Friday, December 27, 2019

8 ਜਨਵਰੀ ਦੀ ਹੜਤਾਲ ਨੂੰ ਚੰਡੀਗੜ੍ਹ ਵਿੱਚ ਵੀ ਕਾਮਯਾਬ ਕਰਾਂਗੇ

Friday: 27th December 2019 at 12:39 PM
ਟਰੇਡ ਯੂਨੀਅਨਾਂ ਦੀ ਸਾਂਝੀ ਮੀਟਿੰਗ ਦਾ ਫੈਸਲਾ
ਚੰਡੀਗੜ੍ਹ: 27 ਜਨਵਰੀ 2019: (*ਰਾਜ ਕੁਮਾਰ//ਕਾਮਰੇਡ ਸਕਰੀਨ)::
ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਹੋ ਰਹੀ 8 ਜਨਵਰੀ 2020 ਨੂੰ ਦੇਸ਼ਵਿਆਪੀ ਹੜਤਾਲ ਵਿਚ ਹਿੱਸਾ ਲੈਣ ਲਈ ਕੀਤੀ ਗਈ ਪੰਜ ਕੇਂਦਰੀ  ਟਰੇਡ ਯੂਨੀਅਨ ਜਥੇਬੰਦੀਆਂ ਜਿਹਨਾਂ ਵਿਚ ਏਟਕ, ਸੀਟੂ, ਸੀਟੀਯੂ ਪੰਜਾਬ, ਇੰਟਕ ਅਤੇ ਐਕਟੂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਹੋਈ। ਮੀਟਿੰਗ ਵਿਚ ਫੈਸਲਾ ਕੀਤਾ ਕਿ ਚੰਡੀਗੜ੍ਹ ਵਿਚ ਵੱਡੀ ਪੱਧਰ ਤੇ ਹੜਤਾਲ ਨੂੰ ਕਾਮਯਾਬ ਕੀਤਾ ਜਾਵੇਗਾ ਅਤੇ  ਉਸੇ ਦਿਨ 11-00 ਵਜੇ ਸ਼ਿਵਾਲਕ ਹੋਟਲ ਦੇ ਨੇੜੇ  ਵੱਡੀ ਰੈਲੀ ਕੀਤੀ ਜਾਵੇਗੀ। ਰੈਲੀ ਤੋਂ ਬਾਅਦ ਸੈਕਟਰ 17 ਵਿਚ ਮਾਰਚ ਕਰਕੇ ਕੇਂਦਰੀ ਸਰਕਾਰ ਨੂੰ ਚੇਤਾਵਨੀ ਦਿਤੀ ਜਾਵੇਗੀ ਕਿ ਉਹ ਮਜ਼ਦੂਰ ਮੁਲਾਜ਼ਮ-ਵਿਰੋਧੀ ਬਣਾਏ ਜਾ ਰਹੇ ਕਾਨੂੰਨਾਂ ਨੂੰ ਫੌਰੀ ਤੌਰ ਤੇ ਬੰਦ ਕਰੇ। ਨਿਜੀਕਰਣ, ਆਊਟ ਸੋਰਸਿੰਗ ਅਤੇ ਠੇਕੇਦਾਰੀ ਪ੍ਰਥਾ ਨੂੰ ਪੂਰਨ ਤੌਰ ਤੇ ਬੰਦ ਕਰਕੇ ਪੱਕੀਆਂ ਨੌਕਰੀਆਂ         ਦੇਣ ਦਾ ਪ੍ਰਬੰਧ ਕੀਤਾ ਜਾਵੇ। ਮਜ਼ਦੂਰਾਂ ਦੀ ਘੱਟੋ-ਘੱਟ ਤਨਖਾਹ 21000/- ਰੁਪੈ ਪ੍ਰਤੀ ਮਹੀਨਾ ਕੀਤੀ ਜਾਵੇ ਅਤੇ ਲੇਬਰ ਕਾਨੂੰਨ ਸਖਤੀ ਨਾਲ ਲਾਗੂ ਕੀਤੇ ਜਾਣ।
ਦੇਸ਼ ਦੇ ਸੰਵਿਧਾਨ ਦੀ ਪਾਲਣਾ ਕਰਦੇ ਹੋਏ ਦੇਸ਼ ਦੀ ਏਕਤਾ, ਅਖੰਡਤਾ, ਧਰਮ-ਨਿਰਪਖਤਾ ਅਤੇ ਜਮਹੂਰੀ ਕਦਰਾਂ-ਕੀਮਤਾਂ ਤੇ ਪਹਿਰਾ ਦਿਤਾ ਜਾਵੇ। ਦੇਸ਼ ਵਿਚ ਲਿਆਂਦੇ ਗਏ ਨਾਗਰਿਕਤਾ ਸੋਧ ਕਾਨੂੰਨ, ਨਾਗਰਿਕਤਾ ਲਈ ਰਜਿਸਟਰ ਆਦਿ ਬੰਦ ਕਰਕੇ ਦੇਸ਼ ਦੇ ਲੋਕਾਂ ਲਈ  ਰੋਜ਼ਗਾਰ, ਮੁਹੱਈਆ ਕੀਤਾ   ਜਾਵੇ, ਵਧ ਰਹੀ ਮਹਿੰਗਾਈ, ਭਿ੍ਰਸ਼ਟਾਚਾਰ, ਅਪਰਾਧ, ਔਰਤਾਂ ਅਤੇ ਲੜਕੀਆਂ ’ਤੇ ਹੋ ਰਹੇ ਜਬਰ ਨੂੰ ਸਖਤੀ ਨਾਲ ਰੋਕਿਆ ਜਾਵੇ।
*ਰਾਜ ਕੁਮਾਰ ਚੰਡੀਗੜ੍ਹ ਏਟਕ ਦੇ ਪ੍ਰਧਾਨ ਹਨ ਅਤੇ ਉਹਨਾਂ ਦਾ ਮੋਬਾਈਲ ਸੰਪਰਕ ਨੰਬਰ ਹੈ: 98155-24471

Thursday, December 26, 2019

ਬੰਗਲੌਰ ਵਿਖੇ ਸੀ ਪੀ ਆਈ ਦੇ ਦਫਤਰ ਤੇ ਹੋਏ ਹਮਲੇ ਦੀ ਨਿਖੇਧੀ

Thursday: 26th December 2019 at  4:22 PM
RSS ਅਤੇ ਭਾਜਪਾ ਦਾ ਫ਼ਾਸ਼ੀਵਾਦੀ ਚਿਹਰਾ ਬੇਨਕਾਬ
ਸੀਪੀਆਈ ਸੂਤਰਾਂ ਤੋਂ ਪ੍ਰਾਪਤ ਤਸਵੀਰ 
ਲੁਧਿਆਣਾ: 26 ਦਸੰਬਰ 2019: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::
ਭਾਰਤੀ ਕਮਿਊਨਿਸਟ ਪਾਰਟੀ ਦੀ ਜਿਲ੍ਹਾ ਲੁਧਿਆਣਾ ਇਕਾਈ ਨੇ ਬੰਗਲੌਰ ਵਿਖੇ ਸੀ ਪੀ ਆਈ ਦੇ ਦਫਤਰ ਤੇ ਹੋਏ ਹਮਲੇ ਦੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਹੈ। ਗੁੰਡਿਆਂ ਨੇ ਰਾਤ 1.40 ਵਜੇ ਸੀਪੀਆਈ ਦਫਤਰ ਤੇ ਹਮਲਾ ਕੀਤਾ ਸੀ ਜਿਸ ਨਾਲ ਪਾਰਟੀ ਹਾਲ ਅਤੇ ਮੋਟਰਸਾਈਕਲਾਂ ਨੂੰ ਨੁਕਸਾਨ ਪਹੁੰਚਿਆ ਸੀ। ਪਾਰਟੀ ਨੇਤਾ ਕਾਮਰੇਡ ਡੀ ਪੀ ਮੌੜ, ਡਾਕਟਰ ਅਰੁਣ ਮਿੱਤਰਾ, ਚਮਕੌਰ ਸਿੰਘ, ਐਮ ਐਸ ਭਾਟੀਆ, ਰਮੇਸ਼ ਰਤਨ ਅਤੇ ਗੁਰਲਾਮ ਸਿੱਧੂ ਨੇ ਕਿਹਾ ਕਿ ਇਸ ਨਾਲ ਆਰ ਐਸ ਐਸ ਅਤੇ ਇਸਦੀ ਇਕਾਈ ਭਾਜਪਾ ਦਾ ਫ਼ਾਸ਼ੀਵਾਦੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਪਹਿਲਾਂ ਉਹਨਾਂ ਘੱਟ ਗਿਣਤੀਆਂ ‘ਤੇ ਹੁਣ ਕਮਿਉਨਿਸਟਾਂ‘ ਤੇ ਹਮਲਾ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਉਹ ਹੋਰ ਪਾਰਟੀਆਂ ਅਤੇ ਜੋ ਕੋਈ ਵੀ ਉਨ੍ਹਾਂ ਤੋਂ ਪੁੱਛਗਿੱਛ ਕਰੇਗਾ ਤੇ ਹਮਲੇ ਕਰਨਗੇ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਨ੍ਹਾਂ ਦੇ ਇਹਨਾਂ ਮਨਸ਼ਿਆਂ ਨੂੰ ਇੱਕਮੁਠ ਹੋ ਕੇ ਹਾਰ ਦੇਣ ਤਾਂ ਜੋ ਦੇਸ਼ ਦੇ ਧਰਮ ਨਿਰਪੱਖ ਲੋਕਤੰਤਰੀ ਸੰਵਿਧਾਨ ਦੀ ਰਾਖੀ ਕੀਤੀ ਜਾ ਸਕੇ।  

