Sunday, December 7, 2025

ਕੌਮਾਂਤਰੀ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੁਰਾਂ ਦੀਆਂ ਯਾਦਾਂ

WhatsApp on 3rd December 2025 at 19:34 Comrade Screen Punjabi  

ਜੇਕਰ ਡੀਸੀ ਭਾਰਤੀ ਨਾ ਹੁੰਦਾ ਤਾਂ ਅੰਗਰੇਜ਼ ਪੁਲਿਸ ਕਾਮਰੇਡ ਸੁਰਜੀਤ ਦਾ ਮੁਕਾਬਲਾ ਵੀ ਬਣਾ ਸਕਦੀ ਸੀ 

*ਸੁਖਵਿੰਦਰ ਸਿੰਘ ਸੇਖੋਂ ਵੱਲੋਂ ਸੁਰਜੀਤ ਜੀ ਦੀ 17ਵੀਂ ਬਰਸੀ ‘ਤੇ ਵਿਸ਼ੇਸ਼ ਲਿਖਤ 


ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਦਾ ਜਨਮ 23 ਮਾਰਚ 1916 ਨੂੰ
ਪਿੰਡ ਬੰਡਾਲਾ ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਉਨ੍ਹਾਂ ਨੇ ਮੁਢਲੀ ਸਿੱਖਿਆ ਪਿੰਡ ਬੰਡਾਲਾ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਦੇਸ਼ ਭਗਤਾਂ ਦੇ ਕਹਿਣ ਤੇ ਨੌਵੀਂ ਜਮਾਤ ‘ਚ ਪੜਦਿਆਂ ਹੋਇਆ ਪਿੰਡ ਵਿੱਚ ਅੰਗਰੇਜ਼ ਰਾਜ ਵਿਰੁੱਧ ਜਲਸਾ ਹੋਣ ਸਬੰਧੀ ਮੁਨਾਦੀ ਕਰ ਦਿੱਤੀ ਗਈ। ਪਿੰਡ ਜਲਸਾ ਹੋਣ ਉਪਰੰਤ ਅਗਲੇ ਦਿਨ ਅੰਗਰੇਜ਼ਾਂ ਦੀ ਪੁਲਿਸ ਪਿੰਡ ਆ ਗਈ ਅਤੇ ਪਤਾ ਕੀਤਾ ਕਿ ਜਲਸਾ ਕਿਸ ਨੇ ਕਰਵਾਇਆ ਹੈ ਤਾਂ ਉਸ ਸਮੇਂ ਨੌਵੀਂ ਜਮਾਤ ਦੇ ਵਿਦਿਆਰਥੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਨਾਂ ਸਾਹਮਣੇ ਆਇਆ। 

