Monday, October 31, 2022
ਸੀਪੀਆਈ ਲੁਧਿਆਣਾ ਵੱਲੋਂ ਵੀ ਨਵੀਆਂ ਚੁਣੌਤੀਆਂ ਕਬੂਲ
Sunday, October 30, 2022
ਸੀਪੀਆਈ ਲੁਧਿਆਣਾ ਐਗਜ਼ੈਕੁਟਿਵ ਦੀ ਮੀਟਿੰਗ ਵਿੱਚ ਵਿਚਾਰੇ ਗਏ ਅਹਿਮ ਮੁੱਦੇ
Sunday 30th October 2022 at 12:56 PM
ਮੀਡੀਆ ਨੂੰ ਜਲਦੀ ਹੀ ਦੱਸੇ ਜਾਣਗੇ ਮੀਟਿੰਗ ਦੇ ਫੈਸਲੇ
Saturday, October 15, 2022
ਵਿਜੇਵਾੜਾ: ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ
ਫਾਸ਼ੀਵਾਦ ਦੀ ਧੌਣ 'ਤੇ ਗੋਡਾ ਰੱਖਾਂਗੇ
ਸੀਪੀਆਈ ਦੀ 24ਵੀਂ ਕਾਂਗਰਸ ਵਿਜੇਵਾੜਾ ਵਿੱਚ 14 ਅਕਤੂਬਰ ਤੋਂ ਜਾਰੀ ਹੈ। ਇਸ ਮੌਕੇ ਜਿੱਥੇ ਬਜ਼ੁਰਗ ਵੀ ਵੱਧ ਚੜ੍ਹ ਕੇ ਪੁੱਜੇ ਹਨ ਉੱਥੇ ਲਾਲ ਪੋਸ਼ਾਕਾਂ ਵਾਲੇ ਬੱਚੇ ਵੀ ਵੱਡੀ ਗਿਣਤੀ ਵਿੱਚ ਸਮੂਹ ਡੈਲੀਗੇਟਾਂ ਨੂੰ ਜੀ ਆਇਆਂ ਆਖਣ ਲਈ ਪੁੱਜੇ ਹੋਏ ਸਨ। ਵੱਡੇ ਵੱਡੇ ਲੀਡਰਾਂ ਦੇ ਨਾਲ ਨਾਲ ਆਮ ਸਾਧਾਰਨ ਕਾਰਕੁੰਨ ਵੀ ਪੂਰੇ ਜੋਸ਼ ਵਿਚ ਨਜ਼ਰ ਆਏ। ਇਹਨਾਂ ਵਿੱਚ ਹੀ ਪੰਜਾਬ ਦੇ ਮੋਗਾ ਤੋਂ ਨਰਿੰਦਰ ਕੌਰ ਸੋਹਲ ਵੀ ਉੱਥੇ ਪੁੱਜੀ ਹੋਈ ਹੈ।
ਉਹੀ ਨਰਿੰਦਰ ਸੋਹਲ ਜਿਸਨੇ ਨਵਾਂ ਜ਼ਮਾਨਾ ਵਿੱਚ ਡੈਸਕ 'ਤੇ ਰਹਿੰਦਿਆਂ ਕਲਮ ਦੇ ਗੁਰ ਵੀ ਸਿੱਖੇ ਅਤੇ ਬੇਬਾਕ ਪੱਤਰਕਾਰੀ ਦੀ ਹਿੰਮਤ ਵੀ ਪੈਦਾ ਕੀਤਾ। ਉਹੀ ਨਰਿੰਦਰ ਸੋਹਲ ਜਿਸਨੇ ਅੱਤਵਾਦੀਆਂ ਦੀਆਂ ਗੋਲੀਆਂ ਨੂੰ ਝੱਲਿਆ ਹੈ। ਉਹਨਾਂ ਦੀਆਂ ਧਮਕੀਆਂ ਦਾ ਸਾਹਮਣਾ ਕੀਤਾ ਹੈ। ਆਪਣੇ ਪਰਿਵਾਰ ਦੇ ਜੀਆਂ ਦੀ ਕੁਰਬਾਨੀ ਦਿੱਤੀ ਹੈ। ਇਸ ਲਈ ਲਾਲ ਝੰਡੇ ਦੀ ਚਮਕ ਅਤੇ ਜਾਹੋ ਜਲਾਲ ਵਿੱਚ ਉਸਦਾ ਅਤੇ ਉਸਦੇ ਪਰਿਵਾਰ ਦਾ ਖੂਨ ਵੀ ਸ਼ਾਮਲ ਹੈ।
ਉਸ ਲਈ ਵਿਜੇਵਾੜਾ ਵਿੱਚ ਸੀਪੀਆਈ ਦੀ 24ਵੀਂ ਕਾਂਗਰਸ ਦੇ ਫੈਸਲੇ ਬਹੁਤ ਡੂੰਘਾ ਅਰਥ ਰੱਖਦੇ ਹਨ। ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਅਤੇ ਜਿੱਤਾਂ ਉਸ ਲਈ ਬਹੁਤ ਜ਼ਿਆਦਾ ਮਾਅਨੇ ਰੱਖਦੀਆਂ ਹਨ। ਉਹ ਦੱਸਦੀ ਹੈ ਕਿ ਇਥੇ ਮਾਹੌਲ ਪੂਰੀ ਤਰ੍ਹਾਂ ਲਾਲੋ ਲਾਲ ਹੈ। ਦੇਸ਼ ਦੀ ਅਨੇਕਤਾ ਇਥੇ ਪੂਰੀ ਏਕਤਾ ਵਿੱਚ ਨਜ਼ਰ ਆ ਰਹੀ ਹੈ।
ਏ ਆਈ ਐਸ ਐਫ ਤਾਂ ਪੂਰੇ ਜੋਸ਼ੋ ਖਰੋਸ਼ ਨਾਲ ਸਭ ਤੋਂ ਅੱਗੇ ਹੈ। ਆਉਣ ਵਾਲੀਆਂ ਗੰਭੀਰ ਚੁਣੌਤੀਆਂ ਦੇ ਸਾਹਮਣੇ ਲਈ ਅਸੀਂ ਸਾਰੇ ਹੀ ਪੂਰੀ ਤਰ੍ਹਾਂ ਤਿਆਰ ਹਾਂ। ਇਹ ਜੋਸ਼ੀਲਾ ਨਾਚ ਗਾਣਾ ਸੰਕੇਤ ਹੈ ਕਿ ਅਸੀਂ ਹਰ ਹਾਲ ਵਿੱਚ ਸੰਘਰਸ਼ ਜਾਰੀ ਰੱਖਣਾ ਹੈ। ਅਸੀਂ ਜਿੱਤਣ ਤੱਕ ਚੱਲਦੇ ਰਹਿਣਾ ਹੈ। ਅਸੀਂ ਨਾ ਹਾਰੇ ਨਾ ਹਾਰਾਂਗੇ। ਅਸੀਂ ਵਕਤ ਮੁੱਠੀ ਵਿੱਚ ਕਰਨਾ ਹੈ। ਅਸੀਂ ਹਰ ਪਲ ਅੱਗੇ ਵਧਣਾ ਹੈ।
