Friday, February 28, 2025

ਬੜੀ ਹਿੰਮਤ ਨਾਲ ਕੀਤਾ ਜ਼ਿੰਦਗੀ ਦੀਆਂ ਤਲਖ਼ ਦੁਸ਼ਵਾਰੀਆਂ ਦਾ ਸਾਹਮਣਾ

From Comrade Harjinder Singh Ludhiana on 25th February 2025 at 16:55 Regarding A  Sad News 

 ਕਾਮਰੇਡ ਅਮੋਲਕ ਸਿੰਘ ਨੇ ਕਿਹਾ-ਸਦਾ ਅੰਗ ਸੰਗ ਰਹੇਗੀ ਭੈਣ ਸੁਰਜੀਤ 


ਜਲੰਧਰ//ਲੁਧਿਆਣਾ: 25 ਫਰਵਰੀ 2025: (ਸਾਥੀ ਹਰਜਿੰਦਰ ਸਿੰਘ//ਕਾਮਰੇਡ ਸਕਰੀਨ ਡੈਸਕ):: 

ਖੱਬੇ ਪੱਖੀਆਂ ਨੇ ਦੋਹਰੀਆਂ ਜੰਗਾਂ ਲੜੀਆਂ ਹਨ। ਇੱਕ ਵਿਚਾਰਧਾਰਾ ਦੀ ਪ੍ਰਤੀਬੱਧਤਾ ਨੂੰ ਸਮਰਪਿਤ ਰਹਿੰਦਿਆਂ ਸਿਆਸੀ ਜੰਗ ਅਤੇ ਦੂਜੀ ਪਰਿਵਾਰਿਕ ਲੋੜਾਂ ਨਾਲ ਨਜਿੱਠਦਿਆਂ ਥੁੜਾਂ ਮਾਰੀ ਜ਼ਿੰਦਗੀ ਵਾਲੀ ਜੰਗ। ਇਸ ਜੰਗ ਦੇ ਯੋਧਿਆਂ ਦੀ ਗਿਣਤੀ ਅਣਗਿਣਤ ਵਾਂਗ ਹੈ। ਕਾਮਰੇਡ ਅਮੋਲਕ ਸਿੰਘ ਅਤੇ ਉਹਨਾਂ ਦੇ  ਸਾਥੀਆਂ ਨੇ ਇਸ ਜੰਗ ਅਤੇ ਇਸ ਜੰਗ ਦੇ ਜੁਝਾਰੂਆਂ ਨੂੰ ਬਹੁਤ ਵਾਰ ਬਹੁਤ ਹੀ ਨੇੜਿਓਂ ਹੋ ਕੇ ਦੇਖਿਆ ਹੈ। ਸੱਤਾ ਦੀਆਂ ਸਖਤੀਆਂ, ਫਿਰਕਾਪ੍ਰਸਤ ਅਨਸਰਾਂ ਦੇ ਹਮਲੇ ਅਤੇ ਆਰਥਿਕ ਦੁਸ਼ਵਾਰੀਆਂ। ਇਹ ਸਾਰੇ ਔਖੇ ਸਮੇਂ ਇਹਨਾਂ ਜੁਝਾਰੂ ਖੱਬੇਪੱਖੀਆਂ ਨੇ ਮਹਿੰਦਰ ਸਾਥੀ ਦੇ ਬੋਲਾਂ ਵਾਲਾ ਗੀਤ ਗਾਉਂਦਿਆਂ ਲੰਘਾਏ--ਮਸ਼ਾਲਾਂ ਬਾਲ ਕੇ ਰੱਖਣਾ-ਜਦੋਂ ਤੱਕ ਰਾਤ ਬਾਕੀ ਹੈ...!

ਸਾਥੀ ਜੋਰਾ ਸਿੰਘ ਨਸਰਾਲੀ ਵੀ ਇਹਨਾਂ ਜੁਝਾਰੂਆਂ ਵਿੱਚੋਂ ਇੱਕ ਸੀ। ਸਾਥੀ ਨਸਰਾਲੀ ਨੇ ਵੀ ਲੋਕ ਪੱਖੀ ਰਾਹਾਂ ਤੇ ਤੁਰਦਿਆਂ ਆਉਂਦੀਆਂ ਮੁਸੀਬਤਾਂ ਨੂੰ ਬਹੁਤ ਨੇੜਿਓਂ ਦੇਖਿਆ ਪਾਰ ਕਦੇ ਹਿੰਮਤ ਨਹੀਂ ਹਾਰੀ। ਸਾਥੀ ਜ਼ੋਰ ਸਿੰਘ ਨਸਰਾਲੀ ਦੇ ਭੈਣ ਜੀ ਸੁਰਜੀਤ ਕੌਰ ਵੀ ਇਹਨਾਂ ਆਰਥਿਕ ਦੁਸ਼ਵਾਰੀਆਂ ਅਤੇ ਔਕੜਾਂ ਨਾਲ ਜੂਝਦਿਆਂ  21 ਫਰਵਰੀ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਲਹਿਰ ਦੇ ਔਖੇ ਦਿਨਾਂ ਵਿੱਚ ਵੀ ਉਹ ਲਹਿਰ ਦੇ ਅੰਗਸੰਗ ਰਹੇ। ਉਹਨਾਂ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ 2 ਮਾਰਚ ਨੂੰ 12 ਵਜੇ ਪਿੰਡ ਬਾਗੜੀਆਂ (ਨੇੜੇ ਅਮਰਗੜ੍ਹ) ਵਿਖੇ ਹੋ ਰਿਹਾ ਹੈ।

