Thursday, January 19, 2023

ਅੰਧਵਿਸ਼ਵਾਸ ਵਾਲੇ ਸ਼ੋਸ਼ਣ ਦੇ ਖਿਲਾਫ ਤਰਕਸ਼ੀਲਾਂ ਵੱਲੋਂ ਸਰਗਰਮੀਆਂ ਹੋਰ ਤੇਜ਼

Thursday: 19th January 2023 at 1:30 PM

MLA ਗੁਰਪ੍ਰੀਤ ਗੋਗੀ ਅਤੇ ਜੀਵਨ ਸਿੰਘ ਸੰਗੋਵਾਲ ਨੂੰ ਵੀ ਦਿੱਤੇ ਮੰਗ ਪੱਤਰ 


ਲੁਧਿਆਣਾ
: 19 ਜਨਵਰੀ 2023:  (ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::

ਤਰਕਸ਼ੀਲ ਸੁਸਾਇਟੀ ਇੱਕ ਵਾਰ ਫਿਰ ਪੂਰੇ ਜੋਸ਼ੋ ਖਰੋਸ਼ ਨਾਲ ਮੈਦਾਨ ਵਿੱਚ ਹੈ। ਮਿੰਟਾਂ ਸਕਿੰਟਾਂ ਵਿੱਚ ਤੰਤਰ ਅਤੇ ਕਾਲੇ ਜਾਦੂ ਨਾਲ ਲੋਕਾਂ ਦੀਆਂ ਮੁਸੀਬਤਾਂ ਦੂਰ ਕਰਨ ਦੇ ਦਾਅਵਿਆਂ ਦੀ ਹਕੀਕਤ ਲੋਕਾਂ ਸਾਹਮਣੇ ਬੇਨਕਾਬ ਕਰਨ ਲਈ ਤਰਕਸ਼ੀਲ ਪਹਿਲਾਂ ਵੀ ਕਾਫੀ ਕੁਝ ਕਰ ਚੁੱਕੇ ਹਨ ਪਰ ਇਹ ਲੋਕ ਕਦੇ ਇਹਨਾਂ ਹਰਕਤਾਂ ਤੋਂ ਬਾਜ਼ ਨਹੀਂ ਆਏ। ਕਾਨੂੰਨ ਵੀ ਇਹਨਾਂ ਨੂੰ ਰੋਕਣ ਲਈ ਸਰਗਰਮ ਨਹੀਂ ਹੁੰਦਾ। ਲੰਮੇ ਚੌੜੇ ਇਸ਼ਤਿਹਾਰ ਦੇ ਕੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਲੋਕ ਮਿੰਟਾਂ ਅਤੇ ਘੰਟਿਆਂ ਵਿੱਚ ਲੋਕਾਂ ਨੂੰ ਮੁਸੀਬਤਾਂ ਤੋਂ ਛੁਟਕਾਰਾ ਦੁਆ ਸਕਦੇ ਹਨ। ਇਹਨਾਂ ਝੂਠੇ ਲਾਰਿਆਂ ਨਾਲ ਇਹ ਸਮਾਜ ਵਿਰੋਧੀ ਅਨਸਰ ਉਪਾਵਾਂ ਦੇ ਨਾਂਅ ਹੇਠ ਲੋਕਾਂ ਦਾ ਆਰਥਿਕ ਸ਼ੋਸ਼ਣ ਕਰਦੇ ਹਨ। ਤਰਕਸ਼ੀਲ ਸੋਸਾਇਟੀ  “ਪੰਜਾਬ ਕਾਲਾ ਜਾਦੂ ਮੰਤਰ ਅਤੇ ਅੰਧਵਿਸ਼ਵਾਸ ਰੋਕੂ ਕਾਨੂੰਨ” ਬਣਾਉਣ ਹਿੱਤ ਵੱਖ ਵੱਖ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੀ ਮੁਹਿੰਮ ਚਲਾ ਰਹੀ ਹੈ। 

ਜ਼ਿਕਰਯੋਗ ਹੈ ਕਿ ਅੱਜ ਦੇ ਇਸ ਆਧੁਨਿਕ ਸਮਾਜ ਵਿੱਚ ਵਿੱਦਿਆਂ ਦੀਆਂ ਬਹੁਤ ਸਾਰੀਆਂ ਸਿਖਰਾਂ ਸਰ ਕਰ ਲੈਣ ਦੇ ਬਾਵਜੂਦ ਅਜੇ ਵੀ ਲੋਕਾਂ ਦਾ ਵੱਡਾ ਹਿੱਸਾ ਅੰਧਵਿਸ਼ਵਾਸ ਰਹਿਣ ਹੁੰਦੇ ਸ਼ੋਸ਼ਣ ਦਾ ਸ਼ਿਕਾਰ ਹੈ। ਪੜ੍ਹੇ ਲੋਈਖੇ ਇੰਜੀਨੀਅਰ ਬਿੱਲੀ  ਦੇ ਰਸਤਾ ਕਟ ਜਾਣ  'ਤੇ ਰੁਕ ਜਾਂਦੇ ਹਨ ਜਾਂ ਰਸਤਾ ਬਦਲ ਲੈਂਦੇ ਹਨ। ਪੜ੍ਹੇ ਲਿਖੇ ਡਾਕਟਰ ਘਰੋਂ ਤੁਰਨ ਲੱਗਿਆਂ ਨਿੱਛ ਆ ਜਾਣ ਤੇ ਦੋ ਮਿੰਟ ਰੁਕਣ ਦੀ ਗੱਲ ਸੋਚਣ ਲੱਗ ਪੈਂਦੇ ਹਨ। ਜੇ ਆਧੁਨਿਕ ਪੜ੍ਹਾਈ ਲਿਖਾਈ ਦੇ ਬਾਵਜੂਦ ਇਹ ਹਾਲ ਹੈ ਤਾਂ ਉਹਨਾਂ ਵਿਚਾਰਿਆਂ ਦਾ ਕੀ ਬੰਦਾ ਹੋਵੇਗਾ ਜਿਹੜੇ ਪੜ੍ਹਨ ਲਿਖਣ ਤੋਂ ਵੀ ਵਾਂਝੇ ਰਹੀ ਗਏ। ਇਹਨਾਂ ਲੋਕਾਂ ਦਾ ਸ਼ੋਸ਼ਣ ਕੁਝ ਅਖੌਤੀ  ਬਾਬੇ ਪੂਰੇ ਜੋਰਸ਼ੋਰ ਨਾਲ ਕਰਦੇ ਹਨ। ਮਿੰਟਾਂ ਸਕਿੰਟਾਂ ਅਤੇ ਨਿਸਚਿਤ ਘੰਟਿਆਂ ਦੇ ਅੰਦਰ ਅੰਦਰ ਅਨਹੋਣੀਆਂ ਕਰਨ ਦਾ ਚਮਤਕਾਰ ਦਿਖਾਉਣ ਦੇ ਇਸ਼ਤਿਹਾਰ ਵੱਧ ਚੜ੍ਹ ਕੇ ਕੀਤੇ ਜਾਂਦੇ ਹਨ। 

ਇਸ ਸ਼ੋਸ਼ਣ ਦੇ ਖਿਲਾਫ ਕਈ ਵਾਰ ਪੁਲਿਸ ਕੋਲ ਵੀ ਸ਼ਿਕਾਇਤਾਂ ਆਉਂਦੀਆਂ ਹਨ ਅਤੇ ਪੁਲਿਸ ਕਾਰਵਾਈ ਵੀ ਕਰਦੀ ਹੈ ਪਰ ਅਜੇ ਵੀ ਪੁਲਿਸ ਅਤੇ ਕਾਨੂੰਨ ਕੋਲ ਲੁੜੀਂਦੀਆਂ ਤਾਕਤਾਂ ਨਹੀਂ ਹਨ। ਸਮਾਜ ਦਾ ਵੱਡਾ ਹਿੱਸਾ ਅਜੇ ਵੀ ਇਹਨਾਂ ਚਮਤਕਾਰੀ ਬਾਬਿਆਂ ਅਤੇ ਸਾਧਾਂ ਨੂੰ ਬੜੇ ਹੀ ਭੈਅ ਭੀਤ ਕਰਨ ਵਾਲੇ ਡਰ ਦੀ ਭਾਵਨਾ ਨਾਲ ਦੇਖਦਾ ਹੈ। ਖੁਦ ਨੂੰ ਰੱਬ ਵਾਂਗ ਅਖਵਾਉਂਦੇ ਇਹਨਾਂ ਲੋਕਾਂ ਨੇ ਕਿਰਤੀਆਂ ਦੀ ਕਿਰਤ ਤੇ ਲੰਮੇ ਸਮੇਂ ਤੋਂ ਡਾਕਾ ਮਾਰਿਆ ਹੋਇਆ ਹੈ।  ਇਸ ਸਾਰੇ ਵਰਤਾਰੇ ਵਿਰੁੱਧ ਲੰਮੇ ਸਮੇਂ ਤੋਂ ਸਰਗਰਮ ਤਰਕਸ਼ੀਲ ਸੰਗਠਨ ਕੁਝ ਨਾ ਕੁਝ ਸਰਗਰਮੀ ਕਰਦੇ ਰਹਿੰਦੇ ਹਨ। ਹੁਣ ਇਹਨਾਂ ਤਰਕਸ਼ੀਲਾਂ ਨੇ ਵੱਖ ਵੱਖ ਵਿਧਾਇਕਾਂ ਨੂੰ ਮਿਲ ਕੇ ਮੰਗ ਪੱਤਰ ਦੇਣ ਦਾ ਸਿਲਸਿਲਾ ਅੰਭਿਆ ਹੈ ਤਾਂਕਿ ਇਸ ਸੰਬੰਧੀ ਲੁੜੀਂਦੇ ਕਾਨੂੰਨ ਬਣਾਏ ਵੀ ਜਾ ਸਕਣ ਅਤੇ ਲਾਗੂ ਵੀ ਕਰਵਾਏ  ਜਾ ਸਕਣ। ਤਰਕਸ਼ੀਲ ਵਫਦਾਂ ਨੇ ਐਮ ਐਲੇ ਗੁਰਪ੍ਰੀਤ ਸਿੰਘ ਗੋਗੀ ਅਤੇ ਜੀਵਨ ਸਿੰਘ ਸੰਗੋਵਾਲ ਨਾਲ ਵੀ ਮੁਲਾਕਾਤਾਂ ਕੀਤੀਆਂ। 

ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੂਬੇ ਭਰ ਵਿੱਚ ਅੰਧਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਸੰਬੰਧੀ ਚਲਾਈ ਜਾ ਰਹੀ ਮੁਹਿੰਮ ਦੀ  ਅੱਜ ਤਰਕਸ਼ੀਲ ਸੁਸਾਇਟੀ ਦੀ ਲੁਧਿਆਣਾ ਇਕਾਈ ਜ਼ੋਰਸ਼ੋਰ ਨਾਲ ਚਲਾ ਰਹੀ ਹੈ।  ਤਰਕਸ਼ੀਲ ਸੁਸਾਇਟੀ ਵੱਲੋਂ ਇਸ ਕਾਨੂੰਨ ਸੰਬੰਧੀ ਪੇਸ਼ ਕੀਤੇ ਖਰੜੇ ਅਨੁਸਾਰ , ਪੰਜਾਬ ਵਿਧਾਨ ਸਭਾ ਵਿੱਚ ਪਾਸ ਕਰਕੇ ਇੱਕ ਕਾਨੂੰਨ ਵਜੋਂ ਲਾਗੂ ਕਰਨ ਲਈ ਕੀਤੀ ਅਪੀਲ ਨੂੰ ਲੁਧਿਆਣਾ ਪੱਛਮੀ ਹਲਕਾ ਦੇ ਐਮ ਐਲ ਏ ਗੁਰਪ੍ਰੀਤ ਗੋਗੀ ਨੇ ਉਤਸ਼ਾਹ ਜਨਕ ਹੁੰਗਾਰਾ ਭਰਿਆ। 

ਤਰਕਸ਼ੀਲ ਵਫ਼ਦ ਵਿੱਚ ਲੁਧਿਆਣਾ ਦੇ ਜ਼ੋਨ ਮੁੱਖੀ ਜਸਵੰਤ ਜੀਰਖ, ਇਕਾਈ ਮੁੱਖੀ ਬਲਵਿੰਦਰ ਸਿੰਘ, ਵਿੱਤ ਮੁੱਖੀ ਧਰਮਪਾਲ ਸਿੰਘ ਅਤੇ ਕਰਤਾਰ ਸਿੰਘ ਸ਼ਾਮਲ ਸਨ। ਤਰਕਸ਼ੀਲ ਵਫ਼ਦ ਵੱਲੋਂ ਐਮ ਐਲ ਏ ਗੁਰਪ੍ਰੀਤ ਗੋਗੀ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਕਾਨੂੰਨ ਮਹਾਰਾਸ਼ਟਰ ,ਕਰਨਾਟਕਾ, ਛੱਤੀਸਗੜ੍ਹ ਆਦਿ ਦੀਆਂ ਸਰਕਾਰਾਂ ਵੱਲੋਂ ਇਸ ਕਾਨੂੰਨ ਸਬੰਧੀ ਆਪਣੀ ਸੰਵਿਧਾਨਿਕ ਜ਼ੁੰਮੇਵਾਰੀ ਨਿਭਾਉਂਦਿਆਂ, ਲਾਗੂ ਕੀਤਾ ਹੋਇਆ ਹੈ। ਭਾਵੇਂ ਪੰਜਾਬ ਵਿਧਾਨ ਸਭਾ ਵਿੱਚ ਵੀ 2018 ਅਤੇ 2019 ਵਿੱਚ ਇਸ ਬਾਰੇ ਚਰਚਾ ਤਾਂ ਹੋਈ, ਪਰ ਅਜੇ ਤੱਕ ਲਾਗੂ ਨਹੀਂ ਹੋਇਆ ਜਿਸ ਸੰਬੰਧੀ ਵਿਧਾਨ ਸਭਾ ਦੀਆਂ ਕਾਰਵਾਈਆਂ ਵੀ ਸ੍ਰੀ ਗੋਗੀ ਜੀ ਨੂੰ ਮੰਗ ਪੱਤਰ ਸਮੇਤ ਸੌਂਪੀਆਂ ਗਈਆਂ। 

ਤਰਕਸ਼ੀਲ ਆਗੂਆਂ ਨੇ ਕਿਹਾ ਪੰਜਾਬ ਵਿੱਚ ਭੋਲ਼ੇ ਭਾਲੇ ਲੋਕਾਂ ਨੂੰ ਅਖੌਤੀ ਕਰਾਮਾਤੀ ਬਾਬਿਆਂ, ਜੋਤਸ਼ੀਆਂ, ਤਾਂਤਰਿਕਾਂ ਆਦਿ ਦੀ ਲੁੱਟ ਤੋਂ ਛੁਟਕਾਰਾ ਦਿਵਾਉਣ ਲਈ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਨੂੰ ਕਾਨੂੰਨੀ ਮਾਨਤਾ ਦੇ ਕੇ ਲਾਗੂ ਕੀਤਾ ਜਾਵੇ। ਸ੍ਰੀ ਗੋਗੀ ਨੇ ਸਾਰੀ ਵਾਰਤਾ ਸਮਝਦਿਆਂ ਬਹੁਤ ਹੀ ਉਤਸ਼ਾਹ ਵਿਖਾਉਂਦਿਆਂ ਕਿਹਾ ਕਿ ਇਹ ਕਾਨੂੰਨ ਬਣਨਾ ਬਹੁੱਤ ਜ਼ਰੂਰੀ ਹੈ, ਮੈਂ ਵਿਧਾਨ ਸਭਾ ਵਿੱਚ ਇਸ ਸਬੰਧੀ ਕਾਨੂੰਨ ਬਣਾਉਣ ਲਈ ਜ਼ੋਰਦਾਰ ਆਵਾਜ਼ ਉਠਾਵਾਂਗਾ।

ਇਸੇ ਮੁਹਿੰਮ ਅਧੀਨ ਤਰਕਸ਼ੀਲ ਸੁਸਾਇਟੀ ਵੱਲੋਂ ਵਿੱਢੀ ਮੁਹਿੰਮ ਤਹਿਤ ਐਮ ਐਲ ਏ (ਹਲਕਾ ਗਿੱਲ) ਜੀਵਨ ਸਿੰਘ ਸੰਗੋਵਾਲ ਨੂੰ ਵੀ ਮੰਗ ਪੱਤਰ ਦਿੱਤਾ ਗਿਆ। ਪੰਜਾਬ ਵਿੱਚ ਅੰਧਵਿਸ਼ਵਾਸ ਫੈਲਾਉਣ ਵਾਲਿਆਂ ਵਿਰੁੱਧ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੂਬੇ ਭਰ ਵਿੱਚ ਅੰਧਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਸੰਬੰਧੀ ਚਲਾਈ ਜਾ ਰਹੀ ਮੁਹਿੰਮ ਦੌਰਾਨ, ਅੱਜ ਸੁਸਾਇਟੀ ਦੀ ਲੁਧਿਆਣਾ ਇਕਾਈ ਨੇ ਸ. ਜੀਵਨ ਸਿੰਘ ਸੰਗੋਵਾਲ ਐਮ ਐਲ ਏ (ਹਲਕਾ ਗਿੱਲ ਲੁਧਿਆਣਾ) ਨੂੰ ਇਸ ਕਾਨੂੰਨ ਸੰਬੰਧੀ ਪੇਸ਼ ਕੀਤਾ ਖਰੜਾ ਪੰਜਾਬ ਵਿਧਾਨ ਸਭਾ ਵਿੱਚ ਪਾਸ ਕਰਕੇ, ਇੱਕ ਕਾਨੂੰਨ ਵਜੋਂ ਲਾਗੂ ਕਰਨ ਲਈ ਮੰਗ ਪੱਤਰ ਦਿੱਤਾ। ਐਮ ਐਲ ਏ ਜੀਵਨ ਸਿੰਘ ਸੰਗੋਵਾਲ ਵੱਲੋਂ ਉਤਸ਼ਾਹਿਤ ਹੁੰਗਾਰਾ ਭਰਦਿਆਂ ਵਿਧਾਨ ਸਭਾ ਇਜਲਾਸ ਵਿੱਚ ਇਸ ਬਾਰੇ ਆਵਾਜ਼ ਉਠਾਉਣ ਦਾ ਭਰੋਸਾ ਦਿੱਤਾ ਅਤੇ ਸਾਰਾ ਮੁੱਦਾ ਪੂਰੇ ਵੇਰਵੇ ਨਾਲ ਸਮਝਾਇਆ। 

ਤਰਕਸ਼ੀਲ ਸੁਸਾਇਟੀ ਦੇ ਵਫ਼ਦ ਵਿੱਚ ਲੁਧਿਆਣਾ ਦੇ ਜ਼ੋਨ ਮੁੱਖੀ ਜਸਵੰਤ ਜੀਰਖ, ਇਕਾਈ ਮੁੱਖੀ ਬਲਵਿੰਦਰ ਸਿੰਘ, ਕਰਤਾਰ ਸਿੰਘ ਅਤੇ ਪ੍ਰਮਜੀਤ ਸਿੰਘ ਸ਼ਾਮਲ ਸਨ। ਤਰਕਸ਼ੀਲ ਵਫ਼ਦ ਵੱਲੋਂ ਐਮ ਐਲ ਏ ਜੀਵਨ ਸਿੰਘ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਕਾਨੂੰਨ ਮਹਾਰਾਸ਼ਟਰ ,ਕਰਨਾਟਕਾ, ਛੱਤੀਸਗੜ੍ਹ ਆਦਿ ਦੀਆਂ ਸਰਕਾਰਾਂ ਵੱਲੋਂ ਆਪਣੀ ਸੰਵਿਧਾਨਿਕ ਜ਼ੁੰਮੇਵਾਰੀ ਨਿਭਾਉਂਦਿਆਂ , ਲਾਗੂ ਕੀਤਾ ਹੋਇਆ ਹੈ ।ਭਾਵੇਂ ਪੰਜਾਬ ਵਿਧਾਨ ਸਭਾ ਵਿੱਚ ਵੀ 2018 ਅਤੇ 2019 ਵਿੱਚ ਇਸ ਬਾਰੇ ਚਰਚਾ ਤਾਂ ਹੋਈ , ਪਰ ਅਜੇ ਤੱਕ ਲਾਗੂ ਨਹੀਂ ਹੋਇਆ , ਜਿਸ ਸੰਬੰਧੀ ਵਿਧਾਨ ਸਭਾ ਦੀਆਂ ਕਾਰਵਾਈਆਂ ਵੀ ਐਮ ਐਲ ਏ ਜੀ ਨੂੰ ਮੰਗ ਪੱਤਰ ਸਮੇਤ ਸੌਂਪੀਆਂ ਗਈਆਂ।ਤਰਕਸ਼ੀਲ ਆਗੂਆਂ ਨੇ ਕਿਹਾ ਪੰਜਾਬ ਵਿੱਚ ਭੋਲ਼ੇ ਭਾਲੇ ਲੋਕਾਂ ਨੂੰ ਅਖੌਤੀ ਕਰਾਮਾਤੀ ਬਾਬਿਆਂ, ਜੋਤਸ਼ੀਆਂ, ਤਾਂਤਰਿਕਾਂ ਅਤੇ ਚੇਲਿਆਂ ਆਦਿ ਦੀ ਲੁੱਟ ਤੋਂ ਛੁਟਕਾਰਾ ਦਿਵਾਉਣ , ਪਰਿਵਾਰਾਂ ਦੀ ਹੁੰਦੀ ਬਰਬਾਦੀ ਅਤੇ ਅੰਧਵਿਸ਼ਵਾਸ ਫੈਲਣੋਂ ਰੋਕਣ ਲਈ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਨੂੰ ਕਾਨੂੰਨੀ ਮਾਨਤਾ ਦੇ ਕੇ ਲਾਗੂ ਕੀਤਾ ਜਾਵੇ। ਉਹਨਾਂ  ਸਾਰੀ ਵਾਰਤਾ ਸਮਝਦਿਆਂ ਇਸ ਸੰਬੰਧੀ ਵਿਧਾਨ ਸਭਾ ਵਿੱਚ ਕਾਨੂੰਨ ਬਣਾਉਣ ਲਈ ਜ਼ੋਰਦਾਰ ਆਵਾਜ਼ ਉਠਾਉਣ ਲਈ ਉਤਸ਼ਾਹ ਜਨਕ ਸਹਿਮਤੀ ਪ੍ਰਗਟਾਈ।

ਹੁਣ ਦੇਖਣਾ ਹੈ ਕਿ ਜਿਸ ਸਮਾਜ ਵਿੱਚ ਖੁਦ ਸਿਆਸੀ ਆਗੂ ਇਹਨਾਂ ਬਾਬਿਆਂ ਅਤੇ ਡੇਰਿਆਂ ਤੋਂ ਅਸ਼ੀਰਵਾਦ ਲੈ ਕੇ ਚੋਣਾਂ ਲੜਦੇ ਹੋਣ ਜਾਂ ਅਹੁਦਾ ਸੰਭਾਲਦੇ ਹੋਣ ਉਹਨਾਂ ਕੋਲੋਂ ਇਸ ਸਬੰਧੀ ਕੀ ਆਸ ਰੱਖੀ ਜਾ ਸਕਦੀ ਹੈ? ਕੀ ਲੋਕਾਂ ਦੀ ਲਾਮਬੰਦੀ ਬਿਨਾ ਸਿਰਫ ਕਾਨੂੰਨ ਨਾਲ ਇਹ ਮਸਲਾ ਹੱਲ ਹੋ ਸਕੇਗਾ? ਅਜਿਹੇ ਸੁਆਲਾਂ ਦੇ ਜੁਆਬ ਨੇੜ ਭਵਿੱਖ ਵਿੱਚ ਹੀ ਨਜ਼ਰ ਆ ਜਾਣੇ ਹਨ। ਹਵਨ ਅਤੇ ਤੰਤਰਾਂ ਮੰਤਰਾਂ ਦੀਆਂ ਸਾਧਨਾਵਾਂ ਨੂੰ ਪੂਰੇ ਮਨੋਯੋਗ ਨਾਲ ਪੂਰੀਆਂ ਕਰਨਬ ਵਾਲੇ ਪ੍ਰਮੁੱਖ ਸਿਆਸੀ ਆਗੂ ਤਰਕਸ਼ੀਲਾਂ ਦੀ ਗੱਲ ਕਿੰਨੀ ਕੁ ਮੰਨਣਗੇ ਇਸਦਾ ਪਤਾ ਸਮਾਂ ਆਉਣ 'ਤੇ ਵੀ ਲੱਗੇਗਾ ਪਰ ਤਰਕਸ਼ੀਲਾਂ ਨੂੰ ਇਸ ਸੰਬੰਧੀ ਵੀ ਤਰਕ ਨਾਲ ਸੋਚਣਾ ਹੀ ਚਾਹੀਦਾ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Monday, January 9, 2023

ਮਾਰਕਸ ਦੇ ਸ਼ੇਰ ਵਰਗੇ ਸਿਰ ਦੀ ਗੱਲ ਕਰਨ ਵਾਲੇ ਪਾਸ਼ ਨੂੰ ਯਾਦ ਕਰਦਿਆਂ

ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ!