Sunday, December 22, 2019

ਭਾਜਪਾ ਹਟਾਓ ਦੇਸ਼ ਬਚਾਓ-ਏਟਕ,ਸੀਟੂ ਅਤੇ ਹੋਰਨਾਂ ਯੂਨੀਅਨਾਂ ਵੱਲੋਂ ਸੱਦਾ

8 ਦੀ ਹੜਤਾਲ ਸਫਲ ਬਣਾਓ-ਕਿਹਾ ਯੂਨੀਅਨਾਂ ਦੀ ਸਾਂਝੀ ਕਨਵੈਨਸ਼ਨ ਨੇ 
ਸਮੁਚੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਵੀ ਸੱਦੇ ਦਾ ਸੁਆਗਤ
ਲੁਧਿਆਣਾ: 22 ਦਸੰਬਰ 2019: (ਐਮ ਐਸ ਭਾਟੀਆ//ਕਾਮਰੇਡ ਸਕਰੀਨ ਬਿਊਰੋ)::
ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗ੍ਰਸ (ਏਟਕ), ਸੈਂਟਰ ਆਫ਼ ਟ੍ਰੇਡ ਯੂਨੀਅਨ (ਸੀਟੂ), ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ-ਇੰਟਕ ਅਤੇ ਸੈਟਰ ਆਫ ਟਰੇਡ ਯੂਨੀਅਨਜ਼-ਸੀ ਟੀ ਯੂ ਵਲੋਂ ਮੋਦੀ ਸਰਕਾਰ ਵਲੋਂ ਅਪਣਾਈਆਂ ਗਈਆਂ ਮਜ਼ਦੂਰ ਵਿਰੋਧੀ ਤੇ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਦੇ ਤਿੱਖੇ ਵਿਰੋਧ ਦੀ ਪੂਰੀ ਤਿਆਰੀ ਹੈ। ਇਹਨਾਂ ਯੂਨੀਆਂਨੰ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਇਹਨਾਂ ਨੀਤੀਆਂ ਨੇ ਦੇਸ਼ ਦੇ ਅਰਥਚਾਰੇ ਤੇ ਕਾਮਿਆਂ ਦੇ ਜੀਵਨ ਦੀ ਹਾਲਤ ਨੂੰ ਬੁਰੀ ਤਰਾ ਪਰਭਾਵਿਤ ਕੀਤਾ ਹੈ। ਇਹਨਾਂ ਨੀਤੀਆਂ ਦੇ ਖਿਲਾਫ ਹੀ ਅੱਜ ਇੱਥੇ ਇੱਕ ਸਾਂਝੀ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਸਰਕਾਰ ਦੀਆਂ ਇਨਾਂ ਨੀਤੀਆਂ ਦੇ ਵਿਰੁੱਧ ਲਾਮਬੰਦ ਹੋਕੇ 8 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਵਿੱਚ ਜ਼ੋਰ ਸ਼ੋਰ ਨਾਲ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। 
ਇਸ ਮੌਕੇ ਤੇ ਬੋਲਦਿਆਂ ਏਟਕ ਪੰਜਾਬ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਅਤੇ ਸੀਟੂ ਦੇ ਸੂਬਾਈ ਆਗੂ ਚੰਦਰ ਸ਼ੇਖਰ, ਪ੍ਰੋਫੈਸਰ ਜੈਪਾਲ (ਸੀ ਟੀ ਯੂ), ਗੁਰਜੀਤ ਸਿੰਘ ਜਗਪਾਲ (ਇੰਟਕ) ਨੇ ਕਿਹਾ ਕਿ ਵਿਸ਼ਵ ਵਪਾਰ ਸੰਗਠਨ (ਡਬਲਯੂ ਟੀ ੳ) ਦੀਆਂ ਹਦਾਇਤਾਂ ਹੇਠ ਦੇਸ਼ ਵਿੱਚ ਨਵੀਂ ਆਰਥਿਕ ਨੀਤੀ ਅਪਣਾਏ ਜਾਣ ਤੋਂ ਬਾਅਦ ਇੱਕ ਇੱਕ ਕਰ ਕੇ ਮਿਹਨਤਕਸ਼ ਲੋਕਾਂ ਦੇ ਸਾਰੇ ਹੱਕ ਖੋਹੇ ਜਾ ਰਹੇ ਹਨ। ਕਿਰਤ ਕਾਨੂੰਨਾਂ ਵਿੱਚ ਅਖੌਤੀ ਸੁਧਾਰ, ਜਿਹੜੇ ਕਿ ਅਸਲ ਵਿੱਚ ਉੱਚ ਧਨੀ ਵਰਗ ਦੇ ਲਈ ਹਨ, ਇਸਦੀ ਜਿਊਂਦੀ ਜਾਗਦੀ ਮਿਸਾਲ ਹੈ। ਮਜਦੂਰਾਂ ਪੱਖੀ 44 ਕਿਰਤ ਕਾਨੂੰਨ ਬਦਲ ਕੇ ਉਹਨਾਂ ਨੂੰ 4 ਕਾਰਪੋਰੇਟ ਪੱਖੀ ਕਾਨੂੰਨਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਸਰਕਾਰੀ ਖੇਤਰ ਜਿਵੇ ਕਿ ਬੈਂਕ, ਬੀ ਐਸ ਐਨ ਐਲ, ਰੇਲਵੇ, ਬੀ ਪੀ ਸੀ ਐਲ, ਬੀਮਾ ਖੇਤਰ ਆਦਿ  ਨੂੰ ਬੜੇ ਸ਼ਾਤਰਾਨਾ ਢੰਗ ਨਾਲ ਸਮਾਪਤ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਖੇਤਰ ਵਿੱਚ ਖ਼ੁਦ ਮਜ਼ਦੂਰਾਂ ਦੇ ਨਾਲ ਸਬੰਧਤ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹਰ ਕੰਮ ਨੂੰ ਆਊਟ ਸੋਰਸ ਕਰ ਕੇ ਮਜ਼ਦੂਰਾਂ ਨੂੰ  ਠੇਕੇ ਤੇ ਕੱਚੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਥੇ ਵੀ ਉਹਨਾ ਨੂੰ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਬਰਾਮਦ ਦੇ ਲਈ ਵਿਸ਼ੇਸ਼ ਆਰਥਿਕ ਖੇਤਰ ਉਸਾਰਨ ਦੇ ਨਾਂ ਹੇਠ ਮਜ਼ਦੁਰਾਂ ਤੋਂ ਯੂਨੀਅਨ ਬਨਾਉਣ ਦੇ ਹੱਕ ਵੀ ਖੋਹੇ ਜਾ ਰਹੇ ਹਨ। ਛੋਟੇ ਉਦਯੋਗਪਤੀਆਂ ਤੋਂ ਵੀ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਤੇ ਸਾਰੇ ਕਾਨੂੰਨ ਇਜਾਰੇਦਾਰਾਂ ਅਤੇ ਦੇਸੀ ਤੇ ਵਿਦੇਸ਼ੀ ਬਹੁਕੌਮੀ ਕੰਪਨੀਆਂ ਦੇ ਹੱਕ ਵਿੱਚ ਬਣਾਏ ਜਾ ਰਹੇ ਹਨ। ਜਨਤਕ ਵੰਡ ਪ੍ਰਣਾਲੀ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਹੈ। ਇਸ ਕਰ ਕੇ ਗਰੀਬ ਲੋਕਾਂ ਵਿੱਚ ਕੁਪੋਸ਼ਣ ਵੱਧ ਰਿਹਾ ਹੈ। ਬੁਲਾਰਿਆਂ ਨੇ ਸੱਦਾ ਦਿੱਤਾ ਕਿ ਅੱਜ ਫ਼ਿਰ ਕੁਰਬਾਨੀਆਂ ਭਰੇ ਸੰਘਰਸ਼ ਕਰਨ ਦੀ ਲੋੜ ਹੈ। ਉਹਨਾਂ ਮੰਗ ਕੀਤੀ ਕਿ ਠੇਕੇਦਾਰੀ ਪ੍ਰਬੰਧ ਖਤਮ ਕਰ ਕੇ ਰੈਗੂਲਰ ਭਰਤੀ ਕੀਤੀ ਜਾਵੇ, ਨਵੀਂ ਪੈਨਸ਼ਨ ਸਕੀਮ ਖਤਮ ਕਰ ਕੇ ਪੁਰਾਣੀ ਹੀ ਲਾਗੂ ਕੀਤੀ ਜਾਵੇ। ਸਰਕਾਰੀ ਅਦਾਰਿਆਂ ਦਾ ਨਿਜੀਕਰਨ ਬੰਦ ਕੀਤਾ ਜਾਵੇ। ਕੌਮਾਂਤ੍ਰੀ ਲੇਬਰ ਜੱਥੇਬਦੀ ਦੀ ਕਨਵੈਨਸ਼ਨ ਦੇ ਮੁਤਾਬਕ ਘੱਟੋ ਘੱਟ ਉਜਰਤ 21000 ਪ੍ਰਤੀ ਮਹੀਨਾ ਕੀਤੀ ਜਾਵੇ। ਆਂਗਨਵਾੜੀ ਅਤੇ ਆਸ਼ਾ ਵਰਕਰਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਰੈਗੂਲਰ ਕੀਤਾ ਜਾਏ। ਕਿਸਾਨਾਂ ਨੂੰ ਵਾਜਬ ਭਾਅ ਦਿੱਤੇ ਜਾਣ। ਖੇਤ ਮਜ਼ਦੂਰਾਂ ਨੂੰ ਰਿਹਇਸ਼ੀ ਪਲਾਟ ਅਤੇ ਸਾਰੇ ਮਜ਼ਦੂਰ ਵਰਗ ਲਈ  ਘੱਟੋ ਘੱਟ ਪੈਨਸ਼ਨ 6000 ਰੁਪਏ ਪ੍ਰਤੀ ਮਹੀਨਾਂ ਕੀਤੀ ਜਾਵੇ। ਬੁਲਾਰਿਆਂ ਨੇ ਸਮੁਚੀਆਂ ਕਿਸਾਨ ਜੱਥੇਬੰਦੀਆਂ ਵਲੋ 8 ਜਨਵਰੀ ਨੂੰ ਪੇਂਡੂ ਭਾਰਤ ਬੰਦ ਕਰਨ ਦੇ ਸੱਦੇ ਦਾ ਸੁਆਗਤ ਕੀਤਾ।
ਬੁਲਾਰਿਆਂ ਨੇ ਅੱਗੇ ਕਿਹਾ ਕਿ ਸਰਕਾਰ ਹਰ ਪੱਖੋਂ ਫ਼ੇਲ ਹੋ ਚੁਕੀ ਹੈ ਤੇ ਲੋਕਾਂ ਵਿਚੋਂ ਕੱਟੀ ਜਾ ਚੁਕੀ ਹੈ। ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋ ਹਟਾਉਣ ਦੇ ਲਈ ਬੇਲੋੜੇ ਮਸਲੇ ਖੜੇ ਕੀਤੇ ਜਾ ਰਹੇ ਹਨ। ਭੀੜਾਂ ਦੁਆਰਾ ਕਤਲੇਆਮ ਕਰਵਾਏ ਜਾ ਰਹੇ ਹਨ ਤੇ ਸਮਾਜ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਦੀ ਪੂਰੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਕਾਮਿਆਂ ਦੇ ਲਈ ਇਸ ਵੇਲੇ ਦੁਹਰਾ ਫ਼ਰਜ਼ ਬਣ ਗਿਆ ਹੈ। ਜਿੱਥੇ ਉਹਨਾਂ ਨੇ ਆਪਣੇ ਹੱਕਾਂ ਦੀ ਰਾਖੀ ਕਰਨੀ ਹੈ ਉੱਥੇ ਦੇਸ਼ ਦੀ ਏਕਤਾ ਅਖੰਡਤਾ ਤੇ ਫ਼ਿਰਕੂ ਸਦਭਾਵਨਾ ਦੀ ਰਾਖੀ ਵੀ ਉਹਨਾਂ ਦਾ ਫ਼ਰਜ਼ ਬਣ ਗਿਆ ਹੈ।
ਕਨਵੈਨਸ਼ਨ ਨੇ ਲੋਕਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਵਰਗੀਆਂ ਚਾਲਾਂ ਰਾਹੀ ਸਮਾਜ ਨੂੰ ਵੰਡਣ ਦੀਆਂ ਭਾਜਪਾ ਦੀਆਂ ਚਾਲਾਂ ਦਾ ਮੂੰਹ ਤੋੜ ਜਵਾਬ ਦੇਣ ਦਾ ਸੱਦਾ ਦਿੱਤਾ। ਇਹ ਐਕਟ ਸਾਡੇ ਦੇਸ਼ ਦੀਆਂ ਧਰਮ ਨਿਰਪੱਖ ਪਰੰਪਰਾਵਾਂ ਤੇ ਸੰਵਿਧਾਨ ਦੇ ਉਲਟ ਹੈ। ਜੇ ਐਨ ਯੂ, ਜਾਮਿਆ ਮਿਲੀਆ ਤੇ ਅਲੀਗੜ੍ਹ ਅਤੇ ਹੋਰ ਥਾਵਾਂ ਵਿਖੇ ਵਿਦਿਆਰਥੀਆਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਤੇ ਪੁਲਸ ਜਬਰ ਦੀ ਨਿਖੇਧੀ ਕੀਤੀ। ਨਾਗਰਿਕਤਾ ਸੋਧ ਕਾਨੁੰਨ ਨੂੰ ਫੌਰਨ ਵਾਪਸ ਕਰਨ ਦੀ ਮੰਗ ਕੀਤੀ। ਕਸ਼ਮੀਰ ਵਿੱਚ 370 ਧਾਰਾ ਮੁੜ ਬਹਾਲ ਕਰਨ ਦੀ ਮੰਗ ਕੀਤੀ।
ਕਨਵੈਨਸ਼ਨ ਨੂੰ ਉਪਰੋਕਤ ਤੋ ਇਲਾਵਾ ਇੰਟਕ ਆਗੂ ਗੁਰਜੀਤ ਸਿੰਘ ਜਗਪਾਲ, ਸੀ ਟੀ ਯੂ ਦੇ ਪਰਮਜੀਤ ਸਿੰਘ, ਏਟਕ ਦੇ ਕਾਮਰੇਡ ਡੀ ਪੀ ਮੌੜ, ਵਿਜੈ ਕੁਮਾਰ ਤੇ ਰਮੇਸ਼ ਰਤਨ, ਬਲਵਿੰਦਰ ਸਿੰਘ ਵਰੇਵਾਲ ਜਨਰਲ ਸਕੱਤਰ ਐਨ ਆਰ ਐਮ ਯੂ, ਗੁਰਮੇਲ ਮੈਲਡੇ, ਕੇਵਲ ਸਿੰਘ ਬਨਵੈਤ, ਗੁਰਨਾਮ ਸਿੰਘ ਸਿੱਧੂ, ਸੀਟੂ ਆਗੂਆਂ ਜਤਿੰਦਰ ਪਾਲ ਸਿੰਘ, ਚਰਨ ਸਿੰਘ ਸਰਾਭਾ, ਤਰਸੇਮ ਜੋਧਾਂ, ਇੰਟਕ ਆਗੂਆਂ ਤਰਲੋਕ ਚੰਦ ਗੁਪਤਾ, ਤਿਲਕ ਰਾਜ ਡੋਗਰਾ, ਬਲਦੇਵ ਮੌਦਗਿੱਲ,  ਸੀ ਟੀ ਯੂ ਆਗੂ  ਪ੍ਰੋ: ਜੈਪਾਲ ਸਿੰਘ, ਰਘਬੀਰ ਸਿੰਘ ਬੈਨੀਪਾਲ, ਘਨਸ਼ਾਮ ਨੇ ਵੀ ਸੰਬੋਧਨ ਕੀਤਾ। ਉਪਰੋਕਤ ਤੋਂ ਇਲਾਵਾ ਨਰੇਸ਼ ਗੌੜ, ਸਮਰ ਬਹਾਦੁਰ, ਹਨੁਮਾਨ ਪਰਸਾਦ ਦੂਬੇ, ਬਲਜੀਤ ਸਿੰਘ ਸਾਹੀ, ਬਲਰਾਮ ਸਿੰਘ, ਰਾਮ ਲਾਲ, ਮਨਜੀਤ ਗਿੱਲ (ਰੋਡਵੇਜ਼), ਕਾਮੇਸ਼ਵਰ ਯਾਦਵ, ਲਲਿਤ ਕੁਮਾਰ, ਤਸੀਲਦਾਰ ਸਿੰਘ ਯਾਦਵ ਸੀ ਟੀ ਯੂ, ਮਨਜੀਤ ਕੌਰ ਇੰਟਕ ਮਿਡ ਡੇ ਮੀਲ ਵਰਕਰਜ਼ ਲੀਡਰ, ਹਰਬੰਸ ਸਿੰਘ ਪੰਜਾਬ ਰੋਡਵੇਜ  ਤੇ ਦਲਜੀਤ ਸਿੰਘ ਪੀ ਆਰ ਟੀ ਸੀ ਅਤੇ ਸੁਖਵਿੰਦਰ ਸਿੰਘ ਲੋਟੇ ਨੇ ਵੀ 8 ਜਨਵਰੀ ਨੂੰ ਹੋਣ ਵਾਲੀ ਹੜਤਾਲ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਇਸਨੂੰ ਕਾਮਯਾਬ ਕਰਨ ਦਾ ਭਰੋਸਾ ਦਵਾਇਆ। ਇਸ ਕਨਵੈਨਸ਼ਨ ਦੀ ਪਰਧਾਨਗੀ ਸਵਰਨ ਸਿੰਘ ਇੰਟਕ, ਪਰਮਜੀਤ ਸਿੰਘ ਸੀ ਈ ਯੂ, ਜਗਦੀਸ਼ ਚੰਦ ਸੀਟੂ ਅਤੇ ਗੁਰਨਾਮ ਸਿੰਘ ਸਿੱਧੂ ਏਟਕ ਨੇ ਕੀਤੀ।  