ਇਸ ਕਾਨਫਰੰਸ ਦੀ ਸ਼ੁਰੂਆਤ 14 ਅਕਤੂਬਰ ਨੂੰ ਜੋਸ਼ੀਲੇ ਅਤੇ ਲੰਮੇ ਮਾਰਚ ਤੇ ਰੈਲੀ ਨਾਲ ਕੀਤੀ ਗਈ। ਇਸ ਮੌਕੇ ਮਾਰਚ ਦੇ ਨਜ਼ਾਰੇ ਦੇਖਣ ਵਾਲੇ ਸਨ। ਇਸ ਮਾਰਚ ਦੌਰਾਨ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਾਰਾ ਵਿਜੇਵਾੜਾ ਲਾਲ ਰੰਗ ਵਿੱਚ ਰੰਗਿਆ ਗਿਆ ਹੋਵੇ। ਵੱਖ ਵੱਖ ਜ਼ਿਲਿਆਂ ਦੇ ਕਾਮਰੇਡ ਸਾਥੀ ਢੋਲ ਦੀ ਥਾਪ ਤੇ ਨੱਚਦਿਆਂ ਮਾਰਚ ਵਿੱਚ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੇ ਸਨ। ਔਰਤਾਂ ਦੀ ਗਿਣਤੀ ਵੀ ਤਸੱਲੀਬਖ਼ਸ਼ ਸੀ। ਰੈਲੀ ਦੌਰਾਨ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਵੱਲੋਂ ਸੰਬੋਧਨ ਕਰਨ ਸਮੇਂ ਨਾਹਰਿਆਂ ਦੀ ਗੂੰਜ ਹਰ ਪਾਸੇ ਸੁਣਾਈ ਦੇ ਰਹੀ ਸੀ। ਬਹੁਤ ਹੀ ਸਫਲ ਮਾਰਚ ਤੇ ਰੈਲੀ ਲਈ ਆਂਧਰਾ ਪ੍ਰਦੇਸ਼ ਦੀ ਕਮਿਊਨਿਸਟ ਪਾਰਟੀ ਪ੍ਰਸੰਸਾ ਦੀ ਹੱਕਦਾਰ ਹੈ।
ਦੇਸ਼ ਦੇ ਕੋਨੇ ਕੋਨੇ ਵਿੱਚੋਂ ਆਏ ਡੈਲੀਗੇਟ ਅਤੇ ਆਬਜ਼ਰਵਰ ਹਰ ਰਸਤੇ ਹਰ ਥਾਂ ਤੇ ਇਹੀ ਸੰਦੇਸ਼ ਦੇਂਦੇ ਆਏ ਕਿ ਆਓ ਹੁਣ ਨਾ ਦੇਰ ਨਾ ਕਰੋ। ਦੇਸ਼ ਦੀ ਜਨਤਾ ਖਤਰੇ ਵਿੱਚ ਹੈ। ਪੂੰਜੀਵਾਦ ਦਾ ਖੂਨੀ ਪੰਜਾ ਤੋੜਨ ਵਿਚ ਨਾ ਦੇਰ ਨਾ ਕਰੋ। ਫਾਸ਼ੀਵਾਦ ਦਾ ਖੂਨੀ ਪੰਜਾ ਤੋੜਨ ਵਿਚ ਨਾ ਦੇਰ ਨਾ ਕਰੋ।
ਵਿਜੇਵਾੜਾ ਦੀ ਇਸ ਕਾਂਗਰਸ ਵਿਚ ਔਰਤਾਂ ਬਹੁਤ ਵੱਡੀਆਂ ਗਿਣਤੀ ਵਿਚ ਪੁੱਜੀਆਂ ਹੋਈਆਂ ਹਨ। ਜਿਵੇਂ ਅੱਖ ਰਹੀਆਂ ਹੋਣ। ਅਸੀਂ ਚੁੱਲ੍ਹੇ ਚੌਂਕੇ ਵਾਲੀਆਂ ਮੈਦਾਨ ਵਿਚ ਹਾਂ। ਅਸੀਂ ਝੰਡਾ ਅੱਜ ਚੁੱਕਿਆ ਹੈ ਰਲਮਿਲ ਕੇ। ਅਸੀਂ ਦੇਖਣਾ ਹੈ ਕੌਣ ਸਾਡੇ ਰਾਹ ਵਿੱਚ ਅੜੂ। ਅਸੀਂ ਚੰਡੀ ਬਣ ਟੱਕਰਨ ਹੈ ਲੋਕ ਦੁਸ਼ਮਣਾਂ ਨੂੰ।
ਕਾਮਰੇਡ ਸਕਰੀਨ ਹਿੰਦੀ ਵਾਲੀ ਰਿਪੋਰਟ ਵੀ ਜ਼ਰੂਰ ਦੇਖੋ ਸਿਰਫ ਇਥੇ ਕਲਿੱਕ ਕਰ ਕੇ
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।Saturday, October 1, 2022
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਾਣੀ ਲਈ ਸੰਘਰਸ਼
1st October 2022 at 01:36 PM
PSU-ਲਲਕਾਰ ਪੰਜਾਂ ਵਿੱਚੋਂ ਚਾਰ ਮੋਟਰਾਂ ਖਰਾਬ ਹੋਣ ਦਾ ਖੁਲਾਸਾ
ਪਟਿਆਲਾ: 1 ਅਕਤੂਬਰ 2022: (ਕਾਮਰੇਡ ਸਕਰੀਨ ਬਿਊਰੋ)::
ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਦੇ ਪਾਣੀਆਂ ਦੀ ਵੰਡ ਦਾ ਮਾਮਲਾ ਸਿਆਸੀ ਹੋ ਸਕਦਾ ਹੈ ਪਰ ਮੋਟਰਾਂ ਦੀ ਖਰਾਬੀ ਤਾਂ ਸ਼ੁੱਧ ਲਾਪਰਵਾਹੀ ਦਾ ਮਾਮਲਾ ਹੈ। ਇਸ ਖਰਾਬੀ ਕਾਰਨ ਹੁਣ ਯੂਨੀਵਰਸਿਟੀ ਵਿੱਚ ਵੀ ਪਾਣੀ ਦੀ ਕਮੀ ਸ਼ਿੱਦਤ ਨਾਲ ਮਹਿਸੂਸ ਹੋਣ ਲੱਗ ਪਈ ਹੈ। ਪਾਣੀ ਦੀ ਇਹ ਕਮੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਨਾਲ ਨਾਲ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਵੀ ਨਜ਼ਰ ਆਉਣ ਲੱਗ ਹੈ। ਜ਼ਿੰਦਗੀ ਲਈ ਬੇਹੱਦ ਲੁੜੀਂਦੇ ਪਾਣੀ ਦੀ ਇਸ ਗੈਰ ਸਿਆਸੀ ਮੰਗ ਲਈ ਵੀ ਖੱਬੇ ਪੱਖੀ ਵਿਚਾਰਾਂ ਵਾਲੀ ਜੱਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਅੱਗੇ ਆਈ ਹੈ। ਬਾਕੀ ਚੁੱਪ ਕਿਓਂ ਹਨ?