ਕਾਮਰੇਡ ਸੁਖਵਿੰਦਰ ਸੇਖੋਂ 
ਪ੍ਰਸ਼ਾਸਨ ਨੇ ਸਕੂਲ ਦੀ ਪ੍ਰਬੰਧਕ ਕਮੇਟੀ ਨੂੰ ਬੁਲਾ ਕੇ ਕਿਹਾ ਕਿ ਇਸ ਬੱਚੇ ਦਾ ਨਾਮ ਸਕੂਲ ਵਿੱਚੋਂ ਕੱਟ ਦਿਓ। ਇਸ ਢੰਗ ਦੇ ਨਾਲ ਕੱਟੋ ਕਿ ਇਹ ਕਿਤੇ ਹੋਰ ਦਾਖਲਾ ਨਾ ਲੈ ਸਕੇ। ਇਹ ਫੁਰਮਾਨ ਲੈ ਕੇ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਸਕੂਲ ਮੁੱਖ ਅਧਿਆਪਕ ਨੂੰ ਕਿਹਾ ਕਿ ਇਸ ਦਾ ਬੱਚੇ ਦਾ ਨਾਮ ਕੱਟ ਦਿਓ ਅਤੇ ਇਹ ਹੋਰ ਕਿਸੇ ਸਕੂਲ ਵਿੱਚ ਦਾਖਲ ਨਾ ਹੋ ਸਕੇ, ਪ੍ਰੰਤੂ ਮੁੱਖ ਅਧਿਆਪਕ ਨੇ ਪ੍ਰਬੰਧਕ ਕਮੇਟੀ ਨੂੰ ਜਵਾਬ ਦਿੱਤਾ ਕਿ ਮੈਂ ਸਕੂਲ ਚੋਂ ਨਾਮ ਤਾਂ ਕੱਟ ਸਕਦਾ ਹਾਂ ਪ੍ਰੰਤੂ ਜੋ ਤੁਸੀਂ ਕਹਿ ਰਹੇ ਹੋ ਕਿ ਇਹ ਬੱਚਾ ਕਿਤੇ ਹੋਰ ਦਾਖਲ ਨਾ ਹੋ ਸਕੇ ਅਜਿਹਾ ਮੈਂ ਨਹੀਂ ਕਰ ਸਕਦਾ। ਸਕੂਲ ਚੋਂ ਨਾਮ ਕੱਟਣ ਤੋਂ ਬਾਅਦ ਦੇਸ਼ ਭਗਤ ਗਦਰੀ ਬਾਬਿਆਂ ਨੇ ਕਾਮਰੇਡ ਸੁਰਜੀਤ ਹੋਰਾਂ ਨੂੰ ਜਲੰਧਰ ਖਾਲਸਾ ਸਕੂਲ ‘ਚ ਦਾਖਲ ਕਰਵਾ ਦਿੱਤਾ ਸੀ, ਪ੍ਰੰਤੂ ਹੁਣ ਉਸੇ ਸਕੂਲ ਦਾ ਨਾਮ ਜਿਥੋਂ ਕਾਮਰੇਡ ਸੁਰਜੀਤ ਹੋਰਾਂ ਦਾ 9ਵੀਂ ਜਮਾਤ ਚੋਂ ਨਾਮ ਕੱਟਿਆ ਗਿਆ ਸੀ, ਅੱਜ ਉਹੀ ਸਕੂਲ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਸੀਨੀਅਰ ਸੈਕੰਡਰੀ ਸਕੂਲ ਦੇ ਨਾਮ ‘ਤੇ ਚੱਲ ਰਿਹਾ ਹੈ।

ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੇ ਇਸ ਤੋਂ ਬਾਅਦ 23 ਮਾਰਚ 1932 ਨੂੰ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਹੋਰਾਂ ਦੀ ਪਹਿਲੀ ਬਰਸੀ ਤੇ ਹੁਸ਼ਿਆਰਪੁਰ ਡਿਪਟੀ ਕਮਿਸ਼ਨਰ ਦੇ ਦਫਤਰ ਤੋਂ ਯੂਨੀਅਨ ਯੈੱਕ ਉਤਾਰ ਕੇ ਤਿਰੰਗਾ ਝੰਡਾ ਲਹਿਰਾਇਆ ਸੀ। ਇਹ ਸੱਦਾ ਭਾਵੇਂ ਕਾਂਗਰਸ ਪਾਰਟੀ ਵੱਲੋਂ ਸਾਰੇ ਦੇਸ਼ ਵਾਸਤੇ ਦਿੱਤਾ ਗਿਆ ਸੀ। ਕਾਂਗਰਸ ਪਾਰਟੀ ਵੱਲੋਂ ਇਹ ਸੱਦਾ ਸਖਤ ਪਾਬੰਦੀਆਂ ਹੋਣ ਕਾਰਨ ਵਾਪਸ ਲੈ ਲਿਆ ਸੀ ਪਰੰਤੂ ਕਾਮਰੇਡ ਸੁਰਜੀਤ ਜੀ ਵੱਲੋਂ ਸਾਂਝੇ ਭਾਰਤ ਵਿੱਚ ਇਕੋ ਜ਼ਿਲ੍ਹੇ ਹੁਸ਼ਿਆਰਪੁਰ ਵਿਖੇ ਤਿੰਰਗਾ ਲਹਿਰਾਉਣ ‘ਚ ਸਫਲਤਾ ਪ੍ਰਾਪਤ ਕੀਤੀ ਸੀ। 