Friday, December 20, 2019

ਜੇਕਰ ਮੋਦੀ ਸਰਕਾਰ ਥੋਡੀ ਗੱਲ ਨਹੀਂ ਸੁਣਦੀ ਤਾਂ ਤੁਰੰਤ ਅਸਤੀਫਾ ਦਿਓ

Friday:Dec 20, 2019, 4:18 PM
CAA  ਬਾਰੇ ਡਾ. ਦਿਆਲ ਦੀ ਬੀਬੀ ਹਰਸਿਮਰਤ ਕੌਰ ਨੂੰ ਸਲਾਹ
ਲੁਧਿਆਣਾ20 ਦਸੰਬਰ 2019:(ਐਮ ਐਸ ਭਾਟੀਆ//ਲੁਧਿਆਣਾ ਸਕਰੀਨ ਬਿਊਰੋ)::
ਅੱਜ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਡਾ. ਜੋਗਿੰਦਰ ਸਿੰਘ ਦਿਆਲ ਨੇ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜਨ (ਐਨ.ਆਰ.ਸੀ.) ਦੇ ਖਿਲਾਫ ਸਾਰੇ ਦੇਸ਼ ਵਿੱਚ ਵੱਡੇ ਪੱਧਰ ਤੇ ਰੋਸ ਵੱਧਦਾ ਜਾ ਰਿਹਾ ਹੈ । ਮੋਦੀ ਸਰਕਾਰ ਆਪਣੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਗਿਣਤੀ ਦੇ ਜ਼ੋਰ ਨਾਲ ਇਹ ਸੰਵਿਧਾਨ ਦੀ ਆਤਮਾ ਦੇ ਵਿਰੋਧੀ ਕਾਨੂੰਨ ਨੂੰ ਪਾਸ ਕਰਵਾ ਗਈ ਜਿਸ ਵਿੱਚ ਇੱਥੋਂ ਦੇ ਇਕ ਫਿਰਕੇ ਨਾਲ ਧਾਰਮਿਕ ਤੌਰ ਤੇ ਵਿਤਕਰਾ ਕੀਤਾ ਜਾ ਰਿਹਾ ਹੈ । ਦੇਸ਼ ਦੀ ਪਾਰਲੀਮੈਂਟ ਵਿੱਚ ਪੰਜਾਬ ਵਿਚੋਂ ਅਕਾਲੀ ਪਾਰਟੀ ਦੇ ਇਸ ਬਿੱਲ ਦੇ ਹੱਕ ਵਿੱਚ ਵੋਟ ਪਾਈ ਹੈ । ਜਦੋਂ ਇਨ੍ਹਾਂ ਨੇ ਲਿਖਤੀ ਤੇ ਬੋਲਕੇ ਵੀ ਇਕ ਧਾਰਮਿਕ ਫਿਰਕੇ ਭਾਵ ਮੁਸਲਮਾਨਾਂ ਨੂੰ ਵੀ ਇਸ ਵਿੱਚ ਜੋੜਨ ਦੀ ਗੱਲ ਕਹੀ ਹੈ । ਡਾ. ਦਿਆਲ ਨੇ ਕਿਹਾ ਕਿ ਅਕਾਲੀ ਪਾਰਟੀ ਵੱਲੋਂ ਐਨ.ਡੀ.ਏ. ਦਾ ਸਮਰਥਨ ਇਕ ਧਾਰਮਿਕ ਫਿਰਕੇ ਨਾਲ ਵਿਤਕਰਾ ਕਰਨ ਦੇ ਹੱਕ ਵਿੱਚ ਨਹੀਂ ਸੀ । ਇਸ ਕਰਕੇ ਜੇਕਰ ਕੇਂਦਰ ਵਿੱਚ ਮੋਦੀ ਦੀ ਸਰਕਾਰ ਇਨ੍ਹਾਂ ਦੀ ਸਹੀ ਰਾਏ ਵੀ ਨਹੀਂ ਮੰਨਦੀ ਅਤੇ ਆਪਣੇ ਧੱਕੜਸ਼ਾਹੀ ਸਟੈਂਡ ਤੇ ਕਾਇਮ ਰਹਿੰਦੀ ਹੈ ਤਾਂ ਅਕਾਲੀ ਪਾਰਟੀ ਐਨ.ਡੀ.ਏ. ਵਿੱਚੋਂ ਆਪਣੀ ਕੇਂਦਰੀ ਵਜੀਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਤੁਰੰਤ ਮੰਤਰੀ ਮੰਡਲ ਵਿਚੋਂ ਅਸਤੀਫਾ ਦੇਣ ਲਈ ਕਹੇ । ਇਹ ਫੈਸਲਾ ਪੰਜਾਬ ਅਤੇ ਦੇਸ਼ ਦੇ ਵੱਡੇ ਹਿੱਤਾਂ ਅਤੇ ਸੰਵਿਧਾਨ ਦੀ ਰਾਖੀ ਲਈ ਇਕ ਚੰਗਾ ਕਦਮ ਹੋਵੇਗਾ।

