Monday, December 5, 2022

ਏਟਕ ਦੀ 42ਵੀਂ ਕੌਮੀ ਕਾਨਫਰੰਸ 16 ਤੋਂ 20 ਦਸੰਬਰ ਤੱਕ ਕੇਰਲ ਵਿੱਚ

ਕੇਰਲਾ ਦੇ ਅਲਾਪੂਜ਼ਾ ਵਿਖੇ ਕੌਮੀ ਕਾਨਫਰੰਸ ਦੀਆਂ ਤਿਆਰੀਆਂ ਜ਼ੋਰਾਂ ਤੇ 

ਦੇਸ਼ ਨੂੰ ਬਚਾਉਣ ਅਤੇ ਲੋਕਾਂ ਨੂੰ ਬਚਾਉਣ ਲਈ ਕਾਮੇ ਸੰਘਰਸ਼ ਨੂੰ ਮਜ਼ਬੂਤ ਕਰਨਗੇ-ਅਮਰਜੀਤ ਕੌਰ


ਲੁਧਿਅਣਾ: 5 ਦਸੰਬਰ 2022:(ਐਮ ਐਸ ਭਾਟੀਆ//ਇਨਪੁਟ-ਕਾਮਰੇਡ ਸਕਰੀਨ ਡੈਸਕ )::
ਪਿਛਲੇ ਕੁਝ ਸਾਲਾਂ ਦੌਰਾਨ ਮਹਿੰਗਾਈ ਤੇਜ਼ੀ ਨਾਲ ਵਧੀ ਹੈ।
ਇਸਦੇ ਨਾਲ ਹੀ ਬੇਰੋਜ਼ਗਾਰੀ ਵਿੱਚ ਵੀ ਵਾਧਾ ਹੋਇਆ ਹੈ। ਛੋਟੇ, ਦਰਮਿਆਨੇ ਅਤੇ ਹੋਰ ਮੱਧ ਵਰਗੀ ਲੋਕਾਂ ਦੇ ਆਪੋ ਆਪਣੇ ਕਾਰੋਬਾਰ ਵੀ ਠੱਪ ਹੋ ਕੇ ਰਹਿ ਗਏ ਹਨ। ਛੋਟੀਆਂ ਛੋਟੀਆਂ ਫੈਕਟਰੀਆਂ ਹੁਣ ਬੰਦ ਹੁੰਦੀਆਂ ਜਾ ਰਹੀਆਂ ਹਨ। ਇਹ ਅਸਰ ਸਭਨਾਂ ਵਰਗਾਂ 'ਤੇ ਪਿਆ ਹੈ। ਟਰੇਡ ਯੂਨੀਅਨਾਂ ਦੀ ਤਾਕਤ ਘਟਾਉਣ ਲਈ ਕਿਰਤ ਕਾਨੂੰਨਾਂ ਨੂੰ ਵੀ ਸੋਧਿਆ ਜਾ ਰਿਹਾ ਹੈ। ਅਜਿਹੀਆਂ ਹਾਲਤਾਂ ਦੇ ਬਾਵਜੂਦ ਖੱਬੀਆਂ ਧਿਰਾਂ ਨਾ ਸਿਰਫ ਆਪਣੀ ਹੋਂਦ ਨੂੰ ਬਚਾਉਣ ਵਿੱਚ ਸਫਲ ਰਹੀਆਂ ਹਨ ਬਲਕਿ ਸੜਕਾਂ ਤੇ ਉਤਰ ਕੇ ਰੋਸ ਵਖਾਵੇ ਕਰ ਕੇ  ਵੀ ਦਿਖਾ ਚੁੱਕੀਆਂ ਹਨ। ਟਰੇਡ ਯੂਨੀਅਨਾਂ ਦੀ ਭੂਮਿਕਾ ਇਹਨਾਂ ਵਿਪਰੀਤ ਹਾਲਤਾਂ ਦੇ ਬਾਵਜੂਦ ਤਸੱਲੀਬਖਸ਼ ਢੰਗ ਨਾਲ ਹਾਲਾਤ ਦਾ ਸਾਹਮਣਾ ਕਰਨ ਵਾਲੀ ਸਾਬਿਤ ਹੋ ਰਹੀ ਹੈ। ਫਿਰ ਵੀ ਇਹ ਇੱਕ ਹਕੀਕਤ ਹੈ ਕਿ ਮਸ਼ੀਨੀਕਰਨ ਅਤੇ ਹੋਰ ਬਹੁਤ ਸਾਰੀਆਂ ਤਬਦੀਲੀਆਂ ਦੇ ਸਿੱਟੇ ਵੱਜੋਂ ਟਰੇਡ ਯੂਨੀਅਨਾਂ ਦੀ ਮੈਂਬਰਸ਼ਿਪ ਪਹਿਲਾਂ ਨਾਲੋਂ ਬਹੁਤ ਘਟੀ ਹੋਈ ਲੱਗਦੀ ਹੈ। ਸਿਆਸੀ ਪਾਰਟੀਆਂ ਵੱਲ ਨਜ਼ਰ ਮਾਰੀਏ ਤਾਂ ਖੱਬੀਆਂ ਧਿਰਾਂ ਨਾਲ ਸਬੰਧਤ ਸਿਆਸੀ ਪਾਰਟੀਆਂ ਦੀ ਮੈਂਬਰਸ਼ਿਪ ਵੀ ਘਟੀ ਹੈ। ਦੂਜੇ ਪਾਸੇ ਸੱਤਾ ਧਿਰ ਨਾਲ ਸਬੰਧਤ ਟਰੇਡ ਯੂਨੀਅਨਾਂ ਫਿਲਹਾਲ ਚੜ੍ਹਤ ਵਿਚ ਹਨ। ਇਸ ਲਈ ਜਮਹੂਰੀ ਢੰਗ ਨਾਲ ਲੜੀਆਂ ਜਾਣ  ਵਾਲੀਆਂ  ਲੜਾਈਆਂ ਵਿਚ ਇਸਦਾ ਅਸਰ ਵੀ ਨਜ਼ਰ ਆ ਰਿਹਾ ਹੈ। 

ਇਹ ਬਹੁਤ ਸਾਰੇ ਨੁਕਤੇ ਹਨ ਜਿਹੜੇ ਸਭ ਤੋਂ ਪੁਰਾਣੀ ਟਰੇਡ ਯੂਨੀਅਨ ਏਟਕ ਦੀ ਕੌਮੀ ਕਾਨਫਰੰਸ ਸਾਹਮਣੇ ਆਉਣ ਵਾਲੇ ਹਨ। ਇਹ ਸੰਮੇਲਨ 16 ਤੋਂ 20 ਦਸੰਬਰ 2022 ਤੱਕ ਕੇਰਲਾ ਵਿਚ ਹੋ ਰਿਹਾ ਹੈ। ਏਟਕ ਦੀ ਜੁਝਾਰੂ ਲੀਡਰਸ਼ਿਪ ਇਹਨਾਂ ਸਾਰੀਆਂ ਚੁਣੌਤੀਆਂ ਬਾਰੇ ਜਿਹੜੇ ਪੈਂਤੜੇ ਪਾਏਗੀ ਉਹ ਇਸ ਸੰਮੇਲਨ ਦੀ ਰਿਪੋਰਟ ਮੌਕੇ ਸਾਹਮਣੇ ਵੀ ਆਉਣਗੇ। ਏਟਕ ਦੀ ਲੀਡਰਸ਼ਿਪ ਨੇ ਦੇਸ਼ ਅਤੇ ਦੁਨੀਆ ਦੀ ਸਥਿਤੀ 'ਤੇ ਬਾਜ਼ ਨਜ਼ਰ ਰੱਖੀ ਹੋਈ ਹੈ। 

ਦੇਸ਼ ਦੀ ਮਾੜੀ ਸਥਿਤੀ ਨੂੰ ਬਚਾਉਣ ਲਈ ਉਪਾਅ ਕਰਨ ਦੀ ਬਜਾਏ, ਸਰਕਾਰ ਨਿੱਜੀਕਰਨ/ਵਿਨਿਵੇਸ਼ ਅਤੇ ਜਨਤਕ ਖੇਤਰ ਦੇ ਉਦਯੋਗਾਂ ਦੀ ਵਿਕਰੀ, ਬੁਨਿਆਦੀ ਢਾਂਚੇ ਸਮੇਤ ਰਾਸ਼ਟਰੀ ਸੰਪੱਤੀਆਂ, ਰਾਸ਼ਟਰੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੁਦਰਤੀ ਸਰੋਤਾਂ ਦੇ ਏਜੰਡੇ 'ਤੇ ਚੱਲ ਰਹੀ ਹੈ। ਦਿਨੋਂ-ਦਿਨ ਲਏ ਗਏ ਨੀਤੀਗਤ ਫੈਸਲੇ ਭਾਰਤੀ ਅਤੇ ਵਿਦੇਸ਼ੀ ਬ੍ਰਾਂਡ ਦੇ ਕਾਰਪੋਰੇਟ ਨੂੰ ਆਮ ਆਦਮੀ ਦੀ ਜ਼ਿੰਦਗੀ ਦੀ ਕੀਮਤ 'ਤੇ ਭਾਰੀ ਮੁਨਾਫਾ ਕਮਾਉਣ ਵਿੱਚ ਮਦਦ ਕਰ ਰਹੇ ਹਨ। ਜਨਤਕ ਖੇਤਰ ਦੇ ਬੈਂਕਾਂ ਤੋਂ ਲਏ ਵੱਡੇ ਕਰਜ਼ਿਆਂ ਵਿੱਚ ਕਾਰਪੋਰੇਟਾਂ ਦੀ ਲੁੱਟ ਨੂੰ ਸਰਕਾਰੀ ਰਿਕਾਰਡ ਵਿੱਚ ਪਿਛਲੇ ਛੇ ਸਾਲਾਂ ਵਿੱਚ ਦਸ ਲੱਖ ਕਰੋੜ ਐਨ·ਪੀ·ਏ ਦੇ ਰੂਪ ਵਿੱਚ  ਲਿਖਿਆ ਜਾ ਰਿਹਾ ਹੈ ਅਤੇ ਦਿਵਾਲੀਆ ਕਾਨੂੰਨ ਰਾਹੀਂ ਹੇਅਰ ਕੱਟ ਦੇ ਨਾਮ 'ਤੇ ਲੁੱਟ ਨੂੰ ਹੋਰ ਅੱਗੇ ਵਧਾਇਆ ਜਾ ਰਿਹਾ ਹੈ।

ਟਰੇਡ ਯੂਨੀਅਨਾਂ ਅਜਿਹੀਆਂ ਨੀਤੀਆਂ ਦੀਆਂ ਕੁਦਰਤੀ ਵਿਰੋਧੀ ਹਨ ਅਤੇ ਸਰਕਾਰ ਨਾਲ  ਸੰਗਠਿਤ ਲੜਾਈ ਲੜ ਰਹੀਆਂ ਹਨ। ਟਰੇਡ ਯੂਨੀਅਨਾਂ ਨੂੰ ਅਪਾਹਜ ਕਰਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਦੇ ਉਦੇਸ਼ ਨਾਲ ਕਿਰਤ ਕਾਨੂੰਨ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ, ਅਤੇ 27 ਕਿਰਤ ਕਾਨੂੰਨਾਂ ਨੂੰ ਚਾਰ ਕੋਡਾਂ ਵਿੱਚ ਬਦਲਿਆ ਜਾ ਰਿਹਾ ਹੈ। ਮਜ਼ਦੂਰਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਮਜ਼ਦੂਰ ਅੰਦੋਲਨ ਦੇ 150 ਸਾਲਾਂ ਦੇ ਸੰਘਰਸ਼ ਇਸ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ ਮੋਦੀ ਸਰਕਾਰ ਦੇ ਹਮਲੇ ਦੀ ਮਾਰ ਹੇਠ ਹਨ।

ਦੂਜੇ ਪਾਸੇ ਮੋਦੀ ਦੀ ਅਗਵਾਈ ਵਾਲੀ ਭਾਜਪਾ-ਆਰਐਸਐਸ ਸਰਕਾਰ ਨਫ਼ਰਤ ਫੈਲਾਉਣ ਵਾਲਿਆਂ ਨੂੰ ਪਨਾਹ ਦਿੰਦੀ ਹੈ।ਸਮਾਜ ਵਿੱਚ ਧਰੁਵੀਕਰਨ  ਲੋਕਾਂ ਦੇ ਸ਼ਾਂਤੀਪੂਰਨ ਜੀਵਨ ਵਿੱਚ ਵਿਘਨ ਪਾਉਂਦਾ ਹੈ। ਸੱਤਾ ਵਿੱਚ ਬੈਠੇ ਕਈ ਮੰਤਰੀ, ਸੰਸਦ ਮੈਂਬਰ, ਵਿਧਾਇਕ ਜਾਂ ਸੱਤਾਧਾਰੀ ਸ਼ਾਸਨ ਦੇ ਅਹਿਮ ਆਗੂ ਲਗਾਤਾਰ ਮਾਹੌਲ ਖਰਾਬ ਕਰਨ ਵਾਲੇ ਬਿਆਨ ਦਿੰਦੇ ਹਨ। ਵਿਰੋਧ ਕਰਨ ਵਾਲਿਆਂ ਨੂੰ ਸਰਕਾਰੀ ਮਸ਼ੀਨਰੀ ਅਤੇ ਇਸ ਦੀਆਂ ਵੱਖ-ਵੱਖ ਏਜੰਸੀਆਂ ਦੀ ਦੁਰਵਰਤੋਂ ਕਰਕੇ ਘੇਰ ਲਿਆ ਜਾਂਦਾ ਹੈ। ਭਾਰਤੀ ਸੰਵਿਧਾਨ, ਇਸ ਦੀਆਂ ਮੂਲ ਕਦਰਾਂ-ਕੀਮਤਾਂ ਅਤੇ ਸੰਘੀ ਢਾਂਚਾ ਹਮਲੇ ਅਧੀਨ ਹਨ। ਗਵਰਨਰ ਵਰਗੀ ਸੰਸਥਾ ਦੀ ਵੀ ਦੁਰਵਰਤੋਂ ਹੋ ਰਹੀ ਹੈ।

ਏਟਕ ਟਰੇਡ ਯੂਨੀਅਨਾਂ ਦੀ ਇੱਕ ਮੋਹਰੀ ਸੰਸਥਾ ਹੈ ਜਿਸਦੀ ਸਥਾਪਨਾ 1920 ਵਿੱਚ ਕੀਤੀ ਗਈ ਸੀ ਅਤੇ ਕਿਰਤੀ ਜਨਤਾ ਦੇ ਹਿੱਤ ਵਿੱਚ ਆਪਣੇ ਸੰਘਰਸ਼ਾਂ ਦੇ ਇਤਿਹਾਸ ਦੇ 103ਵੇਂ ਸਾਲ ਵਿੱਚ ਪ੍ਰਵੇਸ਼ ਕਰਦਾ ਹੈ। ਆਪਣੀ ੪੨ਵੀਂ ਰਾਸ਼ਟਰੀ ਕਾਨਫਰੰਸ 16 ਤੋਂ 20 ਦਸੰਬਰ 2022 ਤੱਕ ਅੱਲਾਪੁਝਾ ਵਿਖੇ ਆਯੋਜਿਤ ਕਰ ਰਹੀ ਹੈ।

ਇਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਸੂਬਾਈ ਕਾਨਫਰੰਸਾਂ ਅਤੇ ਸੈਕਟਰਲ ਫੈਡਰੇਸ਼ਨਾਂ ਦੀਆਂ ਕਾਨਫਰੰਸਾਂ ਹੋ ਰਹੀਆਂ ਹਨ। ਇਸ ਕਾਨਫਰੰਸ ਵਿਚ ਸੰਗਠਿਤ/ਰਸਮੀ ਅਤੇ ਗੈਰ-ਸੰਗਠਿਤ/ਗੈਰ-ਰਸਮੀ ਅਰਥਚਾਰੇ ਅਤੇ ਜ਼ਿਆਦਾਤਰ ਰਾਜਾਂ ਦੇ ਲਗਭਗ ਸਾਰੇ ਖੇਤਰਾਂ ਦੀਆਂ ਯੂਨੀਅਨਾਂ ਦੇ ਡੈਲੀਗੇਟ ਹਿੱਸਾ ਲੈਣਗੇ। ਵਰਲਡ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਡਬਲਯੂ·ਐੱਫ·ਟੀ·ਯੂ·) ਦੇ ਜਨਰਲ ਸਕੱਤਰ ਅਤੇ ਵਿਦੇਸ਼ਾਂ ਤੋਂ ਕੁਝ ਯੂਨੀਅਨਾਂ ਦੇ ਭਰਾਤਰੀ ਡੈਲੀਗੇਟ ਵੀ ਇਸ ਮੌਕੇ ਤੇ ਸ਼ਮੂਲੀਅਤ ਕਰਨਗੇ। ਕੇਂਦਰੀ ਟਰੇਡ ਯੂਨੀਅਨਾਂ ਦੇ ਆਗੂ ਵੀ 17 ਤਰੀਕ ਨੂੰ ਸਵੇਰੇ ਖੁੱਲ੍ਹੇ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਸ ਤੋਂ ਪਹਿਲਾਂ 16 ਦਸੰਬਰ ਨੂੰ ਸ਼ਾਮ ਨੂੰ ਜਥੇ ਦਾ ਸਵਾਗਤ ਕੀਤਾ ਜਾਵੇਗਾ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ।

ਇਹ ਇਤਿਹਾਸਕ ਕਾਨਫਰੰਸ ਦੇਸ਼ ਅਤੇ ਦੁਨੀਆ ਵਿੱਚ ਲਗਾਤਾਰ ਵੱਧ ਰਹੇ ਆਰਥਿਕ ਸੰਕਟ ਦੇ ਪਿਛੋਕੜ ਵਿੱਚ ਹੋ ਰਹੀ ਹੈ।ਬੇਮਿਸਾਲ ਬੇਰੋਜ਼ਗਾਰੀ, ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ,  ਸਿੱਖਿਆ ਅਤੇ ਸਿਹਤ ਸੇਵਾਵਾਂ ਮਹਿੰਗੀਆਂ ਹੋ ਰਹੀਆਂ ਹਨ, ਜੀਵਨ ਪੱਧਰ ਵਿੱਚ ਵਧ ਰਹੀ ਅਸਮਾਨਤਾ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਵਧਦੀ ਗਰੀਬੀ ਅਤੇ ਬਾਲ ਮਜ਼ਦੂਰੀ ਦੇ ਮਾਮਲਿਆਂ ਵਿੱਚ ਇੱਕ ਵਾਰ ਫਿਰ ਵਾਧਾ, ਭੁੱਖਮਰੀ ਸੂਚਾਂਕ ਵਿੱਚ ਗਿਰਾਵਟ ਅਤੇ ਵਧ ਰਹੇ ਲਿੰਗ ਅੰਤਰ ਇਸ ਨੂੰ ਹੋਰ ਗੰਭੀਰ ਬਣਾਉਂਦੇ ਹਨ।

ਕੇਂਦਰੀ ਟਰੇਡ ਯੂਨੀਅਨਾਂ ਪਿਛਲੇ ਕਈ ਸਾਲਾਂ ਤੋਂ ਸਾਂਝੇ ਮੰਚ ਦੇ ਤਹਿਤ ਦੇਸ਼ ਵਿਆਪੀ ਮੁਹਿੰਮਾਂ ਅਤੇ ਹੜਤਾਲਾਂ ਦੇ ਸੱਦੇ ਨੂੰ ਲੈ ਰਹੀਆਂ ਹਨ।

ਆਉਣ ਵਾਲੇ ਸਮੇਂ ਲਈ ਐਕਸ਼ਨ ਪ੍ਰੋਗਰਾਮ ਉਲੀਕਣ ਲਈ 30 ਜਨਵਰੀ ਨੂੰ ਦਿੱਲੀ ਵਿੱਚ ਵਰਕਰਾਂ ਦੀ ਕੌਮੀ ਕਨਵੈਨਸ਼ਨ ਕਰਨ ਦੀ ਯੋਜਨਾ ਹੈ।

ਸਾਡੀ ਕਾਨਫਰੰਸ ਇਹਨਾਂ ਸਾਰੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰੇਗੀ, ਮਜ਼ਦੂਰ ਜਮਾਤ ਦੇ ਸੰਘਰਸ਼ ਨੂੰ ਤਿੱਖਾ ਕਰਨ ਲਈ, ਮਜ਼ਦੂਰਾਂ ਅਤੇ ਕਿਸਾਨ ਅੰਦੋਲਨਾਂ ਵਿਚਕਾਰ ਏਕਤਾ ਨੂੰ ਮਜ਼ਬੂਤ ਕਰਨ ਲਈ, ਸਮਾਜ ਦੇ ਹੋਰ ਵਰਗਾਂ ਦੇ ਨਾਲ ਰਲ ਕੇ ਅਤੇ ਮੋਦੀ ਸਰਕਾਰ ਨੂੰ ਚੁਣੌਤੀ ਦੇਣ ਲਈ ਅਤੇ ਇਸੀਆਂ ਦੀਆਂ ਪਿਛਾਖੜੀ ਨੀਤੀਆਂ ਨੂੰ ਉਲਟਾਉਣ ਲਈ ਇੱਕਮੁੱਠ ਹੋ ਕੇ ਕੰਮ ਕਰੇਗੀ

ਭਾਰਤੀ ਮਜ਼ਦੂਰ ਜਮਾਤ ਬਸਤੀਵਾਦੀ ਸ਼ਾਸਨ ਤੋਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੀ ਭਾਗੀਦਾਰ ਹੈ ਅਤੇ ਏ ਆਈ ਟੀ ਯੂ ਸੀ ਨੇ ਆਪਣੀ ਸ਼ਾਨਦਾਰ ਭੂਮਿਕਾ ਨਿਭਾਈ ਹੈ। ਸੁਤੰਤਰ ਭਾਰਤ ਦੇ ਰਾਸ਼ਟਰੀ ਵਿਕਾਸ ਪ੍ਰੋਜੈਕਟ ਵਿੱਚ ਮਜ਼ਦੂਰ ਵਰਗ ਮੁੱਖ ਹਿੱਸਾ ਸੀ।

ਇਹ ਮਜ਼ਦੂਰ ਜਮਾਤ ਲਈ ਮੌਕੇ 'ਤੇ ਉੱਠਣ ਅਤੇ ਆਜ਼ਾਦੀ, ਇਸ ਦੀਆਂ ਪ੍ਰਾਪਤੀਆਂ ਅਤੇ ਰਾਸ਼ਟਰੀ ਦੌਲਤ ਨੂੰ ਬਚਾਉਣ ਦਾ ਸਮਾਂ ਹੈ।

ਅਸੀਂ ਮਹਾਨ ਪੁਨਾਪਾਰਾ ਵੈਲੇਰ ਸ਼ਹੀਦਾਂ ਦੀ ਧਰਤੀ 'ਤੇ ਕਾਨਫਰੰਸ ਕਰ ਰਹੇ ਹਾਂ, ਇਹ ਸਾਨੂੰ ਪ੍ਰੇਰਨਾ ਦਿੰਦਾ ਹੈ।

ਇਹ ਦੇਸ਼ ਬਚਾਉਣ, ਲੋਕਾਂ ਨੂੰ ਬਚਾਉਣ ਦੀ ਲੜਾਈ ਹੈ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Saturday, December 3, 2022

ਐਮ ਸੀ ਪੀ ਆਈ (ਯੂ) ਨੇ ਦਿਖਾਈ ਮੌਜੂਦਾ ਚੁਣੌਤੀਆਂ ਨੂੰ ਕਬੂਲਣ ਦੀ ਹਿੰਮਤ

ਸੂਬਾਈ, ਕੌਮੀ ਅਤੇ ਕੌਮਾਂਤਰੀ ਮੁੱਦਿਆਂ 'ਤੇ ਪਾਰਟੀ ਨਵੀਂ ਊਰਜਾ ਨਾਲ ਤਿਆਰ 


ਦੋਰਾਹਾ: 3 ਦਸੰਬਰ 2022: (ਕਾਮਰੇਡ ਸਕਰੀਨ ਡੈਸਕ)::

ਜਾਪਦਾ ਹੈ ਸਿਆਸੀ ਅਤੇ ਵਿਚਾਰਧਾਰਕ ਭਵਿੱਖਬਾਣੀਆਂ ਸੱਚ ਹੋਣ ਦਾ ਸਮਾਂ ਆ ਹੀ ਪਹੁੰਚਿਆ ਹੈ। ਇਹ ਸਿਰਫ ਬਹੁਤ ਹੀ ਨੇੜੇ ਨਹੀਂ ਬਲਕਿ ਸਾਡੇ ਸਿਰਾਂ 'ਤੇ ਹੀ ਖੜਾ ਹੈ। ਹੁਣ ਪੂੰਜੀਵਾਦ ਵੀ ਆਪਣੇ ਹੀ ਭਾਰ ਨਾਲ ਢਹਿਢੇਰੀ ਹੋਣ ਵਾਲੇ ਪਾਸੇ ਵੱਧ ਰਿਹਾ ਹੈ। ਹਾਲਾਤ ਅਚਾਨਕ ਹੀ ਬਹੁਤ ਵੱਡਾ ਪਲਟਾ ਖਾ ਸਕਦੇ ਹਨ। ਸਰਮਾਏਦਾਰੀ ਦਾ ਕਾਗਜ਼ੀ ਸ਼ੇਰ ਆਪਣੇ ਅੰਤਲੇ ਦਿਨਾਂ ਦੇ ਨੇੜੇ ਹੈ। ਪਰ ਕੀ ਅਜਿਹੀ ਸਥਿਤੀ ਵਿੱਚ ਪੈਦਾ ਹੋਣ ਵਾਲੇ ਹਾਲਾਤਾਂ  ਦੌਰਾਨ ਚੁੱਕੇ ਜਾਣ ਵਾਲੇ ਕਦਮਾਂ ਲਈ ਖੱਬੀਆਂ ਧਿਰਾਂ ਤਿਆਰ ਹਨ। 

ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ (ਯੂਨਾਈਟਡ), ਐਮ ਸੀ ਪੀ ਆਈ (ਯੂ) ਦੇ ਪੰਜਵੇਂ ਸੂਬਾਈ ਡੈਲੀਗੇਟ ਇਜਲਾਸ ਵਿੱਚ ਦੋਰਾਹਾ ਵਿੱਖੇ ਮਿਤੀ 30 ਨਵੰਬਰ 2022 ਨੂੰ ਪੇਸ਼ ਕੀਤੀ ਗਈ ਡਰਾਫਟ ਰਿਪੋਰਟ ਵਿੱਚ ਅਜੋਕੀ ਸਥਿਤੀ ਨਾਲ ਸਬੰਧਤ ਕਈ ਅਹਿਮ ਮੁੱਦੇ ਵਿਚਾਰੇ ਗਏ ਹਨ। ਐਮ ਸੀ ਪੀ ਆਈ (ਯੂ) ਕਮਿਊਨਿਸਟਾਂ ਦੀ ਏਕਤਾਂ 'ਤੇ ਬਹੁਤ ਜ਼ੋਰ ਦਿੱਤਾ ਹੈ। 

ਇਸ ਰਿਪੋਰਟ ਨੂੰ ਪੇਸ਼ ਕਰਦਿਆਂ ਬਜ਼ੁਰਗ ਅਤੇ ਸੀਨੀਅਰ ਕਾਮਰੇਡ ਪਵਨ ਕੁਮਾਰ ਕੌਸ਼ਲ ਨੇ ਆਪਣੇ ਸੰਬੋਧਨ ਦੌਰਾਨ ਦੇਸ਼ ਅਤੇ ਦੁਨੀਆ ਦੇ ਹਾਲਤ ਦੀਆਂ ਵੱਖ ਵੱਖ ਤਬਦੀਲੀਆਂ ਬਾਰੇ ਵੀ ਜ਼ਿਕਰ ਕੀਤਾ। 

ਉਹਨਾਂ ਕਿਹਾ ਕਿ ਅਸੀਂ ਐਮ ਸੀ ਪੀ ਆਈ (ਯੂ) ਦੀ ਚੌਥੇ ਸੂਬਾਈ ਇਜਲਾਸ ਮੌਕੇ 27 ਜਨਵਰੀ 2019 ਨੂੰ ਦੋਰਾਹਾ ਵਿਖੇ ਇਕੱਠੇ ਹੋਏ ਸੀ।ਹੁਣ ਤਿੰਨ ਸਾਲ ਬਾਅਦ ਐਮ ਸੀ ਪੀ ਆਈ (ਯੂ) ਦੇ ਪੰਜਵੇ ਸੂਬਾਈ ਇਜਲਾਸ ਮੌਕੇ 30 ਨਵੰਬਰ 20222 ਨੂੰ ਕ੍ਰਿਸ਼ਨ ਕੁਮਾਰ ਕੌਸ਼ਲ ਯਾਦਗਾਰੀ ਭਵਨ ਦੋਰਾਹਾ ਵਿਖੇ ਇਕੱਠੇ ਹੋ ਰਹੇ ਹਾਂ।ਪਿੱਛਲੇ ਤਿਂੰਨ ਸਾਲਾਂ ਦੌਰਾਨ ਕੌਮਾਂਤਰੀ, ਕੌਮੀ ਅਤੇ ਸੂਬਾਈ ਪੱਧਰ ਉਪੱਰ ਬਹੁਤ ਸਾਰੀਆਂ ਤਬਦੀਲੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ਨੇ ਸਮਾਜ ਦੀ ਰਾਜਨੀਤਕ, ਸਮਾਜਕ ਤੇ ਆਰਥਕ ਅਤੇ ਸਭਿਆਚਾਰਕ ਜੀਵਨ ਨੂੰ ਪ੍ਰਭਾਵਤ ਕੀਤਾ ਹੈ। ਅਸੀਂ ਇਸ ਡਰਾਫਟ ਰਿਪੋਰਟ ਵਿੱਚ ਇਨ੍ਹਾਂ ਘੱਟਨਾਵਾਂ ਦੇ ਪ੍ਰਭਾਵ ਦਾ ਸੰਖੇਪ ਰੂਪ ਵਿੱਚ ਵਰਨਣ ਕਰਾਂਗੇ।

ਇਸ ਸੂਬਾਈ ਡੈਲੀਗੇਟ ਅਜਲਾਸ ਮੌਕੇ ਕੌਮਾਂਤਰੀ ਸਥਿਤੀ ਬਾਰੇ ਵੀ ਸੰਖੇਪ ਜਿਹੀ ਚਰਚਾ ਹੋਈ। ਇਸ ਬਾਰੇ ਗੱਲ ਕਰਦਿਆਂ ਦੱਸਿਆ ਗਿਆ ਕਿ ਪਿਛਲੇ ਪਾਰਟੀ ਇਜਲਾਸ ਦੇ ਨਿਰਣਿਆਂ ਮੁਤਾਬਕ ਕੌਮਾਂਤਰੀ ਹਾਲਾਤ ਹੋਰ ਗੁੰਝਲਦਾਰ ਰੂਪ ਵਿੱਚ ਸਾਮ੍ਹਣੇ ਆਏ ਹਨ। ਵਿਸ਼ਵ ਦੀ ਆਰਥਕਤਾ ਲਗਾਤਾਰ ਗਿਰਾਵਟ ਵੱਲ ਜਾ ਰਹੀ ਹੈ। ਆਰਥਿਕ ਮੰਦੀ ਵਿਸ਼ਵ ਉਪੱਰ ਮੰਡਰਾ ਰਹੀ। ਇਸ ਆਰਥਿਕ ਮੰਦੀ ਦੇ ਕਾਰਨ ਵਿਸ਼ਵ ਭਰ ਅੰਦਰ ਜਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਮਹਿੰਗਾਈ ਦਾ ਰੁਝਾਨ ਲਗਾਤਾਰ ਵੱਧਦਾ ਜਾ ਰਿਹਾ ਹੈ। ਪਾਰਟੀ ਦੇ ਨੁਕਤਿਆਂ ਨਿਗਾਹ ਅਤੇ ਹਾਲਾਤ ਨੂੰ ਦੇਖੀਏ ਤਾਂ ਨਿਸਚੇ ਹੀ ਇਸ ਮਹਿੰਗਾਈ ਵਿਚ ਅਜੇ ਹੋਰ ਤੇਜ਼ੀ ਆਉਣੀ ਹੈ। ਇਸ ਬਾਰੇ ਬਹੁਤ ਸਾਰੀਆਂ ਧਿਰਾਂ ਪਹਿਲਾਂ ਹੀ ਇਹੀ ਰਾਏ ਪ੍ਰਗਟ ਕਰ ਚੁੱਕੀਆਂ ਹਨ। 

ਵਿਸ਼ਵ ਆਰਥਿਕ ਮੰਦੀ ਦਾ ਅਸਰ ਹੁਣੇ ਤੋਂ ਪੈਣਾ ਸ਼ੁਰੂ ਹੋ ਗਿਆ ਹੈ। ਬਹੁਤ ਸਾਰੀਆਂ ਬਹੂ-ਕੌਮੀ ਅੰਤਰ ਰਾਸ਼ਟਰੀ ਕੰਪਨੀਆਂ ਜਿਵੇਂ ਐਮੋਜ਼ਨ, ਫੇਸ ਬੁੱਕ ਤੇ ਵਟਸਐਪ ਦੀ ਮਾਲਕ ਕੰਪਨੀ ਮੈਟਾ, ਐਪਲ, ਮਾਈਕਰੋ ਸਾਫਟ ਆਦਿ ਕੰਪਨੀਆਂ ਨੇ ਅਪਣੇ ਕਰਮਚਾਰੀਆਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਕੰਮ ਦੇ ਘੰਟੇ ਵਧਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪਾਰਟੀ ਦੀ ਇਸ ਰਾਏ ਵਾਲੀ ਰੌਸ਼ਨੀ ਵਿੱਚ ਇਹੀ ਰੁਝਾਨ ਸਵਦੇਸ਼ ਕੰਪਨੀਆਂ ਵਿਚ ਵੀ ਦੇਖਿਆ ਜਾ ਰਿਹਾ ਹੈ।  

ਰੂਸ-ਯੂਕਰੇਨ ਯੁੱਧ ਕਾਰਨ ਅਮਰੀਕਾ ਅਤੇ ਪੱਛਮੀ ਯੂਰਪੀਅਨ ਤਾਕਤਾਂ ਰੂਸ ਉਪੱਰ ਆਰਥਕ ਪਾਬੰਦੀਆਂ ਲਗਾ ਰਹੀਆਂ ਹਨ। ਰੂਸ ਦੇ ਪ੍ਰਧਾਨ ਪੁਤਿਨ ਨੇ ਗੈਸ ਅਤੇ ਹੋਰ ਪੈਟਰੋਲੀਅਮ ਵਸਤਾਂ ਯੂਰਪੀ ਦੇਸ਼ਾਂ ਨੂੰ ਭੇਜਣ ਤੇ ਪਾਬੰਦੀਆਂ ਲਗਾਉਣ ਦੀ ਧਮਕੀ ਦਿੱਤੀ ਹੈ। ਇਸ ਨਾਲ ਨਿਸਚੇ ਹੀ ਵਿਸ਼ਵ ਵਿਆਪੀ ਸੰਕਟ ਹੋਰ ਵੱਧ ਜਾਵੇਗਾ।

ਵਿਸ਼ਵ ਦੀਆਂ ਮੁੱਖ ਸ਼ਕਤੀਆਂ ਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ਼ਾਂ ਅਤੇ ਰੂਸ ਚੀਨ ਤੇ ਇਨ੍ਹਾਂ ਦੇ ਸਹਿਯੋਗੀ ਦੇਸ਼ਾਂ ਵਿੱਚਕਾਰ ਵਪਾਰਕ ਵਿਰੋਧਤਾਈਆਂ ਹੋਰ ਵੱਧ ਜਾਣਗੀਆਂ ਜਿਸ ਨਾਲ ਨਵੇਂ ਵਪਾਰ ਯੁੱਧ ਦੀਆਂ ਸੰਭਾਵਨਾਵਾਂ ਵੀ ਵੱਧ ਜਾਣਗੀਆਂ। ਉਭੱਰ ਰਹੇ ਵਿਕਾਸ਼ਸ਼ੀਲ ਦੇਸ਼ਾਂ ਅਤੇ ਉਨ੍ਹਾਂ ਦੇ ਲੋਕਾਂ ਉਪੱਰ ਭੈੜਾ ਅਸਰ ਪਵੇਗਾ।

ਰੂਸ-ਯੂਕਰੇਨ ਸਥਿਤੀ ਤੋਂ ਬਿਨਾ ਤਾਇਵਾਨ ਦੀ ਸਮਸਿਆ ਵੀ ਸਾਮ੍ਹਣੇ ਆ ਰਹੀ ਹੈ ਜਿਸਨੂੰ ਚੀਨ ਅਪਣਾ ਭਾਗ ਸਮਝਦਾ ਹੈ।ਸਭਿਆਚਾਰ ਦੇ ਪੱਖੋਂ ਚੀਨੀ ਅਤੇ ਤਾਇਵਾਨੀਆਂ ਵਿੱਚਕਾਰ ਕੋਈ ਬਹੁਤਾ ਅੰਤਰ ਨਹੀ ਹੈ। ਇਨ੍ਹਾਂ ਵਿਰੋਧਤਾਈਆਂ ਦੇ ਕਾਰਨ ਰੂਸ ਅਤੇ ਚੀਨ ਅਮਰੀਕਨ ਸਾਮਰਾਜ ਦੇ ਵਿਰੁੱਧ ਇੱਕ ਦੂਜੇ ਦੇ ਹੋਰ ਨੇੜੇ ਆ ਰਹੇ ਹਨ।

ਗਲੋਬਲ ਵਾਰਮਿੰਗ ਦੇ ਕਾਰਨ, ਸਮੁੰਦਰਾਂ ਦੇ ਪਾਣੀ ਦੀ ਸਤਿਹ ਵਿੱਚ ਵਾਧਾ ਹੋ ਰਿਹਾ ਹੈ ਜਿਸ ਨਾਲ ਸਮੁੰਦਰੀ ਕਿਨਾਰਿਆਂ 'ਤੇ ਵਸਦੇ ਲੋਕਾਂ ਦੇ ਡੁੱਬ ਜਾਣ ਦਾ ਵਧੇਰੇ ਖਤਰਾ ਹੈ। ਧਰਤੀ ਉਪੱਰ ਵੀ ਤਪਸ਼ ਵੱਧਦੀ ਜਾ ਰਹੀ ਹੈ ਅਤੇ ਜੀਵਨ ਲਈ ਗੰਭੀਰ ਖਤਰਾ ਪੈਦਾ ਹੁੰਦਾ ਜਾ ਰਿਹਾ ਹੈ। ਨਿਸਚੇ ਹੀ ਇਹਨਾਂ ਨਵੈਬ ਖਤਰਿਆਂ ਕਾਰਨ ਜ਼ਿੰਦਗੀ ਹੋਰ ਵੀ ਔਖੀ ਹੋਣ ਵਾਲੀ ਹੈ। 

ਪਿੱਛੇ ਜਿਹੇ ਸੋਵੀਅਤ ਯੂਨੀਅਨ ਦੇ ਆਖਰੀ ਰਾਸ਼ਟਰਪਤੀ ਗੋਰਵਾਚੇਵ ਦੀ ਮੌਤ ਨੇ ਉਸਦੀ ਸਖਸ਼ੀਅਤ ਅਤੇ ਇਤਿਹਾਸ ਵਿੱਚ ਉਸਦੀ ਭੂਮਿਕਾ ਪ੍ਰਤੀ ਕਈ ਸਵਾਲ ਪੈਦਾ ਕਰ ਦਿੱਤੇ ਹਨ। ਅਮਰੀਕਨ ਰਾਸ਼ਟਰਪਤੀ ਅਤੇ ਪੱਛਮੀ ਸੰਸਾਰ ਦੇ ਬਹੁਤ ਸਾਰੇ ਨੇਤਾਵਾਂ ਨੇ ਉਸਨੂੰ ਰੂਸ ਅੰਦਰ ਜਮਹੂਰੀਅਤ ਬਹਾਲ ਕਰਨ ਅਤੇ ਸੀਤ ਯੁੱਧ ਦਾ ਅੰਤ ਕਰਨ ਵਾਲਾ ਦਸਿਆ। ਪ੍ਰੰਤੂ ਰੂਸ ਦੀ ਕਮਿਊਨਿਸਟ ਪਾਰਟੀ ਨੇ ਪੱਛਮੀ ਸੰਸਾਰ ਦੇ ਵਿਚਾਰਾਂ ਦੇ ਉਲਟ ਵਿਚਾਰ ਦਿੱਤੇ ਹਨ।

ਰੂਸ ਦੀ ਕਮਿਊਨਿਸਟ ਪਾਰਟੀ ਅਤੇ ਵਿਸ਼ਵ ਦੀਆਂ ਹੋਰ ਨਿਕਲਾਬੀ ਕਮਿਊਨਿਸਟ ਪਾਰਟੀਆਂ ਅਤੇ ਗਰੁਪਾਂ ਨੇ ਉਸਨੂੰ ਰੂਸੀ ਲੋਕਾਂ ਦਾ ਗਦਾਰ ਅਤੇ ਮਜ਼ਦੂਰ ਜਮਾਤ ਲਈ ਇੱਕ ਧੋਖੇਬਾਜ਼ ਕਰਾਰ ਦਿੱਤਾ ਜਿਹੜਾ ਅਖੀਰ’ਚ ਸੋਵੀਅਤ ਸਮਾਜਵਾਦੀ ਪ੍ਰਬੰਧ ਦੇ ਅੰਤ ਲਈ ਜਿੰਮੇਵਾਰ ਸੀ, ਜਿਸਦਾ ਮੁੱਢ ਖਰੁਸਚੇਵ ਦੇ ਸਮੇਂ ਤੋਂ ਬਨਿਆਂ ਗਿਆ ਸੀ।

ਵਾਤਾਵਰਣ ਸੰਕਟ ਵਿਸ਼ਵ ਵਿੱਚ ਹੋਰ ਵੱਧਦਾ ਜਾ ਰਿਹਾ ਹੈ।ਸਾਲ 2022 ਵਿੱਚ ਰੀਕਾਰਡ ਤਾਪਮਾਨ ਨੋਟ ਕੀਤਾ ਗਿਆ ਹੈ।ਯੂਰਪ ਅੰਦਰ ਤਾਪਮਾਨ ਵੱਧਣ ਨਾਲ ਜੰਗਲੀ ਅੱਗਾਂ ਲਗਣ ਵਿੱਚ ਵਾਧਾ ਹੋਇਆ ਹੈ।

ਵਿਸ਼ਵ ਅੰਦਰ ਪ੍ਰਦੂਸ਼ਣ ਦੀ ਸਮਸਿਆ ਇੱਕ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਗੰਭੀਰ ਬਿਮਾਰੀਆਂ ਫੈਲਦੀਆਂ ਜਾ ਰਹੀਆਂ ਹਨ।ਕੋਵਿਡ-19 ਅਤੇ ਸਵਾਈਨ ਫਲੂ ਆਦਿ ਵਰਗੀਆਂ ਘਾਤਕ ਬਿਮਾਰੀਆਂ ਫੈਲ ਰਹੀਆਂ ਹਨ।ਦਵਾਈਆਂ ਬਨਾਉਣ ਵਾਲੀਆਂ ਕੰਪਨੀਆਂ ਆਪਣੇ ਮੁਨਾਫੇ ਖਾਤਰ ਅਤੇ ਇੱਕ ਦੂਜੇ ਤੋਂ ਅੱਗੇ ਨਿਕਲਣ ਲਈ ਦਵਾਈਆਂ ਅਤੇ ਵੈਕਸੀਨ ਬਣਾ ਰਹੀਆਂ ਹਨ। ਪਿੱਛਲੇ ਸਾਲਾਂ ਵਿੱਚ ਬਹੂ-ਕੌਮੀ ਕੰਪਨੀਆਂ ਦੇ ਭਰਿਸ਼ਟਾਚਾਰ ਅੱਗੇ ਆਏ ਹਨ।

ਲੋਕਾਂ ਦੇ ਜਮਹੂਰੀ ਅਧਿਕਾਰ ਅਤੇ ਸ਼ਹਿਰੀ ਅਜ਼ਾਦੀਆਂ ਖੋਹੀਆਂ ਜਾ ਰਹੀਆਂ ਹਨ। ਜਿਨ੍ਹਾਂ ਦੀ ਪ੍ਰਾਪਤੀ ਲਈ ਲੋਕਾਂ ਦੇ ਉੱਠੇ ਘੋਲਾਂ ਨੂੰ ਸਬੰਧਤ ਦੇਸ਼ਾਂ ਦੀਆਂ ਸਰਕਾਰਾਂ ਤਸ਼ਦਦ ਨਾਲ ਦਬਾ ਰਹੀਆਂ ਹਨ। ਸੰਯੁਕਤ ਰਾਸ਼ਟਰ ਨਾਲ ਸਬੰਧਤ ਵੱਖ-ਵੱਖ ਏਜੰਸੀਆਂ ਜਿਵੇਂ ਅੰਤਰ-ਰਾਸ਼ਟਰਮਿਨੁੱਖੀ ਅਧਿਕਾਰ ਸੰਸਥਾ ਮਨੁੱਖੀ ਅੀਧਕਾਰਾਂ ਤੇ ਸ਼ਹਿਰੀ ਅਜ਼ਾਦੀਆਂ ਨੂੰ ਬਚਾਉਣ ੳਤੇ ਨਸਲੀ ਵਿਤਕਰਿਆ ਨੂੰ ਦੂਰ ਕਰਨ ਤੋ ਅਸਫਲ ਰਹੀਆਂ ਹਨ।

ਇਸੇ ਤਰ੍ਹਾਂ ਵਿਸ਼ਵ ਅੰਦਰ ਹਥਿਆਰਾਂ ਦੀ ਦੌੜ ਬਾਵਜੂਦ ਸੰਯੁਕਤ ਰਾਸ਼ਟਰ ਦੇ ਮਤਿਆਂ ਅਤੇ ਸੰਧੀਆਂ ਦੇ ਵੱਧਦੀ ਜਾ ਰਹੀ ਹੈ।ਸ਼ਕਤੀਸ਼ਾਲੀ ਦੇਸ਼ ਖੁਦ ਇਨ੍ਹਾਂ ਸੰਧੀਆਂ ਦਾ ਉਲਘੰਣ ਕਰ ਰਹੇ ਹਨ। ਹਥਿਆਰਾਂ ਵਿਰੁਧ ਲੋਕਾਂ ਅੰਦਰ ਰੋਹ ਵੱਧਦਾ ਜਾ ਰਿਹਾ ਹੈ।ਵਿਸ਼ਵ ਦੇ ਲੋਕਾਂ ਨੂੰ ਵਿਸ਼ਵ ਯੁੱਧ ਦੇ ਮੰਡਰਾਂ ਰਹੇ ਖਤਰੇ ਵਿਰੁੱਧ ਅੱਗੇ ਆਉਣਾ ਪਵੇਗਾ।

ਵਿਸ਼ਵ ਅੱਜ ਇੱਕ ਹੋਰ ਗੰਭੀਰ ਸਮਸਿਆ ਨਸ਼ਿਆਂ ਦੀ ਤਸਕਰੀ ਅਤੇ ਇਨ੍ਹਾਂ ਦੀ ਵਰਤੋਂ ਮਕੜਜਾਲ ਵਾਂਗ ਫੈਲਦੀ ਜਾ ਰਹੀ ਹੈ।ਸੰਯੂਕਤ ਰਾਸ਼ਟਰ ਅਤੇ ਵੱਖ-ਵੱਖ ਦੇਸ਼ ਇਸ ਸਮਸਿਆ ਤੇ ਨਿਯੰਰਣ ਕਰਨ ਤੋਂ ਅਸਮਰਥ ਹਨ।ਕਈ ਦੇਸ਼ਾ ਅੰਦਰ ਨਸ਼ਲਿੇ ਪਦਾਰਥਾਂ ਦੇ ਤਸਕਰਾਂ ਦੇ ਵੱਡੈ ਵੱਡੇ ਗਰੋਹ ਸਰਕਾਰਾਂ ਉਪੱਰ ਭਾਰੂ ਹਨ।ਨਸ਼ਿਆਂ ਦੇ ਵੱਧ ਰਹੇ ਰੁਝਾਨ ਵਿਰੁੱਧ ਭੀ ਲੋਕਾਂ ਨੂੰ ਅਵਾਜ਼ ਬੁਲੰਦ ਕਰਨੀ ਪਵੇਗੀ।

ਵਿਕਸਤ ਦੇਸ਼ਾਂ ਦੇ ਅਨ੍ਹੇਵਾਹ ਸਨਅਤੀ ਕਰਨ ਦੇ ਕਾਰਨ ਅੱਜ ਸਮੁਚਾ ਵਿਸ਼ਵ ਵਾਤਾਵਰਣ ਦੇ ਪ੍ਰਦੂਸ਼ਣ ਦਾ ਸਾਮ੍ਹਣਾ ਕਰ ਰਿਹਾ ਹੈ ਅਤੇ ਸਾਰਾ ਦੋਸ਼ ਵਿਕਾਸਸ਼ੀਲ ਦੇਸ਼ਾਂ ਉਪੱਰ ਸੱੁਟਿਆ ਜਾ ਰਿਹਾ ਹੈ

ਸਾਰੀਆਂ ਉਪਰੋਕਤ ਸਮਸਿਆਂਵਾਂ ਪੂੰਜੀਵਾਦੀ ਵਿਵਸਥਾ ਵਿਚੋਂ ਹੀ ਪੈਦਾ ਹੋ ਰਹੀਆਂ ਹਨ। ਇਨ੍ਹਾਂ ਨੂੰ ਕੇਵਲ ਸਮਾਜਵਾਦੀ ਵਿਵਸਥਾ ਹੀ ਖਤਮ ਕਰ ਸਕਦੀ ਹੈ।

ਇਸ ਸੂਬਾਈ ਅਜਲਾਸ ਮੌਕੇ ਕੌਮੀ ਸਥਿਤੀ ਬਾਰੇ ਵੀ ਚਰਚਾ ਹੋਈ। ਜਿਥੋਂ ਤੱਕ ਕੌਮੀ ਸਥਿਤੀ ਦਾ ਸਬੰਧ ਹੈ ਦੇਸ਼ ਜ਼ਰੂਰੀ ਵਰਤੋਂ ਦੀਆਂ ਵਸਤਾਂ ਲਗਾਤਰ ਵੱਧ ਰਹੀਆਂ ਕੀਮਤਾਂ ਸਮੇਤ ਗੰਭੀਰ ਆਰਥਕ ਸੰਕਟ ਦਾ ਸਾਮ੍ਹਣਾ ਕਰ ਰਿਹਾ ਹੈ ਜਿਸਦਾ ਆਮ ਆਦਮੀ ਦੇ ਜੀਵਨ ਉਪੱਰ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈਦੇਸ਼ ਅੰਦਰ ਬੇਰੁਜਗਾਰੀ, ਗਰੀਬੀ, ਭੁੱਖਮਰੀ, ਮਹਿੰਗਾਈ, ਮਨੋ-ਰੋਗਾਂ, ਆਤਮ-ਹਤਿਆਂਵਾਂ ਆਦਿ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਉਜਰਤਾਂ ਘੱਟਦੀਆਂ ਜਾ ਰਹੀਆਂ ਹਨ।ਵਿਸ਼ਵ ਬੈਂਕ ਦੇ ਇਕੱ ਸਰਵੇ ਮੁਤਾਬਕ ਭਾਰਤ ਦਾ ਭੁੱਖ ਮਰੀ ਅੰਕ ਵਿਸ਼ਵ ਦੇ 121 ਦੇਸ਼ਾਂ ਵਿਚੋਂ ਪਾਕਿਸਤਾਨ ਸ੍ਰੀ ਲੰਕਾਂ ਅਤੇ ਬੰਗਲਾਦੇਸ਼ ਤੋਂ ਹੇਠਾਂ 107ਵਾਂ ਸਥਾਨ ਹੈ।

