Wednesday, August 10, 2022

ਭਗਵੰਤ ਮਾਨ ਸਰਕਾਰ ਔਰਤਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰੇ

Wednesday 10th August 2022 at 03:13 PM

ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਪੰਜਾਬ ਸਰਕਾਰ ਨੂੰ ਸੰਗਰੂਰ ਵਾਲੇ ਹਸ਼ਰ ਦੀ ਚੇਤਾਵਨੀ 

*ਪ੍ਰਾਈਵੇਟ ਬੱਸ ਅਪਰੇਟਰ , ਸਰਕਾਰ ਵੱਲੋਂ ਔਰਤਾਂ ਨੂੰ ਦਿੱਤੀ ਸਹੂਲਤ ਦਾ ਵਿਰੋਧ ਕਰਨ ਤੋਂ ਬਾਜ਼ ਆਉਣ

ਮਾਨਸਾ : 10 ਅਗਸਤ 2022: (ਕਾਮਰੇਡ ਸਕਰੀਨ ਬਿਊਰੋ):: 
ਫਾਈਲ ਫੋਟੋ 
ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਹ ਚੋਣਾਂ ਦੌਰਾਨ ਔਰਤਾਂ ਨਾਲ ਕੀਤੇ ਵਾਅਦੇ ਪੂਰੇ ਕਰਨ, ਵਰਨਾ ਉਨ੍ਹਾਂ ਦਾ ਜੋ ਹਸ਼ਰ ਸੰਗਰੂਰ ਲੋਕ ਸਭਾ ਉਪ ਚੋਣ ਵਿਚ ਹੋਇਆ ਉਹ 2024 ਦੀਆਂ ਚੋਣਾਂ ਵਿੱਚ ਪੂਰੇ ਪੰਜਾਬ ਵਿਚ ਦੁਹਰਾਇਆ ਜਾਵੇਗਾ।

ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੀ ਆਗੂ ਜਸਬੀਰ ਕੌਰ ਨੱਤ ਦਾ ਕਹਿਣਾ ਹੈ ਕਿ ਸੰਭਵ ਹੈ ਕਿ ਆ ਰਹੇ ਰੱਖ਼ੜੀ ਦੇ ਤਿਉਹਾਰ ਮੌਕੇ  ਔਰਤਾਂ ਨੂੰ ਖੁਸ਼ ਕਰਨ ਲਈ ਮਾਨ ਸਰਕਾਰ ਕਈ ਨਵੇਂ ਐਲਾਨ ਕਰੇ, ਇਸ ਲਈ ਅਸੀਂ ਮੁੱਖ ਮੰਤਰੀ ਨੂੰ ਚੇਤੇ ਕਰਵਾਉਣਾ ਚਾਹੁੰਦੇ ਹਾਂ ਕਿ ਨਵੇਂ ਵਾਅਦੇ ਕਰਨ ਤੋਂ ਪਹਿਲਾਂ ਉਹ ਚੋਣਾਂ ਦੌਰਾਨ ਔਰਤਾਂ ਨਾਲ ਕੀਤੇ ਆਪਣੇ ਪਹਿਲੇ ਵਾਅਦੇ ਪੂਰੇ ਕਰਨ। ਹਾਲੇ ਤੱਕ ਔਰਤਾਂ ਬੇਸਬਰੀ ਨਾਲ ਸਰਕਾਰ ਵਲੋਂ ਆਪਣੇ ਖਾਤੇ ਵਿੱਚ ਹਰ ਮਹੀਨੇ ਪਾਏ ਜਾਣ ਵਾਲੇ ਇਕ ਹਜ਼ਾਰ ਰੁਪਏ ਉਡੀਕ ਰਹੀਆਂ ਹਨ। ਬਹੁਤ ਸਾਰੀਆਂ ਲੜਕੀਆਂ ਆਪਣੇ ਵਿਆਹ ਮੌਕੇ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸ਼ਗਨ ਨੂੰ ਉਡੀਕਦੀਆਂ ਮਾਵਾਂ ਬਣ ਚੁੱਕੀਆਂ ਹਨ। ਇਕ ਪਾਸੇ ਬੀਪੀਐਲ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਅਨਾਜ ਵਿਚ ਕਟੌਤੀ ਕਰ ਦਿੱਤੀ ਗਈ ਹੈ, ਜਿਸ ਕਾਰਨ ਕਾਫੀ ਲੋੜਵੰਦ ਪਰਿਵਾਰਾਂ ਨੂੰ ਡਿਪੂਆਂ ਤੇ ਨਿਰਾਸ਼ ਮੁੜਨਾ ਪੈ ਰਿਹਾ ਹੈ, ਦੂਜੇ ਪਾਸੇ ਹਾਲੇ ਵੀ ਸਿਆਸੀ ਅਸਰ ਵਾਲੇ ਬਹੁਤ ਸਾਰੇ ਲੋਕ ਹੱਕਦਾਰ ਨਾ ਹੋਣ ਦੇ ਬਾਵਜੂਦ ਵੀ ਨਜਾਇਜ਼ ਫਾਇਦਾ ਚੁੱਕ ਰਹੇ ਹਨ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਆਪ ਸਰਕਾਰ ਹਾਲੇ ਤੱਕ ਇਹ ਛੋਟਾ ਜਿਹਾ ਪ੍ਰਬੰਧਕੀ ਸੁਧਾਰ ਵੀ ਨਹੀਂ ਕਰ ਸਕੀ ਕਿ ਨੌਜਵਾਨ ਪੀੜ੍ਹੀ ਤੋਂ ਦਾਖਲਿਆਂ ਜਾਂ ਨੌਕਰੀਆਂ ਲਈ ਅਪਲਾਈ ਕਰਨ ਮੌਕੇ ਹਰ ਛੇ ਮਹੀਨੇ ਬਾਦ ਵੀ  ਨਵਾਂ  ਬਣਿਆ ਜਾਤੀ ਸਰਟੀਫਿਕੇਟ ਨਾ ਮੰਗਿਆ ਜਾਵੇ, ਕਿਉਂਕਿ ਪੂਰੇ ਜੀਵਨ ਵਿੱਚ ਕੋਈ ਆਪਣੀ ਜਾਤੀ ਚਾਹੁਣ 'ਤੇ ਵੀ ਨਹੀਂ ਬਦਲ ਸਕਦਾ। ਇਸਤਰੀ ਆਗੂ ਨੇ ਪ੍ਰਾਈਵੇਟ ਬੱਸ ਓਪਰੇਟਰਾਂ ਨੂੰ ਵੀ ਕਿਹਾ ਹੈ ਕਿ ਉਹ ਆਪਣੀਆਂ ਮੰਗਾਂ ਲਈ ਸਰਕਾਰ ਖ਼ਿਲਾਫ਼ ਕੇ ਅੰਦੋਲਨ ਕਰਨ, ਪਰ ਉਹ ਸਰਕਾਰ ਵੱਲੋਂ ਔਰਤਾਂ ਨੂੰ ਦਿੱਤੀ ਸਹੂਲਤ ਦਾ ਵਿਰੋਧ ਕਰਨ ਤੋਂ ਬਾਜ਼ ਆਉਣ, ਵਰਨਾ ਔਰਤ ਜਥੇਬੰਦੀਆਂ ਨੂੰ ਉਨ੍ਹਾਂ ਦਾ ਵਿਰੋਧ ਕਰਨ ਲਈ ਮਜ਼ਬੂਰ ਹੋਣਾ ਪਵੇਗਾ।

Monday, August 8, 2022

ਸੀਪੀਆਈ ਵੱਲੋਂ ਕਈ ਮੁੱਦਿਆਂ 'ਤੇ ਸੰਘਰਸ਼ ਤਿੱਖਾ ਕਰਨ ਦਾ ਐਲਾਨ

8th August 2022 at 3:05 PM

ਲੁਧਿਆਣਾ ਦੀ ਜ਼ਿਲ੍ਹਾ ਕਾਨਫਰੰਸ ਵਿੱਚ ਪੁੱਜੇ ਕਾਮਰੇਡ ਬੰਤ ਬਰਾੜ

ਕਾਮਰੇਡ ਡੀ ਪੀ ਮੌੜ ਇਸੇ ਸੰਮੇਲਨ ਵਿਚ ਦੋਬਾਰਾ ਜ਼ਿਲ੍ਹਾ ਸਕੱਤਰ ਚੁਣੇ ਗਏ 


ਲੁਧਿਆਣਾ
: 8 ਅਗਸਤ 2022: (ਕਾਮਰੇਡ ਸਕਰੀਨ ਬਿਊਰੋ):: 

ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਦੀ ਜ਼ਿਲ੍ਹਾ ਕਾਨਫਰੰਸ ਇਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ। ਇਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਸਾਥੀਆਂ ਨੇ ਹਿੱਸਾ ਲਿਆ। ਇਹ ਡੈਲੀਗੇਟ ਸਾਥੀ ਬਕਾਇਦਾ ਆਪਣੇ-ਆਪਣੇ ਬਲਾਕਾਂ ਤੋਂ ਚੁਣ ਕੇ ਆਏ ਸਨ। ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਲਾਲ ਝੰਡਾ ਲਹਿਰਾਉਣ ਦੀ ਰਸਮ   ਕਾਮਰੇਡ ਗੁਰਨਾਮ ਸਿੰਘ ਸਿੱਧੂ ਨੇ ਅਦਾ ਕੀਤੀ ਗਈ । ਸਮਾਗਮ ਦਾ ਉਦਘਾਟਨ ਸੂਬਾਈ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਨੇ ਦੇਸ਼ ਵਿਚ ਵਧ ਰਹੇ ਫਾਸ਼ੀਵਾਦ ਦੇ ਖਤਰੇ ਬਾਰੇ ਚੇਤਾਵਨੀ ਦਿੰਦਿਆਂ ਕਿਹਾ ਕਿ ਆਰ ਐਸ ਐਸ    ਦੀ ਥਾਪੜੀ ਮੋਦੀ ਸਰਕਾਰ ਦੇ ਖਿਲਾਫ਼ ਬੇਕਿਰਕ ਲੜਾਈ ਲੜਨੀ ਪਵੇਗੀ। ਦੇਸ਼ ਅੰਦਰ ਲਗਾਤਾਰ ਮਹਿੰਗਾਈ ਵਧ ਰਹੀ ਹੈ ਬੇਰੁਜ਼ਗਾਰੀ ਦਾ ਬੁਰਾ ਹਾਲ ਹੈ। ਇਹਨਾਂ ਮੁੱਦਿਆਂ ਤੋਂ ਧਿਆਨ ਵੰਡਣ ਲਈ ਘਰ ਘਰ ਤਿਰੰਗਾ ਲਹਿਰਾਉਣ ਦੀ ਗੱਲ ਕਹੀ ਜਾ ਰਹੀ ਹੇ ਜਦੋਂ ਕਿ ਤੱਥ ਇਹ ਹਨ ਕਿ ਇਹਨਾਂ ਨੇ ਤਿਰੰਗੇ ਨੂੰ ਮੰਨਿਆ ਹੀ ਨਹੀਂ ਤੇ ਅਜ਼ਾਦੀ ਦੇ ਸੰਘਰਸ਼ ਦੌਰਾਨ ਤੇ ਬਾਅਦ ਵਿਚ ਤਿਰੰਗੇ ਨੂੰ  ਪਾੜਿਆ, ਮਧੋਲਿਆ ਤੇ ਸਾੜਿਆ। ਟਜ਼ਾਦੀ ਦੇ ਸਘਰਸ਼ ਦੌਰਾਨ ਇਹ ਬਰਤਾਨਵੀ ਸਰਕਾਰ ਦੇ ਨਾਲ ਸਨ। ਸਾਨੂੰ ਲੋਕਾਂ ਦੇ ਨਾਲ ਸਬੰਧਤ ਮੁੱਦਿਆਂ ਤੇ ਲੋਕਾਂ ਨੂੰ ਲਾਮਬੰਦ ਕਰਨਾ ਪਏਗਾ। ਪੰਜਾਬ ਦੀ ਆਪ ਦੀ ਸਰਕਾਰ ਬਾਰੇ ਉਨ੍ਹਾਂ ਕਿਹਾ  ਕਿ ਇਹ ਕੇਂਦਰ ਦੇ ਥੱਲੇ ਦੱਬਦੇ ਹਨ। ਪੰਜਾਬ ਦੇ ਪਾਣੀ, ਚੰਡੀਗੜ੍ਹ ਦੀ ਜ਼ਮੀਨ ਦੇ  ਮੁੱਦੇ  ਤੇ ਭਾਜਪਾ ਸਰਕਾਰ ਦੇ ਖਿਲਾਫ ਨਹੀਂ ਬੋਲਦੇ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਖ਼ਰਾਬ ਹੈ ਮਾਫੀਆ ਦਨਦਨਾ ਰਹੇ ਹਨ। ਸਿਹਤ ਸੇਵਾਵਾਂ ਦੇ ਬਜਟ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਜਿਸ ਕਰਕੇ ਸਿਹਤ ਸੇਵਾਵਾਂ ਦੇ ਸੁਧਾਰ ਦੀ ਕੋਈ ਆਸ ਨਹੀਂ।

ਉਦਘਾਟਨ ਉਪਰੰਤ ਕਾਮਰੇਡ ਡੀ ਪੀ ਮੌੜ ਨੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਪਾਰਟੀ ਦੀ ਚਾਰ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਤੋਂ ਬਾਅਦ ਭਰਪੂਰ ਬਹਿਸ ਹੋਈ ਜਿਸ ਵਿੱਚ  ਸਾਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਕਾਨਫਰੰਸ ਨੇ ਫ਼ੈਸਲਾ ਕੀਤਾ ਕਿ ਪਾਰਟੀ  ਵਧਾਉਣ ਦੇ ਲਈ ਨੌਜਵਾਨਾਂ, ਵਿਦਿਆਰਥੀਆਂ ਤੇ  ਇਸਤਰੀਆਂ ਵੱਲ ਉਚੇਚਾ ਧਿਆਨ ਦੇਵੇਗੀ। ਇਸ ਤੋਂ ਇਲਾਵਾ ਖੇਤ ਮਜ਼ਦੂਰਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਕਾਨਫਰੰਸਾਂ ਵੀ ਛੇਤੀ ਹੀ ਕੀਤੀਆਂ ਜਾਣਗੀਆਂ। ਪਾਰਟੀ ਨੇ 53 ਮੈਂਬਰੀ ਕੌਂਸਲ ਦੀ ਚੋਣ ਕੀਤੀ ਗਈ। ਕਾਮਰੇਡ ਡੀ ਪੀ ਮੌੜ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਸਕੱਤਰ ਚੁਣਿਆ ਗਿਆ। ਕੌਮੀ ਕੌਂਸਲ ਦੇ ਮੈਂਬਰ ਡਾਕਟਰ ਅਰੁਣ ਮਿੱਤਰਾ ਨੇ ਸਮਾਗਮ ਦੇ ਅੰਤ ਵਿੱਚ ਕਾਮਰੇਡਾਂ ਨੂੰ ਸਫਲ ਕਾਨਫਰੰਸ ਲਈ ਵਧਾਈ ਦਿੰਦਿਆਂ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਕਾਨਫਰੰਸ ਦੀ ਪ੍ਰਧਾਨਗੀ ਕਾਮਰੇਡ ਚਮਕੌਰ ਸਿੰਘ, ਕਾਮਰੇਡ ਕੁਲਵੰਤ ਕੌਰ ਅਤੇ ਕਾਮਰੇਡ ਭਗਵਾਨ ਸਿੰਘ ਸੋਮਲਖੇੜੀ ਨੇ ਕੀਤੀ। 

Wednesday, August 3, 2022

ਸਰਕਾਰ ਪੰਜਾਬ ਪੁਲੀਸ ਨੂੰ ਕਮਿਊਨਿਸਟਾਂ ਵਿਰੁਧ ਧੱਕੇਸ਼ਾਹੀ ਕਰਨ ਤੋਂ ਰੋਕੇ-ਸੀਪੀਆਈ

3rd August 2022 at 4:34 PM

ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਵੱਲੋਂ ਪੁਲਿਸ ਦੀ ਆਲੋਚਨਾ 

ਚੰਡੀਗੜ੍ਹ : 3 ਅਗਸਤ 2022: (ਕਾਮਰੇਡ ਸਕਰੀਨ ਬਿਊਰੋ)::