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਾਣੀ ਲਈ 5 ਮੋਟਰਾਂ ਹਨ ਜਿਹਨਾਂ ਚੋਂ 2 ਕੁਝ ਦਿਨ ਪਹਿਲਾਂ ਖਰਾਬ ਹੋ ਗਈਆਂ ਸਨ, ਉਹਨਾਂ ਦੀ ਸਮੇਂ ਸਿਰ ਮੁਰੰਮਤ ਨਾ ਕਰਵਾਉਣ ਕਰਕੇ ਅੱਜ 2 ਮੋਟਰਾਂ ਖਰਾਬ ਹੋ ਗਈਆਂ। 5 ਵਿੱਚੋਂ 4 ਮੋਟਰਾਂ ਖਰਾਬ ਹੋਣ ਕਰਕੇ ਹੋਸਟਲਾਂ ਸਮੇਤ ਪੂਰੀ ਯੂਨੀਵਰਸਿਟੀ ਵਿੱਚ ਪਾਣੀ ਬੰਦ ਹੋ ਗਿਆ। ਜਥੇਬੰਦੀ ਵੱਲੋਂ ਸਬੰਧਿਤ ਮੁਲਾਜ਼ਮਾਂ ਨਾਲ਼ ਗੱਲ ਕੀਤੀ ਗਈ ਕਿ *ਪੁਰਾਣੀਆਂ ਮੋਟਰਾਂ ਠੀਕ ਕਰਵਾਉਣ ਤੇ ਨਵੀਆਂ ਖਰੀਦਣ ਦਾ ਕੰਮ ਫਾਈਲਾਂ ਵਿੱਚ ਲਟਕ ਰਿਹਾ ਹੈ ਤੇ ਮੰਗਲਵਾਰ
ਤੱਕ ਹੀ ਪਾਣੀ ਬਹਾਲ ਹੋਵੇਗਾ।
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਵਾਈਸ ਚਾਂਸਲਰ ਦੇ ਘਰ ਦੇ ਬਾਹਰ ਧਰਨਾ ਲਾਇਆ ਗਿਆ ਜਿਸ ਵਿੱਚ ਵਾਈਸ ਚਾਂਸਲਰ ਨੇ ਮੰਨਿਆ ਕਿ ਜ਼ਰੂਰੀ ਸੇਵਾਵਾਂ ਦੇ ਕੰਮ ਇਉਂ ਫਾਈਲਾਂ ਵਿੱਚ ਉਲਝਣੇ ਪ੍ਰਸ਼ਾਸ਼ਨਿਕ ਨਲਾਇਕੀ ਹੈ। *ਵਿਦਿਆਰਥੀਆਂ ਦੇ ਦਬਾਅ ਸਦਕਾ ਯੂਨੀਵਰਸਿਟੀ ਅੱਜ 2 ਮੋਟਰਾਂ ਨਵੀਆਂ ਖਰੀਦ ਕੇ ਇੱਕ ਰਾਤ ਤੱਕ ਦੇ ਦੂਜੀ ਸਵੇਰ ਤੱਕ ਚਲਾਉਣ ਤੇ ਬਾਕੀ 2 ਪਰਸੋਂ ਤੱਕ ਠੀਕ ਕਰਵਾ ਕੇ ਚਲਾਉਣ ਦਾ ਭਰੋਸਾ ਦਿੱਤਾ ਗਿਆ ਹੈ।* ਇਉਂ ਜਿਹੜਾ ਕੰਮ ਫਾਈਲਾਂ ਵਿੱਚ ਕਈ ਦਿਨ ਲਟਕਣਾ ਸੀ ਉਹ ਵਿਦਿਆਰਥੀਆਂ ਦੇ ਸੰਘਰਸ਼ ਨਾਲ਼ ਕੁਝ ਘੰਟਿਆਂ ਵਿੱਚ ਹੀ ਪੂਰਾ ਹੋ ਰਿਹਾ ਹੈ। ਜਥੇਬੰਦੀ ਵੱਲੋਂ ਇਸ ਐਲਾਨ ਨਾਲ਼ ਧਰਨੇ ਦੀ ਸਮਾਪਤੀ ਕੀਤੀ ਗਈ ਕਿ ਜੇ ਨਵੀਆਂ ਮੋਟਰਾਂ ਤੁਰੰਤ ਖਰੀਦ ਕੇ ਚਲਾਉਣ ਦਾ ਵਾਅਦਾ ਪੂਰਾ ਨਾ ਕੀਤਾ ਗਿਆ ਤਾਂ ਕੱਲ੍ਹ ਯੂਨੀਵਰਸਿਟੀ ਪ੍ਰਸ਼ਾਸ਼ਨ ਵਿਦਿਆਰਥੀਆਂ ਦਾ ਹੋਰ ਵੀ ਤਿੱਖਾ ਰੋਸ ਝੱਲਣ ਲਈ ਤਿਆਰ ਰਹੇ।
ਹੁਣ ਦੇਖਣਾ ਹੈ ਕਿ ਹੋਰ ਕਿਹੜੇ ਕਿਹੜੇ ਸੰਗਠਨ ਇਸ ਮੁਹਿੰਮ ਵਿੱਚ ਖੁੱਲ੍ਹ ਕੇ ਸਾਹਮਣੇ ਆਉਂਦੇ ਹਨ?
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਇਸ ਮੁਹਿੰਮ ਨਾਲ ਜੁੜਨ ਜਾਂ ਇਸ ਸੰਬੰਧੀ ਹੋਰ ਜਾਣਕਾਰੀ ਲੈਣ ਲਈ ਸੰਪਰਕ ਨੰਬਰ ਹਨ ਇਸ ਪ੍ਰਕਾਰ ਹਨ: 73074-75463 ਅਤੇ 98887-89421
Sunday, September 18, 2022
28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਨ 'ਤੇ ਛੁੱਟੀ ਕਿਓਂ ਨਹੀਂ ਕੀਤੀ ਜਾ ਰਹੀ?