ਕੇਂਦਰ ਸਰਕਾਰ ਦੇ ਜੀ ਡੀ ਪੀ ਦੀ ਵਿਸ਼ਵ ਵਿਚੋਂ ਉੱਚੀ ਦਰ ਦੇ ਦਮਗਜੇ ਮਾਰਨ ਦੇ ਬਾਵਜੂਦ ਸਾਲ 2022 ਵਿੱਚ 7.9% ਤੋਂ ਘੱਟਕੇ ਇਹ 6.7% ਤੇ ਆ ਗਈ ਹੈ।ਉਦਾਰੀਕਰਨ ਅਧੀਨ ਨਿੱਜੀਕਰਨ ਦੀਆਂ ਨੀਤੀਆਂ ਕਾਰਨ , ਨਾ ਬਰਾਬਰਤਾ ਅਤੇ ਅਮੀਰ-ਗਰੀਬ ਵਿੱਚ ਪਾੜਾ ਵੱਧਦਾ ਜਾ ਰਿਹਾ ਹੈ।ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ।

ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋਣ ਕਾਰਨ ਦਰਆਮਦ ਦਾ ਬਿਲ ਵੱਧਦਾ ਜਾ ਰਿਹਾ ਹੈ।ਵਿਸ਼ਵ ਆਰਥਕ ਮੰਦੀ ਬੇ- ਯਕੀਨੀ ਰਹਿਣ ਕਾਰਨ ਭਾਰਤ ਦੀ ਵਿਕਾਸ ਦਰ ਉਪੱਰ ਨਾਂਹ-ਪੱਖੀ ਅਸਰ ਪੈ ਰਿਹਾ ਹੈ।ਵਿਕਾਸ ਦਰ ਅਗਲੇ ਸਾਲ 6% ਤੋਂ ਵੀ ਹੇਠਾਂ ਆਉਣ ਦੀ ਸੰਭਾਵਨਾ ਬਣੀ ਹੋਈ ਹੈ।

ਬੀ ਜੇ ਪੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਖੁੱਲ ਕੇ ਕਾਰਪੋਰੇਟ ਘਰਾਣਿਆਂ ਪੱਖੀ ਲੋਕ ਵਿਰੋਧੀ ਨੀਤੀਆਂ ਉਪੱਰ ਖੱੁਲ ਕੇ ਚੱਲ ਰਹੀ ਹੈ, ਜਿਹੜੀਆਂ ਸਾਡੇ ਸਮਾਜ ਅੰਦਰ ਵੱਖਰੇਵੇਂ ਪੈਦਾ ਕਰ ਰਹੀਆਂ ਹਨ।ਇਜਾਰੇਦਾਰਾਂ ਦੀ ਦੌਲਤ ਵਿੱਚ ਅਥਾਹ ਵਾਧਾ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੀ ਗਿਣਤੀ ਵੀ ਵਾਧਾ ਹੋ ਰਿਹਾ ਹੈ।

ਇਨ੍ਹਾਂ ਕਾਰਪੋਰੇਟ ਘਰਾਣਿਆਂ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਬਿਨਾ ਬੀ ਜੇ ਪੀ ਸਰਕਾਰ ਮੂਲਵਾਦੀ ਅਤੇ ਬਹੂ ਗਿਣਤੀ ਹਿੰਦੂਤਵ ਦੀਆਂ ਨੀਤੀਆਂ ਉਪੱਰ ਚੱਲ ਰਹੀ ਹੈ।ਜਿਸਦੀ ਤਾਜ਼ਾ ਉਦਾਹਰਣ ਹੈ ਬਿਲਕਿਸ ਬਾਨੋ ਕੇਸ ਵਿੱਚ ਦੋਸ਼ੀਆਂ ਦੀ ਰਿਹਾਈ ਕਰਨਾ ਇਸੇ ਤਰਹਾਂ ਮੁਸਲਮਾਨਾ ਅੰਦਰ ਹਿਜ਼ਬ ਪਾਉਣ ਨੂੰ ਲੈਕੇ ਹੈ।ਜਿਹੜਾ ਘੱਟ ਗਿਣਤੀ ਨੂੰ ਲੈਕੇ ਉਨ੍ਹਾਂ ਦੇ ਸਮਾਜਿਕ ਤੇ ਸਭਿਆਚਾਰਕ ਕਦਰਾਂ ਕੀਮਤਾ ਅਤੇ ਘੱਟ ਗਿਣਤੀਆਂ ਉਪੱਰ ਹਮਲਾ ਹੈ।

ਅਜਲਾਸ ਵਿਛਕ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਗਿਆ ਕਿ ਕੇਂਦਰ ਸਰਕਾਰ ਆਪਣੇ ਪਰਚਾਰ ਲਈ ਸੋਸ਼ਲ ਅਤੇ ਇਲੈਕਟਰਾਨਿਕ ਮੀਡੀਆ ਉਪੱਰ ਕੰਟਰੋਲ ਕਰਨ ਦੇ ਯਤਨਾਂ ਵਿੱਚ ਹੈ। ਪ੍ਰਧਾਨ ਮੰਤਰੀ ਅਤੇ ਬੀ ਜੇ ਪੀ ਇਹ ਪ੍ਰਚਾਰ ਕਰ ਰਹੀ ਹੈ ਭਾਰਤ ਇੰਗਲ਼ੈਂਡ ਤੋ ਅਗੇ ਨਿਕਲ ਕੇ ਵਿਸ਼ਵ ਦੀ ਸੱਭ ਤੋਂ ਵੱਡੀ ਪੰਜਵੀ ਆਰਥਕਤਾ ਬਣ ਗਈ ਹੈ ਅਤੇ ਆਉਣ ਵਾਲੇ ਸਮੇਂ ਅੰਦਰ ਇਹ ਵਿਸ਼ਵ ਦੀ ਸੱਭ ਤੋਂ ਵੱਡੀ ਤੀਜੀ ਆਰਥਕਤਾ ਬਣਨ ਵਾਲੀ ਹੈ।

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੀ ਜੇ ਪੀ ਦੀ ਸਰਕਾਰ ਖੁਦਮੁੱਖਤਾਰ ਸੰਸਥਾਵਾਂ ਦੀ ਖੁ- ਮੁੱਖਤਿਆਰੀ ਨੂੰ ਖੋਰਾ ਲਗਾ ਕੇ ਏਕਾ-ਅਧਿਕਾਰ ਸ਼ਾਸ਼ਨ ਵੱਲ ਵੱਧ ਰਹੀ ਹੈ ਅਤੇ ਖੁਦ-ਮੁੱਖਤਿਆਰ ਸੰਸਥਾਵਾਂ ਨੂੰ ਆਪਣੇ ਸੌੜੇ ਸਿਆਸੀ ਮੰਤਵਾਂ ਲਈ ਵਰਤ ਰਹੀ ਹੈ।

ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਥਾਂ ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰਾਂ ਨੂੰ ਸੀਮਤ ਕਰਕੇ ਉਨ੍ਹਾਂ ਦੇ ਅਧਿਕਾਰਾਂ ਨੂੰ ਖੋਰਾ ਲਗਾ ਰਹੀ ਹੈ। ਜੰਮੂ-ਕਸ਼ਮੀਰ ਦੀ ਉਦਾਹਰਣ ਸਾਡੇ ਸਮ੍ਹਣੇ ਹੈ।ਜੰਮੂ-ਕਸ਼ਮੀਰ ਦੇ ਭਾਰਤ ਵਿੱਚ ਰਲੇਵੇਂ ਸਮੇਂ ਸਵਿਧਾਨ ਦੀ ਧਾਰਾ 370 ਅਤੇ 35 ਏ ਅਧੀਨ ਦਿੱਤੇ ਵਿਸ਼ੇਸ਼ ਅਧਿਕਾਰ ਖੋਹ ਕੇ ਉਸਨੂੰ ਕੇਂਦਰ ਸ਼ਾਸ਼ਤ ਰਾਜ (ਯੂਨੀਅਨ ਟੈਰੀਟਰੀ) ਦਾ ਦਰਜਾ ਦੇ ਦਿੱਤਾ।ਆਮ ਆਦਮੀ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਨੇ ਧਾਰਾ 370 ਅਤੇ 35 ਏ ਖਤਮ ਕਰਨ ਤੇ ਜੰੂ-ਕਸ਼ਮੀਰ ਨੂੰ ਕੇਂਦਰ ਸ਼ਾਸ਼ਤ ਰਾਜ ਦਾ ਦਰਜਾ ਦੇਣ ਸਮੇਂ ਬੀ ਜੇ ਪੀ ਦਾ ਸਾਥ ਦਿੱਤਾ।

ਭਾਰਤ ਦਾ ਇਹ ਵਿਕਾਸ ਜ਼ਮੀਨੀ ਹਕੀਕਤਾਂ ਨਾਲ ਮੇਲ ਨਹੀ ਖਾਂਦਾ। ਜ਼ਮੀਨੀ ਹਕੀਕਤਾਂ ਬਿਲਕੁਲ ਇਸਦੇ ਉਲਟ ਦਰਸਾ ਰਹੀਆਂ ਹਨ। ਕਾਰਪੋਰੇਟ ਖੇਤਰ ਅਤੇ ਬਹੁ-ਰਾਸ਼ਟਰੀ ਕੰਪਨੀਆਂ ਦੇ ਸਿਵਾਏ ਸਮਾਜ ਦਾ ਹਰ ਵਰਗ ਇਸ ਡੂੰਗੇ ਹੋ ਰਹੇ ਆਰਥਕ ਸੰਕਟ ਤੋਂ ਪੀੜਤ ਹੈ।ਇਨ੍ਹਾਂ ਲੋਕ ਵਿਰਧੀ ਨੀਤੀਆਂ ਵਿਰੁੱਧ ਲੋਕ ਰੋਸ ਪ੍ਰਗਟ ਕਰ ਰਹੇ ਹਨ।

ਖਾਦਾਂ ਅਤੇ ਕੀੜੇਮਾਰ ਦਵਾਈਆਂ ਅਤੇ ਹੋਰ ਵਸਤਾਂ ਦੀਆਂ ਉਚੀਆਂ ਲਾਗਤਾਂ ਦੇ ਕਾਰਨ ਖੇਤੀ ਕੋਈ ਲਾਹੇਵੰਦ ਧੰਦਾ ਨਹੀ ਰਿਹਾ।ਘੱਟੋ-ਘੱਟ ਸਮਰਥਨ ਮੁੱਲ ਕਾਫੀ ਨਾ ਹੋਣ ਅਤੇ ਸਮੇਂ ਦੀਆਂ ਸਰਕਾਰਾਂ ਵਲੋਂ ਐਮ ਐਸ ਪੀ ਦੀ ਗਰੰਟੀ ਨਾ ਦੇਣ ਦੇ ਦੇ ਕਾਰਨ ਇਹ ਧੰਦਾ ਹੋਰ ਸੰਕਟ ਵਿੱਚ ਜਾ ਰਿਹਾ ਹੈ।

ਭਾਰਤ ਦੀ ਮਜਦੂਰ ਜਮਾਤ ਜੀਵਨ ਦੀਆਂ ੳੱਚੀਆਂ ਕੀਮਤਾਂ, ਸਨਅਤਾਂ ਦੇ ਬੰਦ ਹੋਣ ਕਾਰਨ ਵੱਧ ਰਹੀ ਬੇਰੋਜਗਾਰੀ ਅਤੇ ਘੱਟ ਰਹੀਆਂ ਉਜਰਤਾਂ ਦੇ ਕਾਰਨ ਦੱਬੀ ਜਾ ਰਹੀ ਹੈ।ਕਾਮੇ ਗੈਰ-ਮਿਆਰੀ ਅਤੇ ਗੈਰ-ਮਨੁੱਖੀ ਹਾਲਤਾਂ ਅੰਦਰ ਗੰਦੀਆਂ ਕਲੋਨੀਆਂ ਵਿੱਚ ਰਹਿਣ ਲਈ ਮਜ਼ਬੂਰ ਹਨ।

ਇਸ ਗੱਲ 'ਤੇ ਵੀ ਡੂੰਘੀ ਚਿੰਤਾ ਪ੍ਰਗਟਾਈ ਗਈ ਕਿ ਸਰਕਾਰ ਇਜਾਰੇਦਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਕਿਰਤ ਕਨੂੰਨਾਂ ਵਿੱਚ ਮਜਦੂਰ ਵਿਰੋਧੀ ਸੋਧਾਂ ਰਾਂਹੀ ਉਨ੍ਹਾਂ ਨੂੰ ਚਾਰ ਕੋਡਾਂ ਵਿੱਚ ਬਦਲ ਰਹੀ ਹੈ। ਮਜ਼ਦੂਰਾਂ ਦੇ ਟਰੇਡ ਯੂਨੀਅਨਾਂ ਬਨਾਉਣ ਦੇ ਅਧਿਕਾਰ, ਸਮਸਿਆਂਵਾ ਦੇ ਹੱਲ ਲਈ ਅਦਾਲਤ ਜਾਣ ਦਾ ਅਧਿਕਾਰ, ਅੱਠ ਘੰਟਿਆਂ ਦੀ ਕੰਮ ਦਿਹਾੜੀ,ਘੱਟੋ-ਘੱਟ ਉਜਰਤ ਨੀਯਤ ਕਰਨ ਆਦਿ ਦੇ ਅਧਿਕਾਰ ਤੋਂ ਵਾਂਝੇ ਕੀਤਾ ਜਾ ਰਿਹਾ ਹੈ।

ਵਿਸ਼ਵੀਕਰਨ ਦੀਆਂ ਨੀਤੀਆਂ ਅਧੀਨ ਦੇਸ਼ ਦੇ ਕੁੰਜੀਵਤ ਅਦਾਰਿਆਂ ਜਿਵੇਂ ਡੀਫੈਂਸ, ਰੇਲਵੇ, ਬੀਮਾਂ, ਸੰਚਾਰ ਮਾਧਿਅਮ, ਹਵਾਈ ਸੇਵਾ ਆਦਿ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਉੱਤਸ਼ਾਹਿਤ ਕੀੱਤਾ ਜਾ ਰਿਹਾ ਹੈ।

ਬੀ ਜੇ ਪੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਕੇਂਦਰੀ ਏਜੰਸੀਆਂ ਦੀ ਦੁਰ ਵਰਤੋਂ ਕਰਕੇ ਗੈਰ-ਜਮਹੂਰੀ ਅਤੇ ਅਣ-ਉਚਿੱਤ ਢੰਗਾ ਨਾਲ ਵਿਰੋਧੀ ਧਿਰ ਦੀਆਂ ਸਰਕਾਰਾਂ ਨੂੰ ਗਿਰਾ ਰਹੀ ਹੈ।ਖੁਦ-ਮੁਖਤਿਆਰ ਸੰਸਥਾਵਾਂ ਦੀ ਖੁਦ-ਮੁਖਤਿਆਰੀ ਨੂੰ ਕਮਜੋਰ ਬਣਾ ਰਹੀ ਹੈ।

ਹਾਕਮ ਜਮਾਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੁਕਾਬਲਾ ਕਰਨ ਅਤੇ ਦੇਸ਼ ਅੰਦਰ ਅਸਲ ਲੋਕ ਜਮਹੁਰੀਅਤ ਦੀ ਸਥਾਪਨਾ ਕਰਨ ਵਿੱਚ ਅਸਲ ਭੂਮਿਕਾ ਨਿਭਾਉਣ ਵਾਲੀਆਂ ਜਮਹੂਰੀ ਅਤੇ ਖੱਬੀਆਂ ਪਾਰਟੀਆਂ ਅੱਜ ਕਮਜੋਰ ਪੈ ਚੁੱਕੀਆਂ ਹਨ।ਜਮਾਤੀ ਸੰਘਰਸ਼ਾਂ ਦੀ ਥਾਂ ਪਾਰਲੀਮਾਨੀ ਜਮਹੂਰੀਅਤ ਨੂੰ ਅਹਿਮੀਅਤ ਦੇ ਰਹੀਆਂ ਹਨ। ਇਹੋ ਕਾਰਨ ਹੈ ਅੱਜ ਦੇਸ਼ ਦੀ ਖੱਬੇ ਪੱਖੀ ਲਹਿਰ ਪਾਰਲੀਮਾਨੀ ਕੁਰਾਹੇ ਦਾ ਸ਼ਿਕਾਰ ਹੋ ਗਈ ਹੈ।

ਏਂਜਲਜ਼ ਨੇ ਸਰਬਵਿਆਪਕ ਵੋਟ ਦੇ ਅਧਿਕਾਰ ਨੂੰ ਬੁਰਜੂਆਜੀ ਰਾਜ ਦਾ ਇੱਕ ਹਥਿਆਰ ਦਸਿਆ ਹੈ। ਅਸੀਂ ਹੁਣ ਤੱਕ ਦੇਖਿਆਂ ਹੈ ਕਿ ਕਿਸੇ ਵੀ ਸਤ੍ਹਾ ਤੇ ਕਾਬਜ਼ ਪਾਰਟੀ ਨੈ ਕੁੱਲ ਰਜਿਸਟਰਡ ਵੋਟਾਂ ਦਾ ਤਾਂ ਕੀ ਪੋਲ ਹੋਈਆਂ ਵੋਟਾਂ ਦਾ ਕਦੀ ਵੀ 50% ਵੋਟਾਂ ਹਾਸਲ ਨਹੀ ਕੀਤੀਆਂ। ਸੰਨ 2014 ਦੀਆਂ ਲੋਕ ਸਭਾ ਚੋਣਾਂ ਅੰਦਰ ਬੀ ਜੇ ਪੀ ਨੇ ਪੋਲ ਹੋਈਆਂ ਵੋਟਾਂ ਦਾ 31% ਕਰਕੇ ਲੋਕ ਸਭਾ ਦੀਆਂ 543 ਸੀਟਾਂ ਵਿਚੋਂ 282 ਸੀਟਾਂ ਪ੍ਰਾਪਤ ਕੀਤੀਆਂ ਇਸੇ ਤਰ੍ਹਾਂ 2019 ਦੀਆਂ ਚੋਣਾਂ ਅੰਦਰ ਪੋਲ ਹੋਈਆਂ ਵੋਟਾਂ ਦਾ 37.36% ਵੋਟ ਲੈਕੇ 303 ਸੀਟਾਂ ਪ੍ਰਾਪਤ ਕੀਤੀਆਂ ਜਦੋਂ ਕਿ ਕਾਂਗਰਸ ਨੇ 19.51% ਵੋਟ ਲੈਕੇ 52 ਸੀਟਾਂ ਪ੍ਰਾਪਤ ਕੀਤੀਆਂ। ਜੇ ਵੋਟ ਪ੍ਰਤੀਸ਼ਤ ਦੇਖੀ ਜਾਵੇ ਤਾਂ ਕਾਂਗਰਸ ਨੇ ਬੀ ਜੇ ਪੀ ਨਾਲੋਂ ਅਧੀਆਂ ਵੋਟਾਂ ਹਾਸਲ ਕੀਤੀਆਂ ਤਾਂ ਉਸਨੂੰ ਸੀਟਾਂ ਵੀ ਬੀ ਜੇ ਪੀ ਤੋਂ ਅਧੀਆਂ ਮਿਲਨੀਆਂ ਚਾਹੀਦੀਆਂ ਸਨ।

ਪਾਰਟੀ ਦੇ ਸੂਬਾਈ ਅਜਲਾਸ ਮੌਕੇ ਸੂਬਾਈ ਹਾਲਤ ਬਾਰੇ ਵੀ ਬਹੁਤ ਹੀ ਸਾਰਥਕ ਅਤੇ ਚਰਚਾ ਹੋਈ। ਇਸ ਚਰਚਾ ਦੌਰਾਨ ਇੱਕ ਇੱਕ ਕਰਕੇ ਤਕਰੀਬਨ ਸਾਰੀਆਂ ਪਰਤਾਂ ਖੋਲੀਆਂ ਗਈਆਂ। 

ਪੰਜਾਬ ਦੀ ਸੂਬਾਈ ਹਾਲਤ ਦੇਸ਼ ਨਾਲੋਂ ਕੋਈ ਵੱਖਰੀ ਨਹੀ ਹੈ। ਜੋ ਨੀਤੀਆਂ ਕੇਂਦਰ ਸਰਕਾਰ ਦੇਸ਼ ਅੰਦਰ ਲਾਗੂ ਕਰ ਰਹੀ ਹੈ ਉਨ੍ਹਾਂ ਹੀ ਨੀਤੀਆਂ ਉਪੱਰ ਪੰਜਾਬ ਸਰਕਾਰ ਪੰਜਾਬ ਅੰਦਰ ਲਾਗੂ ਕਰ ਰਹੀ ਹੈ। ਪਹਿਲਾਂ ਅਕਾਲੀ ਦਲ ਦੇ 10 ਸਾਲਾ ਰਾਜ ਅੰਦਰ ਅਤੇ ਬਾਅਦ ਵਿੱਚ 2017 ਤੋਂ 2022 ਤੱਕ ਕਾਂਗਰਸ ਦੇ ਰਾਜ ਅੰਦਰ ਪੰਜਾਬ ਦੇ ਵਿਕਾਸ ਲਈ ਕੋਈ ਪਾਏਦਾਰ ਕੰਮ ਨਹੀ ਹੋਇਆਂ।ਜਮਹੂਰੀ ਕਦਰਾਂ ਕੀਮਤਾਂ ਨੂੰ ਲਤਾੜਕੇ ਨਿੱਜੀ ਮੁਫਾਦ ਲਈ ਕੰਮ ਹੋਏ।

ਪੰਜਾਬ ਦਾ ਗੈਰ-ਸਨਅਤੀਕਰਣ ਹੋਣ ਨਾਲ ਮਜਦੂਰਾਂ ਅੰਦਰ ਬੇਰੁਜਗਾਰੀ ਵੱਧਦੀ ਗਈ। ਬਹੁਤੀ ਸਨਅਤ ਪੰਜਾਬ ਤੋਂ ਬਾਹਰ ਚਲੀ ਗਈ। ਪੰਜਾਬ ਅੰਦਰ ਰੋਜ਼ਗਾਰ ਦੇ ਨਵੇਂ ਸਾਧਨ ਪੈਦਾ ਕਰਨ ਦੇ ਕੋਈ ਉੱਪਰਾਲੇ ਨਹੀ ਕੀਤੇ ਗਏ। ਬਹੁਤ ਸਾਰੇ ਅਦਾਰੇ ਨਿੱਜੀ ਹੱਥਾਂ ਵਿੱਚ ਦੇ ਦਿੱਤੇ ਗਏ।

ਅਮਨ ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਆਊਣ ਦੀ ਥਾਂ ਹਾਲਾਤ ਵਿਗੜਦੇ ਜਾ ਰਹੇ ਹਨ{ ਵੱਖ ਵੱਖ ਤਰ੍ਹਾਂ ਦੇ ਮਾਫੀਆ ਗਰੋਹ ਪੈਦਾ ਹੋ ਗਏ ਹਨ, ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਖੋਰਾ ਲਗਦਾ ਜਾ ਰਿਹਾ ਹੈ।ਸਮਾਜ ਦਾ ਹਰ ਵਰਗ ਇਨ੍ਹਾਂ ਸਰਕਾਰਾਂ ਦੀਆਂ ਇਨ੍ਹਾਂ ਨੀਤੀਆਂ ਅਤੇ ਕੰਮ ਕਰਨ ਦੇ ਢੰਗਾਂ ਤੋਂ ਦੁੱਖੀ ਹੈ।

ਗੈਰ-ਕਾਨੂੰਨੀ ਨਸ਼ਿਆਂ ਦੀ ਤਸਕਰੀ ਅਤੇ ਵਿਕਰੀ ਬੇਰੋਕ ਟੋਕ ਰਹੀ ਸੀ। ਨੌਜਵਾਨ ਨਸ਼ਿਆਂ ਦੀ ਵਰਤੋਂ ਕਾਰਨ ਮਰ ਰਹੇ ਸਨ।ਨਕਲੀ ਸ਼ਰਾਬ ਦਾ ਧੰਦਾ ਵੀ ਬਦਸਤੂਰ ਜਾਰੀ ਸੀ ਜਿਸ ਵਿੱਚ ਹਾਕਮ ਜਮਾਤਾਂ ਦੇ ਨੇਤਾਵਾਂ ਦੇ ਨਾ ਵੀ ਬੋਲਦੇ ਸਨ। ਸਰਕਾਰੀ ਆਮਦਨ ਵਧਾਉਣ ਦੇ ਨਾਂ ਹੇਠ ਸ਼ਰਾਬ ਦੀ ਵਿਕਰੀ ਵਧਾਉਣ ਲਈ ਠੇਕਿਆਂ ਦੀ ਗਿਣਤੀ ਹਰ ਸਾਲ ਵਧਾ ਦਿੱਤੀ ਜਾਂਦੀ ਹੈ।

ਲੋਕ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਤੋਂ ਬਹੁਤ ਦੁਖੀ ਸਨ ਅਤੇ ਕਿਸੇ ਬਦਲ ਦੀ ਤਲਾਸ਼ ਵਿੱਚ ਸਨ। ਖੱਬੇ-ਪੱਖੀ ਪਾਰਟੀਆਂ ਕਮਜ਼ੋਰ ਸਨ ਅਤੇ ਉਹ ਕੋਈ ਸਾਰਥਕ ਬਦਲ ਨਹੀ ਦੇ ਸਕੀਆਂ। ਸੰਯੁਕਤ ਕਿਸਾਨ ਮੌਰਚੇ ਦੀ ਕਿਸਾਨ ਵਿਰੋਧੀ ਤਿੰਨ ਕਾਲੇ ਕਨੂੰਨ ਵਾਪਸ ਕਰਵਾਉਣ ਦੀ ਲਾ ਮਿਸਾਲੀ ਜਿੱਤ ਤੋਂ ਬਾਅਦ ਸੰਯੁਕਤ ਸਮਾਜ ਮੋਰਚਾ ਨਾਂ ਦੀ ਬਣੀ ਪਾਰਟੀ ਪੰਜਾਬ ਅੰਦਰ ਇੱਕ ਸਾਰਥਕ ਬਦਲ ਦੇਣ ਦੇ ਸਮਰਥ ਸੀ ਪ੍ਰੰਤੂ ਇਸਦਾ ਅੰਤਰ ਵਿਰੋਧ ਇਸਨੂੰ ਲੈ ਡੁੱਬਾ।

