Thursday, December 25, 2025

ਸੁਖਵਿੰਦਰ ਸਿੰਘ ਲੀਲ੍ਹ ਮਾਣ ਪੱਤਰ

From DMF on Thursday 24th December 2025 at 19:45 PM Regarding Sukhwinder  Leel 

ਬਹੁਤ ਚੰਗੇ ਅਧਿਆਪਕ, ਲੇਖਕ ਅਤੇ ਨਾਟਕਕਾਰ ਵੀ ਹਨ ਸਾਥੀ ਲੀਲ 

ਲੁਧਿਆਣਾ: 24 ਦਸੰਬਰ 2025: (ਮੀਡੀਆ ਲਿੰਕ 32//ਮੁਲਾਜ਼ਮ ਸਕਰੀਨ ਡੈਸਕ)::

ਸਾਥੀ ਸੁਖਵਿੰਦਰ ਬਹੁਤ ਪਿਆਰੇ ਇਨਸਾਨ ਹਨ। ਹਰ ਕਿਸੇ ਦੇ ਕੰਮ ਆਉਣ ਵਾਲੇ। ਮਿੱਤਰ ਤਾਈਂ ਨਿਭਾਉਣ ਵਾਲੇ ਅਤੇ ਫਰਜ਼ਾਂ ਨੂੰ ਹਰ ਪਲ ਯਾਦ ਰੱਖਣ ਵਾਲੇ।  ਉਹ ਹਾਲ ਹੀ ਵਿੱਚ 30 ਨਵੰਬਰ ਨੂੰ ਰਿਟਾਇਰ ਹੋਏ ਸਨ। ਉਹਨਾਂ ਦੀਆਂ ਸੇਵਾਵਾਂ ਨੂੰ ਚੇਤੇ ਕਰਦਿਆਂ ਅਤੇ ਕਰਾਉਂਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਨੇ ਇੱਕ ਮਾਣ ਪੱਤਰ ਵੀ ਤਿਆਰ ਕੀਤਾ ਹੈ। ਉਸ ਮਾਣ ਪੱਤਰ ਅਸੀਂ ਮੁਲਾਜ਼ਮ ਸਕ੍ਰੀਨ ਵਿੱਚ ਵੀ ਪ੍ਰਕਸਸ਼ਿਤ ਕਰ ਰਹੇ ਹਾਂ। ਇਸ ਸਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਵੀ ਰਹੇਗੀ ਹੀ। ਫਿਲਹਾਲ ਪੜ੍ਹੋ ਉਹਨਾਨਲੀ ਤਿਆਰ ਕੀਤਾ ਗਿਆ ਮਾਣ ਪੱਤਰ। 

ਮਾਣ ਪੱਤਰ 

ਇਹ ਮਾਣ ਪੱਤਰ ਸਾਥੀ ਸੁਖਵਿੰਦਰ ਸਿੰਘ ਲੀਲ੍ਹ ਨੂੰ ਉਹਨਾਂ ਦੀ 30 ਨਵੰਬਰ 2025 ਨੂੰ ਸਰਕਾਰੀ ਨੌਕਰੀ ਤੋਂ ਹੋਈ ਸੇਵਾ ਮੁਕਤੀ ਉਪਰੰਤ ਮਿਤੀ 25 ਦਸੰਬਰ 2025 ਨੂੰ ਭੇਂਟ ਕੀਤਾ ਜਾ ਰਿਹਾ ਹੈ।ਸੁਖਵਿੰਦਰ ਸਿੰਘ ਦਾ ਜਨਮ ਪਿੰਡ ਲੀਲ੍ਹ ਨੇੜੇ ਪੱਖੋਵਾਲ ਜਿਲ੍ਹਾ ਲੁਧਿਆਣਾ ਵਿਖੇ 21 ਨਵੰਬਰ 1965 ਨੂੰ ਮਾਤਾ ਪ੍ਰੀਤਮ ਕੌਰ ਜੀ ਦੀ ਕੁੱਖੋਂ ਪਿਤਾ ਅਮਰ ਸਿੰਘ ਜੀ ਦੇ ਘਰ ਹੋਇਆ। ਮੁੱਢਲੀ ਵਿੱਦਿਆ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਤੋਂ, ਮੈਟ੍ਰਿਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਪੱਖੋਵਾਲ ਤੋਂ ਕਰਨ ਉਪਰੰਤ ਇਲੈਕਟ੍ਰੀਕਲ ਦਾ ਡਿਪਲੋਮਾ ਲੁਧਿਆਣਾ ਤੋਂ ਕੀਤਾ। 