18th September 2022 at 04:39 PM
ਲੰਮੇ ਸੰਘਰਸ਼ਾਂ ਦੌਰਾਨ ਇਤਿਹਾਸਿਕ ਕਾਰਕਰਦਗੀ ਦਿਖਾਉਣ ਵਾਲੇ ਮੋਗਾ ਦੀ ਧਰਤੀ ਤੋਂ ਅੱਜ ਵੀ ਹੱਕ ਸੱਚ ਦੀ ਆਵਾਜ਼ ਲਗਾਤਾਰ ਬੁਲੰਦ ਹੁੰਦੀ ਰਹਿੰਦੀ ਹੈ। ਇਸ ਵਾਰ ਮੋਗਾ ਦੇ ਨੌਜਵਾਨਾਂ ਅਤੇ ਮੁਟਿਆਰਾਂ ਨੇ ਪੰਜਾਬ ਸਰਕਾਰ ਵੱਲੋਂ 28 ਸਤੰਬਰ ਨੂੰ ਛੁੱਟੀ ਨਾ ਕੀਤੇ ਜਾਣ ਦੀ ਸਖਤ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਸਰਕਾਰ ਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ।
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ, ਜ਼ਿਲ੍ਹਾ ਮੋਗਾ ਵੱਲੋਂ ਪਰਮਗੁਣੀ ਭਗਤ ਸਿੰਘ ਦੇ 116ਵੇਂ ਜਨਮ ਦਿਨ 'ਤੇ ਜਲੰਧਰ ਦੀ ਧਰਤੀ 'ਤੇ ਕੀਤੇ ਜਾ ਰਹੇ ਵਲੰਟੀਅਰ ਮਾਰਚ ਅਤੇ ਸੰਮੇਲਨ ਦੀ ਤਿਆਰੀ ਦੇ ਸਬੰਧ 'ਚ ਵਿਦਿਆਰਥੀ/ਨੌਜਵਾਨ ਵਲੰਟੀਅਰ ਟਰੇਨਿੰਗ ਕੈਂਪ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਿਲ੍ਹਾਂ ਆਗੂ ਸਵਰਾਜ ਖੋਸਾ ਅਤੇ ਸਰਵ ਭਾਰਤ ਨੌਜਵਾਨ ਸਭਾ ਦੇ ਜਿਲ੍ਹਾਂ ਪ੍ਰਧਾਨ ਜਗਵਿੰਦਰ ਕਾਕਾ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ, ਜਿਸ ਵਿੱਚ ਮੁੱਖ ਵਕਤਾ ਦੇ ਤੌਰ 'ਤੇ ਸਰਵ ਭਾਰਤ ਨੌਜਵਾਨ ਸਭਾ ਦੇ ਸਾਬਕੇ ਸੂਬਾ ਸਕੱਤਰ ਕੁਲਦੀਪ ਭੋਲਾ ਤੇ ਲੜਕੀਆਂ ਦੀ ਕੌਮੀ ਕਨਵੀਨਰ ਕਰਮਵੀਰ ਬੱਧਨੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਉਹਨਾਂ ਵਿਦਿਆਰਥੀਆਂ/ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਸਿੰਘ ਨੌਜਵਾਨਾਂ ਦਾ ਵਿਚਾਰਧਾਰਕ ਆਗੂ ਹੈ,ਉਸਦੇ ਜੀਵਨ ਤੋਂ ਪ੍ਰੇਰਨਾ ਲੈ ਜਵਾਨੀ ਸਮਾਜ ਨੂੰ ਬਦਲਣ ਲਈ ਕੰਮ ਕਰ ਰਹੀ ਹੈ । ਉਹਨਾਂ ਕਿਹਾ ਕਿ ਪੰਜਾਬ ਦੀਆਂ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਜਜ਼ਬਾਤੀ ਤੌਰ 'ਤੇ ਨੌਜਵਾਨਾਂ ਨੂੰ ਭਗਤ ਸਿੰਘ ਦੇ ਨਾਮ 'ਤੇ ਗੁੰਮਰਾਹ ਕਰ ਲੈਣ ਵਾਲੀ ਮੌਜੂਦਾ ਸਰਕਾਰ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਤੋਂ ਕੋਹਾਂ ਦੂਰ ਹੈ। ਪਬਲਿਕ ਸੈਕਟਰ ਤਬਾਹ ਹੋ ਰਹੇ ਹਨ ਤੇ ਨਿੱਜੀਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ । ਬੇਰੁਜ਼ਗਾਰੀ , ਆਤਮਹੱਤਿਆ, ਨਸ਼ੇ, ਮਾੜੀਆਂ ਸਿਹਤ ਸਹੂਲਤਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਉਸਦੇ ਨਕਲੀ ਪੈਰੋਕਾਰ ਹੋਣ ਦਾ ਗੁਮਰਾਹਕੁੰਨ ਪ੍ਰਚਾਰ ਕਰਨ ਵਾਲਾ ਮੁੱਖ ਮੰਤਰੀ ਭਗਤ ਸਿੰਘ ਦੇ ਜਨਮ ਦਿਨ 'ਤੇ ਸਰਕਾਰੀ ਛੁੱਟੀ ਦਾ ਐਲਾਨ ਕਰਨਾ ਵੀ ਜਰੂਰੀ ਨਹੀਂ ਸਮਝਦਾ। ਪਰ ਭਗਤ ਸਿੰਘ ਨੂੰ ਨਵੀਂ ਪੀੜ੍ਹੀ ਨਾਲ ਜਾਣੂ ਕਰਵਾਉਣ ਤੇ ਉਸਦਾ ਲਗਾਤਾਰ ਜਨਮ ਦਿਨ ਮਨਾਉਣ ਦੀ ਰਵਾਇਤ ਦੇਣ ਵਾਲੀਆਂ ਜੱਥੇਬੰਦੀਆਂ ਹੁਣ ਵੀ ਉਸੇ ਤਰਾਂ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਨੂੰ ਅੱਗੇ ਲੈ ਜਾਕੇ ਜਵਾਨੀ ਨੂੰ ਚੇਤਨ ਕਰਨ ਦਾ ਕੰਮ ਕਰ ਰਹੀਆਂ ਹਨ।
ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸਾਥੀਆਂ ਨੇ ਦੱਸਿਆ ਕਿ ਭਗਤ ਸਿੰਘ ਦਾ ਜਨਮ ਦਿਨ ਹਰ ਸਾਲ ਵਾਂਗ ਜਲੰਧਰ ਦੇਸ਼ਭਗਤ ਯਾਦਗਾਰ, ਜਲੰਧਰ ਵਿਖੇ ਉਸੇ ਸਾਨੋ ਸੌਕਤ ਨਾਲ ਮਨਾਇਆ ਜਾਵੇਗਾ। ਇਸ ਕੰਮ ਲਈ ਨੌਜਵਾਨ ਵਰਗ ਨੂੰ ਚੇਤਨ ਕਰਨ ਲਈ ਵੱਖ ਵੱਖ ਪਿੰਡਾਂ,ਸ਼ਹਿਰਾਂ, ਬਲਾਕਾਂ ਵਿਚ ਮੀਟਿੰਗਾਂ/ਵਲੰਟੀਅਰ ਟਰੇਨਿੰਗ ਕੈਂਪਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ 28 ਸਤੰਬਰ ਭਗਤ ਸਿੰਘ ਦੇ ਜਨਮ ਦਿਨ ਵਾਲੇ ਦਿਨ ਸਰਕਾਰੀ ਛੁੱਟੀ ਦਾ ਐਲਾਨ ਕਰੇ । ਜਿਸ ਨਾਲ ਨਵੇਂ ਮੁੰਡੇ ਕੁੜੀਆਂ ਨੂੰ ਭਗਤ ਸਿੰਘ ਦੇ ਜਨਮ ਦਿਨ ਰਾਹੀਂ ਭਗਤ ਸਿੰਘ ਨਾਲ ਜੋੜਿਆ ਜਾ ਸਕੇਗਾ ਤੇ ਜਵਾਨੀ ਨੂੰ ਨਿਰਾਸ਼ਾ ਵਿੱਚੋਂ ਕੱਢ ਕੇ ਨਵੀਆਂ ਉਮੀਦਾਂ ਤੇ ਨਵੇਂ ਰਾਹਾਂ ਰਾਹੀਂ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਸਿਰਜਿਆ ਜਾ ਸਕੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜੱਥੇਬੰਦੀ ਦੇ ਜਿਲ੍ਹਾਂ ਮੀਤ ਸਕੱਤਰ ਹਰਪ੍ਰੀਤ ਬਾਵਾ,ਲਖਵੀਰ ਸਿੰਘ ਰਾਜੂ,ਜਬਰਜੰਗ ਮਹੇਸਰੀ,ਸੁੱਖਾ ਮਹੇਸਰੀ, ਜਸਕਰਨ ਮੋਗਾ,ਰਵਿੰਦਰ ਕੌਰ ਚੋਟੀਆ, ਹਰਜੀਤ ਸਿੰਘ, ਗਗੜਾ ਮੋਗਾ,ਸੁਖਚੈਨ ਖੋਸਾ,ਗੁਰਮੀਤ ਮੋਗਾ, ਆਦਿ ਹਾਜ਼ਰ ਸਨ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।Sunday, September 11, 2022
ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ 'ਤੇ ਮੋਗਾ ਵਿੱਚੋਂ ਜਾਣਗੇ ਵਿਸ਼ਾਲ ਕਾਫ਼ਿਲੇ
Sunday 11th September 2022 at 04:12 PM
ਇਹ ਵਿਸ਼ਾਲ ਕਾਫ਼ਿਲੇ ਜਲੰਧਰ ਪੁੱਜਣਗੇ-ਕਰਮਵੀਰ ਬੱਧਨੀ/ਗੁਰਾਦਿੱਤਾ ਦੀਨਾ
![]() |
| ਕਰਮਵੀਰ ਬੱਧਨੀ |
ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਮੋਗਾ ਵਲੋਂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਇਕ ਵਿਸ਼ੇਸ਼ ਮੀਟਿੰਗ ਜਸਪ੍ਰੀਤ ਬੱਧਨੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਸਕੱਤਰ ਕੁਲਦੀਪ ਭੋਲਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਕੌਮੀ ਗਰਲਜ਼ ਕਨਵੀਨਰ ਕਰਮਵੀਰ ਬੱਧਨੀ ਵਿਸ਼ੇਸ਼ ਤੌਰ 'ਤੇ ਪਹੁੰਚੇ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਮਵੀਰ ਕੌਰ ਬੱਧਨੀ ਨੇ ਕਿਹਾ ਕਿ ਅੱਜ ਦੀ ਜਵਾਨੀ ਭਗਤ ਸਿੰਘ ਨੂੰ ਆਪਣਾ ਵਿਚਾਰਧਾਰਕ ਆਗੂ ਮੰਨਦੀ ਹੈ, ਭਗਤ ਸਿੰਘ ਜਵਾਨੀ ਦਾ ਹੀਰੋ ਹੈ ਪਰ ਕਾਰਪੋਰਟ ਘਰਾਣਿਆਂ ਪੱਖੀ ਲੋਕਾਂ ਵੱਲੋਂ ਭਗਤ ਸਿੰਘ ਦਾ ਅਕਸ ਵਿਗਾੜਨ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਪੰਜਾਬ ਦੀ ਦੇਸ਼ ਦੀ ਜਵਾਨੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਇਸੇ ਮਕਸਦ ਨੂੰ ਲੈ ਕੇ ਹਰ ਸਾਲ ਦੀ ਤਰ੍ਹਾਂ ਭਗਤ ਸਿੰਘ ਦਾ ਜਨਮ ਦਿਨ ਸ਼ਾਨੋ ਸ਼ੌਕਤ ਨਾਲ ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ। ਉਹ ਇਸ ਦਿਨ ਨੂੰ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ' ਬਨੇਗਾ ਪ੍ਰਾਪਤੀ ਸੰਕਲਪ ਦਿਵਸ ਵਜੋਂ ਮਨਾਉਦਿਆਂ' ਭਗਤ ਸਿੰਘ ਦੀ ਫੋਟੋ ਵਾਲੀਆਂ ਲਾਲ ਵਰਦੀਆਂ' ਪਹਿਨ ਕੇ ਜਲੰਧਰ ਦੀ ਧਰਤੀ ਅਤੇ ਬਜ਼ਾਰਾਂ ਵਿੱਚ ਵਲੰਟੀਅਰ ਸੰਮੇਲਨ ਵਿੱਚ ਮਾਰਚ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਇਸ ਵਲੰਟੀਅਰ ਸੰਮੇਲਨ ਅਤੇ ਮਾਰਚ ਦਾ ਮਕਸਦ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਦੀ ਪ੍ਰਾਪਤੀ ਲਈ ਬੇਰੁਜ਼ਗਾਰਾਂ ਦੀ ਲਾਮਬੰਦੀ ਕਰਨਾ ਹੈ।