ਪੁਲਿਸ ਵੱਲੋਂ ਤਿੰਨ ਗੋਲੀਆਂ ਵੀ ਚਲਾਈਆਂ ਗਈਆਂ ਸਨ। ਕਾਮਰੇਡ ਜੀ ਵੱਲੋਂ ਆਪਣੀ ਸੰਖੇਪ ਜੀਵਨੀ ਵਿੱਚ ਜ਼ਿਕਰ ਇਸ ਤਰ੍ਹਾਂ ਕੀਤਾ ਹੈ ਕਿ ਜੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਉਸ ਸਮੇਂ ਭਾਰਤੀ (ਮਰਾਠੀ) ਨਾ ਹੁੰਦਾ ਤਾਂ ਅੰਗਰੇਜ਼ ਪੁਲਿਸ ਮੁਕਾਬਲਾ ਬਣਾ ਕੇ ਮਾਰ ਸਕਦੀ ਸੀ, ਪ੍ਰੰਤੂ ਗੋਲੀਆਂ ਦਾ ਖੜਾਕ ਸੁਣ ਕੇ ਡਿਪਟੀ ਕਮਿਸ਼ਨਰ ਆਪਣੇ ਦਫਤਰ ਚੋਂ ਬਾਹਰ ਆਇਆ ਅਤੇ ਗੋਲੀ ਬੰਦ ਕਰਵਾ ਦਿੱਤੀ ਅਤੇ ਪੁਛਿਆ ਕਿ ਕੀ ਹੋਇਆ ਤਾਂ ਪੁਲਿਸ ਨੇ ਦੱਸਿਆ ਕਿ ਦਫਤਰ ਤੋਂ ਯੂਨੀਅਨ ਯੈਕ ਉਤਾਰ ਕੇ ਤਿਰੰਗਾ ਲਹਿਰਾਇਆ ਗਿਆ ਹੈ। 

ਡਿਪਟੀ ਕਮਿਸ਼ਨਰ ਮਿਸਟਰ ਬਾਖਲੇ ਨੇ ਹੁਕਮ ਦਿੱਤਾ ਕਿ ਇਸ ਨੌਜਵਾਨ ਨੂੰ ਗਿ੍ਰਫਤਾਰ ਕਰਕੇ ਜੱਜ ਦੇ ਪੇਸ਼ ਕਰੋ। ਜਦੋਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਜਦੋਂ ਅਦਾਲਤ ‘ਚ ਪੇਸ਼ ਕੀਤਾ ਗਿਆ ਤਾਂ ਜੱਜ ਵੱਲੋਂ ਕਾਮਰੇਡ ਜੀ ਦਾ ਨਾਮ ਪੁਿਛਆ ਤਾਂ ਕਾਮਰੇਡ ਜੀ ਨੇ ਆਪਣਾ ਨਾਮ ਲੰਡਨ ਤੋੜ ਸਿੰਘ ਦੱਸਿਆ ਅਤੇ ਜਦੋਂ ਪਿਤਾ ਜੀ ਦਾ ਨਾਮ ਪੁਛਿਆ ਤਾਂ ਕਾਮਰੇਡ ਜੀ ਨੇ ਉੱਤਰ ਦਿੱਤਾ ਕਿ ਮੇਰੇ ਪਿਤਾ ਜੀ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ। 

ਅਦਾਲਤ ਵਿੱਚ ਇਸ ਕੇਸ ਦੇ ਫੈਸਲੇ ਵਾਲੇ ਦਿਨ ਜੱਜ ਵੱਲੋਂ ਇੱਕ ਸਾਲ ਦੀ ਸਜ਼ਾ ਸੁਣਾਈ। ਇਸ ਤੇ ਕਾਮਰੇਡ ਸੁਰਜੀਤ ਜੀ ਨੇ ਕਿਹਾ ਕਿ ਬੱਸ ਸਿਰਫ ਇੱਕ ਸਾਲ ਤਾਂ ਜੱਜ ਵੱਲੋਂ ਨੇ ਕਿਹਾ ਦੋ ਸਾਲ ਤਾਂ ਕਾਮਰੇਡ ਜੀ ਨੇ ਕਿਹਾ ਸਿਰਫ ਦੋ ਸਾਲ ਤਾਂ ਜੱਜ ਨੇ ਸਜ਼ਾ ਤਿੰਨ ਸਾਲ ਸੁਣਾ ਦਿੱਤੀ। ਕਾਮਰੇਡ ਜੀ ਨੇ ਫਿਰ ਕਿਹਾ ਕਿ ਸਿਰਫ ਤਿੰਨ ਸਾਲ ਤਾਂ ਇਸ ਤੇ ਜੱਜ ਨੇ ਚਿੱੜ ਕੇ ਕਿਹਾ ਇਸ ਦੋਸ਼ ਦੀ ਧਾਰਾ ਵਿੱਚ ਜੋ ਸਜਾ ਹੋ ਸਕਦੀ ਸੀ ਉਹ ਦਿੱਤੀ ਗਈ ਹੈ। 