ਵਿਗਿਆਨਕ ਵਿਚਾਰਾਂ ਦੇ ਧਾਰਣੀ ਸਵਰਨਜੀਤ ਕੌਰ ਜੀ ਨਾਲ ਵਿਆਹ ਉਪਰੰਤ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਮੈਂਬਰ ਪੰਚਾਇਤ ਬਨਣ ਦਾ ਮਾਣ ਪ੍ਰਾਪਤ ਕੀਤਾ। ਸਰਕਾਰੀ ਸੇਵਾ ਵਿੱਚ ਆਉਣ ਉਪਰੰਤ ਨੌਕਰੀ ਦੀ ਸ਼ੁਰੂਆਤ ਸਸਸਸ ਕਾਉਂਕੇ ਕਲਾਂ ਤੋਂ ਬਤੌਰ ਵੋਕੇਸ਼ਨਲ ਸਹਾਇਕ 16.09.1994 ਨੂੰ ਕੀਤੀ। ਬਦਲੀ ਉਪਰੰਤ ਸਕਸਸਸ ਭਾਰਤ ਨਗਰ, ਲੁਧਿਆਣਾ ਵਿਖੇ 12.6.1997 ਤੋਂ 30.11.2025  ਤੱਕ ਇਹ ਸਰਕਾਰੀ ਸੇਵਾ ਜਾਰੀ ਰਹੀ।

ਇਸੇ ਦੌਰਾਨ ਆਪ ਜੀ ਦੇ ਘਰ ਦੋ ਪੁੱਤਰਾਂ ਗਗਨਦੀਪ ਲੀਲ੍ਹ ਅਤੇ ਅਰਸ਼ਦੀਪ ਕੈਲੇ ਨੇ ਜਨਮ ਲਿਆ ਜੋ ਕੇ ਅੱਜ ਕੱਲ੍ਹ ਆਪਣੇ ਪਰਿਵਾਰਾਂ ਸਮੇਤ ਕੈਨੇਡਾ ਵਿਖੇ ਵਾਸ ਕਰਦੇ ਹਨ।ਸੁਖਵਿੰਦਰ ਨੇ ਸਮਾਜਿਕ ਗਤੀਵਿਧੀਆਂ ਦੇ ਨਾਲ ਨਾਲ ਸਾਹਿਤਕ ਗਤੀਵਿਧੀਆਂ ਵਿੱਚ ਵੀ ਲੰਬੀਆਂ ਪੁਲਾਂਘਾਂ ਪੁੱਟੀਆਂ। ਜਿਸ ਦੇ ਚੱਲਦਿਆਂ ਦੋ ਪੁਸਤਕਾਂ 'ਅਣਗੌਲੇ ਗ਼ਦਰੀ ਸੂਰਮੇੰ' ਅਤੇ 'ਅੱਜ ਕੱਲ੍ਹ' ਇਹਨਾਂ ਵੱਲੋਂ ਲੋਕਾਂ ਨੂੰ ਭੇਂਟ ਕੀਤੀਆਂ ਅਤੇ ਤੀਸਰੀ ਪੁਸਤਕ ਭੇਂਟ ਕੀਤੇ ਜਾਣ ਦੀ ਤਿਆਰੀ ਹੈ। 