ਸਾਥੀ ਕੁਲਦੀਪ ਭੋਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਇੱਕ ਪਾਸੇ ਸਰਕਾਰਾਂ ਰੁਜ਼ਗਾਰ ਦੇ ਵਾਅਦੇ ਕਰਦੀਆਂ ਹਨ ਉੱਥੇ ਦੂਜੇ ਪਾਸੇ 1158 ਅਧਿਆਪਕਾਂ ਦੀ ਨਿਯੁਕਤੀ ਤੇ ਰੋਕ ਲਾਉਣਾ ਉਨ੍ਹਾਂ ਦੀ ਰੁਜ਼ਗਾਰ ਪ੍ਰਤੀ ਸੁਹਿਰਦਗੀ ਨੂੰ ਸਪਸ਼ਟ ਕਰਦੀ ਹੈ।ਰਿਟਾਇਰ ਵਿਅਕਤੀਆਂ ਨੂੰ ਦੁਬਾਰਾ ਭਰਤੀ ਕਰਨ ਦੀ ਬਿਆਨਬਾਜ਼ੀ ਕਰਨਾ ਵੀ ਅੱਜ ਦੀ ਨੌਜਵਾਨੀ ਲਈ ਵੱਡਾ ਖ਼ਤਰਾ ਹੈ। ਸੋ ਅੱਜ ਲੋੜ ਹੈ ਕਿ ਭਗਤ ਸਿੰਘ ਦੀ ਵਿਚਾਰਧਾਰਾ ਇਨਕਲਾਬ ਦਾ ਅਸਲ ਮਤਲਬ ਅੱਜ ਦੀ ਨੌਜਵਾਨੀ ਨੂੰ ਸਮਝਾਇਆ ਜਾਵੇ ਤੇ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਦੇ ਮੁੱਦੇ ਤੇ ਜਲੰਧਰ ਵਿੱਚ ਭਗਤ ਸਿੰਘ ਦੇ ਜਨਮ ਦਿਨ ਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਇਕੱਤਰ ਕੀਤਾ ਜਾਵੇ। ਇਸ ਸੰਬੰਧੀ ਵਿਸਥਾਰ ਨਾਲ ਵਿਚਾਰਾਂ ਹੋਈਆਂ।
ਇਸ ਮੀਟਿੰਗ ਨੂੰ ਗੁਰਾਦਿੱਤਾ ਦੀਨਾ, ਜਿਲ੍ਹਾ ਸਕੱਤਰ ਨੇ ਸੰਬੋਧਨ ਕਰਦਿਆਂ ਆਏ ਆਗੂਆਂ ਨੂੰ ਵਿਸ਼ਵਾਸ਼ ਦਵਾਇਆ ਕਿ ਮੋਗੇ ਵਿੱਚੋਂ ਵੱਡੀ ਗਿਣਤੀ 'ਚ ਨੌਜਵਾਨ ਅਤੇ ਵਿਦਿਆਰਥੀ ਭਗਤ ਸਿੰਘ ਦੀ ਫੋਟੋ ਅਤੇ ਬਨੇਗਾ ਵਾਲੀਆਂ ਲਾਲ ਟੀ ਸ਼ਰਟਾਂ ਪਹਿਨ ਕੇ ਸ਼ਮੂਲੀਅਤ ਕਰਦੇ ਬਨੇਗਾ ਦੀ ਪ੍ਰਾਪਤੀ ਲਈ ਅਵਾਜ਼ ਬੁਲੰਦ ਕਰਨਗੇ ਅਤੇ ਨਾਲ ਦੀ ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕਰਨਗੇ। ਇਸ ਸਮੇਂ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ ਵੀ ਹਾਜ਼ਰ ਸਨ। ਵੱਖ ਵੱਖ ਬਲਾਕਾਂ ਵਿਚੋਂ ਵਿਦਿਆਰਥੀ ਆਗੂ ਬਲਕਰਨ ਲੋਹਟ,ਸਵਰਾਜ ਖੋਸਾ,ਹਰਪ੍ਰੀਤ ਨਿਹਾਲ ਸਿੰਘ ਵਾਲਾ, ਨਵਜੋਤ ਬਿਲਾਸਪੁਰ, ਕਿਰਨਦੀਪ ਬੱਧਨੀ, ਜੀਵਨ ਸਿੰਘ ਜੋਗੇਵਾਲਾ, ਲਖਵੀਰ ਸਿੰਘ, ਜਬਰਜੰਗ ਸਿੰਘ ਆਦਿ ਹਾਜ਼ਰ ਹੋਏ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।Friday, September 9, 2022
CPI ਦੇ ਸੂਬਾ ਸੰਮੇਲਨ ਨੇ ਫਾਸ਼ੀਵਾਦੀ ਸਰਕਾਰ ਨੂੰ ਹਟਾਉਣ ਦਾ ਸੱਦਾ ਦੁਹਰਾਇਆ
ਅਮਰਜੀਤ ਕੌਰ ਵੱਲੋਂ ਸੱਤਾ ਬਦਲੀ ਦੀਆਂ ਤਿਆਰੀਆਂ ਤੇਜ਼ ਕਰਨ ਦਾ ਸੱਦਾ
73 ਮੈਂਬਰੀ ਸੂਬਾ ਕੌਂਸਿਲ ਅਤੇ 9 ਮੈਂਬਰੀ ਕੰਟਰੋਲ ਕਮਿਸ਼ਨ ਦੀ ਵੀ ਨਵੀਂ ਚੋਣ
ਹੁਣ ਜਦੋਂ ਕਿ ਬੀਜੇਪੀ ਅਤੇ ਉਸਦੇ ਹਮਾਇਤੀ 2047 ਤੱਕ ਦੇ ਸੁਪਨਿਆਂ ਦੀ ਚਰਚਾ ਕਰ ਰਹੇ ਹਨ ਉਦੋਂ ਸੀਪੀਆਈ ਦੀ ਜੋਸ਼ੀਲੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਇਹਨਾਂ ਸੁਪਨਿਆਂ 'ਤੇ ਤਿੱਖਾ ਵਾਰ ਕਰਦਿਆਂ ਮੋਦੀ ਸਰਕਾਰ ਨੂੰ ਉਖਾੜ ਸੁੱਟਣ ਦਾ ਸੱਦਾ ਦਿੱਤਾ ਹੈ। ਕਾਮਰੇਡ ਅਮਰਜੀਤ ਕੌਰ ਨੇ ਇੱਕ ਵਾਰ ਫਿਰ ਇਸ ਮਕਸਦ ਲਈ ਤਿਆਰੀਆਂ ਹੋਰ ਤੇਜ਼ ਕਰਨ ਦਾ ਸੱਦਾ ਅਤੇ ਸੰਕਲਪ ਦੁਹਰਾਇਆ ਅਤੇ ਕਿਹਾ ਕਿ ਅਸੀਂ ਵਿਚ ਕੋਈ ਕਮੀ ਨਹੀਂ ਆਉਣ ਦਿਆਂਗੇ।
ਮੈਡਮ ਅਮਰਜੀਤ ਕੌਰ ਨੇ ਕਿਹਾ ਕਿ "ਖੱਬੀਆਂ ਅਤੇ ਜਮਹੂਰੀ ਧਿਰਾਂ ਦੀ ਫਾਸ਼ੀਵਾਦੀ ਤਾਕਤਾਂ ਨਾਲ ਆਰ-ਪਾਰ ਦੀ ਲੜਾਈ ਦਾ ਸਮਾਂ ਸਾਡੇ ਸਾਹਮਣੇ ਹੈ। ਜੇ ਫਾਸ਼ੀਵਾਦੀ ਪੂਰੀ ਵਿਰੋਧੀ ਧਿਰ ਨੂੰ ਖ਼ਤਮ ਕਰਨ ਦੇ ਘਿਨਾਉਣੇ ਕਾਰੇ ਲਈ ਸਰਗਰਮ ਹਨ ਤਾਂ ਸਾਨੂੰ ਖ਼ਤਰਨਾਕ ਹਕੂਮਤ ਨੂੰ ਗੱਦੀਓਂ ਲਾਹੁਣ ਲਈ ਪੂਰੀ ਤਰ੍ਹਾਂ ਤਿਆਰੀ ਕਰ ਲੈਣੀ ਚਾਹੀਦੀ ਹੈ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੋ ਦਿਨਾਂ ਪੰਜਾਬ ਸੂਬਾ ਕਾਨਫਰੰਸ ਵਿੱਚ ਨਿਗਰਾਨ ਵਜੋਂ ਸ਼ਾਮਲ ਹੋਈ ਸੀ ਪੀ ਆਈ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਕੀਤਾ। ਅੱਜ ਇਸ ਕਾਨਫਰੰਸ ਦਾ ਅੰਤਲਾ ਦਿਨ ਸੀ।