ਜੀਟੀ ਰੋਡ: 5 ਜਨਵਰੀ 2023:( ਰੈਕਟਰ ਕਥੂਰੀਆ//ਸਾਹਿਤ ਸਕਰੀਨ):: 

ਮੌਤ ਅਤੇ ਮੌਤ ਵਰਗੀਆਂ ਸਥਿਤੀਆਂ ਦੀ ਕਲਪਨਾ, ਮੌਤ ਦਾ ਅੰਦਾਜ਼ਾ, ਮੌਤ ਮਗਰੋਂ ਹੋਣ ਵਾਲੀਆਂ ਅਨਹੋਣੀਆਂ ਅਤੇ ਹੋਣੀਆਂ ਦਾ ਅਨੁਮਾਨ--ਜਾਂ ਲੰਮੀ ਤਪਸਿਆ ਵਾਲੇ ਸਾਧਕ ਕਰ ਸਕਦੇ ਹਨ ਜਾਂ ਫਿਰ ਸ਼ਾਇਰ। ਹਰ ਰੋਜ਼, ਹਰ ਪਾਲ ਮਰਦੀਆਂ ਹੋਈਆਂ ਖਾਹਿਸ਼ਾਂ, ਟੁੱਟਦੇ ਹੋਏ ਸੁਪਨਿਆਂ ਨੂੰ ਨੰਗੀਆਂ ਅੱਖਾਂ ਨਾਲ ਦੇਖਣਾ ਪਰ ਇਸਦੇ ਬਾਵਜੂਦ ਆਪਣੇ ਆਪ ਨੂੰ ਹੌਂਸਲੇ ਵਿਚ ਰੱਖਣਾ ਕੋਈ ਸੌਖਾ ਨਹੀਂ ਹੁੰਦਾ। ਫਾਂਸੀ ਦੇ ਤਖਤੇ ਤੇ ਖੜੋ ਕੇ ਅੰਮ੍ਰਿਤ ਦਾ ਪਿਆਲਾ ਪੀਣ ਦੀ ਹਿੰਮਤ ਅਤੇ ਜਾਚ ਵੀ ਵਿਰਲਿਆਂ ਨੂੰ ਹੀ ਆਉਂਦੀ ਹੈ। ਪਾਸ਼ ਦੀਆਂ ਇਹਨਾਂ ਕਾਵਿ ਸਤਰਾਂ ਨੂੰ ਜ਼ਰਾ ਦਿਲ ਲਗਾ ਕੇ ਪੜ੍ਹੋ। ਫਿਰ ਆਪਣੇ ਦਿਲ ਤੋਂ ਵੀ ਪੁੱਛਿਆ ਅਤੇ ਆਲੇ ਦੁਆਲੇ ਵਾਲੇ ਸਰਗਰਮ ਸਾਥੀਆਂ ਤੋਂ ਵੀ ਕਿ ਕਿੰਨਿਆਂ ਕੁ ਨੇ ਇਹਨਾਂ ਅਹਿਸਾਸਾਂ ਨੂੰ ਸਮਝਿਆ--ਪਾਸ਼ ਨੇ ਲਿਖਿਆ ਸੀ:

ਮੇਰੇ ਯਾਰੋ, ਆਪਣੀ ਕੱਲੇ ਜੀਣ ਦੀ ਖਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ

ਜੋ ਹਰ ਘੜੀ ਘਸੀ ਜਾ ਰਹੀ ਹੇ

ਪਾਸ਼ ਤੋਂ ਬਾਅਦ ਕਿਸ ਨੇ ਕੀਤਾ ਇਸ ਕਵਿਤਾ ਦੀਆਂ ਅਗਲੀਆਂ ਸਤਰਾਂ ਵਿਚਲੇ ਦਰਦ ਦਾ ਅਹਿਸਾਸ ਕਿ ਹੋਣੀ ਇਹੀ ਹੋਣ ਵਾਲੀ ਹੈ---!ਕਿਸ ਨੂੰ ਸੀ ਇਹਨਾਂ ਖਦਸ਼ਿਆਂ ਦੇ ਸੱਚ ਨਿਕਲਣ ਦਾ ਦਰਦ--?

ਨਾ ਇਸ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ

ਨਾ
ਔਖੇ ਵੇਲਿਆਂ ਵਿਚ ਰਕਮ ਬਣਨਾ ਹੈ

ਪਾਸ਼ ਦੀ ਕਵਿਤਾ ਵਿਚਲੇ ਸੰਸੇ ਹਲੂਣਦੇ ਵੀ ਹਨ ਅਤੇ ਸੁਆਲ ਵੀ ਖੜੇ ਕਰਦੇ ਹਨ---

ਮੇਰੇ ਯਾਰੋ ਸਾਡੇ ਵਕਤ ਦਾ ਇਤਿਹਾਸ

ਬੱਸ ਏਨਾ ਨਾ ਰਹਿ ਜਾਵੇ

ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ

ਜੀਣਾ ਸਮਝ ਬੈਠੇ ਸਾਂ

ਕਿ ਸਾਡੇ ਸਮੇਂ ਘੜੀਆਂ ਨਾਲ ਨਹੀਂ

ਹੱਡਾਂ ਦੇ ਖੁਰਨ ਨਾਲ ਮਿਣੇ ਗਏ

ਨਕਸਲਬਾੜੀ ਲਹਿਰ ਦੌਰਾਨ ਰਚੇ ਗਏ ਸਾਹਿਤ ਵਿੱਚ ਪਾਸ਼ ਮੋਹਰਲੀ ਕਤਾਰ ਵਿੱਚ ਸੀ। ਇਹਨਾਂ ਕਵਿਤਾਵਾਂ ਨੇ ਬਹੁਤ ਸਾਰੇ ਦਿਲਾਂ ਵਿੱਚ ਕ੍ਰਾਂਤੀ ਦੀ ਮਸ਼ਾਲ ਰੌਸ਼ਨ ਕੀਤੀ ਸੀ। ਆਮ ਜਿਹੀ ਪੋਸ਼ਾਕ, ਆਮ ਜਿਹੀ ਸ਼ਖ਼ਸੀਅਤ ਪਰ ਉਸਦੀਆਂ ਨਜ਼ਰਾਂ ਉਸਦੇ ਖਾਮੋਸ਼ ਰਹਿੰਦਿਆਂ ਵੀ ਬਹੁਤ ਬੁਲੰਦ ਆਵਾਜ਼ ਵਿੱਚ ਤਿੱਖੇ ਸੁਆਲ ਪੁੱਛਦੀਆਂ ਸਨ। ਪੜ੍ਹੋ ਪਾਸ਼ ਦੀ ਇਤਿਹਾਸਿਕ ਕਵਿਤਾ:

ਸਾਡੇ ਸਮਿਆਂ ਵਿਚ//ਪਾਸ਼ 

ਇਹ ਸਭ ਕੁੱਝ ਸਾਡੇ ਹੀ ਸਮਿਆਂ 'ਚ ਹੋਣਾ ਸੀ

ਕਿ ਸਮੇ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ

ਤੇ ਕੱਚੀਆਂ ਕੰਧਾਂ ਉਤੇ ਲਮਕਦੇ ਕਲੰਡਰਾਂ ਨੇ

ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ

ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲੇਆਂ

ਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ

ਸਾਡੇ ਈ ਵੇਲਿਆਂ ਦਾ ਗੀਤ ਬਣਨਾ ਸੀ

ਗਰੀਬ ਦੀ ਧੀ ਵਾਂਗ ਵਧ ਰਿਹਾ

ਇਸ ਦੇਸ਼ ਦੇ ਸਨਮਾਨ ਦਾ ਬੂਟਾ

ਸਾਡੇ ਰੋਜ਼ ਘਟਦੇ ਕੱਦਾਂ ਦਿਆਂ ਮੌਰਾਂ 'ਤੇ ਹੀ ਉੱਗਣਾ ਸੀ

ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ

ਸਾਡੀ ਰੂਹ 'ਚ ਪਸਰੇ ਰੇਗਿਸਤਾਨ ਚੋਂ ਹੀ ਉਡਣੀ ਸੀ

ਮੇਰੇ ਤੁਹਾਡੇ ਦਿਲਾਂ ਦੀ ਹੀ ਸੜਕ ਦੇ ਮੱਥੇ ਤੇ ਜੰਮਣਾ ਸੀ

ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ

ਦੁਸਹਿਰੇ ਦੇ ਮੈਦਾਨ ਅੰਦਰ

ਖੁੱਸੀ ਹੋਈ ਸੀਤਾ ਨਹੀਂ, ਬੱਸ ਤੇਲ ਦੀ ਕੇਨੀ ਮੰਗਦੇ ਹੋਏ

ਰਾਵਣ ਸਾਡੇ ਹੀ ਬੁੜ੍ਹਿਆਂ ਨੇ ਬਣਨਾ ਸੀ

ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਵਿਚ ਹੋਣੀ ਸੀ

ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣਕੇ

ਖੁਦ ਹਿਟਲਰ ਦਾ ਡਰਨਾ

ਸਾਡੇ ਹੀ ਮੱਥਿਆਂ 'ਚ ਗੱਡਣਾ ਸੀ

ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ

ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ

ਬਣ ਜਾਣਾ ਸੀ ਸਿੰਘਾਸਣ ਦੇ ਪੌਡੇ-

ਮਾਰਕਸ ਦਾ ਸ਼ੇਰ ਵਰਗਾ ਸਿਰ

ਦਿੱਲੀ ਦੀਆਂ ਭੂਲ-ਭੁਲਾਈਆਂ ਵਿਚ ਮਿਆਂਕਦਾ ਫਿਰਦਾ

ਅਸੀਂ ਹੀ ਤੱਕਣਾ ਸੀ

ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ

ਬੜੀ ਵਾਰੀ, ਹੀ ਪੱਕੇ ਪੁਲਾਂ ਤੇ

ਲੜਾਈਆਂ ਹੋਈਆਂ

ਜਬਰ ਦੀਆਂ ਛਵੀਆਂ ਦੇ ਐਪਰ

ਘੁੰਡ ਨਾਂ ਮੁੜ ਸਕੇ

ਮੇਰੇ ਯਾਰੋ, ਆਪਣੀ ਕੱਲੇ ਜੀਣ ਦੀ ਖਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ

ਜੋ ਹਰ ਘੜੀ ਘਸੀ ਜਾ ਰਹੀ ਹੇ

ਨਾ ਇਸ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ

ਨਾ ਔਖੇ ਵੇਲਿਆਂ ਵਿਚ ਰਕਮ ਬਣਨਾ ਹੈ

ਮੇਰੇ ਯਾਰੋ ਸਾਡੇ ਵਕਤ ਦਾ ਇਤਿਹਾਸ

ਬੱਸ ਏਨਾ ਨਾ ਰਹਿ ਜਾਵੇ

ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ

ਜੀਣਾ ਸਮਝ ਬੈਠੇ ਸਾਂ

ਕਿ ਸਾਡੇ ਸਮੇਂ ਘੜੀਆਂ ਨਾਲ ਨਹੀਂ

ਹੱਡਾਂ ਦੇ ਖੁਰਨ ਨਾਲ ਮਿਣੇ ਗਏ

ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ

ਕਿ ਉਨ੍ਹਾਂ ਨਫ਼ਰਤ ਨਿਤਾਰ ਲਈ

ਗੁਜ਼ਰਦੇ ਗੰਧਲੇ ਸਮੁੰਦਰਾਂ ਚੋਂ

ਕਿ ਉਨ੍ਹਾਂ ਵਿੰਨ੍ਹ ਸੁਟਿਆ ਪਿਲਪਲੀ ਮੁਹੱਬਤ ਦਾ ਤੰਦੂਆ

ਉਹ ਤਰ ਕੇ ਜਾ ਖੜੇ ਹੋਏ

ਹੁਸਨ ਦੀਆਂ ਸਰਦਲਾਂ ਉਤੇ

ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਵੇਗਾ

ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ।               ---ਪਾਸ਼ 

ਕੌਣ ਗੱਲ ਕਰੇਗਾ ਪਾਸ਼ ਦੀਆਂ ਇਹਨਾਂ ਸਤਰਾਂ ਦੀ ਅਤੇ ਅੱਜ ਦੇ ਸਮਿਆਂ ਦੀ ਗੱਲ?

ਮਾਰਕਸ ਦਾ ਸ਼ੇਰ ਵਰਗਾ ਸਿਰ

ਦਿੱਲੀ ਦੀਆਂ ਭੂਲ-ਭੁਲਾਈਆਂ ਵਿਚ ਮਿਆਂਕਦਾ ਫਿਰਦਾ

ਅਸੀਂ ਹੀ ਤੱਕਣਾ ਸੀ

ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ

ਇੱਕ ਵਾਰ ਫੇਰ ਧਿਆਨ ਨਾਲ ਪੜ੍ਹਿਓ, ਸੋਚਿਓ ਅਤੇ ਵਿਚਾਰਿਓ ਕਿ ਅਸੀਂ ਉਹਨਾਂ ਨੂੰ ਕੀ ਜੁਆਬ ਦੇਣਾ ਹੈ ਜਿਹਨਾਂ ਨੇ ਆਪਣੀਆਂ ਉਮਰਾਂ ਇਸ ਉਡੀਕ ਵਿੱਚ ਲਾ ਦਿੱਤੀਆਂ ਕਿ ਏਧਰੋਂ ਆਇਆ ਇਨਕਲਾਬ! ਓਧਰੋਂ ਆਇਆ ਇਨਕਲਾਬ!ਸਾਨੂੰ ਪੂਰੀ ਇਮਾਨਦਾਰੀ ਨਾਲ ਵਿਚਾਰਨਾ ਅਤੇ ਦੱਸਣਾ ਚਾਹੀਦਾ ਹੈ ਕਿ ਅਜੇ ਕਿੰਨੀਆਂ ਪੀੜ੍ਹੀਆਂ ਹੋਰ ਇਸ ਉਡੀਕ ਵਿਚ ਵਿਚ ਰਹਿਣਗੀਆਂ? ਸਾਨੂੰ ਆਪ ਨੂੰ ਪਤਾ ਵੀ ਹੋਣਾ ਚਾਹੀਦਾ ਹੈ ਅਤੇ ਦੱਸਣਾ ਵੀ ਚਾਹੀਦਾ ਹੈ ਕਿ ਕਦੋਂ ਆਏਗਾ ਇਨਕਲਾਬ ਜਦੋਂ ਕਿਰਤੀਆਂ ਦੇ ਸੁਪਨਿਆਂ ਨੂੰ ਸਾਕਾਰ ਹੁੰਦਾ ਦੇਖਿਆ ਜਾ ਸਕੇਗਾ। ਕਦੋਂ ਆਖਿਰ ਕਦੋਂ?

ਮਾਰਕਸ ਦੇ ਸ਼ੇਰ ਵਰਗੇ ਸਿਰ ਦੀ ਗੱਲ ਕਰਨ ਵਾਲੇ ਪਾਸ਼ ਨੂੰ ਯਾਦ ਕਰਦਿਆਂ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Sunday, January 8, 2023

ਕਾਮਰੇਡ ਗੀਤਾ ਮੁਖਰਜੀ - ਇਕ ਵਿੱਲਖਣ ਸਖਸ਼ੀਅਤ

Saturday 7th January 2023 at 9:23 AM

ਅੱਜ ਉਨ੍ਹਾਂ ਦੇ 100ਵੇਂ ਜਨਮ ਦਿਨ ਤੇ ਯਾਦ ਕਰਵਾ ਰਹੇ ਹਨ ਪੱਤਰਕਾਰ ਐਮ ਐਸ ਭਾਟੀਆ 

ਲੁਧਿਆਣਾ: 7 ਜਨਵਰੀ 2023: (ਐਮ ਐਸ ਭਾਟੀਆ//ਕਾਮਰੇਡ ਸਕਰੀਨ ਡੈਸਕ)::

ਉੱਘੀ ਸੰਸਦ ਮੈਂਬਰ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਸਰਗਰਮ ਆਗੂ ਕਾਮਰੇਡ ਗੀਤਾ ਮੁਖਰਜੀ ਦੀ ਮੌਤ ਦੇ ਦੋ ਫੌਰੀ ਨਤੀਜੇ ਨਿਕਲੇ ਸਨ। ਸਿਆਸੀ ਪੱਖੋਂ, ਸੀ.ਪੀ.ਆਈ. ਨੇ ਇੱਕ  ਪ੍ਰਤੀਬੱਧ ਆਗੂ ਗੁਆ ਦਿੱਤਾ ਅਤੇ ਦੂਜਾ  ਨੌਜਵਾਨ ਕਮਿਊਨਿਸਟਾਂ ਕੋਲ  ਪੁਰਾਣਿਆਂ  ਦੇ ਪੂਰਨਿਆਂ ਤੇ ਚੱਲਣ  ਲਈ ਇੱਕ ਆਗੂ ਘੱਟ ਗਿਆ। ਸੰਨ 1990 ਵਿੱਚ ਉਨਾਂ  ਦਾ ਦਿਲ ਦਾ ਆਪ੍ਰੇਸ਼ਨ ਹੋਇਆ ਸੀ, ਪਰ ਇਸ ਨਾਲ ਉਹ ਆਪਣੇ-ਆਪ ਨੂੰ  ਪਾਰਟੀ ਅਤੇ ਸੰਸਦੀ ਗਤੀਵਿਧੀਆਂ ਨੂੰ ਜਾਰੀ ਰੱਖਣ ਤੋਂ ਨਹੀਂ ਰੋਕ ਸਕੇ। ਉਹ ਲੋਕ ਸਭਾ ਵਿੱਚ ਸੀਪੀਆਈ ਦੇ ਡਿਪਟੀ ਲੀਡਰ ਸਨ।

ਰਾਜਾਂ ਦੀਆਂ ਵਿਧਾਨ ਸਭਾਵਾਂ ਅਤੇ ਸੰਸਦ ਦੀਆਂ ਕੁੱਲ ਸੀਟਾਂ ਦਾ ਇੱਕ ਤਿਹਾਈ 'ਔਰਤਾਂ ਲਈ ਰਾਖਵੇਂਕਰਨ' ਦੀ ਵਿਵਸਥਾ ਕਰਦਾ 'ਮਹਿਲਾ ਰਿਜ਼ਰਵੇਸ਼ਨ ਬਿੱਲ' 'ਤੇ ਸੰਸਦ ਦੀ ਸੰਯੁਕਤ ਚੋਣ ਕਮੇਟੀ ਦੀ ਚੇਅਰਪਰਸਨ ਹੋਣ ਦੇ ਨਾਤੇ   ਉਹ ਇਸ ਬਿੱਲ ਨੂੰ ਇਸ ਦੇ ਤਰਕਪੂਰਨ ਦੇਖਣ ਲਈ ਦ੍ਰਿੜ ਸਨ। ਸਿੱਟਾ ਇਹ ਹੋਇਆ  ਕਿ 3 ਮਾਰਚ ਨੂੰ, ਦਿਲ ਦਾ ਦੌਰਾ ਪੈਣ ਤੋਂ ਇੱਕ ਦਿਨ ਪਹਿਲਾਂ, ਉਨਾਂ ਨੇ ਰਾਜ ਵਿੱਚ ਸਰਕਾਰ ਬਣਾਉਣ ਲਈ ਐਨ.ਡੀ.ਏ ਨੂੰ ਸੱਦਾ ਦੇਣ ਦੇ ਬਿਹਾਰ ਦੇ ਰਾਜਪਾਲ ਦੇ ਫੈਸਲੇ ਵਿਰੁੱਧ ਸਦਨ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨਾਂ ਨੇ ਸਰਕਾਰ ਦੀ ਇਸ ਕਾਰਵਾਈ ਨੂੰ "ਗੈਰ-ਜਮਹੂਰੀ" ਕਰਾਰ ਦਿੱਤਾ ਸੀ।

ਭਾਵੇਂ ਉਹ ਬਿਮਾਰ ਸਨ ਪਰ ਉਹ ਬਿਹਾਰ ਦੇ ਵਿਕਾਸ ਅਤੇ ਗੁਜਰਾਤ ਵਿਚ ਕਰਮਚਾਰੀਆਂ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਦੇ ਗੁਜਰਾਤ ਸਰਕਾਰ ਦੇ ਫੈਸਲੇ ਦੇ ਵਿਵਾਦ ਦੇ ਮੱਦੇਨਜ਼ਰ ਸੰਸਦ ਵਿੱਚ ਜਾਣਾ ਚਾਹੁੰਦੇ ਸਨ, ਹਾਲਾਂਕਿ ਉਹ ਹੋਰ ਮੁੱਦਿਆਂ ਲਈ ਬਰਾਬਰ ਵਚਨਬੱਧ ਸਨ। 1996 ਤੋਂ, ਜਦੋਂ ਉਨਾਂ ਨੇ ਸੰਯੁਕਤ ਚੋਣ ਕਮੇਟੀ ਦੀ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ, ਉਦੋਂ ਤੋਂ ਉਨਾਂ ਦਾ ਮੁੱਖ ਕੰਮ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਪਾਸ ਕਰਨਾ ਯਕੀਨੀ ਬਣਾਉਣਾ ਸੀ, ਇਸ ਲਈ ਇੱਥੋਂ ਤੱਕ ਕਿ ਉਨਾਂ ਨੇ ਇਹ ਕਹਿ ਕੇ ਆਈ.ਕੇ.ਗੁਜਰਾਲ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਲੈਣ ਤੋਂ ਇਨਕਾਰ ਕਰ ਦਿਤਾ ਕਿ ਉਹ ਬਿਲ 'ਤੇ ਪੂਰਾ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ। ਉਨਾਂ ਨੇ ਮਹਿਲਾ ਬਿੱਲ ਦੇ ਮੁੱਦੇ 'ਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਹ ਲੋਕ ਵੀ ਸ਼ਾਮਲ ਸਨ ਜੋ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਲਈ ਵੱਖਰਾ ਕੋਟਾ ਚਾਹੁੰਦੇ ਸਨ। ਉਨਾਂ ਨੂੰ ਉਨਾਂ ਦੇ ਮਜ਼ਬੂਤ ​​ਰਾਜਨੀਤਿਕ ਵਿਸ਼ਵਾਸ ਅਤੇ ਵਿਚਾਰਧਾਰਕ ਵਚਨਬੱਧਤਾ ਦੇ ਨਾਲ, ਪਾਰਟੀ ਲਾਈਨ ਤੋਂ ਬਾਹਰ ਦੇ ਲੋਕਾਂ ਦੁਆਰਾ ਵੀ ਪਸੰਦ ਕੀਤਾ ਗਿਆ ਸੀ।

ਗੀਤਾ ਮੁਖਰਜੀ ਦਾ ਜਨਮ 8 ਜਨਵਰੀ 1924 ਨੂੰ
ਲੇਖਕ ਐਮ ਐਸ ਭਾਟੀਆ 
ਮਾਤਾ ਸ੍ਰੀਮਤੀ ਸ਼ੈਲਾ ਬਾਲਾ ਰਾਏਚੌਧਰੀ ਅਤੇ ਪਿਤਾ ਸ੍ਰੀ ਪ੍ਰਫੁੁਲ ਕੁਮਾਰ ਰਾਏਚੌਧਰੀ ਦੇ ਘਰ ਹੋਇਆ  ਸੀ। ਉਨਾਂ ਦੇ ਪਿਤਾ ਇੱਕ ਰਾਏ ਬਹਾਦੁਰ ਸਨ। ਉਹ ਜੇਸੋਰ, ਜੋ ਹੁਣ ਬੰਗਲਾਦੇਸ਼ ਵਿੱਚ ਹੈ ਵਿਖੇ ਸਕੂਲ ਪੜਨ  ਗਏ। ਇੱਕ ਵਿਦਿਆਰਥੀ ਦੇ ਰੂਪ ਵਿੱਚ, ਗੀਤਾ ਮੁਖਰਜੀ 1939 ਵਿੱਚ ਬੰਗਾਲ ਪ੍ਰੋਵਿੰਸ਼ੀਅਲ ਸਟੂਡੈਂਟਸ ਫੈਡਰੇਸ਼ਨ (ਬੀਪੀਐਸਐਫ) ਵਿੱਚ ਸ਼ਾਮਲ ਹੋ ਗਈ। ਉਸ ਸਮੇਂ, ਬੀਪੀਐਸਐਫ ਅੰਡੇਮਾਨ ਅਤੇ ਨਿਕੋਬਾਰ ਟਾਪੂ ਵਿੱਚ ਕੈਦ ਵਿਅਕਤੀਆਂ ਦੀ ਵਾਪਸੀ ਅਤੇ ਰਿਹਾਈ ਦੀ ਮੰਗ ਲਈ ਇੱਕ ਅੰਦੋਲਨ ਦੀ ਅਗਵਾਈ ਕਰ ਰਹੀ ਸੀ। ਉਹ 1947 ਤੋਂ 1951 ਤੱਕ ਸਟੂਡੈਂਟਸ ਫੈਡਰੇਸ਼ਨ ਦੀ ਸਕੱਤਰ ਰਹੀ। ਉਨਾਂ ਨੇ ਬੰਗਾਲੀ ਸਾਹਿਤ ਦਾ ਅਧਿਐਨ ਕੀਤਾ ਅਤੇ ਕਲਕੱਤਾ ਦੇ ਆਸ਼ੂਤੋਸ਼ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। 1942 ਵਿੱਚ, ਉਹ ਸੀਪੀਆਈ ਵਿੱਚ ਸ਼ਾਮਲ ਹੋ ਗਏ ਅਤੇ ਬਿਸ਼ਵਨਾਥ ਮੁਖਰਜੀ ਨਾਲ ਵਿਆਹ ਕੀਤਾ, ਜੋ ਪਹਿਲਾਂ ਹੀ ਇੱਕ ਸਥਾਪਤ ਵਿਦਿਆਰਥੀ ਕਮਿਊਨਿਸਟ ਆਗੂ ਸਨ। ਉਹ ਪਹਿਲੀ ਵਾਰ 1945 ਦੀ ਡਾਕ ਕਾਮਿਆਂ ਦੀ ਹੜਤਾਲ ਦੌਰਾਨ ਸੁਰਖੀਆਂ ਵਿੱਚ ਆਏ ਸਨ। 29 ਜੁਲਾਈ, 1945 ਨੂੰ ਉਨਾਂ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ, ਜਿੱਥੇ ਉਹ ਇਕਲੌਤੀ ਮਹਿਲਾ ਵਿਦਿਆਰਥੀ ਸਪੀਕਰ ਸੀ।