Sunday, December 15, 2019

ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਜੇਤੂ ਰੈਲੀ

Dec 16, 2019, 5:45 PM
ਹੰਬੜਾਂ ਕਤਲ ਕਾਂਡ ਦੇ ਦੋਸ਼ੀ ਦੀ ਗਿਰਫਤਾਰੀ ਸਾਡੀ ਜਿੱਤ 
ਲੋਕ ਆਗੂਆਂ ’ਤੇ ਪਾਏ ਝੂਠੇ ਕੇਸ ਰੱਦ ਹੋਣ ਤੇ ਜੇਲ੍ਹ ਤੋਂ ਰਿਹਾਈ ਵੀ ਸਾਡੀ ਜਿੱਤ 
ਲੁਧਿਆਣਾ15 ਦਸੰਬਰ 2019: (ਐਮ ਐਸ ਭਾਟੀਆ//ਕਾਮਰੇਡ ਸਕਰੀਨ ਬਿਊਰੋ)::
ਅੱਜ ਮਜ਼ਦੂਰ ਲਾਈਬ੍ਰੇਰੀ, ਤਾਜਪੁਰ ਰੋਡ ਲੁਧਿਆਣਾ ਵਿਖੇ ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਜੇਤੂ ਰੈਲੀ ਕੀਤੀ ਗਈ। ਮਜ਼ਦੂਰ, ਕਿਸਾਨ, ਨੌਜਵਾਨ, ਮੁਲਾਜਮ ਜੱਥੇਬੰਦੀਆਂ ਦੀ ਸਾਂਝੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਜੁਝਾਰੂ ਲੋਕ ਘੋਲ ਦੇ ਦਮ ’ਤੇ ਹੰਬੜਾਂ ਕਤਲ ਕਾਂਡ ਵਿੱਚ ਮਾਰੇ ਗਏ ਨਾਬਾਲਗ ਮਜ਼ਦੂਰ ਲਵਕੁਸ਼ ਦੇ ਕਾਤਲ ਠੇਕੇਦਾਰ ਰਘੁਬੀਰ ਪਾਸਵਾਨ ਦੀ ਗਿਰਫਤਾਰੀ ਹੋ ਚੁੱਕੀ ਹੈ ਅਤੇ ਸੰਘਰਸ਼ ਦੌਰਾਨ ਲੁਧਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਆਗੂਆਂ-ਕਾਰਕੁੰਨਾਂ ਉੱਤੇ ਮੜ੍ਹੇ ਝੂਠੇ ਪੁਲਿਸ ਕੇਸ ਰੱਦ ਕਰਵਾ ਲਏ ਗਏ ਹਨ, ਅਤੇ ਜੇਲ੍ਹ ਵਿੱਚ ਡੱਕੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ 10 ਆਗੂਆਂ-ਕਾਰਕੁੰਨਾਂ ਸੁਖਦੇਵ ਸਿੰਘ ਭੂੰਦੜੀ, ਰਾਜਵਿੰਦਰ, ਸੁਖਵਿੰਦਰ ਹੰਬੜਾਂ, ਜਸਮੀਤ, ਗੁਰਵਿੰਦਰ, ਮੇਜਰ ਸਿੰਘ, ਜਗਦੀਸ਼, ਚਿਮਨ ਸਿੰਘ, ਗੁਰਦੀਪ ਤੇ ਸ਼ਲਿੰਦਰ ਦੀ ਰਿਹਾਈ ਹੋ ਚੁੱਕੀ ਹੈ। ਸੰਘਰਸ਼ ਕਮੇਟੀ ਨੇ ਇਸ ਜਿੱਤ ਨੂੰ ਸਾਂਝੇ ਲੋਕ ਸੰਘਰਸ਼ ਦੀ ਸ਼ਾਨਦਾਰ ਜਿੱਤ ਕਰਾਰ ਦਿੱਤਾ ਹੈ। ਸੰਘਰਸ਼ ਕਮੇਟੀ ਵੱਲੋਂ ਜੇਲ੍ਹ ਤੋਂ ਰਿਹਾਈ ਮੌਕੇ ਤਾਜਪੁਰ ਰੋਡ, ਅਤੇ ਅਗਲੇ ਦਿਨ ਹੰਬੜਾਂ ਅਤੇ ਭੂੰਦੜੀ ਵਿੱਚ ਜੋਸ਼ੀਲੇ ਜੇਤੂ ਸਵਾਗਤੀ ਮਾਰਚ ਵੀ ਕੀਤੇ ਗਏ ਹਨ।
ਜੇਤੂ ਰੈਲੀ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਹੰਬੜਾਂ ਕਤਲ ਕਾਂਡ ਦੇ ਦੋਸ਼ੀ ਨੂੰ ਸਖਤ ਤੋਂ ਸਖਤ ਸਜਾ ਕਰਾਉਣ ਲਈ ਅਤੇ ਪੀੜਤ ਪਰਿਵਾਰ ਨੂੰ ਢੁੱਕਵਾਂ ਮੁਆਵਜਾ ਦੁਆਉਣ ਲਈ ਸੰਘਰਸ਼ ਜਾਰੀ ਰਹੇਗਾ। 18 ਨਵੰਬਰ ਨੂੰ ਕਤਲ ਕਾਂਡ ਦੇ ਦੋਸ਼ੀ ਉੱਤੇ ਕਤਲ ਕੇਸ ਦਰਜ ਕਰਾਉਣ ਤੇ ਉਸਦੀ ਗ੍ਰਿਫਤਾਰੀ, ਪੀੜਤ ਪਰਿਵਾਰ ਨੂੰ ਮੁਆਵਜੇ, ਕਾਰਖਾਨਿਆਂ ਤੇ ਹੋਰ ਕੰਮ ਥਾਵਾਂ ਉੱਤੇ ਮਜ਼ਦੂਰਾਂ ਦੀ ਸੁਰੱਖਿਆ ਦੀ ਗਰੰਟੀ ਤੇ ਹੋਰ ਮੰਗਾਂ ਲਈ ਸ਼ਾਂਤੀ ਪੂਰਵਕ ਰੋਸ ਮੁਜ਼ਾਹਰਾ ਕਰ ਰਹੇ ਸਨ ਤਾਂ ਹੱਕੀ ਮੰਗਾਂ ਮੰਨਣ ਦੀ ਥਾਂ ਪੁਲਿਸ ਨੂੰ ਲੋਕਾਂ ਦੀ ਹੱਕੀ ਅਵਾਜ਼ ਬਰਦਾਸ਼ਤ ਨਹੀਂ ਹੋਈ ਤੇ ਲੁਧਿਆਣਾ ਪੁਲਿਸ ਪ੍ਰਸ਼ਾਸਨ ਨੇ ਸੰਘਰਸ਼ਸ਼ੀਲ ਲੋਕਾਂ ਦੀ ਨਾ ਸਿਰਫ਼ ਕੁੱਟਮਾਰ ਕੀਤੀ ਸਗੋਂ ਜੱਥੇਬੰਦੀਆਂ ਦੇ ਆਗੂਆਂ-ਕਾਰਕੁੰਨਾਂ ਨੂੰ ਗਿਰਫਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਸੀ ਉਹਨਾਂ ਉੱਤੇ ਪੁਲਿਸ ’ਤੇ ਹਮਲਾ ਕਰਨ, ਸੜ੍ਹਕ ਜਾਮ ਕਰਨ ਤੇ ਹੋਰ ਝੂਠੇ ਦੋਸ਼ ਲਾ ਕੇ ਨਾਜਾਇਜ ਪੁਲਿਸ ਕੇਸ ਦਰਜ ਕਰ ਦਿੱਤਾ ਗਿਆ ਬੁਲਾਰਿਆਂ ਨੇ ਕਿਹਾ ਕਿ ਪੁਲਿਸ ਨੇ ਨਾ ਸਿਰਫ਼ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਗੋਂ ਇਹ ਮਜ਼ਦੂਰਾਂ ਦੇ ਹੁੰਦੇ ਲੁੱਟ-ਜ਼ਬਰ ਨੂੰ ਬੇਰੋਕ-ਟੋਕ ਚੱਲਦਾ ਰੱਖਣ ਦੀ, ਸਰਮਾਏਦਾਰਾਂ ਦੇ ਜੰਗਲ ਰਾਜ ਨੂੰ ਚੱਲਦਾ ਰੱਖਣ ਦੀ ਕੋਸ਼ਿਸ਼ ਕੀਤੀ ਜਿੱਥੇ ਮਜ਼ਦੂਰਾਂ ਨੂੰ ਕੋਈ ਹੱਕ ਪ੍ਰਾਪਤ ਨਹੀਂ, ਜਿੱਥੇ ਮਜ਼ਦੂਰਾਂ ਦਾ ਭਿਆਨਕ ਅਪਮਾਨ, ਕੁੱਟਮਾਰ, ਕਤਲ ਹੁੰਦੇ ਹਨ। ਪੁਲਿਸ ਨੇ ਲੋਕਾਂ ਦੇ ਇਕਮੁੱਠ ਸੰਘਰਸ਼ ਕਰਨ ਦੇ ਜਮਹੂਰੀ-ਸੰਵਿਧਾਨਿਕ ਹੱਕ ਦਾ ਘਾਣ ਕੀਤਾ ਹੈ। ਸਾਂਝੇ ਲੋਕ ਘੋਲ ਦੌਰਾਨ ਲੁਧਿਆਣਾ ਪੁਲਿਸ ਪ੍ਰਸ਼ਾਸਨ ਦੇ ਲੋਕਾਂ ਦੇ ਜਮਹੂਰੀ ਹੱਕਾਂ ਉੱਤੇ ਇਸ ਹਮਲੇ ਦਾ ਡੱਟ ਕੇ ਵਿਰੋਧ ਕੀਤਾ ਗਿਆ ਹੈਬੁਲਾਰਿਆਂ ਨੇ ਕਿਹਾ ਕਿ ਇਸ ਸੰਘਰਸ਼ ਦੌਰਾਨ ਸਥਾਨਕ ਤੇ ਪ੍ਰਵਾਸੀ ਲੋਕਾਂ ਵਿੱਚ ਸਾਂਝ ਵਾਲ਼ਾ ਪੱਖ ਵੀ ਕਾਫੀ ਮਹੱਤਵਪੂਰਣ ਰਿਹਾ ਹੈ। ਇਸ ਸੰਘਰਸ਼ ਨੇ ਪ੍ਰਵਾਸੀਆਂ ਖਿਲਾਫ਼ ਨਫ਼ਰਤ ਦੀ ਭਾਵਨਾ ਤੇ ਪ੍ਰਚਾਰ ’ਤੇ ਸੱਟ ਮਾਰੀ ਹੈ।
ਬੁਲਾਰਿਆਂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਮਜ਼ਦੂਰਾਂ ਤੇ ਹੋਰ ਕਿਰਤੀ ਲੋਕਾਂ, ਦਲਿਤਾਂ, ਔਰਤਾਂ, ਆਦਿਵਾਸੀਆਂ, ਜਮਹੂਰੀ-ਇਨਕਲਾਬੀ ਲੋਕਾਂ, ਆਗੂਆਂ, ਕਾਰਕੁੰਨਾਂ, ਬੁੱਧੀਜੀਵੀਆਂ, ਪੱਤਰਕਾਰਾਂ ਉੱਤੇ ਲੁੱਟ-ਅਨਿਆਂ-ਜ਼ਬਰ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ। ਪੰਜਾਬ ਵਿੱਚ ਵੀ ਇਹੋ ਕੁੱਝ ਹੋ ਰਿਹਾ ਹੈ। ਦੇਸੀ-ਵਿਦੇਸ਼ੀ ਸਰਮਾਏਦਾਰੀ ਪੱਖੀ ਨਿੱਜੀਕਰਨ-ਉਦਾਰੀਕਰਨ-ਸੰਸਾਰੀਕਰਨ ਦੀਆਂ ਨੀਤੀਆਂ ਲਾਗੂ ਹੋਣ ਨਾਲ਼ ਲੁੱਟ-ਜ਼ਬਰ ਦਿਨ-ਬ-ਦਿਨ ਤਿੱਖਾ ਹੁੰਦਾ ਗਿਆ ਹੈ। ਲੁੱਟ-ਜ਼ਬਰ-ਅਨਿਆਂ ਖਿਲਾਫ਼ ਲੋਕਾਂ ਕੋਲ ਇਕਮੁੱਠ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ। ਪਿਛਲੇ ਦਿਨੀਂ ਫਰੀਦਕੋਟ ਮਹਿਲਾ ਡਾਕਟਰ ਨਾਲ਼ ਜਿਣਸੀ ਸੋਸ਼ਣ ਖਿਲਾਫ਼ ਸੰਘਰਸ਼ ਕਰਦੇ ਲੋਕਾਂ ਉੱਤੇ ਜ਼ਬਰ ਢਾਹੁਣ, ਲੋਕ ਆਗੂਆਂ ਨੂੰ ਗ੍ਰਿਫਤਾਰ ਕਰਨ, ਮੋਗਾ ਵਿਖੇ ਦਲਿਤ ਨੌਜਵਾਨ ਦੇ ਕਤਲ ਵਿਰੁੱਧ ਉੱਠੀ ਲੋਕ ਅਵਾਜ਼ ਨੂੰ ਦਬਾਉਣ ਲਈ ਝੂਠੇ ਪੁਲਿਸ ਕੇਸ ਬਣਾਉਣ ਦੀਆਂ ਜ਼ਬਰ ਦੀ ਤਾਜ਼ੀਆਂ ਘਟਨਾਵਾਂ ਵੀ ਸਾਡੇ ਸਾਹਮਣੇ ਹਨ। ਪਰ ਲੋਕ ਜ਼ਬਰ ਅੱਗੇ ਝੁਕੇ ਨਹੀਂ ਸਗੋਂ ਹੱਕੀ ਸੰਘਰਸ਼ ਨੂੰ ਅੱਗੇ ਵਧਾ ਰਹੇ ਹਨ। ਇਨਕਲਾਬੀ ਲੋਕ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਦੀ ਸਜਾ ਰੱਦ ਕਰਾਉਣ ਲਈ ਲੋਕਾਂ ਨੂੰ ਵੱਡੇ ਪੱਧਰ ਉੱਤੇ ਸੜ੍ਹਕਾਂ ਉੱਤੇ ਉਤਰਨਾ ਪਿਆ ਸੀ ਤੇ ਸੰਘਰਸ਼ਸ਼ੀਲ ਲੋਕਾਂ ਨੇ ਇਹ ਸਜਾ ਰੱਦ ਕਰਾ ਕੇ ਹੀ ਦਮ ਲਿਆ। ਲੁਧਿਆਣੇ ’ਚ ਵੀ ਇਨਸਾਫਪਸੰਦ ਲੋਕ ਹੰਬੜਾਂ ਵਿਖੇ ਨਾਬਾਲਿਗ ਮਜ਼ਦੂਰ ਦੇ ਕਤਲ, ਸੰਘਰਸ਼ਸ਼ਸੀਲ ਲੋਕਾਂ ਉੱਤੇ ਜ਼ਬਰ, ਲੋਕ ਆਗੂਆਂ-ਕਾਰਕੁੰਨਾਂ ਦੀ ਨਿਹੱਕੀ ਗ੍ਰਿਫਤਾਰੀ ਦੀ ਘਟਨਾ ਤੋਂ ਬਾਅਦ ਵੀ ਚੁੱਪ ਨਹੀਂ ਬੈਠੇ । ਧਰਨੇ-ਮੁਜ਼ਾਹਰਿਆਂ ਉੱਤੇ ਮੜ੍ਹੀਆਂ ਪਾਬੰਦੀਆਂ, ਜ਼ਬਰ, ਗ੍ਰਿਫਤਾਰੀਆਂ ਨਾਲ਼ ਹੱਕੀ ਅਵਾਜ਼ ਕੁਚਲਣ ਦੀਆਂ ਸਾਜਸ਼ਾਂ ਸਮੂਹ ਇਨਸਾਫਪਸੰਦ ਲੋਕਾਂ ਦੇ ਜੁਝਾਰੂ ਘੋਲ ਨੇ ਨਾਕਾਮ ਕਰ ਦਿੱਤੀਆਂ ਹਨ ਤੇ ਸ਼ਾਨਦਾਰ ਜਿੱਤ ਦਰਜ ਕਰਵਾਈ ਹੈ।
ਅੱਜ ਹੋਈ ਜੇਤੂ ਰੈਲੀ ਨੂੰ ਜੇਲ੍ਹ ਤੋਂ ਰਿਹਾ ਹੋ ਕੇ ਆਏ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਪ੍ਰਧਾਨ ਸੁਖਦੇਵ ਭੂੰਦੜੀ, ਬੀਕੇਯੂ ਡਕੌਂਦਾ ਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਕਾਰਕੁੰਨ ਸੁਖਵਿੰਦਰ ਹੰਬੜਾਂ ਤੇ ਹੋਰ ਸਾਥੀਆਂ ਨੇ ਸੰਬੋਧਿਤ ਕੀਤਾ। ਇਹਨਾਂ ਤੋਂ ਇਲਾਵਾ ਰੈਲੀ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ, ਲਖਵਿੰਦਰ, ਏਟਕ ਵੱਲੋਂ ਗੁਰਨਾਮ ਸਿੱਧੂ, ਜਮਹੂਰੀ ਕਿਸਾਨ ਸਭਾ ਵੱਲੋਂ ਰਘਬੀਰ ਸਿੰਘ ਬੈਨੀਪਾਲ, ਇਨਕਲਾਬੀ ਮਜ਼ਦੂਰ ਕੇਂਦਰ ਵੱਲੋਂ ਸੁਰਿੰਦਰ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਵੱਲੋਂ ਹਰਜਿੰਦਰ ਸਿੰਘ, ਇਨਕਲਾਬੀ ਲੋਕ ਮੋਰਚਾ ਵੱਲੋਂ ਅਵਤਾਰ ਵਿਰਕ, ਸੀਟੂ ਵੱਲੋਂ ਜਗਦੀਸ਼ ਚੰਦ, ਨੌਜਵਾਨ ਭਾਰਤ ਸਭਾ ਵੱਲੋਂ ਬਿੰਨੀ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਬਲਜੀਤ, ਸੀਟੀਯੂ ਵੱਲੋਂ ਤਹਿਸਾਲਦਾਰ ਯਾਦਵ, ਲੋਕ ਏਕਤਾ ਸੰਗਠਨ ਵੱਲੋਂ ਗੱਲਰ ਚੌਹਾਨ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਵੱਲੋਂ ਹਰਸ਼ਾ ਸਿੰਘ ਨੇ ਸੰਬੋਧਿਤ ਕੀਤਾ।