ਚੋਣਾਂ ਦੌਰਾਨ ਸਾਰੀਆਂ ਰਵਾਇਤੀ ਪਾਰਟੀਆਂ ਨੇ ਲੋਕਾਂ ਨੂੰ ਬਹੁਤ ਸਬਜ਼ਬਾਗ ਦਿਖਾਏ ਅਤੇ ਨਾ ਪੂਰੇ ਹੋ ਸਕਣ ਵਾਲੇ ਵਾਅਦੇ ਅਤੇ ਰਿਆਇਤਾਂ ਦੇਣ ਦਾ ਖੁੱਲ ਕੇ ਪ੍ਰਚਾਰ ਕੀਤਾ।ਲੋਕਾਂ ਨੂੰ ਭਰਮਾਉਣ ਵਿੱਚ ਆਮ ਆਦਮੀ ਪਾਰਟੀ ਸੱਭ ਤੋਂ ਮੁਹਰੇ ਸੀ।ਵੋਟਾਂ ਬਟੋਰਨ ਲਈ ਇਸਨੇ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ।

ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਅੰਦਰ 117 ਸੀਟਾਂ ਵਿਚੋਂ 92 ਸੀਟਾਂ ਹਾਸਲ ਕਰਕੇ ਬੁਰਜੂਆ ਪਾਰਲੀਮਾਨੀ ਚੋਣਾਂ ਵਿੱਚ ਰਿਕਾਰਡ ਸੀਟਾਂ ਹਾਸਲ ਕੀਤੀਆਂ।

ਇਨ੍ਹਾਂ ਚੋਣਾਂ ਅੰਦਰ ਨੇਤਾਵਾਂ ਦੀ ਦਲ ਬਦਲੀ ਨੇ ਪਿੱਛਲੇ ਸਾਰੇ ਰਿਕਾਰਡ ਤੋੜ ਦਿੱਤੇ। ਸੱਭ ਤੋਂ ਵੱਧ ਦਲ ਬਦਲੂ ਆਮ ਆਦਮੀ ਪਾਰਟੀ ਨੇ ਸ਼ਾਮਲ ਕੀਤੇ।ਉਮੀਦਵਾਰਾਂ ਦਾ ਕਿਰਦਾਰ ਨਹੀ ਦੇਖਿਆ ਗਿਆ ਕੇਵਲ ਜਿੱਤ ਨੂੰ ਹੀ ਪਹਿਲ ਦਿੱਤੀ ਗਈ।ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਵਿਚੋਂ 52 ਅਪਰਾਧੀ ਜਾਂ ਅਪਰਧਿਕ ਪਿੱਛੋਕੜ ਵਾਲੇ ਹਨ।

ਆਮ ਆਦਮੀ ਪਾਰਟੀ, ਸ੍ਰੋਮਣੀ ਅਕਾਲੀ ਦਲ ਅਤੇ ਬੀ ਜੇ ਪੀ ਵਿਚਕਾਰ ਜਮਾਤੀ ਤੌਰ ਤੇ ਕੋਈ ਫਰਕ ਨਹੀ ਹੈ। ਆਰਥਿਕ ਤੇ ਰਾਜਸੀ ਸੱਭਿਆਚਾਰ ਤਿੰਨਾਂ ਦਾ ਲਗ-ਪਗ ਇੱਕੋ ਜਿਹਾ ਹੈ। ਇਨ੍ਹਾਂ ਦੀ ਪ੍ਰਮੁੱਖ ਲੀਡਰਸ਼ਿਪ ਜਗੀਰਦਾਰੀ ਤੇ ਸਰਮਾਏਦਾਰੀ ਵਿਚੋਂ ਹੈ। ਇਜਾਰੇਦਾਰ ਕਾਰਪੋਰੇਟ ਘਰਾਣਿਆ ਦੀ ਸਮਰਥਕ ਹੈ।

ਪਾਰਟੀ ਅਜਲਾਸ ਵਿਚ ਹੋਈ ਬਹਿਸ ਦੌਰਾਨ ਸਪਸ਼ਟ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਵਾਲੀ ਸਰਕਾਰ ਦੀ ਸ਼ੁਰੂਆਤ ਕੋਈ ਵਧੀਆ ਨਹੀ ਹੋਈ। ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਪਿੱਛੇ ਹਟਣ ਲਗੀ।ਇਸਦੀ ਕਾਰਗੁਜਾਰੀ ਤਿੰਨ ਮਹੀਨਿਆਂ ਵਿੱਚ ਹੀ ਪਤਾ ਲੱਗ ਗਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਛੱਡੀ ਸੰਗਰੂਰ ਪਾਰਲੀਮਾਨੀ ਸੀਟ ਦੀ ਹੋਈ ਉੱਪ ਚੋਣ ਆਮ ਆਦਮੀ ਪਾਰਟੀ ਹਾਰ ਗਈ।ਭਸ਼ਿਟਾਚਾਰ ਵਿਰੋਧੀ ਮੁਹਿੰਮ ਆਪਣੇ ਹੀ ਇੱਕ ਮੰਤਰੀ ਨੂੰ ਬਰਖਾਸਤ ਕਰਨ ਅਤੇ ਉਸਨੂੰ ਜੇਲ੍ਹ ਭੇਜਣ ਤੋਂ ਬਾਅਦ ਠੁਸ ਹੋਕੇ ਰਹਿ ਗਈ।ਭਰਿਸ਼ਟਾਚਾਰ ਵਿੱਚ ਇਸਦੇ ਆਪਣੇ ਕਈ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਂ ਬੋਲਦੇ ਹਨ।ਉਨ੍ਹਾਂ ਉੱਪਰ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ।

ਮਾਫੀਆ ਗਰੋਹ ਖਾਸ ਕਰਕੇ ਰੇਤ ਮਾਫੀਆ ਫਿਰ ਸਰਗਰਮ ਹੋ ਗਏ ਹਨ। ਰੇਤਾ ਜਿਹੜਾ ਸਰਕਾਰ 9-10 ਰੁਪਏ ਫੁੱਟ ਦੇਣ ਦੀ ਗੱਲ ਕਰਦੀ ਸੀ ਅੱਜ 35-40 ਰੁਪਏ ਘਣ ਫੁੱਟ ਨੂੰ ਮਿਲਦਾ ਹੈ।ਸਮਾਜ ਦਾ ਹਰ ਵਰਗ ਆਪਣੀਆਂ ਹੱਕੀ ਮੰਗਾ ਅਤੇ ਸਰਕਾਰ ਵਲੋਂ ਚੋਣਾ ਦੌਰਾਨ ਕੀਤੇ ਵਾਅਦੇ ਲਾਗੂ ਕਰਵਾਉਣ ਲਈ ਸੜਕਾਂ ਉਪੱਰ ਉਤੱਰਿਆ ਹੋਇਆ ਹੈ।

ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਅੱਤ ਭੈੜੀ ਹੈ। ਹਰ ਰੋਜ ਕਿਤੇ ਨਾਂ ਕਿਤੇ ਕਤਲ, ਲੁੱਟ ਖੋਹ ਅਤੇ ਫਿਰੌਤੀ ਦੀਆਂ ਘੱਟਨਾਵਾਂ ਵਾਪਰਦੀਆਂ ਹਨ।ਨਸ਼ੇ ਦੀ ਤਸਕਰੀ ਪਹਿਲਾਂ ਨਾਲੋ ਵੱਧ ਗਈ ਹੈ ਅਤੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਨੌਜਵਾਨੀ ਤਬਾਹ ਕਰਨ ਲਈ ਜਰੂਰੀ ਵਸਤਾਂ ਦੀਆਂ ਕੀਮਤਾਂ ਘਟਾਉਣ ਦੀ ਥਾਂ ਸ਼ਰਾਬ ਸਸਤੀ ਕਰ ਦਿੱਤੀ ਜਿਸ ਨਾਲ ਇਸਦੀ ਖਪਤ ਪਹਿਲਾਂ ਨਾਲੋਂ ਵੱਧ ਗਈ ਹੈ।ਨਸ਼ਿਆਂ ਤੇ ਲਗੇ ਨੌਜਵਾਨ ਲੁੱਟਾਂ, ਖੋਹਾਂ ਅਤੇ ਕਤਲਾਂ ਨੂੰ ਅੰਜਾਮ ਦੇ ਰਹੇ ਹਨ।ਗੈਂਗਸਟਰ ਬੇਖੌਫ ਫਿਰ ਰਹੇ ਹਨ।

ਵੱਖਵਾਦੀ ਅਤੇ ਮੂਲਵਾਦੀ ਤੱਤ ਪੰਜਾਬ ਅੰਦਰ ਫਿਰ ਸਰਗਰਮੀ ਦਿਖਾ ਰਹੇ ਹਨ ਅਤੇ ਸੂਬੇ ਅੰਦਰ ਮੁੜ ਖਾੜਕੂਵਾਦ ਸਮੇਂ ਦਾ ਮਹੌਲ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪਾਣੀਆਂ ਤੇ ਸਤਲੁਜ-ਯਮੁਨਾ ਲੰਿਕ ਨਹਿਰ ਦਾ ਮੁੱਦਾ ਫਿਰ ਉਭਾਰ ਕੇ ਪੰਜਾਬ ਦੀ ਫਿਰਕੂ ਤੇ ਭਾਈ ਚਾਰਕ ਸਾਂਝ ਅਤੇ ਅਮਨ ਸ਼ਾਂਤੀ ਨੂੰ ਭੰਗ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਪਾਰਟੀ ਅਤੇ ਇਸਦੀਆਂ ਜਨਤੱਕ ਜੱਥੇਬੰਦੀਆਂ

ਪਿਛਲੀ ਚੌਥੀ ਪਾਰਟੀ ਕਾਨਫਰੰਸ ਤੋਂ ਬਾਅਦ ਸੂਬਾ ਕਮੇਟੀ ਦੀਆਂ ਮੀਟਿੰਗਾਂ ਲਗਾਤਾਰ ਬਾਕਾਇਦਾ ਹੁੰਦੀਆਂ ਰਹੀਆਂ ਹਨ।ਸੂਬਾ ਕਮੇਟੀ ਮੀਟਿੰਗਾਂ ਵਿੱਚ ਮੈਂਬਰਾਂ ਦੀ ਹਾਜ਼ਰੀ ਤਸੱਲੀ ਬਖਸ਼ ਰਹੀ ਹੈ ਸਿਵਾਏ ਅਖੀਰਲੀਆਂ ਦੋ ਤਿੰਨ ਮੀਟਿੰਗਾਂ ਦੇ।

ਪਿਛਲੀ ਪਾਰਟੀ ਕਾਂਗਰਸ ਤੋਂ ਬਾਅਦ ਐਮ ਸੀ ਪੀ ਆਈ (ਯੂ) ਨੇ ਨਾਂ ਹੀ ਸੁਤੰਤਰ ਰੂਪ ਵਿੱਚ ਅਤੇ ਨਾਂ ਹੀ ਕਿਸੀ ਦੂਸਰੀ ਖੱਬੀ ਪਾਰਟੀ ਨਾਲ ਮਿਲਕੇ ਕੋਈ ਐਕਸ਼ਨ ਕੀਤਾ ਹੈ।ਪ੍ਰੰਤੁ ਪਾਰਟੀ ਨਾਲ ਗੈਰ-ਸਬੰਧਤ ਜਥੇਬੰਦੀਆਂ ਵਿੱਚ ਪਾਰਟੀ ਮੈਂਬਰ ਸਰਗਰਮ ਭੂਮਿਕਾ ਨਿਭਾਊਂਦੇ ਰਹੇ ਅਤੇ ਪਾਰਟੀ ਲਾਈਨ ਦਾ ਪ੍ਰਚਾਰ ਕਰਦੇ ਆ ਰਹੇ ਹਨ। ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਹਾਲਾਤ ਮੁਤਾਬਕ ਪਾਰਟੀ ਦਾ ਸਟੈਂਡ ਸ਼ਪਸ਼ਟ ਜਰੂਰ ਕੀਤਾ ਜਾਂਦਾ ਰਿਹਾ ਸੀ।

ਪਿਛਲੇ ਸਮੇਂ ਦੌਰਾਨ ਪਾਰਟੀ ਮੈਂਬਰਸ਼ਿਪ ਵਿੱਚ ਗਿਰਾਵਟ ਆਈ ਹੈ। ਜਿਹੜੇ ਸਰਗਰਮ ਸਾਥੀ ਵਿਛੋੜਾ ਦੇ ਗਏ ਉਨ੍ਹਾਂ ਦੀ ਥਾਂ ਪੂਰੀ ਨਹੀ ਹੋ ਸਕੀ।ਸਾਡੇ ਇੱਕ ਸੂਬਾ ਕਮੇਟੀ ਮੈਂਬਰ ਸਾਥੀ ਸੁਰਿੰਦਰ ਸਿੰਘ ਸ਼ਹਿਜ਼ਾਦ ਦੇ ਅਕਾਲ ਚਲਾਣੇ ਕਾਰਨ ਪਾਰਟੀ ਨੂੰ ਨਾ ਪੂਰਾ ਹੋ ਸਕਣ ਵਾਲਾ ਘਾਟਾ ਪਿਆ ਅਤੇ ਪਾਰਟੀ ਨੂੰ ਜਥੇਬੰਦਕ ਤੌਰ ਤੇ ਬਹੁਤ ਘਾਟਾ ਪਿਆ।

ਇੱਕ ਹੋਰ ਸਾਥੀ ਲੱਖਵਿੰਦਰ ਸਿੰਘ ਬੁਆਣੀ ਸੂਬਾ ਕਮੇਟੀ ਮੈਂਬਰ ਅਤੇ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੀ ਪੰਜਾਬ ਇੱਕਾਈ ਪ੍ਰਧਾਨ ਅਤੇ ਬਹੁਤ ਹੀ ਸਰਗਰਮ ਸਾਥੀ ਦੇ ਲਾ-ਇਲਾਜ ਬਿਮਾਰੀ ਜਿਸ ਕਾਰਨ ਦੋਵੇਂ ਪੈਰ ਨੁਕਸਾਨੇ ਗਏ, ਪਿੱਛਲੇ ਕਾਫੀ ਸਮੇਂ ਤੋਂ ਬਿਸਤਰ ਤੇ ਪਏ ਹੋਣ ਕਾਰਨ ਪਾਰਟੀ ਅਤੇ ਏ ਆਈ ਕੇ ਐਫ ਨੂੰ ਬਹੁਤ ਘਾਟੇ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ।

ਟਰੇਡ ਯੂਨੀਅਨ ਫਰੰਟ (ਏ ਆਈ ਸੀ ਟੀ ਯੂ) ਉਤੇ ਕੰਮ ਕਰਦੇ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਸਾਥੀ ਮਲਕੀਤ ਸਿੰਘ (ਮਾਸਟਰ ਜੀ) ਦੇ ਕੈਨਟਡਾ ਚਲੇ ਜਾਣ ਅਤੇ ਉਥੇ ਉਨ੍ਹਾਂ ਦੇ ਸਦੀਵੀ ਵਿੱਛੋੜੇ ਕਾਰਨ ਭਾਂਵੇ ਉਹ ਉਥੇ ਜਾਕੇ ਵੀ ਕਮਿਊਨਿਸਟ ਪਾਰਟੀ ਵਿੱਚ ਕੰਮ ਕਰਦੇ ਰਹੇ, ਪਾਰਟੀ ਅਤੇ ਟਰੇਡ ਯੂਨੀਅਨ ਸਰਗਰਮੀ ਬਹੁਤ ਨੁਕਸਾਨ ਪੁੱਜਾ ਹੈ।

ਸੂਬਾ ਕਮੇਟੀ ਮੈਂਬਰ ਅਤੇ ਟਰੇਡ ਯੂਨੀਅਨ ਆਗੂ ਸਾਥੀ ਬਾਲ ਕ੍ਰਿਸ਼ਨ, ਰਾਜਪੁਰੇ ਤੋਂ ਸੂਬਾ ਕਮੇਟੀ ਅਤੇ ਕੇਂਦਰੀ ਕਮੇਟੀ ਮੈਂਬਰ ਸਾਥੀ ਪ੍ਰੇਮ ਸਿੰਘ ਨਨਵਾ ਅਤੇ ਸੂਬਾ ਕਮੇਟੀ ਸਕੱਤਰ ਤੇ ਮੈਂਬਰ ਕੇਂਦਰੀ ਕਮੇਟੀ ਸਾਥੀ ਪਵਨ ਕੁਮਾਰ ਕੌਸ਼ਲ ਦੇ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਰਹਿਣ ਅਤੇ ਗੈਰ- ਸਰਗਰਮ ਰਹਿਣ ਕਾਰਨ ਪਾਰਟੀ ਦੀ ਸਰਗਰਮੀ ਨੂੰ ਢਾਹ ਲੱਗ ਰਹੀ ਹੈ।

ਪਾਰਟੀ ਨੇ ਉਪਰੋਕਤ ਸਾਥੀਆਂ ਦੀ ਗੈਰ-ਸਰਗਰਮੀ ਨੂੰ ਦੂਰ ਕਰਨ ਅਤੇ ਪਾਰਟੀ ਨੂੰ ਮੁੜ ਸਰਗਰਮ ਕਰਨ ਲਈ ਉਨ੍ਹਾਂ ਦਾ ਕੋਈ ਬਦਲ ਤਿਆਰ ਕਰਨ ਤੋਂ ਅਸਮਰਥ ਰਹਿਣਾ ਪਾਰਟੀ ਦੀ ਜੱਥੇਬੰਦਕ ਕਮਜੋਰੀ ਦਾ ਵੱਡਾ ਕਾਰਨ ਬਣਦਾ ਹੈ, ਜਿਸਦਾ ਅਸਰ ਇਸਦੀਆਂ ਜਨਤਕ ਜਥੇਬੰਦੀਆਂ ਉਪੱਰ ਵੀ ਪੈ ਰਿਹਾ ਹੈ।

ਪਾਰਟੀ ਨੂੰ ਪਾਰਟੀ ਪ੍ਰੋਗਰਾਮ ਮੁਤਾਬਕ ਇਨਕਲਾਬੀ ਲੀਹਾਂ ਉਪੱਰ ਉਸਾਰਨ ਲਈ ਪੰਜਾਬ ਅੰਦਰ ਸਖਤ ਮਿਹਨਤ ਅਤੇ ਇੱਛਾ ਸ਼ਕਤੀ ਦੀ ਲੋੜ ਹੈ ਤਾਂ ਜੋ ਪਾਰਟੀ ਨੂੰ ਪਾਰਟੀ ਨੂੰ ਸੁਤੰਤਰ ਸਰਗਰਮੀ ਕਰਨ ਦੇ ਮੁੜ ਯੋਗ ਬਣਾਇਆ ਜਾ ਸਕੇ।

ਐਮ ਸੀ ਪੀ ਆਈ (ਯੂ) ਦੀ ਪੰਜਾਬ ਇਕਾਈ ਪਾਰਟੀ ਦੀ ਕੇਂਦਰੀ ਕਮੇਟੀ ਦੀ ਲਾਈਨ ਮੁਤਾਬਕ ਸਿਧਾਂਤਕ ਤੌਰ ਤੇ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੀ ਏਕਤਾ ਲਈ ਹਰ ਸੰਭਵ ਯਤਨ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ।

ਜਨਤਕ  ਜੱਥੇਬੰਦੀਆਂ ਬਾਰੇ ਵੀ ਇਸ ਅਜਲਾਸ ਦੌਰਾਨ ਖੁੱਲ੍ਹ ਕੇ ਚਰਚਾ ਹੋਈ। ਇਹ ਗੱਲ ਗੰਭੀਰਤਾ ਨਾਲ ਵਿਚਾਰੀ ਗਈ ਕਿ ਕੁੱਲ ਹਿੰਦ ਕਿਸਾਨ ਫੈਡਰੇਸ਼ਨ:- ਕੁੱਲ ਹਿੰਦ ਕਿਸਾਨ ਫੈਡਰੇਸ਼ਨ ਆਪਣੇ ਸਮਰਥਾ ਮੁਤਾਬਕ ਸਰਗਰਮ ਰਹੀ ਹੈ। ਰਾਜਪੁਰਾ ਸੀਲ ਕੈਮੀਕਲਜ਼ ਦੁਆਰਾ ਅਧਿਿਗ੍ਰਹਣ ਕੀਤੀ ਗਈ ਜ਼ਮੀਨ ਵਿੱਚੋਂ ਅਣ-ਵਰਤੀ ਪਈ ਜ਼ਮੀਨ ਕਿਸਾਨਾਂ ਨੂੰ ਵਾਪਸ ਦਵਾਉਣ ਲਈ ਜ਼ਮੀਨ ਵਾਪਸੀ ਸੰਘਰਸ਼ ਕਮੇਟੀ ਦੇ ਨਾਂ ਹੇਠ ਜਿਸਦੀ ਅਗਵਾਈ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਕਰ ਰਹੀ ਹੈ, ਦਾ ਸੰਘਰਸ਼ ਜਾਰੀ ਰਖਿਆ ਹੋਇਆ ਹੈ।

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨ ਜਿਨ੍ਹਾਂ ਅਧੀਨ ਕਿਸਾਨਾਂ ਦੀ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਰਾਹ ਸਾਫ ਹੁੰਦਾ ਸੀ ਵਿਰੁੱਧ ਵੱਖ ਵੱਖ ਕਿਸਾਨ ਜਥੱੇਬੰਦੀਆਂ ਵਲੋਂ ਬਣਾਏ “ਸੰਯੁਕਤ ਕਿਸਾਨ ਮੋਰਚਾ” ਜਿਸਦਾ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਇੱਕ ਮਹਤਵ ਪੂਰਨ ਥੇ ਅਹਿਮ ਹਿਸਾ ਸੀ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ ਵਿੱਢੇ ਸੰਘਰਸ਼ ਵਿੱਚ ਪਾਰਟੀ ਦੇ ਸਹਿਯੋਗ ਨਾਲ ਮਹੱਤਵ ਪੂਰਨ ਯੋਗਦਾਨ ਪਾਇਆ ਗਿਆ। ਪਾਰਟੀ ਮੈਂਬਰ ਲਗਾਤਾਰ ਇਸ ਸੰਘਰਸ਼ ਵਿੱਚ ਹਿਸਾ ਲੈਂਦੇ ਰਹੇ ਹਨ।ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪੱਰ ਦਿੱਤੇ ਜਾਂਦੇ ਸੁਬਾਈ ਤੇ ਜਿਲ੍ਹਾ ਪੱਧਰੀ ਐਕਸ਼ਨਾ ਵਿੱਚ ਪਾਰਟੀ ਮੈਂਬਰ ਆਪਣਾ ਯੋਗਦਾਨ ਪਾਊਂਦੇ ਰਹੇ ਹਨ।ਨੌਜਵਾਨਾਂ ਨੇ ਵੀ ਕਈ ਵਾਰ ਇਨ੍ਹਾਂ ਧਰਨਿਆ ਵਿੱਚ ਸ਼ਿਰਕਤ ਕੀਤੀ ਹੈ।

ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦਾ ਘੇਰਾ ਵਧਾਇਆ ਜਾ ਸਕਦਾ ਸੀ ਪ੍ਰੰਤੂ ਸਾਥੀਆਂ ਵਲੋਂ ਇਹ ਉਪਰਾਲਾ ਕਰਨ ਦੀ ਘਾਟ ਮਹਿਸੂਸ ਕੀਤੀ ਗਈ ਹੈ।ਪਿੰਡਾ ਵਿੱਚ ਕਿਸਾਨ ਫੈਡਰੇਸ਼ਨ ਦੀਆਂ ਇਕਾਈਆਂ ਸਥਾਪਤ ਕਰਨ ਦਾ ਇੱਕ ਚੰਗਾ ਮੌਕਾ ਹਥੋਂ ਗਵਾ ਦਿੱਤਾ।

ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੀ ਸਰਗਰਮੀ ਵਧਾਉਣ ਵਿੱਚ ਅਸਫਲ ਰਹਿਣ ਦਾ ਇੱਕ ਕਾਰਨ ਫੰਡ ਦੀ ਘਾਟ ਵੀ ਹੈ। ਬਹੁਤੇ ਸਰਗਰਮ ਸਾਥੀਆਂ ਨੂੰ ਆਪਣੀ ਨਿੱਜੀ ਜੇਬ ਵਿੱਚੋਂ ਪੈਸੇ ਖਰਚ ਕਰਕੇ ਸੰਘਰਸ਼ ਨੂੰ ਸਿਰੇ ਤੱਕ ਲਿਜਾਣਾ ਪਿਆ।ਜਿਵੇਂ ਪਹਿਲਾਂ ਦਸਿਆ ਗਿਆ ਕਿ ਕਿਸਾਨੀ ਫਰੰਟ ਉਪੱਰ ਕੰਮ ਕਰਦੇ ਇੱਕ ਸਾਥੀ ਦੀ ਬੇ ਵਕਤ ਮੌਤ ਅਤੇ ਦੂਸਰੇ ਅਹਿਮ ਸਾਥੀ ਦੇ ਅਪਾਹਜ ਹੋ ਜਾਣ ਕਾਰਨ ਸੰਘਰਸ਼ ਨੂੰ ਵੱਡਾ ਘਾਟਾ ਪਿਆ।

ਟਰੇਡ ਯੂਨੀਅਨ ਕੇਂਦਰ –ਏ ਆਈ ਸੀ ਟੀ ਯੂ ਸਬੰਧਤ ਟਰੇਡ ਯੂਨੀਅਨ ਕੇਵਲ ਚੰਡੀਗੜ੍ਹ, ਮੁਹਾਲੀ ਆਦਿ ਖੇਤਰ ਵਿੱਚ ਹੁਣ ਵੀ ਲਗਾਤਾਰ ਸਰਗਰਮ ਹੈ ਜਿਨ੍ਹਾਂ ਦੀ ਸਰਗਰਮੀ ਸੀਮਤ ਹੈ।

