕੀਤੀ। 

ਉਹਨਾਂ ਦੱਸਿਆ ਕਿ ਅੱਜ ਇਥੇ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ  ਵੱਲੋਂ ਲਖੀਮਪੁਰ ਖੀਰੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ  ਪੁੱਤਰ ਅਸ਼ੀਸ਼ ਮਿਸ਼ਰਾ ਦੁਆਰਾ ਕਿਸਾਨਾਂ ਨੂੰ ਕਾਰ ਦੇ ਹੇਠ ਕੁਚਲ ਕੇ ਕਤਲ ਕਰਨ ਦੀ ਘਟਨਾ ਦੇ ਵਿਰੋਧ ਵਿੱਚ ਰੋਸ ਰੈਲੀ ਅਤੇ ਜ਼ੋਰਦਾਰ ਮੁਜ਼ਾਹਰੇ ਦਾ ਆਜੋਜਨ ਕੀਤਾ ਗਿਆ। 

ਵੱਖ ਵੱਖ ਬੁਲਾਰਿਆਂ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਇਹ ਕਾਰਾ ਭਾਜਪਾ ਦੀ ਹਿੰਸਕ ਮਾਨਸਿਕਤਾ ਦਾ ਪ੍ਰਗਟਾਵਾ ਹੈ। ਹਾਲ ਵਿੱਚ ਹੀ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਦੋ ਮਿੰਟਾਂ ਵਿੱਚ ਹੀ ਕੁਚਲਿਆ ਜਾ ਸਕਦਾ ਹੈ। ਇਸ ਤੋਂ ਉਤਸ਼ਾਹਿਤ ਹੋ ਕੇ ਉਸ ਦੇ ਬੇਟੇ ਉਸ ਦੇ ਹੋਰ ਸਹਿਯੋਗੀਆਂ ਨੇ ਇਹ ਵਹਿਸ਼ੀਆਨਾ ਫਾਸ਼ੀ ਕਾਰਾ ਕੀਤਾ ਹੈ। 
ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਦੀ ਜੋ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ" ਭਾਜਪਾ ਦੇ ਕਾਰਜਕਰਤਾ ਡੰਡੇ ਲੈ ਕੇ ਕਿਸਾਨਾਂ ਨੂੰ ਸਿੱਧਾ ਕਰਨ" -ਇਹ ਐਲਾਨ ਅਤੇ ਬਿਆਨ ਵੀ ਸੰਵਿਧਾਨਕ ਮਰਿਆਦਾਵਾਂ ਦੀ ਘੋਰ ਉਲੰਘਣਾ ਹੈ। ਪਾਰਟੀ ਨੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਫੌਰਨ ਬਰਖਾਸਤ ਕੀਤਾ ਜਾਏ ਉਸ ਦੇ ਬੇਟੇ ਅਸ਼ੀਸ਼ ਮਿਸ਼ਰਾ ਨੂੰ ਫੌਰਨ ਫੜ ਕੇ ਕਤਲ ਦਾ ਮੁਕੱਦਮਾ ਚਲਾਇਆ ਜਾਏ। 

ਇੱਥੇ ਇਹ ਦੱਸਣਾ ਵੀ ਜ਼ਰੂਰੀ ਬਣਦਾ ਹੈ ਕਿ ਅਜੇ ਮਿਸ਼ਰਾ ਅਤੇ ਉਸ ਦੇ ਲੜਕੇ ਤੇ ਪਹਿਲਾਂ ਵੀ ਬਹੁਤ ਸਾਰੇ ਕੇਸ ਚਲ ਰਹੇ ਹਨ। ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਉਪਰੋਕਤ ਬਿਆਨ  ਕਰਕੇ ਉਸ ਨੂੰ ਵੀ ਬਰਖਾਸਤ ਕੀਤਾ ਜਾਏ। ਬੁਲਾਰਿਆਂ ਨੇ ਇਸ ਗੱਲ ਤੇ ਹੈਰਾਨੀ ਪ੍ਰਗਟ ਕੀਤੀ ਕਿ ਏਡੀ ਵੱਡੀ ਘਟਨਾ ਹੋਣ ਤੇ ਵੀ ਪ੍ਰਧਾਨ ਮੰਤਰੀ ਵੱਲੋਂ ਅਫਸੋਸ ਦਾ ਇੱਕ ਲਫਜ਼ ਵੀ ਮੂੰਹੋਂ ਨਹੀਂ ਕੱਢਿਆ ਗਿਆ। 