Saturday, December 14, 2019

ਐਨ ਸੀ ਆਰ ਅਤੇ ਕੈਬ ਦਾ ਵਿਰੋਧ ਹੋਇਆ ਹੋਰ ਤਿੱਖਾ

JTC ਵੱਲੋਂ ਲੁਧਿਆਣਾ ਦੇ ਬਸ ਅੱਡੇ ਵਿੱਚ ਭਰਵਾਂ ਰੋਸ ਮੁਜ਼ਾਹਰਾ
ਲੁਧਿਆਣਾ: 14 ਦਸੰਬਰ 2019:  (ਕਾਮਰੇਡ ਸਕਰੀਨ ਟੀਮ)::
ਕੇਂਦਰ ਸਰਕਾਰ ਵੱਲੋਂ ਨਾਗਰਿਕਤਾ ਕਾਨੂੰਨ 'ਚ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਦੇਸ਼ ਭਰ ਵਿੱਚ ਗੁੱਸੇ ਦੀ ਲਹਿਰ ਹੈ। ਥਾਂ ਥਾਂ ਇਸਦੇ ਵਿਰੋਧ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਹਨ ਰਹੇ ਹਨ। ਕੌਮੀ ਏਕਤਾ ਜ਼ਿੰਦਾਬਾਦ ਦੀ ਭਾਵਨਾ ਨੂੰ ਜ਼ਿੰਦਾਬਾਦ ਆਖਦਿਆਂ  ਐਨ ਆਰ ਸੀ ਅਤੇ ਕੈਬ ਨੂੰ ਮੁਰਦਾਬਾਦ ਆਖਿਆ ਜਾ ਰਿਹਾ ਹੈ।  
ਅੱਜ ਲੁਧਿਆਣਾ ਵਿੱਚ ਸਾਰੀਆਂ ਟਰੇਡ ਯੂਨੀਅਨਾਂ ਨੇ ਵੀ ਇਹਨਾਂ ਤਬਦੀਲੀਆਂ ਦਾ ਵਿਰੋਧ ਕੀਤਾ।  ਜੁਆਇੰਟ ਟਰੇਡ ਯੂਨੀਅਨ ਕਾਉਂਸਿਲ ਦੀ ਇੱਕ ਵਿਸ਼ੇਸ਼ ਬੈਠ ਵਲੋਂ ਅੱਜ ਲੁਧਿਆਣਾ ਦੇ ਜਨਰਲ ਬਸ ਸਟੈਂਡ ਤੇ ਭਰਵਾਂ ਰੋਸ ਮੁਜ਼ਾਹਰਾ ਕੀਤਾ ਗਿਆ। 
ਇਸ ਮੌਕੇ ਏਟਕ ਵੱਲੋਂ ਕਾਮਰੇਡ ਡੀ ਪੀ ਮੌੜ, ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਗੁਰਨਾਮ ਸਿੰਘ ਸਿੱਧੂ, ਕਾਮਰੇਡ ਵਿਜੇ ਕੁਮਾਰ ਅਤੇ ਚਮਕੌਰ ਸਿੰਘ ਸ਼ਾਮਲ ਹੋਏ। ਸੀਟੂ ਵੱਲੋਂ ਕਾਮਰੇਡ ਜਗਦੀਸ਼ ਚੰਦ ਅਤੇ ਬਲਰਾਮ ਨੇ ਸ਼ਮੂਲੀਅਤ ਕੀਤੀ। ਸੀਟੀਯੂ ਵੱਲੋਂ ਰਘਬੀਰ ਸਿੰਘ ਬੈਨੀਪਾਲ ਅਤੇ ਕਾਮਰੇਡ ਘਣਸ਼ਿਆਮ ਨੇ ਸ਼ਿਰਕਤ ਕੀਤੀ। ਇੰਟਕ ਵੱਲੋਂ ਕਾਮਰੇਡ ਸਵਰਨ ਸਿੰਘ ਅਤੇ ਬਲਦੇਵ ਮੌਦਗਿਲ ਸ਼ਾਮਲ ਹੋਏ। 
ਇਸ ਮੁਜ਼ਾਹਰੇ ਦੌਰਾਨ  ਜਿੱਥੇ ਐਨ ਸੀ ਆਰ ਅਤੇ ਕੈਬ ਦਾ ਤਿੱਖਾ ਵਿਰੋਧ ਕੀਤਾ ਗਿਆ ਉੱਥੇ ਮਹਾਂ ਸਿੰਘ ਰੌੜੀ ਦੀ ਗ੍ਰਿਫਤਾਰੀ ਦੀ ਵੀ ਸਖਤ ਨਿਖੇਧੀ ਕੀਤੀ ਗਈ। ਇਹਨਾਂ ਸਾਰੇ ਆਗੂਆਂ ਅਤੇ ਵਰਕਰਾਂ ਨੇ 8 ਜਨਵਰੀ 2020 ਦੀ ਦੇਸ਼ ਪੱਧਰੀ ਹੜਤਾਲ ਦੀ ਵੀ ਪੁਰਜ਼ੋਰ ਹਮਾਇਤ ਕੀਤੀ। ਦੇਸ਼ ਦੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ। 