ਕਾਮਰੇਡ ਜੀ ਵੱਲੋਂ ਆਪਣਾ ਰਾਜਸੀ ਜੀਵਨ 16 ਵਰ੍ਹਿਆਂ ਦੀ ਉਮਰ ਵਿੱਚ ਸ਼ੁਰੂ ਕੀਤਾ ਗਿਆ। ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ 1932 ਵਿੱਚ ਪਹਿਲੀ ਵਾਰ ਕੈਦ ਕੱਟੀ। ਕਾਮਰੇਡ ਜੀ ਨੇ ਕੁੱਲ 10 ਸਾਲ ਕੈਦ ਕੱਟੀ। ਸਾਰੇ ਸਿਆਸੀ ਜੀਵਨ ਵਿੱਚ ਉਨ੍ਹਾਂ ਨੇ ਕੋਈ ਵੀ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ ਨਹੀਂ ਲਈ ਅਤੇ ਨਾ ਹੀ ਕੋਈ ਆਜ਼ਾਦੀ ਘੁਲਾਈਏ ਹੋਣ ਦਾ ਪ੍ਰੀਵਾਰਕ ਲਾਭ ਲਿਆ ਹੈ। 

ਇੱਕ ਘਟਨਾ ਦਾ ਹੋਰ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਜਦੋਂ ਅੰਗਰੇਜ਼ੀ ਸਾਮਰਾਜੀ ਹਕੂਮਤ ਕਾਂਗਰਸ ਦਾ ਜਲਸਾ ਵੀ ਨਹੀਂ ਹੋਣ ਦੇ ਰਹੀ ਸੀ ਤਾਂ ਕਾਮਰੇਡ ਸੁਰਜੀਤ ਹੋਰਾਂ ਨੇ ਆਪਣੇ ਖੇਤਾਂ ਦੀ ਕੱਚੀ ਫਸਲ ਵੱਢ ਕੇ ਜਵਾਹਰ ਲਾਲ ਨਹਿਰੂ ਦਾ ਪਿੰਡ ਬੰਡਾਲਾ ਵਿਖੇ ਜਲਸਾ ਕਰਾਇਆ ਗਿਆ ਸੀ। ਇਸ ਤਰ੍ਹਾਂ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿੱਚ ਵੀ ਵੱਡਾ ਯੋਗਦਾਨ ਪਾਇਆ। ਆਜ਼ਾਦੀ ਦੇ ਸੰਗਰਾਮ ਦੌਰਾਨ ਹੀ ਗਦਰ ਪਾਰਟੀ ਦੇ ਬਾਬਿਆਂ, ਬਾਬਾ ਕਰਮ ਸਿੰਘ ਚੀਮਾ ਅਤੇ ਬਾਬਾ ਭਾਗ ਸਿੰਘ ਕਨੇਡੀਅਨ ਹੋਰਾਂ ਦੇ ਪ੍ਰਭਾਵ ਹੇਠ ਉਹ ਕਮਿਊਨਿਸਟ ਪਾਰਟੀ ਦੇ ਮੈਂਬਰ ਬਣੇ ਅਤੇ ਵੱਖ ਵੱਖ ਅਹੁਦਿਆਂ ‘ਤੇ ਰਹਿੰਦਿਆਂ ਲੋਕਾਂ ਨਾਲ ਨੇੜਲੇ ਸਬੰਧਾਂ ਰਾਹੀਂ ਦੇਸ਼ ਦੀ ਕਮਿਊਨਿਸਟ ਲਹਿਰ ਦੇ ਸਿਰ ਕੱਢ ਆਗੂ ਵੀ ਬਣਨ ਦਾ ਮਾਣ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੂੰ ਪ੍ਰਾਪਤ ਹੋਇਆ ਹੈ। ਸੰਸਾਰ ਪੱਧਰ ਦੀ ਕਮਿਊਨਿਸਟ ਲਹਿਰ ਨੂੰ ਸਮਝਣ ਅਤੇ ਗਾਈਡ ਕਰਨ ਦਾ ਕੰਮ ਵੀ ਕੀਤਾ ਗਿਆ।