ਜਦੋਂ 1948 ਵਿਚ ਕਮਿਊਨਿਸਟ ਪਾਰਟੀ 'ਤੇ ਪਾਬੰਦੀ ਲਗਾਈ ਗਈ ਸੀ ਤਾਂ ਉਨਾਂ ਨੂੰ ਅਤੇ ਵਿਸ਼ਵਨਾਥ ਮੁਖਰਜੀ ਨੂੰ ਪ੍ਰੈਜ਼ੀਡੈਂਸੀ ਜੇਲ੍ਹ, ਕਲਕੱਤਾ ਵਿਚ ਛੇ ਮਹੀਨਿਆਂ ਲਈ ਬਿਨਾਂ ਮੁਕੱਦਮੇ ਦੇ ਨਜ਼ਰਬੰਦ ਰੱਖਿਆ ਗਿਆ ਸੀ। ਗੀਤਾ ਮੁਖਰਜੀ ਵਿਦਿਆਰਥੀ, ਕਿਸਾਨ ਅਤੇ ਔਰਤਾਂ ਦੇ ਅੰਦੋਲਨਾਂ ਵਿੱਚ ਆਪਣੀ ਸਰਗਰਮ ਭੂਮਿਕਾ ਲਈ ਸਭ ਤੋਂ ਮਸ਼ਹੂਰ ਸਨ। 1960 ਦੇ ਦਹਾਕੇ ਦੇ ਬਹੁਤ ਸਾਰੇ ਵਿਦਿਆਰਥੀਆਂ ਲਈ, ਉਹ ਇੱਕ ਰੋਲ ਮਾਡਲ ਸਨ। 1964 ਵਿੱਚ ਕਮਿਊਨਿਸਟ ਪਾਰਟੀ ਦੀ ਵੰਡ ਤੋਂ ਬਾਅਦ ਉਹ ਸੀਪੀਆਈ ਦੇ ਨਾਲ ਰਹੇ। ਉਹ 1967 ਅਤੇ 1972 ਵਿੱਚ ਮਿਦਨਾਪੁਰ ਜ਼ਿਲ੍ਹੇ ਦੇ ਤਾਮਲੂਕ ਹਲਕੇ ਤੋਂ ਪੱਛਮੀ ਬੰਗਾਲ ਅਸੈਂਬਲੀ ਲਈ  ਅਤੇ 1978 ਵਿੱਚ ਉਹ ਪੰਸਕੁਰਾ ਤੋਂ ਲੋਕ ਸਭਾ ਲਈ ਚੁਣੇ ਗਏ ਸਨ ਅਤੇ ਉਦੋਂ ਤੋਂ ਉਸ ਹਲਕੇ ਦੀ  ਨੁਮਾਇੰਦਗੀ ਕੀਤੀ ਸੀ। ਉਹ 7 ਵਾਰ ਸੰਸਦ ਮੈਂਬਰ ਚੁਣੇ ਗਏ।

ਉਨਾਂ ਨੂੰ 1978 ਵਿੱਚ ਪਾਰਟੀ ਦੀ ਕੌਮੀ ਕੌਂਸਲ ਲਈ ਅਤੇ 1981 ਵਿੱਚ ਇਸਦੀ ਕੌਮੀ ਕਾਰਜਕਾਰਨੀ ਲਈ ਚੁਣਿਆ ਗਿਆ ਸੀ। 1998 ਵਿੱਚ ਚੇਨਈ ਵਿੱਚ ਹੋਈ ਪਾਰਟੀ ਦੀ 17ਵੀਂ ਕਾਂਗਰਸ ਵਿੱਚ ਉਹ ਸੀਪੀਆਈ ਦੀ ਕੌਮੀ ਸਕੱਤਰਾਂ ਵਿੱਚੋਂ ਇੱਕ ਚੁਣੇ ਗਏ ਸਨ। ਇਸ ਤਰ੍ਹਾਂ  ਗੀਤਾ ਮੁਖਰਜੀ  ਕਿਸੇ ਵੀ ਭਾਰਤੀ ਕਮਿਊਨਿਸਟ ਪਾਰਟੀ ਦੀ ਪਹਿਲੀ ਮਹਿਲਾ ਸਕੱਤਰੇਤ ਮੈਂਬਰ ਬਣੇ। ਉਨ੍ਹਾਂ ਦੀ ਪ੍ਰਧਾਨਗੀ ਹੇਠ ਮਹਿਲਾ ਰਿਜ਼ਰਵੇਸ਼ਨ ਬਿੱਲ 'ਤੇ ਸੰਸਦ ਦੀ ਸੰਯੁਕਤ ਚੋਣ ਕਮੇਟੀ ਦੀ ਰਿਪੋਰਟ ਰਿਕਾਰਡ ਸਮੇਂ ਵਿੱਚ ਪੂਰੀ ਹੋ ਗਈ ਸੀ।

ਗੀਤਾ ਮੁਖਰਜੀ ਨੇ ਵੱਖ-ਵੱਖ ਅੰਦੋਲਨਾਂ ਵਿਚ ਹਿੱਸਾ ਲਿਆ ਜਿਨ੍ਹਾਂ ਵਿਚ ਮਹਿਲਾ ਬੀੜੀ ਵਰਕਰਾਂ ਦਾ ਮੁੱਦਾ ਵੀ ਸ਼ਾਮਲ ਸੀ। ਹਾਲਾਂਕਿ, ਉਨਾਂ ਨੇ ਲਿੰਗ ਮੁੱਦਿਆਂ 'ਤੇ ਖਾਸ ਤੌਰ 'ਤੇ ਮਜ਼ਬੂਤ ​​ਸਥਿਤੀਆਂ ਲਈਆਂ। 

ਉਹ 1965 ਤੋਂ ਸੀਪੀਆਈ ਦੇ ਮਹਿਲਾ ਵਿੰਗ ਨੈਸ਼ਨਲ ਫੈਡਰੇਸ਼ਨ ਆਫ਼ ਇੰਡੀਅਨ ਵੂਮੈਨ (ਐਨਐਫਆਈਡਬਲਯੂ) ਦੀ  ਕਾਰਜਕਾਰੀ ਕੌਂਸਲ ਮੈਂਬਰ,1986 ਵਿੱਚ ਨੈਸ਼ਨਲ ਕਮਿਸ਼ਨ ਆਨ ਰੂਰਲ ਲੇਬਰ ਦੇ ਅਤੇ 1988 ਵਿੱਚ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਮੈਂਬਰ ਵੀ ਰਹੇ ਸੀ। ਉਹ ਪ੍ਰੈਸ ਕੌਂਸਲ ਦੀ ਮੈਂਬਰ ਵੀ ਸਨ।

ਉਹ ਹਮੇਸ਼ਾ ਚਾਹੁੰਦੇ ਸਨ ਕਿ ਪਾਰਟੀ ਦੀਆਂ ਜਨਤਕ ਜਥੇਬੰਦੀਆਂ ਉਨਾਂ ਨੂੰ ਮੁੱਦਿਆਂ ਅਤੇ ਵਿਕਾਸ ਬਾਰੇ ਜਾਣਕਾਰੀ ਦੇਣ ਤਾਂ ਜੋ ਉਹ ਉਨ੍ਹਾਂ ਨੂੰ ਸੰਸਦ ਵਿੱਚ ਉਠਾ ਸਕਣ। ਕੋਈ ਸਵਾਲ ਉਠਾਉਣ ਤੋਂ ਪਹਿਲਾਂ, ਉਹ ਯਕੀਨੀ ਬਣਾਉਂਦੇ ਸੀ ਕਿ ਉਨਾਂ ਨੇ ਵਿਸ਼ੇ ਨੂੰ ਚੰਗੀ ਤਰਾਂ ਸਮਝ ਲਿਆ ਹੈ।

ਗੀਤਾ ਮੁਖਰਜੀ ਦੇ ਜੀਵਨ ਵਿੱਚ ਸਿਧਾਂਤ ਅਤੇ ਅਭਿਆਸ ਵਿੱਚ ਕੋਈ ਵਿਰੋਧਤਾਈ ਨਹੀਂ ਸੀ। ਇੱਕ ਕੱਟੜ ਆਸ਼ਾਵਾਦੀ, ਨਿਮਰਤਾ, ਸਾਦਗੀ ਅਤੇ ਪੂਰਨ ਵਿਚਾਰਧਾਰਕ ਦ੍ਰਿੜਤਾ ਵਾਲੀ ਔਰਤ ਸੀ।  1964 ਵਿੱਚ ਕਮਿਊਨਿਸਟ ਪਾਰਟੀ ਵਿੱਚ ਫੁੱਟ, 1980 ਦੇ ਦਹਾਕੇ ਦੇ ਅਖੀਰ ਅਤੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਪੂਰਬੀ ਯੂਰਪ ਅਤੇ ਸੋਵੀਅਤ ਯੂਨੀਅਨ ਵਿੱਚ ਸਿਆਸੀ ਉਥਲ-ਪੁਥਲ ਦੇ ਬਾਵਜੂਦ, ਗੀਤਾ ਮੁਖਰਜੀ ਦੀ ਕੌਮੀ ਜਮਹੂਰੀ ਇਨਕਲਾਬ ਪ੍ਰਤੀ ਵਚਨਬੱਧਤਾ ਅਡੋਲ ਰਹੀ।

ਉਹ ਬਹੁਤ ਹੀ ਚੰਗੀ ਲੇਖਿਕਾ ਵੀ ਸਨ। ਉਨਾਂ ਨੇ ਬੱਚਿਆਂ ਲਈ ਕੁਝ ਕਿਤਾਬਾਂ ਵੀ ਲਿਖੀਆਂ। ਭਾਰਤ ਉਪਕਥਾ (ਭਾਰਤ ਦੀਆਂ ਲੋਕ-ਕਥਾਵਾਂ) ਅਤੇ ਛੋਟੋਦਰ ਰਬਿੰਦਰਨਾਥ (ਬੱਚਿਆਂ ਲਈ ਟੈਗੋਰ) ਇਨ੍ਹਾਂ ਵਿੱਚੋਂ ਦੋ ਹਨ। ਉਨਾਂ ਨੇ ਬਰੂਨੋ ਅਪਿਟਜ਼ ਦੇ ਸ਼ਾਹਕਾਰ 'ਨੇਕਡ ਅਮੰਗ ਵੁਲਵਜ਼' ਦਾ ਬੰਗਾਲੀ ਵਿੱਚ ਅਨੁਵਾਦ ਕੀਤਾ। ਉਹ ਕਵਿਤਾ ਨੂੰ ਪਿਆਰ ਕਰਦੇ ਸਨ ਅਤੇ ਕਾਜ਼ੀ ਨਜ਼ਰੁਲ ਇਸਲਾਮ ਅਤੇ ਰਾਬਿੰਦਰਨਾਥ ਟੈਗੋਰ ਨੂੰ ਪੜ੍ਹਦੇ ਅਤੇ ਸੁਣਾਉਂਦੇ ਸਨ।

4 ਮਾਰਚ 2000 ਨੂੰ  ਉਹ ਸਾਨੂੰ ਸਦਾ ਲਈ ਵਿਛੋੜਾ ਦੇ ਗਏ। ਰਾਸ਼ਟਰਪਤੀ ਕੇ.ਆਰ. ਨਾਰਾਇਣਨ ਨੇ ਉਨ੍ਹਾ ਦੀ ਮੌਤ ਤੇ ਕਿਹਾ ਸੀ ਕਿ ਗੀਤਾ ਮੁਖਰਜੀ ਇੱਕ ਭਾਵੁਕ ਅਤੇ ਹਮਦਰਦ ਸਿਆਸੀ ਕਾਰਕੁਨ ਹਨ। ਉਹ ਨਾ ਸਿਰਫ਼ ਕਮਿਊਨਿਸਟ ਲਹਿਰ ਵਿੱਚ ਸਗੋਂ ਦੇਸ਼ ਵਿੱਚ ਔਰਤਾਂ ਅਤੇ ਹੋਰ ਜਮਹੂਰੀ ਅੰਦੋਲਨਾਂ ਵਿੱਚ ਵੀ ਇੱਕ ਖਲਾਅ  ਛੱਡ ਗਏ ਹਨ।

ਖੱਬੇ ਪੱਖੀ ਅੰਦੋਲਨ ਲਈ ਇਹਨਾਂ ਦੇ ਦੇਹਾਂਤ ਇਸ ਲਈ ਵੀ ਵੱਡਾ ਘਾਟਾ ਹੈ ਕਿਓਂਕਿ ਸਮੇਂ ਦੇ ਨਾਲ ਨਾਲ ਇਸਤਰੀ ਅੰਦੋਲਨ ਅਤੇ ਖੱਬੇ ਪੱਖੀ ਜਨ ਅੰਦੋਲਨਾਂ ਨੂੰ ਚੁਣੌਤੀਆਂ ਤਾਂ ਵੱਧ ਰਹੀਆਂ ਹਨ ਪਰ ਉਹਨਾਂ ਵਰਗੀਆਂ ਸ਼ਖਸੀਅਤਾਂ ਨਵੇਂ ਦੌਰ ਵਿੱਚ ਪੈਦਾ ਨਹੀਂ ਹੋ ਰਹੀਆਂ। ਕਾਮਰੇਡ ਗੀਤ ਮੁਖਰਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਖੱਬੀਆਂ ਧਿਰਾਂ ਕੇਵਲ ਉਹਨਾਂ ਲੋਕਾਂ ਨੂੰ ਹੀ ਅੱਗੇ ਲਿਆਉਣ ਜਿਹਨਾਂ ਵਿੱਚ ਗੀਤ ਮੁਖਰਜੀ ਦੀਆਂ ਖੂਬੀਆਂ ਰਗੀਆਂ ਸੰਭਾਵਨਾਵਾਂ ਮੌਜੂਦ ਹੋਣ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Monday, January 2, 2023

ਜਲਦੀ ਹੀ ਦੇਸ਼ ਸੇਵਕ ਛਪਣ ਲੱਗੇਗਾ ਤਿੰਨਾਂ ਭਾਸ਼ਾਵਾਂ ਵਿੱਚ-ਕਾਮਰੇਡ ਸੇਖੋਂ

1st January 2023 at 06:10 PM  

‘ਦੇਸ਼ ਸੇਵਕ’ ਦੀ ਸ਼ਮਾ ਬੁੱਝਣ ਨਹੀਂ ਦਿੱਤੀ ਜਾਵੇਗੀ:ਕਾਮਰੇਡ ਯੂਸੁਫ਼ ਤਾਰੀਗਾਮੀ


ਚੰਡੀਗੜ੍ਹ: ਪਹਿਲੀ ਜਨਵਰੀ 2023: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ)::

ਪੰਜਾਬ ਵਿੱਚ ਮੀਡੀਆ ਅਦਾਰਿਆਂ ਵੱਲੋਂ ਆਪਣੀ ਵਰ੍ਹੇਗੰਢ ਮਨਾਉਣ ਦੇ ਸਮਾਗਮਾਂ ਦੀ ਘਾਟ ਅਕਸਰ ਖਟਕਦੀ ਹੈ। ਜੇਕਰ ਇਹ ਮਨਾਈਆਂ ਵੀ ਜਾਂਦੀਆਂ ਹਨ ਤਾਂ ਸਿਰਫ ਸਬੰਧਤ ਮੀਡੀਆ ਅਦਾਰਿਆਂ ਦੇ ਦਫਤਰਾਂ ਦੀ ਚਾਰਦੀਵਾਰੀ ਦੇ ਅੰਦਰ ਹੀ ਰਹਿ  ਜਾਂਦੀਆਂ ਹਨ ਜਿਹਨਾਂ ਦੀ ਖਬਰ ਅਗਲੇ ਸਬੰਧਤ ਅਖਬਾਰ ਵਿਚ ਛਪ ਜਾਂਦੀ ਹੈ।  

ਅਜਿਹੇ ਮਾਹੌਲ ਵਿੱਚ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਈ ਗਈ ‘ਦੇਸ਼ ਸੇਵਕ’ ਦੀ 27ਵੀਂ ਵਰ੍ਹੇਗੰਢ ਜਿਸ ਵਿੱਚ ਆਮ ਕਿਰਤੀਆਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਆਗੂ ਹੁੰਮਹੁਮਾ ਕੇ ਦੂਰ ਦੁਰਾਡਿਓਂ ਪੁੱਜੇ ਹੋਏ ਸਨ। ਬਿਰਧ ਅਵਸਥਾ ਵਾਲਾ ਕਰਤਾਰ ਸਿੰਘ ਲੁਧਿਆਣਾ ਦੇ ਇੱਕ ਪਿੰਡ ਵਿੱਚੋਂ ਆਇਆ ਸੀ ਜਿਸਦੀ ਉਮਰ 75 ਸਾਲਾਂ ਤੋਂ ਵੱਧ ਚੁੱਕੀ ਸੀ। ਇਹਨਾਂ ਸਾਰਿਆਂ ਨੇ ਧਰਮ-ਨਿਰਪੱਖ਼, ਜਮਹੂਰੀ ਤੇ ਲੋਕ ਪੱਖੀ ਪੈਂਤੜਾ ਕਾਇਮ ਰੱਖਣ ਦਾ ਅਹਿਦ ਵੀ ਲਿਆ ਅਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੇ ਯਤਨ ਜਾਰੀ ਰੱਖਣ ਦਾ ਸੰਕਲਪ ਵੀ ਦੁਹਰਾਇਆ ਹੈ। ਸੀਪੀਆਈ ਐਮ ਦੇ ਸੂਬਾ ਸਕੱਤਰ ਅਤੇ ਰੋਜ਼ਾਨਾ ਦੇਸ਼ਸ਼ਵਕ ਦੇ ਐਮ ਡੀ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਦੇਸ਼ ਸੇਵਕ ਵੱਲੋਂ ਨਿਭਾਈ ਭੂਮਿਕਾ ਬਾਰੇ ਵਿਚ ਕਾਫੀ ਕੁਝ ਯਾਦ ਕਰਾਇਆ। ਸਥਾਨਕ ਸੈਕਟਰ 29-ਡੀ ਦੇ ਬਾਬਾ ਸੋਹਨ ਸਿੰਘ ਭਕਨਾ ਭਵਨ ਵਿਖੇ ਸਵੇਰ ਹੁੰਦਿਆਂ ਸਾਰ ਹੀ ਰੌਣਕਾਂ ਲੱਗੀਆਂ ਹੋਈਆਂ ਸਨ। ਗਰਮਾਗਰਮ ਚਾਹ ਅਤੇ ਪਕੌੜੇ ਅਟੁੱਟ ਲੰਗਰ ਵਾਂਗ ਵਰਤ ਰਹੇ ਸਨ। ਸਰਦੀਆਂ ਨੂੰ ਚੀਰਦੀ ਜਜ਼ਬਾਤਾਂ ਦੀ ਗਰਮਜੋਸ਼ੀ ਦਰਮਿਆਨ ‘ਦੇਸ਼ ਸੇਵਕ’ ਦੀ 27ਵੀਂ ਵਰ੍ਹੇਗੰਢ ਸ਼ਾਨਦਾਰ ਢੰਗ ਨਾਲ ਮਨਾਈ ਗਈ।

ਸਮਾਗਮ ਇੱਕ ਘੰਟਾ ਦੇਰ ਨਾਲ ਸ਼ੁਰੂ ਹੋ ਸਕਿਆ ਪਰ ਸ਼ੁਰੂ ਹੋਣ ਮਗਰੋਂ ਬਿਨਾ ਰੁਕੇ ਜਾਰੀ ਰਿਹਾ ,ਇੱਕ ਇੱਕ ਪਲ ਇੱਕ ਇੱਕ ਬੁਲਾਰਾ ਅਨਮੋਲ ਸੀ ਜਿਸਨੂੰ ਖੁੰਝਾਉਣਾ ਘਾਟੇਵਾਲਾ ਸੌਦਾ ਹੀ ਸੀ। ਇਸ ਯਾਦਗਾਰੀ ਸਮਾਗਮ ਦੀ ਪ੍ਰਧਾਨਗੀ ਸੀਪੀਆਈ (ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਨੇ ਕੀਤੀ ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਨੇ ਨਿਭਾਈ।

ਇਸ ਵਿਚ ਸ਼ਮੂਲੀਅਤ ਕਰਨ ਲਈ ਬਹੁਤ ਸਾਰੇ ਲੋਕ ਉਚੇਚ ਨਾਲ ਆਏ ਹੋਏ ਸਨ। ਇਸ ਸਮਾਗਮ ਵਿੱਚ ਸੀਪੀਆਈ (ਐਮ) ਦੇ ਕੇਂਦਰੀ ਕਮੇਟੀ ਮੈਂਬਰ ਅਤੇ ਜੰਮੂ ਕਸ਼ਮੀਰ ਤੋਂ ਕਈ ਵਾਰ ਵਿਧਾਇਕ ਰਹੇ ਕਾਮਰੇਡ ਮੁਹੰਮਦ ਯੂਸੁਫ਼ ਤਾਰੀਗਾਮੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਪ੍ਰਧਾਨਗੀ ਮੰਡਲ ਵਿੱਚ ‘ਦੇਸ਼ ਸੇਵਕ’ ਦੇ ਐਮਡੀ ਤੇ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ, ਕਾਮਰੇਡ ਗੁਰਨੇਕ ਸਿੰਘ ਭੱਜਲ, ਕਾਮਰੇਡ ਸੁੱਚਾ ਸਿੰਘ ਅਜਨਾਲਾ, ਕਾਮਰੇਡ ਸੁਖਪ੍ਰੀਤ ਸਿੰਘ ਜੌਹਲ, ਕਾਮਰੇਡ ਅਬਦੁੱਲ ਸਤਾਰ, ‘ਦੇਸ਼ ਸੇਵਕ’ ਦੇ ਰੈਜੀਡੈਂਟ ਐਡੀਟਰ-ਕਮ-ਜਨਰਲ ਮੈਨੇਜਰ ਚੇਤਨ ਸ਼ਰਮਾ, ਐਡੀਟਰ ਰਿਪੁਦਮਨ ਰਿੱਪੀ ਤੇ ‘ਦੇਸ਼ ਸੇਵਕ’ ਦੇ ਛਾਪਕ ਤੇ ਪ੍ਰਕਾਸ਼ਕ ਰਣਜੀਤ ਸਿੰਘ ਸ਼ਾਮਲ ਹੋਏ। ਪੰਜਾਬ ਦਾ ਸ਼ਾਇਦ ਹੀ ਕੋਈ ਕੋਨਾ ਹੋਵੇ ਜਿੱਥੋਂ ਦੇਸ਼ ਸੇਵਕ ਨਾਲ ਜੁੜੇ ਲੋਕ ਨਾਂ ਪਹੁੰਚੇ ਹੋਣ। 