ਭੈਣ ਸੁਰਜੀਤ ਨੇ ਜ਼ਿੰਦਗੀ ਦੀਆਂ ਤਲਖ਼ ਦੁਸ਼ਵਾਰੀਆਂ ਨਾਲ ਜੂਝਦਿਆਂ ਜ਼ਿੰਦਗੀ ਦਾ ਸਫ਼ਰ ਕਿਵੇਂ ਕਿਵੇਂ ਜਾਰੀ ਰੱਖਿਆ ਰੱਖਿਆ ਇਸ ਸੰਬੰਧੀ ਇੱਕ ਪੁਸਤਕ ਵੀ ਲਿਖੀ ਜਾ ਸਕਦੀ ਹੈ। ਇੱਕ ਤੋਂ ਬਾਅਦ ਦੂਜੀ ਪਰਿਵਾਰਿਕ ਘਟਨਾ ਨੇ ਉਹਨਾਂ ਦਾ ਸੀਨਾ ਛਲਣੀ ਕਰ ਰੱਖਿਆ ਸੀ। ਇਸਦੇ ਬਾਵਜੂਦ ਨਾ ਹਿੰਮਤ ਘਟੀ ਤੇ ਨਾ ਹੀ ਕਦੇ ਇਰਾਦਾ ਕਮਜ਼ੋਰ ਹੋਇਆ। 

ਇਹ ਮਾਹੌਲ ਕਿਸੇ ਇੱਕ ਘਰ ਜਾਂ ਪਰਿਵਾਰ ਦਾ ਨਹੀਂ ਸੀ। ਇਹ ਸਾਰੇ ਹਨੇਰਾ ਲੋਕ ਪੱਖੀ ਰਾਹਾਂ ਤੇ ਤੁਰਨ ਵਾਲਿਆਂ ਵਿੱਚ ਬਹੁਤਿਆਂ ਦੇ ਘਰਾਂ ਵਿੱਚ ਸਨ ਪਰ ਵਿਚਾਰਧਾਰਾ ਦੀ ਮਸ਼ਾਲ ਫਿਰ ਵੀ ਰੌਸ਼ਨ ਸੀ। ਇਹਨਾਂ ਪਰਿਵਾਰਾਂ ਦੇ ਲੋਕ  ਗਾਉਂਦੇ--ਅਸੀਂ ਜਿੱਤਣਗੇ ਜ਼ਰੂਰ--ਜਾਰੀ ਜੰਗ ਰੱਖਿਓ......! 

ਦਹਾਕਿਆਂ ਪਹਿਲਾਂ ਦੀ ਯਾਦ ਭੈਣ ਸੁਰਜੀਤ ਕੌਰ ਨੇ ਮਰਦੇ ਦਮ ਤੱਕ ਆਪਣੇ ਚੇਤੇ ਵਿਚ ਸੰਭਾਲ ਕੇ ਰੱਖੀ। ਉਹ ਕਿਹਾ ਕਰਦੀ ਕਿ ਮੈਨੂੰ ਯਾਦ ਨੇ ਉਹ ਦਿਨ ਜਦੋਂ ਘਰ ਬਹੁਤ ਹੀ ਆਰਥਿਕ ਤੰਗੀ ਹੁੰਦੀ ਸੀ ਉਸ ਵੇਲੇ ਮੇਰੇ  ਵੀਰ ਜੋਰਾ ਸਿੰਘ ਨਸਰਾਲੀ ਦਾ ਸਾਥੀ ਇਨਕਲਾਬੀ ਲਹਿਰ ਵਿੱਚ ਕੰਮ ਕਰਦਾ ਅਮੋਲਕ ਵੀਰ ਘਰ ਆਇਆ ਤਾਂ ਮੈਂ ਛਾਣਬੂਰੇ ਨੂੰ ਦੋਬਾਰਾ ਛਾਣ ਕੇ ਉਹਨੂੰ ਰੋਟੀ ਪਕਾ ਕੇ ਦਿੱਤੀ। 