ਨੌਜਵਾਨ ਅਤੇ ਵਿਦਿਆਰਥੀ ਫਰੰਟ ਉਸਾਰਨ ਦੇ ਕਈ ਉਦਮ ਕੀਤੇ ਗਏ ਪ੍ਰੰਤੂ ਸਫਲ ਨਹੀ ਹੋ ਪਾਏ।

ਇਸ ਮੌਕੇ ਪਾਰਟੀ ਦੇ ਆਪਣੇ ਮੀਡੀਆ ਦੀ ਗੱਲ ਵੀ ਪੂਰੀ ਗੰਭੀਰਤਾ ਨਾਲ ਵਿਚਾਰੀ ਗਈ। ਮੈਗਜ਼ੀਨ ਬਾਵਜੂਦ ਬਹੁਤ ਸਾਰੇ ਜਤਨਾਂ ਦੇ ਪਾਰਟੀ ਦਾ ਬੁਲਾਰਾ ਮੈਗਜ਼ੀਨ “ਲੋਕ ਸੰਘਰਸ਼” ਪਿਛਲੇ ਕਾਫੀ ਸਮੇਂ ਤੋਂ ਫੰਡ ਅਤੇ ਮੈਟਰ ਦੀ ਘਾਟ ਕਾਰਨ ਨਹੀ ਕੱਢਿਆ ਜਾ ਸਕਿਆ। ਹੁਣ ਪਾਰਟੀ ਇਸ ਪਾਸੇ ਵੀ ਠੋਸ ਕਦਮ ਪੁੱਟਣ ਵਾਲੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Friday, December 2, 2022

ਦੋਰਾਹਾ:ਸੂਬਾਈ ਡੈਲੀਗੇਟ ਅਜਲਾਸ ਮਗਰੋਂ MCPI(U) ਨਵੀਆਂ ਪੁਲਾਂਘਾਂ ਲਈ ਤਿਆਰ

17 ਮੈਂਬਰੀ ਸੂਬਾ ਕਮੇਟੀ ਦੀ ਚੋਣ ਨਾਲ ਵਧਣਗੀਆਂ ਪਾਰਟੀ ਸਰਗਰਮੀਆਂ


ਦੋਰਾਹਾ
: 1 ਦਸੰਬਰ 2022: (ਕਾਮਰੇਡ ਸਕਰੀਨ ਡੈਸਕ)::

ਐਮ ਸੀ ਪੀ ਆਈ ਪੰਜਾਬ ਨੇ ਖੱਬੇਪੱਖੀਆਂ ਦੀ ਕਰਮਭੂਮੀ ਵੱਜੋਂ ਚਰਚਿਤ ਰਹੋ ਦੋਰਾਹਾ ਦੀ ਧਰਤੀ 'ਤੇ ਆਪਣੀਆਂ ਸਰਗਰਮੀਆਂ ਨੂੰ  ਵਧਾਉਂਦਿਆਂ ਇਸ ਵਾਰ ਵੀ ਸੂਬਾਈ ਡੈਲੀਗੇਟ ਅਜਲਾਸ ਬੜੀ ਸਫਲਤਾ ਨਾਲ ਕੀਤਾ।  ਦੋਰਾਹਾ ਵਿੱਚ ਹੋਈ ਨਵੀਂ 17 ਮੈਂਬਰੀ ਸੂਬਾ ਕਮੇਟੀ ਦੀ ਚੋਣ ਨਾਲ ਹੁਣ ਪਾਰਟੀ ਦੀਆਂ ਸਰਗਰਮੀਆਂ ਤੇਜ਼ੀ ਨਾਲ ਨਵੀਆਂ ਸਫਲਤਾਵਾਂ ਵੱਲ ਵੱਧ ਸਕਦੀਆਂ ਹਨ। 

ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ (ਯੂਨਾਈਟਡ), ਐਮ ਸੀ ਪੀ ਆਈ (ਯੂ) ਦਾ ਪੰਜਵਾਂ ਡੈਲੀਗੇਟ ਅਜਲਾਸ ਕੁਲਦੀਪ ਸਿੰਘ, ਪ੍ਰੇਮ ਸਿੰਘ ਭੰਗੂ, ਪਵਨ ਕੁਮਾਰ ਸੋਗਲ ਪੁਰ, ਜੋਗਿੰਦਰ ਸਿੰਘ ਸ਼ਹਿਜ਼ਾਦ ਅਤੇ ਮਲਕੀਤ ਸਿੰਘ ਚੰਡੀਗੜ੍ਹ ਤੇ ਅਧਾਰਤ ਪ੍ਰਧਾਨਗੀ ਹੇਠ ਏਥੇ ਕ੍ਰਿਸ਼ਨ ਕੁਮਾਰ ਕੌਸ਼ਲ ਯਾਦਗਾਰੀ ਭਵਨ ਵਿਖੇ 17 ਮੈਂਬਰੀ ਸੂਬਾ ਕਮੇਟੀ ਦੀ ਚੋਣ ਨਾਲ ਖਤਮ ਹੋਇਆ।

ਐਮ ਸੀ ਪੀ ਆਈ (ਯੂ) ਦੇ ਕੌਮੀ ਸਕੱਤਰ ਕਾਮਰੇਡ ਕੁਲਦੀਪ ਸਿੰਘ ਨੇ ਪਾਰਟੀ ਦਾ ਝੰਡਾ ਲਹਿਰਾ ਕੇ ਅਤੇ ਆਪਣੇ ਉਦਘਾਟਨੀ ਭਾਸ਼ਣ ਨਾਲ ਸ਼ੁਰੂਆਤ ਕੀਤੀ। ਕਾਮਰੇਡ ਕੁਲਦੀਪ ਸਿੰਘ ਉਹ ਆਗੂ ਹੈ ਜਿਸਨੇ ਪੰਜਾਬ ਦੇ ਪਿਛਲੇ ਦਹਾਕਿਆਂ ਦੌਰਾਨ ਹੋਏ ਘਟਨਾਕ੍ਰਮ ਨੂੰ ਬੜੇ ਹੀ ਗਹੁ ਨਾਲ ਨੇੜੇ ਹੋ ਕੇ ਵਾਚਿਆ ਹੈ। ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਵਰਗੀਆਂ ਸਿਰਕੱਢ ਸ਼ਖਸੀਅਤਾਂ ਦਾ ਨਿੱਘ ਮਾਣਿਆ ਹੈ। 

ਆਪਣੇ ੳੇਦਘਾਟਣੀ ਭਾਸ਼ਣ ਵਿੱਚ ਕਾਮਰੇਡ ਕੁਲਦੀਪ ਸਿੰਘ ਨੇ ਕੌਮਾਂਤਰੀ ਕੌਮੀ ਅਤੇ ਸੂਬਾਈ ਪੱਧਰ ਉੱਪਰ ਵਾਪਰ ਰਹੀਆਂ ਘਟਨਾਵਾਂ ਦਾ ਵਿਸਥਾਰ ਪੂਰਬਕ ਵਰਨਣ ਵੀ ਕੀਤਾ ਅਤੇ ਦੇਸ਼ ਅੰਦਰ ਖੱਬੇ ਪੱਖੀ ਸ਼ਕਤੀਆਂ ਦੇ ਏਕੇ ਉਪੱਰ ਵੀ ਜ਼ੋਰ ਦਿੱਤਾ।ਅਜਲਾਸ ਦੇ ਸ਼ੁਰੂ ਵਿੱਚ ਪਾਰਟੀ ਦੇ ਵਿਛੜ ਗਏ ਸੰਘਰਸ਼ੀਲ ਸਾਥੀਆਂ ਨੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ।

ਪਿਛਲੇ ਡੈਲੀਗੇਟ ਅਜਲਾਸ ਤੋਂ ਬਾਅਦ ਕੌਮਾਂਤਰੀ, ਕੌਮੀ ਅਤੇ ਸੁਬਾਈ ਪੱਧਰ ਤੇ ਹਾਲਾਤ ਅੰਦਰ ਆਈਆਂ ਤਬਦੀਲੀਆਂ, ਵਾਪਰੀਆਂ ਘਟਨਾਵਾਂ ਅਤੇ ਐਮ ਸੀ ਪੀ ਆਈ (ਯੂ) ਪੰਜਾਬ ਦੀਆਂ ਸਰਗਰਮੀਆਂ, ਇਸਦੀਆਂ ਸਹਾਇਕ ਜਨਤਕ ਜਥੇਬੰਦੀਆਂ ਦੀਆਂ ਸਰਗਰਮੀਆਂ ਬਾਰੇ ਸੀਨੀਅਰ ਕਾਮਰੇਡ ਪਵਨ ਕੁਮਾਰ ਕੌਸ਼ਲ ਨੇ ਆਪਾ ਪੜਚੋਲ ਅਤੇ ਬਹਿਸ ਲਈ ਰਿਪੋਰਟ ਪੇਸ਼ ਕੀਤੀ। ਬਜ਼ੁਰਗ ਉਮਰ ਅਤੇ ਖਰਾਬ ਸਿਹਤ ਦੇ ਬਾਵਜੂਦ ਪੇਸ਼  ਰਿਪੋਰਟ ਵਿੱਚ ਕਾਮਰੇਡ ਪਵਨ ਕੁਮਾਰ ਕੌਸ਼ਲ ਨੇ ਬਹੁਤ ਸਾਰੇ ਅਹਿਮ ਨੁਕਤੇ ਦਰਜ ਕੀਤੇ ਹਨ। ਇਸਦਾ ਵੇਰਵਾ ਵੱਖਰੀ ਪੋਸਟ ਵਿੱਚ ਦਿੱਤਾ ਗਿਆ ਹੈ। 

ਬਹਿਸ ਤੋਂ ਪਹਿਲਾਂ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਕੁੱਲ ਹਿੰਦ ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਖੇਤੀ ਸੰਬਧੀ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਇੱਕ ਮਹਤੱਵ ਪੂਰਨ ਘਟਕ ਵੱਜੋਂ ਮੋਰਚੇ ਅੰਦਰ ਕਿਸਾਨ ਫੈਡਰੇਸ਼ਨ ਵਲੋਂ ਨਿਭਾਈ ਗਈ ਭੂਮਿਕਾ ਦਾ ਵੀ ਵਿਸਥਾਰਪੂਰਵਕ ਵਰਨਣ ਕੀਤਾ। 

ਇਸ ਰਿਪੋਰਟ ਉੱਪਰ ਹੋਈ ਭਰਪੂਰ ਤੇ ਉਸਾਰੂ ਬਹਿਸ ਵਿੱਚ 15 ਡੈਲੀਗਟਾਂ ਨੇ ਭਾਗ ਲਿਆ। ਰਿਪੋਰਟ ਉੱਪਰ ਹੋਈ ਬਹਿਸ ਦੌਰਾਨ ਡੈਲੀਗੇਟਾਂ ਵਲੋਂ ਉਠਾਏ ਗਏ ਸੁਆਲਾਂ ਦੇ ਪਵਨ ਕੁਮਾਰ ਕੌਸ਼ਲ ਵਲੋਂ ਦਿੱਤੇ ਤਸੱਲੀਬਖ਼ਸ਼ ਜਵਾਬ ਦੇਣ ਤੋਂ ਬਾਅਦ ਕੁੱਝ ਵਾਧਿਆਂ ਨਾਲ ਰਿਪੋਰਟ ਸਰਬਸੰਮਤੀ ਨਾਲ ਪਾਸ ਕਰ ਦਿੱਤੀ ਗਈ ਅਤੇ ਆਊਣ ਵਾਲੇ ਸਮੈਂ ਅੰਦਰ ਪਾਰਟੀ ਦੀਆਂ ਸਰਗਰਮੀਆਂ ਵਧਾਉਣ ਦਾ ਫੇਸਲਾ ਵੀ ਕੀਤਾ ਗਿਆ। 

ਇਸ ਉਪਰੰਤ ਪ੍ਰਧਾਨਗੀ ਮੰਡਲ ਵਲੋਂ ਸੁਝਾਈ 17 ਮੈਂਬਰੀ ਸੂਬਾ ਕਮੇਟੀ ਲਈ ਅਜਲਾਸ ਵਿੱਚ ਸਰਬਸੰਮਤੀ ਨਾਲ ਸਹਿਮਤੀ ਪਰਗਟ ਕੀਤੀ ਗਈ ਅਤੇ ਸੂਬਾ ਸਕੱਤਰ ਦੀ ਚੋਣ ਨਵੀ ਬਣੀ ਸੂਬਾ ਕਮੇਟੀ ਆਪਣੀ ਅਗਲੀ ਮੀਟਿੰਗ ਵਿੱਚ ਕਰਨ  ਦਾ ਫੈਸਲਾ ਲਿਆ ਗਿਆ।

ਅਜਲਾਸ ਦੇ ਅੰਤ ਵਿੱਚ ਦੇਸ਼ ਅੰਦਰ ਫੈਲ ਰਹੀ ਫਿਰਕਾਪ੍ਰਸਤੀ, ਵੱਧ ਰਹੀ ਬੇਰੋਜਗਾਰੀ, ਮਹਿੰਗਾਈ, ਗਰੀਬੀ, ਅਨ੍ਹੇਵਾਹ ਜਨਤਕ ਖੇਤਰ ਦਾ ਨਿੱਜੀਕਰਨ ਦੀ ਸਖਤ ਨਿਖੇਧੀ ਕੀਤੀ ਗਈ। ਪੰਜਾਬ ਅੰਦਰ ਲਗਾਤਾਰ ਵਿਗੜਦੀ ਜਾ ਰਹੀ ਅਮਨ ਕਾਨੂੰਨ ਦੀ ਸਥਿਤੀ, ਪੰਜਾਬ ਅੰਦਰ ਪਾਣੀਆਂ ਦੇ ਮੁੱਦੇ ਨੰ ਮੁੜ ਤੋਂ ਉੱਠਾ ਕੇ ਅਤੇ ਏਜੰਸੀਆਂ ਵਲੋਂ ਮੂਲਵਾਦੀ-ਵੱਖਵਾਦੀ ਅਤੇ ਖਾਲਿਸਤਾਨੀਆਂ ਵਲੋਂ  ਪੰਜਾਬ ਦੇ ਅਮਨ ਸ਼ਾਂਤੀ , ਫਿਰਕੂ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਦੇ ਯਤਨਾ ਦਾ ਗੰਭੀਰ ਨੋਟਿਸ ਲੈਂਦਿਆ ਇਸ ਵਿੱਰੁਧ ਕਿਸਾਨ ਜਥੇਬੰਦੀਆਂ ਅਤੇ ਹੋਰ ਜਮਹੂਰੀ ਸ਼ਕਤੀਆਂ ਵਲੋਂ ਕੀਤੇ ਜਾਣ ਵਾਲੇ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ ਕੀਤਾ।

ਹੁਣ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਐਮ ਸੀ ਪੀ ਆਈ (ਯੂ) ਕਿੰਨੀ ਜਲਦੀ ਕਮਿਊਨਿਸਟ ਲਹਿਰ ਦੀ ਚੜ੍ਹਤ ਲਈ ਆਪਣਾ ਨਵਾਂ ਯੋਗਦਾਨ ਦੇਣ ਵਿਚ ਸਫਲ ਰਹਿੰਦੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Friday, November 25, 2022

ਚੰਡੀਗੜ੍ਹ ਦੇ ਮੁਦੇ 'ਤੇ ਕਮਿਊਨਿਸਟ ਧਿਰਾਂ ਖੁੱਲ੍ਹ ਕੇ ਪੰਜਾਬ ਦੇ ਹੱਕ ਵਿੱਚ

ਚੰਡੀਗੜ੍ਹ ਦੇ ਮੁੱਦੇ 'ਤੇ ਪੰਜਾਬ ਸੀ ਪੀ ਆਈ ਦਾ ਅਹਿਮ ਸਟੈਂਡ  


ਚੰਡੀਗੜ੍ਹ: 22 ਨਵੰਬਰ 2022: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::

ਪੰਜਾਬ ਦੇ ਪੁਰਾਣੇ ਨਕਸ਼ੇ ਦੀ ਫੋਟੋ ਧੰਨਵਾਦ ਸਹਿਤ 
ਕਾਮਰੇਡਾਂ 'ਤੇ ਭਾਵੇਂ ਸਿਆਸੀ ਦੂਜਿਆਂ ਸਿਆਸੀ ਧਿਰਾਂ ਵੱਲੋਂ ਪੰਜਾਬ ਦੇ ਦੋਖੋ ਹੋਣ ਦਾ ਦੋਸ਼ ਅਕਸਰ ਲਾਇਆ ਜਾਂਦਾ ਹੈ ਰਿਹਾ ਹੈ ਅਤੇ ਕੁਝ ਦੇਰ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਮਰਥਕਾਂ ਨੇ ਵੀ ਇਸ ਆਸ਼ੇ ਦੀ ਇੱਕ ਵੀਡੀਓ ਜਾਰੀ ਕੀਤੀ ਸੀ। ਜਿਸ ਵਿਚ ਉਹ ਕਮਿਊਨਿਸਟਾਂ ਦੀ ਸਖਤ ਆਲੋਚਨਾ ਕਰਦੇ ਨਜ਼ਰ ਆਉਂਦੇ ਹਨ। 
ਦੂਜੇ ਪਾਸੇ ਬਾਦਲਾਂ ਵਾਲੀ ਅਕਾਲੀ ਸਰਕਾਰ ਸੱਤਾ ਵਿੱਚ ਰਹਿ ਕੇ ਵੀ ਪੰਜਾਬ ਦੇ ਹੱਕਾਂ ਵਿੱਚ ਕੀ ਕੁਝ ਕਰ ਸਕੀ ਇਹ ਸਾਰੇ ਜਾਣਦੇ ਹਨ। ਸੰਨ 1978 ਦੀ ਵਿਸਾਖੀ ਨਕਸਲੀ ਕਾਰਕੁਨਾਂ ਦੇ ਮੁਕਾਬਲੇ ਲੋਕਾਂ ਨੰ ਭੁੱਲੇ ਨਹੀਂ ਹਨ। 
ਕੰਦੁਖੇੜਾ ਕਰੂ ਨਿਬੇੜਾ ਦਾ ਨਾਅਰਾ ਵੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਦੇ ਕਾਰਜਕਾਲ ਵੇਲੇ ਵੇਲੇ ਬੜਾ ਬੁਲੰਦ ਹੋਇਆ ਸੀ ਪਰ ਕੁਲ ਮਿਲਾ ਕੇ ਪੰਜਾਬ ਦੇ ਨਸੀਰ 'ਤੇ ਲਟਕਦੀ ਤਲਵਾਰ ਕਦੇ ਵੀ ਹਟ ਨਾ ਸਕੀ। ਹੁਣ ਚੰਡੀਗੜ੍ਹ ਦਾ ਮੁੱਦਾ ਫਿਰ ਗਰਮਾਇਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਵੀ ਹੁਣ ਭਾਜਪਾ ਦੀ ਬੁੱਕਲ ਵਿੱਚ ਹਨ ਅਤੇ ਬਾਦਲਾਂ ਨੁਪੰਜਾਬ ਦੇ ਲੋਕਾਂ ਨੇ ਕਦੇ ਵੀ ਭਾਜਪਾ ਤੋਂ ਬਾਹਰ ਨਹੀਂ ਸਮਝਿਆ। ਬਾਕੀ ਬੱਚੀ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ। ਇਹਨਾਂ ਦੋਹਾਂ ਦੀ ਭੂਮਿਕਾ ਵੀ ਪੰਜਾਬ ਦੇ ਲੋਕਾਂ ਸਾਹਮਣੇ ਸਾਫ ਸਪਸ਼ਟ ਹੀ ਹੈ। ਪੰਜਾਬ ਦੀ ਵੰਡ ਇੱਕ ਨਿਰੰਤਰ ਚੱਲੀ ਵਧੀਕੀ ਹੈ। ਪਰ ਕੋਈ ਵੇਲਾ ਸੀ ਜਦੋਂ ਦਿੱਲੀ ਵੀ ਪੰਜਾਬ ਦਾ ਹਿੱਸਾ ਸੀ। ਪੰਜਾਬ ਦੇ ਨਾਲ ਹੋਇਆ ਸਾਜ਼ਿਸ਼ਾਂ ਅਤੇ ਵਧੀਕੀਆਂ ਬਾਰੇ ਕੁਝ ਲੋਕਾਂ ਨੇ ਬਹੁਤ ਚੰਗੀ ਤਰ੍ਹਾਂ ਇਤਿਹਾਸ ਸੰਭਾਲਿਆ ਹੋਇਆ ਹੈ। 

ਚੰਡੀਗੜ੍ਹ ਦੇ ਮਾਮਲੇ ਨੰ ਲੈ ਕੇ ਜਿੱਥੇ ਪੰਜਾਬ ਸੀਪੀਆਈ ਵੀ ਖੁੱਲ੍ਹ ਕੇ ਪੰਜਾਬ ਦੇ ਹੱਕ ਵਿੱਚ ਨਿੱਤਰੀ ਹੈ ਅਤੇ ਹਰਿਆਣਾ ਨੂੰ ਕਿਹਾ ਹੈ ਕਿ ਉਹ ਆਪਣੀ ਵਿਧਾਨ ਸਭਾ ਹਰਿਆਣਾ ਵਿੱਚ ਹੀ ਬਣਾਵੇ। ਚੰਡੀਗੜ੍ਹ ਵਿਚ ਹਰਿਆਣਾ ਸਰਕਾਰ ਵਲੋਂ ਵੱਖਰੀ ਵਿਧਾਨ ਸਭਾ ਦੀ ਉਸਾਰੀ ਵਾਸਤੇ ਉਠਾਏ ਗਏ ਮਸਲੇ ਦੀ ਸੀਪੀਆਈ ਵਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਪੰਜਾਬ ਵਿੱਚ ਵਾਪਰੀਆਂ ਘਟਨਾਵਾਂ 'ਤੇ ਮੁੱਢ ਤੋਂ ਹੀ ਪਾਰਖੂ ਨਜ਼ਰ ਰੱਖਣ ਵਾਲੇ ਕਾਮਰੇਡ ਬੰਤ ਸਿੰਘ ਬਰਾੜ ਹੁਣ ਵੀ ਖੁੱਲ੍ਹ ਕੇ ਪੰਜਾਬ ਦੇ ਹੱਕ ਵਿਚ ਸਾਹਮਣੇ ਆਏ ਹਨ। 

ਅੱਜ ਇਥੇ ਪੰਜਾਬ ਸੀਪੀਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਹੈ ਕਿ ਪੰਜਾਬ ਸੀਪੀਆਈ ਅਤੇ ਸਾਰੀਆਂ ਖੱਬੀਆਂ ਸ਼ਕਤੀਆਂ ਦਾ ਸ਼ੁਰੂ ਤੋਂ ਹੀ ਸਟੈਂਡ ਰਿਹਾ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਦੀ ਵੰਡ ਵੇਲੇ ਹੀ ਪੰਜਾਬ ਨੂੰ ਦਿਤਾ ਜਾਣਾ ਚਾਹੀਦਾ ਸੀ ਤੇ ਹੁਣ ਵੀ ਚੰਡੀਗੜ੍ਹ ਤੇ ਸਿਰਫ ਪੰਜਾਬ ਦਾ ਹੀ ਹੱਕ ਹੈ। ਉਹਨਾਂ ਕਿਹਾ ਕਿ ਬੜੀ ਅਜੀਬ ਅਤੇ ਹਾਸੋਹੀਣੀ ਗੱਲ ਹੈ ਕਿ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਉਹ ਦਸ ਏਕੜ ਜ਼ਮੀਨ ਪੰਚਕੂਲਾ ਦੇ ਚੰਡੀਗੜ੍ਹ ਨਾਲ ਲਗਦੇ ਬਾਰਡਰ ਤੋਂ ਚੰਡੀਗੜ੍ਹ ਯੂਟੀ ਨੂੰ ਦੇ ਕੇ ਰੇਲਵੇ ਸਟੇਸ਼ਨ ਨੇੜੇ ਮੱਧ ਮਾਰਗ ਦੀਆਂ ਲਾਈਟਾਂ ਤੇ ਚੰਡੀਗੜ੍ਹ ਵਿਖੇ ਵਿਧਾਨ ਸਭਾ ਸਥਾਪਤ ਕਰਨ ਦੀ ਕੇਂਦਰ ਤੋਂ ਇਜਾਜ਼ਤ ਮੰਗਦੇ ਹਨ। ਸਾਥੀ ਬਰਾੜ ਨੇ ਕਿਹਾ ਕਿ ਹਰਿਆਣਾ ਸਰਕਾਰ ਖੁਦ ਪੰਚਕੂਲਾ ਦੀ ਧਰਤੀ ’ਤੇ ਜਾ ਕੇ ਹੀ ਆਪਣੀ ਵਿਧਾਨ ਸਭਾ ਕਾਇਮ ਕਰ ਸਕਦੀ ਹੈ। 

ਸਾਥੀ ਬਰਾੜ ਨੇ ਭਾਜਪਾ ਤੇ ਦੋਸ਼ ਲਾਇਆ ਕਿ ਉਹ ਅਜਿਹੇ ਭੜਕਾਊ ਬਿਆਨ ਦੇ ਕੇ ਪੰਜਾਬ ਦੇ ਪਹਿਲਾਂ ਹੀ ਏਜੰਸੀਆਂ ਅਤੇ ਫਿਰਕੂ ਸ਼ਕਤੀਆਂ ਵਲੋਂ ਵਿਗਾੜੇ ਜਾ ਰਹੇ ਮਹੌਲ ਨੂੰ ਤਬਾਹਕੁਨ ਸਥਿਤੀਆਂ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਥੀ ਬਰਾੜ ਨੇ ਚਿੰਤਾ ਪ੍ਰਗਟ ਕਰਦਿਆਂ ਆਖਿਆ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਪੰਜਾਬ ਵਿਰੋਧੀ ਮੁੱਦਿਆਂ ਤੇ ਨਰਮ ਰੁਖ ਅਖਤਿਆਰ ਕਰ ਰਹੀ ਹੈ। ਉਹਨਾਂ ਅਪੀਲ ਕੀਤੀ ਕਿ ਸਮੁਚੇ ਪੰਜਾਬੀਆਂ ਨੂੰ ਇਕਮੁਠ ਹੋ ਕੇ ਅਜਿਹੇ ਪੰਜਾਬ^ਵਿਰੋਧੀ ਕਦਮਾਂ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ।

ਇਸੇ ਦੌਰਾਨ ਪੀਐਸਯੂ ਅਤੇ ਨਕਸਲੀ ਲਹਿਰ ਨਾਲ ਜੁੜੇ ਰਹੇ ਮਾਲਵਿੰਦਰ ਸਿੰਘ ਮਾਲੀ ਜੋ ਇਸ ਵੇਲੇ ਪ੍ਰਮੁੱਖ ਸੁਤੰਤਰ ਚਿੰਤਕ ਵੱਜੋਂ ਵਿਚਰ ਰਹੇ ਹਨ ਅਤੇ ਸੂਝਵਾਨ ਪੰਜਾਬ ਹਿਤੈਸ਼ੀ ਵੱਜੋਂ ਉਭਰ ਕੇ ਸਾਹਮਣੇ ਆਏ ਹਨ; ਨੇ ਉਹਨਾਂ ਪਿੰਡਾਂ ਦੇ ਨਾਂਵਾਂ ਦੀ ਸੂਚੀ ਵੀ ਜਾਰੀ ਕੀਤੀ ਹੈ; ਜਿਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ। ਪੰਜਾਬ ਦੇ ਉਹਨਾਂ ਪੰਜਾਬੀ ਬੋਲਦੇ 28 ਪਿੰਡਾਂ  ਦੇ ਨਾਮ ਜਿਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਸ਼ਹਿਰ ਉਸਾਰਿਆ ਗਿਆ ਸੀ ਇਸ ਪ੍ਰਕਾਰ ਹਨ: 

1 ਬਜਵਾੜੀ ( 23 ਸੈਕਟਰ )

2 ਦਲਹੇੜੀ ਜੱਟਾ ( 28 ਸੈਕਟਰ )

3 ਦਲਹੇੜੀ ( 19 ਸੈਕਟਰ )

4 ਗੁਰਦਾਸਪੁਰਾ ( 28 - ਇਡੰਸਟਰੀਅਲ ਏਰੀਆ )

5 ਹਮੀਰਗੜ ( ਕੰਚਨਪੁਰ ) ( 7-26 ਸੈਕਟਰ )

6 ਕਾਲੀਬੜ ( 4-5-8-9 ਸੈਕਟਰ )

7 ਕੈਲੜ ( 15-16-24 ਸੈਕਟਰ )

8 ਕਾਂਜੀ ਮਾਜਰਾ ( 14 ਸੈਕਟਰ - ਪੰਜਾਬ ਯੂਨੀਵਰਸੀਟੀ ) .