ਇਸ ਮੌਕੇ ਦੇਸ਼ ਸੇਵਕ ਦੇ ਮਿਸ਼ਨ ਨੂੰ ਹੋਰ ਅੱਗੇ ਤੋਰਨ ਦੀ ਗੱਲ ਵੀ ਹੋਈ। ਇਸ ਦੌਰਾਨ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਨਵੇਂ ਸਾਲ ਦਾ ਤੋਹਫ਼ਾ ਮਿਲਿਆ ਹੈ, ਕਿਉਂਕਿ ਉਹ ਆਪਣਿਆਂ ਵਿੱਚ ਬੈਠ ਕੇ ਆਪਣੇ ਦਿਲ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਦੇਸ਼ ਸੇਵਕ’ ਜਿਸ ਨੂੰ ਕਿ 1920ਵਿਆਂ ਵਿੱਚ ਬਰਤਾਨਵੀ ਹਕੂਮਤ ਨੇ ਬੰਦ ਕਰਵਾ ਦਿੱਤਾ ਸੀ, ਨੂੰ ਮੁੜ ਸ਼ੁਰੂ ਕਰਨ ਦੀ ਤਾਂਘ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਅੰਦਰ ਲਗਾਤਾਰ ਬਣੀ ਰਹੀ ਅਤੇ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਸਮ੍ਹਾਂ ਨੂੰ 1 ਜਨਵਰੀ 1996 ਨੂੰ ਦੁਬਾਰਾ ਰੌਸ਼ਨ ਕੀਤਾ। ਇਸ ਤਰ੍ਹਾਂ ਦੇਸ਼ ਸੇਵਕ ਦਾ ਸੰਘਰਸ਼ਾਂ ਭਰਿਆ ਇਤਿਹਾਸ ਇੱਕ ਵਾਰ ਫੇਰ ਸਾਹਮਣੇ ਆਇਆ ਜਿਸ ਤੋਂ ਅਜੇ ਵੀ ਬਹੁਤ ਸਾਰੇ ਲੋਕ ਅਣਜਾਣ ਵਾਂਗ ਹੀ ਹਨ। 

ਸੁਤੰਤਰ ਅਤੇ ਲੋਕ ਪੱਖੀ ਮੀਡੀਆ ਦੇ ਰਸਤਿਆਂ ਵਿੱਚ ਆ ਰਹੀਆਂ ਔਕੜਾਂ ਦੇ ਗੱਲ ਵੀ ਹੋਈ। ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ਇਸ ਸਮ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਬੁੱਝਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਹੀ ਮਾਅਨਿਆਂ ਵਿੱਚ ਪੱਤਰਕਾਰੀ ਕਰਨੀ ਬਹੁਤ ਔਖਾ ਕੰਮ ਹੈ। ਸੰਪਾਦਕ ਨੂੰ ਕਲਮ ਚੁੱਕਣ ਤੋਂ ਪਹਿਲਾਂ ਸੋਚਣਾ ਪੈਂਦਾ ਹੈ, ਕਿਉਂਕਿ ਹੁਕਮਰਾਨਾਂ ਦੇ ਪਾਜ ਉਘੇੜਨ ’ਤੇ ਉਨ੍ਹਾਂ ਵੱਲੋਂ ਈਡੀ, ਸੀਬੀਆਈ ਜਾਂ ਕਿਸੇ ਹੋਰ ਏਜੰਸੀ ਵੱਲੋਂ ਉਸ ਸੰਪਾਦਕ ’ਤੇ ਕਾਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ‘ਦੇਸ਼ ਸੇਵਕ’ ਨੂੰ ਹੁਣ ਤੱਕ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਨਾ ਪਵੇਗਾ ਜਿਹਨਾਂ ਦਾ ਸਾਹਮਣਾ ਕਰਨ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। 

ਇਸ ਯਾਦਗਾਰੀ ਸਮਾਗਮ ਮੌਕੇ ‘ਦੇਸ਼ ਸੇਵਕ’ ਦਾ ਕੈਲੰਡਰ ਤੇ ਡਾਇਰੀ ਵੀ ਜਾਰੀ ਕੀਤੇ ਗਏ। ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ‘ਦੇਸ਼ ਸੇਵਕ’ ਆਪਣੀ ਜ਼ਿੰਮੇਵਾਰੀ ਤੋਂ ਕਦੇ ਪਿੱਛੇ ਨਹੀਂ ਹਟਿਆ ਅਤੇ ਇਹ ਆਪਣੇ ਪਾਠਕਾਂ ਨੂੰ ਜਵਾਬਦੇਹ ਹੈ ਤੇ ਰਹੇਗਾ। ਉਨ੍ਹਾਂ ਕਿਹਾ ਕਿ ਇਸ ਅਖ਼ਬਾਰ ਨੇ ਦਬੇ ਕੁਚਲੇ ਲੋਕਾਂ ਦੀ ਜ਼ੁਬਾਨ ਬਣ ਕੇ ਉਨ੍ਹਾਂ ਦੇ ਮੁੱਦੇ ਪ੍ਰਮੁੱਖਤਾ ਨਾਲ ਚੁੱਕੇ ਹਨ। ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ਅੱਜ ਜਦੋਂ ਦੇਸ਼ ਦੇ ਹਾਲਾਤ ਹੁਕਮਰਾਨਾਂ ਵੱਲੋਂ ਕਿਸੇ ਹੋਰ ਹੀ ਪਾਸੇ ਮੋੜ ਦਿੱਤੇ ਗਏ ਹਨ, ਉਸ ਸਮੇਂ ਵਿੱਚ ‘ਦੇਸ਼ ਸੇਵਕ’ ਦੀ ਜ਼ਿੰਮੇਵਾਰ ਹੋਰ ਵੀ ਵਧ ਜਾਂਦੀ ਹੈ ਕਿ ਹੁਕਮਰਾਨਾਂ ਦੀਆਂ ਲੋਕਮਾਰੂ ਨੀਤੀਆਂ ਦੇ ਖ਼ਿਲਾਫ਼ ਆਵਾਜ਼ ਚੁੱਕੀ ਜਾਵੇ। ਉਨ੍ਹਾਂ ਕਿਹਾ ਕਿ ਅੱਜ ਸੰਵਿਧਾਨਿਕ ਸੰਸਥਾਵਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਹੁਕਮਰਾਨ ਆਪਣੇ ਨਿੱਜੀ ਮੁਫ਼ਾਦਾਂ ਲਈ ਇਨ੍ਹਾਂ ਦੀ ਦੁਰਵਰਤੋਂ ਕਰ ਰਹੇ ਹਨ।

ਉਨ੍ਹਾਂ ਜੰਮੂ ਕਸ਼ਮੀਰ ’ਚ ਧਾਰਾ 370 ਖ਼ਤਮ ਕਰਨ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕੀ ਇਹ ਸਾਡੇ ਸੰਵਿਧਾਨ ਦੀ ਧਾਰਾ ਨਹੀਂ ਹੈ, ਜਾਂ ਇਹ ਵਿਦੇਸ਼ੀ ਸੰਵਿਧਾਨ ਦੀ ਧਾਰਾ ਹੈ? ਉਨ੍ਹਾਂ ਕਿਹਾ ਕਿ ਜਦੋਂ ਭਾਰਤ ਦਾ ਸੰਵਿਧਾਨ ਲਿਖਿਆ ਗਿਆ ਤਾਂ ਇਸ ਧਾਰਾ ਨੂੰ ਵੀ ਉਸ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਉਥੇ ਉਨ੍ਹਾਂ ਨੂੰ ਸੂਬੇ ਬਣਾਉਣ ਦੀ ਮੰਗ ਉਠ ਰਹੀ ਹੈ। ਇਸ ਦੇ ਉਲਟ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਖ਼ਤਮ ਕਰ ਕੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਉਥੇ ਦੇ ਲੋਕਾਂ ਨਾਲ ਜੋ ਬੀਤੀ ਹੈ, ਉਹ ਜੱਗ ਜਾਹਿਰ ਹੈ। ਇੱਥੇ ਲੋਕਾਂ ਦੇ ਬੋਲਣ, ਸੁਣਨ, ਪਹਿਨਣ, ਖ਼ਾਣ-ਪੀਣ, ਚੱਲਣ-ਫਿਰਨ ’ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਇਹ ਦੱਸੇ ਕੀ ਇਹ ਲੋਕ ਭਾਰਤ ਦੇ ਬਸ਼ਿੰਦੇ ਨਹੀਂ ਹਨ? ਜੋ ਉਨ੍ਹਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਕੀਤਾ ਗਿਆ।

ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕ ਜਮਹੂਰੀਅਤ ਪਸੰਦ ਲੋਕ ਹਨ, ਇਨ੍ਹਾਂ ਨੇ 1947 ਵਿੱਚ ਵੰਡ ਵੇਲੇ ਆਪਸੀ ਭਾਈਚਾਰਕ ਸਾਂਝ ਦਾ ਪੱਲਾ ਨਹੀਂ ਛੱਡਿਆ ਤੇ ਇਸ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਸੰਗਰਾਮ ਵਿੱਚ ਵੀ ਆਪਣਾ ਬਣਦਾ ਹਿੱਸਾ ਪਾਇਆ।

ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਤੇ ਜੰਮੂ ਕਸ਼ਮੀਰ ਜੋ ਕਿ ਦੋਵੇਂ ਹੀ ਸਰਹੱਦੀ ਸੂਬੇ ਹਨ, ਉਤੇ ਖਾਸ ਪਬੰਦੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਸੂਬਿਆਂ ਦੇ ਲੋਕ ਭਖਾਰੀ ਨਹੀਂ ਹਨ, ਉਹ ਚਾਹੁੰਦੇ ਹਨ ਕਿ ਉਨ੍ਹਾਂ ਨਾਲ ਸ਼ਹਿਰੀਆਂ ਵਾਲਾ ਸਲੂਕ ਕੀਤਾ ਜਾਵੇ। ਇਹ ਆਪਣੇ ਹੱਕ ਹਕੂਕ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 50 ਕਿਲੋਮੀਟਰ ਦਾ ਖੇਤਰ ਬੀਐਸਐਫ਼ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਸ ਤੋਂ ਹੁਕਮਰਾਨਾਂ ਦੇ ਇਰਾਦੇ ਭਾਂਪੇ ਜਾ ਸਕਦੇ ਹਨ। ਉਨ੍ਹਾਂ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿੱਥੇ ਆਜ਼ਾਦੀ ਦੇ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਇਆ, ਉਥੇ ਹੀ ਅੱਤਵਾਦ ਦੇ ਦੌਰ ’ਚ ਭਾਈਚਾਰਕ ਸਾਂਝ ਕਾਇਮ ਰੱਖੀ ਤੇ ਦਿੱਲੀ ਦੇ ਬਾਰਡਰ ’ਤੇ ਲੜੇ ਗਏ ‘ਕਿਸਾਨ ਅੰਦੋਲਨ’ ਵਿੱਚ ਆਪਣੀ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਕਿਸਾਨ ਚਾਹੇ ਜੰਮੂ ਕਸ਼ਮੀਰ ਦਾ ਹੋਵੇ, ਚਾਹੇ ਉਹ ਪੰਜਾਬ ਦਾ ਉਹ ਡਟ ਕੇ ਖੇਤੀ ਕਰੇਗਾ ਤੇ ਇਸ ਦੀ ਹਿਫ਼ਾਜਤ ਵੀ ਕਰੇਗਾ ਤੇ ਫ਼ਸਲਾਂ ਦਾ ਮੁੱਲ ਵੀ ਖ਼ੁਦ ਤੈਅ ਕਰੇਗਾ। ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ਭਾਜਪਾ ਨੂੰ ਹੁਣ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਦੇਸ਼ ਦੀ ਜਨਤਾ ਹੁਣ ਬਹੁਤੀ ਦੇਰ ਉਸ ਦੀ ਧੁੰਨ ’ਤੇ ਨੱਚਣ ਵਾਲੀ ਨਹੀਂ ਹੈ। ਅਖ਼ੀਰ ਵਿੱਚ ਉਨ੍ਹਾਂ ‘ਦੇਸ਼ ਸੇਵਕ’ ਦੀ ਸਮੁੱਚੀ ਮੈਨੇਜਮੈਂਟ ਨੂੰ 27ਵੀਂ ਵਰ੍ਹੇਗੰਢ ਦੀ ਮੁਬਾਰਕਬਾਦ ਪੇਸ਼ ਕਰਦਿਆਂ ਆਪਣੇ ਹਰ ਸਹਿਯੋਗ ਦਾ ਭਰੋਸਾ ਦਿਵਾਇਆ।

ਰੋਜ਼ਾਨਾ ਦੇਸ਼ ਸੇਵਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸੇਖੋਂ ਹੁਰਾਂ ਨੇ ਵੀ ਮੰਚ ਤੋਂ ਅਜਿਹੇ ਕਈ ਮਾਮਲੇ ਗਿਣਵਾਏ ਜਿਹਨਾਂ ਦੀਆਂ ਖਬਰਾਂ ਛਾਪਣ ਦੀ ਦਲੇਰੀ ਸਭ ਤੋਂ ਪਹਿਲਾਂ ਸਿਰਫ ਦੇਸ਼ ਸੇਵਕ ਨੇ ਹੀ ਦਿਖਾਈ। ਇਹਨਾਂ ਵਿੱਚ ਇੱਕ ਪ੍ਰਸਿੱਧ ਡੇਰੇ ਵਾਲੀ ਖਬਰ ਵੀ ਸ਼ਾਮਲ ਸੀ। ਕਾਮਰੇਡ ਸੇਖੋਂ ਨੇ ਦੱਸਿਆ ਕਿ ਜਦੋਂ ਸੰਨ 2002 ਵਿੱਚ ਇਸ ਖਬਰ ਵਾਲੀ ਉਹ ਗੁੰਮਨਾਮ ਚਿੱਠੀ ਪ੍ਰਕਾਸ਼ਿਤ ਕੀਤੀ ਗਈ ਤਾਂ ਉਸ ਦਿਨ ਦਾ ਖਬਰ 200/- ਤੋਂ 500/- ਰੁਪਏ ਪ੍ਰਤੀ ਅਖਬਾਰ ਬਲੈਕ ਵਿਚ ਵੀ ਵਿਕਿਆ। ਲੋਕਾਂ ਵਿਚ ਦੇਸ਼ ਸੇਵਕ ਆਪਣੀ ਨਿਰਪੱਖਤਾ ਅਤੇ ਦਲੇਰੀ ਕਾਰਨ ਹਰਮਨ ਪਿਆਰਾ ਹੋਇਆ। ਕਾਮਰੇਡ ਸੇਖੋਂ ਨੇ ਕਿਹਾ ਕਿ ਛੇਤੀ ਹੋ ਦੇਸ਼ ਸੇਵਕ ਨੂੰ ਤਿੰਨ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰਨ ਦੇ ਹੀਲੇ ਵਸੀਲੇ ਕੀਤੇ ਜਾ ਰਹੇ ਹਨ ਤਾਂਕਿ ਇਹ ਅਖਬਾਰ ਉੱਤਰ ਭਾਰਤ ਦਾ ਇੱਕ ਮਜ਼ਬੂਤ ਮੀਡੀਆ ਬਣ ਕੇ ਸਾਹਮਣੇ ਆਏ।  

ਇਸ ਵਿਸ਼ੇਸ਼ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਇਹ ਮਿਸ਼ਨ ਸੀ ਕਿ ਫਿਰਕੂ ਵੰਡਵਾਦੀ ਤੇ ਰੂੜੀਵਾਦ ਨੂੰ ਭਾਂਜ ਦੇਣ ਵਾਲਾ ਇੱਕ ਅਖ਼ਬਾਰ ਹੋਣਾ ਚਾਹੀਦਾ ਹੈ। ਇਸੇ ਮਿਸ਼ਨ ਦੇ ਤਹਿਤ ਉਨ੍ਹਾਂ ਨੇ ਅੱਜ ਤੋਂ 27 ਸਾਲ ਪਹਿਲਾਂ ‘ਦੇਸ਼ ਸੇਵਕ’ ਨੂੰ ਮੁੜ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਇਸ ਅਰਸੇ ਦੌਰਾਨ ਵੱਡੀਆਂ ਮੁਸ਼ਕਲਾਂ ਆਈਆਂ ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ‘ਦੇਸ਼ ਸੇਵਕ’ ਆਪਣੀ ਚਾਲੇ ਤੁਰਦਾ ਰਿਹਾ। 

ਉਨ੍ਹਾਂ ਕਿਹਾ ਕਿ ‘ਦੇਸ਼ ਸੇਵਕ’ ਨੇ ਕਈ ਖ਼ਬਰਾਂ ਨੂੰ ਪ੍ਰਮੁੱਖ਼ਤਾ ਨਾਲ ਛਾਪਿਆ, ਜਿਨ੍ਹਾਂ ਦਾ ਸਰੋਕਾਰ ਸਮਾਜ ਦੇ ਨਾਲ ਸੀ। ਉਨ੍ਹਾਂ ਕਿਹਾ ਕਿ ‘ਦੇਸ਼ ਸੇਵਕ’ ’ਚ 25 ਸਤੰਬਰ 2002 ਨੂੰ ਸਿਰਸਾ ਦੇ ਅਖੌਤੀ ਸਾਧ ਵੱਲੋਂ ਜਿਨਸੀ ਸ਼ੋਸ਼ਣ ਦੀ ਸ਼ਿਕਾਰ ਇੱਕ ਲੜਕੀ ਵੱਲੋਂ ਲਿਖੀ ਗਈ ਗੁੰਮਨਾਮ ਚਿੱਠੀ ਪ੍ਰਕਾਸ਼ਿਤ ਕੀਤੀ ਗਈ, ਜਿਸ ਦਾ ਸੋਮੋਟੋ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਜਦੋਂ 25 ਅਗਸਤ 2017 ਵਿੱਚ ਇਸ ਅਖੌਤੀ ਸਾਧ ਨੂੰ ਸਜ਼ਾ ਸੁਣਾਈ ਤਾਂ 26 ਅਗਸਤ 2017 ਦੇ ਅੰਗਰੇਜ਼ੀ ਟ੍ਰਿਬਿਊਨ ਨੇ ਆਪਣੀ ਛਾਪੀ ਖ਼ਬਰ ਵਿੱਚ ‘ਦੇਸ਼ ਸੇਵਕ’ ਵੱਲੋਂ ਨਿਭਾਈ ਭੂਮਿਕਾ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਅਤੇ ‘ਦੇਸ਼ ਸੇਵਕ’ ਵਿੱਚ ਅਖੌਤੀ ਸਾਧ ਦੇ ਖ਼ਿਲਾਫ਼ ਲੱਗੀ ਕਾਤਰ ਵੀ ਪ੍ਰਕਾਸ਼ਿਤ ਕੀਤੀ। 

ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਦਾ ਸੁਫ਼ਨਾ ਸੀ ਕਿ ‘ਦੇਸ਼ ਸੇਵਕ’ ਤਿੰਨ ਭਾਸ਼ਾਵਾਂ ਵਿੱਚ ਛਪੇ ਅਤੇ ਇਹ ਉਤਰੀ ਭਾਰਤ ਦਾ ਪ੍ਰਮੁੱਖ ਅਖ਼ਬਾਰ ਬਣੇ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਦਾ ਇਹ ਸੁਫ਼ਨਾ ਪੂਰਾ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਕਾਮਰੇਡ ਸੇਖੋਂ ਨੇ ਇਸ ਦੌਰਾਨ ਜ਼ਿਕਰ ਕੀਤਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਜਿਸ ਸਕੂਲ ਵਿੱਚੋਂ 9ਵੀਂ ਵਿੱਚ ਪੜ੍ਹਦਿਆਂ ਨਾਮ ਕੱਟ ਦਿੱਤਾ ਗਿਆ ਸੀ, ਪਾਰਟੀ ਦੀ ਮੰਗ ’ਤੇ ਸਰਕਾਰ ਨੇ ਉਸ ਸਕੂਲ ਦਾ ਬਦਲ ਕੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਰੱਖਿਆ ਹੈ। ਇਸੇ ਤਰ੍ਹਾਂ ਜੰਡਿਆਲਾ ਤੋਂ ਨਵਾਂ ਪਿੰਡਾ ਤੱਕ ਸਾਢੇ 24 ਕਿਲੋਮੀਟਰ ਲੰਬੀ ਸੜਕ ਦਾ ਨਾਮ ਵੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਨਾਂ ’ਤੇ ਰੱਖਿਆ ਗਿਆ ਹੈ। 

ਉਨ੍ਹਾਂ ਕਿਹਾ ਕਿ ਆਜ਼ਾਦੀ ਸੰਗਰਾਮ ਵਿੱਚ ਕਾਮਰੇਡ ਸੁਰਜੀਤ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ 23 ਮਾਰਚ 1932 ਵਿੱਚ ਕਾਂਗਰਸ ਵੱਲੋਂ ਡੀਸੀ ਦਫ਼ਤਰਾਂ ’ਤੇ ਯੂਨੀਅਨ ਜੈਕ ਉਤਾਰ ਕੇ ਤਿਰੰਗੇ ਲਹਿਰਾਉਣ ਦਾ ਸੱਦਾ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਇਹ ਸੱਦਾ ਵਾਪਸ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਕਾਮਰੇਡ ਸੁਰਜੀਤ ਦੀ ਉਮਰ 16 ਸਾਲ ਸੀ ਤੇ ਉਹ ਹੁਸ਼ਿਆਰਪੁਰ ਕਾਂਗਰਸ ਦੇ ਦਫ਼ਤਰ ਵਿੱਚ ਪਹੁੰਚ ਗਏ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਦਿੱਤੇ ਗਏ ਸੱਦੇ ਦਾ ਕੀ ਬਣਿਆ ਹੈ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਸੱਦਾ ਵਾਪਸ ਲੈ ਲਿਆ ਗਿਆ ਹੈ। ਕਾਮਰੇਡ ਸੁਰਜੀਤ ਨੂੰ ਕਿਹਾ ਗਿਆ ਕਿ ਜੇ ਤੁਹਾਡੀ ਮਰਜ਼ੀ ਹੈ ਤਾਂ ਫਿਰ ਤੁਸੀਂ ਖ਼ੁਦ ਤਿਰੰਗਾ ਚੜ੍ਹਾਓ। 

ਇਸ ’ਤੇ ਕਾਮਰੇਡ ਸੁਰਜੀਤ ਡੀਸੀ ਦਫ਼ਤਰ ਪਹੁੰਚੇ ਤੇ ਉਨ੍ਹਾਂ ਨੇ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਲਹਿਰਾ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਸ ਥਾਂ ਨੂੰ ਕਾਮਰੇਡ ਸੁਰਜੀਤ ਦੀ ਯਾਦਗਾਰ ਵਜੋਂ ਵਿਕਸਤ ਕਰਨ ਦੀ ਮੰਗ ਕੀਤੀ ਹੈ। ਕਾਮਰੇਡ ਸੇਖੋਂ ਨੇ ਦੱਸਿਆ ਕਿ 23 ਮਾਰਚ ਨੂੰ ਇਸੇ ਥਾਂ ’ਤੇ ਜਿੱਥੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਜਨਮ ਦਿਨ ਮਨਾਇਆ ਜਾਵੇਗਾ, ਉਥੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਵਸ ਵੀ ਪਾਰਟੀ ਮਨਾਏਗੀ। ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਯੇਚੁਰੀ ਪਹੁੰਚਣਗੇ।

ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ‘ਦੇਸ਼ ਸੇਵਕ’ ਦੇ ਰੈਜੀਡੈਂਟ ਐਡੀਟਰ-ਕਮ-ਜਨਰਲ ਮੈਨੇਜਰ ਚੇਤਨ ਸ਼ਰਮਾ ਨੇ ਕਿਹਾ ਕਿ ਨਵੀਂ ਮੈਨੇਜਮੈਂਟ ਨੇ ਪੰਜ ਸਾਲ ਪਹਿਲਾਂ ਅਦਾਰੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ ਸੀ। ਇਸ ਦੌਰਾਨ ਕਈ ਉਤਰਾਅ ਚੜ੍ਹਾਅ ਦੇਖੇ ਗਏ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਦੀ ਸੋਚ ’ਤੇ ਪਹਿਰਾ ਦਿੰਦਿਆਂ ‘ਦੇਸ਼ ਸੇਵਕ’ ਦੀ ਬਿਹਤਰੀ ਲਈ ਦਿਨ-ਰਾਤ ਇੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਦਾ ਸੁਫ਼ਨਾ ਸੀ ਕਿ ‘ਦੇਸ਼ ਸੇਵਕ’ ਹੋਰ ਭਾਸ਼ਾਵਾਂ ਵੀ ਛਪੇ, ਇਸ ਲਈ 2020 ਵਿੱਚ ਅਦਾਰੇ ਵੱਲੋਂ ਪੰਜਾਬੀ ਅਤੇ ਅੰਗਰੇਜ਼ੀ ਦੀ ਵੈਬਸਾਈਟ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਢਾਈ ਸਾਲਾਂ ਵਿੱਚ ਇੱਕ ਕਰੋੜ 97 ਲੱਖ ਦਰਸ਼ਕ ਇਸ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਮੀਡੀਆ ਦਾ ਕੀ ਹਾਲ ਹੈ, ਇਹ ਸਭ ਜਾਣਦੇ ਹਨ, ਪਰ ‘ਦੇਸ਼ ਸੇਵਕ’ ਨੇ ਨਿਰਪੱਖ਼ ਪੱਤਰਕਾਰੀ ਦਾ ਪੱਲਾ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਜਲਦ ਹੀ ‘ਦੇਸ਼ ਸੇਵਕ’ ਇੱਕ ਹੋਰ ਭਾਸ਼ਾ ਵਿੱਚ ਵੀ ਸ਼ੁਰੂ ਹੋਣ ਜਾ ਰਿਹਾ ਹੈ।