ਉਹਨਾਂ ਕਿਹਾ ਕਿ ਅੱਜ ਇਸ ਸੂਬਾ ਕਾਨਫਰੰਸ ਵਿੱਚੋਂ ਅਸੀਂ ਫਾਸ਼ੀਵਾਦ ਵਿਰੁੱਧ ਲੜਾਈ ਦੀ ਪੂਰੀ ਤਿਆਰੀ ਦਾ ਅਹਿਦ ਕਰਕੇ ਹੀ ਵਾਪਿਸ ਜਾਵਾਂਗੇ। ਉਹਨਾਂ ਕਿਹਾ ਕਿ ਭਾਰਤ ਦੇ ਲੋਕ ਜੋ ਖੱਬੀਆਂ ਧਿਰਾਂ ਤੋਂ ਆਸ ਰੱਖਦੇ ਹਨ, ਅਸੀਂ ਉਸ ‘ਤੇ ਪੂਰਾ ਉਤਰਨ ਲਈ ਪੂਰਾ ਵਾਹ ਲਾ ਦਿਆਂਗੇ। ਅਸੀਂ ਪੂਰੀ ਤਾਕਤ ਝੂਕ ਦਿਆਂਗੇ। ਉਹਨਾਂ ਕਿਹਾ ਕਿ ਖੱਬੀਆਂ ਧਿਰਾਂ ਦੀ ਏਕਤਾ ਤੇ ਤਾਕਤ ਕਿਸਾਨ ਅੰਦੋਲਨ ਦੌਰਾਨ ਸਿੱਧ ਹੋ ਚੁੱਕੀ ਹੈ। ਇਸ ਲਈ ਭਵਿੱਖ ਵਿੱਚ ਵੀ ਆਪਸੀ ਮਤਭੇਦ ਪਾਸੇ ਰੱਖ ਕੇ ਅੱਗੇ ਵਧਣ ਦੀ ਲੋੜ ਹੈ।
ਡੈਲੀਗੇਟ ਅਜਲਾਸ ਵਿੱਚ ਪੇਸ਼ ਕੀਤੀ ਗਈ ਰਿਪੋਰਟ ‘ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸਾਨੂੰ ਆਲੋਚਨਾ ਕਰਨ ਵੇਲੇ ਬੋਲੀ ਗਈ ਭਾਸ਼ਾ ਵਿੱਚ ਸੰਤੁਲਨ ਕਾਇਮ ਰੱਖਣਾ ਚਾਹੀਦਾ ਹੈ। ਉਹਨਾਂ ਡੈਲੀਗੇਟਾਂ ਵੱਲੋਂ ਕੀਤੀ ਗਈ ਆਲੋਚਨਾ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਅਸੀਂ ਇੱਕ ਪਰਵਾਰ ਹਾਂ। ਅਸੀਂ ਇੱਕ ਪਰਿਵਾਰ ਵਾਂਗ ਹੀ ਰਹੇ ਹਾਂ ਅਤੇ ਇੱਕ ਪਰਿਵਾਰ ਵਾਂਗ ਹੀ ਰਹਾਂਗੇ।
ਸੀ ਪੀ ਆਈ ਤੇ ਇਸ ਦੀਆਂ ਅਵਾਮੀ ਜਥੇਬੰਦੀਆਂ ਦੀ ਤਾਕਤ ਦੀ ਗੱਲ ਕਰਦਿਆਂ ਸਾਥੀ ਬਰਾੜ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਸੀ ਪੀ ਆਈ ਦੇ ਹੱਕਾਂ ਲਈ ਲੜਾਕੂ ਖਾਸੇ ਨੂੰ ਸਿੱਧ ਕਰ ਦਿੱਤਾ ਹੈ। ਇਸ ਖ਼ਾਸੇ ਨੇ ਹੁਣ ਫਿਰ ਕ੍ਰਿਸ਼ਮੇ ਦਿਖਾਉਣੇ ਹਨ। ਜ਼ਿਕਰਯੋਗ ਹੈ ਕਿ ਸੀਪੀਆਈ ਦੇ ਹਰ ਵਿੰਗ ਨਾਲ ਸਬੰਧਤ ਆਗੂ ਕਿਸਾਨ ਅੰਦੋਲਨ ਵੇਲੇ ਕਿਸਾਨ ਮੋਰਚੇ ਵਿਚ ਪਹੁੰਚਦੇ ਰਹੇ ਹਨ ਅਤੇ ਕਿਸਾਨਾਂ ਨੂੰ ਹੱਲਾਸ਼ੇਰੀ ਵੀ ਦੇਂਦੇ ਰਹੇ ਹਨ।
ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਸੂਬਾ ਕਾਨਫਰੰਸ ਦੇ ਦੂਜੇ ਦਿਨ (9 ਸਤੰਬਰ) ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਵੱਲੋਂ ਪੇਸ਼ ਕੀਤੀ ਰਿਪੋਰਟ ‘ਤੇ ਭਖਵੀਂ ਬਹਿਸ ਵੀ ਹੋਈ। ਇਸ ਬਹਿਸ ਵਿੱਚ 57 ਸਾਥੀਆਂ ਨੇ ਹਿੱਸਾ ਲਿਆ। ਇਸ ਦੌਰਾਨ 73 ਮੈਂਬਰ ਸੂਬਾ ਕੌਂਸਲ ਲਈ ਚੁਣੇ ਗਏ। ਇਨ੍ਹਾਂ ਤੋਂ ਇਲਾਵਾ ਕੰਟਰੋਲ ਕਮਿਸ਼ਨ ਦੇ 9 ਅਤੇ ਉਮੀਦਵਾਰ ਮੈਂਬਰਾਂ ਵਜੋਂ 7 ਮੈਂਬਰਾਂ ਦੀ ਚੋਣ ਕੀਤੀ ਗਈ। ਕਾਮਰੇਡ ਬਰਾੜ ਨੇ ਇਸ ਚੋਣ ਦੀ ਪ੍ਰਵਾਨਗੀ ਮੰਗੀ ਤਾਂ ਹਾਊਸ ਵੱਲੋਂ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਬਾਅਦ ਚੁਣੀ ਗਈ ਸੂਬਾ ਕੌਂਸਲ ਨੇ ਇੱਕ ਰਾਇ ਹੁੰਦਿਆਂ ਕਾਮਰੇਡ ਬੰਤ ਸਿੰਘ ਬਰਾੜ ਨੂੰ ਮੁੜ ਸੂਬਾ ਸਕੱਤਰ ਚੁਣ ਲਿਆ। ਇਸ ਐਲਾਨ ਨਾਲ ਸਾਰੇ ਹਾਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਕਿਓਂਕਿ ਬੰਤ ਬਰਾੜ ਲੋਕਾਂ ਨਾਲ ਜੁੜੇ ਹੋਏ ਲੀਡਰ ਹਨ। ਆਮ ਲੋਕਾਂ ਨਾਲ, ਆਪਣੇ ਕੇਦਰ ਨਾਲ ਫੁਟਪਠਾਣਾ ਅਤੇ ਸੜਕਾਂ 'ਤੇ ਤੁਰਨੋਂ ਵੀ ਕਦੇ ਗੁਰੇਜ਼ ਨਹੀਂ ਕਰਦੇ।