9 ਖੇੜੀ ( 20-30-32 ਚੌਂਕ )

10 ਮਹਿਲਾ ਮਾਜਰਾ ( 2-3 ਸੈਕਟਰ )

11 ਨਗਲਾ ( 27 ਸੈਕਟਰ )

12 ਰਾਮ ਨਗਰ ( ਭੰਗੀ ਮਾਜਰਾ ) ( 6- 7 ਸੈਕਟਰ )

13 ਰੁੜਕੀ ( 17-18-21-22 ਸੈਕਟਰ )

14 ਸੈਣੀ ਮਾਜਰਾ ( 25 ਸੈਕਟਰ )

15 ਸਹਿਜਾਦਪੁਰ ( 11-12 ਸੈਕਟਰ ) ( 31–47 ਸੈਕਟਰ )

16 ਬਜਵਾੜਾ ( 35-36 ਸੈਕਟਰ )

17 ਬਜਵਾੜੀ ਬਖਤਾ ( 37 ਸੈਕਟਰ / ਬੇ - ਚਿਰਾਗ ਪਿੰਡ )

18 ਫਤਿਹਗੜ ( ਮਾਦੜਾਂ ) ( 33-34 ਸੈਕਟਰ )

19 ਗੱਗੜ ਮਾਜਰਾ ( ਏਅਰਪੋਟ ਏਰੀਆ )

20 ਕੰਥਾਲਾ ( 31 ਸੈਕਟਰ , ਟ੍ਰਿਬਿਊਨ ਚੌਂਕ )

21 ਜੈਪੁਰ

22 ਸਲਾਹਪੁਰ

23 ਦਤਾਰਪੁਰ ( ਰਾਮ ਦਰਬਾਰ , ਏਅਰਪੋਟ ਏਰੀਆ )

24 ਚੂਹੜਪੁਰ

25 ਕਰਮਾਣ ( 29 ਸੈਕਟਰ , ਇਡੰਸਟਰੀਅਲ ਏਰੀਆ )

26 ਝੁਮਰੂ ( 49-50 ਸੈਕਟਰ )

27 ਨਿਜਾਮਪੁਰ ( 48 ਸੈਕਟਰ )

28 ਸਾਹਪੁਰ ( 38 ਸੈਕਟਰ )

ਮਨੀ ਮਾਜਰਾ – 13 ਸੈਕਟਰ

ਧਨਾਸ - 14 ਸੈਕਟਰ

ਮਲੋਆ , ਡੱਡੂ ਮਾਜਰਾ - 39 ਸੈਕਟਰ

ਬਡਹੇੜੀ , ਬੁਟੇਰਲਾ - 41 ਸੈਕਟਰ

ਅਟਾਵਾ - 42 ਸੈਕਟਰ

ਬੁੜੈਲ - 45 ਸੈਕਟਰ

ਕਜਹੇੜੀ – 52 ਸੈਕਟਰ ਮਦਨਪੁਰ - 54 ਸੈਕਟਰ

ਪਲਸੋਰਾ - 55 ਸੈਕਟਰ

ਇਹ ਉਜਾੜਾ ਵੀ ਪੰਜਾਬ ਨਾਲ ਵਧੀਕੀ ਸੀ। ਹੁਣ ਨਵੀਆਂ ਵਧੀਕੀਆਂ ਦਾ ਸਿਲਸਿਲਾ ਫਿਰ ਸ਼ੁਰੂ ਹੁੰਦਾ ਕਿਓਂ ਮਹਿਸੂਸ ਹੋ ਰਿਹਾ ਹੈ? ਇਸ ਮੁੱਦੇ 'ਤੇ ਸਮੂਹ ਪੰਜਾਬੀਆਂ ਨੂੰ ਆਪਣੀਆਂ ਸੌਦਿਆਂ ਸਿਆਸਤਾਂ ਤੋਂ ਉੱਠ ਕੇ ਇੱਕ ਜੁੱਟ ਹੋਣਾ ਚਾਹੀਦਾ ਹੈ।
ਇਸ ਪੋਸਟ ਸੰਬੰਧੀ ਫੇਸਬੁੱਕ 'ਤੇ ਕੁਝ ਟਿੱਪਣੀਆਂ ਵੀ ਹਨ। ਇੱਕ ਟਿੱਪਣੀ ਹੈ:ਪੰਜਾਬ ਸ਼ਬਦ ਦੀ ਇਤਿਹਾਸਕ ਮਹੱਤਤਾ ਹੈ, ਖਾਲਿਸਤਾਨ ਦੀ ਗੱਲ ਕਰਕੇ ਤਾਂ ਪੰਜਾਬ ਦੀ ਇਤਿਹਾਸਕ ਮਹੱਤਤਾ ਹੀ ਖਤਮ ਕਰ ਰਹੇ ਹਨ-ਇਹ ਟਿੱਪਣੀ ਕੀਤੀ ਹੈ-Baljit Hayer ਹੁਰਾਂ ਨੇ। ਬਾਕੀ ਟਿੱਪਣੀਆਂ ਤੁਸੀਂ ਪੜ੍ਹ ਸਕਦੇ ਹੋ ਇਥੇ ਕਲਿੱਕ ਕਰ ਕੇ। 

ਇਸ ਮੁੱਦੇ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਵੀ ਰਹੇਗੀ ਹੀ। ਤੁਸੀਂ ਇਥੇ ਕੁਮੈਂਟ ਵੀ ਕਰ ਸਕਦੇ ਹੋ ਅਤੇ ਆਪਣੀਆਂ ਲਿਖਤਾਂ ਈਮੇਲ ਵੀ ਕਰ ਸਕਦੇ ਹੋ-medialink32@gmail.com 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Wednesday, November 23, 2022

ਬਿਲਕਿਸ ਬਾਨੋ ਮਾਮਲੇ ਨਾਲ ਵੱਧ ਰਹੀ ਹੈ ਖੱਬੀਆਂ ਇਸਤਰੀਆਂ ਵਿੱਚ ਨੇੜਤਾ

ਔਰਤਾਂ ਨਾਲ ਲਗਾਤਾਰ ਵੱਧ ਰਹੇ ਹਨ ਵਧੀਕੀਆਂ ਦੇ ਮਾਮਲੇ 


ਲੁਧਿਆਣਾ//ਚੰਡੀਗੜ੍ਹ: 22 ਨਵੰਬਰ 2022: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::

ਬਿਲਕਿਸ ਬਾਨੋ ਨਾਲ ਜੋ ਕੁਝ ਹੋਇਆ ਉਹ ਬਿਨਾ ਸ਼ੱਕ ਵਹਿਸ਼ੀਆਨਾ ਕਾਰਾ ਸੀ। ਉਸ ਅਣਮਨੁੱਖੀ ਕਾਰੇ ਦੀ ਸਖਤ ਤੋਂ ਸਖਤ ਸਜ਼ਾ ਹੀ ਉਸਦੇ ਜ਼ਖ਼ਮਾਂ 'ਤੇ ਕੁਝ ਮਰਹਮ ਲਗਾ ਸਕਦੀ ਸੀ। ਉਸ ਨਾਲ ਸਮੂਹਿਕ ਜਬਰਜਨਾਹ ਕਰਨ ਵਾਲੇ ਸਿਰਫ ਉਸਦੇ ਹੀ ਨਹੀਂ ਬਲਕਿ ਪੂਰੇ ਸਮਾਜ ਦੇ ਦੋਸ਼ੀ ਸਨ ਅਤੇ ਕਾਨੂੰਨ ਦੇ ਵੀ। ਉਹਨਾਂ ਦੇ ਕਾਰੇ ਨੇ ਦੇਸ਼ ਦੀਆਂ ਘੱਟ ਗਿਣਤੀਆਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਅਤੇ ਸੁਆਲ ਪੈਦਾ ਕੀਤੇ। ਇਹਨਾਂ ਸ਼ੰਕਿਆਂ ਅਤੇ ਸੁਆਲਾਂ ਨੇ ਦੇਸ਼ ਦੀ ਏਕਤਾ ਅਖੰਡਤਾ ਵਾਲੀ ਭਾਵਨਾ ਨੂੰ ਵੀ ਕਮਜ਼ੋਰ ਹੀ ਕੀਤਾ। ਬਿਲਕਿਸ ਨਾਲ ਜਬਰ ਜਨਾਹ ਕਰਨ ਵਾਲਿਆਂ ਦੀ ਰਿਹਾਈ ਉਹਨਾਂ ਦੇ ਕੁਕਰਮਾਂ ਨਾਲੋਂ ਵੀ ਵੱਡਾ ਕੁਕਰਮ ਸੀ। ਇਸਨੇ ਪੂਰੇ ਸਮਾਜ ਨੂੰ ਹੀ ਸ਼ਰਮਸਾਰੀ ਦਾ ਅਹਿਸਾਸ ਕਰਾਇਆ। ਇਸਦੇ ਵਿਰੋਧ ਵਿੱਚ ਪੁਰਸ਼ ਵੀ ਅੱਗੇ ਆਏ ਪਰ ਸਭ ਤੋਂ ਵੱਧ ਸ਼ਿੱਦਤ ਨਾਲ ਇਸ ਇਸ ਦਰਦ ਅਤੇ ਵਹਿਸ਼ਤ ਨੂੰ ਔਰਤਾਂ ਨੇ ਹੀ ਮਹਿਸੂਸ ਕੀਤਾ। ਇਸ ਦਰਦ ਨੇ ਦੁਨੀਆ ਭਰ ਦੀਆਂ ਇਸਤਰੀਆਂ ਨੂੰ ਇੱਕ ਹੋਣ ਦਾ ਮੂਕ ਸੱਦਾ ਵੀ ਦਿੱਤਾ। ਦਰਦ ਦੇ ਇਸ ਰਿਸ਼ਤੇ ਨੇ ਇਸਤਰੀ ਸੰਗਠਨਾਂ ਨੂੰ ਵੀ ਇੱਕ ਦੂਜੇ ਦੇ ਨਜ਼ਦੀਕ ਲਿਆਂਦਾ। 

ਇਹ ਰਿਹਾਈ ਕਦੇ ਵੀ ਪੂਰੇ ਸੱਭਿਅਕ ਸਮਾਜ ਲਈ ਕਿਸੇ ਕਲੰਕ ਤੋਂ ਘਟ ਨਹੀਂ ਸਮਝੀ ਜਾਣੀ। ਜ਼ਿਕਰਯੋਗ ਹੈ ਕਿ ਹਾਲਾਤਾਂ ਨੇ ਹੀ ਫੂਲਨ ਦੇਵੀ ਡਕੈਤ ਨੂੰ ਪੈਦਾ ਕੀਤਾ ਸੀ। ਜਬਰ ਜ਼ੁਲਮ ਦੇ ਹਾਲਾਤਾਂ ਨੇ ਹੀ ਉਸਦੇ ਚੂੜੀਆਂ ਵਾਲੇ ਹੱਥਾਂ ਵਿੱਚ ਬੰਦੂਕ ਫੜਾਈ ਸੀ। ਗੰਨ ਕਲਚਰ ਇਨਸਾਫ ਦੀ ਮੰਗ ਨੂੰ ਲੈ ਕੇ ਜੂਝ ਰਹੇ ਸਮੂਹ ਪੀੜਿਤਾਂ ਲਈ ਉਸ ਵੇਲੇ ਵੀ  ਇੱਕ ਲੁੜੀਂਦਾ ਰਸਤਾ ਬਣ ਗਿਆ ਸੀ। ਤੁਰੰਤ ਇਨਸਾਫ ਵਾਲੇ ਕਦਮਾਂ ਨਾਲ ਹੀ ਰੁਕ ਸਕਦਾ ਹੈ ਅਜਿਹਾ ਕਲਚਰ ਕਿਓਂਕਿ ਆਮ ਤੌਰ  'ਤੇ ਬੰਦੂਕ ਚੁੱਕਣ ਦਾ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ। ਕਾਸ਼ ਪੀੜਿਤਾਂ ਨੂੰ ਇਨਸਾਫ ਦੇ ਕੇ ਹਰ ਵਾਰ ਸਮੇਂ ਸਿਰ ਹੀ ਰੋਕਿਆ ਜਾ ਸਕੇ। ਅਫਸੋਸ ਕਿ ਇਨਸਾਫ ਦੇਣ ਵੇਲੇ ਕੋਈ ਨ ਕੋਈ ਅੜਿੱਕਾ ਇਸਦਾ ਰਾਹ ਰੋਕ ਲੈਂਦਾ ਹੈ।  

ਸਮਾਜਿਕ ਸੰਗਠਨਾਂ ਕੋਲ ਕਿਓਂਕਿ ਆਮ ਤੌਰ 'ਤੇ ਕੋਈ ਹੋਰ ਚਾਰਾ ਨਹੀਂ ਰਹਿੰਦਾ ਇਸ ਲਈ ਉਹ ਅਜਿਹੇ ਕਾਰਿਆਂ ਦੀ ਨਿਖੇਧੀ ਕਰਨ ਤੱਕ ਹੀ ਸੀਮਿਤ ਰਹਿੰਦੇ ਹਨ। ਇਹਨਾਂ ਨਿਖੇਧੀਆਂ ਨਾਲ ਬਾਹੂਬਲੀਆਂ ਦਾ ਵਿਗੜਦਾ ਤਾਂ ਭਾਵੇਂ ਕੁਝ ਵੀ ਨਹੀਂ ਪਰ ਉਹਨਾਂ ਦੇ ਖਿਲਾਫ ਲੋਕ ਰਾਏ ਜ਼ਰੂਰ ਲਾਮਬੰਦ ਹੁੰਦੀ ਹੈ। ਬਿਲਕਿਸ ਬਾਨੋ ਦੇ ਮਾਮਲੇ ਵਿਚ ਵੀ ਇਹੀ ਹੋ ਰਿਹਾ ਹੈ। ਘਰ ਘਰ ਤੱਕ ਇਸ ਬੇਇਨਸਾਫ਼ੀ ਦੀ ਆਵਾਜ਼ ਤੇਜ਼ੀ ਨਾਲ ਪਹੁੰਚ ਰਹੀ ਹੈ। 

ਇਸ ਨਾਲ ਜ਼ੁਲਮ ਖਿਲਾਫ ਬੋਲਣ ਵਾਲਿਆਂ ਦਾ ਕਾਫ਼ਿਲਾ ਵੱਡਾ ਹੋ ਰਿਹਾ ਹੈ। ਕੁਝ ਸੰਗਠਨਾਂ ਨੇ ਪੀੜਿਤਾਂ ਲਈ ਕਾਨੂੰਨੀ ਲੜਾਈ ਵੀ ਲੜੀ ਅਤੇ ਕੁਝ ਕੁ ਨੇ ਇਹਨਾਂ ਮਾਮਲਿਆਂ ਨੂੰ ਲੋਕਾਂ ਸਾਹਮਣੇ ਅਸਰਦਾਇਕ ਢੰਗ ਨਾਲ ਉਜਾਗਰ ਵੀ ਕੀਤਾ ਹੈ। ਮਹਿਲਾਵਾਂ ਦੇ ਸਰਗਰਮ ਅਤੇ ਨਿਰਪੱਖ ਸੰਗਠਨ ਵੀ ਆਪੋ ਆਪਣੇ ਢੰਗ ਤਰੀਕਿਆਂ ਨਾਲ ਅਜਿਹੇ ਮਾਮਲਿਆਂ ਲਈ ਜ਼ਿੰਮੇਵਾਰਾਂ ਦਾ ਵਿਰੋਧ ਕਰਦੇ ਆ ਰਹੇ ਹਨ।  

ਖੱਬੀਆਂ ਪਾਰਟੀਆਂ ਨਾਲ ਸਬੰਧਤ ਇਸਤਰੀ ਸਭਾਵਾਂ ਵੀ ਇਸ ਪਾਸੇ ਸਰਗਰਮ ਰਹੀਆਂ ਪਰ ਹੁਣ ਖੱਬੀਆਂ ਧਿਰਾਂ ਵੀ ਵੰਡੀਆਂ ਹੋਈਆਂ ਹਨ। ਸਿੱਟੇ ਵੱਜੋਂ ਉਹਨਾਂ  ਦੇ ਟਰੇਡ ਯੂਨੀਅਨ ਵੀ ਵੰਡੇ ਗਏ ਹਨ। ਕੌਮੀ ਪੱਧਰ 'ਤੇ ਹੋਈ ਵੰਡ ਕਾਰਨ ਸੂਬਾਈ ਇਕਾਈਆਂ ਵੀ ਵੱਖ ਵੱਖ ਹੋ ਕੇ ਵਿਚਰਦਿਆਂ ਹਨ। ਸਰਹੱਦੀ ਸੂਬੇ ਪੰਜਾਬ ਵਿੱਚ ਪੰਜਾਬ ਇਸਤਰੀ ਸਭਾ ਦੇ ਨਾਲ ਨਾਲ ਜਨਵਾਦੀ ਇਸਤਰੀ ਸਭਾ ਅਤੇ ਆਲ ਇੰਡੀਆ ਪ੍ਰੋਗਰੈਸਿਵ ਵੋਮੈਨ ਐਸੋਸੀਏਸ਼ਨ (AIPWA) ਵਗੈਰਾ ਵੀ ਸਰਗਰਮ ਹਨ।

ਇਹ ਸਾਰੇ ਸੰਗਠਨ ਭਾਵੇਂ ਆਪੋ ਆਪਣੀ ਪਾਰਟੀ ਦੇ ਵਿੰਗ ਵੱਜੋਂ ਹੀ ਕੰਮ ਕਰਦੇ ਹਨ ਇਸ ਲਈ ਵੱਖੋ ਵੱਖ ਵੀ ਹਨ ਪਰ ਇਹਨਾਂ ਦੀ ਸੋਚ ਅਤੇ ਨਿਸ਼ਾਨਿਆਂ ਵਿਚ ਕੋਈ ਬਹੁਤਾ ਫਰਕ ਨਹੀਂ ਹੈ। ਇਹ ਮਹਿਲਾ ਸੰਗਠਨ ਵੀ ਮਾਰਕਸਵਾਦ ਅਤੇ ਲੈਨਿਨਵਾਦ ਨੂੰ ਪ੍ਰਣਾਏ ਹੋਏ ਹਨ। ਕਮਿਊਨਿਸਟ ਪਾਰਟੀਆਂ ਦੇ ਪੁਰਸ਼ ਆਗੂ ਅਤੇ ਹੋਰ ਮੈਂਬਰ ਇਹਨਾਂ ਔਰਤਾਂ ਕਰ ਕੇ ਹੀ ਦਿਨ ਰਾਤ ਇੱਕ ਕਰਕੇ ਪਾਰਟੀ ਅਤੇ ਸਮਾਜ ਦਾ ਕੰਮ ਕਰਦੇ ਹਨ। 

ਘਰਾਂ ਨੂੰ ਸੰਭਾਲ ਕੇ ਇਹ ਇਸਤਰੀਆਂ ਹੀ ਉਹਨਾਂ ਨੂੰ ਸਿਆਸੀ ਸਰਗਰਮੀਆਂ ਲਈ ਪੂਰੀ ਤਰ੍ਹਾਂ ਮੁਕਤ ਕਰਦੀਆਂ ਹਨ। ਹੁਣ ਜਦੋਂ ਕਿ ਖੱਬੀਆਂ ਪਾਰਟੀਆਂ ਦਾ ਅਧਾਰ ਬੀਤੇ ਕੁਝ ਸਮਿਆਂ ਵਿਚ ਕਮਜ਼ੋਰ ਹੋਇਆ ਹੈ ਤਾਂ ਇੱਕ ਵਾਰ ਫੇਰ ਇਸਤਰੀਆਂ ਨੇ ਮੈਦਾਨ ਸੰਭਾਲਿਆ ਹੈ। ਇਹਨਾਂ ਦੇ ਜਾਦੂ ਨੇ ਛੇਤੀ ਹੀ ਖੱਬੀਆਂ ਧਿਰਾਂ ਨੂੰ ਇੱਕ ਵਾਰ ਫੇਰ ਅਸਮਾਨ ਛੂਹਣ ਵਾਲੇ ਕਰ ਦੇਣਾ ਹੈ। ਕਿਸਾਨ ਅੰਦੋਲਨ ਵਰਗੇ ਕਈ ਹੋਰ ਮੋਰਚੇ ਨੇੜਲੇ ਭਵਿੱਖ ਵਿੱਚ ਸੰਭਵ ਹਨ।  ਇੱਕ ਮੋਰਚਾ ਬਿਲਕਿਸ ਬਾਨੋ ਨਾਲ ਹੋਏ ਜ਼ੁਲਮ ਵਰਗੇ ਮਾਮਲਿਆਂ ਨੂੰ ਲੈ ਕੇ ਵੀ ਤਿਆਰ ਹੋ ਰਿਹਾ ਲੱਗਦਾ ਹੈ। 

ਔਰਤਾਂ ਖਿਲਾਫ ਹੁੰਦੀਆਂ ਵਧੀਕੀਆਂ ਵਿਰੁੱਧ ਸੰਘਰਸ਼ ਵਿੱਢਣ ਦੀ ਇਹ ਭਾਵਨਾ ਹੁਣ 20 ਨਵੰਬਰ 2022 ਨੂੰ ਐਤਵਾਰ ਵਾਲੇ ਲੁਧਿਆਣਾ ਵਿੱਚ ਵੀ ਮਹਿਸੂਸ ਕੀਤੀ ਗਈ। ਉਸ ਦਿਨ ਪੰਜਾਬ ਇਸਤਰੀ ਸਭਾ ਦੀ ਸੂਬਾ ਕੌਂਸਲ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਮੈਡਮ ਕੁਸ਼ਲ ਭੌਰਾ ਦੀ ਪ੍ਰਧਾਨਗੀ ਹੇਠ ਹੋਈ। ਉਹੀ ਕੁਸ਼ਲ ਭੌਰਾ ਜਿਸਨੇ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਸਿਆਸਤ ਅਤੇ ਸਾਹਿਤ ਦੋਹਾਂ ਖੇਤਰਾਂ ਵਿਚ ਵੀ ਆਪਣਾ ਲੋਹਾ ਮਨਵਾਇਆ। ਸੂਹੀ ਸਵੇਰ ਨਾਮ ਦਾ ਰਸਾਲਾ ਮੈਡਮ ਕੁਸ਼ਲ ਭੌਰਾ ਹੀ ਚਲਾਉਂਦੇ ਹਨ। ਉਹਨਾਂ ਦੇ ਨਾਲ ਕਾਮਰੇਡ ਗੁਰਚਰਨ ਗਾਂਧੀ ਅਤੇ ਕੁਝ ਹੋਰ ਸਾਥੀਆਂ ਦੀ ਟੀਮ ਵੀ ਸਰਗਰਮੀ ਨਾਲ ਕੰਮ ਕਰਦੀ ਹੈ। ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿਚ ਨਵੀਆਂ ਕੁੜੀਆਂ ਦਾ ਇੱਕ ਵੱਡਾ ਕਾਫ਼ਿਲਾ ਨਿਰੰਤਰ ਮੈਡਮ ਕੁਸ਼ਲ ਭੌਰਾ ਦੇ ਸੰਪਰਕ ਵਿਚ ਹਨ। ਮੱਧ ਪ੍ਰਦੇਸ਼ ਦੀ ਕੁਮੁਦ ਸਿੰਘ ਵਾਂਗ ਪੰਜਾਬ ਵਿਚ ਕੁਸ਼ਲ ਭੌਰਾ ਸਰਗਰਮ ਹਨ ਆਉਣ ਵਾਲੇ ਸੰਘਰਸ਼ਾਂ ਵਿਚ ਇਹਨਾਂ ਔਰਤਾਂ ਅਤੇ ਇਹਨਾਂ ਦੀਆਂ ਟੀਮਾਂ ਨੇ ਖਾਸ ਭੂਮਿਕਾ ਨਿਭਾਉਣੀ ਹੈ। 

ਲੁਧਿਆਣਾ ਵਿੱਚ ਹੋਈ ਇਸ ਖਾਸ ਸੂਬਾਈ ਮੀਟਿੰਗ ਵਿੱਚ 13 ਜ਼ਿਲਿਆਂ ਵਿਚ ਸਰਗਰਮ ਮੈਂਬਰ ਇਸਤਰੀਆਂ ਦੇ ਪ੍ਰਤੀਨਿਧਾਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ। ਇਸ ਮੀਟਿੰਗ ਵਿੱਚ ਵੀ ਬਿਲਕਿਸ ਬਾਨੋ ਵਾਲਾ ਮੁੱਦਾ ਉਚੇਚ ਨਾਲ ਵਿਚਾਰਿਆ ਗਿਆ। ਮੀਟਿੰਗ ਵਿਚ ਮੌਜੂਦ ਮੈਂਬਰਾਂ ਨੂੰ ਇਹ ਸਾਰਾ ਮਾਮਲਾ ਵਿਸਥਾਰ ਨਾਲ ਦੱਸੇ ਜਾਣ ਦਾ ਫਾਇਦਾ ਇਹ ਹੋਇਆ ਕਿ ਜਿੱਥੇ ਬਿਲਕਿਸ ਬਾਨੋ ਨਾਲ ਹੋਏ ਜ਼ੁਲਮ ਵਿਰੁੱਧ ਪੈਦਾ ਹੋ ਰਹੀ ਹਵਾ ਹੋਰ ਵੀ ਮਜ਼ਬੂਤ ਹੋ ਰਹੀ ਹੈ ਉੱਥੇ ਇਸਤਰੀ ਸਭਾਵਾਂ ਦੇ ਮੈਂਬਰਾਂ ਨੇ ਵੀ ਆਪਣੇ ਇਸ ਅਹਿਦ ਨੂੰ ਵੀ ਮਜ਼ਬੂਤ ਕੀਤਾ ਕਿ ਅਸੀਂ ਅਜਿਹੇ ਕਾਰਿਆਂ ਨੂੰ ਦੇਖ ਸੁਣ ਕੇ ਹੁਣ ਚੁੱਪ ਰਹਿਣ ਵਾਲੇ ਨਹੀਂ ਹਾਂ। 

ਬਿਲਕਿਸ ਨਾਲ ਵਾਪਰੇ ਜਬਰ ਅਤੇ ਉਸਦੇ ਦੋਸ਼ੀਆਂ ਦੀ ਰਿਹਾਈ ਦਾ ਸਾਰਾ ਵੇਰਵਾ ਵੀ ਮੀਟਿੰਗ ਵਿੱਚ ਵਿਸਥਾਰ ਨਾਲ ਦਿੱਤਾ ਗਿਆ। ਇਸ ਨਾਲ ਜਿੱਥੇ  ਬਿਲਕਿਸ ਬਾਨੋ ਲਈ ਇਨਸਾਫ ਦੀ ਗੱਲ ਤਾਜ਼ਾ ਹੋਈ ਉੱਥੇ ਅਜਿਹੇ ਹੋਰ ਮਾਮਲਿਆਂ ਪ੍ਰਤੀ ਇਸਤਰੀ ਕਾਰਕੁਨਾਂ ਦੀ ਜਾਗਰੂਕਤਾ ਵਿੱਚ ਵੀ ਵਾਧਾ ਹੋਇਆ। ਸੂਬਾ ਜਨਰਲ ਸਕੱਤਰ ਰਜਿੰਦਰਪਾਲ ਕੌਰ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਤੇ ਅਗਲੇ ਕੰਮਾਂ ਬਾਰੇ ਵਿਚਾਰ ਚਰਚਾ ਕੀਤੀ। ਜਿਸ ਵਿੱਚ ਜ਼ਿਲਾ ਤੇ ਸਟੇਟ ਕਾਨਫਰੰਸ, ਮੈਂਬਰਸ਼ਿਪ ਤੇ ਹੋਰ ਅਹਿਮ ਮੁੱਦੇ ਵਿਚਾਰੇ ਗਏ। ਸ਼ਾਇਦ ਹੀ ਕੋਈ ਦਿਨ ਅਜਿਹਾ ਗੁਜ਼ਰਦਾ ਹੋਵੇ ਜਿਸ ਦਿਨ ਕਿਸੇ ਨ ਕਿਸੇ ਇਸਤਰੀ ਜਾਨ ਲੜਕੀ ਨਾਲ ਕੋਈ ਮੰਦਭਾਗੀ ਘਟਨਾ ਨਾ ਵਾਪਰਦੀ ਹੋਵੇ। ਭਰੋਸੇਜੋਗ ਸੂਤਰਾਂ ਮੁਤਾਬਿਕ ਇਸਤਰੀ ਸੰਗਠਨ ਹੁਣ ਬਾਕਾਇਦਾ ਇੱਕ ਮੋਨੀਟਰਿੰਗ ਸੈਲ ਬਣਾਉਣ ਬਾਰੇ ਵੀ ਸੋਚ ਰਹੀਆਂ ਹਨ ਜਿਹੜਾ ਇਸਤਰੀਆਂ ਨਾਲ ਵਧੀਕੀਆਂ ਦੇ ਹਰ ਮਾਮਲੇ 'ਤੇ ਨਜ਼ਰ ਰੱਖੇਗਾ। ਇਸ ਮਕਸਦ ਲਈ ਮੀਡੀਆ ਦੇ ਨਾਲ ਨਾਲ ਗਲੀ ਮੋਹਲਿਆਂ ਵਿਚ ਸਰਗਰਮ ਇਸਤਰੀ ਆਗੂਆਂ ਨਾਲ ਰਾਬਤਾ ਵੀ ਰੱਖਿਆ ਜਾਏਗਾ। ਬਿਲਕਿਸ ਬਾਨੋ ਨਾਲ ਜਬਰ ਜਨਾਹ ਤੋਂ ਬਾਅਦ ਵੀ ਬਹੁਤ ਕੁਝ ਹੋ ਚੁੱਕਿਆ ਹੈ ਅਤੇ ਉਸਦੇ ਗੁਨਾਹਗਾਰਾਂ ਦੀ ਰਿਹੈ ਤੋਂ ਬਾਅਦ ਵੀ ਇਹਨਾਂ ਵਧੀਕੀਆਂ ਦਾ ਸਿਲਸਿਲਾ ਰੂਕੀਆ ਨਹੀਂ। 

ਇਸ ਸਮੇਂ ਸਰਪ੍ਰਸਤ ਨਰਿੰਦਰਪਾਲ ਕੌਰ, ਸੀਨੀਅਰ ਸਕੱਤਰ ਨਰਿੰਦਰ ਸੋਹਲ, ਸੁਰਜੀਤ ਕਾਲੜਾ, ਸੁਮਿਤਰਾ, ਜੋਗਿੰਦਰ ਕੌਰ, ਤ੍ਰਿਪਤ ਕਾਲੀਆ, ਸ਼ਸ਼ੀ ਸ਼ਰਮਾ, ਮਨਜੀਤ ਕੌਰ, ਸੀਮਾ ਸੋਹਲ, ਸਰਬਜੀਤ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਹਰਜੀਤ ਕੌਰ, ਪ੍ਰੇਮ ਲਤਾ, ਅਮਰਜੀਤ ਬਠਿੰਡਾ ਅਤੇ ਕੁਲਵੰਤ ਕੌਰ ਆਦਿ ਵੀ ਹਾਜ਼ਰ ਸਨ। 

Sunday, November 6, 2022

ਪੰਜਾਬ ਇਸਤਰੀ ਸਭਾ ਲੁਧਿਆਣਾ ਵੱਲੋਂ ਫਿਰ ਨਵਾਂ ਇਤਿਹਾਸ ਰਚਣ ਦਾ ਅਹਿਦ

Sunday: 6th November 2022 at 06:01 PM

ਔਰਤਾਂ ਨੂੰ ਨਿਆਂ ਤੇ ਬਰਾਬਰੀ ਲਈ ਅੱਗੇ ਆਉਣ ਦਾ ਸੱਦਾ ਵੀ ਦੁਹਰਾਇਆ  

ਨਵੀਂ ਚੋਣ ਵਿੱਚ ਪ੍ਰਧਾਨ ਡਾ. ਗੁਰਚਰਨ ਕੋਚਰ ਅਤੇ ਜਨਰਲ ਸਕੱਤਰ ਅਮਰਜੀਤ ਕੌਰ ਗੋਰੀਆ ਬਣੀ 

ਤਸਵੀਰਾਂ ਖਿੱਚੀਆਂ ਕਾਮਰੇਡ ਐਮ ਐਸ ਭਾਟੀਆ ਅਤੇ ਉਹਨਾਂ ਦੇ ਸਹਿਯੋਗੀਆਂ ਨੇ 

ਲੁਧਿਆਣਾ: 6 ਨਵੰਬਰ 2022 (ਰਿਪੋਰਟ ਐਮ ਐਸ ਭਾਟੀਆ//ਇਨਪੁਟ-ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::

ਕੋਈ ਜ਼ਮਾਨਾ ਸੀ ਜਦੋਂ ਪੰਜਾਬ ਇਸਤਰੀ ਸਭਾ ਨੇ ਪੂਰੇ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਭਰ ਦੀ ਇਸਤਰੀ ਲਹਿਰ ਵਿੱਚ ਧੁੰਮਾਂ ਪਾਈਆਂ ਹੋਈਆਂ ਸਨ। ਕੌਮੀ ਅਤੇ ਕੌਮਾਂਤਰੀ ਸ਼ਖਸੀਅਤਾਂ ਇਸਦੀ ਪ੍ਰਸੰਸਾ ਕਰਦੀਆਂ ਸਨ। ਛੇਤੀ ਕੀਤਿਆਂ ਕਿਸੇ ਵੱਡੇ ਤੋਂ ਵੱਡੇ ਨਾਢੂ ਖਾਨ ਦੀ ਵੀ ਹਿੰਮਤ ਨਹੀਂ ਸੀ ਪੈਂਦੀ ਕਿ ਉਹ ਆਪਣੀ ਨੂੰਹ, ਧੀ ਜਾਂ ਕਿਸੇ ਹੋਰ ਇਸਤਰੀ ਨੂੰ ਨਜਾਇਜ਼ ਤੰਗ ਕਰ ਜਾਵੇ। ਦਾਜ-ਦਹੇਜ ਮੰਗਣ ਵਾਲੇ ਅਜਿਹੀ ਕੋਈ ਵੀ ਮੰਗ ਕਰਦਿਆਂ ਹਜ਼ਾਰ ਵਾਰ ਸੋਚਦੇ ਸਨ। ਜੇ ਫਿਰ ਵੀ ਕੋਈ ਅਜਿਹੀ ਹਿਮਾਕਤ ਕਰ ਹੀ ਬੈਠਦਾ ਸੀ ਤਾਂ ਪੰਜਾਬ ਇਸਤਰੀ ਸਭਾ ਉਸ ਦੀ ਪੂਰੀ ਖਬਰ ਲਿਆ ਕਰਦੀ ਸੀ। ਕਾਮਰੇਡ ਸ਼ੀਲਾ ਦੀਦੀ, ਕਾਮਰੇਡ ਵਿਮਲਾ ਡਾਂਗ ਅਤੇ ਕਈ ਹੋਰ ਬਹਾਦਰ ਇਸਤਰੀਆਂ ਇਨਸਾਫ ਦੁਆਉਣ ਲਈ ਚਲਾਈ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਂਦੀਆਂ ਸਨ। ਉਹਨਾਂ ਨੂੰ ਆਪਣੀਆਂ ਮੈਂਬਰ ਸਾਥਣਾਂ ਦੀ ਜੇਬ ਦੇ ਨਾਲ ਨਾਲ ਸਿਹਤ ਦੀ ਹਾਲਤ ਵੀ ਪਤਾ ਹੁੰਦੀ ਅਤੇ ਉਹਨਾਂ ਦੀ ਰਸੋਈ ਵਾਲੀ ਹਾਲਤ ਦਾ ਵੀ ਪੂਰਾ ਪਤਾ ਰਹਿੰਦਾ। ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਨਿਰਾਸ਼ ਨਹੀਂ ਸੀ ਹੋਣ ਦਿੱਤਾ ਜਾਂਦਾ। ਆਪਣੇ ਜੇਬ ਖਰਚ ਵਿੱਚੋਂ ਕੁਝ ਬਚਾ ਕੇ ਲੋੜਵੰਦ ਇਸਤਰੀਆਂ ਦੀ ਮਦਦ ਵੀ ਕੀਤੀ ਜਾਂਦੀ। ਕੋਈ ਵੀ ਇਸਤਰੀ ਲੀਡਰ ਕਦੇ ਵੀ ਕਿਸੇ ਵੀ ਸੰਘਰਸ਼ ਦੌਰਾਨ ਆਪਣੇ ਨਾਲ ਆਈਆਂ ਇਸਤਰੀਆਂ ਤੋਂ ਓਹਲਾ ਕਰ ਕੇ ਕਦੇ ਹਲਕਾ ਜਿਹਾ ਨਾਸ਼ਤਾ ਪਾਣੀ ਵੀ ਨਹੀਂ ਸੀ ਕਰਦੀ। ਜੋ ਵੀ ਪ੍ਰਬੰਧ ਹੁੰਦਾ ਰਲ ਮਿਲ ਕੇ ਨਾਸ਼ਤਾ ਹੁੰਦਾ। ਲੋੜ ਪੈਣ ਤੇ ਆਪੋ ਆਪਣੀ ਵਿੱਤ ਅਨੁਸਾਰ ਯੋਗਦਾਨ ਦਾ ਵੀ ਖੁਲ੍ਹ ਸੱਦਾ ਹੁੰਦਾ ਪਰ ਇਹ ਖੁਲ੍ਹਾ ਸੱਦਾ ਸ਼ਰਤ ਕਦੇ ਵੀ ਨਹੀਂ ਸੀ ਬਣਦਾ। ਕਿਸੇ ਨੂੰ ਵੀ ਉਸਦੀ ਖਾਲੀ ਜੇਬ ਜਾਂ ਘੱਟ ਪੈਸਿਆਂ ਦਾ ਅਹਿਸਾਸ ਨਹੀਂ ਸੀ ਹੋਣ ਦਿੱਤਾ ਜਾਂਦਾ। ਹੱਸਦਿਆਂ ਖੇਡਦਿਆਂ ਨੱਚਦਿਆਂ ਗਾਉਂਦਿਆਂ ਵੀ ਸੰਘਰਸ਼ਾਂ ਦੀ ਗੱਲ ਅੱਗੇ ਤੁਰਦੀ ਰਹਿੰਦੀ। ਇਸਤਰੀਆਂ ਨੇ ਆਪਣੇ ਇਸ ਅੰਦਾਜ਼ ਨਾਲ ਭਿਆਚਾਰਕ ਪਿੜ੍ਹ ਵਿੱਚ ਵੱਡਾ ਯੋਗਦਾਨ ਦਿੱਤਾ। 

ਇਹਨਾਂ ਇਸਤਰੀਆਂ ਨੇ ਕਈ ਕਈ ਕਿਲੋਮੀਟਰ ਦੇ ਸਫ਼ਰ ਪੈਦਲ ਕਰਨੇ ਅਤੇ ਭੁੱਜੇ ਛੋਲੇ ਖਾ ਕੇ ਕਾਮਰੇਡੀ ਸਟਾਈਲ ਵਾਲੇ ਲੰਚ ਕਰ ਲੈਣੇ। ਇਹਨਾਂ ਨੇ ਇੱਕ ਇਤਿਹਾਸ ਰਚਿਆ ਸੀ। ਇਸ ਇਤਿਹਾਸ ਸਦਕਾ ਹੀ ਪੰਜਾਬ ਇਸਤਰੀ ਸਭਾ ਨੇ ਕਮਿਊਨਿਸਟ ਪਾਰਟੀ ਨੂੰ ਬਹੁਤ ਸਾਰੀਆਂ ਇਸਤਰੀ ਲੀਡਰ ਦਿੱਤੀਆਂ ਜਿਹਨਾਂ ਨੇ ਵੱਖ ਵੱਖ ਢੰਗ ਤਰੀਕਿਆਂ ਨਾਲ ਇਸਤਰੀਆਂ ਦੀ ਜ਼ਿੰਦਗੀ ਖੁਸ਼ਹਾਲ ਬਣਾਉਣ ਦਾ ਆਧਾਰ ਤਿਆਰ ਕੀਤਾ। ਇਹਨਾਂ ਇਸਤਰੀਆਂ ਨੇ ਹੀ ਟੱਬਰਾਂ ਦੇ ਟੱਬਰ ਇਸ ਖੱਬੀ ਲਹਿਰ ਨਾਲ ਜੋੜੇ ਸਨ। ਸੰਨ 1954 ਤੋਂ ਲੈ ਕੇ ਨੱਬਿਵਿਆਂ ਤੱਕ ਵੀ ਪੰਜਾਬ ਇਸਤਰੀ ਸਭਾ ਦਾ ਇਤਿਹਾਸ ਬਹੁਤ ਹੀ ਸ਼ਾਨਾਂਮੱਤਾ ਰਿਹਾ। ਘਰਾਂ ਦੇ ਅੰਦਰ ਵੀ ਅਤੇ ਘਰਾਂ ਤੋਂ ਬਾਹਰ ਵੀ ਇਹਨਾਂ ਬਹਾਦਰ ਇਸਤਰੀਆਂ ਨੇ ਪਾਰਟੀ ਦੀ ਬੇਹਤਰੀ ਲਈ ਉਹ ਕੰਮ ਕੀਤੇ ਜਿਹਨਾਂ ਨੇ  ਲੋਕ ਸ਼ਕਤੀ ਨੂੰ ਮਜ਼ਬੂਤ ਬਣਾਉਣ ਵਿੱਚ ਉਸਾਰੂ ਭੂਮਿਕਾ ਨਿਭਾਈ। ਹਰ ਘਰ ਵਿਚਲੀ ਮਾਂ, ਭੈਣ, ਬੇਟੀ ਅਤੇ ਭਰਜਾਈ ਬਾਰੇ ਉਹਨਾਂ ਘਰਾਂ ਵਿਚ ਆਉਂਦੇ ਜਾਂਦੇ ਕਾਮਰੇਡਾਂ ਨੂੰ ਪਤਾ ਹੁੰਦਾ ਸੀ। ਸਿਰਫ ਪਤਾ ਹੀ ਨਹੀਂ ਸੀ ਹੁੰਦਾ ਬਲਕਿ ਇਹਨਾਂ ਪਾਵਨ ਪਵਿੱਤਰ ਰਿਸ਼ਤਿਆਂ ਦਾ ਅਹਿਸਾਸ ਵੀ ਹੁੰਦਾ ਸੀ। ਹਰ ਭੈਣ ਨੂੰ ਪਤਾ ਹੁੰਦਾ ਸੀ ਕਿ ਉਸਦੇ ਏਨੇ ਭਰਾ ਹਨ ਕਿ ਕੋਈ ਮੁਸੀਬਤਾਂ ਉਹਨਾਂ ਅੱਗੇ ਠਹਿਰ ਨਹੀਂ ਸਕਦੀ। 

ਸਭ ਕੁਝ ਬੜਾ ਚੰਗਾ ਚੱਲ ਰਿਹਾ ਸੀ ਕਿ ਅਚਾਨਕ ਹੋਏ ਕੌਮੀ ਅਤੇ ਕੌਮਾਂਤਰੀ ਘਟਨਾਕ੍ਰਮ ਕਾਰਨ ਭਾਰਤੀ ਕਮਿਊਨਿਸਟ ਪਾਰਟੀ ਵੰਡੀ ਗਈ। ਕਰੀਬ ਤਿੰਨ ਕੁ ਦਰਜਨ ਆਗੂਆਂ ਨੇ ਮਾਂ ਪਾਰਟੀ ਸੀਪੀਆਈ ਨਾਲੋਂ ਵੱਖ ਹੋ ਕੇ ਸੀਪੀਆਈ (ਐਮ) ਬਣਾ ਲਈ। ਇਹ ਇੱਕ ਲੰਮੀ ਕਹਾਣੀ ਹੈ ਜਿਸਦੀ ਚਰਚਾ ਬਹੁਤ ਜਲਦੀ ਕਿਸੇ ਵੱਖਰੀ ਪੋਸਟ ਵਿਚ ਕੀਤੀ ਜਾਏਗੀ ਫਿਲਹਾਲ ਏਨਾ ਹੀ ਕਿ ਵੱਖਰੀ ਪਾਰਟੀ ਬਣਨ ਦਾ ਅਸਰ ਪਾਰਟੀ ਦੇ ਸਾਰੇ ਵਿੰਗਾਂ 'ਤੇ ਪਿਆ। ਹਰ ਬ੍ਰਾਂਚ ਤੇ ਵੀ ਪਿਆ। ਖੱਬੀ ਲਹਿਰ ਨਾਲ ਜੁੜੀਆਂ ਸਮੂਹ ਇਸਤਰੀਆਂ ਤੇ ਵੀ ਪਿਆ। 

ਆਖਿਰ ਇਸਤਰੀ ਸਭਾ ਵੀ ਦੋਫਾੜ ਹੋ ਗਈ। ਜਨਵਾਦੀ ਇਸਤਰੀ ਸਭਾ ਵੱਖਰੇ ਤੌਰ ਤੇ ਕੰਮ ਕਾਰਨ ਲੱਗ ਪਈ।  ਨੌਜਵਾਨ ਸਭਾ ਵੀ ਦੋਫਾੜ ਹੋ ਗਈ ਅਤੇ ਵਿਦਿਆਰਥੀਆਂ ਦੀ ਵੀ ਵੱਖਰੀ ਫੈਡਰੇਸ਼ਨ ਬਣ ਗਈ। ਮਜ਼ਦੂਰਾਂ ਦੇ ਫਰੰਟ ਵੀ ਵੱਖਰੇ ਬਣ ਗਏ। ਦੁਨੀਆ ਭਰ ਕੇ ਮਜ਼ਦੂਰੋ ਇਕ ਹੋ ਜੋ ਵਾਲਾ ਨਾਅਰਾ ਹਵਾ ਵਿੱਚ ਬਿਖਰਦਾ ਨਜ਼ਰ ਆਉਣ ਲੱਗਿਆ। ਸਰਬੱਤ ਦਾ ਭਲਾ ਮੰਗਣ ਵਾਲੀ ਸੋਚ ਨੂੰ ਗਲੇ ਲਾਉਣ ਵਾਲੇ ਤੇਰੀ ਮੇਰੀ ਪਾਰਟੀ ਦੇ ਨਾਮ ਹੇਠ ਇੱਕ ਦੂਜੇ ਦੇ ਆਹਮੋ ਸਾਹਮਣੇ ਖੜੋਣ ਲੱਗੇ। ਅਸੀਂ ਲੋਕ ਨਜ਼ਰਾਂ ਲੱਗਣ ਦੀ ਗੱਲ ਨੂੰ ਨਹੀਂ ਮੰਨਦੇ ਪਰ ਸ਼ਾਇਦ ਕਿਸੇ ਦੋਖੀ ਦੀ ਨਜ਼ਰ ਲੱਗ ਗਈ ਸੀ।  

ਇਸੇ ਦੌਰਾਨ ਜਦੋਂ ਕੁਝ ਕੁ ਅਰਸੇ ਮਗਰੋਂ ਪੰਜਾਬ ਦੇ ਹਾਲਾਤ ਖਰਾਬ ਹੋਏ ਤਾਂ ਗੋਲੀਆਂ ਚੱਲਣੀਆਂ ਅਤੇ ਬੰਬ ਧਮਾਕੇ ਆਮ ਹੋ ਗਏ। ਇਹਨਾਂ ਸਾਰੇ ਹਾਲਾਤਾਂ ਵਿੱਚ ਘਰਾਂ ਨੂੰ ਸੰਭਾਲਣਾ ਅਤੇ ਅੰਡਰਗਰਾਊਂਡ ਵਰਗੀਆਂ ਹਾਲਤਾਂ ਵਿੱਚ ਵਿਚਰਦੇ ਕਾਮਰੇਡਾਂ ਦੀਆਂ ਪਾਰਟੀ ਸਰਗਰਮੀਆਂ ਨੰ ਸਫਲ ਬਣਾਉਣ ਦਾ ਸਾਰਾ ਕੰਮ ਇਸਤਰੀ ਸਭਾ ਦੀਆਂ ਬਹਾਦਰ ਮੈਂਬਰਾਂ ਨੇ ਹੀ ਕੀਤਾ। ਜਦੋਂ ਪਤਾ ਹੋਵੇ ਬਾਹਰ ਗੋਲੀਆਂ ਚੱਲਦੀਆਂ ਹਨ। ਬੰਬ ਧਮਕੀ ਹੁੰਦੇ ਹਨ। ਘਾਤ ਲਾ ਕੇ ਹਮਲੇ ਹੁੰਦੇ ਹਨ ਉਦੋਂ ਵੀ ਖੁਦ ਬਾਹਰ ਨਿਕਲਣਾ ਜਾਂ ਆਪਣੇ ਸਾਥੀਆਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਘਰੋਂ ਬਾਹਰ ਭੇਜਣਾ ਮੈਦਾਨੇ ਜੰਗ ਵਿਚ ਭੇਜਣ ਵਰਗਾ ਹੀ ਹੁੰਦਾ ਸੀ। ਅੱਜ ਵੀ ਇਸਦਾ ਅਹਿਸਾਸ ਨਰਿੰਦਰ ਸੋਹਲ ਵਰਗੀਆਂ ਹੀ ਕਰ ਸਕਦੀਆਂ ਹਨ। 

ਨਰਿੰਦਰ ਸੋਹਲ ਨੇ ਅੱਤਵਾਦੀਆਂ ਦੀਆਂ ਗੋਲੀਆਂ ਦਾ ਮੁਕਾਬਲਾ ਵੀ ਕੀਤਾ। ਉਸਦੇ ਪਿਤਾ ਨੇ ਸ਼ਹਾਦਤ ਵੀ ਦਿੱਤੀ।ਵਰ੍ਹਦੀਆਂ ਗੋਲੀਆਂ ਅਤੇ ਹਮਲਾਵਰਾਂ ਦੇ ਲਲਕਾਰਿਆਂ ਦਾ ਇਉ ਖੌਫਨਾਕ ਦ੍ਰਿਸ਼ ਉਸਨੂੰ ਅੱਜ ਵੀ ਯਾਦ ਹੈ। ਅਜਿਹੀਆਂ ਘਟਨਾਵਾਂ ਬਹੁਤ ਸਾਰੀਆਂ ਥਾਂਵਾਂ ਤੇ ਹੋਈਆਂ। ਦੁਸ਼ਮਣ ਕਿਸ ਕਦਮ ਤੇ ਲੁਕਿਆ ਸੀ, ਕਿਸ ਮੋੜ ਤੇ ਖੜੋਤਾ ਸੀ ਇਸਦਾ ਪਤਾ ਆਸਾਨੀ ਨਾਲ ਲੱਗਦਾ ਹੀ ਨਹੀਂ ਸੀ। 