ਅੱਜ ਇਥੇ ਪੰਜਾਬ ਸੀਪੀਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਪੰਜਾਬ ਪੁਲੀਸ ਤੇ ਦੋਸ਼ ਲਾਉਂਦਿਆਂ ਆਖਿਆ ਹੈ ਕਿ ਉਹ ਜਾਣ ਬੁਝਕੇ ਕਮਿਊਨਿਸਟਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਤੰਗ ਕਰ ਰਹੀ ਹੈ। ਪੰਜਾਬ ਪੁਲੀਸ ਦੇ ਕੁਝ ਅੰਸ਼ ਜਿਥੇ ਨਸ਼ਾ, ਰੇਤ ਬਜਰੀ ਮਾਫੀਏ ਅਤੇ ਗੈਂਗਸਟਰਾਂ ਨਾਲ ਅਮਨ ਕਾਨੂੰਨ ਦੀਆਂ ਉਲੰਘਣਾਵਾਂ ਕਰਨ ਵਿਚ ਘਿਓ ਖਿਚੜੀ ਬਣੇ ਹੋਏ ਹਨ ਉਥੇ ਉਹਨਾਂ ਨੇ ਕਮਿਊਨਿਸਟਾਂ, ਜਿਹੜੇ ਇਹਨਾਂ ਲਾਹਨਤਾਂ ਵਿਰੁਧ ਲੜ ਰਹੇ ਹਨ, ਵਿਰੁਧ ਵੀ ਸ਼ਰਮਨਾਕ ਅਤੇ ਸਾਜ਼ਿਸ਼ੀ ਮੁਹਿੰਮ ਛੇੜੀ ਹੋਈ ਹੈ। ਉਹ ਨਕੋਦਰ ਵਿਖੇ ਪ੍ਰਸਿਧ ਕਮਿਊਨਿਸਟ ਆਗੂਆਂ ਸਰਪੰਚ ਚਰਨਜੀਤ ਸਿੰਘ ਥੰਮੂਵਾਲ ਅਤੇ ਗਿਆਨ ਸੈਦਪੁਰੀ ਵਿਰੁਧ ਜ਼ਿਲਾ ਪੁਲੀਸ ਅਤੇ ਪ੍ਰਸ਼ਾਸਨ ਵਲੋਂ ਝੂਠੇ ਕੇਸਾਂ ਵਿਚ ਫਸਾ ਕੇ ਉਹਨਾਂ ਨੂੰ ਡਰਾ ਧਮਕਾ ਕੇ ਪੁਰਅਮਨ ਅੰਦੋਲਨਾਂ ਨੂੰ ਬੰਦ ਕਰਵਾਉਣ ਲਈ ਕੀਤੇ ਕਾਰਨਾਮੇ ਵਿਰੁਧ ਬੋਲਦੇ ਹੋਏ ਸਾਥੀ ਬਰਾੜ ਨੇ ਆਖਿਆ ਕਿ ਪੰਜਾਬ ਦੀਆਂ ਅੱਧੀ ਦਰਜਨ ਦੇ ਕਰੀਬ ਖੇਤ ਮਜ਼ਦੂਰ  ਜਥੇਬੰਦੀਆਂ 2 ਜੁਲਾਈ  ਨੂੰ ਸਾਰੇ ਦੇਸ਼ ਵਿਚ ਆਪਣੀਆਂ ਮੰਗਾਂ ਲਈ ਪੁਰਅਮਨ ਪ੍ਰਦਰਸ਼ਨ ਰਹੀਆਂ ਸਨ ਤੇ ਨਕੋਦਰ ਤਹਿਸੀਲ ਦੇ ਸਾਰੇ ਜ਼ਿੰਮੇਵਾਰ ਅਧਿਕਾਰੀ ਐਸ ਡੀ ਐਮ ਅਤੇ ਤਹਿਸੀਲਦਾਰ ਆਦਿ ਗੈਰ ਹਾਜ਼ਰ ਹੋ ਗਏ ਸਨ। ਇਸ ਮੌਕੇ ਬਹੁਤ ਦੇਰ ਬਾਅਦ ਤਹਿਸੀਲਦਾਰ ਨੇ ਆ ਕੇ ਪ੍ਰਦਰਸ਼ਨਕਾਰੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਅਤੇ ਪੁਰਅਮਨ ਅੰਦੋਲਨਕਾਰੀਆਂ ਵਿਰੁਧ ਪੁਲੀਸ ਤੋਂ ਝੂਠੇ ਕੇਸ ਦਰਜ ਕਰਵਾ ਦਿਤੇ।

ਉਹਨਾਂ ਕਿਹਾ ਕਿ ਦੂਜੀ ਘਟਨਾ ਫਾਜ਼ਿਲਕਾ ਦੀ ਹੈ ਜਿਥੇ ਫਾਜ਼ਿਲਕਾ ਪੁਲੀਸ ਅਤੇ ਪ੍ਰਸ਼ਾਸਨ ਵਲੋਂ ਪ੍ਰਸਿਧ ਕਮਿਊਨਿਸਟ ਆਗੂ ਹੰਸਰਾਜ ਗੋਲਡਨ ਨੂੰ ਉਥੋਂ ਦੇ ਬਦਨਾਮ ਭਗੌੜੇ ਗੈਂਗਸਟਰ ਅਮਨ ਸਕੌਡਾ ਦੇ ਕਹਿਣ ਤੇ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ। ਯਾਦ ਰਹੇ ਗੈਂਗਸਟਰ ਅਮਨ ਸਕੌਡਾ ਕਈ ਸਾਲਾਂ ਤੋਂ ਭਗੌੜਾ ਹੈ। ਸਾਥੀ ਬਰਾੜ ਨੇ ਆਖਿਆ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕ ਬਦਨਾਮ ਅਮਨ ਸਕੌਡਾ ਜਿਸਨੇ ਅਨੇਕਾਂ ਸਮਾਜਿਕ ਕਾਰਕੁਨਾਂ ਤੇ ਹਿੰਸਕ ਤੇ ਜਾਨਲੇਵਾ ਹਮਲੇ ਕਰਵਾਏ ਹਨ ਜਿਸ ਵਿਰੁਧ ਅਨੇਕਾਂ ਫੌਜਦਾਰੀ ਅਤੇ ਧੋਖਾਧੜੀ ਦੇ ਕੇਸ ਦਰਜ ਹਨ ਉਸਨੂੰ ਗ੍ਰਿਫਤਾਰ ਕਰਨ ਦੀ ਬਜਾਏ ਕਮਿਊਨਿਸਟ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਸਾਥੀ ਬਰਾੜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਫੌਰਨ ਹੀ ਪੁਲੀਸ ਦੀ ਧੱਕਾਸ਼ਾਹੀ ਰੋਕੇ ਅਤੇ ਝੂਠੇ ਕੇਸ ਵਾਪਸ ਲਵੇ ਅਤੇ ਸਕੌਡੇ ਵਰਗੇ ਗੁੰਡਾ ਅੰਸਰਾਂ ਨੂੰ ਫੌਰਨ ਗ੍ਰਿਫਤਾਰ ਕਰੇ ਅਤੇ ਧੱਕੇਸ਼ਾਹੀਆਂ ਕਰਨ ਵਾਲੇ ਪੁਲੀਸ ਅਫਸਰਾਂ ਵਿਰੁਧ ਸਖਤ ਐਕਸ਼ਨ ਲਵੇ। ਸਾਥੀ ਬਰਾੜ ਨੇ ਅਗੇ ਆਖਿਆ ਹੈ ਕਿ ਇਹ ਧੱਕੇਸ਼ਾਹੀਆਂ ਕਿਸੇ ਹਾਲਤ ਵਿਚ ਵੀ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਇਨ੍ਹਾਂ ਵਿਰੁਧ ਸਾਰੇ ਪੰਜਾਬ ਵਿਚ ਆਵਾਜ਼ ਉਠਾਈ ਜਾਵੇਗੀ।                                                                    

Sunday, July 31, 2022

ਏ ਆਈ ਐੱਸ ਐੱਫ ਦੇ ਸਿਧਾਂਤਕ ਕੈਂਪ ਬਦਲ ਦੇਣਗੇ ਸਿਆਸੀ ਤਸਵੀਰ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਜਲਾਲਾਬਾਦ ਵਿੱਚ ਲੱਗਿਆ ਕੈਂਪ 


ਜਲਾਲਾਬਾਦ
31 ਜੁਲਾਈ 2022 (ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਬਿਊਰੋ)::