ਭੈਣ ਸੁਰਜੀਤ ਅਤੇ ਸਾਥੀ ਜੋਰਾ ਸਿੰਘ ਨਸਰਾਲੀ ਦੇ ਮਾਤਾ ਜੀ ਦੀਆਂ ਅੱਖਾਂ ਦੀ ਜੋਤ ਸਦਾ ਲਈ ਜਵਾਬ ਦੇ ਗਈ ਸੀ। ਉਹ ਪਿੰਡ ਨਸਰਾਲੀ ਵਿਖੇ ਇਕੱਲੀ ਘਰ ਵਿੱਚ ਦਿਨ ਕਟੀ ਕਰਦੀ ਰਹੀ । ਸਾਥੀ ਜੋਰਾ ਸਿੰਘ ਨੇ ਪੂਰੀ ਜ਼ਿੰਦਗੀ ਲੋਕਾਂ ਦੇ ਨਾਮ ਕਰ ਦਿੱਤੀ। ਸੁਰਜੀਤ ਭੈਣ ਅਤੇ ਉਸਦੇ ਪਰਿਵਾਰ ਨੇ ਸਦਾ ਹੀ ਇਨਕਲਾਬੀ ਲਹਿਰ ਦੇ ਹਮਦਰਦਾਂ ਵਾਲੀ ਭੂਮਿਕਾ ਸੁਹਿਰਦਤਾ ਨਾਲ ਨਿਭਾਈ। ਉਸਨੇ ਪੇਕੇ ਪਰਿਵਾਰ ਵਿੱਚ ਮੁਸ਼ਕਲਾਂ ਨਾਲ਼ ਦੋ ਚਾਰ ਹੁੰਦੀ ਮਾਂ ਦੀ ਅਵਸਥਾ ਦੇ ਬਾਵਜੂਦ ਕਦੇ ਭਰਾ ਨੂੰ ਇਨਕਲਾਬੀ ਰਾਹ ਤੋਂ ਕਦਮ ਪਿੱਛੇ ਕਰਨ ਲਈ ਨਹੀਂ ਕਿਹਾ। 

ਸਾਡੇ ਸਮਿਆਂ ਨੂੰ ਅਜੇਹੀਆਂ ਭੈਣਾਂ ਦੀ ਬੇਹੱਦ ਲੋੜ ਹੈ। ਅੱਜ ਜਦੋਂ ਤਾਰ ਤਾਰ ਕੀਤੇ ਜਾ ਰਹੇ ਰਿਸ਼ਤੇ ਮਹਿਜ਼ ਤਜਾਰਤ ਬਣਾਏ ਜਾ ਰਹੇ ਨੇ, ਅਜਿਹੇ ਦੌਰ ਅੰਦਰ ਪਦਾਰਥਕ ਲੋੜਾਂ ਤੋਂ ਉਪਰ ਉਠ ਕੇ ਚਾਨਣ ਦੇ ਵਣਜਾਰੇ ਭਰਾਵਾਂ ਦਾ ਰਾਹ ਉਡੀਕਦੀਆਂ ਸੁਰਜੀਤ  ਵਰਗੀਆਂ ਭੈਣਾਂ ਨੂੰ ਸਲਾਮ ਹੈ। ਜਿਸਮਾਨੀ ਤੌਰ ਤੇ ਵਿਛੜੀ ਭੈਣ ਸੁਰਜੀਤ ਸਦਾ ਹੀ ਲੋਕ ਕਾਫ਼ਲੇ ਵਿਚ ਸੁਰਜੀਤ ਰਹੇਗੀ। ਅਜੇਹੀਆਂ ਭੈਣਾਂ ਦੀ ਵੀ ਆਪਣੀ ਇੱਕ ਭੂਮਿਕਾ ਹੁੰਦੀ ਹੈ ਜੋ ਲੋਕਾਂ ਦੀ ਮੁਕਤੀ ਲਈ ਤੁਰੇ ਕਾਫ਼ਲਿਆਂ ਦੀ ਸੰਗੀ ਸਾਥੀ ਤਾਕਤ ਹੁੰਦੀ ਹੈ। ਅਜੇਹੀ ਭੈਣ ਸੁਰਜੀਤ ਨੂੰ ਅਸੀਂ ਪਲਸ ਮੰਚ ਵੱਲੋਂ ਸਲਾਮ ਕਰਦੇ ਹਾਂ।

ਕਾਮਰੇਡ ਸਕਰੀਨ ਦੀ ਟੀਮ ਵੀ ਇਸ ਦੁੱਖ ਦੀ ਘੜੀ ਵਿੱਚ ਨਸਰਾਲੀ ਦੇ ਪਰਿਵਾਰ ਦੇ ਨਾਲ ਹੈ। ਪੀਪਲਜ਼ ਮੀਡੀਆ ਲਿੰਕ ਵੀ ਇਸ ਮੌਕੇ ਨਸਰਾਲੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਾ ਹੋਇਆ ਸ਼ਰਧਾਂਜਲੀ ਦੇਂਦਾ ਹੈ।