WhatsApp on Saturday 27th December 2025 at 15:07 Regarding 100th Anniversary Celebration
ਰਵਾਇਤੀ ਜੋਸ਼ ਦੇ ਨਾਲ ਆਧੁਨਿਕ ਇਨਕਲਾਬੀ ਜੋਸ਼ੋ ਖਰੋਸ਼ ਵੀ ਸੀ
ਗੁਰੂਹਰਸਹਾਏ:27 ਦਸੰਬਰ 2025: (ਪੱਤਰਕਾਰ//ਆਗੂ ਛਾਂਗਾ ਰਾਏ//ਮੀਡੀਆ ਲਿੰਕ32//ਕਾਮਰੇਡ ਸਕਰੀਨ ਡੈਸਕ):: ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਸੀ ਪੀ ਆਈ ਬਲਾਕ ਗੁਰੂਹਰਸਹਾਏ ਵੱਲੋਂ ਇਕ ਵਿਸ਼ੇਸ਼ ਸਮਾਗਮ ਗੋਲੂ ਕਾ ਮੌੜ ਵਿਖ਼ੇ ਕੀਤਾ ਗਿਆ। ਇਸ ਸਮਾਗਮ ਵਿੱਚ ਵੱਖ ਵੱਖ ਪਿੰਡਾਂ ਤੋਂ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਨੇ ਹਿੱਸਾ ਲਿਆ।
ਇਸ ਸਮਾਗਮ ਦੀ ਅਗਵਾਈ ਪਾਰਟੀ ਦੇ ਬਲਾਕ ਸਕੱਤਰ ਕਾਮਰੇਡ ਚਰਨਜੀਤ ਸਿੰਘ ਛਾਂਗਾ ਰਾਏ ਨੇ ਕੀਤੀ। ਇਸ ਸਮਾਗਮ ਵਿੱਚ ਪਾਰਟੀ ਦੇ ਮਾਣ ਮੱਤੇ ਇਤਿਹਾਸ ਅਤੇ ਪ੍ਰਾਪਤੀਆਂ ਤੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨ ਲਈ ਕਾਮਰੇਡ ਪਰਮਜੀਤ ਸਿੰਘ ਢਾਬਾਂ ਸਹਾਇਕ ਸਕੱਤਰ ਉਸਾਰੀ ਕਿਰਤੀ ਲੇਬਰ ਯੂਨੀਅਨ ਪੰਜਾਬ (ਏਟਕ ) ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਸੀ ਪੀ ਆਈ ਦੇ 100 ਸਾਲਾ ਸਥਾਪਨਾ ਦਿਵਸ ਵਾਲਾ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਕੇਕ ਕੱਟ ਕੇ ਕੀਤੀ ਗਈ।
ਸ਼ਤਾਬਦੀ ਸਮਾਗਮ ਦਾ ਉਦਘਾਟਨ ਕਾਮਰੇਡ ਢੋਲਾ ਮਾਹੀ ਨੇ ਕੀਤਾ। ਇਸ ਮੌਕੇ ਬੋਲਦਿਆਂ ਮੁੱਖ ਬੁਲਾਰੇ ਕਾਮਰੇਡ ਪਰਮਜੀਤ ਸਿੰਘ ਢਾਬਾਂ ਨੇ ਕਿਹਾ ਕਿ 26 ਦਸੰਬਰ 1925 ਨੂੰ ਹੋਂਦ ਵਿੱਚ ਆਈ ਭਾਰਤੀ ਕਮਿਊਨਿਸਟ ਪਾਰਟੀ ਦਾ 100 ਸਾਲਾਂ ਦਾ ਇਤਿਹਾਸ ਸ਼ੰਘਰਸ਼ਾਂ, ਕੁਰਬਾਨੀਆਂ ਅਤੇ ਜਿੱਤਾਂ ਦਾ ਇਤਿਹਾਸ ਹੈ। ਸੀ ਪੀ ਆਈ ਦੀ ਹੋਂਦ ਹੀ ਸਮਾਜ ਦੇ ਕਿਰਤੀ ਵਰਗ ਦੀ ਅਗਵਾਈ ਕਰਨ, ਸਰਮਾਏਦਾਰੀ ਦਾ ਅੰਤ ਕਰਕੇ ਕਿਰਤੀਆਂ ਦਾ ਰਾਜ ਸਥਾਪਿਤ ਕਰਨ ਲਈ ਹੋਈ ਸੀ।
ਸੀ ਪੀ ਆਈ ਨੇ ਅਪਣੇ ਜਨਮ ਵੇਲੇ ਆਜ਼ਾਦੀ ਪ੍ਰਾਪਤੀ ਲਈ ਲੜੀ ਜਾ ਰਹੀ ਜੰਗੇ ਆਜ਼ਾਦੀ ਵਿੱਚ ਮੋਹਰੀ ਹੋ ਕੇ ਭੂਮਿਕਾ ਨਿਭਾਈ। ਉਹਨਾਂ ਅੱਗੇ ਕਿਹਾ ਕਿ ਆਜ਼ਾਦੀ ਦੀ ਸ਼ਮਾ ਤੇ ਸੜ ਜਾਣ ਵਾਲੇ ਸੈਂਕੜ੍ਹੇ ਪ੍ਰਵਾਨੇ ਸੀ ਪੀ ਆਈ ਦੇ ਕਾਰਕੁਨ ਅਤੇ ਆਗੂ ਸਨ। ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੀ ਪੀ ਆਈ ਦੀ ਮੁੱਢਲੀ ਲੀਡਰਸ਼ਿਪ ਨੇ ਜ਼ੋਰਦਾਰ ਸੰਘਰਸ਼ ਕੀਤੇ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਉਹਨਾਂ ਮਾਣ ਮਹਿਸੂਸ ਕਰਦਿਆਂ ਕਿਹਾ ਅੱਜ ਵੀ ਸੀ ਪੀ ਆਈ ਦੇਸ਼ ਦੀ ਕਿਰਤੀ ਜਮਾਤ ਦੀ ਅਗਵਾਈ ਕਰ ਰਹੀ ਹੈ। ਦੇਸ਼ ਵਿੱਚ ਭਾਵੇਂ ਦਲ ਬਦਲੀਆਂ ਦੇ ਦੌਰ ਚਲਦੇ ਰਹਿੰਦੇ ਹਨ ਪਰ ਇਸ ਗੱਲ ਦਾ ਹਮੇਸ਼ਾਂ ਮਾਣ ਮਹਿਸੂਸ ਹੁੰਦਾ ਹੈ ਸੀ ਪੀ ਆਈ ਕਿਸੇ ਇਕ ਵੀ ਆਗੂ ਜਾਂ ਕਾਰਕੁਨ ਤੇ ਅਜਿਹਾ ਕੋਲ ਇਲਜ਼ਾਮ ਨਹੀਂ ਲੱਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਸਕੱਤਰ ਕਾਮਰੇਡ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਜਦੋਂ ਏ. ਆਈ. ਨੇ ਉਤਪਾਦਨ ਦੇ ਰਵਾਇਤੀ ਸਾਧਨਾਂ ਵਿੱਚ ਇਨਕਲਾਬ ਲਿਆ ਕਿ ਕਿਰਤੀਆਂ ਲਈ ਮੁਸ਼ਕਲ ਪੈਦਾ ਕਰ ਦਿੱਤੀ ਹੈ ਤਾਂ ਅੱਜ ਸੀ ਪੀ ਆਈ ਦੀ ਵਿਗਿਆਨਕ ਵਿਚਾਰ ਧਾਰਾ ਹੀ ਏ.ਆਈ. ਨੂੰ ਕਿਰਤੀਆਂ ਦੇ ਹਾਣ ਦਾ ਬਣਾਉਣ ਲਈ ਰਾਹ ਕੱਢ ਸਕਦੀ ਹੈ। ਉਹਨਾਂ ਇਹ ਵੀ ਕਿਹਾ ਅੱਜ ਸੀ ਪੀ ਆਈ ਹੀ ਇਕੋ ਇਕ ਪਾਰਟੀ ਹੈ ਜੋ ਕਿਰਤੀ ਵਰਗ ਦੇ ਦੁੱਖਾਂ ਦਾ ਅੰਤ ਕਰ ਸਕਦੀ ਹੈ। ਉਕਤ ਆਗੂਆਂ ਨੇ ਦੇਸ਼ ਦੇ ਹਰ ਇਕ ਵਰਗ ਨੂੰ ਸੀ ਪੀ ਆਈ ਦੀ ਅਗਵਾਈ ਵਿੱਚ ਅਪਣੇ ਸੰਘਰਸ਼ਾਂ ਨੂੰ ਲੜਨ ਲਈ ਸੱਦਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਜੀਤ ਚੌਹਾਣਾ ਨੇ ਸੰਬੋਧਨ ਕੀਤਾ ਅਤੇ ਕਾਮਰੇਡ ਰਾਜ ਕੁਮਾਰ ਬਹਾਦਰ ਕੇ ਨੇ ਸਮਾਗਮ ਦੇ ਅੰਤ ਵਿੱਚ ਧੰਨਵਾਦੀ ਸ਼ਬਦ ਕਹੇ ਅਤੇ ਇਸ ਸਮਾਗਮ ਵਿੱਚ ਦਰਸ਼ਨ ਝੰਡੂ ਵਾਲਾ, ਕਾਮਰੇਡ ਹਰਭਜਨ ਬਾਜੇ ਕੇ, ਸੁਰਿੰਦਰ ਬਹਾਦਰ ਕੇ, ਚਿਮਨ ਗੋਬਿੰਦਗੜ੍ਹ, ਵਰ੍ਹਿਆਮ ਸਿੰਘ, ਪਰਮਜੀਤ ਕੌਰ ਛਾਂਗਾ ਰਾਏ, ਵੀਨਾ ਰਾਣੀ ਛਾਂਗਾ ਰਾਏ, ਸੋਹਣ ਲਾਲ ਬਾਜੇ ਕੇ, ਬਲਵਿੰਦਰ ਸਰੂਪੇ ਵਾਲਾ ਆਦਿ ਵੀ ਹਾਜ਼ਰ ਸਨ।
ਕੁਲ ਮਿਲਾ ਕੇ ਇਹ ਸਮਾਗਮ ਵੀ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਪੁਰਾਣੇ ਸੰਘਰਸ਼ਾਂ ਤੋਂ ਸਬਕ ਸਿੱਖਣ ਵਾਲੀਆਂ ਵਿਚਾਰਾਂ ਵੀ ਕੀਤੀਆਂ ਗਈਆਂ। ਨਵੇਂ ਸੰਘਰਸ਼ਾਂ ਦੀ ਸਫਲਤਾ ਲਈ ਸੰਕਲਪ ਵੀ ਕੀਤੇ ਗਏ। ਪਾਰਟ ਦਾ ਅਧਾਰ ਵੀ ਹੋਰ ਮਜ਼ਬੂਤ ਕਰਨ ਬਾਰੇ ਅਹਿਦ ਲਏ ਗਏ।

No comments:
Post a Comment