ਜਦੋਂ ਬੀਜੇਪੀ ਦੀ ਅਗਵਾਈ ਵਾਲੀ ਮੋਦੀ ਸਰਕਾਰ ਕਦੇ ਕਾਂਗਰਸ ਮੁਕਤ ਭਾਰਤ ਦੀ ਗੱਲ ਕਰਦੀ ਹੈ ਅਤੇ ਕਦੇ ਅਪੋਜੀਸ਼ਨ ਮੁਕਤ ਭਾਰਤ ਦੀਆਂ ਖਤਰਨਾਕ ਕਾਮਨਾਵਾਂ ਪ੍ਰਗਟ ਕਰਦੀ ਹੈ ਉਦੋਂ ਭਾਰਤੀ ਕਮਿਊਨਿਸਟ ਪਾਰਟੀ ਨਾਲ ਸਬੰਧਤ ਵਿਦਿਆਰਥੀਆਂ ਦੀ ਇਤਿਹਾਸਿਕ ਅਤੇ ਸਰਗਰਮ ਜੱਥੇਬੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਰਥਾਤ ਏ ਆਈ ਐਸ ਐਫ ਇੱਕ ਅਜਿਹੇ ਲਾਲ ਤੂਫ਼ਾਨ ਦੀ ਸਿਰਜਣਾ ਵਿਚ ਸਰਗਰਮ ਯੋਗਦਾਨ ਪਾ ਰਹੀ ਹੈ ਜਿਸਨੇ ਦੇਸ਼ ਅਤੇ ਦੁਨੀਆਂ ਸਾਹਮਣੇ ਇੱਕ ਨਵੀਂ ਸਿਆਸੀ ਤਸਵੀਰ ਲਿਆਉਣੀ ਹੈ। ਤਾਨਾਸ਼ਾਹੀ ਮੁਕਤ ਭਾਰਤ ਦੀ ਅਸਲੀ ਤਸਵੀਰ ਬਣਾਉਣਾ ਹੁਣ ਖੱਬੀਆਂ ਧਿਰਾਂ ਦਾ ਨਿਸ਼ਾਨਾ ਬਣ ਚੁੱਕਿਆ ਹੈ। ਜਮਹੂਰੀ ਧਿਰਾਂ ਵੀ ਇਸ ਮਕਸਦ ਵਿੱਚ ਨਾਲ ਹੀ ਹਨ। ਇਸੇ ਤਰ੍ਹਾਂ ਫਾਸ਼ੀਵਾਦ ਮੁਕਤ ਭਾਰਤ  ਲਈ ਵੀ ਨਵੇਂ ਭਾਰਤ ਦੀ ਤਸਵੀਰ ਤੇਜ਼ੀ ਨਾਲ ਬਣ ਰਹੀ ਹੈ।  ਉਸ ਇਤਿਹਾਸਿਕ ਲੋਕਰਾਜੀ ਭਾਰਤ ਦੀ ਤਸਵੀਰ ਮੁੜ ਤੇਜ਼ੀ ਨਾਲ ਸਿਰਜਣ ਵਿੱਚ ਏ ਆਈ ਐਸ ਐਫ ਅਤੇ ਹੋਰ ਖੱਬੀਆਂ ਵਿਦਿਆਰਥੀਆਂ ਜੱਥੇਬੰਦੀਆਂ ਪੂਰੀ ਤਰ੍ਹਾਂ ਸਰਗਰਮ ਹਨ। ਕਦੇ ਚੰਡੀਗੜ੍ਹ, ਕਦੇ ਮਾਨਸਾ, ਕਦੇ ਸੰਗਰੂਰ, ਕਦੇ ਜਲੰਧਰ ਅਤੇ ਕਦੇ ਜਲਾਲਾਬਾਦ। ਇਹਨਾਂ ਵਿਦਿਆਰਥੀਆਂ ਨੂੰ ਕਦੇ ਫੀਸਾਂ ਦੀ ਲੜਾਈ ਲੜਨੀ ਪੈਂਦੀ ਹੈ ਅਤੇ ਕਦੇ ਪੰਜਾਬ ਯੂਨੀਵਰਸਿਟੀ ਤੇ ਮਾਰੇ ਜਾ ਰਹੇ ਡਾਕੇ ਦੇ ਖਿਲਾਫ ਖੜੋਣਾ ਪੈਂਦਾ ਹੈ।

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਜਿਲ੍ਹਾ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਸੁਤੰਤਰ ਭਵਨ ਜਲਾਲਾਬਾਦ ਵਿਖੇ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਹਾੜੇ ‘ਤੇ ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ, ਬਨੇਗਾ ਅਤੇ ਨੌਜਵਾਨ ਵਰਗ ਵਿਸ਼ੇ ‘ਤੇ ਸਿਧਾਂਤਕ ਕੈਂਪ ਲਾਇਆ ਗਿਆ। ਇਸ ਵਿੱਚ ਇਲਾਕੇ ਭਰ ਦੇ ਵੱਖ ਵੱਖ ਵਿੱਦਿਅਕ ਅਦਾਰਿਆਂ ਅਤੇ ਪਿੰਡਾਂ ਵਿਚੋਂ ਸੈਂਕੜੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ। 

ਇਸ ਕੈਂਪ ਨੂੰ ਵਿਸ਼ੇਸ਼ ਤੌਰ ਨੇ ਸੰਬੋਧਨ ਕਰਨ ਲਈ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਹਾਜ਼ਰ ਹੋਏ। ਇਸ ਕੈਂਪ ਦੀ ਅਗਵਾਈ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ, ਜਿਲ੍ਹਾ ਸਕੱਤਰ ਸਟਾਲਿਨ ਲਮੋਚੜ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਛੱਪੜੀਵਾਲਾ ਨੇ ਕੀਤੀ। 

ਇਸ ਵਿਦਿਆਰਥੀ ਕੈਂਪ ਦੀ ਸ਼ੁਰੂਆਤ ਵੇਲੇ ਆਲ ਇੰਡੀਆ ਆਂਗਣਵਾੜੀ ਵਰਕਰਜ਼ ਐਂਡ ਹੇਲਪਰ ਯੂਨੀਅਨ ਦੇ ਸੂਬਾ ਪ੍ਰਧਾਨ ਭੈਣ ਸਰੋਜ ਛੱਪੜੀਵਾਲਾ ਨੇ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਅੱਜ ਜਵਾਨੀ ਨੂੰ ਸ਼ਹੀਦ ਊਧਮ ਸਿੰਘ ਇਨਕਲਾਬੀ ਜੀਵਨ ਫਲਸਫੇ ਤੋਂ ਸੇਧ ਲੈਣੀ ਚਾਹੀਦੀ ਹੈ। 

ਉਹਨਾਂ ਕਿਹਾ ਕਿ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸਾਡੇ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਮਲ ਵਿੱਚ ਲਾਗੂ ਕਰ ਕੇ ਆਪਣੇ ਭਵਿੱਖ ਦੀ ਖੋਜ ਕਰਨੀ ਚਾਹੀਦੀ ਹੈ। ਇਸ ਮੌਕੇ ਸਿਧਾਂਤਕ ਕੈਂਪ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਸਾਥੀ ਜਗਰੂਪ ਸਿੰਘ ਨੇ ਕਿਹਾ ਕਿ 3 ਕਰੋੜ ਦੀ ਅਬਾਦੀ ਵਾਲੇ ਪੰਜਾਬ ਸੂਬੇ ਵਿੱਚ 1 ਕਰੋੜ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ ਪਰ ਸਰਕਾਰਾਂ ਵਲੋਂ ਇੰਨੀ ਵੱਡੀ ਬੇਰੁਜ਼ਗਾਰ ਗਿਣਤੀ ਨੂੰ ਗਰੰਟੀ ਨਾਲ ਰੁਜ਼ਗਾਰ ਦੇਣ ਦੀ ਕੋਈ ਨੀਤੀ ਹੀ ਨਹੀਂ ਹੈ, ਜਿਸ ਕਾਰਨ ਸਮਾਜ ਸੈਂਕੜੇ ਅਲਾਮਤਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ। 