ਇਸੇ ਦੌਰਾਨ ਕਿਸਾਨ ਆਗੂ ਲਖਬੀਰ ਸਿੰਘ ਨਿਜ਼ਾਮਪੁਰਾ ਨੇ ਕਿਸਾਨੀ ਨਾਲ ਸੰਬੰਧਤ 10 ਮੰਗਾਂ ਵਾਲਾ ਮਤਾ ਪੇਸ਼ ਕੀਤਾ। ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਵੱਲੋਂ ਖੇਤ ਮਜ਼ਦੂਰਾਂ ਦੀ ਮੰਦੀ ਹਾਲਤ ਨੂੰ ਸੁਧਾਰਨ ਸੰਬੰਧੀ ਮਤਾ ਪੇਸ਼ ਕੀਤਾ। ਕਾਮਰੇਡ ਅਰੁਣ ਮਿੱਤਰਾ ਨੇ ਸਿਹਤ ਸਮੱਸਿਆਵਾਂ ਨੂੰ ਹੱਲ ਕਰਵਾਉਣ ਸੰਬੰਧੀ ਮਤਾ ਪੇਸ਼ ਕੀਤਾ। ਇਸ ਸੰਬੰਧੀ ਡਾਕਟਰ ਅਰੁਣ ਮਿੱਤਰਾ ਮੀਡੀਆ ਵਿਚ ਵੀ ਲੰਮੇ ਸਮੇਂ ਤੋਂ ਲਿਖਦੇ ਚਲੇ ਆ ਰਹੇ ਹਨ। ਇਹ ਸਾਰੇ ਮਤੇ ਕੁਝ ਵਾਧੇ ਅਤੇ ਸੋਧਾਂ ਸਮੇਤ ਹਾਊਸ ਵੱਲੋਂ ਪਾਸ ਕਰ ਦਿੱਤੇ ਗਏ।
ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਰਜਿੰਦਰਪਾਲ ਕੌਰ ਵੱਲੋਂ ਸ਼ੁਰੂ ਕਰਵਾਈ ਗਈ ਬਹਿਸ ਵਿੱਚ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਜਗਰੂਪ ਸਿੰਘ, ਸੁਖਜਿੰਦਰ ਮਹੇਸ਼ਰੀ, ਵਿੱਕੀ ਮਹੇਸ਼ਰੀ, ਚਰਨਜੀਤ ਛਾਂਗਾਰਾਏ, ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ੍ਹ, ਲਵਪ੍ਰੀਤ ਸਿੰਘ ਮਾੜੀਮੇਘਾ, ਚਰਨਜੀਤ ਥੰਮੂਵਾਲ, ਕੇਂਦਰੀ ਪੰਜਾਬ ਲੇਖਕ ਸਭਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਸੁਰਿੰਦਰ ਢੰਡੀਆਂ, ਰੁਪਿੰਦਰ ਕੌਰ ਮਾੜੀਮੇਘਾ, ਡੀ ਪੀ ਮੌੜ, ਕਾਮਰੇਡ ਪਰਮਜੀਤ ਢਾਬਾਂ, ਬਲਕਰਨ ਸਿੰਘ ਬਰਾੜ, ਕੁਲਦੀਪ ਸਿੰਘ ਭੋਲਾ, ਹਰਦੇਵ ਸਿੰਘ ਬਖਸ਼ੀਵਾਲਾ, ਕਰਮਵੀਰ ਕੌਰ ਬੱਧਨੀ, ਰਾਜ ਕੁਮਾਰ ਚੰਡੀਗੜ੍ਹ, ਸਿਮਰਤ ਕੌਰ ਫਤਿਹਗੜ੍ਹ ਸਾਹਿਬ, ਖੁਸ਼ੀਆ ਸਿੰਘ ਬਰਨਾਲਾ ਅਤੇ ਦਸਵਿੰਦਰ ਕੌਰ ਅੰਮਿ੍ਤਸਰ ਆਦਿ ਨੇ ਹਿੱਸਾ ਲਿਆ। ਦੂਸਰੇ ਦਿਨ ਦੀ ਕਾਨਫਰੰਸ ਦੇ ਆਗਾਜ਼ ਵਿੱਚ ਲੀਲਾ ਖਾਨ ਧੂਰੀ, ਨਿਰਮਲ ਸਿੰਘ ਬਟੜਿਆਣਾ ਅਤੇ ਕਾਮਰੇਡ ਚਰਨ ਸਿੰਘ ਤਰਨ ਤਾਰਨ ਨੇ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਕੀਤੀ। ਇਸ ਲੋਕ ਸੰਗੀਤ ਨੇ ਇਸ ਵਾਰ ਵੀ ਇਨਕਲਾਬੀ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਅਤੇ ਹਾਲ ਵਿਚ ਮੌਜੂਦ ਦਰਸ਼ਕਾਂ ਅਤੇ ਸਰੋਤਿਆਂ ਦੇ ਦਿਲਾਂ ਵਿਚ ਇੱਕ ਨਵਾਂ ਜੋਸ਼ ਭਰਿਆ। ਗੀਤ ਸੰਗੀਤ ਵਾਲੇ ਮਾਹੌਲ ਨੇ ਪੰਜਾਬ ਦੇ ਰੰਗ ਨੂੰ ਵੀ ਗੂਹੜਾ ਕੀਤਾ।
ਅੱਜ ਖਤਮ ਹੋਈ ਇਸ ਸੂਬਾ ਕਾਨਫਰੰਸ ਵਿੱਚ ਸੀ ਪੀ ਆਈ ਦੀ ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ, ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਕਾਮਰੇਡ ਕੁਸ਼ਲ ਭੌਰਾ, ਸੀ ਪੀ ਆਈ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਏਟਕ) ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ, ਪੰਜਾਬ ਇਸਤਰੀ ਸਭਾ ਦੀ ਜਾਇੰਟ ਸਕੱਤਰ ਨਰਿੰਦਰ ਕੌਰ ਸੋਹਲ, ਕਾਮਰੇਡ ਅਮਰਜੀਤ ਸਿੰਘ ਆਸਲ, "ਨਵਾਂ ਜ਼ਮਾਨਾ" ਦੇ ਸੰਪਾਦਕ ਚੰਦ ਫਤਿਹਪੁਰੀ, ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਐਡਵੋਕੇਟ ਗੁਰਮੀਤ ਸ਼ੁਗਲੀ, ਐਡਵੋਕੇਟ ਰਜਿੰਦਰ ਸਿੰਘ ਮੰਡ, ਕਾਮਰੇਡ ਸੰਤੋਸ਼ ਬਰਾੜ ਤੇ ਕਾਮਰੇਡ ਸਤਪਾਲ ਭਗਤ ਆਦਿ ਹਾਜ਼ਰ ਸਨ। ਇਹਨਾਂ ਨੇ ਪੰਜਾਬ ਭਰ ਵਿੱਚੋਂ ਆਏ ਡੈਲੀਗੇਟਾਂ ਦਾ ਸੁਆਗਤ ਵੀ ਕੀਤਾ ਅਤੇ ਆਪਣੀਆਂ ਡਿਊਟੀਆਂ ਵੀ ਨਿਭਾਈਆਂ।
ਇਹ ਵੀਡੀਓ ਤੁਸੀਂ ਇਥੇ ਕਲਿੱਕ ਕਰ ਕੇ ਵੀ ਦੇਖ ਸਕਦੇ ਹੋ
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।