ਇਸ ਲੰਮੇ ਸਫ਼ਰ ਵਿੱਚ ਇਹਨਾਂ ਨੇ ਲੋਕ ਸੰਗੀਤ ਮੰਡਲੀ ਲੀਲ੍ਹ ਅਤੇ ਲੋਕ ਕਲਾ ਮੰਚ ਪੱਖੋਵਾਲ ਵਿੱਚ ਮੈਂਬਰ,ਇਨਕਲਾਬੀ ਕੇਂਦਰ ਪੰਜਾਬ ਵਿੱਚ ਸਕੱਤਰ ਦੇ ਰੂਪ ਵਿੱਚ ਕੰਮ ਕੀਤਾ। ਤਰਕਸ਼ੀਲ ਸੁਸਾਇਟੀ ਦੀ ਜਗਰਾਉਂ ਇਕਾਈ ਦੇ ਪ੍ਰਧਾਨ, ਸੁਧਾਰ ਇਕਾਈ ਦੇ ਕਨਵੀਨਰ ਅਤੇ ਲੁਧਿਆਣਾ ਇਕਾਈ ਦੇ ਸਕੱਤਰ ਦੇ ਰੂਪ ਵਿੱਚ ਕੰਮ ਕੀਤਾ। 

ਮੌਜੂਦਾ ਸਮੇਂ ਸ਼ਹੀਦ ਭਗਤ ਸਿੰਘ ਸੱਭਿਆਚਾਰ ਮੰਚ ਦੇ ਪ੍ਰਧਾਨ ਦੇ ਤੌਰ'ਤੇ ਕੰਮ ਕਰ ਰਹੇ ਹਨ। ਸ਼ਹੀਦ ਸੁਖਦੇਵ ਦੇ ਮੁਹੱਲਾ ਨੌਘਰਾ ਲੁਧਿਆਣਾ ਵਿਚਲੇ ਜੱਦੀ ਘਰ ਦੀ ਸਾਂਭ ਸੰਭਾਲ, ਪ੍ਰਚਾਰ ਪ੍ਰਸਾਰ ਅਤੇ ਖੋਜ ਸਬੰਧੀ ਕਮੇਟੀ ਦੇ ਸਰਗਰਮ ਮੈਂਬਰ ਰਹੇ। 

ਇਸ ਦੌਰਾਨ ਇਹਨਾਂ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਸੱਭਿਆਚਾਰ ਮੰਚ ਦੀ ਟੀਮ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਿਵਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੇ ਸਬੰਧ ਵਿੱਚ 300 ਦੇ ਕਰੀਬ ਨੁੱਕੜ ਨਾਟਕ ਖੇਡੇ ਗਏ ਅਤੇ 5 ਵੱਡੇ ਨਾਟਕ ਮੇਲੇ ਕਰਵਾਏ ਗਏ। ਟਰੇਡ ਯੂਨੀਅਨ ਦੇ ਸਫਰ ਦੌਰਾਨ ਮੋਲਡਰ  ਅਤੇ ਸਟੀਲ ਵਰਕਰ ਯੂਨੀਅਨ ਦੇ ਮੈਂਬਰ,ਵੋਕੇਸ਼ਨਲ ਸਕੂਲ ਅਟੈਂਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ, ਮੁਲਾਜ਼ਮ ਜੱਥੇਬੰਦੀ ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੇ ਜਿਲਾ ਸਕੱਤਰ ਰਹੇ। 

ਆਪ ਅੱਜ ਕੱਲ੍ਹ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਦੇ ਤੌਰ'ਤੇ ਕੰਮ ਕਰ ਰਹੇ ਹਨ। ਅੱਜ 25.12.2025 ਇਹਨਾਂ ਨੂੰ ਇਹ ਮਾਣ ਪੱਤਰ ਭੇਂਟ ਕਰਦਿਆਂ ਸਮੁੱਚੇ ਜੁਝਾਰੂ, ਲੋਕਪੱਖੀ, ਤਬਦੀਲੀ ਪਸੰਦ ਅਤੇ ਦੇਸ਼ ਪ੍ਰੇਮੀ ਲੋਕ ਮਾਣ ਮਹਿਸੂਸ ਕਰ ਰਹੇ ਹਨ।

ਵੱਲੋਂ

ਜ਼ਿਲ੍ਹਾ ਇਕਾਈ

ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ।

ਲੁਧਿਆਣਾ।

No comments:

Post a Comment