ਸਮਾਜਵਾਜੀ ਮੁਲਕਾਂ ਦੇ ਆਗੂਆਂ ਨਾਲ ਬਹੁਤ ਚੰਗੇ ਸਬੰਧ ਵੀ ਕਾਮਰੇਡ ਸੁਰਜੀਤ ਹੋਰਾਂ ਦੀ ਅੰਤਰਰਾਸ਼ਟਰੀ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਈ ਹੋਏ ਅਤੇ ਸਾਮਰਾਜ ਵਿਰੁੱਧ ਸਿਧਾਂਤਕ ਤੌਰ ‘ਤੇ ਸੰਘਰਸ਼ਾਂ ਨੂੰ ਨਵੀਂ ਦਿਸ਼ਾ ਦਿੱਤੀ ਗਈ। ਜਦੋਂ ਵੀ ਅਮਰੀਕਨ ਸਾਮਰਾਜ ਵੱਲੋਂ ਸਮਾਜਵਾਦੀ ਮੁਲਕਾਂ ਦੀ ਘੇਰਾਬੰਦੀ ਕੀਤੀ ਗਈ। ਉਸ ਸਮੇਂ ਕਾਮਰੇਡ ਸੁਰਜੀਤ ਹੋਰਾਂ ਵੱਲੋਂ ਲਾਮਬੰਦੀ ਕੀਤੀ ਗਈ। 

ਸਮਾਜਵਾਦੀ ਮੁਲਕ ਕਿਊਬਾ ਦੀ ਮੁਕੰਮਲ ਨਾਕੇਬੰਦੀ ਸਮੇਂ ਜਦੋਂ ਭਾਰਤ ਸਰਕਾਰ ਕਿਊਬਾ ਨੂੰ ਪੈਸੇ ਨਾਲ ਵੀ ਅਨਾਜ ਦੇਣ ਤੋਂ ਅਮਰੀਕਨ ਸਾਮਰਾਜ ਦੇ ਦਬਾਅ ਹੇਠ ਮੁਕਰ ਗਈ ਸੀ। ਉਸੇ ਸਮੇਂ ਵੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਵੱਲੋਂ ਕਿਊਬਾ ਦੀ ਅਨਾਜ ਪੱਖੋਂ ਅਤੇ ਆਰਥਿਕ ਪੱਖ ਤੋਂ ਮੱਦਦ ਦਾ ਐਲਾਨ ਕੀਤਾ ਗਿਆ ਅਤੇ ਕਣਕ ਅਤੇ ਹੋਰ ਜ਼ਰੂਰੀ ਸਮੱਗਰੀ ਵੀ ਕਿਊਬਾ ਨੂੰ ਭੇਜੀ ਗਈ। 

ਇਸ ਤਰ੍ਹਾਂ ਕਾਮਰੇਡ ਸੁਰਜੀਤ ਵੱਲੋਂ ਕਿਊਬਨ ਇਨਕਲਾਬ ਨੂੰ ਬਚਾਉਣ ਅਤੇ ਸਮਾਜਵਾਦੀ ਪ੍ਰਬੰਧ ਨੂੰ ਜਾਰੀ ਰੱਖਣ ਵਾਸਤੇ 1992 ਵਿੱਚ ਵੱਡੀ ਮੱਦਦ ਕੀਤੀ ਗਈ ਸੀ। ਸੋਵੀਅਤ ਯੂਨੀਅਨ ਦੇ ਸਮਾਜਵਾਦੀ ਪ੍ਰਬੰਧ ਢਹਿ ਢੇਰੀ ਹੋਣ ਤੋਂ ਪਹਿਲਾਂ ਵੀ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਪਾਰਟੀ ਕਾਂਗਰਸ ਸਮੇਂ ਕਾਮਰੇਡ ਸੁਰਜੀਤ ਹੋਰਾਂ ਨੇ ਸੀ.ਪੀ.ਆਈ.(ਐਮ) ਵੱਲੋਂ ਆਪਣਾ ਨੋਟ ਸਾਮਰਾਜ ਨੂੰ ਘਟਾ ਕੇ ਦੇਖਣ ਸਬੰਧੀ ਦਿੱਤਾ ਗਿਆ ਸੀ। ਜੋ ਥੋੜੇ ਸਮੇਂ ਬਾਅਦ ਹੀ ਪਾਰਟੀ ਦੀ ਸਮਝਦਾਰੀ ਦੀ ਪੁਸ਼ਟੀ ਹੋ ਗਈ ਸੀ। 