ਇੱਕ ਅਜਿਹੀ ਲੜਾਈ ਗੱਲ ਪੈ ਗਈ ਸੀ ਜਿਸਦੇ ਬਾਰਡਰ ਵਾਲੀ ਲਾਈਨ ਦੀ ਸ਼ਨਾਖਤ ਵੀ ਮੁਸ਼ਕਲ ਸੀ। ਇਹਨਾਂ ਹਾਲਾਤਾਂ ਨੇ ਇਸਤਰੀ ਸਭਾ ਦੇ ਅਧਾਰ ਨੂੰ ਵੀ ਖੋਰਾ ਲਾਇਆ ਕਿਓਂਕਿ ਫੀਲਡ ਦੀਆਂ ਸਰਗਰਮੀਆਂ ਬਹੁਤ ਹੀ ਘਟ ਗਈਆਂ ਸਨ। ਉਹ ਖੁਰਿਆ ਹੋਇਆ ਅਧਾਰ ਅਮਨ ਸ਼ਾਂਤੀ ਕਾਇਮ ਹੋਣ ਮਗਰੋਂ ਵੀ ਸੰਭਾਲਿਆ ਨਾ ਜਾ ਸਕਿਆ। 

ਫਿਰ ਵੀ ਬੜੀ ਤਸੱਲੀ ਵਾਲੀ ਗੱਲ ਹੈ ਕਿ ਰਾਜਿੰਦਰਪਾਲ ਕੌਰ ਵਰਗੀ ਆਮ ਜਨ ਸਾਧਾਰਨ ਨਾਲ ਜੁੜੀ ਹੋਈ ਬਹੁਤ ਹੀ ਸੂਝਵਾਨ ਲੀਡਰ ਅੱਜ ਵੀ ਇਸਤਰੀ ਸਭਾ ਦੇ ਕੋਲ ਹੈ। ਲੁਧਿਆਣਾ ਦੀ ਮੀਟਿੰਗ ਵਿੱਚ ਉਹਨਾਂ ਦੀ ਮੌਜੂਦਗੀ ਸਭਨਾਂ ਲਈ ਬੜੀ ਖੁਸ਼ੀ ਅਤੇ ਮਾਣ ਦੀ ਗੱਲ ਰਹੀ। 

ਇੱਕ ਲੰਮੇ ਅਰਸੇ ਮਗਰੋਂ ਪੰਜਾਬ ਇਸਤਰੀ ਸਭਾ ਨੇ ਲੁਧਿਆਣਾ ਵਿੱਚ ਅਹਿਦ ਲਿਆ ਹੈ ਕਿ ਜਲਦੀ ਹੀ ਨਾ ਸਿਰਫ ਪੰਜਾਬ ਇਸਤਰੀ ਸਭਾ ਦੀ ਉਹ ਪੁਰਾਣੀ ਸ਼ਾਨ ਬਹਾਲ ਕੀਤੀ ਜਾਏਗੀ ਬਲਕਿ ਨਵੇਂ ਇਤਿਹਾਸ ਵੀ ਰਚੇ ਜਾਣਗੇ। ਨਵੀਂ ਚੁਣੀ ਗਈ ਟੀਮ ਸਾਹਮਣੇ ਕਈ ਚੁਣੌਤੀਆਂ ਹਨ ਜਿਹਨਾਂ ਦਾ ਸਾਹਮਣਾ ਕੀਤੇ ਬਿਨਾ ਗੁਜ਼ਾਰਾ ਨਹੀਂ ਹੋਣਾ। ਇਸਤਰੀਆਂ ਨਾਲ ਘਰੇਲੂ ਹਿੰਸਾਂ, ਦਫ਼ਤਰੀ ਸ਼ੋਸ਼ਣ ਅਤੇ ਕੰਮਾਂ ਕਾਰਣ ਲਈ ਆਉਂਦਿਆਂ ਜਾਂਦਿਆਂ ਰਸਤਿਆਂ ਵਿੱਚ ਅਸੁਰੱਖਿਅਤ ਮਾਹੌਲ ਵਰਗੇ ਕਈ ਮੁੱਦੇ ਹਨ ਜਿਹਨਾਂ 'ਤੇ ਕੰਮ ਕੀਤਾ ਜਾਣਾ ਜ਼ਰੂਰੀ ਵੀ ਹੈ। 

ਲੁਧਿਆਣਾ ਵਾਲੀ ਜ਼ਿਲ੍ਹਾ ਕਾਨਫਰੰਸ ਵਿੱਚ ਇਹਨਾਂ ਸਾਰੇ ਨੁਕਤਿਆਂ 'ਤੇ ਵਿਚਾਰਾਂ ਹੋਈਆਂ। ਪੰਜਾਬ ਇਸਤਰੀ ਸਭਾ ਲੁਧਿਆਣਾ ਦੀ ਜ਼ਿਲ੍ਹਾ ਕਾਨਫਰੰਸ ਅੱਜ ਇਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਡਾ: ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਕੀਤੀ ਗਈ। 

ਕਾਨਫਰੰਸ ਦੇ ਸ਼ੁਰੂ ਵਿਚ ਸਮਾਜ ਸੇਵਕਾ ਇਲਾ ਭੱਟ ਅਤੇ ਹੋਰ ਵਿਛੜੀਆਂ ਸ਼ਖ਼ਸੀਅਤਾਂ ਪ੍ਰਤੀ ਸਨਮਾਨ ਵਜੋਂ ਮੌਨ ਰੱਖਿਆ ਗਿਆ। ਕਾਨਫ਼੍ਰੰਸ ਲਈ ਉਦਘਾਟਨੀ ਭਾਸ਼ਣ ਦਿੰਦੇ ਹੋਏ ਪੰਜਾਬ ਇਸਤਰੀ ਸਭਾ ਦੇ ਸੂਬਾਈ ਜਨਰਲ ਸਕੱਤਰ ਬੀਬੀ ਰਜਿੰਦਰਪਾਲ ਕੌਰ ਨੇ ਕਿਹਾ ਕਿ ਅੱਜ ਸਮਾਜ ਵਿਚ ਜਿਸ ਢੰਗ ਦੇ ਨਾਲ ਬੇਰੁਜ਼ਗਾਰੀ ਅਤੇ ਮਹਿੰਗਾਈ ਵਧ ਰਹੀ ਹੈ ਅਤੇ  ਨਾਬਰਾਬਰੀ ਪੈਦਾ ਹੋ ਗਈ ਹੈ ਅਤੇ ਨਾਲ ਹੀ ਹਿੰਸਾ ਵਧ ਰਹੀ ਹੈ ਇਸ ਦਾ ਸਭ ਤੋਂ ਮਾੜਾ ਪ੍ਰਭਾਵ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਤੇ ਪੈਂਦਾ ਹੈ। ਹਰ ਦਿਨ ਔਰਤਾਂ ਉਪਰ ਅੱਤਿਆਚਾਰ ਦੀਆਂ ਖਬਰਾਂ ਆ ਰਹੀਆਂ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਇੰਨ੍ਹਾਂ  ਕੁਝ ਹੋਣ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਦੇ ਕੰਨਾਂ ਤੇ ਜੂੰ ਤਕ ਨਹੀਂ ਸਰਕਦੀ। 

ਅੱਜ ਵੀ ਦੇਸ਼ ਦੇ ਅਨੇਕਾਂ ਹਿੱਸਿਆਂ ਵਿੱਚ ਬਾਲੜੀਆਂ ਦੇ ਵਿਆਹ ਵੱਡੀ ਉਮਰ ਦੇ ਬੰਦਿਆਂ ਦੇ ਨਾਲ ਕੀਤੇ ਜਾ ਰਹੇ ਹਨ ਅਤੇ ਬਾਲੜੀਆਂ ਨਾਲ ਜ਼ਿਆਦਤੀਆਂ ਹੋ ਰਹੀਆਂ ਹਨ ਪਰ ਪ੍ਰਸ਼ਾਸਨ ਮੂਕ-ਦਰਸ਼ਕ ਬਣਿਆ  ਹੋਇਆ  ਹੈ। ਇਸ ਕਿਸਮ ਦਾ ਕਾਰਾ ਕਰਨ ਵਾਲੇ ਲੋਕਾਂ ਨੂੰ ਰਾਜਨੀਤਿਕ ਸੁਰੱਖਿਆ ਮਿਲਦੀ ਰਹਿੰਦੀ ਹੈ। ਕੰਮ ਵਾਲੀਆਂ  ਥਾਵਾਂ ਤੇ ਵੀ ਸੁਰੱਖਿਆ ਦੀ ਘਾਟ ਹੈ। 

ਬਰਾਬਰ ਕੰਮ ਬਰਾਬਰ ਵੇਤਨ ਹੁਣ ਤੱਕ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ। ਕੇਂਦਰ ਵਿੱਚ ਸੱਤਾ ਤੇ ਕਾਬਜ਼ ਮੋਦੀ ਸਰਕਾਰ ਵੱਲੋਂ ਲੋਕਾਂ ਦਾ ਧਿਆਨ ਵਧ ਰਹੀ ਮਹਿੰਗਾਈ ਅਤੇ ਬੇਰੋਜ਼ਗਾਰੀ ਵੱਲੋਂ ਹਟਾਉਣ ਲਈ ਲੋਕਾਂ ਨੂੰ  ਫਿਰਕੂ ਲੀਹਾਂ ਤੇ ਵੰਡਿਆ ਜਾ ਰਿਹਾ ਹੈ। ਸਿੱਖਿਆ ਅਤੇ ਸਿਹਤ ਸੇਵਾਵਾਂ ਤੋਂ ਸਰਕਾਰ ਨੇ ਹੱਥ ਪਿੱਛੇ ਖਿੱਚ ਲਏ ਹਨ ਜਿਸ ਕਰਕੇ ਇਹ  ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। 

ਇਹਨਾਂ ਸਭ ਖੇਤਰਾਂ ਵਿੱਚ ਪੰਜਾਬ ਇਸਤਰੀ ਸਭਾ ਨੂੰ ਅਨੇਕਾਂ ਸੰਘਰਸ਼ ਵਿੱਢਣੇ ਪੈਣਗੇ ਅਤੇ ਇਸ ਲਈ ਜਥੇਬੰਦੀ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ। ਪੰਜਾਬ ਇਸਤਰੀ ਸਭਾ ਜ਼ਿਲ੍ਹਾ ਲੁਧਿਆਣਾ ਦੀ ਪ੍ਰਧਾਨ ਡਾ: ਗੁਰਚਰਨ ਕੌਰ ਕੋਚਰ ਨੇ ਪ੍ਰੋਗਰਾਮ ਦੇ ਸ਼ੁਰੂ ਵਿਚ ਆਏ ਹੋਏ ਸਾਰੇ ਡੈਲੀਗੇਟਾਂ ਅਤੇ ਸੂਬਾਈ ਸਕੱਤਰ ਦਾ ਸੁਆਗਤ ਕੀਤਾ ਅਤੇ ਨਾਲ ਹੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਅੱਜ ਔਰਤ ਕਿਸੇ  ਤਰ੍ਹਾਂ ਵੀ ਮਰਦਾਂ ਨਾਲੋਂ ਪਿੱਛੇ ਨਹੀਂ ਹੈ ਅਤੇ ਹਰ ਖੇਤਰ ਵਿੱਚ ਅੱਗੇ ਵਧਣਾ ਚਾਹੁੰਦੀ ਹੈ। 

ਸੰਸਥਾ ਦੀ ਜਨਰਲ ਸਕੱਤਰ ਜੀਤ ਕੁਮਾਰੀ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੇ ਲਿਖਤੀ ਸੁਨੇਹਾ ਭੇਜਿਆ ਜੋ ਕਿ ਉੱਥੇ ਪੜ੍ਹ ਕੇ ਸੁਣਾਇਆ ਗਿਆ ਅਤੇ ਕਾਨਫ਼੍ਰੰਸ ਨੇ ਉਹਨਾਂ ਦੀਆਂ 5 ਦਹਾਕਿਆਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਤੇ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਵੀ ਕੀਤੀ। 

ਇਸ ਮੌਕੇ ਮੀਤ ਪਰਧਾਨ ਕੁਸੁਮ ਲਤਾ ਨੇ ਪਿੱਛਲੇ ਕੰਮਾਂ ਦੀ ਕਾਰਗੁਜਾਰੀ ਦੀ ਰਿਪੋਰਟ ਪੇਸ਼ ਕੀਤੀ। ਮੀਤ ਸਕੱਤਰ ਅਵਤਾਰ ਕੌਰ ਐਡਵੋਕੇਟ ਨੇ ਰਿਪੋਰਟ ਤੇ ਬੋਲਦਿਆਂ ਸੱਭ ਡੈਲੀਗੇਟਾਂ ਨੂੰ ਮਜ਼ਬੂਤੀ ਨਾਲ ਇਕੱਠੇ ਹੋ ਕੇ ਆਪਣੀ ਸੰਸਥਾ ਹੋਰ ਮਜ਼ਬੂਤ ਬਣਾਉਣ ਦੀ ਲੋੜ ਤੇ ਜੋਰ ਦਿੱਤਾ। 

ਰਿਪੋਰਟ ਪੇਸ਼ ਕਰਨ ਉਪਰੰਤ ਸ਼ਾਮਿਲ ਡੈਲੀਗੇਟਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਜਿੰਨ੍ਹਾਂ ਵਿੱਚ ਪ੍ਰਮੁੱਖ ਸਨ ਅਨੂ ਬਾਲਾ, ਭਗਵੰਤ ਕੌਰ, ਰਾਜਵਿੰਦਰ ਕੌਰ ਆਦਿ। ਕੁਝ ਵਾਧਿਆਂ ਦੇ ਨਾਲ ਰਿਪੋਰਟ ਸਰਬਸੰਮਤੀ ਨਾਲ ਪਾਸ ਕੀਤੀ। 

ਉਪ੍ਰੰਤ 31 ਮੈਂਬਰੀ ਜ਼ਿਲਾ ਕੌਂਸਲ ਦਾ ਗਠਨ ਕੀਤਾ ਗਿਆ ਜਿਸਨੇ ਤੁਰੰਤ ਬਾਅਦ ਮੀਟਿੰਗ ਕਰਕੇ ਡਾ: ਗੁਰਚਰਨ ਕੌਰ ਕੋਚਰ ਨੂੰ ਫਿਰ ਤੋਂ ਪਰਧਾਨ ਅਤੇ ਬੀਬੀ ਅਮਰਜੀਤ ਕੌਰ ਗੋਰੀਆ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸਦੇ ਨਾਲ ਹੀ ਅਵਤਾਰ ਕੌਰ ਐਡਵੋਕੇਟ, ਬਰਜਿੰਦਰ ਕੌਰ ਅਤੇ ਕੁਸਮ ਲਤਾ ਨੂੰ ਮੀਤ ਪ੍ਰਧਾਨ, ਕੁਲਵੰਤ ਕੌਰ, ਰਾਜਵਿੰਦਰ ਕੌਰ ਨੂੰ ਸਕੱਤਰ, ਵੀਨਾ ਸਚਦੇਵਾ ਨੂੰ ਵਿੱਤ ਸਕੱਤਰ ਅਤੇ ਅਨੂ ਬਾਲਾ ਨੂੰ ਜੱਥੇਬੰਦਕ ਸਕੱਤਰ ਚੁਣਿਆ ਗਿਆ। 

ਬੀਬੀ  ਜੀਤ ਕੁਮਾਰੀ ਅਤੇ ਡਾ ਮਹਿੰਦਰ ਕੌਰ ਗਰੇਵਾਲ ਨੂੰ ਸੰਸਥਾ ਦਾ ਸਰਪ੍ਰਸਤ ਬਣਾਇਆ ਗਿਆ।

ਇਸ ਮੌਕੇ ਤੇ ਸੁਤੰਰਤਾ ਸੇਨਾਨੀ ਪਰਿਵਾਰ ਵਿਚੋਂ  ਬਜ਼ੁਰਗ ਇਸਤਰੀ ਆਗੂ ਬੀਬੀ ਹਰਦੀਪ ਕੌਰ ਨੂੰ ਉਹਨਾਂ ਦੀਆਂ ਸੇਵਾਵਾਂ ਕਰਕੇ ਸਨਮਾਨਤ ਕੀਤਾ ਗਿਆ। ਨਵੀਂ ਚੁਣੀਂ ਜਰਨਲ ਸਕੱਤਰ ਅਮਰਜੀਤ ਕੌਰ ਗੋਰੀਆ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਮੁੱਖਤਾ ਇਸਤਰੀਆਂ ਨੂੰ ਲਾਮਬੰਦ ਕਰਨ ਲਈ ਸਭ ਤੋਂ ਪਹਿਲਾਂ ਸੰਗਠਨ ਨੂੰ ਮਜ਼ਬੂਤ ਕਰਨਾ ਹੋਵੇਗਾ। ਇਸ ਮੌਕੇ ਤੇ ਕਾਮਰੇਡ ਡੀ ਪੀ ਮੌੜ, ਡਾਕਟਰ ਅਰੁਣ ਮਿੱੱਤਰਾ ਅਤੇ ਕਾਮਰੇਡ ਐਮ ਐਸ ਭਾਟੀਆ ਨੇ ਵੀ ਸੰਬੋਧਨ ਕੀਤਾ ਤੇ ਭਰਾਤਰੀ ਸੁਨੇਹਾ ਦਿੱਤਾ।

ਸਰਪ੍ਰਸਤ:       :ਬੀਬੀ  ਜੀਤ ਕੁਮਾਰੀ,  

                         :ਡਾ ਮਹਿੰਦਰ ਕੌਰ ਗਰੇਵਾਲ 

ਪਰਧਾਨ:          :  ਡਾ ਗੁਰਚਰਨ ਕੌਰ ਕੋਚਰ 

ਮੀਤ ਪ੍ਰਧਾਨ:      : ਅਵਤਾਰ ਕੌਰ ਐਡਵੋਕੇਟ,

                          :  ਬਰਜਿੰਦਰ ਕੌਰ 

                          :  ਕੁਸਮ ਲਤਾ 

                          :  ਸਰਬਜੀਤ ਕੌਰ ਗਿੱਲ  

ਜਨਰਲ ਸਕੱਤਰ :  ਅਮਰਜੀਤ ਕੌਰ ਗੋਰੀਆ

ਸਕੱਤਰ             :  ਕੁਲਵੰਤ ਕੌਰ, 

                           : ਰਾਜਵਿੰਦਰ ਕੌਰ

ਵਿੱਤ ਸਕੱਤਰ        : ਵੀਨਾ ਸਚਦੇਵਾ 

ਜੱਥੇਬੰਦਕ ਸਕੱਤਰ : ਅਨੂ ਬਾਲਾ

ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਨਵੀਂ ਟੀਮ ਛੇਤੀ ਹੀ ਨਵੇਂ ਕ੍ਰਿਸ਼ਮੇ ਦਿਖਾਏਗੀ ਅਤੇ ਨਵੇਂ ਸੰਘਰਸ਼ਾਂ ਵਿੱਚ ਨਵੀਆਂ ਜਿੱਤਾਂ ਦੀਆਂ ਕਹਾਣੀਆਂ ਆਪਣੇ ਨਾਮ ਕਰੇਗੀ।

ਚੱਲਦੇ ਚੱਲਦੇ:

ਅੱਜ ਇੱਕ ਹੋਰ ਨਾਅਰੇ ਦੀ ਵੀ ਲੋੜ ਹੈ ਜਿਸ ਵਿਚ ਸੰਸਾਰ ਭਰ ਦੀਆਂ ਇਸਤਰੀਆਂ ਨੂੰ ਸੱਦਾ ਦਿੱਤਾ ਜਾਏ ਕਿ ਦੁਨੀਆ ਭਰ ਕੀ ਇਸਤਰੀਓ ਏਕ ਹੋ ਜਾਓ!

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Saturday, November 5, 2022

ਪੰਜਾਬ ਸੀਪੀਆਈ ਵੱਲੋਂ ਅਮਨ ਸ਼ਾਂਤੀ ਦੀ ਰਾਖੀ ਦਾ ਸੱਦਾ

Saturday 5th November 2022 at 3:48 PM

ਕਿਹਾ-ਹਜ਼ਾਰਾਂ ਸਿਰ ਦੇ ਕੇ ਕਾਇਮ ਕੀਤੇ ਅਮਨ -ਭਾਈਚਾਰੇ ਅਤੇ ਏਕੇ ਦੀ ਰਾਖੀ ਲਈ ਸਾਵਧਾਨ ਰਹੋ 

ਚੰਡੀਗੜ੍ਹ : 5 ਨਵੰਬਰ 2022: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::

ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸ੍ਰੀ ਸੁਧੀਰ ਸੂਰੀ ਦੇ ਦਿਨ ਦਿਹਾੜੇ ਕਤਲ ਉਪਰੰਤ ਪੰਜਾਬ ਵਿਚ  ਫੈਲਾਏ ਜਾ ਰਹੇ ਫਿਰਕੂ ਤਣਾਅ ’ਤੇ ਪੰਜਾਬ ਸੀਪੀਆਈ ਨੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਸਮੁਚੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ। ਸੀਪੀਆਈ ਨੇ ਆਖਿਆ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀ ਸ਼ਾਂਤੀ, ਆਪਸੀ ਭਾਈਚਾਰੇ ਤੇ ਏਕਤਾ ਵਿਚ ਫਿਰਕੂ ਜ਼ਹਿਰ ਘੋਲਣ ਅਤੇ ਹਿੰਸਾ ਫੈਲਾਉਣ ਦੀਆਂ ਦੇਸੀ ਅਤੇ ਵਿਦੇਸ਼ੀ ਏਜੰਸੀਆਂ ਵਲੋੱ ਖਤਰਨਾਕ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਵਿਖੇ ਹੋਇਆ ਕਤਲ ਵੀ ਇਹਨਾਂ ਕਾਰਵਾਈਆਂ ਦਾ ਹੀ ਹਿੱਸਾ ਹੈ। 

ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਿਚਲੇ ਦੋ ਪ੍ਰਮੁੱਖ ਧਰਮਾਂ ਤੇ ਆਪੇ ਬਣੇ ਅਖਾਉਤੀ ਧਰਮ ਰਕਸ਼ਕਾਂ ਨੇ ਖੁੱਲ੍ਹਕੇ ਫਿਰਕੂ ਤਕਰੀਰਾਂ ਰਾਹੀਂ ਭੜਕਾਊ ਵਾਤਾਵਰਣ ਤਿਆਰ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਪ੍ਰਤੀ ਪੰਜਾਬ ਸਰਕਾਰ ਅਤੇ ਪ੍ਰਮੁੱਖ ਰਾਜਸੀ ਪਾਰਟੀਆਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਆਦਿ ਨੇ ਆਪਣੇ ਸੌੜੇ ਰਾਜਸੀ ਹਿਤਾਂ ਲਈ ਇਹਨਾਂ ਸਰਗਰਮੀਆਂ ਵਿਰੁਧ ਕੋਈ ਵੀ ਕਦਮ ਨਹੀਂ ਚੁਕਿਆ। 

ਪੰਜਾਬ ਸਰਕਾਰ ਦੀ ਗੈਰ ਜ਼ਿੰਮੇਵਾਰੀ ਤੇ ਹਮਲਾ ਕਰਦਿਆਂ ਹੋਇਆਂ ਸੀਪੀਆਈ ਆਗੂਆਂ ਸਰਵਸਾਥੀ ਬੰਤ ਸਿੰਘ ਬਰਾੜ, ਹਰਦੇਵ ਸਿੰਘ ਅਰਸ਼ੀ, ਜਗਰੂਪ ਸਿੰਘ ਅਤੇ ਨਿਰਮਲ ਸਿੰਘ ਧਾਲੀਵਾਲ ਨੇ ਇਕ ਸਾਂਝੇ ਬਿਆਨ ਵਿਚ ਆਖਿਆ ਹੈ ਕਿ ਪੰਜਾਬ ਸਰਕਾਰ ਅਮਨ^ਕਾਨੂੰਨ ਦੀ ਬਹਾਲੀ ਲਈ ਮਾਫੀਆ ਗਰੁੱਪਾਂ, ਫਿਰਕੂ ਤੇ ਵੰਡਪਾਊ ਤੱਤਾਂ ਤੇ ਕਾਬੂ ਪਾਉਣ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਨਾ ਹੀ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਹਰ ਰੋਜ਼ ਹੁੰਦੀਆਂ ਹਿੰਸਾਤਮਕ ਕਾਰਵਾਈਆਂ ਰੋਕਣ ਵਿਚ ਸਫਲ ਹੋਈ ਹੈ। 

ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ  ਕਿ ਉਹ ਕੇਜਰੀਵਾਲ ਦੀਆਂ ਪੰਜਾਬ ਵਿਰੋਧੀ ਨੀਤੀਆਂ ਦਾ ਸਮਰਥਨ ਕਰਨ ਦੀ ਬਜਾਏ ਪੰਜਾਬ ਦੇ ਹਿਤਾਂ ਦੀ ਰਾਖੀ ਕਰਨ ਵੱਲ ਪੂਰਾ ਧਿਆਨ ਦੇਣ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਫੌਰੀ ਤੌਰ ਤੇ ਸਰਵ ਪਾਰਟੀ ਮੀਟਿੰਗ ਬੁਲਾ ਕੇ ਪ੍ਰਾਂਤ ਵਿਚ ਹਰ ਕੀਮਤ ਤੇ ਅਮਨ^ਸ਼ਾਂਤੀ, ਆਪਸੀ ਭਾਈਚਾਰਾ ਅਤੇ ਏਕਤਾ ਨੂੰ ਕਾਇਮ ਰਖਣ ਲਈ ਸਾਂਝੇ ਉਦਮ ਕਰਨ ਦੀ ਅਪੀਲ ਕੀਤੀ ਹੈ।                           

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।