ਨਰਿੰਦਰ ਮੋਦੀ ਦੀ ਚੁੱਪੀ ਉਨ੍ਹਾਂ ਨੂੰ ਸ਼ੱਕ ਦੇ ਘੇਰੇ ਵਿਚ ਲਿਆਂਦੀ ਹੈ ਤੇ ਇਹ ਦਰਸਾਉਂਦੀ  ਹੈ ਕਿ ਇਸ ਕਿਸਮ ਦੇ ਕਾਰਿਆਂ ਨਾਲ ਉਨ੍ਹਾਂ ਦੀ ਸਹਿਮਤੀ ਹੈ।  ਭਾਜਪਾ ਪ੍ਰਸ਼ਾਸਿਤ ਸੂਬਿਆਂ ਵਿੱਚ ਕਾਨੂੰਨ ਦੀ ਹਾਲਤ ਲਗਾਤਾਰ  ਵਿਗੜ ਰਹੀ ਹੈ ਅਤੇ ਫਿਰਕੂ ਦੰਗਿਆਂ ਰਾਹੀਂ ਸਮਾਜ ਨੂੰ ਵੰਡ ਕੇ ਅਰਾਜਕਤਾ ਫੈਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰ ਖੇਤਰ ਵਿਚ ਅਸਫਲ ਹੋਣ ਤੋਂ ਬਾਅਦ ਹੁਣ ਭਾਜਪਾ ਹੋਛੇ ਕਾਰਿਆਂ ਤੇ ਉਤਰ ਆਈ ਹੈ। 

ਦਸ ਮਹੀਨੇ ਤੋਂ ਉਪਰ ਸਮਾਂ ਹੋ ਗਿਆ ਜਦੋਂ ਤੋਂ  ਲੱਖਾਂ ਕਿਸਾਨ ਆਪਣਾ ਘਰ ਬਾਰ ਛੱਡ ਕੇ ਆਪਣੀਆਂ  ਹੱਕੀ ਮੰਗਾਂ ਲਈ ਦਿੱਲੀ ਦੀਆਂ ਸੀਮਾਵਾਂ ਤੇ ਬੈਠੇ ਹਨ, ਪਰ ਪ੍ਰਧਾਨ ਮੰਤਰੀ ਦੇ ਕੰਨਾਂ ਤੇ ਜੂੰ  ਵੀ ਨਹੀਂ ਸਰਕੀ। ਮੋਦੀ ਦੀ ਲਖੀਮਪੁਰ ਖੀਰੀ ਦੇ ਕਤਲਾਂ ਬਾਰੇ ਚੁੱਪੀ ਕੌਮਾਂਤਰੀ ਪੱਧਰ ਤੇ ਭਾਰਤ ਦੀ ਸਾਖ਼ ਡੇਗ ਰਹੀ ਹੈ ਕਿਉਂਕਿ ਉਹ ਦੇਸ਼ ਦੀ ਸਰਕਾਰ ਦੇ ਮੁਖੀ ਹਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਸਾਰਾ ਜ਼ਿੰਮਾ ਉਨ੍ਹਾਂ ਦਾ ਹੈ। ਪਾਰਟੀ ਆਗੂਆਂ ਨੇ ਫਿਰ ਦੁਹਰਾਇਆ ਕਿ ਅਜੇ ਮਿਸ਼ਰਾ ਨੂੰ ਫੌਰਨ ਬਰਖਾਸਤ ਕਰ ਕੇ ਉਸ ਦੇ ਬੇਟੇ ਤੇ ਕਤਲ ਦਾ ਮੁਕੱਦਮਾ ਚਲਾਇਆ ਜਾਏ ਅਤੇ ਯੂਪੀ ਸਰਕਾਰ ਨੂੰ ਵੀ ਤੁਰੰਤ ਬਰਖਾਸਤ ਕੀਤਾ  ਜਾਏ। 

ਪਹਿਲਾਂ ਮੁਸਲਮਾਨਾਂ ਨੂੰ ਪਾਕਿਸਤਾਨੀ ਦੱਸਿਆ ਗਿਆ, ਹੁਣ ਸਿੱਖਾਂ ਨੂੰ ਬੱਬਰ ਖ਼ਾਲਸਾ ਤੇ ਖ਼ਾਲਿਸਤਾਨੀ ਦੱਸਿਆ ਜਾ ਰਿਹਾ ਹੈ। ਵਿਰੋਧ ਕਰਨ ਵਾਲਿਆਂ  ਨੂੰ ਦੇਸ਼ਧ੍ਰੋਹੀ ਦੱਸਿਆ ਜਾ ਰਿਹਾ ਹੈ ਅਤੇ ਆਮ ਨਾਗਰਿਕਾਂ ਜਿਵੇਂ ਕਿ ਮੁਨੀਸ਼ ਗੁਪਤਾ ਦਾ ਪੁਲੀਸ ਦੁਆਰਾ ਕਤਲ ਅਤੇ ਪੁਲੀਸ ਦੇ ਇੰਸਪੈਕਟਰ ਸੁਬੋਧ ਕੁਮਾਰ ਦਾ ਭਾਜਪਾ ਦੀਆਂ ਭੀੜਾਂ ਦੁਆਰਾ ਕਤਲ ਵਿਗੜਦੀ ਅਮਨ ਕਾਨੂੰਨ ਦੀ ਸਥਿਤੀ ਦਾ ਸੂਚਕ ਹਨ। 