ਇਸ ਤੋਂ ਬਾਅਦ ਦੁਨੀਆਂ ਭਰ ਵਿੱਚ ਸਾਮਰਾਜੀ ਮੁਲਕਾਂ ਵੱਲੋਂ ਧੂੰਆਂਧਾਰ ਪ੍ਰਚਾਰ ‘‘ਮਾਰਕਸਵਾਦ’’ ਦੇ ਫੇਲ੍ਹ ਹੋਣ ਦਾ ਕੀਤਾ ਗਿਆ ਸੀ। ਇਸ ਪ੍ਰਚਾਰ ਦਾ ਜਵਾਬ ਦੇਣ ਵਾਸਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਦੀ ਅਗਵਾਈ ਵਿੱਚ ਕਲਕੱਤੇ ਵਿਖੇ ਕਾਮਰੇਡ ਜੋਤੀ ਬਾਸੂ ਜੋ ਉਸ ਸਮੇਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸਨ, ਅੰਤਰਰਾਸ਼ਟਰੀ ਪੱਧਰ ਦੀਆਂ ਕਮਿਊਨਿਸਟ ਪਾਰਟੀਆਂ ਦਾ ਇਕੱਠ ਕਰਕੇ ਸੈਮੀਨਾਰ ਕਰਵਾਇਆ ਅਤੇ ਅਮਰੀਕਨ ਸਾਮਰਾਜ ਦੇ ਇਸ ਦੁਸ਼ ਪ੍ਰਚਾਰ ਦਾ ਸਿਧਾਂਤਕ ਤੌਰ ‘ਤੇ ਜਵਾਬ ਦਿੱਤਾ ਗਿਆ ਸੀ ਕਿ ਮਾਰਕਸਵਾਦੀ ਫਲਸਫਾ ਇੱਕ ਵਿਗਿਆਨਕ ਫਲਸਫਾ ਹੈ। ਵਿਗਿਆਨ ਕਦੇ ਫੇਲ੍ਹ ਨਹੀਂ ਹੁੰਦਾ। ਵਿਗਿਆਨ ਹਮੇਸ਼ਾ ਖੋਜਾਂ ‘ਤੇ ਅਧਾਰਤ ਤਰੱਕੀ ਕਰਦਾ ਹੈ। ਇਸ ਲਈ ਇਹ ਫਲਸਫਾ ਕਦੇ ਫੇਲ੍ਹ ਹੀ ਨਹੀਂ ਹੋ ਸਕਦਾ। ਇਸ ਨੂੰ ਲਾਗੂ ਕਰਨ ਵਾਲੀ ਮਸ਼ੀਨਰੀ  ‘ਚ ਕੋਈ ਘਾਟ ਹੋ ਸਕਦੀ ਹੈ। ਇਸ ਲਈ ਅੱਜ ਵੀ ਦੁਨੀਆਂ ਅੰਦਰ ਮੁਸ਼ਕਲਾਂ ਦੇ ਬਾਵਜੂਦ ਇਹ ਫਲਸਫਾ ਆਪਣਾ ਸਫਰ ਤੈਅ ਕਰਦਾ ਹੋਇਆ ਅੱਗੇ ਵਧ ਰਿਹਾ ਹੈ।