ਇਹਨਾਂ ਆਗੂਆਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਸੋਚ ਦਾ ਸਮਾਜ ਬਣਾਉਣ ਲਈ ਬਨੇਗਾ ਨੂੰ ਪਾਸ ਕਰਵਾਉਣਾ ਪਹਿਲਾ ਕਦਮ ਹੈ ਅਤੇ ਉਹ ਇਸ ਦੇ ਲਈ ਆਪਣਾ ਯੋਗਦਾਨ ਪਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਮੀਤ ਸਕੱਤਰ ਹਰਭਜਨ ਛੱਪੜੀਵਾਲਾ, ਏਆਈਐਸਐਫ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ, ਸਕੱਤਰ ਸਟਾਲਿਨ, ਸਤੀਸ਼ ਛੱਪੜੀਵਾਲਾ, ਸਰਕਾਰੀ ਆਈਟੀਆਈ ਫਾਜ਼ਿਲਕਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਹੀਰਾਂਵਾਲੀ, ਜ਼ਿਲ੍ਹਾ ਕੌਂਸਲ ਮੈਂਬਰ ਮਨਪ੍ਰੀਤ ਕੱਟੀਆਂਵਾਲਾ, ਪੰਜਾਬ ਯੂਨੀਵਰਸਿਟੀ ਚੰਡੀਗਡ੍ਹ ਦੇ ਵਿਦਿਆਰਥੀ ਰਾਜਪ੍ਰੀਤ ਕੱਟੀਆਂਵਾਲਾ, ਬਲਰਾਜ ਢਾਬਾਂ, ਅਲੀਸ਼ ਮਹਾਲਮ, ਏਆਈਐਸਐਫ ਸ.ਸ.ਸ.ਸਕੂਲ ਚੱਕ ਵੈਰੋਕਾ ਦੀ ਪ੍ਰਧਾਨ ਕਿਰਨਦੀਪ, ਸਕੱਤਰ-ਸ਼ਾਇਨਾ, ਮੀਤ ਪ੍ਰਧਾਨ ਕਾਜਲ ਅਵਰਿੰਦਰ ਢਾਬਾਂ, ਜਸਪ੍ਰੀਤ ਕੌਰ ਅਤੇ ਅਰਸ਼ਦੀਪ ਕੌਰ ਨੇ ਵੀ ਸੰਬੋਧਨ ਕੀਤਾ। ਇਸ ਤਰ੍ਹਾਂ ਹਰ ਕੋਨੇ ਵਿਚੋਂ ਵਿਦਿਆਰਥੀ ਵਰਗ ਇਥੇ ਪੁੱਜਿਆ। 

ਇਹਨਾਂ ਵਿਦਿਆਰਥੀਆਂ ਨੇ ਜਿਥੇ ਇਸ ਕੈਂਪ ਵਿੱਚ ਆਪਣੀਆਂ ਜਿਗਿਆਸਾਵਾਂ ਸ਼ਾਂਤ ਕੀਤੀਆਂ ਉੱਥੇ ਆਪਣੇ ਅਨੁਭਵ ਵੀ ਦੱਸੇ। ਦੇਸ਼ ਨੂੰ ਦਰਪੇਸ਼ ਖਤਰਿਆਂ ਬਾਰੇ ਵੀ ਜੰਕਜਾਰੀ ਹਾਸਲ ਕੀਤੀ ਅਤੇ ਇਸ ਜੰਗ ਦੇ ਗੁਰ ਵੀ ਸਿੱਖੇ। 