ਰੋਜ਼ਾਨਾ ‘ਦੇਸ਼ ਸੇਵਕ’ ਦੇ ਸੰਪਾਦਕ ਰਿਪੁਦਮਨ ਰਿੱਪੀ ਨੇ ਇਸ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ‘ਦੇਸ਼ ਸੇਵਕ’ ਨੇ ਜਮਹੂਰੀ ਤੇ ਧਰਮ ਨਿਰਪੱਖ਼ ਕਦਰਾਂ-ਕੀਮਤਾਂ ’ਤੇ ਹਮੇਸ਼ਾ ਪਹਿਰਾ ਦਿੱਤਾ ਹੈ ਅਤੇ ਲਗਾਤਾਰ ਲੋਕ ਪੱਖ਼ੀ ਪੈਂਤੜਾ ਅਪਣਾਈ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਆਮ ਲੋਕ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਹੇਠ ਜੀਅ ਰਹੇ ਹਨ ਅਤੇ ਸਮਾਜਿਕ ਪੱਧਰ ’ਤੇ ਹੁਕਮਰਾਨਾਂ ਵੱਲੋਂ ਧਰਮ ਦੇ ਆਧਾਰ ’ਤੇ ਜ਼ਹਿਰ ਭਰੀ ਫਿਰਕਾਪ੍ਰਸਤੀ ਫੈਲਾਈ ਜਾ ਰਹੀ ਹੈ, ਜੋ ਕਿ ਲੋਕਾਂ ਵਿੱਚ ਵੰਡੀਆਂ ਪਾ ਰਹੀ ਹੈ, ਇਸ ਸਮੇਂ ‘ਦੇਸ਼ ਸੇਵਕ’ ਜਿਹੇ ਅਖ਼ਬਾਰਾਂ ਦੀ ਅਹਿਮੀਅਤ ਬਹੁਤ ਵਧ ਜਾਂਦੀ ਹੈ।

ਇਸ ਦੌਰਾਨ ‘ਦੇਸ਼ ਸੇਵਕ’ ਦਾ ਸਾਲ 2023 ਦਾ ਕੈਲੰਡਰ ਤੇ ਡਾਇਰੀ ਵੀ ਰਿਲੀਜ਼ ਕੀਤੀ ਗਈ। ਅਖ਼ੀਰ ਵਿੱਚ ਕਾਮਰੇਡ ਭੂਪ ਚੰਦ ਚੰਨੋ ਵੱਲੋਂ ਸਮਾਗਮ ਵਿੱਚ ਪਹੁੰਚੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ।  ਵੀ. ਪੀ. ਸਿੰਘ ਨਾਗਰਾ ਅਤੇ ਹੋਰ ਸਾਰੇ ਵੀ ਅੰਤ ਤੱਕ ਪੂਰੀ ਤਰ੍ਹਾਂ ਸਰਗਰਮ ਰਹੇ। ਕੁਲ ਮਿਲਾ ਕੇ ਸਮਾਗਮ ਬਹੁਤ ਹੀ ਯਾਦਗਾਰੀ ਸੀ ਪਾਰ ਬਹੁਤ ਸਾਰੇ ਪੁਰਾਣੇ ਸਾਥੀ ਜਿਹੜੇ ਇਸ ਸਾਰੇ ਪਰਿਵਾਰ ਦੇ ਸਗਰਮ ਮੈਂਬਰ ਵੀ ਰਹੇ ਉਹਨਾਂ ਦੀ ਗੈਰਮੌਜੂਦਗੀ ਖਟਕਦੀ ਰਹੀ। ਸਮਾਗਮ ਵਿਚ ਪਹੁੰਚਣਾ ਵਾਲੇ ਦੇਸ਼ ਸੇਵਕ ਦੇ ਪਰਵਾਨਿਆਂ ਦੀ ਸਹੀ ਗਿਣਤੀ ਦਾ ਅੰਦਾਜ਼ਾ ਲਾਉਣ ਵਿੱਚ ਵੀ ਪ੍ਰਬੰਧਕ ਖੁੰਝ ਗਏ। ਹਾਲ ਵਿਛਕ ਖੜੇ ਹੋਣਾ ਵੀ ਬਹੁਤ ਮੁਸ਼ਕਲ ਸੀ ਜਿਸ ਕਾਰਨ ਮੀਡੀਆ ਨੂੰ ਵੀ ਕਵਰੇਜ ਵਿੱਚ ਦਿੱਕਤ ਆਈ। ਲੰਗਰ ਵੀ ਇਸੇ ਲਾਇ ਥੁੜਿਆ ਕਿਓਂਕਿ ਆਉਣ ਵਾਲੇ ਮਹਿਮਾਨ ਅਤੇ ਪਰਿਵਾਰਿਕ ਮੈਂਬਰ ਅੰਦਾਜ਼ਿਆਂ ਨੂੰ ਗਲਤ ਸਾਬਤ ਕਰ ਕੇ ਬਹੁਤ ਹੀ ਵੱਡੀ ਗਿਣਤੀ ਵਿੱਚ ਪੁੱਜੇ। ਖੈਰ ਵੱਡੇ ਸਮਾਗਮਾਂਵਿੱਚ  ਇਹ ਸਭ ਵੀ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਹੋ ਹੀ ਜਾਂਦਾ ਹੈ। ਉਮੀਦ ਹੈ 28ਵੀਂ ਵਰ੍ਹੇਗੰਢ ਹੋਰ ਵੀ ਜ਼ਿਆਦਾ ਵਿਸ਼ਾਲ ਪੱਧਰ 'ਤੇ ਮਨਾਈ ਜਾਏਗੀ।  

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Wednesday, December 28, 2022

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅੱਜ ਵੀ ਪ੍ਰੇਰਨਾ ਦੇਂਦੀ ਹੈ--ਕਾਮਰੇਡ ਸੇਖੋਂ

ਇਨ੍ਹਾਂ ਦੀ ਅਦੁੱਤੀ ਕੁਰਬਾਨੀ ਨੂੰ ਦੇਸ਼ ਕਦੇ ਵੀ ਭੁਲਾ ਨਹੀਂ ਸਕਦਾ 

ਚੰਡੀਗੜ੍ਹ:28 ਦਸੰਬਰ 2022:(ਕਾਮਰੇਡ ਸਕਰੀਨ ਡੈਸਕ)::

ਕਾਮਰੇਡ ਸੇਖੋਂ ਦੀ ਫਾਈਲ ਫੋਟੋ 

ਭਾਈ ਲਾਲੋਆਂ ਦਾ ਸਾਥ ਦੇਣ ਵਾਲੀ  ਅਤੇ ਔਰੰਗੇਜ਼ਬੀ ਸੋਚ ਦੇ ਖਿਲਾਫ ਹਮੇਸ਼ਾ ਡਟਣ ਵਾਲੀ ਕਮਿਊਨਿਸਟ ਲਹਿਰ ਅੱਜ ਵੀ ਸਿੱਖ ਪੰਥ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਲਾਮ ਕਰਦੀ ਹੈ ਜਿਹਨਾਂ ਨੇ ਜਬਰ ਜ਼ੁਲਮ ਦੇ ਖਿਲਾਫ ਕੀਤੇ ਗਏ ਮਹਾਨ ਸੰਘਰਸ਼ਾਂ ਦੌਰਾਨ ਆਪਣੀ ਜਾਨ ਤਾਂ ਕੁਰਬਾਨ ਕੀਤੀ ਪਰ ਜਾਬਰਾਂ ਦੀ ਈਨ ਨਹੀਂ ਮੰਨੀ। 
ਸੀ ਪੀ ਆਈ ਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਅਦੁੱਤੀ ਕੁਰਬਾਨੀ ਨੂੰ ਦੇਸ਼ ਕਦੇ ਵੀ ਭੁਲਾ ਨਹੀਂ ਸਕਦਾ। ਅੱਜ ਵੀ ਉਹਨਾਂ ਸ਼ਹੀਦਾਂ ਦੀਆਂ ਗਾਥਾਵਾਂ ਸਾਨੂੰ ਹਰ ਪਲ ਦਿਲਾਂ ਵਿੱਚ ਵਸਾਉਣ ਦੀ ਲੋੜ ਹੈ। ਕਾਮਰੇਡ ਸੇਖੋਂ ਨੇ ਉਹਨਾਂ ਨਾਜ਼ੁਕ ਵੇਲਿਆਂ ਦੀ ਚਰਚਾ ਕਰਦਿਆਂ ਕਿਹਾ ਅੱਜ ਵੀ ਸਾਨੂੰ ਉਹਨਾਂ ਮਹਾਨ ਸ਼ਹੀਦਾਂ ਦੀ ਸੋਚ 'ਤੇ ਇੱਕ ਵਾਰ ਫਿਰ ਪਹਿਰਾ ਦੇਣ ਦੀ ਲੋੜ ਹੈ।

ਸਰਹਿੰਦ ਦੀਆਂ ਨੀਂਹਾਂ ਵਾਲੇ  ਖੂਨੀ ਸਾਕੇ ਦੀ ਯਾਦ ਤਾਜ਼ਾ ਕਰਵਾਉਂਦਿਆਂ ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਅਦੁੱਤੀ ਕੁਰਬਾਨੀ ਮਨੁੱਖਤਾ ਨੂੰ ਜ਼ਬਰ-ਜ਼ੁਲਮ, ਦਮਨ ਤੇ ਬੇਇਨਸਾਫ਼ੀ ਖ਼ਿਲਾਫ਼ ਜੂਝਣ ਲਈ ਪ੍ਰੇਰਣਾ ਦੇਂਦੀ ਰਹੇਗੀ।  
ਉਨ੍ਹਾਂ ਕਿਹਾ ਕਿ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੇ ਨਿੱਕੀ ਉਮਰੇ ਸ਼ਹੀਦੀ ਪ੍ਰਾਪਤ ਕਰਕੇ ਸੂਬਾ-ਸਰਹਿੰਦ ਦੇ ਅੱਤਿਆਚਾਰ ਖ਼ਿਲਾਫ਼ ਬੇਮਿਸਾਲ ਬਹਾਦਰੀ ਅਤੇ ਨਿਡਰਤਾ ਦਾ ਸਬੂਤ ਦਿੱਤਾ। 

ਕਾਮਰੇਡ ਸੇਖੋਂ ਨੇ ਕਿਹਾ ਕਿ ਸਾਹਿਬਜ਼ਾਦਿਆਂ ਨੇ ਮੁਗਲ ਹਕੂਮਤ ਦੇ ਜੁਲਮਾਂ ਅੱਗੇ ਝੁਕਣ ਦੀ ਬਜਾਏ ਸ਼ਹਾਦਤ ਦੇਣ ਨੂੰ ਠੀਕ ਸਮਝਿਆ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਕੁਰਬਾਨੀ ਮਨੁੱਖਤਾ ਦੇ ਇਤਿਹਾਸ ’ਚ ਲਾਮਿਸਾਲ ਹੈ। ਉਨ੍ਹਾਂ ਕਿਹਾ ਕਿ ਅੱਜ ਸਮੁੱਚਾ ਦੇਸ਼ ਇਸ ਅਦੁੱਤੀ ਕੁਰਬਾਨੀ ’ਤੇ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਇਹ ਨਾ ਸਿਰਫ਼ ਪੰਜਾਬੀਆਂ ਤੇ ਸਾਡੇ ਦੇਸ਼ ਵਾਸੀਆਂ ਸਗੋਂ ਦੁਨੀਆ ਦੇ ਕੋਨੇ ਕੋਨੇ ’ਚ ਬੈਠੇ ਲੋਕਾਂ ਲਈ ਮਾਣ ਵਾਲੀ ਗੱਲ ਹੈ। 

ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਬੱਚਿਆ ਨੂੰ ਦਸਮੇਸ਼ ਪਿਤਾ ਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂ ਕਰਵਾਈਏ, ਜਿਨ੍ਹਾਂ ਨੇ ਛੋਟੀਆਂ ਉਮਰਾਂ ’ਚ ਹੀ ਵੱਡੀਆਂ ਸ਼ਹਾਦਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਜਬਰ-ਜ਼ੁਲਮ ਦਾ ਟਾਕਰਾ ਕਰਦਿਆਂ ਪੂਰਾ ਪਰਿਵਾਰ ਵਾਰ ਦਿੱਤਾ। 

ਕਮਿਊਨਿਸਟ ਲਹਿਰ ਅਤੇ ਸਿੱਖ ਲਹਿਰ ਦਰਮਿਆਨ ਇੱਕ ਵਾਰ ਫੇਰ ਵੱਧ ਰਹੀ ਇਹ ਨੇੜਤਾ ਨਿਸਚੇ ਹੀ ਇੱਕ ਨਵਾਂ ਇਤਿਹਾਸ ਰਚੇਗੀ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Monday, December 26, 2022

ਸੀ.ਪੀ.ਆਈ ਦੇ ਸਥਾਪਨਾ ਦਿਵਸ ਮੌਕੇ ਪਾਰਟੀ ਦੇ ਸਾਹਮਣੇ ਚੁਣੌਤੀਆਂ ਅਤੇ ਕੰਮ

ਸਮਾਜਵਾਦ ਵੱਲ ਸਮਾਜਿਕ ਤਬਦੀਲੀ ਦਾ ਸਾਡਾ ਰੈਡੀਕਲ ਏਜੰਡਾ ਹੈ

ਲੁਧਿਆਣਾ: 25 ਦਸੰਬਰ 2022: (ਕਾਮਰੇਡ ਸਕਰੀਨ ਡੈਸਕ)::

ਭਾਰਤੀ ਕਮਿਊਨਿਸਟ ਪਾਰਟੀ ਨੇ ਆਪਣੀ ਸਥਾਪਨਾ ਦੇ ਵੇਲੇ ਤੋਂ ਹੀ ਬਹੁਤ ਸਾਰੇ ਉਤਰਾਵਾਂ ਚੜ੍ਹਾਵਾਂ ਨੂੰ ਦੇਖਿਆ ਅਤੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ। ਸਿਧਾਂਤਾਂ ਦੀ ਰਾਖੀ ਅਤੇ ਵਿਰੋਧੀ ਹਮਲਿਆਂ ਦਾ ਸਾਹਮਣਾ ਪਾਰਟੀ ਨੇ ਬੜੇ ਅਸਰਦਾਇਕ ਢੰਗ ਨਾਲ ਕੀਤਾ। ਪਾਰਟੀ ਵਿਚ ਪਈ ਦੁਫੇੜ ਦੇ ਬਾਵਜੂਦ ਪਾਰਟੀ ਨੇ ਵੱਡੇ ਘੋਲ ਲੜੇ। ਵੱਡੇ ਸੰਘਰਸ਼ ਕੀਤੇ ਅਤੇ ਵੱਡੀਆਂ ਜੰਗਾਂ ਜਿੱਤੀਆਂ। ਅੱਜ ਦੇ ਸਬੰਧ ਵਿੱਚ ਕਾਮਰੇਡ ਡੀ ਰਾਜਾ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਹਨ ਜਿਹੜੀਆਂ ਕਮਿਊਨਿਸਟ ਲਹਿਰ ਵਿਚ ਦਿਲਚਸਪੀ ਰੱਖਣ ਵਾਲਿਆਂ ਦੇ ਬਹੁਤ ਕੰਮ ਦੀਆਂ ਹਨ। -ਸੰਪਾਦਕ  


ਸੀਪੀਆਈ ਦੇ ਕੌਮੀ ਜਨਰਲ ਸਕੱਤਰ ਡੀ ਰਾਜਾ ਵੱਲੋਂ ਵਿਸ਼ੇਸ਼ ਲਿਖਤ-
ਅਨੁਵਾਦ: ਐਮ ਐਸ ਭਾਟੀਆ

ਕਾਮਰੇਡ ਡੀ ਰਾਜਾ 
26 ਦਸੰਬਰ 1925 ਦੀ ਤਾਰੀਖ ਨਾ ਸਿਰਫ਼ ਭਾਰਤ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਵਿੱਚ ਉੱਕਰੀ ਹੋਈ ਹੈ, ਸਗੋਂ ਇਹ ਬਰਤਾਨਵੀ ਬਸਤੀ ਤੋਂ ਇੱਕ ਆਜ਼ਾਦ ਰਾਸ਼ਟਰ ਅਤੇ ਇੱਕ ਲੋਕਤੰਤਰੀ ਗਣਰਾਜ ਤੱਕ ਦੀ ਸਾਡੀ ਯਾਤਰਾ ਨਾਲ ਵੀ ਜੁੜੀ ਹੋਈ ਹੈ। ਇਸ ਦਿਨ, ਮਾਤ ਭੂਮੀ ਦੇ ਕੁਝ ਸਭ ਤੋਂ ਵਚਨਬੱਧ ਅਤੇ ਉਤਸ਼ਾਹੀ ਕ੍ਰਾਂਤੀਕਾਰੀ ਕਾਨਪੁਰ  ਸ਼ਹਿਰ ਵਿੱਚ ਇਕੱਠੇ ਹੋਏ ਅਤੇ ਦੇਸ਼ ਵਿੱਚ ਕਮਿਊਨਿਸਟ ਲਹਿਰ ਦੀ ਇੱਕ ਮਜ਼ਬੂਤ ​​ਨੀਂਹ ਰੱਖੀ। 1925 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਾਨਫਰੰਸ ਨੇ ਦੇਸ਼ ਭਰ ਦੇ ਵੱਖ-ਵੱਖ ਕਮਿਊਨਿਸਟ ਸਮੂਹਾਂ ਅਤੇ ਵਿਅਕਤੀਆਂ ਦੇ ਇੱਕ ਸਾਂਝੇ ਟੀਚੇ ਨਾਲ ਇਕੱਠੇ ਹੋਣ ਦੀ ਨਿਸ਼ਾਨਦੇਹੀ ਕੀਤੀ।

ਰੂਸੀ ਕ੍ਰਾਂਤੀ ਅਤੇ ਮਜ਼ਦੂਰਾਂ ਦੇ ਰਾਜ ਦੀ ਸਥਾਪਨਾ ਦੀ ਇਸਦੀ ਸ਼ਾਨਦਾਰ ਪ੍ਰਾਪਤੀ ਦੇ ਮੱਦੇਨਜ਼ਰ ਸੰਸਾਰ ਭਰ ਵਿੱਚ ਕਮਿਊਨਿਜ਼ਮ ਦੀ ਅਪੀਲ ਵਧ ਰਹੀ ਸੀ। ਰੂਸੀ ਕ੍ਰਾਂਤੀ ਦਾ ਭਾਰਤ ਉੱਤੇ ਕਾਫ਼ੀ ਪ੍ਰਭਾਵ ਸੀ। ਕਲੋਨੀਆਂ ਪ੍ਰਤੀ ਕਮਿਊਨਿਸਟ ਇੰਟਰਨੈਸ਼ਨਲ  ਦੀ ਨੀਤੀ ਨੇ ਬਹੁਤ ਸਾਰੇ ਕਮਿਊਨਿਸਟਾਂ ਨੂੰ ਆਕਰਸ਼ਿਤ ਕੀਤਾ ਜੋ ਆਪਣੇ ਦੇਸ਼ ਨੂੰ ਬ੍ਰਿਟਿਸ਼ ਬਸਤੀਵਾਦ ਤੋਂ ਮੁਕਤ ਅਤੇ ਸ਼ੋਸ਼ਣ ਤੋਂ ਮੁਕਤੀ ਚਾਹੁੰਦੇ ਸਨ। ਮਾਰਕਸਵਾਦ ਦੇ ਮਹਾਨ ਦਰਸ਼ਨ, ਰੂਸੀ ਕ੍ਰਾਂਤੀ ਦੇ ਉੱਚ ਆਦਰਸ਼ਾਂ ਤੋਂ ਪ੍ਰੇਰਿਤ ਅਤੇ ਦੇਸ਼ ਵਿੱਚ ਸਮਾਜ ਸੁਧਾਰਕਾਂ ਦੇ ਸਮਾਨਤਾਵਾਦੀ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ, ਨੌਜਵਾਨ ਕਮਿਊਨਿਸਟ ਪਾਰਟੀ ਛੇਤੀ ਹੀ ਰਾਸ਼ਟਰੀ ਮੁਕਤੀ ਅਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਲਈ ਲੜਨ ਵਾਲੀ ਇੱਕ ਵੱਡੀ ਤਾਕਤ ਬਣ ਗਈ।

ਅੰਗਰੇਜ਼, ਕਮਿਊਨਿਸਟਾਂ ਵੱਲੋਂ ਉਹਨਾਂ ਨੂੰ ਦਰਪੇਸ਼ ਖਤਰੇ ਤੋਂ ਜਾਣੂ ਸਨ ਅਤੇ ਇਸੇ ਲਈ ਉਹਨਾਂ ਨੇ ਕਮਿਊਨਿਸਟ ਲਹਿਰ ਨੂੰ ਮੁਢ ਵਿੱਚ ਹੀ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਭਾਰਤੀ ਲੋਕਾਂ ਵਿੱਚ ਫੈਲ ਰਹੀ ਇਨਕਲਾਬੀ ਲਾਟ ਨੂੰ ਦਬਾਉਣ ਅਤੇ ਬੰਦ ਕਰਨ ਲਈ ਕਮਿਊਨਿਸਟ ਆਗੂਆਂ ਅਤੇ ਵਰਕਰਾਂ ਵਿਰੁੱਧ ਕਈ ਤਰ੍ਹਾਂ ਦੇ ਸਾਜ਼ਿਸ਼ ਦੇ ਕੇਸ ਚਲਾਏ ਗਏ। ਪਰ ਅੰਗਰੇਜ਼ ਸਾਡੇ ਪੂਰਵਜਾਂ ਦੁਆਰਾ ਦਿਖਾਏ ਗਏ ਜਜ਼ਬੇ ਅਤੇ ਦ੍ਰਿੜ ਇਰਾਦੇ ਦੇ ਸਾਹਮਣੇ ਕਾਮਯਾਬ ਨਹੀਂ ਹੋ ਸਕੇ। ਕਮਿਊਨਿਸਟਾਂ ਨੇ ਬਹਾਦਰੀ ਨਾਲ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ ਅਤੇ ਦੇਸ਼ ਦੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਨਕਲਾਬੀ ਏਜੰਡੇ ਦੇ ਆਧਾਰ 'ਤੇ ਜਥੇਬੰਦ ਕੀਤਾ।

ਅੰਗਰੇਜ਼ਾਂ, ਜਿਮੀਂਦਾਰਾਂ ਅਤੇ ਰਾਜਿਆਂ ਦੇ ਸ਼ੋਸ਼ਣ ਅਤੇ ਵਿਤਕਰੇ ਦੇ ਖਿਲਾਫ ਲੜਦਿਆਂ ਕਮਿਊਨਿਸਟਾਂ ਦੁਆਰਾ ਦਿੱਤੀਆਂ ਗਈਆਂ ਮਹਾਨ ਕੁਰਬਾਨੀਆਂ ਸਾਡੀ ਆਜ਼ਾਦੀ ਦੀ ਲਹਿਰ ਦੇ ਸੁਨਹਿਰੀ ਇਤਿਹਾਸ ਦਾ ਹਿੱਸਾ ਹਨ। ਆਜ਼ਾਦੀ ਦੇ ਸੰਘਰਸ਼ ਵਿੱਚ ਕਮਿਊਨਿਸਟਾਂ ਦੀ ਸ਼ਮੂਲੀਅਤ ਨੇ ਇਸ ਦੇ ਏਜੰਡੇ ਨੂੰ ਕੱਟੜਪੰਥੀ ਬਣਾ ਦਿੱਤਾ। ਕਮਿਊਨਿਸਟਾਂ ਨੇ ਦੇਸ਼ ਦੇ ਲੋਕਾਂ ਦੀਆਂ ਦੂਰਗਾਮੀ ਮੰਗਾਂ ਚੁੱਕੀਆਂ ਅਤੇ ਉਨ੍ਹਾਂ ਨੂੰ ਸਾਕਾਰ ਕੀਤਾ। ਪੂਰਨ ਆਜ਼ਾਦੀ ਦੀ ਮੰਗ ਤੋਂ ਲੈ ਕੇ ਜ਼ਿਮੀਂਦਾਰਵਾਦ ਦੇ ਖਾਤਮੇ ਤੱਕ, ਕਮਿਊਨਿਸਟ ਸ਼ਮੂਲੀਅਤ ਨੇ ਭਵਿੱਖ ਦੇ ਗਣਰਾਜ ਦੇ ਏਜੰਡੇ ਨੂੰ ਵਧੇਰੇ ਸਮਾਨਤਾਵਾਦੀ ਅਤੇ ਲੋਕ-ਪੱਖੀ ਬਣਾਇਆ।