ਉਹਨਾਂ ਦੀ 17ਵੀਂ ਬਰਸੀ ਦੇ ਮੌਕੇ ‘ਤੇ ਸਮਾਜਵਾਦੀ ਕਿਊਬਾ ਦੇ ਭਾਰਤ ਅੰਦਰ ਰਾਜਦੂਤ ਵੀ ਕਾਮਰੇਡ ਸੁਰਜੀਤ ਹੋਰਾਂ ਨੂੰ ਸਰਧਾਂਜਲੀ ਭੇਂਟ ਕਰਨ ਲਈ ਪਹੁੰਚ ਰਹੇ ਹਨ। ਇਨ੍ਹਾਂ ਦੇ ਨਾਲ ਸੀ.ਪੀ.ਆਈ.(ਐਮ) ਦੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਐਮ.ਏ.ਬੇਬੀ, ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ, ਪੰਜਾਬ ਦੀਆਂ ਦੂਸਰੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਕਾਮਰੇਡ ਸੁਰਜੀਤ ਹੋਰਾਂ ਦੇ ਸ਼ੁਭਚਿੰਤਕ ਵੀ ਸਰਧਾਂਜਲੀ ਭੇਂਟ ਕਰਨਗੇ ਅਤੇ ਸਮਾਜਵਾਦੀ ਕਿਊਬਾ ਦੀ ਪੰਜਾਬ ਦੀ ਪਾਰਟੀ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਮੱਦਦ ਕੀਤੀ ਜਾਵੇਗੀ। 

ਸਮੂਹ ਪੰਜਾਬੀਆਂ ਅਤੇ ਦੇਸ਼ ਭਗਤ, ਜਮਹੂਰੀਅਤ ਪਸੰਦ ਲੋਕ ਪਿੰਡ ਬੰਡਾਲਾ (ਮੰਜਕੀ) ਜ਼ਿਲ੍ਹਾ ਜਲੰਧਰ ਵਿਖੇ ਪਹੁੰਚ ਕੇ ਅਪਣੇ ਉਸ ਮਹਾਨ ਕਮਿਊਨਿਸਟ ਆਗੂ ਨੂੰ ਯਾਦ ਕਰਦੇ ਹੋਏ, ਲੁੱਟ ਰਹਿਤ ਰਾਜਸੀ ਪ੍ਰਬੰਧ ਦੀ ਸਥਾਪਤੀ ਦੇ ਵਾਸਤੇ ਅਹਿਦ ਕਰਨਗੇ ਅਤੇ ਉਦਾਰੀਕਰਨ, ਸੰਸਾਰੀਕਰਨ ਅਤੇ ਨਿੱਜੀਕਰਨ ਦੇ ਖਿਲਾਫ ਸੰਘਰਸ਼ ਤੇਜ਼ ਕਰਨ ਦੀ ਪ੍ਰਤਿੱਗਿਆ ਦੇ ਨਾਲ-ਨਾਲ ਦੇਸ਼ ਅੰਦਰ ਫਿਰਕੂ, ਫਾਸ਼ੀਵਾਦੀ ਅਤੇ ਕਾਰਪੋਰੇਟ ਘਰਾਣਿਆਂ ਦੀ ਪ੍ਰਤੀਨਿੱਧਤਾ ਕਰਦੀ ਭਾਰਤੀ ਜਨਤਾ ਪਾਰਟੀ ਦੀਕੇਂਦਰੀ ਸਰਕਾਰ ਦੇ ਮਜ਼ਦੂਰਾਂ, ਕਿਸਾਨਾਂ, ਔਰਤਾਂ, ਦਲਿਤਾਂ ਅਤੇ ਘੱਟ ਗਿਣਤੀਆਂ ਵਿਰੁੱਧ ਹੋ ਰਹੇ ਹਮਲਿਆਂ ਨੂੰ ਪਛਾੜਨ ਵਾਸਤੇ ਜਥੇਬੰਦ ਹੋਈਏ ਅਤੇ ਦੇਸ਼ ਦੇ ਜਮਹੂਰੀ, ਧਰਮਨਿਰਪੱਖ ਸਰਪੂ ਨੂੰ ਬਚਾਉਣ, ਦੇਸ਼ ਦੇ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਲੱਗ ਰਹੀ ਢਾਹ ਨੂੰ ਰੋਕਣ ਵਾਸਤੇ ਅੱਗੇ ਆਈਏ। 

ਇਹ ਹੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ।

*ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੀਪੀਆਈ (ਐਮ) ਪੰਜਾਬ ਦੇ ਸੂਬਾ ਸਕੱਤਰ ਹਨ ਅਤੇ ਉਹਨਾਂ ਨਾਲ ਮੁਲਾਕਾਤ ਲਈ ਉਹਨਾਂ ਦੇ ਮੋਬਾਇਲ ਨੰਬਰ : +91 94170-44516 'ਤੇ ਸੰਪਰਕ ਕੀਤਾ ਜਾ ਸਕਦਾ ਹੈ 

No comments:

Post a Comment