Sunday, July 24, 2022

ਬੀਜੇਪੀ ਦੀ ਫਿਰਕੂ ਫਾਸ਼ੀਵਾਦੀ ਵਿਚਾਰਧਾਰਾ ਨੂੰ ਤੱਥਾਂ ਦੀ ਜ਼ੁਬਾਨੀ ਨੰਗਾ ਕੀਤਾ

Sunday 24th July 2022 at 4:45 PM

 ਤਰਕਸ਼ੀਲ ਸੁਸਾਇਟੀ ਦੇ ਸੈਮੀਨਾਰ ਦੌਰਾਨ ਮੁਖ ਬੁਲਾਰੇ ਸਨ ਬੂਟਾ ਸਿੰਘ 


ਲੁਧਿਆਣਾ: 24 ਜੁਲਾਈ 2022: (ਜਸਵੰਤ ਜੀਰਖ//ਪੰਜਾਬ ਸਕਰੀਨ):: 
ਸਮਾਜ ਵਿੱਚ ਬਹਿਸਾਂ ਵੀ ਬੜੀਆਂ ਹੋ ਰਹੀਆਂ ਹਨ ਅਤੇ ਇੱਕ ਦੂਜੇ 'ਤੇ ਦੋਸ਼ ਵੀ ਬੜੇ ਲਗਾਏ ਜਾ ਰਹੇ ਹਨ। ਇਸਦੇ ਨਾਲ ਹੀ ਸੋਸ਼ਲ ਮੀਡੀਆ ਤੇ ਵੀ ਬਹੁਤ ਕੁਝ ਕਿਹਾ ਸੁਣਿਆ ਜਾ ਰਿਹਾ ਹੈ ਪਰ ਗਿਣਵੇਂ ਚੁਣਵੇਂ ਬੌਧਿਕ ਤਬਕੇ ਨੂੰ ਕੋਲ ਬਿਠਾ ਕੇ ਕਿਸੇ ਕਲਾਸ ਰੂਮ ਵਾਂਗ ਇੱਕ ਇੱਕ ਨੁਕਤਾ ਸਮਝਾਉਣਾ ਇੱਕ ਵੱਖਰੀ ਗੱਲ ਹੈ ਅਤੇ ਇਹ ਕੰਮ ਵਿਰਲੇ ਟਾਂਵੇਂ ਲੋਕ ਹੀ ਕਰ ਰਹੇ ਹਨ। ਇਹਨਾਂ ਵਿੱਚੋਂ ਲੁਧਿਆਣਾ ਦੇ ਤਰਕਸ਼ੀਲਾਂ ਦੀ ਟੀਮ ਵੀ ਇੱਕ ਹੈ। ਇਸ ਟੀਮ ਦੇ ਮੈਂਬਰ ਕੁਝ ਕੁ ਦਿਨਾਂ ਦੇ ਵਕਫ਼ੇ ਮਗਰੋਂ ਕੋਈ ਨ ਕੋਈ ਸੈਮੀਨਾਰ ਕਿਸੇ ਨ ਕਿਸੇ ਵਿਸ਼ੇ ਤੇ ਕਰਵਾਉਂਦੇ ਹੀ ਰਹਿੰਦੇ ਹਨ। ਅੱਜ ਇਹਨਾਂ ਦਾ ਸੈਮੀਨਾਰ ਫਾਸ਼ੀਵਾਦੀ ਵਿਚਾਰਧਾਰਾ ਬਾਰੇ ਸੀ। 
ਅੱਜ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਲੁਧਿਆਣਾ) ਵੱਲੋਂ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਜੁਲਾਈ ਮਹੀਨੇ ਦੇ ਇਨਕਲਾਬੀ ਲਹਿਰ ਦੇ ਸਮੂਹ ਸ਼ਹੀਦਾਂ ਨੂੰ ਸਿਰਧਾਂਜਲੀ ਭੇਂਟ ਕੀਤੀ ਗਈ।ਸੈਮੀਨਾਰ ਦੇ ਮੁੱਖ ਬੁਲਾਰੇ ਤੇ ਉੱਘੇ ਸਮਾਜ ਚਿੰਤਕ ਬੂਟਾ ਸਿੰਘ ਮਹਿਮੂਦਪੁਰ ਨੇ ਬੀਜੇਪੀ ਦੀ ਫਿਰਕੂ ਤੇ ਫਾਸੀਵਾਦੀ ਵਿਚਾਰਧਾਰਾ ਬਾਰੇ ਸਪਸਟ ਕੀਤਾ। ਉਹਨਾਂ ਕਿਹਾ ਕਿ ਬੀਜੇਪੀ ਵੱਲੋਂ ਹਿੰਦੂ ਤਬਕੇ ‘ਚ ਡਰ ਪੈਦਾ ਕਰਕੇ ਇਹ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ , ਕਿ ਉਹਨਾਂ ਅਤੇ ਹਿੰਦੂ ਧਰਮ ਬੀਜੇਪੀ ਦੇ ਰਾਜ ਵਿੱਚ ਹੀ ਸੁਰੱਖਿਅਤ ਹਨ। 
ਦੂਜੇ ਪਾਸੇ ਉਸ ਵੱਲੋਂ ਹੋਰ ਘੱਟ ਗਿਣਤੀਆਂ, ਮੁਸਲਮਾਨਾਂ ਤੇ ਦਲਿਤਾਂ ਨਾਲ ਦੁਸ਼ਮਣਾਨਾ ਸਲੂਕ ਕੀਤਾ ਜਾ ਰਿਹਾ ਹੈ। ਉਹਨਾਂ ਇਸ ਗੱਲ ਤੇ ਵੀ ਚਿੰਤਾ ਜ਼ਾਹਰ ਕੀਤੀ ਕਿ ਇੱਕ ਪਾਸੇ ਸਾਈਬਾਬਾ, ਗੌਤਮ ਨਵਲੱਖਾ, ਤੀਸਤਾ ਸੀਤਲਵੜ ਵਰਗੇ ਲੋਕ ਪੱਖੀ ਬੁੱਧੀ-ਜੀਵੀਆਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ, ਪਰ ਦੂਜੇ ਪਾਸੇ  ਭਗਵੇਂ ਅਪਰਾਧੀਆਂ ਤੇ ਦੰਗਾਕਾਰੀ ਕਾਤਲਾਂ ਨੂੰ ਮੀਡੀਆ ਸਾਹਮਣੇ ਆਪਣੇ ਅਪਰਾਧਾਂ ਨੂੰ ਮੰਨ ਲੈਣ ਤੇ ਵੀ ਖੁੱਲ੍ਹਾ ਛੱਡਿਆ ਹੋਇਆ ਹੈ। 
ਕੇਂਦਰ ਦੀ ਸੱਤਾਧਾਰੀ ਪਾਰਟੀ ਇੱਕ ਝੂਠ ਨੂੰ ਸੌ ਵਾਰ ਬੋਲਕੇ ਉਸ ਨੂੰ ਸੱਚ ਬਣਾਉਣ ਲੱਗੀ ਹੋਈ ਹੈ। ਸੋਸ਼ਲ ਤੇ ਗੋਦੀ ਮੀਡੀਆ ਰਾਹੀਂ ਫਿਰਕੂ ਨਫ਼ਰਤ ਅਤੇ ਹਿੰਸਾ ਨੂੰ ਫੈਲਾਕੇ ਲੋਕਾਂ ਨੂੰ ਉਹਨਾਂ ਦੇ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਦੀ ਅਲੋਚਨਾ ਕਰਨ ਵਾਲਿਆਂ ਨੂੰ ਝੂਠੇ ਕੇਸਾਂ ਅਤੇ ਧਮਕੀਆਂ ਰਾਹੀਂ ਖ਼ਾਮੋਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਹਿੰਦੂ ਧਰਮ ਸੰਸਦ ਵਰਗੇ ਮੰਚਾਂ ਤੋਂ ਹਥਿਆਰ ਚੁੱਕਣ, ਕਤਲੇਆਮ ਤੇ ਬਲਾਤਕਾਰ ਕਰਨ ਦੇ ਸੱਦੇ ਦੇਣ ਵਾਲੇ ਅਖੌਤੀ ਧਰਮ ਗੁਰੂਆਂ ਨੂੰ ਖੁੱਲ੍ਹੀ ਛੁੱਟੀ ਦੇ ਰੱਖੀ ਹੈ। ਸੈਮੀਨਾਰ ਨੇ ਸਾਰੀਆਂ ਲੋਕ ਪੱਖੀ ਸ਼ਕਤੀਆਂ ਨੂੰ ਇਕੱਠੇ ਹੋ ਕੇ ਫਿਰਕੂ ਫਾਸੀਵਾਦ ਦਾ ਟਾਕਰਾ ਅਤੇ ਆਪਣੇ ਅਧਿਕਾਰਾਂ ਦੀ ਰਾਖੀ ਕਰਨ ਦਾ ਸੱਦਾ ਦਿੱਤਾ।
ਇਸ ਸਮੇਂ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਬੁੱਧੀਜੀਵੀਆਂ, ਪੱਤਰਕਾਰਾਂ, ਅਲੋਚਕਾਂ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ। ਸਮੁੱਚਾ ਸਟੇਜ ਸੰਚਾਲਨ ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਨਿਭਾਇਆ। ਇਸ ਮੌਕੇ ਲੋਕ ਪੱਖੀ ਸ਼ਖ਼ਸੀਅਤਾਂ ਵਿੱਚ ਮਾ ਪ੍ਰਮਜੀਤ ਪਨੇਸਰ, ਪ੍ਰਿੰਸੀਪਲ ਹਰਭਜਨ ਸਿੰਘ, ਕਸਤੂਰੀ ਲਾਲ, ਐਡਵੋਕੇਟ ਹਰਪ੍ਰੀਤ ਜੀਰਖ, ਡਾ ਮੋਹਨ ਸਿੰਘ, ਡਾ ਮਨਿੰਦਰ ਸਿੰਘ, ਪ੍ਰਿੰਸੀਪਲ ਅਜਮੇਰ ਦਾਖਾ, ਮਾ ਨਿਰਪਾਲ ਸਿੰਘ, ਮਨਜੀਤ ਸਿੰਘ, ਕੈਪਟਨ ਗੁਰਦੀਪ ਸਿੰਘ, ਸੁਬੇਗ ਸਿੰਘ,ਮਾ ਟੇਕ ਚੰਦ ਕਾਲੀਆ,ਜਲਾਲਦੀਵਾਲ,  ਆਤਮਾ ਸਿੰਘ, ਧਰਮਪਾਲ ਸਿੰਘ ਹਾਜ਼ਰ ਸਨ। ਪ੍ਰਬੰਧਕੀ ਤੌਰ ਤੇ ਨੌਜਵਾਨ ਸਭਾ ਦੇ ਆਗੂ ਅਰੁਣ ਕੁਮਾਰ, ਰਾਕੇਸ ਆਜਾਦ, ਪ੍ਰਮਜੀਤ ਸਿੰਘ, ਮਹੇਸ਼ ਕੁਮਾਰ ਨੇ ਮੁੱਖ ਜ਼ੁੰਮੇਵਾਰੀ ਨਿਭਾਈ।

Monday, July 18, 2022

ਸਿਮਰਨਜੀਤ ਸਿੰਘ ਮਾਨ ਦਾ ਅਸਲੀ ਚਿਹਰਾ ਹੁਣ ਆਇਆ ਸਾਹਮਣੇ-CPI

18th July 2022 at 3:57 PM

ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਮਾਨ ਦੇ ਬਿਆਨ ਦੀ ਕਰੜੀ ਨਿਖੇਧੀ

ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦਸਣ ਮਗਰੋਂ ਅਹੁਦੇ ਦੀ ਸੰਹੁ ਚੁੱਕਦਿਆਂ ਸਿਮਰਨਜੀਤ ਸਿੰਘ  ਮਾਨ 

ਲੁਧਿਆਣਾ: 18 ਜੁਲਾਈ 2022: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::

ਭਾਰਤੀ ਕਮਿਊਨਿਸਟ ਪਾਰਟੀ ਨੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਕਿ ਸ਼ਹੀਦ ਭਗਤ ਸਿੰਘ ਅਤਵਾਦੀ ਸੀ, ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਗਤ ਸਿੰਘ ਨੇ ਆਪਣੀਆਂ  ਲਿਖਤਾਂ ਦੇ ਵਿੱਚ ਅਤੇ ਭਾਸ਼ਨਾਂ ਦੇ ਵਿੱਚ ਦਹਿਸ਼ਤਗਰਦੀ ਵਾਲੇ ਤਰੀਕੇ ਦਾ ਵਿਰੋਧ ਕੀਤਾ ਸੀ ਅਤੇ ਅਸੈਂਬਲੀ ਦੇ ਬੰਬ ਸੁੱਟਣ ਨੂੰ ਵੀ ਕੇਵਲ ਲੋਕਾਂ ਨੂੰ ਜਗਾਉਣ ਦੇ ਲਈ ਵਰਤਣ ਦੀ ਗੱਲ ਕਹੀ ਸੀ ਨਾ ਕਿ ਕਿਸੇ ਨੂੰ ਮਾਰਨ ਦੀ। 