ਇਸ ਮਹਾਨ ਵਿਰਾਸਤ ਅਤੇ ਤਾਕਤ ਤੋਂ ਬਾਅਦ ਕਮਿਊਨਿਸਟ ਲਹਿਰ ਅੱਜ ਚੋਣ ਨਤੀਜਿਆਂ ਦੇ ਲਿਹਾਜ਼ ਨਾਲ ਕਮਜ਼ੋਰ ਨਜ਼ਰ ਆ ਰਹੀ ਹੈ। ਜਦੋਂ ਸਾਡੀ ਪਾਰਟੀ ਅਤੇ ਸੰਗਠਿਤ ਕਮਿਊਨਿਸਟ ਲਹਿਰ ਦੋ ਸਾਲਾਂ ਵਿੱਚ ਆਪਣੀ ਸ਼ਤਾਬਦੀ 'ਤੇ ਪਹੁੰਚ ਰਹੀ ਹੈ, ਇਹ ਸਹੀ ਸਮਾਂ ਹੈ ਜਦੋਂ ਅਸੀਂ ਇਸ ਸਵਾਲ 'ਤੇ ਚਿੰਤਨ ਕਰੀਏ ਅਤੇ ਇੱਕ ਨਵੀਨੀਕਰਨ, ਪੁਨਰ-ਸੁਰਜੀਤੀ ਅਤੇ ਪੁਨਰ-ਸੁਰਜੀਤੀ ਸ਼ਕਤੀ ਵਜੋਂ ਮੁੜ ਉਭਰੀਏ।

ਅਨੁਵਾਦਕ ਐਮ ਐਸ ਭਾਟੀਆ 
ਚੋਣਾਂ ਵਿੱਚ ਸਾਡੀ ਅਸਫਲਤਾ  ਵਾਲੇ ਕਾਰਨਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਲੋਕਾਂ ਦੇ ਸੰਬੰਧ ਵਿੱਚ ਉਭਰ ਰਹੇ ਮੁੱਦਿਆਂ ਨੂੰ ਸੰਬੋਧਿਤ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸਾਨੂੰ ਸਪੱਸ਼ਟ ਰਹਿਣਾ ਚਾਹੀਦਾ ਹੈ ਕਿ ਸੰਸਾਰ ਵਿੱਚ ਕਮਿਊਨਿਸਟ ਵਿਚਾਰਧਾਰਾ ਦੀ ਸਾਰਥਕਤਾ ਵਧ ਰਹੀ ਹੈ। ਦਹਾਕਿਆਂ ਦੀਆਂ ਨਵ-ਉਦਾਰਵਾਦੀ ਨੀਤੀਆਂ ਨੇ ਲੋਕਾਂ ਨੂੰ 'ਹੋਣ ਅਤੇ ਨਾ ਹੋਣ' 'ਚ ਤੇਜ਼ੀ ਨਾਲ ਵੰਡ ਦਿੱਤਾ ਹੈ। ਦੌਲਤ ਦਾ ਕੇਂਦਰੀਕਰਨ ਅੱਜ ਬੇਮਿਸਾਲ ਪੈਮਾਨੇ 'ਤੇ ਹੈ ਅਤੇ ਨਵ-ਉਦਾਰਵਾਦੀ ਨੀਤੀਆਂ ਵਲੋੰ ਪੈਦਾ ਕੀਤੀਆਂ ਚਿੰਤਾਵਾਂ ਨੇ ਪੀੜ੍ਹੀਆਂ ਨੂੰ ਘੇਰ ਲਿਆ ਹੈ। ਜਲਵਾਯੂ ਸੰਕਟ, ਕੁਦਰਤ ਦੀ ਦਵੰਦਵਾਦ ਨੂੰ ਸਮਝਣ ਵਿੱਚ ਅਸਫਲਤਾ ਦੇ ਨਾਲ, ਅਸਲ ਵਿੱਚ ਪੂੰਜੀਵਾਦ ਦਾ ਇੱਕ ਉਤਪਾਦ, ਪੂਰੀ ਦੁਨੀਆ ਦੇ ਲੋਕਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ਲਈ ਖਤਰਾ ਪੈਦਾ ਕਰ ਰਿਹਾ ਹੈ। ਉਨ੍ਹਾਂ ਥਾਵਾਂ 'ਤੇ ਜਿੱਥੇ ਖੱਬੇਪੱਖੀਆਂ ਨੇ ਇਨ੍ਹਾਂ ਮੁੱਦਿਆਂ ਨਾਲ ਸਾਰਥਿਕ ਤੌਰ 'ਤੇ ਨਜਿੱਠਿਆ ਹੈ, ਉਨ੍ਹਾਂ ਦੇ ਸਮਰਥਨ ਦੇ ਅਧਾਰ ਤੇਜ਼ੀ ਨਾਲ ਵਧੇ ਹਨ, ਲਾਤੀਨੀ ਅਮਰੀਕਾ ਵਿੱਚ ਜ਼ਿਕਰਯੋਗ ਹੈ। ਇਸ ਤਰ੍ਹਾਂ, ਇਹ ਕਹਿਣਾ ਅਸਲ ਵਿੱਚ ਗਲਤ ਹੈ ਕਿ ਖੱਬੇ ਪੱਖੀ ਨਕਾਰਾ ਹੋ ਗਏ ਹਨ।

ਭਾਰਤ ਵਿੱਚ, ਹਰ ਦੂਜੀ ਪਾਰਟੀ ਸਮਾਜਵਾਦੀ ਵਿਚਾਰਾਂ ਪ੍ਰਤੀ ਲੋਕਾਂ ਦੀ ਹਮਦਰਦੀ ਨਾਲ ਜੁੜਨ ਲਈ ਕਿਸੇ ਨਾ ਕਿਸੇ ਕਿਸਮ ਦੇ ਸਮਾਜਵਾਦ ਦਾ ਦਾਅਵਾ ਕਰਦੀ ਹੈ। ਇਹ ਪਛਾਣਨਯੋਗ ਹੈ ਕਿ ਸਮਾਜ ਦੇ ਵੱਖ-ਵੱਖ ਵਰਗਾਂ 'ਤੇ ਖੱਬੇ ਪੱਖੀ ਪ੍ਰਭਾਵ ਅਤੇ ਇਸ ਦੇ ਚੋਣ ਨਤੀਜਿਆਂ ਵਿਚ ਕੋਈ ਮੇਲ ਨਹੀਂ ਹੈ। ਇਸ ਦੇ ਕਈ ਕਾਰਨ ਹਨ, ਜਿਨ੍ਹਾਂ ਵਿੱਚੋਂ ਚੋਣ ਨਤੀਜਿਆਂ ਨੂੰ ਤੈਅ ਕਰਨ ਵਿੱਚ ਪੈਸੇ ਅਤੇ ਸਰੀਰਕ ਤਾਕਤ ਦੀ ਵਧਦੀ ਭੂਮਿਕਾ ਅਹਿਮ ਹੈ। ਬੁਰਜੂਆ ਸਿਆਸੀ ਪਾਰਟੀਆਂ ਵੱਲੋਂ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਜਾਣ ਕਾਰਨ ਚੋਣ ਲੜਨਾ ਇੱਕ ਕਲਪਨਾਯੋਗ ਮਹਿੰਗਾ ਮਾਮਲਾ ਬਣ ਗਿਆ ਹੈ। ਇਹ ਕਾਰਪੋਰੇਟ ਨੂੰ ਸਾਡੇ ਵਰਗੀਆਂ ਪਾਰਟੀਆਂ ਦੀ ਕੀਮਤ 'ਤੇ ਚੋਣ ਪ੍ਰਚਾਰ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਪ੍ਰਦਾਨ ਕਰਦਾ ਹੈ।

ਸਮਾਜ ਵਿੱਚ ਧਰੁਵੀਕਰਨ ਚਿੰਤਾਜਨਕ ਪੱਧਰ 'ਤੇ ਹੈ ਅਤੇ ਮੁੱਖ ਧਾਰਾ ਮੀਡੀਆ  ਇਸ ਨੂੰ ਉਤਸ਼ਾਹਿਤ ਕਰਨ ਲਈ ਬਦਨਾਮ ਹੈ। ਇਸ ਤਰ੍ਹਾਂ ਜਾਣਕਾਰੀ ਦੇ ਪੱਧਰ 'ਤੇ ਵੀ ਬਰਾਬਰ ਦੀ ਲੜਾਈ ਨੂੰ ਵਿਗਾੜਿਆ ਜਾ ਰਿਹਾ ਹੈ। ਵੋਟਰਾਂ ਨੂੰ ਆਪਣੇ ਭੌਤਿਕ ਹਿੱਤਾਂ ਨੂੰ ਛੁਪਾਉਣ ਲਈ ਫਿਰਕੂ, ਫਾਸੀਵਾਦੀ ਅਤੇ ਫੁੱਟ ਪਾਊ ਏਜੰਡੇ ਨਾਲ ਖੁਆਇਆ ਜਾ ਰਿਹਾ ਹੈ। ਵਿਨਾਸ਼ਕਾਰੀ ਨਵਉਦਾਰਵਾਦੀ ਆਰਥਿਕ ਨੀਤੀਆਂ ਕਾਰਨ ਆਮ ਲੋਕ ਮਹਿੰਗਾਈ, ਬੇਰੁਜ਼ਗਾਰੀ ਅਤੇ ਰੋਜ਼ੀ-ਰੋਟੀ ਦੇ ਹੋਰ ਮਸਲਿਆਂ ਦੀ ਮਾਰ ਹੇਠ ਹਨ। ਇਨ੍ਹਾਂ ਮੁੱਦਿਆਂ 'ਤੇ ਲੋਕਾਂ ਦੇ ਸੰਘਰਸ਼ ਕਾਰਪੋਰੇਟ ਮੀਡੀਆ ਦੀ ਮਲਕੀਅਤ ਕਾਰਨ ਪਰਦੇ ਪਿੱਛੇ ਰਹਿ ਜਾਂਦੇ ਹਨ। ਫਸਟ ਪਾਸਟ ਪੋਸਟ ਸਿਸਟਮ ਪੱਖਪਾਤੀ ਹੈ। ਚੋਣਾਂ ਦੀ ਜਮਹੂਰੀ ਪ੍ਰਕਿਰਿਆ ਨੂੰ ਅਸਥਿਰ ਕਰਨ ਅਤੇ ਤਬਾਹ ਕਰਨ ਲਈ ਕੇਂਦਰੀ ਏਜੰਸੀਆਂ ਦੀ ਘੋੜ-ਸਵਾਰੀ ਅਤੇ ਦੁਰਵਰਤੋਂ ਆਪਣੇ ਆਪ ਵਿੱਚ ਜ਼ੋਰਦਾਰ ਹੈ।

ਇੱਕ ਵਿਆਪਕ ਚੋਣ ਸੁਧਾਰਾਂ ਦੀ ਅਣਹੋਂਦ ਡਾ. ਅੰਬੇਡਕਰ ਦੁਆਰਾ ਦਿੱਤੀ ਗਈ ਚੇਤਾਵਨੀ ਦੀ ਪੁਸ਼ਟੀ ਕਰਦੀ ਹੈ ਕਿ ਰਾਜਨੀਤੀ ਵਿੱਚ ਸਾਡੇ ਕੋਲ ਇੱਕ ਆਦਮੀ ਇੱਕ ਵੋਟ ਹੋਵੇਗੀ ਪਰ ਸਮਾਜਿਕ ਅਤੇ ਆਰਥਿਕ ਜੀਵਨ ਵਿੱਚ ਸਾਡੇ ਕੋਲ ਇੱਕ ਆਦਮੀ ਇੱਕ ਮੁੱਲ ਨਹੀਂ ਹੋਵੇਗਾ। ਬਰਾਬਰੀ ਅਤੇ ਸਮਾਜਿਕ ਨਿਆਂ ਦਾ ਸਵਾਲ ਅਜੇ ਵੀ ਬਣਿਆ ਹੋਇਆ ਹੈ।

ਇਸ ਸੰਦਰਭ ਵਿੱਚ, ਸੀਪੀਆਈ ਅਤੇ ਹੋਰ ਖੱਬੀਆਂ ਪਾਰਟੀਆਂ ਨੂੰ ਚੋਣ ਲੜਾਈਆਂ ਵਿੱਚ ਵੀ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਆਪਣੀ ਰਣਨੀਤੀ ਨੂੰ ਮੁੜ ਤੋਂ ਤੈਅ ਕਰਨਾ ਚਾਹੀਦਾ ਹੈ। ਜਦੋਂ ਅਸੀਂ ਲੋਕਾਂ ਦੀਆਂ ਮੰਗਾਂ ਨੂੰ ਉਠਾਉਂਦੇ ਹਾਂ ਤਾਂ ਅਸੀਂ ਵੱਡੀ ਸ਼ਮੂਲੀਅਤ ਦੇਖਦੇ ਹਾਂ, ਇਹ ਚੋਣ ਨਤੀਜਿਆਂ ਵਿੱਚ ਵੀ ਪ੍ਰਤੀਬਿੰਬਤ ਹੋਣਾ ਚਾਹੀਦਾ ਹੈ। ਇਸ ਲਈ ਸਾਨੂੰ ਸਮਕਾਲੀ ਮਹੱਤਵ ਦੇ ਮੁੱਦਿਆਂ ਨੂੰ ਉਠਾਉਂਦੇ ਹੋਏ ਭਾਰਤੀ ਸਮਾਜ ਦੇ ਬੁਨਿਆਦੀ ਮੁੱਦਿਆਂ ਨਾਲ ਜੁੜਨ ਦੀ ਲੋੜ ਹੈ। ਸਾਡੇ ਸੰਘਰਸ਼ਾਂ ਨੂੰ ਸਾਡੇ ਸਮਾਜ ਵਿੱਚ ਜਾਤ, ਵਰਗ ਅਤੇ ਲਿੰਗ ਦੀ ਹਕੀਕਤ ਪ੍ਰਤੀ ਸੰਵੇਦਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਅਸਮਾਨਤਾ, ਵਿਤਕਰੇ ਅਤੇ ਪਿੱਤਰਸੱਤਾ ਦੇ ਢਾਂਚੇ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਹਨਾਂ ਮੁੱਦਿਆਂ 'ਤੇ ਨਿਰੰਤਰ ਜਨਤਕ ਅੰਦੋਲਨ ਅਤੇ ਸਮਝਦਾਰੀ ਨਾਲ ਚੋਣ ਬਦਲ ਬਣਾਉਣ ਦੇ ਨਤੀਜੇ ਵਜੋਂ ਖੱਬੇਪੱਖੀਆਂ ਨੂੰ ਸਮਾਜ ਵਿੱਚ ਆਪਣੇ ਪ੍ਰਭਾਵ ਦੇ ਅਨੁਕੂਲ ਚੋਣ ਨਤੀਜੇ ਪ੍ਰਾਪਤ ਹੋਣਗੇ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਖੱਬੇਪੱਖੀ ਆਪਣੇ ਚੋਣਵੇਂ ਹੇਠਲੇ ਪੱਧਰ 'ਤੇ ਹੈ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਕਮਿਊਨਿਜ਼ਮ ਨੂੰ 'ਖਤਰਨਾਕ ਵਿਚਾਰਧਾਰਾ' ਕਿਹਾ ਸੀ। ਕਮਿਊਨਿਸਟਾਂ ਅਤੇ ਆਰਐਸਐਸ ਦਾ ਏਜੰਡਾ ਇੱਕ ਦੂਜੇ ਦੇ ਉਲਟ ਚੱਲਦਾ ਹੈ ਅਤੇ ਕੇਵਲ ਕਮਿਊਨਿਸਟ ਹੀ ਆਰਐਸਐਸ ਦਾ ਵਿਚਾਰਧਾਰਕ ਬਦਲ ਦੇ ਸਕਦੇ ਹਨ। ਪ੍ਰਧਾਨ ਮੰਤਰੀ, ਜੋ ਇੱਕ ਆਰਐਸਐਸ ਪ੍ਰਚਾਰਕ ਹਨ, ਇਸ ਤੱਥ ਤੋਂ ਜਾਣੂ ਹਨ ਅਤੇ ਇਸੇ ਲਈ ਕਮਿਊਨਿਸਟਾਂ ਨੂੰ ਗਾਲ੍ਹਾਂ ਕੱਢਣ ਦਾ ਕੋਈ ਮੌਕਾ ਨਹੀਂ ਛੱਡਦੇ।

ਇਹ ਇੱਕ ਵਿਡੰਬਨਾ ਹੈ ਕਿ ਆਰਐਸਐਸ ਜਿਸ ਦੀ ਸਥਾਪਨਾ ਉਸੇ ਸਾਲ 1925 ਵਿੱਚ ਹੋਈ ਜਦੋਂ ਸੀਪੀਆਈ ਦੀ ਹੋਈ ਸੀ, ਨੇ ਆਪਣੇ ਰਾਜਨੀਤਿਕ ਵਿੰਗ ਬੀਜੇਪੀ ਦੁਆਰਾ ਰਾਜਨੀਤਿਕ ਸ਼ਕਤੀ ਉੱਤੇ ਕਬਜ਼ਾ ਕਰ ਲਿਆ ਹੈ। ਭਾਜਪਾ-ਆਰਐਸਐਸ ਗਠਜੋੜ ਕਾਰਪੋਰੇਟ ਘਰਾਣਿਆਂ ਦੀ ਹਮਾਇਤ ਵਾਲੇ ਹਿੰਦੂ ਰਾਸ਼ਟਰ ਦੇ ਆਪਣੇ ਫਿਰਕੂ ਫਾਸੀਵਾਦੀ ਏਜੰਡੇ ਨੂੰ ਲਾਗੂ ਕਰਨ ਲਈ ਹਮਲਾਵਰ ਹੈ। ਕਾਰਪੋਰੇਟ ਫਿਰਕੂ ਫਾਸ਼ੀਵਾਦ ਦੇਸ਼ ਦੀ ਏਕਤਾ ਅਤੇ ਵਿਭਿੰਨਤਾਵਾਂ ਨੂੰ ਖਤਰੇ ਵਿੱਚ ਪਾ ਰਿਹਾ ਹੈ।

ਇਸ ਤਰ੍ਹਾਂ ਇਹ ਸਪੱਸ਼ਟ ਹੈ ਕਿ ਸੰਵਿਧਾਨ ਅਤੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਤੋੜਨ ਦੇ ਆਰ.ਐਸ.ਐਸ. ਦੀ ਨਾਪਾਕ ਸਾਜ਼ਿਸ਼ ਨੂੰ ਲਗਾਤਾਰ ਸਿਆਸੀ, ਵਿਚਾਰਧਾਰਕ ਅਤੇ ਸਮਾਜਿਕ ਚੁਣੌਤੀ ਸਿਰਫ਼ ਕਮਿਊਨਿਸਟਾਂ ਤੋਂ ਹੀ ਮਿਲ ਸਕਦੀ ਹੈ। ਸਾਨੂੰ ਆਪਣੀ ਪਾਰਟੀ ਨੂੰ ਹਰ ਪੱਧਰ 'ਤੇ ਮਜ਼ਬੂਤ ​​ਕਰਕੇ ਚੁਣੌਤੀ ਦਾ ਸਾਹਮਣਾ ਕਰਨਾ ਚਾਹੀਦਾ ਹੈ। ਪਾਰਟੀ ਨੂੰ ਆਪਣੇ ਮੌਜੂਦਾ ਆਧਾਰਾਂ ਨੂੰ ਮਜ਼ਬੂਤ ​​ਕਰਨ ਅਤੇ ਨਵੇਂ ਖੇਤਰਾਂ ਤੱਕ ਵਿਸਤਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਾਰਟੀ ਨੂੰ ਮਿਹਨਤਕਸ਼ ਜਨਤਾ ਦੇ ਵੱਖ-ਵੱਖ ਵਰਗਾਂ ਦਾ ਸਿਆਸੀਕਰਨ ਕਰਨ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਯੋਜਨਾਬੱਧ ਵਿਚਾਰਧਾਰਕ ਸਿੱਖਿਆ ਜਾਰੀ ਰੱਖਣੀ ਚਾਹੀਦੀ ਹੈ। ਗਣਤੰਤਰ ਨੂੰ ਬਚਾਉਣ ਦੀ ਲੜਾਈ ਨੂੰ ਤੇਜ਼ ਕਰਨ ਲਈ ਇੱਕ ਮਜ਼ਬੂਤ ​​ਸੀ.ਪੀ.ਆਈ. ਅਤੇ ਇੱਕ ਮਜ਼ਬੂਤ ​​ਖੱਬੇ ਪੱਖੀ ਅਹਿਮ ਹੋਣਗੇ।

ਸਾਡੀ ਪਾਰਟੀ ਦੀ 24ਵੀਂ ਕਾਂਗਰਸ ਨੇ ਸੀ.ਪੀ.ਆਈ. ਨੂੰ ਮਜ਼ਬੂਤ ​​ਕਰਨ, ਖੱਬੇ-ਪੱਖੀ ਏਕਤਾ ਨੂੰ ਮਜ਼ਬੂਤ ​​ਕਰਨ, ਆਰ.ਐੱਸ.ਐੱਸ.-ਭਾਜਪਾ ਨੂੰ ਸੱਤਾ ਤੋਂ ਹਟਾਉਣ ਲਈ ਜਮਹੂਰੀ ਅਤੇ ਅਗਾਂਹਵਧੂ ਤਾਕਤਾਂ ਦਾ ਵਿਸ਼ਾਲ ਗਠਜੋੜ ਬਣਾਉਣ ਅਤੇ ਰੋਜ਼ੀ-ਰੋਟੀ ਦੇ ਮੁੱਦਿਆਂ 'ਤੇ ਜਨਤਕ ਸੰਘਰਸ਼ਾਂ ਨੂੰ ਤੇਜ਼ ਕਰਨ ਅਤੇ ਅੱਗੇ ਵਧਣ ਦਾ ਸੱਦਾ ਦਿੱਤਾ ਹੈ। ਸਮਾਜਵਾਦ ਵੱਲ ਸਮਾਜਿਕ ਤਬਦੀਲੀ ਦਾ ਸਾਡਾ ਰੈਡੀਕਲ ਏਜੰਡਾ ਹੈ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Saturday, December 24, 2022

ਭਾਜਪਾ ਨੂੰ ਹਰਾਓ-ਦੇਸ਼ ਨੂੰ ਬਚਾਓ; ਭਾਜਪਾ ਮਜ਼ਦੂਰ ਜਮਾਤ ਵਿਰੋਧੀ ਹੈ

ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (AITUC)  ਦੇ 42ਵੇਂ ਸੈਸ਼ਨ ਦੀ ਪੰਛੀ ਝਾਤ ਰਿਪੋਰਟ

ਅੱਲਾਪੁਜ਼ਾ: 26 ਦਸੰਬਰ 2022: (ਕਾਮਰੇਡ ਸਕਰੀਨ ਡੈਸਕ)::