ਪਾਰਟੀ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਸ਼ਹੀਦ ਹੋਏ ਕਿਸਾਨਾਂ  ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਿਆ ਮੁਆਵਜ਼ੇ ਦੇ ਤੌਰ ਤੇ ਦਿੱਤਾ ਜਾਏ ਅਤੇ ਉਨ੍ਹਾਂ ਦੇ ਘਰ ਦੇ  ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੀ ਇਨਕੁਆਇਰੀ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਇਸ ਮੌਕੇ ਤੇ ਵਿਚਾਰ ਦੇਣ ਵਾਲਿਆਂ ਵਿੱਚ  ਪਾਰਟੀ ਦੇ ਜ਼ਿਲਾ ਸਹਾਇਕ-ਡਾ ਅਰੁਣ ਮਿੱਤਰਾ, ਕਾਮਰੇਡ ਚਮਕੌਰ ਸਿੰਘ, ਮਨਿੰਦਰ ਸਿੰਘ ਭਾਟੀਆ, ਚਰਨ ਸਰਾਭਾ, ਡਾ ਗਗਨਦੀਪ ,ਡਾ ਅੰਕੁਸ਼ ਕੁਮਾਰ, ਕੇਵਲ ਬੱਨਵੈਤ, ਨਵਲ ਛਿੱਬੜ, ਡਾ. ਪਰਮ ਸੈਣੀ,  ਵਿਜੇ ਕੁਮਾਰ ਅਤੇ ਗਗਨ ਸ਼ਾਮਿਲ ਸਨ। ਰੈਲੀ ਤੋਂ ਬਾਅਦ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ। 

Sunday, October 3, 2021

ਆਰ ਐਮ ਪੀ ਆਈ ਨੇ ਵੀ ਕੀਤੀ ਕਿਸਾਨਾਂ ਨੂੰ ਸ਼ਹੀਦ ਕੀਤੇ ਜਾਣ ਦੀ ਨਿਖੇਧੀ

ਮੋਦੀ-ਯੋਗੀ ਸਰਕਾਰਾਂ ਖਿਲਾਫ਼ ਸਖਤ ਰੋਸ ਐਕਸ਼ਨ ਕਰਨ ਦਾ ਸੱਦਾ 


ਜਲੰਧਰ: 3 ਅਕਤੂਬਰ 2021: (ਕਾਮਰੇਡ ਸਕਰੀਨ ਬਿਊਰੋ)::

ਯੂਪੀ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀ ਕਤਲਾਮ ਨੂੰ ਨ ਲਾਇ ਕੇ ਹਰ ਪਾਸਿਓਂ ਭਾਜਪਾ ਦੀ ਨਿਖੇਧੀ ਹੋ ਰਹੀ ਹੈ। ਨਿਸਚੇ ਹੀ ਹਾਲਾਤ ਦਿਨ-ਬ-ਦਿਨ ਹੋਰ ਵਿਗੜਨ ਵੱਲ ਜਾ ਰਹੇ ਹਨ। ਆਰ ਐਮ ਪੀ ਆਈ ਨੇ ਵੀ ਕਿਸਾਨਾਂ ਨੂੰ ਸ਼ਹੀਦ ਕੀਤੇ ਜਾਣ ਦਾ ਗੰਭੀਰ ਨੋਟਿਸ ਲਿਆ ਹੈ। 

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ)  ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਯੂਪੀ ਦੇ ਲਖੀਮਪੁਰ ਖੀਰੀ ਵਿਖੇ ਭਾਜਪਾ ਆਗੂਆਂ ਵੱਲੋਂ ਘਾਤਕ ਹਮਲਾ ਕਰਕੇ  ਸ਼ਹੀਦ ਕੀਤੇ ਗਏ 5 ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਾਤਲਾਂ ਦੀ ਫੌਰੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਸਾਥੀ ਪਾਸਲਾ ਨੇ ਦੇਸ਼ ਭਰ ਦੀਆਂ ਪਾਰਟੀ ਕਮੇਟੀਆਂ ਅਤੇ ਜਨ ਸੰਗਠਨਾਂ ਨੂੰ ਸੱਦਾ ਦਿੱਤਾ ਹੈ ਕਿ ਭਲਕੇ 4 ਅਕਤੂਬਰ ਨੂੰ ਕਿਸਾਨਾਂ ਦੇ ਕਾਤਲਾਂ ਦੀ ਪਿੱਠ ਥਾਪੜਣ ਵਾਲੀਆਂ ਮੋਦੀ-ਯੋਗੀ ਸਰਕਾਰਾਂ ਖਿਲਾਫ਼ ਸਖਤ ਰੋਸ ਐਕਸ਼ਨ ਕੀਤੇ ਜਾਣ। 

ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਸੰਪਰਕ; ਸਾਥੀ ਮਹੀਪਾਲ (99153-12806)