ਸਿਮਰਨਜੀਤ ਸਿੰਘ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ, ਕੀ ਗ਼ਦਰੀ ਬਾਬੇ, ਬੱਬਰ ਅਕਾਲੀ, ਊਧਮ ਸਿੰਘ ਵਰਗੇ ਕਿੰਨੇ ਹੀ ਹੋਰ ਇਨਕਲਾਬੀ ਤੇ ਆਜ਼ਾਦੀ ਘੁਲਾਟੀਏ ਵੀ ਅਤਵਾਦੀ ਸਨ? ਸ਼ਹੀਦ ਭਗਤ ਸਿੰਘ ਨੇ ਤਾਂ ਹਮੇਸ਼ਾ ਮਿਹਨਤ-ਕਸ਼ ਲੋਕਾਂ ਤੇ ਦੱਬੇ ਕੁਚਲੇ ਲੋਕਾਂ ਨੂੰ ਉੱਚਾ ਚੁੱਕਣ ਦੀ ਗੱਲ ਕੀਤੀ ਸੀ ਅਤੇ ਇੱਕ ਵਿਗਿਆਨਕ ਸਮਾਜਵਾਦ ਲਿਆਉਣ ਦੀ ਗੱਲ ਕੀਤੀ ਸੀ। ਉਹਨਾਂ ਨੇ ਸਾਫ ਕਿਹਾ ਸੀ ਕਿ ਕਿਸੇ ਵਿਅਕਤੀ ਨੂੰ ਮਾਰਨਾ ਗਲਤ ਹੈ ਉਹ ਕਿਸੇ ਗੱਲ ਦਾ ਹੱਲ ਨਹੀਂ ਬਲਕਿ ਉਹਨਾਂ ਨੇ ਜਨਤਕ ਲਹਿਰ ਉਸਾਰਨ ਤੇ ਜ਼ੋਰ ਦਿੱਤਾ। ਅੱਜ ਦੇ ਨਾਜ਼ੁਕ ਸਮੇਂ ਵੀ ਆਪਣੇ ਨਾਨੇ ਅਰੂੜ ਸਿੰਘ ਦੇ ਹੱਕ ਵਿੱਚ ਬੋਲਣਾ ਤੇ ਉਨ੍ਹਾਂ ਦੇ ਕਾਰੇ ਦੀ ਪ੍ਰੋੜਤਾ ਕਰਨੀ ਸਿਮਰਨਜੀਤ ਸਿੰਘ ਮਾਨ ਦੀ ਅਸਲੀ ਮਾਨਸਿਕਤਾ ਨੂੰ ਦਰਸਾਉਂਦਾ  ਹੈ।

ਇਤਿਹਾਸ ਗਵਾਹ ਹੈ ਕਿ ਜਲ੍ਹਿਆਂਵਾਲਾ ਬਾਗ ਦੇ ਸਾਕੇ ਵਿੱਚ ਕਿੰਨੇ ਲੋਕਾਂ ਦੀਆ ਜਾਨਾਂ ਗਈਆਂ ਤੇ ਕਿਸ ਢੰਗ ਦੇ ਨਾਲ  ਜ਼ੁਲਮ ਢਇਆ ਗਿਆ। ਸਿਮਰਨਜੀਤ ਸਿੰਘ ਮਾਨ ਦੇ ਨਾਨੇ ਅਰੂੜ ਸਿੰਘ ਨੇ ਜਲੀਁਆਂਵਾਲੇ ਬਾਗ ਵਿਚ ਖੂਨੀ ਸਾਕਾ ਵਰਤਾਉਣ ਤੋ ਬਾਅਦ ਜਨਰਲ ਡਾਇਰ ਨੂੰ ਬੁਲਾ ਕੇ ਸਿਰੋਪਾ ਦਿੱਤਾ ਸੀ। ਪਾਰਟੀ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਵਿਚ ਸਿੱਧਮ-ਸਿੱਧਾ ਲੜਾਈ ਚੱਲ ਰਹੀ ਹੈ, ਇੱਕ ਪਾਸੇ ਦੇਸ਼ ਭਗਤ ਲੋਕ ਹਨ ਜਿਹਨਾਂ ਨੇ ਅਜ਼ਾਦੀ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ ਦੂਜੇ ਪਾਸੇ ਉਹ ਲੋਕ ਹਨ ਜੋ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਅੰਗਰੇਜ਼ਾਂ ਨਾਲ ਰਲੇ ਹੋਏ ਸਨ। 

ਪੰਜਾਬ ਨੇ ਆਜ਼ਾਦੀ ਦੇ ਸੰਗਰਾਮ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ।ਇਹੋ ਕਾਰਨ ਹੈ ਕਿ ਪੰਜਾਬ ਵਿਚ ਅਤਵਾਦ ਦਾ ਦੋਰ ਬਹੁਤ ਲੰਮਾ ਸਮਾਂ ਨਹੀਂ ਚਲ ਸਕਿਆ ਅਤੇ ਸਮਾਜਿਕ ਸਦਭਾਵਨਾ ਨੇ ਅੱਤਵਾਦੀਆਂ ਅਤੇ ਵੱਖਵਾਦੀਆਂ ਦੇ ਮਨਸੂਬਿਆਂ ਨੂੰ ਢਹਿ ਢੇਰੀ ਕਰ ਦਿੱਤਾ।

ਬਿਆਨ ਜਾਰੀ ਕਰਦਿਆਂ ਕਾਮਰੇਡ ਡੀ.ਪੀ.ਮੌੜ- ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਡਾ.ਅਰੁਣ ਮਿੱਤਰਾ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਰਮੇਸ਼ ਰਤਨ ਅਤੇ ਕਾਮਰੇਡ ਵਿਜੇ ਕੁਮਾਰ।

Saturday, July 16, 2022

ਪੰਜਾਬ ਸੀਪੀਆਈ ਨਿੱਤਰੀ ਹਿਮਾਂਸ਼ੂ ਕੁਮਾਰ ਦੀ ਹਮਾਇਤ ਵਿੱਚ

16th July 2022 at 3:47 PM

ਸੁਪਰੀਮ ਕੋਰਟ ਦੇ ਫੈਸਲੇ ਨਾਲ ਜਮਹੂਰੀਅਤ ਤੇ ਸੰਵਿਧਾਨ ਨੂੰ ਠੇਸ ਪੁੱਜੀ-CPI 


ਚੰਡੀਗੜ੍ਹ
: 16 ਜੁਲਾਈ 2022: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::

ਹਿਮਾਂਸ਼ੂ ਕੁਮਾਰ ਨੂੰ ਸੁਣਾਏ ਗਏ ਜੁਰਮਾਨੇ ਦੀ ਮੁਖਾਲਫਤ ਪੰਜਾਬ ਵਿੱਚ ਵੀ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਅੱਜ ਦਿੱਲੀ ਵਿੱਚ ਜੰਤਰ ਮੰਤਰ ਵਿਖੇ ਇਸ ਮੁਦੇ ਨੂੰ ਲੈ ਕੇ ਭਾਰੀ ਇਕੱਠ ਹੋਇਆ। ਇਸ ਮੌਕੇ ਮੀਂਹ ਦੇ ਬਾਵਜੂਦ ਲੋਕ ਛਤਰੀਆਂ ਲੈ ਕੇ ਅਤੇ ਛਤਰੀਆਂ ਤੋਂ ਬਿਨਾ ਵੀ ਖੜੋਤੇ ਰਹੇ। ਉਹਨਾਂ ਹੋਮਾਂਸ਼ੂ ਕੁਮਾਰ ਨੂੰ ਬੜੇ ਹੀ ਸਣੇ ਅਤੇ ਸਤਿਕਾਰ ਨਾਲ ਸੁਣਿਆ ਅਤੇ ਹਿਮਾਂਸ਼ੂ ਕੁਮਾਰ ਨਾਲ ਇੱਕਜੁੱਟਤਾ ਦਰਸਾਈ। ਸ਼ਿਆਮ ਮੀਰਾ ਸਿੰਘ ਵਰਗੇ ਪੱਤਰਕਾਰ ਵੀ ਇਸ ਵਿਚ ਇੱਕ ਆਮ ਨਾਗਰਿਕ ਦੀ ਤਰ੍ਹਾਂ ਸ਼ਾਮਿਲ ਹੋਣ ਲਈ ਪੁੱਜੇ। ਇਸੇ ਦੌਰਾਨ ਪੰਜਾਬ ਸੀਪੀਆਈ ਨੇ ਜ਼ੋਰਦਾਰ ਸ਼ਬਦਾਂ ਵਿੱਚ ਹਿਮਾਂਸ਼ੂ ਕੁਮਾਰ ਹੁਰਾਂ ਦੀ ਹਮਾਇਤ ਕਰਦਿਆਂ ਜੁਰਮਾਨੇ ਵਾਲੀ ਧੱਕੇਸ਼ਾਹੀ ਦੀ ਸਖਤ ਨਿਖੇਧੀ ਕੀਤੀ ਹੈ। 