ਕਿਰਤੀਆਂ ਦੀ ਲੁੱਟ ਖਸੁੱਟ ਅਤੇ ਸ਼ੋਸ਼ਣ ਉਹਨਾਂ ਵੇਲਿਆਂ ਵਿੱਚ ਵੀ ਜ਼ੋਰਾਂ 'ਤੇ ਸੀ ਜਦੋਂ ਦੇਸ਼ ਵਿਚ ਬ੍ਰਿਟਿਸ਼ ਹਕੂਮਤ ਦਾ ਦਬਦਬਾ ਸੀ। ਇਸ ਸ਼ੋਸ਼ਣ ਦੇ ਖਿਲਾਫ ਕਿਰਤੀਆਂ ਦਾ ਰੋਹ ਅਤੇ ਰੋਸ ਵੀ ਸਿਖਰਾਂ ਛੂਹ ਰਿਹਾ ਸੀ। ਇਸੇ ਦੌਰਾਨ 1917 ਰੂਸ ਦੇ ਇਨਕਲਾਬ ਦਾ ਚਮਤਕਾਰ ਸਾਰੀ ਦੁਨੀਆ ਦੇ ਸਾਹਮਣੇ ਆ ਗਿਆ ਸੀ। ਭਾਰਤ ਵਿੱਚ ਸੰਨ 1920 ਦੇ ਅੱਧ ਤੀਕ ਕਿਰਤੀਆਂ ਦਾ ਗੁੱਸਾ ਪੂਰੀ ਤਰ੍ਹਾਂ ਉਬਾਲੇ ਖਾ ਰਿਹਾ ਸੀ। ਕੰਮ ਦੇ ਘੰਟਿਆਂ ਅਤੇ ਮਹਿੰਗਾਈ ਭੱਤੇ ਦੀ ਮੰਗ ਨੂੰ ਲੈ ਕੇ 200 ਹੜਤਾਲਾਂ ਹੋਈਆਂ ਜਿਹਨਾਂ ਵਿਚ 15 ਲੱਖ ਵਰਕਰਾਂ ਨੇ ਸ਼ਮੂਲੀਅਤ ਕੀਤੀ। ਜੁਲਾਈ 1920 ਵਿੱਚ ਏਟਕ ਦੇ ਰਸਮੀ ਗਠਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਅਤੇ ਸੰਘਰਸ਼ਾਂ ਦੇ ਇਸ ਨਾਜ਼ੁਕ ਦੌਰ ਸਮੇਂ  31 ਅਕਤੂਬਰ 1920 ਵਿੱਚ ਸਥਾਪਿਤ ਹੋਈ ਏਟਕ ਅਰਥਾਤ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (AITUC) ਦੇ ਪਹਿਲੇ ਪ੍ਰਧਾਨ ਲਾਲਾ ਲਾਜਪਤ ਰਾਏ ਸਨ ਅਤੇ ਜਨਰਲ ਸਕੱਤਰ ਸਨ। ਭਾਵੇਂ ਇਸ ਸਭ ਤੋਂ ਵੱਡੇ ਭਾਰਤੀ ਮਜ਼ਦੂਰ ਦੀ ਸਥਾਪਨਾ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਰਪ੍ਰਸਤੀ ਹੇਠ ਹੀ ਹੋਈ ਪਰ ਸਨ 1945 ਵਿੱਚ ਇਸੇ ਏਟਕ ਨੇ ਆਪਣਾ ਸਿਆਸੀ ਸੰਬੰਧ ਅਤੇ ਹੋਣੀ ਸੀ ਪੀ ਆਈ ਅਰਥਾਤ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੋੜ ਲਈ ਜਿਹੜੀ ਹੁਣ ਤੱਕ ਜਾਰੀ ਹੈ। ਵਰਲਡ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (WFTU) ਨਾਲ ਸਬੰਧਤ ਏਟਕ ਦੀ 42ਵੀਂ ਕਾਂਗਰਸ ਅੱਲਾਪੁਜ਼ਾ ਵਿਖੇ ਬੜੀ ਸਫਲਤਾ ਨਾਲ ਹੋਈ। ਇਸ ਕਾਨਫਰੰਸ ਸੰਬੰਧੀ ਕਾਮਰੇਡ ਏਟਕ ਦੀ ਕੌਮੀ ਸਕੱਤਰ ਵਹੀਦਾ ਨਿਜ਼ਾਮ  ਵੱਲੋਂ ਭੇਜੀ ਗਈ ਕਾਨਫਰੰਸ ਦੀ ਅੰਗਰੇਜ਼ੀ ਰਿਪੋਰਟ ਤੇ ਅਧਾਰਿਤ ਐਮ.ਐਸ.ਭਾਟੀਆ ਵੱਲੋਂ ਪੰਜਾਬੀ ਅਨੁਵਾਦ। ਇਸ ਸੰਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। -ਸੰਪਾਦਕ 


       ਮੂਲ ਲੇਖਿਕਾ ਵਹੀਦਾ ਨਿਜ਼ਾਮ ਜੋ ਕਿ ਏਟਕ 
ਦੀ ਕੌਮੀ ਸਕੱਤਰ ਵੀ ਹਨ  

ਇੰਡੀਆ ਟਰੇਡ ਯੂਨੀਅਨ ਕਾਂਗਰਸ  (ਏਟਕ) ਦਾ 42ਵਾਂ ਸੈਸ਼ਨ ਜੋ ਕਿ 16 ਤੋਂ 20 ਦਸੰਬਰ 2022 ਤੱਕ ਚਾਰ ਦਿਨਾਂ ਲਈ ਕੇਰਲਾ ਦੇ ਨਗਰ ਅਲਾਪੁਝਾ ਵਿੱਚ ਆਯੋਜਿਤ ਕੀਤਾ ਗਿਆ ਸੀ, ਨੇ 2024 ਦੀਆਂ ਆਮ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੱਤਾ ਹੈ, ਕਿਉਂਕਿ ਭਾਜਪਾ ਇੱਕ ਫਾਸ਼ੀਵਾਦੀ ਅਤੇ ਵੰਡਵਾਦੀ ਵਿਚਾਰਧਾਰਾ ਨਾਲ ਜੁੜੀ ਹੋਈ ਹੈ, ਜੋ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਦੀ ਵਿਰੋਧੀ  ਹੈ। 

ਕਾਨਫਰੰਸ ਨੇ ਆਪਣੇ ਚਾਰ ਦਿਨਾਂ ਵਿਚਾਰ-ਵਟਾਂਦਰੇ ਅਤੇ ਸੈਮੀਨਾਰਾਂ ਵਿੱਚ ਮੌਜੂਦਾ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਹਮਲਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਇੱਕ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ ਲਈ ਨਿਸ਼ਚਿਤ ਭੂਮਿਕਾ ਨਿਭਾਉਣ ਲਈ ਆਪਣੇ ਕਾਡਰਾਂ ਨੂੰ ਤਿਆਰ ਕਰਨ ਦਾ ਦ੍ਰਿੜ ਸੰਕਲਪ ਲਿਆ। ਕਾਨਫਰੰਸ ਨੇ ਕਾਡਰਾਂ ਨੂੰ ਅਵੇਸਲੇ ਨਾ ਹੋਣ , ਹਕਾਂ ਲਈ ਲੜਦੇ ਰਹਿਣ ਅਤੇ ਆਪਣੀ ਵਿਚਾਰਧਾਰਾ ਨਾਲ ਕਦੇ ਵੀ ਸਮਝੌਤਾ ਨਾ ਕਰਨ ਦਾ ਸੱਦਾ ਦਿੱਤਾ ਹੈ। 
ਏ.ਆਈ.ਟੀ.ਯੂ.ਸੀ. ਦਾ 42ਵਾਂ ਇਜਲਾਸ 16 ਤਰੀਕ ਨੂੰ ਸ਼ਾਮ ਨੂੰ ਏ.ਆਈ.ਟੀ.ਯੂ.ਸੀ ਦਾ ਝੰਡਾ ਲਹਿਰਾਉਣ ਅਤੇ ਸ਼ਹੀਦਾਂ ਦੇ ਸਤਿਕਾਰ ਵਿੱਚ ਮਸ਼ਾਲ ਜਗਾਉਣ ਨਾਲ ਸ਼ੁਰੂ ਹੋਇਆ।ਆਜ਼ਾਦ ਭਾਰਤ ਦੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਮੋੜ 'ਤੇ  ਹੋ ਰਹੀ ਇਤਿਹਾਸਕ ਕਾਨਫਰੰਸ ਦੇ ਮੇਜ਼ਬਾਨ ਕੇਰਲਾ ਰਾਜ ਦੀ ਏ.ਆਈ.ਟੀ.ਯੂ.ਸੀ ਦੀ ਇਕਾਈ ਨੇ ਕਾਨਫਰੰਸ ਲਈ ਸ਼ਾਨਦਾਰ ਅਤੇ ਸਾਰਥਕ ਤਿਆਰੀਆਂ ਕੀਤੀਆਂ ਸਨ।  ਕੇਰਲ ਰਾਜ ਨੇ ਮਜ਼ਦੂਰ ਵਰਗ 'ਤੇ ਹੋ ਰਹੇ ਹਮਲਿਆਂ, ਸਰਕਾਰ ਦੀਆਂ ਨੀਤੀਆਂ, ਟਰੇਡ ਯੂਨੀਅਨਾਂ ਸਾਹਮਣੇ ਚੁਣੌਤੀਆਂ ਅਤੇ ਅੱਗੇ ਵਧਣ ਦੇ ਰਾਹ ਜਿਹੇ  ਮਹੱਤਵਪੂਰਨ ਵਿਸ਼ਿਆਂ 'ਤੇ ਸੈਮੀਨਾਰ ਆਯੋਜਿਤ ਕਰਨ ਨਾਲ ਸ਼ੁਰੂਆਤ ਕੀਤੀ ਸੀ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 60 ਸੈਮੀਨਾਰ ਹੋਏ ਅਤੇ ਰਾਜ ਪੱਧਰ 'ਤੇ 9 ਸੈਮੀਨਾਰ ਕਰਵਾਏ ਗਏ।

ਵੱਖ-ਵੱਖ ਜਥਿਆਂ ਨਾਲ ਪੈਦਾ ਹੋਏ ਇਨਕਲਾਬੀ ਜੋਸ਼ ਨਾਲ ਪੂਰਾ ਸੂਬਾ ਗੂੰਜਣ ਲੱਗ ਪਿਆ ਸੀ। ਕਯਾਰ, ਕੰਨੂਰ ਤੋਂ ਝੰਡਾ ਜਥਾ ; ਸੂਰਾਨਦ ਸ਼ਹੀਦੀ ਸਮਾਰਕ, ਕੋਲਮ ਤੋਂ ਫਲੈਗ ਪੋਸਟ ਲੈ ਕੇ ਇੱਕ ਜਥਾ; ਅਯੰਕਾਲੀ ਸਮ੍ਰਿਤੀ ਮੰਡਪਮ, ਤ੍ਰਿਵੇਂਦਰਮ ਤੋਂ ਬੈਨਰ ਜਥਾ; ਸਭ ਤੋਂ ਪਿਆਰੇ ਨੇਤਾਵਾਂ ਕਾ ਗੁਰੂਦਾਸ ਦਾਸਗੁਪਤਾ ਅਤੇ ਕਾ ਸੀ ਏ ਕੁਰੀਅਨ ਦੀਆਂ ਤਸਵੀਰਾਂ ਲੈ ਕੇ ਇੱਕ ਪੋਰਟਰੇਟ ਜਥਾ  ਵਾਇਲਰ ਸ਼ਹੀਦੀ ਸਮਾਰਕ, ਇਡੁੱਕੀ ਤੋਂ ਫਲੇਮ ਜਥਾ । ਕੇਰਲਾ ਲਈ ਵਿਲੱਖਣ ਸਭ ਤੋਂ ਜਥੇਬੰਦਕ ਪਰੰਪਰਾ ਵਿੱਚ, ਸਾਰੇ ਜਥੇ ਕਾਨਫਰੰਸ ਵਾਲੇ ਸਥਾਨ 'ਤੇ ਇਕੱਠੇ ਹੋਏ ਅਤੇ ਏ.ਆਈ.ਟੀ.ਯੂ.ਸੀ ਸਕੱਤਰੇਤ ਦੇ ਮੈਂਬਰਾਂ ਦੁਆਰਾ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਵਰਨਣਯੋਗ ਹੈ ਕਿ ਮਹਿਲਾ ਟਰੇਡ ਯੂਨੀਅਨਿਸਟ ਲਾਟ ਨੂੰ  ਲੈ ਕੇ  30 ਕਿੱਲੋਮੀਟਰ ਦੌੜੀਆਂ। ਕਾ ਅਮਰਜੀਤ ਕੌਰ ਜਨਰਲ ਸਕੱਤਰ ਨੇ ਕਾ ਅਰਚਨਾ ਜਸਮਨ- ਸਕੱਤਰ ਵਰਕਿੰਗ ਵੂਮੈਨ ਫੋਰਮ ਅਲਾਪੁਝਾ ਤੋਂ ਸ਼ਮਾਂ ਪ੍ਰਾਪਤ ਕੀਤੀ। ਏ.ਆਈ.ਟੀ.ਯੂ.ਸੀ. ਜ਼ਿੰਦਾਬਾਦ ਅਤੇ ਇੰਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਦਰਮਿਆਨ ਏ.ਆਈ.ਟੀ.ਯੂ.ਸੀ. ਦੇ ਪ੍ਰਧਾਨ ਕਾਮਰੇਡ ਰਮੇਂਦਰ ਕੁਮਾਰ ਨੇ ਏਟਕ ਦਾ ਝੰਡਾ ਲਹਿਰਾਇਆ।

17 ਨੂੰ ਕਾਨਫਰੰਸ ਦੀ ਸ਼ੁਰੂਆਤ ਕਾਮਰੇਡ ਅਮਰਜੀਤ ਕੌਰ ਵੱਲੋਂ
ਪੰਜਾਬੀ ਅਨੁਵਾਦ ਐਮ ਐਸ ਭਾਟੀਆ 
ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ। ਏ.ਆਈ.ਟੀ.ਯੂ.ਸੀ. ਦੇ ਕਾਰਜਕਾਰੀ ਪ੍ਰਧਾਨ ਕਾ ਐਚ ਮਹਾਦੇਵਨ ਨੇ ਏਟਕ ਦਾ ਝੰਡਾ ਲਹਿਰਾਇਆ।

ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਪ੍ਰਧਾਨ ਦੇ ਭਾਸ਼ਣ ਅਤੇ ਜਨਰਲ ਸਕੱਤਰ ਦੇ ਉਦਘਾਟਨੀ ਭਾਸ਼ਣ ਨਾਲ ਹੋਈ।

ਕੇਂਦਰੀ ਟਰੇਡ ਯੂਨੀਅਨਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਵਧਾਈ ਦਿੱਤੀ। 

ਆਈ.ਐਨ.ਟੀ.ਯੂ.ਸੀ ਦੇ ਰਾਸ਼ਟਰੀ ਮੀਤ ਪ੍ਰਧਾਨ ਸ਼੍ਰੀ ਆਰ ਚੰਦਰ ਸੇਕਰਨ,

ਸੀ.ਆਈ.ਟੀ.ਯੂ. ਦੀ ਪ੍ਰਧਾਨ ਕਾਮਰੇਡ ਹੇਮਲਤਾ,  ਐਚ.ਐਮ.ਐਸ ਦੇ ਸਕੱਤਰ ਕਾਮਰੇਡ ਥੰਪਨ ਥੋਮਾ,ਏ.ਆਈ.ਯੂ.ਟੀ.ਯੂ.ਸੀ ਦੇ ਪ੍ਰਧਾਨ ਕਾਮਰੇਡ ਕੇ.ਰਾਧਾ ਕਰਿਸ਼ਨਨ, ਵੀ. ਸ਼ੰਕਰ ਨੈਸ਼ਨਲ ਪੈਮਬਿਸ ਕਿਰਤੀਸਿਸ ਸੇਵਾ ਵਲੋਂ , ਐਲ.ਪੀ.ਐਫ ਦੇ  ਐਗਜ਼ੈਕਟਿਵ ਕਮੇਟੀ ਮੈਂਬਰ ਕਾਮਰੇਡ ਵੀ.ਬੀ.  ਵਿਨੋਧ ਕੁਮਾਰ ਅਤੇ ਯੂ.ਟੀ.ਯੂ.ਸੀ ਦੀ ਕੇਂਦਰੀ ਕਮੇਟੀ ਦੇ ਪ੍ਰਧਾਨ ਕਾਮਰੇਡ ਏ.ਏ.ਅਜੀਜ ਨੇ ਮੁਬਾਰਕਬਾਦ ਦਿੱਤੀ। ਸਭ  ਨੇ ਇੱਕ ਅਵਾਜ਼ ਵਿੱਚ ਕਿਹਾ ਕਿ ਟਰੇਡ ਯੂਨੀਅਨ ਏਕਤਾ ਆਰਐਸਐਸ ਭਾਜਪਾ ਦੀਆਂ ਫਿਰਕੂ ਅਤੇ ਫੁੱਟ ਪਾਊ ਸ਼ਕਤੀਆਂ ਦੇ ਹਮਲੇ ਦਾ ਮੁਕਾਬਲਾ ਕਰਨ ਅਤੇ ਭਾਜਪਾ ਦੇ ਕਾਰਪੋਰੇਟ ਪੱਖੀ ਲੋਕ ਵਿਰੋਧੀ ਏਜੰਡੇ ਦੇ ਨਾਪਾਕ ਮਨਸੂਬਿਆਂ ਨੂੰ ਹਰਾਉਣ ਲਈ ਸਭ ਤੋਂ ਜ਼ਰੂਰੀ ਹਥਿਆਰ ਹੈ। ਟ੍ਰੇਡ ਯੂਨੀਅਨਾਂ ਨਾਲ ਭਾਈਚਾਰਾ ਪ੍ਰਗਟ ਕਰਨ ਦੇ ਇੱਕ ਦੁਰਲੱਭ ਸੰਕੇਤ ਵਿੱਚ, ਸ਼੍ਰੀ ਰਾਧਾਕ੍ਰਿਸ਼ਨ, ਰਾਸ਼ਟਰੀ ਸਕੱਤਰ ਬੀ.ਐੱਮ.ਐੱਸ. ਨੇ  ਭਾਗ ਲਿਆ ਅਤੇ ਵਧਾਈ ਦਿਤੀ।

ਆਈ.ਐਲ.ਓ ਤੋਂ, ਡੀ.ਡਬਲਯੂ.ਟੀ ਇੰਡੀਆ ਦੇ ਡਿਪਟੀ ਡਾਇਰੈਕਟਰ ਸਤਸ਼ੀ ਸਾਸੋਕੀ ਨੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਅਸੰਗਠਿਤ ਖੇਤਰ ਦੇ ਕਾਮਿਆਂ ਦੀ ਵੱਧ ਰਹੀ ਨਿਰਾਸ਼ਾਜਨਕ ਸਥਿਤੀ ਅਤੇ ਵਧੀਆ ਕੰਮ ਦੀ ਸਪੱਸ਼ਟ ਘਾਟ ਬਾਰੇ ਆਈ.ਐਲ.ਓ ਦੀਆਂ ਚਿੰਤਾਵਾਂ ਨੂੰ ਵੀ ਸਾਂਝਾ ਕੀਤਾ।

ਵੀਅਤਨਾਮ ਦੇ ਸਮਾਜਵਾਦੀ ਗਣਰਾਜ ਦੇ ਰਾਜਦੂਤ, ਸ੍ਰੀ ਨਿਯੁਗੇਨ ਥਾਨਹ ਹੈ  ਨੇ "ਮੇਰਾ ਨਾਮ, ਤੇਰਾ ਨਾਮ, ਵੀਅਤਨਾਮ, ਵੀਅਤਨਾਮ" ਨਾਲ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਮਜ਼ਦੂਰ ਜਮਾਤ ਅਤੇ ਵੀਅਤਨਾਮ ਦੇ ਲੋਕਾਂ ਦੀ ਏਕਤਾ ਇਤਿਹਾਸਕ ਹੈ। ਸੰਯੁਕਤ ਰਾਜ ਅਮਰੀਕਾ ਦੀ ਸਾਰੀ ਤਾਕਤਵਰ ਸਾਮਰਾਜਵਾਦੀ ਸ਼ਕਤੀ ਨੂੰ ਹਰਾਉਣ ਵਾਲੇ ਵੀਅਤਨਾਮ ਦੇ ਲੋਕਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇੱਕ ਨਿਆਂਪੂਰਨ ਅਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਲਈ ਇੱਕਜੁੱਟ ਮਜ਼ਦੂਰ ਲਹਿਰਾਂ ਦਾ ਕੋਈ ਬਦਲ ਨਹੀਂ ਹੈ।

ਵਰਲਡ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਵਫਟੂ) ਦੇ ਜਨਰਲ ਸਕੱਤਰ ਕਾਮਰੇਡ ਪੈਮਬਿਸ ਕਿਰੀਟਸਿਸ ਨੇ “ਵਰਕਿੰਗ ਕਲਾਸ ਯੂਨਿਟੀ ਲੌਂਗ ਲਾਈਵ” ਅਤੇ “ਡਬਲਯੂ.ਐਫ.ਟੀ.ਯੂ ਜ਼ਿੰਦਾਬਾਦ” ਦੇ ਨਾਅਰਿਆਂ ਵਿਚਕਾਰ ਸ਼ੁਭਕਾਮਨਾਵਾਂ ਦਿੱਤੀਆਂ। ਵਹਿਸ਼ੀ ਪੂੰਜੀਵਾਦੀ ਪ੍ਰਣਾਲੀ ਦੇ ਹਮਲਿਆਂ ਬਾਰੇ ਡੂੰਘੀਆਂ ਚਿੰਤਾਵਾਂ ਸਾਂਝੀਆਂ ਕਰਦੇ ਹੋਏ, ਡਬਲਯੂ.ਐਫ.ਟੀ.ਯੂ ਦੇ ਜਨਰਲ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਟਰੇਡ ਯੂਨੀਅਨਾਂ ਨੂੰ ਮਜ਼ਬੂਤ ਕਰਨ, ਟਰੇਡ ਯੂਨੀਅਨ ਏਕਤਾ ਨੂੰ ਮਜ਼ਬੂਤ ਕਰਨ ਅਤੇ ਮਜ਼ਦੂਰਾਂ ਦਾ ਸਿਆਸੀਕਰਨ ਕਰਨ ਦੀ ਸਖ਼ਤ ਲੋੜ ਹੈ। ਉਨ੍ਹਾਂ ਨੇ ਵਫਟੂ ਨੂੰ ਬਣਾਉਣ ਅਤੇ ਮਜ਼ਬੂਤ ਕਰਨ ਵਿੱਚ ਏਟਕ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਐਸ ਏ ਡਾਂਗੇ, ਕੇ ਐਲ ਮਹਿੰਦਰਾ, ਗੁਰੂਦਾਸ ਦਾਸ ਗੁਪਤਾ ਅਤੇ ਐਚ ਮਹਾਦੇਵਨ ਦੇ ਮਹਾਨ ਯੋਗਦਾਨ ਨੂੰ ਸਤਿਕਾਰ ਨਾਲ ਯਾਦ ਕੀਤਾ।

ਦੁਪਹਿਰ ਦੇ ਖਾਣੇ ਤੋਂ ਬਾਅਦ ਦੇ ਸੈਸ਼ਨ ਵਿੱਚ ਜਨਰਲ ਸਕੱਤਰ ਅਮਰਜੀਤ ਕੌਰ ਨੇ ਰਾਜਸੀ ਅਤੇ ਆਰਥਿਕ ਘਟਨਾਕ੍ਰਮ ਬਾਰੇ ਰਿਪੋਰਟ ਪੇਸ਼ ਕੀਤੀ। ਇਹ ਰਿਪੋਰਟ  ਸੰਖੇਪ ਵਿੱਚ, ਪਰ ਡੂੰਘਾਈ ਨਾਲ  ਦੇਸ਼ ਵਿੱਚ ਮੌਜੂਦਾ ਰਾਜਨੀਤਿਕ ਅਤੇ ਆਰਥਿਕ ਸਥਿਤੀ ਦੀ ਇੱਕ ਪੰਛੀ ਝਾਤ ਪ੍ਰਦਾਨ ਕਰਦੀ ਹੈ। ਪੂੰਜੀਵਾਦੀ ਪ੍ਰਣਾਲੀ ਦੁਆਰਾ ਅਰਥਵਿਵਸਥਾਵਾਂ 'ਤੇ ਆਪਣੀ ਪਕੜ ਮਜ਼ਬੂਤ ਕਰਨ ਅਤੇ ਵਰਲਡ ਬੈਂਕ-ਆਈ.ਐੱਮ.ਐੱਫ.-ਡਬਲਯੂ.ਟੀ.ਓ. ਤਿਕੜੀ ਦੇ ਖੁੱਲ੍ਹੇ ਅਤੇ ਗੁਪਤ ਆਸ਼ੀਰਵਾਦ ਨਾਲ ਪੂੰਜੀਵਾਦੀ ਅਤੇ ਹਾਕਮ ਜਮਾਤ ਵਿਚਕਾਰ ਵਧ ਰਹੇ ਘਿਣਾਉਣੇ ਗਠਜੋੜ ਦੇ ਨਾਲ ਅੰਤਰਰਾਸ਼ਟਰੀ ਆਰਥਿਕ ਆਰਥਿਕਤਾ ਤੇ ਕਿਵੇਂ ਜਕੜ ਬਣਾਈ ਜਾਵੇ, ਇਸਦਾ ਪਰਦਾ ਫਾਸ਼ ਕਰਦਾ  ਜਨਰਲ ਸਕੱਤਰ ਵੱਲੋਂ ਡੂੰਘਾਈ ਵਾਲਾ ਅਨੁਭਵੀ ਨੋਟ ਪੇਸ਼ ਕੀਤਾ ਗਿਆ । ਜਨਰਲ ਸਕੱਤਰ ਨੇ ਕਿਹਾ ਕਿ ਅੰਤਰਰਾਸ਼ਟਰੀ ਰਾਜਨੀਤੀ ਵਿੱਤੀ ਪੂੰਜੀ ਦੀਆਂ ਤੰਗੀਆਂ ਵਿੱਚ ਤੇਜ਼ੀ ਨਾਲ ਫਸਦੀ ਜਾ ਰਹੀ ਹੈ ਅਤੇ ਇਹ ਸਪੱਸ਼ਟ ਤੌਰ 'ਤੇ ਵਿਸ਼ਵ ਦੇ ਮਜ਼ਦੂਰ ਵਰਗ ਲਈ ਇੱਕ ਵੱਡੀ ਚੁਣੌਤੀ  ਹੈ।