Thursday, December 12, 2019

ਧਰਮ ਆਧਾਰਿਤ ਵਿੱਤਕਰਾ ਸਾਡੇ ਸੰਵਿਧਾਨ ਦੀ ਘੋਰ ਉਲੰਘਣਾ:ਡਾ. ਦਿਆਲ

Thursday: Dec 12, 2019: 5:48 PM
ਸ਼ਾਮਲਾਤ ਜਮੀਨਾਂ ਬਚਾਉਣ ਲਈ 23 ਦਸੰਬਰ ਨੂੰ ਮੰਗ ਪੱਤਰ ਦੇਵਾਂਗੇ:ਗੋਰੀਆ
ਲੁਧਿਆਣਾ: 12 ਦਸੰਬਰ 2019: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::
ਅੱਜ ਇੱਥੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਕਾ. ਦੇਵੀ ਕੁਮਾਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ. ਜੋਗਿੰਦਰ ਦਿਆਲ ਮੈਂਬਰ ਕੌਮੀ ਕੌਂਸਲ ਸੀ.ਪੀ.ਆਈ. ਨੇ ਕਿਹਾ ਕਿ ਦੇਸ਼ ਵਿੱਚ ਮੋਦੀ ਸਰਕਾਰ ਆਉਣ ਤੋਂ ਬਾਅਦ ਦਲਿਤਾਂ, ਘੱਟ ਗਿਣਤੀਆਂ ਅਤੇ ਔਰਤਾਂ ਤੇ ਅੱਤਿਆਚਾਰ ਵੱਧ ਰਹੇ ਹਨ। ਇਹਨਾਂ ਦਿਨਾਂ ਵਿੱਚ ਔਰਤਾਂ ਅਤੇ ਬੱਚੀਆਂ ਤੇ ਜ਼ੁਲਮ ਸੱਭਿਅਕ ਸਮਾਜ ਦੇ ਮੱਥੇ ਤੇ ਕਲੰਕ ਹਨ। ਅੱਜ ਇੱਥੇ ਕੇਂਦਰ ਵਿੱਚ ਰਾਜ ਕਰ ਰਹੀ ਐਨ.ਡੀ.ਏ. ਦੀ ਸਰਕਾਰ ਨੇ ਧਰਮ ਤੇ ਆਧਾਰਿਤ ਵਿਅਕਤੀਆਂ ਨਾਲ ਵਿਤਕਰੇ ਦਾ ਕਾਨੂੰਨ ਪਾਸ ਕਰ ਦਿੱਤਾ, ਜੋ ਸਾਡੇ ਸੰਵਿਧਾਨ ਦੀ ਮੂਲ ਭਾਵਨਾ ਦੀ ਘੋਰ ਉਲੰਘਣਾ ਹੈ, ਕਿਉਂਕਿ ਇੱਥੋਂ ਦੀਆਂ ਘੱਟ ਗਿਣਤੀਆਂ ਖਾਸ ਤੌਰ ‘ਤੇ ਮੁਸਲਮਾਨਾਂ ਨੂੰ ਸੰਵਿਧਾਨ ਵਿੱਚ ਬਰਾਬਰਤਾ ਦੇ ਹੱਕ ਅਧੀਨ ਨਾਗਰਿਕਤਾ ਦਾ ਹੱਕ ਨਹੀਂ ਦਿੱਤਾ ਜਾ ਰਿਹਾ। ਇਸ ਗੱਲ ਦਾ ਵਿਰੋਧ ਅਮਰੀਕਾ ਅਤੇ ਸਾਰੇ ਯੂਰਪ ਵਿੱਚ ਵੀ ਹੋ ਰਿਹਾ ਹੈ। ਦੇਸ਼ ਵਿੱਚ ਮਨੂਵਾਦ ਅਤੇ ਸਨਾਤਨੀ ਵਿਚਾਰਧਾਰਾ ਲਗਾਤਾਰ ਵੱਧ ਰਹੀ ਹੈ। ਇੱਥੇ ਅਮੀਰਾਂ ਲਈ ਹੋਰ ਅਤੇ ਗਰੀਬਾਂ ਲਈ ਹੋਰ ਕਾਨੂੰਨ ਹਨ। ਇਸੇ ਲਈ ਦੇਸ਼ ਦੇ ਰਾਸ਼ਟਰਪਤੀ ਨੇ ਕਿਹਾ ਕਿ ਇੱਥੋਂ ਦੇ ਗਰੀਬ ਲੋਕਾਂ ਨੂੰ ਇਨਸਾਫ ਮਿਲਣਾ ਬਹੁਤ ਮੁਸ਼ਕਿਲ ਕੰਮ ਹੈ। ਬਦਕਿਸਮਤੀ ਇਹ ਵੀ ਹੈ ਕਿ ਦੇਸ਼ ਵਿੱਚ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਅਮਲ ਦੇ ਮੈਦਾਨ ਵਿੱਚ ਇੱਕਠੀਆਂ ਨਹੀਂ। ਮੋਦੀ ਸਰਕਾਰ ਆਉਣ ਤੋਂ ਬਾਅਦ ਅੱਜ ਪਿਆਜ ਦੀ ਕੀਮਤ 150/-ਰੁਪਏ ਕਿਲੋ ਨੂੰ ਪਾਰ ਕਰ ਗਈ ਹੈ । ਉਹਨਾਂ ਕਿਹਾ ਕਿ ਇੱਥੋਂ ਦੇ ਮਿਹਨਤਕਸ਼ ਲੋਕਾਂ ਨੂੰ ਵਧੇਰੇ ਇੱਕਠੇ ਹੋ ਕੇ ਹਿੰਮਤ ਨਾਲ ਲੜਾਈ ਤੇਜ ਕਰਨੀ ਚਾਹੀਦੀ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾ. ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ 20 ਮਾਰਚ 2020 ਨੂੰ ਦਿੱਲੀ ਵਿਖੇ ਪਿੰਡਾਂ ਦੇ ਕਾਮੇਂ ਇਕ ਵਿਸ਼ਾਲ ਰੋਸ ਰੈਲੀ ਕਰਕੇੇ ਆਪਣੀਆਂ ਮੰਗਾਂ ਦਾ ਮੰਗ-ਪੱਤਰ ਦੇਸ਼ ਦੇ ਰਾਸ਼ਟਰਪਤੀ ਨੂੰ ਪੇਸ਼ ਕਰਨ ਜਾ ਰਹੇ ਹਨ। ਪੰਜਾਬ ਵਿਚ ਇਸਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਦੇਸ਼ ਵਿੱਚ ਫੈਲੀ ਆਰਥਿਕ ਮੰਦੀ ਨੇ ਪਿੰਡਾਂ ਦੇ ਕਿਰਤੀਆਂ ਦੇ ਹੱਥੋਂ ਰੁਜ਼ਗਾਰ ਖੋਹ ਲਿਆ ਹੈ ਬਦਲਵੇਂ ਕੰਮ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਪੰਜਾਬ ਸਰਕਾਰ ਇਹਨਾਂ ਕਾਮਿਆਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਰਹੀ। ਪੰਜਾਬ ਸਰਕਾਰ ਪਿੰਡਾਂ ਦੀਆਂ ਸ਼ਾਮਲਾਤ ਜਮੀਨਾਂ ਨੂੰ ਵੱਡੇ ਸਨਅਤਕਾਰਾਂ ਦੇ ਹਵਾਲੇ ਕਰਨ ਜਾ ਰਹੀ ਹੈ। ਇਹ ਜਮੀਨਾਂ ਪੇਂਡੂ ਵਿਕਾਸ, ਇੱਥੋਂ ਦੇ ਛੋਟੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਰੋਟੀ ਰੋਜੀ ਦਾ ਸਾਧਨ ਹੈ ਅਤੇ ਲੈਂਡ ਹੋਲਡਿੰਗ ਐਕਟ 2007 ਦੀ ਧਾਰਾ 42-ਏ ਅਧੀਨ ਇਸਨੂੰ ਮੁੜ ਤਕਸੀਮ ਨਹੀਂ ਕੀਤਾ ਜਾ ਸਕਦਾ। ਇਸਨੂੰ ਸਾਂਝੇ ਕੰਮਾਂ ਖਾਸ ਤੌਰ ‘ਤੇ ਅਨੁਸੂਚਿਤ ਜਾਤੀਆਂ ਲਈ ਰਿਹਾਇਸ਼ੀ ਪਲਾਟ ਦੇਣ ਲਈ ਵਰਤਿਆ ਜਾ ਸਕਦਾ ਹੈ। ਇੱਥੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੀ ਰਾਏ ਨੂੰ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ। ਜੱਥੇਬੰਦੀ ਪੰਜਾਬ ਵਿੱਚ ਸਨਅਤਾਂ ਲਗਾਉਣ ਦੇ ਖਿਲਾਫ ਨਹੀਂ ਪੰਜਾਬ ਸਰਕਾਰ ਇਸ ਵਾਸਤੇ ਹੋਰ ਜਮੀਨ 1  ਕਰਕੇ ਦੇਵੇ । ਜੱਥੇਬੰਦੀ ਇਹਨਾਂ ਜਮੀਨਾਂ ਨੂੰ ਬਚਾਉਣ ਲਈ 23 ਦਸੰਬਰ ਨੂੰ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਭੇਜੇਗੀ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਅਨੁਸੂਚਿਤ ਜਾਤੀਆਂ ਦੇ ਪੋਸਟ ਮੈਟਿ੍ਰਕ ਸਕਾਲਰਸ਼ਿਪ ਜਾਰੀ ਨਹੀਂ ਕੀਤੇ, ਜਿਸ ਕਾਰਨ ਇਹਨਾਂ ਵਿਦਿਆਰਥੀਆਂ ਅਤੇ ਮਾਪਿਆਂ ਦੇ ਮਨਾਂ ਵਿੱਚ ਭਾਰੀ ਰੋਸ ਹੈ। ਉਸਾਰੀ ਕਾਮਿਆਂ ਦੇ ਕਾਨੂੰਨ ਅਧੀਨ ਕਾਮਿਆਂ ਨੂੰ ਮਿਲਦੀਆਂ ਸਹੂਲਤਾਂ ਦੀਆਂ ਦਰਖਾਸਤਾਂ ਦਾ ਨਬੇੜਾ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ ਅਤੇ ਇਹਨਾਂ ਦੇ ਵਿਦਿਆਰਥੀਆਂ ਨੂੰ ਵਜੀਫੇ ਦੇਣ ਦੇ ਹੱਕ ਨੂੰ ਵੀ ਖੋਹਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਅਵਾਸ ਯੋਜਨਾ ਅਧੀਨ ਮਕਾਨ ਦੇਣ ਦੀ ਸਹੂਲਤ ਕੁੱਝ ਲੋਕਾਂ ਦੇ ਪੱਲੇ ਹੀ ਪਈ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਬੇਘਰੇ ਲੋਕਾਂ ਨੇ ਦਰਖਾਸਤਾਂ ਦਿੱਤੀਆਂ ਹਨ। ਆਪਣੇ ਕੀਤੇ ਵਾਅਦੇ ਅਨੁਸਾਰ ਪੰਜਾਬ ਸਰਕਾਰ ਪੈਨਸ਼ਨ ਵਧਾਉਣ ਲਈ ਤਿਆਰ ਨਹੀਂ ਅਤੇ ਨਾ ਹੀ ਇਹਨਾਂ ਕਾਮੇਂ ਲੋਕਾਂ ਦਾ ਕਰਜਾ ਮੁਆਫ ਕੀਤਾ ਹੈ। ਪਿੰਡ ਨਾਗੋਕੇ ਜਿਲ੍ਹਾ ਤਰਨਤਾਰਨ ਵਿਖੇ ਪਿਛਲੇ 50 ਸਾਲਾਂ ਤੋਂ ਪਲਾਟਾਂ ਦੀ ਲੜਾਈ ਲੜੀ ਜਾ ਰਹੀ ਹੈ। ਪ੍ਰਸ਼ਾਸ਼ਨ ਵੱਲੋਂ ਹੁਣ ਇਹਨਾਂ ਪਲਾਟਾਂ ਦੀ ਨਿਸ਼ਾਨਦੇਹੀ ਦੇਣ ਦੀਆਂ ਖਬਰਾਂ ਤਾਂ ਹਨ ਪਰੰਤੂ ਇਹਨਾਂ ਪਲਾਟਾਂ ਦੇ ਖੇਤ ਮਜ਼ਦੂਰਾਂ ਲਈ ਪ੍ਰਧਾਨ ਮੰਤਰੀ ਅਵਾਸ ਯੋਜਨਾ ਅਧੀਨ ਮਕਾਨਾਂ ਤੇ ਉਸਾਰੀ ਕਰਾਉਣ ਲਈ ਸਹਾਇਤਾ ਦੇਣੀ ਜਰੂਰੀ ਹੈ। ਵਰਕਿੰਗ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਕਾ. ਗੁਲਜ਼ਾਰ ਗੋਰੀਆ ਦੀ ਜਿੰਮੇਂਵਾਰੀ ਕੇਂਦਰ ਵਿੱਚ ਤਹਿ ਹੋ ਗਈ ਹੈ। ਇਸ ਕਰਕੇ ਜੱਥੇਬੰਦੀ ਦੇ ਪ੍ਰਧਾਨ ਦੀ ਜਿੰਮੇਂਵਾਰੀ ਕਾ. ਸੰਤੋਖ ਸਿੰਘ ਸੰਘੇੜਾ ਨੂੰ ਅਤੇ ਜਨਰਲ ਸਕੱਤਰ ਦੀ ਜਿੰਮੇਂਵਾਰੀ ਕਾ. ਦੇਵੀ ਕੁਮਾਰੀ ਨੂੰ ਸਰਵ-ਸੰਮਤੀ ਨਾਲ ਦਿੱਤੀ ਗਈ ਹੈ। ਇਹਨਾਂ ਦੇ ਨਾਲ ਕਾ. ਗੁਲਜ਼ਾਰ ਸਿੰਘ ਗੋਰੀਆ ਸੀਨੀਅਰ ਮੀਤ ਪ੍ਰਧਾਨ ਅਤੇ ਕਾ. ਹਰਦੇਵ ਅਰਸ਼ੀ ਨੂੰ ਵੀ ਮੀਤ ਪ੍ਰਧਾਨ ਦੀ ਜਿੰਮੇਂਵਾਰੀ ਸੌਂਪੀ ਗਈ ਹੈ । ਮੀਟਿੰਗ ਨੇ ਫੈਸਲਾ ਕੀਤਾ ਹੈ ਕਿ 8 ਜਨਵਰੀ  ਨੂੰ ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਦੇਸ਼-ਵਿਆਪੀ ਹੜਤਾਲ ਵਿੱਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇ। ਇਸਦੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ ਕੀਤੀਆਂ ਜਾਣ। ਜੱਥੇਬੰਦੀ ਨੇ ਪੰਜਾਬ ਵਿੱਚ ਖੇਤ ਮਜ਼ਦੂਰ ਦੀਆਂ ਮੰਗਾਂ ਸਬੰਧੀ ਇਕ ਮੰਗ-ਪੱਤਰ ਪੰਜਾਬ ਸਰਕਾਰ ਦੇ ਮਾਨਯੋਗ ਸਪੀਕਰ ਨੂੰ ਸੌਂਪਣ ਲਈ ਦਸਤਖਤੀ ਮੁਹਿੰਮ ਤੇਜ ਕਰਨ ਦਾ ਫੈਸਲਾ ਕੀਤਾ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾ. ਪ੍ਰੀਤਮ ਸਿੰਘ ਨਿਆਮਤਪੁਰ, ਨਾਨਕਚੰਦ ਲੰਬੀ, ਸੁਰਿੰਦਰ ਕੁਮਾਰ ਭੈਣੀ, ਗੁਰਮੁੱਖ ਸਿੰਘ ਬਾਦਲ, ਮੁਖਤਿਆਰ ਸਿੰਘ ਫਾਜ਼ਿਲਕਾ, ਮਹਿੰਗਾ ਰਾਮ ਦੋਦਾ, ਸਵਰਨ ਸਿੰਘ ਨਾਗੋਕੇ, ਪਿਆਰੇ ਲਾਲ ਸੰਗਰੂਰ, ਪ੍ਰਕਾਸ਼ ਕੈਰੋਂ ਨੰਗਲ, ਕੁਲਵੰਤ ਸਿੰਘ ਹੁੰਝਣ, ਨਿਰਮਲ ਸਿੰਘ ਬਠਰਿਆਣਾ, ਨਛੱਤਰ ਪਾਲ ਹੁਸ਼ਿਆਰਪੁਰ, ਜੁਗਰਾਜ ਰਾਮਾ ਬਰਨਾਲਾ, ਜੋਗਿੰਦਰ ਸਿੰਘ ਗੋਪਾਲਪੁਰ, ਬਲਵੀਰ ਸਿੰਘ ਦੀਨਾ ਨਗਰ, ਸਿਮਰਤ ਕੌਰ ਝਾਂਮਪੁਰ, ਅਮਰਨਾਥ ਫਤਿਹਗੜ ਸਾਹਿਬ, ਹੀਰਾ ਸਿੰਘ ਤਰਨਤਾਰਨ, ਸੁਖਦੇਵ ਸਿੰਘ ਤਰਨਤਾਰਨ, ਮੇਜਰ ਸਿੰਘ ਤਰਨਤਾਰਨ, ਰਛਪਾਲ ਸਿੰਘ ਘੁਰਕਵਿੰਡ, ਮਹਿੰਦਰਪਾਲ ਫਗਵਾੜਾ, ਕੁਲਵੰਤ ਕੌਰ ਅਮ੍ਰਿਤਸਰ ਦਿਹਾਤੀ, ਅਮਰਜੀਤ ਕੌਰ ਬਾਮ, ਬਲਵੀਰ ਸਾਲਾਪੁਰੀ, ਮਹਿੰਦਰ ਮੰਜਾਲੀਆਂ, ਰਣਜੀਤ ਸਿੰਘ ਸ਼ਹੀਦ ਭਗਤ ਸਿੰਘ ਨਗਰ, ਸ਼ੇਰ ਸਿੰਘ ਅਤੇ ਭਰਪੂਰ ਸਿੰਘ ਫਾਜ਼ਿਲਕਾ ਆਦਿ ਨੇ ਸੰਬੋਧਨ ਕੀਤਾ।