ਜਿਹਨਾਂ ਨੂੰ ਇਸ ਮਾਮਲੇ ਦਾ ਪੂਰਾ ਨਹੀਂ ਪਤਾ ਉਹਨਾਂ ਨੂੰ ਦੱਸ ਨਾ ਜ਼ਰੂਰੀ ਹੈ ਕਿ ਪ੍ਰਸਿੱਧ ਗਾਂਧੀਵਾਦੀ ਸਮਾਜ ਸੇਵਕ ਅਤੇ ਆਦਿਵਾਸੀਆਂ ਦੇ ਹੱਕਾਂ ਲਈ ਸਾਲਾਂਬੱਧੀ ਲੜਣ ਵਾਲੇ ਹਿਮਾਂਸੂ ਕੁਮਾਰ ਵਿਰੁੱਧ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਉਹ 5 ਲੱਖ ਜੁਰਮਾਨੇ ਦਾ ਭੁਗਤਾਨ ਕਰੇ ਨਹੀਂ ਤਾਂ ਉਸਨੂੰ ਜੇਲ੍ਹ ਅੰਦਰ ਰਹਿਣਾ ਪਵੇਗਾ। 

ਇਹ ਜੁਰਮਾਨਾ  ਕਿਸ ਗੱਲ ਬਦਲੇ ਹੈ ਜ਼ਰਾ ਇਹ ਵੀ ਸੁਣੋ। ਹਿਮਾਂਸ਼ੂ ਨੇ 13 ਸਾਲ ਪਹਿਲਾਂ ਸੁਪਰੀਮ ਕੋਰਟ ਨੂੰ ਛਤੀਸਗੜ੍ਹ ਪੁਲੀਸ ਵਿਰੁੱਧ ਯਾਚਿਕਾ ਦਿਤੀ ਸੀ ਜਿਸ ਅਨੁਸਾਰ ਪੁਲੀਸ ਨੇ 16 ਆਦਿਵਾਸੀਆਂ ਨੂੰ ਬੇਰਹਿਮੀ ਨਾਲ ਕਤਲ ਕਰ ਦਿਤਾ ਸੀ ਤੇ ਇਕ ਬੱਚੇ ਦੀਆਂ ਉਂਗਲਾਂ ਹੀ ਕੱਟ ਦਿੱਤੀਆਂ ਸਨ। ਪੁਲੀਸ ਨੇ ਲਾਸ਼ਾਂ ਨੂੰ ਕੱਟਵੱਢ ਕੇ ਖੁਰਦਬੁਰਦ ਕਰ ਦਿਤਾ ਸੀ। ਸੁਪਰੀਮ ਕੋਰਟ ਨੇ ਯਾਚਿਕਾ ਖਾਰਿਜ ਕਰਦਿਆਂ ਇਸ ਗੱਲ ਦੀ ਜਾਂਚ ਕਰਨ ਦੀ ਇਜਾਜ਼ਤ ਦੇ ਦਿੱਤੀ ਕਿ ਕੁੱਝ ਲੋਕ ਖੱਬੇਖੱਬੀਆਂ ਦੀ ਹਮਾਇਤ ਕਰਨ ਵਾਸਤੇ ਅਦਾਲਤਾਂ ਦਾ ਸਹਾਰਾ ਤਾਂ ਨਹੀਂ ਲੈ ਰਹੇ। 

ਸੀਪੀਆਈ ਦੇ ਆਗੂਆਂ ਸਰਵਸਾਥੀ ਬੰਤ ਸਿੰਘ ਬਰਾੜ, ਭੂਪਿੰਦਰ ਸਾਂਬਰ, ਹਰਦੇਵ ਅਰਸ਼ੀ, ਜਗਰੂਪ ਸਿੰਘ, ਨਿਰਮਲ ਧਾਲੀਵਾਲ ਅਤੇ ਪ੍ਰਿਥੀਪਾਲ ਮਾੜੀਮੇਘਾ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਕਿ ਸੁਪਰੀਮ ਕੋਰਟ ਦਾ ਫੈਸਲਾ ਅਤੀ ਮੰਦਭਾਗਾ ਹੈ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ 16 ਵਿਅਕਤੀਆਂ ਦੀਆਂ ਹੱਤਿਆਵਾਂ ਦੀ ਨਿਰਪਖ ਜਾਂਚ ਕਰਕੇ ਦੋਸ਼ੀ ਪੁਲੀਸ ਅਫਸਰਾਂ ਨੂੰ ਸਜ਼ਾਵਾਂ ਦਿਤੀਆਂ ਜਾਂਦੀਆਂ ਪਰ ਇਸਦੇ ਉਲਟ ਸਾਲਾਂਬੱਧੀ ਅਣਥੱਕ ਅਤੇ ਬੇਗਰਜ਼ ਸਮਾਜ ਸੇਵਕ ਹਿਮਾਂਸੂ ਨੂੰ ਹੀ ਸਜ਼ਾ ਦੇ ਦਿਤੀ। ਉਹਨਾਂ ਕਿਹਾ ਕਿ ਸਰਵਉਚ ਅਦਾਲਤ ਦਾ ਇਹ ਫੈਸਲਾ ਜਮਹੂਰੀਅਤ ਅਤੇ ਸੰਵਿਧਾਨ ਵਿਰੋਧੀ ਫਾਸ਼ੀ ਤਾਕਤਾਂ ਦੇ ਹੱਥ ਮਜ਼ਬੂਤ ਕਰੇਗਾ। ਉਹਨਾਂ ਕਿਹਾ ਕਿ ਪਹਿਲਾਂ ਹੀ ਸਰਕਾਰ ਫਾਸ਼ੀਵਾਦੀ ਕਦਮਾਂ ਰਾਹੀਂ  ਤੀਸਤਾ ਸੀਤਲਵਾੜ, ਆਰHਬੀH ਸ੍ਰੀ ਕੁਮਾਰ (ਸਾਬਕਾ ਗੁਜਰਾਤ ਦੇ ਡੀਜੀਪੀ) ਅਤੇ ਸੰਜੀਵ ਭੱਟ ਵਿਰੁੱਧ ਕਾਰਵਾਈਆਂ ਕਰ ਚੁੱਕੀ ਹੈ। ਹੁਣੇ ਹੀ ਪ੍ਰਸਿੱਧ ਜਰਨਲਿਸਟ ਮੁਹੰਮਦ ਜੁਬੈਰ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ। ਇਸੇ ਪ੍ਰਕਾਰ ਪਹਿਲਾਂ ਕਈ ਦਰਜਨ ਅੱਗੇਵਧੂ ਬੁੱਧੀਜੀਵੀਆਂ, ਲੇਖਕਾਂ ਨੂੰ ਜੇਲ੍ਹਾਂ ਵਿਚ ਸੁਟਿਆ ਜਾ ਚੁੱਕਾ ਹੈ।

ਪਾਰਟੀ ਆਗੂਆਂ ਨੇ ਪੰਜਾਬ ਦੀਆਂ ਸਾਰੀਆਂ ਖੱਬੇਪੱਖੀ ਤੇ ਜਮਹੂਰੀ ਸ਼ਕਤੀਆਂ, ਲੇਖਕਾਂ ਬੁੱਧੀਜੀਵੀਆਂ ਨੂੰ ਫਾਸ਼ੀ ਤਾਕਤਾਂ ਦੀ ਸੰਵਿਧਾਨ, ਜਮਹੂਰੀਅਤ ਅਤੇ ਅਦਾਲਤਾਂ ਦੇ ਵਿਰੁੱਧ ਦਖਲਅੰਦਾਜ਼ੀ ਅਤੇ ਨਿਆਂਪਾਲਕਾ ਨੂੰ ਸੰਵਿਧਾਨ ਦੀ ਰਾਖੀ ਲਈ ਫਰਜ਼ ਅਦਾ ਕਰਨ ਲਈ ਸਾਂਝੇ ਸੰਘਰਸ਼ ਲਾਮਬੰਦ ਕਰਨ ਦੀ ਅਪੀਲ ਕੀਤੀ ਹੈ।