ਰਿਪੋਰਟ ਵਿਚ ਜ਼ੋਰਦਾਰ ਢੰਗ ਨਾਲ ਕਿਹਾ ਗਿਆ ਹੈ ਕਿ, 'ਭਾਰਤ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।  ਭਾਜਪਾ ਸਰਕਾਰ ਦੀਆਂ ਨੀਤੀਆਂ ਦੁਆਰਾ ਜਾਣਬੁੱਝ ਕੇ ਪੈਦਾ ਕੀਤੀ ਗਈ ਸਥਿਤੀ ਵਿੱਚ ਮਜ਼ਦੂਰਾਂ ਲਈ ਵਿਨਾਸ਼ਕਾਰੀ ਸਥਿਤੀ  ਪੈਦਾ ਹੋ ਗਈ ਹੈ।  ਨੋਟਬੰਦੀ, ਜੀ.ਐਸ.ਟੀ., ਜਨਤਕ ਖੇਤਰ ਦੀ ਸਿੱਧੇ ਤੌਰ 'ਤੇ ਵਿਕਰੀ ਅਤੇ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਦੇ ਨਾਪਾਕ ਯੋਜਨਾਬੱਧ ਪ੍ਰੋਜੈਕਟ ਦੀ ਨਿੰਦਾ ਕਰਦੇ ਹੋਏ, ਆਕਸਫੈਮ ਅਤੇ ਪ੍ਰਮਾਣਿਕ ਮੁਲਾਂਕਣਾਂ ਤੋਂ ਪ੍ਰਮਾਣਿਤ ਅੰਕੜਿਆਂ ਦੇ ਨਾਲ, ਇਹਨਾਂ ਨੀਤੀਆਂ ਦੇ ਪੈਣ ਵਾਲੇ ਦੁਸ਼ਟ ਪ੍ਰਭਾਵ ਨੂੰ ਸਪਸ਼ਟ ਰੂਪ ਵਿੱਚ ਪੇਸ਼ ਕੀਤਾ ਹੈ। ਭਾਰਤ ਵਿੱਚ ਇਹ ਮਜ਼ਦੂਰ ਵਰਗ ਲਈ ਘਾਤਕ ਸਿੱਧ ਹੋਵੇਗੀ।

ਜਨਰਲ ਸਕੱਤਰ ਦੀ ਰਿਪੋਰਟ ਕਾਰਪੋਰੇਟ ਵਲੋਂ ਮਹਾਂਮਾਰੀ ਨੂੰ ਇੱਕ ਅਵਸਰ  ਵਿੱਚ ਤਬਦੀਲ ਕਰਨ ਦੇ ਤੀਬਰ ਦੁਖ ਨੂੰ ਡੂੰਘਾਈ ਨਾਲ  ਦਰਸਾਉਂਦੀ ਹੈ, ਠੀਕ ਉਸੇ ਤਰਾਂ ਜਿਵੇਂ ਕਿ ਇੱਕ ਗਿਰਝ ਲਾਸ਼ ਨੂੰ ਖਾ ਰਹੀ ਹੈ। ਇਹ ਰਿਪੋਰਟ ਅਸਲ ਵਿੱਚ ਮਜ਼ਦੂਰ ਜਮਾਤ ਦੀਆਂ ਜ਼ਿੰਦਗੀਆਂ ਵਿੱਚ ਤਬਾਹੀ ਮਚਾਉਣ ਵਾਲੇ ਸਰਮਾਏਦਾਰਾਂ ਦੇ ਲਾਲਚ ਨੂੰ ਪੇਸ਼ ਕਰਦੀ ਹੈ।

ਰਿਪੋਰਟ ਆਰਐਸਐਸ ਭਾਜਪਾ ਦੇ ਗਠਜੋੜ ਦੇ ਹਾਨੀਕਾਰਕ ਫਿਰਕੂ ਏਜੰਡੇ ਦਾ ਇੱਕ ਬਹੁਤ ਹੀ ਸਹੀ ਮੁਲਾਂਕਣ ਕਰਦੀ ਹੈ ਅਤੇ ਇਸ ਗੱਲ ਨੂੰ ਉਘਾੜਦੀ ਹੈ ਕਿ ਕਿਵੇਂ ਸੰਵਿਧਾਨ ਅਤੇ ਇਸ ਵਿੱਚ ਦਰਜ ਅਧਿਕਾਰਾਂ ਦੀ ਰਾਖੀ ਲਈ ਇੱਕਜੁੱਟ ਰਹਿਣ ਲਈ ਭਾਰਤ ਦੇ ਵਰਕਰਾਂ ਦੁਆਰਾ ਸੰਪਰਦਾਇਕ ਅਤੇ ਜਾਤੀ ਵਿਤਕਰੇ ਦਾ ਮੁਕਾਬਲਾ ਕਰਨਾ ਚਾਹੀਦਾ ਹੈ।  ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 30 ਜਨਵਰੀ 2023 ਨੂੰ ਹੋਣ ਜਾ ਰਹੀ ਸਾਰੀਆਂ ਕੇਂਦਰੀ ਟਰੇਡ ਯੂਨੀਅਨਾਂ ਦੀ ਕਨਵੈਨਸ਼ਨ, ਭਾਰਤ ਵਿੱਚ ਇੱਕਜੁੱਟ ਹੋ ਕੇ ਕੀਤੇ ਜਾਣ ਵਾਲੇ ਠੋਸ ਸੰਘਰਸ਼ਾਂ ਲਈ ਇੱਕ ਤਿੱਖਾ ਰਾਹ ਚੁਣੇਗੀ।'ਵੇਅ ਫਾਰਵਰਡ' ਬਹੁਤ ਮਹੱਤਵਪੂਰਨ ਹੈ। ਰਿਪੋਰਟ ਵਿੱਚ ਔਰਤਾਂ ਅਤੇ ਨੌਜਵਾਨਾਂ ਦਾ ਸਸ਼ਕਤੀਕਰਨ   ਅਤੇ ਵੱਧ ਗਿਣਤੀ ਵਿੱਚ ਲਿਆਉਣ ਦੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ ਗਿਆ ਹੈ।

ਡਬਲਯੂ.ਐੱਫ.ਟੀ.ਯੂ. ਨਾਲ ਸਬੰਧਤ ਯੂਨੀਅਨਾਂ ਦੇ ਡੈਲੀਗੇਟਾਂ ਨੇ ਵਧਾਈ ਸੰਦੇਸ਼ ਦਿੱਤੇ। ਪੀ.ਈ.ਓ ਸਾਈਪ੍ਰਸ ਦੇ ਜਨਰਲ ਸਕੱਤਰ ਕਾਮਰੇਡ ਸੋਤੀਰੂਲਾ ਚਾਰਾਲੰਬਸ, ਜੀ.ਐਫ.ਟੀ.ਯੂ ਸੀਰੀਆ ਦੇ ਪ੍ਰਧਾਨ ਕਾ ਬਚੀਰ ਅਲਹਲਬੋਨੀ,    'ਅਮਾਨਤ' ਦੀ ਕਾਮਨਵੈਲਥ ਆਫ ਟਰੇਡ ਯੂਨੀਅਨਜ਼ ਆਫ ਕਜ਼ਾਕਿਸਤਾਨ ਦੇ ਚੇਅਰਮੈਨ ਕਾ ਸ਼ੇਮਿੰਗ ਵਿਟਾਲੀ, ਨੇਪਾਲ ਤੋਂ ਕਾ ਪ੍ਰੇਮਲ ਕੁਮਾਰ ਕਨਾਲ , ਸ਼੍ਰੀਲੰਕਾ ਤੋਂ ਕਾ ਜਨਕਾ ਅਧਿਕਾਰੀ  ਅਤੇ  ਸੀ.ਜੀ.ਪੀ.ਟੀ.-ਆਈ.ਐਨ ਪੁਰਤਗਾਲ ਕਾ ਮਾਰੀਸੀਓ, ਮਿਗੁਏਲ  ਆਪਣੇ-ਆਪਣੇ ਦੇਸ਼ਾਂ ਦੇ ਮਜ਼ਦੂਰਾਂ ਵੱਲੋਂ  ਨਿੱਘੀਆਂ ਇਨਕਲਾਬੀ ਸ਼ੁਭਕਾਮਨਾਵਾਂ ਲੈ ਕੇ ਆਏ ਸਨ।

ਡਬਲਯੂ.ਐੱਫ.ਟੀ.ਯੂ. ਦੇ ਆਨਰੇਰੀ ਪ੍ਰਧਾਨ ਜਾਰਜ ਮਾਵਰਿਕੋਸ, ਆਲ ਚਾਈਨਾ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼, ਵੀਅਤਨਾਮ ਜਨਰਲ ਕਨਫੈਡਰੇਸ਼ਨ ਆਫ ਲੇਬਰ, ਪੀ.ਏ.ਐਮ.ਈ.- ਆਲ ਵਰਕਰਜ਼ ਮਿਲਿਟੈਂਟ ਫਰੰਟ- ਗ੍ਰੀਸ, ਬੰਗਲਾਦੇਸ਼ ਟਰੇਡ ਯੂਨੀਅਨ ਸੈਂਟਰ, ਲੇਬਰ ਯੂਨਾਈਟਿਡ-ਐਜੂਕੇਸ਼ਨਲ ਲੀਗ ਨਿਊਯਾਰਕ, ਨੈਸ਼ਨਲ ਕਨਫੈਡਰੇਸ਼ਨ ਆਫ ਟਰੇਡ ਯੂਨੀਅਨਜ਼ ਜ਼ੈਨਰੋਰਨ ਟੋਕੀਓ, ਸੀਲੋਨ ਬੈਂਕ ਕਰਮਚਾਰੀ ਯੂਨੀਅਨ, ਗਿਊਆਨਾ ਐਗਰੀਕਲਚਰਲ ਵਰਕਰਜ਼ ਯੂਨੀਅਨ, ਆਲ ਪਾਕਿਸਤਾਨ ਫੈਡਰੇਸ਼ਨ ਆਫ ਯੂਨਾਈਟਿਡ ਟਰੇਡ ਯੂਨੀਅਨਜ਼, ਨਖਲੀਆਤ-ਇਸ ਤੁਰਕੀ ਅਤੇ ਕਾਸਬੀ ਇੰਡੋਨੇਸ਼ੀਆ ਤੋਂ ਸ਼ੁਭਕਾਮਨਾਵਾਂ ਦੇ ਸੰਦੇਸ਼ ਪ੍ਰਾਪਤ ਹੋਏ।

19 ਦਸੰਬਰ ਦੀ ਸਵੇਰ ਦੀ ਸਭਾ ਵਿੱਚ ਹੇਠ ਲਿਖੇ ਵਿਸ਼ਿਆਂ 'ਤੇ ਚਾਰ ਕਮਿਸ਼ਨਾਂ ਦੀ ਬੈਠਕ ਹੋਈ:

ਜਨਤਕ ਖੇਤਰ ਦੇ ਉੱਦਮਾਂ ਅਤੇ ਸਰਕਾਰੀ ਖੇਤਰ 'ਤੇ - ਨਿੱਜੀਕਰਨ ਦੀਆਂ ਨੀਤੀਆਂ, ਜਨਤਕ ਖੇਤਰ ਅਦਾਰਿਆਂ(ਪੀ.ਐਸ.ਯੂਜ)  ਦੇ ਨਿੱਜੀਕਰਨ ਦੀ ਜਲਦਬਾਜ਼ੀ  ਅਤੇ ਆਰਥਿਕਤਾ ਅਤੇ ਮਜ਼ਦੂਰਾਂ ਆਦਿ 'ਤੇ ਪ੍ਰਭਾਵ ਕੇਂਦਰਿਤ ਹਨ। ਰਿਪੋਰਟ ਭਾਰਤੀ ਆਰਥਿਕਤਾ ਦੇ ਵਾਧੇ ਵਿੱਚ ਜਨਤਕ ਖੇਤਰ ਅਦਾਰਿਆਂ(ਪੀ.ਐਸ.ਯੂਜ) ਦੇ ਯੋਗਦਾਨ 'ਤੇ ਕੇਂਦਰਿਤ ਹੈ।

ਕਿਰਤ ਕਾਨੂੰਨਾਂ ਦੇ ਲੇਬਰ ਅਧਿਕਾਰਾਂ ਅਤੇ ਕੋਡੀਫਿਕੇਸ਼ਨ 'ਤੇ ਹਮਲਾ - ਕਿਰਤ ਕੋਡ ਮਜ਼ਦੂਰਾਂ ਅਤੇ ਟਰੇਡ ਯੂਨੀਅਨਾਂ ਲਈ ਨੁਕਸਾਨਦੇਹ ਹਨ। ਉਹਨਾਂ ਦਾ ਉਦੇਸ਼ ਨਿੱਜੀ ਉੱਦਮੀਆਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ। 

ਅਸੰਗਠਿਤ ਖੇਤਰ ਦੇ ਕਾਮਿਆਂ ਬਾਰੇ -ਟਰੇਡ ਯੂਨੀਅਨਾਂ ਲਈ ਕਲਿਆਣ ਦੇ ਮੁੱਦੇ ਅਤੇ ਚੁਣੌਤੀਆਂ - ਭਾਰਤ ਵਿੱਚ 97% ਕਰਮਚਾਰੀ ਅਸੰਗਠਿਤ ਖੇਤਰ ਦੇ ਅਧੀਨ ਹਨ। ਉਹ ਜੀਡੀਪੀ ਵਿੱਚ 60% ਯੋਗਦਾਨ ਪਾਉਂਦੇ ਹਨ। ਅਸੰਗਠਿਤ ਖੇਤਰ ਦਾ ਵਿਸਥਾਰ ਹੋ ਰਿਹਾ ਹੈ। ਅਸੰਗਠਿਤ ਖੇਤਰ ਦੇ ਕਾਮਿਆਂ ਦੀ ਸਮਾਜਿਕ ਬਣਤਰ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਦੀ ਸਮਾਜਿਕ ਬੇਦਖਲੀ ਨੂੰ ਪ੍ਰਗਟ ਕਰਦੀ ਹੈ। ਆਰਥਿਕਤਾ ਦੀ ਅਨੌਪਚਾਰਿਕਤਾ ਅਤੇ ਆਰਥਿਕਤਾ ਅਤੇ ਕੰਮ ਦੇ ਗੈਰ ਰਸਮੀਕਰਨ ਨੂੰ ਉਤਸ਼ਾਹਿਤ ਕਰਨ ਵਿੱਚ ਰਾਜਨੀਤੀ ਹੈ। ਮਜ਼ਦੂਰਾਂ ਨੂੰ ਅਣਜਾਣ ਅਤੇ ਅਧੀਨ ਰੱਖਣ ਪਿੱਛੇ ਸਿਆਸਤ  ਹੈ। ਟਰੇਡ ਯੂਨੀਅਨਾਂ ਦੇ ਵਿਸਤਾਰ ਅਤੇ ਜਮਹੂਰੀ ਚਰਿੱਤਰ ਦੀ ਰਾਖੀ ਲਈ ਅਸੰਗਠਿਤ ਲੋਕਾਂ ਨੂੰ ਜਥੇਬੰਦ ਕਰਨਾ ਜ਼ਰੂਰੀ ਹੈ।

ਸੰਗਠਨ 'ਤੇ-ਵਿਸਤਾਰ ਅਤੇ ਮਜ਼ਬੂਤੀ-ਕਮਿਸ਼ਨ ਸੁਧਾਰ, ਵਿਸਤਾਰ ਅਤੇ ਮਜ਼ਬੂਤੀ ਲਈ ਇੱਕ ਐਸ.ਡਬਲਿਊ. ਓ.ਟੀ. ਵਿਸ਼ਲੇਸ਼ਣ ਕਰਦਾ ਹੈ।

ਵਿਚਾਰ-ਵਟਾਂਦਰੇ ਵਿੱਚ 50 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਬੈਂਕਾਂ, ਐੱਲ.ਆਈ.ਸੀ., ਜਨਰਲ ਬੀਮਾ, ਬੀ.ਐੱਸ.ਐੱਨ.ਐੱਲ., ਰਾਜ ਸਰਕਾਰ ਦੇ ਕਰਮਚਾਰੀਆਂ ਦੇ ਭਰਾਤਰੀ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਅਤੇ ਵਧਾਈ ਦਿੱਤੀ।

ਭਾਜਪਾ ਦੇ ਵੰਡਵਾਦੀ ਫਿਰਕੂ ਏਜੰਡੇ ਦੀ ਨਿਖੇਧੀ ਅਤੇ ਨਿੰਦਾ ਕਰਨ, ਇਸ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਲੜਨ, ਬੈਂਕਿੰਗ, ਬੀਮਾ ਅਤੇ ਵਿੱਤੀ ਖੇਤਰ 'ਤੇ ਹਮਲੇ ਰੋਕਣ ਦੀ ਮੰਗ, ਚਾਰ ਲੇਬਰ ਕੋਡਾਂ ਨੂੰ ਰੱਦ ਕਰਨ, ਜਣੇਪੇ ਦਾ ਲਾਭ ਸਾਰੇ ਮਹਿਲਾ ਵਰਕਰਾਂ ਨੂੰ  ਵਰਗੇ ਅਹਿਮ ਮੁੱਦਿਆਂ 'ਤੇ 25 ਮਤੇ ਸਰਬਸੰਮਤੀ ਨਾਲ ਅਪਣਾਏ ਗਏ।

ਕਾਮਰੇਡ ਐਨੀ ਰਾਜਾ, ਜਨਰਲ ਸਕੱਤਰ ਐਨ.ਐਫ.ਆਈ.ਡਬਲਯੂ, ਕਾਮਰੇਡ ਵਿੱਕੀ ਮਹੇਸ਼ਵਰੀ ਜਨਰਲ ਸਕੱਤਰ ਏ.ਆਈ.ਐਸ.ਐਫ ਅਤੇ ਕਾਮਰੇਡ ਤਿਰੂਮਲਾਈ ਜਨਰਲ ਸਕੱਤਰ ਏ.ਆਈ.ਵਾਈ.ਐਫ  ਨੇ ਕਾਨਫਰੰਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਜਨਰਲ ਸਕੱਤਰ ਅਮਰਜੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਏ.ਆਈ.ਟੀ.ਯੂ.ਸੀ ਕੇਡਰ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਲੋਕਤੰਤਰ ਨੂੰ ਬਚਾਉਣ ਅਤੇ ਭਾਰਤੀ ਸੰਵਿਧਾਨ ਦੀ ਰਾਖੀ ਲਈ ਆਪਣੇ ਸੰਕਲਪ ਨੂੰ ਮੁੜ ਪ੍ਰਤੀਬੱਧ ਕਰਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, ਇਹ ਏ.ਆਈ.ਟੀ.ਯੂ.ਸੀ ਦੀ ਵਧੇਰੇ ਜ਼ਿੰਮੇਵਾਰੀ ਹੈ ਕਿਉਂਕਿ ਇਹ ਏ.ਆਈ.ਟੀ.ਯੂ.ਸੀ ਨੇ ਸਾਲ 1921 ਵਿੱਚ ਆਪਣੀ ਦੂਜੀ ਕਾਨਫਰੰਸ ਵਿੱਚ ਬ੍ਰਿਟਿਸ਼ ਤੋਂ ਭਾਰਤ ਲਈ 'ਪੂਰਨ ਸਵਰਾਜ' ਦਾ ਸੱਦਾ ਦਿੱਤਾ ਸੀ।

ਉਸਨੇ ਡੈਲੀਗੇਟਾਂ ਨੂੰ ਮਜ਼ਦੂਰ ਜਮਾਤ ਦੀ ਸਿਆਸੀ ਸਪੱਸ਼ਟਤਾ ਪ੍ਰਤੀ ਜਾਗਰੂਕਤਾ ਅਤੇ ਚੇਤਨਾ ਪੈਦਾ ਕਰਨ ਲਈ ਮਜ਼ਦੂਰਾਂ ਤੱਕ ਪਹੁੰਚਣ ਦਾ ਸੱਦਾ ਦਿੱਤਾ। ਕਾਨਫਰੰਸ ਦਾ ਜ਼ੋਰ ਸੀ ਕਿ ਮਜ਼ਦੂਰ ਜਮਾਤ ਦਾ ਵਿਚਾਰਧਾਰਕ ਦ੍ਰਿਸ਼ਟੀਕੋਣ ਭਾਜਪਾ ਦੇ ਲੁਕਵੇਂ  ਏਜੰਡੇ ਨੂੰ ਖੋਖਲਾ ਕਰੇਗਾ । ਕਾਨਫਰੰਸ ਦਾ ਸਾਰ ਇਸ ਦੇ ਹਰ ਅਭਿਆਸ ਅਤੇ ਸਮਾਗਮ ਵਿੱਚ ਮਹਿਸੂਸ ਕੀਤਾ ਗਿਆ ਸੀ, " ਕੰਮ ਕਰਨ ਵਾਲੇ ਲੋਕ ਅੰਦੋਲਨ ਇੱਕ ਨਵੇਂ ਭਾਰਤ ਵੱਲ" ਇੱਕ ਅਜਿਹਾ ਭਾਰਤ ਜਿਸਦੀ ਕਲਪਨਾ ਇੱਕ ਬਹੁਲਵਾਦੀ, ਪ੍ਰਭੂਸੱਤਾ ਸੰਪੰਨ, ਧਰਮ ਨਿਰਪੱਖ, ਸਮਾਜਵਾਦੀ ਲੋਕਤੰਤਰ ਹੋਣ ਦੇ ਪ੍ਰਮੁੱਖ ਵਿਚਾਰ ਨਾਲ ਕੀਤੀ ਗਈ ਸੀ।

ਕਾਨਫਰੰਸ ਨੇ ਨਵੀਂ ਜਨਰਲ ਕੌਂਸਲ ਦੀ ਚੋਣ ਕੀਤੀ। ਕਾਮਰੇਡ ਅਮਰਜੀਤ ਕੌਰ ਨੂੰ ਜਨਰਲ ਸਕੱਤਰ, ਕਾਮਰੇਡ ਰਾਮੇਂਦਰ ਕੁਮਾਰ ਨੂੰ ਪ੍ਰਧਾਨ ਅਤੇ ਕਾਮਰੇਡ ਬਿਨੋਏ ਵਿਸ਼ਵਾਮ ਨੂੰ ਕਾਰਜਕਾਰੀ ਪ੍ਰਧਾਨ ਚੁਣਿਆ।

ਗੁਰੂਦਾਸ ਦਾਸ ਗੁਪਤਾ ਹਾਲ ‘ਏਟਕ ਜ਼ਿੰਦਾਬਾਦ’ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜ ਉਠਿਆ। 42ਵਾਂ ਸੈਸ਼ਨ ਇੱਕ ਹੋਰ ਮੀਲ ਪੱਥਰ ਸਮਾਗਮ ਹੈ ਜੋ ਏ.ਆਈ.ਟੀ.ਯੂ.ਸੀ ਦੀ ਹੋਂਦ ਦੇ 103ਵੇਂ ਸਾਲ ਵਿੱਚ ਪੂਰਾ ਹੋਇਆ। ਏ.ਆਈ.ਟੀ.ਯੂ.ਸੀ. ਵਿਰੋਧ, ਸੰਘਰਸ਼ਾਂ ਅਤੇ ਕੁਰਬਾਨੀਆਂ ਦੇ ਚੁੱਲ੍ਹੇ ਵਿੱਚ ਮਘ ਕੇ ਹੋਰ ਚਮਕਦਾਰ ਹੋ ਕੇ ਸਾਹਮਣੇ ਆਉਂਦੀ ਹੈ ਅਤੇ ਕੁਰਬਾਨੀਆਂ ਦੀ ਗਾਥਾ ਸਮਾਜਵਾਦ ਦੇ ਆਪਣੇ ਉਦੇਸ਼ ਵੱਲ ਅਣਥੱਕ ਮਾਰਚ 'ਤੇ ਅੱਗੇ ਵਧਦੀ ਰਹੇਗੀ।

20 ਦਸੰਬਰ ਦੀ ਸ਼ਾਮ ਨੂੰ ਅਲਾਪੁਝਾ ਦੇ ਸੁੰਦਰ ਕੰਢਿਆਂ 'ਤੇ ਇਕ ਵਿਸ਼ਾਲ ਰੈਲੀ ਅਤੇ ਜਨਤਕ ਮੀਟਿੰਗ ਹੋਈ। ਕਾਮਰੇਡ ਅਮਰਜੀਤ ਕੌਰ, ਕਾਨਮ ਰਾਜੇਂਦਰਨ, ਬਿਨੋਏ ਵਿਸਵਾਮ, ਰਮੇਂਦਰ ਕੁਮਾਰ ਅਤੇ ਕੇ.ਪੀ ਰਾਜੇਂਦਰਨ ਨੇ ਜੋਸ਼ ਭਰੀ ਭੀੜ ਨੂੰ ਸੰਬੋਧਨ ਕੀਤਾ। ਕਾ ਪੈਮਬਿਸ ਕਿਰੀਟਿਸ, ਜਨਰਲ ਸਕੱਤਰ ਡਬਲਯੂ.ਐਫ.ਟੀ.ਯੂ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।